04 June, 2007

ਲੰਬੀ ਉਮਰ ਦੇ ਲਈ ਗੂੜ੍ਹੀ ਨੀਂਦ ਜ਼ਰੂਰੀ

ਮਨੁੱਖ ਦੇ ਲਈ ਨੀਂਦ ਇਕ ਬਹੁਮੁੱਲਾ ਤੋਹਫ਼ਾ ਹੈ। ਨੀਂਦ ਦਾ ਮਹੱਤਵ ਜੀਵਨ ਦੇ ਲਈ ਓਨਾ ਜ਼ਰੂਰੀ ਹੈ, ਜਿੰਨਾ ਭੋਜਨ। ਇਹ ਇਕ ਸੁਭਾਵਿਕ ਕਿਰਿਆ ਹੈ, ਦਿਨ ਭਰ ਤੁਸੀਂ ਮਿਹਨਤ ਕਰਦੇ ਹੋ, ਰਾਤ ਨੂੰ ਛੇ ਤੋਂ ਅੱਠ ਘੰਟੇ ਪੂਰੀ ਨੀਂਦ ਲੈਣ ਦੇ ਬਾਅਦ ਸਵੇਰੇ ਫਿਰ ਤੋਂ ਸਰੀਰ ਵਿਚ ਤਾਜ਼ਗੀ ਮਹਿਸੂਸ ਕਰਦੇ ਹੋ ਅਤੇ ਅਗਲੇ ਦਿਨ ਦੀ ਮਿਹਨਤ ਲਈ ਤਿਆਰ ਹੁੰਦੇ ਹਨ।
ਇਹ ਸੱਚ ਹੈ ਕਿ ਸੰਤੁਲਿਤ ਭੋਜਨ ਸਰੀਰ ਨੂੰ ਸ਼ਕਤੀ ਦਿੰਦਾ ਹੈ ਪਰ ਚੰਗੀ ਨੀਂਦ ਦਿਮਾਗ ਲਈ ਇਕ ਜ਼ਰੂਰੀ ਟਾਨਿਕ ਹੈ। ਨੀਂਦ ਸਰੀਰ ਨੂੰ ਖੁਸ਼ੀ, ਤੰਦਰੁਸਤੀ ਅਤੇ ਨਵਾਂਪਣ ਪ੍ਰਦਾਨ ਕਰਦੀ ਹੈ। ਹਰੇਕ ਇਨਸਾਨ ਦੀ ਨੀਂਦ ਵੱਖ-ਵੱਖ ਹੁੰਦੀ ਹੈ। ਕਈ ਲੋਕ 5 ਤੋਂ 6 ਘੰਟੇ ਦੀ ਨੀਂਦ ਲੈਣ ਤੋਂ ਬਾਅਦ ਚੁਸਤ ਹੋ ਜਾਂਦੇ ਹਨ ਅਤੇ ਕਈ ਲੋਕ 8 ਤੋਂ 10 ਘੰਟੇ ਦੀ ਨੀਂਦ ਲੈਣਾ ਪਸੰਦ ਕਰਦੇ ਹਨ। ਨੀਂਦ ਦੇ ਕੁਝ ਵਿਸ਼ੇਸ਼ ਨਿਯਮ ਇਸ ਤਰ੍ਹਾਂ ਹਨ:
• ਹਰ ਰੋਜ਼ ਸਮੇਂ-ਸਿਰ ਸੌਣ ਅਤੇ ਜਾਗਣ ਲਈ ਸਮਾਂ ਨਿਰਧਾਰਤ ਕਰੋ।
• ਸੌਣ ਦੇ ਸਥਾਨ ਨੂੰ ਸੁੰਦਰ ਅਤੇ ਆਰਾਮਦਾਇਕ ਬਣਾਓ।
• ਸੌਣ ਵਾਲਾ ਕਮਰਾ ਹਵਾਦਾਰ ਅਤੇ ਸ਼ਾਂਤ ਹੋਣਾ ਚਾਹੀਦਾ ਹੈ ਤਾਂ ਕਿ ਤਾਜ਼ੀ ਹਵਾ ਆ ਸਕੇ।
• ਜਦੋਂ ਰਾਤ ਸਮੇਂ ਨੀਂਦ ਆਉਣ ਲੱਗੇ ਤਾਂ ਨੀਂਦ ਨੂੰ ਜ਼ਬਰਦਸਤੀ ਨਾ ਭਜਾਓ ਕਿਉਂਕਿ ਦੁਬਾਰਾ ਨੀਂਦ ਆਉਣ ਵਿਚ ਵਕਤ ਲੱਗੇਗਾ।
• ਰਾਤ ਨੂੰ ਸੌਣ ਤੋਂ ਪਹਿਲਾਂ ਘੱਟੋ-ਘੱਟ ਦੋ ਘੰਟੇ ਪਹਿਲਾਂ ਖਾਣ ਖਾ ਲਓ ਤਾਂ ਕਿ ਸੌਣ ਵੇਲੇ ਪੇਟ ਹਲਕਾ ਹੋਵੇ।
• ਨੀਂਦ ਦੇਰ ਨਾਲ ਆਉਂਦੀ ਹੋਵੇ ਤਾਂ ਰੱਬ ਦਾ ਨਾਂਅ ਲਵੋ।
• ਚੰਗੀ ਨੀਂਦ ਲਈ ਸਰੀਰਕ ਮਿਹਨਤ ਕਰੋ ਅਤੇ ਹਲਕੀ-ਫੁਲਕੀ ਕਸਰਤ ਜਾਂ ਸੈਰ ਕਰੋ।
• ਸ਼ਾਮ 6 ਵਜੇ ਤੋਂ ਬਾਅਦ ਕੌਫੀ ਅਤੇ ਨਸ਼ੀਲੀਆਂ ਵਸਤੂਆਂ ਦਾ ਸੇਵਨ ਨਾ ਕਰੋ।
• ਸੌਂਦੇ ਸਮੇਂ ਮੂੰਹ ਢੱਕ ਕੇ ਨਾ ਸੌਂਵੋ, ਇਸ ਨਾਲ ਤਾਜ਼ੀ ਹਵਾ ਲੈਣ ਵਿਚ ਮੁਸ਼ਕਿਲ ਆਉਂਦੀ ਹੈ।
• ਸੌਣ ਤੋਂ ਪਹਿਲਾਂ ਪੈਰ ਧੋ ਕੇ ਸਰ੍ਹੋਂ ਦੇ ਤੇਲ ਦੀ ਮਾਲਿਸ਼ ਕਰੋ, ਇਸ ਨਾਲ ਨੀਂਦ ਚੰਗੀ ਆਉਂਦੀ ਹੈ।
• ਨੀਂਦ ਲਿਆਉਣ ਵਾਲੀਆਂ ਦਵਾਈਆਂ ਦਾ ਪ੍ਰਯੋਗ ਨਾ ਕਰੋ।
• ਰਾਤ ਦਾ ਖਾਣਾ ਖਾਣ ਦੇ ਬਾਅਦ ਚਿੰਤਾਜਨਕ ਵਿਸ਼ਿਆਂ ’ਤੇ ਜ਼ਿਆਦਾ ਵਿਚਾਰ ਨਾ ਕਰੋ ਤਾਂ ਕਿ ਤਣਾਅਮੁਕਤ ਹੋ ਕੇ ਸੌਂ ਸਕੋ।
• ਕੰਮ ਨੂੰ ਬੋਝ ਸਮਝ ਕੇ ਨਾ ਕਰੋ, ਇਸ ਨਾਲ ਵੀ ਨੀਂਦ ਵਿਚ ਰੁਕਾਵਟ ਆਉਂਦੀ ਹੈ।
• ਰਾਤ ਨੂੰ ਨੀਂਦ ਚੰਗੀ ਲੈਣ ਲਈ ਭੋਜਨ ਹਲਕਾ ਅਤੇ ਸੌਣ ਤੋਂ ਤਿੰਨ ਘੰਟੇ ਪਹਿਲਾਂ ਕਰਨ ਦਾ ਯਤਨ ਕਰੋ, ਰਾਤ ਸਮੇਂ ਭਾਰਾ ਭੋਜਨ ਨਾ ਕਰੋ।
-ਨੀਤੂ ਗੁਪਤਾ
(ਰੋਜ਼ਾਨਾ ਅਜੀਤ ਜਲੰਧਰ)

No comments: