13 November, 2018

ਇਕਸਾਰਤਾ

ਸ਼ਾਇਦ ਕੁਦਰਤ 'ਚ ਇਕਸਾਰਤਾ ਦੀ ਕਮੀ ਹੈ। ਕੁਦਰਤ ਕਦੇ ਵੀ ਇਕਸਾਰਤਾ ਨੂੰ ਪਸੰਦ ਨਹੀਂ ਕਰਦੀ। 
ਇਹ ਹਮੇਸ਼ਾਂ ਵੱਖਰੇਵੇਂ ਬਣਾਈ ਰੱਖਦੀ ਹੈ। ਹਰ ਇਨਸਾਨ ਦੂਜੇ ਤੋਂ ਵੱਖਰਾ ਹੈ, ਰੰਗ ਨਾ ਸਹੀ, 
ਰੂਪ ਨਾ ਸਹੀ, ਸੋਚ ਵੇਖ ਲਵੋ,ਸੁਭਾਅ ਵੇਖ ਲਵੋ। ਕੁਦਰਤ ਨੂੰ ਹਮੇਸ਼ਾ ਵੱਖਰੇਵਾਂ ਪਸੰਦ ਹੈ। 
ਇਹ ਕਦੇ ਵੀ  ਸੰਪੂਰਨਤਾ ਵੱਲ ਨਹੀਂ ਜਾਂਦੀ, ਕਿਸੇ ਨੂੰ ਚੀਜ਼, ਤੱਤ ਨੂੰ ਸੰਪੂਰਨ ਨਹੀਂ ਹੋਣ ਦਿੰਦੀ। 
ਜੇ ਕੋਈ ਚੀਜ਼ ਸੰਪੂਰਨ ਹੁੰਦੀ ਹੈ ਤਾਂ ਉਸ ਦੀ ਲੋੜ ਕੁਦਰਤ 'ਚ ਨਹੀਂ ਹੁੰਦੀ ਹੈ। ਸ਼ਾਇਦ ਉਹ 
ਰੱਬ ਬਣ ਜਾਂਦੀ ਹੈ, ਉਹ ਕੁਦਰਤ ਤੋਂ ਬਾਹਰ ਹੋ ਜਾਂਦੀ ਹੈ।

ਸੂਰਜ ਦੁਆਲੇ ਘੁੰਮਣ ਵਾਲੇ ਗ੍ਰਹਿ ਚਾਲ ਤਾਂ ਬਣਾਈ ਰੱਖਦੇ ਹਨ, ਪਰ ਚਾਲ ਪੂਰਨ ਨਹੀਂ ਹੈ।
ਉਸ ਵਿੱਚ ਹਰ ਵਾਰ ਕੁਝ ਮਿੰਟ ਸਕਿੰਟ ਦਾ ਵਾਧਾ-ਘਾਟਾ ਚੱਲਦਾ ਹੈ। ਸੂਰਜ ਵੀ ਪੂਰਨ ਨਹੀਂ
ਹੈ, ਇਕਸਾਰ ਨਹੀਂ ਹੈ, ਉਸ ਦਾ ਆਕਾਰ ਬਦਲ ਰਿਹਾ ਹੈ, (ਬੇਸ਼ਕ ਐਨਾ ਹੌਲੀ ਹੈ ਕਿ ਇਨਸਾਨ

ਦੀ ਉਮਰ ਮਾਪ ਲਈ ਥੋੜ੍ਹੀ ਹੈ)। ਹੜ੍ਹ, ਤੂਫਾਨ, ਛੱਲਾਂ ਇਕਸਾਰ ਨਹੀਂ ਹੁੰਦੀਆਂ। ਰੁਟੀਨ,
ਇਕਸਾਰਤਾ ਕੁਦਰਤ ਦੀ ਖੇਡ 'ਚ ਜਾਣੀ-ਪਛਾਣੀ ਚੀਜ਼ ਨਹੀਂ ਹੈ।
ਕਹਿਣ ਵਾਲੇ ਕਹਿ ਸਕਦੇ ਹਨ ਕਿ ਸਮਾਂ ਸਥਿਰ, ਇਕਸਾਰ ਹੈ, ਪਰ ਜਾਣਨ ਵਾਲੇ ਜਾਣਦੇ ਹਨ ਕਿ
ਸਮਾਂ ਇਕਸਾਰ ਨਹੀਂ ਰਹਿੰਦਾ। ਇਹ ਕੁਦਰਤ ਤੋਂ ਬਾਹਰ ਕਿਵੇਂ ਹੋ ਸਕਦਾ ਹੈ। ਕੁਝ ਗ੍ਰਹਿ
ਉੱਤੇ ਇਸ ਦੀ ਚਾਲ ਤੇਜ਼ ਹੈ ਅਤੇ ਕੁਝ ਤੇ ਹੌਲੀ। ਅੰਨ੍ਹੇ ਖੂਹਾਂ (ਬਲੈਕ ਹੋਲ) ਵਿੱਚ ਤੁਸੀਂ
ਆਪਣੀ ਉਮਰ ਨੂੰ ਛਲ ਸਕਦੇ ਹੋ। ਆਇਨਸਾਈਨ ਦੀ ਥਿਊਰੀ ਹੈ ਇਹ।

ਜੇ ਇਸ਼ਕ ਮੁਕੰਮਲ ਹੋਵੇ ਤਾਂ ਦੋਵਾਂ ਜਾਣਿਆਂ ਨੂੰ ਦੁਨਿਆਂ 'ਚ ਕਿਸੇ ਚੀਜ਼ ਦੀ ਲੋੜ ਨਾ ਹੋਵੇ।
ਉਹ ਕੁੱਲੀ 'ਚ ਵੀ ਰਹਿ ਲੈਣ ਸ਼ਾਇਦ, ਉਹ ਚੱਲ ਰਹੇ ਸਿਸਟਮ ਨੂੰ ਵਿਗਾੜ ਦੇਣਗੇ।
ਕਿੰਨਾ ਕੁਝ ਏ ਜੋ ਸਿਰਫ਼ ਇਸ ਉਘੜ-ਦੁਘੜੇ ਹੋਣ ਕਰਕੇ ਹੀ ਚੱਲਦਾ ਹੈ।


ਇਹ ਵਿਗਾੜ, ਇਹ ਫ਼ਰਕ, ਇਹ ਵਾਧਾ-ਘਾਟਾ ਹੀ ਕੁਦਰਤ 'ਚ ਚੱਲਦਾ ਹੈ। ਉਹ ਲਗਾਤਾਰ
ਇਹ ਵਾਧਾ-ਘਾਟਾ ਬਣਾਈ ਰੱਖਦੀ ਹੈ। ਬੱਚਿਆਂ ਵਾਂਗ ਢਾਹ ਲਿਆ ਬਣਾ ਲਿਆ ਇਸੇ

ਦੇ ਤਹਿਤ ਹੈ।

No comments: