27 January, 2009

ਕੀ ਮੈਂ ਨਿਰਪੱਖ ਹੋ ਸਕਿਆ?

ਨਿਰਪੱਖ - ਕਿਸੇ ਦਾ ਪੱਖ ਨਾ ਲੈਣਾ, ਬਿਨਾਂ ਕਿਸੇ ਭੇਦ-ਭਾਵ ਤੋਂ
ਗੱਲ਼ ਕਰਨੀ
ਸ਼ਾਇਦ ਮੈਂ ਖੁਦ ਨੂੰ ਬਹੁਤ ਵਾਰ ਸੋਚਿਆ ਕਿ ਨਿਰਪੱਖ ਰੱਖਾਂ,
ਜਦੋਂ ਵੀ ਕਦੇ ਮੌਕਾ ਬਣਿਆ, ਪਰ ਹਮੇਸ਼ਾ ਸੁਆਲ ਟੱਕਰਦਾ ਰਿਹਾ,
ਨਿਰਪੱਖ ਕਿਵੇਂ ਬਣਿਆ ਜਾਵੇ, ਕੌਣ ਨਿਰਪੱਖ ਹੋ ਸਕਦਾ ਹੈ, ਕੌਣ
ਮੇਰਾ ਅਦਾਰਸ਼ ਬਣੇ? ਕੁਝ ਕੁ ਜੀਵਨ ਪੜ੍ਹੇ, ਕੁਝ ਕੁ ਵਿਚਾਰ
ਪੜ੍ਹੇ, ਕੁਝ ਕੁ ਤਜਰਬਿਆਂ ਤੋਂ ਸਿੱਖਿਆ, ਬਹੁਤ ਕੁਝ ਸੁਣਿਆ,
ਸਿੱਖ ਧਰਮ ਦੇ ਵਿਚਾਰਾਂ ਤੋਂ ਲੈ ਕੇ ਭਗਤ ਸਿੰਘ ਤੱਕ, ਅਕਬਰ
ਬਾਰੇ ਜਾਣਨ ਤੋਂ ਲੈ ਕੇ ਰਣਜੀਤ ਸਿੰਘ ਦੇ ਰਾਜਾਂ ਬਾਰੇ ਸੁਣਿਆ ਕੀਤਾ,
ਕਦੇ ਅਮਰੀਕੀਆਂ ਦਾ ਇਤਹਾਸ ਸਮਝਿਆ ਤਾਂ ਕਦੇ ਰੂਸੀਆਂ ਬਾਰੇ
ਗੱਲਾਂ ਸਾਂਝੀਆਂ ਕੀਤੀਆਂ, ਕਦੇ ਪੰਡਤਾਂ ਬਾਰੇ ਸੁਣਿਆ ਤਾਂ ਕਦੇ
ਮੇਰਾ ਦੇਸ਼ ਮਹਾਨ ਵਰਗੇ ਨਾਅਰੇ ਗੂੰਜੇ ਮੇਰੇ ਦਿਮਾਗ ਅੰਦਰ, ਪਰ
ਖੁਦ ਨੂੰ ਕਦੇ ਵੀ ਨਿਰਪਖ ਨਾ ਰੱਖ ਸਕਿਆ, ਹਾਲਾਂ ਕਿ ਸਭ ਤੋਂ
ਛੋਟੇ ਫੈਸਲੇ ਉੱਤੇ ਵੀ ਨਿਰਪੱਖ ਨਾ ਹੋ ਸਕਿਆ ਫੇਰ ਭਾਵੇਂ ਅੱਖਾਂ
ਸਾਹਮਣੇ ਦਿਸਦੇ ਦੋ ਰੰਗ ਹੋਣ ਜਾਂ ਦੋ ਰਲਦੇ ਮਿਲਦੇ ਵਿਚਾਰ...

ਜੇ ਮੈਂ ਸਿੱਖ ਧਰਮ ਵੱਲ ਝੁਕਾਅ ਰੱਖਾਂ ਤਾਂ ਮੈਂ (ਧਰਮ)-ਨਿਰਪੱਖ ਇਨਸਾਨ ਨਾਲ
ਨਹੀਂ ਰਹਿ ਸਕਦਾ, ਕਿਓ? ਸ਼ਾਇਦ ਮੈਂ ਕਾਮਰੇਡਾਂ ਦੇ ਵਿਰੁਧ ਰਹਾਂਗਾ,
ਤਾਂ ਕਿ ਉਹ ਇਨਸਾਨ ਹੀ ਹਨ

ਜੇ ਮੈਂ ਆਪਣੇ ਆਪ ਨੂੰ ਧਰਮ-ਨਿਰਪੱਖ ਮੰਨਾਂ ਤਾਂ ਕੀ ਇਹ ਸੰਭਵ ਹੈ ਕਿ
ਮੈਂ ਰੱਬ ਦਾ ਨਾਂ ਲਵਾਂ ਅਤੇ ਧਰਮ-ਨਿਰਪੱਖ ਹੋਵਾਂ?

ਜੇ ਮੈਂ ਆਪਣੇ ਆਪ ਨੂੰ ਭਾਰਤੀ ਕਹਾਂ ਤਾਂ ਸਾਰੀ ਦੁਨਿਆਂ, ਇਹ ਸੰਸਾਰ ਕੀ
ਵੰਡਿਆ ਗਿਆ? ਕੀ ਮੈਂ ਅਫਰੀਕੀ ਜਾਂ ਅਮਰੀਕੀ ਤੋਂ ਵੱਖਰਾ ਇਨਸਾਨ ਹਾਂ?
ਨਹੀਂ ਤਾਂ ਫੇਰ ਭਾਰਤੀ ਕਹਿਣਾ ਕਿਓ, ਇਨਸਾਨ ਹੀ ਕਿਓ ਨਹੀਂ।
ਸੰਸਾਰ ਸਭ ਦਾ ਹੈ ਤਾਂ ਖਿੱਤੇ ਵਿੱਚ ਵੰਡਿਆ ਕਿਓ, ਚੱਲੋ ਵੰਡਿਆ ਤਾਂ
ਸਮਝ ਗਿਆ ਕਿ ਪਰਬੰਧ ਲਈ, ਪਰ ਮਾਣ ਕਿਓ ਕੀ ਮੈਂ ਭਾਰਤੀ,
ਅਮਰੀਕੀ, ਰੂਸੀ ਕਿਓ? ਕੀ ਇੰਝ ਨਿਰਪੱਖ ਹੋਣਾ ਸੰਭਵ ਹੈ, ਸ਼ਾਇਦ
ਮੈਂ ਇਸ ਨੂੰ ਸਮਝ ਨੀਂ ਸਕਿਆ ਕਿਤੇ, ਪਰ ਆਖਰ ਮੈਂ ਨਿਰਪੱਖ
ਨੀਂ ਰਹਿ ਸਕਿਆ

ਮੈਂ ਜਿੰਦਗੀ ਦੀ ਸਭ ਤੋਂ ਛੋਟੀ ਉਲਝਣ ਤੋਂ ਸ਼ੁਰੂ ਕਰਾਂ ਤਾਂ ਮੈਨੂੰ
ਰੰਗਾਂ ਵਿੱਚ ਪੀਲਾ ਰੰਗ ਬਹੁਤ ਪਸੰਦ ਹੈ ਅਤੇ ਫੇਰ ਹਰਾ, ਲਾਲ,
ਹੁਣ ਮੈਨੂੰ ਕੋਈ ਰੰਗ ਚੁਣਨ ਲਈ ਕਹੇਗਾ ਤਾਂ ਮੈਂ ਰੰਗਾਂ ਦੀ ਚੋਣ
ਕਦੇ ਵੀ ਨਿਰਪੱਖਤਾ ਨਾਲ ਨਹੀਂ ਕਰ ਸਕਾਂਗਾ।

