24 June, 2007

ਦੋਚਿੱਤੀ ਮਨ - ਪਰਿਵਾਰ ਜਾਂ ਰੋਜ਼ਗਾਰ ਦੇ ਫ਼ਰਜ਼

ਕੱਲ੍ਹ ਸ਼ਾਮ ਨੂੰ ਤੁਰਿਆ ਸਾਂ ਪੂਨੇ ਨੂੰ, ਉਹੀ ਸ਼ਾਮ ਵਾਲੀ ਬੱਸ ਫੜੀ, ਜਸਵਿੰਦਰ
ਨਾਲ ਸੀ। ਘਰੋਂ ਤੁਰਿਆ ਸਾਂ ਨੌਕਰੀ ਦੇ ਫ਼ਰਜ਼ ਜ਼ਰੂਰੀ ਸਮਝ ਕੇ, ਇਹੀ ਮੰਨ ਕੇ
ਕਿ ਪੈਸੇ ਲੋੜੀਦੇ ਹਨ, ਛੁੱਟੀਆਂ ਬਾਕੀ ਨਹੀਂ ਬਚੀਆਂ ਸਨ, ਪਰ ਅਣਡਿੱਠਾ
ਕਰ ਦਿੱਤਾ ਸੀ ਕਿ ਹੁਣ ਵਿਆਹ ਹੋ ਗਿਆ ਹੈ, ਕੁਝ ਫਰਜ਼ ਪਰਿਵਾਰ ਪ੍ਰਤੀ
ਵੀ ਬਣਦੇ ਹਨ। ਮਨ ਕਿਸੇ ਵੀ ਪਾਸੇ ਲਏ ਫੈਸਲੇ ਨੂੰ ਮੰਨ ਨਹੀਂ ਸੀ
ਰਿਹਾ। ਦੋਵੇਂ ਆਪੋ ਆਪਣੀ ਥਾਂ ਉੱਤੇ ਸਨ, ਦੋਵੇਂ ਠੀਕ ਵੀ ਸਨ ਅਤੇ
ਗਲਤ ਵੀ, ਵਾਪਿਸ ਪੂਨੇ ਜਾਣ ਦਾ ਫੈਸਲਾ ਲੈ ਕੇ ਵੀ ਸਥਿਰ ਨਹੀਂ ਸਾਂ,
ਪਰ ਜਾਣਾ ਵੀ ਤਾਂ ਸੀ।
ਲੁਧਿਆਣੇ ਜਾਕੇ ਚਾਚੇ ਨਾਲ ਗੱਲਬਾਤ ਕੀਤੀ, ਮੈਨੇਜਰ ਦਾ ਫੋਨ ਨਹੀਂ ਮਿਲਿਆ,
ਆਖਰ ਜਸਵਿੰਦਰ ਨਾਲ ਗੱਲ ਕਰਨ ਤੋਂ ਬਾਅਦ ਸਹਿਮਤੀ ਬਣੀ ਕਿ ਜੇ
ਅਗਲੇ ਹਫ਼ਤੇ ਫੇਰ ਮੁੜਨਾ ਹੀ ਹੈ ਤਾਂ ਜਾਣ ਦਾ ਕੀ ਫਾਇਦਾ?
10 ਹਜ਼ਾਰ ਰੁਪਏ ਕਿਰਾਇਆ ਵੱਧ ਲੱਗੇਗਾ, ਆਉਣਾ ਤਾਂ ਫੇਰ
ਪੈਣਾ ਹੀ ਹੈ, ਤਾਂ ਚੰਗਾ ਹੈ ਕਿ ਜਾਇਆ ਹੀ ਨਾ ਜਾਵੇ। ਲੰਮੇ ਸਫ਼ਰ
ਦੀ ਪਰੇਸ਼ਾਨੀ ਅੱਡ, ਸੋ ਆਖਰੀ ਸਮੇਂ ਲੁਧਿਆਣੇ ਤੋਂ ਮਨ ਬਦਲ
ਗਿਆ ਫੇਰ। ਹੁਣ ਅਲਵਿਦਾ ਕਹਿ ਜਸਵਿੰਦਰ ਨੂੰ ਤੁਰ ਪਿਆ
ਘਰ ਨੂੰ। ਹੁਣ ਮਨ ਸ਼ਾਂਤ ਸੀ, ਪਰਿਵਾਰ ਸਭ ਤੋਂ ਪਹਿਲਾਂ ਰੱਖਿਆ ਸੀ।
ਚਾਰ ਘੰਟੇ ਬਾਅਦ ਲੁਧਿਆਣੇ ਤੋਂ ਵਾਪਿਸ ਮੋਗੇ ਆ ਗਿਆ ਸੀ।
ਬੱਸ ਘਰਦੇ ਕੁਝ ਖੁਸ਼ ਸਨ, ਕੁਝ ਹੱਸ ਕੇ ਮਸ਼ਕਰੀਆਂ ਕਰਦੇ ਸਨ।
ਪਰ ਕਿਰਨ ਬਹੁਤ ਖੁਸ਼ ਸੀ। ਮੈਂ ਵੀ ਇਹ ਦੇਰ-ਦਰੁਸਤ ਫੈਸਲੇ ਉੱਤੇ।

