Showing posts with label ਸਾਂਝ. Show all posts
Showing posts with label ਸਾਂਝ. Show all posts

27 September, 2009

ਕੁਝ ਹਢਾਏ ਪਲ਼ ਦੋ ਵਰ੍ਹਿਆਂ ਤੋਂ ਟੱਪੇ ਬਚਪਨ ਨਾਲ...

ਹੁਣ ਮੋਲੀ ਦੋ ਸਾਲਾਂ ਨੂੰ ਟੱਪ ਚੱਲਿਆ ਹੈ ਅਤੇ ਉਸ ਦੀਆਂ ਹਰਕਤਾਂ
ਨੂੰ ਵੇਖ ਕੇ ਅਚਾਨਕ ਚਿੱਤ ਕਹਿ ਉੱਠਦਾ ਹੈ ਕਿ ਹਾਂ ਇਹ ਤਾਂ ਮੈਂ
ਕਦੇ ਨਹੀਂ ਸੀ ਕਰ ਸਕਦਾ (ਆਪਣੇ ਬਚਪਨ ਵਿੱਚ)...

ਕੁਦਰਤੀ ਤੌਰ ਉੱਤੇ ਮੇਰਾ ਸੁਭਾਅ ਅਜੇਹਾ ਹੈ ਅਤੇ ਕੁਝ ਸੋਚ
ਵਿਕਸਤ ਹੋਈ ਇੰਝ ਦੀ ਹੈ ਕਿ ਮੈਂ ਬੱਚਿਆਂ ਨਾਲ ਆਪਣੇ
ਆਪ ਨੂੰ ਢਾਲ ਨਹੀਂ ਪਾਉਂਦਾ, ਪਰ ਜਿੰਨਾ ਕੁ ਵਰਤਾਰਾ ਉਸ ਨਾਲ
ਮੇਰਾ ਰਿਹਾ ਜਾਂ ਕਹੀਏ ਕਿ ਵਾਹ ਪਿਆ ਹੈ, ਉਹ ਆਲੇ ਦੁਆਲੇ
ਪ੍ਰਤੀ ਕਿੰਨੀ ਤੇਜ਼ੀ ਨਾਲ ਸਿੱਖ ਰਿਹਾ ਹੈ, ਸਮਝਣ ਦੀ ਤਾਕਤ
ਹੈ, ਉਹ ਵੇਖ ਕੇ ਸਿਰ ਚਕਰਾ ਜਾਂਦਾ ਹੈ ਕਿ ਜਦੋਂ ਵੱਡੇ ਹੋਣਗੇ ਤਾਂ
ਇਹ ਕਰਨਗੇ। ਇਹ ਗੱਲ 'ਕੱਲੇ ਅਨਮੋਲ ਦੀ ਨਹੀਂ ਹੈ, ਉਸ ਦੇ
ਹਾਣ ਦੇ ਜੁਆਕ ਸਭ ਬਹੁਤ ਤੇਜ਼ ਨੇ, ਉਸ ਨਾਲੋਂ ਜੋ ਮੈਂ ਆਪਣੇ
ਬਚਪਨ 'ਚ ਵੇਖੇ ਸਨ (ਜਦੋਂ ਤੋਂ ਮੈਂ ਕੁਝ ਹੋਸ਼ ਸੰਭਾਲੀ ਹੈ)।
ਉਹ ਹਾਲੇ ਸਵਾ ਦੋ ਸਾਲ ਦਾ ਹੈ, ਪਰ ਗੱਲਾਂ ਦੇ ਜਵਾਬ ਬੜੇ
ਦੇ ਦਿੰਦਾ ਹੈ, ਜਿਵੇਂ ਕਿ
"ਅਨਮੋਲ ਤੇਰੀ ਬਾਇਕ ਗੰਦੀ ਹੈ"
"ਨਹੀਂ, ਸੋਨੀ"

