18 February, 2010

ਕਿਸਾਨੀ ਇਨਕਲਾਬੀ ਸੰਘਰਸ਼ ਵਿੱਚ ਇੱਕ ਹੋਰ ਸ਼ਹਾਦਤ - ਸਾਧੂ ਸਿੰਘ ਤਖ਼ਤੂਪੁਰਾ

16 ਫਰਵਰੀ ਨੂੰ ਅੰਮ੍ਰਿਤਸਰ ਜ਼ਿਲੇ ਚੋਗਾਵਾਂ ਬਲਾਕ ਦੇ ਸਰਹੱਦੀ ਪਿੰਡ  ਭਿੰਡੀ ਔਲਖ ਵਿਖੇ
15-20 ਹਥਿਆਰਬੰਦ ਬੰਦਿਆਂ ਨੇ ਟਾਟਾ ਸੂਮੋ ਉੱਤੇ ਬੜੀ ਫਿਲਮੀ ਅੰਦਾਜ਼ ਵਿੱਚ ਹਮਲਾ ਕੀਤਾ
ਅਤੇ ਉਸ ਵਿੱਚ ਮੌਜੂਦ ਇੱਕ ਵਿਅਕਤੀ ਨੂੰ ਮਾਰ ਅਤੇ ਬਾਕੀਆਂ ਨੂੰ ਜ਼ਖਮੀ ਕਰ ਦਿੱਤਾ। ਪੰਜਾਬ
ਵਿੱਚ ਇਹ ਘਟਨਾਵਾਂ ਭਾਵੇਂ ਰੋਜ਼ ਹੁੰਦੀਆਂ ਹੋਣ, ਪਰ ਇਹ ਹੋਈ ਘਟਨਾ ਨੇ ਅਜਿਹਾ ਦੁਖਾਂਤ
ਪੈਦਾ ਕੀਤਾ ਹੈ, ਜੋ ਆਉਣ ਵਾਲੇ ਸਮੇਂ ਵਿੱਚ ਸ਼ਾਇਦ ਬਹੁਤ ਬਦਲਾਅ ਪੈਦਾ ਕਰੇ।
 ਮਰ ਵਾਲਾ ਵਿਅਕਤੀ ਸਾਧੂ ਸਿੰਘ ਤਖ਼ਤੂਪੁਰਾ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ
ਜਰਨਲ ਸਕੱਤਰ ਸੀ। ਉਹ ਵਿਅਕਤੀ ਜਿਸ ਦਾ ਨਾਂ ਕਿਸਾਨ ਸੰਘਰਸ਼ਾਂ ਵਿੱਚ ਬੜੇ ਹੀ ਮਾਣ
ਸਤਿਕਾਰ ਨਾਲ ਲਿਆ ਜਾਂਦਾ ਰਿਹਾ ਹੈ ਅਤੇ ਅੱਗੇ ਵੀ ਲਿਆ ਜਾਂਦਾ ਹੀ ਰਹੇਗਾ। ਮੇਰੀ ਜਾਣ
ਪਛਾਣ ਉਹਨਾਂ ਨਾਲ ਕਰੀਬ ਤਿੰਨ ਕੁਵਰ੍ਹੇ ਪਹਿਲਾਂ ਹੋਈ ਸੀ ਅਤੇ ਮੈਨੂੰ ਉਹਨਾਂ ਦੀ ਸ਼ਖਸ਼ੀਅਤ