21 June, 2007

ਕਾਮਨਿਸਟ ਮੈਨੀਫਿਸਟੋ ਅਤੇ ਅੱਜ ਦਾ ਸਮਾਜ - ਪੇਂਡੂ ਨਜ਼ਰ

ਕਾਮਨਿਸਟ ਮੈਨੀਫਿਸਟੋ ਪੰਜਾਬੀ 'ਚ ਅਨੁਵਾਦ ਕਰਨ ਲਈ ਪੜ੍ਹ
ਰਿਹਾ ਸੀ ਕਿ ਪੜ੍ਹਦੇ ਸਮੇਂ ਲਿਖਿਆ ਗੱਲਾਂ ਅੱਜ ਵੀ 150-200 ਸਾਲਾਂ
ਬਾਅਦ ਵੀ ਬਿਲਕੁਲ ਠੀਕ ਬੈਠਦੀਆਂ ਸਨ। ਇੱਕ ਗ਼ਲ ਜੋ ਪੰਜਾਬ
ਵਿੱਚ ਮੈਂ ਆਪਣੀਆਂ ਅੱਖਾਂ ਸਾਹਮਣੇ ਵਾਪਰਦੀ ਵੇਖੀ, ਉਹ ਤੁਹਾਡੇ ਨਾਲ
ਸਾਂਝੀ ਕਰਨੀ ਚਾਹੁੰਦਾ ਹਾਂ।
"The bourgeoisie has subjected the country to the rule of the towns. It has created enormous
cities, has greatly increased the urban population as compared with the rural, and has thus
rescued a considerable part of the population from the idiocy of rural life. Just as it has made the
country dependent on the towns, so it has made barbarian and semi-barbarian countries
dependent on the civilised ones, nations of peasants on nations of bourgeois, the East on the
West."


ਸਰਮਾਏਦਾਰਾਂ ਨੇ ਦੇਸ਼ ਨੂੰ ਸ਼ਹਿਰਾਂ ਦਾ ਮੁਹਤਾਜ ਬਣਾਉਣਾ ਹੁੰਦਾ ਹੈ, (ਸ਼ੈਹਰ ਇੱਕ
ਇਹੋ ਜੇਹੀ ਇਕਾਈ ਹੈ, ਜੋ ਕਿ ਸਿਰਫ਼ ਪੈਸੇ ਦੇ ਜ਼ੋਰ ਉੱਤੇ ਚੱਲਦਾ ਹੈ, ਆਪਣੇ
ਆਪ ਵਿੱਚ ਆਤਮ ਨਿਰਭਰ ਨਾ ਹੁੰਦਾ ਹੈ, ਨਾ ਹੋ ਸਕਦਾ ਹੈ ਅਤੇ ਨਾ ਹੀ
ਇਹ ਸਰਮਾਏਦਾਰ ਹੋਣ ਦੇਣਾ ਚਾਹੁੰਦੇ ਹਨ।)। ਫੇਰ ਪਿੰਡਾਂ ਵੱਲ
ਹੱਲਾਂ ਬੋਲਿਆ ਜਾਂਦਾ ਹੈ ਅਤੇ ਉਨਾਂ ਦੀ ਭੰਨ-ਤੋੜ ਕਰਕੇ
ਅਰਧ-ਸ਼ੈਹਰੀ ਇਲਾਕਿਆਂ ਵਿੱਚ ਬਦਲ ਦਿੱਤਾ ਜਾਂਦਾ ਹੈ, ਹੌਲੀ ਹੌਲੀ
ਬਾਕੀ ਬਚੇ ਛੋਟੇ ਪਿੰਡ ਵਿੱਚ ਸ਼ੈਹਰੀ ਦਬਾਅ ਹੇਠ ਆ ਜਾਂਦੇ ਹਨ ਅਤੇ ਪੂਰਾ
ਦੇਸ਼ ਹੀ ਸ਼ੈਹਰਾਂ ਦਾ ਹੀ ਜਾਪਦਾ ਹੈ, ਜਿੱਥੇ ਪੈਸੇ ਨਾਲ ਹਰ ਚੀਜ਼ ਮਿਲਦੀ ਹੈ,
ਵਿਕਦੀ ਹੈ, ਖਰੀਦੀ ਜਾਂਦੀ ਹੈ। ਇਨ੍ਹਾਂ ਦਾ ਸ਼ੈਹਰਾਂ ਦੀ ਰਚਨਾ ਸਰਮਾਏਦਾਰਾਂ
ਦੇ ਦੇਸ਼ਾਂ ਦੇ ਸ਼ੈਹਰਾਂ ਵਾਂਗਰ ਹੀ ਹੋ ਜਾਂਦੀ ਹੈ ਅਤੇ ਫੇਰ ਇੱਕ ਤਰ੍ਹਾਂ ਪੂਰਾ ਦੇਸ਼
ਹੀ ਸਰਮਾਏਦਾਰਾਂ ਨਾਲ ਭਰ ਜਾਂਦਾ ਹੈ ਅਤੇ ਇਹ ਪੂਰਬ ਪੱਛਮ ਉੱਤੇ
ਨਿਰਭਰ ਹੋ ਜਾਂਦਾ ਹੈ।

ਕਿੰਨੇ ਪੰਜਾਬ ਦੇ ਪਿੰਡ ਅਰਧ-ਸ਼ੈਹਰੀ ਇਲਾਕੇ ਬਣਦੇ ਵੇਖੇ।
ਚੱੜਿਕ, ਘੋਲੀਆ, ਸਮਾਧ, ਰਾਜੇਆਣਾ, ਸਿੰਘਾਵਾਲਾ, ਪੰਜਗਰਾਈ, ਸਮਾਲਸਰ ਆਦਿ।
ਅਤੇ ਕਿੰਨੇ ਛੋਟੇ ਛੋਟੇ ਕਸਬੇ ਸ਼ੈਹਰ ਬਣਦੇ, ਜਿਵੇਂ ਬਾਘਾ ਪੁਰਾਣਾ, ਜਿਸ
ਵਿੱਚ ਕਦੇ ਚੌਂਕ 'ਚ ਇੱਕ ਫਲਾਂ ਦੀ ਦੁਕਾਨ ਅਤੇ ਕੁਝ ਛੋਟੀਆਂ ਮੋਟੀਆਂ
ਦੁਕਾਨਾਂ ਹੁੰਦੀਆਂ ਸਨ, ਅੱਜ ਪੂਰੇ ਵੱਡੇ ਸ਼ੈਹਰਾਂ ਵਾਂਗਰਾਂ ਸਟੋਰਾਂ ਅਤੇ
ਦੁਕਾਨਾਂ ਨਾਲ ਤੁੰਨਿਆਂ ਪਿਆ ਹੈ। ਸ਼ੈਹਰਾਂ ਵਿੱਚ ਸਭ ਕੁਝ ਵੱਡੇ ਸ਼ੈਹਰਾਂ
ਵਾਂਗ, ਅਤੇ ਵੱਡੇ ਸ਼ੈਹਰਾਂ ਵਿੱਚ ਸਭ ਕੁਝ ਮੈਟਰੋ ਸ਼ੈਹਰਾਂ ਵਾਂਗ।

ਕਦੇ ਕਦੇ ਕਲਪਨਾ ਕਰਦਾ ਕਿ ਸ਼ਾਇਦ ਆਉਦੇ 5 ਕੁ ਸਾਲਾਂ ਵਿੱਚ ਮੋਗਾ ਲੁਧਿਆਣੇ
ਵਾਂਗ ਬਣ ਜਾਵੇਗਾ ਅਤੇ ਲੁਧਿਆਣਾ ਪੂਨੇ ਵਾਂਗ, ਜਿੱਥੇ ਅਰਧ-ਨੰਗੇ ਜਿਸਮ
ਆਪਣੇ ਫਰੈਂਡਾਂ ਨਾਲ ਘੁੰਮਦੇ ਹਨ, ਬਿਨਾਂ ਰਿਸ਼ਤੇ ਦੇ ਮੁੰਡੇ ਕੁੜੀਆਂ ਇੱਕਠੇ ਰਹਿੰਦੇ
ਹਨ (ਪੂਨੇ 'ਚ ਜਿਸ ਨੂੰ ਲਿਵ ਐਂਡ ਰਿਲੇਸ਼ਨਸ਼ਿਪ ਕਹਿੰਦੇ ਹਨ, ਅੱਗੇ
ਦੱਸਣ ਦੀ ਲੋੜ ਤਾਂ ਨਹੀਂ ਹੈ)। ਨੌਜਵਾਨਾਂ ਨੂੰ ਗਲੈਮਰ ਦੀ ਦੁਨਿਆਂ
ਵਿੱਚ ਘੁੰਮਾ ਕੇ ਆਪਣੀ ਵਡੇਰੀ ਪੀੜ੍ਹੀ ਤੋਂ ਅੱਡ ਕਰਨ ਦਾ ਜਤਨ ਹੈ, ਜਿਸ
ਸਦਕਾ ਨੌਜਵਾਨ ਆਪਣੇ ਵੱਡਿਆਂ ਨਾਲ ਕੋਈ ਸਰੋਕਾਰ ਨਹੀਂ ਰੱਖਦੇ
ਅਤੇ ਇਹ ਚਮਕ ਵਿੱਚ ਫਸ ਜਾਂਦੇ ਹਨ, ਪਰ ਉਹ ਇਹ ਗੱਲ ਕਦ ਸਮਝਣਗੇ,
ਜਦੋਂ ਉਨ੍ਹਾਂ ਦੀ ਅਗਲੀ ਪੀੜ੍ਹੀ ਉਨ੍ਹਾਂ ਤੋਂ ਬਾਗੀ ਹੋਵੇਗੀ, ਅੱਜ ਤਾਂ ਸਿਰਫ਼
ਬੁਜ਼ਰਗ ਇਹ ਵਾਸਤੇ ਅਫ਼ਸੋਸ ਹੀ ਕਰ ਸਕਦੇ ਹਨ, ਸ਼ਾਇਦ ਕੁਝ
ਦੁਆ।

ਇਸ ਮੌਕੇ ਲੈਨਿਨ ਦੀ ਇੱਕ ਪੁਰਾਣੀ ਕਿਤਾਬ ਉੱਤੇ ਬਾਪੂ ਜੀ
ਵਲੋਂ ਕਦੇ ਲਿਖਿਆ ਸ਼ੇਅਰ ਹੀ ਯਾਦ ਆ ਜਾਂਦਾ ਹੈ
"ਕਿਸ ਕਿਸ ਉੱਤੇ ਲਾਵੇਂਗਾ ਦੋਸ਼ ਬੇਵਤਨੀ,
ਮਿੱਟੀ ਦਾ ਰੰਗ ਬਾਰੂਦ ਵਰਗਾ"

ਹੀਰੋ ਹਾਂਡਾ ਪੈਸ਼ਨ - ਨਵਾਂ ਮੋਟਰ ਸਾਇਕਲ

ਕੁਝ ਦਿਨ ਪਹਿਲਾਂ ਛੋਟੇ ਭਾਈ ਨੇ ਨਵਾਂ ਮੋਟਰ ਸਾਇਕਲ ਲਿਆ ਹੈ
ਹੀਰੋ ਹਾਂਡਾ ਪੈਸ਼ਨ, ਪਹਿਲਾਂ ਦੋ ਬੁਲਟ ਮੋਟਰ ਸਾਇਕਲ ਲਏ ਅਤੇ ਵੇਚੇ ਹਨ
ਆਖਰੀ 3 ਸਾਲਾਂ ਵਿੱਚ। ਮੈਂ ਵੀ ਉਸ ਕੋਲੋਂ ਲੈ ਕੇ ਬੁਲਟ ਸਟੈਂਡਰਡ ਬਹੁਤ ਚਿਰ
ਵਰਤਿਆ ਹੈ (ਅਤੇ ਹੁਣ ਵੀ ਮੇਰੇ ਕੋਲ ਬੁਲਟ ਹੀ ਹੈ।)।

ਪਹਿਲਾਂ ਤਾਂ ਫੋਨ ਉੱਤੇ ਜਦੋਂ ਉਸ ਨੇ ਦੱਸਿਆ ਤਾਂ ਮੈਂ ਕੁਝ ਨਾ-ਖੁਸ਼ ਸੀ ਕਿ
ਹੋਰ ਕੋਈ ਲੈਂ ਲੈਂਦਾ (ਸਪਲੈਂਡਰ, ਜਾਂ ਹੋਰ ਕੋਈ), ਫੇਰ ਸੋਚਿਆ ਕਿ ਭਾਈ
ਆਪ ਬਹੁਤ ਹੀ ਤੁਰਿਆ ਫਿਰਿਆ ਬੰਦਾ ਹੈ, ਵਧੀਆ ਹੀ ਲਿਆ ਹੋਵੇਗਾ।
ਆਕੇ ਵੇਖਿਆ ਤਾਂ ਛੋਟਾ ਜਿਹਾ ਮੋਟਰ ਸਾਇਕਲ ਸੀ, ਕੁਝ ਭਾਰਾ ਸੀ
ਆਮ ਮੋਟਰਸਾਇਕਲਾਂ ਨਾਲੋਂ। ਮੀਟਰ ਵੀ ਦੋ ਸਨ, ਚਿੱਟੀ ਬੈਕਗਰਾਊਂਡ
ਉੱਤੇ ਕਾਲੇ ਅਤੇ ਲਾਲ ਅੱਖਰ ਬਹੁਤ ਹੀ ਸੋਹਣੇ ਸਨ। ਕਿੱਕ ਕੁਝ ਸਖਤ
ਸੀ (ਨਵਾਂ ਹੋਣ ਕਰਕੇ)। ਸਟਾਰਟ ਕੀਤਾ ਅਤੇ ਬੈਠਾ ਤਾਂ ਇਹ ਕੁਝ
ਭਾਰਾ ਲੱਗਾ ਕਿ ਭਾਵ ਕੀ ਆਮ ਹੋਰ ਮੋਟਰਸਾਇਕਲਾਂ ਵਾਂਗ ਉੱਡਦਾ
ਨਹੀਂ ਸੀ। ਸੀਟ ਵੀ ਕਾਫ਼ੀ ਸਿੱਧੀ ਹੀ ਸੀ, ਆਰਾਮਦਾਇਕ। ਸੀਟ ਉੱਤੇ
ਬੈਠ ਕੇ ਮੇਰੇ ਪੈਰ ਚੰਗੀ ਤਰ੍ਹਾਂ ਹੇਠਾਂ ਲੱਗ ਜਾਂਦੇ ਹਨ। ਚਲਾਉਣ
ਵੇਲੇ ਤਾਂ ਗੇਅਰ ਪਾਉਣ ਦਾ ਪਤਾ ਹੀਂ ਨਹੀਂ ਸੀ ਲੱਗਦਾ। ਲਾਇਟਾਂ,
ਸਿਗਨਲ ਕਯਾ ਬਾਤਾਂ ਸਨ। 40 KM/H ਦੀ ਸਪੀਡ ਦਾ ਜਲਦੀ
ਹੀ ਫੜ ਲੈਂਦਾ ਹੈ, ਸਪੀਡੋਮੀਟਰ ਉੱਤੇ ਗੇਅਰ ਦੀ ਘੱਟੋ-ਘੱਟ ਅਤੇ ਵੱਧੋ-ਵੱਧ
ਸਪੀਡ ਦਿੱਤੀ ਹੋਈ ਹੈ। ਬਿਨਾਂ ਸਰਵਿਸ ਦੇ 50 ਕਿਲੋਮੀਟਰ ਦੀ ਔਸਤ ਦਿੰਦਾ ਹੈ,
ਅਤੇ ਬਾਅਦ 'ਚ 60-65 ਤਾਂ ਆਮ ਜੇਹੀ ਗੱਲ਼ ਹੀ ਹੈ। ਤਾਕਤ ਵੀ ਵਧੀਆ ਹੈ।
ਆਵਾਜ਼ ਵੀ ਘੱਟ। ਬੱਸ ਬੇਮਿਸਾਲ ਹੈ।
ਕੀਮਤ - ਹਾਂ, ਕੀਮਤ ਤੋਂ ਪਹਿਲਾਂ ਬੁਲਟ ਦੀ ਗੱਲ਼ ਕਰਾਂ, ਉਸ ਨਾਲ
ਉਹ ਗੱਲ਼ ਹੋਈ ਕਿ ਹਾਥੀ ਜਿਉਦਾ ਕੱਖ ਦਾ, ਮਰਿਆ ਸਵਾ ਲੱਖ ਦਾ
ਜਦੋਂ ਵੇਚਿਆ ਤਾਂ 43000 ਰੁਪਏ ਦਾ ਵਿਕ ਗਿਆ ਅਤੇ ਇਹ ਆ ਗਿਆ
42700 ਰੁਪਏ ਵਿੱਚ। ਬਿਨਾਂ ਰਜਿਸਟਰੇਸ਼ਨ ਦੇ ਇਹ ਤਾਂ 300 ਰੁਪਏ ਬਚਾ ਹੀ ਗਿਆ।
ਹੈ ਹਾਂ ਸੁਆਦ ਵਾਲੀ ਗ਼ੱਲ।

