05 April, 2017

ਮਿਲਣ ਦਾ ਤਰਲਾ...

ਜੇ ਕਹਿੰਦਾ ਨਹੀਂ ਤਾਂ ਸਮਝੀ ਨਾ ਕਿ ਕਹਿਣ ਨੂੰ ਦਿਲ ਨਹੀਂ ਕਰਦਾ
ਜੇ ਮਿਲਦਾ ਨਹੀਂ ਤਾਂ ਸਮਝੀ ਨਾ ਕਿ ਮਿਲਣ ਨੂੰ ਦਿਲ ਨਹੀਂ ਕਰਦਾ

ਜੀਅ ਤਾਂ ਬਹੁਤ ਕਰਦਾ ਕਿ ਕਦੇ ਆ ਕੇ ਮਿਲਾ
ਜੀਅ ਤਾਂ ਬਹੁਤ ਕਰਦਾ ਕਿ ਕਹਿ ਵੀ ਦਿਆ
ਪਰ
ਸੋਚਾਂ ਕਿ ਛੱਡ ਐਵੇਂ ਤੇਰੇ ਵਿਹਾਰ 'ਚ ਵਿਗਨ ਨਾ ਪਾ ਦਿਆ
ਮੈਂ ਤਾਂ ਅੱਗੇ ਹੀ ਖੁਦ ਨੂੰ ਗੁਨਾਹਗਾਰ ਸਮਝਦਾ ਹਾਂ
ਤੈਨੂੰ ਦੱਸ ਜੋ ਦਿੱਤਾ ਇਹ ਸਭ
ਜੋ ਹੁਣ ਸੋਚਦਾ ਹਾਂ ਕਿ ਨਹੀਂ ਸੀ
ਕਹਿਣਾ ਚਾਹੀਦਾ ਮੈਨੂੰ
ਐਵੇਂ ਤੇਰਾ ਵਕਤ ਖ਼ਰਾਬ ਕੀਤਾ
ਐਵੇਂ ਤੈਨੂੰ ਸੋਚਾਂ ਵਿੱਚ ਪਾਇਆ
ਐਵੇਂ ਤੇਰੇ ਜਜ਼ਬਾਤਾਂ ਨੂੰ ਛੇੜਿਆ
ਮੈਨੂੰ ਬਹੁਤ ਘਿਰਣਾ ਹੁੰਦੀ ਹੈ ਖੁਦ ਨਾਲ
ਇਹ ਨਾ ਕਰਦਾ ਤਾਂ ਈ ਚੰਗਾ ਸੀ

ਪਰ ਕੀ ਕਰਾਂ
ਅੰਬਰ ਚਮਕਦੀ ਧੁੱਪ ਤੇਰੀ ਸੀਰਤ ਤੋਂ ਤੇਜ਼ ਲੈ ਆਉਂਦੀ ਹੈ
ਰਾਤ ਦੇ ਚਮਕਦੇ ਤਾਰੇ ਤੇਰੇ ਸੁਨੇਹਾ ਲੈ ਆਉਂਦੇ ਜਾਪਦੇ ਨੇ
ਵਗਦੀ ਹਵਾ ਤੇਰੇ ਬੋਲਾਂ ਵਰਗੀ ਲੱਗਦੀ ਏ
ਤੇ ਪਰਭਾਤ ਤੇਰੇ ਚਿਹਰੇ ਦਾ ਭਰਮ ਪਾਉਂਦੀ ਏ
ਤੇ ਢਲਦੀ ਸ਼ਾਮ ਤੇਰੀਆਂ ਅੱਖਾਂ ਦੀ ਝੌਲਾ ਪਾਉਂਦੀ ਏ

ਤੇ
ਕਮਰੇ 'ਚ ਖਿੜਕੀ 'ਚ ਬੈਠਾ ਸੋਚਦਾ ਹਾਂ ਮੈਂ
ਕਿ ਚਾਹੁਣ ਨਾ ਚਾਹੁਣ ਦਾ ਫ਼ਰਕ ਨਹੀਂ ਪੈਂਦਾ
ਖਿਆਲ ਤਾਂ ਤੇਰੇ ਇੰਜ ਆਉਂਦੇ ਹਨ,
ਜਿਵੇਂ ਦਰਿਆ ਦਾ ਵਹਿਣ ਹੋਵੇ, ਉਤੋਂ ਸ਼ਾਂਤ,
ਅੰਦਰੋਂ ਤੇਜ਼, ਤੇ ਲਗਾਤਾਰ ਖੋਰਦੇ ਨੇ
ਮੇਰੇ ਜ਼ਜਬਾਤਾਂ ਦੇ ਕੰਢਿਆਂ ਨੂੰ

ਕਦੇ ਕਦੇ ਬਹਾਰ ਦੀ ਰੁੱਤੇ ਖੇਤਾਂ ਵਿੱਚ ਰੁਕਮਦੀ
ਮੱਠੀ ਮੱਠੀ ਠੰਡੀ ਹਵਾ ਵਰਗੇ ਜਾਪਦੇ ਨੇ
ਕਦੇ ਜੇਠ ਹਾੜ ਦੀ ਧੁੱਪ ਵਾਂਗ
ਨਿਚੋੜ ਦਿੰਦੇ ਨੇ ਜਜ਼ਬਾਤਾਂ ਨੂੰ
ਪਰ ਸਾਉਣ ਮਹੀਨੇ ਦੇ ਮੀਂਹ ਵਾਂਗ
ਕਦੇ ਕਦੇ ਵਰਦੇ ਨੇ ਮਿਹਰਬਾਨ ਹੋਕੇ

ਹੁਣ ਸੱਚੀ ਜੀਅ ਨੀਂ ਲੱਗਦਾ ਕੰਮ 'ਚ
ਨਹੀਂ ਜੀਅ ਕਰਦਾ ਕਿਸੇ ਨੂੰ ਬਲਾਉਣ ਨੂੰ
ਨਹੀਂ ਕਿਤੇ ਜੀਅ ਕਰਦਾ ਜਾਣ ਆਉਣ ਨੂੰ
ਨਾ ਕਦੇ ਕਰੇ ਜੀਅ ਕਿਸੇ ਨੂੰ ਮਿਲਣ ਨੂੰ

ਪਤਾ ਨੀਂ ਕੀ ਕਰਦੇ ਰਹਿੰਦੇ ਨੇ ਲੋਕ ਸਾਰੇ ਦਿਨ
ਮੈਨੂੰ ਤਾਂ ਬੱਸ ਤੇਰੇ ਹੀ ਖਿਆਲ ਆਉਂਦੇ ਨੇ

ਗੱਲ ਏਹ ਆ..
ਦਿਲਗੀਰ ਰਹਿੰਦਾ ਹਾਂ ਮੈਂ ਸਾਰਾ ਦਿਨ
ਰਾਹਾਂ 'ਤੇ ਟੁਰਦਿਆਂ ਵੀ ਖਿਆਲ ਤੇਰੇ ਰਹਿੰਦੇ ਨੇ
ਸੌਣ ਲੱਗਿਆਂ ਵੀ, ਉੱਠਦਿਆਂ ਵੀ, ਖਾਂਦਿਆਂ ਵੀ,
ਜਦੋਂ ਕੋਈ ਨਾਲ ਹੁੰਦਾ ਤਾਂ ਵੀ, ਜੇ ਨਾਲ ਨਹੀਂ ਹੁੰਦਾ ਤਾਂ ਵੀ
ਮੈਂ ਕਦੇ ਵੀ ਖੁਦ ਨਾਲ ਨਹੀਂ ਹੁੰਦਾ, ਤੇਰੇ ਹੀ ਨਾਲ ਹੁੰਦਾ ਹਾਂ
ਪਤਾ ਨੀਂ ਕਿਉਂ, ਪਰ ਜਾਪਦਾ ਹੈ ਕਿ ਝੱਲਾ ਹੋ ਗਿਆ ਵਾਂ
ਤੇ ਦਿਲ ਕਰਦਾ ਛੱਡ ਦਿਆ ਦੁਨਿਆਂ ਤੇ ਜੋਗੀ ਹੋ ਜਾਵਾਂ
ਹੁਣ ਮੋਹ ਨਹੀਂ ਰਿਹਾ ਕਾਹਦੇ ਦਾ ਵੀ ਦੁਨਿਆਂ 'ਚ
ਸਭ ਬੇਕਾਰ ਜਾਪਦਾ ਹੈ, ਬੇਲਾਗ ਹੋ ਗਿਆ ਹਾਂ

ਜਿਵੇਂ ਨੀਂਦ ਵੀ ਨਾ ਆਵੇ ਤੇ ਜਾਗਿਆ ਵੀ ਨਾ ਜਾਵੇ
ਜਿਵੇਂ ਤੁਰਨਾ ਵੀ ਚਾਹਵੇ ਤੇ ਤੁਰਿਆ ਵੀ ਨਾ ਜਾਵੇ
ਜਿਵੇਂ ਤਾਰਾ ਅੰਬਰੀੰ ਚਮਕੇ ਤੇ ਨਜ਼ਰੀ ਵੀ ਨਾ ਆਵੇ
ਜਿਵੇਂ ਦਰਿਆ ਦਾ ਪਾਣੀ ਟੁਰੇ ਵੀ ਤੇ ਪਤਾ ਵੀ ਨਾ ਲੱਗੇ
ਜਿਵੇਂ ਮਾਰੂਥਲ 'ਚ ਨਜ਼ਰੀ ਵੀ ਆਵੇ ਪਾਣੀ ਮਿਲੇ ਵੀ ਨਾ

ਜਿੰਦਗੀ ਬਣੀ ਹੈ ਬੱਦਲੀ, ਜੋ ਵਰਦੀ ਹੀ ਨਹੀਂ
ਜਾਂ ਤੂਫਾਨ ਬਣ ਗਈ, ਜੋ ਛਿਣ ਲਈ ਰੁਕਦੀ ਨਹੀਂ
ਰੇਤ ਬਣ ਗਈ, ਜੋ ਹੱਥਾਂ ਨਾਲ ਜਾਂਦੀ ਫੜੀ ਨਹੀਂ
ਜਾਂ ਹਵਾ ਹੈ, ਜੋ ਅੱਖਾਂ ਨਾਲ ਜਾਂਦੀ ਵੇਖੀ ਨਹੀਂ
ਜਾਂ ਜਜ਼ਬਾਤ ਅਵੱਲਾ, ਜੋ ਪਲ਼ ਵੀ ਠਹਿਰਦਾ ਨਹੀਂ

ਹੋ ਸਕਦਾ ਖੌਰੇ ਇਜਾਜ਼ਤ ਦੇ ਦੇਵੇ ਤੂੰ ਮਿਲਣ ਦੀ
ਨਹੀਂ, ਇਹ ਇਜਾਜ਼ਤ ਤਾਂ ਦੇਵੀ ਜ਼ਰੂਰ ਮੈਨੂੰ
ਕਿਉਂਕਿ ਮੈਨੂੰ ਜਿਉਣਾ ਅਧੂਰਾ ਜਾਪਦਾ ਹੈ
ਕਿਉਂਕਿ ਮੈਨੂੰ ਰਾਤਾਂ ਨੂੰ ਸੁਪਨੇ ਆਉਂਦੇ ਨੇ
ਕਿਉਂਕਿ ਮੇਰੀ ਰੂਹ ਨੂੰ ਚੈਨ ਨਹੀਂ ਆਉਂਦਾ
ਕਿਉਂਕਿ ਮੈਂ ਰੋਣਾ ਚਾਹੁੰਦਾ ਹਾਂ ਮਿਲ ਕੇ ਤੈਨੂੰ
ਕਿਉਂਕਿ ਮੈਂ ਮਰ ਕੇ ਭਟਕਣਾ ਨਹੀਂ ਚਾਹੁੰਦਾ
ਕਿਉਂਕਿ ਮੈਂ ਸਮਰਪਤ ਕਰਨਾ ਚਾਹੁੰਦਾ ਹਾਂ ਤੈਨੂੰ
ਕਿਉਂਕਿ ਮੈਂ ਸਵਾਲ ਕਰਨੇ ਚਾਹੁੰਦੇ ਹਾਂ ਤੈਨੂੰ
ਕਿਉਂਕਿ ਮੈਂ ਜਿਉਣਾ ਚਾਹੁੰਦਾ ਹੈ ਆਮ ਲੋਕਾਂ ਵਾਂਗ
ਕਿਉਂਕਿ ਮੈਂ ਹੱਸਣਾ ਚਾਹੁੰਦਾ ਹੈ ਆਮ ਲੋਕਾਂ ਵਾਂਗ
ਕਿਉਂਕਿ ਮੈਂ ਟੁਰ ਜਾਣਾ ਚਾਹੁੰਦਾ ਹਾਂ ਮਿਲਣ ਮਗਰੋਂ
ਇਹ ਸੰਭਵ ਤਾਂ ਹੈ, ਪਰ ਇਹ ਹੋਣਾ ਮਿਲਣ ਮਗਰੋਂ ਹੀ

ਇਸਕਰਕੇ ਹੋ ਸਕਿਆ ਤਾਂ ਮਿਲ ਲਵੀ,
ਪਰ ਮਿਲੀ ਉਦੋਂ
ਜਦੋਂ ਤੈਨੂੰ ਮਿਲਣ 'ਚ ਸਮੱਸਿਆ ਨਾ ਹੋਈ
ਜਦੋਂ ਤੈਨੂੰ ਕੋਈ ਮਜਬੂਰੀ ਨਾ ਹੋਈ
ਜਦੋਂ ਤੈਨੂੰ ਕੋਈ ਡਰ ਨਾ ਹੋਇਆ
ਜਦੋਂ ਤੂੰ ਖੁਦ ਮਿਲਣਾ ਚਾਹੁੰਦੀ ਹੋਈ
ਜਦੋਂ ਤੇਰੇ ਕੋਲ ਆਪਣਾ ਵਕਤ ਹੋਇਆ
ਜਦੋਂ ਤੈਨੂੰ ਮਿਲਣ ਦਾ ਚਾਅ ਹੋਇਆ

ਹੋ ਸਕਦਾ ਹੈ ਤੈਨੂੰ ਜਾਪਦਾ ਹੋਵੇ
ਕਿ ਇਹ ਦੀ ਲੋੜ ਨਹੀਂ ਏ
ਜਾਂ ਇਹ ਸੰਭਵ ਨਹੀਂ ਹੈ
ਸ਼ਾਇਦ ਇਸ ਜਨਮ ਮਿਲ ਨਾ ਸਕੇ ਤੂੰ
ਸ਼ਾਇਦ ਅਗਲੇ ਜਨਮ ਹੀ ਮਿਲ ਸਕੇ
ਸ਼ਾਇਦ ਉਦੋਂ ਵੀ ਨਾ ਮਿਲ ਸਕੇ ਤੂੰ

ਮੈਂ ਟੁਰਦਾ ਰਹਾਂਗਾ ਤੈਨੂੰ ਮਿਲੇ ਬਿਨਾਂ ਵੀ
ਮੈਂ ਜਿਉਂਦਾ ਰਹਾਂਗਾ ਭਾਵੇਂ ਨਾ ਚਾਹਾਂਗਾ
ਮੈਂ ਉਡੀਕਦਾ ਰਹਾਂਗਾ ਉਹਨਾਂ ਥਾਵਾਂ 'ਚ
ਮੈਂ ਭਟਕਦਾ ਰਹਾਂਗਾ ਉਹਨਾਂ ਰਾਹਾਂ 'ਚ
ਕਿਉਂਕਿ ਤੇਰੇ ਬਿਨਾਂ ਵੀ ਤੇਰੇ ਖਿਆਲ
ਮੇਰੇ ਨੇ, ਤੇ ਮੇਰੇ ਕੋਲ ਨੇ ਹਮੇਸ਼ਾ ਲਈ

ਖ਼ੈਰ
ਜਿਵੇਂ ਵੀ ਫੈਸਲਾ ਹੋਇਆ ਤੇਰਾ, ਮੈਨੂੰ ਦੱਸ ਦੇਈ
ਮੈਂ ਸਿਰ ਝੁਕ ਕੇ ਫੈਸਲਾ ਮੰਨ ਲਵਾਂਗਾ,
ਕਿਉਂਕਿ
ਆਪਣੇ ਰੱਬ ਦੇ ਫੈਸਲੇ ਤੇ ਇਤਰਾਜ਼ ਨਹੀਂ ਹੈ ਮੈਨੂੰ

ਬੱਸ ਦੱਸ ਦੇਈ, ਚੁੱਪ ਨਾ ਰਹੀਂ।
ਹਾਂ ਬੱਸ ਚੁੱਪ ਨਾ ਰਹੀ, ਤੈਨੂੰ ਚੁੱਪ
ਹੋ ਜਾਣ ਦੀ ਆਦਤ ਏ
ਤੇ ਤੇਰੀ ਚੁੱਪ 'ਚ ਜਾਨ
ਅਟਕੀ ਪਈ ਹੋਵੇਗੀ ਮੇਰੀ
ਕੁਲ ਆਲਮ 'ਚ ਨੀਵੀ ਪਾਈ ਰੂਹ ਮੇਰੀ
ਤੇਰੇ ਬੋਲਾਂ ਦੀ ਉਡੀਕ ਕਰਦੀ ਹੋਵੇਗੀ

ਅਪਰੈਲ 5 ਦੀ ਤਰਕਾਲ ਸੰਧਿਆ ਵੇਲੇ ਉਡੀਕ ਕਰਦਿਆਂ...

25 March, 2016

ਧੁੱਪ ਤੇ ਮੈਂ.

ਅੱਜ ਫੇਰ ਦਿਨ ਨਿਕਲਿਆ ਧੁੱਪ ਨਾਲ ਸੀ, ਪਰ ਮੁੜ ਬੱਦਲ ਹੋ ਗਏ ਅਤੇ ਮੇਰੇ ਚਿੱਤ 'ਚ
ਘੁਸਮੁਸਾ ਜਿਹਾ ਹਨੇਰਾ ਹੋ ਗਿਆ ਜਾਪਿਆ। ਮੈਨੂੰ ਠੰਡ ਤੋਂ ਡਰ ਨਹੀਂ ਲੱਗਦਾ
ਜੇ ਧੁੱਪ ਨਿਕਲੀ ਹੋਵੇ ਭਾਵੇ -50 ਡਿਗਰੀ ਸੈਂਟੀਗਰੇਡ ਹੋ ਜਾਵੇ, ਪਰ ਜੇ +5
ਡਿਗਰੀ ਉੱਤੇ ਧੁੱਪ ਨਾ ਨਾ ਨਿਕਲੇ ਤਾਂ ਕੁਝ ਵੀ ਕਰਨ ਨੂੰ ਚਿੱਤ ਨੀਂ ਕਰਦਾ,
ਚੜ੍ਹਦੀ ਕਲਾ ਵਾਲਾ ਚਿੱਤ ਹੀ ਨਹੀਂ ਬਣਦਾ ਉਤੋਂ ਸ਼ਹਿਰ ਦੇ ਬੰਦ ਕਮਰਿਆਂ 'ਚ
ਗ਼ੈਰ-ਕੁਦਰਤੀ ਰੋਸ਼ਨਿਆਂ ਨੇ ਦਿਮਾਗ ਦੇ ਹਿੱਸਿਆਂ ਨੂੰ ਨਿਪੁੰਸਕ ਬਣਾਉਣ ਦਾ
ਰੱਥ ਫੜਿਆ ਹੈ ਕਿ ਪਤਾ ਨਹੀਂ ਲੱਗਦਾ ਕਿ ਅਸਲ ਕੀ ਤੇ ਨਕਲ ਕੀ...


16 October, 2013

ਸੈਮਸੰਗ ਵਲੋਂ ਮੋਬਾਇਲਾਂ ਵਿੱਚ ਪੰਜਾਬੀ ਵਿੱਚ..ਪੰਜਾਬੀ ਇੰਟਰਫੇਸ ਦੀ ਝਲਕ ਤੇ ਪੜਤਾਲ


      ਇਹ ਸ਼ਾਇਦ ਪਹਿਲੀ ਵਾਰ ਹੋਵੇਗਾ ਕਿ ਕਿਸੇ ਮੋਬਾਇਲ ਕੰਪਨੀ ਵਲੋਂ ਸਮਾਰਟ ਮੋਬਾਇਲ ਦਾ ਪੂਰਾ (ਯੂਜ਼ਰ) ਇੰਟਰਫੇਸ (GUI) ਪੰਜਾਬੀ ਵਿੱਚ ਦਿੱਤਾ ਜਾ ਰਿਹਾ ਹੋਵੇ ਅਤੇ ਇਹ ਬਹੁਤ ਹੀ ਵੱਡੀ ਖ਼ਬਰ ਹੋਣੀ ਚਾਹੀਦੀ ਹੈ (ਪਰ ਜਿਵੇਂ ਪੰਜਾਬੀ ਭਾਸ਼ਾ ਨਾਲ  ਪੰਜਾਬੀ ਕਰਦੇ ਆਏ ਹਨ, ਬਹੁਤੇ ਪੰਜਾਬੀਆਂ ਨੂੰ ਇਸ ਦੀ ਜਾਣਕਾਰੀ ਵੀ ਨਹੀਂ ਹੋਣੀ ਹੈ।)

 ਸੈਮਸੰਗ ਮੋਬਾਇਲ ਕੰਪਨੀ ਨੇ ਆਪਣੇ ਐਂਡਰਾਇਡ (ਗਲੈਕਸੀ ਆਦਿ) ਮੋਬਾਇਲ ਫੋਨਾਂ ਵਿੱਚ ਐਂਡਰਾਇਡ 4.2.x ਨਾਲ ਪੰਜਾਬੀ ਅਨੁਵਾਦ ਹੋਰ 9 ਭਾਰਤੀ ਭਾਸ਼ਾਵਾਂ ਨਾਲ ਉਪਲੱਬਧ ਕਰਵਾਇਆ ਹੈ। ਇਹ ਭਾਰਤ ਵਿੱਚ ਖਰੀਦੇ ਗਏ ਮੋਬਾਇਲਾਂ ਵਿੱਚ ਸਿੱਧੇ ਹੀ ਸਾਫਟਵੇਅਰ ਅੱਪਡੇਟ ਕਰਨ ਨਾਲ ਮਿਲ ਜਾਂਦਾ ਹੈ (ਜੇ ਤੁਸੀਂ ਐਂਡਰਾਇਡ 4.2.x ਪ੍ਰਾਪਤ ਕੀਤਾ ਹੈ। (ਸੈਮਸੰਗ ਨੇ ਇਸ ਜਾਣਕਾਰੀ ਲਈ ਵੈੱਬ ਪੇਜ਼ ਵੀ ਦਿੱਤਾ ਹੈ।)

 ਕੰਪਿਊਟਰ ਦੀ ਵਰਤੋਂ ਭਾਵੇਂ ਸੀਮਿਤ ਹੋਵੇ ਭਾਰਤ ਵਿੱਚ, ਪਰ ਮੋਬਾਇਲਾਂ ਦੀ ਵਰਤੋਂ ਬੇਸ਼ੁਮਾਰ ਹੈ ਅਤੇ ਮੱਧ ਦਰਜੇ ਤੋਂ ਵੱਡੇ ਦਰਜੇ ਦੇ ਮੋਬਾਇਲਾਂ ਦੀ ਵਰਤੋਂ ਚੰਗੀ ਹੈ। ਪਿੰਡਾਂ ਵਿੱਚ ਫੇਸਬੁੱਕ ਨੇ ਜਗ੍ਹਾ ਬਣਾ ਲਈ ਹੈ ਅਤੇ ਸ਼ੋਸ਼ਲ ਨੈੱਟਵਰਕਿੰਗ ਵਿੱਚ ਪੰਜਾਬੀ ਲਿਖੀ ਜਾਣ ਲੱਗੀ ਹੈ, ਇਸਕਰਕੇ ਮੋਬਾਇਲ ਕੰਪਨੀਆਂ ਨੂੰ ਹੁਣ ਮੋਬਾਇਲਾਂ ਵਿੱਚ ਪੰਜਾਬੀ ਫੋਂਟ ਦੇਣੇ ਤਾਂ ਮੁੱਢਲੀ ਜ਼ਰੂਰਤ ਹੈ (ਅਤੇ ਗੂਗਲ ਐਂਡਰਾਇਡ ਨੂੰ ਛੱਡ ਕੇ) ਲਗਭਗ ਸਭ ਕੰਪਨੀਆਂ ਨੇ ਕੋਸ਼ਿਸ਼ ਚੰਗੀ ਕੀਤੀ ਹੈ। ਸੈਮਸੰਗ ਵਲੋਂ ਇੰਟਰਫੇਸ ਪੰਜਾਬੀ ਵਿੱਚ ਉਪਲੱਬਧ ਕਰਵਾਉਣਾ ਵੱਡਾ ਹੰਭਲਾ ਹੈ।

 ਕਿਸੇ ਵੀ ਮੋਬਾਇਲ (ਜਾਂ ਕੰਪਿਊਟਰ ਵਿੱਚ) ਪੰਜਾਬੀ ਵੇਖਣ ਅਤੇ ਪੜ੍ਹਨ ਲਈ ਅੱਗੇ ਦਿੱਤੇ ਪੜਾਅ ਹਨ, ਜੋ ਲੜੀਵਾਰ ਪੂਰੇ ਹੋਣੇ ਲਾਜ਼ਮੀ ਹਨ:
  • ਫੋਂਟ
  • ਰੈਡਰਿੰਗ (ਫੋਂਟ ਠੀਕ ਤਰ੍ਹਾਂ ਵੇਖਾਈ ਦੇਣ, ਸਿਹਾਰੀਆਂ ਅੱਖਰ ਤੋਂ ਪਿੱਛੇ ਨਾ ਹੋਣ, ਪੈਰ ਵਿਚਲੇ ਅੱਖਰ ਆਪਣੀ ਥਾਂ ਉੱਤੇ ਹੋਣ)
  • ਪੰਜਾਬੀ ਵਿੱਚ ਲਿਖਣਾ (ਇੰਪੁੱਟ)
  • ਇੰਟਰਫੇਸ ਅਨੁਵਾਦ
ਸੈਮਸੰਗ ਐਂਡਰਾਇਡ ਫੋਨਾਂ ਵਿੱਚ ਹੁਣ ਤੁਸੀਂ ਇਹ ਚਾਰੇ ਪੜਾਅ ਪੂਰੇ ਹੋ ਚੁੱਕ ਹੋਣ ਕਰਕੇ, ਤੁਸੀਂ ਪੰਜਾਬੀ ਭਾਸ਼ਾ ਵਿੱਚ ਵਰਤਣ ਦਾ ਪੂਰਾ ਆਨੰਦ ਲੈ ਸਕਦੇ ਹੋ। ਇਸ ਤੋਂ ਇਲਾਵਾ ਬਾਕੀ ਓਪਰੇਟਿੰਗ ਸਿਸਟਮਾਂ ਬਾਰੇ ਜਾਣਕਾਰੀ ਅੱਗੇ ਸਾਰਣੀ ਵਿੱਚ ਹੈ:


ਓਪਰੇਟਿੰਗ ਸਿਸਟਮ
ਫੋਂਟ
ਰੈਡਰਿੰਗ
ਇੰਪੁੱਟ
ਅਨੁਵਾਦ
 ਗੂਗਲ ਐਂਡਰਾਇਡ
 ਨਹੀਂ
 ਹਾਂ*
 ਨਹੀਂ
 ਨਹੀਂ
 Apple iOS 7
 ਹਾਂ
 ਹਾਂ
 ਨਹੀਂ
 ਨਹੀਂ
 Windows Mobile 8
ਹਾਂ
ਹਾਂ
 ਨਹੀਂ
 ਨਹੀਂ
ਸੈਮਸੰਗ ਐਂਡਰਾਇਡ (4.2.*)
ਹਾਂ
ਹਾਂ
ਹਾਂ
ਹਾਂ
ਬਲੈਕਬੇਰੀ 10.x
ਹਾਂ
ਹਾਂ
ਨਹੀਂ
ਨਹੀਂ
  (* ਰੈਡਰਿੰਗ ਲਈ ਵਰਤਿਆ ਜਾਣ ਵਾਲਾ ਇੰਜਣ ਹਰਫ਼ਬਜ਼ ਪੰਜਾਬੀ ਲਈ ਸਹਿਯੋਗ ਹੈ)

 ਜਿਵੇਂ ਕਿ ਤੁਸੀਂ ਸੂਚੀ ਵਿੱਚ ਵੇਖ ਸਕਦੇ ਹੋ, ਸਭ ਤੋਂ ਬੁਰਾ ਹਾਲ ਗੂਗਲ ਐਂਡਰਾਇਡ ਦਾ ਹੈ, ਜਿਸ ਨੇ ਹਾਲੇ ਤੱਕ ਪੰਜਾਬੀ ਫੋਂਟ ਦੇਣ ਵੀ ਦੇਣ ਦੀ ਖੇਚਲ ਨਹੀਂ ਕੀਤੀ ਹੈ (ਭਾਵੇਂ ਕਿ ਸੈਂਕੜੇ ਭਾਰਤੀ ਇੰਜਨੀਅਰ ਹੋਣਗੇ ਅਤੇ ਲੱਖਾਂ ਪੰਜਾਬੀ ਵਰਤਣ ਵਾਲੇ ਵੀ)।

 ਇੱਥੇ ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਐਂਡਰਾਇਡ ਨਾਲ ਗੂਗਲ ਸ਼ਬਦ ਕਿਉਂ ਵਰਤ ਰਿਹਾ ਹਾਂ।
 ਐਂਡਰਾਇਡ ਨੂੰ ਮੂਲ ਰੂਪ ਵਿੱਚ ਗੂਗਲ ਵਲੋਂ ਹੀ ਤਿਆਰ ਕੀਤਾ ਜਾਂਦਾ ਹੈ। ਉਹ ਬੇਸ ਓਪਰੇਟਿੰਗ ਸਿਸਟਮ ਤਿਆਰ ਕਰਦੀ ਹੈ, ਉਸ ਵਿੱਚ ਫੋਂਟ, ਫੀਚਰ, ਸਹੂਲਤਾਂ, ਜੋ ਗੂਗਲ ਨੇ ਪਾ ਦਿੱਤੀਆਂ, ਉਹ ਲਗਭਗ ਸਾਰੇ ਮੋਬਾਇਲ ਨਿਰਮਾਤਾ ਕੰਪਨੀਆਂ ਦੇ ਫੋਨਾਂ ਵਿੱਚ ਮਿਲਦੀਆਂ ਹਨ। ਜਿਵੇਂ ਕਿ ਜੇ ਪੰਜਾਬੀ ਫੋਂਟ ਗੂਗਲ ਐਂਡਰਾਇਡ ਦੇ 4.3 ਵਰਜਨ ਵਿੱਚ ਦੇ ਦਿੰਦੀ ਹੈ ਤਾਂ ਫੇਰ ਤੁਸੀਂ 4.3 ਐਂਡਰਾਇਡ ਵਰਜਨ ਨਾਲ ਜਿਸ ਵੀ ਕੰਪਨੀ ਦਾ ਖਰੀਦੋਗੇ, ਤੁਸੀਂ ਪੰਜਾਬੀ ਨੂੰ ਫੋਨ ਉੱਤੇ ਪੜ੍ਹ ਸਕਦੇ ਹੋ (ਫੇਸਬੁੱਕ, ਵੈੱਬਸਾਈਟ, ਸੁਨੇਹੇ ਆਦਿ), ਪਰ ਜੇ ਗੂਗਲ ਫੋਂਟ ਨਹੀਂ ਦਿੰਦੀ ਤਾਂ ਇਹ ਫੋਂਟ ਉਪਲੱਬਧ ਕਰਵਾਉਣ ਦੀ ਜ਼ਿੰਮੇਵਾਰੀ ਫੋਨ ਬਣਾਉਣ ਵਾਲੀ ਕੰਪਨੀ (ਜਿਵੇਂ ਕਿ ਸੈਮਸੰਗ, ਸੋਨੀ, ਐਚਟੀਸੀ ਆਦਿ) ਦੀ ਹੋ ਜਾਂਦੀ ਹੈ, ਜਿਸ ਨੂੰ ਉਹ ਆਪਣੀ ਸਹੂਲਤ, ਸੋਚ ਤੇ ਉਪਲੱਬਧ ਸਰੋਤਾਂ ਮੁਤਾਬਕ ਦਿੰਦੀ ਹੈ।
 ਇਸਕਰਕੇ ਜੇ ਤੁਹਾਡੇ ਫੋਨ ਵਿੱਚ ਪੰਜਾਬੀ ਨਹੀਂ ਚੱਲਦੀ ਹੈ ਤਾਂ ਇਸ ਦਾ ਪੂਰਾ ਦੋਸ਼ ਤੁਹਾਨੂੰ ਗੂਗਲ ਨੂੰ ਦੇਣਾ ਚਾਹੀਦਾ ਹੈ, ਕਿਉਂਕਿ ਦੱਖਣੀ ਭਾਰਤ ਦੀਆਂ ਲਗਭਗ ਸਾਰੀਆਂ ਭਾਸ਼ਾਵਾਂ ਲਈ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਪੰਜਾਬੀ ਨੂੰ ਪੂਰੀ ਤਰ੍ਹਾਂ ਅਣਡਿੱਠਾ ਕਰ ਦਿੱਤਾ ਹੈ, ਜਦੋਂ ਲਈ ਮੁਕਤ (Open Source) ਫੋਂਟ ਪੰਜਾਬੀ ਵਿੱਚ ਉਨੇ ਹੀ ਉਪਲੱਬਧ ਹਨ, ਜਿੰਨੇ ਕਿ ਹੋਰ ਭਾਸ਼ਾਵਾਂ ਵਿੱਚ।

ਇਸਕਰਕੇ ਬਾਕੀ ਦੇ ਲੇਖ ਵਿੱਚ ਮੈਂ ਐਂਡਰਾਇਡ ਸ਼ਬਦ ਸੈਮਸੰਗ ਐਡਰਾਇਡ ਲਈ ਵਰਤਾਂਗਾ, ਜਿਸ ਵਿੱਚ ਪੰਜਾਬੀ ਭਾਸ਼ਾ ਉਪਲੱਬਧ ਹੈ।

(ਅੱਗੇ ਭਾਰਤੀ ਭਾਸ਼ਾਵਾਂ ਦੀ ਸੂਚੀ ਹੈ, ਜੋ ਫੋਨ ਵਿੱਚ ਵੇਖਾਈ ਦਿੰਦੀਆਂ ਹਨ।)ਜੇ ਤੁਸੀਂ ਆਪਣੇ ਫੋਨ ਵਿੱਚ ਪੰਜਾਬੀ ਅਨੁਵਾਦ ਨੂੰ ਵੇਖਣਾ ਚਾਹੁੰਦੇ ਹੋ ਤਾਂ (ਸਿਰਫ ਭਾਰਤ ਵਿੱਚੋਂ ਖਰੀਦੇ ਮੋਬਾਇਲਾਂ ਲਈ)
Settings-> My decie-> (Input and control section) - Language and input-> Language-> Punjabi


ਜੇ ਤੁਸੀਂ ਆਪਣੇ ਫੋਨ ਵਿੱਚ ਪੰਜਾਬੀ ਲਿਖਣੀ (ਅੰਗਰੇਜ਼ੀ ਦੇ ਨਾਲ ਨਾਲ) ਚਾਹੁੰਦੇ ਹੋ ਤਾਂ (Android 4.3 ਨਾਲ ਸਾਰੇ ਸੈਮਸੰਗ ਮੋਬਾਇਲਾਂ ਵਿੱਚ)

Settings-> My device-> (Input and control section) - Language and input->(Keyboards and input methods section) - Samsung keyboard -> (General section) - Input Languages (Popup message ask to update langauge data, press Yes) - > Punjabiਸੈਮਸੰਗ ਵਲੋਂ ਦਿੱਤੇ ਐਂਡਰਾਇਡ ਵਿੱਚ ਜਿੱਥੇ ਪੰਜਾਬੀ ਉਪਲੱਬਧ ਕਰਵਾਈ ਗਈ ਹੈ, ਉੱਥੇ ਪੰਜਾਬੀ ਲਿਖਣ ਦੀ ਸਹੂਲਤ ਤਾਂ ਦਿੱਤੀ ਹੀ ਜਾ ਰਹੀ ਹੈ।

ਅਨੁਵਾਦ ਵਰਤਣ ਵਿੱਚ ਸਭ ਤੋਂ ਵੱਧ ਸਮੱਸਿਆ ਅਣਜਾਣ ਸ਼ਬਦਾਂ ਦੀ ਵਰਤੋਂ (ਜੋ ਹਿੰਦੀ ਜਾਂ ਅੰਗਰੇਜ਼ੀ ਤੋਂ ਲੋੜ ਤੋਂ ਵੱਧ ਕਾਪੀ ਕਰ ਕੀਤੇ ਗਏ ਹਨ) ਜਾਂ ਸ਼ਬਦ ਜੋੜਾਂ ਦੀ ਗਲਤੀ ਹੈ, ਜੋ ਕਿ ਸੀਮਿਤ ਹੈ, ਪਰ ਗੰਭੀਰ ਹੋਣ ਕਰਕੇ ਰੜਕਦੀ ਹੈ।

ਜਿਵੇਂ
Call  - ਕਾੱਲ - ਕ + ਾ + ੱ + ਲ    (ਪੂਰੇ ਅਨੁਵਾਦ ਵਿੱਚ ਕੰਨੇ ਨਾਲ ਅੱਧਕ ਪਾਉਣਾ ਆਮ ਹੈ, ਜਦੋਂ ਕਿ ਪੰਜਾਬੀ ਵਿੱਚ ਇਹ ਵਰਤੋਂ ਹੁੰਦੀ ਨਹੀਂ ਹੈ)  (ਹਿੰਦੀ ਤੋਂ ਕਾਪੀ ਕਰਨ ਦੌਰਾਨ ਇਹ ਸਮੱਸਿਆ ਆਮ ਹੁੰਦੀ ਜਾ ਰਹੀ ਹੈ)
Showers -  ਸ਼ਾਵਰਸ  (ਸ਼ਬਦ ਹੋ ਵੀ ਉਲਝਣ ਪੈਦਾ ਕਰਦਾ ਹੈ, ਜਦੋਂ ਮੌਸਮ ਅਨੁਮਾਣ ਵਿੱਚ ਕਿਤੇ ਹਿੰਦੀ, ਕਿਤੇ ਪੰਜਾਬੀ ਤੇ ਕਿਤੇ ਅੰਗਰੇਜ਼ੀ ਅੱਖਰ ਆ ਜਾਣ)
Applications - ਅਨੁਪ੍ਰਯੋਗ  (ਪਿੰਡਾਂ ਵਿੱਚ ਵੀ ਮੋਬਾਇਲ ਵਰਤਣ ਵਾਲੇ ਐਪਲੀਕੇਸ਼ਨ ਸ਼ਬਦ ਦੀ ਵਰਤੋਂ ਕਰਦੇ ਨੇ)


ਅੱਗੇ ਦਿੱਤੇ ਜਾ ਰਹੇ ਕੁਝ ਚਿੱਤਰਾਂ (ਸਕਰੀਨ-ਸ਼ਾਟ) ਵਿੱਚ ਅਨੁਵਾਦ ਦੀ ਪੜਚੋਲ ਕੀਤੀ ਗਈ ਹੈ। ਟਿੱਪਣੀਆਂ ਇਸਕਰਕੇ ਕੀਤੀਆਂ ਜਾ ਰਹੀਆਂ ਹਨ ਕਿ ਅਨੁਵਾਦ ਵਿੱਚ ਸੁਧਾਰ ਕੀਤਾ ਜਾ ਸਕੇ ਅਤੇ ਬਿਲਕੁਲ ਅਣਜਾਣੇ ਸ਼ਬਦਾਂ ਦੀ ਵਰਤੋਂ ਨੂੰ ਟਾਲਿਆ ਜਾ ਸਕੇ।

 Settings->More


ਵੱਡਾ ਸੁਧਾਰ -  Permissions  - ਅਨੁਮਤੀਆਂ  (ਹਿੰਦੀ ਸ਼ਬਦ) - ਆਗਿਆ (ਮਨਜ਼ੂਰੀਆਂ)
ਵੱਡਾ ਸੁਧਾਰ - Application Manager - ਅਨੁਪ੍ਰਯੋਗ ਪ੍ਰਬੰਧਕ - ਐਪਲੀਕੇਸ਼ਨ ਪਰਬੰਧ/ਮੈਨੇਜਰਕਾਲ ਲਾਗ ਸਕਰੀਨ


ਗੰਭੀਰ ਗਲਤੀ - Unsaved - ਅਣਸੁਰੱਖਿਅਤ (ਅਨੁਵਾਦ ਮੁਤਾਬਕ ਅੰਗਰੇਜ਼ੀ Unsafe) - ਨਾ-ਸੰਭਾਲਿਆ/ਨਾ-ਸਾਂਭਿਆ

ਵੱਡਾ ਸੁਧਾਰ - ਲੌਗਸ - ਲਾਗ (ਬਹੁਵਚਨ ਦਾ ਅਨੁਵਾਦ ਜ਼ਰੂਰੀ ਨਹੀਂ ਕਿ ਬਹੁਵਚਨ ਹੋਵੇ)


ਮੌਸਮ ਐਪਲਿਟ
 ਵੱਡਾ ਸੁਧਾਰ - ਰੁਕ-ਰੁਕ ਕੇ ਬੱਦਲ - ਟੁੱਟਵੀਂ ਬੱਦਲਵਾਈ/ਟੁੱਟਵੇਂ ਬੱਦਲ
ਵੱਡਾ ਸੁਧਾਰ -   ਆਂਸ਼ਿਕ ਬੱਦਲ(ਹਿੰਦੀ ਸ਼ਬਦ) - ਹਲਕੇ ਬੱਦਲ


ਸੈਰ ਦਾ ਸਾਥੀ 
(ਵਾਕਿੰਗ ਮੇਟ ਦਾ ਅਨੁਵਾਦ ਬਹੁਤ ਵਧੀਆ ਕੀਤਾ ਗਿਆ ਹੈ)ਵੱਡਾ ਸੁਧਾਰ - ਉਦੇਸ਼ (ਹਿੰਦੀ ਸ਼ਬਦ) - ਟੀਚਾ
ਵੱਡਾ ਸੁਧਾਰ - ਸਟੈਪਸ (ਅੰਗਰੇਜ਼ੀ ਸ਼ਬਦ) - ਕਦਮ 
ਵੱਡਾ ਸੁਧਾਰ - ਕੈਲੋਰੀਜ਼ (ਅੰਗਰੇਜ਼ੀ ਸ਼ਬਦ) - ਕੈਲੋਰੀਆਂ (ਹਰ ਪੰਜਾਬੀ ਪੜ੍ਹਨ ਵਾਲਾ ਵਿਦਿਆਰਥੀ ਸਾਇੰਸ ਪੜ੍ਹਦਾ ਹੈ)

ਘੜੀਵੱਡਾ ਸੁਧਾਰ - ਔਸਟ੍ਰੇਲਿਆ - ਆਸਟਰੇਲੀਆ  (ਗੂਗਲ ਸਰਚ ਦੇ ਨਤੀਜੇ ਵੇਖ ਸਕਦੇ ਹੋ)
ਵੱਡਾ ਸੁਧਾਰ -ਟੋਰੋੰਟੋ (ਸ਼ਬਦ-ਜੋੜ ਗਲਤੀ) - ਟੋਰਾਂਟੋ (ਗੂਗਲ ਸਰਚ ਦੇ ਨਤੀਜੇ ਵੇਖ ਸਕਦੇ ਹੋ)
ਵੱਡਾ ਸੁਧਾਰ - ਵੈਨਕਯੂਵਰ - ਵੈਨਕੂਵਰ (ਗੂਗਲ ਸਰਚ ਦੇ ਨਤੀਜੇ ਵੇਖ ਸਕਦੇ ਹੋ)


My Files

ਵੱਡਾ ਸੁਧਾਰ - ਵੀਡਿਓਸ - ਵਿਡੀਓ (ਬਹੁ-ਵਚਨ ਬਣਾਉਣ ਦੀ ਲੋੜ ਨਹੀਂ)
ਪਸੰਦ ਸੁਧਾਰ - ਸਾਰੀਆਂ ਫਾਇਲਾਂ - ਸਭ ਫਾਇਲਾਂ

Settings - Date Usage
ਛੋਟਾ ਸੁਧਾਰ - ਉਪਯੋਗ - ਵਰਤੋਂ (ਠੇਠ ਪੰਜਾਬੀ ਸ਼ਬਦ ਵੱਧ ਜਚਦਾ)


Helpਵੱਡਾ ਸੁਧਾਰ - ਅਨੁਪ੍ਰਯੋਗ (ਹਿੰਦੀ ਸ਼ਬਦ) - ਐਪਲੀਕੇਸ਼ਨ (ਅੰਗਰੇਜ਼ੀ ਅੱਖਰ ਪੰਜਾਬੀ ਵਿੱਚ ਵੱਧ ਵਰਤੋਂ ਵਿੱਚ ਆਉਂਦਾ ਹੈ)

ਵੱਡਾ ਸੁਧਾਰ - ਔਨਲਾਈਨ - ਆਨਲਾਈਨ 
ਛੋਟਾ ਸੁਧਾਰ - ਅਸੈਸਰੀਜ਼ - ਅਸੈਸਰੀ

Help


ਵੱਡਾ ਸੁਧਾਰ - ਲਾੱਕ (ਸ਼ਬਦ-ਜੋੜ ਗਲਤੀ) - ਲਾਕ
ਵੱਡਾ ਸੁਧਾਰ - ਅਵਰੋਧਿਤ (ਹਿੰਦੀ ਸ਼ਬਦ) - ਮੈਂ ਅੰਗਰੇਜ਼ੀ ਤੋਂ ਬਿਨਾਂ ਨਹੀਂ ਸਮਝ ਸਕਿਆ ਕਿ ਕੀ ਹੈ ਇਹ
ਵੱਡਾ ਸੁਧਾਰ - ਅਧਿਸੂਚਨਾਵਾਂ - ਸੂਚਨਾਵਾਂ
ਵੱਡਾ ਸੁਧਾਰ - ਸ਼ੌਰਟਕਟਾਂ - ਸ਼ਾਰਟਕੱਟਾਂ
ਵੱਡਾ ਸੁਧਾਰ - ਕਾੱਲਾਂ - ਕਾਲਾਂ/ਕਾਲ ਕਰੋ
ਅਨੁਕੂਲਿਤ - ਢੁੱਕਵਾਂ ਬਣਾਉ

Samsung  Store ਵੱਡਾ ਸੁਧਾਰ - ਖਰੀਦਿਆ - ਖਰੀਦੇ (ਜੇ ਐਪਲੀਕੇਸ਼ਨ ਹੋਣ ਜਾਂ ਅਨੁਪ੍ਰਯੋਗ ਹੋਣ ਤਾਂ ਵੀ)
ਪਸੰਦ ਸੁਧਾਰ - ਸਾਰੇ - ਸਭ

Settings - > More -> Application Managerਵੱਡਾ ਸੁਧਾਰ - ਮੂਵ (Move) - ਭੇਜੋ
ਛੋਟਾ ਸੁਧਾਰ - ਸੰਸਕਰਣ (version) - ਵਰਜਨ (not revision)


MAIL Boxਗੰਭੀਰ ਗਲਤੀ - ਪ੍ਰਾਥਮਿਕਤਾ ਪ੍ਰੇਸ਼ਕ ਦਾ ਇਨਬਾਕਸ (ਇਹ ਕੀ ਆ?) - (Priority sender inbox) - ਤਰਜੀਹੀ ਭੇਜਣ ਵਾਲੇ ਦਾ ਇਨਬਾਕਸ
ਗੰਭੀਰ ਸੁਧਾਰ - ਜੋੜਿਆ ਇਨਬਾੱਕਸ - ਸਾਂਝਾ ਇਨਬਾਕਸ
ਵੱਡਾ ਸੁਧਾਰ - ਭੇਜੀ (ਇਸਤਰੀਵਾਚਕ) - ਭੇਜੇ (ਬਹੁਵਚਨ ਦੇ ਨਾਲ ਨਾਲ ਪੱਤਰ/ਮੇਲ ਲਈ)
ਇੱਕੋ ਸਕਰੀਨ ਉੱਤੇ ਕਿਤੇ ਤਾਂ ਇਨਬਾਕਸ ਹੈ ਅਤੇ ਕਿਸੇ ਇਨਬਾੱਕਸ
ਸੁਧਾਰ - ਇਕੱਠਾ ਦ੍ਰਿਸ਼ - ਸਾਂਝੀ ਝਲਕ


Low Battery

ਗੰਭੀਰ ਗਲਤੀ - ਸਾੱਕੇਟ - ਸਾਕਟ
ਗੰਭੀਰ ਗਲਤੀ - "ਉਪਯੋਗ ਜਾਰੀ ਜਦਕਿ ਚਾਰਜਿੰਗ ਕੁਸ਼ਲ" - ਪੂਰੀ ਲਾਈਨ ਦਾ ਕੋਈ ਅਰਥ ਨਹੀਂ ਬਣਦਾ ਹੈ (ਜਾਂ ਤਾਂ "ਵਰਤੋਂ ਜਾਰੀ ਰੱਖੋ...")
 ਗੰਭੀਰ ਸੁਧਾਰ - ਚਾਰਜਿੰਗ - ਚਾਰਜ ਕਰਨਾ/ਚਾਰਜ ਹੋਣਾinstalled Application  detailਸ਼ਾਰਟਕਟ - ਇੱਥੇ ਸ਼ਾਰਟਕੱਟ ਦਾ ਸ਼ਬਦ-ਜੋੜ ਬਾਕੀ ਅਨੁਵਾਦ ਤੋਂ ਵੱਖਰਾ ਹੈ, ਜੋ ਵੱਧ ਠੀਕ ਹੈ
ਵੱਡਾ ਸੁਧਾਰ - ਸ਼ੋਧਿਤ (ਹਿੰਦੀ ਸ਼ਬਦ) - ਸੁਧਾਰ

ਵਿਸ਼ਵ-ਵਿਆਪੀ - ਇੱਥੇ ਗਲੋਬਲ (Global) ਦਾ ਅਨੁਵਾਦ ਢੁੱਕਵਾਂ ਨਹੀਂ ਹੈ - ਪੂਰੀ ਸਿਸਟਮ ਸੈਟਿੰਗ 

ਅੱਗੇ ਦਿੱਤੇ ਸਕਰੀਨਸ਼ਾਟ ਵਿੱਚ ਮੈਂ ਕਈ ਦਿਨ ਉਲਝਿਆ ਰਿਹਾ ਕਿ ਸ਼ਾਵਰਸ ਕੀ ਹੋ ਸਕਦਾ (ਕਿਉਂਕਿ ਅੰਗਰੇਜ਼ੀ ਬਹੁ-ਵਚਨ ਦਾ ਅਨੁਵਾਦ ਵੀ ਬਹੁ-ਵਚਨ ਵਿੱਚ ਹੀ ਸਕਦਾ ਹੈ, ਇਹ ਸੋਚਿਆ ਨਹੀਂ)..

ਪੰਜਾਬੀ -  ਅੰਗਰੇਜ਼ੀ
ਸ਼ਾਵਰਸ (Showers) - ਵਾਛੜ, ਫੁਹਾਰ, ਝੜੀ

ਸੈਮਸੰਗ ਚੈਟਆਨ ਲਈ ਅੱਪਡੇਟ

 
ਵੱਡਾ ਸੁਧਾਰ -ਵਾੱਇਸ - ਵਾਇਸ/ਵਾਈਸ
ਪਸੰਦ ਮੁਤਾਬਕ  - ਸ੍ਰੋਤ

ਫਿਰਮਵੇਅਰ ਅੱਪਡੇਟ ਦੌਰਾਨ


"ਸੈਮਸੰਗ ਖਾਤੇ ਅਪਡੇਟ ਹੋਇਆ' - "ਸੈਮਸੰਗ ਖਾਤਾ ਅੱਪਡੇਟ ਹੋਇਆ"

Incoming call


 ਵੱਡਾ ਸੁਧਾਰ - ਇਨਕਮਿੰਗ ਕਾੱਲ - ਆ ਰਹੀ ਕਾਲ 


 ਇਹ ਪੜਤਾਲ (ਅਲੋਚਨਾਤਮਿਕ) ਇੱਥੇ ਹੀ ਖਤਮ ਹੈ। ਬੇਸ਼ੱਕ ਅਨੁਵਾਦ ਵਿੱਚ ਕੁਝ ਵੱਡੀਆਂ ਤੇ ਕੁਝ ਛੋਟੀਆਂ ਗਲਤੀਆਂ ਹਨ, ਪਰ ਮੁੱਖ ਤੌਰ ਉੱਤੇ ਅਨੁਵਾਦ ਉਪਲੱਬਧ ਕਰਵਾਉਣਾ ਬਹੁਤ ਵੱਡਾ ਹੰਭਲਾ ਕੀਤਾ ਹੈ, ਜਿਸ ਲਈ ਸੈਮਸੰਗ ਨੂੰ ਧੰਨਵਾਦ ਦੇਣਾ ਬਣਦਾ ਹੈ, ਹਾਲਾਂਕਿ ਸੁਧਾਰ ਦੀ ਲੋੜ ਹਮੇਸ਼ਾ ਬਣੀ ਰਹਿੰਦੀ ਹੈ ਅਤੇ ਹੁੰਦੀ ਰਹਿੰਦੀ ਹੈ (ਅਤੇ ਹੁੰਦੀ ਰਹਿਣੀ ਵੀ ਚਾਹੀਦੀ ਹੈ)।

ਸੈਮਸੰਗ ਵਲੋਂ ਦਿੱਤੇ ਜਾ ਰਹੇ ਪੰਜਾਬੀ ਕੀਬੋਰਡ ਬਾਰੇ ਕੁਝ ਵਿਚਾਰ ਅਗਲੇ ਲੇਖ ਵਿੱਚ।

 ਇੱਥੇ ਦੱਸਣਾ ਇਹ ਵੀ ਜ਼ਰੂਰੀ ਹੈ ਕਿ ਪੰਜਾਬੀ ਪੜ੍ਹਨ ਲਿਖਣ ਵਾਲੇ ਸਭ ਲੋਕ ਜੇ ਲਗਾਤਾਰ ਐਂਡਰਾਇਡ ਫੋਰਮ ਵਿੱਚ ਪੁੱਛਦੇ ਰਹਿਣ (ਗੂਗਲ ਨੂੰ) ਤਾਂ ਹੋ ਸਕਦਾ ਹੈ ਕਿ ਗੂਗਲ ਐਂਡਰਾਇਡ ਵਿੱਚ ਵੀ ਪੰਜਾਬੀ ਆ ਜਾਵੇ, ਪਰ ਤਦ ਤੱਕ ਐਂਡਰਾਇਡ ਵਿੱਚ ਸੈਮਸੰਗ ਹੀ ਸਹਾਰਾ ਹੈ ਸੰਸਾਰ ਭਰ ਵਿੱਚ ਪੰਜਾਬੀਆਂ ਲਈ)। ਲਿੰਕ ਆੁਹ ਹੈ

ਲੇਖ ਦੇ ਵਿਸ਼ੇ ਬਾਰੇ ਤੇ ਲੇਖ ਵਿੱਚ ਗਲਤੀਆਂ ਲਈ ਸੁਝਾਆਵਾਂ ਦਾ ਸਵਾਗਤ ਹੈ

ਲਿਖਤੁਮ
ਆਲਮ

ਲੇਖ ਲਈ ਟੈਸਟ ਕੀਤੇ ਜੰਤਰ
- ਸੈਮਸੰਗ ਗਲੈਕਸੀ ਐਸ 4 (ਭਾਰਤ ਤੋਂ) (ਐਂਡਰਾਇਡ 4.2.2) (ਇੰਪੁੱਟ/ਇੰਟਰਫੇਸ ਪੰਜਾਬੀ ਲਈ ਹੈ)
- ਸੈਮਸੰਗ ਗਲੈਕਸੀ ਐਸ 4 ਮਿੰਨੀ (ਅੰਤਰਰਾਸ਼ਟਰੀ, ਭਾਰਤੀ ਨਹੀਂ)(ਐਂਡਰਾਇਡ 4.2.2)(ਪੰਜਾਬੀ ਇੰਪੁੱਟ ਨਹੀਂ)
- ਸੈਮਸੰਗ ਗਲੈਕਸੀ ਨੋਟ 3 (ਅੰਤਰਰਾਸ਼ਟਰੀ, ਭਾਰਤੀ ਨਹੀਂ) (ਐਂਡਰਾਇਡ 4.3.0) (ਇੰਪੁੱਟ ਪੰਜਾਬੀ ਲਈ ਉਪਲੱਬਧ ਹੈ, ਇੰਟਰਫੇਸ ਨਹੀਂ)
- ਨੋਕੀਆ ਲੂਮੀਆ 920 (ਵਿੰਡੋਜ਼ 8)
- ਆਈਫੋਨ 5 (iOS 7)

30 July, 2013

ਕੈਨੇਡਾ ਵਿੱਚ ਕੁਝ ਪਹਿਲੇ ਮਹੀਨੇ...

  ਵਿਨੀਪੈਗ ਵਿੱਚ ਆਇਆਂ ਨੂੰ ਦੋ ਮਹੀਨੇ ਹੋਣ ਵਾਲੇ ਹਨ। ਜੋ ਕੁਝ ਕੈਨੇਡਾ ਵਿੱਚ ਵੇਖਿਆ ਉਹ ਸੁਣੀਆਂ ਸੁਣਾਈਆਂ ਗੱਲਾਂ ਮੁਤਾਬਕ ਵੀ ਸੀ ਅਤੇ ਉਸ ਤੋਂ ਵੱਖਰਾ ਵੀ। ਮਾਹੌਲ ਚੰਗਾ ਵੀ ਰਿਹਾ ਅਤੇ ਮਾੜਾ ਵੀ। ਸੌਖੇ ਵੀ ਰਹੇ ਤੇ ਔਖੇ ਵੀ ਹੋਏ। ਇਹ ਸਭ ਤਬਾਦਲੇ ਕਰਕੇ ਹੋਣਾ ਤਾਂ ਸੀ ਹੀ ਅਤੇ ਹੋਇਆ ਵੀ।
    ਦਿੱਲੀ ਤੋਂ 20-22 ਘੰਟੇ ਦੀ ਲੰਮੀ ਯਾਤਰਾ ਵਿੱਚ ਪਹਿਲਾਂ ਤਾਂ ਜੁਆਕਾਂ ਕਰਕੇ ਕਾਫ਼ੀ ਔਖੇ ਹੋਏ, ਖਾਸ ਤੌਰ ਉੱਤੇ ਰਾਹ ਵਿੱਚ ਉੱਤਰਨ ਨਾਲ ਕਾਫ਼ੀ ਮੁਸ਼ਕਿਲ ਹੋ ਗਈ, ਜੁਆਕ ਟਿਕਦੇ ਨਹੀਂ ਸਨ ਅਤੇ ਸਾਡੇ ਕੋਲ ਲਾਲਚ ਕਰਕੇ ਹੈਡ-ਬੈਕ 7-8 ਹੋ ਗਏ ਸਨ, ਸੋ ਸਭ ਨੂੰ ਸੰਭਾਲਣਾ ਔਖਾ ਰਿਹਾ। ਟਰਾਂਟੋ ਏਅਰਪੋਰਟ ਉੱਤੇ ਕੋਈ ਬਹੁਤੀ ਤਕਲੀਫ ਨਹੀਂ ਸੀ, ਬਾਰਡਰ ਸਕਿਉਟਰੀ ਵਾਲੇ ਅਤੇ ਲੈਂਡ ਪੇਪਰ ਚੈਕ ਕਰਨ ਵਾਲਿਆਂ ਨੇ ਛੇਤੀ ਹੀ ਕੰਮ ਨਿਬੇੜ ਦਿੱਤਾ, ਅੱਗੇ ਵਿਨੀਪੈਗ ਵਾਲਾ ਜਹਾਜ਼ 4 ਘੰਟਿਆਂ ਬਾਅਦ ਸੀ, ਇਸਕਰਕੇ ਸਮਾਂ ਬੜਾ ਖਿਚਵਾਂ ਸੀ ਅਤੇ ਇੱਥੇ ਸਮਾਨ ਉਤਾਰਨ ਵਾਲੇ ਮੱਦਦ ਕਰਨ ਵਾਲੇ ਵਿਅਕਤੀ ਨੇ 80 ਅਮਰੀਕੀ ਡਾਲਰ ਦਾ ਚੰਗਾ ਚੂਨਾ ਲਗਾਇਆ, ਪਰ ਜਹਾਜ਼ ਮਿਲ ਗਿਆ ਅਤੇ ਅਸੀਂ ਸਮੇਂ ਸਿਰ ਅੱਪੜ ਗਏ। ਅੱਗੇ ਲੈ ਲਈ ਮਾਮਾ ਜੀ ਹੋਰੀ ਲੈਣ ਆਏ ਹੋਏ ਸੀ।
     ਹੁਣ ਪਹਿਲੇ ਕੁਝ ਦਿਨ ਤਾਂ ਚੰਗੇ ਲੰਘ ਗਏ ਘਰੇ ਰਹਿੰਦਿਆਂ ਹੋਇਆ। ਕੁਝ ਜਰੂਰੀ ਕੰਮ (ਮੈਡੀਕਲ ਕਾਰਡ, ਸਿਨ ਨੰਬਰ ਵਗੈਰਾ) ਪਹਿਲਾਂ ਕਰਨ ਤੋਂ ਬਾਅਦ ਫੇਰ ਨੌਕਰੀ ਦੀ ਖੋਜ ਸ਼ੁਰੂ ਕੀਤੀ ਅਤੇ ਪਤਾ ਲੱਗਾ ਕਿ ਲੋਕਲ ਤਜਰਬਾ (ਕੈਨੇਡਾ ਦਾ) ਚਾਹੀਦਾ ਹੈ, ਉਸ ਬਿਨਾਂ ਨੌਕਰੀ ਨਹੀਂ ਦਿੰਦੇ (ਖੈਰ ਬਾਅਦ ਵਿੱਚ ਪਤਾ ਲੱਗਾ ਕਿ ਇਹ ਬਹੁਤਾ ਧੋਖਾ ਹੈ)। ਗੱਡੀ ਲਈ ਨਾਲੇਜ ਟੈਸਟ ਦੀ ਤਿਆਰੀ ਸ਼ੁਰੂ ਕੀਤੀ, ਟੈਸਟ ਪੜ੍ਹਨ ਤੋਂ ਬਾਅਦ ਪਤਾ ਲੱਗਾ ਕਿ ਇਹ ਐਨਾ ਵੇਰਵੇ ਸਮੇਤ ਪੜ੍ਹਨ ਦੇ ਦੇਣ ਵਾਲਾ ਟੈਸਟ ਹੈ ਕਿ ਹੈਰਾਨੀ ਹੁੰਦੀ ਹੈ। ਗੱਡੀ ਕਿਵੇਂ ਮੋੜਨੀ ਹੈ, ਮੋਢੇ ਤੋਂ ਕਿਵੇਂ ਵੇਖਣਾ ਹੈ, ਸਿਗਨਲ ਵਿੱਚ ਗੱਡੀ ਸੜਕ ਵਿਚਾਲੇ ਕਿਵੇਂ ਖੜੀ ਕਰਨੀ ਹੈ ਆਦਿ। ਟੈਸਟ ਤਾਂ ਛੇਤੀ ਕਲੀਅਰ ਹੋ ਗਿਆ, ਪਰ ਅੱਖਾਂ ਵਿੱਚ ਐਨਕਾਂ ਨਾ ਹੋਣ ਕਰਕੇ ਕਈ ਦਿਨ ਉਡੀਕ ਕਰਨੀ ਪਈ। ਤੁਸੀਂ ਇੰਡੀਆ ਵਾਲੇ ਲਾਈਸੈਂਸ ਨਾਲ 90 ਦਿਨ ਗੱਡੀ ਚਲਾ ਸਕਦੇ ਹੋ, ਪਰ ਨਾਲੇਜ ਟੈਸਟ ਤੇ ਬੀਮਾ ਕਰਵਾਉਣਾ ਚਾਹੀਦਾ ਹੈ।
   ਐਨਕਾਂ ਨਾਲ ਲਾਈਸੈਂਸ ਮਿਲ ਗਿਆ ਅਤੇ ਗੱਡੀ ਦੀ ਸਿਖਲਾਈ ਸ਼ੁਰੂ ਕੀਤੀ। ਚਾਰ ਕੁ ਦਿਨ ਚਲਾ ਕੇ ਟੈਸਟ ਦੇ ਦਿੱਤਾ ਅਤੇ ਰੋਡ ਟੈਸਟ ਕਲੀਅਰ ਹੋ ਗਿਆ, ਹੁਣ ਪੂਰਾ ਲਾਈਸੈਂਸ ਮਿਲ ਗਿਆ। ਟੈਸਟ ਲੈਣ ਵਾਲਾ ਇੰਸੈਪਕਟਰ ਤੁਹਾਨੂੰ ਰਾਹ ਵਿੱਚ ਦੱਸਦਾ ਹੈ ਕਿ ਕਿੱਥੇ ਗੱਡੀ ਮੋੜਨੀ ਹੈ, ਕਿਧਰ ਨੂੰ ਜਾਣਾ ਹੈ, ਤੁਸੀਂ ਪੂਰੇ ਨਿਯਮਾਂ ਦੀ ਪਾਲਣਾ ਕਰਨੀ ਹੈ (ਛੇਤੀ ਹੀ ਪਤਾ ਲੱਗ ਗਿਆ ਕਿ ਜਦੋਂ ਤੁਸੀਂ ਲਾਈਸੈਂਸ ਮਿਲਣ ਤੋਂ ਬਾਅਦ ਗੱਡੀ ਚਲਾਉਣੀ ਹੈ ਤਾਂ ਤੁਹਾਨੂੰ ਕਾਫ਼ੀ ਕੁਝ ਕਰਨ ਦੀ ਛੋਟ ਰਹਿੰਦੀ ਹੈ, ਤੁਸੀਂ ਪੂਰੇ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਹੋ।) ਇਹ ਤਾਂ ਕਹਾਣੀ ਹੈ ਲਾਈਸੈਂਸ ਮਿਲਣ ਦੀ।
    ਹੁਣ ਸਕਿਉਰਟੀ ਗਾਰਡ ਦਾ ਕੋਰਸ ਕਰ ਲਿਆ। ਤੁਸੀਂ ਬਿਨਾਂ ਟਰੇਨਿੰਗ ਅਤੇ ਲਾਈਸੈਂਸ ਦੇ ਸਕਿਉਰਟੀ ਗਾਰਡ ਨਹੀਂ ਲੱਗ ਸਕਦੇ ਹੋ, ਤੁਹਾਨੂੰ 40 ਘੰਟੇ ਦੀ ਟਰੇਨਿੰਗ ਅਤੇ ਟੈਸਟ ਪਾਸ ਕਰਨਾ ਲਾਜ਼ਮੀ ਹੈ (ਕੁਝ ਛੋਟਾਂ ਹਨ, ਪਰ ਆਮ ਤੌਰ ਉੱਤੇ ਨਹੀਂ)। 15 ਦਿਨ ਟੈਸਟ ਪਾਸ ਕਰਨ ਦੇ ਬਾਅਦ ਹਾਲੇ ਤਾਂ ਵੇਹਲੇ ਹੀ ਹਾਂ, ਪਰ ਉਮੀਦ ਹੈ ਕਿ ਛੇਤੀ ਹੀ ਮਿਲ ਜਾਵੇਗੀ।
    ਨੌਕਰੀਆਂ ਦਾ ਹਾਲ ਇੱਥੇ ਠੀਕ-ਠਾਕ ਹੀ ਹੈ, ਪਰ ਨਵੀਂ ਗੱਲ ਇਹ ਹੈ ਕਿ ਇਥੇ 10-25% ਨੌਕਰੀਆਂ ਦੇ ਇਸ਼ਤਿਹਾਰ ਮਿਲਦੇ ਹਨ, ਬਾਕੀ ਨੌਕਰੀਆਂ ਕਿਸੇ ਰੈਫਰੈਂਸ ਨਾਲ ਮਿਲਦੀਆਂ ਹਨ (ਜਿਸ ਨੂੰ ਮੈਂ ਸਿਫਾਰਸ਼ ਹੀ ਕਹਾਂਗਾ), ਇਹ ਨੌਕਰੀਆਂ ਨੂੰ ਉਪਲੱਬਧ ਵਿਅਕਤੀ ਦੇ ਅਧਾਰ ਉੱਤੇ ਤਿਆਰ ਹੁੰਦੀਆਂ ਹਨ ਜਾਂ ਬਾਹਰ ਪ੍ਰਕਾਸ਼ਿਤ ਨਹੀਂ ਕੀਤੀਆਂ ਜਾਂਦੀਆਂ, ਉਹਨਾਂ ਲਈ ਤੁਹਾਡਾ ਨੈੱਟਵਰਕ ਚੰਗਾ ਹੋਣਾ ਚਾਹੀਦਾ ਹੈ, ਜਿਸ ਨਾਲ ਇਹ ਨੌਕਰੀਆਂ ਮਿਲਦੀਆਂ ਹਨ (ਲਗਭਗ 75-90% ਨੌਕਰੀਆਂ)। ਨਵੇਂ ਆਏ ਹੋਏ ਲੋਕਾਂ ਨੂੰ ਇਹ ਨੌਕਰੀਆਂ ਲੱਭਣੀਆਂ ਥੋੜੀਆਂ ਔਖੀਆਂ ਹਨ, ਪਰ ਮਿਲਣ-ਗਿਲਣ ਵਾਲੇ ਲੋਕਾਂ ਲਈ ਬਹੁਤੀ ਸਮੱਸਿਆ ਨਹੀਂ ਰਹਿੰਦੀ।
  ਕੈਨੇਡਾ ਵਿੱਚ ਨੌਕਰੀਆਂ ਵਿੱਚ ਵਲੰਟੀਅਰ ਕੰਮ ਨੂੰ ਚੰਗੀ ਤਰਜੀਹ ਦਿੰਦੇ ਹਨ, ਜਿਸ ਨੂੰ ਤੁਸੀਂ ਨੈੱਟਵਰਕ ਬਣਾਉਣ ਅਤੇ ਰੈਫਰੈਂਸ ਲਈ ਵਰਤ ਸਕਦੇ ਹੋ। ਇਹ ਨੌਕਰੀ ਸ਼ੁਰੂ ਕਰਨ ਲਈ ਚੰਗਾ ਢੰਗ ਹੈ।
   ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਕੈਨੇਡਾ ਆ ਕੇ ਮੈਨੀਟੋਬਾ ਵਿਚ ਮੈਨੀਟੋਬਾ ਸਟਾਰਟ ਜ਼ਰੂਰ ਜਾਉ। ਇਹ ਤੁਹਾਨੂੰ ਬਹੁਤ ਸ਼ੁਰੂ ਤੋਂ ਲੈ ਕੇ ਨੌਕਰੀ ਲੱਭਣ ਤਾਂ ਚੰਗੀ ਸਿਖਲਾਈ ਦਿੰਦੇ ਹਨ। ਇਸ ਨਾਲ ਤੁਹਾਡੇ ਰੈਫਰੈਂਸ ਬਣਦੇ ਹਨ ਅਤੇ ਤੁਹਾਨੂੰ ਹੋਰ ਲੁਕਵੀਆਂ ਨੌਕਰੀਆਂ ਵਿੱਚ ਮੌਕੇ ਮਿਲਦੇ ਹਨ। ਅੰਗਰੇਜ਼ੀ ਸੁਧਾਰਨ ਲਈ ਚੰਗਾ ਮਾਹੌਲ ਹੈ ਅਤੇ ਤੁਹਾਡੀ ਚੰਗੀ ਮੱਦਦ ਕਰਦੇ ਹਨ।
    ਆਉਣ ਜਾਣ ਲਈ ਬੱਸਾਂ ਦੀ ਬਹੁਤ ਚੰਗੀ ਸਹੂਲਤ ਹੈ (ਵਿਨੀਪੈਗ ਟਰਾਂਸੈਂਟ http://winnipegtransit.com/en)। ਵੈੱਬਸਾਈਟ ਦੀ ਸਹੂਲਤ ਤਾਂ ਲਾਜਵਾਬ ਹੈ। ਫੋਨ ਉੱਤੇ ਸਾਈਟ ਖੋਲ੍ਹੋ ਤਾਂ ਤੁਸੀਂ ਆਪਣੇ ਮੌਜੂਦਾ ਟਿਕਾਣੇ ਨੂੰ ਜਾਣੇ ਬਿਨਾਂ ਪਹੁੰਚਣ ਦੇ ਟਿਕਾਣੇ ਬਾਰੇ ਦੱਸ ਕੇ ਸੌਖੀ ਤਰ੍ਹਾਂ ਬੱਸ ਲੱਭ ਸਕਦੇ ਹੋ। ਪੂਣੇ ਤੋਂ ਇਹ ਸਹੂਲਤ ਬਹੁਤ ਵੱਡਾ ਅੱਪਗਰੇਡ ਹੈ।
   ਬਾਕੀ ਕੈਨੇਡਾ ਵਿੱਚ ਗੰਦ ਵੀ ਲੋਕ ਬਹੁਤ ਪਾਉਂਦੇ ਹਨ, ਬਸ ਕਾਨੂੰਨ ਤੋਂ ਡਰਦੇ ਹਨ। ਆਪਣੇ ਪੰਜਾਬੀਆਂ ਦੇ ਸਭ ਤੋਂ ਵੱਧ ਗਾਹ ਪਾਇਆ ਹੋਇਆ ਹੈ। ਕੂੜਾ ਅੱਗਾ ਪਿੱਛਾ ਵੇਖ ਕੇ ਸੜਕ ਦੇ ਕਿਨਾਰੇ ਸੁੱਟਣ ਤੋਂ ਗੁਰੇਜ਼ ਨਹੀਂ ਕਰਦੇ ਹਨ। ਤੁਸੀਂ ਸੜਕਾਂ ਕਿਨਾਰੇ ਘਾਹ ਵਿੱਚ ਕਾਫੀ ਦੇ ਕੱਪ, ਲਿਫਾਫੇ ਵੇਖ ਸਕਦੇ ਹੋ।
    ਪੰਜਾਬੀਆਂ ਬਾਰੇ ਇਹ ਗੱਲਾਂ ਸੁਣੀਆਂ ਹਨ ਕਿ ਪੰਜਾਬੀ ਹੀ ਪੰਜਾਬੀਆਂ ਦਾ ਸਭ ਤੋਂ ਵੱਧ ਸ਼ੋਸ਼ਣ ਕਰਦੇ ਹਨ। ਘੰਟਿਆਂ ਦੇ ਪੈਸੇ ਵੀ ਸਰਕਾਰੀ ਤਹਿ ਕੀਤੀ ਹੱਦ ਤੋਂ ਘੱਟ, ਕਈ ਵਾਰ ਤਾਂ 5 ਡਾਲਰ ਘੰਟੇ (10.25 ਡਾਲਰ ਘੰਟਾ ਤਹਿ ਹੱਦ ਹੈ) ਤੋਂ ਵੀ ਘੱਟ ਦਿੰਦੇ ਹਨ। ਕੰਮ ਉੱਤੇ ਜੇ ਤੁਹਾਨੂੰ ਕੋਈ ਪੰਜਾਬੀ ਕੋਈ ਸਲਾਹ ਦੇਵੇ ਤਾਂ ਹੋ ਸਕਦਾ ਹੈ ਕਿ ਤੁਸੀਂ ਧੋਖਾ ਖਾ ਜਾਵੋ। ਜੜ੍ਹਾਂ ਵੱਢਣ ਵਾਲੀ ਗੱਲ ਇੱਥੇ ਵੀ ਜਾਰੀ ਹੈ।
     ਹੋਰ ਸੜਕਾਂ ਉੱਤੇ ਉੱਚੀ ਆਵਾਜ਼ ਵਿੱਚ ਕਾਰਾਂ ਵਿੱਚ ਗਾਣੇ ਚਲਾਉਣ ਅਤੇ ਛੇੜਛਾੜ ਕਰਨ ਦੀਆਂ ਘਟਨਾਵਾਂ ਕਰਨ ਵਾਲੇ ਵੀ ਪੰਜਾਬੀ ਹੀ ਹਨ (ਛੇੜ ਛਾੜ ਦੀ ਘਟਨਾ ਸਾਡੇ ਸਾਹਮਣੇ ਦੀ ਹੀ ਹੈ, ਦੋ ਮਹੀਨਿਆਂ ਵਿੱਚ ਹੋਈ ਇਕਹੇਰੀ ਘਟਨਾ ਪੰਜਾਬੀ ਮੁੰਡਿਆਂ ਵਲੋਂ ਹੀ ਕੀਤੀ ਗਈ ਹੈ ਅਤੇ ਇਹ ਸਾਡੇ ਵਿਗੜੇ ਵਿਰਸੇ ਦੀ ਉਦਾਹਰਨ ਹੈ)।
   ਮਿਲਣਸਾਰਤਾ ਅੰਗਰੇਜ਼ਾਂ ਵਿੱਚ ਵੱਧ ਤੇ ਪੰਜਾਬੀਆਂ ਵਿੱਚ ਘੱਟ ਹੈ, ਵਿਖਾਵਾ ਅੰਗਰੇਜ਼ਾਂ ਵਿੱਚ ਘੱਟ ਤੇ ਪੰਜਾਬੀਆਂ ਵਿੱਚ ਵੱਧ। ਸਾਰੇ ਥਾਈ ਜਿੱਥੇ ਮੈਨੂੰ ਗੋਰਿਆਂ ਨਾਲ ਮਿਲਣ ਦਾ ਮੌਕਾ ਮਿਲਿਆ ਸਭ ਨੇ ਇਹੀ ਕਿਹਾ ਕਿ ਇਹ ਦੇਸ਼ ਹੈ ਹੀ ਇੰਮੀਗਰੇਟ ਲੋਕਾਂ ਦਾ, ਉਹ ਵੀ ਕਦੇ ਆਏ ਸਨ, ਤੇ ਅੱਜ ਅਸੀਂ ਆਏ ਹਾਂ। ਕੁਝ ਲੋਕ 10 ਸਾਲ ਪਹਿਲਾਂ ਆਏ ਹਨ ਤੇ ਕੁਝ 30 ਸਾਲ, ਅਤੇ ਕੁਝ 100 ਸਾਲ ਪਹਿਲਾਂ ਆਏ। 
    ਵਿਨੀਪੈਗ ਵਿੱਚ ਫਿਲੀਪੀਨੋ ਲੋਕਾਂ ਦੀ ਆਬਾਦੀ ਦੂਜੇ ਨੰਬਰ ਉੱਤੇ ਹੈ ਅਤੇ ਇਹ ਮੈਨੂੰ ਮੈਨੀਟੋਬਾ ਸਟਾਰਟ ਕਲਾਸਾਂ ਲਗਾਉਣ ਦੌਰਾਨ ਪਤਾ ਲੱਗਦਾ ਸੀ। ਸਭ ਤਕਨੀਕੀ ਥਾਵਾਂ ਉੱਤੇ ਉਹ ਲੋਕ ਕਾਬਜ਼ ਹਨ ਅਤੇ ਸਭ ਨੌਕਰੀਆਂ ਵਿੱਚ ਉਹ ਮੂਹਰੇ ਦਿਸਦੇ ਹਨ। ਕੈਨੇਡਾ ਪੂਣੇ ਨਾਲੋਂ ਕਾਫ਼ੀ ਕੁਝ ਸੋਹਣਾ ਹੈ (ਸੜਕਾਂ ਉੱਤੇ ਟਰੈਫਿਕ ਘੱਟ ਹੈ, ਸੜਕਾਂ ਸਾਫ਼ ਹਨ, ਆਸੇ ਪਾਸੇ ਗੰਦਗੀ ਘੱਟ ਹੈ), ਪਰ ਸ਼ਾਪਿੰਗ ਮਾਲ ਛੋਟੇ ਹਨ। ਇਸ਼ਤਿਹਾਰਾਂ ਉੱਤੇ ਲੋਕ ਬਹੁਤ ਕਾਗਜ਼ ਬਰਬਾਦ ਕਰਦੇ ਹਨ। ਪਾਰਕਿੰਗ ਲਈ ਐਨੀ ਥਾਂ ਬਰਬਾਦ ਕਰਦੇ ਹਨ ਕਿ ਮਾਲ ਨਾਲੋਂ ਤਿੰਨ ਗੁਣਾ ਥਾਂ ਹੈ। ਹੋਰ ਬੁਰੀਆਂ ਗੱਲਾਂ ਵਿੱਚ ਸਿਗਰਟ ਦੀ ਵਰਤੋਂ। ਤੁਹਾਨੂੰ ਹਸਪਤਾਲ ਦੇ ਪਾਸੇ ਵੀ ਸਿਗਰਟਾਂ ਮਿਲ ਜਾਣਗੀਆਂ। ਬੱਚੇ ਵਾਲੀਆਂ ਟਰਾਲੀਆਂ ਲਈਆਂ ਔਰਤਾਂ ਵੀ ਸੂਟਾ ਲਾਈ ਜਾਂਦੀਆਂ ਨੇ।

ਖੈਰ ਬਾਕੀ ਫੇਰ ਸਹੀਂ। ਹਾਲੇ ਵੇਹਲੇ ਹਾਂ, ਪਰ ਹਾਲਤਾਂ, ਵਿਚਾਰਾਂ ਵਿੱਚ ਹੋਏ ਬਦਲਾਅ ਫੇਰ ਲਿਖਾਂਗਾ...

31 December, 2011

ਜ਼ਮੀਨਾਂ, ਕਿਸਾਨ, ਸਰਕਾਰਾਂ ਅਤੇ ਅਦਾਲਤਾਂ

ਭਾਵੇਂ ਕਿ ਜ਼ਮੀਨ ਹਮੇਸ਼ਾਂ ਤੋਂ ਸਰਕਾਰਾਂ ਦੀ ਹੁੰਦੀ ਰਹੀ ਹੈ, ਭਾਵੇਂ ਉਹ ਰਾਜਿਆਂ ਤੋਂ ਟੈਕਸ ਉਗਹਾਉਣਾ ਹੋਵੇ ਤੇ ਭਾਵੇਂ ਅੱਜ ਲੋਕਤੰਤਰੀ ਰਾਜ ਵਿੱਚ। ਇਹ ਗੱਲ ਪਹਿਲਾਂ ਯਾਦ ਰੱਖਣੀ ਬਣਦੀ ਹੈ ਕਿ ਕਿਸਾਨ ਭਾਵੇਂ ਮੁੱਢ ਕਮੀਦ ਤੋਂ ਜ਼ਮੀਨ ਵਾਹਉਂਦਾ ਰਿਹਾ ਹੈ, ਪਰ ਉਹ ਮਲਕੀਅਤ ਮੁਲਕ ਦੀ ਰਹੀ ਹੈ। ਕਿਸਾਨ ਤਾਂ ਸਿਰਫ਼ ਨਾਂ ਦਾ ਮਾਲਕ ਰਿਹਾ, ਜਦ ਕਿ ਮਾਲੀਆ/ਟੈਕਸ ਸਰਕਾਰ ਨੂੰ ਜਾਂਦਾ ਰਿਹਾ। ਕਿਸਾਨਾਂ ਨੂੰ ਸ਼ਾਇਦ ਭਰਮ ਹੈ ਕਿ ਜਿਹੜੀ ਜ਼ਮੀਨ ਉਹ ਵਾਹ ਰਹੇ ਸਨ, ਉਹਨਾਂ ਦੀ ਸੀ, ਇਸ ਦਾ ਪਰਦਾਫਾਸ਼ ਹੁਣ ਹੋ ਰਹੀ ਧੱਕੇਸ਼ਾਹੀ ਨੇ ਸਾਫ਼ ਕਰ ਦਿੱਤਾ ਹੈ। ਸਰਕਾਰਾਂ ਵਲੋਂ ਦੱਲਿਆਂ ਵਾਲਾ ਕੰਮ ਸ਼ੁਰੂ ਕਰਨ ਦੇਣ ਨਾਲ ਇਹ ਸਾਫ਼ ਹੋ ਗਿਆ ਹੈ ਕਿ ਜ਼ਮੀਨ ਅਤੇ ਕਿਸਾਨ ਦਾ ਆਪਸੀ ਰਿਸ਼ਤਾ ਸਿਰਫ਼ ਕਾਗਜ਼ੀ ਵੇਖਾਵਾ ਸੀ, ਜਦ ਕਿ ਅਸਲ ਵਿੱਚ ਚੋਰਾਂ ਨਾਲ ਕੁੱਤੀ ਰਲੀ ਹੋਈ ਹੈ ਅਤੇ

ਕੁਝ ਰਿਪੋਰਟਾਂ ਵਿੱਚ ਸੁਰਖੀਆਂ (ਬੀਬੀਸੀ ਦੀ ਰਿਪੋਰਟ – ਖੇਤਾਂ ਨੂੰ ਖਾਂਦੇ ਕਾਰਖਾਨੇ (ਛੱਤੀਸਗੜ੍ਹ))

(ਹੁਣ ਜੋ ਜ਼ਮੀਨ ਨਹੀਂ ਦੇਣਾ ਚਾਹੁੰਦਾ, ਉਸ ਦੇ ਖੇਤ ਵਿੱਚ ਗਰਮ-ਗਰਮ ਸੁਆਹ ਡੰਪਰਾਂ ਰਾਹੀਂ ਪਾ ਦਿੱਤੀ ਜਾਂਦਾ ਹੈ। ਉਸ ਨੂੰ ਡਰਾਇਆ ਧਮਕਾਇਆ ਜਾਂਦਾ ਹੈ, ਝੂਠੇ ਮੁਕਦਮੇ ਵਿੱਚ ਫਸਾਇਆ ਜਾਂਦਾ ਹੈ। ਜਦੋਂ ਪੇਂਡੂਆਂ ਤੋਂ ਸਭ ਕੁਝ ਖੋਹ ਲਿਆ ਜਾਂਦਾ ਹੈ ਤਾਂ ਉਹ ਵਿਚਾਰੇ ਆਪਣੀ ਜ਼ਮੀਨ ਅੱਧੇ-ਪੌਣੇ ਮੁੱਲ ਵਿੱਚ ਵੇਚਣ ਲਈ ਮਜ਼ਬੂਰ ਹੋ ਜਾਂਦੇ ਹਨ।

(ਉਦਯੋਗਾਂ/ਕਾਰਖਾਨਿਆਂ ਦਾ ਹਮੇਸ਼ਾ ਇਹ ਨਾਅਰਾ ਰਿਹਾ ਹੈ ਕਿ ਲੋਕਲ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਪਰ ਰਾਏਗੜ੍ਹਾ (ਛੱਤੀਸਗੜ੍ਹ) ਦੇ ਜਿਲਾ ਰੋਜ਼ਗਾਰ ਦਫ਼ਤਰ ਵਿੱਚੋਂ ਰਜਿਸਟਰ ਹੋਏ 80 ਹਜ਼ਾਰ ਬੇਰੁਜ਼ਗਾਰ ਨੌਜਵਾਨਾਂ ਵਿੱਚੋਂ ਕਿਸੇ ਨੂੰ ਵੀ ਇਹਨਾਂ ਉਦਯੋਗਾਂ ਵਿੱਚ ਸੱਦਾ ਨਹੀਂ ਆਇਆ)

ਇਹੀ ਹਾਲ ਬਠਿੰਡੇ ਲੱਗੇ ਤੇਲ ਕਾਰਖਾਨੇ ਦਾ ਹੈ। ਪੰਜਾਬ ਦੀ ਉਪਜਾਊ ਮਿੱਟੀ ਨੂੰ ਤੇਲ ਦੀ ਰਿਫਾਇਨਰੀ ਲਗਾਉਣ ਪਿੱਛੇ ਤਰਕ ਇਹ ਸੀ ਕਿ ਨੌਕਰੀਆਂ ਮਿਲਣਗੀਆਂ, ਪਰ ਲੋਕਲ ਪਿੰਡ ਦੇ ਲੋਕਾਂ ਨੂੰ ਵੀ ਰੁਜ਼ਗਾਰ ਨਹੀਂ ਮਿਲ ਸਕਿਆ, ਜਦ ਕਿ ਸਾਰੀ ਦੀ ਸਾਰੀ ਲੇਬਰ ਯੂਪੀ ਬਿਹਾਰ ਦੇ ਲੋਕ ਹਨ। ਹੁਣ ਉਸ ਕਾਰਖਾਨੇ ਦਾ ਸਹੀਂ ਫਾਇਦਾ ਪੰਜਾਬ ਨੂੰ ਮਿਲ ਕੀ ਰਿਹਾ ਹੈ, ਇਹ ਤਲਾਸ਼ਣ ਦੀ ਲੋੜ ਹੈ। ਪ੍ਰਦੂਸ਼ਨ, ਜ਼ਮੀਨਾਂ ਦੇ ਵਧੇ ਭਾਅ, ਜਾਂ ਅੰਨ ਪੈਦਾ ਕਰਨ ਵਾਲੀ ਬੇਕਾਰ ਹੋਈ ਜ਼ਮੀਨ। (ਪੂਣੇ ਤੋਂ ਪੰਜਾਬ ਦੀ ਯਾਤਰਾ ਦੌਰਾਨ ਵੇਖਿਆ ਕਿ ਰਾਜਸਥਾਨ ਸਾਰਾ ਖਾਲੀ ਪਿਆ ਹੈ, ਉਥੇ ਜ਼ਮੀਨ ਦੀ ਵਰਤੋਂ ਕੀਤੀ ਜਾ ਸਕਦੀ ਹੈ)।

ਯੂਪੀ, ਛੱਤੀਸਗੜ੍ਹ

ਉੜੀਸਾ

ਸਰਕਾਰਾਂ ਤੇ ਰਾਜਨੇਤਾਵਾਂ ਨੇ ਲੋਕਾਂ ਦੇ ਦਿੱਤੇ ਟੈਕਸ ਨਾਲ ਨਾ ਸਿਰਫ਼ ਘਰ ਭਰ ਲਏ, ਬਲਕਿ ਵਿਦੇਸ਼ ਦੇ ਬੈਂਕ ਵੀ ਡੱਕ ਦਿੱਤੇ, ਜਿਹੜੇ ਮੁਲਕ ਦੇ ਲੋਕਾਂ ਨੂੰ ਅੰਗਰੇਜ਼ਾਂ ਵਲੋਂ ਕੀਤੀ ਦੇਸ਼ ਦੀ ਲੁੱਟ ਦਾ ਮਾਲ ਵਾਪਸ ਲਿਆਉਣ ਦਾ ਜਤਨ ਕਰਨਾ ਚਾਹੀਦਾ ਸੀ, ਉਹ ਸਗਾਂ ਲੋਕਾਂ ਦੇ ਟੈਕਸ ਦੀ ਮਾਇਆ ਨੂੰ ਬਾਹਰਲੇ ਮੁਲਕਾਂ ਨੂੰ ਭੇਜ ਰਹੇ ਹਨ। ਇਹ ਕੇਹੀ ਬਦਕਿਸਮਤੀ ਹੈ ਕਿ ਲੋਕਾਂ ਵਲੋਂ ਚੁਣੇ ‘ਲੋਕਾਂ ਵਲੋਂ, ਲੋਕਾਂ ਲਈ, ਲੋਕਾਂ ਦੇ’ ਦਾ ਨਾਅਰਾ ਲਗਾਉਣ ਵਾਲੇ ਇਹ ਨੇਤਾ ਹੀ ਦੇਸ਼ ਦੀ ਕੰਗਾਲੀ ਦਾ ਕਾਰਨ ਹਨ। ਕਿਤੇ ਪੜ੍ਹਿਆ ਸੀ ਕਿ ‘ਜਿਹੋ ਜਿਹੇ ਲੋਕ ਹੁੰਦੇ ਹਨ, ਉਹੋ ਜਿਹੇ ਹੀ ਉਹਨਾਂ ਨੂੰ ਨੇਤਾ ਮਿਲਦੇ ਹਨ’, ਇਹੀ ਗੱਲ ਹੈ ਭਾਰਤ ਦੇ ਲੋਕ 4 ਰੁਪਏ ਪੈਟਰੋਲ ਦਾ ਭਾਅ ਵਧਣ ਤੇ ਭੜਕ ਜਾਂਦੇ ਹਨ, ਪਰ ਜਦੋਂ ਉਹੀ 5 ਵਿੱਚ 1 ਘੱਟ ਜਾਵੇ ਤਾਂ ਠੀਕ ਹੈ। ਕੁੱਲ ਮਿਲਾ ਕੇ 4 ਰੁਪਏ ਤਾਂ ਵੱਧ ਹੀ ਗਿਆ ਨਾ। ਨਾਲੇ ਜਿਹੜਾ ਪੈਟਰੋਲ/ਡੀਜ਼ਲ ਸਰਕਾਰ ਨੂੰ 35/36 ਰੁਪਏ ਲੀਟਰ ਪੈਂਦਾ ਹੈ, ਉਸ ਨੂੰ ਸਰਕਾਰ ਉੱਤੇ 100% ਟੈਕਸ ਲਗਾ ਕੇ ਲੋਕਾਂ ਨੂੰ 70 ਅਤੇ 50 ਰੁਪਏ ਵੇਚਦੀ ਹੈ। ਬਜਾਏ ਕਿ ਟੈਕਸ ਘੱਟ ਕਰਨ ਦੇ ਮਹਿੰਗਾਈ ਨਾਲ ਲੋਕਾਂ ਦੀ ਜਾਨ ਕੱਢਦੀ ਹੈ ਅਤੇ ਲੋਕ ਭੁੱਲ ਜਾਂਦੇ ਹਨ ਕਿ ਅਸਲ ਵਿੱਚ ਪੈਟਰੋਲ /ਡੀਜ਼ਲ ਦਾ ਰੇਟ ਤਾਂ ਬਹੁਤਾ ਨਹੀਂ ਵਧੀਆ, ਪਰ ਟੈਕਸ ਨੇ ਜਾਨ ਕੱਢੀ ਹੈ ਅਤੇ ਉਹ ਪੈਸਾ ਇਹ ਲੀਡਰ ਲਾਲ ਬੱਤੀਆਂ ਲਗਾਉਣ, ਏਸੀ ਚਲਾਉਣਾ, ਵਿਦੇਸ਼ ਯਾਤਰਾਵਾਂ ਵਿੱਚ ਲਗਾ ਰਹੇ ਹਨ। ਲੋਕ ਉਹੀ ਹਨ, ਜਦੋਂ ਘਰੇ ਕਿਸੇ ਮਜ਼ਦੂਰ ਤੋਂ ਕੰਮ ਕਰਵਾਉਣਗੇ (100-150 ਰੁਪਏ ਦਿਹਾੜੀ ਤੇ) ਤਾਂ ਉਸ ਉੱਤੇ ਹਰ ਵੇਲੇ ਟੇਡੀ ਅੱਖ ਰੱਖਣਗੇ, ਭੋਰਾ ਭੋਰਾ ਕੰਮ ਧਿਆਨ ਨਾਲ ਚੈੱਕ ਕਰਨਗੇ, ਪੈਸੇ ਦੇਣ ਲੱਗੇ ਫੇਰ ਨੁਕਸ ਕੱਢਣਗੇ, ਪਰ ਸਰਕਾਰ ਦਾ ਕੀ ਹੈ? ਉਹ ਵੀ ਤਾਂ ਤੁਹਾਡੀ ਹੈ, ਤੁਹਾਡੇ ਲਈ ਕੰਮ ਕਰਦੀ ਹੈ, ਤੁਸੀਂ ਪੈਸੇ ਵੀ ਦਿੰਦੇ ਹੋ, ਪਰ ਕੀ ਕੰਮ ਹੋ ਰਿਹਾ ਹੈ ਤਸੱਲੀਬਖਸ਼, ਵੇਖਿਆ ਹੈ ਕਦੇ? ਕਦੇ ਮਾੜੀ ਬਣੀ ਸੜਕ ਨੂੰ ਕੋਸਿਆ ਹੈ, ਪਰ ਜੇ ਮਾੜੀ ਤੁਹਾਡੇ ਸਾਹਮਣੇ ਬਣ ਰਹੀ ਹੋਵੇ ਤਾਂ ਕਦੇ ਰੋਕਿਆ ਹੈ ਕਿਸੇ ਨੇ? ਨਹੀਂ।

ਖ਼ੈਰ ਕੰਪਨੀਆਂ ਅਤੇ ਸਰਮਾਏਦਾਰਾਂ ਵਲੋਂ ਲੋਕਾਂ ਕੋਲੋਂ ਜ਼ਮੀਨਾਂ ਖੋਹਣ ਦੇ ਨਵੇਂ ਨਵੇਂ ਢੰਗ ਤਰੀਕੇ ਸਾਹਮਣੇ ਆ ਰਹੇ ਹਨ, ਜਿਵੇਂ ਕੀ ਬੀਬੀਸੀ ਦੀ ਰਿਪੋਰਟ ਦੱਸਦੀ ਹੈ।

(जिन इलाकों में ज़मीन के अधिग्रहण का काम चल रहा है वहां पर देखा गया है कि सरकारी अधिकारी या पुलिस के लोग कंपनियों के एजेंट के रूप में काम करते हैं)

ਅਦਾਲਤਾਂ: ਇਸ ਸਮੇਂ ਵਿੱਚ, ਜਦੋਂ ਸਰਮਾਏਦਾਰਾਂ ਨੇ ਪੂਰੇ ਜ਼ੋਰ ਨਾਲ ਗਰੀਬਾਂ ਦੇ ਹੱਥ ਵਿੱਚੋਂ ਰੋਟੀ ਦੇ ਨਾਲ ਨਾਲ ਖੂਨ ਵਿੱਚ ਖਿੱਚਣ ਦੀ ਸੌਂਹ ਖਾਂਦੀ ਹੋਈ ਹੈ ਤਾਂ ਅਦਾਲਤਾਂ ਵਿੱਚ (ਅਜੀਬ ਹੈ) ਕੁਝ ਲੋਕਾਂ ਦਾ ਜ਼ਮੀਰ ਨਹੀਂ ਮਰਿਆ, ਅਦਾਲਤਾਂ ਦਾ ਸਰਕਾਰ ਨਾਲ ਟਕਰਾ ਹੋ ਰਿਹਾ ਹੈ, ਸਰਕਾਰਾਂ ਦੇ ਲੋਕ ਵਿਰੋਧੀ ਫੈਸਲੇ ਪਲਟੇ ਜਾ ਰਹੇ ਹਨ। ਇੰਝ ਜਾਪਦਾ ਹੈ ਕਿ ਸਰਕਾਰ, ਜੋ ਲੋਕਾਂ ਵਲੋਂ ਚੁਣੀ ਹੈ, ਲੋਕ-ਵਿਰੋਧੀ ਹੈ, ਜਦ ਕਿ ਅਦਾਲਤਾਂ ਲੋਕਾਂ ਦੇ ਹੱਕ ਵਿੱਚ ਨਿੱਤਰ ਰਹੀਆਂ ਹਨ, ਜੋ ਕਿ ਅਸਲ ਵਿੱਚ ਕਾਨੂੰਨ ਦੀ ਪਾਲਣਾ ਕਰਵਾਉਣ ਵਾਲੀਆਂ ਸਖਤ ਹੋਣੀਆਂ ਚਾਹੀਦੀਆਂ ਹਨ, ਉਹਨਾਂ ਦੇ ਫੈਸਲੇ ਸੰਵਿਧਾਨ ਵਿੱਚ ਤਹਿ ਕੀਤੀ ਮਰਿਆਦਾ ਦੀ ਹੱਦ ਤੱਕ ਅੱਪੜ ਰਹੇ ਹਨ।

(ਇਹ ਲੇਖ ਕਾਫ਼ੀ ਸਮਾਂ ਪਹਿਲਾਂ  (23ਜੁਲਾਈ 2011)) ਲਿਖਿਆ ਸੀ, ਪਰ ਕਿਸੇ ਤਰ੍ਹਾਂ ਪ੍ਰਕਾਸ਼ਿਤ ਹੋਣੋ ਰਹਿ ਗਿਆ ਸੀ

20 December, 2010

ਵਿਕਿਪੀਡਿਆ ਲਈ ਯੋਗਦਾਨ ਦਿਓ...

ਵਿਕਿਪੀਡਿਆ
"ਵਿਕਿਪੀਡਿਆ ਇੱਕ ਬਹੁ-ਭਾਸ਼ਾਈ ਪਰਿਯੋਜਨਾ ਹੈ ਜਿਸ ਵਿੱਚ ਸਾਡੇ ਮੈਂਬਰ ਅਤੇ ਇਸ ਵੈੱਬ-ਸਾਇਟ ਦੇ ਦਰਸ਼ਕ ਹਰ
ਤਰ੍ਹਾਂ ਦੇ ਲੇਖ, ਜੋ ਇੰਟਰਨੈੱਟ ਰਾਹੀਂ ਸਾਰੇ ਪੰਜਾਬੀਆਂ ਲਈ ਲਾਭਦਾਇਕ ਹੋਣ, ਲਿਖ ਸਕਦੇ ਹਨ। ਇਸ ਤਰ੍ਹਾਂ
ਵਿਕਿਪੀਡਿਆ ਇੱਕ ਆਜ਼ਾਦ ਵਿਸ਼ਵਕੋਸ਼ ਦਾ ਕੰਮ ਦੇਵੇਗਾ, ਮਤਲਬ ਕਿ ਇਹ ਰਚਨਾ-ਮਲਕੀਅਤ ਤੋਂ ਮੁਕਤ ਹੋਵੇਗੀ।"

ਦਸ ਸਾਲ ਪੂਰੇ: ਵਿਕਿਪੀਡਿਆ ੧੫/15 ਜਨਵਰੀ ਨੂੰ ਆਪਣੇ ੧੦/10 ਸਾਲ ਪੂਰੇ ਕਰਨ ਜਾ ਰਿਹਾ ਹੈ।
ਇਸ ਸਬੰਧ ਵਿੱਚ ਜੇ ਤੁਸੀਂ ਆਪਣੇ ਖਿੱਤੇ/ਕਾਲਜ/ਸ਼ਹਿਰ/ਪਿੰਡ 'ਚ ਕੋਈ ਲੋਕਾਂ ਨੂੰ ਵਿਕਿਪੀਡਿਆ ਬਾਰੇ ਜਾਣਕਾਰੀ
ਦੇਣੀ ਚਾਹੁੰਦੇ ਹੋ ਤਾਂ ਤੁਸੀਂ ਇਹ ਕਰ ਸਕਦੇ ਹੋ ਅਤੇ ਵਿਕਿਪੀਡਿਆ ਇੰਡੀਆ (ਸਾਈਟ ਹੇਠਾਂ) ਤੋਂ ਹੋਰ ਜਾਣਕਾਰੀ
ਸਮੇਤ ਕੁਝ ਸਮਾਨ ਮੰਗਵਾ ਕੇ ਵੀ ਵੰਡ ਸਕਦੇ ਹੋ।

ਵਿਕਿਪੀਡਿਆ ਦੇ ਦਸ ਸਾਲ ਪੂਰੇ ਹੋਣ ਉੱਤੇ ਹੋਣ ਵਾਲੇ ਜਸ਼ਨ

ਭਾਰਤੀ ਸਾਈਟ: ਵਿਕਿਪੀਡਿਆ ਨੇ ਭਾਰਤ ਦੀ ਵੈੱਬਸਾਈਟ ਸ਼ੁਰੂ ਕੀਤੀ ਹੈ, ਜਿੱਥੇ ਵੱਖ ਵੱਖ ਭਾਸ਼ਾਵਾਂ ਤੋਂ
ਇਲਾਵਾ ਲੋਕਲ ਗਰੁੱਪ ਬਾਰੇ ਜਾਣਕਾਰੀ ਵੀ ਹੈ। ਤੁਸੀਂ ਇੱਥੇ ਵੱਖ ਵੱਖ ਟੀਮਾਂ ਤੇ ਹੋਣ ਵਾਲੇ ਜਲਸਿਆਂ/ਸਮਾਗਮਾਂ
ਬਾਰੇ ਜਾਣਕਾਰੀ ਲੈ ਸਕਦੇ ਹੋ।

ਵਿਕਿਮੀਡਿਆ ਭਾਰਤ

ਤੁਹਾਡਾ ਸਹਿਯੋਗ: ਵਿਕਿਪੀਡਿਆ ਪੰਜਾਬ 'ਚ ਨਿਯਮਤ ਰੂਪ 'ਚ ਵਿਕਿ ਮੀਟਿੰਗ ਕਰਵਾਉਣ ਲਈ ਵਲੰਟੀਅਰ
ਲੱਭ ਰਿਹਾ ਹੈ। ਜੇ ਤੁਸੀਂ ਆਪਣੇ ਸ਼ਹਿਰ/ਪਿੰਡ/ਯੂਨੀਵਰਸਿਟੀ/ਕਾਲ 'ਚ ਕੁਝ ਅਜਿਹਾ ਕਰਨਾ ਚਾਹੁੰਦੇ ਹੋ ਤਾਂ
ਵਿਕਿਪੀਡਿਆ
ਨਾਲ ਸੰਪਰਕ ਸਕਦੇ ਹੋ।

ਪੰਜਾਬੀ ਲਈ ਮੇਲਿੰਗ ਲਿਸਟ (ਵਿਕਿਪੀਡਿਆ ਵਾਸਤੇ) ਬਣਾਉਣ ਦੀ ਕੋਸ਼ਿਸ਼ ਜਾਰੀ ਹੈ।

ਹੋਰ ਕੋਈ ਵੀ ਸਹਿਯੋਗ ਕਰਨਾ ਚਾਹੁੰਦਾ ਹੋਵੇ ਤੇ ਮੱਦਦ ਦੀ ਲੋੜ ਹੋਵੇ ਤਾਂ ਪੰਜਾਬੀ ਟੀਮ ਨਾਲ ਸੰਪਰਕ ਇੱਥੇ
ਕਰ ਸਕਦੇ ਹੋ।

08 December, 2010

ਇੰਟਰਨੈੱਟ - ਲੋਕਤੰਤਰ ਦਾ ਪੰਜਵਾਂ ਥੰਮ (ਵਿਕਿਲੀਕਸ)...

(ਪ੍ਰੈਸ ਵਲੋਂ ਲੋਕਤੰਤਰ ਵਿੱਚ ਆਪਣੀ ਭੂਮਿਕਾ ਨਾ ਅਦਾ ਕਰਕੇ ਬਾਕੀ ਤਿੰਨ ਥੰਮਾਂ ਨਾਲ 'ਸੌਦੇਬਾਜ਼ੀ' ਦੇ ਚੱਕਰਾਂ ਪੈ ਜਾਣ ਕਰਕੇ, ਇੰਟਰਨੈੱਟ ਉੱਤੇ ਪ੍ਰੈਸ ਦੀ ਨਵੀਂ ਭੂਮਿਕਾ ਕਹਿਣ ਦੀ ਬਜਾਏ ਇਸ ਨੂੰ ਪੰਜਵਾਂ ਥੰਮ ਹੀ ਕਹਿ ਲਿਆ ਜਾਵੇ ਤਾਂ ਚੰਗਾ ਹੈ।)


ਵਿਕਿਲੀਕਸ, ਜੋ ਅਮਰੀਕਾ ਦਾ ਚੇਹਰਾ ਬੇਨਿਕਾਬ ਕਰਨ ਲੱਗਾ ਹੈ, ਇੰਟਰਨੈੱਟ ਦੀ ਦੁਨੀਆਂ 'ਚ ਆਪਣੇ ਆਪ 'ਚ ਨਵਾਂ ਇਨਕਲਾਬ ਹੈ। ਇਹ ਵੈੱਬਸਾਈਟ ਆਪਣੀ ਸਾਈਟ ਉੱਤੇ ਬੇਸ਼ੁਮਾਰ ਡੌਕੂਮੈਂਟ ਉਪਲੱਬਧ ਕਰਵਾ ਰਹੀ ਹੈ, ਜੋ ਅਮਰੀਕਾ ਸਮੇਤ ਕਈ ਦੇਸ਼ਾਂ ਨਾਲ ਸਬੰਧਿਤ ਹਨ, ਜਿਸ ਵਿੱਚ ਅਮਰੀਕਾ ਤੇ ਰਾਜਦੂਤ (ਅਤੇ ਹੋਰ ਲੋਕ) ਵਲੋਂ ਦੂਜੇ ਦੇਸ਼ਾਂ ਵੱਲ ਕੀਤੀਆਂ ਬੇਹੁਦਾ ਟਿੱਪਣੀਆਂ ਵੀ ਸ਼ਾਮਲ ਹਨ। ਇਹ ਟੀਮ ਦਾਅਵਾ ਕਰਦੀ ਹੈ ਕਿ ਕਿਸੇ ਵਲੋਂ ਵੀ ਦਿੱਤੀ ਜਾਣਕਾਰੀ ਪੂਰੀ ਤਰ੍ਹਾਂ ਇੰਕ੍ਰਿਪਟ ਕੀਤੀ ਹੋਈ ਅਤੇ ਗੁਪਤ ਰੱਖੀ ਜਾਵੇਗੀ। ਕਈ ਅਖ਼ਬਾਰਾਂ ਤੇ ਪੱਤਰਕਾਰਾਂ ਨੇ ਇਸ ਦੇ ਸਹਿਯੋਗ ਦਾ ਐਲਾਨ ਕੀਤਾ ਹੈ।

ਅਮਰੀਕਾ ਆਪਣੀ ਹੋਈ ਕਿਰਕਰੀ ਤੋਂ ਐਨਾ ਹਰਫਲਿਆ ਹੋਇਆ ਹੈ ਕਿ ਉਸ ਨੇ ਇਸ ਨੂੰ ਰੋਕਣ ਲਈ ਬਹੁਤ ਸਾਰੇ ਸਰਕਾਰੀ ਤੇ ਗੈਰ-ਸਰਕਾਰੀ ਜਤਨ ਸ਼ੁਰੂ ਕੀਤੇ ਹਨ, ਜਿਸ ਵਿੱਚ ਵਿਕਿਲੀਕਸ ਨਾਲ ਕਾਰੋਬਾਰ ਕਰਨ ਤੇ ਪੈਸੇ ਦਾ ਲੈਣ ਦੇਣ ਕਰਨ ਵਾਲੀਆਂ ਕੰਪਨੀਆਂ ਨੂੰ ਘੁਰਕੀ ਦੇਣਾ (ਜਿਸ ਤਹਿਤ ਮਾਸਟਰਕਾਰਡ, ਵੀਜ਼ਾ, ਪੇਪਾਲ ਨੇ ਲੈਣ ਦੇਣ ਬੰਦ ਕਰ ਦਿੱਤਾ ਹੈ), ਬੈਂਕ ਵਲੋਂ ਅਕਾਊਂਟ ਬੰਦ ਕਰਨਾ, ਸਰੀਰਕ ਛੇੜਛਾੜ ਦਾ ਕੇਸ, ਵੈੱਬ ਸਾਈਟ ਉੱਤੇ ਸਾਈਬਰ ਹਮਲੇ ਕਰਵਾਉਣੇ ਵੀ ਸ਼ਾਮਲ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਸੈਕਟਰੀ ਵਲੋਂ ਤਾਂ ਇਸ ਨੂੰ ਮਾਰਨ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਮੈਨੂੰ ਇਹ ਰੋਜ਼ਾਨਾ ਦੇ ਵਿਚਾਰ ਪੜ੍ਹਦਿਆ ਲੱਗਾ ਕਿ ਇਹ 'ਤਰੱਕੀਸ਼ੁਦਾ' ਦੇਸ਼ਾਂ ਵਿੱਚ ਵੀ ਤਰੱਕੀ ਜਾਂ ਆਜ਼ਾਦੀ ਦਾ ਦਾਅਵਾ ਬਹੁਤਾ ਵੇਖਾਵਾ ਭਰ ਹੈ, ਜਦੋਂ ਕਿ ਅਸਲੀਅਤ 'ਚ ਡੌਕੂਮੈਂਟ ਲੀਕ ਹੋਣ ਕਰਕੇ ਇਹ ਦੇਸ਼ ਹੱਥਾਂ-ਪੈਰਾਂ 'ਚ ਆ ਗਏ ਅਤੇ ਇੱਕ ਸਿੱਖ ਲੀਡਰ ਵਲੋਂ ਇੱਕ ਡੇਰਾ ਦੇ ਪ੍ਰਧਾਨ ਦਾ ਸਿਰ ਵੱਢ ਕੇ ਲਿਆਉਣ ਵਾਲੇ ਨੂੰ ਇਨਾਮ ਦੇਣ ਜਾਂ ਮੁੱਲ੍ਹਾਂਵਾਂ ਵਲੋਂ ਦਿੱਤੇ ਮੁਹੰਮਦ ਸਾਹਿਬ ਦਾ ਕਾਰਟੂਨ ਬਣਾਉਣ ਵਾਲੇ ਦੇ ਸਿਰ ਕਲਮ ਦੇ ਐਲਾਨ ਦੇ ਜਮ੍ਹਾਂ ਬਰਾਬਰ ਖੜ੍ਹੇ ਜਾਪਦੇ ਹਨ (ਭਾਵੇਂ ਕਿ ਮੈਂ ਪ੍ਰੈਸ ਦੀ ਆਜ਼ਾਦੀ ਦੇ ਹੱਕ 'ਚ ਹਾਂ, ਪਰ ਜਿਹੜਾ ਕਿਸੇ ਧਰਮ ਬਾਰੇ ਮਾੜੇ ਵਿਚਾਰ ਛਾਪੇ ਤਾਂ ਅਜਿਹੀ ਆਜ਼ਾਦੀ ਦੇ ਨਾਲ ਨਹੀਂ। ਇਹੀ ਸਮਝ ਨੀ ਆਉਂਦਾ ਕਿ ਅਸਲ 'ਚ ਉਦੋਂ ਇਹੀ ਮੁਲਕ ਪ੍ਰੈਸ ਦੀ ਆਜ਼ਾਦੀ ਦੇ ਦਮਗਜੇ ਮਰਦੇ ਸੀ, ਹੁਣ ਪ੍ਰੈਸ ਦੀ ਆਜ਼ਾਦੀ ਕਿਧਰ ਗਈ।)

ਇਰਾਕ ਦੀ ਵਿਡੀਓ [1] ਕਿ ਕਿਵੇਂ ਅਮਰੀਕੀ ਹੈਲੀਕਪਟਰ (2007 ਵਿੱਚ) 'ਚ ਸਵਾਰ ਫੌਜੀ ਇਰਾਕੀਆਂ ਨੂੰ ਕੁੱਤੇ ਬਿੱਲੀਆਂ ਤੋਂ ਵੱਧ ਕੁਝ ਨੀਂ ਸਮਝਦੇ ਅਤੇ ਵਿਡੀਓ ਗੇਮ ਵਿੱਚ ਮਾਰਨ ਵਾਂਗ ਭਰੋਸਾ ਭਰ ਵੀ ਨਹੀਂ ਸੋਚਦੇ। '9 ਤੋਂ 5' [2]  ਲੜਨ ਵਾਲੇ ਸਿਪਾਹੀ ਸ਼ਾਇਦ ਆਪਣੀ ਅਮਰੀਕੀ ਜਨਤਾ ਨੂੰ ਖੁਸ਼ ਕਰਨ ਲਈ ਕਈ ਦਾਅਵੇ ਕਰਦੇ ਹੋਣ, ਪਰ ਇਹ ਵਿਡੀਓ ਉਨ੍ਹਾਂ ਸਭ ਨੂੰ ਵੇਖਣੀ ਤੇ ਸਮਝਣੀ ਚਾਹੀਦੀ ਹੈ, ਜੋ ਆਪਣੇ '9 ਤੋਂ 5' ਆਲੇ ਫੌਜੀਆਂ ਲਈ ਪੈਸੇ ਦਿੰਦੇ ਹਨ ਅਤੇ ਅਮਰੀਕੀਆਂ ਤੋਂ ਬਿਨਾਂ ਸਭ ਨੂੰ (ਆਮ ਬੰਦਿਆਂ ਤੇ ਅੱਤਵਾਦੀਆਂ ਨੂੰ) ਵਿਡੀਓ ਗੇਮ ਦੇ ਕਰੈਕਟਰ ਤੋਂ  ਵੱਧ ਕੁਝ ਨੀਂ ਸਮਝਦੇ।


 ਉਮੀਦ ਹੈ ਕਿ ਇਹ ਮੁਹਿੰਮ ਰੁਕਦੀ ਨਹੀਂ, ਕਿਉਂਕਿ ਟੋਰੈਂਟ, ਅਤੇ ਡੀਸੈਂਟਰਲਾਈਜਡ ਕੰਮ ਹੋਣ ਕਰਕੇ ਇਹ ਸਭ ਸੰਭਵਾਨਾ ਹੈ ਕਿ ਅਮਰੀਕਾ ਤੇ ਜੁੰਡੀ ਦੇ ਯਾਰ ਇਹ ਖਤਮ ਨਹੀਂ ਕਰ ਸਕਣਗੇ। ਬੀਬੀਸੀ ਦੇ ਸਾਈਟ ਨੇ ਤਾਂ ਇੰਟਰਨੈੱਟ ਨੂੰ ਭਸਮਾਸੁਰ ਦਾ ਨਾਂ ਦਿੱਤਾ ਹੈ, ਜੋ ਅਮਰੀਕਾ ਦੀ ਤਾਕਤ ਹੋਣ ਦੇ ਨਾਲ ਨਾਲ ਉਸ ਦੇ ਗਲ਼ੇ ਦੀ ਹੀ ਹੱਡੀ ਬਣਦਾ ਜਾਪਦਾ ਹੈ (ਪਹਿਲਾਂ ਗਲੋਬਲਾਈਜੇਸ਼ਨ ਦੇ ਜਿੰਨ ਨੇ ਵੀ ਅਮਰੀਕਾ ਨੂੰ ਤੰਗ ਕਰ ਛੱਡਿਆ ਹੈ)।

 ਮੈਂ ਅਮਰੀਕਾ ਲਈ ਹੀ ਨਹੀਂ, ਭਾਰਤ ਸਰਕਾਰ ਦੇ ਕਈ 'ਗੁਪਤ' ਕਦਮਾਂ ਬਾਰੇ ਜਾਣਨਾ ਚਾਹੁੰਦਾ ਹਾਂ, ਅਤੇ ਉਮੀਦ ਕਰਦਾ ਹਾਂ ਕਿ ਜਿਸ ਤਰ੍ਹਾਂ ਵਿਕਿਲੀਕਸ ਨੇ ਅਮਰੀਕਾ ਦੇ ਪੋਤੜੇ ਫੋਲੇ ਹਨ, ਭਾਰਤੀ ਸਰਕਾਰਾਂ ਦੇ ਕਾਲੇ ਕਾਰਨਾਮੇ ਸਾਹਮਣੇ ਆਉਣੇ ਚਾਹੀਦੇ ਹਨ (ਤੇ ਅੱਜ ਨਾ ਭਲਕ ਆ ਵੀ ਜਾਣਗੇ), ਜਿਸ ਵਿੱਚ ਅਰਬਾਂ-ਖ਼ਰਬਾਂ ਦੇ ਘਪਲੇ, ਧਰਮ ਦੇ ਨਾਂ ਉੱਤੇ ਕੀਤੇ ਸਰਕਾਰੀ ਕਤਲ (ਦਿੱਲੀ ਹੋਵੇ ਜਾਂ ਗੁਜਰਾਤ), ਕੇ.ਪੀ.ਐਸ. ਗਿੱਲ ਵਰਗੇ ਬੁੱਚੜਾਂ ਵਲੋਂ ਕੀਤੇ ਫਰਜ਼ੀ ਕਤਲਾਂ ਦਾ ਕੱਚਾ ਚਿੱਠਾ। ਭਾਵੇਂ ਹਾਲੇ ਇਹ ਔਖਾ ਲੱਗੇ, ਪਰ ਇਹ ਪੱਕਾ ਹੋ ਗਿਆ ਹੈ ਕਿ ਜੇ ਬੰਦਾ ਚਾਹੇ ਤਾਂ ਸਭ ਕੁਝ ਕੀਤਾ ਜਾ ਸਕਦਾ ਹੈ ਅਤੇ ਇੰਟਰਨੈੱਟ ਨੂੰ ਸੈਂਸਰ ਕਰਨਾ ਅਮਰੀਕਾ ਵਰਗੇ ਮੁਲਕ ਲਈ ਵੀ ਸੌਖਾ ਨਹੀਂ ਹੈ।

ਹੈਰਾਨੀ ਦੀ ਗੱਲ ਹੈ ਕਿ ਇਹ ਉਹੀ ਅਮਰੀਕਾ ਹੈ, ਜੋ ਕਿ ਚੀਨ ਦੀ ਮੀਡਿਆ ਸੈਂਸਰਸ਼ਿਪ ਦਾ ਵਿਰੋਧ ਕਰਦਾ ਹੈ, ਅਤੇ ਹੁਣ ਜਦ ਖੁਦ ਦੇ ਸਾਹਮਣੇ ਮਸਲਾ ਆਇਆ ਤਾਂ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵੀ ਬਾਜ਼ ਨਹੀਂ ਆਉਂਦਾ ਜਾਪਦਾ।

ਫੇਰ ਵੀ ਬਾਹਰਲੀ ਪ੍ਰੈਸ ਬਾਰੇ ਪੜ੍ਹ ਕੇ ਸੁਣ ਕੇ ਲੱਗਦਾ ਹੈ ਕਿ ਕੁਝ ਕੁ ਈਮਾਨ ਤਾਂ ਉਨ੍ਹਾਂ ਲੋਕਾਂ ਦਾ ਜਿਉਂਦਾ ਹੈ, ਜੇ ਇਸ ਦੇ ਮੁਕਾਬਲੇ ਭਾਰਤ ਦੀ ਪ੍ਰੈਸ ਦੀ ਗੱਲ ਕਰੀਏ ਤਾਂ ਪਿਛਲੇ ਦਿਨੀ ਸੁਰਖੀਆਂ 'ਚ ਆਇਆਂ 'ਪ੍ਰੈਸ ਵਾਲੇ ਦਲਾਲਾਂ' ਮਸਲਾ ਅਖ਼ਬਾਰਾਂ 'ਚ ਗਧੇ ਦੇ ਸਿਰ ਤੋਂ ਸਿੰਗ ਗੁਆਚਣ ਵਾਂਗ ਗੁਆਚ ਹੀ ਗਿਆ

ਪਰ ਸਰਕਾਰੋਂ ਹੁਣ ਵੇਲੇ ਬਦਲ ਗਿਆ, ਇਹ ਗੱਲ ਯਾਦ ਰੱਖਿਓ, ਅੱਜ ਨਾ ਭਲਕੇ, ਸਭ ਕੁਝ ਸਾਹਮਣੇ ਆਉਣਾ ਹੀ ਹੈ,  ਲੋਕਾਂ ਜਾਣਨਾ ਚਾਹੁੰਦੇ ਹਨ ਕਿ ਲੱਖਾਂ ਦੇ ਘਪਲੇ ਕਿਵੇਂ ਹੁੰਦੇ ਹਨ, ਟੈਕਸਾਂ ਦੇ ਕਰੋੜਾਂ ਰੁਪਏ ਕਿਧਰ ਖਰਚੇ, ਪੱਤਰਕਾਰ ਕਿਵੇਂ ਵੱਡੇ ਵੱਡੇ ਸਨਅਤੀ ਘਰਾਣਿਆਂ ਦੇ ਦਲਾਲ  ('ਦੱ..' ਸ਼ਬਦ ਮੈਂ ਚਾਹੁੰਦਾ ਹੋਇਆ ਵੀ ਵਰਤ ਨਾ ਸਕਿਆ) ਬਣ ਗਏ, ਕਿਵੇਂ ਗਰੀਬਾਂ ਦਾ ਖੂਨ ਪੀਤਾ, ਕਿਵੇਂ ਨਿਰਦੋਸ਼ ਲੋਕ ਮਾਰੇ, ਗਾਂਧੀਗਿਰੀ ਕਰਦੇ ਸੰਘਰਸ਼ਸ਼ੀਲ ਲੋਕ ਗੁੰਡਿਆਂ ਤੋਂ ਮਰਵਾਏ।

ਹੁਣ ਸਰਕਾਰਾਂ ਵਲੋਂ ਮਸਲਿਆਂ ਉੱਤੇ ਪਰਦੇ ਪਾਉਣੇ ਓਨ੍ਹਾਂ ਸੌਖੇ ਨਹੀਂ ਰਹਿਣਗੇ, ਗੁਪਤ ਹੋਣ ਦਾ ਕੀ ਅਰਥ ਹੈ? ਜੇ ਤੁਸੀਂ  ਕਿਸੇ ਦੇਸ਼ ਨੂੰ ਬਰਬਾਦ ਕਰਨ ਦੀਆਂ ਗੋਂਦਾਂ ਗੁੰਦੋ ਤਾਂ ਉਹ ਗੁਪਤ ਹਨ, ਉਹ ਪ੍ਰਾਈਵੇਟ ਹਨ, ਜੇ ਮੈਂ ਕਿਸੇ ਦੇ ਕਤਲ ਕਰਨ ਬਾਰੇ ਕਿਸੇ ਨਾਲ ਸਲਾਹ ਕਰਾਂ ਤਾਂ ਕਿ ਇਹ ਮੇਰਾ ਨਿੱਜੀ ਮਸਲਾ ਹੈ, ਸਮਾਜ ਦਾ ਨਹੀਂ??

ਖ਼ੈਰ ਵਿਕਿਲੀਕਸ ਨੇ ਅਜਿਹੀ ਪਰਤ ਪਾਈ ਹੈ, ਜੋ ਕਿ ਲੋਕਤੰਤਰ ਦੇ ਮੋਢੀ ਕਹਾਉਂਦੇ ਮੁਲਕਾਂ ਦੇ ਚਿਹਰੇ ਨੰਗੇ ਕਰ ਗਈ, ਇਹ ਹੀ ਇੰਟਰਨੈੱਟ ਦਾ ਅਸਲ ਭਵਿੱਖ ਹੈ, ਇਹ ਹੀ ਪ੍ਰੈਸ ਦਾ ਭਵਿੱਖ ਹੈ, ਇਹੀ ਲੋਕਤੰਤਰ ਦਾ ਉਹ ਰੂਪ ਹੈ, ਜੋ ਇੰਟਰਨੈੱਟ ਦੇ ਜੁੱਗ 'ਚ ਹੋਣਾ ਚਾਹੀਦਾ ਹੈ ਅਤੇ ਹੋਵੇਗਾ।

ਜੇ ਵਿਕਿਲੀਕਸ ਬਾਰੇ ਤਾਜ਼ਾ ਜਾਣਕਾਰੀ ਲੈਣੀ ਹੋਵੇ ਤਾਂ:

http://twitter.com/#!/wikileaks

(ਇਹ ਸਾਈਟ ਤੋਂ ਤਾਜ਼ਾ ਲਿੰਕ ਲਵੋ, ਉਸ ਉੱਤੇ ਮਿੱਰਰ ਵੇਖੋ ਅਤੇ ਉੱਥੋਂ ਮਿੱਰਰ ਰਾਹੀਂ ਤੁਸੀਂ ਜਾਣਕਾਰੀ ਲੈ ਸਕਦੇ ਹੋ)

ਵਿਕਿਲੀਕਸ ਵਲੋਂ ਜਾਰੀ ਕੀਤੀ ਜਾਣਕਾਰੀ ਦੀਆਂ ਸੁਰਖੀਆਂ (ਅੰਗਰੇਜ਼ੀ 'ਚ): http://www.bbc.co.uk/news/world-us-canada-11914040

ਵਿਕਿਲੀਕਸ ਬਾਰੇ ਅੰਗਰੇਜ਼ੀ ਵਿੱਚ ਜਾਣਕਾਰੀ ਲੈਣ ਲਈ ਪੜ੍ਹੋ: http://www.bbc.co.uk/news/technology-10757263

ਇੱਕ ਪੱਤਰਕਾਰ ਦੇ ਜੁਬਾਨੀ: "ਇਹ ਲੋਕਾਂ ਤੇ ਸਰਕਾਰ ਵਿੱਚ ਆਪਸੀ ਜੰਗ ਦੀ ਸ਼ੁਰੂਆਤ ਹੈ।"
ਵਿਕਿਲੀਕਸ ਵੀ ਟਵਿੱਟਰ ਉੱਤੇ ਆਖਦਾ ਹੈ: "We open governments."

[1]  Video: Collateral Murder

 (ਇਹ ਵਿਡੀਓ ਤਾਂ ਬਾਹਰ ਆ ਸਕੀ ਕਿਉਂਕਿ ਇਹ 'ਚ ਪ੍ਰੈਸ ਦੇ ਬੰਦੇ ਮਾਰੇ ਗਏ, ਹੁਣ ਤੁਸੀਂ ਸੋਚ ਸਕਦੇ ਹੋ ਕਿ ਅਜਿਹੇ ਅਣਜਾਣੇ 'ਚ ਮਾਰੇ ਗਏ ਲੋਕਾਂ ਦੀ ਗਿਣਤੀ ਕਿੰਨੀ ਕੁ ਹੋ ਸਕਦੀ ਹੈ)   

[2] 9 ਤੋਂ 5 ਦਾ ਮਤਲਬ ਕਿ "ਪ੍ਰੋਫੈਸ਼ਨ ਨੌਕਰੀ" ਪੇਸ਼ਾ ਸਿਪਾਹੀ, ਜਿਹੜੇ 9 ਵਜੇ ਡਿਊਟੀ ਉੱਤੇ ਲੜਨ ਜਾਂਦੇ ਹਨ, 5 ਵਜੇ ਆਥਣੇ ਵਾਪਸ
ਆ ਜਾਂਦੇ ਹਨ, ਪੰਜਾਬੀ 'ਚ ਸ਼ਾਇਦ 'ਭਾੜੇ ਦੇ ਸਿਪਾਹੀ' ਵੀ ਕਹਿ ਸਕਦੇ ਹਾਂ। ਇਹਨਾਂ ਨੂੰ ਦਿਨ 'ਚ ਹਰੇਕ ਘੰਟੇ ਬਾਅਦ ਬਰੇਕ, ਲੰਚ
ਬਰੇਕ, ਅਤੇ ਕੋਕ, ਪੈਪਸੀ, ਬਰਗਰ ਪੀਜ਼ੇ, ਜੰਗ-ਏ-ਮੈਦਾਨ 'ਚ ਚਾਹੀਦੇ ਹਨ। ਇਹਨਾਂ ਲਈ ਲੜਾਈ ਇੱਕ ਕੰਮ ਹੈ, ਧੰਦਾ ਹੈ, ਇਸੇ
ਕਰਕੇ ਇਹ ਵੀਅਤਨਾਮ 'ਚ ਹਾਰੇ, ਇਰਾਕ 'ਚ ਵੀ ਜਿੱਤੇ ਨਹੀਂ, ਅਤੇ ਅਫਗਾਨਸਤਾਨ 'ਚ ਵੀ ਹਾਰ ਦੇ ਕਿਨਾਰੇ ਹਨ। ਜੇ ਇਹ ਸਦੀ
ਦਾ ਇਤਿਹਾਸ ਪੜ੍ਹਿਆ ਜਾਵੇ ਤਾਂ ਪਤਾ ਲੱਗੇਗਾ ਕਿ ਏਸ਼ੀਆਈ ਲੋਕਾਂ ਲਈ ਲੜਾਈ ਇੱਕ ਜਨੂੰਨ ਹੈ, ਜੰਗ ਕੋਈ ਕੰਮ ਨਹੀਂ, ਧੰਦਾ ਨਹੀਂ,
ਫੌਜ ਦੀ ਨੌਕਰੀ ਜ਼ਰੂਰ ਹੈ, ਪਰ ਜਦੋਂ ਜੰਗ ਲੱਗੇ ਤਾਂ ਇਹ ਧੰਦਾ ਨਹੀਂ, ਮਰਨ-ਮਾਰਨ ਦਾ ਅਜਿਹਾ ਸਿਲਸਿਲਾ ਹੈ, ਜਿਸ 'ਚ ਜਿੱਤੇ ਹਾਰ ਬਿਨਾਂ
ਹੋਰ ਕਈ ਗੱਲ ਨਹੀਂ ਔੜਦੀ। ਜੰਗ ਕਦੇ ਗਿਣਤੀ, ਹਥਿਆਰਾਂ ਨਾਲ ਨਹੀਂ ਨਹੀਂ ਜਿੱਤੀ ਜਾਂਦੀ।