27 September, 2009

ਕੁਝ ਹਢਾਏ ਪਲ਼ ਦੋ ਵਰ੍ਹਿਆਂ ਤੋਂ ਟੱਪੇ ਬਚਪਨ ਨਾਲ...

ਹੁਣ ਮੋਲੀ ਦੋ ਸਾਲਾਂ ਨੂੰ ਟੱਪ ਚੱਲਿਆ ਹੈ ਅਤੇ ਉਸ ਦੀਆਂ ਹਰਕਤਾਂ
ਨੂੰ ਵੇਖ ਕੇ ਅਚਾਨਕ ਚਿੱਤ ਕਹਿ ਉੱਠਦਾ ਹੈ ਕਿ ਹਾਂ ਇਹ ਤਾਂ ਮੈਂ
ਕਦੇ ਨਹੀਂ ਸੀ ਕਰ ਸਕਦਾ (ਆਪਣੇ ਬਚਪਨ ਵਿੱਚ)...

ਕੁਦਰਤੀ ਤੌਰ ਉੱਤੇ ਮੇਰਾ ਸੁਭਾਅ ਅਜੇਹਾ ਹੈ ਅਤੇ ਕੁਝ ਸੋਚ
ਵਿਕਸਤ ਹੋਈ ਇੰਝ ਦੀ ਹੈ ਕਿ ਮੈਂ ਬੱਚਿਆਂ ਨਾਲ ਆਪਣੇ
ਆਪ ਨੂੰ ਢਾਲ ਨਹੀਂ ਪਾਉਂਦਾ, ਪਰ ਜਿੰਨਾ ਕੁ ਵਰਤਾਰਾ ਉਸ ਨਾਲ
ਮੇਰਾ ਰਿਹਾ ਜਾਂ ਕਹੀਏ ਕਿ ਵਾਹ ਪਿਆ ਹੈ, ਉਹ ਆਲੇ ਦੁਆਲੇ
ਪ੍ਰਤੀ ਕਿੰਨੀ ਤੇਜ਼ੀ ਨਾਲ ਸਿੱਖ ਰਿਹਾ ਹੈ, ਸਮਝਣ ਦੀ ਤਾਕਤ
ਹੈ, ਉਹ ਵੇਖ ਕੇ ਸਿਰ ਚਕਰਾ ਜਾਂਦਾ ਹੈ ਕਿ ਜਦੋਂ ਵੱਡੇ ਹੋਣਗੇ ਤਾਂ
ਇਹ ਕਰਨਗੇ। ਇਹ ਗੱਲ 'ਕੱਲੇ ਅਨਮੋਲ ਦੀ ਨਹੀਂ ਹੈ, ਉਸ ਦੇ
ਹਾਣ ਦੇ ਜੁਆਕ ਸਭ ਬਹੁਤ ਤੇਜ਼ ਨੇ, ਉਸ ਨਾਲੋਂ ਜੋ ਮੈਂ ਆਪਣੇ
ਬਚਪਨ 'ਚ ਵੇਖੇ ਸਨ (ਜਦੋਂ ਤੋਂ ਮੈਂ ਕੁਝ ਹੋਸ਼ ਸੰਭਾਲੀ ਹੈ)।
ਉਹ ਹਾਲੇ ਸਵਾ ਦੋ ਸਾਲ ਦਾ ਹੈ, ਪਰ ਗੱਲਾਂ ਦੇ ਜਵਾਬ ਬੜੇ
ਦੇ ਦਿੰਦਾ ਹੈ, ਜਿਵੇਂ ਕਿ
"ਅਨਮੋਲ ਤੇਰੀ ਬਾਇਕ ਗੰਦੀ ਹੈ"
"ਨਹੀਂ, ਸੋਨੀ"

ਜੇ ਮੈਂ ਤਿਆਰ ਹੋ ਰਿਹਾ ਹੋਵਾ ਤਾਂ ਉਸ ਨੇ ਸਵਾਲ ਹੁੰਦੇ ਹਨ
"ਅਮਨ ਓਫਸ ਜਾਨਾਂ?"
"ਹਾਂ"
"ਕਾਰ ਤੇ?"
"ਹਾਂ"