ਭਾਈ ਨਾਲ ਗੱਲ਼ ਕਰਦਿਆਂ ਇਹ ਗੱਲ਼ ਲਈ ਅਸੀਂ ਦੋਵੇਂ ਸਹਿਮਤ ਸੀ
ਕਿ ਬੁਲਟ ਸ਼ਾਨ ਦੀ ਸੁਆਰੀ ਹੈ, ਕਦੇ ਕਦਾਈ ਹਫ਼ਤੇ, 10 ਦਿਨਾਂ ਗੇੜਾ
ਦੇਣਾ ਹੋਵੇ ਤਾਂ ਠੀਕ ਹੈ, ਪਰ ਇਹ ਆਧਨਿਕ ਮੋਟਰ-ਸਾਇਕਲ (ਬਾਇਕਾਂ)
ਬੇਮਿਸਾਲ ਹਨ, ਰੋਜ਼ਾਨਾ ਵਰਤੋਂ ਲਈ ਅਤੇ ਵਾਤਾਵਰਨ ਲਈ, ਸਭ ਤੋਂ
ਵੱਡੀ ਗੱਲ਼ ਜੇਬ ਲਈ। ਹੁਣ ਬੁਲਟ ਸਟੈਂਡਰਡ ਦੀ ਐਵਰੇਜ਼ ਮਸਾਂ
27-30 ਨੂੰ ਛੋਂਹਦੀ ਹੈ, ਹਰੇਕ ਹਫ਼ਤੇ ਤੇਲ ਪੁਵਾਓ, 350 ਸੀਸੀ ਦਾ
ਇੰਜਣ ਬਾਜ਼ਾਰ 'ਚ ਗੱਡੇ ਖਿੱਚਣ ਨੂੰ ਵਰਤਣਾ ਹੈ ਕਿਤੇ, ਬੱਸ ਐਵੇਂ
ਰੌਲੇ ਦਾ ਥਾਂ, ਪਰਦੂਸ਼ਨ ਵਾਧੂ। ਉਸ ਦੇ ਉਲਟ ਇਹ 100 ਸੀਸੀ
ਬਾਇਕਾਂ ਵਿੱਚ ਇੱਕ ਦਿਨ ਤੇਲ ਪਵਾ ਕੇ ਭੁਲ ਜਾਓ ਕਿ ਤੇਲ ਪੁਆਉਣਾ ਹੈ
ਫੇਰ। ਘੱਟ ਪਰਦੂਸ਼ਨ, ਵਧੀਆ ਇਲੈਕਟਰੋਨਿਕ ਗੇਜ਼ਾਂ, ਲਾਇਟਾਂ ਨਾਲ
ਅੱਜ ਦੇ ਜ਼ਮਾਨੇ ਦੇ ਹਮਸਫ਼ਰ ਬਣੋ। ਬੁਲਟ ਸਿਰਫ਼ ਸ਼ਾਨ ਜਾਂ ਜਾਨ ਲਈ
ਹੈ, ਜੋ ਕਿ ਅੱਜ ਦੇ ਵਾਤਾਵਰਨ ਅਤੇ ਜੇਬ ਲਈ ਢੁੱਕਵਾਂ ਨਹੀਂ ਹੈ
(ਇਹ ਨੀਂ ਕਹਿੰਦਾ ਕਿ ਗਲਤ ਹੈ, ਬੱਸ 'ਢੁੱਕਵਾਂ ਨਹੀ')।

ਹੁਣ ਤਾਂ ਮੈਨੂੰ ਇੱਥੇ ਗਲੀ ਵਿੱਚ ਘੁੰਮਦੇ ਬੁਲਟਾਂ ਦੀ ਆਵਾਜ਼ ਵੀ ਚੰਗੀ ਨਹੀਂ ਸੀ
ਲੱਗਦੀ, ਸ਼ਾਇਦ ਮੈਨੂੰ ਪੈਸ਼ਨ ਬਹੁਤ ਹੀ ਪਸੰਦ ਆ ਗਿਆ ਸੀ।

