Showing posts with label ਨਿੱਜੀ. Show all posts
Showing posts with label ਨਿੱਜੀ. Show all posts

18 February, 2010

ਕਿਸਾਨੀ ਇਨਕਲਾਬੀ ਸੰਘਰਸ਼ ਵਿੱਚ ਇੱਕ ਹੋਰ ਸ਼ਹਾਦਤ - ਸਾਧੂ ਸਿੰਘ ਤਖ਼ਤੂਪੁਰਾ

16 ਫਰਵਰੀ ਨੂੰ ਅੰਮ੍ਰਿਤਸਰ ਜ਼ਿਲੇ ਚੋਗਾਵਾਂ ਬਲਾਕ ਦੇ ਸਰਹੱਦੀ ਪਿੰਡ  ਭਿੰਡੀ ਔਲਖ ਵਿਖੇ
15-20 ਹਥਿਆਰਬੰਦ ਬੰਦਿਆਂ ਨੇ ਟਾਟਾ ਸੂਮੋ ਉੱਤੇ ਬੜੀ ਫਿਲਮੀ ਅੰਦਾਜ਼ ਵਿੱਚ ਹਮਲਾ ਕੀਤਾ
ਅਤੇ ਉਸ ਵਿੱਚ ਮੌਜੂਦ ਇੱਕ ਵਿਅਕਤੀ ਨੂੰ ਮਾਰ ਅਤੇ ਬਾਕੀਆਂ ਨੂੰ ਜ਼ਖਮੀ ਕਰ ਦਿੱਤਾ। ਪੰਜਾਬ
ਵਿੱਚ ਇਹ ਘਟਨਾਵਾਂ ਭਾਵੇਂ ਰੋਜ਼ ਹੁੰਦੀਆਂ ਹੋਣ, ਪਰ ਇਹ ਹੋਈ ਘਟਨਾ ਨੇ ਅਜਿਹਾ ਦੁਖਾਂਤ
ਪੈਦਾ ਕੀਤਾ ਹੈ, ਜੋ ਆਉਣ ਵਾਲੇ ਸਮੇਂ ਵਿੱਚ ਸ਼ਾਇਦ ਬਹੁਤ ਬਦਲਾਅ ਪੈਦਾ ਕਰੇ।
 ਮਰ ਵਾਲਾ ਵਿਅਕਤੀ ਸਾਧੂ ਸਿੰਘ ਤਖ਼ਤੂਪੁਰਾ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ
ਜਰਨਲ ਸਕੱਤਰ ਸੀ। ਉਹ ਵਿਅਕਤੀ ਜਿਸ ਦਾ ਨਾਂ ਕਿਸਾਨ ਸੰਘਰਸ਼ਾਂ ਵਿੱਚ ਬੜੇ ਹੀ ਮਾਣ
ਸਤਿਕਾਰ ਨਾਲ ਲਿਆ ਜਾਂਦਾ ਰਿਹਾ ਹੈ ਅਤੇ ਅੱਗੇ ਵੀ ਲਿਆ ਜਾਂਦਾ ਹੀ ਰਹੇਗਾ। ਮੇਰੀ ਜਾਣ
ਪਛਾਣ ਉਹਨਾਂ ਨਾਲ ਕਰੀਬ ਤਿੰਨ ਕੁਵਰ੍ਹੇ ਪਹਿਲਾਂ ਹੋਈ ਸੀ ਅਤੇ ਮੈਨੂੰ ਉਹਨਾਂ ਦੀ ਸ਼ਖਸ਼ੀਅਤ
ਵਿੱਚ ਹਮੇਸ਼ਾ ਇੰਝ ਦੀ ਖਿੱਚ ਮਹਿਸੂਸ ਹੁੰਦੀ ਰਹੀ ਕਿ ਮੈਂ ਸਦਾ ਮਿਲਣ ਲਈ ਉਤਸੁਕ ਰਿਹਾ।
ਭਾਵੇਂ ਉਹਨਾਂ ਨਾਲ ਮੁਲਾਕਾਤ ਬਹੁਤ ਘੱਟ ਸਮਾਂ ਹੀ ਹੁੰਦੀ (ਜਦੋਂ ਵੀ ਮੈਂ ਪਿੰਡ ਜਾਂਦਾ), ਪਰ
ਉਹਨੇ ਸਮੇਂ ਵਿੱਚ ਵੀ ਉਹਨਾਂ ਦੀ ਗੱਲਾਂ ਦਿਮਾਗ 'ਚ ਚਾਨਣ ਕਰ ਦਿੰਦੀਆਂ, ਛੋਹ ਲੈਂਦੀਆਂ।
  ਮਿੱਠ ਬੋਲੜੇ ਸੁਭਾ, ਚੜ੍ਹਦੀ ਕਲਾ ਵਿੱਚ ਰਹਿਣਾ, ਹਮੇਸ਼ਾ ਕੰਮ ਲਈ ਤਿਆਰ ਰਹਿਣਾ
(ਚੜ੍ਹੇ ਘੋੜੇ ਸਵਾਰ), ਹਮੇਸ਼ਾ ਨਵਾਂ ਸਿੱਖਣ ਦੇ ਚਾਹਵਾਨ, ਸਮੇਂ ਨੂੰ ਬਹਿ ਕੇ ਗੁਜ਼ਾਰਨ
ਦੀ ਬਜਾਏ ਕੁਝ ਕਰਨ 'ਚ ਵਿਸ਼ਵਾਸ਼ ਰੱਖਣ ਵਾਲੇ ਇਹ ਆਗੂ ਨੇ ਬਰਨਾਲੇ ਕੋਲ ਟਰਾਈਜੈਂਟ
ਤੋਂ ਜ਼ਮੀਨ ਛੁਡਵਾਉ ਤੇ ਵਾਜਬ ਮੁੱਲ ਦਿਵਾਉਣ, ਬਿਜਲੀ ਬੋਰਡ ਦੇ ਪ੍ਰਾਈਵੇਟ ਕਰਨ ਦੇ ਵਿਰੁਧ
ਚੰਡੀਗੜ੍ਹ ਧਰਨੇ, ਰੈਲੀਆਂ, ਅੰਮ੍ਰਿਤਸਰ  ਵਿੱਚ ਭੂਮੀ-ਮਾਫੀਏ ਤੋਂ ਮੁਜ਼ਾਰੇ ਕਿਰਸਾਨਾਂ ਨੂੰ
ਜ਼ਮੀਨਾਂ ਦੇ ਹੱਕ ਦਿਵਾਉਣ, ਡੇਰਾਬੱਸੀ ਵਿੱਚ ਸ੍ਰੋਮਣੀ ਕਮੇਟੀ ਦੇ ਮਾਫੀਏ ਤੋਂ ਲੋਕਾਂ ਨੂੰ ਕਬਜ਼ੇ
ਦਿਵਾਉਣ ਵਿੱਚ ਆਪਣੀ ਜਥੇਬੰਦੀ ਨਾਲ ਬਹੁਤ ਵੱਡੀ ਭੂਮਿਕਾ  ਨਿਭਾਈ (ਜਦੋਂ ਤੋਂ ਮੈਂ ਜਾਣਦਾ ਹਾਂ)।

 ਅੰਮ੍ਰਿਤਸਰ ਵਿੱਚ ਕੋਈ ਵੀ ਕਿਸਾਨ ਜਥੇਬੰਦੀ ਨਹੀਂ ਸੀ, ਉਥੇ ਖਾਲਸਤਾਨੀ ਲਹਿਰ ਦੌਰਾਨ
ਪੁਲਿਸ ਵਲੋਂ ਕਤਲ ਕੀਤੇ ਗਏ ਹਜ਼ਾਰਾਂ ਬੇਕਸੂਰ ਨੌਜਵਾਨਾਂ ਦੇ ਕਰਕੇ ਪਿੰਡਾਂ ਵਿੱਚ ਪੁਲਿਸ ਦੀ
ਦਹਿਸ਼ਤ ਹਾਲੇ ਵੀ ਕਾਇਮ ਹੈ। ਬਾ-ਜੀ (ਸਾਧੂ ਸਿੰਘ ਤਖਤੂਪੁਰਾ) ਦੇ ਦੱਸਣ ਦੇ ਮੁਤਾਬਕ,
ਉਹ ਲੋਕਾਂ ਦੀ ਭੂਮੀ ਮਾਫੀਆ ਅਤੇ ਪੁਲਿਸ ਦੇ ਵਿਰੁਧ ਕੁਝ ਵੀ ਕਰਨ ਦੀ ਹਿੰਮਤ ਨਹੀਂ ਸੀ, ਭਾਵੇਂ
ਉਹ ਕਿਸਾਨ ਯੂਨੀਅਨੇ ਦੇ ਆਗੂਆਂ ਦੀ ਗੱਲਾਂ ਨਾਲ ਸਹਿਮਤ ਵੀ ਹੁੰਦੇ। ਪਿਛਲੇ ਕਈ
ਮਹੀਨਿਆਂ ਦੀ ਮਿਹਨਤ ਨਾਲ ਬਾਜੀ ਹੋਰਾਂ ਨੇ ਉਹਨਾਂ ਨੂੰ ਕਬਜ਼ੇ ਦੁਆਵੇ, ਕਾਗਜ਼ਾਂ 'ਚ ਜ਼ਮੀਨਾਂ
ਨਾਂ ਕਰਵਾਈਆਂ। ਪਿਛਲੇ ਦਿਨੀਂ ਪੁਲਿਸ ਹਿਰਾਸਤ (ਨਜ਼ਾਇਜ਼) ਵਿੱਚ ਕਿਸਾਨ ਦੀ ਮੌਤ
ਹੋ ਗਈ, ਉਹ ਵਾਸਤੇ ਥਾਣੇਦਾਰ ਨੂੰ ਸਸਪੈਂਡ ਕੀਤਾ ਹੋਇਆ ਸੀ। ਉਸ ਦੀ ਗ੍ਰਿਫਤਾਰੀ ਲਈ ੨੧
ਤਾਰੀਖ ਨੂੰ ਇੱਕਠ ਵਾਸਤੇ ਇਹ ਆਗੂ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਇੱਕਠਾ ਕਰ ਰਹੇ ਸਨ,
ਇਸ ਲੜੀ ਦੇ ਤਹਿਤ ਜਦੋਂ ਉਹ ਔਲਖ ਪਿੰਡ 'ਚ ਮੀਟਿੰਗ ਕਰਕੇ ਨਿਕਲੇ ਤਾਂ ਪਿੰਡ ਤੋਂ ਕੁਝ ਕੁ  ਦੂਰ
ਇੱਕ ਮੋਟਰਸਾਈਕਲ ਸਵਾਰ ਨੇ ਉਹਨਾਂ ਨੂੰ ਅੱਗੇ ਤੋਂ ਰੋਕ ਲਿਆ ਅਤੇ ਪਿੱਛੇ ਤੋਂ ਗੁੰਡਿਆਂ ਨੇ ਹਮਲਾ
ਕਰ ਦਿੱਤਾ,ਜਿਸ ਦਾ ਨਿਸ਼ਾਨ ਕਿਸਾਨ ਆਗੂ ਨੂੰ ਬਣਾਇਆ ਗਿਆ, ਦੱਸਣ ਦੇ ਮੁਤਾਬਕ
ਜਦੋਂ ਮਰਨ ਦੀ ਤਸੱਲੀ ਹੋ ਗਈ ਤਾਂ ਉਹ ਮਾਰਨੋਂ ਹਟੇ। ਇਹ ਸਾਰੇ ਮਾਮਲੇ ਵਿੱਚ ਉੱਥੋਂ
ਦੇ ਸੀਨੀਅਰ ਅਕਾਲੀ ਆਗੂ ਵੀਰ ਸਿੰਘ ਲੋਪੋਕੇ, ਥਾਣੇਦਾਰ ਰਛਪਾਲ ਸਿੰਘ ਬਾਬਾ
(ਲੋਪੋਕੇ ਦਾ ਰਿਸ਼ਤੇਦਾਰ), ਚੇਅਰਮੈਨ ਸਰਬਜੀਤ ਸਿੰਘ ਲੋਧੀਗੁਜਰ,  ਕੁਲਵਿੰਦਰ ਸਿੰਘ
ਵਿਰੁਧ ਧਾਰਾ 302, 307,324,323,148,149  ਅਤੇ 120B IPC ਦੇ ਤਹਿਤ ਕੇਸ
ਦਰਜ ਕੀਤਾ ਗਿਆ ਹੈ।

ਉਹਨਾਂ ਦੀ ਇਹ ਸ਼ਹਾਦਤ ਪੰਜਾਬ ਵਿੱਚ ਫੈਲੀ ਗੁੰਡਾਗਰਦੀ ਦਾ ਸਬੂਤ ਹੈ, ਜਿੱਥੇ ਰੈਲੀ
ਕਰਨ ਲਈ ਨਿਹੱਥੇ ਲੋਕਾਂ ਉੱਤੇ ਗੁੰਡੇ ਦਿਨ-ਦਿਹਾੜੇ ਹਮਲੇ ਕਰਨ ਤੋਂ ਝਿਜਕਦੇ ਨਹੀਂ,
ਉੱਥੇ ਹੀ ਸਿਆਸੀ ਲੀਡਰਾਂ ਵਲੋਂ ਲੋਕਾਂ ਨੂੰ ਲੁੱਟਣ ਅਤੇ ਕਤਲ ਕਰਨ ਤੱਕ
ਦੀਆਂ ਵਾਰਦਾਤਾਂ ਹੋ ਰਹੀਆਂ ਹਨ।

ਹੁਣ ਇਹ ਸਭ ਦੇ ਬਾਵਜੂਦ ਪੁਲਿਸ ਕੀ ਕਰਵਾਈ  ਕਰਦੀ ਹੈ ਅਤੇ ਉਹ ਜਥੇਬੰਦੀ
ਕੀ ਕਾਰਵਾਈ ਕਰਦੀ ਹੈ, ਕੀ ਉਹ ਪਿੱਛੇ ਹੱਟ ਜਾਣਗੇ? ਜਾਂ ੨੧ ਫਰਵਰੀ ਦਾ
ਘਿਰਾਓ ਹੋਵੇਗਾ, ਜਿਸ ਖਾਤਰ ਇਹ ਸ਼ਹਾਦਤ ਹੋਇਆ ਹੈ? ਕੀ ਅੰਮ੍ਰਿਤਸਰ
ਦੇ ਇਲਾਕੇ ਵਿੱਚ ਛੋਟੇ ਕਿਸਾਨਾਂ ਲਈ ਜਥੇਬੰਦੀ ਆਪਣਾ ਕੰਮ ਜਾਰੀ ਰੱਖ ਸਕੇਗੀ?
ਤੇ ਕੀ ਇਹ ਪੁਲਿਸ ਦਹਿਸ਼ਤ ਦੀ ਛਾਂ ਉੱਥੋਂ ਦੂਰ ਹੋ ਸਕੇਗੀ? ਇਹ ਸਭ ਗੱਲਾਂ
ਆਉਣ ਵਾਲੇ ਭਵਿੱਖ ਵਿੱਚ ਹਨ।

ਕੁਰਬਾਨੀ ਕਰਨ ਵਾਲੇ, ਆਪਣੇ ਕਹਿਣੀ ਤੇ ਕਰਨੀ ਦੇ ਪੂਰੇ, ਲੋਕਾਂ ਨੂੰ ਜ਼ਿੰਦਗੀ
ਸਮਰਪਿਤ ਕਰਨ ਵਾਲੇ, ਮੌਤ ਤੋਂ ਨਾ ਡਰਨ ਵਾਲੇ ਸੂਰਮੇ ਵਿਰਲੇ ਹੀ ਜੰਮਦੀਆਂ
ਨੇ ਮਾਵਾਂ ਅਤੇ ਮੈਨੂੰ ਇਹ ਮਾਣ ਰਹੇਗਾ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਉਹਨਾਂ
ਨੂੰ ਨੇੜਿਓ ਵੇਖਿਆ (ਅਤੇ ਦੁੱਖ ਵੀ ਸ਼ਾਇਦ ਕਿ ਇਹ ਸਮਾਂ ਬਹੁਤ ਹੀ ਥੋੜ੍ਹਾ ਰਿਹਾ)....
ਮੇਰੀ ਜ਼ਿੰਦਗੀ ਵਿੱਚੋਂ ਹੁਣ ਇੱਕ ਚਾਨਣ ਮੁਨਾਰਾ ਅਲੋਪ ਹੋ ਗਿਆ

ਬੜੇ ਦੁੱਖ ਅਤੇ ਤਕਲੀਫ਼ ਨਾਲ
ਆਲਮ...
ਅੰਗਰੇਜ਼ੀ ਅਖ਼ਬਾਰ ਦੀ ਖ਼ਬਰ

04 February, 2010

ਸਕੂਲ ਵੱਲ ਤੁਰਦੇ ਨਿੱਕੇ ਨਿੱਕੇ ਪੈਰ...

ਇੱਕ ਹੋਰ ਪੜਾਅ ਛੇਤੀ ਹੀ ਉਹਦੀ ਜ਼ਿੰਦਗੀ ਵਿੱਚ ਆ ਰਿਹਾ ਹੈ,
ਸਕੂਲ ਜਾਣ ਦਾ, ਉਸ ਨੂੰ ਵੀ ਬਹੁਤ ਹੀ ਚਾਅ
ਚੜ੍ਹਿਆ ਰਹਿੰਦਾ ਹੈ ਕਿ ਬੈਗ ਪਾ ਕੇ, ਬੂਟ ਪਾ ਕੇ ਸਕੂਲ ਜਾਣਾ ਹੈ...


ਪਹਿਲੀਂ ਤਾਰੀਖ ਤੋਂ ਉਸ ਨੂੰ ਸਕੂਲ ਜਾਣ ਲਈ 'ਕੱਚੀ ਪਹਿਲੀ"
(ਛੋਟੇ ਬੱਚੇ ਨੂੰ ਰੱਖਣ ਵਾਲੀ ਥਾਂ) ਵਿੱਚ ਛੱਡ ਕੇ ਆਏ।
ਉਮੀਦ ਮੁਤਾਬਕ ਪਹਿਲੇ ਦਿਨ 10 ਕੁ ਮਿੰਟ ਹੀ ਬੈਠਾ,
ਦੂਜੇ ਦਿਨ 15-20 ਮਿੰਟ ਹੀ ਲਾਏ। ਇਹ ਉਹ
ਸਫ਼ਰ ਦੇ ਪਹਿਲੇ ਕਦਮ ਸਨ, ਜੋ ਆਉਣ
ਵਾਲੇ ਕਈ ਵਰ੍ਹੇ ਉਹਦੀ ਜ਼ਿੰਦਗੀ ਦਾ ਵੱਡਾ ਸਮਾਂ
ਲਵੇਗਾ। ਸ਼ਾਇਦ 20-22 ਸਾਲ ਲਈ ਉਹ ਇਹ
ਜੂਲਾ ਲਾਉਣ ਲਈ ਸੰਘਰਸ਼ ਕਰਦਾ ਰਹੇਗਾ, ਜੋ ਅੱਜ ਉਹ
ਖੁਸ਼ੀ ਖੁਸ਼ੀ ਪਾਉਣ ਲਈ ਤਿਆਰ ਸੀ।
ਟਰੀ ਇੰਡੀਅਟ ਵੇਖਣ ਅਤੇ ਆਪਣੇ ਨਿੱਜੀ ਅਨੁਭਵ
ਤੋਂ ਮੈਂ ਇਹੀ ਸੋਚਦਾ ਹਾਂ ਕਿ ਬਿਲਕੁਲ ਇਹ ਜੂਲਾ ਹੀ ਹੈ,
ਜੋ ਬਹੁਤ ਭਾਰਤ ਦੇ ਬੱਚੇ ਲੈ ਕੇ ਚੱਲਦੇ ਹਨ, ਹੰਢਾਉਂਦੇ ਹਨ,
ਜਿੱਥੇ ਉਹਨਾਂ ਨੂੰ "ਯੈੱਸ ਸਰ" ਦੇ ਰੂਪ ਵਿੱਚ ਬਾਬੂ ਬਣਨ
ਲਈ ਤਿਆਰ ਕੀਤਾ ਜਾਂਦਾ ਹੈ। (ਬੇਸ਼ੱਕ ਕੁਝ ਵਿਦਿਆਰਥੀ
ਇਹ ਹੱਦਾਂ ਤੋੜਦੇ ਹਨ ਅਤੇ ਗਿਣਤੀ ਲਗਾਤਾਰ ਵੱਧਦੀ ਜਾਵੇਗੀ,
ਪਰ ਆਬਾਦੀ ਅਤੇ ਪੜ੍ਹਨ ਵਾਲਿਆਂ ਦੇ ਮੁਕਾਬਲੇ ਅੱਜ ਇਹ
ਗਿਣਤੀ ਬਹੁਤ ਘੱਟ ਹੈ)।

ਮੈਂ ਖੁਦ ਆਪਣੇ ਨਾਲ ੬੦ ਜਾਣਿਆਂ ਦੇ ਕੰਪਿਊਟਰ
ਇੰਜਨੀਅਰਾਂ ਦੀ ਜਮਾਤ ਵਿੱਚ ਕੰਮ ਕਰਨ ਵਾਲੇ ੫ ਬੰਦੇ
ਹੀ ਗਿਣੇ ਨੇ, ਜੋ ਕੰਪਿਊਟਰ ਤੋਂ ਕੰਮ ਕਰਵਾ ਸਕਦੇ ਸਨ
ਅਤੇ ਕਰੀਬ ੫-੬ ਅਜਿਹੇ ਇੰਜਨੀਅਰ ਵੀ ਵੇਖੇ ਨੇ,
ਜੋ ੪ ਸਾਲਾਂ ਬਾਅਦ ਵੀ ਇਹ ਨਹੀਂ ਜਾਣਦੇ ਸਨ ਕਿ
ਸਧਾਰਨ ਵਰਤੋਂ ਕਿਵੇਂ ਕਰਨੀ ਹੈ, ਅਤੇ ਅੱਧੇ ਤੋਂ
ਵੱਧ ਨੂੰ ਸ਼ਾਇਦ ਕਦੇ ਪਤਾ ਵੀ ਨਹੀਂ ਸੀ ਕਿ
ਦੁਨਿਆਂ ਵਿੱਚ ਵਿੰਡੋਜ਼ ਤੋਂ ਬਿਨਾਂ ਕੋਈ ਹੋਰ ਕੰਪਿਊਟਰ
ਵੀ ਹੁੰਦਾ ਹੈ। ਇਹ ਤਾਂ ਪੜ੍ਹਾਈ ਦਾ ਹਾਲ ਸੀ,
ਜਿੱਥੇ ਕੇਵਲ ਨੰਬਰ ਲੈਣ ਲਈ ਪੜ੍ਹਿਆ ਅਤੇ ਪੜ੍ਹਾਇਆ
ਜਾਂਦਾ ਸੀ। ਅੱਜ ਜੇ ਚੰਗੇ ਕਾਲਜਾਂ ਵਿੱਚ ਵੀ ਪੜ੍ਹਾਈ
ਹੁੰਦੀ ਹੈ ਤਾਂ ਵੀ ਇਹ ਸਟੀਰਿਓ ਟਾਈਪ, ਇੱਕ
ਨੱਕ ਦੀ ਸੇਧੇ ਤੁਰ ਜਾਣ ਵਾਲਾ ਕੰਮ ਜਾਪਦਾ ਹੈ।
ਇਹ ਤਾਂ ਮੇਰੀ ੬ ਸਾਲ ਪੁਰਾਣੀ ਗੱਲ ਸੀ, ਪਿਛਲੇ
ਵਰ੍ਹੇ ਮੇਰਾ ਵਾਹ ਕੁਝ ਐਮ.ਬੀ.ਏ. (MBA) ਕਰਨ
ਵਾਲੇ ਪੂਣੇ ਦੇ ਸਭ ਤੋਂ ਚੋਟੀ ਦੇ ਕਾਲਜ ਦੇ ਵਿਦਿਆਰਥੀਆਂ
ਨਾਲ ਵਾਹ ਪਿਆ। ਉਨ੍ਹਾਂ ਪਰੋਜੈਕਟ ਕੀਤਾ, ਵੱਡੇ ਵੱਡੇ
ਵਾਅਦੇ ਕੀਤੇ, ਰਿਪੋਰਟ ਉੱਤੇ ਸਾਈਨ ਕਰਵਾਏ ਅਤੇ
ਉਸ ਤੋਂ ਬਾਅਦ ਪਰੋਜੈਕਟ ਨੂੰ ਪੂਰਾ ਕਰਨ ਦੀ ਲੋੜ ਵੀ
ਨਹੀਂ ਸਮਝੀ, ਕਿਉਂਕਿ ਉਹਨਾਂ ਕੋਲ ਹੁਣ ਇਸ ਲਈ ਟਾਈਮ
ਨਹੀਂ ਸੀ ਰਿਹਾ। ਸੋ ਇਹ ਸਭ ਰਿਪੋਰਟ, ਡਿਗਰੀ,
ਅਤੇ ਨੌਕਰੀ ਲਈ ਹੀ ਸੀ...

ਆਪਣੇ ਬੱਚੇ ਤੋਂ ਜੇ ਅੱਜ ਮੈਂ ਕੋਈ ਉਮੀਦ ਕਰਦਾ ਹਾਂ ਤਾਂ
ਇਸ ਦਾ ਅਰਥ ਮੈਂ ਉਸ ਦੇ ਵਿਚਾਰਾਂ/ਸੋਚ ਨੂੰ ਆਪਣੇ ਵਲੋਂ
ਤਬਾਹ ਕਰਨਾ ਸਮਝਦਾ ਹਾਂ। ਉਸ ਨੂੰ ਚੰਗੀ ਸੋਚ ਦੇਣੀ ਅਤੇ
ਚੰਗੇ ਮਾੜੇ ਬਾਰੇ ਫ਼ਰਕ ਦੱਸਣਾ, ਤਾਂ ਮੇਰਾ ਫ਼ਰਜ਼ ਹੈ, ਪਰ ਉਸ
ਨੂੰ ਚੰਗੇ ਦੀ ਹੀ ਚੋਣ ਕਰਕੇ ਦੇਣੀ (ਜੋ ਮੈਂ ਸੋਚਦਾ ਹੋਵਾਂ), ਉਂਗਲ
ਫੜ ਕੇ ਚੱਲਦੇ ਰਹਿਣਾ ਉਸ ਦੀ ਜ਼ਿੰਦਗੀ ਲਈ ਤਬਾਹਕੁੰਨ
ਫੈਸਲਾ ਸਮਝਾਂਗਾ।

ਖ਼ੈਰ ਇਹ ਹਾਲਤ (ਭਾਰਤੀ ਵਿਦਿਆ ਪ੍ਰਣਾਲੀ) 'ਚ ਮੇਰੇ ਵੇਲੇ
ਨਾਲੋਂ ਸੁਧਾਰ ਹੋਇਆ ਜ਼ਰੂਰ ਹੈ, ਅਤੇ ਅੱਗੇ ਵੀ ਜਾਰੀ ਰਹੇਗਾ,
ਪਰ ਅੱਜ ਦੇ ਪੈਰ ਪੁੱਟਣ ਵਾਲੇ ਲਈ ਸ਼ਾਇਦ ਇਹ ਕਾਫ਼ੀ ਨਹੀਂ ਰਹੇਗਾ
ਕਿ ਉਸ ਨੂੰ ਚੰਗਾ ਕੈਰੀਅਰ ਚੁਣਨ ਅਤੇ ਉਸ ਵਿੱਚ ਅੱਗੇ ਵਧਣ (ਉਤਸ਼ਾਹਿਤ)
ਲਈ ਮੱਦਦ ਕਰ ਸਕੇ। ਆਪਣੇ ਵੱਲੋਂ ਤਾਂ ਮੈਂ ਉਸ ਨੂੰ ਆਪਣੇ ਮਾਂ-ਬਾਪ
ਤੋਂ ਵੱਧ ਆਜ਼ਾਦੀ ਦੇਵਾਂਗਾ ਕੈਰੀਅਰ ਚੁਣਨ ਦੀ (ਜਿਨ੍ਹਾਂ ਨੇ ਆਪਣੇ
ਮਾਂ-ਬਾਪ ਤੋਂ ਵੱਧ ਦਿੱਤੀ ਹੋਵੇਗੀ) ਅਤੇ ਉਸ ਦੇ ਖਿਆਲਾਂ ਦੀ ਕਦਰ
ਕਰਨ ਦਾ ਜਤਨ ਕਰਾਂਗਾ (ਜੋ ਹਾਲੇ ਭਾਰਤ ਦੇ ਮੱਧ-ਵਰਗੀ ਪਰਿਵਾਰਾਂ
'ਚ ਘੱਟ ਹੀ ਹੁੰਦੀ ਹੈ)...

ਅੱਜ ਤਾਂ ਮੈਂ ਉਸ ਦੇ ਬੈਗ ਪਾ ਕੇ ਸਕੂਲ (ਜਿਸ ਬਾਰੇ ਉਹ ਸ਼ਾਇਦ
ਸਮਝਦਾ ਨਹੀਂ ਹੋਵੇਗਾ) ਨੂੰ ਨਿੱਕੇ ਨਿੱਕੇ ਤੁਰਦੇ ਪੈਰਾਂ 'ਚ ਵਲੋਂ ਚੱਕੇ ਨਾ
ਜਾਂਦੇ ਚਾਅ ਨੂੰ ਮਹਿਸੂਸ ਕਰਦਾ ਹੋਇਆ ਆਪਣੇ ਬਚਪਨ ਨੂੰ ਚੇਤੇ
ਕਰਦਾ ਹਾਂ...

28 November, 2009

੫੦੦ ਰੁਪਏ ਨਾਲ ਹੋਇਆ "ਆਬਜੈਕਸ਼ਨ" ਦੂਰ...

ਪੰਜਾਬ 'ਚ ਆ ਹੀ ਗੱਲ ਕਰਦੇ ਕਿ ਪੁਲਿਸ ਆਲਿਆਂ ਨਾਲ ਤਾਂ
ਕੋਈ ਦੁਸ਼ਮਨ ਦਾ ਵੀ ਵਾਹ ਨਾ ਪਵੇ, ਪਰ ਅਣਸਰਦੇ ਨੂੰ ਲਗਭਗ
ਦਾ ਵਾਹ ਪੈ ਹੀ ਜਾਂਦਾ ਹੈ, ਇਸ ਵਾਰ ਮੈਨੂੰ ਵੀ ਪੁਲਿਸ ਵੇਰੀਫਿਕੇਸ਼ਨ
ਸਰਟੀਫਿਕੇਟ (PCC) ਲਈ ਜਾਣਾ ਪਿਆ ਮੋਗੇ। ਪਹਿਲਾਂ
ਕਚਹਿਰੀਆਂ 'ਚੋਂ ਬਣਾ ਕੇ ਸਰਟੀਫਿਕੇਟ ਸੁਵਿਧਾ ਕੇਂਦਰ 'ਚ
ਦੇ ਆਂਦਾ, ਮੋਗਾ ਸਿਟੀ-੧ ਥਾਣੇ ਆਲੇ ਨੇ ਫੋਨ ਕੀਤੇ ਦੂਜੇ ਦਿਨ
ਕਹਿੰਦਾ ਹਾਜ਼ਰੀ ਲਵਾ ਕੇ ਜਾਉ (ਜਦੋਂ ਕਿ ਵੇਰੀਫਿਕੇਸ਼ਨ ਘਰ ਦੇ
ਐਡਰੈਸ ਉੱਤੇ ਉਸ ਨੇ ਕਰਨ ਆਉਣੀ ਸੀ), ਸਾਹਬ ਨੇ
੫੦੦ ਰੁਪਏ ਪ੍ਰਤੀ ਵੇਰੀਫਿਕੇਸ਼ਨ ਮੁਤਾਬਕ ਕੰਮ ਕੀਤਾ। ਥਾਣੇ
ਤੋਂ ਕੰਮ ਓਕੇ ਹੋ ਗਿਆ, ਸੋਚਿਆ ਕਿ ਚੱਲ ਹੁਣ ਖਤਮ ਹੋ ਗਿਆ,
ਪਹੁੰਚ ਗਏ ਅਗਲੇ ਦਿਨ ਸੁਵਿਧਾ ਕੇਂਦਰ ਸਰਟੀਫਿਕੇਟ ਲੈਣ,
ਗਏ ਤਾਂ ਕਹਿੰਦੇ ਜੀ ਡੀ.ਐਸ.ਪੀ. ਦੇ ਦਫ਼ਤਰੋਂ ਲੈ ਕੇ ਆਉ, ਜੋ ਕਿ
ਬਿਲਕੁਲ ਸਾਹਮਣੇ ਹੀ ਸੀ। ਪਾਸਪੋਰਟ ਅਤੇ ਹੋਰ ਵੇਰਵਾ ਸਭ ਠੀਕ
ਸੀ, ਨਾਲੇ ੧੦੦੦ ਰੁਪਏ ਦਾ ਮੱਥਾ ਤਾਂ ਟੇਕਿਆ ਹੀ ਗਿਆ ਸੀ,
ਗਏ ਤਾਂ ਰੀਡਰ ਸਾਹਬ ਕਹਿੰਦੇ ਜੀ ਕਿ ਹੋਰ ਸਭ ਤੋਂ ਠੀਕ ਹੈ, ਪਰ
ਤੁਹਾਡੇ ਪਾਸਪੋਰਟ ਉੱਤੇ ਤੁਹਾਡੀ ਪਤਨੀ ਦਾ ਨਾਂ ਨੀਂ ਹੈ, ਇਹ
"ਆਬਜੈਕਸ਼ਨ" ਲੱਗੂ ਜੀ (ਅਸਲ 'ਚ ਇਹ ਮੇਰੇ ਐਡਰੈੱਸ
ਅਤੇ ਪਾਸਪੋਰਟ ਬਾਰੇ ਜਾਂਚ ਸੀ, ਅਤੇ ਮੇਰਾ ਪਾਸਪੋਰਟ ਵਿਆਹ
ਤੋਂ 3 ਸਾਲ ਪਹਿਲਾਂ ਬਣਿਆ ਸੀ)। ਹੁਣ ਕੀ ਕਰੀਏ, ਮੈਨੂੰ
ਬਹੁਤ ਖਿੱਝ ਆਈ, ਅਤੇ ਕਿਹਾ ਕਿ ਮੇਰੀ ਪਤਨੀ ਮੇਰੇ ਨਾਲ
ਨਾ ਆਉਂਦੀ ਤਾਂ ਤੁਹਾਨੂੰ ਕੀ ਪਤਾ ਹੁੰਦਾ ਕਿ ਇਹ ਭਰਿਆ
ਕਿ ਨਹੀ? ਨਹੀਂ ਜੀ ਤੁਹਾਡੇ ਤਾਂ ਆਬਜੈਕਸ਼ਨ ਲੱਗੂਗਾ।
ਖ਼ੈਰ ਬਾਪੂ ਜੀ ਨੇ ਅਗਲੇ ਦੋ ਦਿਨ ਦੌੜ-ਭੱਜ ਕੀਤੀ
ਅਤੇ ਉਹ ਆਬਜੈਕਸ਼ਨ ਵਾਲੇ ਸਾਹਬ ਨੇ ੫੦੦ ਰੁਪਏ ਵਿੱਚ
ਸਾਡੀ ਗ਼ੈਰ-ਮੌਜੂਦਗੀ ਵਿੱਚ ਵੇਰੀਫਾਈ ਕਰਕੇ ਸਾਈਨ
ਕਰ ਦਿੱਤੇ ਅਤੇ ਸਾਨੂੰ ਇਹ ੨ ਦਿਨ ਦੇ ਕੰਮ ੩ ਦਿਨ ਵਾਧੂ
ਖ਼ਰਾਬ ਕਰਨ ਪਏ ਅਤੇ ੧੫੦੦ ਰੁਪਏ ਰਿਸ਼ਵਤ ਵਜੋਂ ਦੇਣੇ
ਪਏ।
ਸ਼ਾਇਦ ਭਾਰਤ 'ਚ ਰਹਿੰਦੇ ਬਹੁਤੇ ਲੋਕਾਂ ਨੂੰ ਤਾਂ ਇਹ ਤਜਰਬਾ
ਬਹੁਤ ਹੋਵੇਗਾ, ਪਰ ਹੈਰਾਨੀ ਤਾਂ ਇਸ ਗੱਲ ਦੀ ਹੁੰਦੀ ਹੈ ਕਿ
ਕਿੰਨੀ ਬੇਸ਼ਰਮੀ ਨਾਲ ਜਾਂਦੇ ਹਨ ਆਬਜੈਕਸ਼ਨ ਅਤੇ ਉਸ ਤੋਂ ਵੱਧ
ਕਿ 'ਚਾਂਦੀ ਦੀ ਜੁੱਤੀ' ਨਾਲ ਕਿਵੇਂ ਇਹ ਕੁਫ਼ਰ ਹੋ ਜਾਂਦੇ ਹਨ,
ਮੈਨੂੰ ਤਾਂ ਕਈ ਵਾਰ ਸਮਝ ਹੀ ਨਹੀਂ ਆਉਂਦੀ ਕਿ ਇਹ ਅਸਲ
ਆਬਜੈਕਸ਼ਨ ਲਾਉਂਦੈਂ ਕਿ ਰਿਸ਼ਵਤ?

27 September, 2009

ਕੁਝ ਹਢਾਏ ਪਲ਼ ਦੋ ਵਰ੍ਹਿਆਂ ਤੋਂ ਟੱਪੇ ਬਚਪਨ ਨਾਲ...

ਹੁਣ ਮੋਲੀ ਦੋ ਸਾਲਾਂ ਨੂੰ ਟੱਪ ਚੱਲਿਆ ਹੈ ਅਤੇ ਉਸ ਦੀਆਂ ਹਰਕਤਾਂ
ਨੂੰ ਵੇਖ ਕੇ ਅਚਾਨਕ ਚਿੱਤ ਕਹਿ ਉੱਠਦਾ ਹੈ ਕਿ ਹਾਂ ਇਹ ਤਾਂ ਮੈਂ
ਕਦੇ ਨਹੀਂ ਸੀ ਕਰ ਸਕਦਾ (ਆਪਣੇ ਬਚਪਨ ਵਿੱਚ)...

ਕੁਦਰਤੀ ਤੌਰ ਉੱਤੇ ਮੇਰਾ ਸੁਭਾਅ ਅਜੇਹਾ ਹੈ ਅਤੇ ਕੁਝ ਸੋਚ
ਵਿਕਸਤ ਹੋਈ ਇੰਝ ਦੀ ਹੈ ਕਿ ਮੈਂ ਬੱਚਿਆਂ ਨਾਲ ਆਪਣੇ
ਆਪ ਨੂੰ ਢਾਲ ਨਹੀਂ ਪਾਉਂਦਾ, ਪਰ ਜਿੰਨਾ ਕੁ ਵਰਤਾਰਾ ਉਸ ਨਾਲ
ਮੇਰਾ ਰਿਹਾ ਜਾਂ ਕਹੀਏ ਕਿ ਵਾਹ ਪਿਆ ਹੈ, ਉਹ ਆਲੇ ਦੁਆਲੇ
ਪ੍ਰਤੀ ਕਿੰਨੀ ਤੇਜ਼ੀ ਨਾਲ ਸਿੱਖ ਰਿਹਾ ਹੈ, ਸਮਝਣ ਦੀ ਤਾਕਤ
ਹੈ, ਉਹ ਵੇਖ ਕੇ ਸਿਰ ਚਕਰਾ ਜਾਂਦਾ ਹੈ ਕਿ ਜਦੋਂ ਵੱਡੇ ਹੋਣਗੇ ਤਾਂ
ਇਹ ਕਰਨਗੇ। ਇਹ ਗੱਲ 'ਕੱਲੇ ਅਨਮੋਲ ਦੀ ਨਹੀਂ ਹੈ, ਉਸ ਦੇ
ਹਾਣ ਦੇ ਜੁਆਕ ਸਭ ਬਹੁਤ ਤੇਜ਼ ਨੇ, ਉਸ ਨਾਲੋਂ ਜੋ ਮੈਂ ਆਪਣੇ
ਬਚਪਨ 'ਚ ਵੇਖੇ ਸਨ (ਜਦੋਂ ਤੋਂ ਮੈਂ ਕੁਝ ਹੋਸ਼ ਸੰਭਾਲੀ ਹੈ)।
ਉਹ ਹਾਲੇ ਸਵਾ ਦੋ ਸਾਲ ਦਾ ਹੈ, ਪਰ ਗੱਲਾਂ ਦੇ ਜਵਾਬ ਬੜੇ
ਦੇ ਦਿੰਦਾ ਹੈ, ਜਿਵੇਂ ਕਿ
"ਅਨਮੋਲ ਤੇਰੀ ਬਾਇਕ ਗੰਦੀ ਹੈ"
"ਨਹੀਂ, ਸੋਨੀ"

ਜੇ ਮੈਂ ਤਿਆਰ ਹੋ ਰਿਹਾ ਹੋਵਾ ਤਾਂ ਉਸ ਨੇ ਸਵਾਲ ਹੁੰਦੇ ਹਨ
"ਅਮਨ ਓਫਸ ਜਾਨਾਂ?"
"ਹਾਂ"
"ਕਾਰ ਤੇ?"
"ਹਾਂ"

ਖ਼ੈਰ ਪਿਛਲੀ, (ਜਾਂ ਮੌਜੂਦਾ) ਪੀੜ੍ਹੀ ਤੋਂ ਅੱਗੇ ਹੋਣ ਨਾਲ ਹੀ
ਤਾਂ ਜ਼ਮਾਨਾ ਤਰੱਕੀ ਕਰਦਾ ਹੈ, ਅਤੇ ਇਹ ਬਾਂਦਰ ਤੋਂ
ਇਨਸਾਨ ਦੀ ਕਹਾਣੀ ਦਾ ਨਿਰੰਤਰ ਜੋੜ/ਤੋੜ ਹੈ, ਪਰ
ਕਿਵੇਂ ਵੀ ਹੈ, ਅੱਜਕੱਲ੍ਹ ਦੇ ਬੱਚੇ ਬੜੀ ਤੇਜ਼ੀ ਨਾਲ ਸਿੱਖਦੇ ਹਨ,
ਸਮਝਦੇ ਹਨ, (ਬੇਸ਼ੱਕ ਗੁੱਸੇਖੋਰ ਜਾਂ ਸ਼ਰਾਰਤੀ ਵੀ ਹਨ)।
ਹਾਲੇ ਮੇਰਾ ਬਹੁਤ ਸਾਰਾ ਸਮਾਂ ਉਸ ਦੀਆਂ ਸ਼ਰਾਰਤਾਂ ਅਤੇ
ਇੱਲਤਾਂ ਨੂੰ ਸਮਝਦਿਆਂ ਲੰਘ ਜਾਂਦਾ ਹੈ ਕਿ ਆਖਰ ਉਹ ਕੀ ਕਰਨਾ
ਚਾਹੁੰਦਾ ਹੈ ਅਤੇ ਉਹ ਕਿੰਝ ਸਮਝਾਉਂਦਾ ਹੈ। ਕੁਝ ਚਿਰ
ਪਹਿਲਾਂ ਜਦੋਂ ਉਹ ਬੋਲਣ ਹਾਲੇ ਸਿੱਖਿਆ ਹੀ ਸੀ ਤਾਂ ਉਹ
ਆਪਣੀ ਗੱਲ਼ ਸਮਝਾ ਨਹੀਂ ਸੀ ਸਕਦਾ ਤਾਂ ਉਂਝ ਕਰਕੇ ਵੇਖਾਉਦਾ ਸੀ,
ਜੇ ਰੋਟੀ ਖਾਣੀ ਹੈ ਤਾਂ ਬੁਰਕੀ ਮੂੰਹ 'ਚ ਲੈ ਕੇ ਜਾਣੀ, ਜਾਂ ਦਰਵਾਜੇ ਕੋਲ
ਡੋਲੂ ਲੈ ਕੇ ਖੜ੍ਹਾ ਹੋ ਜਾਣਾ ਆਦਿ, ਪਰ ਹੁਣ ਜਦੋਂ ਉਹ ਬੋਲਣ
ਲੱਗਾ ਹੈ ਤਾਂ ਉਹ ਆਪਣੀ ਗੱਲ਼ ਨੂੰ ਵਾਰ ਵਾਰ ਕਹਿੰਦਾ ਹੈ, ਅਤੇ ਜੇ
ਨਾ ਸਮਝੀਏ ਤਾਂ ਉਂਝ ਹਰਕਤ ਕਰਕੇ ਵੇਖਾਉਂਦਾ ਹੈ, ਖ਼ੈਰ ਉਸ ਦੀ ਮਾਂ
ਤਾਂ ਬਹੁਤਾ ਕੁਝ ਸਮਝ ਹੀ ਜਾਂਦੀ ਹੈ, ਪਰ ਮੈਨੂੰ ਕਦੇ ਕਦੇ ਵਕਤ ਲੱਗ
ਜਾਂਦਾ ਹੈ।
ਜੇ ਤੁਹਾਨੂੰ ਅਜਿਹੇ ਸਮੇਂ ਵਿੱਚ ਲੰਘਣ ਦਾ ਵਕਤ ਮਿਲੇ ਅਤੇ ਤੁਹਾਡੇ
ਕੋਲ ਸਮਾਂ ਹੋਵੇ ਤਾਂ ਤੁਸੀਂ ਉਹਨਾਂ ਦੀਆਂ ਨਿੱਕੀਆਂ-੨ ਹਰਕਤਾਂ ਨੂੰ ਵੇਖਣਾ,
ਉਹਨਾਂ ਨੂੰ ਸਮਝਣ ਦਾ ਜਤਨ ਕਰਨਾ ਕਿ ਉਹ ਕੀ ਕਰਦੇ ਹਨ ਅਤੇ
ਕਿੰਝ ਕਰਦੇ ਹਨ, ਕਿਵੇਂ ਉਹ ਆਪਣੇ ਹੱਥਾਂ ਵਿੱਚ ਚੀਜਾਂ ਦਾ ਕੰਟਰੋਲ ਕਰਨਾ
ਸਿੱੱਖਦੇ ਹਨ, ਕਿਵੇਂ ਉਹ ਵਾਰ ਵਾਰ ਟੱਕਰਾਂ ਮਾਰਦੇ ਹਨ ਅਤੇ ਆਖਰ
ਵਿੱਚ ਉਹ ਸਫ਼ਲ ਰਹਿੰਦੇ ਹਨ ਉਹ ਕਰਨ ਲਈ, ਜੋ ਕਰਨਾ ਚਾਹੁੰਦੇ ਹਨ।
ਇਹ ਸਭ ਤੁਹਾਨੂੰ ਆਪਣੀ ਮੌਜੂਦਾ ਜਿੰਦਗੀ ਜਿਉਣ ਲਈ ਅਤੇ ਸੰਘਰਸ਼
ਲਈ ਪਰੇਰਦੇ ਨਜ਼ਰ ਆਉਣਗੇ, ਕਿੰਨੀ ਵਾਰ ਕਿਸੇ ਸਮੱਸਿਆ ਦਾ ਹੱਲ
ਕੱਢਣ ਦੀ ਬਜਾਏ ਆਪਾਂ ਉਂਲਝ ਅਤੇ ਉਲਝਾ ਲੈਂਦੇ ਹਾਂ, ਪਰ ਬਚਪਨ
ਦੇ ਭੋਲੇਪਨ, ਸਾਦਗੀ ਅਤੇ ਟੱਕਰਾਂ ਮਾਰਨ ਦੀ ਆਦਤ ਸ਼ਾਇਦ ਗੁਆਉਣ
ਕਰਕੇ ਹੀ ਇਹ ਹੁੰਦਾ ਹੋਵੇਗਾ, ਇੱਕ ਵਾਰ ਉਹ ਵਾਰ ਵਾਰ ਕੋਸ਼ਿਸ਼ ਕਰਨ ਅਤੇ
ਹਰ ਅਗਲੀ ਕੋਸ਼ਿਸ਼ ਵਿੱਚ ਪਹਿਲੀ ਗਲਤੀ ਸੁਧਾਰਨ ਦਾ ਜਤਨ ਕਰਕੇ ਵੇਖਿਓ
ਕੀ ਬਣਦਾ ਹੈ...

28 August, 2009

ਕੁਝ ਬੋਲ ਦਿਲ ਦੇ ਕੋਲ ਕਿਤੇ...

ਉਹ ਨੀਂ ਚਾਹੁੰਦੀ ਰਿਸ਼ਤਾ ਰੱਖਣਾ
ਮੈਂ ਨਹੀਂ ਚਾਹੁੰਦਾ ਉਹ ਨੂੰ ਡੱਕਣਾ
ਮਨਾਂ 'ਚ ਜਿਹੜਾ ਪੈ ਗਿਆ ਜ਼ਹਿਰ ਨਹੀਂ ਜਾਂਦਾ
ਹੁਣ ਮੈਂ ਉਸ ਕੁੜੀ ਦੇ ਸ਼ਹਿਰ ਨਹੀਂ ਜਾਂਦਾ...

ਮੇਰੇ ਦਿਲ ਨੂੰ ਖਾਂਦੀ ਸੀ ਅਕਸਰ ਸ਼ੈਹ ਜੋ ਵੱਢ ਵੱਢ ਕੇ
ਮੁੜ ਆਇਆ ਹਾਂ ਉਹ ਦੀ ਯਾਦ ਨੂੰ ਉਹਦੀ ਗਲ਼ੀ 'ਚ ਮੈਂ ਛੱਡ ਕੇ
ਹੁਣ ਸਾਥੋਂ ਉਹਦੇ ਰਾਹੀਂ ਧਰਿਆ ਪੈਰ ਨਹੀਂ ਜਾਂਦਾ
ਹੁਣ ਮੈਂ ਉਸ ਕੁੜੀ ਦੇ ਸ਼ਹਿਰ ਨਹੀਂ ਜਾਂਦਾ

ਮੈਂ ਜਿਹਦੇ ਲਈ ਚੱਲਦਾ ਫਿਰਦਾ ਚੰਗਾ ਮਨਪਰਚਾਵਾਂ ਸੀ
ਉਹਦੇ ਲਈ ਪਾਣੀ ਤੇ ਲੀਕਾਂ ਨੇਕ ਬਰੰਗ ਦਾ ਵਾਦਾ ਸੀ
ਕਿਸੇ ਦੇ ਇੱਕ ਦੇ ਜਾਣ ਨਾਲ ਚੱਲਦਾ ਸਾਹ ਠਹਿਰ ਨਹੀਂ ਜਾਂਦਾ
ਹੁਣ ਮੈ ਉਸ ਕੁੜੀ ਦੇ ਸ਼ਹਿਰ ਨਹੀਂ ਜਾਂਦਾ...

ਗੀਤਕਾਰ - ਨੇਕ ਬਰੰਗ

30 July, 2009

ਪੁਰਾਣੀਆਂ ਡਾਇਰੀਆਂ ਤੋਂ ਕੁਝ ਪੰਨੇ...

ਪੂਨੇ ਵਿੱਚ ਪਹਿਲੀ ਵਾਰ ਜੁਲਾਈ ੨੦੦੪ ਵਿੱਚ ਆਇਆ ਸੀ, ਉਹ
ਸਮਾਂ ਸ਼ਾਇਦ ਮੈਂ ਖੁਦ ਐਨਾ ਤਿਆਰ ਨਹੀਂ ਸੀ, ਪਰ ਉਸ ਦੀਆਂ
ਕੁਝ ਡਾਇਰੀਆਂ ਪਿਛਲੇ ਹਫ਼ਤੇ ਮਿਲੀਆਂ, ਜਿੰਨਾਂ ਵਿੱਚ ਉਹਨਾਂ ਦਿਨਾਂ
ਦੀਆਂ ਦੀਆਂ ਕੁਝ ਅਨਮੋਲ ਪਲਾਂ ਦੀਆਂ ਝਲਕਾਂ ਬਾਕੀ ਹਨ,
ਜਿਸ ਵਿੱਚ ਕੁਝ ਕਵਿਤਾਂ, ਕੁਝ ਸ਼ੇਅਰ, ਕੁਝ ਵਾਕ ਅਤੇ ਕੁਝ ਉਦਾਸੀ
ਦੇ ਪਲ਼ ਬਾਕੀ ਹਨ। ਆਉਣ ਵਾਲੇ ਕੁਝ ਬਲੌਗ ਵਿੱਚ ਉਹਨਾਂ ਨੂੰ
ਸਮੇਟਣ ਦਾ ਜਤਨ ਕਰਾਂਗਾ...

30 June, 2009

ਸ਼ੇਰ - ਏ - ਪੰਜਾਬ ਦੀ ਬਰਸੀ ਲੰਘ ਗਈ

ਕੱਲ੍ਹ ਦਾ ਦਿਨ ਲੰਘ ਗਿਆ, 29 ਜੂਨ ਲੰਘ ਗਈ, ਮੈਨੂੰ ਇੰਟਰਨੈੱਟ ਉੱਤੇ
ਕੋਈ ਜਾਣਕਾਰੀ ਨੀਂ ਮਿਲੀ, ਬਹੁਤੀਆਂ ਪੰਜਾਬੀ ਵੈੱਬਸਾਈਟਾਂ ਨੇ ਦੱਸਿਆ ਹੀ
ਨਹੀਂ, ਮੈਂ ਕੋਈ ਧਿਆਨ ਹੀ ਨਾ ਰੱਖਿਆ। ਚੱਲੋ ਲੰਘ ਗਏ ਤਾਂ ਭੁੱਲ
ਜਾਈਏ, ਛੱਡ ਬੀਤੇ ਨੂੰ ਥੋੜੇ ਚੇਤੇ ਰੱਖੀਦਾ ਹੈ।
ਪਰ ਸ਼ਾਇਦ ਇਹ ਭੁੱਲਣਾ ਨਹੀਂ ਸੀ ਚਾਹੀਦਾ, ਇਹ ਪਲ, ਇਹ ਸਮਾਂ
ਸੀ, ਜਿਸ ਉੱਤੇ ਹਰ ਪੰਜਾਬੀ ਨੂੰ ਮਾਣ ਹੋਣਾ ਚਾਹੀਦਾ ਹੈ,
ਹਾਂ, ਪੰਜਾਬ ਦੇ ਮਹਾਨ ਬਾਦਸ਼ਾਹ ਸ਼ੇਰ-ਏ-ਪੰਜਾਬ ਦੀ ਕੱਲ੍ਹ ਬਰਸੀ ਸੀ,
ਉਸ ਨੂੰ ਯਾਦ ਕਰਨ ਦਾ ਸਮਾਂ ਨਾਲ ਤਾਂ ਕਿਸੇ ਰਾਜਨੀਤਿਕ ਪਾਰਟੀ ਕੋਲ
ਸੀ ਅਤੇ ਸ਼ਾਇਦ ਨਾ ਉਸ ਸੂਰਮੇ ਬਹਾਦਰ ਦੇ ਲੋਕਾਂ ਕੋਲ। ਸ਼ਾਇਦ ਬਹੁਤੇ
ਤਾਂ ਮੇਰੇ ਵਾਂਗ ਜਾਣਦੇ ਵੀ ਨਾ ਹੋਣ ਕਿ ਮਹਾਰਾਜਾ ਰਣਜੀਤ ਸਿੰਘ ਦੀ
ਬਰਸੀ ਸੀ ਕੱਲ੍ਹ। ਪਤਾ ਨੀਂ ਕੋਈ ਕੀ ਸੋਚਦਾ ਹੋਵੇਗਾ ਇਸ ਬਾਰੇ,
ਪਰ ਮੈਨੂੰ ਸ਼ਰਮ ਆ ਰਹੀ ਹੈ ਕਿ 'ਆਪਣੇ ਆਪ 'ਚ ਰਹੇ ਗੁਆਚਿਆ
ਬੰਦਿਆ...' ਵਾਂਗ ਭੁੱਲ ਹੀ ਗਏ, ਇੱਕ ਵਾਰ ਨਾਂ ਹੀ ਲੈ ਲੈਂਦੇ।
ਇਹ ਸ਼ਾਇਦ ਮੇਰੀ ਆਦਤ ਹੋ ਗਈ ਹੈ ਜਾਂ ਮੇਰੇ ਖੂਨ 'ਚ ਰਚ ਗਿਆ ਹੈ
ਭੁੱਲ ਜਾਣਾ...
ਮੈਂ ਸ਼ਾਇਦ ਪੰਜਾਬੀਆਂ ਵਿੱਚ ਇੱਕ ਹਾਂ, ਸੋ ਸ਼ਾਇਦ ਪੂਰੀ ਕੌਮ ਹੀ ਭੁਲੱਕੜ
ਹੋ ਦੀ ਜਾ ਰਹੀ ਏ ਕੀ ਨਹੀਂ????

27 January, 2009

ਕੀ ਮੈਂ ਨਿਰਪੱਖ ਹੋ ਸਕਿਆ?

ਨਿਰਪੱਖ - ਕਿਸੇ ਦਾ ਪੱਖ ਨਾ ਲੈਣਾ, ਬਿਨਾਂ ਕਿਸੇ ਭੇਦ-ਭਾਵ ਤੋਂ
ਗੱਲ਼ ਕਰਨੀ
ਸ਼ਾਇਦ ਮੈਂ ਖੁਦ ਨੂੰ ਬਹੁਤ ਵਾਰ ਸੋਚਿਆ ਕਿ ਨਿਰਪੱਖ ਰੱਖਾਂ,
ਜਦੋਂ ਵੀ ਕਦੇ ਮੌਕਾ ਬਣਿਆ, ਪਰ ਹਮੇਸ਼ਾ ਸੁਆਲ ਟੱਕਰਦਾ ਰਿਹਾ,
ਨਿਰਪੱਖ ਕਿਵੇਂ ਬਣਿਆ ਜਾਵੇ, ਕੌਣ ਨਿਰਪੱਖ ਹੋ ਸਕਦਾ ਹੈ, ਕੌਣ
ਮੇਰਾ ਅਦਾਰਸ਼ ਬਣੇ? ਕੁਝ ਕੁ ਜੀਵਨ ਪੜ੍ਹੇ, ਕੁਝ ਕੁ ਵਿਚਾਰ
ਪੜ੍ਹੇ, ਕੁਝ ਕੁ ਤਜਰਬਿਆਂ ਤੋਂ ਸਿੱਖਿਆ, ਬਹੁਤ ਕੁਝ ਸੁਣਿਆ,
ਸਿੱਖ ਧਰਮ ਦੇ ਵਿਚਾਰਾਂ ਤੋਂ ਲੈ ਕੇ ਭਗਤ ਸਿੰਘ ਤੱਕ, ਅਕਬਰ
ਬਾਰੇ ਜਾਣਨ ਤੋਂ ਲੈ ਕੇ ਰਣਜੀਤ ਸਿੰਘ ਦੇ ਰਾਜਾਂ ਬਾਰੇ ਸੁਣਿਆ ਕੀਤਾ,
ਕਦੇ ਅਮਰੀਕੀਆਂ ਦਾ ਇਤਹਾਸ ਸਮਝਿਆ ਤਾਂ ਕਦੇ ਰੂਸੀਆਂ ਬਾਰੇ
ਗੱਲਾਂ ਸਾਂਝੀਆਂ ਕੀਤੀਆਂ, ਕਦੇ ਪੰਡਤਾਂ ਬਾਰੇ ਸੁਣਿਆ ਤਾਂ ਕਦੇ
ਮੇਰਾ ਦੇਸ਼ ਮਹਾਨ ਵਰਗੇ ਨਾਅਰੇ ਗੂੰਜੇ ਮੇਰੇ ਦਿਮਾਗ ਅੰਦਰ, ਪਰ
ਖੁਦ ਨੂੰ ਕਦੇ ਵੀ ਨਿਰਪਖ ਨਾ ਰੱਖ ਸਕਿਆ, ਹਾਲਾਂ ਕਿ ਸਭ ਤੋਂ
ਛੋਟੇ ਫੈਸਲੇ ਉੱਤੇ ਵੀ ਨਿਰਪੱਖ ਨਾ ਹੋ ਸਕਿਆ ਫੇਰ ਭਾਵੇਂ ਅੱਖਾਂ
ਸਾਹਮਣੇ ਦਿਸਦੇ ਦੋ ਰੰਗ ਹੋਣ ਜਾਂ ਦੋ ਰਲਦੇ ਮਿਲਦੇ ਵਿਚਾਰ...

ਜੇ ਮੈਂ ਸਿੱਖ ਧਰਮ ਵੱਲ ਝੁਕਾਅ ਰੱਖਾਂ ਤਾਂ ਮੈਂ (ਧਰਮ)-ਨਿਰਪੱਖ ਇਨਸਾਨ ਨਾਲ
ਨਹੀਂ ਰਹਿ ਸਕਦਾ, ਕਿਓ? ਸ਼ਾਇਦ ਮੈਂ ਕਾਮਰੇਡਾਂ ਦੇ ਵਿਰੁਧ ਰਹਾਂਗਾ,
ਤਾਂ ਕਿ ਉਹ ਇਨਸਾਨ ਹੀ ਹਨ

ਜੇ ਮੈਂ ਆਪਣੇ ਆਪ ਨੂੰ ਧਰਮ-ਨਿਰਪੱਖ ਮੰਨਾਂ ਤਾਂ ਕੀ ਇਹ ਸੰਭਵ ਹੈ ਕਿ
ਮੈਂ ਰੱਬ ਦਾ ਨਾਂ ਲਵਾਂ ਅਤੇ ਧਰਮ-ਨਿਰਪੱਖ ਹੋਵਾਂ?

ਜੇ ਮੈਂ ਆਪਣੇ ਆਪ ਨੂੰ ਭਾਰਤੀ ਕਹਾਂ ਤਾਂ ਸਾਰੀ ਦੁਨਿਆਂ, ਇਹ ਸੰਸਾਰ ਕੀ
ਵੰਡਿਆ ਗਿਆ? ਕੀ ਮੈਂ ਅਫਰੀਕੀ ਜਾਂ ਅਮਰੀਕੀ ਤੋਂ ਵੱਖਰਾ ਇਨਸਾਨ ਹਾਂ?
ਨਹੀਂ ਤਾਂ ਫੇਰ ਭਾਰਤੀ ਕਹਿਣਾ ਕਿਓ, ਇਨਸਾਨ ਹੀ ਕਿਓ ਨਹੀਂ।
ਸੰਸਾਰ ਸਭ ਦਾ ਹੈ ਤਾਂ ਖਿੱਤੇ ਵਿੱਚ ਵੰਡਿਆ ਕਿਓ, ਚੱਲੋ ਵੰਡਿਆ ਤਾਂ
ਸਮਝ ਗਿਆ ਕਿ ਪਰਬੰਧ ਲਈ, ਪਰ ਮਾਣ ਕਿਓ ਕੀ ਮੈਂ ਭਾਰਤੀ,
ਅਮਰੀਕੀ, ਰੂਸੀ ਕਿਓ? ਕੀ ਇੰਝ ਨਿਰਪੱਖ ਹੋਣਾ ਸੰਭਵ ਹੈ, ਸ਼ਾਇਦ
ਮੈਂ ਇਸ ਨੂੰ ਸਮਝ ਨੀਂ ਸਕਿਆ ਕਿਤੇ, ਪਰ ਆਖਰ ਮੈਂ ਨਿਰਪੱਖ
ਨੀਂ ਰਹਿ ਸਕਿਆ

ਮੈਂ ਜਿੰਦਗੀ ਦੀ ਸਭ ਤੋਂ ਛੋਟੀ ਉਲਝਣ ਤੋਂ ਸ਼ੁਰੂ ਕਰਾਂ ਤਾਂ ਮੈਨੂੰ
ਰੰਗਾਂ ਵਿੱਚ ਪੀਲਾ ਰੰਗ ਬਹੁਤ ਪਸੰਦ ਹੈ ਅਤੇ ਫੇਰ ਹਰਾ, ਲਾਲ,
ਹੁਣ ਮੈਨੂੰ ਕੋਈ ਰੰਗ ਚੁਣਨ ਲਈ ਕਹੇਗਾ ਤਾਂ ਮੈਂ ਰੰਗਾਂ ਦੀ ਚੋਣ
ਕਦੇ ਵੀ ਨਿਰਪੱਖਤਾ ਨਾਲ ਨਹੀਂ ਕਰ ਸਕਾਂਗਾ।

ਮੈਂ ਖੁਦ ਨੂੰ ਆਪਣੀ ਨਿਰਪੱਖਤਾ ਬਾਰੇ ਸਮਝਾ ਨਹੀਂ ਸਕਿਆ ਹਾਲੇ ਤੱਕ,
ਹਮੇਸ਼ਾ ਮੈਨੂੰ ਮੇਰਾ ਝੁਕਾ ਕਿਸੇ ਪਾਸੇ ਥੋੜ੍ਹਾ ਬਹੁਤ ਲੱਗਦਾ ਹੀ ਹੈ, ਤਰਕ
ਕਰਨ ਨਾਲ ਵੀ ਮੇਰਾ ਝੁਕਾ ਖਤਮ ਨਹੀਂ ਹੁੰਦਾ ਅਤੇ ਜ਼ਿੰਦਗੀ ਦੇ ਬਹੁਤ
ਸਾਰੇ ਅਜਿਹੇ ਦਰਿਆ ਆਉਂਦੇ ਹਨ, ਜਿੱਥੋਂ ਮੈਂ ਨਿਰਪੱਖਤਾ ਦੀ ਬੇੜੀ ਚੜ੍ਹ
ਪਾਰ ਜਾ ਹੀ ਨਹੀਂ ਸਕਿਆ।

ਕੀ ਨਿਰਪੱਖਤਾ ਬਿਨਾਂ ਜ਼ਿੰਦਗੀ ਅਧੂਰੀ ਹੈ? ਕੀ ਗਿਆਨ ਲੈਣ
ਅਤੇ ਸਮਝਣ ਦੇ ਮੱਤ ਲਈ ਨਿਰਪੱਖਤਾ ਦੀ ਲੋੜ ਹੈ?
ਅਤੇ ਸ਼ਾਇਦ ਸਭ ਤੋਂ ਪਹਿਲਾਂ ਸਵਾਲ ਕਿ
ਕੀ ਜ਼ਿੰਦਗੀ ਵਿੱਚ ਨਿਰਪੱਖ ਹੋਣਾ ਕੀ ਲਾਜ਼ਮੀ ਹੈ? ਸ਼ਾਇਦ ਇਹ ਸਵਾਲ
ਪਹਿਲਾਂ ਕਰਨਾ ਚਾਹੀਦੀ ਹੈ, ਫੇਰ ਬਹਿਸ ਅੱਗੇ ਤੋਰੀ ਚਾਹੀਦੀ ਸੀ।
ਪਰ ਮੈਂ ਨਿਰਪੱਖਤਾ ਦੇ ਬੇਮੁਹਾਣ ਵਹਿਣ 'ਚ ਦੂਰ ਆ ਗਿਆ ਅਤੇ
ਹੁਣ ਇਸ ਦਾ ਖਹਿੜਾ ਕਿਸੇ ਗੱਲ਼ ਨਾਲ ਹੀ ਛੁੱਟੇਗਾ, ਸ਼ਾਇਦ
ਕੋਈ ਨਿਰਪੱਖਤਾ ਦਾ ਜਵਾਬ ਦੇਵੇ ਤਾਂ...

18 January, 2009

ਦੁੱਖੀ ਹਿਰਦੇ - ਪ੍ਰਿੰ. ਦਰਸ਼ਣ ਸਿੰਘ ਸਮਾਧ ਵਾਲੇ

4 ਦਿਨ ਪਹਿਲਾਂ, 16 ਜਨਵਰੀ 2009 ਨੂੰ ਪ੍ਰਿੰ. ਦਰਸ਼ਣ ਸਿੰਘ ਬਰਾੜ ਸੁਰਗਵਾਸ
ਹੋ ਗਏ ਸਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ
ਵਿਖੇ ਮੈਨੂੰ ਇਨ੍ਹਾਂ ਦੇ ਕੋਲ 1997-2000 ਤੱਕ ਪੜ੍ਹਨ ਦਾ ਮੌਕਾ ਮਿਲਿਆ।
ਬਹੁਤ ਹੀ ਅਨੁਸ਼ਾਸ਼ਨ ਪਸੰਦ ਅਤੇ ਕਾਬਲੇ-ਤਾਰੀਫ਼ ਪਰਸ਼ਾਸ਼ਕ ਰਹੇ।
ਸਕੂਲ ਦੀਆਂ ਵਰਦੀਆਂ, +1,+2 ਦੇ ਵਿਦਿਆਰਥੀਆਂ ਦੀ ਨਿਯਮਤ
ਕਲਾਸਾਂ, ਰੋਜ਼ਾਨਾ ਕੰਮ ਨੋਟ ਕਰਨਾ ਅਤੇ ਸਕੂਲ ਦਾ ਸ਼ਾਨਦਾਰ
ਪਰਬੰਧ ਇਨ੍ਹਾਂ ਦੀ ਦੇਣ ਰਹੀ ਹੈ। ਉਹਨਾਂ 3-4 ਸਾਲਾਂ ਵਿੱਚ
ਮੈਂ ਖੁਦ ਆਪਣੀ ਅੱਖੀਂ ਸਕੂਲ ਨੂੰ ਮਾਡਲ ਸਕੂਲ ਬਣਦਾ ਤੱਕਿਆ
ਅਤੇ ਮੈਂ ਜਿਸ ਜਗ੍ਹਾ ਉੱਤੇ ਅੱਪੜਿਆ, ਉੱਥੇ ਉਹ ਸਕੂਲ ਦੇ ਪਰਸ਼ਾਸ਼ਕ (ਪ੍ਰਿੰਸੀਪਲ)
ਦੇ ਤੌਰ ਉੱਤੇ ਉਹਨਾਂ ਦਾ ਯੋਗਦਾਨ ਮੇਰੇ ਲਈ ਨਾ-ਭੁੱਲਣਯੋਗ ਹੈ।

ਪਿਛਲੇ ਕੁਝ ਸਮੇਂ ਤੋਂ ਸ਼ੂਗਰ ਦੀ ਬਿਮਾਰੀ ਨਾਲ ਪੀੜਤ ਸਨ ਅਤੇ
ਲੁਧਿਆਣੇ ਦਾਖਲ ਸਨ। ਮੇਰੇ ਇਹ ਤੀਸਰੇ ਅਧਿਆਪਕ ਨੇ,
ਜਿਹੜੇ ਜਿੰਦਗੀ ਦੀ ਦੌੜ ਨੂੰ ਪੂਰਾ ਕਰ ਚੱਲੇ ਨੇ...

01 January, 2009

ਵਰ੍ਹਾ 2008 ਅਤੇ ਮੇਰਾ ਵਹੀ ਖਾਤਾ

ਸਾਲ 2008 ਅੱਜ ਸਰਕਾਰੀ ਤੌਰ ਉੱਤੇ ਨਿਬੜ ਗਿਆ, ਇਸ ਵਰ੍ਹੇ ਦੀਆਂ
ਹੋਰ ਖ਼ਬਰਾਂ ਵਾਂਗ ਮੈਂ ਆਪਣੇ ਤੌਰ ਉੱਤੇ ਪੜਤਾਲ ਕਰਨ ਦੀ ਵਿਚਾਰ ਕੀਤੀ,
ਇਸ ਮੁਤਾਬਕ ਪਿੱਛੇ ਝਾਤ ਮਾਰਿਆ ਵਿੱਚ ਕੁਝ ਕੀਤੇ ਗਏ ਅਨੁਵਾਦ ਅਤੇ
ਪੰਜਾਬੀ ਲਈ ਕੀਤੇ ਖਾਸ ਜਤਨ ਹਨ:
* ਗਨੋਮ 2.22 ਅਤੇ 2.24 ਰੀਲਿਜ਼ ਪੰਜਾਬੀ ਵਿੱਚ - 100% ਸਫ਼ਲ
* ਕੇਡੀਈ 4.0 ਰੀਲਿਜ਼ - 100% ਸਫ਼ਲ
* ਫਾਇਰਫਾਕਸ 3.0 ਰੀਲਿਜ਼ - 100% ਸਫ਼ਲ
* ਮੋਜ਼ੀਲਾ ਦੀ ਪਾਰਟੀ ਸ਼ਾਮਲ ਹੋਣ ਦਾ ਜਤਨ - ਫੇਲ੍ਹ - ਕੈਨੇਡਾ ਅਮਬੈਸੀ ਨੇ ਵੀਜ਼ਾ ਕੀਤਾ ਰੱਦ
* ਓਪਨ ਆਫਿਸ 3.0 - ਪੰਜਾਬੀ - 50% ਫੇਲ੍ਹ - ਟੈਸਟ ਨਹੀਂ ਹੋ ਸਕੀ, ਅਨੁਵਾਦ ਪੂਰਾ ਸੀ
* ਓਪਨ-ਸੂਸੇ 11.0/11.1 ਰੀਲਿਜ਼ - 11.1 ਡੀਵੀਡੀ ਵਿੱਚ ਪੰਜਾਬੀ ਹੋਈ ਸ਼ਾਮਲ - ਸਭ ਤੋਂ ਵਧੀਆ ਰੀਲਿਜ਼
* ਫੋਡੇਰਾ 9/10 - 10 'ਚ ਕੁਝ ਸੁਧਾਰ ਸੀ, ਪਰ ਹਾਲਤ ਬਹੁਤੀ ਵਧੀਆ ਨਹੀਂ, ਕੇਵਲ ਇੰਪੁੱਟ ਢੰਗ ਨੂੰ ਛੱਡ ਕੇ
* Facebook ਅਨੁਵਾਦ - ਬਹੁਤ ਹੀ ਵਧੀਆ ਕੰਮ ਕੀਤਾ ਅਤੇ ਵਧੀਆ ਨਤੀਜੇ ਰਹੇ
* ਵਲਡ-ਪਰੈੱਸ ਦਾ ਅਨੁਵਾਦ ਚਾਲੂ - ਨਵਾਂ ਬਲੌਗ ਚਾਲੂ ਕੀਤਾ

ਹੋਰਾਂ ਨਿੱਜੀ ਜਤਨਾਂ ਵਿੱਚ:
* Apple MacBook - ਵਰਤੋਂ ਕੀਤੇ 6-7 ਮਹੀਨੇ, ਸਭ ਤੋਂ ਵਧੀਆ ਓਪਰੇਟਿੰਗ ਸਿਸਟਮ - ਸਟੇਬਲ, ਸ਼ਾਨਦਾਰ,
ਪਰ ਮੈਂ ਵਰਤਣ ਦੇ ਯੋਗ ਨਹੀਂ
* ਵਿੰਡੋਜ਼ ਵਿਸਟਾ - ਸ਼ਾਨਦਾਰ, ਵਧੀਆ, ਹਾਰਡਵੇਅਰ ਲਈ ਤਿਆਰ, ਨਵੀਂ ਨਕੋਰ, ਮੈਂ ਬਹੁਤ ਜਚੀ ਅਤੇ ਦੋ ਲੈਪਟਾਪ
ਉੱਤੇ ਵਰਤੋਂ ਕੀਤੀ।
* OneCare ਮਾਈਕਰੋਸਾਫਟ ਵਲੋਂ - ਵਧੀਆ ਸਰਵਿਸ, ਜੇ ਚਾਲੂ ਰੱਖਣ ਅਤੇ ਸੌਖੀ ਵੀ!
* ਡੈੱਲ ਲੈਪਟਾਪ - Vostro - ਸਭ ਤੋਂ ਸਸਤੀ ਅਤੇ ਘਟੀਆ ਸੀਰਿਜ਼, ਵਰਤੋਂ ਦੇ ਯੋਗ, ਪਰ "ਸੁਆਦ" ਨੀਂ ਆਇਆ।
* ਮੋਬਾਇਲ:
N82 ਨੋਕੀਆ - ਸਭ ਤੋਂ ਵਧੀਆ, ਹਰ ਤਰ੍ਹਾਂ ਨਾਲ *****
ਸੋਨੀ ਰਿਕਸਨ -W350 - ਠੀਕ-ਠਾਕ, ਫਲਿੱਪ ਨਾ ਹੁੰਦਾ ਤਾਂ ਕਯਾ ਮੌਜ ਸੀ, ਬਹੁਤ ਹੀ ਪਤਲਾ! ****
-W302 - ਪਤਲਾ ਪਤੰਗ, ਪਰ ਘਟੀਆ ਕੁਆਲਟੀ ਅਤੇ ਭਾਰੀ**
- W750i - ਬਹੁਤ ਵਧੀਆ, ਪਰ ਕੁਝ ਕੁ ਸਮੱਸਿਆ ਸੀ ਸਲਾਇਡ ਕਰਕੇ, ਪਰ ਰੰਗ-ਰੂਪ ਅਤੇ ਫੀਚਰਾਂ ਨਾਲ ਭਰਪੂਰ*****
ਮਟਰੋਲਾ - A1600 - ਨਿਹਾਇਤ ਹੀ ਬੇਕਾਰ, ਘਟੀਆ ਅਤੇ ਕਿਸੇ ਕੰਮ ਦਾ ਨਹੀਂ, ਹਾਂ ਸੱਚ ਮਹਿੰਗਾ ਵੀ!
ਓਵਰ-ਆਲ, ਨੋਕੀਆ ਲਈ ਵਾਪਸੀ ਕੀਤੀ ਹੈ, ਸਾਫਟਵੇਅਰ ਪੱਖੋਂ ਅਤੇ ਟੂਲ ਬਹੁਤ ਹੀ ਵਧੀਆ ਹਨ,
ਜਿਸ ਵਿੱਚ OVI ਸਰਵਿਸ, ਨੈੱਟ ਉੱਤੇ ਕੁਨੈਕਸ਼ਨ ਆਦਿ ਬਹੁਤ ਵਧੀਆ!
* ਕਾਰ - GM Spark - ਬਹੁਤ ਹੀ ਵਧੀਆ, ਸ਼ਾਨਦਾਰ ਗੱਡੀ, ਛੋਟੀ ਜਿਹੀ, ਤਾਕਤਵਰ, ਬੱਸ
* ਤੇਲ - ਸ਼ੈੱਲ ਪੰਪ ਦੀ ਵਰਤੋਂ ਨਾਲ ਪੂਰੀ ਤਰ੍ਹਾਂ ਸੁਖੀ, ਬਹੁਤ ਵਧੀਆ ਸਰਵਿਸ ਪੰਪ ਉੱਤੇ!

ਹੋਰ ਬਹੁਤ ਹੋ ਗਿਆ ਬਾਈ, ਬੱਸ ਹੋਰ ਚੇਤੇ ਨੀਂ ਸੀ ਗੁਜ਼ਰੇ ਸਾਲ ਬਾਰੇ, ਕੁਲ ਮਿਲਾ ਕੇ ਨੌਕਰੀ
ਦੇ ਖਤਰੇ ਤੋਂ ਬਿਨਾਂ ਸਭ ਠੀਕ-ਠਾਕ ਰਿਹਾ...

15 August, 2008

ਆਜ਼ਾਦੀ ਦਿਵਸ ਅਤੇ ਪੰਜਾਬ ਦੀ ਵੰਡ..

ਅੱਜ 15 ਅਗਸਤ ਹੈ, ਜਦੋਂ ਕਿ ਭਾਰਤ ਆਜ਼ਾਦ ਹੋਏ ਨੂੰ 60 ਸਾਲ ਪੂਰੇ ਹੋ ਚੁੱਕੇ ਹਨ।
ਭਾਰਤ ਦੀ ਆਜ਼ਾਦੀ ਵਿੱਚ ਸਭ ਤੋਂ ਵੱਧ ਹਿੱਸਾ ਪਾਉਣ ਵਾਲਿਆਂ ਪੰਜਾਬੀਆਂ ਨੂੰ
ਆਜ਼ਾਦੀ ਦੀ ਕੀਮਤ ਵੀ ਸਭ ਤੋਂ ਵੱਧ ਦੇਣੀ ਪਈ, ਜਦੋਂ ਕਿ ਪੰਜਾਬੀ ਕੌਮ ਨੂੰ
ਭਾਰਤ ਅਤੇ ਪਾਕਿਸਤਾਨ ਨੇ ਵੰਡ ਦਿੱਤਾ, ਪੰਜਾਬ ਦੇ ਪਾਣੀ ਵੰਡ ਦਿੱਤੇ, ਪੰਜ
ਦਰਿਆਵਾਂ ਦੀ ਸਾਂਝ ਖਤਮ ਕਰ ਦਿੱਤੀ, ਸਭਿਆਚਾਰ ਵੰਡ ਦਿੱਤਾ, ਭਾਈਚਾਰਾ
ਵੰਡਿਆ ਗਿਆ, ਉਹ ਪੰਜਾਬ, ਜੋ ਕੁਦਰਤ ਦੀ ਦੇਣ ਸੀ, ਮਨੁੱਖ ਨੇ ਵੰਡ ਦਿੱਤਾ।
ਇਹ ਦਰਦ ਪੰਜਾਬ ਦੇ ਹਿੱਸੇ ਆਇਆ ਹੈ, ਕੁਦਰਤ ਦੀ ਦੇਣ ਨੇ ਹੀ ਇਸ
ਨੂੰ ਮੁੱਢ ਕਦੀਮੋਂ ਦੋਖੀਆਂ ਦੇ ਹੱਥ ਦੇ ਛੱਡਿਆ, ਸਿਕੰਦਰ ਤੋਂ ਤੈਮੂਰ ਲੰਗ,
ਮੰਗੋਲਾਂ ਤੋਂ ਅਫਗਾਨਾਂ ਤੱਕ, ਸਭ ਨੇ ਵੱਢ ਖਾਂਦਾ, ਰਹਿੰਦੀ ਕਸਰ ਅੰਗਰੇਜ਼
ਕੱਢ ਗਏ ਅਤੇ ਪੰਜਾਬ ਨੂੰ ਵਿੱਚੋਂ ਵੱਢ ਗਏ, ਟੁਕੜਿਆਂ 'ਚ ਜਿਉਦਾ ਪੰਜਾਬ
ਅੱਜ ਤੜਪਦੇ ਹਨ, ਅਤੇ ਹੌਲੀ ਹੌਲੀ ਖਤਮ ਕਰ ਰਹੇ ਨੇ ਆਪਸੀ ਸਾਂਝ, ਬੱਸ
ਬੋਲੀ ਹੀ ਰਹਿ ਗਈ ਸਾਂਝੀ, ਖੁਦਾ ਖ਼ੈਰ ਕਰੇ ਅਤੇ ਪੰਜਾਬ ਦੀ ਸਾਂਝ ਨੂੰ, ਜੋ
ਜਿਉਦੀ ਕਰੇ, ਇਸ 14 ਅਤੇ 15 ਅਗਸਤ ਦੇ ਚੱਕਰ 'ਚੋਂ ਕੱਢ ਕੇ

26 July, 2008

ਕੈਨੇਡਾ ਹਾਈ ਕਮਿਸ਼ਨ ਵੀ ਐਨਾ ਹੌਲੀ??

27 ਜੂਨ ਨੂੰ ਭੇਜੇ ਐਪਲੀਕੇਸ਼ਨ ਵਾਸਤੇ ਹਾਲੇ ਤੱਕ ਪਾਸਪੋਰਟ ਨਹੀਂ ਆਇਆਂ
ਅਤੇ ਮੋਜ਼ੀਲਾ ਕਨਫਰੰਸ ਲੰਘ ਗਈ ਹੈ:-(

ਕੈਨੇਡਾ ਹਾਈ ਕਮਿਸ਼ਨ ਐਨਾ ਹੌਲੀ ਕੰਮ ਕਰਦਾ ਕਿ ਇੱਕ ਮਹੀਨੇ ਬਾਅਦ
ਵੀ ਕੰਮ ਨਾ ਹੋਵੇ? ਸ਼ਾਇਦ ਹੌਲੀ ਹੈ, ਪਰ ਇਹ ਉਮੀਦ ਨਹੀਂ ਸੀ।

ਵੈਸੇ ਜੇ ਤੁਹਾਨੂੰ ਕਦੇ ਕੈਨੇਡਾ ਜਾਣ ਦਾ ਮੌਕਾ ਮਿਲੇ ਤਾਂ
ਦਿੱਲੀ ਹਾਈ ਕਮਿਸ਼ਨ ਅਪਲਾਈ
ਕਰਨ ਦੀ ਬਜਾਏ ਵੀ.ਐਫ.ਐਸ ਦੇ ਰਾਹੀ ਅਪਲਾਈ
ਕਰੋ, ਜੋ ਕਿ ਤੁਹਾਡੀ ਐਪਲੀਕੇਸ਼ਨ ਨੂੰ ਇੱਕ ਜਾਂ ਦੋ ਦਿਨਾਂ ਵਿੱਚ ਵਾਪਸ ਭੇਜ ਦਿੰਦੇ ਹਨ।
ਵਾਕਿਆ ਹੀ ਕਾਫ਼ੀ ਤੇਜ਼ ਪਰੋਸੈਸ ਹੈ, ਮੈਂ ਸੋਚਿਆ ਦਿੱਲੀ ਹਾਈ ਕਮਿਸ਼ਨ ਵੀ
ਇੰਝ ਹੀ ਕੰਮ ਕਰਦਾ ਹੋਵੇਗਾ, ਬੱਸ ਹਾਈ ਕਮਿਸ਼ਨ ਵਾਲੇ ਕੋਰੀਅਰ ਲੈ ਲੈਂਦੇ ਹਨ
ਅਤੇ VFS ਵਾਲੇ ਨਹੀਂ ਲੈਂਦੇ, ਸੋਚਿਆ ਸੀ ਕਿ ਐਵੇਂ ਜਾਣ ਉੱਤੇ 2000 ਲੱਗੇਗਾ ਬੰਬੇ,
ਇਸਕਰਕੇ ਕੋਰੀਅਰ ਕਰ ਦਿੱਤਾ, ਪਰ ਉਨ੍ਹਾਂ ਆਹ ਕੰਮ ਕੀਤਾ, ਮਹੀਨੇ 'ਚ ਕੇਸ ਫਾਈਨਲ
ਨੀਂ ਕੀਤਾ, ਕਾਹਣੀ ਤਾਂ ਹੋਰ ਵੀ ਹੈ, ਪਰ ਕਹਿਣ ਦਾ ਕੋਈ ਫਾਇਦਾ ਨੀਂ ਹੈ,

ਬੱਸ ਬਾਈ ਜੇ ਕੇਸ ਲਾਉਣਾ VFS ਸੈਂਟਰ 'ਚ ਹੀ ਅਪਲਾਈ ਕਰੋ, ਇਹੀ ਬੇਨਤੀ ਹੈ!

16 July, 2008

ਇੱਕ ਪਰਾਈਵੇਟ ਕਾਲਜ ਦੀ ਲਾਪਰਵਾਹੀ ਅਤੇ ਬਦਮਾਸ਼ੀ...

ਕਿਰਨ ਦਾ ਇੱਕ ਪੇਪਰ GNM ਨਰਸਿੰਗ ਦਾ ਬਾਕੀ ਸੀ, ਉਸ ਨੇ ਤਿੰਨ ਸਾਲ ਦੀ
ਪੜ੍ਹਾਈ ਸ਼ਾਮ ਲਾਲ ਥਾਪਰ ਨਰਸਿੰਗ ਕਾਲਜ, ਮੋਗਾ ਤੋਂ ਕੀਤੀ ਸੀ, ਇੱਕ ਪੇਪਰ
ਆਪਣੀ ਲਾਪਰਵਾਹੀ ਨਾਲ ਰਹਿ ਸੀ ਅਤੇ ਬਾਅਦ ਵਿੱਚ ਹੁਣ ਦਿੱਤਾ,
ਪਿਛਲੇ ਸਾਲ ਸਤੰਬਰ ਵਿੱਚ ਪੇਪਰ ਲੈਣ ਸਮੇਂ ਵੀ ਕਾਲਜ ਵਾਲਿਆਂ ਨੇ ਬੜਾ
ਬਕਵਾਸ ਕੀਤਾ ਅਤੇ ਲਾਪਰਵਾਹੀ ਤੋਂ ਕੰਮ ਲਿਆ, ਪਰ ਖ਼ੈਰ ਕਿਵੇਂ ਨਾ ਕਿਵੇਂ
ਕਰਕੇ ਪੇਪਰ 'ਚ ਬਿਠਾ ਲਿਆ ਅਤੇ ਮੈਂ ਉਸੇ ਹੀ ਦਿਨ ਚੰਡੀਗੜ੍ਹ ਰੋਲ ਨੰਬਰ
ਲੈਣ ਲਈ ਭੇਜਿਆ, ਨਰਸਿੰਗ ਕੌਂਸਲ ਪੰਜਾਬ (PNRC) ਵਾਲਿਆਂ ਨੇ ਇਸ ਲਈ ਕਾਲਜ ਵਾਲਿਆਂ
ਨੂੰ ਗਾਲ੍ਹਾਂ ਕੱਢੀਆਂ ਅਤੇ ਕਾਲਜ ਵਾਲੇ ਇਸ ਵਾਲੇ ਸਾਨੂੰ ਕੋਸਦੇ ਰਹੇ, ਖ਼ੈਰ
ਉਸ ਸਮੇਂ ਤੱਕ ਮੈਂ ਬਹੁਤ ਇਸ ਮੁੱਦੇ ਬਾਰੇ ਜਾਣਦਾ ਨਹੀਂ ਸਾਂ, ਪਰ ਇਸ ਮਗਰੋਂ
ਰਿਜੇਲਟ ਲੇਟ ਹੋ ਗਿਆ, ਚੰਡੀਗੜ੍ਹ ਵਾਲੇ ਕਹਿਣ ਕਿ ਫਰੀਦਕੋਟ (ਬਾਬਾ
ਫਰੀਦ ਯੂਨੀਵਰਸਿਟੀ
) ਅਤੇ ਉਹ ਕਹਿੰਦੇ ਕਿ ਅਸੈੱਸਮੈਂਟ ਕਾਲਜ ਵਾਲਿਆਂ
ਭੇਜੀ ਹੀ ਨਹੀਂ, ਫੇਰ ਕਾਲਜ ਵਾਲੇ ਦਾ ਉਹੀ ਪੈਸੇ ਖਾਣ ਦਾ ਬਹਾਨਾ ਕਿ
ਅਸੀਂ ਤਾਂ ਕੱਠੀਆਂ ਹੀ ਭੇਜੀਆਂ ਸਨ। ਖ਼ੈਰ 500 ਰੁਪਏ ਲੈਕੇ ਕਾਲਜ
ਵਾਲਿਆਂ ਮਸਲਾ ਸੁਧਾਰਿਆਂ ਅਤੇ 19 ਜੂਨ ਨੂੰ ਰਿਜੇਲਟ ਯੂਨੀਵਰਸਿਟੀ ਤੋਂ ਮਿਲ ਗਿਆ,