ਮੈਂ ਖੁਦ ਨੂੰ ਆਪਣੀ ਨਿਰਪੱਖਤਾ ਬਾਰੇ ਸਮਝਾ ਨਹੀਂ ਸਕਿਆ ਹਾਲੇ ਤੱਕ,
ਹਮੇਸ਼ਾ ਮੈਨੂੰ ਮੇਰਾ ਝੁਕਾ ਕਿਸੇ ਪਾਸੇ ਥੋੜ੍ਹਾ ਬਹੁਤ ਲੱਗਦਾ ਹੀ ਹੈ, ਤਰਕ
ਕਰਨ ਨਾਲ ਵੀ ਮੇਰਾ ਝੁਕਾ ਖਤਮ ਨਹੀਂ ਹੁੰਦਾ ਅਤੇ ਜ਼ਿੰਦਗੀ ਦੇ ਬਹੁਤ
ਸਾਰੇ ਅਜਿਹੇ ਦਰਿਆ ਆਉਂਦੇ ਹਨ, ਜਿੱਥੋਂ ਮੈਂ ਨਿਰਪੱਖਤਾ ਦੀ ਬੇੜੀ ਚੜ੍ਹ
ਪਾਰ ਜਾ ਹੀ ਨਹੀਂ ਸਕਿਆ।

ਕੀ ਨਿਰਪੱਖਤਾ ਬਿਨਾਂ ਜ਼ਿੰਦਗੀ ਅਧੂਰੀ ਹੈ? ਕੀ ਗਿਆਨ ਲੈਣ
ਅਤੇ ਸਮਝਣ ਦੇ ਮੱਤ ਲਈ ਨਿਰਪੱਖਤਾ ਦੀ ਲੋੜ ਹੈ?
ਅਤੇ ਸ਼ਾਇਦ ਸਭ ਤੋਂ ਪਹਿਲਾਂ ਸਵਾਲ ਕਿ
ਕੀ ਜ਼ਿੰਦਗੀ ਵਿੱਚ ਨਿਰਪੱਖ ਹੋਣਾ ਕੀ ਲਾਜ਼ਮੀ ਹੈ? ਸ਼ਾਇਦ ਇਹ ਸਵਾਲ
ਪਹਿਲਾਂ ਕਰਨਾ ਚਾਹੀਦੀ ਹੈ, ਫੇਰ ਬਹਿਸ ਅੱਗੇ ਤੋਰੀ ਚਾਹੀਦੀ ਸੀ।
ਪਰ ਮੈਂ ਨਿਰਪੱਖਤਾ ਦੇ ਬੇਮੁਹਾਣ ਵਹਿਣ 'ਚ ਦੂਰ ਆ ਗਿਆ ਅਤੇ
ਹੁਣ ਇਸ ਦਾ ਖਹਿੜਾ ਕਿਸੇ ਗੱਲ਼ ਨਾਲ ਹੀ ਛੁੱਟੇਗਾ, ਸ਼ਾਇਦ
ਕੋਈ ਨਿਰਪੱਖਤਾ ਦਾ ਜਵਾਬ ਦੇਵੇ ਤਾਂ...

1 comment:

Anonymous said...

ਬਹੁਤ ਸੋਹਣੀਆਂ ਗੱਲਾਂ ਕੀਤੀਆਂ ਨੇ ਜੀ..
ਨਿਰਪੱਖ ਹੋਣਾ ਅਤਿਅੰਤ ਮੁਸ਼ਕਿਲ ਹੈ, ਤੇ ਜੇ ਤੁਸੀਂ ਨਿਰਪੱਖ ਹੋ ਵੀ ਗਏ ਤਾਂ ਕੀ ਨਿਰਪੱਖਤਾ ਦਾ ਪੱਖ ਨਹੀਂ ਪੂਰੋਂ ਗੇ?
ਅਸਲ ਜਰੂਰਤ ਤਰਕ ਦੇ ਅਧਾਰ ਤੇ ਸੋਚ ਰੱਖਣ ਦੀ ਹੈ, ਕੱਟਡ਼ਤਾ ਤੋਂ ਰਹਿਤ ਹੋਣ ਦੀ, ਹੋਰਨਾਂ ਵਿਚਾਰਾਂ ਦਾ ਆਦਰ ਕਰਨ ਦੀ, ਤੇ ਆਪਣੇ ਵਿਚਾਰਾਂ ਨੂੰ ਵੰਡਣ ਦੀ !