ਅੱਜ ਕੁਦਰਤੀ ਲੁਧਿਆਣੇ ਆਉਦੇ ਹੋਏ ਕਾਫ਼ੀ ਲੇਟ ਹੋ ਗਏ ਅਤੇ ਕਰੀਬ 8 ਵਜੇ ਵਾਲੀ ਬੱਸ
ਫ਼ੜ ਕੇ ਮੋਗੇ ਨੂੰ ਤੁਰਨਾ ਸੀ। ਬੱਸ ਅੱਡੇ ਦੇ ਬਾਹਰ 15 ਕੁ ਮਿੰਟ ਤੋਂ ਖੜੀ ਸੀ
(ਜਦੋਂ ਤੋਂ ਅਸੀਂ ਆ ਕੇ ਵੇਖ ਰਹੇ ਸਾਂ)। ਤੁਰਨ ਲੱਗੀ ਤੋਂ ਮੈਂ ਅਤੇ ਜਸਵਿੰਦਰ ਵੀ
ਸਵਾਰ ਹੋ ਗਏ। ਬੱਸ ਵਿੱਚ ਬੇਅੰਤ ਭੀੜ ਸੀ, ਖਚਾ-ਖਚ ਭਰੀ ਹੋਈ
ਜਿਸ ਨੂੰ ਕਹਿੰਦੇ ਹਨ। ਅਜੇ ਵੀ ਉਸ ਦਾ ਤੁਰਨ ਦਾ ਇਰਾਦਾ ਨਹੀਂ ਸੀ,
"ਅੱਗੇ ਹੋ ਬਾਈ ਅੱਗੇ ਨੂੰ"
"ਮਾਰੋ ਮਾੜਾ ਮਾੜਾ ਪਾਸਾ"
ਕੰਡਕਟਰ ਅਤੇ ਉਸ ਦੇ ਦੱਲੇ ਲਗਾਤਾਰ ਆਵਾਜ਼ਾਂ ਦੇ ਰਹੇ ਸਨ, ਇਹ
ਤਾਂ ਜਿਵੇਂ ਉਹਨਾਂ ਦੇ ਮੂੰਹ ਉੱਤੇ ਚੜ੍ਹੇ ਹੋਏ ਲਫ਼ਜ ਹੁੰਦੇ ਹਨ।
"ਅੱਗੇ ਕਿੱਥੇ ਜਾਈਏ"
"ਤੋਰ ਲੋ ਹੁਣ, ਸਾਹ ਨੀਂ ਆਉਦਾ"
ਸਵਾਰੀਆਂ ਵਿੱਚੋ ਆਪਣੇ ਦਿਲ ਦੀ ਭੜਾਸ ਕੰਡਕਟਰ ਨੂੰ ਗਾਲਾਂ ਕੱਢ
ਕੇ ਕੱਢ ਰਹੀਆਂ ਸਨ। ਪਰ ਉਹ ਤੁਰਨ ਦਾ ਨਾਂ ਕਿੱਥੇ ਲੈਂਦਾ ਸੀਂ।
ਲੁਧਿਆਣੇ ਦੇ ਅੱਡੇ ਤੋਂ ਤੋਰੀ ਤਾਂ ਅੱਗੇ ਭਾਰਤ ਨਗਰ ਚੌਂਕ 'ਚ ਰੋਕ ਲੀਂ।
ਟਰੈਫਿਕ ਪੁਲਿਸ ਵਾਲੇ ਨੂੰ 50 ਰੁਪਏ ਮੱਥਾ ਟੇਕਿਆ ਅਤੇ ਉੱੱਥੇ ਗੱਡੀ
ਰੋਕਣ ਦਾ ਪਰਮਿਟ ਹਾਸਿਲ ਕਰ ਲਿਆ। 10 ਮਿੰਟ ਉੱਥੇ ਲਾਏ।
ਅੱਗੇ ਇੱਕ ਕੁੜੀ ਨੇ ਹੱਥ ਦੇ ਦਿੱਤਾ ਤਾਂ ਉਸ ਵਾਸਤੇ ਰੋਕ ਲਈ।
ਫੇਰ ਆਰਤੀ ਉੱਤੇ ਅੱਪੜੇ ਤਾਂ ਕੁਝ ਹੋਰ ਟੱਬਰ ਟੀਰ ਵਾਲੇ
ਬੰਦਿਆਂ ਨੂੰ ਇਹ ਭਰੋਸਾ ਦੇ ਕੇ ਚੜ੍ਹਾ ਲਿਆ ਕਿ ਜ਼ਨਾਨੀ ਨੂੰ
ਤਾਂ ਸੀਟ ਦੇਵੇਗੇ ਹੀ, ਬੱਸ ਤੁਸੀਂ ਚੜ੍ਹ ਜੋ, ਇਹ ਆਖਰੀ ਟੈਮ
ਹੀ ਹੈ ਮੋਗੇ ਨੂੰ (ਹਾਲਾਂ ਕਿ 3-4 ਟੈਮ ਤਾਂ ਤੁਰੰਤ ਬਾਅਦ ਹੀ ਸਨ
ਬੱਸਾਂ ਦੇ)।
ਬੱਸ ਫੇਰ ਤੁਰ ਤਾਂ ਪਿਆ, ਪਰ ਇੱਕ ਪੈਰ ਉੱਤੇ ਖੜ੍ਹੇ ਸਾਂ,
ਐਂਡੇ ਬਕਵਾਸ ਹਿੰਦੀ ਪੁਰਾਣੇ ਗਾਣੇ ਲਾਏ ਹੋਏ ਸਨ ਕਿ ਰਹਿ ਰੱਬ
ਦਾ ਨਾਂ। ਬੱਸ ਉੱਤੋਂ ਤੋਂ ਹੇਠਾਂ ਤੱਕ ਭਰੀ ਹੋਈ ਸੀ। ਜਦੋਂ ਸਟੇਰਿੰਗ
ਮੋੜਦਾ ਸੀ ਤਾਂ ਜਾਪਦਾ ਸੀ ਕਿ ਉੱਤੋਂ ਕਿਸੇ ਪਾਸੇ ਗੇੜਾ ਹੀ
ਨਾ ਖਾ ਜਾਵੇ, ਛੱਤ ਵੀ ਕੰਬਦੀ ਜਾਪਦੀ ਸੀ।
ਹੁਣ ਅੰਦਰਲਾ ਮਾਹੌਲ ਵੀ ਸੁਣ ਲਵੋ, ਪੰਜਾਬ 'ਚ ਰਹਿੰਦੇ ਵੀਰਾਂ ਨੇ
ਤਾਂ ਕਿਤੇ ਨਾ ਕਿਤੇ ਝੱਲਿਆ ਹੋਵੇਗਾ:
ਦੋਵੇਂ ਜ਼ਨਾਨੀਆਂ ਖੜ੍ਹੀਆਂ ਸਨ, ਇੱਕ ਕੁੜੀ ਨੂੰ ਤਾਂ ਸੀਟ ਦੇ ਦਿੱਤੀ
ਸੀ, ਪਰ ਉਸ ਅਹਿਸਾਨ ਦਾ ਪੂਰਾ ਪੂਰਾ ਫਾਇਦਾ ਲੈ ਰਹੇ ਸਨ,
ਅਤੇ ਦੂਜੀ ਖੜੀ ਹੋਈ ਔਰਤ ਦੀ ਵੀ ਹਾਲਤ ਖਸਤਾ ਕਰ ਦਿੱਤੀ ਸੀ।
ਵੇਖਣ ਨੂੰ ਇੰਨੀ ਸ਼ਰਮ ਆ ਰਹੀ ਸੀ ਕਿ ਪੰਜਾਬ ਦੇ ਲੋਕਾਂ ਵਿੱਚ ਇੰਨੀ
ਹਵਸ ਕਿੱਥੋਂ ਆ ਗਈ। ਅੱਖਾਂ ਪਾੜ ਪਾੜ ਵੇਖਣਾ ਤਾਂ ਠੀਕ ਹੈ, ਪਰ
ਇਹ ਤਾਂ ਹੱਦ ਹੀ ਟੱਪ ਗਈ ਸੀ।
ਫੇਰ ਬੱਸ ਜਸਵਿੰਦਰ ਦੀ ਟਿੱਪਣੀ ਨਾਲ ਹੀ ਸਬਰ ਕਰਨਾ ਪਿਆ ਕਿ
ਇਹ ਜ਼ਨਾਨੀਆਂ ਵੀ ਇਹੋ ਜੇਹੀਆਂ ਹੁੰਦੀਆਂ ਹਨ, ਨਹੀਂ ਤਾਂ ਸਵੇਰ ਨਾਲ
ਕੁਝ ਲੇਟ ਨੀਂ ਸੀ ਹੋਣ ਲੱਗਾ ਜਾਂ ਸ਼ਾਮ ਨੂੰ ਟੈਮ ਨਾਲ ਨਿਕਲ ਜਾਂਦੀਆਂ
ਘਰ ਨੂੰ।
"ਹਾਂ ਇਹ ਤੰਦ ਨੀਂ ਤਾਣੀ ਹੀ ਵਿਗੜੀ ਹੋਈ ਹੈ।" ਮੈਂ ਵੀ ਉਸ ਨਾਲ
ਸਹਿਮਤ ਹੁੰਦੇ ਹੋਏ ਕੋਟਕਪੂਰਾ ਬਾਈਪਾਸ ਉੱਤੇ ਉਸ ਨੂੰ ਅਲਵਿਦਾ ਕਿਹਾ।
No comments:
Post a Comment