ਹੁਣ ਮਾਰਚ 'ਚ ਪੇਪਰ ਦੇਣ ਦਾ ਮੌਕਾ ਤਾਂ ਲੰਘ ਹੀ ਗਿਆ ਸੀ, ਕਿਉਂਕਿ ਰਿਜੇਲਟ ਵਾਸਤੇ
ਕਾਲਜ ਵਾਲਿਆਂ ਨੇ ਭਕਾਈ ਕਰਵਾਈ, ਹੁਣ ਰਿਲੇਜਟ ਮਿਲ ਗਿਆ ਤਾਂ ਸਤੰਬਰ ਦੇ ਪੇਪਰ
ਦੀ ਡੇਟ ਵੀ ਖਤਮ ਹੋ ਰਹੀ ਸੀ ਤਾਂ ਕਾਲਜ ਜਾਣਾ ਹੀ ਸੀ, ਕਾਲਜ ਵਾਲੇ ਕਹਿੰਦੇ ਕਿ ਸਾਡੇ
ਕੋਲ ਰਿਜਲਟ ਹੀ ਨਹੀਂ ਆਇਆਂ, ਚੰਡੀਗੜ੍ਹ ਜਾਓ, ਉੱਥੇ ਗਏ ਤਾਂ ਕਹਿੰਦੇ ਕਿ
ਅਸੀਂ ਡਿਸਪੈਂਚ ਕਰ ਦਿੱਤਾ ਹੈ ਅਤੇ ਆਹ ਡਿਸਪੈਂਚ ਨੰਬਰ ਹੈ, ਕਾਲਜ ਵਾਲਿਆਂ ਨੇ
ਵੇਖਾ ਦਿੱਤਾ ਕਿ ਸਾਨੂੰ ਕੋਈ ਚਿੱਠੀ ਮਿਲੀ ਹੀ ਨਹੀਂ, ਪਰ ਇਹ ਲਿਖ ਕੇ ਦੇਣ ਨੂੰ ਤਿਆਰ ਨਹੀਂ
ਕਿ ਚਿੱਠੀ ਮਿਲੀ ਨਹੀਂ, ਹੁਣ ਤਾਰੀਖ ਲੰਘ ਗਈ ਇਸੇ ਹੀ ਕੰਮ ਵਿੱਚ, ਜਦੋਂ ਅੱਜ ਬਾਜੀ
(ਦਾਦਾ ਜੀ) ਹੋਰੀ ਗਏ ਤਾਂ ਉਹੀ ਗੱਲ਼ ਕਿ ਰਿਜੇਲਟ ਨਹੀਂ ਆਇਆ, ਪਰ ਅਸੀਂ
ਲਿਖ ਕੇ ਨਹੀਂ ਦੇਣਾ, ਆਖਰੀ ਕੀ ਕੀਤਾ ਜਾਵੇ। ਕਾਲਜ ਦੀ ਪ੍ਰਿੰਸੀਪਲ
ਸ੍ਰੀਮਤੀ ਸੁਨੀਤਾ ਨੇ ਹੱਦ ਤਾਂ ਉਦੋਂ ਕਰ ਦਿੱਤੀ, ਜਦੋਂ ਉਸ ਨੇ ਕਿਰਨ ਨੂੰ ਕਿਹਾ ਹੈ
ਕਿ "ਜਾਂ ਤਾਂ ਜੁਆਕ ਜੰਮ ਲਵੋ ਜਾਂ ਪੇਪਰ ਦੇ ਲਵੋ"
ਇਹ ਕਿਸ ਤਰ੍ਹਾਂ ਦੀ ਭਾਸ਼ਾ ਹੈ, ਇਹ ਕੀ ਬੋਲਣ ਦਾ ਢੰਗ ਹੈ, ਤੁਹਾਡੇ ਸਟੂਡੈਂਟ ਹਨ, ਭਾਵੇਂ ਕੱਲ੍ਹ ਦੇ
ਹਨ, ਇਸ ਗੱਲ਼ ਲਈ ਉਨ੍ਹਾਂ ਨੂੰ ਸਾਬਸ਼ ਤਾਂ ਕੀ ਕਹਿਣਾ ਕਿ ਹਾਲੇ ਵੀ ਪੇਪਰ ਦਿੰਦੇ ਹਨ,
ਉਨ੍ਹਾਂ ਨੂੰ ਉਤਸ਼ਾਹਿਤ ਤਾਂ ਕਰਨੀ ਹੈ, ਉਨ੍ਹਾਂ ਦੀ ਮੱਦਦ ਤਾਂ ਕੀ ਕਰਨੀ ਹੈ ਕਿ ਤੁਸੀਂ
ਧੱਕੇ ਕਾਹਤੋਂ ਖਾਂਦੇ ਹਨ, ਅਸੀਂ ਛੇਤੀ ਕੰਮ ਕਰ ਦਿੰਦੇ ਹਾਂ, ਉਲਟਾ ਉਨ੍ਹਾਂ ਨੂੰ ਬੇਇੱਜ਼ਤ ਕੀਤਾ ਜਾਂਦਾ ਹੈ।
ਇਹ ਕਿੰਨੀ ਘਟੀਆਂ ਗੱਲ਼ ਹੈ ਕਿ ਉਹ ਪ੍ਰਿੰਸੀਪਲ ਵੀ ਮਾਂ ਬਣੀ ਹੋਵੇਗੀ ਅਤੇ ਉਸਦੇ ਵੀ
ਬੱਚੇ ਹੋਣਗੇ, ਕੀ ਉਸ ਨੇ ਇੱਕ ਪਲ਼ ਵੀ ਇਹ ਨਾ ਸੋਚਿਆ?
ਕੀ ਬੱਚੇ ਹੋਣ ਤੋਂ ਬਾਅਦ ਬੰਦੇ ਨੂੰ ਪੜ੍ਹਨਾ ਛੱਡ ਦੇਣਾ ਚਾਹੀਦਾ ਹੈ, ਜਾਂ ਬੱਚੇ ਹੋਣੇ ਹੀ ਨਹੀਂ
ਚਾਹੀਦੇ। ਇਹ ਸ਼ਾਇਦ ਸਾਡੀ ਘਟੀਆ ਸੋਚ ਦਾ ਨਤੀਜਾ ਹੈ ਅਤੇ ਪ੍ਰਿੰਸੀਪਲ ਵਰਗੇ
ਅਹੁਦੇ ਉੱਤੇ ਹੋਕੇ ਵੀ ਜਿਸ "ਔਰਤ" ਦੀ ਇਹ ਸੋਚ ਹੋਵੇ, ਉਹ ਬਹੁਤ ਘਟੀਆ
ਘਰ ਜੰਮੀ ਹੋਈ ਧੀ ਹੋਵੇਗੀ।
ਖ਼ੈਰ ਹਾਲੇ ਮਸਲਾ ਹੱਲ਼ ਨਹੀਂ ਹੋਇਆ ਅਤੇ ਕਾਲਜ ਵਲੋਂ ਆਪਣੇ ਸੱਚਮੁੱਚ ਹੀ
ਘਟੀਆ ਕਿਰਦਾਰ ਦਾ ਮੁਜ਼ਾਰਾ ਹਾਲੇ ਵੀ ਜਾਰੀ ਹੈ, ਇੱਕ ਹੋਰ ਕੁੜੀ, ਜੋ ਕਿ
ਕਿਰਨ ਦੀ ਹਮ-ਜਮਾਤਣ ਸੀ, ਦੇ ਦੋ ਸਾਲ ਪੇਪਰ ਨਹੀਂ ਦਿੱਤੇ (ਪਤਾ ਨਹੀਂ ਕਿਸ
ਕਾਰਨ ਕਰਕੇ), ਤਾਂ ਕਾਲਜ ਵਾਲਿਆਂ ਬੜੀ ਬੇਸ਼ਰਮੀ ਨਾਲ 17,000 ਰੁਪਏ ਦੀ
ਮੰਗ ਕੀਤੀ ਗਈ, ਇਹ ਗੱਲ਼ ਤਾਂ ਚੰਡੀਗੜ੍ਹ ਨਰਸਿੰਗ ਕੌਂਸਲ ਜਾ ਕੇ ਪਤਾ ਲੱਗੀ
ਕਿ ਇੰਝ ਦੀ ਕੋਈ ਵੀ ਫੀਸ ਜਾਂ ਚਾਰਜ ਹਨ ਹੀ ਨਹੀਂ।
ਇੱਕ ਸਰਕਾਰੀ ਕਾਲਜ ਦੇ ਭਾਰਤ 'ਚ ਇੰਝ ਦੇ ਬਕਵਾਸ ਕਰਨ (ਅਸਲ
'ਚ ਗੁੰਡਾਗਰਦੀ ਕਰਨ) ਦੀ ਗੱਲ਼ ਤਾਂ ਸਮਝ ਆ ਸਕਦੀ ਹੈ ਕਿ ਉਨ੍ਹਾਂ
ਨੂੰ ਕਾਲਜ ਚੱਲਣ ਜਾਂ ਨਾ-ਚੱਲਣ ਨਾਲ ਕੋਈ ਮਤਲਬ ਨਹੀਂ ਹੈ, ਪਰ
ਇੱਕ ਪ੍ਰਾਈਵੇਟ ਕਾਲਜ ਵਲੋਂ, ਅਤੇ ਉਹ ਵੀ ਮਾਲਤੀ ਥਾਪਰ ਵਰਗੀ
ਹਸਤੀ (ਕਾਂਗਰਸ ਦੇ ਪੰਜਾਬ ਪੱਧਰ ਦੇ ਲੀਡਰਾਂ 'ਚ ਸ਼ਾਮਲ ਹੈ ਮੈਂਡਮ)
ਦੇ ਕਾਲਜ ਵਿੱਚ ਇੰਝ ਦੇ ਪਰਬੰਧ ਦਾ ਹੋਵੇ ਤਾਂ ਲੱਖ ਲਾਹਨਤਾਂ ਨੇ।

ਦੁਕਾਨਦਾਰੀ ਤਾਂ ਚਲਾਉਣੀ ਹੈ, ਜੇ ਤੁਸੀਂ ਇੰਝ ਹੀ ਚਲਾਉਗੇ ਤਾਂ ਤੁਹਾਡੇ
ਸਟੂਡੈਂਟ ਬਾਹਰ ਕਿਸੇ ਨੂੰ ਕੀ ਕਹਿਣਗੇ ਕਿ ਸਾਡੇ ਕਾਲਜ ਵਾਲਿਆਂ ਨੂੰ
ਬੋਲਣ ਦੀ ਵੀ ਤਮੀਜ਼ ਨਹੀਂ?
ਕੀ ਕਰੀਏ, ਪੰਜਾਬ 'ਚ ਬਹੁਤੇ ਪ੍ਰਾਈਵੇਟ ਕਾਲਜਾਂ ਦਾ ਇਹੀ ਹਾਲ ਹੈ,
ਜਦੋਂ ਕਿ ਪ੍ਰਾਈਵੇਟ ਪੈਸੇ ਤਾਂ ਲੁੱਟਦੇ ਹਨ, ਪਰ ਉਨ੍ਹਾਂ ਤੋਂ ਚੰਗੀ ਰਵੱਈਆ
ਰੱਖਣ ਦੀ ਉਮੀਦ ਕੀਤੀ ਜਾਣੀ ਚਾਹੀਦੀ ਹੈ। ਇਹ ਫ਼ਰਕ ਤਾਂ ਮੈਨੂੰ
ਪੂਨੇ ਆ ਕੇ ਪਤਾ ਲੱਗਾ ਹੈ, ਗਾਹਕ ਨੂੰ ਗਾਹਕ ਸਮਝਣਾ ਚਾਹੀਦਾ ਹੈ,
ਜਦੋਂ ਪੈਸੇ ਲੈਣੇ ਹਨ ਤਾਂ ਬੋਲੋ ਤਾਂ ਚੰਗੀ ਤਰ੍ਹਾਂ, ਜੇ ਬੋਲ ਨੀਂ ਸਕਦੇ ਤਾਂ
ਘੱਟੋ-ਘੱਟ ਮਾੜਾ ਤਾਂ ਨਾ ਬੋਲੋ...
ਇਹ ਆਪਣੇ ਲੋਕ ਇਹ ਪੂਨੇ ਤੋਂ ਸਿੱਖਣਗੇ (ਅੰਗਰੇਜ਼ਾਂ ਤੋਂ ਸਿੱਖਣ ਨੂੰ
ਤਾਂ ਗੋਲੀ ਮਾਰੋ) ਜਾਂ ਬਾਹਰੋਂ ਆ ਕੇ ਕੇਵਲ ਗੋਰਿਆਂ ਦੇ ਗੁਣ ਹੀ ਗਾਉਦੇ ਰਹਿਣਗੇ?

Dr.Sham Lal Thapar Nursing School, Moga

08 July, 2008

ਰੈੱਡ ਹੈੱਟ ਵਿੱਚ 4 ਵਰ੍ਹੇ...

ਹਾਂ, ਵਕਤ ਲੰਘਦਿਆਂ ਪਤਾ ਹੀ ਨੀਂ ਲੱਗਦਾ, ਅੱਜ ਚਾਰ ਸਾਲ ਹੋ ਗਏ ਰੈੱਡ ਹੈੱਟ
'ਚ ਕੰਮ ਕਰਦਿਆਂ। ਮੇਰੇ ਲਈ ਬੜੇ ਮਾਣ ਵਾਲੀ ਗੱਲ਼ ਹੈ ਕਿ ਚਾਰ ਸਾਲ ਲਗਾਤਾਰ
ਇੱਕ ਹੀ ਕੰਪਨੀ ਵਿੱਚ ਰਿਹਾ ਅਤੇ ਹਾਲੇ ਵੀ ਹਾਂ। ਇਹਨਾਂ ਚਾਰ ਸਾਲਾਂ ਵਿੱਚ
ਜਿੰਦਗੀ ਕਿੰਨੀਆਂ ਮੰਜ਼ਲਾਂ ਸਰ ਕਰ ਗਈ ਅਤੇ ਕਿੰਨਾ ਕੁਝ ਸਿੱਖਿਆ, ਜੋ
ਆਉਣ ਵਾਲੇ ਸਫ਼ਰ ਲਈ ਮੀਲ ਪੱਥਰ ਸਾਬਤ ਹੋਏ ਅਤੇ ਹੋਣਗੇ।

ਚਾਰ ਸਾਲ ਪਹਿਲਾਂ, 8 ਜੁਲਾਈ ਨੂੰ ਪੂਨੇ ਜੁਆਇੰਨ ਕੀਤਾ ਸੀ, ਜਦੋਂ ਕਿ ਰੈੱਡ ਹੈੱਟ
ਦਾ ਆਪਣਾ ਦਫ਼ਤਰ ਵੀ ਨਹੀਂ ਸੀ ਹੁੰਦਾ, ਉਦੋਂ ਕੇਵਲ ਹੋਰ ਕੰਪਨੀ ਦੇ ਦਫ਼ਤਰ 'ਚ
ਬੈਠਦੇ ਸਾਂ, ਪੰਜ ਭਾਸ਼ਾਵਾਂ ਦੇ ਟਰਾਂਸਲੇਟਰ ਸਨ ਅਤੇ ਸਾਡੀ ਮੈਨੇਜਰ ਸਾਰਾ ਵੈਂਗ
ਰਿਮੋਟ (ਬਰਿਸਬੇਨ) ਹੁੰਦੀ ਸੀ, ਉਹ ਸਾਨੂੰ ਮਿਲਣ, ਟਰੇਨਿੰਗ ਦੇਣ ਲਈ ਆਈ
ਹੋਈ ਸੀ।

ਸਵੇਰੇ ਦਿੱਲੀਓ 7 ਵਜੇ ਫਲਾਈਟ ਸੀ ਸਹਾਰਾ ਦੀ, ਰਾਤੀਂ ਦਿੱਲੀ ਮਾਮਾ ਜੀ ਅਤੇ
ਦੋਸਤ ਨਰਿੰਦਰਪਾਲ ਸਿੰਘ ਨਾਲ ਆਇਆ ਹੋਇਆ ਸੀ। ਏਅਰਪੋਰਟ ਤੋਂ ਟੈਕਸੀ
ਉੱਤੇ ਹੋਟਲ, ਨਹਾ ਧੋ ਕੇ, ਤਿਆਰ ਹੋ ਕੇ ਦਫ਼ਤਰ ਗਿਆਰਾਂ ਵਜੇ ਅੱਪੜ੍ਹਿਆ।
ਸਾਰਾ ਹਾਲੇ ਆਈ ਨਹੀਂ ਸੀ, ਪਰ ਛੇਤੀ ਹੀ ਹੋਰ ਕਈ ਜਾਣੇ ਆ ਗਏ।
ਪਹਿਲਾਂ ਦਿਨ ਤਾਂ ਖਾਣ-ਪੀਣ, ਜਾਣ ਪਛਾਣ ਕਰਨ ਨਾਲ ਲੰਘ ਗਿਆ।
ਕਿਸੇ ਨੂੰ ਵੀ ਨਹੀਂ ਜਾਣਦਾ ਇੱਥੇ, ਕੇਵਲ ਸਾਰਾ ਨੂੰ ਹੀ ਮਿਲਿਆ ਸਾਂ।
ਖ਼ੈਰ ਹੁਣ ਰੈੱਡ ਹੈੱਟ ਦਾ ਆਪਣਾ ਦਫ਼ਤਰ ਹੈ, ਜਿੱਥੇ ਸੌ ਤੱਕ ਬੰਦੇ ਕੰਮ ਕਰਦੇ ਹਨ,
ਜਿੱਥੇ ਹੁਣ ਕਈਆਂ ਨੂੰ ਤਾਂ ਜਾਣਦੇ ਵੀ ਨਹੀਂ ਹਾਂ:-)
ਮੈਂ ਵੀ ਹੁਣ ਟਰਾਂਸਲੇਟਰ ਤੋਂ ਕੁਆਲਟੀ ਇੰਜੀਨੀਅਰ ਬਣ ਗਿਆ, ਤਨਖਾਹ ਚਾਰਾਂ ਸਾਲਾਂ
ਵਿੱਚ ਦੁਗਣੀ ਹੋ ਗਈ, ਵਿਆਹ ਹੋ ਗਿਆ, ਬੱਚੇ ਹੋ ਗਏ, ਜਿੰਦਗੀ ਦਾ ਇੱਕ ਹਿੱਸਾ
ਬਣ ਗਿਆ ਪੂਨਾ ਅਤੇ ਚਾਰ ਸਾਲਾਂ ਇੱਥੇ ਹੋ ਗਏ, ਵਕਤ ਬਹੁਤ ਛੇਤੀ ਲੰਘ ਗਿਆ,
ਸ਼ਾਇਦ ਵਕਤ ਦੀ ਚਾਲ ਤਾਂ ਉਹੀ ਰਹਿੰਦੀ ਹੈ, ਮਹਿਬੂਬ ਮਿਲਣ ਦੇ ਬਾਅਦ ਵਕਤ
ਗੁਜ਼ਰਨ ਵਾਂਗ ਇਹ ਗੁਜ਼ਰ ਗਿਆ ਪਲ਼ਾਂ 'ਚ ਹੀ।

ਗੁਜ਼ਰੇ ਵੇਲੇ ਨੂੰ ਯਾਦ ਕਰਨ ਦਾ ਕੀ ਫਾਇਦਾ ਸੁਣਦੇ ਹਾਂ, ਪਰ ਛੱਡੀ ਨੀਂ ਜਾਂਦੀ ਤਨ ਉੱਤੇ ਹੰਢਾਏ ਵਕਤ ਦੇ ਪਹਿਚਾਨ
ਆਉਣ ਵਾਲੇ ਦੀ ਪਛਾਣ, ਜੁਬਾਨ, ਸਭ ਗੁਜ਼ਰੇ ਦੀ ਨਿਸ਼ਾਨੀ ਏ, ਅੱਜ, ਭਲਕ ਉੱਤੇ ਦਿੱਸਦੇ ਨੇ ਮੇਰੇ ਗੁਜ਼ਰੇ ਦੇ ਨਿਸ਼ਾਨ

28 May, 2008

"ਰੱਬਾਂ" ਵਿੱਚ ਘਿਰਿਆ ਮੈਂ

ਹਾਂ, ਕੁਝ ਅਜਿਹੀ ਹੀ ਸਥਿਤੀ ਜਾਪੀ, ਜਦੋਂ ਰੱਬ ਸ਼ਬਦਾਂ ਦਾ ਵਿਸ਼ਲੇਸ਼ਣ
ਚੰਗੀ ਤਰ੍ਹਾਂ ਕੀਤਾ, ਆਮ ਦਿਨਾਂ ਵਾਂਗਰ ਹੀ ਗੱਲਾਂ ਚੱਲ ਰਹੀਆਂ ਸਨ ਕਿ
ਗੱਲ ਚੱਲੀ "ਬੱਚੇ ਤਾਂ ਰੱਬ ਦਾ ਰੂਪ ਹੁੰਦੇ ਹਨ" ਹਾਂ ਬਿਲਕੁੱਲ ਠੀਕ,
ਬਿਲਕੁੱਲ ਰੱਬ ਦਾ ਰੂਪ!!

ਤੇ ਮਾਂ? "ਮਾਂ ਰੱਬ ਦਾ ਦੂਜਾ ਰੂਪ ਹੈ" ਵਾਹ ਆਹ ਕੀ ਬਣਿਆ ਵਈ?
ਹਾਂ ਮਾਂ ਰੱਬ ਦਾ ਦੂਜਾ ਰੂਪ, ਦੂਜਾ ਦਰਜਾ ਮਾਂ ਦਾ ਹੈ!

ਮੇਰੇ ਕੋਲ ਤਾਂ ਦੋਵੇਂ ਹੀ ਹਨ ਫੇਰ, ਬੱਚਾ ਅਤੇ ਮਾਂ ਦੋਵੇਂ ਇੱਕਠੇ!
ਹੋ ਗਏ ਨਾ ਦੋ ਰੱਬ ਮੇਰੇ ਕੋਲ:-)

ਹੁਣ ਇੱਕ ਰੱਬ ਦਾ ਰੂਪ ਹੈ ਅਤੇ ਦੂਜਾ ਰੱਬ ਦਾ ਦੂਜਾ ਰੂਪ!
ਕਿੰਨਾ ਵਧੀਆ ਹੈ ਨਾ, ਘਰ ਬਣ ਗਿਆ ਸੁਰਗ ਦਾ ਝੂਟਾ!
ਬਿਲਕੁਲ ਇੰਝ ਘਰੇ ਆਉਣ ਦਾ ਚਾਅ ਚੜ੍ਹਿਆ ਰਹਿੰਦਾ ਹੈ
ਅਤੇ ਸਭ ਨੂੰ ਇੰਝ ਹੀ ਹੁੰਦਾ ਹੈ, ਵਿਆਹ ਅਤੇ ਬੱਚੇ ਹੋਣ
ਤੋਂ ਬਾਅਦ ਸੁਰਗ ਘਰ ਤਾਂ ਹੀ ਬਣ ਜਾਂਦਾ ਹੈ, ਇਹ
ਗੱਲ ਹੁਣ ਸਮਝ 'ਚ ਆ ਰਹੀ ਹੈ!

ਕਦੇ ਕਦੇ ਰੱਬਾਂ 'ਚ ਘਿਰੇ ਨੂੰ ਇਹ ਸਮਝ ਨਹੀਂ ਆਉਦੀ ਹੈ ਕਿ
ਮੈਂ ਬਣਦਾ ਸਤਿਕਾਰ ਇਨ੍ਹਾਂ ਦਾ ਕਰ ਵੀ ਸਕਦਾ ਹਾਂ ਕਿ ਨਹੀਂ???
ਹੁਣ ਮੰਦਰ,ਮਸੀਤ,ਗੁਰਦੁਆਰੇ 'ਚ ਜਾਣ ਕੇ ਲੱਭਣ ਦੀ ਲੋੜ
ਨੀਂ, ਪਰ ਘਰ ਅਤੇ ਦਿਲ ਉਨ੍ਹਾਂ ਪਾਕ, ਪਵਿੱਤਰ ਕਰਨਾ ਪਵੇਗਾ,
ਰੱਬਾ ਮੇਹਰ ਕਰੀਂ! ਨਹੀਂ ਸੱਚ ਰੱਬੋ ਮੇਹਰ ਕਰਿਓ!!

16 January, 2008

ਤੈਨੂੰ ਕਿੱਦਾਂ ਮੈਂ ਆਖਾਂ ਅਲਵਿਦਾ ਜਿਓਣ ਜੋਗਿਆ...

ਅੱਜ ਅਲਵਿਦਾ ਕਹਿ ਦਿੱਤਾ ਆਪਣੇ ਨੂੰ, ਵਿਦਾ ਕਰ ਦਿੱਤਾ
ਆਪਣੇ ਘਰ ਤੋਂ, ਘਰ ਦੇ ਅੱਗਿਓ ਖਾਲੀ ਖਾਲੀ ਵੇਹੜਾ
ਮੇਰੇ ਸੀਨੇ ਵਿੱਚ ਖਾਲੀ ਹੋਏ ਥਾਂ ਨੂੰ ਵੇਖਾਉਦਾ ਸੀ ਅਤੇ
ਰੋਂਦਾ ਦਿਲ ਸ਼ਾਇਦ ਅੱਖਾਂ ਦੇ ਹੰਝੂ ਨੂੰ ਓਹਲੇ ਕਰਦਾ ਸੀ।
ਹਾਂ ਅੱਜ ਤੁਰ ਗਿਆ ਮੇਰਾ ਇੱਕ ਬੇਲੀ, ਇੱਕ ਪਿਆਰ,
ਇੱਕ ਸ਼ੌਕ, ਅੱਜ ਰਹਿ ਗਿਆ ਉਸ ਰਾਹ ਉੱਤੇ ਮੈਂ ਕੱਲਾ
ਜਿੱਥੇ ਅਸੀਂ ਦੋਵੇਂ ਚੱਲਦੇ ਸਾਂ, ਜਿੱਥੇ ਉਸ ਨੇ ਹਰ ਪਲ
ਨੂੰ ਹੁਲਾਰਾ ਦਿੱਤਾ, ਸਾਹਰਾ ਬਣਿਆ, ਜਿੱਥੇ ਉਸ ਨੇ
ਕਦੇ ਮੈਨੂੰ ਡੋਲਣ ਨਾ ਦਿੱਤਾ, ਜਿੱਥੇ ਉਸ ਦੇ ਬਿਨਾਂ
ਮੈਨੂੰ ਕੋਈ ਲਿਜਾ ਨਾ ਸਕਿਆ।
ਅੱਜ ਸਾਂਝ ਦਿਲਾਂ ਦੀ ਟੁੱਟ ਗਈ,
ਮੇਰੀ ਮਹਿਬੂਬ ਮੇਰੇ ਨਾਲ ਰੁੱਠ ਗਈ,
ਤੁਰ ਗਈ ਹੋਰ ਬਿਗਾਨੇ ਨਾਲ,
ਕਹਿ ਗਈ ਤਾਹਨੇ ਨਾਲ
"ਅਲਵਿਦਾ ਸੱਜਣਾ ਤੈਨੂੰ ਰੱਬ ਖੁਸ਼ ਰੱਖੇ,
ਸਭ ਵੱਲ ਤੱਕੇ, ਪਰ ਮੁੜ ਮੈਨੂੰ ਨਾ ਤੱਕੇ,
ਮੈਂ ਰੋਵਾਂ ਯਾਦ ਭਾਵੇਂ ਵਿੱਚ ਰੋਜ਼ ਵੇ ਸੱਜਣਾ,
ਵਿਛੜ ਗਏ ਨੂੰ ਝੋਵਾਂ ਰੋਜ਼ ਵੇ ਸੱਜਣਾ,
ਤੜਕੇ ਉੱਠ ਕਿਸੇ ਨੇ ਰਾਣੀ ਕਹਿ ਬਲਾਉਣਾ ਨੀਂ,
ਮਾਣ ਮੇਰਾ, ਪਿਆਰ ਮੇਰਾ ਕਹਿ ਕਿਸੇ ਬਲਾਉਣਾ ਨੀਂ,
ਵਿਛੜ ਗਿਆ ਦੀਆਂ ਗੱਲਾਂ ਕਰਦਾ ਜੱਗ ਦਿਨ ਚਾਰ,
ਮਿਲਦਿਆਂ ਦੇ ਮੇਲੇ, ਦਿਲ ਮਿਲਿਆਂ ਦੀ ਬਹਾਰ,
ਕਿਸੇ ਗ਼ੈਰ ਦੇ ਹੱਥੀਂ ਮੈਨੂੰ ਤੇਰਾ ਪਿਆਰ ਮਿਲ ਨਾ ਸਕੇ ਕਦੇ
ਮੈਨੂੰ ਤੇਰੀ ਮਜਬੂਰੀ ਪਤਾ, ਚਾਹੇ ਦਿਲ ਤੇਰਾ ਕਹਿ ਨਾ ਸਕੇ ਕਦੇ
ਬਸ ਸੱਜਣਾ ਅੱਜ ਮੇਰੇ ਵਲੋਂ ਤੈਨੂੰ ਅਲਵਿਦਾ
ਅਲਵਿਦਾ ਅਲਵਿਦਾ ਸੱਜਣਾ ਵੇ ਅਲਵਿਦਾ"

ਮੇਰੇ ਮੁਰਝਾਏ ਚਿਹਰੇ ਉੱਤੇ ਆਖਰੀ ਖੁਸ਼ੀ ਸਵੇਰ ਹੁੰਦਿਆਂ ਗੁਆਚ
ਗਈ, ਘਰੋਂ ਨਿਕਲ ਵੇਲੇ ਤਾਂ ਯਾਦ ਨਾ ਰਿਹਾ, ਪਰ ਜਦੋਂ ਕਿਸੇ
ਹਵਾਲੇ ਕੀਤਾ ਉਸ ਨੂੰ ਤਾਂ ਮੇਰਾ ਹੱਥ ਕੰਬ ਗਿਆ, ਮੇਰੇ ਬੋਲ ਕੰਬ
ਗਏ, ਮੈਨੂੰ ਅਹਿਸਾਸ ਹੋਇਆ ਕਿ ਕਿਵੇਂ ਮੇਰੇ ਬੁੱਲਾਂ ਦੇ ਲਫ਼ਜ਼ ਮੇਰੇ
ਦਿਮਾਗ ਅਤੇ ਦਿਲ ਕੋਲੋਂ ਪਾਣੀ ਬਿਨਾਂ ਝੋਨੇ ਦੇ ਖੇਤ ਵਾਂਗ ਖਿਲਰੇ
ਹੋਏ ਸਨ, ਬੱਸ ਰਸਮੀ ਜੇਹੀ ਕਾਰਵਾਈ ਕਰਕੇ ਮੈਂ ਘਰ ਅੰਦਰ ਨੂੰ
ਮੂੰਹ ਭੁਵਾ ਲਿਆ। ਮੁੜ ਕੇ ਵੇਖਣ ਦਾ ਹੌਸਲਾ ਮੈਂ ਕਰ ਨਾ ਸਕਿਆ,
(ਸ਼ਾਇਦ ਜੇ ਕਰ ਲੈਂਦਾ ਤਾਂ ਮੈਂ ਅੱਖਾਂ 'ਚੋਂ ਹੰਝੂ ਰੋਕ ਨਾ ਸਕਦਾ
ਅਤੇ ਖੌਰੇ ਮੈਂ ਉਸ ਨੂੰ ਜਾਣ ਹੀ ਨਾ ਦਿੰਦਾ, ਹੁਣ ਤੱਕ ਮੇਰੀ ਦਿਲੀਂ
ਚਾਅ ਹੈ ਕਿ ਹੇ ਰੱਬਾ ਕਿਤੇ ਸਭ ਵਾਅਦੇ ਖਤਮ ਹੋ ਜਾਣ, ਸਭ
ਜੁਬਾਨਾਂ ਫਨਾ ਹੋ ਜਾਣ ਅਤੇ ਮੈਨੂੰ ਮੇਰੀ ਮਹਿਬੂਬ ਮਿਲ ਜਾਵੇ, ਬੱਸ
ਇੱਕ ਵਾਰ ਮੈਨੂੰ ਮੇਰੀ ਗਲਤੀ ਮੁਆਫ਼ ਕਰ, ਮੇਰੀ ਜੁਬਾਨ 'ਚੋਂ ਨਿਕਲੇ
ਲਫ਼ਜ਼ ਮੁਆਫ਼ ਦੇ, ਪਰ ਨਹੀਂ ਹੋਇਆ:-( )। ਮੇਰੇ ਬੁੱਲ ਹੁਣ ਇਸ
ਅਹਿਸਾਸ ਵਿੱਚ ਚੁੱਪ ਸਨ ਅਤੇ ਲਫ਼ਜ ਸਾਰਾ ਦਿਨਾ ਕੇਵਲ ਇਹੀ ਰਹਿ ਗਿਆ
"ਤੈਨੂੰ ਕਿੱਦਾਂ ਆਖਾਂ ਮੈਂ ਅਲਵਿਦਾ, ਜਿਉਣ ਜੋਗੀਆਂ ਤੇਰੇ ਬਿਨ ਦਿਲ ਕਦੇ ਲੱਗਣਾ ਨਹੀਂ..."

05 December, 2007

ਬਲੌਗ ਦਾ ਨਵਾਂ ਰੰਗ ਰੂਪ

ਪੰਜਾਬੀ ਬਲੌਗ ਨੂੰ ਕੁਝ ਨਵਾਂ ਰੂਪ ਦੇਣ ਦੀ ਕੋਸ਼ਿਸ਼
ਕੀਤੀ ਹੈ, ਜਿਸ ਮੁਤਾਬਕ, ਵੀਡਿਓ ਹਟਾ ਦਿੱਤੀ ਹੈ ਅਤੇ
ਸਲਾਇਡ ਸ਼ੋ ਦਿੱਤਾ ਹੈ। ਰੰਗ ਰੂਪ ਸਧਾਰਨ ਕਰ ਦਿੱਤੇ
ਗਏ ਹਨ ਤਾਂ ਕਿ ਭਾਰਤ 'ਚ ਪੜ੍ਹਨ ਲਈ ਸਮੱਸਿਆ ਨਾ ਹੋਵੇ।
(ਮੈਨੂੰ ਘਰੇ ਖੁਦ ਖੋਲ੍ਹਣ 'ਚ ਸਮੱਸਿਆ ਆਉਦੀ ਹੈ, ਹੌਲੀ ਸਪੀਡ
ਕਰਕੇ ਬਹੁਤ ਟੈਮ ਲਾ ਦਿੰਦਾ ਹੈ।)

ਖ਼ੈਰ ਤੁਹਾਡੇ ਵਿਚਾਰ ਕੀ ਹੈ, ਦੱਸਣ ਦੀ ਖੇਚਲ ਕਰਨੀ!!

24 October, 2007

ਇਹ ਵੀ ਆਨਲਾਈਨ ਹੀ ਹੋ ਗਿਆ...

ਪਿਛਲੇ ਹਫ਼ਤੇ ਮੋਟਰ-ਸਾਇਕਲ ਦਾ ਇਨਸਰਿਊਰੈਂਸ ਖਤਮ ਗਿਆ ਸੀ,
ਇੱਕ ਦਫ਼ਤਰ ਗਏ ਤਾਂ ਕਹਿੰਦੇ ਜੀ, ਸਾਡੇ ਦੂਜੇ ਦਫ਼ਤਰ ਜਾਣਾ ਪਾਉਗਾ,
(ਜੋ ਕਿ 20 ਕਿਲੋਮੀਟਰ ਦੂਰ ਸੀ), ਫੇਰ ਗਏ ਨਹੀਂ ਕਿਉਂਕਿ ਆਥਣ
ਤਾਂ ਅੱਗੇ ਹੋ ਗਿਆ ਸੀ ਅਤੇ ਉੱਥੇ ਕਿਸ ਨੇ ਮਿਲਣਾ ਸੀ, ਖ਼ੈਰ
ਬਾਕੀ ਦਿਨ ਦੇ ਟਾਈਮ ਤਾਂ ਜਾ ਨਹੀਂ ਸਕਦੇ ਹਾਂ, ਜੇ ਆਥਣੇ ਜਾਂਦੇ
ਤਾਂ ਸਭ ਘਰ ਨੂੰ ਚਲੇ ਜਾਂਦੇ ਹਨ।

ਕੱਲ੍ਹ ਆਖਰ ਸੋਚਿਆ ਆਨਲਾਈਨ ਦਫ਼ਤਰ ਦੇ ਨੇੜੇ ਲੱਭੀਏ ਕੰਪਨੀ,
ਸਭ ਤੋਂ ਪਹਿਲਾਂ ਆਈਸੀਆਈਸੀਆਈ (ICICI) ਨਾਲ ਹੀ ਸ਼ੁਰੂ
ਕੀਤਾ ਅਤੇ ਉਨ੍ਹਾਂ ਤਾਂ ਆਨਲਾਈਨ ਦਿੱਤਾ ਹੋਇਆ ਸੀ ਫਾਰਮ ਭਰਨ
ਲਈ, ਸੋਚਿਆ ਚਲੋਂ ਫਾਰਮ ਭਰ ਕੇ ਵੇਖੀਏ ਕਿ ਕਿੰਨੇ ਕੁ ਪੈਸੇ ਦੇਣੇ
ਪੈਣੇ ਹਨ, ਅਤੇ ਅੱਗੇ ਤੁਰਦਿਆਂ ਤੁਰਦਿਆਂ ਉਨ੍ਹਾਂ ਨੇ ਸਾਰੀ ਮੋਟਰ-ਸਾਈਕਲ
ਦਾ ਵੇਰਵਾ ਲੈ ਲਿਆ ਅਤੇ ਕਿਸ਼ਤ ਵੀ ਬਣਾ ਦਿੱਤੀ, ਜਦੋਂ ਕਰੈਡਿਟ ਕਾਰਡ
ਪੁੱਛਿਆ ਤਾਂ ਸਮਝ ਗਿਆ ਬਾਈ ਹੁਣ ਗੱਲ਼ ਬਣ ਗਈ ਅਤੇ ਆਨਲਾਈਨ
10 ਮਿੰਟ ਵਿੱਚ ਪਰਿੰਟ ਮੇਰੇ ਹੱਥ 'ਚ ਆ ਗਿਆ, ਗੱਡੀ ਹੋ ਗਈ ਫੇਰ ਤਿਆਰ।
ਆਨਲਾਈਨ ਹੋਣ ਨਾਲ ਕਿੰਨੀ ਸੌਖ ਹੋ ਗਈ ਕਿ ਕਿਤੇ ਜਾਣ ਨਾ ਪਿਆ,
ਕਿਤੇ ਬਾਬੂਆਂ ਨੂੰ ਪੁੱਛਣਾ ਨਾ ਪਿਆ, ਕਿਤੇ ਟਾਈਪ ਖਰਾਬ ਨਾ ਕਰਨਾ ਪਿਆ
ਨਾ ਏਧਰ, ਨਾ ਓਧਰ।
ਹਾਂ ਹੁਣ ਭਾਰਤ "ਬੁਰੀ ਤਰ੍ਹਾਂ" ਆਨਲਾਈਨ ਹੋ ਗਿਆ ਹੈ, ਪਰ ਸਰਕਾਰੀ ਸੈਕਟਰ
ਹਾਲੇ ਡਰਦਾ ਜੇਹਾ ਹੈ, ਪਰ ਜੇ ਚੱਲਦੇ ਰਹਿਣਾ ਹੈ ਤਾਂ ਉਨ੍ਹਾਂ ਨੂੰ ਵੀ ਹੋਣਾ ਹੀ ਪਵੇਗਾ

26 September, 2007

ਦੁਖੀ ਹਿਰਦੇ - ਪਰੇਮ ਕੁਮਾਰ ਜੀ ਗਰਗ ਸੁਰਗਵਾਸ

ਕੱਲ੍ਹ ਇੱਕ ਦਿਲ ਦਹਲਾਉਣ ਵਾਲੀ ਖ਼ਬਰ ਮਿਲੀ ਕੀ ਸ੍ਰੀ ਪਰੇਮ ਕੁਮਾਰ
ਜੀ ਗਰਗ ਹੋਰੀਂ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਮੈਨੂੰ ਸੁਣ
ਕੇ ਯਕੀਨੀ ਨਹੀਂ ਹੋਇਆ।
ਸ੍ਰੀ ਪਰੇਮ ਕੁਮਾਰ ਦੀ ਗਰਗ, ਜਿੰਨ੍ਹਾਂ ਕੋਲ ਮੈਂ ਲਗਭਗ 3 ਕੁ ਸਾਲ
ਗਣਿਤ ਪੜ੍ਹਿਆ (+1,+2, CET), ਬਹੁਤ ਹੀ ਮਾਹਰ ਅਤੇ
ਆਪਣੇ ਕੰਮ ਨੂੰ ਸਮਰਪਿਤ ਵਿਅਕਤੀ ਸਨ। ਉਨ੍ਹਾਂ ਦੀ ਮੇਹਨਤ
ਅਤੇ ਵਿਦਿਅਕ ਯੋਗਤਾ ਆਪਣੇ ਆਪ ਵਿੱਚ ਮਿਸਾਲ ਸਨ।
ਇਹ ਮੇਰੇ ਦੂਜੇ ਅਧਿਆਪਕ ਸਹਿਬਾਨ ਨੇ, ਜੋ ਵਿਛੋੜਾ ਦੇ ਗਏ,
ਜਿੰਨ੍ਹਾਂ ਦੇ ਵਿਛੜਿਆਂ ਮੈਨੂੰ ਮਹਿਸੂਸ ਹੋਇਆ ਕਿ ਮੇਰਾ ਆਪਣਾ
ਤੁਰ ਗਿਆ ਕੋਈ (ਪਹਿਲੇਂ ਕੁਸਮ ਭੈਣ ਜੀ ਸਨ, ਜੋ ਪਿਛਲੇ
ਵਰ੍ਹੇ ਚੱਲ ਵਸੇ ਸਨ)। ਮੇਰੀ ਜ਼ਿੰਦਗੀ ਵਿੱਚ ਗਰਗ ਸਾਹਬ
(ਜੋ ਅਸੀਂ ਵਿਦਿਆਰਥੀ ਪਿਆਰ ਅਤੇ ਸਤਿਕਾਰ ਨਾਲ ਕਹਿੰਦੇ ਸਾਂ)
ਦਾ ਅਹਿਮ ਯੋਗਦਾਨ ਹੈ, +1, +2 ਦੇ ਦੌਰਾਨ ਅਤੇ ਬਾਅਦ ਵਿੱਚ
CET ਲਈ ਗਣਿਤ ਤੋਂ ਇਲਾਵਾ ਫਿਜ਼ਕਸ ਅਤੇ ਕੈਮਸਟਰੀ ਦੀ
ਤਿਆਰੀ ਆਪਣੇ ਘਰ ਬੁਲ ਕੇ ਆਪਣੇ ਬੱਚਿਆਂ ਨਾਲ ਕਰਵਾਉਦੇ ਰਹੇ।
ਉਨ੍ਹਾਂ ਦੀ ਮੇਹਨਤ ਨੇ ਮੈਨੂੰ ਅੱਜ ਇਸ ਮੁਕਾਮ ਉੱਤੇ ਪੁੱਜਣ ਲਈ
ਮੱਦਦ ਕੀਤੀ ਹੈ। ਉਨ੍ਹਾਂ ਦੀ ਬੇਵਕਤੀ ਮੌਤ ਉੱਤੇ ਭਾਰੀ ਸਦਮਾ ਹੈ।
ਰੱਬ ਵਿਛੜੀ ਆਤਮਾ ਨੂੰ ਸ਼ਾਂਤੀ ਬਖਸ਼ੇ!
ਉਨ੍ਹਾਂ ਨੂੰ ਮੇਰੇ ਵਲੋਂ ਪਿਆਰ ਅਤੇ ਸਤਿਕਾਰ ਨਾਲ ਦਿਲੀ ਸਰਧਾਂਜਲੀ!!!
ਆਮੀਨ

12 August, 2007

ਬਾਹਰਲੇ ਮੁਲਕ ਜਾਈਏ ਕਿ ਨਾ...

ਕੁਝ ਦਿਨਾਂ ਬਾਅਦ, ਕੁਝ ਕਾਰਨਾਂ ਕਰਕੇ ਹਰ ਵਾਰ ਇਹੀ
ਸਵਾਲ ਮੁੜ ਮੁੜ ਸਾਹਮਣੇ ਆਉਦਾ ਰਹਿੰਦਾ ਹੈ ਕਿ ਇੱਥੇ
ਰਹੀਏ ਕਿ ਬਾਹਰਲੇ ਮੁਲਕ ਜਾਈਏ। ਪਤਾ ਨੀਂ ਕਿਉਂ
ਇਹ ਸਵਾਲ ਖਤਮ ਨਹੀਂ ਹੋ ਜਾਂਦਾ, ਪਤਾ ਨੀਂ ਇਹ ਭਟਕਣ
ਖਤਮ ਕਿਉਂ ਨਹੀਂ ਹੁੰਦੀ, ਹਰ ਵਾਰ ਮਹੀਨੇ ਦੋ ਮਹੀਨੇ
ਫੇਰ ਸਾਹਮਣੇ ਆਉਦਾ ਹੈ।
ਹੁਣ ਕੁਝ ਘਰੇਲੂ ਕਾਰਨਾਂ ਕਰਕੇ ਬਾਹਰ ਜਾਣ ਦਾ ਮੂਡ
ਬਣ ਗਿਆ ਹੈ। ਹੁਣ ਪੂਨੇ ਬੈਠੇ ਵੀ ਘਰੋਂ ਤਾਂ ਦੂਰ ਹਾਂ,
ਨਾ ਤਾਂ ਇੰਨਾ ਦੂਰ ਹਾਂ ਕਿ ਘਰ ਜਾ ਹੀ ਨਹੀਂ ਸਕਦੇ
ਅਤੇ ਨਾ ਹੀ ਇੰਨਾ ਨੇੜੇ ਕਿ ਹਰ ਹਫ਼ਤੇ ਨਹੀਂ ਤਾਂ ਹਰੇਕ
ਮਹੀਨੇ ਜਾ ਸਕੀਏ।
*ਬਾਹਰ ਜਾਣ ਨਾਲ ਕੁਝ ਪੈਸੇ ਕਮਾਏ ਜਾਣਗੇ
*ਕੁਝ ਜਵਾਕਾਂ ਦਾ ਭਵਿੱਖ ਬਣੇਗਾ,
*ਕੁਝ ਘਰ ਦੀ ਹਾਲਤ ਸਾਵੀਂ ਹੋ ਜਾਵੇਗੀ (ਹੁਣ ਮਾੜੀ ਨਹੀਂ ਹੈ, ਪਰ ਮੈਂ
ਸਹਾਰਾ ਨਹੀਂ ਬਣ ਸਕਿਆ ਹਾਲੇ ਤੱਕ ਘਰਦਿਆਂ ਦਾ)।
*ਕੁਝ ਤਕਨੀਕੀ ਮਾਹਰ ਬਣ ਜਾਵੇਗੇ
* ਕੁਝ ਜ਼ਿੰਦਗੀ ਦੇ ਕੌੜੇ ਮਿੱਠੇ ਤਜਰਬੇ ਹੋਰ ਇੱਕਠੇ ਕਰ ਲਵਾਂਗੇ

ਜਿੱਥੋਂ ਤੱਕ ਬਾਹਰਲੇ ਲੋਕਾਂ ਦੇ ਵਿਚਾਰ ਸੁਣੇ ਹਨ, ਉਹ
ਰਲਮੇਂ ਮਿਲਵੇਂ ਹੀ ਹਨ, ਕੁਝ ਚੰਗਾ ਦੱਸਦੇ ਹਨ, ਕੁਝ
ਠੀਕ ਠਾਕ, ਕੁਝ ਮਾੜਾ (ਪਰ ਵਾਪਸ ਮੁੜ ਦਾ ਕੇਸ ਤਾਂ ਸਿਰਫ਼
ਇੱਕ ਹੀ ਸੁਣਿਆ ਹੈ ਸਭ ਕੇਸਾਂ ਵਿੱਚੋਂ, ਹੋਰ ਕੋਈ ਵਾਪਸ ਮੁੜ
ਨੀਂ ਆਇਆਂ ਭਾਰਤ)
*ਬਾਕੀ ਭਾਰਤ ਵਿੱਚ ਵੀ ਪੰਜਾਬ ਤੋਂ ਬਾਹਰ ਰਹਿ ਕੇ ਉਸੇ ਤਰ੍ਹਾਂ
ਦਾ ਵਤੀਰਾ ਵੇਖਣ ਨੂੰ ਮਿਲ ਜਾਂਦਾ ਹੈ (ਸ਼ਾਇਦ ਇੱਥੇ
ਬਾਹਰਲੇ ਮੁਲਕਾਂ ਤੋਂ ਵੱਧ ਤਾਂ ਭਲਾ ਹੋਵੇ)।

*ਤਨਖਾਹਾਂ ਨਾਲ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਬਣਦਾ ਹੈ,
ਉਹ ਤਾਂ ਉੱਥੇ ਵੀ ਉਹੀ ਹੈ,
*ਬਾਕੀ ਘਰੋਂ ਦੂਰ ਹਾਂ ਤਾਂ ਇੱਥੇ ਵੀ ਹਾਂ ਅਤੇ ਉੱਥੇ ਵੀ ਹਾਂ ਹੀ,

ਫੇਰ ਕਿਉਂ ਨਾ ਬਾਹਰ ਹੀ ਜਾਇਆ ਜਾਏ, ਉੱਥੇ ਵੀ
ਵੇਖ ਹੀ ਲਈਏ ਰੰਗ ਕਰਤਾਰ ਦੇ..

ਬਾਹਰ ਜਾਕੇ ਮੈਨੂੰ ਤਾਂ ਖੇਤੀਬਾੜੀ ਕਰਨ ਦਾ ਹੀ ਹੈ, ਜੇਹੜੀ
ਜ਼ਮੀਨ ਮੈਂ ਪੰਜਾਬ 'ਚ ਹਾਸਲ ਸ਼ਾਇਦ ਕਦੇ ਨਾ ਕਰ ਸਕਾਂ
(ਅੱਜ ਦੀ ਕਮਾਈ ਨਾਲ ਤਾਂ ਦੋ ਜਵਾਕਾਂ ਦੇ ਟੱਬਰ ਦਾ ਗੁਜ਼ਾਰਾ
ਹੀ ਸੰਭਵ ਹੈ), ਉਹ ਮੈਂ ਲੈ ਸਕਾਗਾਂ।
ਪਹਿਲੀ ਉਮੀਦ ਅਸਟਰੇਲੀਆ ਦੀ ਲੈ ਕੇ ਚੱਲਦਾ ਹੈ, ਕੈਨੇਡਾ
ਬਾਰੇ ਮੇਰੇ ਵਿਚਾਰ ਕੁਝ ਢਿੱਲੇ ਹਨ। ਗਰੇਵਾਲ ਆਂਟੀ
ਦਾ ਲੜਕਾ ਬਾਹਰ ਗਿਆ ਹੋਇਆ ਹੈ, ਉਨ੍ਹਾਂ ਨਾਲ ਵੀ ਸਲਾਹ
ਕੀਤੀ ਹੈ, ਉਨ੍ਹਾਂ ਦੀ ਵੀ ਰਾਏ ਹੈ ਕਿ ਜਾਣਾ ਚਾਹੀਦਾ ਹੈ,
ਘਰ ਦੇ ਤਾਂ ਬਹੁਤ ਦੇਰ ਦੇ ਜ਼ੋਰ ਦਿੰਦੇ ਹਨ ਕਿ ਹੁਣ ਤਾਂ 3
ਸਾਲ ਹੋ ਗਏ ਨੌਕਰੀ ਕਰਦੇ ਨੂੰ ਹੁਣ ਤਾਂ ਅਪਲਾਈ ਕਰ ਦੇ,
ਪਰ ਮੇਰੇ ਆਲਸ ਨੇ ਕਿਸੇ ਪਾਸੇ ਜਾਣ ਲਈ ਰਾਹ ਨਹੀਂ ਦਿੱਤਾ।
ਹਾਲੇ ਵੀ ਕੋਈ ਪੱਕਾ ਫੈਸਲਾ ਨੀਂ ਕਿ ਕੀ ਕਰਨਾ ਹੈ, ਹਾਲੇ ਕੋਈ
ਨਾਲ ਤੁਰਨ ਨੂੰ ਤਿਆਰ ਨਹੀਂ ਹੈ, ਇਸਕਰਕੇ ਇੱਕਲੇ ਨੂੰ ਹੋਰ
ਹੀ ਜਾਪਦਾ ਹੈ, ਖ਼ੈਰ ਬਹੁਤ ਸਾਰੇ ਕਦਮ ਇੱਕਲਿਆਂ ਹੀ ਲੈਣੇ ਪੈਂਦੇ ਹਨ,
ਅਤੇ ਬਾਹਰ ਜਾਣ ਦਾ ਕਦਮ ਵੀ ਸ਼ਾਇਦ ਇਸੇਤਰ੍ਹਾਂ ਦਾ ਹੀ ਹੈ...