ਵਿੱਚ ਹਮੇਸ਼ਾ ਇੰਝ ਦੀ ਖਿੱਚ ਮਹਿਸੂਸ ਹੁੰਦੀ ਰਹੀ ਕਿ ਮੈਂ ਸਦਾ ਮਿਲਣ ਲਈ ਉਤਸੁਕ ਰਿਹਾ।
ਭਾਵੇਂ ਉਹਨਾਂ ਨਾਲ ਮੁਲਾਕਾਤ ਬਹੁਤ ਘੱਟ ਸਮਾਂ ਹੀ ਹੁੰਦੀ (ਜਦੋਂ ਵੀ ਮੈਂ ਪਿੰਡ ਜਾਂਦਾ), ਪਰ
ਉਹਨੇ ਸਮੇਂ ਵਿੱਚ ਵੀ ਉਹਨਾਂ ਦੀ ਗੱਲਾਂ ਦਿਮਾਗ 'ਚ ਚਾਨਣ ਕਰ ਦਿੰਦੀਆਂ, ਛੋਹ ਲੈਂਦੀਆਂ।
  ਮਿੱਠ ਬੋਲੜੇ ਸੁਭਾ, ਚੜ੍ਹਦੀ ਕਲਾ ਵਿੱਚ ਰਹਿਣਾ, ਹਮੇਸ਼ਾ ਕੰਮ ਲਈ ਤਿਆਰ ਰਹਿਣਾ
(ਚੜ੍ਹੇ ਘੋੜੇ ਸਵਾਰ), ਹਮੇਸ਼ਾ ਨਵਾਂ ਸਿੱਖਣ ਦੇ ਚਾਹਵਾਨ, ਸਮੇਂ ਨੂੰ ਬਹਿ ਕੇ ਗੁਜ਼ਾਰਨ
ਦੀ ਬਜਾਏ ਕੁਝ ਕਰਨ 'ਚ ਵਿਸ਼ਵਾਸ਼ ਰੱਖਣ ਵਾਲੇ ਇਹ ਆਗੂ ਨੇ ਬਰਨਾਲੇ ਕੋਲ ਟਰਾਈਜੈਂਟ
ਤੋਂ ਜ਼ਮੀਨ ਛੁਡਵਾਉ ਤੇ ਵਾਜਬ ਮੁੱਲ ਦਿਵਾਉਣ, ਬਿਜਲੀ ਬੋਰਡ ਦੇ ਪ੍ਰਾਈਵੇਟ ਕਰਨ ਦੇ ਵਿਰੁਧ
ਚੰਡੀਗੜ੍ਹ ਧਰਨੇ, ਰੈਲੀਆਂ, ਅੰਮ੍ਰਿਤਸਰ  ਵਿੱਚ ਭੂਮੀ-ਮਾਫੀਏ ਤੋਂ ਮੁਜ਼ਾਰੇ ਕਿਰਸਾਨਾਂ ਨੂੰ
ਜ਼ਮੀਨਾਂ ਦੇ ਹੱਕ ਦਿਵਾਉਣ, ਡੇਰਾਬੱਸੀ ਵਿੱਚ ਸ੍ਰੋਮਣੀ ਕਮੇਟੀ ਦੇ ਮਾਫੀਏ ਤੋਂ ਲੋਕਾਂ ਨੂੰ ਕਬਜ਼ੇ
ਦਿਵਾਉਣ ਵਿੱਚ ਆਪਣੀ ਜਥੇਬੰਦੀ ਨਾਲ ਬਹੁਤ ਵੱਡੀ ਭੂਮਿਕਾ  ਨਿਭਾਈ (ਜਦੋਂ ਤੋਂ ਮੈਂ ਜਾਣਦਾ ਹਾਂ)।

