ਸੋਨੀ ਐਰਿਕਸਨ ਨੇ ਪਹਿਲਾਂ ਮੋਬਾਇਲ ਫੋਨ ਭਾਰਤੀ ਭਾਸ਼ਾਵਾਂ ਵਿੱਚ ਜਾਰੀ ਕੀਤਾ ਹੈ,
ਸਿਡਰ, ਜਿਸ ਵਿੱਚ ਪੰਜਾਬੀ ਲਈ ਸਹਿਯੋਗ ਹੈ। ਇਸ ਦਾ ਪੂਰਾ ਇੰਟਰਫੇਸ ਪੰਜਾਬੀ ਵਿੱਚ
ਉਪਲੱਬਧ ਹੈ, (ਜੋ ਕਿ ਯੂਨੀਕੋਡ ਵਿੱਚ ਹੈ), ਤੁਸੀਂ ਪੰਜਾਬੀ ਵਿੱਚ SMS
ਵੇਖ ਸਕਦੇ ਹੋ, ਵੈੱਬਸਾਈਟ ਵੇਖ ਸਕਦੇ ਹੋ, ਜੋ ਕਿ ਯੂਨੀਕੋਡ ਵਿੱਚ ਸਹਾਇਕ
ਹੋਣ ਕਰਕੇ ਸੰਭਵ ਹੈ। ਕਮੀ ਸਿਰਫ਼ ਇੱਕ ਹੀ ਰਹਿ ਗਈ ਕਿ ਤੁਸੀਂ ਇੰਪੁੱਟ
ਪੰਜਾਬੀ ਵਿੱਚ ਨਹੀਂ ਕਰ ਸਕੋਗੇ, ਇਹ ਅਜਿਹੀ ਕਮੀ ਹੈ, ਜਿਸ ਨੂੰ
ਦੂਰ ਕਰਨ ਲਈ ਸੋਨੀ ਨੂੰ ਉਪਰਾਲਾ ਕਰਨਾ ਚਾਹੀਦਾ ਹੈ। (ਪਰ ਸ਼ਾਇਦ
ਗਾਹਕਾਂ ਦੇ ਕਹਿਣ ਦਾ ਅਸਰ ਪੈ ਜਾਵੇ, ਇਸਕਰਕੇ ਜੇ ਕੋਈ ਇਹ
ਮੋਬਾਇਲ ਫੋਨ ਖਰੀਦ ਲਵੇ ਤਾਂ ਸੋਨੀ ਨੂੰ ਫੋਨ ਕਰਕੇ ਪੁੱਛ ਜ਼ਰੂਰ ਲਵੇ
ਕਿ ਇੰਪੁੱਟ ਕਦੋਂ ਚਾਲੂ ਹੋਵੇਗੀ)
ਖ਼ੈਰ ਮੈਂ ਇਸ ਨੂੰ ਕੁਝ ਕੁ ਦਿਨ ਵਰਤਿਆ ਹੈ ਅਤੇ ਕੁੱਲ ਮਿਲਾ ਕੇ
ਪੰਜਾਬੀ ਦਾ ਅਨੁਵਾਦ ਚੰਗਾ ਹੈ, ਸਭ ਤੋਂ ਪਹਿਲਾਂ ਤਾਂ ਸੋਨੀ ਐਰਿਕਸਨ
ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਪਹਿਲਾਂ ਯੂਨੀਕੋਡ ਅਧਾਰਿਤ ਮੋਬਾਇਲ
ਫੋਨ ਪੰਜਾਬੀ 'ਚ ਜਾਰੀ ਕੀਤਾ (ਤੇ ਨੋਕੀਆ ਨੂੰ ਸ਼ਰਮ ਆਉਣੀ ਚਾਹੀਦੀ ਹੈ
ਕਿ ਉਸ ਨੇ ਹਾਲੇ ਤੱਕ ਹਿੰਦੀ 'ਚ ਇੱਕ ਵੀ ਅਜਿਹਾ ਫੋਨ ਜਾਰੀ ਨਹੀਂ ਕੀਤਾ
(ਯੂਨੀਕੋਡ ਵਿੱਚ)।
ਖ਼ੈਰ ਬਾਕੀ ਜਿੱਥੋਂ ਤੱਕ ਪੜਚੋਲ ਦੀ ਗੱਲ ਹੈ, ਉਸਇਹ ਠੀਕ-ਠਾਕ
ਅਨੁਵਾਦ ਕੀਤਾ ਹੈ, ਕੁਝ ਸ਼ਬਦ ਪੰਜਾਬੀ ਦੇ ਠੇਠ ਹਨ, ਬਹੁਤ ਹਿੰਦੀ
ਤੋਂ ਕਾਪੀ ਕਰ ਲਏ ਗਏ ਹਨ, ਅਤੇ ਅੰਗਰੇਜ਼ੀ ਨਾਲੋਂ ਪੂਰੀ ਤਰ੍ਹਾਂ
ਮੂੰਹ ਵੱਟ ਲਿਆ ਗਿਆ ਹੈ (ਜਦ ਕਿ ਪੰਜਾਬ ਵਿੱਚ ਆਮ ਤੌਰ
ਉੱਤੇ ਲੋਕ ਅੰਗਰੇਜ਼ੀ ਦੇ ਲਫ਼ਜ਼ ਵੱਧ ਵਰਤਦੇ ਹਨ, ਪੰਜਾਬੀ
ਦੇ ਲਫ਼ਜ਼ ਆਮ ਵਰਤਦੇ ਹਨ ਤੇ ਹਿੰਦੀ ਦੇ ਠੀਕ-ਠਾਕ ਹੀ)।
ਆਮ ਪੰਜਾਬੀ ਦੇ ਲਫ਼ਜ਼:
Missed (calls)-> ਖੁੰਝੀਆਂ
Chat->ਗੱਲਾਂਬਾਤਾਂ
Messages-> ਸੁਨੇਹੇ
Search -> ਭਾਲ
Call Divert -> ਕਾਲਾਂ ਮੋੜੋ
Tips-> ਗੁਰ
Address-> ਪਤਾ
ਪੜਚੋਲ ਕਰੋ
ਹਿੰਦੀ ਦੇ ਵਰਤੇ ਲਫ਼ਜ (ਜੋ ਪੰਜਾਬੀ ਵਿੱਚ ਸਨ ਜਾਂ ਅੰਗਰੇਜ਼ੀ 'ਚ ਸੌਖੇ ਸਨ)
Options->ਵਿਕਲਪ -> ਚੋਣਾਂ/ਪਸੰਦ
Name ->ਨਾਮ->ਨਾਂ
Unnamed -> ਅਨਾਮ -> ਬਿਨਾਂ ਨਾਂ
Version->ਸੰਸਕਰਨ -> ਵਰਜਨ
Photo -> ਆਕ੍ਰਿਤੀਆਂ->ਫੋਟੋ/ਤਸਵੀਰਾਂ
ਅੰਗਰੇਜ਼ੀ ਦੇ ਲਫ਼ਜਾਂ ਦਾ ਔਖਾ ਅਨੁਵਾਦ
Settings->ਮਾਪਢੰਡ -> ਸੈਟਿੰਗ (ਸ਼ਾਇਦ ਆਮ ਵਰਤਣ ਵਾਲੇ ਜਾਣਦੇ ਹਨ ਇਸ ਨੂੰ)
Advanced -> ਉੱਨਤ -> ਤਕਨੀਕੀ (ਵਧੇਰੇ ਢੁੱਕਵਾਂ ਜਾਪਦਾ ਹੈ)
Category-> ਵਰਗ -> ਕੈਟਾਗਰੀ
Group-> ਸਮੂਹ -> ਗਰੁੱਪ
Automatic-> ਸਵੈ -> ਆਟੋਮੈਟਿਕ
copy-> ਉਤਾਰਾ -> ਕਾਪੀ (ਪਿੰਡਾਂ 'ਚ ਵੀ ਸਭ ਲੋਕ ਜਾਣਦੇ ਹਨ)
ਗਲਤ ਅਨੁਵਾਦ
Theme-> ਵਿਸ਼ਾ -> ਥੀਮ/ਸਰੂਪ (ਇਹ ਬਹੁਤ ਭੁਲੇਖਾਪਾਉ ਸ਼ਬਦ ਹੈ)
Title -> ਸਿਰਲੇਖ -> ਸੰਬੋਧਨ/ਟਾਈਟਲ
ਗਲਤੀਆਂ ਜਾਂ ਅਜੀਬ ਅਨੁਵਾਦ (ਸਮਝ ਨਾ ਆ ਸਕਣ ਵਾਲਾ)
ਸਣਸਕਰਨ (ਅਸਲ 'ਚ ਸ਼ਾਇਦ ਸੰਸਕਰਨ ) (Settings->Gernal->Software Update->Software Version->Info)
ਗਾਹਕੀਆਂ ???
ਕੰਪਨਕਾਰੀ ????
ਚਿੱਤਰਾਵਲੀ (ਕੈਮਰੇ 'ਚ) (???)
ਚੋਖਟੇ (???)
ਵ੍ਹਾਈਟ
ਪ੍ਰਤਿਚਿੱਤਰ
ਹੋਰ ਭਾਸ਼ਾਵਾਂ:
ਸਿਡਰ ਵਿੱਚ ਇੱਕਲੀ ਪੰਜਾਬੀ ਨਹੀਂ ਹੈ, ਬਲਕਿ ਭਾਰਤ ਦੀਆਂ ਕੁੱਲ ਮਿਲਾ ਕੇ
9 ਭਾਰਤੀ ਭਾਸ਼ਾਵਾਂ ਲਈ ਅਨੁਵਾਦ ਦਿੱਤਾ ਗਿਆ ਹੈ, ਉੱਤੇ ਦਿੱਤੀਆਂ ਤਸਵੀਰਾਂ ਤੋਂ ਤੁਸੀਂ
ਇਹ ਵੇਖ ਸਕਦੇ ਹੋ, ਇੰਪੁੱਟ ਕੁੱਲ ਮਿਲਾ ਕੇ 6 ਭਾਸ਼ਾਵਾਂ ਵਿੱਚ ਦਿੱਤੀ ਗਈ ਹੈ, ਜਿਸ ਵਿੱਚ
ਪੰਜਾਬੀ/ਮਲਿਆਲਮ/ਕੰਨੜ ਲਿਖਣਾ ਸੰਭਵ ਨਹੀਂ ਹੋਵੇਗਾ।
ਆਖਰ ਵਿੱਚ 5500 ਰੁਪਏ ਵਿੱਚ ਭਾਰਤੀ ਬਾਜ਼ਾਰ ਵਿੱਚ ਦਿੱਤਾ ਗਿਆ। ਇਹ ਮੋਬਾਇਲ
ਦੀ ਸਾਈਟ, ਡੱਬੇ ਉੱਤੇ, ਨਾਲ ਦਿੱਤੇ ਜਾ ਰਹੇ ਦਸਤਾਵੇਜ਼ਾਂ ਉੱਤੇ ਕਿਤੇ ਵੀ ਇਹ ਜ਼ਿਕਰ ਵੀਨ
ਨਹੀ ਹੈ ਕਿ ਇਹ ਭਾਰਤੀ ਭਾਸ਼ਾਵਾਂ ਲਈ ਸਹਾਇਕ ਹੈ, ਨਾਲ ਹੀ ਦਿੱਤੇ ਗਏ ਦਸਤਾਵੇਜ਼
ਕਿਸੇ ਵੀ ਭਾਰਤੀ ਭਾਸ਼ਾ ਵਿੱਚ ਨਹੀਂ ਹਨ (ਸਗੋਂ ਗ਼ੈਰ-ਭਾਰਤੀ ਵਿੱਚ ਹਨ, ਜਿਸ ਦੀ ਕੋਈ
ਤੁਕ ਨਹੀਂ ਬਣਦੀ)।
ਇਹ ਮੋਬਾਇਲ ਫੋਨ ਬਹੁਤ ਹੀ ਵਧੀਆ ਹੈ, ਤੁਸੀਂ ਆਪਣੇ ਕੰਪਿਊਟਰ ਜਾਂ ਦੂਜੇ ਸਿਡਰ/iphone
ਨੂੰ ਭਾਰਤੀ ਭਾਸ਼ਾਵਾਂ ਵਿੱਚ ਸੁਨੇਹੇ ਲੈ ਦੇ ਸਕਦੇ ਹੋ (ਜੋ ਕਿ ਯੂਨੀਕੋਡ 'ਚ ਹੋਣ) (ਅੱਜਕੱਲ੍ਹ
ਦੇ ਸਾਰੇ ਕੰਪਿਊਟਰ ਭਾਰਤੀ ਭਾਸ਼ਾਵਾਂ ਲਈ ਸਹਿਯੋਗੀ ਹਨ। ਪੰਜਾਬੀ ਲਈ ਸੋਨੀ
ਐਰਿਕਸਨ ਨੂੰ ਇੱਕ ਵਾਰ ਫੇਰ ਧੰਨਵਾਦ, ਬੱਸ ਜੇ ਇੰਪੁੱਟ ਉਪਲੱਬਧ ਹੁੰਦਾ ਤਾਂ
ਕਿਆ ਬਾਤਾਂ ਸੀ...
(ਇਹ ਇੱਕ ਉਮੀਦ ਹੈ, ਕਿ ਜੇ ਕੰਪਨੀਆਂ ਚਾਹੁਣ ਤਾਂ ਕੁਝ ਵੀ ਹੋ ਸਕਦਾ ਹੈ ਅਤੇ ਭਾਰਤੀ ਭਾਸ਼ਾਵਾਂ
ਲਈ ਸਹਿਯੋਗ ਸਿਰਫ਼ ਇਸ ਦੇ ਗਾਹਕਾਂ ਉੱਤੇ ਹੀ ਨਿਰਭਰ ਹਨ ਕਿ ਉਹ ਆਪਣੀ ਮਾਂ-ਬੋਲੀ
ਵਿੱਚ ਮੋਬਾਇਲ ਚਾਹੁੰਦੇ ਹਨ ਕਿ ਨਹੀਂ।)
No comments:
Post a Comment