ਜੇ ਮੈਂ ਤਿਆਰ ਹੋ ਰਿਹਾ ਹੋਵਾ ਤਾਂ ਉਸ ਨੇ ਸਵਾਲ ਹੁੰਦੇ ਹਨ
"ਅਮਨ ਓਫਸ ਜਾਨਾਂ?"
"ਹਾਂ"
"ਕਾਰ ਤੇ?"
"ਹਾਂ"

ਖ਼ੈਰ ਪਿਛਲੀ, (ਜਾਂ ਮੌਜੂਦਾ) ਪੀੜ੍ਹੀ ਤੋਂ ਅੱਗੇ ਹੋਣ ਨਾਲ ਹੀ
ਤਾਂ ਜ਼ਮਾਨਾ ਤਰੱਕੀ ਕਰਦਾ ਹੈ, ਅਤੇ ਇਹ ਬਾਂਦਰ ਤੋਂ
ਇਨਸਾਨ ਦੀ ਕਹਾਣੀ ਦਾ ਨਿਰੰਤਰ ਜੋੜ/ਤੋੜ ਹੈ, ਪਰ
ਕਿਵੇਂ ਵੀ ਹੈ, ਅੱਜਕੱਲ੍ਹ ਦੇ ਬੱਚੇ ਬੜੀ ਤੇਜ਼ੀ ਨਾਲ ਸਿੱਖਦੇ ਹਨ,
ਸਮਝਦੇ ਹਨ, (ਬੇਸ਼ੱਕ ਗੁੱਸੇਖੋਰ ਜਾਂ ਸ਼ਰਾਰਤੀ ਵੀ ਹਨ)।
ਹਾਲੇ ਮੇਰਾ ਬਹੁਤ ਸਾਰਾ ਸਮਾਂ ਉਸ ਦੀਆਂ ਸ਼ਰਾਰਤਾਂ ਅਤੇ
ਇੱਲਤਾਂ ਨੂੰ ਸਮਝਦਿਆਂ ਲੰਘ ਜਾਂਦਾ ਹੈ ਕਿ ਆਖਰ ਉਹ ਕੀ ਕਰਨਾ
ਚਾਹੁੰਦਾ ਹੈ ਅਤੇ ਉਹ ਕਿੰਝ ਸਮਝਾਉਂਦਾ ਹੈ। ਕੁਝ ਚਿਰ
ਪਹਿਲਾਂ ਜਦੋਂ ਉਹ ਬੋਲਣ ਹਾਲੇ ਸਿੱਖਿਆ ਹੀ ਸੀ ਤਾਂ ਉਹ
ਆਪਣੀ ਗੱਲ਼ ਸਮਝਾ ਨਹੀਂ ਸੀ ਸਕਦਾ ਤਾਂ ਉਂਝ ਕਰਕੇ ਵੇਖਾਉਦਾ ਸੀ,
ਜੇ ਰੋਟੀ ਖਾਣੀ ਹੈ ਤਾਂ ਬੁਰਕੀ ਮੂੰਹ 'ਚ ਲੈ ਕੇ ਜਾਣੀ, ਜਾਂ ਦਰਵਾਜੇ ਕੋਲ
ਡੋਲੂ ਲੈ ਕੇ ਖੜ੍ਹਾ ਹੋ ਜਾਣਾ ਆਦਿ, ਪਰ ਹੁਣ ਜਦੋਂ ਉਹ ਬੋਲਣ
ਲੱਗਾ ਹੈ ਤਾਂ ਉਹ ਆਪਣੀ ਗੱਲ਼ ਨੂੰ ਵਾਰ ਵਾਰ ਕਹਿੰਦਾ ਹੈ, ਅਤੇ ਜੇ
ਨਾ ਸਮਝੀਏ ਤਾਂ ਉਂਝ ਹਰਕਤ ਕਰਕੇ ਵੇਖਾਉਂਦਾ ਹੈ, ਖ਼ੈਰ ਉਸ ਦੀ ਮਾਂ
ਤਾਂ ਬਹੁਤਾ ਕੁਝ ਸਮਝ ਹੀ ਜਾਂਦੀ ਹੈ, ਪਰ ਮੈਨੂੰ ਕਦੇ ਕਦੇ ਵਕਤ ਲੱਗ
ਜਾਂਦਾ ਹੈ।
ਜੇ ਤੁਹਾਨੂੰ ਅਜਿਹੇ ਸਮੇਂ ਵਿੱਚ ਲੰਘਣ ਦਾ ਵਕਤ ਮਿਲੇ ਅਤੇ ਤੁਹਾਡੇ
ਕੋਲ ਸਮਾਂ ਹੋਵੇ ਤਾਂ ਤੁਸੀਂ ਉਹਨਾਂ ਦੀਆਂ ਨਿੱਕੀਆਂ-੨ ਹਰਕਤਾਂ ਨੂੰ ਵੇਖਣਾ,
ਉਹਨਾਂ ਨੂੰ ਸਮਝਣ ਦਾ ਜਤਨ ਕਰਨਾ ਕਿ ਉਹ ਕੀ ਕਰਦੇ ਹਨ ਅਤੇ
ਕਿੰਝ ਕਰਦੇ ਹਨ, ਕਿਵੇਂ ਉਹ ਆਪਣੇ ਹੱਥਾਂ ਵਿੱਚ ਚੀਜਾਂ ਦਾ ਕੰਟਰੋਲ ਕਰਨਾ
ਸਿੱੱਖਦੇ ਹਨ, ਕਿਵੇਂ ਉਹ ਵਾਰ ਵਾਰ ਟੱਕਰਾਂ ਮਾਰਦੇ ਹਨ ਅਤੇ ਆਖਰ
ਵਿੱਚ ਉਹ ਸਫ਼ਲ ਰਹਿੰਦੇ ਹਨ ਉਹ ਕਰਨ ਲਈ, ਜੋ ਕਰਨਾ ਚਾਹੁੰਦੇ ਹਨ।
ਇਹ ਸਭ ਤੁਹਾਨੂੰ ਆਪਣੀ ਮੌਜੂਦਾ ਜਿੰਦਗੀ ਜਿਉਣ ਲਈ ਅਤੇ ਸੰਘਰਸ਼
ਲਈ ਪਰੇਰਦੇ ਨਜ਼ਰ ਆਉਣਗੇ, ਕਿੰਨੀ ਵਾਰ ਕਿਸੇ ਸਮੱਸਿਆ ਦਾ ਹੱਲ
ਕੱਢਣ ਦੀ ਬਜਾਏ ਆਪਾਂ ਉਂਲਝ ਅਤੇ ਉਲਝਾ ਲੈਂਦੇ ਹਾਂ, ਪਰ ਬਚਪਨ
ਦੇ ਭੋਲੇਪਨ, ਸਾਦਗੀ ਅਤੇ ਟੱਕਰਾਂ ਮਾਰਨ ਦੀ ਆਦਤ ਸ਼ਾਇਦ ਗੁਆਉਣ
ਕਰਕੇ ਹੀ ਇਹ ਹੁੰਦਾ ਹੋਵੇਗਾ, ਇੱਕ ਵਾਰ ਉਹ ਵਾਰ ਵਾਰ ਕੋਸ਼ਿਸ਼ ਕਰਨ ਅਤੇ
ਹਰ ਅਗਲੀ ਕੋਸ਼ਿਸ਼ ਵਿੱਚ ਪਹਿਲੀ ਗਲਤੀ ਸੁਧਾਰਨ ਦਾ ਜਤਨ ਕਰਕੇ ਵੇਖਿਓ
ਕੀ ਬਣਦਾ ਹੈ...

30 July, 2009

ਪੁਰਾਣੀਆਂ ਡਾਇਰੀਆਂ ਤੋਂ ਕੁਝ ਪੰਨੇ...

ਪੂਨੇ ਵਿੱਚ ਪਹਿਲੀ ਵਾਰ ਜੁਲਾਈ ੨੦੦੪ ਵਿੱਚ ਆਇਆ ਸੀ, ਉਹ
ਸਮਾਂ ਸ਼ਾਇਦ ਮੈਂ ਖੁਦ ਐਨਾ ਤਿਆਰ ਨਹੀਂ ਸੀ, ਪਰ ਉਸ ਦੀਆਂ
ਕੁਝ ਡਾਇਰੀਆਂ ਪਿਛਲੇ ਹਫ਼ਤੇ ਮਿਲੀਆਂ, ਜਿੰਨਾਂ ਵਿੱਚ ਉਹਨਾਂ ਦਿਨਾਂ
ਦੀਆਂ ਦੀਆਂ ਕੁਝ ਅਨਮੋਲ ਪਲਾਂ ਦੀਆਂ ਝਲਕਾਂ ਬਾਕੀ ਹਨ,
ਜਿਸ ਵਿੱਚ ਕੁਝ ਕਵਿਤਾਂ, ਕੁਝ ਸ਼ੇਅਰ, ਕੁਝ ਵਾਕ ਅਤੇ ਕੁਝ ਉਦਾਸੀ
ਦੇ ਪਲ਼ ਬਾਕੀ ਹਨ। ਆਉਣ ਵਾਲੇ ਕੁਝ ਬਲੌਗ ਵਿੱਚ ਉਹਨਾਂ ਨੂੰ
ਸਮੇਟਣ ਦਾ ਜਤਨ ਕਰਾਂਗਾ...

27 January, 2009

ਕੀ ਮੈਂ ਨਿਰਪੱਖ ਹੋ ਸਕਿਆ?

ਨਿਰਪੱਖ - ਕਿਸੇ ਦਾ ਪੱਖ ਨਾ ਲੈਣਾ, ਬਿਨਾਂ ਕਿਸੇ ਭੇਦ-ਭਾਵ ਤੋਂ
ਗੱਲ਼ ਕਰਨੀ
ਸ਼ਾਇਦ ਮੈਂ ਖੁਦ ਨੂੰ ਬਹੁਤ ਵਾਰ ਸੋਚਿਆ ਕਿ ਨਿਰਪੱਖ ਰੱਖਾਂ,
ਜਦੋਂ ਵੀ ਕਦੇ ਮੌਕਾ ਬਣਿਆ, ਪਰ ਹਮੇਸ਼ਾ ਸੁਆਲ ਟੱਕਰਦਾ ਰਿਹਾ,
ਨਿਰਪੱਖ ਕਿਵੇਂ ਬਣਿਆ ਜਾਵੇ, ਕੌਣ ਨਿਰਪੱਖ ਹੋ ਸਕਦਾ ਹੈ, ਕੌਣ
ਮੇਰਾ ਅਦਾਰਸ਼ ਬਣੇ? ਕੁਝ ਕੁ ਜੀਵਨ ਪੜ੍ਹੇ, ਕੁਝ ਕੁ ਵਿਚਾਰ
ਪੜ੍ਹੇ, ਕੁਝ ਕੁ ਤਜਰਬਿਆਂ ਤੋਂ ਸਿੱਖਿਆ, ਬਹੁਤ ਕੁਝ ਸੁਣਿਆ,
ਸਿੱਖ ਧਰਮ ਦੇ ਵਿਚਾਰਾਂ ਤੋਂ ਲੈ ਕੇ ਭਗਤ ਸਿੰਘ ਤੱਕ, ਅਕਬਰ
ਬਾਰੇ ਜਾਣਨ ਤੋਂ ਲੈ ਕੇ ਰਣਜੀਤ ਸਿੰਘ ਦੇ ਰਾਜਾਂ ਬਾਰੇ ਸੁਣਿਆ ਕੀਤਾ,
ਕਦੇ ਅਮਰੀਕੀਆਂ ਦਾ ਇਤਹਾਸ ਸਮਝਿਆ ਤਾਂ ਕਦੇ ਰੂਸੀਆਂ ਬਾਰੇ
ਗੱਲਾਂ ਸਾਂਝੀਆਂ ਕੀਤੀਆਂ, ਕਦੇ ਪੰਡਤਾਂ ਬਾਰੇ ਸੁਣਿਆ ਤਾਂ ਕਦੇ
ਮੇਰਾ ਦੇਸ਼ ਮਹਾਨ ਵਰਗੇ ਨਾਅਰੇ ਗੂੰਜੇ ਮੇਰੇ ਦਿਮਾਗ ਅੰਦਰ, ਪਰ
ਖੁਦ ਨੂੰ ਕਦੇ ਵੀ ਨਿਰਪਖ ਨਾ ਰੱਖ ਸਕਿਆ, ਹਾਲਾਂ ਕਿ ਸਭ ਤੋਂ
ਛੋਟੇ ਫੈਸਲੇ ਉੱਤੇ ਵੀ ਨਿਰਪੱਖ ਨਾ ਹੋ ਸਕਿਆ ਫੇਰ ਭਾਵੇਂ ਅੱਖਾਂ
ਸਾਹਮਣੇ ਦਿਸਦੇ ਦੋ ਰੰਗ ਹੋਣ ਜਾਂ ਦੋ ਰਲਦੇ ਮਿਲਦੇ ਵਿਚਾਰ...

ਜੇ ਮੈਂ ਸਿੱਖ ਧਰਮ ਵੱਲ ਝੁਕਾਅ ਰੱਖਾਂ ਤਾਂ ਮੈਂ (ਧਰਮ)-ਨਿਰਪੱਖ ਇਨਸਾਨ ਨਾਲ
ਨਹੀਂ ਰਹਿ ਸਕਦਾ, ਕਿਓ? ਸ਼ਾਇਦ ਮੈਂ ਕਾਮਰੇਡਾਂ ਦੇ ਵਿਰੁਧ ਰਹਾਂਗਾ,
ਤਾਂ ਕਿ ਉਹ ਇਨਸਾਨ ਹੀ ਹਨ

ਜੇ ਮੈਂ ਆਪਣੇ ਆਪ ਨੂੰ ਧਰਮ-ਨਿਰਪੱਖ ਮੰਨਾਂ ਤਾਂ ਕੀ ਇਹ ਸੰਭਵ ਹੈ ਕਿ
ਮੈਂ ਰੱਬ ਦਾ ਨਾਂ ਲਵਾਂ ਅਤੇ ਧਰਮ-ਨਿਰਪੱਖ ਹੋਵਾਂ?

ਜੇ ਮੈਂ ਆਪਣੇ ਆਪ ਨੂੰ ਭਾਰਤੀ ਕਹਾਂ ਤਾਂ ਸਾਰੀ ਦੁਨਿਆਂ, ਇਹ ਸੰਸਾਰ ਕੀ
ਵੰਡਿਆ ਗਿਆ? ਕੀ ਮੈਂ ਅਫਰੀਕੀ ਜਾਂ ਅਮਰੀਕੀ ਤੋਂ ਵੱਖਰਾ ਇਨਸਾਨ ਹਾਂ?
ਨਹੀਂ ਤਾਂ ਫੇਰ ਭਾਰਤੀ ਕਹਿਣਾ ਕਿਓ, ਇਨਸਾਨ ਹੀ ਕਿਓ ਨਹੀਂ।
ਸੰਸਾਰ ਸਭ ਦਾ ਹੈ ਤਾਂ ਖਿੱਤੇ ਵਿੱਚ ਵੰਡਿਆ ਕਿਓ, ਚੱਲੋ ਵੰਡਿਆ ਤਾਂ
ਸਮਝ ਗਿਆ ਕਿ ਪਰਬੰਧ ਲਈ, ਪਰ ਮਾਣ ਕਿਓ ਕੀ ਮੈਂ ਭਾਰਤੀ,
ਅਮਰੀਕੀ, ਰੂਸੀ ਕਿਓ? ਕੀ ਇੰਝ ਨਿਰਪੱਖ ਹੋਣਾ ਸੰਭਵ ਹੈ, ਸ਼ਾਇਦ
ਮੈਂ ਇਸ ਨੂੰ ਸਮਝ ਨੀਂ ਸਕਿਆ ਕਿਤੇ, ਪਰ ਆਖਰ ਮੈਂ ਨਿਰਪੱਖ
ਨੀਂ ਰਹਿ ਸਕਿਆ

ਮੈਂ ਜਿੰਦਗੀ ਦੀ ਸਭ ਤੋਂ ਛੋਟੀ ਉਲਝਣ ਤੋਂ ਸ਼ੁਰੂ ਕਰਾਂ ਤਾਂ ਮੈਨੂੰ
ਰੰਗਾਂ ਵਿੱਚ ਪੀਲਾ ਰੰਗ ਬਹੁਤ ਪਸੰਦ ਹੈ ਅਤੇ ਫੇਰ ਹਰਾ, ਲਾਲ,
ਹੁਣ ਮੈਨੂੰ ਕੋਈ ਰੰਗ ਚੁਣਨ ਲਈ ਕਹੇਗਾ ਤਾਂ ਮੈਂ ਰੰਗਾਂ ਦੀ ਚੋਣ
ਕਦੇ ਵੀ ਨਿਰਪੱਖਤਾ ਨਾਲ ਨਹੀਂ ਕਰ ਸਕਾਂਗਾ।

ਮੈਂ ਖੁਦ ਨੂੰ ਆਪਣੀ ਨਿਰਪੱਖਤਾ ਬਾਰੇ ਸਮਝਾ ਨਹੀਂ ਸਕਿਆ ਹਾਲੇ ਤੱਕ,
ਹਮੇਸ਼ਾ ਮੈਨੂੰ ਮੇਰਾ ਝੁਕਾ ਕਿਸੇ ਪਾਸੇ ਥੋੜ੍ਹਾ ਬਹੁਤ ਲੱਗਦਾ ਹੀ ਹੈ, ਤਰਕ
ਕਰਨ ਨਾਲ ਵੀ ਮੇਰਾ ਝੁਕਾ ਖਤਮ ਨਹੀਂ ਹੁੰਦਾ ਅਤੇ ਜ਼ਿੰਦਗੀ ਦੇ ਬਹੁਤ
ਸਾਰੇ ਅਜਿਹੇ ਦਰਿਆ ਆਉਂਦੇ ਹਨ, ਜਿੱਥੋਂ ਮੈਂ ਨਿਰਪੱਖਤਾ ਦੀ ਬੇੜੀ ਚੜ੍ਹ
ਪਾਰ ਜਾ ਹੀ ਨਹੀਂ ਸਕਿਆ।

ਕੀ ਨਿਰਪੱਖਤਾ ਬਿਨਾਂ ਜ਼ਿੰਦਗੀ ਅਧੂਰੀ ਹੈ? ਕੀ ਗਿਆਨ ਲੈਣ
ਅਤੇ ਸਮਝਣ ਦੇ ਮੱਤ ਲਈ ਨਿਰਪੱਖਤਾ ਦੀ ਲੋੜ ਹੈ?
ਅਤੇ ਸ਼ਾਇਦ ਸਭ ਤੋਂ ਪਹਿਲਾਂ ਸਵਾਲ ਕਿ
ਕੀ ਜ਼ਿੰਦਗੀ ਵਿੱਚ ਨਿਰਪੱਖ ਹੋਣਾ ਕੀ ਲਾਜ਼ਮੀ ਹੈ? ਸ਼ਾਇਦ ਇਹ ਸਵਾਲ
ਪਹਿਲਾਂ ਕਰਨਾ ਚਾਹੀਦੀ ਹੈ, ਫੇਰ ਬਹਿਸ ਅੱਗੇ ਤੋਰੀ ਚਾਹੀਦੀ ਸੀ।
ਪਰ ਮੈਂ ਨਿਰਪੱਖਤਾ ਦੇ ਬੇਮੁਹਾਣ ਵਹਿਣ 'ਚ ਦੂਰ ਆ ਗਿਆ ਅਤੇ
ਹੁਣ ਇਸ ਦਾ ਖਹਿੜਾ ਕਿਸੇ ਗੱਲ਼ ਨਾਲ ਹੀ ਛੁੱਟੇਗਾ, ਸ਼ਾਇਦ
ਕੋਈ ਨਿਰਪੱਖਤਾ ਦਾ ਜਵਾਬ ਦੇਵੇ ਤਾਂ...

12 December, 2008

ਪੰਜਾਬੀ ਯੂਨੀਕੋਡ ਵੈੱਬਸਾਈਟ ਅਤੇ ਬਲੌਗ ਵਿੱਚ ਤਰੱਕੀ

ਕੁਝ ਮਹੀਨਿਆਂ ਵਿੱਚ ਬਹੁਤ ਸਾਰੇ ਬਲੌਗ ਅਤੇ ਵੈੱਬ-ਸਾਈਟਾਂ
ਯੂਨੀਕੋਡ ਵਿੱਚ ਉਭਰੀਆਂ ਹਨ, ਜਿਸ ਵਿੱਚ ਨਵੇਂ ਨੌਜਵਾਨ ਖੂਨ
ਦੇ ਨਾਲ ਨਾਲ ਪੁਰਾਣੇ ਲੇਖਕਾਂ ਵਲੋਂ ਵੀ ਇੰਟਰਨੈੱਟ ਅਤੇ ਪੰਜਾਬੀ
ਯੂਨੀਕੋਡ ਨੂੰ ਅਪਣਾਉਣ ਦੀ ਪਹਿਲ ਬਹੁਤ ਹੀ ਅਚੰਭੇ ਭਰੀ ਰਹੀ!

ਮੈਨੂੰ ਖੁਸ਼ੀ ਹੈ ਕਿ ਇਹ ਕਦਮ ਪੰਜਾਬੀ ਭਾਸ਼ਾ ਲਈ ਨਵੀਂ ਜਾਨ
ਪਵੇਗਾ, ਜਿੱਥੇ ਕਿ ਕਦੇ ਕਾਂ ਬੋਲਦੇ ਹਨ, ਅੱਜ ਪਾਣੀ
ਦੀਆਂ ਛੱਲਾਂ ਦੀ ਮਹਿਕ, ਉੱਤੇ ਉੱਡਦੀ ਹਲਕੀ
ਹਲਕੀ ਧੁੰਦ ਆਉਣ ਵਾਲੇ ਚੰਗੇ ਵੇਲੇ ਦਾ ਸੰਕੇਤ ਹਨ, ਕੁਝ ਲਿੰਕ
ਅੱਪਡੇਟ ਵੀ ਕੀਤੇ ਹਨ:

ਇੱਕ ਗਲ਼ ਕਿ ਅਜੇ ਵੀ ਕੋਈ ਅਖ਼ਬਾਰ ਯੂਨੀਕੋਡ ਪੰਜਾਬੀ
ਵਿੱਚ ਪੰਜਾਬ ਤੋਂ ਨਹੀਂ ਚਲਿਆ (ਜੇ ਟ੍ਰਿਬਿਊਨ ਵਾਲੇ
ਆਪਣੇ ਵਾਅਦੇ ਉੱਤੇ ਪੱਕੇ ਰਹੇ ਤਾਂ ਜਨਵਰੀ ਵਿੱਚ ਹੋਣਾ
ਚਾਹੀਦਾ ਹੈ)

ਹਾਲ ਦੀ ਘੜੀ ਤਾਂ ਬਲੌਗ ਹੀ ਪੰਜਾਬੀ ਯੂਨੀਕੋਡ ਦੀ
ਮੋਢੀ ਕਤਾਰ 'ਚ ਹਨ:
ਵਰਡਪਰੈੱਸ ਵਲੋਂ
ਮੈਂ ਵੀ ਬਲੌਗ ਬਣਾਉਣ ਦੀ ਕੋਸ਼ਿਸ਼ ਕਰਾਂਗਾ, ਪਰ ਪੂਰਾ
ਕਦੋਂ ਤੱਕ ਕਰਦਾ ਹਾਂ, ਪਤਾ ਨੀਂ