 ਅੰਮ੍ਰਿਤਸਰ ਵਿੱਚ ਕੋਈ ਵੀ ਕਿਸਾਨ ਜਥੇਬੰਦੀ ਨਹੀਂ ਸੀ, ਉਥੇ ਖਾਲਸਤਾਨੀ ਲਹਿਰ ਦੌਰਾਨ
ਪੁਲਿਸ ਵਲੋਂ ਕਤਲ ਕੀਤੇ ਗਏ ਹਜ਼ਾਰਾਂ ਬੇਕਸੂਰ ਨੌਜਵਾਨਾਂ ਦੇ ਕਰਕੇ ਪਿੰਡਾਂ ਵਿੱਚ ਪੁਲਿਸ ਦੀ
ਦਹਿਸ਼ਤ ਹਾਲੇ ਵੀ ਕਾਇਮ ਹੈ। ਬਾ-ਜੀ (ਸਾਧੂ ਸਿੰਘ ਤਖਤੂਪੁਰਾ) ਦੇ ਦੱਸਣ ਦੇ ਮੁਤਾਬਕ,
ਉਹ ਲੋਕਾਂ ਦੀ ਭੂਮੀ ਮਾਫੀਆ ਅਤੇ ਪੁਲਿਸ ਦੇ ਵਿਰੁਧ ਕੁਝ ਵੀ ਕਰਨ ਦੀ ਹਿੰਮਤ ਨਹੀਂ ਸੀ, ਭਾਵੇਂ
ਉਹ ਕਿਸਾਨ ਯੂਨੀਅਨੇ ਦੇ ਆਗੂਆਂ ਦੀ ਗੱਲਾਂ ਨਾਲ ਸਹਿਮਤ ਵੀ ਹੁੰਦੇ। ਪਿਛਲੇ ਕਈ
ਮਹੀਨਿਆਂ ਦੀ ਮਿਹਨਤ ਨਾਲ ਬਾਜੀ ਹੋਰਾਂ ਨੇ ਉਹਨਾਂ ਨੂੰ ਕਬਜ਼ੇ ਦੁਆਵੇ, ਕਾਗਜ਼ਾਂ 'ਚ ਜ਼ਮੀਨਾਂ
ਨਾਂ ਕਰਵਾਈਆਂ। ਪਿਛਲੇ ਦਿਨੀਂ ਪੁਲਿਸ ਹਿਰਾਸਤ (ਨਜ਼ਾਇਜ਼) ਵਿੱਚ ਕਿਸਾਨ ਦੀ ਮੌਤ
ਹੋ ਗਈ, ਉਹ ਵਾਸਤੇ ਥਾਣੇਦਾਰ ਨੂੰ ਸਸਪੈਂਡ ਕੀਤਾ ਹੋਇਆ ਸੀ। ਉਸ ਦੀ ਗ੍ਰਿਫਤਾਰੀ ਲਈ ੨੧
ਤਾਰੀਖ ਨੂੰ ਇੱਕਠ ਵਾਸਤੇ ਇਹ ਆਗੂ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਇੱਕਠਾ ਕਰ ਰਹੇ ਸਨ,
ਇਸ ਲੜੀ ਦੇ ਤਹਿਤ ਜਦੋਂ ਉਹ ਔਲਖ ਪਿੰਡ 'ਚ ਮੀਟਿੰਗ ਕਰਕੇ ਨਿਕਲੇ ਤਾਂ ਪਿੰਡ ਤੋਂ ਕੁਝ ਕੁ  ਦੂਰ
ਇੱਕ ਮੋਟਰਸਾਈਕਲ ਸਵਾਰ ਨੇ ਉਹਨਾਂ ਨੂੰ ਅੱਗੇ ਤੋਂ ਰੋਕ ਲਿਆ ਅਤੇ ਪਿੱਛੇ ਤੋਂ ਗੁੰਡਿਆਂ ਨੇ ਹਮਲਾ
ਕਰ ਦਿੱਤਾ,ਜਿਸ ਦਾ ਨਿਸ਼ਾਨ ਕਿਸਾਨ ਆਗੂ ਨੂੰ ਬਣਾਇਆ ਗਿਆ, ਦੱਸਣ ਦੇ ਮੁਤਾਬਕ
ਜਦੋਂ ਮਰਨ ਦੀ ਤਸੱਲੀ ਹੋ ਗਈ ਤਾਂ ਉਹ ਮਾਰਨੋਂ ਹਟੇ। ਇਹ ਸਾਰੇ ਮਾਮਲੇ ਵਿੱਚ ਉੱਥੋਂ
ਦੇ ਸੀਨੀਅਰ ਅਕਾਲੀ ਆਗੂ ਵੀਰ ਸਿੰਘ ਲੋਪੋਕੇ, ਥਾਣੇਦਾਰ ਰਛਪਾਲ ਸਿੰਘ ਬਾਬਾ
(ਲੋਪੋਕੇ ਦਾ ਰਿਸ਼ਤੇਦਾਰ), ਚੇਅਰਮੈਨ ਸਰਬਜੀਤ ਸਿੰਘ ਲੋਧੀਗੁਜਰ,  ਕੁਲਵਿੰਦਰ ਸਿੰਘ
ਵਿਰੁਧ ਧਾਰਾ 302, 307,324,323,148,149  ਅਤੇ 120B IPC ਦੇ ਤਹਿਤ ਕੇਸ
ਦਰਜ ਕੀਤਾ ਗਿਆ ਹੈ।

