Showing posts with label ਮੋਬਾਇਲ. Show all posts
Showing posts with label ਮੋਬਾਇਲ. Show all posts

16 October, 2013

ਸੈਮਸੰਗ ਵਲੋਂ ਮੋਬਾਇਲਾਂ ਵਿੱਚ ਪੰਜਾਬੀ ਵਿੱਚ..ਪੰਜਾਬੀ ਇੰਟਰਫੇਸ ਦੀ ਝਲਕ ਤੇ ਪੜਤਾਲ


      ਇਹ ਸ਼ਾਇਦ ਪਹਿਲੀ ਵਾਰ ਹੋਵੇਗਾ ਕਿ ਕਿਸੇ ਮੋਬਾਇਲ ਕੰਪਨੀ ਵਲੋਂ ਸਮਾਰਟ ਮੋਬਾਇਲ ਦਾ ਪੂਰਾ (ਯੂਜ਼ਰ) ਇੰਟਰਫੇਸ (GUI) ਪੰਜਾਬੀ ਵਿੱਚ ਦਿੱਤਾ ਜਾ ਰਿਹਾ ਹੋਵੇ ਅਤੇ ਇਹ ਬਹੁਤ ਹੀ ਵੱਡੀ ਖ਼ਬਰ ਹੋਣੀ ਚਾਹੀਦੀ ਹੈ (ਪਰ ਜਿਵੇਂ ਪੰਜਾਬੀ ਭਾਸ਼ਾ ਨਾਲ  ਪੰਜਾਬੀ ਕਰਦੇ ਆਏ ਹਨ, ਬਹੁਤੇ ਪੰਜਾਬੀਆਂ ਨੂੰ ਇਸ ਦੀ ਜਾਣਕਾਰੀ ਵੀ ਨਹੀਂ ਹੋਣੀ ਹੈ।)

 ਸੈਮਸੰਗ ਮੋਬਾਇਲ ਕੰਪਨੀ ਨੇ ਆਪਣੇ ਐਂਡਰਾਇਡ (ਗਲੈਕਸੀ ਆਦਿ) ਮੋਬਾਇਲ ਫੋਨਾਂ ਵਿੱਚ ਐਂਡਰਾਇਡ 4.2.x ਨਾਲ ਪੰਜਾਬੀ ਅਨੁਵਾਦ ਹੋਰ 9 ਭਾਰਤੀ ਭਾਸ਼ਾਵਾਂ ਨਾਲ ਉਪਲੱਬਧ ਕਰਵਾਇਆ ਹੈ। ਇਹ ਭਾਰਤ ਵਿੱਚ ਖਰੀਦੇ ਗਏ ਮੋਬਾਇਲਾਂ ਵਿੱਚ ਸਿੱਧੇ ਹੀ ਸਾਫਟਵੇਅਰ ਅੱਪਡੇਟ ਕਰਨ ਨਾਲ ਮਿਲ ਜਾਂਦਾ ਹੈ (ਜੇ ਤੁਸੀਂ ਐਂਡਰਾਇਡ 4.2.x ਪ੍ਰਾਪਤ ਕੀਤਾ ਹੈ। (ਸੈਮਸੰਗ ਨੇ ਇਸ ਜਾਣਕਾਰੀ ਲਈ ਵੈੱਬ ਪੇਜ਼ ਵੀ ਦਿੱਤਾ ਹੈ।)

 ਕੰਪਿਊਟਰ ਦੀ ਵਰਤੋਂ ਭਾਵੇਂ ਸੀਮਿਤ ਹੋਵੇ ਭਾਰਤ ਵਿੱਚ, ਪਰ ਮੋਬਾਇਲਾਂ ਦੀ ਵਰਤੋਂ ਬੇਸ਼ੁਮਾਰ ਹੈ ਅਤੇ ਮੱਧ ਦਰਜੇ ਤੋਂ ਵੱਡੇ ਦਰਜੇ ਦੇ ਮੋਬਾਇਲਾਂ ਦੀ ਵਰਤੋਂ ਚੰਗੀ ਹੈ। ਪਿੰਡਾਂ ਵਿੱਚ ਫੇਸਬੁੱਕ ਨੇ ਜਗ੍ਹਾ ਬਣਾ ਲਈ ਹੈ ਅਤੇ ਸ਼ੋਸ਼ਲ ਨੈੱਟਵਰਕਿੰਗ ਵਿੱਚ ਪੰਜਾਬੀ ਲਿਖੀ ਜਾਣ ਲੱਗੀ ਹੈ, ਇਸਕਰਕੇ ਮੋਬਾਇਲ ਕੰਪਨੀਆਂ ਨੂੰ ਹੁਣ ਮੋਬਾਇਲਾਂ ਵਿੱਚ ਪੰਜਾਬੀ ਫੋਂਟ ਦੇਣੇ ਤਾਂ ਮੁੱਢਲੀ ਜ਼ਰੂਰਤ ਹੈ (ਅਤੇ ਗੂਗਲ ਐਂਡਰਾਇਡ ਨੂੰ ਛੱਡ ਕੇ) ਲਗਭਗ ਸਭ ਕੰਪਨੀਆਂ ਨੇ ਕੋਸ਼ਿਸ਼ ਚੰਗੀ ਕੀਤੀ ਹੈ। ਸੈਮਸੰਗ ਵਲੋਂ ਇੰਟਰਫੇਸ ਪੰਜਾਬੀ ਵਿੱਚ ਉਪਲੱਬਧ ਕਰਵਾਉਣਾ ਵੱਡਾ ਹੰਭਲਾ ਹੈ।

 ਕਿਸੇ ਵੀ ਮੋਬਾਇਲ (ਜਾਂ ਕੰਪਿਊਟਰ ਵਿੱਚ) ਪੰਜਾਬੀ ਵੇਖਣ ਅਤੇ ਪੜ੍ਹਨ ਲਈ ਅੱਗੇ ਦਿੱਤੇ ਪੜਾਅ ਹਨ, ਜੋ ਲੜੀਵਾਰ ਪੂਰੇ ਹੋਣੇ ਲਾਜ਼ਮੀ ਹਨ:
  • ਫੋਂਟ
  • ਰੈਡਰਿੰਗ (ਫੋਂਟ ਠੀਕ ਤਰ੍ਹਾਂ ਵੇਖਾਈ ਦੇਣ, ਸਿਹਾਰੀਆਂ ਅੱਖਰ ਤੋਂ ਪਿੱਛੇ ਨਾ ਹੋਣ, ਪੈਰ ਵਿਚਲੇ ਅੱਖਰ ਆਪਣੀ ਥਾਂ ਉੱਤੇ ਹੋਣ)
  • ਪੰਜਾਬੀ ਵਿੱਚ ਲਿਖਣਾ (ਇੰਪੁੱਟ)
  • ਇੰਟਰਫੇਸ ਅਨੁਵਾਦ
ਸੈਮਸੰਗ ਐਂਡਰਾਇਡ ਫੋਨਾਂ ਵਿੱਚ ਹੁਣ ਤੁਸੀਂ ਇਹ ਚਾਰੇ ਪੜਾਅ ਪੂਰੇ ਹੋ ਚੁੱਕ ਹੋਣ ਕਰਕੇ, ਤੁਸੀਂ ਪੰਜਾਬੀ ਭਾਸ਼ਾ ਵਿੱਚ ਵਰਤਣ ਦਾ ਪੂਰਾ ਆਨੰਦ ਲੈ ਸਕਦੇ ਹੋ। ਇਸ ਤੋਂ ਇਲਾਵਾ ਬਾਕੀ ਓਪਰੇਟਿੰਗ ਸਿਸਟਮਾਂ ਬਾਰੇ ਜਾਣਕਾਰੀ ਅੱਗੇ ਸਾਰਣੀ ਵਿੱਚ ਹੈ:


ਓਪਰੇਟਿੰਗ ਸਿਸਟਮ
ਫੋਂਟ
ਰੈਡਰਿੰਗ
ਇੰਪੁੱਟ
ਅਨੁਵਾਦ
 ਗੂਗਲ ਐਂਡਰਾਇਡ
 ਨਹੀਂ
 ਹਾਂ*
 ਨਹੀਂ
 ਨਹੀਂ
 Apple iOS 7
 ਹਾਂ
 ਹਾਂ
 ਨਹੀਂ
 ਨਹੀਂ
 Windows Mobile 8
ਹਾਂ
ਹਾਂ
 ਨਹੀਂ
 ਨਹੀਂ
ਸੈਮਸੰਗ ਐਂਡਰਾਇਡ (4.2.*)
ਹਾਂ
ਹਾਂ
ਹਾਂ
ਹਾਂ
ਬਲੈਕਬੇਰੀ 10.x
ਹਾਂ
ਹਾਂ
ਨਹੀਂ
ਨਹੀਂ
  (* ਰੈਡਰਿੰਗ ਲਈ ਵਰਤਿਆ ਜਾਣ ਵਾਲਾ ਇੰਜਣ ਹਰਫ਼ਬਜ਼ ਪੰਜਾਬੀ ਲਈ ਸਹਿਯੋਗ ਹੈ)

 ਜਿਵੇਂ ਕਿ ਤੁਸੀਂ ਸੂਚੀ ਵਿੱਚ ਵੇਖ ਸਕਦੇ ਹੋ, ਸਭ ਤੋਂ ਬੁਰਾ ਹਾਲ ਗੂਗਲ ਐਂਡਰਾਇਡ ਦਾ ਹੈ, ਜਿਸ ਨੇ ਹਾਲੇ ਤੱਕ ਪੰਜਾਬੀ ਫੋਂਟ ਦੇਣ ਵੀ ਦੇਣ ਦੀ ਖੇਚਲ ਨਹੀਂ ਕੀਤੀ ਹੈ (ਭਾਵੇਂ ਕਿ ਸੈਂਕੜੇ ਭਾਰਤੀ ਇੰਜਨੀਅਰ ਹੋਣਗੇ ਅਤੇ ਲੱਖਾਂ ਪੰਜਾਬੀ ਵਰਤਣ ਵਾਲੇ ਵੀ)।

 ਇੱਥੇ ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਐਂਡਰਾਇਡ ਨਾਲ ਗੂਗਲ ਸ਼ਬਦ ਕਿਉਂ ਵਰਤ ਰਿਹਾ ਹਾਂ।
 ਐਂਡਰਾਇਡ ਨੂੰ ਮੂਲ ਰੂਪ ਵਿੱਚ ਗੂਗਲ ਵਲੋਂ ਹੀ ਤਿਆਰ ਕੀਤਾ ਜਾਂਦਾ ਹੈ। ਉਹ ਬੇਸ ਓਪਰੇਟਿੰਗ ਸਿਸਟਮ ਤਿਆਰ ਕਰਦੀ ਹੈ, ਉਸ ਵਿੱਚ ਫੋਂਟ, ਫੀਚਰ, ਸਹੂਲਤਾਂ, ਜੋ ਗੂਗਲ ਨੇ ਪਾ ਦਿੱਤੀਆਂ, ਉਹ ਲਗਭਗ ਸਾਰੇ ਮੋਬਾਇਲ ਨਿਰਮਾਤਾ ਕੰਪਨੀਆਂ ਦੇ ਫੋਨਾਂ ਵਿੱਚ ਮਿਲਦੀਆਂ ਹਨ। ਜਿਵੇਂ ਕਿ ਜੇ ਪੰਜਾਬੀ ਫੋਂਟ ਗੂਗਲ ਐਂਡਰਾਇਡ ਦੇ 4.3 ਵਰਜਨ ਵਿੱਚ ਦੇ ਦਿੰਦੀ ਹੈ ਤਾਂ ਫੇਰ ਤੁਸੀਂ 4.3 ਐਂਡਰਾਇਡ ਵਰਜਨ ਨਾਲ ਜਿਸ ਵੀ ਕੰਪਨੀ ਦਾ ਖਰੀਦੋਗੇ, ਤੁਸੀਂ ਪੰਜਾਬੀ ਨੂੰ ਫੋਨ ਉੱਤੇ ਪੜ੍ਹ ਸਕਦੇ ਹੋ (ਫੇਸਬੁੱਕ, ਵੈੱਬਸਾਈਟ, ਸੁਨੇਹੇ ਆਦਿ), ਪਰ ਜੇ ਗੂਗਲ ਫੋਂਟ ਨਹੀਂ ਦਿੰਦੀ ਤਾਂ ਇਹ ਫੋਂਟ ਉਪਲੱਬਧ ਕਰਵਾਉਣ ਦੀ ਜ਼ਿੰਮੇਵਾਰੀ ਫੋਨ ਬਣਾਉਣ ਵਾਲੀ ਕੰਪਨੀ (ਜਿਵੇਂ ਕਿ ਸੈਮਸੰਗ, ਸੋਨੀ, ਐਚਟੀਸੀ ਆਦਿ) ਦੀ ਹੋ ਜਾਂਦੀ ਹੈ, ਜਿਸ ਨੂੰ ਉਹ ਆਪਣੀ ਸਹੂਲਤ, ਸੋਚ ਤੇ ਉਪਲੱਬਧ ਸਰੋਤਾਂ ਮੁਤਾਬਕ ਦਿੰਦੀ ਹੈ।
 ਇਸਕਰਕੇ ਜੇ ਤੁਹਾਡੇ ਫੋਨ ਵਿੱਚ ਪੰਜਾਬੀ ਨਹੀਂ ਚੱਲਦੀ ਹੈ ਤਾਂ ਇਸ ਦਾ ਪੂਰਾ ਦੋਸ਼ ਤੁਹਾਨੂੰ ਗੂਗਲ ਨੂੰ ਦੇਣਾ ਚਾਹੀਦਾ ਹੈ, ਕਿਉਂਕਿ ਦੱਖਣੀ ਭਾਰਤ ਦੀਆਂ ਲਗਭਗ ਸਾਰੀਆਂ ਭਾਸ਼ਾਵਾਂ ਲਈ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਪੰਜਾਬੀ ਨੂੰ ਪੂਰੀ ਤਰ੍ਹਾਂ ਅਣਡਿੱਠਾ ਕਰ ਦਿੱਤਾ ਹੈ, ਜਦੋਂ ਲਈ ਮੁਕਤ (Open Source) ਫੋਂਟ ਪੰਜਾਬੀ ਵਿੱਚ ਉਨੇ ਹੀ ਉਪਲੱਬਧ ਹਨ, ਜਿੰਨੇ ਕਿ ਹੋਰ ਭਾਸ਼ਾਵਾਂ ਵਿੱਚ।

ਇਸਕਰਕੇ ਬਾਕੀ ਦੇ ਲੇਖ ਵਿੱਚ ਮੈਂ ਐਂਡਰਾਇਡ ਸ਼ਬਦ ਸੈਮਸੰਗ ਐਡਰਾਇਡ ਲਈ ਵਰਤਾਂਗਾ, ਜਿਸ ਵਿੱਚ ਪੰਜਾਬੀ ਭਾਸ਼ਾ ਉਪਲੱਬਧ ਹੈ।

(ਅੱਗੇ ਭਾਰਤੀ ਭਾਸ਼ਾਵਾਂ ਦੀ ਸੂਚੀ ਹੈ, ਜੋ ਫੋਨ ਵਿੱਚ ਵੇਖਾਈ ਦਿੰਦੀਆਂ ਹਨ।)



ਜੇ ਤੁਸੀਂ ਆਪਣੇ ਫੋਨ ਵਿੱਚ ਪੰਜਾਬੀ ਅਨੁਵਾਦ ਨੂੰ ਵੇਖਣਾ ਚਾਹੁੰਦੇ ਹੋ ਤਾਂ (ਸਿਰਫ ਭਾਰਤ ਵਿੱਚੋਂ ਖਰੀਦੇ ਮੋਬਾਇਲਾਂ ਲਈ)
Settings-> My decie-> (Input and control section) - Language and input-> Language-> Punjabi


ਜੇ ਤੁਸੀਂ ਆਪਣੇ ਫੋਨ ਵਿੱਚ ਪੰਜਾਬੀ ਲਿਖਣੀ (ਅੰਗਰੇਜ਼ੀ ਦੇ ਨਾਲ ਨਾਲ) ਚਾਹੁੰਦੇ ਹੋ ਤਾਂ (Android 4.3 ਨਾਲ ਸਾਰੇ ਸੈਮਸੰਗ ਮੋਬਾਇਲਾਂ ਵਿੱਚ)

Settings-> My device-> (Input and control section) - Language and input->(Keyboards and input methods section) - Samsung keyboard -> (General section) - Input Languages (Popup message ask to update langauge data, press Yes) - > Punjabi



ਸੈਮਸੰਗ ਵਲੋਂ ਦਿੱਤੇ ਐਂਡਰਾਇਡ ਵਿੱਚ ਜਿੱਥੇ ਪੰਜਾਬੀ ਉਪਲੱਬਧ ਕਰਵਾਈ ਗਈ ਹੈ, ਉੱਥੇ ਪੰਜਾਬੀ ਲਿਖਣ ਦੀ ਸਹੂਲਤ ਤਾਂ ਦਿੱਤੀ ਹੀ ਜਾ ਰਹੀ ਹੈ।

ਅਨੁਵਾਦ ਵਰਤਣ ਵਿੱਚ ਸਭ ਤੋਂ ਵੱਧ ਸਮੱਸਿਆ ਅਣਜਾਣ ਸ਼ਬਦਾਂ ਦੀ ਵਰਤੋਂ (ਜੋ ਹਿੰਦੀ ਜਾਂ ਅੰਗਰੇਜ਼ੀ ਤੋਂ ਲੋੜ ਤੋਂ ਵੱਧ ਕਾਪੀ ਕਰ ਕੀਤੇ ਗਏ ਹਨ) ਜਾਂ ਸ਼ਬਦ ਜੋੜਾਂ ਦੀ ਗਲਤੀ ਹੈ, ਜੋ ਕਿ ਸੀਮਿਤ ਹੈ, ਪਰ ਗੰਭੀਰ ਹੋਣ ਕਰਕੇ ਰੜਕਦੀ ਹੈ।

ਜਿਵੇਂ
Call  - ਕਾੱਲ - ਕ + ਾ + ੱ + ਲ    (ਪੂਰੇ ਅਨੁਵਾਦ ਵਿੱਚ ਕੰਨੇ ਨਾਲ ਅੱਧਕ ਪਾਉਣਾ ਆਮ ਹੈ, ਜਦੋਂ ਕਿ ਪੰਜਾਬੀ ਵਿੱਚ ਇਹ ਵਰਤੋਂ ਹੁੰਦੀ ਨਹੀਂ ਹੈ)  (ਹਿੰਦੀ ਤੋਂ ਕਾਪੀ ਕਰਨ ਦੌਰਾਨ ਇਹ ਸਮੱਸਿਆ ਆਮ ਹੁੰਦੀ ਜਾ ਰਹੀ ਹੈ)
Showers -  ਸ਼ਾਵਰਸ  (ਸ਼ਬਦ ਹੋ ਵੀ ਉਲਝਣ ਪੈਦਾ ਕਰਦਾ ਹੈ, ਜਦੋਂ ਮੌਸਮ ਅਨੁਮਾਣ ਵਿੱਚ ਕਿਤੇ ਹਿੰਦੀ, ਕਿਤੇ ਪੰਜਾਬੀ ਤੇ ਕਿਤੇ ਅੰਗਰੇਜ਼ੀ ਅੱਖਰ ਆ ਜਾਣ)
Applications - ਅਨੁਪ੍ਰਯੋਗ  (ਪਿੰਡਾਂ ਵਿੱਚ ਵੀ ਮੋਬਾਇਲ ਵਰਤਣ ਵਾਲੇ ਐਪਲੀਕੇਸ਼ਨ ਸ਼ਬਦ ਦੀ ਵਰਤੋਂ ਕਰਦੇ ਨੇ)


ਅੱਗੇ ਦਿੱਤੇ ਜਾ ਰਹੇ ਕੁਝ ਚਿੱਤਰਾਂ (ਸਕਰੀਨ-ਸ਼ਾਟ) ਵਿੱਚ ਅਨੁਵਾਦ ਦੀ ਪੜਚੋਲ ਕੀਤੀ ਗਈ ਹੈ। ਟਿੱਪਣੀਆਂ ਇਸਕਰਕੇ ਕੀਤੀਆਂ ਜਾ ਰਹੀਆਂ ਹਨ ਕਿ ਅਨੁਵਾਦ ਵਿੱਚ ਸੁਧਾਰ ਕੀਤਾ ਜਾ ਸਕੇ ਅਤੇ ਬਿਲਕੁਲ ਅਣਜਾਣੇ ਸ਼ਬਦਾਂ ਦੀ ਵਰਤੋਂ ਨੂੰ ਟਾਲਿਆ ਜਾ ਸਕੇ।

 Settings->More


ਵੱਡਾ ਸੁਧਾਰ -  Permissions  - ਅਨੁਮਤੀਆਂ  (ਹਿੰਦੀ ਸ਼ਬਦ) - ਆਗਿਆ (ਮਨਜ਼ੂਰੀਆਂ)
ਵੱਡਾ ਸੁਧਾਰ - Application Manager - ਅਨੁਪ੍ਰਯੋਗ ਪ੍ਰਬੰਧਕ - ਐਪਲੀਕੇਸ਼ਨ ਪਰਬੰਧ/ਮੈਨੇਜਰ



ਕਾਲ ਲਾਗ ਸਕਰੀਨ


ਗੰਭੀਰ ਗਲਤੀ - Unsaved - ਅਣਸੁਰੱਖਿਅਤ (ਅਨੁਵਾਦ ਮੁਤਾਬਕ ਅੰਗਰੇਜ਼ੀ Unsafe) - ਨਾ-ਸੰਭਾਲਿਆ/ਨਾ-ਸਾਂਭਿਆ

ਵੱਡਾ ਸੁਧਾਰ - ਲੌਗਸ - ਲਾਗ (ਬਹੁਵਚਨ ਦਾ ਅਨੁਵਾਦ ਜ਼ਰੂਰੀ ਨਹੀਂ ਕਿ ਬਹੁਵਚਨ ਹੋਵੇ)


ਮੌਸਮ ਐਪਲਿਟ
 ਵੱਡਾ ਸੁਧਾਰ - ਰੁਕ-ਰੁਕ ਕੇ ਬੱਦਲ - ਟੁੱਟਵੀਂ ਬੱਦਲਵਾਈ/ਟੁੱਟਵੇਂ ਬੱਦਲ
ਵੱਡਾ ਸੁਧਾਰ -   ਆਂਸ਼ਿਕ ਬੱਦਲ(ਹਿੰਦੀ ਸ਼ਬਦ) - ਹਲਕੇ ਬੱਦਲ


ਸੈਰ ਦਾ ਸਾਥੀ 
(ਵਾਕਿੰਗ ਮੇਟ ਦਾ ਅਨੁਵਾਦ ਬਹੁਤ ਵਧੀਆ ਕੀਤਾ ਗਿਆ ਹੈ)







ਵੱਡਾ ਸੁਧਾਰ - ਉਦੇਸ਼ (ਹਿੰਦੀ ਸ਼ਬਦ) - ਟੀਚਾ
ਵੱਡਾ ਸੁਧਾਰ - ਸਟੈਪਸ (ਅੰਗਰੇਜ਼ੀ ਸ਼ਬਦ) - ਕਦਮ 
ਵੱਡਾ ਸੁਧਾਰ - ਕੈਲੋਰੀਜ਼ (ਅੰਗਰੇਜ਼ੀ ਸ਼ਬਦ) - ਕੈਲੋਰੀਆਂ (ਹਰ ਪੰਜਾਬੀ ਪੜ੍ਹਨ ਵਾਲਾ ਵਿਦਿਆਰਥੀ ਸਾਇੰਸ ਪੜ੍ਹਦਾ ਹੈ)

ਘੜੀ



ਵੱਡਾ ਸੁਧਾਰ - ਔਸਟ੍ਰੇਲਿਆ - ਆਸਟਰੇਲੀਆ  (ਗੂਗਲ ਸਰਚ ਦੇ ਨਤੀਜੇ ਵੇਖ ਸਕਦੇ ਹੋ)
ਵੱਡਾ ਸੁਧਾਰ -ਟੋਰੋੰਟੋ (ਸ਼ਬਦ-ਜੋੜ ਗਲਤੀ) - ਟੋਰਾਂਟੋ (ਗੂਗਲ ਸਰਚ ਦੇ ਨਤੀਜੇ ਵੇਖ ਸਕਦੇ ਹੋ)
ਵੱਡਾ ਸੁਧਾਰ - ਵੈਨਕਯੂਵਰ - ਵੈਨਕੂਵਰ (ਗੂਗਲ ਸਰਚ ਦੇ ਨਤੀਜੇ ਵੇਖ ਸਕਦੇ ਹੋ)


My Files

ਵੱਡਾ ਸੁਧਾਰ - ਵੀਡਿਓਸ - ਵਿਡੀਓ (ਬਹੁ-ਵਚਨ ਬਣਾਉਣ ਦੀ ਲੋੜ ਨਹੀਂ)
ਪਸੰਦ ਸੁਧਾਰ - ਸਾਰੀਆਂ ਫਾਇਲਾਂ - ਸਭ ਫਾਇਲਾਂ

Settings - Date Usage




ਛੋਟਾ ਸੁਧਾਰ - ਉਪਯੋਗ - ਵਰਤੋਂ (ਠੇਠ ਪੰਜਾਬੀ ਸ਼ਬਦ ਵੱਧ ਜਚਦਾ)


Help



ਵੱਡਾ ਸੁਧਾਰ - ਅਨੁਪ੍ਰਯੋਗ (ਹਿੰਦੀ ਸ਼ਬਦ) - ਐਪਲੀਕੇਸ਼ਨ (ਅੰਗਰੇਜ਼ੀ ਅੱਖਰ ਪੰਜਾਬੀ ਵਿੱਚ ਵੱਧ ਵਰਤੋਂ ਵਿੱਚ ਆਉਂਦਾ ਹੈ)

ਵੱਡਾ ਸੁਧਾਰ - ਔਨਲਾਈਨ - ਆਨਲਾਈਨ 
ਛੋਟਾ ਸੁਧਾਰ - ਅਸੈਸਰੀਜ਼ - ਅਸੈਸਰੀ

Help


ਵੱਡਾ ਸੁਧਾਰ - ਲਾੱਕ (ਸ਼ਬਦ-ਜੋੜ ਗਲਤੀ) - ਲਾਕ
ਵੱਡਾ ਸੁਧਾਰ - ਅਵਰੋਧਿਤ (ਹਿੰਦੀ ਸ਼ਬਦ) - ਮੈਂ ਅੰਗਰੇਜ਼ੀ ਤੋਂ ਬਿਨਾਂ ਨਹੀਂ ਸਮਝ ਸਕਿਆ ਕਿ ਕੀ ਹੈ ਇਹ
ਵੱਡਾ ਸੁਧਾਰ - ਅਧਿਸੂਚਨਾਵਾਂ - ਸੂਚਨਾਵਾਂ
ਵੱਡਾ ਸੁਧਾਰ - ਸ਼ੌਰਟਕਟਾਂ - ਸ਼ਾਰਟਕੱਟਾਂ
ਵੱਡਾ ਸੁਧਾਰ - ਕਾੱਲਾਂ - ਕਾਲਾਂ/ਕਾਲ ਕਰੋ
ਅਨੁਕੂਲਿਤ - ਢੁੱਕਵਾਂ ਬਣਾਉ

Samsung  Store



 ਵੱਡਾ ਸੁਧਾਰ - ਖਰੀਦਿਆ - ਖਰੀਦੇ (ਜੇ ਐਪਲੀਕੇਸ਼ਨ ਹੋਣ ਜਾਂ ਅਨੁਪ੍ਰਯੋਗ ਹੋਣ ਤਾਂ ਵੀ)
ਪਸੰਦ ਸੁਧਾਰ - ਸਾਰੇ - ਸਭ

Settings - > More -> Application Manager



ਵੱਡਾ ਸੁਧਾਰ - ਮੂਵ (Move) - ਭੇਜੋ
ਛੋਟਾ ਸੁਧਾਰ - ਸੰਸਕਰਣ (version) - ਵਰਜਨ (not revision)


MAIL Box



ਗੰਭੀਰ ਗਲਤੀ - ਪ੍ਰਾਥਮਿਕਤਾ ਪ੍ਰੇਸ਼ਕ ਦਾ ਇਨਬਾਕਸ (ਇਹ ਕੀ ਆ?) - (Priority sender inbox) - ਤਰਜੀਹੀ ਭੇਜਣ ਵਾਲੇ ਦਾ ਇਨਬਾਕਸ
ਗੰਭੀਰ ਸੁਧਾਰ - ਜੋੜਿਆ ਇਨਬਾੱਕਸ - ਸਾਂਝਾ ਇਨਬਾਕਸ
ਵੱਡਾ ਸੁਧਾਰ - ਭੇਜੀ (ਇਸਤਰੀਵਾਚਕ) - ਭੇਜੇ (ਬਹੁਵਚਨ ਦੇ ਨਾਲ ਨਾਲ ਪੱਤਰ/ਮੇਲ ਲਈ)
ਇੱਕੋ ਸਕਰੀਨ ਉੱਤੇ ਕਿਤੇ ਤਾਂ ਇਨਬਾਕਸ ਹੈ ਅਤੇ ਕਿਸੇ ਇਨਬਾੱਕਸ




ਸੁਧਾਰ - ਇਕੱਠਾ ਦ੍ਰਿਸ਼ - ਸਾਂਝੀ ਝਲਕ


Low Battery

ਗੰਭੀਰ ਗਲਤੀ - ਸਾੱਕੇਟ - ਸਾਕਟ
ਗੰਭੀਰ ਗਲਤੀ - "ਉਪਯੋਗ ਜਾਰੀ ਜਦਕਿ ਚਾਰਜਿੰਗ ਕੁਸ਼ਲ" - ਪੂਰੀ ਲਾਈਨ ਦਾ ਕੋਈ ਅਰਥ ਨਹੀਂ ਬਣਦਾ ਹੈ (ਜਾਂ ਤਾਂ "ਵਰਤੋਂ ਜਾਰੀ ਰੱਖੋ...")
 ਗੰਭੀਰ ਸੁਧਾਰ - ਚਾਰਜਿੰਗ - ਚਾਰਜ ਕਰਨਾ/ਚਾਰਜ ਹੋਣਾ



installed Application  detail



ਸ਼ਾਰਟਕਟ - ਇੱਥੇ ਸ਼ਾਰਟਕੱਟ ਦਾ ਸ਼ਬਦ-ਜੋੜ ਬਾਕੀ ਅਨੁਵਾਦ ਤੋਂ ਵੱਖਰਾ ਹੈ, ਜੋ ਵੱਧ ਠੀਕ ਹੈ
ਵੱਡਾ ਸੁਧਾਰ - ਸ਼ੋਧਿਤ (ਹਿੰਦੀ ਸ਼ਬਦ) - ਸੁਧਾਰ

ਵਿਸ਼ਵ-ਵਿਆਪੀ - ਇੱਥੇ ਗਲੋਬਲ (Global) ਦਾ ਅਨੁਵਾਦ ਢੁੱਕਵਾਂ ਨਹੀਂ ਹੈ - ਪੂਰੀ ਸਿਸਟਮ ਸੈਟਿੰਗ 

ਅੱਗੇ ਦਿੱਤੇ ਸਕਰੀਨਸ਼ਾਟ ਵਿੱਚ ਮੈਂ ਕਈ ਦਿਨ ਉਲਝਿਆ ਰਿਹਾ ਕਿ ਸ਼ਾਵਰਸ ਕੀ ਹੋ ਸਕਦਾ (ਕਿਉਂਕਿ ਅੰਗਰੇਜ਼ੀ ਬਹੁ-ਵਚਨ ਦਾ ਅਨੁਵਾਦ ਵੀ ਬਹੁ-ਵਚਨ ਵਿੱਚ ਹੀ ਸਕਦਾ ਹੈ, ਇਹ ਸੋਚਿਆ ਨਹੀਂ)..

ਪੰਜਾਬੀ -  ਅੰਗਰੇਜ਼ੀ
ਸ਼ਾਵਰਸ (Showers) - ਵਾਛੜ, ਫੁਹਾਰ, ਝੜੀ

ਸੈਮਸੰਗ ਚੈਟਆਨ ਲਈ ਅੱਪਡੇਟ

 
ਵੱਡਾ ਸੁਧਾਰ -ਵਾੱਇਸ - ਵਾਇਸ/ਵਾਈਸ
ਪਸੰਦ ਮੁਤਾਬਕ  - ਸ੍ਰੋਤ

ਫਿਰਮਵੇਅਰ ਅੱਪਡੇਟ ਦੌਰਾਨ


"ਸੈਮਸੰਗ ਖਾਤੇ ਅਪਡੇਟ ਹੋਇਆ' - "ਸੈਮਸੰਗ ਖਾਤਾ ਅੱਪਡੇਟ ਹੋਇਆ"

Incoming call






 ਵੱਡਾ ਸੁਧਾਰ - ਇਨਕਮਿੰਗ ਕਾੱਲ - ਆ ਰਹੀ ਕਾਲ 


 ਇਹ ਪੜਤਾਲ (ਅਲੋਚਨਾਤਮਿਕ) ਇੱਥੇ ਹੀ ਖਤਮ ਹੈ। ਬੇਸ਼ੱਕ ਅਨੁਵਾਦ ਵਿੱਚ ਕੁਝ ਵੱਡੀਆਂ ਤੇ ਕੁਝ ਛੋਟੀਆਂ ਗਲਤੀਆਂ ਹਨ, ਪਰ ਮੁੱਖ ਤੌਰ ਉੱਤੇ ਅਨੁਵਾਦ ਉਪਲੱਬਧ ਕਰਵਾਉਣਾ ਬਹੁਤ ਵੱਡਾ ਹੰਭਲਾ ਕੀਤਾ ਹੈ, ਜਿਸ ਲਈ ਸੈਮਸੰਗ ਨੂੰ ਧੰਨਵਾਦ ਦੇਣਾ ਬਣਦਾ ਹੈ, ਹਾਲਾਂਕਿ ਸੁਧਾਰ ਦੀ ਲੋੜ ਹਮੇਸ਼ਾ ਬਣੀ ਰਹਿੰਦੀ ਹੈ ਅਤੇ ਹੁੰਦੀ ਰਹਿੰਦੀ ਹੈ (ਅਤੇ ਹੁੰਦੀ ਰਹਿਣੀ ਵੀ ਚਾਹੀਦੀ ਹੈ)।

ਸੈਮਸੰਗ ਵਲੋਂ ਦਿੱਤੇ ਜਾ ਰਹੇ ਪੰਜਾਬੀ ਕੀਬੋਰਡ ਬਾਰੇ ਕੁਝ ਵਿਚਾਰ ਅਗਲੇ ਲੇਖ ਵਿੱਚ।

 ਇੱਥੇ ਦੱਸਣਾ ਇਹ ਵੀ ਜ਼ਰੂਰੀ ਹੈ ਕਿ ਪੰਜਾਬੀ ਪੜ੍ਹਨ ਲਿਖਣ ਵਾਲੇ ਸਭ ਲੋਕ ਜੇ ਲਗਾਤਾਰ ਐਂਡਰਾਇਡ ਫੋਰਮ ਵਿੱਚ ਪੁੱਛਦੇ ਰਹਿਣ (ਗੂਗਲ ਨੂੰ) ਤਾਂ ਹੋ ਸਕਦਾ ਹੈ ਕਿ ਗੂਗਲ ਐਂਡਰਾਇਡ ਵਿੱਚ ਵੀ ਪੰਜਾਬੀ ਆ ਜਾਵੇ, ਪਰ ਤਦ ਤੱਕ ਐਂਡਰਾਇਡ ਵਿੱਚ ਸੈਮਸੰਗ ਹੀ ਸਹਾਰਾ ਹੈ ਸੰਸਾਰ ਭਰ ਵਿੱਚ ਪੰਜਾਬੀਆਂ ਲਈ)। ਲਿੰਕ ਆੁਹ ਹੈ

ਲੇਖ ਦੇ ਵਿਸ਼ੇ ਬਾਰੇ ਤੇ ਲੇਖ ਵਿੱਚ ਗਲਤੀਆਂ ਲਈ ਸੁਝਾਆਵਾਂ ਦਾ ਸਵਾਗਤ ਹੈ

ਲਿਖਤੁਮ
ਆਲਮ

ਲੇਖ ਲਈ ਟੈਸਟ ਕੀਤੇ ਜੰਤਰ
- ਸੈਮਸੰਗ ਗਲੈਕਸੀ ਐਸ 4 (ਭਾਰਤ ਤੋਂ) (ਐਂਡਰਾਇਡ 4.2.2) (ਇੰਪੁੱਟ/ਇੰਟਰਫੇਸ ਪੰਜਾਬੀ ਲਈ ਹੈ)
- ਸੈਮਸੰਗ ਗਲੈਕਸੀ ਐਸ 4 ਮਿੰਨੀ (ਅੰਤਰਰਾਸ਼ਟਰੀ, ਭਾਰਤੀ ਨਹੀਂ)(ਐਂਡਰਾਇਡ 4.2.2)(ਪੰਜਾਬੀ ਇੰਪੁੱਟ ਨਹੀਂ)
- ਸੈਮਸੰਗ ਗਲੈਕਸੀ ਨੋਟ 3 (ਅੰਤਰਰਾਸ਼ਟਰੀ, ਭਾਰਤੀ ਨਹੀਂ) (ਐਂਡਰਾਇਡ 4.3.0) (ਇੰਪੁੱਟ ਪੰਜਾਬੀ ਲਈ ਉਪਲੱਬਧ ਹੈ, ਇੰਟਰਫੇਸ ਨਹੀਂ)
- ਨੋਕੀਆ ਲੂਮੀਆ 920 (ਵਿੰਡੋਜ਼ 8)
- ਆਈਫੋਨ 5 (iOS 7)

23 October, 2010

ਸਿਡਰ (Cedar) ਮੋਬਾਇਲ ਪੰਜਾਬੀ ਵਿੱਚ...

ਸੋਨੀ ਐਰਿਕਸਨ ਨੇ ਪਹਿਲਾਂ ਮੋਬਾਇਲ ਫੋਨ ਭਾਰਤੀ ਭਾਸ਼ਾਵਾਂ ਵਿੱਚ ਜਾਰੀ ਕੀਤਾ ਹੈ,
ਸਿਡਰ, ਜਿਸ ਵਿੱਚ ਪੰਜਾਬੀ ਲਈ ਸਹਿਯੋਗ ਹੈ। ਇਸ ਦਾ ਪੂਰਾ ਇੰਟਰਫੇਸ ਪੰਜਾਬੀ ਵਿੱਚ


ਉਪਲੱਬਧ ਹੈ, (ਜੋ ਕਿ ਯੂਨੀਕੋਡ ਵਿੱਚ ਹੈ), ਤੁਸੀਂ ਪੰਜਾਬੀ ਵਿੱਚ SMS
ਵੇਖ ਸਕਦੇ ਹੋ, ਵੈੱਬਸਾਈਟ ਵੇਖ ਸਕਦੇ ਹੋ, ਜੋ ਕਿ ਯੂਨੀਕੋਡ ਵਿੱਚ ਸਹਾਇਕ
ਹੋਣ ਕਰਕੇ ਸੰਭਵ ਹੈ। ਕਮੀ ਸਿਰਫ਼ ਇੱਕ ਹੀ ਰਹਿ ਗਈ ਕਿ ਤੁਸੀਂ ਇੰਪੁੱਟ
ਪੰਜਾਬੀ ਵਿੱਚ ਨਹੀਂ ਕਰ ਸਕੋਗੇ, ਇਹ ਅਜਿਹੀ ਕਮੀ ਹੈ, ਜਿਸ ਨੂੰ
ਦੂਰ ਕਰਨ ਲਈ ਸੋਨੀ ਨੂੰ ਉਪਰਾਲਾ ਕਰਨਾ ਚਾਹੀਦਾ ਹੈ। (ਪਰ ਸ਼ਾਇਦ
ਗਾਹਕਾਂ ਦੇ ਕਹਿਣ ਦਾ ਅਸਰ ਪੈ ਜਾਵੇ, ਇਸਕਰਕੇ ਜੇ ਕੋਈ ਇਹ
ਮੋਬਾਇਲ ਫੋਨ ਖਰੀਦ ਲਵੇ ਤਾਂ ਸੋਨੀ ਨੂੰ ਫੋਨ ਕਰਕੇ ਪੁੱਛ ਜ਼ਰੂਰ ਲਵੇ
ਕਿ ਇੰਪੁੱਟ ਕਦੋਂ ਚਾਲੂ ਹੋਵੇਗੀ)

ਖ਼ੈਰ ਮੈਂ ਇਸ ਨੂੰ ਕੁਝ ਕੁ ਦਿਨ ਵਰਤਿਆ ਹੈ ਅਤੇ ਕੁੱਲ ਮਿਲਾ ਕੇ
ਪੰਜਾਬੀ ਦਾ ਅਨੁਵਾਦ ਚੰਗਾ ਹੈ, ਸਭ ਤੋਂ ਪਹਿਲਾਂ ਤਾਂ ਸੋਨੀ ਐਰਿਕਸਨ
ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਪਹਿਲਾਂ ਯੂਨੀਕੋਡ ਅਧਾਰਿਤ ਮੋਬਾਇਲ
ਫੋਨ ਪੰਜਾਬੀ 'ਚ ਜਾਰੀ ਕੀਤਾ (ਤੇ ਨੋਕੀਆ ਨੂੰ ਸ਼ਰਮ ਆਉਣੀ ਚਾਹੀਦੀ ਹੈ
ਕਿ ਉਸ ਨੇ ਹਾਲੇ ਤੱਕ ਹਿੰਦੀ 'ਚ ਇੱਕ ਵੀ ਅਜਿਹਾ ਫੋਨ ਜਾਰੀ ਨਹੀਂ ਕੀਤਾ
(ਯੂਨੀਕੋਡ ਵਿੱਚ)।

ਖ਼ੈਰ ਬਾਕੀ ਜਿੱਥੋਂ ਤੱਕ ਪੜਚੋਲ ਦੀ ਗੱਲ ਹੈ, ਉਸਇਹ ਠੀਕ-ਠਾਕ
ਅਨੁਵਾਦ ਕੀਤਾ ਹੈ, ਕੁਝ ਸ਼ਬਦ ਪੰਜਾਬੀ ਦੇ ਠੇਠ ਹਨ, ਬਹੁਤ ਹਿੰਦੀ
ਤੋਂ ਕਾਪੀ ਕਰ ਲਏ ਗਏ ਹਨ, ਅਤੇ ਅੰਗਰੇਜ਼ੀ ਨਾਲੋਂ ਪੂਰੀ ਤਰ੍ਹਾਂ
ਮੂੰਹ ਵੱਟ ਲਿਆ ਗਿਆ ਹੈ (ਜਦ ਕਿ ਪੰਜਾਬ ਵਿੱਚ ਆਮ ਤੌਰ
ਉੱਤੇ ਲੋਕ ਅੰਗਰੇਜ਼ੀ ਦੇ ਲਫ਼ਜ਼ ਵੱਧ ਵਰਤਦੇ ਹਨ, ਪੰਜਾਬੀ
ਦੇ ਲਫ਼ਜ਼ ਆਮ ਵਰਤਦੇ ਹਨ ਤੇ ਹਿੰਦੀ ਦੇ ਠੀਕ-ਠਾਕ ਹੀ)।


ਆਮ ਪੰਜਾਬੀ ਦੇ ਲਫ਼ਜ਼:
Missed (calls)-> ਖੁੰਝੀਆਂ
Chat->ਗੱਲਾਂਬਾਤਾਂ
Messages-> ਸੁਨੇਹੇ
Search -> ਭਾਲ
Call Divert -> ਕਾਲਾਂ ਮੋੜੋ
Tips-> ਗੁਰ
Address-> ਪਤਾ
ਪੜਚੋਲ ਕਰੋ


ਹਿੰਦੀ ਦੇ ਵਰਤੇ ਲਫ਼ਜ (ਜੋ ਪੰਜਾਬੀ ਵਿੱਚ ਸਨ ਜਾਂ ਅੰਗਰੇਜ਼ੀ 'ਚ ਸੌਖੇ ਸਨ)
Options->ਵਿਕਲਪ -> ਚੋਣਾਂ/ਪਸੰਦ
Name ->ਨਾਮ->ਨਾਂ
Unnamed -> ਅਨਾਮ -> ਬਿਨਾਂ ਨਾਂ
Version->ਸੰਸਕਰਨ -> ਵਰਜਨ

Photo -> ਆਕ੍ਰਿਤੀਆਂ->ਫੋਟੋ/ਤਸਵੀਰਾਂ


ਅੰਗਰੇਜ਼ੀ ਦੇ ਲਫ਼ਜਾਂ ਦਾ ਔਖਾ ਅਨੁਵਾਦ
Settings->ਮਾਪਢੰਡ -> ਸੈਟਿੰਗ (ਸ਼ਾਇਦ ਆਮ ਵਰਤਣ ਵਾਲੇ ਜਾਣਦੇ ਹਨ ਇਸ ਨੂੰ)
Advanced -> ਉੱਨਤ -> ਤਕਨੀਕੀ (ਵਧੇਰੇ ਢੁੱਕਵਾਂ ਜਾਪਦਾ ਹੈ)
Category-> ਵਰਗ -> ਕੈਟਾਗਰੀ

Group-> ਸਮੂਹ -> ਗਰੁੱਪ
Automatic-> ਸਵੈ -> ਆਟੋਮੈਟਿਕ
copy-> ਉਤਾਰਾ -> ਕਾਪੀ (ਪਿੰਡਾਂ 'ਚ ਵੀ ਸਭ ਲੋਕ ਜਾਣਦੇ ਹਨ)

ਗਲਤ ਅਨੁਵਾਦ
Theme-> ਵਿਸ਼ਾ -> ਥੀਮ/ਸਰੂਪ (ਇਹ ਬਹੁਤ ਭੁਲੇਖਾਪਾਉ ਸ਼ਬਦ ਹੈ)
Title -> ਸਿਰਲੇਖ -> ਸੰਬੋਧਨ/ਟਾਈਟਲ

ਗਲਤੀਆਂ ਜਾਂ ਅਜੀਬ ਅਨੁਵਾਦ (ਸਮਝ ਨਾ ਆ ਸਕਣ ਵਾਲਾ)
ਸਣਸਕਰਨ (ਅਸਲ 'ਚ ਸ਼ਾਇਦ ਸੰਸਕਰਨ )  (Settings->Gernal->Software Update->Software Version->Info)

ਗਾਹਕੀਆਂ ???
ਕੰਪਨਕਾਰੀ ????

ਚਿੱਤਰਾਵਲੀ (ਕੈਮਰੇ 'ਚ) (???)

ਚੋਖਟੇ (???)
ਵ੍ਹਾਈਟ
ਪ੍ਰਤਿਚਿੱਤਰ



ਹੋਰ ਭਾਸ਼ਾਵਾਂ:
ਸਿਡਰ ਵਿੱਚ ਇੱਕਲੀ ਪੰਜਾਬੀ ਨਹੀਂ ਹੈ, ਬਲਕਿ ਭਾਰਤ ਦੀਆਂ ਕੁੱਲ ਮਿਲਾ ਕੇ


 


9 ਭਾਰਤੀ ਭਾਸ਼ਾਵਾਂ ਲਈ ਅਨੁਵਾਦ ਦਿੱਤਾ ਗਿਆ ਹੈ, ਉੱਤੇ ਦਿੱਤੀਆਂ ਤਸਵੀਰਾਂ ਤੋਂ ਤੁਸੀਂ
ਇਹ ਵੇਖ ਸਕਦੇ ਹੋ, ਇੰਪੁੱਟ ਕੁੱਲ ਮਿਲਾ ਕੇ 6 ਭਾਸ਼ਾਵਾਂ ਵਿੱਚ ਦਿੱਤੀ ਗਈ ਹੈ, ਜਿਸ ਵਿੱਚ
ਪੰਜਾਬੀ/ਮਲਿਆਲਮ/ਕੰਨੜ ਲਿਖਣਾ ਸੰਭਵ ਨਹੀਂ ਹੋਵੇਗਾ।

 ਆਖਰ ਵਿੱਚ 5500 ਰੁਪਏ ਵਿੱਚ ਭਾਰਤੀ ਬਾਜ਼ਾਰ ਵਿੱਚ ਦਿੱਤਾ ਗਿਆ। ਇਹ ਮੋਬਾਇਲ
ਦੀ ਸਾਈਟ, ਡੱਬੇ ਉੱਤੇ, ਨਾਲ ਦਿੱਤੇ ਜਾ ਰਹੇ ਦਸਤਾਵੇਜ਼ਾਂ ਉੱਤੇ ਕਿਤੇ ਵੀ ਇਹ ਜ਼ਿਕਰ ਵੀਨ
ਨਹੀ ਹੈ ਕਿ ਇਹ ਭਾਰਤੀ ਭਾਸ਼ਾਵਾਂ ਲਈ ਸਹਾਇਕ ਹੈ, ਨਾਲ ਹੀ ਦਿੱਤੇ ਗਏ ਦਸਤਾਵੇਜ਼
ਕਿਸੇ ਵੀ ਭਾਰਤੀ ਭਾਸ਼ਾ ਵਿੱਚ ਨਹੀਂ ਹਨ (ਸਗੋਂ ਗ਼ੈਰ-ਭਾਰਤੀ ਵਿੱਚ ਹਨ, ਜਿਸ ਦੀ ਕੋਈ
ਤੁਕ ਨਹੀਂ ਬਣਦੀ)।
ਇਹ ਮੋਬਾਇਲ ਫੋਨ ਬਹੁਤ ਹੀ ਵਧੀਆ ਹੈ, ਤੁਸੀਂ ਆਪਣੇ ਕੰਪਿਊਟਰ ਜਾਂ ਦੂਜੇ ਸਿਡਰ/iphone
ਨੂੰ ਭਾਰਤੀ ਭਾਸ਼ਾਵਾਂ ਵਿੱਚ ਸੁਨੇਹੇ ਲੈ ਦੇ ਸਕਦੇ ਹੋ (ਜੋ ਕਿ ਯੂਨੀਕੋਡ 'ਚ ਹੋਣ) (ਅੱਜਕੱਲ੍ਹ
ਦੇ ਸਾਰੇ ਕੰਪਿਊਟਰ ਭਾਰਤੀ ਭਾਸ਼ਾਵਾਂ ਲਈ ਸਹਿਯੋਗੀ ਹਨ। ਪੰਜਾਬੀ ਲਈ ਸੋਨੀ
ਐਰਿਕਸਨ ਨੂੰ ਇੱਕ ਵਾਰ ਫੇਰ ਧੰਨਵਾਦ, ਬੱਸ ਜੇ ਇੰਪੁੱਟ ਉਪਲੱਬਧ ਹੁੰਦਾ ਤਾਂ
ਕਿਆ ਬਾਤਾਂ  ਸੀ...
(ਇਹ ਇੱਕ ਉਮੀਦ ਹੈ, ਕਿ ਜੇ ਕੰਪਨੀਆਂ ਚਾਹੁਣ ਤਾਂ ਕੁਝ ਵੀ ਹੋ ਸਕਦਾ ਹੈ ਅਤੇ ਭਾਰਤੀ ਭਾਸ਼ਾਵਾਂ
ਲਈ ਸਹਿਯੋਗ ਸਿਰਫ਼ ਇਸ ਦੇ ਗਾਹਕਾਂ ਉੱਤੇ ਹੀ ਨਿਰਭਰ ਹਨ ਕਿ ਉਹ ਆਪਣੀ ਮਾਂ-ਬੋਲੀ
ਵਿੱਚ ਮੋਬਾਇਲ ਚਾਹੁੰਦੇ ਹਨ ਕਿ ਨਹੀਂ।)

28 September, 2010

ਨੋਕੀਆ - ਭਾਰਤੀ ਭਾਸ਼ਾਵਾਂ ਲਈ ਗੁੱਝੀ ਤਿਆਰੀ...

ਕੁਝ ਕੁ ਦਿਨ ਪਹਿਲਾਂ ਇੱਕ ਟੈਲੀਵਿਜ਼ਨ ਸ਼ੋ (Cellguru)  ਵਿੱਚ ਕੁਝ
ਨੋਕੀਆ ਦੇ ਅੱਧੇ ਕੁ ਮਿੰਟ ਦੇ ਵਿਡੀਓ ਨੇ ਮੇਰਾ ਧਿਆਨ ਖਿੱਚਿਆ ਤੇ ਪਤਾ
ਲੱਗਾ ਕਿ ਉਹ ਭਾਰਤੀ ਭਾਸ਼ਾਵਾਂ ਵਿੱਚ ਇੰਪੁੱਟ ਦੇਣ ਦੀ ਤਿਆਰ ਕਰ ਰਹੇ ਹਨ,
ਤੇ ਉਮੀਦ ਹੈ ਕਿ ਸਿਬੀਅਨ ੩ (ਨੋਕੀਆ ਫੋਨ ਦਾ ਸਾਫਟਵੇਅਰ) ਵਿੱਚ ਇਹ ਉਪਲੱਬਧ ਹੋਵੇਗਾ
(ਜੋ ਫੋਨ ਉੱਤੇ ਇਹ ਚੱਲ ਰਿਹਾ ਹੈ ਵਿਡੀਓ ਵਿੱਚ, ਉਹ ਸਿਬੀਅਨ ੩ ਉੱਤੇ ਹੀ ਅਧਾਰਿਤ ਹੈ)।






ਵਿਡੀਓ ਤੁਸੀਂ ਇੱਥੇ ਵੇਖ ਸਕਦੇ ਹੋ, ਪਹਿਲਾਂ ਭਾਗ ਕੁਝ ਹੋਰ ਹੀ ਹੈ, ਪਰ ਬਾਕੀ ਭਾਗ 'ਚ
ਭਾਰਤੀ ਭਾਸ਼ਾਵਾਂ ਬਾਰੇ ਜਾਣਕਾਰੀ ਹੈ (ਸ਼ੋ ਵਾਲਿਆਂ ਨੇ ਵੀ ਭਾਸ਼ਾਵਾਂ ਨੂੰ ਵਾਧੂ ਭਾਗ ਵਜੋਂ ਸ਼ਾਮਲ
ਕਰਕੇ ਭਾਸ਼ਾਵਾਂ ਦੀ ਚੰਗੀ ਬੇਕਦਰੀ ਕੀਤੀ ਹੈ)।

 ਨੋਕੀਆ ਵਲੋਂ ਲਿਆ ਇਹ ਕਦਮ ਚੰਗਾ ਹੈ, ਦੇਰ ਆਏ ਦੁਰਸਤ ਆਏ (ਭਾਵੇਂ ਕਿ ਗਾਹਕਾਂ ਤੱਕ
ਅੱਪੜਨਾ ਹਾਲੇ ਬਾਕੀ ਹੈ, ਪਰ ਲੱਛਣ ਤਾਂ ਜਾਪਦੇ ਹਨ ਕਿ ਛੇਤੀ ਹੀ ਜਾਰੀ ਕਰਨਗੇ)।

ਨਾਲੇ ਪੰਜਾਬੀ ਬਾਰੇ ਸ਼ੱਕੀ ਜਿਹਾ ਕੰਮ ਜਾਪਦਾ ਹੈ, ਪਰ ਜਦੋਂ ਤੱਕ ਨੋਕੀਆ ਖੁਦ ਐਲਾਨ ਨਹੀਂ ਕਰਦਾ,
ਕੁਝ ਵੀ ਕਹਿਣਾ ਗਲਤ ਹੋਵੇਗਾ। ਸੋ ਮੈਂ ਤਾਂ ਉਡੀਕ ਰਿਹਾ ਹਾਂ ਕਿ ਕਦੋਂ ਪੰਜਾਬੀ ਲਿਖਣ ਜੋਗੇ ਹੋਈਏ
ਮੋਬਾਇਲ ਉੱਤੇ, ਜਦੋਂ ਪੰਜਾਬੀ ਹੋਈ ਉਦੋਂ ਹੀ ਨੋਕੀਆ ਦਾ ਨਵਾਂ ਫੋਨ ਲੈਣਾ ਹੈ ਨਹੀਂ ਤਾਂ ਨਹੀਂ...

27 October, 2009

ਮੋਬਾਇਲ ਇਨਕਲਾਬ ਅਤੇ ਕੰਪਨੀਆਂ ਦੇ ਭੇੜ - ਚੰਗੇ ਸੁਧਾਰਾਂ ਦੀ ਉਮੀਦ...

ਜਦੋਂ ਤੋਂ ਮੋਬਾਇਲ ਚੱਲਿਆ ਹੈ ਤਾਂ ਇਸ ਨੇ ਆਮ ਬੰਦੇ ਦੀ ਦੁਨਿਆਂ
ਬਦਲ ਕੇ ਰੱਖ ਦਿੱਤੀ ਹੈ। ਭਾਰਤ ਵਿੱਚ ਇਸ ਦਾ ਅਸਰ ਐਨਾ ਹੋਇਆ
ਹੈ ਕਿ ਹੁਣ ਭਾਰਤ ਵਿੱਚ ਰਹਿੰਦੇ ਸੱਜਣ ਬੇਲੀ ਜਦੋਂ ਆਪਣੇ ਐਨ.ਆਰ.ਆਈ
ਮਿੱਤਰਾਂ ਨੂੰ ਕਹਿੰਦੇ ਸੁਣਦੇ ਹਨ ਕਿ ਉਹ ਤਾਂ ਲੈਂਡਲਾਈਨ ਵਰਤਦੇ ਹਨ,
ਤਾਂ ਹੱਸਦੇ ਹਨ (ਮੈਨੂੰ ਖੁਦ ਵੀ ਹੈਰਾਨੀ ਹੁੰਦੀ ਹੈ) ਕਿ ਤੁਸੀਂ ਲੈਂਡਲਾਈਨ
ਵਰਤਦੇ ਹੋ, ਭਾਰਤ ਵਿੱਚ ਸ਼ਾਇਦ ਹੀ ਕੋਈ ਹੋਵੇ, ਜੋ ਕਹੇ ਕਿ ਮੈਂ
ਲੈਂਡਲਾਈਨ ਵਰਤਦਾ ਹਾਂ, ਮੋਬਾਇਲ ਨਹੀਂ। ਮੋਬਾਇਲ ਇਨਕਲਾਬ
ਨੇ ਭਾਰਤ ਵਿੱਚ ਮੋਬਾਇਲ ਦਰਾਂ ਐਨੀਆਂ ਸਸਤੀਆਂ ਕੀਤੀਆਂ ਹਨ
ਕਿ ਲੈਂਡਲਾਈਨ ਦੀ ਵਰਤੋਂ ਕਰਨ ਦਾ ਕੋਈ ਕਾਰਨ ਨਹੀਂ ਰਹਿ ਜਾਂਦਾ ਹੈ।
ਇਹ ਸਭ ਸੰਭਵ ਹੋਇਆ ਹੈ ਕਿ ਕੰਪਨੀਆਂ ਦੇ ਆਪਸੀ ਮੁਕਾਬਲੇ ਕਾਰਨ,
ਜਿਸ ਨੂੰ ਟਰਾਈ (TRAI) ਨੇ ਸੰਭਵ ਕੀਤਾ, ਜੋ ਕਿ ਇਸੇ ਕੰਮ ਲਈ ਹੈ ਕਿ
ਚੰਗਾ ਮੁਕਾਬਲੇ ਰਹੇ ਅਤੇ ਗਾਹਕਾਂ ਨੂੰ ਵੱਧ ਤੋਂ ਵੱਧ ਫਾਇਦਾ ਹੋਵੇ।

ਮੈਂ ਪੁਰਾਣੇ ਹੋਏ ਸੁਧਾਰਾਂ (ਜੋ ਇਹ ਭੇੜ ਤੋਂ ਪੈਦਾ ਹੋਏ) ਬਾਰੇ ਤਾਂ ਪੂਰੀ
ਜਾਣਕਾਰੀ ਨਹੀਂ ਰੱਖਦਾ ਹਾਂ, ਪਰ ਹੁਣੇ ਹੁਣੇ ਅਸਰ ਬਾਰੇ ਜ਼ਰੂਰ
ਜਾਣਕਾਰੀ ਦੇਣੀ ਚਾਹੁੰਦਾ ਹਾਂ। ਆਖਰ ਟਾਟਾ ਨੂੰ ਜੀ.ਐਸ.ਐਮ (GSM)
ਲਈ ਲਾਈਸੈਂਸ ਮਿਲਿਆ ਅਤੇ ਉਹਨਾਂ ਨੇ ਟਾਟਾ ਡੋਕੋਮੋ ਸਰਵਿਸ
ਸ਼ੁਰੂ ਕੀਤੀ, ਜਿਸ ਵਿੱਚ ਕਾਲ ਰੇਟ 1 ਸਕਿੰਟ ਲਈ 1 ਪੈਸਾ ਹੈ
(ਐਸਟੀਡੀ (STD)) ਲਈ ਵੀ। ਇਸ ਨਾਲ ਇਹ ਸੌਖਾ ਹੋਇਆ
ਕਿ ਜੇ ਮੇਰੀ ਕਾਲ 11 ਸਕਿੰਟ ਦੀ ਹੈ ਤਾਂ 11 ਪੈਸੇ ਲੱਗਣਗੇ, ਜੇ
45 ਸਕਿੰਟ ਦੀ ਹੈ ਤਾਂ 45 ਪੈਸੇ (45 ਸਕਿੰਟਾਂ ਦੇ) । ਇਹ ਬਹੁਤ ਵੀ ਵਧੀਆ
ਵਿਚਾਰ ਅਤੇ ਸੁਧਾਰ ਹੈ, ਜਿਸ ਨੇ ਹੋਰ ਵੱਡੀਆਂ ਕੰਪਨੀਆਂ,
ਜਿਵੇਂ ਕਿ ਏਅਰਟੈੱਲ, ਰਿਲਾਇੰਸ ਅਤੇ ਵੋਡਾਫੋਨ ਨੂੰ ਸੋਚਣ ਲਈ
ਮਜਬੂਰ ਕਰ ਦਿੱਤਾ ਹੈ, ਜੋ ਕਿ ਹੁਣ ਤੱਕ ਧੱਕੇ ਨਾਲ ਪੈਸੇ ਵਸੂਲਦੀਆਂ
ਸਨ, ਭਾਵੇਂ ਮੇਰੀ ਗੱਲ 1 ਸਕਿੰਟ ਦੀ, ਜਾਂ 11 ਸਕਿੰਟ ਦੀ 59 ਸਕਿੰਟ,
ਪੈਸੇ ਪੂਰੇ ਮਿੰਟ ਦੇ ਪੈਂਦੇ ਸਨ। ਇਹ ਆਖਰ ਸੀ ਤਾਂ ਸਿੱਧਾ ਸਿੱਧਾ
ਧੱਕਾ ਹੀ ਸੀ, ਕਿ ਜਿਹਨਾਂ ਸਕਿੰਟਾਂ ਲਈ ਮੈਂ ਗੱਲ ਕੀਤੀ ਹੀ ਨਹੀਂ, ਉਸ
ਲਈ ਵੀ ਪੈਸੇ ਦਿਓ। ਮੈਨੂੰ ਵਰਤੋਂ ਵਿੱਚ ਨੈੱਟਵਰਕ ਤਾਂ ਟਾਟਾ ਡੋਕੋਮੋ
ਦਾ ਪਸੰਦ ਨਹੀਂ ਆਇਆ (ਕਿਉਂਕਿ ਏਅਰਟੈੱਲ ਦਾ ਬਹੁਤ ਵਧੀਆ ਹੈ),
ਅਤੇ ਭਾਵੇਂ ਕਿ ਮੇਰਾ ਬਿੱਲ ਵੀ ਪਹਿਲਾਂ ਜਿੰਨਾ ਹੀ ਰਹੇ, ਪਰ ਇੱਕ ਤਸੱਲੀ
ਮੈਨੂੰ ਜ਼ਰੂਰ ਰਹੇਗੀ ਕਿ ਮੈਂ ਉਸ ਸਕਿੰਟ ਲਈ ਪੈਸੇ ਦਿੱਤੇ, ਜਿਸ ਲਈ
ਗੱਲ ਕੀਤੀ।
ਪਤਾ ਨਹੀਂ ਕਿ ਵੱਡੀਆਂ ਕੰਪਨੀਆਂ ਉੱਤੇ ਇਸ ਦਾ ਅਸਰ ਪਵੇਗਾ ਕਿ ਨਹੀਂ,
ਪਰ ਐਨਾ ਜ਼ਰੂਰ ਹੈ ਕਿ ਇਸ ਮੁਕਾਬਲੇ ਦੀ ਵਜ੍ਹਾ ਨਾਲ ਟਰਾਈ ਅਤੇ
ਆਮ ਗਾਹਕਾਂ ਸੋਚਣ ਜ਼ਰੂਰ ਲੱਗੇ ਹਨ। ਜੇ ਦੂਜਿਆਂ ਕੰਪਨੀਆਂ
ਨੇ ਗਾਹਕਾਂ ਪ੍ਰਤੀ ਆਪਣੀ ਬੇਰੁਖੀ ਜਾਰੀ ਰੱਖੀ ਅਤੇ ਇਹ ਸੁਧਾਰ ਨਾ ਕੀਤਾ
ਤਾਂ ਸੰਭਵਾਨਾ ਹੈ ਕਿ ਛੇਤੀ ਹੀ ਹੇਠਲਾ ਉੱਤੇ ਅਤੇ ਉਤਲਾ ਹੇਠਾਂ ਹੋ ਜਾਵੇ।
ਮੈਂ ਤਾਂ ਬਦਲ ਦਿੱਤਾ ਹੈ ਨੰਬਰ ਏਅਰਟੈੱਲ ਤੋਂ ਡੋਕੋਮੋ, ਤੁਸੀਂ ਕਦੋਂ
ਬਦਲ ਰਹੇ ਹੋ?

28 December, 2007

ਮਟਰੋਲਾ ਦਾ ਨਵਾਂ ਰੰਗ ਮੋਟੋਰੇਜ਼ਰ Z6

ਅੱਜ ਅਖੀਰ ਇੱਕ ਹੋਰ ਮੋਬਾਇਲ ਖਰੀਦ ਹੀ ਲਿਆ, ਬਹੁਤ ਰੋਕਿਆ, ਬਹੁਤ ਰੋਕਣ
ਦੀ ਕੋਸ਼ਿਸ਼ ਕੀਤੀ, ਪਰ ਨਹੀਂ ਰਿਹਾ ਗਿਆ (ਘਰੋਂ ਗਾਲਾਂ ਵੀ ਮਿਲੀਆਂ, ਪਰ
ਹੁਣ ਪੱਕਾ ਵਾਦਾ ਰਿਹਾ, ਹੁਣ ਹੋਰ ਮੋਬਾਇਲ ਨੀਂ ਲੈਣਾ ਭਾਵੇ iPhone
ਹੀ ਆ ਜਾਵੇ।)
ਮਟਰੋਲਾ Z।
9000 ਰੁਪਏ ਕੀਮਤ, ਪੁਰਾਣਾ E6 ਟੱਚ ਸਕਰੀਨ ਵੇਚ ਦਿੱਤਾ ਅਤੇ ਇਹ ਲੈ ਲਿਆ।
MOTOROKR Z6

ਇਸ ਵਿੱਚ ਖਾਸ ਹੈ:
ਕੈਮਰਾ - 2ਮੈਗਾਪਿਕਸਲ
ਕੁਨੈਕਸ਼ਨ - ਬਲਿਉਟੁੱਥ, USB
ਨੈੱਟਵਰਕ - EDGE, GPRS
ਸਲਾਇਡਰ

ਸਭ ਤੋਂ ਵਧੀਆ ਫੀਚਰ ਲੱਗੇ:
ਲਿਨਕਸ - QT ਅਧਾਰਿਤ
ਸਲਾਇਡਰ
1 GB ਕਾਰਡ ਨਾਲ (ਮੈਂ ਬਦਲ ਦਿੱਤਾ 2GB ਨਾਲ)

ਬਾਈ ਆਈਕਾਨ ਤਾਂ ਕਮਾਲ ਦੇ ਹਨ, ਥੀਮ ਬਹੁਤ ਸੋਹਣਾ ਹੈ,
ਸਕਰੀਨ ਉੱਤੇ ਉਭਰਦੇ ਬਟਨ, ਸੈਟਿੰਗ ਥੀਮ, ਆਟੋਮੈਟਿਕ ਲਾਕ
ਆਪਣੇ ਥਾਂ ਬਹੁਤ ਹੀ ਕਮਾਲ ਦੇ ਹਨ।
ਵਾਲਪੇਪਰ, ਮੇਨ ਸਕਰੀਨ ਉੱਤੇ ਘੜੀ, ਖੱਬੇ ਹੱਥ ਮੇਨੂ ਵਿੱਚ
ਸਭ ਲੋੜੀਦੇ ਐਕਸ਼ਨ ਹਨ, ਇੱਕੋ ਬਟਨ ਨੂੰ ਦੋ ਵਾਰ ਦੱਬਣ ਨਾਲ
ਮੇਨੂ ਵਿੱਚੋਂ ਲਾਕ ਲੱਗ ਜਾਂਦਾ ਹੈ।
ਹੋਰ ਸੋਹਣੇ ਫੀਚਰਾਂ ਵਿੱਚ ਹੈ, ਮੀਡਿਆ ਪਲੇਅਰ, ਜਦੋਂ ਤੁਸੀਂ
ਪਲੇਅਰ ਬੰਦ ਕਰਦੇ ਜਾਂਦੇ ਹੋ ਤਾਂ ਅੰਤ 'ਚ ਇਹ ਤੁਹਾਡੀ ਹੋਮ
ਸਕਰੀਨ ਉੱਤੇ ਇੱਕ ਪੱਟੀ (ਬਾਰ) ਦੇ ਰੂਪ 'ਚ ਦਿਸਦਾ ਹੈ ਅਤੇ
ਤੁਹਾਡੀਆਂ ਗੋਲ ਚੱਕਰੀ ਸਵਿੱਚਾਂ ਨਾਲ ਪੂਰਾ ਕੰਟਰੋਲ ਹੁੰਦਾ ਹੈ।
ਆਵਾਜ਼ ਕਮਾਲ ਦੀ ਹੈ। 6 ਬਟਨ ਅਤੇ ਚੱਕਰੀ ਪੂਰਾ ਕੰਮ ਕਰਦੇ ਹਨ,
ਭਾਵ ਕਿ ਖੁਦ ਨੰਬਰ ਡਾਇਲ ਨਾ ਕਰਨਾ ਹੋਵੇ ਤਾਂ ਹੋਰ ਕਿਸੇ ਚੀਜ਼ ਦੀ
ਲੋੜ ਨਹੀਂ ਹੈ।
ਛੋਟਾ ਜੇਹਾ, ਸੰਖੇਪ, ਸਧਾਰਨ ਫੋਨ ਹੈ, ਪਰ ਫੀਚਰ ਚੰਗੇ ਨੇ, ਸਪੀਡ
ਤਾਂ ਲਿਨਕਸ ਦੇ ਫੋਨ ਦੀ ਵਧੀਆ ਹੈ ਹੀ।
ਮਟਰੋਲਾ ਦੇ ਬਹੁਤ ਫੋਨਾਂ ਵਾਂਗ ਸਭ ਤੋਂ ਵਧੀਆ ਲੱਗਾ, USB
ਕੁਨੈਕਸ਼ਨ, ਇੱਕ ਹੀ ਤਾਰ ਰੱਖ ਲੈਪਟਾਪ ਨਾਲ,
ਭਾਵੇਂ ਚਾਰਜ ਕਰੋ, ਭਾਵੇ ਡਾਟਾ ਟਰਾਂਸਫਰ ਕਰੋ ਅਤੇ ਭਾਵੇਂ ਹੈੱਡਫੋਨ
ਲਗਾਉ। ਉਸ ਉੱਤੇ ਵੀ ਢੱਕਣ ਲੱਗਾ ਹੋਇਆ ਹੈ।

ਲਾਗ (ਆਲ, ਕਾਲ ਕੀਤੇ, ਆਨਸਰ ਦਿੱਤੇ) ਵਿੱਚ ਸ਼ਾਇਦ ਮੈਨੂੰ
20 ਤੋਂ ਵੱਧ ਐਂਟਰੀਆਂ ਨਾਲ ਵੇਖਾਉਣਾ, ਇੱਕੋ ਨੰਬਰ ਵਾਰ ਵਾਰ ਡਾਇਲ
ਕਰਨ ਨੂੰ ਅੱਡ ਅੱਡ ਸਟੋਰ ਕਰਨਾ ਪਸੰਦ ਨੀਂ ਆਇਆ ਹੈ।

ਪਰ ਮੈਨੂੰ ਇਹ ਫੋਨ ਸਭ ਤੋਂ ਵਧੀਆ ਲੱਗਾ ਹੈ, P990i, MOTORAZR E6
ਤੋਂ ਵਧੀਆ, ਭਾਵੇਂ ਟੱਚ ਸਕਰੀਨ ਨਹੀਂ ਹੈ।