14 June, 2007

ਪੁੱਤ ਪਰਦੇਸੀ

ਪਤਾ ਨੀਂ ਕਿੱਥੋਂ ਮੈਨੂੰ ਕੁਝ ਬੋਲ ਲੱਭੇ, ਜੋ ਸਚਾਈ ਬਿਆਨ ਕਰਦੇ ਹਨ ਅੱਜ ਦੇ
ਨੌਜਵਾਨਾਂ ਦੀ, ਤੁਹਾਡੇ ਨਾਲ ਸਾਂਝੇ ਕਰਦਾ ਹਾਂ
----------
ਡਾਲਰਾਂ ਦੀਆਂ ਮਿੱਠੀਆਂ ਜੇਲ੍ਹਾਂ ਵਿੱਚ ਫਸੇ, ਹੁਣ ਲੜਦੇ ਹਾਂ ਕੇਸ ਤਕਦੀਰਾਂ ਦੇ....

ਔਖੇ ਵੇਲੇ ਯਾਦ ਕਰ ਲਈ ਦਾ ਆਪਣਿਆਂ ਨੂੰ, ਤੇ ਕਰ ਲਈਦੇ ਯਾਦ ਬੋਲ ਫਕੀਰਾਂ ਦੇ....

ਜਿਹੜੇ ਘੁੰਮਦੇ ਸੀ ਸਾਰੀ ਸਾਰੀ ਰਾਤ, ਹੁਣ ਅਸੀਂ ਉਹ ਨਾ ਰਹੇ....

ਜਿਹੜੇ ਸੌਂਦੇ ਸੀ ਸਾਰਾ ਸਾਰਾ ਦਿਨ, ਹੁਣ ਅਸੀਂ ਉਹ ਨਾ ਰਹੇ....


ਖੌਰੇ ਕਦੋਂ ਜਾਗ ਜਾਣ , ਇਹ ਭਾਗ ਸਾਡੇ ਸੁੱਤੇ....

Canada ਦਾ VISA ਲਿਆ STUDY BASE ਉੱਤੇ.....



ਸਾਨੂੰ ਵੀ ਵਤਨ ਦੀ ਯਾਦ ਆਉਂਦੀ ਰਹਿੰਦੀ ਏ , ਜਦ ਵੀ ਸੁਪਨੇ ਵਿੱਚ ਮਾਂ ਕੋਈ ਤਰਲੇ ਪਾਉਂਦੀ ਰਹਿੰਦੀ ਏ.....

ਸੱਜਣ-ਬੇਲੀ-ਯਾਰ ਤਾਂ ਚੇਤੇ ਆ ਹੀ ਜਾਂਦੇ ਨੇ, ਭੈਣ-ਭਰਾ ਦੇ ਪਿਆਰ ਵੀ ਚੇਤੇ ਆ ਹੀ ਜਾਂਦੇ ਨੇ.........

Canada ਵਰਗਾ ਦੇਸ਼ ਤਾਂ ਦਿੱਲ ਖਿੱਚਦਾ ਜ਼ਰੂਰ ਹੈ,ਪਰ ਆਪਣੇ ਵਤਨ ਦੀ ਮਿੱਟੀ ਦਾ ਕੁਝ ਵੱਖਰਾ ਸਰੂਰ ਹੈ

ਗੋਰੇ-ਕਾਲ਼ੇ ਲੋਕ ਇਸ ਮੁਲਕ 'ਚ ਪਾਏ ਜਾਂਦੇ ਨੇ,NIGHT SHIFTS ਲਗਾ ਕੇ ਯਾਰੋ DOLLAR ਕਮਾਏ ਜਾਂਦੇ ਨੇ ......

ਡੌਲਰਾਂ ਦੀਆਂ ਮਿੱਠੀਆਂ ਜੇਲਾਂ ਦੇ ਕੈਦੀ ਅਸੀ ਬਣਕੇ ਰਹਿ ਗਏ,
ਦੇਸ ਹੋਇਆ ਪਰਦੇਸ ਜਾਂਦੀ ਵਾਰ AIRPORT ਤੇ ਕਹਿ ਗਏ.........
----------