Showing posts with label ਇਨਕਲਾਬ. Show all posts
Showing posts with label ਇਨਕਲਾਬ. Show all posts

08 December, 2010

ਇੰਟਰਨੈੱਟ - ਲੋਕਤੰਤਰ ਦਾ ਪੰਜਵਾਂ ਥੰਮ (ਵਿਕਿਲੀਕਸ)...

(ਪ੍ਰੈਸ ਵਲੋਂ ਲੋਕਤੰਤਰ ਵਿੱਚ ਆਪਣੀ ਭੂਮਿਕਾ ਨਾ ਅਦਾ ਕਰਕੇ ਬਾਕੀ ਤਿੰਨ ਥੰਮਾਂ ਨਾਲ 'ਸੌਦੇਬਾਜ਼ੀ' ਦੇ ਚੱਕਰਾਂ ਪੈ ਜਾਣ ਕਰਕੇ, ਇੰਟਰਨੈੱਟ ਉੱਤੇ ਪ੍ਰੈਸ ਦੀ ਨਵੀਂ ਭੂਮਿਕਾ ਕਹਿਣ ਦੀ ਬਜਾਏ ਇਸ ਨੂੰ ਪੰਜਵਾਂ ਥੰਮ ਹੀ ਕਹਿ ਲਿਆ ਜਾਵੇ ਤਾਂ ਚੰਗਾ ਹੈ।)


ਵਿਕਿਲੀਕਸ, ਜੋ ਅਮਰੀਕਾ ਦਾ ਚੇਹਰਾ ਬੇਨਿਕਾਬ ਕਰਨ ਲੱਗਾ ਹੈ, ਇੰਟਰਨੈੱਟ ਦੀ ਦੁਨੀਆਂ 'ਚ ਆਪਣੇ ਆਪ 'ਚ ਨਵਾਂ ਇਨਕਲਾਬ ਹੈ। ਇਹ ਵੈੱਬਸਾਈਟ ਆਪਣੀ ਸਾਈਟ ਉੱਤੇ ਬੇਸ਼ੁਮਾਰ ਡੌਕੂਮੈਂਟ ਉਪਲੱਬਧ ਕਰਵਾ ਰਹੀ ਹੈ, ਜੋ ਅਮਰੀਕਾ ਸਮੇਤ ਕਈ ਦੇਸ਼ਾਂ ਨਾਲ ਸਬੰਧਿਤ ਹਨ, ਜਿਸ ਵਿੱਚ ਅਮਰੀਕਾ ਤੇ ਰਾਜਦੂਤ (ਅਤੇ ਹੋਰ ਲੋਕ) ਵਲੋਂ ਦੂਜੇ ਦੇਸ਼ਾਂ ਵੱਲ ਕੀਤੀਆਂ ਬੇਹੁਦਾ ਟਿੱਪਣੀਆਂ ਵੀ ਸ਼ਾਮਲ ਹਨ। ਇਹ ਟੀਮ ਦਾਅਵਾ ਕਰਦੀ ਹੈ ਕਿ ਕਿਸੇ ਵਲੋਂ ਵੀ ਦਿੱਤੀ ਜਾਣਕਾਰੀ ਪੂਰੀ ਤਰ੍ਹਾਂ ਇੰਕ੍ਰਿਪਟ ਕੀਤੀ ਹੋਈ ਅਤੇ ਗੁਪਤ ਰੱਖੀ ਜਾਵੇਗੀ। ਕਈ ਅਖ਼ਬਾਰਾਂ ਤੇ ਪੱਤਰਕਾਰਾਂ ਨੇ ਇਸ ਦੇ ਸਹਿਯੋਗ ਦਾ ਐਲਾਨ ਕੀਤਾ ਹੈ।

ਅਮਰੀਕਾ ਆਪਣੀ ਹੋਈ ਕਿਰਕਰੀ ਤੋਂ ਐਨਾ ਹਰਫਲਿਆ ਹੋਇਆ ਹੈ ਕਿ ਉਸ ਨੇ ਇਸ ਨੂੰ ਰੋਕਣ ਲਈ ਬਹੁਤ ਸਾਰੇ ਸਰਕਾਰੀ ਤੇ ਗੈਰ-ਸਰਕਾਰੀ ਜਤਨ ਸ਼ੁਰੂ ਕੀਤੇ ਹਨ, ਜਿਸ ਵਿੱਚ ਵਿਕਿਲੀਕਸ ਨਾਲ ਕਾਰੋਬਾਰ ਕਰਨ ਤੇ ਪੈਸੇ ਦਾ ਲੈਣ ਦੇਣ ਕਰਨ ਵਾਲੀਆਂ ਕੰਪਨੀਆਂ ਨੂੰ ਘੁਰਕੀ ਦੇਣਾ (ਜਿਸ ਤਹਿਤ ਮਾਸਟਰਕਾਰਡ, ਵੀਜ਼ਾ, ਪੇਪਾਲ ਨੇ ਲੈਣ ਦੇਣ ਬੰਦ ਕਰ ਦਿੱਤਾ ਹੈ), ਬੈਂਕ ਵਲੋਂ ਅਕਾਊਂਟ ਬੰਦ ਕਰਨਾ, ਸਰੀਰਕ ਛੇੜਛਾੜ ਦਾ ਕੇਸ, ਵੈੱਬ ਸਾਈਟ ਉੱਤੇ ਸਾਈਬਰ ਹਮਲੇ ਕਰਵਾਉਣੇ ਵੀ ਸ਼ਾਮਲ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਸੈਕਟਰੀ ਵਲੋਂ ਤਾਂ ਇਸ ਨੂੰ ਮਾਰਨ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਮੈਨੂੰ ਇਹ ਰੋਜ਼ਾਨਾ ਦੇ ਵਿਚਾਰ ਪੜ੍ਹਦਿਆ ਲੱਗਾ ਕਿ ਇਹ 'ਤਰੱਕੀਸ਼ੁਦਾ' ਦੇਸ਼ਾਂ ਵਿੱਚ ਵੀ ਤਰੱਕੀ ਜਾਂ ਆਜ਼ਾਦੀ ਦਾ ਦਾਅਵਾ ਬਹੁਤਾ ਵੇਖਾਵਾ ਭਰ ਹੈ, ਜਦੋਂ ਕਿ ਅਸਲੀਅਤ 'ਚ ਡੌਕੂਮੈਂਟ ਲੀਕ ਹੋਣ ਕਰਕੇ ਇਹ ਦੇਸ਼ ਹੱਥਾਂ-ਪੈਰਾਂ 'ਚ ਆ ਗਏ ਅਤੇ ਇੱਕ ਸਿੱਖ ਲੀਡਰ ਵਲੋਂ ਇੱਕ ਡੇਰਾ ਦੇ ਪ੍ਰਧਾਨ ਦਾ ਸਿਰ ਵੱਢ ਕੇ ਲਿਆਉਣ ਵਾਲੇ ਨੂੰ ਇਨਾਮ ਦੇਣ ਜਾਂ ਮੁੱਲ੍ਹਾਂਵਾਂ ਵਲੋਂ ਦਿੱਤੇ ਮੁਹੰਮਦ ਸਾਹਿਬ ਦਾ ਕਾਰਟੂਨ ਬਣਾਉਣ ਵਾਲੇ ਦੇ ਸਿਰ ਕਲਮ ਦੇ ਐਲਾਨ ਦੇ ਜਮ੍ਹਾਂ ਬਰਾਬਰ ਖੜ੍ਹੇ ਜਾਪਦੇ ਹਨ (ਭਾਵੇਂ ਕਿ ਮੈਂ ਪ੍ਰੈਸ ਦੀ ਆਜ਼ਾਦੀ ਦੇ ਹੱਕ 'ਚ ਹਾਂ, ਪਰ ਜਿਹੜਾ ਕਿਸੇ ਧਰਮ ਬਾਰੇ ਮਾੜੇ ਵਿਚਾਰ ਛਾਪੇ ਤਾਂ ਅਜਿਹੀ ਆਜ਼ਾਦੀ ਦੇ ਨਾਲ ਨਹੀਂ। ਇਹੀ ਸਮਝ ਨੀ ਆਉਂਦਾ ਕਿ ਅਸਲ 'ਚ ਉਦੋਂ ਇਹੀ ਮੁਲਕ ਪ੍ਰੈਸ ਦੀ ਆਜ਼ਾਦੀ ਦੇ ਦਮਗਜੇ ਮਰਦੇ ਸੀ, ਹੁਣ ਪ੍ਰੈਸ ਦੀ ਆਜ਼ਾਦੀ ਕਿਧਰ ਗਈ।)

ਇਰਾਕ ਦੀ ਵਿਡੀਓ [1] ਕਿ ਕਿਵੇਂ ਅਮਰੀਕੀ ਹੈਲੀਕਪਟਰ (2007 ਵਿੱਚ) 'ਚ ਸਵਾਰ ਫੌਜੀ ਇਰਾਕੀਆਂ ਨੂੰ ਕੁੱਤੇ ਬਿੱਲੀਆਂ ਤੋਂ ਵੱਧ ਕੁਝ ਨੀਂ ਸਮਝਦੇ ਅਤੇ ਵਿਡੀਓ ਗੇਮ ਵਿੱਚ ਮਾਰਨ ਵਾਂਗ ਭਰੋਸਾ ਭਰ ਵੀ ਨਹੀਂ ਸੋਚਦੇ। '9 ਤੋਂ 5' [2]  ਲੜਨ ਵਾਲੇ ਸਿਪਾਹੀ ਸ਼ਾਇਦ ਆਪਣੀ ਅਮਰੀਕੀ ਜਨਤਾ ਨੂੰ ਖੁਸ਼ ਕਰਨ ਲਈ ਕਈ ਦਾਅਵੇ ਕਰਦੇ ਹੋਣ, ਪਰ ਇਹ ਵਿਡੀਓ ਉਨ੍ਹਾਂ ਸਭ ਨੂੰ ਵੇਖਣੀ ਤੇ ਸਮਝਣੀ ਚਾਹੀਦੀ ਹੈ, ਜੋ ਆਪਣੇ '9 ਤੋਂ 5' ਆਲੇ ਫੌਜੀਆਂ ਲਈ ਪੈਸੇ ਦਿੰਦੇ ਹਨ ਅਤੇ ਅਮਰੀਕੀਆਂ ਤੋਂ ਬਿਨਾਂ ਸਭ ਨੂੰ (ਆਮ ਬੰਦਿਆਂ ਤੇ ਅੱਤਵਾਦੀਆਂ ਨੂੰ) ਵਿਡੀਓ ਗੇਮ ਦੇ ਕਰੈਕਟਰ ਤੋਂ  ਵੱਧ ਕੁਝ ਨੀਂ ਸਮਝਦੇ।


 ਉਮੀਦ ਹੈ ਕਿ ਇਹ ਮੁਹਿੰਮ ਰੁਕਦੀ ਨਹੀਂ, ਕਿਉਂਕਿ ਟੋਰੈਂਟ, ਅਤੇ ਡੀਸੈਂਟਰਲਾਈਜਡ ਕੰਮ ਹੋਣ ਕਰਕੇ ਇਹ ਸਭ ਸੰਭਵਾਨਾ ਹੈ ਕਿ ਅਮਰੀਕਾ ਤੇ ਜੁੰਡੀ ਦੇ ਯਾਰ ਇਹ ਖਤਮ ਨਹੀਂ ਕਰ ਸਕਣਗੇ। ਬੀਬੀਸੀ ਦੇ ਸਾਈਟ ਨੇ ਤਾਂ ਇੰਟਰਨੈੱਟ ਨੂੰ ਭਸਮਾਸੁਰ ਦਾ ਨਾਂ ਦਿੱਤਾ ਹੈ, ਜੋ ਅਮਰੀਕਾ ਦੀ ਤਾਕਤ ਹੋਣ ਦੇ ਨਾਲ ਨਾਲ ਉਸ ਦੇ ਗਲ਼ੇ ਦੀ ਹੀ ਹੱਡੀ ਬਣਦਾ ਜਾਪਦਾ ਹੈ (ਪਹਿਲਾਂ ਗਲੋਬਲਾਈਜੇਸ਼ਨ ਦੇ ਜਿੰਨ ਨੇ ਵੀ ਅਮਰੀਕਾ ਨੂੰ ਤੰਗ ਕਰ ਛੱਡਿਆ ਹੈ)।

 ਮੈਂ ਅਮਰੀਕਾ ਲਈ ਹੀ ਨਹੀਂ, ਭਾਰਤ ਸਰਕਾਰ ਦੇ ਕਈ 'ਗੁਪਤ' ਕਦਮਾਂ ਬਾਰੇ ਜਾਣਨਾ ਚਾਹੁੰਦਾ ਹਾਂ, ਅਤੇ ਉਮੀਦ ਕਰਦਾ ਹਾਂ ਕਿ ਜਿਸ ਤਰ੍ਹਾਂ ਵਿਕਿਲੀਕਸ ਨੇ ਅਮਰੀਕਾ ਦੇ ਪੋਤੜੇ ਫੋਲੇ ਹਨ, ਭਾਰਤੀ ਸਰਕਾਰਾਂ ਦੇ ਕਾਲੇ ਕਾਰਨਾਮੇ ਸਾਹਮਣੇ ਆਉਣੇ ਚਾਹੀਦੇ ਹਨ (ਤੇ ਅੱਜ ਨਾ ਭਲਕ ਆ ਵੀ ਜਾਣਗੇ), ਜਿਸ ਵਿੱਚ ਅਰਬਾਂ-ਖ਼ਰਬਾਂ ਦੇ ਘਪਲੇ, ਧਰਮ ਦੇ ਨਾਂ ਉੱਤੇ ਕੀਤੇ ਸਰਕਾਰੀ ਕਤਲ (ਦਿੱਲੀ ਹੋਵੇ ਜਾਂ ਗੁਜਰਾਤ), ਕੇ.ਪੀ.ਐਸ. ਗਿੱਲ ਵਰਗੇ ਬੁੱਚੜਾਂ ਵਲੋਂ ਕੀਤੇ ਫਰਜ਼ੀ ਕਤਲਾਂ ਦਾ ਕੱਚਾ ਚਿੱਠਾ। ਭਾਵੇਂ ਹਾਲੇ ਇਹ ਔਖਾ ਲੱਗੇ, ਪਰ ਇਹ ਪੱਕਾ ਹੋ ਗਿਆ ਹੈ ਕਿ ਜੇ ਬੰਦਾ ਚਾਹੇ ਤਾਂ ਸਭ ਕੁਝ ਕੀਤਾ ਜਾ ਸਕਦਾ ਹੈ ਅਤੇ ਇੰਟਰਨੈੱਟ ਨੂੰ ਸੈਂਸਰ ਕਰਨਾ ਅਮਰੀਕਾ ਵਰਗੇ ਮੁਲਕ ਲਈ ਵੀ ਸੌਖਾ ਨਹੀਂ ਹੈ।

ਹੈਰਾਨੀ ਦੀ ਗੱਲ ਹੈ ਕਿ ਇਹ ਉਹੀ ਅਮਰੀਕਾ ਹੈ, ਜੋ ਕਿ ਚੀਨ ਦੀ ਮੀਡਿਆ ਸੈਂਸਰਸ਼ਿਪ ਦਾ ਵਿਰੋਧ ਕਰਦਾ ਹੈ, ਅਤੇ ਹੁਣ ਜਦ ਖੁਦ ਦੇ ਸਾਹਮਣੇ ਮਸਲਾ ਆਇਆ ਤਾਂ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵੀ ਬਾਜ਼ ਨਹੀਂ ਆਉਂਦਾ ਜਾਪਦਾ।

ਫੇਰ ਵੀ ਬਾਹਰਲੀ ਪ੍ਰੈਸ ਬਾਰੇ ਪੜ੍ਹ ਕੇ ਸੁਣ ਕੇ ਲੱਗਦਾ ਹੈ ਕਿ ਕੁਝ ਕੁ ਈਮਾਨ ਤਾਂ ਉਨ੍ਹਾਂ ਲੋਕਾਂ ਦਾ ਜਿਉਂਦਾ ਹੈ, ਜੇ ਇਸ ਦੇ ਮੁਕਾਬਲੇ ਭਾਰਤ ਦੀ ਪ੍ਰੈਸ ਦੀ ਗੱਲ ਕਰੀਏ ਤਾਂ ਪਿਛਲੇ ਦਿਨੀ ਸੁਰਖੀਆਂ 'ਚ ਆਇਆਂ 'ਪ੍ਰੈਸ ਵਾਲੇ ਦਲਾਲਾਂ' ਮਸਲਾ ਅਖ਼ਬਾਰਾਂ 'ਚ ਗਧੇ ਦੇ ਸਿਰ ਤੋਂ ਸਿੰਗ ਗੁਆਚਣ ਵਾਂਗ ਗੁਆਚ ਹੀ ਗਿਆ।

ਪਰ ਸਰਕਾਰੋਂ ਹੁਣ ਵੇਲੇ ਬਦਲ ਗਿਆ, ਇਹ ਗੱਲ ਯਾਦ ਰੱਖਿਓ, ਅੱਜ ਨਾ ਭਲਕੇ, ਸਭ ਕੁਝ ਸਾਹਮਣੇ ਆਉਣਾ ਹੀ ਹੈ,  ਲੋਕਾਂ ਜਾਣਨਾ ਚਾਹੁੰਦੇ ਹਨ ਕਿ ਲੱਖਾਂ ਦੇ ਘਪਲੇ ਕਿਵੇਂ ਹੁੰਦੇ ਹਨ, ਟੈਕਸਾਂ ਦੇ ਕਰੋੜਾਂ ਰੁਪਏ ਕਿਧਰ ਖਰਚੇ, ਪੱਤਰਕਾਰ ਕਿਵੇਂ ਵੱਡੇ ਵੱਡੇ ਸਨਅਤੀ ਘਰਾਣਿਆਂ ਦੇ ਦਲਾਲ  ('ਦੱ..' ਸ਼ਬਦ ਮੈਂ ਚਾਹੁੰਦਾ ਹੋਇਆ ਵੀ ਵਰਤ ਨਾ ਸਕਿਆ) ਬਣ ਗਏ, ਕਿਵੇਂ ਗਰੀਬਾਂ ਦਾ ਖੂਨ ਪੀਤਾ, ਕਿਵੇਂ ਨਿਰਦੋਸ਼ ਲੋਕ ਮਾਰੇ, ਗਾਂਧੀਗਿਰੀ ਕਰਦੇ ਸੰਘਰਸ਼ਸ਼ੀਲ ਲੋਕ ਗੁੰਡਿਆਂ ਤੋਂ ਮਰਵਾਏ।

ਹੁਣ ਸਰਕਾਰਾਂ ਵਲੋਂ ਮਸਲਿਆਂ ਉੱਤੇ ਪਰਦੇ ਪਾਉਣੇ ਓਨ੍ਹਾਂ ਸੌਖੇ ਨਹੀਂ ਰਹਿਣਗੇ, ਗੁਪਤ ਹੋਣ ਦਾ ਕੀ ਅਰਥ ਹੈ? ਜੇ ਤੁਸੀਂ  ਕਿਸੇ ਦੇਸ਼ ਨੂੰ ਬਰਬਾਦ ਕਰਨ ਦੀਆਂ ਗੋਂਦਾਂ ਗੁੰਦੋ ਤਾਂ ਉਹ ਗੁਪਤ ਹਨ, ਉਹ ਪ੍ਰਾਈਵੇਟ ਹਨ, ਜੇ ਮੈਂ ਕਿਸੇ ਦੇ ਕਤਲ ਕਰਨ ਬਾਰੇ ਕਿਸੇ ਨਾਲ ਸਲਾਹ ਕਰਾਂ ਤਾਂ ਕਿ ਇਹ ਮੇਰਾ ਨਿੱਜੀ ਮਸਲਾ ਹੈ, ਸਮਾਜ ਦਾ ਨਹੀਂ??