ਖ਼ੈਰ ਪਿਛਲੀ, (ਜਾਂ ਮੌਜੂਦਾ) ਪੀੜ੍ਹੀ ਤੋਂ ਅੱਗੇ ਹੋਣ ਨਾਲ ਹੀ
ਤਾਂ ਜ਼ਮਾਨਾ ਤਰੱਕੀ ਕਰਦਾ ਹੈ, ਅਤੇ ਇਹ ਬਾਂਦਰ ਤੋਂ
ਇਨਸਾਨ ਦੀ ਕਹਾਣੀ ਦਾ ਨਿਰੰਤਰ ਜੋੜ/ਤੋੜ ਹੈ, ਪਰ
ਕਿਵੇਂ ਵੀ ਹੈ, ਅੱਜਕੱਲ੍ਹ ਦੇ ਬੱਚੇ ਬੜੀ ਤੇਜ਼ੀ ਨਾਲ ਸਿੱਖਦੇ ਹਨ,
ਸਮਝਦੇ ਹਨ, (ਬੇਸ਼ੱਕ ਗੁੱਸੇਖੋਰ ਜਾਂ ਸ਼ਰਾਰਤੀ ਵੀ ਹਨ)।
ਹਾਲੇ ਮੇਰਾ ਬਹੁਤ ਸਾਰਾ ਸਮਾਂ ਉਸ ਦੀਆਂ ਸ਼ਰਾਰਤਾਂ ਅਤੇ
ਇੱਲਤਾਂ ਨੂੰ ਸਮਝਦਿਆਂ ਲੰਘ ਜਾਂਦਾ ਹੈ ਕਿ ਆਖਰ ਉਹ ਕੀ ਕਰਨਾ
ਚਾਹੁੰਦਾ ਹੈ ਅਤੇ ਉਹ ਕਿੰਝ ਸਮਝਾਉਂਦਾ ਹੈ। ਕੁਝ ਚਿਰ
ਪਹਿਲਾਂ ਜਦੋਂ ਉਹ ਬੋਲਣ ਹਾਲੇ ਸਿੱਖਿਆ ਹੀ ਸੀ ਤਾਂ ਉਹ
ਆਪਣੀ ਗੱਲ਼ ਸਮਝਾ ਨਹੀਂ ਸੀ ਸਕਦਾ ਤਾਂ ਉਂਝ ਕਰਕੇ ਵੇਖਾਉਦਾ ਸੀ,
ਜੇ ਰੋਟੀ ਖਾਣੀ ਹੈ ਤਾਂ ਬੁਰਕੀ ਮੂੰਹ 'ਚ ਲੈ ਕੇ ਜਾਣੀ, ਜਾਂ ਦਰਵਾਜੇ ਕੋਲ
ਡੋਲੂ ਲੈ ਕੇ ਖੜ੍ਹਾ ਹੋ ਜਾਣਾ ਆਦਿ, ਪਰ ਹੁਣ ਜਦੋਂ ਉਹ ਬੋਲਣ
ਲੱਗਾ ਹੈ ਤਾਂ ਉਹ ਆਪਣੀ ਗੱਲ਼ ਨੂੰ ਵਾਰ ਵਾਰ ਕਹਿੰਦਾ ਹੈ, ਅਤੇ ਜੇ
ਨਾ ਸਮਝੀਏ ਤਾਂ ਉਂਝ ਹਰਕਤ ਕਰਕੇ ਵੇਖਾਉਂਦਾ ਹੈ, ਖ਼ੈਰ ਉਸ ਦੀ ਮਾਂ
ਤਾਂ ਬਹੁਤਾ ਕੁਝ ਸਮਝ ਹੀ ਜਾਂਦੀ ਹੈ, ਪਰ ਮੈਨੂੰ ਕਦੇ ਕਦੇ ਵਕਤ ਲੱਗ
ਜਾਂਦਾ ਹੈ।
ਜੇ ਤੁਹਾਨੂੰ ਅਜਿਹੇ ਸਮੇਂ ਵਿੱਚ ਲੰਘਣ ਦਾ ਵਕਤ ਮਿਲੇ ਅਤੇ ਤੁਹਾਡੇ
ਕੋਲ ਸਮਾਂ ਹੋਵੇ ਤਾਂ ਤੁਸੀਂ ਉਹਨਾਂ ਦੀਆਂ ਨਿੱਕੀਆਂ-੨ ਹਰਕਤਾਂ ਨੂੰ ਵੇਖਣਾ,
ਉਹਨਾਂ ਨੂੰ ਸਮਝਣ ਦਾ ਜਤਨ ਕਰਨਾ ਕਿ ਉਹ ਕੀ ਕਰਦੇ ਹਨ ਅਤੇ
ਕਿੰਝ ਕਰਦੇ ਹਨ, ਕਿਵੇਂ ਉਹ ਆਪਣੇ ਹੱਥਾਂ ਵਿੱਚ ਚੀਜਾਂ ਦਾ ਕੰਟਰੋਲ ਕਰਨਾ
ਸਿੱੱਖਦੇ ਹਨ, ਕਿਵੇਂ ਉਹ ਵਾਰ ਵਾਰ ਟੱਕਰਾਂ ਮਾਰਦੇ ਹਨ ਅਤੇ ਆਖਰ
ਵਿੱਚ ਉਹ ਸਫ਼ਲ ਰਹਿੰਦੇ ਹਨ ਉਹ ਕਰਨ ਲਈ, ਜੋ ਕਰਨਾ ਚਾਹੁੰਦੇ ਹਨ।
ਇਹ ਸਭ ਤੁਹਾਨੂੰ ਆਪਣੀ ਮੌਜੂਦਾ ਜਿੰਦਗੀ ਜਿਉਣ ਲਈ ਅਤੇ ਸੰਘਰਸ਼
ਲਈ ਪਰੇਰਦੇ ਨਜ਼ਰ ਆਉਣਗੇ, ਕਿੰਨੀ ਵਾਰ ਕਿਸੇ ਸਮੱਸਿਆ ਦਾ ਹੱਲ
ਕੱਢਣ ਦੀ ਬਜਾਏ ਆਪਾਂ ਉਂਲਝ ਅਤੇ ਉਲਝਾ ਲੈਂਦੇ ਹਾਂ, ਪਰ ਬਚਪਨ
ਦੇ ਭੋਲੇਪਨ, ਸਾਦਗੀ ਅਤੇ ਟੱਕਰਾਂ ਮਾਰਨ ਦੀ ਆਦਤ ਸ਼ਾਇਦ ਗੁਆਉਣ
ਕਰਕੇ ਹੀ ਇਹ ਹੁੰਦਾ ਹੋਵੇਗਾ, ਇੱਕ ਵਾਰ ਉਹ ਵਾਰ ਵਾਰ ਕੋਸ਼ਿਸ਼ ਕਰਨ ਅਤੇ
ਹਰ ਅਗਲੀ ਕੋਸ਼ਿਸ਼ ਵਿੱਚ ਪਹਿਲੀ ਗਲਤੀ ਸੁਧਾਰਨ ਦਾ ਜਤਨ ਕਰਕੇ ਵੇਖਿਓ
ਕੀ ਬਣਦਾ ਹੈ...

3 comments:

ਇੰਦਰ ਪੁੰਜ਼ said...

Aalam saab bilkul thik, i am fully agree with your topic. Children in today Words are much much intelligent than us. May GOD bless them.

rangi said...

bilkul kamaal hai

main tan kena j bachpan jinni himmat jawani ch kar lai jave
fir kahda ghata

Bally said...

Aalam Ji Bahut wadhya keha hai. Zindgi jionn di rah das ditti aa
Bachpan Naal jod ke