ਉਹਨਾਂ ਦੀ ਇਹ ਸ਼ਹਾਦਤ ਪੰਜਾਬ ਵਿੱਚ ਫੈਲੀ ਗੁੰਡਾਗਰਦੀ ਦਾ ਸਬੂਤ ਹੈ, ਜਿੱਥੇ ਰੈਲੀ
ਕਰਨ ਲਈ ਨਿਹੱਥੇ ਲੋਕਾਂ ਉੱਤੇ ਗੁੰਡੇ ਦਿਨ-ਦਿਹਾੜੇ ਹਮਲੇ ਕਰਨ ਤੋਂ ਝਿਜਕਦੇ ਨਹੀਂ,
ਉੱਥੇ ਹੀ ਸਿਆਸੀ ਲੀਡਰਾਂ ਵਲੋਂ ਲੋਕਾਂ ਨੂੰ ਲੁੱਟਣ ਅਤੇ ਕਤਲ ਕਰਨ ਤੱਕ
ਦੀਆਂ ਵਾਰਦਾਤਾਂ ਹੋ ਰਹੀਆਂ ਹਨ।

ਹੁਣ ਇਹ ਸਭ ਦੇ ਬਾਵਜੂਦ ਪੁਲਿਸ ਕੀ ਕਰਵਾਈ  ਕਰਦੀ ਹੈ ਅਤੇ ਉਹ ਜਥੇਬੰਦੀ
ਕੀ ਕਾਰਵਾਈ ਕਰਦੀ ਹੈ, ਕੀ ਉਹ ਪਿੱਛੇ ਹੱਟ ਜਾਣਗੇ? ਜਾਂ ੨੧ ਫਰਵਰੀ ਦਾ
ਘਿਰਾਓ ਹੋਵੇਗਾ, ਜਿਸ ਖਾਤਰ ਇਹ ਸ਼ਹਾਦਤ ਹੋਇਆ ਹੈ? ਕੀ ਅੰਮ੍ਰਿਤਸਰ
ਦੇ ਇਲਾਕੇ ਵਿੱਚ ਛੋਟੇ ਕਿਸਾਨਾਂ ਲਈ ਜਥੇਬੰਦੀ ਆਪਣਾ ਕੰਮ ਜਾਰੀ ਰੱਖ ਸਕੇਗੀ?
ਤੇ ਕੀ ਇਹ ਪੁਲਿਸ ਦਹਿਸ਼ਤ ਦੀ ਛਾਂ ਉੱਥੋਂ ਦੂਰ ਹੋ ਸਕੇਗੀ? ਇਹ ਸਭ ਗੱਲਾਂ
ਆਉਣ ਵਾਲੇ ਭਵਿੱਖ ਵਿੱਚ ਹਨ।

ਕੁਰਬਾਨੀ ਕਰਨ ਵਾਲੇ, ਆਪਣੇ ਕਹਿਣੀ ਤੇ ਕਰਨੀ ਦੇ ਪੂਰੇ, ਲੋਕਾਂ ਨੂੰ ਜ਼ਿੰਦਗੀ
ਸਮਰਪਿਤ ਕਰਨ ਵਾਲੇ, ਮੌਤ ਤੋਂ ਨਾ ਡਰਨ ਵਾਲੇ ਸੂਰਮੇ ਵਿਰਲੇ ਹੀ ਜੰਮਦੀਆਂ
ਨੇ ਮਾਵਾਂ ਅਤੇ ਮੈਨੂੰ ਇਹ ਮਾਣ ਰਹੇਗਾ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਉਹਨਾਂ
ਨੂੰ ਨੇੜਿਓ ਵੇਖਿਆ (ਅਤੇ ਦੁੱਖ ਵੀ ਸ਼ਾਇਦ ਕਿ ਇਹ ਸਮਾਂ ਬਹੁਤ ਹੀ ਥੋੜ੍ਹਾ ਰਿਹਾ)....
ਮੇਰੀ ਜ਼ਿੰਦਗੀ ਵਿੱਚੋਂ ਹੁਣ ਇੱਕ ਚਾਨਣ ਮੁਨਾਰਾ ਅਲੋਪ ਹੋ ਗਿਆ

ਬੜੇ ਦੁੱਖ ਅਤੇ ਤਕਲੀਫ਼ ਨਾਲ
ਆਲਮ...
ਅੰਗਰੇਜ਼ੀ ਅਖ਼ਬਾਰ ਦੀ ਖ਼ਬਰ

No comments: