Showing posts with label ਜ਼ਿੰਦਗੀ. Show all posts
Showing posts with label ਜ਼ਿੰਦਗੀ. Show all posts

08 December, 2010

ਇੰਟਰਨੈੱਟ - ਲੋਕਤੰਤਰ ਦਾ ਪੰਜਵਾਂ ਥੰਮ (ਵਿਕਿਲੀਕਸ)...

(ਪ੍ਰੈਸ ਵਲੋਂ ਲੋਕਤੰਤਰ ਵਿੱਚ ਆਪਣੀ ਭੂਮਿਕਾ ਨਾ ਅਦਾ ਕਰਕੇ ਬਾਕੀ ਤਿੰਨ ਥੰਮਾਂ ਨਾਲ 'ਸੌਦੇਬਾਜ਼ੀ' ਦੇ ਚੱਕਰਾਂ ਪੈ ਜਾਣ ਕਰਕੇ, ਇੰਟਰਨੈੱਟ ਉੱਤੇ ਪ੍ਰੈਸ ਦੀ ਨਵੀਂ ਭੂਮਿਕਾ ਕਹਿਣ ਦੀ ਬਜਾਏ ਇਸ ਨੂੰ ਪੰਜਵਾਂ ਥੰਮ ਹੀ ਕਹਿ ਲਿਆ ਜਾਵੇ ਤਾਂ ਚੰਗਾ ਹੈ।)


ਵਿਕਿਲੀਕਸ, ਜੋ ਅਮਰੀਕਾ ਦਾ ਚੇਹਰਾ ਬੇਨਿਕਾਬ ਕਰਨ ਲੱਗਾ ਹੈ, ਇੰਟਰਨੈੱਟ ਦੀ ਦੁਨੀਆਂ 'ਚ ਆਪਣੇ ਆਪ 'ਚ ਨਵਾਂ ਇਨਕਲਾਬ ਹੈ। ਇਹ ਵੈੱਬਸਾਈਟ ਆਪਣੀ ਸਾਈਟ ਉੱਤੇ ਬੇਸ਼ੁਮਾਰ ਡੌਕੂਮੈਂਟ ਉਪਲੱਬਧ ਕਰਵਾ ਰਹੀ ਹੈ, ਜੋ ਅਮਰੀਕਾ ਸਮੇਤ ਕਈ ਦੇਸ਼ਾਂ ਨਾਲ ਸਬੰਧਿਤ ਹਨ, ਜਿਸ ਵਿੱਚ ਅਮਰੀਕਾ ਤੇ ਰਾਜਦੂਤ (ਅਤੇ ਹੋਰ ਲੋਕ) ਵਲੋਂ ਦੂਜੇ ਦੇਸ਼ਾਂ ਵੱਲ ਕੀਤੀਆਂ ਬੇਹੁਦਾ ਟਿੱਪਣੀਆਂ ਵੀ ਸ਼ਾਮਲ ਹਨ। ਇਹ ਟੀਮ ਦਾਅਵਾ ਕਰਦੀ ਹੈ ਕਿ ਕਿਸੇ ਵਲੋਂ ਵੀ ਦਿੱਤੀ ਜਾਣਕਾਰੀ ਪੂਰੀ ਤਰ੍ਹਾਂ ਇੰਕ੍ਰਿਪਟ ਕੀਤੀ ਹੋਈ ਅਤੇ ਗੁਪਤ ਰੱਖੀ ਜਾਵੇਗੀ। ਕਈ ਅਖ਼ਬਾਰਾਂ ਤੇ ਪੱਤਰਕਾਰਾਂ ਨੇ ਇਸ ਦੇ ਸਹਿਯੋਗ ਦਾ ਐਲਾਨ ਕੀਤਾ ਹੈ।

ਅਮਰੀਕਾ ਆਪਣੀ ਹੋਈ ਕਿਰਕਰੀ ਤੋਂ ਐਨਾ ਹਰਫਲਿਆ ਹੋਇਆ ਹੈ ਕਿ ਉਸ ਨੇ ਇਸ ਨੂੰ ਰੋਕਣ ਲਈ ਬਹੁਤ ਸਾਰੇ ਸਰਕਾਰੀ ਤੇ ਗੈਰ-ਸਰਕਾਰੀ ਜਤਨ ਸ਼ੁਰੂ ਕੀਤੇ ਹਨ, ਜਿਸ ਵਿੱਚ ਵਿਕਿਲੀਕਸ ਨਾਲ ਕਾਰੋਬਾਰ ਕਰਨ ਤੇ ਪੈਸੇ ਦਾ ਲੈਣ ਦੇਣ ਕਰਨ ਵਾਲੀਆਂ ਕੰਪਨੀਆਂ ਨੂੰ ਘੁਰਕੀ ਦੇਣਾ (ਜਿਸ ਤਹਿਤ ਮਾਸਟਰਕਾਰਡ, ਵੀਜ਼ਾ, ਪੇਪਾਲ ਨੇ ਲੈਣ ਦੇਣ ਬੰਦ ਕਰ ਦਿੱਤਾ ਹੈ), ਬੈਂਕ ਵਲੋਂ ਅਕਾਊਂਟ ਬੰਦ ਕਰਨਾ, ਸਰੀਰਕ ਛੇੜਛਾੜ ਦਾ ਕੇਸ, ਵੈੱਬ ਸਾਈਟ ਉੱਤੇ ਸਾਈਬਰ ਹਮਲੇ ਕਰਵਾਉਣੇ ਵੀ ਸ਼ਾਮਲ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਸੈਕਟਰੀ ਵਲੋਂ ਤਾਂ ਇਸ ਨੂੰ ਮਾਰਨ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਮੈਨੂੰ ਇਹ ਰੋਜ਼ਾਨਾ ਦੇ ਵਿਚਾਰ ਪੜ੍ਹਦਿਆ ਲੱਗਾ ਕਿ ਇਹ 'ਤਰੱਕੀਸ਼ੁਦਾ' ਦੇਸ਼ਾਂ ਵਿੱਚ ਵੀ ਤਰੱਕੀ ਜਾਂ ਆਜ਼ਾਦੀ ਦਾ ਦਾਅਵਾ ਬਹੁਤਾ ਵੇਖਾਵਾ ਭਰ ਹੈ, ਜਦੋਂ ਕਿ ਅਸਲੀਅਤ 'ਚ ਡੌਕੂਮੈਂਟ ਲੀਕ ਹੋਣ ਕਰਕੇ ਇਹ ਦੇਸ਼ ਹੱਥਾਂ-ਪੈਰਾਂ 'ਚ ਆ ਗਏ ਅਤੇ ਇੱਕ ਸਿੱਖ ਲੀਡਰ ਵਲੋਂ ਇੱਕ ਡੇਰਾ ਦੇ ਪ੍ਰਧਾਨ ਦਾ ਸਿਰ ਵੱਢ ਕੇ ਲਿਆਉਣ ਵਾਲੇ ਨੂੰ ਇਨਾਮ ਦੇਣ ਜਾਂ ਮੁੱਲ੍ਹਾਂਵਾਂ ਵਲੋਂ ਦਿੱਤੇ ਮੁਹੰਮਦ ਸਾਹਿਬ ਦਾ ਕਾਰਟੂਨ ਬਣਾਉਣ ਵਾਲੇ ਦੇ ਸਿਰ ਕਲਮ ਦੇ ਐਲਾਨ ਦੇ ਜਮ੍ਹਾਂ ਬਰਾਬਰ ਖੜ੍ਹੇ ਜਾਪਦੇ ਹਨ (ਭਾਵੇਂ ਕਿ ਮੈਂ ਪ੍ਰੈਸ ਦੀ ਆਜ਼ਾਦੀ ਦੇ ਹੱਕ 'ਚ ਹਾਂ, ਪਰ ਜਿਹੜਾ ਕਿਸੇ ਧਰਮ ਬਾਰੇ ਮਾੜੇ ਵਿਚਾਰ ਛਾਪੇ ਤਾਂ ਅਜਿਹੀ ਆਜ਼ਾਦੀ ਦੇ ਨਾਲ ਨਹੀਂ। ਇਹੀ ਸਮਝ ਨੀ ਆਉਂਦਾ ਕਿ ਅਸਲ 'ਚ ਉਦੋਂ ਇਹੀ ਮੁਲਕ ਪ੍ਰੈਸ ਦੀ ਆਜ਼ਾਦੀ ਦੇ ਦਮਗਜੇ ਮਰਦੇ ਸੀ, ਹੁਣ ਪ੍ਰੈਸ ਦੀ ਆਜ਼ਾਦੀ ਕਿਧਰ ਗਈ।)

ਇਰਾਕ ਦੀ ਵਿਡੀਓ [1] ਕਿ ਕਿਵੇਂ ਅਮਰੀਕੀ ਹੈਲੀਕਪਟਰ (2007 ਵਿੱਚ) 'ਚ ਸਵਾਰ ਫੌਜੀ ਇਰਾਕੀਆਂ ਨੂੰ ਕੁੱਤੇ ਬਿੱਲੀਆਂ ਤੋਂ ਵੱਧ ਕੁਝ ਨੀਂ ਸਮਝਦੇ ਅਤੇ ਵਿਡੀਓ ਗੇਮ ਵਿੱਚ ਮਾਰਨ ਵਾਂਗ ਭਰੋਸਾ ਭਰ ਵੀ ਨਹੀਂ ਸੋਚਦੇ। '9 ਤੋਂ 5' [2]  ਲੜਨ ਵਾਲੇ ਸਿਪਾਹੀ ਸ਼ਾਇਦ ਆਪਣੀ ਅਮਰੀਕੀ ਜਨਤਾ ਨੂੰ ਖੁਸ਼ ਕਰਨ ਲਈ ਕਈ ਦਾਅਵੇ ਕਰਦੇ ਹੋਣ, ਪਰ ਇਹ ਵਿਡੀਓ ਉਨ੍ਹਾਂ ਸਭ ਨੂੰ ਵੇਖਣੀ ਤੇ ਸਮਝਣੀ ਚਾਹੀਦੀ ਹੈ, ਜੋ ਆਪਣੇ '9 ਤੋਂ 5' ਆਲੇ ਫੌਜੀਆਂ ਲਈ ਪੈਸੇ ਦਿੰਦੇ ਹਨ ਅਤੇ ਅਮਰੀਕੀਆਂ ਤੋਂ ਬਿਨਾਂ ਸਭ ਨੂੰ (ਆਮ ਬੰਦਿਆਂ ਤੇ ਅੱਤਵਾਦੀਆਂ ਨੂੰ) ਵਿਡੀਓ ਗੇਮ ਦੇ ਕਰੈਕਟਰ ਤੋਂ  ਵੱਧ ਕੁਝ ਨੀਂ ਸਮਝਦੇ।


 ਉਮੀਦ ਹੈ ਕਿ ਇਹ ਮੁਹਿੰਮ ਰੁਕਦੀ ਨਹੀਂ, ਕਿਉਂਕਿ ਟੋਰੈਂਟ, ਅਤੇ ਡੀਸੈਂਟਰਲਾਈਜਡ ਕੰਮ ਹੋਣ ਕਰਕੇ ਇਹ ਸਭ ਸੰਭਵਾਨਾ ਹੈ ਕਿ ਅਮਰੀਕਾ ਤੇ ਜੁੰਡੀ ਦੇ ਯਾਰ ਇਹ ਖਤਮ ਨਹੀਂ ਕਰ ਸਕਣਗੇ। ਬੀਬੀਸੀ ਦੇ ਸਾਈਟ ਨੇ ਤਾਂ ਇੰਟਰਨੈੱਟ ਨੂੰ ਭਸਮਾਸੁਰ ਦਾ ਨਾਂ ਦਿੱਤਾ ਹੈ, ਜੋ ਅਮਰੀਕਾ ਦੀ ਤਾਕਤ ਹੋਣ ਦੇ ਨਾਲ ਨਾਲ ਉਸ ਦੇ ਗਲ਼ੇ ਦੀ ਹੀ ਹੱਡੀ ਬਣਦਾ ਜਾਪਦਾ ਹੈ (ਪਹਿਲਾਂ ਗਲੋਬਲਾਈਜੇਸ਼ਨ ਦੇ ਜਿੰਨ ਨੇ ਵੀ ਅਮਰੀਕਾ ਨੂੰ ਤੰਗ ਕਰ ਛੱਡਿਆ ਹੈ)।

 ਮੈਂ ਅਮਰੀਕਾ ਲਈ ਹੀ ਨਹੀਂ, ਭਾਰਤ ਸਰਕਾਰ ਦੇ ਕਈ 'ਗੁਪਤ' ਕਦਮਾਂ ਬਾਰੇ ਜਾਣਨਾ ਚਾਹੁੰਦਾ ਹਾਂ, ਅਤੇ ਉਮੀਦ ਕਰਦਾ ਹਾਂ ਕਿ ਜਿਸ ਤਰ੍ਹਾਂ ਵਿਕਿਲੀਕਸ ਨੇ ਅਮਰੀਕਾ ਦੇ ਪੋਤੜੇ ਫੋਲੇ ਹਨ, ਭਾਰਤੀ ਸਰਕਾਰਾਂ ਦੇ ਕਾਲੇ ਕਾਰਨਾਮੇ ਸਾਹਮਣੇ ਆਉਣੇ ਚਾਹੀਦੇ ਹਨ (ਤੇ ਅੱਜ ਨਾ ਭਲਕ ਆ ਵੀ ਜਾਣਗੇ), ਜਿਸ ਵਿੱਚ ਅਰਬਾਂ-ਖ਼ਰਬਾਂ ਦੇ ਘਪਲੇ, ਧਰਮ ਦੇ ਨਾਂ ਉੱਤੇ ਕੀਤੇ ਸਰਕਾਰੀ ਕਤਲ (ਦਿੱਲੀ ਹੋਵੇ ਜਾਂ ਗੁਜਰਾਤ), ਕੇ.ਪੀ.ਐਸ. ਗਿੱਲ ਵਰਗੇ ਬੁੱਚੜਾਂ ਵਲੋਂ ਕੀਤੇ ਫਰਜ਼ੀ ਕਤਲਾਂ ਦਾ ਕੱਚਾ ਚਿੱਠਾ। ਭਾਵੇਂ ਹਾਲੇ ਇਹ ਔਖਾ ਲੱਗੇ, ਪਰ ਇਹ ਪੱਕਾ ਹੋ ਗਿਆ ਹੈ ਕਿ ਜੇ ਬੰਦਾ ਚਾਹੇ ਤਾਂ ਸਭ ਕੁਝ ਕੀਤਾ ਜਾ ਸਕਦਾ ਹੈ ਅਤੇ ਇੰਟਰਨੈੱਟ ਨੂੰ ਸੈਂਸਰ ਕਰਨਾ ਅਮਰੀਕਾ ਵਰਗੇ ਮੁਲਕ ਲਈ ਵੀ ਸੌਖਾ ਨਹੀਂ ਹੈ।

ਹੈਰਾਨੀ ਦੀ ਗੱਲ ਹੈ ਕਿ ਇਹ ਉਹੀ ਅਮਰੀਕਾ ਹੈ, ਜੋ ਕਿ ਚੀਨ ਦੀ ਮੀਡਿਆ ਸੈਂਸਰਸ਼ਿਪ ਦਾ ਵਿਰੋਧ ਕਰਦਾ ਹੈ, ਅਤੇ ਹੁਣ ਜਦ ਖੁਦ ਦੇ ਸਾਹਮਣੇ ਮਸਲਾ ਆਇਆ ਤਾਂ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵੀ ਬਾਜ਼ ਨਹੀਂ ਆਉਂਦਾ ਜਾਪਦਾ।

ਫੇਰ ਵੀ ਬਾਹਰਲੀ ਪ੍ਰੈਸ ਬਾਰੇ ਪੜ੍ਹ ਕੇ ਸੁਣ ਕੇ ਲੱਗਦਾ ਹੈ ਕਿ ਕੁਝ ਕੁ ਈਮਾਨ ਤਾਂ ਉਨ੍ਹਾਂ ਲੋਕਾਂ ਦਾ ਜਿਉਂਦਾ ਹੈ, ਜੇ ਇਸ ਦੇ ਮੁਕਾਬਲੇ ਭਾਰਤ ਦੀ ਪ੍ਰੈਸ ਦੀ ਗੱਲ ਕਰੀਏ ਤਾਂ ਪਿਛਲੇ ਦਿਨੀ ਸੁਰਖੀਆਂ 'ਚ ਆਇਆਂ 'ਪ੍ਰੈਸ ਵਾਲੇ ਦਲਾਲਾਂ' ਮਸਲਾ ਅਖ਼ਬਾਰਾਂ 'ਚ ਗਧੇ ਦੇ ਸਿਰ ਤੋਂ ਸਿੰਗ ਗੁਆਚਣ ਵਾਂਗ ਗੁਆਚ ਹੀ ਗਿਆ।

ਪਰ ਸਰਕਾਰੋਂ ਹੁਣ ਵੇਲੇ ਬਦਲ ਗਿਆ, ਇਹ ਗੱਲ ਯਾਦ ਰੱਖਿਓ, ਅੱਜ ਨਾ ਭਲਕੇ, ਸਭ ਕੁਝ ਸਾਹਮਣੇ ਆਉਣਾ ਹੀ ਹੈ,  ਲੋਕਾਂ ਜਾਣਨਾ ਚਾਹੁੰਦੇ ਹਨ ਕਿ ਲੱਖਾਂ ਦੇ ਘਪਲੇ ਕਿਵੇਂ ਹੁੰਦੇ ਹਨ, ਟੈਕਸਾਂ ਦੇ ਕਰੋੜਾਂ ਰੁਪਏ ਕਿਧਰ ਖਰਚੇ, ਪੱਤਰਕਾਰ ਕਿਵੇਂ ਵੱਡੇ ਵੱਡੇ ਸਨਅਤੀ ਘਰਾਣਿਆਂ ਦੇ ਦਲਾਲ  ('ਦੱ..' ਸ਼ਬਦ ਮੈਂ ਚਾਹੁੰਦਾ ਹੋਇਆ ਵੀ ਵਰਤ ਨਾ ਸਕਿਆ) ਬਣ ਗਏ, ਕਿਵੇਂ ਗਰੀਬਾਂ ਦਾ ਖੂਨ ਪੀਤਾ, ਕਿਵੇਂ ਨਿਰਦੋਸ਼ ਲੋਕ ਮਾਰੇ, ਗਾਂਧੀਗਿਰੀ ਕਰਦੇ ਸੰਘਰਸ਼ਸ਼ੀਲ ਲੋਕ ਗੁੰਡਿਆਂ ਤੋਂ ਮਰਵਾਏ।

ਹੁਣ ਸਰਕਾਰਾਂ ਵਲੋਂ ਮਸਲਿਆਂ ਉੱਤੇ ਪਰਦੇ ਪਾਉਣੇ ਓਨ੍ਹਾਂ ਸੌਖੇ ਨਹੀਂ ਰਹਿਣਗੇ, ਗੁਪਤ ਹੋਣ ਦਾ ਕੀ ਅਰਥ ਹੈ? ਜੇ ਤੁਸੀਂ  ਕਿਸੇ ਦੇਸ਼ ਨੂੰ ਬਰਬਾਦ ਕਰਨ ਦੀਆਂ ਗੋਂਦਾਂ ਗੁੰਦੋ ਤਾਂ ਉਹ ਗੁਪਤ ਹਨ, ਉਹ ਪ੍ਰਾਈਵੇਟ ਹਨ, ਜੇ ਮੈਂ ਕਿਸੇ ਦੇ ਕਤਲ ਕਰਨ ਬਾਰੇ ਕਿਸੇ ਨਾਲ ਸਲਾਹ ਕਰਾਂ ਤਾਂ ਕਿ ਇਹ ਮੇਰਾ ਨਿੱਜੀ ਮਸਲਾ ਹੈ, ਸਮਾਜ ਦਾ ਨਹੀਂ??

ਖ਼ੈਰ ਵਿਕਿਲੀਕਸ ਨੇ ਅਜਿਹੀ ਪਰਤ ਪਾਈ ਹੈ, ਜੋ ਕਿ ਲੋਕਤੰਤਰ ਦੇ ਮੋਢੀ ਕਹਾਉਂਦੇ ਮੁਲਕਾਂ ਦੇ ਚਿਹਰੇ ਨੰਗੇ ਕਰ ਗਈ, ਇਹ ਹੀ ਇੰਟਰਨੈੱਟ ਦਾ ਅਸਲ ਭਵਿੱਖ ਹੈ, ਇਹ ਹੀ ਪ੍ਰੈਸ ਦਾ ਭਵਿੱਖ ਹੈ, ਇਹੀ ਲੋਕਤੰਤਰ ਦਾ ਉਹ ਰੂਪ ਹੈ, ਜੋ ਇੰਟਰਨੈੱਟ ਦੇ ਜੁੱਗ 'ਚ ਹੋਣਾ ਚਾਹੀਦਾ ਹੈ ਅਤੇ ਹੋਵੇਗਾ।

ਜੇ ਵਿਕਿਲੀਕਸ ਬਾਰੇ ਤਾਜ਼ਾ ਜਾਣਕਾਰੀ ਲੈਣੀ ਹੋਵੇ ਤਾਂ:

http://twitter.com/#!/wikileaks

(ਇਹ ਸਾਈਟ ਤੋਂ ਤਾਜ਼ਾ ਲਿੰਕ ਲਵੋ, ਉਸ ਉੱਤੇ ਮਿੱਰਰ ਵੇਖੋ ਅਤੇ ਉੱਥੋਂ ਮਿੱਰਰ ਰਾਹੀਂ ਤੁਸੀਂ ਜਾਣਕਾਰੀ ਲੈ ਸਕਦੇ ਹੋ)

ਵਿਕਿਲੀਕਸ ਵਲੋਂ ਜਾਰੀ ਕੀਤੀ ਜਾਣਕਾਰੀ ਦੀਆਂ ਸੁਰਖੀਆਂ (ਅੰਗਰੇਜ਼ੀ 'ਚ): http://www.bbc.co.uk/news/world-us-canada-11914040

ਵਿਕਿਲੀਕਸ ਬਾਰੇ ਅੰਗਰੇਜ਼ੀ ਵਿੱਚ ਜਾਣਕਾਰੀ ਲੈਣ ਲਈ ਪੜ੍ਹੋ: http://www.bbc.co.uk/news/technology-10757263

ਇੱਕ ਪੱਤਰਕਾਰ ਦੇ ਜੁਬਾਨੀ: "ਇਹ ਲੋਕਾਂ ਤੇ ਸਰਕਾਰ ਵਿੱਚ ਆਪਸੀ ਜੰਗ ਦੀ ਸ਼ੁਰੂਆਤ ਹੈ।"
ਵਿਕਿਲੀਕਸ ਵੀ ਟਵਿੱਟਰ ਉੱਤੇ ਆਖਦਾ ਹੈ: "We open governments."

[1]  Video: Collateral Murder

 (ਇਹ ਵਿਡੀਓ ਤਾਂ ਬਾਹਰ ਆ ਸਕੀ ਕਿਉਂਕਿ ਇਹ 'ਚ ਪ੍ਰੈਸ ਦੇ ਬੰਦੇ ਮਾਰੇ ਗਏ, ਹੁਣ ਤੁਸੀਂ ਸੋਚ ਸਕਦੇ ਹੋ ਕਿ ਅਜਿਹੇ ਅਣਜਾਣੇ 'ਚ ਮਾਰੇ ਗਏ ਲੋਕਾਂ ਦੀ ਗਿਣਤੀ ਕਿੰਨੀ ਕੁ ਹੋ ਸਕਦੀ ਹੈ)   

[2] 9 ਤੋਂ 5 ਦਾ ਮਤਲਬ ਕਿ "ਪ੍ਰੋਫੈਸ਼ਨ ਨੌਕਰੀ" ਪੇਸ਼ਾ ਸਿਪਾਹੀ, ਜਿਹੜੇ 9 ਵਜੇ ਡਿਊਟੀ ਉੱਤੇ ਲੜਨ ਜਾਂਦੇ ਹਨ, 5 ਵਜੇ ਆਥਣੇ ਵਾਪਸ
ਆ ਜਾਂਦੇ ਹਨ, ਪੰਜਾਬੀ 'ਚ ਸ਼ਾਇਦ 'ਭਾੜੇ ਦੇ ਸਿਪਾਹੀ' ਵੀ ਕਹਿ ਸਕਦੇ ਹਾਂ। ਇਹਨਾਂ ਨੂੰ ਦਿਨ 'ਚ ਹਰੇਕ ਘੰਟੇ ਬਾਅਦ ਬਰੇਕ, ਲੰਚ
ਬਰੇਕ, ਅਤੇ ਕੋਕ, ਪੈਪਸੀ, ਬਰਗਰ ਪੀਜ਼ੇ, ਜੰਗ-ਏ-ਮੈਦਾਨ 'ਚ ਚਾਹੀਦੇ ਹਨ। ਇਹਨਾਂ ਲਈ ਲੜਾਈ ਇੱਕ ਕੰਮ ਹੈ, ਧੰਦਾ ਹੈ, ਇਸੇ
ਕਰਕੇ ਇਹ ਵੀਅਤਨਾਮ 'ਚ ਹਾਰੇ, ਇਰਾਕ 'ਚ ਵੀ ਜਿੱਤੇ ਨਹੀਂ, ਅਤੇ ਅਫਗਾਨਸਤਾਨ 'ਚ ਵੀ ਹਾਰ ਦੇ ਕਿਨਾਰੇ ਹਨ। ਜੇ ਇਹ ਸਦੀ
ਦਾ ਇਤਿਹਾਸ ਪੜ੍ਹਿਆ ਜਾਵੇ ਤਾਂ ਪਤਾ ਲੱਗੇਗਾ ਕਿ ਏਸ਼ੀਆਈ ਲੋਕਾਂ ਲਈ ਲੜਾਈ ਇੱਕ ਜਨੂੰਨ ਹੈ, ਜੰਗ ਕੋਈ ਕੰਮ ਨਹੀਂ, ਧੰਦਾ ਨਹੀਂ,
ਫੌਜ ਦੀ ਨੌਕਰੀ ਜ਼ਰੂਰ ਹੈ, ਪਰ ਜਦੋਂ ਜੰਗ ਲੱਗੇ ਤਾਂ ਇਹ ਧੰਦਾ ਨਹੀਂ, ਮਰਨ-ਮਾਰਨ ਦਾ ਅਜਿਹਾ ਸਿਲਸਿਲਾ ਹੈ, ਜਿਸ 'ਚ ਜਿੱਤੇ ਹਾਰ ਬਿਨਾਂ
ਹੋਰ ਕਈ ਗੱਲ ਨਹੀਂ ਔੜਦੀ। ਜੰਗ ਕਦੇ ਗਿਣਤੀ, ਹਥਿਆਰਾਂ ਨਾਲ ਨਹੀਂ ਨਹੀਂ ਜਿੱਤੀ ਜਾਂਦੀ।

21 March, 2010

ਭਗਤ ਸਿੰਘ ਸਰਦਾਰ ਨੂੰ ਲੱਗਦਾ...

ਮੇਰੇ ਕੋਲ ਕਹਿਣ ਲਈ ਕੁਝ ਨੀਂ, ਬੱਸ ਸੱਤਾ ਕੋਟਲੀ ਵਾਲੇ ਦਾ ਗਾਣਾ ਹੀ ਹੈ...

ਬਣਦੇ ਹੋਏ ਹੱਕ ਦਿਵਾਉਣ ਲਈ, ਨਿੱਤ ਲੁੱਟਦੀ ਇੱਜ਼ਤ ਬਚਾਉਣ ਲਈ,
ਇੱਕ ਜਨਮ ਇਸ ਦੇਸ਼ ਦੇ ਲੇਖੇ ਹੋਰ ਵੀ ਲਾਉਣਾ ਪਊ,
ਭਗਤ ਸਿੰਘ ਸਰਦਾਰ ਨੂੰ ਲੱਗਦਾ ਮੁੜ ਕੇ ਆਉਣਾ ਪਊ

ਅੱਤ ਜ਼ਾਲਮਾਂ ਚੁੱਕੀ ਫਿਰਦੇ, ਧੱਕੇ ਸ਼ਾਹੀਆਂ ਨੇ
ਲੈ ਕੇ ਰਿਸ਼ਵਤ ਅਫਸਰ ਲੈਂਦੇ ਦੱਬ ਸਚਾਈਆਂ ਨੇ
ਗੋਰਿਆਂ ਵਾਗੂੰ ਇਹਨਾਂ ਨੂੰ ਵੀ ਸਬਕ ਸਿਖਾਉਣਾ ਪਊ
ਭਗਤ ਸਿੰਘ ਸਰਦਾਰ ਨੂੰ...

ਗਾਣੇ ਦਾ ਲਿੰਕ

18 February, 2010

ਕਿਸਾਨੀ ਇਨਕਲਾਬੀ ਸੰਘਰਸ਼ ਵਿੱਚ ਇੱਕ ਹੋਰ ਸ਼ਹਾਦਤ - ਸਾਧੂ ਸਿੰਘ ਤਖ਼ਤੂਪੁਰਾ

16 ਫਰਵਰੀ ਨੂੰ ਅੰਮ੍ਰਿਤਸਰ ਜ਼ਿਲੇ ਚੋਗਾਵਾਂ ਬਲਾਕ ਦੇ ਸਰਹੱਦੀ ਪਿੰਡ  ਭਿੰਡੀ ਔਲਖ ਵਿਖੇ
15-20 ਹਥਿਆਰਬੰਦ ਬੰਦਿਆਂ ਨੇ ਟਾਟਾ ਸੂਮੋ ਉੱਤੇ ਬੜੀ ਫਿਲਮੀ ਅੰਦਾਜ਼ ਵਿੱਚ ਹਮਲਾ ਕੀਤਾ
ਅਤੇ ਉਸ ਵਿੱਚ ਮੌਜੂਦ ਇੱਕ ਵਿਅਕਤੀ ਨੂੰ ਮਾਰ ਅਤੇ ਬਾਕੀਆਂ ਨੂੰ ਜ਼ਖਮੀ ਕਰ ਦਿੱਤਾ। ਪੰਜਾਬ
ਵਿੱਚ ਇਹ ਘਟਨਾਵਾਂ ਭਾਵੇਂ ਰੋਜ਼ ਹੁੰਦੀਆਂ ਹੋਣ, ਪਰ ਇਹ ਹੋਈ ਘਟਨਾ ਨੇ ਅਜਿਹਾ ਦੁਖਾਂਤ
ਪੈਦਾ ਕੀਤਾ ਹੈ, ਜੋ ਆਉਣ ਵਾਲੇ ਸਮੇਂ ਵਿੱਚ ਸ਼ਾਇਦ ਬਹੁਤ ਬਦਲਾਅ ਪੈਦਾ ਕਰੇ।
 ਮਰ ਵਾਲਾ ਵਿਅਕਤੀ ਸਾਧੂ ਸਿੰਘ ਤਖ਼ਤੂਪੁਰਾ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ
ਜਰਨਲ ਸਕੱਤਰ ਸੀ। ਉਹ ਵਿਅਕਤੀ ਜਿਸ ਦਾ ਨਾਂ ਕਿਸਾਨ ਸੰਘਰਸ਼ਾਂ ਵਿੱਚ ਬੜੇ ਹੀ ਮਾਣ
ਸਤਿਕਾਰ ਨਾਲ ਲਿਆ ਜਾਂਦਾ ਰਿਹਾ ਹੈ ਅਤੇ ਅੱਗੇ ਵੀ ਲਿਆ ਜਾਂਦਾ ਹੀ ਰਹੇਗਾ। ਮੇਰੀ ਜਾਣ
ਪਛਾਣ ਉਹਨਾਂ ਨਾਲ ਕਰੀਬ ਤਿੰਨ ਕੁਵਰ੍ਹੇ ਪਹਿਲਾਂ ਹੋਈ ਸੀ ਅਤੇ ਮੈਨੂੰ ਉਹਨਾਂ ਦੀ ਸ਼ਖਸ਼ੀਅਤ
ਵਿੱਚ ਹਮੇਸ਼ਾ ਇੰਝ ਦੀ ਖਿੱਚ ਮਹਿਸੂਸ ਹੁੰਦੀ ਰਹੀ ਕਿ ਮੈਂ ਸਦਾ ਮਿਲਣ ਲਈ ਉਤਸੁਕ ਰਿਹਾ।
ਭਾਵੇਂ ਉਹਨਾਂ ਨਾਲ ਮੁਲਾਕਾਤ ਬਹੁਤ ਘੱਟ ਸਮਾਂ ਹੀ ਹੁੰਦੀ (ਜਦੋਂ ਵੀ ਮੈਂ ਪਿੰਡ ਜਾਂਦਾ), ਪਰ
ਉਹਨੇ ਸਮੇਂ ਵਿੱਚ ਵੀ ਉਹਨਾਂ ਦੀ ਗੱਲਾਂ ਦਿਮਾਗ 'ਚ ਚਾਨਣ ਕਰ ਦਿੰਦੀਆਂ, ਛੋਹ ਲੈਂਦੀਆਂ।
  ਮਿੱਠ ਬੋਲੜੇ ਸੁਭਾ, ਚੜ੍ਹਦੀ ਕਲਾ ਵਿੱਚ ਰਹਿਣਾ, ਹਮੇਸ਼ਾ ਕੰਮ ਲਈ ਤਿਆਰ ਰਹਿਣਾ
(ਚੜ੍ਹੇ ਘੋੜੇ ਸਵਾਰ), ਹਮੇਸ਼ਾ ਨਵਾਂ ਸਿੱਖਣ ਦੇ ਚਾਹਵਾਨ, ਸਮੇਂ ਨੂੰ ਬਹਿ ਕੇ ਗੁਜ਼ਾਰਨ
ਦੀ ਬਜਾਏ ਕੁਝ ਕਰਨ 'ਚ ਵਿਸ਼ਵਾਸ਼ ਰੱਖਣ ਵਾਲੇ ਇਹ ਆਗੂ ਨੇ ਬਰਨਾਲੇ ਕੋਲ ਟਰਾਈਜੈਂਟ
ਤੋਂ ਜ਼ਮੀਨ ਛੁਡਵਾਉ ਤੇ ਵਾਜਬ ਮੁੱਲ ਦਿਵਾਉਣ, ਬਿਜਲੀ ਬੋਰਡ ਦੇ ਪ੍ਰਾਈਵੇਟ ਕਰਨ ਦੇ ਵਿਰੁਧ
ਚੰਡੀਗੜ੍ਹ ਧਰਨੇ, ਰੈਲੀਆਂ, ਅੰਮ੍ਰਿਤਸਰ  ਵਿੱਚ ਭੂਮੀ-ਮਾਫੀਏ ਤੋਂ ਮੁਜ਼ਾਰੇ ਕਿਰਸਾਨਾਂ ਨੂੰ
ਜ਼ਮੀਨਾਂ ਦੇ ਹੱਕ ਦਿਵਾਉਣ, ਡੇਰਾਬੱਸੀ ਵਿੱਚ ਸ੍ਰੋਮਣੀ ਕਮੇਟੀ ਦੇ ਮਾਫੀਏ ਤੋਂ ਲੋਕਾਂ ਨੂੰ ਕਬਜ਼ੇ
ਦਿਵਾਉਣ ਵਿੱਚ ਆਪਣੀ ਜਥੇਬੰਦੀ ਨਾਲ ਬਹੁਤ ਵੱਡੀ ਭੂਮਿਕਾ  ਨਿਭਾਈ (ਜਦੋਂ ਤੋਂ ਮੈਂ ਜਾਣਦਾ ਹਾਂ)।

 ਅੰਮ੍ਰਿਤਸਰ ਵਿੱਚ ਕੋਈ ਵੀ ਕਿਸਾਨ ਜਥੇਬੰਦੀ ਨਹੀਂ ਸੀ, ਉਥੇ ਖਾਲਸਤਾਨੀ ਲਹਿਰ ਦੌਰਾਨ
ਪੁਲਿਸ ਵਲੋਂ ਕਤਲ ਕੀਤੇ ਗਏ ਹਜ਼ਾਰਾਂ ਬੇਕਸੂਰ ਨੌਜਵਾਨਾਂ ਦੇ ਕਰਕੇ ਪਿੰਡਾਂ ਵਿੱਚ ਪੁਲਿਸ ਦੀ
ਦਹਿਸ਼ਤ ਹਾਲੇ ਵੀ ਕਾਇਮ ਹੈ। ਬਾ-ਜੀ (ਸਾਧੂ ਸਿੰਘ ਤਖਤੂਪੁਰਾ) ਦੇ ਦੱਸਣ ਦੇ ਮੁਤਾਬਕ,
ਉਹ ਲੋਕਾਂ ਦੀ ਭੂਮੀ ਮਾਫੀਆ ਅਤੇ ਪੁਲਿਸ ਦੇ ਵਿਰੁਧ ਕੁਝ ਵੀ ਕਰਨ ਦੀ ਹਿੰਮਤ ਨਹੀਂ ਸੀ, ਭਾਵੇਂ
ਉਹ ਕਿਸਾਨ ਯੂਨੀਅਨੇ ਦੇ ਆਗੂਆਂ ਦੀ ਗੱਲਾਂ ਨਾਲ ਸਹਿਮਤ ਵੀ ਹੁੰਦੇ। ਪਿਛਲੇ ਕਈ
ਮਹੀਨਿਆਂ ਦੀ ਮਿਹਨਤ ਨਾਲ ਬਾਜੀ ਹੋਰਾਂ ਨੇ ਉਹਨਾਂ ਨੂੰ ਕਬਜ਼ੇ ਦੁਆਵੇ, ਕਾਗਜ਼ਾਂ 'ਚ ਜ਼ਮੀਨਾਂ
ਨਾਂ ਕਰਵਾਈਆਂ। ਪਿਛਲੇ ਦਿਨੀਂ ਪੁਲਿਸ ਹਿਰਾਸਤ (ਨਜ਼ਾਇਜ਼) ਵਿੱਚ ਕਿਸਾਨ ਦੀ ਮੌਤ
ਹੋ ਗਈ, ਉਹ ਵਾਸਤੇ ਥਾਣੇਦਾਰ ਨੂੰ ਸਸਪੈਂਡ ਕੀਤਾ ਹੋਇਆ ਸੀ। ਉਸ ਦੀ ਗ੍ਰਿਫਤਾਰੀ ਲਈ ੨੧
ਤਾਰੀਖ ਨੂੰ ਇੱਕਠ ਵਾਸਤੇ ਇਹ ਆਗੂ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਇੱਕਠਾ ਕਰ ਰਹੇ ਸਨ,
ਇਸ ਲੜੀ ਦੇ ਤਹਿਤ ਜਦੋਂ ਉਹ ਔਲਖ ਪਿੰਡ 'ਚ ਮੀਟਿੰਗ ਕਰਕੇ ਨਿਕਲੇ ਤਾਂ ਪਿੰਡ ਤੋਂ ਕੁਝ ਕੁ  ਦੂਰ
ਇੱਕ ਮੋਟਰਸਾਈਕਲ ਸਵਾਰ ਨੇ ਉਹਨਾਂ ਨੂੰ ਅੱਗੇ ਤੋਂ ਰੋਕ ਲਿਆ ਅਤੇ ਪਿੱਛੇ ਤੋਂ ਗੁੰਡਿਆਂ ਨੇ ਹਮਲਾ
ਕਰ ਦਿੱਤਾ,ਜਿਸ ਦਾ ਨਿਸ਼ਾਨ ਕਿਸਾਨ ਆਗੂ ਨੂੰ ਬਣਾਇਆ ਗਿਆ, ਦੱਸਣ ਦੇ ਮੁਤਾਬਕ
ਜਦੋਂ ਮਰਨ ਦੀ ਤਸੱਲੀ ਹੋ ਗਈ ਤਾਂ ਉਹ ਮਾਰਨੋਂ ਹਟੇ। ਇਹ ਸਾਰੇ ਮਾਮਲੇ ਵਿੱਚ ਉੱਥੋਂ
ਦੇ ਸੀਨੀਅਰ ਅਕਾਲੀ ਆਗੂ ਵੀਰ ਸਿੰਘ ਲੋਪੋਕੇ, ਥਾਣੇਦਾਰ ਰਛਪਾਲ ਸਿੰਘ ਬਾਬਾ
(ਲੋਪੋਕੇ ਦਾ ਰਿਸ਼ਤੇਦਾਰ), ਚੇਅਰਮੈਨ ਸਰਬਜੀਤ ਸਿੰਘ ਲੋਧੀਗੁਜਰ,  ਕੁਲਵਿੰਦਰ ਸਿੰਘ
ਵਿਰੁਧ ਧਾਰਾ 302, 307,324,323,148,149  ਅਤੇ 120B IPC ਦੇ ਤਹਿਤ ਕੇਸ
ਦਰਜ ਕੀਤਾ ਗਿਆ ਹੈ।

ਉਹਨਾਂ ਦੀ ਇਹ ਸ਼ਹਾਦਤ ਪੰਜਾਬ ਵਿੱਚ ਫੈਲੀ ਗੁੰਡਾਗਰਦੀ ਦਾ ਸਬੂਤ ਹੈ, ਜਿੱਥੇ ਰੈਲੀ
ਕਰਨ ਲਈ ਨਿਹੱਥੇ ਲੋਕਾਂ ਉੱਤੇ ਗੁੰਡੇ ਦਿਨ-ਦਿਹਾੜੇ ਹਮਲੇ ਕਰਨ ਤੋਂ ਝਿਜਕਦੇ ਨਹੀਂ,
ਉੱਥੇ ਹੀ ਸਿਆਸੀ ਲੀਡਰਾਂ ਵਲੋਂ ਲੋਕਾਂ ਨੂੰ ਲੁੱਟਣ ਅਤੇ ਕਤਲ ਕਰਨ ਤੱਕ
ਦੀਆਂ ਵਾਰਦਾਤਾਂ ਹੋ ਰਹੀਆਂ ਹਨ।

ਹੁਣ ਇਹ ਸਭ ਦੇ ਬਾਵਜੂਦ ਪੁਲਿਸ ਕੀ ਕਰਵਾਈ  ਕਰਦੀ ਹੈ ਅਤੇ ਉਹ ਜਥੇਬੰਦੀ
ਕੀ ਕਾਰਵਾਈ ਕਰਦੀ ਹੈ, ਕੀ ਉਹ ਪਿੱਛੇ ਹੱਟ ਜਾਣਗੇ? ਜਾਂ ੨੧ ਫਰਵਰੀ ਦਾ
ਘਿਰਾਓ ਹੋਵੇਗਾ, ਜਿਸ ਖਾਤਰ ਇਹ ਸ਼ਹਾਦਤ ਹੋਇਆ ਹੈ? ਕੀ ਅੰਮ੍ਰਿਤਸਰ
ਦੇ ਇਲਾਕੇ ਵਿੱਚ ਛੋਟੇ ਕਿਸਾਨਾਂ ਲਈ ਜਥੇਬੰਦੀ ਆਪਣਾ ਕੰਮ ਜਾਰੀ ਰੱਖ ਸਕੇਗੀ?
ਤੇ ਕੀ ਇਹ ਪੁਲਿਸ ਦਹਿਸ਼ਤ ਦੀ ਛਾਂ ਉੱਥੋਂ ਦੂਰ ਹੋ ਸਕੇਗੀ? ਇਹ ਸਭ ਗੱਲਾਂ
ਆਉਣ ਵਾਲੇ ਭਵਿੱਖ ਵਿੱਚ ਹਨ।

ਕੁਰਬਾਨੀ ਕਰਨ ਵਾਲੇ, ਆਪਣੇ ਕਹਿਣੀ ਤੇ ਕਰਨੀ ਦੇ ਪੂਰੇ, ਲੋਕਾਂ ਨੂੰ ਜ਼ਿੰਦਗੀ
ਸਮਰਪਿਤ ਕਰਨ ਵਾਲੇ, ਮੌਤ ਤੋਂ ਨਾ ਡਰਨ ਵਾਲੇ ਸੂਰਮੇ ਵਿਰਲੇ ਹੀ ਜੰਮਦੀਆਂ
ਨੇ ਮਾਵਾਂ ਅਤੇ ਮੈਨੂੰ ਇਹ ਮਾਣ ਰਹੇਗਾ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਉਹਨਾਂ
ਨੂੰ ਨੇੜਿਓ ਵੇਖਿਆ (ਅਤੇ ਦੁੱਖ ਵੀ ਸ਼ਾਇਦ ਕਿ ਇਹ ਸਮਾਂ ਬਹੁਤ ਹੀ ਥੋੜ੍ਹਾ ਰਿਹਾ)....
ਮੇਰੀ ਜ਼ਿੰਦਗੀ ਵਿੱਚੋਂ ਹੁਣ ਇੱਕ ਚਾਨਣ ਮੁਨਾਰਾ ਅਲੋਪ ਹੋ ਗਿਆ

ਬੜੇ ਦੁੱਖ ਅਤੇ ਤਕਲੀਫ਼ ਨਾਲ
ਆਲਮ...
ਅੰਗਰੇਜ਼ੀ ਅਖ਼ਬਾਰ ਦੀ ਖ਼ਬਰ

04 February, 2010

ਸਕੂਲ ਵੱਲ ਤੁਰਦੇ ਨਿੱਕੇ ਨਿੱਕੇ ਪੈਰ...

ਇੱਕ ਹੋਰ ਪੜਾਅ ਛੇਤੀ ਹੀ ਉਹਦੀ ਜ਼ਿੰਦਗੀ ਵਿੱਚ ਆ ਰਿਹਾ ਹੈ,
ਸਕੂਲ ਜਾਣ ਦਾ, ਉਸ ਨੂੰ ਵੀ ਬਹੁਤ ਹੀ ਚਾਅ
ਚੜ੍ਹਿਆ ਰਹਿੰਦਾ ਹੈ ਕਿ ਬੈਗ ਪਾ ਕੇ, ਬੂਟ ਪਾ ਕੇ ਸਕੂਲ ਜਾਣਾ ਹੈ...


ਪਹਿਲੀਂ ਤਾਰੀਖ ਤੋਂ ਉਸ ਨੂੰ ਸਕੂਲ ਜਾਣ ਲਈ 'ਕੱਚੀ ਪਹਿਲੀ"
(ਛੋਟੇ ਬੱਚੇ ਨੂੰ ਰੱਖਣ ਵਾਲੀ ਥਾਂ) ਵਿੱਚ ਛੱਡ ਕੇ ਆਏ।
ਉਮੀਦ ਮੁਤਾਬਕ ਪਹਿਲੇ ਦਿਨ 10 ਕੁ ਮਿੰਟ ਹੀ ਬੈਠਾ,
ਦੂਜੇ ਦਿਨ 15-20 ਮਿੰਟ ਹੀ ਲਾਏ। ਇਹ ਉਹ
ਸਫ਼ਰ ਦੇ ਪਹਿਲੇ ਕਦਮ ਸਨ, ਜੋ ਆਉਣ
ਵਾਲੇ ਕਈ ਵਰ੍ਹੇ ਉਹਦੀ ਜ਼ਿੰਦਗੀ ਦਾ ਵੱਡਾ ਸਮਾਂ
ਲਵੇਗਾ। ਸ਼ਾਇਦ 20-22 ਸਾਲ ਲਈ ਉਹ ਇਹ
ਜੂਲਾ ਲਾਉਣ ਲਈ ਸੰਘਰਸ਼ ਕਰਦਾ ਰਹੇਗਾ, ਜੋ ਅੱਜ ਉਹ
ਖੁਸ਼ੀ ਖੁਸ਼ੀ ਪਾਉਣ ਲਈ ਤਿਆਰ ਸੀ।
ਟਰੀ ਇੰਡੀਅਟ ਵੇਖਣ ਅਤੇ ਆਪਣੇ ਨਿੱਜੀ ਅਨੁਭਵ
ਤੋਂ ਮੈਂ ਇਹੀ ਸੋਚਦਾ ਹਾਂ ਕਿ ਬਿਲਕੁਲ ਇਹ ਜੂਲਾ ਹੀ ਹੈ,
ਜੋ ਬਹੁਤ ਭਾਰਤ ਦੇ ਬੱਚੇ ਲੈ ਕੇ ਚੱਲਦੇ ਹਨ, ਹੰਢਾਉਂਦੇ ਹਨ,
ਜਿੱਥੇ ਉਹਨਾਂ ਨੂੰ "ਯੈੱਸ ਸਰ" ਦੇ ਰੂਪ ਵਿੱਚ ਬਾਬੂ ਬਣਨ
ਲਈ ਤਿਆਰ ਕੀਤਾ ਜਾਂਦਾ ਹੈ। (ਬੇਸ਼ੱਕ ਕੁਝ ਵਿਦਿਆਰਥੀ
ਇਹ ਹੱਦਾਂ ਤੋੜਦੇ ਹਨ ਅਤੇ ਗਿਣਤੀ ਲਗਾਤਾਰ ਵੱਧਦੀ ਜਾਵੇਗੀ,
ਪਰ ਆਬਾਦੀ ਅਤੇ ਪੜ੍ਹਨ ਵਾਲਿਆਂ ਦੇ ਮੁਕਾਬਲੇ ਅੱਜ ਇਹ
ਗਿਣਤੀ ਬਹੁਤ ਘੱਟ ਹੈ)।

ਮੈਂ ਖੁਦ ਆਪਣੇ ਨਾਲ ੬੦ ਜਾਣਿਆਂ ਦੇ ਕੰਪਿਊਟਰ
ਇੰਜਨੀਅਰਾਂ ਦੀ ਜਮਾਤ ਵਿੱਚ ਕੰਮ ਕਰਨ ਵਾਲੇ ੫ ਬੰਦੇ
ਹੀ ਗਿਣੇ ਨੇ, ਜੋ ਕੰਪਿਊਟਰ ਤੋਂ ਕੰਮ ਕਰਵਾ ਸਕਦੇ ਸਨ
ਅਤੇ ਕਰੀਬ ੫-੬ ਅਜਿਹੇ ਇੰਜਨੀਅਰ ਵੀ ਵੇਖੇ ਨੇ,
ਜੋ ੪ ਸਾਲਾਂ ਬਾਅਦ ਵੀ ਇਹ ਨਹੀਂ ਜਾਣਦੇ ਸਨ ਕਿ
ਸਧਾਰਨ ਵਰਤੋਂ ਕਿਵੇਂ ਕਰਨੀ ਹੈ, ਅਤੇ ਅੱਧੇ ਤੋਂ
ਵੱਧ ਨੂੰ ਸ਼ਾਇਦ ਕਦੇ ਪਤਾ ਵੀ ਨਹੀਂ ਸੀ ਕਿ
ਦੁਨਿਆਂ ਵਿੱਚ ਵਿੰਡੋਜ਼ ਤੋਂ ਬਿਨਾਂ ਕੋਈ ਹੋਰ ਕੰਪਿਊਟਰ
ਵੀ ਹੁੰਦਾ ਹੈ। ਇਹ ਤਾਂ ਪੜ੍ਹਾਈ ਦਾ ਹਾਲ ਸੀ,
ਜਿੱਥੇ ਕੇਵਲ ਨੰਬਰ ਲੈਣ ਲਈ ਪੜ੍ਹਿਆ ਅਤੇ ਪੜ੍ਹਾਇਆ
ਜਾਂਦਾ ਸੀ। ਅੱਜ ਜੇ ਚੰਗੇ ਕਾਲਜਾਂ ਵਿੱਚ ਵੀ ਪੜ੍ਹਾਈ
ਹੁੰਦੀ ਹੈ ਤਾਂ ਵੀ ਇਹ ਸਟੀਰਿਓ ਟਾਈਪ, ਇੱਕ
ਨੱਕ ਦੀ ਸੇਧੇ ਤੁਰ ਜਾਣ ਵਾਲਾ ਕੰਮ ਜਾਪਦਾ ਹੈ।
ਇਹ ਤਾਂ ਮੇਰੀ ੬ ਸਾਲ ਪੁਰਾਣੀ ਗੱਲ ਸੀ, ਪਿਛਲੇ
ਵਰ੍ਹੇ ਮੇਰਾ ਵਾਹ ਕੁਝ ਐਮ.ਬੀ.ਏ. (MBA) ਕਰਨ
ਵਾਲੇ ਪੂਣੇ ਦੇ ਸਭ ਤੋਂ ਚੋਟੀ ਦੇ ਕਾਲਜ ਦੇ ਵਿਦਿਆਰਥੀਆਂ
ਨਾਲ ਵਾਹ ਪਿਆ। ਉਨ੍ਹਾਂ ਪਰੋਜੈਕਟ ਕੀਤਾ, ਵੱਡੇ ਵੱਡੇ
ਵਾਅਦੇ ਕੀਤੇ, ਰਿਪੋਰਟ ਉੱਤੇ ਸਾਈਨ ਕਰਵਾਏ ਅਤੇ
ਉਸ ਤੋਂ ਬਾਅਦ ਪਰੋਜੈਕਟ ਨੂੰ ਪੂਰਾ ਕਰਨ ਦੀ ਲੋੜ ਵੀ
ਨਹੀਂ ਸਮਝੀ, ਕਿਉਂਕਿ ਉਹਨਾਂ ਕੋਲ ਹੁਣ ਇਸ ਲਈ ਟਾਈਮ
ਨਹੀਂ ਸੀ ਰਿਹਾ। ਸੋ ਇਹ ਸਭ ਰਿਪੋਰਟ, ਡਿਗਰੀ,
ਅਤੇ ਨੌਕਰੀ ਲਈ ਹੀ ਸੀ...

ਆਪਣੇ ਬੱਚੇ ਤੋਂ ਜੇ ਅੱਜ ਮੈਂ ਕੋਈ ਉਮੀਦ ਕਰਦਾ ਹਾਂ ਤਾਂ
ਇਸ ਦਾ ਅਰਥ ਮੈਂ ਉਸ ਦੇ ਵਿਚਾਰਾਂ/ਸੋਚ ਨੂੰ ਆਪਣੇ ਵਲੋਂ
ਤਬਾਹ ਕਰਨਾ ਸਮਝਦਾ ਹਾਂ। ਉਸ ਨੂੰ ਚੰਗੀ ਸੋਚ ਦੇਣੀ ਅਤੇ
ਚੰਗੇ ਮਾੜੇ ਬਾਰੇ ਫ਼ਰਕ ਦੱਸਣਾ, ਤਾਂ ਮੇਰਾ ਫ਼ਰਜ਼ ਹੈ, ਪਰ ਉਸ
ਨੂੰ ਚੰਗੇ ਦੀ ਹੀ ਚੋਣ ਕਰਕੇ ਦੇਣੀ (ਜੋ ਮੈਂ ਸੋਚਦਾ ਹੋਵਾਂ), ਉਂਗਲ
ਫੜ ਕੇ ਚੱਲਦੇ ਰਹਿਣਾ ਉਸ ਦੀ ਜ਼ਿੰਦਗੀ ਲਈ ਤਬਾਹਕੁੰਨ
ਫੈਸਲਾ ਸਮਝਾਂਗਾ।

ਖ਼ੈਰ ਇਹ ਹਾਲਤ (ਭਾਰਤੀ ਵਿਦਿਆ ਪ੍ਰਣਾਲੀ) 'ਚ ਮੇਰੇ ਵੇਲੇ
ਨਾਲੋਂ ਸੁਧਾਰ ਹੋਇਆ ਜ਼ਰੂਰ ਹੈ, ਅਤੇ ਅੱਗੇ ਵੀ ਜਾਰੀ ਰਹੇਗਾ,
ਪਰ ਅੱਜ ਦੇ ਪੈਰ ਪੁੱਟਣ ਵਾਲੇ ਲਈ ਸ਼ਾਇਦ ਇਹ ਕਾਫ਼ੀ ਨਹੀਂ ਰਹੇਗਾ
ਕਿ ਉਸ ਨੂੰ ਚੰਗਾ ਕੈਰੀਅਰ ਚੁਣਨ ਅਤੇ ਉਸ ਵਿੱਚ ਅੱਗੇ ਵਧਣ (ਉਤਸ਼ਾਹਿਤ)
ਲਈ ਮੱਦਦ ਕਰ ਸਕੇ। ਆਪਣੇ ਵੱਲੋਂ ਤਾਂ ਮੈਂ ਉਸ ਨੂੰ ਆਪਣੇ ਮਾਂ-ਬਾਪ
ਤੋਂ ਵੱਧ ਆਜ਼ਾਦੀ ਦੇਵਾਂਗਾ ਕੈਰੀਅਰ ਚੁਣਨ ਦੀ (ਜਿਨ੍ਹਾਂ ਨੇ ਆਪਣੇ
ਮਾਂ-ਬਾਪ ਤੋਂ ਵੱਧ ਦਿੱਤੀ ਹੋਵੇਗੀ) ਅਤੇ ਉਸ ਦੇ ਖਿਆਲਾਂ ਦੀ ਕਦਰ
ਕਰਨ ਦਾ ਜਤਨ ਕਰਾਂਗਾ (ਜੋ ਹਾਲੇ ਭਾਰਤ ਦੇ ਮੱਧ-ਵਰਗੀ ਪਰਿਵਾਰਾਂ
'ਚ ਘੱਟ ਹੀ ਹੁੰਦੀ ਹੈ)...

ਅੱਜ ਤਾਂ ਮੈਂ ਉਸ ਦੇ ਬੈਗ ਪਾ ਕੇ ਸਕੂਲ (ਜਿਸ ਬਾਰੇ ਉਹ ਸ਼ਾਇਦ
ਸਮਝਦਾ ਨਹੀਂ ਹੋਵੇਗਾ) ਨੂੰ ਨਿੱਕੇ ਨਿੱਕੇ ਤੁਰਦੇ ਪੈਰਾਂ 'ਚ ਵਲੋਂ ਚੱਕੇ ਨਾ
ਜਾਂਦੇ ਚਾਅ ਨੂੰ ਮਹਿਸੂਸ ਕਰਦਾ ਹੋਇਆ ਆਪਣੇ ਬਚਪਨ ਨੂੰ ਚੇਤੇ
ਕਰਦਾ ਹਾਂ...

08 October, 2009

ਮੋਗਾ - ਫਾਇਬਰ ਓਪਟੈਕਸ ਖੋਜੀ ਦਾ ਘਰ


ਦੁਨਿਆਂ ਵਿੱਚ ਅੱਜ ਜੋ ਵੀ ਇੰਟਰਨੈੱਟ ਅਤੇ ਤੇਜ਼ ਗਤੀ ਨੈੱਟਵਰਕ ਦੀ
ਜਾਨ ਹੈ, ਉਹ ਹੈ ਫਾਇਬਰ ਓਪਟੈਕਸ(Fiber Optics),
ਰੇਸ਼ਿਆਂ 'ਚ ਰੋਸ਼ਨੀ, ਰੇਸ਼ਿਆਂ ਦੀ ਰੋਸ਼ਨੀ ਦਾ ਵਿਗਿਆਨ।
ਤਕਨੀਕੀ ਗਿਆਨ ਰੱਖਣ ਵਾਲੇ ਜਾਣਦੇ ਹੀ ਹੋਣਗੇ ਕਿ ਇਹ ਕੀ
ਚੀਜ਼ ਹੈ, ਮੁੱਢਲੀ ਗੱਲ ਹੈ ਅੱਜ ਦੇ ਸਾਰੇ ਨਹੀਂ ਤਾਂ ਬਹੁਤੇ ਸੰਚਾਰ
ਸਾਧਨਾਂ ਦਾ ਆਧਾਰ ਹੀ ਫਾਇਬਰ ਓਪਟੈਕਸ ਹੈ, ਬਾਕੀ ਰਹਿੰਦੇ
ਸੰਚਾਰ ਦਾ ਇਹ ਬਣ ਜਾਵੇਗਾ।
ਇਹ ਤਾਂ ਹੋਈ ਪ੍ਰੀਭਾਸ਼ਾ ਹੋਈ ਉਹ ਸ਼ਬਦ ਦੀ, ਹੁਣ ਗੱਲ
ਉਹ ਬੰਦੇ ਦੀ, ਜਿਸ ਨੇ ਇਹ ਸ਼ਬਦ ਦਿੱਤਾ, ਉਹ ਹੈ
ਨਰਿੰਦਰ ਸਿੰਘ (Narinder Singh Kapany), ਇੱਕ ਪੰਜਾਬੀ,
ਸਰਦਾਰ, ਜੋ ਕਿ ਮੋਗੇ ਦਾ ਹੈ, ਜਿਸ ਬਾਰੇ ਜਾਣਕਾਰੀ 1999 ਦੇ
ਫੋਰਟਿਊਨ ਮੈਗਜ਼ੀਨ ਨੇ "20 ਸਦੀ ਦੇ ਅਣਗੌਲੇ ਹੀਰੋ" ਵਿੱਚ ਛਪੀ,
ਉਹ 7 ਉਹਨਾਂ ਬੰਦਿਆਂ ਵਿੱਚੋਂ ਸਨ






ਹੁਣ ਦੀ ਤਸਵੀਰ








1959 'ਚ ਲੈਬ ਵਿੱਚ ਕਂਮ ਕਰਦਿਆਂ ਹੋਇਆ ਦੀ ਤਸਵੀਰ










ਆਪਣੀ ਪੜ੍ਹਾਈ ਦੇਹਰਾਦੂਨ ਕਰਨ ਦੇ ਉਪਰੰਤ ਉਹ ਇੰਗਲੈਂਡ ਵਿੱਚ ਖੋਜਾਂ ਕਰਦੇ ਰਹੇ ਅਤੇ ਅਮਰੀਕਾ ਵਿੱਚ ਆਪਣੀਆਂ ਖੋਜਾਂ ਦਾ ਕੰਮ ਜਾਰੀ ਰੱਖਿਆ
1960 ਵਿੱਚ ਉਹਨਾਂ ਦੇ ਅਮਰੀਕੀ ਮੈਗਜ਼ੀਨ ਵਿੱਚ ਪਹਿਲੀ ਵਾਰ ਇਹ ਲਫ਼ਜ਼ (ਫਾਇਬਰ ਓਪਟੈਕਸ)
ਵਰਤਿਆ। ਸ਼ਾਇਦ ਉਹਨਾਂ ਦੀ ਖੋਜ ਦਾ ਮਕਸਦ ਸਰੀਰ ਦੇ ਅੰਦਰ ਦੇਖਣ ਲਈ
ਸਿਸਟਮ ਤਿਆਰ ਕਰਨਾ ਸੀ, ਪਰ ਉਹਨਾਂ ਦੀ ਖੋਜ ਨੂੰ ਮਗਰੋਂ ਕਿਸ ਤਰ੍ਹਾਂ ਵਰਤਿਆ
ਗਿਆ ਅਤੇ ਉਹ ਲੋਕ ਨੋਬਲ ਇਨਾਮ ਜੇਤੂ ਬਣਿਆ, ਜਿਹਨਾਂ ਇਸ ਨੂੰ ਖੋਜ
ਅਧਾਰ ਵਜੋਂ ਵਰਤਿਆ। ਇਸ ਤਰ੍ਹਾਂ ਉਹ ਅਣਗੌਲੇ ਵਿਅਕਤੀ ਵਜੋਂ ਰਹੇ, ਜਿੰਨ੍ਹਾਂ
ਨੇ 20ਵੀ ਸਦੀ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਪਿਆ।

ਖ਼ੈਰ ਮੇਰੇ ਵਲੋਂ ਇਹ ਬੰਦੇ ਦੀ ਮੇਹਨਤ ਅਤੇ ਲਗਨ ਅਤੇ ਉਹ ਇਰਾਦੇ ਨੂੰ ਸਲਾਮ,
ਜਿਸ ਨਾਲ ਉਹ ਅੱਜ ਤੱਕ ਅਣਗੌਲੇ ਰਹਿਣ ਉੱਤੇ ਕੋਈ ਮਲਾਲ ਨਹੀਂ ਕਰਦੇ।

ਹੋਰ ਜਾਣਕਾਰੀ ਲਈ ਵੇਖੋ
ਇੰਟਰਵਿਊ

27 September, 2009

ਕੁਝ ਹਢਾਏ ਪਲ਼ ਦੋ ਵਰ੍ਹਿਆਂ ਤੋਂ ਟੱਪੇ ਬਚਪਨ ਨਾਲ...

ਹੁਣ ਮੋਲੀ ਦੋ ਸਾਲਾਂ ਨੂੰ ਟੱਪ ਚੱਲਿਆ ਹੈ ਅਤੇ ਉਸ ਦੀਆਂ ਹਰਕਤਾਂ
ਨੂੰ ਵੇਖ ਕੇ ਅਚਾਨਕ ਚਿੱਤ ਕਹਿ ਉੱਠਦਾ ਹੈ ਕਿ ਹਾਂ ਇਹ ਤਾਂ ਮੈਂ
ਕਦੇ ਨਹੀਂ ਸੀ ਕਰ ਸਕਦਾ (ਆਪਣੇ ਬਚਪਨ ਵਿੱਚ)...

ਕੁਦਰਤੀ ਤੌਰ ਉੱਤੇ ਮੇਰਾ ਸੁਭਾਅ ਅਜੇਹਾ ਹੈ ਅਤੇ ਕੁਝ ਸੋਚ
ਵਿਕਸਤ ਹੋਈ ਇੰਝ ਦੀ ਹੈ ਕਿ ਮੈਂ ਬੱਚਿਆਂ ਨਾਲ ਆਪਣੇ
ਆਪ ਨੂੰ ਢਾਲ ਨਹੀਂ ਪਾਉਂਦਾ, ਪਰ ਜਿੰਨਾ ਕੁ ਵਰਤਾਰਾ ਉਸ ਨਾਲ
ਮੇਰਾ ਰਿਹਾ ਜਾਂ ਕਹੀਏ ਕਿ ਵਾਹ ਪਿਆ ਹੈ, ਉਹ ਆਲੇ ਦੁਆਲੇ
ਪ੍ਰਤੀ ਕਿੰਨੀ ਤੇਜ਼ੀ ਨਾਲ ਸਿੱਖ ਰਿਹਾ ਹੈ, ਸਮਝਣ ਦੀ ਤਾਕਤ
ਹੈ, ਉਹ ਵੇਖ ਕੇ ਸਿਰ ਚਕਰਾ ਜਾਂਦਾ ਹੈ ਕਿ ਜਦੋਂ ਵੱਡੇ ਹੋਣਗੇ ਤਾਂ
ਇਹ ਕਰਨਗੇ। ਇਹ ਗੱਲ 'ਕੱਲੇ ਅਨਮੋਲ ਦੀ ਨਹੀਂ ਹੈ, ਉਸ ਦੇ
ਹਾਣ ਦੇ ਜੁਆਕ ਸਭ ਬਹੁਤ ਤੇਜ਼ ਨੇ, ਉਸ ਨਾਲੋਂ ਜੋ ਮੈਂ ਆਪਣੇ
ਬਚਪਨ 'ਚ ਵੇਖੇ ਸਨ (ਜਦੋਂ ਤੋਂ ਮੈਂ ਕੁਝ ਹੋਸ਼ ਸੰਭਾਲੀ ਹੈ)।
ਉਹ ਹਾਲੇ ਸਵਾ ਦੋ ਸਾਲ ਦਾ ਹੈ, ਪਰ ਗੱਲਾਂ ਦੇ ਜਵਾਬ ਬੜੇ
ਦੇ ਦਿੰਦਾ ਹੈ, ਜਿਵੇਂ ਕਿ
"ਅਨਮੋਲ ਤੇਰੀ ਬਾਇਕ ਗੰਦੀ ਹੈ"
"ਨਹੀਂ, ਸੋਨੀ"

ਜੇ ਮੈਂ ਤਿਆਰ ਹੋ ਰਿਹਾ ਹੋਵਾ ਤਾਂ ਉਸ ਨੇ ਸਵਾਲ ਹੁੰਦੇ ਹਨ
"ਅਮਨ ਓਫਸ ਜਾਨਾਂ?"
"ਹਾਂ"
"ਕਾਰ ਤੇ?"
"ਹਾਂ"

ਖ਼ੈਰ ਪਿਛਲੀ, (ਜਾਂ ਮੌਜੂਦਾ) ਪੀੜ੍ਹੀ ਤੋਂ ਅੱਗੇ ਹੋਣ ਨਾਲ ਹੀ
ਤਾਂ ਜ਼ਮਾਨਾ ਤਰੱਕੀ ਕਰਦਾ ਹੈ, ਅਤੇ ਇਹ ਬਾਂਦਰ ਤੋਂ
ਇਨਸਾਨ ਦੀ ਕਹਾਣੀ ਦਾ ਨਿਰੰਤਰ ਜੋੜ/ਤੋੜ ਹੈ, ਪਰ
ਕਿਵੇਂ ਵੀ ਹੈ, ਅੱਜਕੱਲ੍ਹ ਦੇ ਬੱਚੇ ਬੜੀ ਤੇਜ਼ੀ ਨਾਲ ਸਿੱਖਦੇ ਹਨ,
ਸਮਝਦੇ ਹਨ, (ਬੇਸ਼ੱਕ ਗੁੱਸੇਖੋਰ ਜਾਂ ਸ਼ਰਾਰਤੀ ਵੀ ਹਨ)।
ਹਾਲੇ ਮੇਰਾ ਬਹੁਤ ਸਾਰਾ ਸਮਾਂ ਉਸ ਦੀਆਂ ਸ਼ਰਾਰਤਾਂ ਅਤੇ
ਇੱਲਤਾਂ ਨੂੰ ਸਮਝਦਿਆਂ ਲੰਘ ਜਾਂਦਾ ਹੈ ਕਿ ਆਖਰ ਉਹ ਕੀ ਕਰਨਾ
ਚਾਹੁੰਦਾ ਹੈ ਅਤੇ ਉਹ ਕਿੰਝ ਸਮਝਾਉਂਦਾ ਹੈ। ਕੁਝ ਚਿਰ
ਪਹਿਲਾਂ ਜਦੋਂ ਉਹ ਬੋਲਣ ਹਾਲੇ ਸਿੱਖਿਆ ਹੀ ਸੀ ਤਾਂ ਉਹ
ਆਪਣੀ ਗੱਲ਼ ਸਮਝਾ ਨਹੀਂ ਸੀ ਸਕਦਾ ਤਾਂ ਉਂਝ ਕਰਕੇ ਵੇਖਾਉਦਾ ਸੀ,
ਜੇ ਰੋਟੀ ਖਾਣੀ ਹੈ ਤਾਂ ਬੁਰਕੀ ਮੂੰਹ 'ਚ ਲੈ ਕੇ ਜਾਣੀ, ਜਾਂ ਦਰਵਾਜੇ ਕੋਲ
ਡੋਲੂ ਲੈ ਕੇ ਖੜ੍ਹਾ ਹੋ ਜਾਣਾ ਆਦਿ, ਪਰ ਹੁਣ ਜਦੋਂ ਉਹ ਬੋਲਣ
ਲੱਗਾ ਹੈ ਤਾਂ ਉਹ ਆਪਣੀ ਗੱਲ਼ ਨੂੰ ਵਾਰ ਵਾਰ ਕਹਿੰਦਾ ਹੈ, ਅਤੇ ਜੇ
ਨਾ ਸਮਝੀਏ ਤਾਂ ਉਂਝ ਹਰਕਤ ਕਰਕੇ ਵੇਖਾਉਂਦਾ ਹੈ, ਖ਼ੈਰ ਉਸ ਦੀ ਮਾਂ
ਤਾਂ ਬਹੁਤਾ ਕੁਝ ਸਮਝ ਹੀ ਜਾਂਦੀ ਹੈ, ਪਰ ਮੈਨੂੰ ਕਦੇ ਕਦੇ ਵਕਤ ਲੱਗ
ਜਾਂਦਾ ਹੈ।
ਜੇ ਤੁਹਾਨੂੰ ਅਜਿਹੇ ਸਮੇਂ ਵਿੱਚ ਲੰਘਣ ਦਾ ਵਕਤ ਮਿਲੇ ਅਤੇ ਤੁਹਾਡੇ
ਕੋਲ ਸਮਾਂ ਹੋਵੇ ਤਾਂ ਤੁਸੀਂ ਉਹਨਾਂ ਦੀਆਂ ਨਿੱਕੀਆਂ-੨ ਹਰਕਤਾਂ ਨੂੰ ਵੇਖਣਾ,
ਉਹਨਾਂ ਨੂੰ ਸਮਝਣ ਦਾ ਜਤਨ ਕਰਨਾ ਕਿ ਉਹ ਕੀ ਕਰਦੇ ਹਨ ਅਤੇ
ਕਿੰਝ ਕਰਦੇ ਹਨ, ਕਿਵੇਂ ਉਹ ਆਪਣੇ ਹੱਥਾਂ ਵਿੱਚ ਚੀਜਾਂ ਦਾ ਕੰਟਰੋਲ ਕਰਨਾ
ਸਿੱੱਖਦੇ ਹਨ, ਕਿਵੇਂ ਉਹ ਵਾਰ ਵਾਰ ਟੱਕਰਾਂ ਮਾਰਦੇ ਹਨ ਅਤੇ ਆਖਰ
ਵਿੱਚ ਉਹ ਸਫ਼ਲ ਰਹਿੰਦੇ ਹਨ ਉਹ ਕਰਨ ਲਈ, ਜੋ ਕਰਨਾ ਚਾਹੁੰਦੇ ਹਨ।
ਇਹ ਸਭ ਤੁਹਾਨੂੰ ਆਪਣੀ ਮੌਜੂਦਾ ਜਿੰਦਗੀ ਜਿਉਣ ਲਈ ਅਤੇ ਸੰਘਰਸ਼
ਲਈ ਪਰੇਰਦੇ ਨਜ਼ਰ ਆਉਣਗੇ, ਕਿੰਨੀ ਵਾਰ ਕਿਸੇ ਸਮੱਸਿਆ ਦਾ ਹੱਲ
ਕੱਢਣ ਦੀ ਬਜਾਏ ਆਪਾਂ ਉਂਲਝ ਅਤੇ ਉਲਝਾ ਲੈਂਦੇ ਹਾਂ, ਪਰ ਬਚਪਨ
ਦੇ ਭੋਲੇਪਨ, ਸਾਦਗੀ ਅਤੇ ਟੱਕਰਾਂ ਮਾਰਨ ਦੀ ਆਦਤ ਸ਼ਾਇਦ ਗੁਆਉਣ
ਕਰਕੇ ਹੀ ਇਹ ਹੁੰਦਾ ਹੋਵੇਗਾ, ਇੱਕ ਵਾਰ ਉਹ ਵਾਰ ਵਾਰ ਕੋਸ਼ਿਸ਼ ਕਰਨ ਅਤੇ
ਹਰ ਅਗਲੀ ਕੋਸ਼ਿਸ਼ ਵਿੱਚ ਪਹਿਲੀ ਗਲਤੀ ਸੁਧਾਰਨ ਦਾ ਜਤਨ ਕਰਕੇ ਵੇਖਿਓ
ਕੀ ਬਣਦਾ ਹੈ...

18 September, 2009

ਬਿਜਲੀ ਬੋਰਡ ਨੂੰ ਮਿਲੀ 3 ਮਹੀਨੇ ਦੀ ਛੋਟ

ਆਖਰ ਕਿਸਾਨ ਮਜ਼ਦੂਰ ਸੰਘਰਸ਼ ਦੇ ਸਿੱਟੇ ਵਜੋਂ ਸੈਂਟਰ ਸਰਕਾਰ
ਅਤੇ ਸੂਬਾ ਸਰਕਾਰ ਦੇ ਕੰਨਾਂ ਉੱਤੇ ਜੂੰ ਸਰਕੀ ਅਤੇ ਉਹਨਾਂ ਨੂੰ
ਬਿਜਲੀ ਬੋਰਡ ਦੇ ਤੋੜਨ ਦੀ ਯੋਜਨਾ ੩ ਮਹੀਨੇ ਲਈ ਟਾਲਣੀ
ਪੈ ਗਈ ਹੈ। ਇਸ ਵਿੱਚ ਵੀ ਉਹ ਹੋਏ ਸ਼ਹੀਦਾਂ ਦਾ ਯੋਗਦਾਨ ਸਭ
ਮਹੱਤਵਪੂਰਨ ਰਿਹਾ, ਜਿਸ ਨਾਲ ਸਰਕਾਰਾਂ ਨੂੰ ਆਪਣੇ ਕੀਤੇ
ਅਤਿਆਚਾਰ ਤੋਂ ਮੂੰਹ ਲਕੋਣ ਲਈ ਥਾਂ ਨਹੀਂ ਮਿਲੀ ਅਤੇ ਅੰਤ
ਇਹ ਸੰਘਰਸ਼ ਨੂੰ ਹੋਰ ਤਿੱਖਾ ਹੋਣ ਤੋਂ ਰੋਕਣ ਦਾ ਇਹੀ
ਢੰਗ ਬਚਿਆ ਸੀ ਸਰਕਾਰ ਕੋਲ। ਜੇ ਇਹ ਨਾ ਕਰਦੀ ਤਾਂ
ਜੱਥੇਬੰਦੀਆਂ ਦੇ ਅਗਲੇ ਉਲੀਕੇ ਪਰੋਗਰਾਮਾਂ ਮੁਤਾਬਕ ਇਸ ਨੂੰ
ਠੱਲ੍ਹ ਪਾਉਣੀ ਔਖੀ ਹੋ ਜਾਣੀ ਸੀ। ਖ਼ੈਰ ਇੱਕ ਵਾਰ
ਸੰਘਰਸ਼ ਟਲ ਗਿਆ, ਪਰ ਉਮੀਦ ਹੈ ਕਿ ਤਿੰਨ ਮਹੀਨਿਆਂ ਬਾਅਦ
ਸਰਕਾਰ ਆਪਣਾ ਰੁੱਖ ਨਹੀਂ ਬਦਲੇਗੀ ਅਤੇ ਕਿਸਾਨ-ਮਜ਼ਦੂਰ
ਯੂਨੀਅਨਾਂ ਵੀ ਆਪਣੇ ਸੰਘਰਸ਼ ਲਈ ਤਿਆਰ ਰਹਿਣਗੀਆਂ

ਮੈਂ ਬਾਗ਼ੀ ਤਬੀਅਤਾਂ ਦਾ ਮਾਲਕ, ਤੇਰੀ ਸੋਚ ਸਰਕਾਰੀ ਏ...

28 August, 2009

ਕੁਝ ਬੋਲ ਦਿਲ ਦੇ ਕੋਲ ਕਿਤੇ...

ਉਹ ਨੀਂ ਚਾਹੁੰਦੀ ਰਿਸ਼ਤਾ ਰੱਖਣਾ
ਮੈਂ ਨਹੀਂ ਚਾਹੁੰਦਾ ਉਹ ਨੂੰ ਡੱਕਣਾ
ਮਨਾਂ 'ਚ ਜਿਹੜਾ ਪੈ ਗਿਆ ਜ਼ਹਿਰ ਨਹੀਂ ਜਾਂਦਾ
ਹੁਣ ਮੈਂ ਉਸ ਕੁੜੀ ਦੇ ਸ਼ਹਿਰ ਨਹੀਂ ਜਾਂਦਾ...

ਮੇਰੇ ਦਿਲ ਨੂੰ ਖਾਂਦੀ ਸੀ ਅਕਸਰ ਸ਼ੈਹ ਜੋ ਵੱਢ ਵੱਢ ਕੇ
ਮੁੜ ਆਇਆ ਹਾਂ ਉਹ ਦੀ ਯਾਦ ਨੂੰ ਉਹਦੀ ਗਲ਼ੀ 'ਚ ਮੈਂ ਛੱਡ ਕੇ
ਹੁਣ ਸਾਥੋਂ ਉਹਦੇ ਰਾਹੀਂ ਧਰਿਆ ਪੈਰ ਨਹੀਂ ਜਾਂਦਾ
ਹੁਣ ਮੈਂ ਉਸ ਕੁੜੀ ਦੇ ਸ਼ਹਿਰ ਨਹੀਂ ਜਾਂਦਾ

ਮੈਂ ਜਿਹਦੇ ਲਈ ਚੱਲਦਾ ਫਿਰਦਾ ਚੰਗਾ ਮਨਪਰਚਾਵਾਂ ਸੀ
ਉਹਦੇ ਲਈ ਪਾਣੀ ਤੇ ਲੀਕਾਂ ਨੇਕ ਬਰੰਗ ਦਾ ਵਾਦਾ ਸੀ
ਕਿਸੇ ਦੇ ਇੱਕ ਦੇ ਜਾਣ ਨਾਲ ਚੱਲਦਾ ਸਾਹ ਠਹਿਰ ਨਹੀਂ ਜਾਂਦਾ
ਹੁਣ ਮੈ ਉਸ ਕੁੜੀ ਦੇ ਸ਼ਹਿਰ ਨਹੀਂ ਜਾਂਦਾ...

ਗੀਤਕਾਰ - ਨੇਕ ਬਰੰਗ

04 August, 2009

ਅਮਰੀਕੀ ਅਤੇ ਪੰਜਾਬੀ ...

..ਅਮਰੀਕਨ ਵਰਤਮਾਂਨ ਵਿੱਚ ਜੀਂਦੇ ਹਨ । ਅਸੀਂ ਕਰਮਾਂ ਦੇ ਆਸਰੇ ਜੀਂਦੇ ਹਾਂ
ਤੇ ਭੂਤਕਾਲ ਤੇ ਝੂਰਦੇ ਰਹਿੰਦੇ ਹਾਂ। ਕਿਸੇ ਸ਼ਰਾਰਤੀ ਨੇ ਕਰਮਾਂ ਦੀ ਕਾਢ ਕੱਢਕੇ
ਗਰੀਬਾਂ ਨਾਲ ਬੜੀ ਵੱਡੀ ਠੱਗੀ ਮਾਰੀ ਹੈ
। ਮੈਨੂੰ ਅਮਰੀਕਾ ਜਾ ਕੇ ਅਹਿਸਾਸ
ਹੋਇਆ ਕਿ ਪੰਜਾਬੀ ਸ਼ਿਕਾਇਤੀ ਤੇ ਬਹਾਨੇਬਾਜ ਲੋਕ ਹਨ, ਜੋ ਆਪਣੀ ਹਾਰ
ਰੱਬ ਜਾਂ ਦੂਜਿਆਂ ਤੇ ਸੁੱਟਕੇ ਜਿੰਮੇਵਾਰੀ ਤੋਂ ਭੱਜਦੇ ਹਨ।

..ਅਮਰੀਕਾ ਵਿੱਚ ਕਿਰਤ ਦੀ ਕਦਰ ਹੈ ਤੇ ਸਾਡੇ ਵਿਹਲੜਾਂ ਨੂੰ ਸਲਾਂਮਾਂ ਹਨ...

...ਅਮਰੀਕਨ ਅਜਿਹੇ ਵਾਕ ਨੂੰ ਪਸੰਦ ਨਹੀਂ ਕਰਦੇ। ਇਸਨੂੰ ਅਮਰੀਕਨ
ਭਾਸ਼ਾ ਵਿੱਚ ਐਕਸਕਿਊਜ ਲੈਣਾ (ਬਹਾਨਾ ਬਨਾਉਣਾ) ਕਹਿੰਦੇ ਹਨ। ਗੋਰਿਆਂ
ਦੀ ਫਿਲਾਸਫੀ ਹੈ ਕਿ ਆਪਣੇ ਦਮ ਤੇ ਦੁਨੀਆਂ ਜਿੱਤੋ। ਗੋਰੇ ਜੱਦੋ ਜਹਿਦ ‘ਚ
ਯਕੀਂਨ ਕਰਨ ਵਾਲੇ ਲੋਕ ਹਨ। ਤੁਹਾਨੂੰ ਇਕ ਵੀ ਅਮਰੀਕਨ ਨਹੀਂ ਮਿਲੇਗਾ
ਜਿਹੜਾ ਇਹ ਕਹੇ ਕਿ ਜੇ ਠੰਡੀ ਜੰਗ ਨਾ ਹੁੰਦੀ ਤਾਂ ਹੁਣ ਤੱਕ ਅਮਰੀਕਨ
ਚੰਦ ਤੇ ਰਹਿਣ ਲੱਗ ਗਏ ਹੁੰਦੇ। ਪਰ ਤੁਹਾਨੂੰ ਹਜਾਰਾਂ ਪੰਜਾਬੀ ਮਿਲ ਜਾਣਗੇ
ਜਿਹੜੇ ਕਹਿਣਗੇ ਕਿ ਜੇ ਸਾਡੇ ਖਿਲਾਫ ਫਲਾਨੀਂ ਫਲਾਨੀਂ ਸਾਜਿਸ਼ ਨਾਂ ਹੁੰਦੀ ਤਾਂ
ਹੁਣ ਨੂੰ ਅਸੀਂ ਸਾਰੀ ਦੁਨੀਆਂ ਤੇ ਰਾਜ ਕਰਨ ਲੱਗ ਜਾਣਾ ਸੀ...

ਧੰਨਵਾਦ ਸਹਿਤ - ਬੀ.ਐਸ. ਢਿੱਲੋਂ "ਅੱਖੀਂ ਵੇਖਿਆ ਅਮਰੀਕਾ..."

10 July, 2009

ਸਮਲਿੰਗੀ ਆਜ਼ਾਦੀ – ਕਿਹੋ ਜਿਹਾ ਭਵਿੱਖ

 

ਪਿਛਲੇ ਹਫ਼ਤੇ ਆਏ ਸਮਲਿੰਗੀ ਸਬੰਧੀ ਦਿੱਲੀ ਹਾਈ ਕੋਰਟ ਦੇ ਫੈਸਲੇ

ਨੇ ਜਿੱਥੇ ਸਮਲਿੰਗੀ ਸਬੰਧ ਰੱਖਣ ਵਾਲਿਆਂ ਦੇ ਚਿਹਰਿਆਂ ਉੱਤੇ ਰੌਣਕਾਂ

ਲਿਆ ਦਿੱਤੀਆਂ ਹਨ, ਉੱਥੇ ਸਭ ਧਰਮ ਦੇ ਠੇਕੇਦਾਰਾਂ (ਜਾਂ ਕਹੋ

ਪਰਧਾਨਾਂ) ਦੇ ਮੱਥਿਆਂ ਉੱਤੇ ਤਿਊੜੀਆਂ ਲਿਆ ਦਿੱਤੀਆਂ ਹਨ।

ਇਹ ਫੈਸਲੇ ਮੁਤਾਬਕ ਅੰਗਰੇਜ਼ੀ ਹਕੂਮਤ ਦਾ ਸਮਲਿੰਗੀ

ਸਬੰਧ ਸਬੰਧੀ ਕਾਨੂੰਨ ਮੁੱਢਲੇ ਅਧਿਕਾਰ (ਨਿੱਜੀ ਆਜ਼ਾਦੀ)

ਦਾ ਵਿਰੋਧੀ ਹੈ ਅਤੇ ਉਹ ਇਸਕਰਕੇ ਲਾਗੂ ਨਹੀਂ ਰਹਿ ਸਕਦਾ ਹੈ।

ਇਹ ਫੈਸਲਾ ਕਰਨਾ ਬਹੁਤ ਔਖਾ ਸੀ ਅਤੇ ਇਸ ਦਾ ਨਤੀਜਾ ਵੀ

ਉਮੀਦ ਮੁਤਾਬਕ ਠੀਕ ਸੀ, ਕੋਰਟ ਇਹ ਫੈਸਲਾ ਨਹੀਂ ਕਰਦੀ,

ਉਸ ਦੇ ਸਾਹਮਣੇ ਦੋ ਕਾਨੂੰਨ ਸਨ ਅਤੇ ਦੋਵੇਂ ਉਹ ਵਰਤਦੀ ਰਹੀ ਹੈ,

ਅਤੇ ਦੋਵੇਂ ਆਪਣੇ ਆਪਣੇ ਥਾਂ ਠੀਕ ਸਨ, ਪਰ ਫੈਸਲਾ ਤਾਂ ਇਹ

ਕਰਨਾ ਸੀ ਕਿ ਕਿਹੜਾ “ਵੱਧ” ਠੀਕ ਹੈ, ਸੋ ਵੀ ਫੈਸਲਾ ਆਇਆ

ਇਸ ਸਭ ਸਮਝ ਸਕਦੇ ਹਨ ਕਿ ਠੀਕ ਕਿਓ ਹੈ।

  ਖ਼ੈਰ ਫੈਸਲਾ ਆ ਗਿਆ, ਉਸ ਦੀ ਨਿੰਦਿਆ ਕਰਨ ਲਈ

ਜਿਵੇਂ ਸਭ ਧਰਮਾਂ ਦੇ ਲੋਕਾਂ (ਜਾਂ ਮੁਖੀ) ਆਪਸ ਵਿੱਚ ਸਿਰ ਜੋੜ ਕੇ

ਬੈਠੇ ਹਨ ਅਤੇ ਆਪਸ ਵਿੱਚ ਇੱਕ ਦੂਜੇ ਨੂੰ ਸਾਥ ਲੈਣ ਦੇਣ ਦੀ ਗੱਲ ਕਰ

ਰਹੇ ਹਨ, ਜੇ ਕਿਤੇ ਦੇਸ਼ ਲਈ ਵੀ ਰਲ ਕੇ ਬੈਠਣ ਤਾਂ ਦੇਸ਼ ਦਾ ਮੂੰਹ

ਮੱਥਾ ਹੀ ਹੋਰ ਹੋਵੇ। ਇਸ ਮੁੱਦੇ ਨੂੰ ਲੈ ਕੇ ਇਹਨਾਂ ਦੀ ਗੰਭੀਰਤਾ

ਬੇਸ਼ੱਕ ਜ਼ਾਇਜ ਹੈ, ਪਰ ਉਹਨਾਂ ਨੂੰ ਇਹ ਦੱਸਣਾ ਪਵੇਗਾ ਦੇਸ਼ ਦੇ

ਕਾਨੂੰਨ ਮੁਤਾਬਕ ਮਿਲਣ ਵਾਲੀ ਆਜ਼ਾਦੀ ਨੂੰ ਉਹ ਕਿਸੇ ਤੋਂ ਕਿਸ

ਹੱਕ ਨਾਲ ਖੋਹ ਸਕਦੇ ਹਨ।

ਆਉਣ ਵਾਲੇ ਸਮੇਂ ਵਿੱਚ ਸਮਲਿੰਗੀ ਭਾਰਤ ਵਿੱਚ ਵੀ ਖੁੱਲ੍ਹ ਕੇ ਵਿਚਰ

ਸਕਣਗੇ, ਅਤੇ ਜਿਵੇਂ ਪਰਦਰਸ਼ਨ ਅਤੇ ਰੈਲੀਆਂ ਅਮਰੀਕਾ ਅਤੇ ਹੋਰ

ਮੁਲਕਾਂ ਵਿੱਚ ਹੁੰਦੀਆਂ ਹਨ, ਉਹ ਵੀ ਵੇਖਣ ਨੂੰ ਮਿਲਣਗੀਆਂ।

ਭਾਵੇਂ ਕਿ ਕੁਦਰਤ ਦੇ ਕਾਨੂੰਨ ਵਿੱਚ ਇਹ ਮਨੁੱਖੀ ਫੈਸਲਾ ਜਾਇਜ਼

ਤਾਂ ਨਹੀਂ ਠਹਿਰਾ ਸਕਦੇ, ਪਰ ਸੋਚਣ ਵਾਲੀ ਗੱਲ਼ ਇਹ ਕਿ ਹੁਣ

ਤੱਕ ਮਨੁੱਖ ਕਿੰਨੇ ਕੁ ਫੈਸਲੇ ਕੁਦਰਤ ਦੇ ਮੰਨਦਾ ਆਇਆ ਹੈ, ਕੀ

ਧਰਮ ਬਣਾਉਣਾ ਕੁਦਰਤ ਦਾ ਨਿਯਮ ਹੈ, ਕੀ ਮਾੜੇ ਨੂੰ ਬਚਾਉਣਾ

ਕੁਦਰਤ ਦਾ ਕਾਨੂੰਨ ਹੈ, ਕੀ ਕੱਪੜੇ ਪਾਉਣ ਕੁਦਰਤ ਦਾ ਕਾਨੂੰਨ ਹੈ,

ਸ਼ਾਇਦ ਇਹ ਨਹੀਂ ਤਾਂ ਫੇਰ ਮਨੁੱਖ ਹੁਣ ਵੀ ਕੁਦਰਤ ਨੂੰ ਮੰਨਣ

ਵਾਲਾ ਗੁਲਾਮ ਨਹੀਂ ਹੈ। ਮੈਂ ਨਿੱਜੀ ਤੌਰ ਉੱਤੇ ਇਸ ਨਾਲ ਸਹਿਮਤ

ਭਾਵੇਂ ਨਾ ਹੋਵਾਂ, ਪਰ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਨਹੀਂ ਕੀਤਾ

ਜਾ ਸਕਦਾ ਕਿ ਅਸਲ ਵਿੱਚ ਸਮਲਿੰਗੀ ਸਬੰਧ ਰੱਖਣ ਵਾਲੇ ਬਹੁਤ

ਲੋਕ ਸਮਾਜ ਵਿੱਚ ਮਿਲ ਜਾਣਗੇ। ਚੰਡੀਗੜ੍ ‘ਚ ਖ਼ਬਰ ਮੁਤਾਬਕ

ਕਰੀਬ 1200 ਅਜਿਹ ਜੇੜੋ ਹਨ, ਜਿਸ ਵਿੱਚ ਮੁਹਾਲੀ ਅਤੇ

ਪੰਚਕੂਲਾ ਦੇ ਜੋੜੇ ਅੱਤ ਹਨ।

ਮੈਨੂੰ ਸਭ ਤੋਂ ਦੁੱਖ ਇਸ ਗੱਲ਼ ਦਾ ਹੋਵੇਗਾ ਕਿ ਭਲਕੇ ਮੈਂ

ਆਪਣੇ ਦੋਸਤ ਨਾਲ ਵੀ ਤੁਰ ਫਿਰ ਨਹੀਂ ਸਕਦਾ ਹਾਂ, ਜਿਵੇਂ

ਕਿ ਬਾਹਰਲੇ ਮੁਲਕਾਂ ਵਿੱਚ ਹੈ, ਜਿਵੇਂ ਹੁਣ ਯਾਰ-ਯਾਰਾਂ ਨਾਲ

ਕਿਰਾਏ ਉੱਤੇ ਰਹਿੰਦੇ ਹਨ, ਉੱਥੇ ਆਉਣ ਵਾਲੇ ਸਮੇਂ ਵਿੱਚ

ਇਸ ਨੂੰ ਗਲਤ ਨਜ਼ਰ ਨਾਲ ਵੇਖਣਗੇ, ਜਿਵੇਂ ਕਿ ਹੁਣ

ਲਿਵ ਐਂਡ ਰੀਲੇਸ਼ਨ ਨੂੰ ਵੇਖਦੇ ਹਨ।

ਪੰਜਾਬੀਆਂ ਨੂੰ ਤਾਂ ਇਹ ਸਭ ਤੋਂ ਵੱਧ ਔਖਾ ਲੱਗੇਗਾ ਹੀ

ਜੋ “ਯਾਰ ਹੁੰਦੇ ਵਾਂਗ ਭਰਾਵਾਂ ਦੇ” ਨੂੰ ਗਾਉਂਦੇ ਨਹੀਂ ਥੱਕਦੇ,

ਭਲਕੇ ਉਹ ਸ਼ਰਮ ਮਹਿਸੂਸ ਕਰਨਗੇ ਦੱਸ ਲੱਗਿਆ

ਕਿ ਮੈਂ ਆਪਣੇ ਯਾਰ ਨਾਲ ਰਹਿੰਦਾ ਕਿ ਖ਼ਬਰੇ ਕੋਈ

ਉਹ “ਯਾਰ” ਨਾ ਸਮਝ ਲਵੇ।

ਇਹ ਤਬਦੀਲੀ ਤਾਂ ਹੋਣੀ ਹੀ ਹੈ, ਇਹ ਦਾ ਕੋਈ ਬਦਲ

ਨਹੀਂ, ਇਹ ਤਾਂ ਪੂਣੇ ਵਰਗੇ ਸ਼ਹਿਰ ‘ਚ ਜਾਰੀ ਹੈ ਅਤੇ

ਸਭ ਨੂੰ ਪੰਜਾਬ ‘ਚ ਵੀ ਵੇਖਣ ਨੂੰ ਵੀ ਮਿਲੇਗੀ, ਪਰ

ਅੱਜ ਮੈਨੂੰ ਆਪਣੇ ਆਪ ਨੂੰ ਸਮਝਾਉਣ ਲਈ ਬਹੁਤ ਔਖਾ

ਲੱਗ ਰਿਹਾ ਹੈ ਅਤੇ ਅਗਲੀ ਪੀੜ੍ਹੀ ਬਾਰੇ ਸੋਚਣਾ ਵੀ ਕਿ

ਜਦੋਂ ਮੈਂ ਕਿਹਾ ਕਰਾਂਗਾ ਕਿ “ਸਾਡੀ ਬਾਈ 25 ਸਾਲ

ਯਾਰੀ ਰਹੀ ਤਾਂ” ਤਾਂ ਸ਼ਾਇਦ ਉਹ ਇਸ ਨੂੰ ਚੰਗਾ ਨਾ

ਸਮਝਿਆ ਕਰਨ…

31 May, 2009

ਆਸਟਰੇਲੀਆ ਵਿੱਚ ਫੈਲੀ ਨਸਲੀ ਹਿੰਸਾ...

ਪਿਛਲੇ ਇੱਕ ਹਫ਼ਤੇ ਤੋਂ ਭਾਰਤ ਦੇ ਸਭ ਅਖ਼ਬਾਰ (ਸ਼ਾਇਦ
ਟੀਵੀ ਚੈਨਲ ਵੀ, ਪਰ ਕਦੇ ਖ਼ਬਰਾਂ ਟੀਵੀ ਉੱਤੇ ਨਹੀਂ ਸੁਣਦਾ)
ਆਸਟਰੇਲੀਆ ਵਿੱਚ ਭਾਰਤੀਆਂ ਉੱਤੇ ਹੋ ਰਹੇ ਹਮਲਿਆਂ ਨਾਲ
ਭਰੇ ਰਹੇ ਅਤੇ ਹਰ ਰੋਜ਼ ਨਵੀਂ ਖ਼ਬਰ ਪਹਿਲੇ ਪੇਜ਼ ਉੱਤੇ ਰਹੀ।
ਇਹਨਾਂ ਖ਼ਬਰਾਂ ਨਾਲ ਦਿਲ ਵਿੱਚ ਅਜੀਬ ਜਿਹੀ ਹਲਚਲ ਜਿਹੀ
ਰਹੀ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਲਗਾਤਾਰ ਫੋਨ ਕਰਕੇ ਪਤਾ
ਕਰਦੇ ਰਹੇ। ਇੰਝ ਦੇ ਹਾਲਤਾਂ ਦਾ ਮੈਨੂੰ ਤਜਰਬਾ ਮਹਾਂਰਾਸ਼ਟਰ
ਵਿੱਚ ਰਹਿੰਦੇ ਨੂੰ ਹੈ (ਜਿਵੇਂ ਪਿਛਲੇ ਸਾਲ ਮਹਾਂਰਾਸ਼ਟਰ ਨਵ-ਨਿਰਮਾਣ
ਸੈਨਾ ਅਤੇ ਸ਼ਿਵ -ਸੈਨਾ ਨੇ ਉੱਤਰ ਭਾਰਤੀਆਂ ਨੂੰ ਦਵੱਲਿਆ ਸੀ।),
ਪਰ ਆਸਟਰੇਲੀਆ ਬਾਰੇ ਦੋ ਗੱਲਾਂ ਕਰਕੇ ਹੈਰਾਨੀ ਜਿਹੀ ਹੁੰਦੀ ਹੈ
1) ਆਸਟਰੇਲੀਆ ਵਿੱਚ ਸਭ (ਗੋਰੇ ਅੰਗਰੇਜ਼) ਵੀ ਵਿਦੇਸ਼ੀ ਹੀ ਹਨ,
ਅਤੇ ਇਹ ਗੋਰਿਆਂ ਦਾ ਦੇਸ਼ ਨਹੀਂ ਹੈ। ਜਿੱਥੋਂ ਤੱਕ ਮੇਰੀ ਜਾਣਕਾਰੀ ਹੈ,
ਇਹ ਇੰਗਲੈਂਡ ਵਿੱਚੋਂ ਕੱਢੇ ਵੱਢੇ ਅਪਰਾਧੀ ਕਿਸਮ ਦੇ ਲੋਕਾਂ ਦੀਆਂ
ਹੀ ਔਲਾਦਾਂ ਹਨ।
2) ਜਿਵੇਂ ਇੰਗਲੈਂਡ ਵਿੱਚ ਇਹ ਨਸਲੀ ਹਿੰਸਾ ਵਿੱਚ ਭਾਰੀ ਸੁਧਾਰ
ਹੋਇਆ ਹੈ (ਜੋ ਕਿ ਮੇਰੇ ਮਿੱਤਰ ਗੁਰਸ਼ਰਨ ਸਿੰਘ ਜੀ ਖਾਲਸਾ ਦੀ
ਮੁਤਾਬਕ ਹੈ), ਤਾਂ ਆਸਟਰੇਲੀਆ ਵਿੱਚ ਵੀ ਇਹ ਹੋਣਾ ਚਾਹੀਦਾ ਹੈ।

ਭਾਵੇਂ ਕਿ ਆਸਟਰੇਲੀਆਂ ਵਿੱਚ ਨਸਲੀ ਵਿੰਭਨਤਾ ਬਹੁਤ ਹੈ।
ਚੀਨੀਆਂ ਅਤੇ ਭਾਰਤੀਆਂ ਵਿਦਿਆਰਥੀਆਂ ਦੀ ਸਭ ਤੋਂ ਪਸੰਦੀਦਾ
ਥਾਂ ਹੈ, ਪਰ ਆਸਟਰੇਲੀਆ ਦੇ ਵਿੱਚ ਨਸਲੀ ਹਿੰਸਾ ਨਾਲ ਪੰਜਾਬੀ
ਵਿਦਿਆਰਥੀਆਂ ਦੇ ਜਾਣ ਨੂੰ ਥੋੜ੍ਹੀ ਠੱਲ੍ਹ ਤਾਂ ਪਵੇਗੀ, ਪਰ ਫੇਰ ਵੀ
ਹਰੇਕ ਜਾਣ ਵਾਲੇ ਵਿਦਿਆਰਥੀਆਂ ਇਸ ਬਾਰੇ ਵਿਚਾਰ ਤਾਂ ਕਰਨਗੇ।
ਅਖ਼ਬਾਰਾਂ ਦੀਆਂ ਖ਼ਬਰਾਂ ਮੁਤਾਬਕ ਕਰੀਬ 1 ਲੱਖ ਵਿਦਿਆਰਥੀ ਭਾਰਤੀ
ਹਨ, ਜੋ ਕਿ ਆਉਣ ਵਾਲੇ ਵਿਦਿਆਰਥੀਆਂ ਨੂੰ ਸਲਾਹ ਦੇ ਰਹੇ ਹਨ
ਕਿ ਉਹ ਨਾ ਆਉਣ, ਪਰ ਸ਼ਾਇਦ ਇੰਝ ਸੰਭਵ ਨਹੀਂ ਹੋ ਸਕੇਗਾ।

ਆਸਟਰੇਲੀਆ ਸਰਕਾਰ ਦੀ ਕਾਰਵਾਈ ਬਾਰੇ ਮੈਨੂੰ ਕੋਈ ਯਕੀਨ ਨਹੀਂ
ਹੈ, ਕਿਉਂਕ ਛੋਟੀਆਂ ਮੋਟੀਆਂ ਘਟਨਾਵਾਂ ਹੁੰਦੀਆਂ ਆਮ ਹੀ ਸੁਣੀਆਂ ਹਨ,
ਮੇਰਾ ਇੱਕ ਹੋਰ ਮਿੱਤਰ ਅਮਜਿੰਦਰ ਮਾਨ 3 ਸਾਲ ਆਸਟਰੇਲੀਆ ਵਿੱਚ ਰਿਹਾ
ਅਤੇ ਉਹ ਟੈਕਸੀ ਚਲਾਉਂਦਾ ਸੀ, ਉਸ ਦਾ ਨਿੱਜੀ ਤਜਰਬਾ ਇਹੀ ਸੀ
ਕਿ ਪੁਲਿਸ ਉੱਥੋਂ ਦੇ ਲੋਕਲ ਲੋਕਾਂ ਦੀ ਮੱਦਦ ਕਰਦੀ ਹੈ ਅਤੇ ਤੁਹਾਨੂੰ
ਕੁਝ ਨਹੀਂ ਮਿਲਦਾ। ਇੱਕ ਵਾਰ ਦੀ ਘਟਨਾ ਮੁਤਾਬਕ ਕੁਝ ਸ਼ਰਾਬੀ
ਆਸਟਰੇਲੀਆਈ ਸਵਾਰੀਆਂ ਨੇ ਕਿਰਾਇਆ ਦੇਣ ਦੀ ਬਜਾਏ
ਬੀਅਰ ਦੀ ਬੋਤਲ ਮਾਰੀ ਅਤੇ ਗੰਭੀਰ ਜ਼ਖਮੀ ਕਰ ਦਿੱਤਾ। ਭਾਵੇਂ
ਕਿ ਉਸ ਨੇ ਉਹਨਾਂ ਦੀਆਂ ਤਸਵੀਰਾਂ ਲੈ ਲਈਆਂ ਸਨ, ਪਰ ਪੁਲਿਸ
ਨੇ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਵਿੱਚ ਵਧੇਰੇ ਦਿਲਚਸਪੀ ਲਈ ਅਤੇ
ਕਰਵਾ ਕੇ ਹੀ ਸਾਹ ਲਿਆ।

ਭਾਰਤ ਸਰਕਾਰ ਵਲੋਂ ਆਸਟਰੇਲੀਆਈ ਸਰਕਾਰ ਨੂੰ ਦੱਸਿਆ ਤਾਂ
ਗਿਆ ਹੈ, ਪਰ ਬਹੁਤ ਸੁਧਾਰ ਹੋਣ ਦੀ ਉਮੀਦ ਨਹੀਂ ਕਿਉਂਕਿ
ਲੋਕ ਹੀ ਸਰਕਾਰ ਬਣਾਉਂਦੇ ਹਨ ਅਤੇ ਸਰਕਾਰਾਂ ਲੋਕਾਂ ਦੀਆਂ
ਆਦਤਾਂ ਨੂੰ ਹੀ ਵੇਖਾਉਂਦੀਆਂ ਹਨ (ਸ਼ਾਇਦ ਭਾਰਤੀ ਸਰਕਾਰ
ਵੀ ਭਾਰਤੀਆਂ ਦਾ ਹੀ ਮੁੱਖ ਹੈ।)

ਇਸ ਸਭ ਘਟਨਾ ਦੇ ਸਿੱਟੇ ਵਜੋਂ ਅਮਿਤਾਬ ਬਚਨ ਨੇ ਡਾਕਟਰੇਟ
ਦੀ ਡਿਗਰੀ ਆਸਟਰੇਲੀਆ ਯੂਨੀਵਰਸਿਟੀ ਤੋਂ ਲੈਣ ਤੋਂ ਇਨਕਾਰ ਕਰ
ਦਿੱਤਾ ਹੈ। ਇਹ ਨਿੱਜੀ ਤੌਰ ਉੱਤੇ ਕੀਤਾ ਵਿਰੋਧ ਸ਼ਲਾਘਾਯੋਗ ਹੈ
ਅਤੇ ਵਿਦਿਆਰਥੀਆਂ ਵਲੋਂ ਕੀਤਾ ਸ਼ਾਂਤੀ ਮਾਰਚ ਤਾਂ ਬੇਸ਼ੱਕ ਹੈ ਹੀ
ਸ਼ਲਾਘਾਯੋਗ, ਪਰ ਹੁਣ ਆਸਟਰੇਲੀਆਈ ਸਰਕਾਰ ਵਲੋਂ ਚੱਕੇ ਜਾਣ
ਵਾਲੇ ਕਦਮ ਦੇ ਸਿੱਟੇ ਵਜੋਂ ਘਟਨਾਵਾਂ ਦੀ ਘੱਟਣ ਵਾਲੀ ਗਿਣਤੀ ਹੀ ਸਿੱਟਾ
ਵੇਖਾ ਸਕੇਗੀ।
ਨਿੱਜੀ ਤੌਰ ਉੱਤੇ ਇਹ ਘਟਨਾ ਅੱਤਵਾਦ ਦਾ ਹੀ ਰੂਪ ਹਨ,
ਜੋ ਦਿਲ ਨੂੰ ਜਖ਼ਮੀ ਕਰਦੀਆਂ ਹਨ, ਜਿਸ ਦਾ ਨਤੀਜਾ
ਸਰੀਰ ਦੇ ਜਖ਼ਮਾਂ ਤੋਂ ਬਹੁਤ ਹੁੰਦਾ ਹੈ। ਖੁਦਾ ਅੱਗੇ ਦਿਲੋਂ
ਸਰਬੱਤ ਦੇ ਭਲੇ ਦੀ ਉਮੀਦ ਕਰਦਾ, ਪਰ ਆਸਟਰੇਲੀਆ
ਸਰਕਾਰ ਦੇ ਕਦਮ ਦੀ ਦਿਮਾਗੋਂ ਉਮੀਦ, ਤਦ ਤੱਕ ਦਿਲੋਂ ਉਦਾਸ...
ਆਲਮ

04 April, 2009

ਜੈ ਹਿੰਦ..

ਪਰਸੋਂ ਭਾਰਤੀ ਘਰੇਲੂ ਉਡਾਨ ਵਿੱਚ ਸਫ਼ਰ ਕਰ ਰਿਹਾ ਸਾਂ ਤਾਂ
ਅਚਾਨਕ ਗੁਰਪਾਲ ਸਿੰਘ ਸਹਾਇਕ ਕੈਪਟਨ ਇੰਡੋ ਫਲਾਈਡ
ਦੀ ਆਵਾਜ਼ ਸੁਣਾਈ ਦਿੱਤੀ, ਜਹਾਜ਼ ਦੀ ਉਚਾਈ ਵਗੈਰਾ ਦੱਸਣ
ਤੋਂ ਬਾਅਦ ਇੱਕ ਗੱਲ ਜਿਸ ਨੇ ਮੇਰਾ ਧਿਆਨ ਖਿੱਚਿਆ ਉਹ ਸੀ
ਗੱਲ਼ ਖਤਮ ਕਰਨ ਸਮੇਂ ਨਮਸਕਾਰ, ਗੁੱਡ ਇੰਵਨਿੰਗ ਆਦਿ
ਸ਼ਬਦ ਵਰਤਣ ਦੀ ਬਜਾਏ "ਜੈ ਹਿੰਦ" ਦੀ ਵਰਤੋਂ ਕਰਨੀ।
ਮੈਂ ਇੱਕ ਵਾਰ ਸੋਚਣ ਲਈ ਮਜ਼ਬੂਰ ਹੋਣਾ ਪਿਆ ਕਿ ਕਿਤੇ ਮਜ਼ਾਕ
ਤਾਂ ਨਹੀਂ ਕੀਤਾ, ਪਰ ਜਦੋਂ ਹਿੰਦੀ ਦੇ ਆਪਣੇ ਐਲਾਨ ਨੂੰ ਅੰਗਰੇਜ਼ੀ
ਵਿੱਚ ਦੱਸਣ ਦੇ ਬਾਅਦ ਫੇਰ ਉਸ ਨੇ ਖਾਤਮਾ "ਜੈ ਹਿੰਦ" ਨਾਲ
ਕੀਤਾ ਤਾਂ ਮੈਂ ਸਮਝ ਗਿਆ ਕਿ ਇਹੀ ਕਿਹਾ ਸੀ।
ਮੈਨੂੰ ਇਸ ਦੀ ਖੁਸ਼ੀ ਵੀ ਬਹੁਤ ਸੀ ਅਤੇ ਲੱਗਾ ਵੀ ਬਹੁਤ ਜਾਇਜ਼
ਜੇਹਾ। ਕਿਉਂਕਿ ਇਹ ਧਾਰਮਿਕ ਸਲਾਮ, ਨਮਸਤੇ ਆਦਿ ਤੋਂ ਅੱਡ
ਅਤੇ ਦੇਸ਼ ਨਾਲ ਸਬੰਧਿਤ ਸੀ। ਭਾਵੇਂ ਕੁਝ ਅੰਗਰੇਜ਼ ਵੀ ਸਫ਼ਰ ਰਹੇ ਸਨ,
ਪਰ ਜਦੋਂ ਭਾਰਤ ਵਿੱਚ ਯਾਤਰਾ ਕਰ ਰਹੇ ਹੋਵੋ ਤਾਂ ਇਹ ਵਿਲੱਖਣ
(ਅਜੀਬ) ਜੇਹਾ ਨਹੀਂ ਲੱਗਣਾ ਚਾਹੀਦਾ ਹੈ ਅਤੇ ਇਸ ਦੀ ਵਰਤੋਂ
ਬਹੁਤ ਜੱਚਦੀ ਹੈ ਨਮਸਕਾਰ, ਗੁੱਡ ਮਾਰਨਿੰਗ, ਗੁੱਡ ਡੇ ਆਦਿ ਦੀ
ਬਜਾਏ।
ਮੈਨੂੰ "ਜੈ ਹਿੰਦ" ਨੂੰ ਯਾਦ ਕਰਦਿਆਂ ਬਚਪਨ ਚੇਤੇ ਆਇਆ
(ਅਤੇ ਮਨ ਨੂੰ ਬੜਾ ਅਜੀਬ ਜਿਹਾ ਆਨੰਦ ਆਇਆ), ਜਦੋਂ
ਰੋਜ਼ਾਨਾ ਸਕੂਲਾਂ ਵਿੱਚ ਪਰੇਡ ਤੋਂ ਬਾਅਦ ਜਨ-ਗਨ-ਮਨ ਦੇ ਤੁਰੰਤ ਬਾਅਦ
ਤਿੰਨ ਵਾਰ ਜੈ ਹਿੰਦ ਬੋਲਣਾ ਹੁੰਦਾ ਸੀ। ਉਦੋਂ ਉਹ ਵੱਡੀ ਗੱਲ ਨਹੀਂ ਸੀ ਲੱਗਦਾ,
ਮਤਲਬ ਕਿ ਰੋਜ਼ਾਨਾ ਦਾ ਕੰਮ ਸੀ, ਪਰ ਇਹ ਗੱਲਾਂ ਰੋਜ਼ਾਨਾ ਦੁਹਰਾਉਣ
ਨਾਲ ਆਪਣਾਪਣ ਅੱਜ ਤੀਕ ਜਾਪਦਾ ਹੈ। ਇਹ ਗੱਲਾਂ ਦਾ ਅਸਰ
ਬੇਸ਼ੱਕ ਬਹੁਤ ਡੂੰਘਾ ਹੁੰਦਾ ਹੈ ਅਤੇ ਲੰਮਾ ਸਮਾਂ ਰਹਿੰਦਾ ਹੈ। ਜੇ ਆਪਾਂ
ਦੇਸ਼ ਨੂੰ ਫਿਰਕਾਪ੍ਰਸਤੀ ਤੋਂ ਬਚਾਉਣਾ ਹੈ ਤਾਂ ਇਹ ਜ਼ਰੂਰੀ ਹੈ ਕਿ ਬੱਚਿਆਂ
ਨੂੰ ਇਹ ਸਬਕ ਪੜ੍ਹਾਇਆ ਜਾਵੇ, "ਜੈ ਹਿੰਦ" ਬੁਲਾਇਆ ਜਾਵੇ।

01 January, 2009

ਵਰ੍ਹਾ 2008 ਅਤੇ ਮੇਰਾ ਵਹੀ ਖਾਤਾ

ਸਾਲ 2008 ਅੱਜ ਸਰਕਾਰੀ ਤੌਰ ਉੱਤੇ ਨਿਬੜ ਗਿਆ, ਇਸ ਵਰ੍ਹੇ ਦੀਆਂ
ਹੋਰ ਖ਼ਬਰਾਂ ਵਾਂਗ ਮੈਂ ਆਪਣੇ ਤੌਰ ਉੱਤੇ ਪੜਤਾਲ ਕਰਨ ਦੀ ਵਿਚਾਰ ਕੀਤੀ,
ਇਸ ਮੁਤਾਬਕ ਪਿੱਛੇ ਝਾਤ ਮਾਰਿਆ ਵਿੱਚ ਕੁਝ ਕੀਤੇ ਗਏ ਅਨੁਵਾਦ ਅਤੇ
ਪੰਜਾਬੀ ਲਈ ਕੀਤੇ ਖਾਸ ਜਤਨ ਹਨ:
* ਗਨੋਮ 2.22 ਅਤੇ 2.24 ਰੀਲਿਜ਼ ਪੰਜਾਬੀ ਵਿੱਚ - 100% ਸਫ਼ਲ
* ਕੇਡੀਈ 4.0 ਰੀਲਿਜ਼ - 100% ਸਫ਼ਲ
* ਫਾਇਰਫਾਕਸ 3.0 ਰੀਲਿਜ਼ - 100% ਸਫ਼ਲ
* ਮੋਜ਼ੀਲਾ ਦੀ ਪਾਰਟੀ ਸ਼ਾਮਲ ਹੋਣ ਦਾ ਜਤਨ - ਫੇਲ੍ਹ - ਕੈਨੇਡਾ ਅਮਬੈਸੀ ਨੇ ਵੀਜ਼ਾ ਕੀਤਾ ਰੱਦ
* ਓਪਨ ਆਫਿਸ 3.0 - ਪੰਜਾਬੀ - 50% ਫੇਲ੍ਹ - ਟੈਸਟ ਨਹੀਂ ਹੋ ਸਕੀ, ਅਨੁਵਾਦ ਪੂਰਾ ਸੀ
* ਓਪਨ-ਸੂਸੇ 11.0/11.1 ਰੀਲਿਜ਼ - 11.1 ਡੀਵੀਡੀ ਵਿੱਚ ਪੰਜਾਬੀ ਹੋਈ ਸ਼ਾਮਲ - ਸਭ ਤੋਂ ਵਧੀਆ ਰੀਲਿਜ਼
* ਫੋਡੇਰਾ 9/10 - 10 'ਚ ਕੁਝ ਸੁਧਾਰ ਸੀ, ਪਰ ਹਾਲਤ ਬਹੁਤੀ ਵਧੀਆ ਨਹੀਂ, ਕੇਵਲ ਇੰਪੁੱਟ ਢੰਗ ਨੂੰ ਛੱਡ ਕੇ
* Facebook ਅਨੁਵਾਦ - ਬਹੁਤ ਹੀ ਵਧੀਆ ਕੰਮ ਕੀਤਾ ਅਤੇ ਵਧੀਆ ਨਤੀਜੇ ਰਹੇ
* ਵਲਡ-ਪਰੈੱਸ ਦਾ ਅਨੁਵਾਦ ਚਾਲੂ - ਨਵਾਂ ਬਲੌਗ ਚਾਲੂ ਕੀਤਾ

ਹੋਰਾਂ ਨਿੱਜੀ ਜਤਨਾਂ ਵਿੱਚ:
* Apple MacBook - ਵਰਤੋਂ ਕੀਤੇ 6-7 ਮਹੀਨੇ, ਸਭ ਤੋਂ ਵਧੀਆ ਓਪਰੇਟਿੰਗ ਸਿਸਟਮ - ਸਟੇਬਲ, ਸ਼ਾਨਦਾਰ,
ਪਰ ਮੈਂ ਵਰਤਣ ਦੇ ਯੋਗ ਨਹੀਂ
* ਵਿੰਡੋਜ਼ ਵਿਸਟਾ - ਸ਼ਾਨਦਾਰ, ਵਧੀਆ, ਹਾਰਡਵੇਅਰ ਲਈ ਤਿਆਰ, ਨਵੀਂ ਨਕੋਰ, ਮੈਂ ਬਹੁਤ ਜਚੀ ਅਤੇ ਦੋ ਲੈਪਟਾਪ
ਉੱਤੇ ਵਰਤੋਂ ਕੀਤੀ।
* OneCare ਮਾਈਕਰੋਸਾਫਟ ਵਲੋਂ - ਵਧੀਆ ਸਰਵਿਸ, ਜੇ ਚਾਲੂ ਰੱਖਣ ਅਤੇ ਸੌਖੀ ਵੀ!
* ਡੈੱਲ ਲੈਪਟਾਪ - Vostro - ਸਭ ਤੋਂ ਸਸਤੀ ਅਤੇ ਘਟੀਆ ਸੀਰਿਜ਼, ਵਰਤੋਂ ਦੇ ਯੋਗ, ਪਰ "ਸੁਆਦ" ਨੀਂ ਆਇਆ।
* ਮੋਬਾਇਲ:
N82 ਨੋਕੀਆ - ਸਭ ਤੋਂ ਵਧੀਆ, ਹਰ ਤਰ੍ਹਾਂ ਨਾਲ *****
ਸੋਨੀ ਰਿਕਸਨ -W350 - ਠੀਕ-ਠਾਕ, ਫਲਿੱਪ ਨਾ ਹੁੰਦਾ ਤਾਂ ਕਯਾ ਮੌਜ ਸੀ, ਬਹੁਤ ਹੀ ਪਤਲਾ! ****
-W302 - ਪਤਲਾ ਪਤੰਗ, ਪਰ ਘਟੀਆ ਕੁਆਲਟੀ ਅਤੇ ਭਾਰੀ**
- W750i - ਬਹੁਤ ਵਧੀਆ, ਪਰ ਕੁਝ ਕੁ ਸਮੱਸਿਆ ਸੀ ਸਲਾਇਡ ਕਰਕੇ, ਪਰ ਰੰਗ-ਰੂਪ ਅਤੇ ਫੀਚਰਾਂ ਨਾਲ ਭਰਪੂਰ*****
ਮਟਰੋਲਾ - A1600 - ਨਿਹਾਇਤ ਹੀ ਬੇਕਾਰ, ਘਟੀਆ ਅਤੇ ਕਿਸੇ ਕੰਮ ਦਾ ਨਹੀਂ, ਹਾਂ ਸੱਚ ਮਹਿੰਗਾ ਵੀ!
ਓਵਰ-ਆਲ, ਨੋਕੀਆ ਲਈ ਵਾਪਸੀ ਕੀਤੀ ਹੈ, ਸਾਫਟਵੇਅਰ ਪੱਖੋਂ ਅਤੇ ਟੂਲ ਬਹੁਤ ਹੀ ਵਧੀਆ ਹਨ,
ਜਿਸ ਵਿੱਚ OVI ਸਰਵਿਸ, ਨੈੱਟ ਉੱਤੇ ਕੁਨੈਕਸ਼ਨ ਆਦਿ ਬਹੁਤ ਵਧੀਆ!
* ਕਾਰ - GM Spark - ਬਹੁਤ ਹੀ ਵਧੀਆ, ਸ਼ਾਨਦਾਰ ਗੱਡੀ, ਛੋਟੀ ਜਿਹੀ, ਤਾਕਤਵਰ, ਬੱਸ
* ਤੇਲ - ਸ਼ੈੱਲ ਪੰਪ ਦੀ ਵਰਤੋਂ ਨਾਲ ਪੂਰੀ ਤਰ੍ਹਾਂ ਸੁਖੀ, ਬਹੁਤ ਵਧੀਆ ਸਰਵਿਸ ਪੰਪ ਉੱਤੇ!

ਹੋਰ ਬਹੁਤ ਹੋ ਗਿਆ ਬਾਈ, ਬੱਸ ਹੋਰ ਚੇਤੇ ਨੀਂ ਸੀ ਗੁਜ਼ਰੇ ਸਾਲ ਬਾਰੇ, ਕੁਲ ਮਿਲਾ ਕੇ ਨੌਕਰੀ
ਦੇ ਖਤਰੇ ਤੋਂ ਬਿਨਾਂ ਸਭ ਠੀਕ-ਠਾਕ ਰਿਹਾ...

27 November, 2008

ਬੰਬੇ ਹੋਇਆ ਅਗਵਾ...

ਕੱਲ੍ਹ ਸਵੇਰੇ ਉੱਠ ਖ਼ਬਰ ਸੁਣਨ ਲੱਗਿਆ ਨੂੰ ਅੱਜ ਦਿਨ ਚੜ੍ਹ ਆਇਆ ਹੈ,
ਅਤੇ ਹਾਲੇ ਤੱਕ ਉੱਥੋਂ ਅੱਤਵਾਦੀ ਕੱਢੇ ਨਹੀਂ ਜਾ ਸਕੇ ਅਤੇ ਜਿਉਦੇ ਹਨ।

ਗੇਟਵੇ ਆਫ ਇੰਡੀਆ ਰਾਹੀਂ ਸਮੁੰਦਰ ਵਿੱਚੋਂ ਆਏ ਇਹ ਲੋਕਾਂ ਨੂੰ ਜਹਾਜ਼
ਰਾਹੀਂ ਗੁਆਂਢੀ ਮੁਲਕ ਤੋਂ ਛੱਡਿਆ ਗਿਆ ਸੀ, ਅੱਗੇ ਸਪੀਡ ਬੋਟ ਰਾਹੀਂ
ਇੱਥੇ ਅੱਪੜੇ ਅਤੇ ਤੁਰੰਤ ਕਾਰਵਾਈ ਸ਼ੁਰੂ ਕਰਦੇ ਹੋਏ ਇੰਨ੍ਹਾਂ ਨੇ ਕਹਿਰ ਵਰਤਾ
ਦਿੱਤਾ ਹੈ, ਜਿੱਥੇ ਰੇਲਵੇ ਸਟੇਸ਼ਨ, ਤਾਜ ਅਤੇ ਓਬਰਾਏ ਹੋਟਲ ਉੱਤੇ ਕਬਜ਼ਾ
ਕੀਤਾ, ਉੱਥੇ ਵੱਡੇ ਵੱਡੇ ਪੁਲਿਸ ਅਫ਼ਸਰ (ਜਿਸ ਵਿੱਚ ATS ਦੇ ਮੁਖੀ,
ਇੰਕਾਊਂਟਰ ਸਪੈਸ਼ਲਿਸਟ, DSP ਸ਼ਾਮਲ ਹਨ) ਪਹਿਲੇ ਹੀ ਘੰਟਿਆਂ
ਵਿੱਚ ਮਾਰ ਮੁਕਾਏ। ਹੋਟਲ ਦੇ ਕਮਰਿਆਂ ਦੀ ਜਿਵੇਂ ਪਹਿਲਾਂ ਹੀ
ਜਾਣ ਪਛਾਣ ਸੀ, ਚੰਗੀ ਤਰ੍ਹਾਂ ਕਬਜ਼ਾ ਕਰਕੇ ਤਿਆਰੀ ਕੀਤੀ ਗਈ
ਹੈ ਅਤੇ ਲੰਮਾ ਸਮਾਂ ਲੰਘਾਉਣ ਦੀ ਸ਼ਾਜ਼ਿਸ ਹੈ, ਹੁਣ ਭਾਰਤ ਦੀਆਂ
ਸੈਨਾਵਾਂ, ਪੁਲਿਸ ਅਤੇ ਹੋਰ ਦਸਤੇ ਇਹ ਜੰਗ ਨਾਲ ਜੂਝ ਰਹੇ ਹਨ, ਅਤੇ
36 ਘੰਟਿਆਂ ਬਾਦ ਵਿੱਚ ਹਾਲ ਸਾਫ਼ ਨਹੀਂ ਹੋਏ, ਅੱਤਵਾਦੀ ਖਤਮ ਨਹੀ ਹੋਏ!

ਅੱਤਵਾਦੀ ਆਪਸ ਵਿੱਚ ਪੰਜਾਬੀ ਵਿੱਚ ਗੱਲਾਂਬਾਤਾਂ ਕਰ ਰਹੇ ਸਨ, ਜੋ ਕਿ
ਪਾਕਿਸਤਾਨੀ ਪੰਜਾਬ, ਸਿਆਲਕੋਟ ਦੇ ਹੋਣ ਦੀ ਚਰਚਾ ਹੋ ਰਹੀ ਹੈ।

ਟੀਵੀ ਉੱਤੇ ਹੁੰਦੀ ਵਿਚਾਰ ਚਰਚਾ ਮੁਤਾਬਕ ਅੱਤਵਾਦੀ ਆਪਣੇ ਮਕਸਦ ਵਿੱਚ
ਸਫ਼ਲ ਹੋਏ, ਮੇਰੀ ਸੋਚ ਮੁਤਾਬਕ, ਜੇ ਤੁਸੀਂ ਹਮਲਾਵਰ ਰੁੱਖ ਇਖਤਿਆਰ ਕਰਦੇ ਹੋ
ਤਾਂ ਭਾਵੇਂ ਇੱਕ ਕਦਮ ਵੀ ਤੁਰ ਪਏ ਤਾਂ ਤੁਸੀਂ ਸਫ਼ਲ ਹੀ ਹੋ। ਚੋਰ ਜੇ ਤੁਹਾਡੇ
ਘਰ ਦੀ ਕੰਧ ਟੱਪ ਗਿਆ ਤਾਂ ਉਹ ਸਫ਼ਲ ਹੈ, ਭਾਵੇਂ ਚੋਰੀ ਕੁਝ ਵੀ ਨਾ ਕਰੇ, ਪਰ
ਰੱਖਿਅਤਾਮਕ ਰੁੱਖ ਨਾਲ, ਜੇ ਚੋਰ ਤੁਹਾਡੀ ਘਰ ਦੀ ਕੰਧ ਉੱਤੇ ਆ ਗਿਆ ਤਾਂ
ਤੁਹਾਡੀ ਅਸਫ਼ਲਤਾ ਹੀ ਹੈ ਕਿ ਤੁਸੀਂ ਤਿਆਰੀ ਪੂਰੀ ਨਹੀਂ ਸੀ ਅਤੇ ਇਹੀ
ਚੋਰ ਦੀ ਸਫ਼ਲਤਾ ਹੈ। ਬੰਬੇ ਦੀ ਕਾਹਣੀ ਵਿੱਚ ਇਹੀ ਕਹੀ ਜਾ ਰਹੀ ਹੈ ਕਿ
ਸਮੁੰਦਰੀ ਰਸਤੇ ਉੱਤੇ ਇੰਨੀ ਚੌਕਸੀ ਕਦੇ ਨਹੀਂ ਸੀ ਰੱਖੀ ਗਈ, ਕਿਉਂਕਿ
ਇੱਥੋਂ ਤਾਂ ਕੋਈ ਵੀ ਨਹੀਂਂ ਆਉਦਾ!

ਮੈਂ ਮੁੰਬਈ ਅਤੇ ਪੂਨੇ ਅਤੇ ਇੱਥੇ ਦੇ ਲੋਕਲ ਲੋਕਾਂ ਦੀ ਪ੍ਰਸੰਸਾ ਕਰਦਾ ਹਾਂ ਕਿ
ਕੱਲ੍ਹ ਪਤਾ ਵੀ ਲੱਗਾ ਕਿ ਕੋਈ ਗਲ਼ ਬਾਤ ਹੈ ਅਤੇ ਮੁੰਬਈ ਕੁਝ ਰੁਕਾਵਟ ਪਈ,
ਪਰ ਅੱਜ ਚਾਲੂ ਹੋ ਜਾਵੇਗਾ ਕੰਮ ਕਾਰ। ਸ਼ਾਇਦ ਇਹ ਸ਼ਹਿਰ ਸਹੀਂ ਸ਼ਬਦਾਂ
ਵਿੱਚ ਕਦੇ ਖੜ੍ਹਦਾ ਨਹੀਂ, ਅਮਰੀਕਾ ਉੱਤੇ ਹਮਲਾ ਇਸ ਤੋਂ ਗੰਭੀਰ ਸੀ, ਪਰ
ਫੇਰ ਵੀ ਅਮਰੀਕੀ ਕਈ ਦਿਨ ਉੱਠ ਨਾ ਸਕੇ। ਹੋ ਸਕਦਾ ਸਾਨੂੰ ਸਹਿਣ
ਦੀ ਆਦਤ ਬਣ ਗਈ ਹੈ!

ਹੁਣ ਸਭ ਤੋਂ ਖਾਸ ਮੁੱਦਾ ਹੈ ਰਾਜਨੀਤਿਕ ਪਾਰਟੀਆਂ ਦਾ, ਕੀ ਕਾਂਗਰਸ
ਅਤੇ ਭਾਜਪਾ ਦੇਸ਼ ਦੇ ਹਿੱਤਾਂ ਵਿੱਚ ਸਾਂਝਾ ਕਦਮ ਚੁੱਕ ਸਕਦੀਆਂ ਹਨ?
ਕੀ ਇਹ ਇੱਕ ਦੂਜੇ ਉੱਤੇ ਬਿਆਨਬਾਜ਼ੀ, ਫੀਤੀਆਂ ਕਸਣ ਤੋਂ ਦੂਰ
ਇੱਕ ਦੇਸ਼ ਇੱਕ ਨਾਅਰੇ ਹੇਠ ਕੰਮ ਕਰ ਸਕਦੀਆਂ ਹਨ, ਕੱਲ੍ਹ
ਬੀਬੀਸੀ ਵਾਲਿਆਂ ਨੇ ਜਦੋਂ ਭਾਜਪਾ ਦਾ ਬਿਆਨ ਵੇਖਾਇਆ ਕਿ
ਇਹ ਸਰਕਾਰ ਦੀ ਨਾਕਾਮੀ ਹੈ ਤਾਂ ਮੈਨੂੰ ਬਹੁਤ ਸ਼ਰਮ ਆਈ ਕਿ
ਹਾਲੇ ਜ਼ਖਮ ਭਰੇ ਕਿ ਬਣ ਰਹੇ ਹਨ ਅਤੇ ਰਾਜਨੀਤੀ ਤਾਂ ਹੁਣੇ ਹੀ ਚਾਲੂ ਹੋ
ਗਈ ਹੈ! ਇੱਕ ਟੀਵੀ ਚੈਨਲ ਉੱਤੇ ਮਾਹਰ ਮੁਤਾਬਕ ਕਿ ਤੁਸੀਂ ਇਨ੍ਹਾਂ
ਪਾਰਟੀਆਂ ਨੂੰ ਕਹੋ ਕਿ ਆਉਣ ਵਾਲੀਆਂ ਚੋਣਾਂ ਵਿੱਚ ਇਹ ਸੁਰੱਖਿਆ
ਮੁੱਦੇ ਲਈ ਇੱਕ ਦੂਜੇ ਉੱਤੇ ਦੂਸ਼ਨ ਨਾ ਲਾਉਣ ਅਤੇ ਵੇਖ ਲਿਓ
ਭਾਰਤ 10 ਕਿ 5 ਸਾਲਾਂ ਵਿੱਚ ਸੁਪਰ ਪਾਵਰ ਬਣ ਜਾਵੇਗਾ!
ਕਾਸ਼ ਇਹ ਰਾਜਨੀਤੀ ਦੇਸ਼ ਹਿੱਤਾਂ ਵਾਸਤੇ ਸੋਚ ਸਕਦੀ, ਘੱਟੋ-ਘੱਟ
ਇਨਸਾਨੀਅਤ ਦੇ ਤੌਰ ਤਾਂ ਸੋਚਦੀ...

17 October, 2008

ਇੱਕ ਪ੍ਹੈਰਾ - ਇੱਕ ਕੌੜਾ ਸੱਚ

"ਇਹ ਗੋਰੇ ਤਾਂ ਸਾਡੇ ਹਿਮਾਲਿਆ ਪਹਾੜ ਤੇ
ਚੜ੍ਹ ਜਾਂਦੇ ਹਨ ਇੰਨੀ ਕੁ ਪਹਾੜੀ ਇਨ੍ਹਾਂ ਲਈ ਕੁੱਝ ਵੀ ਨਹੀਂ ਸੀ। ਸਾਡੇ ਬੱਚਿਆਂ ਨੂੰ ਮਾਵਾਂ ਕੋਠੇ ਤੇ
ਪੌੜੀਆਂ ਚੜ੍ਹਦਿਆਂ ਨੂੰ ਡਰਾ ਦਿੰਦੀਆਂ ਨੇ ਕਿ ਡਿੱਗ ਪਵੇਂਗਾ ਤੇ ਉਹ ਸਾਰੀ ਉਮਰ ਚੰਡੋਲ ਤੇ ਚੜ੍ਹਣ
ਤੋਂ ਡਰਦੇ ਰਹਿੰਦੇ ਹਨ। ਹਮੇਸ਼ਾ ਬੱਚੇ ਦਾ ਹੌਸਲਾ ਵਧਾਉ, ਫਿਰ ਉਹ ਜਿੰਦਗੀ ਵਿੱਚ ਹਾਰ ਖਾਣੀ
ਭੁੱਲ ਜਾਵੇਗਾ। ਪਰ ਜਿੰਨ੍ਹਾਂ ਨੂੰ ਬਚਪਣ ‘ਚ ਛੱਪੜ ‘ਚ ਵੜਣ ਤੋਂ ਡਰਾਇਆ ਗਿਆ ਹੋਵੇ
ਉਹ ਸਮੁੰਦਰਾਂ ਦੇ ਤੈਰਾਕ ਨਹੀਂ ਬਣ ਸਕਦੇ। ਇਹ ਇਤਿਹਾਸਕ ਦੁਖਾਂਤ ਹੈ ਕਿ ਜਦੋਂ
ਅਸੀਂ ਰੱਬ ਨੂੰ ਲੱਭਣ ਲਈ ਧੜਾ ਧੜ ਮੰਦਰ ਬਣਾ ਰਹੇ ਸੀ ਓਦੋਂ ਗੋਰਿਆਂ ਨੇਂ ਸਮੁੰਦਰ
ਗਾਹ ਕੇ ਸਾਨੂੰ ਲੱਭ ਲਿਆ ਤੇ ਮੁੜ ਕਈ ਸਦੀਆਂ ਸਿਰ ਨਹੀਂ ਚੁੱਕਣ ਦਿੱਤਾ।
ਤੇ ਸਾਨੂੰ ਅੱਜ ਤੱਕ ਰੱਬ ਨਹੀਂ ਲੱਭਾ।"


ਬੀ.ਐਸ. ਢਿੱਲੋਂ - ਵਿਚਲੀ ਗੱਲ: ਖੜ੍ਹ ਕੇ ਵੇਖ ਜਵਾਨਾਂ ਬਾਬੇ ਮੇਮਾਂ ਵੇਖਦੇ ਨੇ!
ਧੰਨਵਾਦ ਸਹਿਤ - ਲਿਖਾਰੀ

30 September, 2008

ਕਿਸਾਨ ਜੱਥੇਬੰਦੀ ਹੋਈ ਹਾਈਟੈਕ...

ਕਿਸਾਨ ਪਰਿਵਾਰ ਵਿੱਚੋਂ ਹੋਣ ਕਰਕੇ ਮੇਰੇ ਕਿਸਾਨ ਜੱਥੇਬੰਦੀਆਂ 'ਚ ਥੋੜੀ ਬਹੁਤ ਦਿਲਚਸਪੀ
ਤਾਂ ਹਮੇਸ਼ਾਂ ਰਹੀ ਹੈ ਅਤੇ ਇਨ੍ਹਾਂ ਬਾਰੇ ਜਾਣਕਾਰੀ ਸਮੇਂ ਸਮੇਂ ਲੈਂਦਾ ਰਿਹਾ ਹਾਂ, ਪਰ ਥੋੜ੍ਹੇ ਚਿਰਾਂ
'ਚ ਜਿਸ ਜੱਥੇਬੰਦੀ ਨੇ ਭਾਰੀ ਕੰਮ ਕੀਤੇ ਅਤੇ ਆਪਣਾ ਮੁਕਾਮ ਬਣਾਇਆ ਹੈ, ਉਹ ਹੈ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਸ਼ਾਇਦ ਤੁਸੀਂ ਸੁਣਿਆ ਹੋਵੇ ਕਿ ਬਰਨਾਲਾ
(ਟਰਾਈਜ਼ਡੈਂਟ ਕੇਸ) ਦੇ ਕਿਸਾਨਾਂ ਨੂੰ ਕਰੋੜਾਂ ਰੁਪਏ ਮੁਆਵਜ਼ਾ ਦੁਵਾਉਣ 'ਚ ਇਹੀ
ਜੱਥੇਬੰਦੀ ਸੀ ਅਤੇ ਨਾਲ ਨਾਲ ਇਨ੍ਹਾਂ ਨੇ ਹੀ ਅੰਮ੍ਰਿਤਸਰ ਵੀ ਸੰਘਰਸ਼ ਜਾਰੀ ਰੱਖਿਆ।
ਇਹ ਜੱਥੇਬੰਦੀ ਨੇ ਆਪਣੇ ਆਪ ਨੂੰ ਚੱਲਦੇ ਸਮੇਂ ਨਾਲ ਜੋੜਨ ਲਈ ਕੰਪਿਊਟਰ ਦੀ
ਵਰਤੋਂ ਕਰਨ ਬਾਰੇ ਵਿਚਾਰ ਕੀਤੀ ਹੈ ਅਤੇ ਖਰੀਦ ਵੀ ਲਏ ਹਨ। ਭਾਵੇਂ ਕਿ
ਪਿਛਲੇ ਸਮੇਂ ਵਿੱਚ ਇਨ੍ਹਾਂ ਕੋਲ ਵੀਡਿਓ ਕੈਮਰੇ, ਪਰੋਜੈਕਟਰ ਵਗੈਰਾ ਸਨ ਤਾਂ ਕਿ
ਜੱਥੇਬੰਦੀਆਂ ਦੀਆਂ ਕਾਰਵਾਈਆਂ, ਇਨਕਲਾਬੀ ਗਤੀਵਿਧੀਆਂ ਨੂੰ ਲੋਕਾਂ ਤੱਕ
ਪਹੁੰਚਾਇਆ ਜਾ ਸਕੇ। ਇਹ ਸਮੇਂ ਨਾਲ ਤੁਰਦੇ ਰਹਿਣ ਵਾਸਤੇ ਚੁੱਕਿਆ ਕਦਮ
ਜ਼ਰੂਰ ਇਨ੍ਹਾਂ ਦੀ ਮੱਦਦ ਕਰੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਮੈਂ ਇਹ ਉਡੀਕ
ਕਰਾਗਾਂ ਕਿ ਉਹ ਕੰਪਿਊਟਰ ਅਤੇ ਇੰਟਰਨੈੱਟ ਦੀ ਵਰਤੋਂ ਆਪਣੇ ਕੰਮ/ਸੰਘਰਸ਼
ਨਾਲ ਕਿਵੇਂ ਕਰਦੇ ਹਨ...

29 September, 2008

8 ਪੰਜਾਬੀ ਰੇਲ ਦੇ ਇੱਕ ਡੱਬੇ ਵਿੱਚ ਅਤੇ 2 ਰਾਤ/ਦਿਨ...

26 ਸਤੰਬਰ ਨੂੰ ਪੂਣੇ ਤੋਂ ਯਾਤਰਾ ਆਰੰਭ ਹੋ ਰਹੀ ਸੀ ਪੰਜਾਬ ਲਈ, ਮੈਂ ਤੇ ਜਸਵਿੰਦਰ
ਦੀ ਬੁਕਿੰਗ ਤਾਂ ਕਈ ਦਿਨ ਪੁਰਾਣੇ ਸੀ ਅਤੇ ਸੀਟਾਂ ਆਹਮੋ-ਸਾਹਮਣੇ ਸਨ, ਠੀਕ
ਟਾਈਮ ਪੁੱਜ ਗਏ, ਰੋਟੀਆਂ ਲੈ ਲਈਆਂ ਸਨ, ਸੀਟਾਂ ਮੱਲ ਲਈਆਂ, ਪਹਿਲਾਂ-ਪਹਿਲ
ਵਾਲੀਂ ਝਿਜਕ ਸੀ ਨਾਲ ਦੇ ਮੁਸਾਫ਼ਰਾਂ ਨੂੰ ਬੁਲਾਉਣ ਦੀ ਅਤੇ ਸਾਡੇ ਹਮਸਫ਼ਰ ਸਨ,
1) ਇੱਕ ਕੁੜੀ, ਜੋ ਜਲੰਧਰ ਜਾ ਰਹੀ ਸੀ,
2) ਇੱਕ ਅਧਖੜ ਵਿਅਕਤੀ, ਜੋ ਕਿ ਪਠਾਨਕੋਟ ਜਾ ਰਿਹਾ ਸੀ,
3) ਇੱਕ ਸਿਆਣਾ ਜਿਹਾ ਨੌਜਵਾਨ, ਜੋ ਕਿ ਜੰਮੂ ਜਾ ਰਿਹਾ ਸੀ,
4) ਇੱਕ ਖੇਡਾਂ ਵੇਚਣ ਵਾਲਾ ਵਿਅਕਤੀ ਜਲੰਧਰ ਦਾ
5) ਇੱਕ MBA ਪਾਸ ਵਿਅਕਤੀ, ਜੋ ਜਲੰਧਰ ਜਾ ਰਿਹਾ ਸੀ ਅਤੇ HR ਡਿਪਾਰਟਮੈਂਟ ਦਾ ਜਾਪਦਾ ਸੀ
6) ਇੱਕ ਅਧਖੜ ਔਰਤ, ਜੋ ਜੰਮੂ ਜਾ ਰਹੀ ਸੀ।

(ਇਹ ਸਭ ਜਾਣਕਾਰੀ ਹੌਲੀ ਹੌਲੀ ਦੂਜੇ, ਤੀਜੇ ਦਿਨ ਮਿਲੀ, ਜਦੋਂ ਟੀ.ਟੀ. ਜਾਂ ਸਮਾਨ
ਵਰਤਾਉਣ ਵਾਲਿਆਂ ਨੇ ਹਰੇਕ ਨੂੰ ਪੁੱਛਿਆ)

ਪਹਿਲੀ ਵਾਰ ਵੇਖਣ ਤੋਂ ਕੋਈ ਵੀ ਪੰਜਾਬੀ ਨਹੀਂ ਸੀ ਜਾਪਦਾ ਅਤੇ ਖ਼ੈਰ ਗੱਲ ਤਾਂ
ਸਭ ਨੇ ਅੰਗਰੇਜ਼ੀ ਤੋਂ ਹੀ ਸ਼ੁਰੂ ਕੀਤੀ ਅਤੇ ਹੌਲੀ ਹੌਲੀ ਹਿੰਦੀ ਉੱਤੇ ਉੱਤਰਦੇ ਗਏ,
ਕੋਈ ਪਹਿਲੇ ਹੀ ਦਿਨ ਰਿਹਾ ਅਤੇ ਕੋਈ ਦੂਜੇ ਦਿਨ। ਮੈਨੂੰ ਕੁਝ ਸ਼ੱਕ ਪਹਿਲਾਂ ਸੀ
ਅਤੇ ਮੈਂ ਜਸਵਿੰਦਰ ਨੂੰ ਕਿਹਾ ਸੀ ਕਿ ਪੰਜਾਬੀ 'ਚ ਕੋਈ ਵੀ ਗਲ਼ ਕਰਨ ਤੋਂ
ਪਹਿਲਾਂ ਸਾਵਧਾਨ ਰਹੀ ਕਿਉਕਿ ਮਾਹੌਲ 'ਚ ਸਭ ਦੀਆਂ ਅੱਖਾਂ ਸਾਨੂੰ
ਸਾਫੇ ਬੰਨ੍ਹੇ ਵੇਖ ਕੇ ਹੱਸ ਰਹੀਆਂ ਸਨ। ਉਹ ਸਮਝਿਆ ਜਾਂ ਨਹੀਂ, ਪਰ
ਗੱਲਾਂ ਧਿਆਨ ਨਾਲ ਹੀ ਕੀਤੀਆਂ। ਸਭ ਆਪਸ 'ਚ ਹਿੰਦੀ 'ਚ
ਗਲ਼ ਕਰਦੇ ਸਨ ਅਤੇ ਅਸੀਂ ਤਾਂ ਪੰਜਾਬੀ 'ਚ ਹੀ ਕਰਨੀ ਸੀ, ਪਰ
ਅਸੀਂ ਖਿੱਚ ਰਹੇ ਸਾਂ ਕਿ ਪੰਜਾਬੀ ਹੀ ਬੋਲਣ ਅਤੇ ਜਦੋਂ ਅਸੀਂ ਉਨ੍ਹਾਂ
ਦੇ ਜਵਾਬ ਪੰਜਾਬੀ 'ਚ ਦਿੰਦੇ ਸਾਂ ਤਾਂ ਉਨ੍ਹਾਂ ਨੂੰ ਪੰਜਾਬੀ ਬੋਲਣ ਲਈ
ਮਜਬੂਰ ਹੋਣਾ ਪੈ ਰਿਹਾ ਸੀ, ਜੰਮੂ ਵਾਲੇ ਵੀ ਪੰਜਾਬੀ 'ਚ ਜਵਾਬ
ਦਿੰਦੇ ਸਨ। ਖੈਰ ਪਹਿਲੇ ਦਿਨ/ਰਾਤ ਤਾਂ ਪੰਜਾਬੀ ਬੋਲਣ ਵਾਲੇ ਸੱਜਣ
2 ਅਸੀਂ ਅਤੇ 3 ਦੂਜੇ ਮਿਲ ਗਏ, ਅਗਲੀ ਰਾਤ (ਆਖਰੀ ਰਾਤ)
ਬਾਕੀ ਰਹੀ ਕੁੜੀ, ਜੰਮੂ ਵਾਲੀ ਔਰਤ, ਅਤੇ ਪਠਾਨਕੋਟ ਵਾਲੇ ਵਿਅਕਤੀ ਨੇ
ਵੀ ਪੰਜਾਬੀ 'ਚ ਗੱਲ਼ ਕੀਤੀ ਅਤੇ ਸਮਝਾਈ। ਪਰ ਮੈਂ ਇਹ ਸਮਝ ਨੀਂ
ਸਕਿਆ ਕਿ ਜਦੋਂ ਸਭ ਜਾਣਦੇ ਸਨ (ਕਿ ਅਸੀਂ 2 ਤਾਂ ਪੱਕੇ ਹੀ ਪੰਜਾਬੀ ਹਾਂ)
ਜਾਂ ਜਾਣ ਗਏ ਸਨ (ਕਿ ਬਾਕੀ ਵੀ ਪੰਜਾਬੀ ਹਨ) ਤਾਂ ਅੰਗਰੇਜ਼ੀ/ਹਿੰਦੀ 'ਚ
ਗਲ਼ ਕਿਓ? ਸ਼ਾਇਦ ਉਹੀ ਸ਼ੈਹਰੀ ਮਾਹੌਲ, ਜੋ ਪੰਜਾਬੀ ਨੂੰ ਬੇਕਾਰ ਕਹਿੰਦਾ ਹੈ,
ਅਤੇ ਅੰਗਰੇਜ਼ੀ/ਹਿੰਦੀ ਨੂੰ ਉੱਤਮ ਸਮਝਦਾ ਹੈ। ਮੈਨੂੰ ਇਸ ਦਾ ਦੁੱਖ ਸੀ ਕਿ
ਆਪਣੇ ਲੋਕ ਹੀ ਬੇਗਾਨੀ ਸਮਝਦੇ ਹਨ ਮਾਂ-ਬੋਲੀ ਨੂੰ, ਮੈਨੂੰ ਹਿੰਦੀ/ਅੰਗਰੇਜ਼ੀ
ਨਾਲ ਗਿਲਾ ਨੀਂ, ਪਰ ਪੰਜਾਬੀ ਨੂੰ ਦਰ-ਕਿਨਾਰ ਕਰਨ ਵਾਲਿਆਂ, ਨੀਵੀਂ
ਸਮਝ ਵਾਲਿਆਂ ਨਾਲ ਗਿਲਾ ਜ਼ਰੂਰ ਹੈ ਕਿ ਇੰਝ ਕਰਨਾ ਨੀਂ ਚਾਹੀਦਾ ਹੈ।
ਵੈਸੇ ਭਈਆ ਭਾਸ਼ਾ ਨਾਲ ਪੰਜਾਬੀ ਦਾ ਨੁਕਸਾਨ ਕੁਝ ਵੀ ਹੋਵੇ, ਪਰ
ਫਰੰਗੀ ਭਾਸ਼ਾ ਵੀ ਭਈਆ ਭਾਸ਼ਾ ਦੇ ਉੱਤੋਂ ਦੀ ਹੈ, ਅਤੇ ਫਸਟ ਕਲਾਸ
ਲੋਕ ਭਈਆ ਭਾਸ਼ਾ ਬੋਲਣ ਤੋਂ ਸ਼ਰਮਾਉਦੇ ਹਨ।

10 September, 2008

ਬ੍ਰਹਿਮੰਡ ਦੀ ਖੋਜ ਵਾਸਤੇ ਸੰਸਾਰ ਦਾ ਸਾਂਝਾ ਉਪਰਾਲਾ

ਅੱਜ ਦੀਆਂ ਖ਼ਬਰਾਂ ਮੁਤਾਬਕ
ਸੰਸਾਰ ਦਾ ਸਭ ਤੋਂ ਮਹਿੰਗਾ ਅਤੇ ਵੱਡਾ ਤਜਰਬਾ ਸ਼ੁਰੂ ਗਿਆ ਹੈ, ਬ੍ਰਹਿਮੰਡ ਦੀ ਖੋਜ ਦਾ, ਸੰਸਾਰ ਦੇ ਜਨਮ ਦਾ।
ਫਰਾਂਸ ਅਤੇ ਸਵਿਟਜਰਲੈਂਡ ਦੀ ਸਰਹੱਦ ਉੱਤੇ ਬਣੀ ਇਹ ਲੈਬ ਵਿੱਚ 27 ਕਿਲੋਮੀਟਰ ਲੰਮੀ ਟਿਊਬ
ਵਿੱਚ ਹੋ ਰਿਹਾ ਇਹ ਟੈਸਟ ਵਿਗਿਆਨਕ ਲਈ ਇੱਕ ਬਹੁਤ ਵੀ ਮਹਾਨ ਜਤਨ ਹੈ, ਜਿਸ ਨਾਲ ਉਹ
ਬ੍ਰਹਿਮੰਡ ਦੇ ਕਈ ਅਣ-ਸੁਲਝੇ ਸਵਾਲ ਹੱਲ ਕਰਨ ਦੀ ਉਮੀਦ ਰੱਖਦੇ ਹਨ, ਭਾਵੇਂ ਕਿ ਨਤੀਜਿਆਂ ਦਾ
ਵਿਸ਼ਲੇਸਣ ਲੰਮਾ ਚਿਰ ਚੱਲਣ ਦੀ ਉਮੀਦ ਹੈ। ਇਸ ਤਜਰਬੇ ਲਈ ਯੂਰਪ ਦੇ ਅਗਾਂਹਵਧੂ ਮੁਲਕਾਂ ਅਤੇ
ਉਨ੍ਹਾਂ ਦੇ ਵਿਗਿਆਨਕ ਨੂੰ ਵਧਾਈ ਦੇਣੀ ਚਾਹੁੰਦਾ ਹਾਂ।



ਮੇਰਾ ਧਿਆਨ ਬ੍ਰਹਿਮੰਡ ਦੇ ਅਜੀਬ ਵਰਤਾਰੇ ਵੱਲ ਗਿਆ, ਜੋ ਕਿ ਦੱਸਿਆ ਜਾਂਦਾ ਹੈ ਕਿ ਬ੍ਰਹਿਮੰਡ 'ਚ
ਗਲੈਕਸੀਆਂ, ਗੈਸਾਂ, ਧੂੜ-ਕਣ, ਚੰਦ-ਤਾਰੇ ਆਦਿ ਮਿਲ ਕੇ ਕੇਵਲ 4% ਭਾਗ ਹੀ ਬਣਾਉਦੇ ਹਨ, ਫੇਰ
96% ਹੈ ਕੀ? ਇਹੀ ਤਾਂ ਸਵਾਲ ਹੈ, ਜਿਸ ਦਾ ਜਵਾਬ ਵਿਗਿਆਨਕ ਇਹ ਤਜਰਬੇ ਤੋਂ ਲੈਣ ਦੀ ਉਮੀਦ
ਰੱਖਦੇ ਹਨ। ਇਹ 96% ਨੂੰ ਅਦ੍ਰਿਸ਼ ਕਿਹਾ ਗਿਆ ਹੈ, ਜਿਸ ਵਿੱਚ 23% ਗੁਪਤ ਮਾਦਾ (ਮੈਟਰ) ਅਤੇ 73%
ਗੁਪਤ ਊਰਜਾ ਹੈ। ਇਹ ਗੁਪਤ ਹੈ, ਕਿਉਕਿ ਇਸ ਬਾਰੇ ਜਾਣਕਾਰੀ ਨਹੀਂ ਹੈ, ਜਾਣਕਾਰੀ ਇਸ ਕਰਕੇ ਨਹੀਂ ਹੈ,
ਕਿਉਂਕਿ ਇਸ ਨੂੰ ਵੇਖਣਾ, ਮਾਪਣਾ ਸੰਭਵ ਨਹੀਂ ਹੈ। ਇਹ ਹੋਈ ਨਾ ਅਜੀਬ ਜੇਹੀ ਗੱਲ਼, ਜਿਸ ਨੂੰ ਵੇਖ ਨੀਂ ਸਕਦੇ,
ਉਸ ਦਾ ਪਤਾ ਕਰਨਾ ਹੈ। ਪਰਮਾਣ ਵਿੱਚ ਪਰੋਟਾਨ, ਨਿਊਟਰਾਨ ਹੁੰਦੇ ਹਨ, ਇਹ ਤਾਂ ਵਿਗਿਆਨਕ ਜਾਣਦੇ ਹਨ,
ਪਰ ਉਸ ਵਿੱਚ ਜਾਨ ਕਿਵੇਂ ਪੈਂਦੀ ਹੈ, ਉਸ 'ਚ ਮਾਦਾ ਕਿਵੇਂ ਆਉਦਾ ਹੈ, ਕਿਓ ਇਲੈਕਟਰੋਨ ਦੁਆਲੇ ਘੁੰਮਦੇ ਹਨ,
ਜਾਂ ਵੱਡੇ ਰੂਪ 'ਚ ਕਿਹਾ ਜਾਵੇ ਤਾਂ ਧਰਤੀ ਸੂਰਜ ਦੁਆਲੇ ਕਿਓ ਘੁੰਮਦੀ ਹੈ, ਕਿਓ ਚੰਦ ਧਰਤੀ ਦੁਆਲੇ ਹੀ ਘੁੰਮਦਾ ਹੈ,
ਕਿਉਂ ਸੂਰਜ ਵੱਲ ਨਹੀਂ ਜਾਂਦਾ, ਭਾਵੇਂ ਕਿ ਜੀਵਨ ਕਿਓ ਧੜਕਦਾ ਹੈ, ਇਹ ਸ਼ਿਵ ਦੀ ਭਟਕਣ ਨੂੰ ਲੱਭਦੇ ਨੇ ਸ਼ਾਇਦ।

ਇਹ ਸਭ ਤਾਂ ਨਤੀਜੇ ਮਿਲਣ ਬਾਅਦ ਪਤਾ ਲੱਗੇਗਾ, ਪਰ ਤੁਹਾਨੂੰ ਭਾਰਤੀ ਟੀਵੀ ਚੈਨਲ ਦੇ ਮੂਰਖਤਾ ਭਰੇ
ਕਾਰਨਾਮਿਆਂ ਬਾਰੇ ਦੱਸਣਾ ਚਾਹੁੰਦੇ ਹਾਂ ਕਿ ਕਿੱਦਾਂ ਲੋਕਾਂ ਨੂੰ ਮੂਰਖ ਬਣਾਉਣ ਲੱਗੇ ਰਹੇ ਦਸ ਦਿਨ ਪਹਿਲਾਂ।
ਦੁਨਿਆਂ ਖਤਮ ਹੋਣ ਜਾ ਰਹੀ ਹੈ, ਵਿਗਿਆਨਕ ਤਜਰਬਾ ਕਰਕੇ ਲੋਕਾਂ ਨੂੰ ਮਾਰਨ ਲੱਗੇ ਨੇ, ਧਰਤੀ ਦਾ
ਨਾਸ਼ ਕਰਨਗੇ ਆਦਿ, ਸਭ ਚੈਨਲ ਨੇ ਚੰਗੀ ਤਰ੍ਹਾਂ ਨਿੰਦਿਆਂ ਇਸ ਨੂੰ, ਹੁਣ ਜਦ ਠੀਕ-ਠਾਕ ਹੋ ਗਿਆ ਹੈ ਤਾਂ
ਇਸ ਨੂੰ ਵੇਦਾਂ ਦਾ ਵਿਗਿਆਨ ਹੀ ਦੱਸਦੇ ਨੇ, ਨਟਰਾਜ ਦੀ ਮੂਰਤੀ ਦੀ ਮਹਿਮਾ ਹੀ ਗਾਉਣ ਲੱਗੇ ਹੋਏ ਸਨ, ਹੋਰ ਪਤਾ
ਨੀਂ ਕੀ ਕੀ? ਖ਼ੈਰ ਇਹ ਚੈਨਲਾਂ ਨੇ ਆਪਣਾ ਤੋਰੀ-ਫੁਲਕਾ ਚਲਾਉਣਾ ਹੈ, ਭਾਵੇਂ ਕੋਈ ਵੀ ਖ਼ਬਰ ਹੋਵੇ।
ਪਰ ਇਹ ਤਜਰਬੇ ਨੇ ਇਨਸਾਨ ਦੀ ਜਿੰਦਗੀ ਕਿੰਨੀ ਬਦਲਣੀ ਹੈ, ਅਤੇ ਕੀ ਕੁਝ ਹੋਰ ਸਿਖਾਉਣਾ ਹੈ,
ਅਤੇ ਉਹ ਸਭ ਭਵਿੱਖ 'ਚ ਕੀ ਫਾਇਦਾ ਦੇਵੇਗਾ, ਇਹ ਹਾਲੇ ਅਣਜਾਣ ਹੈ ਹੀ ਹੈ, ਪਰ
ਮੇਰੇ ਬਾਪੂ ਜੀ ਦੇ ਮੁਤਾਬਕ ਡਿਸਕਵਰੀ (ਖੋਜ) ਅਸਲ 'ਚ ਕੁਝ ਨੀਂ, ਬੱਸ ਕਿਸੇ ਨੂੰ ਜਾਣਦਾ ਦਾ ਨਾਂ
ਹੈ, ਜੋ ਚੀਜ਼ ਕੱਲ੍ਹ ਵੀ ਸੀ, ਅੱਜ ਵੀ ਹੈ, ਭਲਕ ਵੀ ਰਹੇਗੀ ਉਂਝ ਹੀ, ਬੱਸ ਆਪਾਂ ਨੂੰ ਜਾਣ ਲਿਆ,
ਸਮਝ ਲਿਆ, ਇਸਕਰਕੇ ਖੋਜ ਹੋ ਗਈ, ਜਿਵੇਂ ਕਿ ਆਕਸੀਜਨ ਦੀ ਖੋਜ ਦੋ ਕੁ ਸਦੀਆਂ
ਪਹਿਲਾਂ ਹੋਈ, ਪਰ ਆਕਸੀਜਨ ਤਾਂ ਹਮੇਸ਼ਾ ਆਦਿ-ਯੁੱਗ ਤੋਂ ਰਹੀ ਹੈ ਨਾਲ ਆਪਣੇ,
ਬੱਸ ਕੁਝ ਜਾਣਾਗੇ ਕੁਝ ਨਵਾਂ, ਜਿਸ ਨੂੰ ਆਪਣੀ, ਆਉਣ ਵਾਲੀਆਂ ਨਸਲਾਂ ਦਾ ਵਿਕਾਸ ਹੋਵੇਗਾ

27 August, 2008

ਸਕੂਨ ਦੀ ਸ਼ਾਮ ਫੇਰ ਪਰਤੀ...

ਅੱਜ ਬੜੇ ਚਿਰਾਂ ਬਾਅਦ ਅੱਜ ਫੇਰ ਟਰਾਂਸਲੇਸ਼ਨ ਕੀਤੀ ਅਤੇ ਬੜਾ ਵਧੀਆ ਟਾਈਮ
ਰਿਹਾ ਤਰਕਾਲਾਂ ਦਾ। ਕੁਝ ਕੁ ਕੰਮ ਸੀ ਗਨੋਮ ਅਤੇ ਢੇਰ ਸਾਰਾ ਕੇਡੀਈ ਦਾ।
ਗਨੋਮ ਅਤੇ ਕੇਡੀਈ ਲਈ ਕੁਝ ਗਲਤੀਆਂ ਦੂਰ ਕਰਨ ਵਾਲੀਆਂ ਸਨ, ਗਨੋਮ ਪਾਵਰ
ਮੈਨੇਜਰ ਸਭ ਤੋਂ ਮਾੜੀ ਹਾਲਤ 'ਚ ਸੀ ਅਤੇ ਕੇਡੀਈ 'ਚ ਇੱਕ ਗੰਭੀਰ ਗਲਤੀ ਸੀ,
ਜਿਸ ਨੂੰ ਅਣਲਾਕ ਨੂੰ ਅਣਜਾਣ ਲਿਖਿਆ ਹੋਇਆ ਸੀ, ਸੋ ਇਹ ਠੀਕ ਕੀਤੀਆਂ।

ਫੇਰ ਿਦਲ ਅਜਿਹਾ ਲੱਗਾ ਕਿ ਕੇਡੀਈ ਦੀਆਂ ਕੁਝ ਐਪਲੀਕੇਸ਼ਨ ਦੀ ਟਰਾਂਸਲੇਸ਼ਨ ਖਤਮ
ਕਰ ਦਿੱਤੀ। ਗਨੋਮ ਲਈ ਚੀਜ਼ (ਵੈੱਬ-ਕੈਮ) ਐਪਲੀਕੇਸ਼ਨ ਦਾ ਅਨੁਵਾਦ ਕੀਤਾ।

ਪਤਾ ਨੀਂ ਕਿਓ, ਪਰ ਮੈਨੂੰ ਟਰਾਂਸੇਲਸ਼ਨ ਕਰਕੇ ਸਭ ਤੋਂ ਵੱਧ ਆਨੰਦ ਆਉਦਾ ਹੈ ਅਤੇ
ਕਹਿ ਸਕਦੇ ਹਾਂ ਕਿ ਮੇਰੇ ਸ਼ੌਕ ਹੈ ਅਨੁਵਾਦ ਕਰਨਾ, ਹੁਣ ਗਾਣੇ ਸੁਣਨ ਤੋਂ ਬਾਅਦ
ਇਸ ਦਾ ਹੀ ਨੰਬਰ ਆਉਦਾ ਹੈ।

16 July, 2008

ਇੱਕ ਪਰਾਈਵੇਟ ਕਾਲਜ ਦੀ ਲਾਪਰਵਾਹੀ ਅਤੇ ਬਦਮਾਸ਼ੀ...

ਕਿਰਨ ਦਾ ਇੱਕ ਪੇਪਰ GNM ਨਰਸਿੰਗ ਦਾ ਬਾਕੀ ਸੀ, ਉਸ ਨੇ ਤਿੰਨ ਸਾਲ ਦੀ
ਪੜ੍ਹਾਈ ਸ਼ਾਮ ਲਾਲ ਥਾਪਰ ਨਰਸਿੰਗ ਕਾਲਜ, ਮੋਗਾ ਤੋਂ ਕੀਤੀ ਸੀ, ਇੱਕ ਪੇਪਰ
ਆਪਣੀ ਲਾਪਰਵਾਹੀ ਨਾਲ ਰਹਿ ਸੀ ਅਤੇ ਬਾਅਦ ਵਿੱਚ ਹੁਣ ਦਿੱਤਾ,
ਪਿਛਲੇ ਸਾਲ ਸਤੰਬਰ ਵਿੱਚ ਪੇਪਰ ਲੈਣ ਸਮੇਂ ਵੀ ਕਾਲਜ ਵਾਲਿਆਂ ਨੇ ਬੜਾ
ਬਕਵਾਸ ਕੀਤਾ ਅਤੇ ਲਾਪਰਵਾਹੀ ਤੋਂ ਕੰਮ ਲਿਆ, ਪਰ ਖ਼ੈਰ ਕਿਵੇਂ ਨਾ ਕਿਵੇਂ
ਕਰਕੇ ਪੇਪਰ 'ਚ ਬਿਠਾ ਲਿਆ ਅਤੇ ਮੈਂ ਉਸੇ ਹੀ ਦਿਨ ਚੰਡੀਗੜ੍ਹ ਰੋਲ ਨੰਬਰ
ਲੈਣ ਲਈ ਭੇਜਿਆ, ਨਰਸਿੰਗ ਕੌਂਸਲ ਪੰਜਾਬ (PNRC) ਵਾਲਿਆਂ ਨੇ ਇਸ ਲਈ ਕਾਲਜ ਵਾਲਿਆਂ
ਨੂੰ ਗਾਲ੍ਹਾਂ ਕੱਢੀਆਂ ਅਤੇ ਕਾਲਜ ਵਾਲੇ ਇਸ ਵਾਲੇ ਸਾਨੂੰ ਕੋਸਦੇ ਰਹੇ, ਖ਼ੈਰ
ਉਸ ਸਮੇਂ ਤੱਕ ਮੈਂ ਬਹੁਤ ਇਸ ਮੁੱਦੇ ਬਾਰੇ ਜਾਣਦਾ ਨਹੀਂ ਸਾਂ, ਪਰ ਇਸ ਮਗਰੋਂ
ਰਿਜੇਲਟ ਲੇਟ ਹੋ ਗਿਆ, ਚੰਡੀਗੜ੍ਹ ਵਾਲੇ ਕਹਿਣ ਕਿ ਫਰੀਦਕੋਟ (ਬਾਬਾ
ਫਰੀਦ ਯੂਨੀਵਰਸਿਟੀ
) ਅਤੇ ਉਹ ਕਹਿੰਦੇ ਕਿ ਅਸੈੱਸਮੈਂਟ ਕਾਲਜ ਵਾਲਿਆਂ
ਭੇਜੀ ਹੀ ਨਹੀਂ, ਫੇਰ ਕਾਲਜ ਵਾਲੇ ਦਾ ਉਹੀ ਪੈਸੇ ਖਾਣ ਦਾ ਬਹਾਨਾ ਕਿ
ਅਸੀਂ ਤਾਂ ਕੱਠੀਆਂ ਹੀ ਭੇਜੀਆਂ ਸਨ। ਖ਼ੈਰ 500 ਰੁਪਏ ਲੈਕੇ ਕਾਲਜ
ਵਾਲਿਆਂ ਮਸਲਾ ਸੁਧਾਰਿਆਂ ਅਤੇ 19 ਜੂਨ ਨੂੰ ਰਿਜੇਲਟ ਯੂਨੀਵਰਸਿਟੀ ਤੋਂ ਮਿਲ ਗਿਆ,

ਹੁਣ ਮਾਰਚ 'ਚ ਪੇਪਰ ਦੇਣ ਦਾ ਮੌਕਾ ਤਾਂ ਲੰਘ ਹੀ ਗਿਆ ਸੀ, ਕਿਉਂਕਿ ਰਿਜੇਲਟ ਵਾਸਤੇ
ਕਾਲਜ ਵਾਲਿਆਂ ਨੇ ਭਕਾਈ ਕਰਵਾਈ, ਹੁਣ ਰਿਲੇਜਟ ਮਿਲ ਗਿਆ ਤਾਂ ਸਤੰਬਰ ਦੇ ਪੇਪਰ
ਦੀ ਡੇਟ ਵੀ ਖਤਮ ਹੋ ਰਹੀ ਸੀ ਤਾਂ ਕਾਲਜ ਜਾਣਾ ਹੀ ਸੀ, ਕਾਲਜ ਵਾਲੇ ਕਹਿੰਦੇ ਕਿ ਸਾਡੇ
ਕੋਲ ਰਿਜਲਟ ਹੀ ਨਹੀਂ ਆਇਆਂ, ਚੰਡੀਗੜ੍ਹ ਜਾਓ, ਉੱਥੇ ਗਏ ਤਾਂ ਕਹਿੰਦੇ ਕਿ
ਅਸੀਂ ਡਿਸਪੈਂਚ ਕਰ ਦਿੱਤਾ ਹੈ ਅਤੇ ਆਹ ਡਿਸਪੈਂਚ ਨੰਬਰ ਹੈ, ਕਾਲਜ ਵਾਲਿਆਂ ਨੇ
ਵੇਖਾ ਦਿੱਤਾ ਕਿ ਸਾਨੂੰ ਕੋਈ ਚਿੱਠੀ ਮਿਲੀ ਹੀ ਨਹੀਂ, ਪਰ ਇਹ ਲਿਖ ਕੇ ਦੇਣ ਨੂੰ ਤਿਆਰ ਨਹੀਂ
ਕਿ ਚਿੱਠੀ ਮਿਲੀ ਨਹੀਂ, ਹੁਣ ਤਾਰੀਖ ਲੰਘ ਗਈ ਇਸੇ ਹੀ ਕੰਮ ਵਿੱਚ, ਜਦੋਂ ਅੱਜ ਬਾਜੀ
(ਦਾਦਾ ਜੀ) ਹੋਰੀ ਗਏ ਤਾਂ ਉਹੀ ਗੱਲ਼ ਕਿ ਰਿਜੇਲਟ ਨਹੀਂ ਆਇਆ, ਪਰ ਅਸੀਂ
ਲਿਖ ਕੇ ਨਹੀਂ ਦੇਣਾ, ਆਖਰੀ ਕੀ ਕੀਤਾ ਜਾਵੇ। ਕਾਲਜ ਦੀ ਪ੍ਰਿੰਸੀਪਲ
ਸ੍ਰੀਮਤੀ ਸੁਨੀਤਾ ਨੇ ਹੱਦ ਤਾਂ ਉਦੋਂ ਕਰ ਦਿੱਤੀ, ਜਦੋਂ ਉਸ ਨੇ ਕਿਰਨ ਨੂੰ ਕਿਹਾ ਹੈ
ਕਿ "ਜਾਂ ਤਾਂ ਜੁਆਕ ਜੰਮ ਲਵੋ ਜਾਂ ਪੇਪਰ ਦੇ ਲਵੋ"
ਇਹ ਕਿਸ ਤਰ੍ਹਾਂ ਦੀ ਭਾਸ਼ਾ ਹੈ, ਇਹ ਕੀ ਬੋਲਣ ਦਾ ਢੰਗ ਹੈ, ਤੁਹਾਡੇ ਸਟੂਡੈਂਟ ਹਨ, ਭਾਵੇਂ ਕੱਲ੍ਹ ਦੇ
ਹਨ, ਇਸ ਗੱਲ਼ ਲਈ ਉਨ੍ਹਾਂ ਨੂੰ ਸਾਬਸ਼ ਤਾਂ ਕੀ ਕਹਿਣਾ ਕਿ ਹਾਲੇ ਵੀ ਪੇਪਰ ਦਿੰਦੇ ਹਨ,
ਉਨ੍ਹਾਂ ਨੂੰ ਉਤਸ਼ਾਹਿਤ ਤਾਂ ਕਰਨੀ ਹੈ, ਉਨ੍ਹਾਂ ਦੀ ਮੱਦਦ ਤਾਂ ਕੀ ਕਰਨੀ ਹੈ ਕਿ ਤੁਸੀਂ
ਧੱਕੇ ਕਾਹਤੋਂ ਖਾਂਦੇ ਹਨ, ਅਸੀਂ ਛੇਤੀ ਕੰਮ ਕਰ ਦਿੰਦੇ ਹਾਂ, ਉਲਟਾ ਉਨ੍ਹਾਂ ਨੂੰ ਬੇਇੱਜ਼ਤ ਕੀਤਾ ਜਾਂਦਾ ਹੈ।
ਇਹ ਕਿੰਨੀ ਘਟੀਆਂ ਗੱਲ਼ ਹੈ ਕਿ ਉਹ ਪ੍ਰਿੰਸੀਪਲ ਵੀ ਮਾਂ ਬਣੀ ਹੋਵੇਗੀ ਅਤੇ ਉਸਦੇ ਵੀ
ਬੱਚੇ ਹੋਣਗੇ, ਕੀ ਉਸ ਨੇ ਇੱਕ ਪਲ਼ ਵੀ ਇਹ ਨਾ ਸੋਚਿਆ?
ਕੀ ਬੱਚੇ ਹੋਣ ਤੋਂ ਬਾਅਦ ਬੰਦੇ ਨੂੰ ਪੜ੍ਹਨਾ ਛੱਡ ਦੇਣਾ ਚਾਹੀਦਾ ਹੈ, ਜਾਂ ਬੱਚੇ ਹੋਣੇ ਹੀ ਨਹੀਂ
ਚਾਹੀਦੇ। ਇਹ ਸ਼ਾਇਦ ਸਾਡੀ ਘਟੀਆ ਸੋਚ ਦਾ ਨਤੀਜਾ ਹੈ ਅਤੇ ਪ੍ਰਿੰਸੀਪਲ ਵਰਗੇ
ਅਹੁਦੇ ਉੱਤੇ ਹੋਕੇ ਵੀ ਜਿਸ "ਔਰਤ" ਦੀ ਇਹ ਸੋਚ ਹੋਵੇ, ਉਹ ਬਹੁਤ ਘਟੀਆ
ਘਰ ਜੰਮੀ ਹੋਈ ਧੀ ਹੋਵੇਗੀ।
ਖ਼ੈਰ ਹਾਲੇ ਮਸਲਾ ਹੱਲ਼ ਨਹੀਂ ਹੋਇਆ ਅਤੇ ਕਾਲਜ ਵਲੋਂ ਆਪਣੇ ਸੱਚਮੁੱਚ ਹੀ
ਘਟੀਆ ਕਿਰਦਾਰ ਦਾ ਮੁਜ਼ਾਰਾ ਹਾਲੇ ਵੀ ਜਾਰੀ ਹੈ, ਇੱਕ ਹੋਰ ਕੁੜੀ, ਜੋ ਕਿ
ਕਿਰਨ ਦੀ ਹਮ-ਜਮਾਤਣ ਸੀ, ਦੇ ਦੋ ਸਾਲ ਪੇਪਰ ਨਹੀਂ ਦਿੱਤੇ (ਪਤਾ ਨਹੀਂ ਕਿਸ
ਕਾਰਨ ਕਰਕੇ), ਤਾਂ ਕਾਲਜ ਵਾਲਿਆਂ ਬੜੀ ਬੇਸ਼ਰਮੀ ਨਾਲ 17,000 ਰੁਪਏ ਦੀ
ਮੰਗ ਕੀਤੀ ਗਈ, ਇਹ ਗੱਲ਼ ਤਾਂ ਚੰਡੀਗੜ੍ਹ ਨਰਸਿੰਗ ਕੌਂਸਲ ਜਾ ਕੇ ਪਤਾ ਲੱਗੀ
ਕਿ ਇੰਝ ਦੀ ਕੋਈ ਵੀ ਫੀਸ ਜਾਂ ਚਾਰਜ ਹਨ ਹੀ ਨਹੀਂ।
ਇੱਕ ਸਰਕਾਰੀ ਕਾਲਜ ਦੇ ਭਾਰਤ 'ਚ ਇੰਝ ਦੇ ਬਕਵਾਸ ਕਰਨ (ਅਸਲ
'ਚ ਗੁੰਡਾਗਰਦੀ ਕਰਨ) ਦੀ ਗੱਲ਼ ਤਾਂ ਸਮਝ ਆ ਸਕਦੀ ਹੈ ਕਿ ਉਨ੍ਹਾਂ
ਨੂੰ ਕਾਲਜ ਚੱਲਣ ਜਾਂ ਨਾ-ਚੱਲਣ ਨਾਲ ਕੋਈ ਮਤਲਬ ਨਹੀਂ ਹੈ, ਪਰ
ਇੱਕ ਪ੍ਰਾਈਵੇਟ ਕਾਲਜ ਵਲੋਂ, ਅਤੇ ਉਹ ਵੀ ਮਾਲਤੀ ਥਾਪਰ ਵਰਗੀ
ਹਸਤੀ (ਕਾਂਗਰਸ ਦੇ ਪੰਜਾਬ ਪੱਧਰ ਦੇ ਲੀਡਰਾਂ 'ਚ ਸ਼ਾਮਲ ਹੈ ਮੈਂਡਮ)
ਦੇ ਕਾਲਜ ਵਿੱਚ ਇੰਝ ਦੇ ਪਰਬੰਧ ਦਾ ਹੋਵੇ ਤਾਂ ਲੱਖ ਲਾਹਨਤਾਂ ਨੇ।

ਦੁਕਾਨਦਾਰੀ ਤਾਂ ਚਲਾਉਣੀ ਹੈ, ਜੇ ਤੁਸੀਂ ਇੰਝ ਹੀ ਚਲਾਉਗੇ ਤਾਂ ਤੁਹਾਡੇ
ਸਟੂਡੈਂਟ ਬਾਹਰ ਕਿਸੇ ਨੂੰ ਕੀ ਕਹਿਣਗੇ ਕਿ ਸਾਡੇ ਕਾਲਜ ਵਾਲਿਆਂ ਨੂੰ
ਬੋਲਣ ਦੀ ਵੀ ਤਮੀਜ਼ ਨਹੀਂ?
ਕੀ ਕਰੀਏ, ਪੰਜਾਬ 'ਚ ਬਹੁਤੇ ਪ੍ਰਾਈਵੇਟ ਕਾਲਜਾਂ ਦਾ ਇਹੀ ਹਾਲ ਹੈ,
ਜਦੋਂ ਕਿ ਪ੍ਰਾਈਵੇਟ ਪੈਸੇ ਤਾਂ ਲੁੱਟਦੇ ਹਨ, ਪਰ ਉਨ੍ਹਾਂ ਤੋਂ ਚੰਗੀ ਰਵੱਈਆ
ਰੱਖਣ ਦੀ ਉਮੀਦ ਕੀਤੀ ਜਾਣੀ ਚਾਹੀਦੀ ਹੈ। ਇਹ ਫ਼ਰਕ ਤਾਂ ਮੈਨੂੰ
ਪੂਨੇ ਆ ਕੇ ਪਤਾ ਲੱਗਾ ਹੈ, ਗਾਹਕ ਨੂੰ ਗਾਹਕ ਸਮਝਣਾ ਚਾਹੀਦਾ ਹੈ,
ਜਦੋਂ ਪੈਸੇ ਲੈਣੇ ਹਨ ਤਾਂ ਬੋਲੋ ਤਾਂ ਚੰਗੀ ਤਰ੍ਹਾਂ, ਜੇ ਬੋਲ ਨੀਂ ਸਕਦੇ ਤਾਂ
ਘੱਟੋ-ਘੱਟ ਮਾੜਾ ਤਾਂ ਨਾ ਬੋਲੋ...
ਇਹ ਆਪਣੇ ਲੋਕ ਇਹ ਪੂਨੇ ਤੋਂ ਸਿੱਖਣਗੇ (ਅੰਗਰੇਜ਼ਾਂ ਤੋਂ ਸਿੱਖਣ ਨੂੰ
ਤਾਂ ਗੋਲੀ ਮਾਰੋ) ਜਾਂ ਬਾਹਰੋਂ ਆ ਕੇ ਕੇਵਲ ਗੋਰਿਆਂ ਦੇ ਗੁਣ ਹੀ ਗਾਉਦੇ ਰਹਿਣਗੇ?

Dr.Sham Lal Thapar Nursing School, Moga