ਖ਼ੈਰ ਵਿਕਿਲੀਕਸ ਨੇ ਅਜਿਹੀ ਪਰਤ ਪਾਈ ਹੈ, ਜੋ ਕਿ ਲੋਕਤੰਤਰ ਦੇ ਮੋਢੀ ਕਹਾਉਂਦੇ ਮੁਲਕਾਂ ਦੇ ਚਿਹਰੇ ਨੰਗੇ ਕਰ ਗਈ, ਇਹ ਹੀ ਇੰਟਰਨੈੱਟ ਦਾ ਅਸਲ ਭਵਿੱਖ ਹੈ, ਇਹ ਹੀ ਪ੍ਰੈਸ ਦਾ ਭਵਿੱਖ ਹੈ, ਇਹੀ ਲੋਕਤੰਤਰ ਦਾ ਉਹ ਰੂਪ ਹੈ, ਜੋ ਇੰਟਰਨੈੱਟ ਦੇ ਜੁੱਗ 'ਚ ਹੋਣਾ ਚਾਹੀਦਾ ਹੈ ਅਤੇ ਹੋਵੇਗਾ।

ਜੇ ਵਿਕਿਲੀਕਸ ਬਾਰੇ ਤਾਜ਼ਾ ਜਾਣਕਾਰੀ ਲੈਣੀ ਹੋਵੇ ਤਾਂ:

http://twitter.com/#!/wikileaks

(ਇਹ ਸਾਈਟ ਤੋਂ ਤਾਜ਼ਾ ਲਿੰਕ ਲਵੋ, ਉਸ ਉੱਤੇ ਮਿੱਰਰ ਵੇਖੋ ਅਤੇ ਉੱਥੋਂ ਮਿੱਰਰ ਰਾਹੀਂ ਤੁਸੀਂ ਜਾਣਕਾਰੀ ਲੈ ਸਕਦੇ ਹੋ)

ਵਿਕਿਲੀਕਸ ਵਲੋਂ ਜਾਰੀ ਕੀਤੀ ਜਾਣਕਾਰੀ ਦੀਆਂ ਸੁਰਖੀਆਂ (ਅੰਗਰੇਜ਼ੀ 'ਚ): http://www.bbc.co.uk/news/world-us-canada-11914040

ਵਿਕਿਲੀਕਸ ਬਾਰੇ ਅੰਗਰੇਜ਼ੀ ਵਿੱਚ ਜਾਣਕਾਰੀ ਲੈਣ ਲਈ ਪੜ੍ਹੋ: http://www.bbc.co.uk/news/technology-10757263

ਇੱਕ ਪੱਤਰਕਾਰ ਦੇ ਜੁਬਾਨੀ: "ਇਹ ਲੋਕਾਂ ਤੇ ਸਰਕਾਰ ਵਿੱਚ ਆਪਸੀ ਜੰਗ ਦੀ ਸ਼ੁਰੂਆਤ ਹੈ।"
ਵਿਕਿਲੀਕਸ ਵੀ ਟਵਿੱਟਰ ਉੱਤੇ ਆਖਦਾ ਹੈ: "We open governments."

[1]  Video: Collateral Murder

 (ਇਹ ਵਿਡੀਓ ਤਾਂ ਬਾਹਰ ਆ ਸਕੀ ਕਿਉਂਕਿ ਇਹ 'ਚ ਪ੍ਰੈਸ ਦੇ ਬੰਦੇ ਮਾਰੇ ਗਏ, ਹੁਣ ਤੁਸੀਂ ਸੋਚ ਸਕਦੇ ਹੋ ਕਿ ਅਜਿਹੇ ਅਣਜਾਣੇ 'ਚ ਮਾਰੇ ਗਏ ਲੋਕਾਂ ਦੀ ਗਿਣਤੀ ਕਿੰਨੀ ਕੁ ਹੋ ਸਕਦੀ ਹੈ)   

[2] 9 ਤੋਂ 5 ਦਾ ਮਤਲਬ ਕਿ "ਪ੍ਰੋਫੈਸ਼ਨ ਨੌਕਰੀ" ਪੇਸ਼ਾ ਸਿਪਾਹੀ, ਜਿਹੜੇ 9 ਵਜੇ ਡਿਊਟੀ ਉੱਤੇ ਲੜਨ ਜਾਂਦੇ ਹਨ, 5 ਵਜੇ ਆਥਣੇ ਵਾਪਸ
ਆ ਜਾਂਦੇ ਹਨ, ਪੰਜਾਬੀ 'ਚ ਸ਼ਾਇਦ 'ਭਾੜੇ ਦੇ ਸਿਪਾਹੀ' ਵੀ ਕਹਿ ਸਕਦੇ ਹਾਂ। ਇਹਨਾਂ ਨੂੰ ਦਿਨ 'ਚ ਹਰੇਕ ਘੰਟੇ ਬਾਅਦ ਬਰੇਕ, ਲੰਚ
ਬਰੇਕ, ਅਤੇ ਕੋਕ, ਪੈਪਸੀ, ਬਰਗਰ ਪੀਜ਼ੇ, ਜੰਗ-ਏ-ਮੈਦਾਨ 'ਚ ਚਾਹੀਦੇ ਹਨ। ਇਹਨਾਂ ਲਈ ਲੜਾਈ ਇੱਕ ਕੰਮ ਹੈ, ਧੰਦਾ ਹੈ, ਇਸੇ
ਕਰਕੇ ਇਹ ਵੀਅਤਨਾਮ 'ਚ ਹਾਰੇ, ਇਰਾਕ 'ਚ ਵੀ ਜਿੱਤੇ ਨਹੀਂ, ਅਤੇ ਅਫਗਾਨਸਤਾਨ 'ਚ ਵੀ ਹਾਰ ਦੇ ਕਿਨਾਰੇ ਹਨ। ਜੇ ਇਹ ਸਦੀ
ਦਾ ਇਤਿਹਾਸ ਪੜ੍ਹਿਆ ਜਾਵੇ ਤਾਂ ਪਤਾ ਲੱਗੇਗਾ ਕਿ ਏਸ਼ੀਆਈ ਲੋਕਾਂ ਲਈ ਲੜਾਈ ਇੱਕ ਜਨੂੰਨ ਹੈ, ਜੰਗ ਕੋਈ ਕੰਮ ਨਹੀਂ, ਧੰਦਾ ਨਹੀਂ,
ਫੌਜ ਦੀ ਨੌਕਰੀ ਜ਼ਰੂਰ ਹੈ, ਪਰ ਜਦੋਂ ਜੰਗ ਲੱਗੇ ਤਾਂ ਇਹ ਧੰਦਾ ਨਹੀਂ, ਮਰਨ-ਮਾਰਨ ਦਾ ਅਜਿਹਾ ਸਿਲਸਿਲਾ ਹੈ, ਜਿਸ 'ਚ ਜਿੱਤੇ ਹਾਰ ਬਿਨਾਂ
ਹੋਰ ਕਈ ਗੱਲ ਨਹੀਂ ਔੜਦੀ। ਜੰਗ ਕਦੇ ਗਿਣਤੀ, ਹਥਿਆਰਾਂ ਨਾਲ ਨਹੀਂ ਨਹੀਂ ਜਿੱਤੀ ਜਾਂਦੀ।

21 March, 2010

ਭਗਤ ਸਿੰਘ ਸਰਦਾਰ ਨੂੰ ਲੱਗਦਾ...

ਮੇਰੇ ਕੋਲ ਕਹਿਣ ਲਈ ਕੁਝ ਨੀਂ, ਬੱਸ ਸੱਤਾ ਕੋਟਲੀ ਵਾਲੇ ਦਾ ਗਾਣਾ ਹੀ ਹੈ...

ਬਣਦੇ ਹੋਏ ਹੱਕ ਦਿਵਾਉਣ ਲਈ, ਨਿੱਤ ਲੁੱਟਦੀ ਇੱਜ਼ਤ ਬਚਾਉਣ ਲਈ,
ਇੱਕ ਜਨਮ ਇਸ ਦੇਸ਼ ਦੇ ਲੇਖੇ ਹੋਰ ਵੀ ਲਾਉਣਾ ਪਊ,
ਭਗਤ ਸਿੰਘ ਸਰਦਾਰ ਨੂੰ ਲੱਗਦਾ ਮੁੜ ਕੇ ਆਉਣਾ ਪਊ

ਅੱਤ ਜ਼ਾਲਮਾਂ ਚੁੱਕੀ ਫਿਰਦੇ, ਧੱਕੇ ਸ਼ਾਹੀਆਂ ਨੇ
ਲੈ ਕੇ ਰਿਸ਼ਵਤ ਅਫਸਰ ਲੈਂਦੇ ਦੱਬ ਸਚਾਈਆਂ ਨੇ
ਗੋਰਿਆਂ ਵਾਗੂੰ ਇਹਨਾਂ ਨੂੰ ਵੀ ਸਬਕ ਸਿਖਾਉਣਾ ਪਊ
ਭਗਤ ਸਿੰਘ ਸਰਦਾਰ ਨੂੰ...

ਗਾਣੇ ਦਾ ਲਿੰਕ

18 February, 2010

ਕਿਸਾਨੀ ਇਨਕਲਾਬੀ ਸੰਘਰਸ਼ ਵਿੱਚ ਇੱਕ ਹੋਰ ਸ਼ਹਾਦਤ - ਸਾਧੂ ਸਿੰਘ ਤਖ਼ਤੂਪੁਰਾ

16 ਫਰਵਰੀ ਨੂੰ ਅੰਮ੍ਰਿਤਸਰ ਜ਼ਿਲੇ ਚੋਗਾਵਾਂ ਬਲਾਕ ਦੇ ਸਰਹੱਦੀ ਪਿੰਡ  ਭਿੰਡੀ ਔਲਖ ਵਿਖੇ
15-20 ਹਥਿਆਰਬੰਦ ਬੰਦਿਆਂ ਨੇ ਟਾਟਾ ਸੂਮੋ ਉੱਤੇ ਬੜੀ ਫਿਲਮੀ ਅੰਦਾਜ਼ ਵਿੱਚ ਹਮਲਾ ਕੀਤਾ
ਅਤੇ ਉਸ ਵਿੱਚ ਮੌਜੂਦ ਇੱਕ ਵਿਅਕਤੀ ਨੂੰ ਮਾਰ ਅਤੇ ਬਾਕੀਆਂ ਨੂੰ ਜ਼ਖਮੀ ਕਰ ਦਿੱਤਾ। ਪੰਜਾਬ
ਵਿੱਚ ਇਹ ਘਟਨਾਵਾਂ ਭਾਵੇਂ ਰੋਜ਼ ਹੁੰਦੀਆਂ ਹੋਣ, ਪਰ ਇਹ ਹੋਈ ਘਟਨਾ ਨੇ ਅਜਿਹਾ ਦੁਖਾਂਤ
ਪੈਦਾ ਕੀਤਾ ਹੈ, ਜੋ ਆਉਣ ਵਾਲੇ ਸਮੇਂ ਵਿੱਚ ਸ਼ਾਇਦ ਬਹੁਤ ਬਦਲਾਅ ਪੈਦਾ ਕਰੇ।
 ਮਰ ਵਾਲਾ ਵਿਅਕਤੀ ਸਾਧੂ ਸਿੰਘ ਤਖ਼ਤੂਪੁਰਾ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ
ਜਰਨਲ ਸਕੱਤਰ ਸੀ। ਉਹ ਵਿਅਕਤੀ ਜਿਸ ਦਾ ਨਾਂ ਕਿਸਾਨ ਸੰਘਰਸ਼ਾਂ ਵਿੱਚ ਬੜੇ ਹੀ ਮਾਣ
ਸਤਿਕਾਰ ਨਾਲ ਲਿਆ ਜਾਂਦਾ ਰਿਹਾ ਹੈ ਅਤੇ ਅੱਗੇ ਵੀ ਲਿਆ ਜਾਂਦਾ ਹੀ ਰਹੇਗਾ। ਮੇਰੀ ਜਾਣ
ਪਛਾਣ ਉਹਨਾਂ ਨਾਲ ਕਰੀਬ ਤਿੰਨ ਕੁਵਰ੍ਹੇ ਪਹਿਲਾਂ ਹੋਈ ਸੀ ਅਤੇ ਮੈਨੂੰ ਉਹਨਾਂ ਦੀ ਸ਼ਖਸ਼ੀਅਤ
ਵਿੱਚ ਹਮੇਸ਼ਾ ਇੰਝ ਦੀ ਖਿੱਚ ਮਹਿਸੂਸ ਹੁੰਦੀ ਰਹੀ ਕਿ ਮੈਂ ਸਦਾ ਮਿਲਣ ਲਈ ਉਤਸੁਕ ਰਿਹਾ।
ਭਾਵੇਂ ਉਹਨਾਂ ਨਾਲ ਮੁਲਾਕਾਤ ਬਹੁਤ ਘੱਟ ਸਮਾਂ ਹੀ ਹੁੰਦੀ (ਜਦੋਂ ਵੀ ਮੈਂ ਪਿੰਡ ਜਾਂਦਾ), ਪਰ
ਉਹਨੇ ਸਮੇਂ ਵਿੱਚ ਵੀ ਉਹਨਾਂ ਦੀ ਗੱਲਾਂ ਦਿਮਾਗ 'ਚ ਚਾਨਣ ਕਰ ਦਿੰਦੀਆਂ, ਛੋਹ ਲੈਂਦੀਆਂ।
  ਮਿੱਠ ਬੋਲੜੇ ਸੁਭਾ, ਚੜ੍ਹਦੀ ਕਲਾ ਵਿੱਚ ਰਹਿਣਾ, ਹਮੇਸ਼ਾ ਕੰਮ ਲਈ ਤਿਆਰ ਰਹਿਣਾ
(ਚੜ੍ਹੇ ਘੋੜੇ ਸਵਾਰ), ਹਮੇਸ਼ਾ ਨਵਾਂ ਸਿੱਖਣ ਦੇ ਚਾਹਵਾਨ, ਸਮੇਂ ਨੂੰ ਬਹਿ ਕੇ ਗੁਜ਼ਾਰਨ
ਦੀ ਬਜਾਏ ਕੁਝ ਕਰਨ 'ਚ ਵਿਸ਼ਵਾਸ਼ ਰੱਖਣ ਵਾਲੇ ਇਹ ਆਗੂ ਨੇ ਬਰਨਾਲੇ ਕੋਲ ਟਰਾਈਜੈਂਟ
ਤੋਂ ਜ਼ਮੀਨ ਛੁਡਵਾਉ ਤੇ ਵਾਜਬ ਮੁੱਲ ਦਿਵਾਉਣ, ਬਿਜਲੀ ਬੋਰਡ ਦੇ ਪ੍ਰਾਈਵੇਟ ਕਰਨ ਦੇ ਵਿਰੁਧ
ਚੰਡੀਗੜ੍ਹ ਧਰਨੇ, ਰੈਲੀਆਂ, ਅੰਮ੍ਰਿਤਸਰ  ਵਿੱਚ ਭੂਮੀ-ਮਾਫੀਏ ਤੋਂ ਮੁਜ਼ਾਰੇ ਕਿਰਸਾਨਾਂ ਨੂੰ
ਜ਼ਮੀਨਾਂ ਦੇ ਹੱਕ ਦਿਵਾਉਣ, ਡੇਰਾਬੱਸੀ ਵਿੱਚ ਸ੍ਰੋਮਣੀ ਕਮੇਟੀ ਦੇ ਮਾਫੀਏ ਤੋਂ ਲੋਕਾਂ ਨੂੰ ਕਬਜ਼ੇ
ਦਿਵਾਉਣ ਵਿੱਚ ਆਪਣੀ ਜਥੇਬੰਦੀ ਨਾਲ ਬਹੁਤ ਵੱਡੀ ਭੂਮਿਕਾ  ਨਿਭਾਈ (ਜਦੋਂ ਤੋਂ ਮੈਂ ਜਾਣਦਾ ਹਾਂ)।

 ਅੰਮ੍ਰਿਤਸਰ ਵਿੱਚ ਕੋਈ ਵੀ ਕਿਸਾਨ ਜਥੇਬੰਦੀ ਨਹੀਂ ਸੀ, ਉਥੇ ਖਾਲਸਤਾਨੀ ਲਹਿਰ ਦੌਰਾਨ
ਪੁਲਿਸ ਵਲੋਂ ਕਤਲ ਕੀਤੇ ਗਏ ਹਜ਼ਾਰਾਂ ਬੇਕਸੂਰ ਨੌਜਵਾਨਾਂ ਦੇ ਕਰਕੇ ਪਿੰਡਾਂ ਵਿੱਚ ਪੁਲਿਸ ਦੀ
ਦਹਿਸ਼ਤ ਹਾਲੇ ਵੀ ਕਾਇਮ ਹੈ। ਬਾ-ਜੀ (ਸਾਧੂ ਸਿੰਘ ਤਖਤੂਪੁਰਾ) ਦੇ ਦੱਸਣ ਦੇ ਮੁਤਾਬਕ,
ਉਹ ਲੋਕਾਂ ਦੀ ਭੂਮੀ ਮਾਫੀਆ ਅਤੇ ਪੁਲਿਸ ਦੇ ਵਿਰੁਧ ਕੁਝ ਵੀ ਕਰਨ ਦੀ ਹਿੰਮਤ ਨਹੀਂ ਸੀ, ਭਾਵੇਂ
ਉਹ ਕਿਸਾਨ ਯੂਨੀਅਨੇ ਦੇ ਆਗੂਆਂ ਦੀ ਗੱਲਾਂ ਨਾਲ ਸਹਿਮਤ ਵੀ ਹੁੰਦੇ। ਪਿਛਲੇ ਕਈ
ਮਹੀਨਿਆਂ ਦੀ ਮਿਹਨਤ ਨਾਲ ਬਾਜੀ ਹੋਰਾਂ ਨੇ ਉਹਨਾਂ ਨੂੰ ਕਬਜ਼ੇ ਦੁਆਵੇ, ਕਾਗਜ਼ਾਂ 'ਚ ਜ਼ਮੀਨਾਂ
ਨਾਂ ਕਰਵਾਈਆਂ। ਪਿਛਲੇ ਦਿਨੀਂ ਪੁਲਿਸ ਹਿਰਾਸਤ (ਨਜ਼ਾਇਜ਼) ਵਿੱਚ ਕਿਸਾਨ ਦੀ ਮੌਤ
ਹੋ ਗਈ, ਉਹ ਵਾਸਤੇ ਥਾਣੇਦਾਰ ਨੂੰ ਸਸਪੈਂਡ ਕੀਤਾ ਹੋਇਆ ਸੀ। ਉਸ ਦੀ ਗ੍ਰਿਫਤਾਰੀ ਲਈ ੨੧
ਤਾਰੀਖ ਨੂੰ ਇੱਕਠ ਵਾਸਤੇ ਇਹ ਆਗੂ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਇੱਕਠਾ ਕਰ ਰਹੇ ਸਨ,
ਇਸ ਲੜੀ ਦੇ ਤਹਿਤ ਜਦੋਂ ਉਹ ਔਲਖ ਪਿੰਡ 'ਚ ਮੀਟਿੰਗ ਕਰਕੇ ਨਿਕਲੇ ਤਾਂ ਪਿੰਡ ਤੋਂ ਕੁਝ ਕੁ  ਦੂਰ
ਇੱਕ ਮੋਟਰਸਾਈਕਲ ਸਵਾਰ ਨੇ ਉਹਨਾਂ ਨੂੰ ਅੱਗੇ ਤੋਂ ਰੋਕ ਲਿਆ ਅਤੇ ਪਿੱਛੇ ਤੋਂ ਗੁੰਡਿਆਂ ਨੇ ਹਮਲਾ
ਕਰ ਦਿੱਤਾ,ਜਿਸ ਦਾ ਨਿਸ਼ਾਨ ਕਿਸਾਨ ਆਗੂ ਨੂੰ ਬਣਾਇਆ ਗਿਆ, ਦੱਸਣ ਦੇ ਮੁਤਾਬਕ
ਜਦੋਂ ਮਰਨ ਦੀ ਤਸੱਲੀ ਹੋ ਗਈ ਤਾਂ ਉਹ ਮਾਰਨੋਂ ਹਟੇ। ਇਹ ਸਾਰੇ ਮਾਮਲੇ ਵਿੱਚ ਉੱਥੋਂ
ਦੇ ਸੀਨੀਅਰ ਅਕਾਲੀ ਆਗੂ ਵੀਰ ਸਿੰਘ ਲੋਪੋਕੇ, ਥਾਣੇਦਾਰ ਰਛਪਾਲ ਸਿੰਘ ਬਾਬਾ
(ਲੋਪੋਕੇ ਦਾ ਰਿਸ਼ਤੇਦਾਰ), ਚੇਅਰਮੈਨ ਸਰਬਜੀਤ ਸਿੰਘ ਲੋਧੀਗੁਜਰ,  ਕੁਲਵਿੰਦਰ ਸਿੰਘ
ਵਿਰੁਧ ਧਾਰਾ 302, 307,324,323,148,149  ਅਤੇ 120B IPC ਦੇ ਤਹਿਤ ਕੇਸ
ਦਰਜ ਕੀਤਾ ਗਿਆ ਹੈ।

ਉਹਨਾਂ ਦੀ ਇਹ ਸ਼ਹਾਦਤ ਪੰਜਾਬ ਵਿੱਚ ਫੈਲੀ ਗੁੰਡਾਗਰਦੀ ਦਾ ਸਬੂਤ ਹੈ, ਜਿੱਥੇ ਰੈਲੀ
ਕਰਨ ਲਈ ਨਿਹੱਥੇ ਲੋਕਾਂ ਉੱਤੇ ਗੁੰਡੇ ਦਿਨ-ਦਿਹਾੜੇ ਹਮਲੇ ਕਰਨ ਤੋਂ ਝਿਜਕਦੇ ਨਹੀਂ,
ਉੱਥੇ ਹੀ ਸਿਆਸੀ ਲੀਡਰਾਂ ਵਲੋਂ ਲੋਕਾਂ ਨੂੰ ਲੁੱਟਣ ਅਤੇ ਕਤਲ ਕਰਨ ਤੱਕ
ਦੀਆਂ ਵਾਰਦਾਤਾਂ ਹੋ ਰਹੀਆਂ ਹਨ।

ਹੁਣ ਇਹ ਸਭ ਦੇ ਬਾਵਜੂਦ ਪੁਲਿਸ ਕੀ ਕਰਵਾਈ  ਕਰਦੀ ਹੈ ਅਤੇ ਉਹ ਜਥੇਬੰਦੀ
ਕੀ ਕਾਰਵਾਈ ਕਰਦੀ ਹੈ, ਕੀ ਉਹ ਪਿੱਛੇ ਹੱਟ ਜਾਣਗੇ? ਜਾਂ ੨੧ ਫਰਵਰੀ ਦਾ
ਘਿਰਾਓ ਹੋਵੇਗਾ, ਜਿਸ ਖਾਤਰ ਇਹ ਸ਼ਹਾਦਤ ਹੋਇਆ ਹੈ? ਕੀ ਅੰਮ੍ਰਿਤਸਰ
ਦੇ ਇਲਾਕੇ ਵਿੱਚ ਛੋਟੇ ਕਿਸਾਨਾਂ ਲਈ ਜਥੇਬੰਦੀ ਆਪਣਾ ਕੰਮ ਜਾਰੀ ਰੱਖ ਸਕੇਗੀ?
ਤੇ ਕੀ ਇਹ ਪੁਲਿਸ ਦਹਿਸ਼ਤ ਦੀ ਛਾਂ ਉੱਥੋਂ ਦੂਰ ਹੋ ਸਕੇਗੀ? ਇਹ ਸਭ ਗੱਲਾਂ
ਆਉਣ ਵਾਲੇ ਭਵਿੱਖ ਵਿੱਚ ਹਨ।

ਕੁਰਬਾਨੀ ਕਰਨ ਵਾਲੇ, ਆਪਣੇ ਕਹਿਣੀ ਤੇ ਕਰਨੀ ਦੇ ਪੂਰੇ, ਲੋਕਾਂ ਨੂੰ ਜ਼ਿੰਦਗੀ
ਸਮਰਪਿਤ ਕਰਨ ਵਾਲੇ, ਮੌਤ ਤੋਂ ਨਾ ਡਰਨ ਵਾਲੇ ਸੂਰਮੇ ਵਿਰਲੇ ਹੀ ਜੰਮਦੀਆਂ
ਨੇ ਮਾਵਾਂ ਅਤੇ ਮੈਨੂੰ ਇਹ ਮਾਣ ਰਹੇਗਾ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਉਹਨਾਂ
ਨੂੰ ਨੇੜਿਓ ਵੇਖਿਆ (ਅਤੇ ਦੁੱਖ ਵੀ ਸ਼ਾਇਦ ਕਿ ਇਹ ਸਮਾਂ ਬਹੁਤ ਹੀ ਥੋੜ੍ਹਾ ਰਿਹਾ)....
ਮੇਰੀ ਜ਼ਿੰਦਗੀ ਵਿੱਚੋਂ ਹੁਣ ਇੱਕ ਚਾਨਣ ਮੁਨਾਰਾ ਅਲੋਪ ਹੋ ਗਿਆ

ਬੜੇ ਦੁੱਖ ਅਤੇ ਤਕਲੀਫ਼ ਨਾਲ
ਆਲਮ...
ਅੰਗਰੇਜ਼ੀ ਅਖ਼ਬਾਰ ਦੀ ਖ਼ਬਰ

27 October, 2009

ਮੋਬਾਇਲ ਇਨਕਲਾਬ ਅਤੇ ਕੰਪਨੀਆਂ ਦੇ ਭੇੜ - ਚੰਗੇ ਸੁਧਾਰਾਂ ਦੀ ਉਮੀਦ...

ਜਦੋਂ ਤੋਂ ਮੋਬਾਇਲ ਚੱਲਿਆ ਹੈ ਤਾਂ ਇਸ ਨੇ ਆਮ ਬੰਦੇ ਦੀ ਦੁਨਿਆਂ
ਬਦਲ ਕੇ ਰੱਖ ਦਿੱਤੀ ਹੈ। ਭਾਰਤ ਵਿੱਚ ਇਸ ਦਾ ਅਸਰ ਐਨਾ ਹੋਇਆ
ਹੈ ਕਿ ਹੁਣ ਭਾਰਤ ਵਿੱਚ ਰਹਿੰਦੇ ਸੱਜਣ ਬੇਲੀ ਜਦੋਂ ਆਪਣੇ ਐਨ.ਆਰ.ਆਈ
ਮਿੱਤਰਾਂ ਨੂੰ ਕਹਿੰਦੇ ਸੁਣਦੇ ਹਨ ਕਿ ਉਹ ਤਾਂ ਲੈਂਡਲਾਈਨ ਵਰਤਦੇ ਹਨ,
ਤਾਂ ਹੱਸਦੇ ਹਨ (ਮੈਨੂੰ ਖੁਦ ਵੀ ਹੈਰਾਨੀ ਹੁੰਦੀ ਹੈ) ਕਿ ਤੁਸੀਂ ਲੈਂਡਲਾਈਨ
ਵਰਤਦੇ ਹੋ, ਭਾਰਤ ਵਿੱਚ ਸ਼ਾਇਦ ਹੀ ਕੋਈ ਹੋਵੇ, ਜੋ ਕਹੇ ਕਿ ਮੈਂ
ਲੈਂਡਲਾਈਨ ਵਰਤਦਾ ਹਾਂ, ਮੋਬਾਇਲ ਨਹੀਂ। ਮੋਬਾਇਲ ਇਨਕਲਾਬ
ਨੇ ਭਾਰਤ ਵਿੱਚ ਮੋਬਾਇਲ ਦਰਾਂ ਐਨੀਆਂ ਸਸਤੀਆਂ ਕੀਤੀਆਂ ਹਨ
ਕਿ ਲੈਂਡਲਾਈਨ ਦੀ ਵਰਤੋਂ ਕਰਨ ਦਾ ਕੋਈ ਕਾਰਨ ਨਹੀਂ ਰਹਿ ਜਾਂਦਾ ਹੈ।
ਇਹ ਸਭ ਸੰਭਵ ਹੋਇਆ ਹੈ ਕਿ ਕੰਪਨੀਆਂ ਦੇ ਆਪਸੀ ਮੁਕਾਬਲੇ ਕਾਰਨ,
ਜਿਸ ਨੂੰ ਟਰਾਈ (TRAI) ਨੇ ਸੰਭਵ ਕੀਤਾ, ਜੋ ਕਿ ਇਸੇ ਕੰਮ ਲਈ ਹੈ ਕਿ
ਚੰਗਾ ਮੁਕਾਬਲੇ ਰਹੇ ਅਤੇ ਗਾਹਕਾਂ ਨੂੰ ਵੱਧ ਤੋਂ ਵੱਧ ਫਾਇਦਾ ਹੋਵੇ।

ਮੈਂ ਪੁਰਾਣੇ ਹੋਏ ਸੁਧਾਰਾਂ (ਜੋ ਇਹ ਭੇੜ ਤੋਂ ਪੈਦਾ ਹੋਏ) ਬਾਰੇ ਤਾਂ ਪੂਰੀ
ਜਾਣਕਾਰੀ ਨਹੀਂ ਰੱਖਦਾ ਹਾਂ, ਪਰ ਹੁਣੇ ਹੁਣੇ ਅਸਰ ਬਾਰੇ ਜ਼ਰੂਰ
ਜਾਣਕਾਰੀ ਦੇਣੀ ਚਾਹੁੰਦਾ ਹਾਂ। ਆਖਰ ਟਾਟਾ ਨੂੰ ਜੀ.ਐਸ.ਐਮ (GSM)
ਲਈ ਲਾਈਸੈਂਸ ਮਿਲਿਆ ਅਤੇ ਉਹਨਾਂ ਨੇ ਟਾਟਾ ਡੋਕੋਮੋ ਸਰਵਿਸ
ਸ਼ੁਰੂ ਕੀਤੀ, ਜਿਸ ਵਿੱਚ ਕਾਲ ਰੇਟ 1 ਸਕਿੰਟ ਲਈ 1 ਪੈਸਾ ਹੈ
(ਐਸਟੀਡੀ (STD)) ਲਈ ਵੀ। ਇਸ ਨਾਲ ਇਹ ਸੌਖਾ ਹੋਇਆ
ਕਿ ਜੇ ਮੇਰੀ ਕਾਲ 11 ਸਕਿੰਟ ਦੀ ਹੈ ਤਾਂ 11 ਪੈਸੇ ਲੱਗਣਗੇ, ਜੇ
45 ਸਕਿੰਟ ਦੀ ਹੈ ਤਾਂ 45 ਪੈਸੇ (45 ਸਕਿੰਟਾਂ ਦੇ) । ਇਹ ਬਹੁਤ ਵੀ ਵਧੀਆ
ਵਿਚਾਰ ਅਤੇ ਸੁਧਾਰ ਹੈ, ਜਿਸ ਨੇ ਹੋਰ ਵੱਡੀਆਂ ਕੰਪਨੀਆਂ,
ਜਿਵੇਂ ਕਿ ਏਅਰਟੈੱਲ, ਰਿਲਾਇੰਸ ਅਤੇ ਵੋਡਾਫੋਨ ਨੂੰ ਸੋਚਣ ਲਈ
ਮਜਬੂਰ ਕਰ ਦਿੱਤਾ ਹੈ, ਜੋ ਕਿ ਹੁਣ ਤੱਕ ਧੱਕੇ ਨਾਲ ਪੈਸੇ ਵਸੂਲਦੀਆਂ
ਸਨ, ਭਾਵੇਂ ਮੇਰੀ ਗੱਲ 1 ਸਕਿੰਟ ਦੀ, ਜਾਂ 11 ਸਕਿੰਟ ਦੀ 59 ਸਕਿੰਟ,
ਪੈਸੇ ਪੂਰੇ ਮਿੰਟ ਦੇ ਪੈਂਦੇ ਸਨ। ਇਹ ਆਖਰ ਸੀ ਤਾਂ ਸਿੱਧਾ ਸਿੱਧਾ
ਧੱਕਾ ਹੀ ਸੀ, ਕਿ ਜਿਹਨਾਂ ਸਕਿੰਟਾਂ ਲਈ ਮੈਂ ਗੱਲ ਕੀਤੀ ਹੀ ਨਹੀਂ, ਉਸ
ਲਈ ਵੀ ਪੈਸੇ ਦਿਓ। ਮੈਨੂੰ ਵਰਤੋਂ ਵਿੱਚ ਨੈੱਟਵਰਕ ਤਾਂ ਟਾਟਾ ਡੋਕੋਮੋ
ਦਾ ਪਸੰਦ ਨਹੀਂ ਆਇਆ (ਕਿਉਂਕਿ ਏਅਰਟੈੱਲ ਦਾ ਬਹੁਤ ਵਧੀਆ ਹੈ),
ਅਤੇ ਭਾਵੇਂ ਕਿ ਮੇਰਾ ਬਿੱਲ ਵੀ ਪਹਿਲਾਂ ਜਿੰਨਾ ਹੀ ਰਹੇ, ਪਰ ਇੱਕ ਤਸੱਲੀ
ਮੈਨੂੰ ਜ਼ਰੂਰ ਰਹੇਗੀ ਕਿ ਮੈਂ ਉਸ ਸਕਿੰਟ ਲਈ ਪੈਸੇ ਦਿੱਤੇ, ਜਿਸ ਲਈ
ਗੱਲ ਕੀਤੀ।
ਪਤਾ ਨਹੀਂ ਕਿ ਵੱਡੀਆਂ ਕੰਪਨੀਆਂ ਉੱਤੇ ਇਸ ਦਾ ਅਸਰ ਪਵੇਗਾ ਕਿ ਨਹੀਂ,
ਪਰ ਐਨਾ ਜ਼ਰੂਰ ਹੈ ਕਿ ਇਸ ਮੁਕਾਬਲੇ ਦੀ ਵਜ੍ਹਾ ਨਾਲ ਟਰਾਈ ਅਤੇ
ਆਮ ਗਾਹਕਾਂ ਸੋਚਣ ਜ਼ਰੂਰ ਲੱਗੇ ਹਨ। ਜੇ ਦੂਜਿਆਂ ਕੰਪਨੀਆਂ
ਨੇ ਗਾਹਕਾਂ ਪ੍ਰਤੀ ਆਪਣੀ ਬੇਰੁਖੀ ਜਾਰੀ ਰੱਖੀ ਅਤੇ ਇਹ ਸੁਧਾਰ ਨਾ ਕੀਤਾ
ਤਾਂ ਸੰਭਵਾਨਾ ਹੈ ਕਿ ਛੇਤੀ ਹੀ ਹੇਠਲਾ ਉੱਤੇ ਅਤੇ ਉਤਲਾ ਹੇਠਾਂ ਹੋ ਜਾਵੇ।
ਮੈਂ ਤਾਂ ਬਦਲ ਦਿੱਤਾ ਹੈ ਨੰਬਰ ਏਅਰਟੈੱਲ ਤੋਂ ਡੋਕੋਮੋ, ਤੁਸੀਂ ਕਦੋਂ
ਬਦਲ ਰਹੇ ਹੋ?

09 October, 2009

ਨਿਊਕਲੀਅਰ ਬੈਟਰੀਆਂ - ਸਾਡੇ ਭਵਿੱਖ ਦੇ ਊਰਜਾ ਸਰੋਤ

ਮਿੰਨੀ 'ਨਿਊਕਲੀਅਰ ਬੈਟਰੀਆਂ'

ਬੈਟਰੀਆਂ ਬਾਰੇ ਤਾਂ ਤੁਸੀਂ ਜਾਣਦੇ ਹੋ ਹੀ ਹੋਵੋਗੇ,
ਜਿਸ ਵਿੱਚ ਲੈੱਡ ਬੈਟਰੀਆਂ, ਫਿਊਲ ਸੈੱਲ, ਅਤੇ
ਆਮ ਘਰਾਂ ਵਿੱਚ ਉਪਲੱਬਧ ਸੈੱਲ, ਪਰ ਹੁਣ ਛੇਤੀ ਹੀ
ਤੁਹਾਨੂੰ ਆਪਣੇ ਘਰਾਂ ਵਿੱਚ ਵਰਤਣ ਲਈ
ਨਿਊਕਲੀਅਰ ਬੈਟਰੀਆਂ ਮਿਲ ਸਕਦੀਆਂ ਹਨ,
ਅਜਿਹਾ ਹੀ ਕੁਝ ਦਾਅਵਾ ਕਰ ਰਹੇ ਹਨ ਮਿਸੁਰੀ (Missouri)
ਯੂਨੀਵਰਸਿਟੀ ਦੇ ਖੋਜੀ।
ਰੇਡਿਓ ਐਕਟਿਵ ਹੋਣ ਕਰਕੇ ਇਹ ਤੱਤ ਚਾਰਜ ਹੋਈਆਂ
ਤਰੰਗਾਂ (ਜਾਂ ਪਾਰਟੀਕਲ) ਛੱਡਦੇ ਰਹਿੰਦੇ ਹਨ,
ਜਿਸ ਨਾਲ ਬਿਜਲਈ ਕਰੰਟ ਪੈਦਾ ਕੀਤਾ ਜਾ ਸਕਦਾ ਹੈ।
ਇਹ ਨਿਊਕਲੀਅਰ ਬੈਟਰੀਆਂ ਫੌਜੀ ਅਤੇ ਪੁਲਾੜ
ਖੇਤਰਾਂ ਵਿੱਚ ਪਹਿਲਾਂ ਹੀ ਵਰਤੀਆਂ ਜਾਂਦੀਆਂ ਹਨ, ਪਰ
ਘਰਾਂ ਵਿੱਚ ਵਰਤੋਂ ਹਾਲੇ ਦੂਰ ਦੀ ਗੱਲ ਹੈ।
ਅਸਲ ਵਿੱਚ ਇਹ ਬੈਟਰੀਆਂ ਨੂੰ ਵਰਤਣ ਵਾਲੇ ਜੰਤਰਾਂ
ਨੂੰ ਬਣਾਉਣਾ ਹੀ ਖੋਜ ਦਾ ਵਿਸ਼ਾ ਹੈ।
ਨਿਊਕਲੀਅਰ ਬੈਟਰੀਆਂ ਨਾਲ ਸੈਂਕੜੇ ਸਾਲਾਂ ਤੱਕ ਊਰਜਾ
ਦੇ ਸਕਦੀਆਂ ਹਨ। ਇਸੇਕਰਕੇ ਪੁਲਾੜ ਵਿੱਚ ਭੇਜੇ ਜਹਾਜਾਂ
ਵਿੱਚ ਇਹ ਵਰਤੀਆਂ ਜਾਂਦੀਆਂ ਹਨ, ਪਰ ਧਰਤੀ ਉੱਤੇ
ਇਹਨਾਂ ਦੀ ਵਰਤੋਂ ਸੀਮਿਤ ਹੀ ਹੈ ਹਾਲੇ।
ਬਹੁਤੀਆਂ ਨਿਊਕਲੀਅਰ ਬੈਟਰੀਆਂ ਵਿੱਚ ਠੋਸ ਸੈਮੀਕੰਡਕਟਰ
ਵਰਤੇ ਜਾਂਦੇ ਹਨ, ਜਿਸ ਨਾਲ ਪਾਰਟੀਕਲ ਪੈਦਾ ਕੀਤੇ ਜਾਂਦੇ ਹਨ।
ਸਮਾਂ ਲੰਘਣ ਨਾਲ ਇਹ ਤਾਕਤਵਰ ਪਾਰਟੀਕਲ ਸੈਮੀਕੰਡਕਟਰ
ਨੂੰ ਖਰਾਬ ਕਰ ਦਿੰਦੇ ਹਨ।
ਹੁਣ ਜਿੰਨਾ ਚਿਰ ਉਹ ਤੱਤ ਦਾ ਆਈਸੋਟੋਪ ਰੇਡੀਓਐਕਟਿਵ ਰਹੇਗਾ,
ਉਨਾਂ ਚਿਰ ਸੈਮੀਕੰਡਕਟਰ ਨੂੰ ਰੱਖਣ ਲਈ ਇਸ ਨੂੰ ਵੱਡੇ ਆਕਾਰ ਦਾ
ਬਣਾਉਣ ਦੀ ਲੋੜ ਰਹਿੰਦੀ ਹੈ।
ਹੁਣ ਯੂਨੀਵਰਸਿਟੀ ਦੀ ਟੀਮ ਨੇ ਤਰਲ ਸੈਮੀਕੰਡਕਟਰ ਦੀ ਵਰਤੋਂ
ਕਰਕੇ ਪਾਰਟੀਕਲ ਨੂੰ ਲੰਘਾਉਣ 'ਚ ਸਫ਼ਲਤਾ ਪਾ ਲਈ ਹੈ। ਹਾਲਾਂਕਿ
ਨਿਊਕਲੀਅਰ ਬੈਟਰੀਆਂ ਵਿੱਚ ਰੇਡੀਓ ਐਕਟਿਵ ਤੱਤ ਹੋਣ ਕਾਰਨ
ਖਤਰਨਾਕ ਹਨ, ਪਰ ਆਮ ਹਾਲਤਾਂ ਵਿੱਚ ਵਰਤਣ ਲਈ ਇਹ
ਜੰਤਰ ਸੁਰੱਖਿਅਤ ਹਨ।
"ਲੋਕ ਜਦੋਂ ਵੀ 'ਨਿਊਕਲੀਅਰ' ਸ਼ਬਦ ਸੁਣਦੇ ਹਨ ਤਾਂ ਬਹੁਤ
ਹੀ ਖਤਰਨਾਕ ਚੀਜ਼ ਬਾਰੇ ਸੋਚਦੇ ਹਨ" ਡਾ. ਜੋ ਕਹਿੰਦੇ ਹਨ
"ਪਰ, ਨਿਊਕਲੀਅਰ ਊਰਜਾ ਸਰੋਤ ਹੁਣ ਬਹੁਤ ਸਾਰੇ ਜੰਤਰਾਂ
ਨੂੰ ਸੁਰੱਖਿਅਤ ਢੰਗ ਨਾਲ ਊਰਜਾ ਦੇ ਰਹੇ ਹਨ, ਜਿਵੇਂ ਕਿ ਪੇਸਮੇਕਰ,
ਪੁਲਾੜ ਉਪਗ੍ਰਹਿ ਅਤੇ ਪਾਣੀ ਹੇਠਲੇ ਸਿਸਟਮ"

ਪੂਰੀ ਖ਼ਬਰ ਅੰਗਰੇਜ਼ੀ ਵਿੱਚ ਪੜ੍ਹਨ ਲਈ ਵੇਖੋ

08 October, 2009

ਮੋਗਾ - ਫਾਇਬਰ ਓਪਟੈਕਸ ਖੋਜੀ ਦਾ ਘਰ


ਦੁਨਿਆਂ ਵਿੱਚ ਅੱਜ ਜੋ ਵੀ ਇੰਟਰਨੈੱਟ ਅਤੇ ਤੇਜ਼ ਗਤੀ ਨੈੱਟਵਰਕ ਦੀ
ਜਾਨ ਹੈ, ਉਹ ਹੈ ਫਾਇਬਰ ਓਪਟੈਕਸ(Fiber Optics),
ਰੇਸ਼ਿਆਂ 'ਚ ਰੋਸ਼ਨੀ, ਰੇਸ਼ਿਆਂ ਦੀ ਰੋਸ਼ਨੀ ਦਾ ਵਿਗਿਆਨ।
ਤਕਨੀਕੀ ਗਿਆਨ ਰੱਖਣ ਵਾਲੇ ਜਾਣਦੇ ਹੀ ਹੋਣਗੇ ਕਿ ਇਹ ਕੀ
ਚੀਜ਼ ਹੈ, ਮੁੱਢਲੀ ਗੱਲ ਹੈ ਅੱਜ ਦੇ ਸਾਰੇ ਨਹੀਂ ਤਾਂ ਬਹੁਤੇ ਸੰਚਾਰ
ਸਾਧਨਾਂ ਦਾ ਆਧਾਰ ਹੀ ਫਾਇਬਰ ਓਪਟੈਕਸ ਹੈ, ਬਾਕੀ ਰਹਿੰਦੇ
ਸੰਚਾਰ ਦਾ ਇਹ ਬਣ ਜਾਵੇਗਾ।
ਇਹ ਤਾਂ ਹੋਈ ਪ੍ਰੀਭਾਸ਼ਾ ਹੋਈ ਉਹ ਸ਼ਬਦ ਦੀ, ਹੁਣ ਗੱਲ
ਉਹ ਬੰਦੇ ਦੀ, ਜਿਸ ਨੇ ਇਹ ਸ਼ਬਦ ਦਿੱਤਾ, ਉਹ ਹੈ
ਨਰਿੰਦਰ ਸਿੰਘ (Narinder Singh Kapany), ਇੱਕ ਪੰਜਾਬੀ,
ਸਰਦਾਰ, ਜੋ ਕਿ ਮੋਗੇ ਦਾ ਹੈ, ਜਿਸ ਬਾਰੇ ਜਾਣਕਾਰੀ 1999 ਦੇ
ਫੋਰਟਿਊਨ ਮੈਗਜ਼ੀਨ ਨੇ "20 ਸਦੀ ਦੇ ਅਣਗੌਲੇ ਹੀਰੋ" ਵਿੱਚ ਛਪੀ,
ਉਹ 7 ਉਹਨਾਂ ਬੰਦਿਆਂ ਵਿੱਚੋਂ ਸਨ






ਹੁਣ ਦੀ ਤਸਵੀਰ








1959 'ਚ ਲੈਬ ਵਿੱਚ ਕਂਮ ਕਰਦਿਆਂ ਹੋਇਆ ਦੀ ਤਸਵੀਰ










ਆਪਣੀ ਪੜ੍ਹਾਈ ਦੇਹਰਾਦੂਨ ਕਰਨ ਦੇ ਉਪਰੰਤ ਉਹ ਇੰਗਲੈਂਡ ਵਿੱਚ ਖੋਜਾਂ ਕਰਦੇ ਰਹੇ ਅਤੇ ਅਮਰੀਕਾ ਵਿੱਚ ਆਪਣੀਆਂ ਖੋਜਾਂ ਦਾ ਕੰਮ ਜਾਰੀ ਰੱਖਿਆ
1960 ਵਿੱਚ ਉਹਨਾਂ ਦੇ ਅਮਰੀਕੀ ਮੈਗਜ਼ੀਨ ਵਿੱਚ ਪਹਿਲੀ ਵਾਰ ਇਹ ਲਫ਼ਜ਼ (ਫਾਇਬਰ ਓਪਟੈਕਸ)
ਵਰਤਿਆ। ਸ਼ਾਇਦ ਉਹਨਾਂ ਦੀ ਖੋਜ ਦਾ ਮਕਸਦ ਸਰੀਰ ਦੇ ਅੰਦਰ ਦੇਖਣ ਲਈ
ਸਿਸਟਮ ਤਿਆਰ ਕਰਨਾ ਸੀ, ਪਰ ਉਹਨਾਂ ਦੀ ਖੋਜ ਨੂੰ ਮਗਰੋਂ ਕਿਸ ਤਰ੍ਹਾਂ ਵਰਤਿਆ
ਗਿਆ ਅਤੇ ਉਹ ਲੋਕ ਨੋਬਲ ਇਨਾਮ ਜੇਤੂ ਬਣਿਆ, ਜਿਹਨਾਂ ਇਸ ਨੂੰ ਖੋਜ
ਅਧਾਰ ਵਜੋਂ ਵਰਤਿਆ। ਇਸ ਤਰ੍ਹਾਂ ਉਹ ਅਣਗੌਲੇ ਵਿਅਕਤੀ ਵਜੋਂ ਰਹੇ, ਜਿੰਨ੍ਹਾਂ
ਨੇ 20ਵੀ ਸਦੀ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਪਿਆ।

ਖ਼ੈਰ ਮੇਰੇ ਵਲੋਂ ਇਹ ਬੰਦੇ ਦੀ ਮੇਹਨਤ ਅਤੇ ਲਗਨ ਅਤੇ ਉਹ ਇਰਾਦੇ ਨੂੰ ਸਲਾਮ,
ਜਿਸ ਨਾਲ ਉਹ ਅੱਜ ਤੱਕ ਅਣਗੌਲੇ ਰਹਿਣ ਉੱਤੇ ਕੋਈ ਮਲਾਲ ਨਹੀਂ ਕਰਦੇ।

ਹੋਰ ਜਾਣਕਾਰੀ ਲਈ ਵੇਖੋ
ਇੰਟਰਵਿਊ

18 September, 2009

ਬਿਜਲੀ ਬੋਰਡ ਨੂੰ ਮਿਲੀ 3 ਮਹੀਨੇ ਦੀ ਛੋਟ

ਆਖਰ ਕਿਸਾਨ ਮਜ਼ਦੂਰ ਸੰਘਰਸ਼ ਦੇ ਸਿੱਟੇ ਵਜੋਂ ਸੈਂਟਰ ਸਰਕਾਰ
ਅਤੇ ਸੂਬਾ ਸਰਕਾਰ ਦੇ ਕੰਨਾਂ ਉੱਤੇ ਜੂੰ ਸਰਕੀ ਅਤੇ ਉਹਨਾਂ ਨੂੰ
ਬਿਜਲੀ ਬੋਰਡ ਦੇ ਤੋੜਨ ਦੀ ਯੋਜਨਾ ੩ ਮਹੀਨੇ ਲਈ ਟਾਲਣੀ
ਪੈ ਗਈ ਹੈ। ਇਸ ਵਿੱਚ ਵੀ ਉਹ ਹੋਏ ਸ਼ਹੀਦਾਂ ਦਾ ਯੋਗਦਾਨ ਸਭ
ਮਹੱਤਵਪੂਰਨ ਰਿਹਾ, ਜਿਸ ਨਾਲ ਸਰਕਾਰਾਂ ਨੂੰ ਆਪਣੇ ਕੀਤੇ
ਅਤਿਆਚਾਰ ਤੋਂ ਮੂੰਹ ਲਕੋਣ ਲਈ ਥਾਂ ਨਹੀਂ ਮਿਲੀ ਅਤੇ ਅੰਤ
ਇਹ ਸੰਘਰਸ਼ ਨੂੰ ਹੋਰ ਤਿੱਖਾ ਹੋਣ ਤੋਂ ਰੋਕਣ ਦਾ ਇਹੀ
ਢੰਗ ਬਚਿਆ ਸੀ ਸਰਕਾਰ ਕੋਲ। ਜੇ ਇਹ ਨਾ ਕਰਦੀ ਤਾਂ
ਜੱਥੇਬੰਦੀਆਂ ਦੇ ਅਗਲੇ ਉਲੀਕੇ ਪਰੋਗਰਾਮਾਂ ਮੁਤਾਬਕ ਇਸ ਨੂੰ
ਠੱਲ੍ਹ ਪਾਉਣੀ ਔਖੀ ਹੋ ਜਾਣੀ ਸੀ। ਖ਼ੈਰ ਇੱਕ ਵਾਰ
ਸੰਘਰਸ਼ ਟਲ ਗਿਆ, ਪਰ ਉਮੀਦ ਹੈ ਕਿ ਤਿੰਨ ਮਹੀਨਿਆਂ ਬਾਅਦ
ਸਰਕਾਰ ਆਪਣਾ ਰੁੱਖ ਨਹੀਂ ਬਦਲੇਗੀ ਅਤੇ ਕਿਸਾਨ-ਮਜ਼ਦੂਰ
ਯੂਨੀਅਨਾਂ ਵੀ ਆਪਣੇ ਸੰਘਰਸ਼ ਲਈ ਤਿਆਰ ਰਹਿਣਗੀਆਂ

ਮੈਂ ਬਾਗ਼ੀ ਤਬੀਅਤਾਂ ਦਾ ਮਾਲਕ, ਤੇਰੀ ਸੋਚ ਸਰਕਾਰੀ ਏ...

10 July, 2009

ਸਮਲਿੰਗੀ ਆਜ਼ਾਦੀ – ਕਿਹੋ ਜਿਹਾ ਭਵਿੱਖ

 

ਪਿਛਲੇ ਹਫ਼ਤੇ ਆਏ ਸਮਲਿੰਗੀ ਸਬੰਧੀ ਦਿੱਲੀ ਹਾਈ ਕੋਰਟ ਦੇ ਫੈਸਲੇ

ਨੇ ਜਿੱਥੇ ਸਮਲਿੰਗੀ ਸਬੰਧ ਰੱਖਣ ਵਾਲਿਆਂ ਦੇ ਚਿਹਰਿਆਂ ਉੱਤੇ ਰੌਣਕਾਂ

ਲਿਆ ਦਿੱਤੀਆਂ ਹਨ, ਉੱਥੇ ਸਭ ਧਰਮ ਦੇ ਠੇਕੇਦਾਰਾਂ (ਜਾਂ ਕਹੋ

ਪਰਧਾਨਾਂ) ਦੇ ਮੱਥਿਆਂ ਉੱਤੇ ਤਿਊੜੀਆਂ ਲਿਆ ਦਿੱਤੀਆਂ ਹਨ।

ਇਹ ਫੈਸਲੇ ਮੁਤਾਬਕ ਅੰਗਰੇਜ਼ੀ ਹਕੂਮਤ ਦਾ ਸਮਲਿੰਗੀ

ਸਬੰਧ ਸਬੰਧੀ ਕਾਨੂੰਨ ਮੁੱਢਲੇ ਅਧਿਕਾਰ (ਨਿੱਜੀ ਆਜ਼ਾਦੀ)

ਦਾ ਵਿਰੋਧੀ ਹੈ ਅਤੇ ਉਹ ਇਸਕਰਕੇ ਲਾਗੂ ਨਹੀਂ ਰਹਿ ਸਕਦਾ ਹੈ।

ਇਹ ਫੈਸਲਾ ਕਰਨਾ ਬਹੁਤ ਔਖਾ ਸੀ ਅਤੇ ਇਸ ਦਾ ਨਤੀਜਾ ਵੀ

ਉਮੀਦ ਮੁਤਾਬਕ ਠੀਕ ਸੀ, ਕੋਰਟ ਇਹ ਫੈਸਲਾ ਨਹੀਂ ਕਰਦੀ,

ਉਸ ਦੇ ਸਾਹਮਣੇ ਦੋ ਕਾਨੂੰਨ ਸਨ ਅਤੇ ਦੋਵੇਂ ਉਹ ਵਰਤਦੀ ਰਹੀ ਹੈ,

ਅਤੇ ਦੋਵੇਂ ਆਪਣੇ ਆਪਣੇ ਥਾਂ ਠੀਕ ਸਨ, ਪਰ ਫੈਸਲਾ ਤਾਂ ਇਹ

ਕਰਨਾ ਸੀ ਕਿ ਕਿਹੜਾ “ਵੱਧ” ਠੀਕ ਹੈ, ਸੋ ਵੀ ਫੈਸਲਾ ਆਇਆ

ਇਸ ਸਭ ਸਮਝ ਸਕਦੇ ਹਨ ਕਿ ਠੀਕ ਕਿਓ ਹੈ।

  ਖ਼ੈਰ ਫੈਸਲਾ ਆ ਗਿਆ, ਉਸ ਦੀ ਨਿੰਦਿਆ ਕਰਨ ਲਈ

ਜਿਵੇਂ ਸਭ ਧਰਮਾਂ ਦੇ ਲੋਕਾਂ (ਜਾਂ ਮੁਖੀ) ਆਪਸ ਵਿੱਚ ਸਿਰ ਜੋੜ ਕੇ

ਬੈਠੇ ਹਨ ਅਤੇ ਆਪਸ ਵਿੱਚ ਇੱਕ ਦੂਜੇ ਨੂੰ ਸਾਥ ਲੈਣ ਦੇਣ ਦੀ ਗੱਲ ਕਰ

ਰਹੇ ਹਨ, ਜੇ ਕਿਤੇ ਦੇਸ਼ ਲਈ ਵੀ ਰਲ ਕੇ ਬੈਠਣ ਤਾਂ ਦੇਸ਼ ਦਾ ਮੂੰਹ

ਮੱਥਾ ਹੀ ਹੋਰ ਹੋਵੇ। ਇਸ ਮੁੱਦੇ ਨੂੰ ਲੈ ਕੇ ਇਹਨਾਂ ਦੀ ਗੰਭੀਰਤਾ

ਬੇਸ਼ੱਕ ਜ਼ਾਇਜ ਹੈ, ਪਰ ਉਹਨਾਂ ਨੂੰ ਇਹ ਦੱਸਣਾ ਪਵੇਗਾ ਦੇਸ਼ ਦੇ

ਕਾਨੂੰਨ ਮੁਤਾਬਕ ਮਿਲਣ ਵਾਲੀ ਆਜ਼ਾਦੀ ਨੂੰ ਉਹ ਕਿਸੇ ਤੋਂ ਕਿਸ

ਹੱਕ ਨਾਲ ਖੋਹ ਸਕਦੇ ਹਨ।

ਆਉਣ ਵਾਲੇ ਸਮੇਂ ਵਿੱਚ ਸਮਲਿੰਗੀ ਭਾਰਤ ਵਿੱਚ ਵੀ ਖੁੱਲ੍ਹ ਕੇ ਵਿਚਰ

ਸਕਣਗੇ, ਅਤੇ ਜਿਵੇਂ ਪਰਦਰਸ਼ਨ ਅਤੇ ਰੈਲੀਆਂ ਅਮਰੀਕਾ ਅਤੇ ਹੋਰ

ਮੁਲਕਾਂ ਵਿੱਚ ਹੁੰਦੀਆਂ ਹਨ, ਉਹ ਵੀ ਵੇਖਣ ਨੂੰ ਮਿਲਣਗੀਆਂ।

ਭਾਵੇਂ ਕਿ ਕੁਦਰਤ ਦੇ ਕਾਨੂੰਨ ਵਿੱਚ ਇਹ ਮਨੁੱਖੀ ਫੈਸਲਾ ਜਾਇਜ਼

ਤਾਂ ਨਹੀਂ ਠਹਿਰਾ ਸਕਦੇ, ਪਰ ਸੋਚਣ ਵਾਲੀ ਗੱਲ਼ ਇਹ ਕਿ ਹੁਣ

ਤੱਕ ਮਨੁੱਖ ਕਿੰਨੇ ਕੁ ਫੈਸਲੇ ਕੁਦਰਤ ਦੇ ਮੰਨਦਾ ਆਇਆ ਹੈ, ਕੀ

ਧਰਮ ਬਣਾਉਣਾ ਕੁਦਰਤ ਦਾ ਨਿਯਮ ਹੈ, ਕੀ ਮਾੜੇ ਨੂੰ ਬਚਾਉਣਾ

ਕੁਦਰਤ ਦਾ ਕਾਨੂੰਨ ਹੈ, ਕੀ ਕੱਪੜੇ ਪਾਉਣ ਕੁਦਰਤ ਦਾ ਕਾਨੂੰਨ ਹੈ,

ਸ਼ਾਇਦ ਇਹ ਨਹੀਂ ਤਾਂ ਫੇਰ ਮਨੁੱਖ ਹੁਣ ਵੀ ਕੁਦਰਤ ਨੂੰ ਮੰਨਣ

ਵਾਲਾ ਗੁਲਾਮ ਨਹੀਂ ਹੈ। ਮੈਂ ਨਿੱਜੀ ਤੌਰ ਉੱਤੇ ਇਸ ਨਾਲ ਸਹਿਮਤ

ਭਾਵੇਂ ਨਾ ਹੋਵਾਂ, ਪਰ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਨਹੀਂ ਕੀਤਾ

ਜਾ ਸਕਦਾ ਕਿ ਅਸਲ ਵਿੱਚ ਸਮਲਿੰਗੀ ਸਬੰਧ ਰੱਖਣ ਵਾਲੇ ਬਹੁਤ

ਲੋਕ ਸਮਾਜ ਵਿੱਚ ਮਿਲ ਜਾਣਗੇ। ਚੰਡੀਗੜ੍ ‘ਚ ਖ਼ਬਰ ਮੁਤਾਬਕ

ਕਰੀਬ 1200 ਅਜਿਹ ਜੇੜੋ ਹਨ, ਜਿਸ ਵਿੱਚ ਮੁਹਾਲੀ ਅਤੇ

ਪੰਚਕੂਲਾ ਦੇ ਜੋੜੇ ਅੱਤ ਹਨ।

ਮੈਨੂੰ ਸਭ ਤੋਂ ਦੁੱਖ ਇਸ ਗੱਲ਼ ਦਾ ਹੋਵੇਗਾ ਕਿ ਭਲਕੇ ਮੈਂ

ਆਪਣੇ ਦੋਸਤ ਨਾਲ ਵੀ ਤੁਰ ਫਿਰ ਨਹੀਂ ਸਕਦਾ ਹਾਂ, ਜਿਵੇਂ

ਕਿ ਬਾਹਰਲੇ ਮੁਲਕਾਂ ਵਿੱਚ ਹੈ, ਜਿਵੇਂ ਹੁਣ ਯਾਰ-ਯਾਰਾਂ ਨਾਲ

ਕਿਰਾਏ ਉੱਤੇ ਰਹਿੰਦੇ ਹਨ, ਉੱਥੇ ਆਉਣ ਵਾਲੇ ਸਮੇਂ ਵਿੱਚ

ਇਸ ਨੂੰ ਗਲਤ ਨਜ਼ਰ ਨਾਲ ਵੇਖਣਗੇ, ਜਿਵੇਂ ਕਿ ਹੁਣ

ਲਿਵ ਐਂਡ ਰੀਲੇਸ਼ਨ ਨੂੰ ਵੇਖਦੇ ਹਨ।

ਪੰਜਾਬੀਆਂ ਨੂੰ ਤਾਂ ਇਹ ਸਭ ਤੋਂ ਵੱਧ ਔਖਾ ਲੱਗੇਗਾ ਹੀ

ਜੋ “ਯਾਰ ਹੁੰਦੇ ਵਾਂਗ ਭਰਾਵਾਂ ਦੇ” ਨੂੰ ਗਾਉਂਦੇ ਨਹੀਂ ਥੱਕਦੇ,

ਭਲਕੇ ਉਹ ਸ਼ਰਮ ਮਹਿਸੂਸ ਕਰਨਗੇ ਦੱਸ ਲੱਗਿਆ

ਕਿ ਮੈਂ ਆਪਣੇ ਯਾਰ ਨਾਲ ਰਹਿੰਦਾ ਕਿ ਖ਼ਬਰੇ ਕੋਈ

ਉਹ “ਯਾਰ” ਨਾ ਸਮਝ ਲਵੇ।

ਇਹ ਤਬਦੀਲੀ ਤਾਂ ਹੋਣੀ ਹੀ ਹੈ, ਇਹ ਦਾ ਕੋਈ ਬਦਲ

ਨਹੀਂ, ਇਹ ਤਾਂ ਪੂਣੇ ਵਰਗੇ ਸ਼ਹਿਰ ‘ਚ ਜਾਰੀ ਹੈ ਅਤੇ

ਸਭ ਨੂੰ ਪੰਜਾਬ ‘ਚ ਵੀ ਵੇਖਣ ਨੂੰ ਵੀ ਮਿਲੇਗੀ, ਪਰ

ਅੱਜ ਮੈਨੂੰ ਆਪਣੇ ਆਪ ਨੂੰ ਸਮਝਾਉਣ ਲਈ ਬਹੁਤ ਔਖਾ

ਲੱਗ ਰਿਹਾ ਹੈ ਅਤੇ ਅਗਲੀ ਪੀੜ੍ਹੀ ਬਾਰੇ ਸੋਚਣਾ ਵੀ ਕਿ

ਜਦੋਂ ਮੈਂ ਕਿਹਾ ਕਰਾਂਗਾ ਕਿ “ਸਾਡੀ ਬਾਈ 25 ਸਾਲ

ਯਾਰੀ ਰਹੀ ਤਾਂ” ਤਾਂ ਸ਼ਾਇਦ ਉਹ ਇਸ ਨੂੰ ਚੰਗਾ ਨਾ

ਸਮਝਿਆ ਕਰਨ…

30 June, 2009

ਸ਼ੇਰ - ਏ - ਪੰਜਾਬ ਦੀ ਬਰਸੀ ਲੰਘ ਗਈ

ਕੱਲ੍ਹ ਦਾ ਦਿਨ ਲੰਘ ਗਿਆ, 29 ਜੂਨ ਲੰਘ ਗਈ, ਮੈਨੂੰ ਇੰਟਰਨੈੱਟ ਉੱਤੇ
ਕੋਈ ਜਾਣਕਾਰੀ ਨੀਂ ਮਿਲੀ, ਬਹੁਤੀਆਂ ਪੰਜਾਬੀ ਵੈੱਬਸਾਈਟਾਂ ਨੇ ਦੱਸਿਆ ਹੀ
ਨਹੀਂ, ਮੈਂ ਕੋਈ ਧਿਆਨ ਹੀ ਨਾ ਰੱਖਿਆ। ਚੱਲੋ ਲੰਘ ਗਏ ਤਾਂ ਭੁੱਲ
ਜਾਈਏ, ਛੱਡ ਬੀਤੇ ਨੂੰ ਥੋੜੇ ਚੇਤੇ ਰੱਖੀਦਾ ਹੈ।
ਪਰ ਸ਼ਾਇਦ ਇਹ ਭੁੱਲਣਾ ਨਹੀਂ ਸੀ ਚਾਹੀਦਾ, ਇਹ ਪਲ, ਇਹ ਸਮਾਂ
ਸੀ, ਜਿਸ ਉੱਤੇ ਹਰ ਪੰਜਾਬੀ ਨੂੰ ਮਾਣ ਹੋਣਾ ਚਾਹੀਦਾ ਹੈ,
ਹਾਂ, ਪੰਜਾਬ ਦੇ ਮਹਾਨ ਬਾਦਸ਼ਾਹ ਸ਼ੇਰ-ਏ-ਪੰਜਾਬ ਦੀ ਕੱਲ੍ਹ ਬਰਸੀ ਸੀ,
ਉਸ ਨੂੰ ਯਾਦ ਕਰਨ ਦਾ ਸਮਾਂ ਨਾਲ ਤਾਂ ਕਿਸੇ ਰਾਜਨੀਤਿਕ ਪਾਰਟੀ ਕੋਲ
ਸੀ ਅਤੇ ਸ਼ਾਇਦ ਨਾ ਉਸ ਸੂਰਮੇ ਬਹਾਦਰ ਦੇ ਲੋਕਾਂ ਕੋਲ। ਸ਼ਾਇਦ ਬਹੁਤੇ
ਤਾਂ ਮੇਰੇ ਵਾਂਗ ਜਾਣਦੇ ਵੀ ਨਾ ਹੋਣ ਕਿ ਮਹਾਰਾਜਾ ਰਣਜੀਤ ਸਿੰਘ ਦੀ
ਬਰਸੀ ਸੀ ਕੱਲ੍ਹ। ਪਤਾ ਨੀਂ ਕੋਈ ਕੀ ਸੋਚਦਾ ਹੋਵੇਗਾ ਇਸ ਬਾਰੇ,
ਪਰ ਮੈਨੂੰ ਸ਼ਰਮ ਆ ਰਹੀ ਹੈ ਕਿ 'ਆਪਣੇ ਆਪ 'ਚ ਰਹੇ ਗੁਆਚਿਆ
ਬੰਦਿਆ...' ਵਾਂਗ ਭੁੱਲ ਹੀ ਗਏ, ਇੱਕ ਵਾਰ ਨਾਂ ਹੀ ਲੈ ਲੈਂਦੇ।
ਇਹ ਸ਼ਾਇਦ ਮੇਰੀ ਆਦਤ ਹੋ ਗਈ ਹੈ ਜਾਂ ਮੇਰੇ ਖੂਨ 'ਚ ਰਚ ਗਿਆ ਹੈ
ਭੁੱਲ ਜਾਣਾ...
ਮੈਂ ਸ਼ਾਇਦ ਪੰਜਾਬੀਆਂ ਵਿੱਚ ਇੱਕ ਹਾਂ, ਸੋ ਸ਼ਾਇਦ ਪੂਰੀ ਕੌਮ ਹੀ ਭੁਲੱਕੜ
ਹੋ ਦੀ ਜਾ ਰਹੀ ਏ ਕੀ ਨਹੀਂ????

09 February, 2009

ਇੰਟਰਨੈੱਟ ਉੱਤੇ ਪੰਜਾਬੀ ਦੀਆਂ ਰੌਣਕਾਂ

ਜਿਵੇਂ ਜਿਵੇਂ ਸਮਾਂ ਬੀਤਦਾ ਜਾ ਰਿਹਾ ਹੈ, ਤਿਵੇਂ ਤਿਵੇਂ ਕੰਪਿਊਟਰ ਉੱਤੇ ਪੰਜਾਬੀ

ਦੀ ਵਰਤੋਂ ਵੱਧਦੀ ਜਾ ਰਹੀ ਹੈ, ਥੋੜ੍ਹੇ ਜੇਹੇ ਸਮੇਂ ਵਿੱਚ ਐਨਾ ਕੁਝ ਪੰਜਾਬੀ ਵਿੱਚ ਇੰਟਰਨੈੱਟ ਉੱਤੇ ਮਿਲਣ ਲੱਗਾ ਹੈ ਕਿ ਪੁੱਛੋ ਕੁਝ ਨਾ। ਬਹੁਤ ਆਨੰਦ ਆਉਦਾ ਹੈ, ਜਦੋਂ ਕੋਈ ਰਚਨਾ, ਕਾਹਣੀ, ਲੇਖ ਵਿੱਚ ਪੰਜਾਬੀ ਬਾਰੇ ਮਿਲ ਜਾਵੇ। ਹੁਣ

ਤਾਂ ਪੂਰੀਆਂ ਪੇਂਡੂ ਬੋਲੀ (ਠੇਠ ਪੰਜਾਬੀ) ਵਿੱਚ ਰਚਨਾਵਾਂ ਐਨੀਆਂ ਹੁੰਦੀਆਂ ਹਨ ਕਿ ਰੋਜ਼ਾਨਾ ਪੜ੍ਹ ਕੇ ਵੀ ਖਤਮ ਨਹੀਂ ਹੁੰਦੀਆਂ। ਦਿਲ ਦੀਆਂ ਗੱਲਾਂ ਲੇਖਕਾਂ,

ਰਚਨਾਕਾਰ ਐਨੀਆਂ ਦੇਸੀ ਢੰਗ ਨਾਲ (ਅਤੇ ਆਪਣੇਪਨ ਨਾਲ) ਬਿਆਨ

ਕਰਦੇ ਹਨ ਕਿ ਰੂਹ ਨਸ਼ਿਆ ਜਾਂਦੀ ਹੈ, ਭੁੱਲ ਜਾਂਦਾ ਹੈ ਸਮਾਂ ਅਤੇ ਬੱਸ

ਪੁੱਛੋ ਕੁਝ ਨਾ। ਪੂਨੇ ਵਿੱਚ ਕੋਈ ਅਖ਼ਬਾਰ,  ਰਸਾਲਾ ਜਾਂ ਕਿਤਾਬ ਉਂਝ

ਤਾਂ ਪੰਜਾਬੀ ਵਿੱਚ ਮਿਲਦੀਆਂ ਨਹੀਂ ਹਨ, ਪਰ ਇੰਟਰਨੈੱਟ ਦੀਆਂ

ਰੌਣਕਾਂ ਨੇ ਦੂਰੀ ਘਟਾ ਦਿੱਤੀ ਹੈ। ਲੋਕ ਐਨੇ ਖੁੱਲ੍ਹੇ ਦਿਲ ਨਾਲ ਲਿਖਦੇ ਹਨ

ਕਿ ਪੁੱਛੋ ਕੁਝ ਨਾ। ਵਾਕਿਆ ਹੀ ਇੰਟਰਨੈੱਟ (ਜਾਂ ਕਹੋ ਕੰਪਿਊਟਰ) ਨੇ

ਅੰਗਰੇਜ਼ੀ ਦੀ ਵਰਤੋਂ ਨੂੰ ਵਧਾਈ, ਮੈਂ ਤਾਂ ਕਹਾਂਗਾ ਕਿ ਪੰਜਾਬੀ ਦੀ ਵਰਤੋਂ

ਵਿੱਚ ਚੋਖਾ ਵਾਧਾ ਕੀਤਾ ਹੈ, ਉਹ ਲੋਕ, ਜਿੰਨ੍ਹਾਂ ਨੂੰ ਪਰਚਾਰ ਲਈ ਕੋਈ ਸਾਧਨ

ਦੀ ਲੋੜ ਸੀ, ਮੇਰੇ ਵਰਗੇ ਪਾਠਕ, ਜੋ ਖਰੀਦਦਾਰੀ ਕਰਨ ਤੋਂ ਪਰਹੇਜ਼ ਕਰਦੇ ਸਨ, ਲਈ ਇੰਟਰਨੈੱਟ ਨੇ ਨਵਾਂ ਰਾਹ ਖੋਲ੍ਹ ਦਿੱਤਾ ਹੈ। ਉਹ ਸੰਖੇਪ ਜਿਹਾ

ਬੰਦੇ, ਜਿੰਨ੍ਹਾਂ ਬਾਰੇ ਮੈਨੂੰ ਮੋਗੇ ਸ਼ਹਿਰ ਰਹਿੰਦਿਆਂ ਭੋਰਾ ਵੀ ਪਤਾ ਨਹੀਂ ਸੀ,

ਮੈਂ ਇੰਟਰਨੈੱਟ ਦੇ ਰਾਹੀਂ ਜਾਣਿਆ (ਅੱਜੇ ਹੀ ਸੜਕਨਾਮਾ ਵਾਲੇ ਬਦਲੇਵ ਸਿੰਘ ਬਾਰੇ ਪੜ੍ਹਿਆ)। ਸੋ ਇੰਟਰਨੈੱਟ ਦੀ ਤਰੱਕੀ ਨੇ ਪੰਜਾਬੀ ਦੀ ਤਰੱਕੀ ਕੀਤੀ ਹੈ

ਅਤੇ ਬੇਸ਼ੱਕ ਭਵਿੱਖ ਉੱਜਲ ਰਹੇਗਾ ਅਤੇ ਮੈਨੂੰ ਪੰਜਾਬੀ ਤੋਂ ਬਾਹਰ ਰਹਿਣ ਦਾ ਝੋਰਾ ਉਨ੍ਹਾਂ ਨਹੀਂ ਰਹੇਗਾ, ਜਿੰਨ੍ਹਾਂ ਪੰਜਾਬੀ ਦੇ ਸਾਹਿਤ ਅਤੇ ਲਿੱਪੀ ਤੋਂ ਦੂਰ ਰਹਿਣਾ ਦਾ ਹੋਣਾ ਸੀ।

23 October, 2008

ਬੁਰੇ ਦਿਨਾਂ ਵਿੱਚ ਇੱਕ ਚੰਗੀ ਖ਼ਬਰ - ਭਾਰਤ ਚੰਦ ਉੱਤੇ...

ਜਿਵੇਂ ਕਿ ਸਭ ਨੂੰ ਪਤਾ ਲੱਗ ਹੀ ਗਿਆ ਹੈ ਕਿ ਭਾਰਤ ਵਲੋਂ ਗ਼ੈਰ-ਇਨਸਾਨੀ ਪਹਿਲਾਂ
ਪੁਲਾੜੀ ਜਹਾਜ਼ ਚੰਦ ਲਈ ਰਵਾਨਾ ਕਰ ਦਿੱਤਾ ਗਿਆ ਹੈ। ਇਹ ਸਫ਼ਲਤਾ ਭਰੀ ਖ਼ਬਰ
ਇੱਕ ਅਜਿਹੇ ਮੌਕੇ ਆਈ ਹੈ, ਜਦੋਂ ਕਿ ਭਾਰਤ ਸਾਰੀ ਦੁਨਿਆਂ ਦੇ ਨਾਲ ਬਹੁਤ ਹੀ
ਬੁਰੇ ਸਮੇਂ ਵਿੱਚ ਲੰਘ ਰਿਹਾ ਹੈ। ਅੱਜ ਜਦੋਂ ਕਿ ਰੋਜ਼ ਸ਼ੇਅਰ ਬਾਜ਼ਾਰ ਡੁੱਬਣ, ਨੌਕਰੀਆਂ
ਗੁਆਚਣ ਦੀਆਂ ਖ਼ਬਰਾਂ ਨਾਲ ਅਖ਼ਬਾਰ ਭਰੇ ਹੁੰਦੇ ਹਨ, ਜਦੋਂ ਸ਼ਿਵ ਸੈਨਾ ਅਤੇ
ਮਹਾਂਰਾਸ਼ਟਰ ਨਵ-ਨਿਰਮਾਣ ਸੈਨਾ ਵਿੱਚ 200 ਸਰਕਾਰੀ ਬੱਸਾਂ ਫੂਕਣ, ਬਿਹਾਰੀਆਂ
ਨੂੰ ਕੁੱਟ ਮਾਰਨ ਦੀਆਂ ਖ਼ਬਰਾਂ ਨਾਲ ਭਰੇ ਹੁੰਦੇ ਹਨ, ਉਸ ਮੌਕੇ ਚੰਦਰਯਾਨ-1
ਵਰਗੀਆਂ ਖ਼ਬਰਾਂ ਬਹੁਤ ਹੀ ਮਹੱਤਵਪੂਰਨ ਹੋ ਜਾਂਦੀਆਂ ਹਨ।

ਬੀਬੀਸੀ ਦੀ ਖ਼ਬਰ ਮੁਤਾਬਕ ਇਹ ਰਾਕੇਟ
ਕਰੀਬ 6:20 ਵਜੇ ਸਵੇਰੇ ਛੱਡਿਆ ਗਿਆ ਹੈ, ਇਸ ਨਾਲ ਭਾਰਤ ਰੂਸ, ਅਮਰੀਕਾ, ਚੀਨ, ਜਾਪਾਨ ਵਰਗੇ ਮੁਲਕਾਂ
ਦੀ ਲਿਸਟ ਵਿੱਚ ਆ ਗਿਆ ਹੈ, ਜੋ ਕਿ ਚੰਦ ਦੀ ਯਾਤਰਾ ਕਰ ਚੁੱਕੇ ਹਨ। ਸਭ ਤੋਂ ਖਾਸ
ਗੱਲ ਰਹੀ ਹੈ ਖ਼ਰਚ - ਭਾਰਤ ਨੇ ਇਸ ਵਾਸਤੇ ਕੁੱਲ 3.8 ਬਿਲੀਅਨ ਰੁਪਏ
( 3,80,00,00,000 ਰੁਪਏ - 3 ਖਰਬ, 80 ਅਰਬ) ਦੇ ਇਹ ਛੱਡਿਆ ਹੈ, ਜੋ ਕਿ
ਚੀਨ ਦੇ ਖ਼ਰਚ ਤੋਂ ਅੱਧਾ ਅਤੇ ਜਾਪਾਨ ਦੇ ਖਰਚ ਤੋਂ ਤੀਜਾ ਹਿੱਸਾ ਹੀ ਹੈ। ਇਹ ਸਸਤਾ
ਮਾਲ ਬਣਾਉਣ ਵਿੱਚ ਭਾਰਤ ਦੀ ਮਹਾਰਤ ਦਾ ਨਤੀਜਾ ਹੈ, ਜੋ ਕਿ ਇਹ ਤਹਿ ਕਰਦਾ ਹੈ ਕਿ
ਆਉਣ ਵਾਲੇ ਸਮੇਂ ਵਿੱਚ ਭਾਰਤ ਸੰਸਾਰ ਨੂੰ ਬੇਹਤਰ ਨਤੀਜੇ ਸਸਤੇ ਰੇਟਾਂ ਉੱਤੇ ਦੇ ਸਕਦਾ ਹੈ।
ਚੀਨ ਤੋਂ ਵੀ ਘੱਟ।

ਚੰਦ ਉੱਤੇ ਪਰਕਰਮਾ ਕਰਨ ਦੌਰਾਨ ਇਹ ਭਾਰਤੀ ਝੰਡਾ ਚੰਦ ਉੱਤੇ ਸੁੱਟੇਗਾ
(ਹਾਂ ਇਹ ਚੰਦ ਉੱਤੇ ਉਤਰਨ ਨਹੀਂ ਜਾ ਰਿਹਾ, ਬੱਸ ਦੁਆਲੇ ਗੇੜੇ ਲਾਵੇਗਾ 2 ਸਾਲ)।
ਅਤੇ ਜੇ ਇਹ ਸਫ਼ਲ ਰਿਹਾ ਤਾਂ ਭਾਰਤ ਉਹ 4ਥਾ ਮੁਲਕ ਹੋਵੇਗਾ (ਰੂਸ, ਅਮਰੀਕਾ ਅਤੇ ਜਾਪਾਨ ਬਾਅਦ)
ਜਿੰਨ੍ਹਾਂ ਇਹ ਕਾਰਾ ਕੀਤਾ ਹੋਵੇਗਾ।

ਇਹ ਸਭ ਤੋਂ ਬਿਨਾਂ ਕੁਝ ਲੋਕਾਂ ਨੇ ਇਸ ਦੀ ਅਲੋਚਨਾ ਵੀ ਕੀਤੀ ਹੈ ਕਿ ਭਾਰਤ
ਵਰਗੇ ਗਰੀਬ ਮੁਲਕ ਨੂੰ ਅਜਿਹੇ ਖਰਚਿਆਂ ਤੋਂ ਬਚਣਾ ਚਾਹੀਦਾ ਹੈ, ਪਰ ਇਹ
ਸਮਝਣਾ ਚਾਹੀਦਾ ਹੈ, ਕਿ ਦੁਨਿਆਂ ਵਿੱਚ ਆਪਣੀ ਟੌਹਰ ਬਣਾਉਣ ਅਤੇ ਧੌਂਸ
ਕਾਇਮ ਰੱਖਣ ਲਈ ਖਰਚੇ ਕਰਨੇ ਜ਼ਰੂਰੀ ਹੁੰਦੇ ਹਨ ਅਤੇ ਅੱਜ ਦੇ ਦੌਰ ਵਿੱਚ
ਇਹ ਖ਼ਬਰ ਨੇ ਇੱਕ ਚੰਗੇ ਸੰਕੇਤ ਦਿੱਤੇ ਹਨ, ਅਤੇ ਇਸ ਨਾਲ ਕੱਲ੍ਹ ਨੂੰ ਪੈਸੇ
ਕਮਾਉਣ ਲਈ ਸਾਧਨ ਵੀ ਕਾਇਮ ਹੋ ਸਕਦਾ ਹੈ, ਅੱਗੇ ਵੀ ਭਾਰਤ
ਨੇ ਹੋਰਾਂ ਦੇਸ਼ਾਂ ਦੇ ਉਪਗ੍ਰਹਿ ਸਫ਼ਲਤਾਪੂਰਕ ਭੇਜੇ ਹਨ ਅਤੇ ਹੁਣ ਇਹ
ਕਦਮ ਭਾਰਤ ਦੀ ਇਹ ਯਾਤਰਾ ਵਿੱਚ ਮੀਲ ਪੱਥਰ ਹੈ।
ਇਸ ਮੌਕੇ ਇਹ ਦੀ ਤਾਰੀਫ਼ ਕਰਨੀ ਹੀ ਫ਼ਰਜ਼ ਬਣਦਾ ਹੈ।

16 October, 2008

ਪੂੰਜੀਵਾਦ ਦੇ ਨਦੀ ਕਿਨਾਰੇ ਰੁੱਖੜੇ ਨੂੰ ਸਮਾਜਵਾਦੀ ਸਹਾਰੇ...

ਅਮਰੀਕਾ ਵਿੱਚ ਆਏ ਮੰਦੇ ਨੇ ਜਿੱਥੇ ਅਮਰੀਕਾ ਸਰਕਾਰ ਦੀਆਂ ਜੜ੍ਹਾਂ ਖੋਖਲੀਆਂ
ਕਰ ਦਿੱਤੀਆਂ ਹਨ, ਨਾਲ ਹੀ ਨਾਲ ਸਾਰੇ ਸੰਸਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਕਾਫ਼ੀ ਦੇਰ ਪਹਿਲਾਂ ਇੱਕ ਸੋਵੀਅਤ ਰੂਸ ਦੀ ਇੱਕ ਕਿਤਾਬ "ਕੈਪਟਲਿਜ਼ਮ" ਪੜ੍ਹੀ ਸੀ,
ਜਿਸ ਵਿੱਚ ਦੱਸਿਆ ਗਿਆ ਕਿ ਕਿਵੇਂ ਆਮ ਲੋਕਾਂ ਦਾ ਪੈਸਾ ਇਹ ਸ਼ੇਅਰ ਬਜ਼ਾਰ
ਲਪੇਟ ਲੈਂਦੇ ਹਨ ਅਤੇ ਬਾਅਦ ਵਿੱਚ ਡਕਾਰ ਵੀ ਨਹੀਂ ਮਾਰਦੇ, ਆਖਰ ਪੈਸਾ
ਕਿਤੋਂ ਆ ਕੇ ਤਾਂ ਕਿਤੇ ਗਾਇਬ ਹੋ ਹੀ ਰਿਹਾ ਹੈ। ਭਾਵੇਂ ਕਿ ਕਹਿ ਰਹੇ ਹਨ
ਕਿ ਐਨੇ ਖ਼ਰਬ/ਅਰਬ ਡੁੱਬ ਗਿਆ, ਕਿਸ ਦਾ ਡੁੱਬਿਆ ਇਹ ਤਾਂ ਆਮ
ਲੋਕਾਂ ਦਾ ਹੀ ਹੈ, ਇਹ ਕਮੀਂ ਦਰਸਾਉਣ ਦੇ ਨਾਲ ਨਾਲ ਇਹ ਵੀ
ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਵੱਡੀਆਂ ਕੰਪਨੀਆਂ
ਦੀਆਂ ਸਰਕਾਰ ਨਾਲ ਸਾਂਝੀਆਂ ਸਾਜ਼ਿਸ਼ਾਂ ਕਰਕੇ ਇਹ ਸਭ ਕਰਵਟਾਂ
ਆਉਦੀਆਂ ਹਨ ਅਤੇ ਇਹ ਪੂੰਜੀਵਾਦੀ ਸਮਾਜ ਵਿੱਚ ਜਮਾਤ ਅੰਤਰ
ਪੈਦਾ ਕਰਨ ਇੱਕ ਕਾਰਕ ਹੈ।
ਅਮਰੀਕਾ ਨੇ ਸਮਾਜਵਾਦੀ ਅਤੇ ਸਾਮਵਾਦੀਆਂ ਮੁਲਕਾਂ ਨੂੰ ਗਲਤ
ਸਿੱਧ ਕਰਨ ਲਈ ਜੋ ਟਿੱਲ ਲਾਇਆ ਸੀ, ਉਸ ਦਾ ਅਧਾਰ ਸੀ ਇਹ ਪੂੰਜੀਵਾਦ
ਸਮਾਜ, ਉਹ ਪੂੰਜੀਵਾਦੀ ਸਮਾਜ, ਜਿਸ ਵਿੱਚ ਸਰਕਾਰ ਸਭ ਕੁਝ ਪ੍ਰਾਈਵੇਟ
ਕਰਦੀ ਹੈ ਅਤੇ ਉਸ ਵਿੱਚ ਸਰਕਾਰ ਦਾ ਦਖ਼ਲ ਨਹੀਂ ਹੁੰਦਾ ਹੈ। ਇੰਝ
ਵੱਡੀਆਂ ਮੱਛੀਆਂ ਨੂੰ ਛੋਟੀਆਂ ਖਾਣ, ਡਕਾਰ ਨਾ ਮਾਰਨ ਦੀ ਆਜ਼ਾਦੀ
ਰਹਿੰਦੀ ਹੈ। ਅਮਰੀਕਾ ਦੀ ਅੱਜ ਤੱਕ ਦੀ ਚੜ੍ਹਾਈ ਵਿੱਚ ਇਹ ਭਾਵਨਾ
ਜਿਉਦੀ ਰਹੀ ਹੈ ਅਤੇ ਤਰੱਕੀ ਕਰਦੀ ਰਹੀ ਸੀ, ਪਰ 1929 ਤੋਂ
ਚਾਲੂ ਹੋਈ ਮੰਦੀ ਤੋਂ ਬਾਅਦ ਇਹ ਪਹਿਲੀ ਵਾਰ ਹੈ, ਜਦੋਂ ਅਮਰੀਕਾ
ਵਿੱਚ ਆ ਰਹੀ ਮੰਦੀ ਨੇ ਸੰਸਾਰ ਨੂੰ ਪ੍ਰਭਾਵਿਤ ਕੀਤਾ ਹੈ। ਹੁਣ ਆਪਣੇ
ਮੁਲਕ ਨੂੰ ਜਿਉਦਾ ਰੱਖਣ ਲਈ, ਅਤੇ ਬੁਰੇ ਤੋਂ ਬਚਣ ਲਈ ਅਮਰੀਕਾ
ਦੀ ਸਰਕਾਰ ਨੇ ਪ੍ਰਾਈਵੇਟ ਕੰਪਨੀਆਂ ਨੂੰ ਖਰੀਦਣਾ ਸ਼ੁਰੂ ਕੀਤਾ ਹੈ, ਜਿਸ
ਤਹਿਤ ਕੁੱਲ ਤਿੰਨ ਵੱਡੀਆਂ ਕੰਪਨੀਆਂ ਦੇ ਵੱਡੇ ਹਿੱਸੇ ਸਰਕਾਰ ਬਣਾ ਦਿੱਤੇ ਗਏ ਹਨ,
ਭਾਵੇਂ ਕਿ ਇਸ ਨਾਲ ਬਾਜ਼ਾਰ ਹਾਲੇ ਸੰਭਲ ਨਹੀਂ ਸਕਿਆ, ਪਰ ਇਹ ਕਦਮ
ਨਾਲ ਇਹ ਸਿੱਧ ਹੋ ਗਿਆ ਕਿ ਪੂੰਜੀਵਾਦੀਆਂ ਦਾ ਸਮਾਜ ਸਥਿਰ ਨਹੀਂ ਹੈ,
ਇਹ ਦਾ ਢਾਂਚਾ ਚਰ-ਮਿਰਾ ਗਿਆ ਹੈ, ਜਿਸ ਨੂੰ ਸਹਾਰੇ ਦੀ ਲੋੜ ਹੈ, ਅਤੇ
ਉਹ ਸਹਾਰਾ ਸਮਾਜਵਾਦ ਹੀ ਰਹਿ ਗਿਆ, ਉਹ ਸਰਕਾਰ ਹੀ ਰਹਿ ਗਈ।
ਫੇਰ ਇਹ ਝੂਠੀ ਆਜ਼ਾਦੀ (ਸਰਕਾਰ ਤੋਂ ਪ੍ਰਾਈਵੇਟ ਬਣ ਕੇ) ਕਾਹਦੀ?
ਐਂਵੇਟ ਟਸ਼ਨੇ ਹੀ ਕਰਨੇ ਹਨ? ਦੁਨਿਆਂ ਨੂੰ ਪ੍ਰਾਈਵੇਟ ਬਣਾਉਣ ਉੱਤੇ
ਤੁਲਿਆ ਇਹ ਅਮਰੀਕਾ ਆਪਣੇ ਆਪ ਨੂੰ ਸਹਾਰਾ ਦੇਣ ਲਈ ਪੂੰਜੀਵਾਦੀ
ਨੂੰ ਤਿਆਗ ਸਕਦਾ ਹੈ, ਇਹ ਅਜੀਬ ਸੀ। ਪਰ ਇਹ ਹੋਇਆ ਹੈ।

ਭਾਰਤ ਵਿੱਚ ਡਾਕਟਰ ਮਨਮੋਹਣ ਸਿੰਘ ਨੇ ਜੋ ਵੀ ਸੁਧਾਰ 1991 ਵਿੱਚ
ਨਿੱਜੀਕਰਨ (ਪ੍ਰਾਈਵੇਟਾਈਜ਼) ਕਰਨ ਨਾਲ ਸ਼ੁਰੂ ਕੀਤੇ ਸਨ, ਜੇ ਕਿਤੇ
ਉਹ ਪੂਰੀ ਤਰ੍ਹਾਂ ਲਾਗੂ ਹੋ ਜਾਂਦੇ ਅਤੇ ਭਾਰਤ ਵਿੱਚ ਸਮਾਜਵਾਦੀਆਂ
ਦਾ ਜ਼ੋਰ ਨਾ ਹੁੰਦਾ ਤਾਂ ਭਾਰਤ ਦੀ ਤਰੱਕੀ ਭਾਵੇ ਵੱਧ ਵਿਖਾਈ ਦਿੰਦੀ, ਪਰ
ਅੱਜ ਦੇ ਦਿਨ ਹਾਲਤ ਅਮਰੀਕਾ ਵਰਗੀ ਹੀ ਹੋਣੀ ਸੀ (ਹਾਲਾਂ ਕਿ
ICICI ਬੈਂਕ ਅਤੇ ਜੈੱਟ ਏਅਰਲਾਈਨਜ਼ ਦੀ ਹਾਲਤ ਤਾਂ ਵਿਗੜ ਗਈ
ਹੈ ਤੇ ਸੈਂਕੜੇ ਮੁਲਾਜ਼ਮਾਂ ਨੂੰ ਕੱਢਣ ਦੀ ਤਿਆਰ ਹੈ, ਪਰ ਹਾਲੇ ਤੱਕ
ਕੋਈ ਵੀ ਕੰਪਨੀ ਦੀਵਾਲੀਆ ਨਹੀਂ ਹੋਈ ਭਾਰਤ 'ਚ ਅਤੇ ਹੁਣ ਭਲਕ ਨੂੰ ਕੀ ਹੁੰਦਾ ਹੈ
ਇਹ ਵੇਖਣਾ ਹੋਵੇਗਾ)।

ਇੱਕ ਹੀ ਕਹਿਣਾ ਰਹਿ ਗਿਆ ਕਿ ਹੁਣ ਅਮਰੀਕਾ ਨੂੰ ਅੱਗੇ ਤੋਂ ਸਮਾਜਵਾਦ
ਦਾ ਵਿਰੋਧ ਕਰਨਾ ਆਪਣਾ-ਆਪ ਵਿਰੋਧ ਕਰਨਾ ਕਿਹਾ ਜਾਵੇਗਾ (ਜੇ ਹੁਣ
ਬਰਬਾਦੀ ਤੋਂ ਬਚ ਗਿਆ ਤਾਂ)।
(ਕਫ਼ਨ ਚੋਰ ਵਾਲੀ ਕਹਾਣੀ ਹੋ ਗਈ ਅਮਰੀਕਾ ਦੀ ਤਾਂ)

30 September, 2008

ਕਿਸਾਨ ਜੱਥੇਬੰਦੀ ਹੋਈ ਹਾਈਟੈਕ...

ਕਿਸਾਨ ਪਰਿਵਾਰ ਵਿੱਚੋਂ ਹੋਣ ਕਰਕੇ ਮੇਰੇ ਕਿਸਾਨ ਜੱਥੇਬੰਦੀਆਂ 'ਚ ਥੋੜੀ ਬਹੁਤ ਦਿਲਚਸਪੀ
ਤਾਂ ਹਮੇਸ਼ਾਂ ਰਹੀ ਹੈ ਅਤੇ ਇਨ੍ਹਾਂ ਬਾਰੇ ਜਾਣਕਾਰੀ ਸਮੇਂ ਸਮੇਂ ਲੈਂਦਾ ਰਿਹਾ ਹਾਂ, ਪਰ ਥੋੜ੍ਹੇ ਚਿਰਾਂ
'ਚ ਜਿਸ ਜੱਥੇਬੰਦੀ ਨੇ ਭਾਰੀ ਕੰਮ ਕੀਤੇ ਅਤੇ ਆਪਣਾ ਮੁਕਾਮ ਬਣਾਇਆ ਹੈ, ਉਹ ਹੈ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਸ਼ਾਇਦ ਤੁਸੀਂ ਸੁਣਿਆ ਹੋਵੇ ਕਿ ਬਰਨਾਲਾ
(ਟਰਾਈਜ਼ਡੈਂਟ ਕੇਸ) ਦੇ ਕਿਸਾਨਾਂ ਨੂੰ ਕਰੋੜਾਂ ਰੁਪਏ ਮੁਆਵਜ਼ਾ ਦੁਵਾਉਣ 'ਚ ਇਹੀ
ਜੱਥੇਬੰਦੀ ਸੀ ਅਤੇ ਨਾਲ ਨਾਲ ਇਨ੍ਹਾਂ ਨੇ ਹੀ ਅੰਮ੍ਰਿਤਸਰ ਵੀ ਸੰਘਰਸ਼ ਜਾਰੀ ਰੱਖਿਆ।
ਇਹ ਜੱਥੇਬੰਦੀ ਨੇ ਆਪਣੇ ਆਪ ਨੂੰ ਚੱਲਦੇ ਸਮੇਂ ਨਾਲ ਜੋੜਨ ਲਈ ਕੰਪਿਊਟਰ ਦੀ
ਵਰਤੋਂ ਕਰਨ ਬਾਰੇ ਵਿਚਾਰ ਕੀਤੀ ਹੈ ਅਤੇ ਖਰੀਦ ਵੀ ਲਏ ਹਨ। ਭਾਵੇਂ ਕਿ
ਪਿਛਲੇ ਸਮੇਂ ਵਿੱਚ ਇਨ੍ਹਾਂ ਕੋਲ ਵੀਡਿਓ ਕੈਮਰੇ, ਪਰੋਜੈਕਟਰ ਵਗੈਰਾ ਸਨ ਤਾਂ ਕਿ
ਜੱਥੇਬੰਦੀਆਂ ਦੀਆਂ ਕਾਰਵਾਈਆਂ, ਇਨਕਲਾਬੀ ਗਤੀਵਿਧੀਆਂ ਨੂੰ ਲੋਕਾਂ ਤੱਕ
ਪਹੁੰਚਾਇਆ ਜਾ ਸਕੇ। ਇਹ ਸਮੇਂ ਨਾਲ ਤੁਰਦੇ ਰਹਿਣ ਵਾਸਤੇ ਚੁੱਕਿਆ ਕਦਮ
ਜ਼ਰੂਰ ਇਨ੍ਹਾਂ ਦੀ ਮੱਦਦ ਕਰੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਮੈਂ ਇਹ ਉਡੀਕ
ਕਰਾਗਾਂ ਕਿ ਉਹ ਕੰਪਿਊਟਰ ਅਤੇ ਇੰਟਰਨੈੱਟ ਦੀ ਵਰਤੋਂ ਆਪਣੇ ਕੰਮ/ਸੰਘਰਸ਼
ਨਾਲ ਕਿਵੇਂ ਕਰਦੇ ਹਨ...

10 September, 2008

ਬ੍ਰਹਿਮੰਡ ਦੀ ਖੋਜ ਵਾਸਤੇ ਸੰਸਾਰ ਦਾ ਸਾਂਝਾ ਉਪਰਾਲਾ

ਅੱਜ ਦੀਆਂ ਖ਼ਬਰਾਂ ਮੁਤਾਬਕ
ਸੰਸਾਰ ਦਾ ਸਭ ਤੋਂ ਮਹਿੰਗਾ ਅਤੇ ਵੱਡਾ ਤਜਰਬਾ ਸ਼ੁਰੂ ਗਿਆ ਹੈ, ਬ੍ਰਹਿਮੰਡ ਦੀ ਖੋਜ ਦਾ, ਸੰਸਾਰ ਦੇ ਜਨਮ ਦਾ।
ਫਰਾਂਸ ਅਤੇ ਸਵਿਟਜਰਲੈਂਡ ਦੀ ਸਰਹੱਦ ਉੱਤੇ ਬਣੀ ਇਹ ਲੈਬ ਵਿੱਚ 27 ਕਿਲੋਮੀਟਰ ਲੰਮੀ ਟਿਊਬ
ਵਿੱਚ ਹੋ ਰਿਹਾ ਇਹ ਟੈਸਟ ਵਿਗਿਆਨਕ ਲਈ ਇੱਕ ਬਹੁਤ ਵੀ ਮਹਾਨ ਜਤਨ ਹੈ, ਜਿਸ ਨਾਲ ਉਹ
ਬ੍ਰਹਿਮੰਡ ਦੇ ਕਈ ਅਣ-ਸੁਲਝੇ ਸਵਾਲ ਹੱਲ ਕਰਨ ਦੀ ਉਮੀਦ ਰੱਖਦੇ ਹਨ, ਭਾਵੇਂ ਕਿ ਨਤੀਜਿਆਂ ਦਾ
ਵਿਸ਼ਲੇਸਣ ਲੰਮਾ ਚਿਰ ਚੱਲਣ ਦੀ ਉਮੀਦ ਹੈ। ਇਸ ਤਜਰਬੇ ਲਈ ਯੂਰਪ ਦੇ ਅਗਾਂਹਵਧੂ ਮੁਲਕਾਂ ਅਤੇ
ਉਨ੍ਹਾਂ ਦੇ ਵਿਗਿਆਨਕ ਨੂੰ ਵਧਾਈ ਦੇਣੀ ਚਾਹੁੰਦਾ ਹਾਂ।



ਮੇਰਾ ਧਿਆਨ ਬ੍ਰਹਿਮੰਡ ਦੇ ਅਜੀਬ ਵਰਤਾਰੇ ਵੱਲ ਗਿਆ, ਜੋ ਕਿ ਦੱਸਿਆ ਜਾਂਦਾ ਹੈ ਕਿ ਬ੍ਰਹਿਮੰਡ 'ਚ
ਗਲੈਕਸੀਆਂ, ਗੈਸਾਂ, ਧੂੜ-ਕਣ, ਚੰਦ-ਤਾਰੇ ਆਦਿ ਮਿਲ ਕੇ ਕੇਵਲ 4% ਭਾਗ ਹੀ ਬਣਾਉਦੇ ਹਨ, ਫੇਰ
96% ਹੈ ਕੀ? ਇਹੀ ਤਾਂ ਸਵਾਲ ਹੈ, ਜਿਸ ਦਾ ਜਵਾਬ ਵਿਗਿਆਨਕ ਇਹ ਤਜਰਬੇ ਤੋਂ ਲੈਣ ਦੀ ਉਮੀਦ
ਰੱਖਦੇ ਹਨ। ਇਹ 96% ਨੂੰ ਅਦ੍ਰਿਸ਼ ਕਿਹਾ ਗਿਆ ਹੈ, ਜਿਸ ਵਿੱਚ 23% ਗੁਪਤ ਮਾਦਾ (ਮੈਟਰ) ਅਤੇ 73%
ਗੁਪਤ ਊਰਜਾ ਹੈ। ਇਹ ਗੁਪਤ ਹੈ, ਕਿਉਕਿ ਇਸ ਬਾਰੇ ਜਾਣਕਾਰੀ ਨਹੀਂ ਹੈ, ਜਾਣਕਾਰੀ ਇਸ ਕਰਕੇ ਨਹੀਂ ਹੈ,
ਕਿਉਂਕਿ ਇਸ ਨੂੰ ਵੇਖਣਾ, ਮਾਪਣਾ ਸੰਭਵ ਨਹੀਂ ਹੈ। ਇਹ ਹੋਈ ਨਾ ਅਜੀਬ ਜੇਹੀ ਗੱਲ਼, ਜਿਸ ਨੂੰ ਵੇਖ ਨੀਂ ਸਕਦੇ,
ਉਸ ਦਾ ਪਤਾ ਕਰਨਾ ਹੈ। ਪਰਮਾਣ ਵਿੱਚ ਪਰੋਟਾਨ, ਨਿਊਟਰਾਨ ਹੁੰਦੇ ਹਨ, ਇਹ ਤਾਂ ਵਿਗਿਆਨਕ ਜਾਣਦੇ ਹਨ,
ਪਰ ਉਸ ਵਿੱਚ ਜਾਨ ਕਿਵੇਂ ਪੈਂਦੀ ਹੈ, ਉਸ 'ਚ ਮਾਦਾ ਕਿਵੇਂ ਆਉਦਾ ਹੈ, ਕਿਓ ਇਲੈਕਟਰੋਨ ਦੁਆਲੇ ਘੁੰਮਦੇ ਹਨ,
ਜਾਂ ਵੱਡੇ ਰੂਪ 'ਚ ਕਿਹਾ ਜਾਵੇ ਤਾਂ ਧਰਤੀ ਸੂਰਜ ਦੁਆਲੇ ਕਿਓ ਘੁੰਮਦੀ ਹੈ, ਕਿਓ ਚੰਦ ਧਰਤੀ ਦੁਆਲੇ ਹੀ ਘੁੰਮਦਾ ਹੈ,
ਕਿਉਂ ਸੂਰਜ ਵੱਲ ਨਹੀਂ ਜਾਂਦਾ, ਭਾਵੇਂ ਕਿ ਜੀਵਨ ਕਿਓ ਧੜਕਦਾ ਹੈ, ਇਹ ਸ਼ਿਵ ਦੀ ਭਟਕਣ ਨੂੰ ਲੱਭਦੇ ਨੇ ਸ਼ਾਇਦ।

ਇਹ ਸਭ ਤਾਂ ਨਤੀਜੇ ਮਿਲਣ ਬਾਅਦ ਪਤਾ ਲੱਗੇਗਾ, ਪਰ ਤੁਹਾਨੂੰ ਭਾਰਤੀ ਟੀਵੀ ਚੈਨਲ ਦੇ ਮੂਰਖਤਾ ਭਰੇ
ਕਾਰਨਾਮਿਆਂ ਬਾਰੇ ਦੱਸਣਾ ਚਾਹੁੰਦੇ ਹਾਂ ਕਿ ਕਿੱਦਾਂ ਲੋਕਾਂ ਨੂੰ ਮੂਰਖ ਬਣਾਉਣ ਲੱਗੇ ਰਹੇ ਦਸ ਦਿਨ ਪਹਿਲਾਂ।
ਦੁਨਿਆਂ ਖਤਮ ਹੋਣ ਜਾ ਰਹੀ ਹੈ, ਵਿਗਿਆਨਕ ਤਜਰਬਾ ਕਰਕੇ ਲੋਕਾਂ ਨੂੰ ਮਾਰਨ ਲੱਗੇ ਨੇ, ਧਰਤੀ ਦਾ
ਨਾਸ਼ ਕਰਨਗੇ ਆਦਿ, ਸਭ ਚੈਨਲ ਨੇ ਚੰਗੀ ਤਰ੍ਹਾਂ ਨਿੰਦਿਆਂ ਇਸ ਨੂੰ, ਹੁਣ ਜਦ ਠੀਕ-ਠਾਕ ਹੋ ਗਿਆ ਹੈ ਤਾਂ
ਇਸ ਨੂੰ ਵੇਦਾਂ ਦਾ ਵਿਗਿਆਨ ਹੀ ਦੱਸਦੇ ਨੇ, ਨਟਰਾਜ ਦੀ ਮੂਰਤੀ ਦੀ ਮਹਿਮਾ ਹੀ ਗਾਉਣ ਲੱਗੇ ਹੋਏ ਸਨ, ਹੋਰ ਪਤਾ
ਨੀਂ ਕੀ ਕੀ? ਖ਼ੈਰ ਇਹ ਚੈਨਲਾਂ ਨੇ ਆਪਣਾ ਤੋਰੀ-ਫੁਲਕਾ ਚਲਾਉਣਾ ਹੈ, ਭਾਵੇਂ ਕੋਈ ਵੀ ਖ਼ਬਰ ਹੋਵੇ।
ਪਰ ਇਹ ਤਜਰਬੇ ਨੇ ਇਨਸਾਨ ਦੀ ਜਿੰਦਗੀ ਕਿੰਨੀ ਬਦਲਣੀ ਹੈ, ਅਤੇ ਕੀ ਕੁਝ ਹੋਰ ਸਿਖਾਉਣਾ ਹੈ,
ਅਤੇ ਉਹ ਸਭ ਭਵਿੱਖ 'ਚ ਕੀ ਫਾਇਦਾ ਦੇਵੇਗਾ, ਇਹ ਹਾਲੇ ਅਣਜਾਣ ਹੈ ਹੀ ਹੈ, ਪਰ
ਮੇਰੇ ਬਾਪੂ ਜੀ ਦੇ ਮੁਤਾਬਕ ਡਿਸਕਵਰੀ (ਖੋਜ) ਅਸਲ 'ਚ ਕੁਝ ਨੀਂ, ਬੱਸ ਕਿਸੇ ਨੂੰ ਜਾਣਦਾ ਦਾ ਨਾਂ
ਹੈ, ਜੋ ਚੀਜ਼ ਕੱਲ੍ਹ ਵੀ ਸੀ, ਅੱਜ ਵੀ ਹੈ, ਭਲਕ ਵੀ ਰਹੇਗੀ ਉਂਝ ਹੀ, ਬੱਸ ਆਪਾਂ ਨੂੰ ਜਾਣ ਲਿਆ,
ਸਮਝ ਲਿਆ, ਇਸਕਰਕੇ ਖੋਜ ਹੋ ਗਈ, ਜਿਵੇਂ ਕਿ ਆਕਸੀਜਨ ਦੀ ਖੋਜ ਦੋ ਕੁ ਸਦੀਆਂ
ਪਹਿਲਾਂ ਹੋਈ, ਪਰ ਆਕਸੀਜਨ ਤਾਂ ਹਮੇਸ਼ਾ ਆਦਿ-ਯੁੱਗ ਤੋਂ ਰਹੀ ਹੈ ਨਾਲ ਆਪਣੇ,
ਬੱਸ ਕੁਝ ਜਾਣਾਗੇ ਕੁਝ ਨਵਾਂ, ਜਿਸ ਨੂੰ ਆਪਣੀ, ਆਉਣ ਵਾਲੀਆਂ ਨਸਲਾਂ ਦਾ ਵਿਕਾਸ ਹੋਵੇਗਾ

19 August, 2008

ਸੋਨੇ ਦੀ ਸੰਗਲੀ ਵਾਲਾ ਗੁਲਾਮ...

ਆਪੇ ਬਣੇ ਗੁਲਾਮ, ਆਪੇ ਫਾਈਆਂ ਪਾ ਲਈਆਂ
ਆਪੇ ਪੈਰਾਂ ਵਿੱਚ ਬੇੜੀਆਂ ਪਾ ਲਈਆਂ,
ਪਹਿਲਾਂ ਰਹੇ ਗੁਲਾਮ ਨੀਲੇ ਲਾਲ ਵਾਲਿਆਂ ਦੇ
ਹੁਣ ਬਣੇ ਗੁਲਾਮ ਲਾਲ ਟੋਪਿਆਂ ਵਾਲਿਆਂ ਦੇ
ਕਦੇ ਸਾਹ ਲੈਣ ਉੱਤੇ ਪਾਬੰਦੀ ਸੀ, ਕਦੇ ਬੋਲਣ ਉੱਤੇ ਪਾਬੰਦੀ ਸੀ
ਕਦੇ ਹੁੰਦੇ ਸਾਂ ਸਰੀਰ ਬੰਨ੍ਹੇ, ਹੁਣ ਨੇ ਇਨ੍ਹਾਂ ਦਿਮਾਗ ਬੰਨ੍ਹੇ।
ਕਦੇ ਸੰਗਲ ਸਨ ਨਾਲ ਲਟਕਦੇ।
ਹੁਣ ਦਿਮਾਗ 'ਚ ਈ-ਸੰਗਲ ਨੇ ਝਟਕਦੇ।
ਬੋਲਣ ਤੋਂ ਉਹੀ ਡਰ ਹਾਲੇ ਰਹਿ ਗਿਆ।
ਗੁਲਾਮ ਹੋ ਕੇ ਅੱਜ ਫੇਰ ਰਹਿ ਗਿਆ।

ਬੋਲਣ ਤੋਂ ਡਰ ਗਿਆ ਹਾਂ ਮੈਂ,
ਪੱਥਰ ਨਾਲ ਭਰ ਗਿਆ ਹਾਂ ਮੈਂ,
ਆਪਣੀ ਜੁਬਾਨ ਨੂੰ ਸੀਅ ਲੈਣ ਦਾ ਵਾਅਦਾ ਕਰ ਬੈਠਾ।
ਗੁਆ ਆਜ਼ਾਦੀ ਆਪਣੀ, ਸੰਗਲੀ ਵਾਲਾ ਕੁੱਤਾ ਬਣ ਬੈਠਾ।
ਗੁਲਾਮੀ ਤਾਂ ਗੁਲਾਮੀ ਹੈ, ਭਾਵੇਂ ਸੋਨੇ ਦੀ ਸੰਗਲੀ ਨਾਲ ਹੋਵੇ।
ਹੱਥ ਕਟਾ ਕੇ ਆਪਣੇ ਆਲਮ ਹੁਣ ਆਪਣੇ ਖੂਨੀ ਹੁੰਝੂਆਂ ਨਾਲ ਰੋਵੇ।

ਦਿੱਤੀ ਆਜ਼ਾਦੀ ਸਾਨੂੰ ਖੂਨ ਡੋਲ ਭਗਤ ਸਿੰਘ ਹੋਰਾਂ,
ਅੱਜ ਕੀਤਾ ਸਾਨੂੰ ਗੁਲਾਮ ਇਹ ਸਮੇਂ ਦੀ ਝੂਠੀਆਂ ਲੋੜਾਂ,
ਕੀ ਬਿਨਾਂ ਇਸ ਦੇ ਨੀਂ ਸਰਦਾ, ਕੀ ਹਨ ਸਾਨੂੰ ਥੋੜ੍ਹਾਂ,

ਉੱਠ ਕੇ ਇਹ ਜੰਜ਼ੀਰ ਤੋੜਨ ਨੂੰ ਜੀ ਕਰਦਾ ਏ ਬੜਾ,
ਸਰਮਾਏਦਾਰ ਖੜਾ ਕੀਤਾ ਕਾਲਾ-ਬੋਲਾ ਵਰੋਲਾ ਖੜ੍ਹਾ,
ਨਾ ਮੈਨੂੰ ਕੁਝ ਅੱਗੇ ਦਿੱਸਦਾ ਏ, ਨਾ ਪਿੱਛੇ ਨਜ਼ਰ ਆਵੇ,
ਵਗਦਾ ਵਗਦਾ ਖਿੱਚੀ ਜਾਵੇ, ਬੱਸ ਖਿੱਚੀ ਜਾਵੇ,

ਸੋਚ ਵੀ ਮਰ ਗਈ ਮੇਰੀ, ਸੁਪਨੇ ਵੀ ਦਫ਼ਨ ਹੋ ਗਏ
ਮੇਰੀ ਜ਼ਮੀਰ ਦੀ ਨੰਗੀ ਲਾਸ਼ ਬਿਨਾਂ ਕਫ਼ਨ ਦੇ ਗਏ
ਹਾਲੇ ਕਹਿੰਦੇ ਨੇ ਉਹ ਕਿ ਮੈਂ ਉਨ੍ਹਾਂ ਨਾਲ ਧੋਖਾ ਕਰਦਾ ਹਾਂ,
ਕਿਉਂਕਿ ਉਨ੍ਹਾਂ ਦੇ ਵਿਰੁਧ ਬੋਲਣ ਦੀ ਹਿੰਮਤ ਕਰਦਾ ਹਾਂ,
ਲਿਖੇ ਦੋ ਸ਼ਬਦ ਮਰਜਾਣੀ ਅੰਗਰੇਜ਼ੀ ਦੇ, ਝੌਂਕੇ ਨੂੰ ਤੂਫਾਨ ਉਨ੍ਹਾਂ ਬਣਾ ਦਿੱਤਾ,
100 ਚੰਗਾ ਲਿਖੇ ਦਾ ਮਾਣ ਨਾ ਦਿੱਤਾ ਕਦੇ, 1 ਉਲਟ ਲਿਖੇ ਤੋਂ ਪੈਰੋ ਪੁਟਾ ਦਿੱਤਾ,

ਨੌਕਰੀਆਂ ਵੀ ਗੁਲਾਮੀ ਨੇ, ਜੋ ਮੇਰੀ ਦਾਦੀ ਸੁਣਾਉਦੀ ਸੀ,
ਮਾਸਟਰ, ਡਾਕਟਰ, ਫੌਜੀ ਸਭ ਨੂੰ "ਨੌਕਰ" ਆਖ ਬਲਾਉਦੀ ਸੀ,
ਹੱਸਦਾ ਸਾਂ ਕਿ ਕਿਉ ਉਹ ਸਭ ਨੂੰ ਇੰਝ ਕਹਿੰਦੀ ਹੈ, ਸ਼ਾਇਦ ਨਹੀਂ ਹੈ ਸਮਝਦੀ,
ਪਰ ਅੱਜ ਮੈਨੂੰ ਆਪਣੀ ਹਾਲਤ ਵੇਖ ਸਮਝ ਆਇਆ ਕਿ ਮੈਂ ਨਹੀਂ ਸਾਂ ਸਮਝਦਾ,

ਹਾਂ, ਮੈਂ ਆਪੂੰ ਬਣਿਆ ਗੁਲਾਮ, ਸੋਨੇ ਦੀ ਸੰਗਲੀ ਵਾਲਾ ਗੁਲਾਮ
ਜ਼ਮੀਰ ਮਰਿਆ ਜਿਸ ਦਾ, ਦਿਮਾਗ ਹੋਇਆ ਨਿਲਾਮ,
ਪੈਸੇ ਦੇ ਜ਼ੋਰ ਉੱਤੇ ਮਾੜਾ ਬਣਿਆ ਪਲਵਾਨ,
ਪੈਸੇ ਦੀ ਮੰਡੀ ਵਿੱਚ ਸਰਮਾਏਦਾਰ ਰੰਡੀਆਂ ਦੇ ਪਰਧਾਨ,
ਰਹਿਣਾ ਹੈ ਜੇ ਏਥੇ, ਮੱਥਾ ਟੇਕ ਕਰੋ ਸਲਾਮ,

15 October, 2007

ਚੀ ਗਵੇਰਾ ਦੀ 40ਵੀਂ ਬਰਸੀ

ਚੀ ਗਵੇਰਾ ਚਾਲੀ ਸਾਲ ਪਹਿਲਾਂ ਬੋਲੀਵੀਆ ਵਿਚ ਅਮਰੀਕਾ ਦੀ ਸਹਾਇਤਾ ਨਾਲ ਲੜ ਰਹੀ ਬੋਲੀਵੀਆ ਫ਼ੌਜ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ। ਅੱਜ ਬੋਲੀਵੀਆ, ਲਾਤੀਨੀ ਅਮਰੀਕਾ ਅਤੇ ਸੰਸਾਰ ਦੇ ਹਾਲਾਤ ਤੇਜ਼ੀ ਨਾਲ ਬਦਲ ਰਹੇ ਹਨ ਅਤੇ ਖੱਬੇ-ਪੱਖੀ ਰੁਝਾਨ ਦਾ ਪੁਨਰ-ਉਭਾਰ ਸਪੱਸ਼ਟ ਹੋ ਰਿਹਾ ਹੈ। ਅੱਜ ੲੀਵੋ ਮੋਰੇਲਿਸ ਦੀ ਅਗਵਾੲੀ ਹੇਠ ਬੋਲੀਵੀਆ ਲਾਤੀਨੀ ਅਮਰੀਕਾ ਵਿਚ ਇਕ ਪਰਮੁੱਖ ਖੱਬੇ-ਪੱਖੀ ਕੇਂਦਰ ਅਤੇ ਅਮਰੀਕਨ ਨੀਤੀਆਂ ਦੇ ਵਿਰੋਧੀ ਵਜੋਂ ਉੱਭਰ ਰਿਹਾ ਹੈ। ਬੋਲੀਵੀਆ ਦੇ ਪ੍ਰਧਾਨ ੲੀਵੋ ਮੋਰੇਲਿਸ ਨੇ ਕਿਹਾ ਕਿ ਕੋੲੀ ਵੀ ਚੀ ਗਵੇਰਾ ਦੇ ਜੀਵਨ ਦੀ ਮਹੱਤਤਾ ਨੂੰ ਘਟਾ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਕੋੲੀ ਆਪਣੇ-ਆਪ ਨੂੰ ਚੀ ਦਾ ਵਾਰਿਸ ਨਹੀਂ ਸਮਝ ਸਕਦਾ ਜਿੰਨਾ ਚਿਰ ਕਿ ਉਹ ਆਪਣਾ ਜੀਵਨ ਲੋਕਾਂ ਤੋਂ ਨਾ ਕੁਰਬਾਨ ਕਰ ਦੇਵੇ। ਵੈਨਜ਼ੂੲੇਲਾ ਦੇ ਪ੍ਰਧਾਨ ਹਿਊਗੋ ਚਾਵੇਜ਼ ਨੇ ਕਿਹਾ ਕਿ ਚੀ ਅਸੀਮ ਇਨਕਲਾਬੀ (ਇਨਫਿਨਿਟ ਰੈਵੋਲਿਊਸ਼ਨਰੀ) ਸੀ। ਬੋਲੀਵੀਆ, ਵੈਨਜ਼ੂੲੇਲਾ ਤੋਂ ਬਿਨਾਂ ਕਿਊਬਾ ਵਿਚ ਵੀ ਇਹ ਬਰਸੀ ਬਹੁਤ ਉਤਸ਼ਾਹ ਨਾਲ ਮਨਾੲੀ ਗੲੀ। ਕਿਊਬਾ ਦੇ ਸ਼ਹਿਰ ਸਾਂਤਾ ਕਲਾਰਾ ਜਿਥੇ ਕਿ ਕਿਸੇ ਵੇਲੇ ਕਿਊਬਾ ਦੀ ਇਨਕਲਾਬੀ ਲੜਾੲੀ ਵਿਚ ਚੀ ਲੜਿਆ ਸੀ ਤੇ ਜਿਥੇ ਉਸ ਦੀ ਯਾਦਗਾਰ ਬਣਾੲੀ ਗੲੀ ਹੈ, ਵਿਖੇ ਹਜ਼ਾਰਾਂ ਲੋਕ ਇਕੱਠੇ ਹੋੲੇ ਜਿਨ੍ਹਾਂ ਵਿਚ ਫੀਡਲ ਕਾਸਟਰੋ ਦੇ ਭਰਾ ਰਾਉਲ ਕਾਸਟਰੋ ਵੀ ਸ਼ਾਮਿਲ ਸਨ।
ਚੀ ਗਵੇਰਾ ਜੋ ਕਿ ਪੇਸ਼ੇ ਵਜੋਂ ਇਕ ਡਾਕਟਰ ਸੀ, ਦਾ ਜਨਮ ਅਰਜਨਟਾੲੀਨਾ ਵਿਚ ਹੋਇਆ ਸੀ। ਉਹ ਫੀਡਲ ਕਾਸਟਰੋ ਦੇ ਨਾਲ ਕਿਊਬਾ ਦੇ ਇਨਕਲਾਬ ਲੲੀ ਲੜਾੲੀ ਵਿਚ ਲੜਿਆ। ਕਿਊਬਾ ਵਿਚ ਇਨਕਲਾਬੀ ਲੜਾੲੀ ਦੀ ਜਿੱਤ ਤੋਂ ਬਾਅਦ ਚੀ ਬੋਲੀਵੀਆ ਚਲਾ ਗਿਆ ਸੀ ਜਿਥੇ ਉਹ ਕਿਊਬਾ ਵਾਂਗ ਇਨਕਲਾਬ ਲਿਆਉਣਾ ਚਾਹੁੰਦਾ ਸੀ। ਅੱਜ ਤੋਂ ਚਾਲੀ ਸਾਲ ਪਹਿਲਾਂ ਉਹ ਬੋਲੀਵੀਆ ਦੀਆਂ ਫ਼ੌਜਾਂ ਜਿਨ੍ਹਾਂ ਨੂੰ ਕਿ ਅਮਰੀਕਾ ਦੀ ਖੁਫ਼ੀਆ ੲੇਜੰਸੀ ਸੀ. ਆੲੀ. ੲੇ. ਦੀ ਸਹਾਇਤਾ ਹਾਸਲ ਸੀ, ਨਾਲ ਲੜਦਾ ਸ਼ਹੀਦ ਹੋ ਗਿਆ ਸੀ। ਕਿਊਬਾ ਵਿਚ ਅੱਜ ਵੀ ਉਸ ਨੂੰ ਇਨਕਲਾਬ ਦੇ ਮਹਾਨ ਯੋਧੇ ਵਜੋਂ ਯਾਦ ਕੀਤਾ ਜਾਂਦਾ ਹੈ। ਉਸ ਦੇ ਵੱਡੇ-ਵੱਡੇ ਪੋਸਟਰ ਅਤੇ ਤਸਵੀਰਾਂ ਥਾਂ-ਥਾਂ ’ਤੇ ਲੱਗੇ ਹੋੲੇ ਹਨ। ਹਰ ਸ਼ੱੁਕਰਵਾਰ ਸਵੇਰੇ ਸਕੂਲਾਂ ਦੇ ਬੱਚੇ ਚਿੱਟੀ ਤੇ ਲਾਲ ਡਰੈੱਸ ਪਾ ਕੇ ਰਾਸ਼ਟਰੀ ਗੀਤ ਗਾਉਣ ਤੋਂ ਬਾਅਦ ਅਤੇ ਰਾਸ਼ਟਰੀ ਝੰਡੇ ਨੂੰ ਸਲਾਮੀ ਦੇਣ ਤੋਂ ਬਾਅਦ ਨਾਅਰੇ ਲਾਉਂਦੇ ਹਨ ਕਿ ਅਸੀਂ ਚੀ ਵਰਗੇ ਬਣਾਂਗੇ। ਜਦੋਂ ਅਧਿਆਪਕ ਬੱਚਿਆਂ ਨੂੰ ਪੁੱਛਦੇ ਹਨ ਕਿ ਚੀ ਕਿਹੜੇ ਗੁਣਾਂ ਦੀ ਪ੍ਰਤੀਨਿਧਤਾ ਕਰਦਾ ਹੈ ਤਾਂ ਬੱਚੇ ਕਹਿੰਦੇ ਹਨ ਕਿ ਇਮਾਨਦਾਰੀ, ਹੌਸਲਾ ਅਤੇ ਕੌਮਾਂਤਰੀਵਾਦ (ਇੰਟਰਨੈਸ਼ਨਲਿਜ਼ਮ)। ਬੱਚੇ ਕਹਿੰਦੇ ਹਨ ਕਿ ਉਹ ਇਕ ਹੋਰ ਦੇਸ਼ ਤੋਂ ਆ ਕੇ ਸਾਡੇ ਦੇਸ਼ ਨੂੰ ਆਜ਼ਾਦ ਕਰਵਾਉਣ ਲੲੀ ਲੜਿਆ।
ਕਿਊਬਾ ਵਿਚ ਅਮਰੀਕਾ-ਪੱਖੀ ਡਿਕਟੇਟਰ ਬਤੀਸਤਾ ਦੀ ਹਾਰ ਤੋਂ ਬਾਅਦ ਕਾਸਟਰੋ ਨੇ ਚੀ ਨੂੰ ਕਿਊਬਾ ਵਿਚ ਵੱਡੀਆਂ ਪਦਵੀਆਂ ਦਿੱਤੀਆਂ। ਉਸ ਨੂੰ ਸੈਂਟਰਲ ਬੈਂਕ ਦਾ ਮੁਖੀ ਅਤੇ ਦਸਤਕਾਰੀ ਦਾ ਮੰਤਰੀ (ਇੰਡਸਟਰੀ ਮਨਿਸਟਰ) ਬਣਾਇਆ ਗਿਆ। ਪਰਚੀ ਕਿਊਬਾ ਛੱਡ ਕੇ ਅਫਰੀਕਾ ਅਤੇ ਲਾਤੀਨੀ ਅਮਰੀਕਾ ਦੇ ਦੂਜੇ ਦੇਸ਼ਾਂ ਵਿਚ ਇਨਕਲਾਬ ਫੈਲਾਉਣ ਲੲੀ ਚਲਾ ਗਿਆ। ਰਿਟਾਇਰਡ ਜਨਰਲ ਵਿਯੇਗਾਨ ਜੋ ਕਿ ਪਹਿਲਾਂ ਕਿਊਬਾ ਦੀਆਂ ਸ਼ੀਆਰਾ ਮਾਇਸਤਰਾ ਪਹਾੜੀਆਂ ਵਿਚ ਚੀ ਨੂੰ ਮਿਲਿਆ ਅਤੇ ਬਾਅਦ ਵਿਚ ਅਫਰੀਕਾ ਦੇ ਦੇਸ਼ ਕੌਂਗੋ ਅਤੇ ਲਾਤੀਨੀ ਅਮਰੀਕਾ ਵਿਚ ਬੋਲੀਵੀਆ ਵਿਚ ਵੀ ਚੀ ਦੇ ਨਾਲ ਲੜਿਆ, ਨੇ ਕਿਹਾ ਕਿ ਚੀ ਲੲੀ ਸਮਾਜਿਕ ਤਬਦੀਲੀ ਅਤੇ ਇਨਸਾਫ਼ ਲੲੀ ਇਨਕਲਾਬੀ ਸੰਘਰਸ਼ ਹੀ ਸਭ ਕੁਝ ਸੀ। ਚੀ ਦੀ ਸੋਚ ਸੀ ਕਿ ਸਾਮਰਾਜ ਨੂੰ ਹਰਾਉਣ ਲੲੀ ਅਤੇ ਸਮਾਜਵਾਦ ਉਸਾਰਨ ਲੲੀ ਇਕੋ-ਇਕ ਰਾਹ ਹਥਿਆਰਬੰਦ ਸੰਘਰਸ਼ ਦਾ ਹੀ ਹੈ।
ਪੱਛਮੀ ਦੇਸ਼ਾਂ ਵਿਚ ਚੀ ਗਵੇਰਾ ਦਾ ਪ (ਇਮੇਜ) ਇਕ ਸਮਰਪਿਤ ਮਾਰਕਸਵਾਦੀ ਇਨਕਲਾਬੀ ਯੋਧੇ ਤੋਂ ਇਕ ਰੁਮਾਂਚਿਕ ਬਾਗੀ ਵਾਲਾ ਬਣਾ ਦਿੱਤਾ ਗਿਆ ਹੈ। ਉਸ ਦੀ ਤਸਵੀਰ ਫੋਟੋਗ੍ਰਾਫੀ ਦੇ ਇਤਿਹਾਸ ਵਿਚ ਸਭ ਤੋਂ ਵੱਧ ਪ੍ਰਚਲਿਤ ਹੋੲੀ ਹੈ। ਯੂਨੀਵਰਸਿਟੀਆਂ ਦੇ ਵਿਦਿਆਰਥੀ, ਆਮ ਲੋਕ ਤੇ ਕੲੀ ਵਾਰੀ ਡਾਕਟਰ ਵੀ ਚੀ ਗਵੇਰਾ ਦੀ ਤਸਵੀਰ ਵਾਲੀਆਂ ਕਮੀਜ਼ਾਂ ਪਾੲੀ ਨਜ਼ਰ ਆਉਂਦੇ ਹਨ। ਇਹ ਵੀ ਕਿਹਾ ਜਾ ਸਕਦਾ ਹੈ ਕਿ ਸਰਮਾੲੇਦਾਰੀ ਨੇ ਚੀ ਦੇ ਅਕਸ ਦਾ ਵਪਾਰੀਕਰਨ ਕਰ ਦਿੱਤਾ ਹੈ। ਪਰ ਹੁਣ ਜਦੋਂ ਸੰਸਾਰੀਕਰਨ ਅਤੇ ਪੱਛਮੀ ਸਰਮਾੲੇਦਾਰੀ ਡੂੰਘੇ ਸੰਕਟ ਦੇ ਸ਼ਿਕਾਰ ਹੋ ਚੁੱਕੇ ਹਨ ਅਤੇ ਲਾਤੀਨੀ ਅਮਰੀਕਾ ਅਤੇ ਸੰਸਾਰ ਵਿਚ ਖੱਬੇ-ਪੱਖੀ ਵਿਚਾਰਧਾਰਾ ਦਾ ਪੁਨਰ-ਉਭਾਰ ਹੋ ਰਿਹਾ ਹੈ ਤਾਂ ਚੀ ਗਵੇਰਾ ਦਾ ਇਕ ਸਮਰਪਿਤ ਮਾਰਕਸਵਾਦੀ ਇਨਕਲਾਬੀ ਵਜੋਂ ਇਤਿਹਾਸ ਵਿਚ ਸਥਾਨ ਵੀ ਪੁਨਰ-ਸਥਾਪਿਤ ਹੋ ਰਿਹਾ ਹੈ। ਨਿਰਸੰਦੇਹ ਪੱਛਮੀ ਸਰਮਾੲੇਦਾਰੀ ਅਤੇ ਸੰਸਾਰੀਕਰਨ ਨੂੰ ਵੱਡੀ ਚੁਣੌਤੀ ਮਿਲਣ ਵਾਲੀ ਹੈ ਅਤੇ ਚੀ ਗਵੇਰਾ ਦੀ ਇਤਿਹਾਸਕ ਭੂਮਿਕਾ ਵੀ ਹੋਰ ਮਹੱਤਵਪੂਰਨ ਤੇ ਸਾਰਥਿਕ ਹੋ ਗੲੀ ਹੈ।
(ਧੰਨਵਾਦ ਰੋਜ਼ਾਨਾ ਅਜੀਤ ਜਲੰਧਰ )
ਪੂਰੀ ਪੰਜਾਬੀ ਖ਼ਬਰ ਵੇਖੋ: http://www.ajitjalandhar.com/20071012/edit3.php
(ਗ਼ੈਰ ਯੂਨੀਕੋਡ ਸਾਇਟ)