ਅੱਜ ਅਲਵਿਦਾ ਕਹਿ ਦਿੱਤਾ ਆਪਣੇ ਨੂੰ, ਵਿਦਾ ਕਰ ਦਿੱਤਾ
ਆਪਣੇ ਘਰ ਤੋਂ, ਘਰ ਦੇ ਅੱਗਿਓ ਖਾਲੀ ਖਾਲੀ ਵੇਹੜਾ
ਮੇਰੇ ਸੀਨੇ ਵਿੱਚ ਖਾਲੀ ਹੋਏ ਥਾਂ ਨੂੰ ਵੇਖਾਉਦਾ ਸੀ ਅਤੇ
ਰੋਂਦਾ ਦਿਲ ਸ਼ਾਇਦ ਅੱਖਾਂ ਦੇ ਹੰਝੂ ਨੂੰ ਓਹਲੇ ਕਰਦਾ ਸੀ।
ਹਾਂ ਅੱਜ ਤੁਰ ਗਿਆ ਮੇਰਾ ਇੱਕ ਬੇਲੀ, ਇੱਕ ਪਿਆਰ,
ਇੱਕ ਸ਼ੌਕ, ਅੱਜ ਰਹਿ ਗਿਆ ਉਸ ਰਾਹ ਉੱਤੇ ਮੈਂ ਕੱਲਾ
ਜਿੱਥੇ ਅਸੀਂ ਦੋਵੇਂ ਚੱਲਦੇ ਸਾਂ, ਜਿੱਥੇ ਉਸ ਨੇ ਹਰ ਪਲ
ਨੂੰ ਹੁਲਾਰਾ ਦਿੱਤਾ, ਸਾਹਰਾ ਬਣਿਆ, ਜਿੱਥੇ ਉਸ ਨੇ
ਕਦੇ ਮੈਨੂੰ ਡੋਲਣ ਨਾ ਦਿੱਤਾ, ਜਿੱਥੇ ਉਸ ਦੇ ਬਿਨਾਂ
ਮੈਨੂੰ ਕੋਈ ਲਿਜਾ ਨਾ ਸਕਿਆ।
ਅੱਜ ਸਾਂਝ ਦਿਲਾਂ ਦੀ ਟੁੱਟ ਗਈ,
ਮੇਰੀ ਮਹਿਬੂਬ ਮੇਰੇ ਨਾਲ ਰੁੱਠ ਗਈ,
ਤੁਰ ਗਈ ਹੋਰ ਬਿਗਾਨੇ ਨਾਲ,
ਕਹਿ ਗਈ ਤਾਹਨੇ ਨਾਲ
"ਅਲਵਿਦਾ ਸੱਜਣਾ ਤੈਨੂੰ ਰੱਬ ਖੁਸ਼ ਰੱਖੇ,
ਸਭ ਵੱਲ ਤੱਕੇ, ਪਰ ਮੁੜ ਮੈਨੂੰ ਨਾ ਤੱਕੇ,
ਮੈਂ ਰੋਵਾਂ ਯਾਦ ਭਾਵੇਂ ਵਿੱਚ ਰੋਜ਼ ਵੇ ਸੱਜਣਾ,
ਵਿਛੜ ਗਏ ਨੂੰ ਝੋਵਾਂ ਰੋਜ਼ ਵੇ ਸੱਜਣਾ,
ਤੜਕੇ ਉੱਠ ਕਿਸੇ ਨੇ ਰਾਣੀ ਕਹਿ ਬਲਾਉਣਾ ਨੀਂ,
ਮਾਣ ਮੇਰਾ, ਪਿਆਰ ਮੇਰਾ ਕਹਿ ਕਿਸੇ ਬਲਾਉਣਾ ਨੀਂ,
ਵਿਛੜ ਗਿਆ ਦੀਆਂ ਗੱਲਾਂ ਕਰਦਾ ਜੱਗ ਦਿਨ ਚਾਰ,
ਮਿਲਦਿਆਂ ਦੇ ਮੇਲੇ, ਦਿਲ ਮਿਲਿਆਂ ਦੀ ਬਹਾਰ,
ਕਿਸੇ ਗ਼ੈਰ ਦੇ ਹੱਥੀਂ ਮੈਨੂੰ ਤੇਰਾ ਪਿਆਰ ਮਿਲ ਨਾ ਸਕੇ ਕਦੇ
ਮੈਨੂੰ ਤੇਰੀ ਮਜਬੂਰੀ ਪਤਾ, ਚਾਹੇ ਦਿਲ ਤੇਰਾ ਕਹਿ ਨਾ ਸਕੇ ਕਦੇ
ਬਸ ਸੱਜਣਾ ਅੱਜ ਮੇਰੇ ਵਲੋਂ ਤੈਨੂੰ ਅਲਵਿਦਾ
ਅਲਵਿਦਾ ਅਲਵਿਦਾ ਸੱਜਣਾ ਵੇ ਅਲਵਿਦਾ"
ਮੇਰੇ ਮੁਰਝਾਏ ਚਿਹਰੇ ਉੱਤੇ ਆਖਰੀ ਖੁਸ਼ੀ ਸਵੇਰ ਹੁੰਦਿਆਂ ਗੁਆਚ
ਗਈ, ਘਰੋਂ ਨਿਕਲ ਵੇਲੇ ਤਾਂ ਯਾਦ ਨਾ ਰਿਹਾ, ਪਰ ਜਦੋਂ ਕਿਸੇ
ਹਵਾਲੇ ਕੀਤਾ ਉਸ ਨੂੰ ਤਾਂ ਮੇਰਾ ਹੱਥ ਕੰਬ ਗਿਆ, ਮੇਰੇ ਬੋਲ ਕੰਬ
ਗਏ, ਮੈਨੂੰ ਅਹਿਸਾਸ ਹੋਇਆ ਕਿ ਕਿਵੇਂ ਮੇਰੇ ਬੁੱਲਾਂ ਦੇ ਲਫ਼ਜ਼ ਮੇਰੇ
ਦਿਮਾਗ ਅਤੇ ਦਿਲ ਕੋਲੋਂ ਪਾਣੀ ਬਿਨਾਂ ਝੋਨੇ ਦੇ ਖੇਤ ਵਾਂਗ ਖਿਲਰੇ
ਹੋਏ ਸਨ, ਬੱਸ ਰਸਮੀ ਜੇਹੀ ਕਾਰਵਾਈ ਕਰਕੇ ਮੈਂ ਘਰ ਅੰਦਰ ਨੂੰ
ਮੂੰਹ ਭੁਵਾ ਲਿਆ। ਮੁੜ ਕੇ ਵੇਖਣ ਦਾ ਹੌਸਲਾ ਮੈਂ ਕਰ ਨਾ ਸਕਿਆ,
(ਸ਼ਾਇਦ ਜੇ ਕਰ ਲੈਂਦਾ ਤਾਂ ਮੈਂ ਅੱਖਾਂ 'ਚੋਂ ਹੰਝੂ ਰੋਕ ਨਾ ਸਕਦਾ
ਅਤੇ ਖੌਰੇ ਮੈਂ ਉਸ ਨੂੰ ਜਾਣ ਹੀ ਨਾ ਦਿੰਦਾ, ਹੁਣ ਤੱਕ ਮੇਰੀ ਦਿਲੀਂ
ਚਾਅ ਹੈ ਕਿ ਹੇ ਰੱਬਾ ਕਿਤੇ ਸਭ ਵਾਅਦੇ ਖਤਮ ਹੋ ਜਾਣ, ਸਭ
ਜੁਬਾਨਾਂ ਫਨਾ ਹੋ ਜਾਣ ਅਤੇ ਮੈਨੂੰ ਮੇਰੀ ਮਹਿਬੂਬ ਮਿਲ ਜਾਵੇ, ਬੱਸ
ਇੱਕ ਵਾਰ ਮੈਨੂੰ ਮੇਰੀ ਗਲਤੀ ਮੁਆਫ਼ ਕਰ, ਮੇਰੀ ਜੁਬਾਨ 'ਚੋਂ ਨਿਕਲੇ
ਲਫ਼ਜ਼ ਮੁਆਫ਼ ਦੇ, ਪਰ ਨਹੀਂ ਹੋਇਆ:-( )। ਮੇਰੇ ਬੁੱਲ ਹੁਣ ਇਸ
ਅਹਿਸਾਸ ਵਿੱਚ ਚੁੱਪ ਸਨ ਅਤੇ ਲਫ਼ਜ ਸਾਰਾ ਦਿਨਾ ਕੇਵਲ ਇਹੀ ਰਹਿ ਗਿਆ
"ਤੈਨੂੰ ਕਿੱਦਾਂ ਆਖਾਂ ਮੈਂ ਅਲਵਿਦਾ, ਜਿਉਣ ਜੋਗੀਆਂ ਤੇਰੇ ਬਿਨ ਦਿਲ ਕਦੇ ਲੱਗਣਾ ਨਹੀਂ..."
No comments:
Post a Comment