20 June, 2007

ਖ਼ਬਰਾਂ ਦੇ ਚੈਨਲਾਂ ਦੇ ਬੇਲੋੜੇ ਬਣਾਏ ਮਸਲੇ ਤੇ ਮਸਾਲੇ

ਅੱਜ ਤਿੰਨ ਦਿਨ ਹੋ ਗਏ ਹਨ, ਸੁਨੀਤਾ ਵਿਲੀਅਮਜ਼ ਨੂੰ ਧਰਤੀ ਉੱਤੇ ਲਿਆਉਦਿਆਂ,
ਜਿਹੜਾ ਚੈਨਲ ਲਾਓ, ਇੱਕ ਹੀ ਗੱਲ਼ ਅਖੇ ਐਨੇ ਘੰਟੇ ਰਹਿ ਗਏ, ਇੰਨੇ ਮਿੰਟ ਤੇ ਸਕਿੰਟ ਜੀ।
ਸਾਰਾ ਦਿਨ ਇੱਕ ਹੀ ਖ਼ਬਰ ਅਤੇ ਇੱਕ ਹੀ ਗੱਲ਼ਬਾਤ। ਕੋਈ ਚੈਨਲ ਵਾਲਾ ਖੱਬੇ
ਪਾਸੇ ਪੁੱਠੀ ਗਿਣਤੀ ਕਰੀਂ ਜਾਂਦਾ ਹੈ ਅਤੇ ਕੋਈ ਸੱਜੇ ਪਾਸੇ। ਲਗਾਤਾਰ ਜਾਰੀ ਇੰਨਾ
'ਮਸਲਿਆਂ' ਨਾਲ ਜਾਪਦਾ ਹੈ ਜਿਵੇਂ ਕੋਈ ਬਹੁਤ ਹੀ ਵੱਡਾ ਵਰਤਾਰਾ ਵਾਪਰਨ ਵਾਲਾ
ਹੋਵੇ ਅਤੇ ਸਾਰੀ ਦੁਨਿਆਂ ਸਾਹ ਰੋਕ ਕੇ ਇਸ ਦੀ ਉਡੀਕ ਰਹੀ ਹੋਵੇ।
ਪੁਲਾੜ ਪਰੋਗਰਾਮ ਕੋਈ ਨਵਾਂ ਨਹੀਂ ਹੈ ਅਤੇ ਨਾ ਹੀ ਸਪੇਸ ਸਟੇਸ਼ਨ ਉੱਤੇ ਜਾਣ
ਆਉਣ ਦਾ ਤਾਂ ਇਹ ਇੰਨਾ ਰੌਲਾ, ਚਰਚਾ ਕਿਓ? ਅੱਗੇ ਕਿਤੇ ਬੰਦੇ ਨੀਂ ਜਾਂਦੇ?
ਜਦੋਂ ਕਿ ਦੇਸ਼ ਵਿੱਚ ਹੋਰ ਹਜ਼ਾਰਾਂ ਬੰਦੇ ਰੋਜ਼ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ,
ਦਿੱਲੀ ਸ਼ੈਹਰ 'ਚ ਕੁੜੀਆਂ ਨਾਲ ਬਲਾਤਕਾਰ ਹੋ ਰਿਹਾ ਹੈ ਦਿਨ ਦਿਹਾੜੇ,
ਬੇਇਨਸਾਫ਼ੀ, ਰਿਸ਼ਰਤਖੋਰੀ ਵਰਗੇ ਮਸਲੇ ਮੂੰਹ ਪਾੜੀ ਖੜ੍ਹੇ ਹਨ।
ਬੇਲੋੜਾ ਦਬਾਅ ਸਾਰੇ ਲੋਕਾਂ ਬਣਾਇਆ ਜਾ ਰਿਹਾ ਹੈ, ਜਿਵੇਂ ਪਹਿਲਾਂ
ਕ੍ਰਿਕਟ ਲਈ ਕੀਤਾ ਸੀ। ਇੱਕ ਆਮ ਜਿਹੇ ਮਸਲੇ ਨੂੰ ਲੈ ਕੇ ਮਸਾਲੇ
ਪਾ ਕੇ ਇੰਨਾ ਉਭਾਰ ਦਿੱਤਾ ਜਾਂਦਾ ਹੈ ਕਿ ਲੋਕਾਂ ਨੂੰ ਮੱਲੋ ਮੱਲੀ ਉਸ ਨਾਲ
ਜੁੜਨਾ ਪੈਂਦਾ ਹੈ ਅਤੇ ਜਦੋਂ ਲੋਕਾਂ ਦੇ ਜ਼ਜਬਾਤ ਉਸ ਪ੍ਰਤੀ ਜਵਾਬੀ
ਕਾਰਵਾਈ ਕਰਦੇ ਹਨ ਤਾਂ ਫੇਰ ਇੰਨ੍ਹਾਂ ਨੂੰ ਨਵਾਂ ਮੁੱਦਾ ਮਿਲ ਜਾਂਦਾ ਹੈ।

ਦੂਜੀ ਗੱਲ ਉਹ ਵਿਗਿਆਨ ਦੀ ਏਨੀ ਵੱਡੀ ਮੱਲ ਮਾਰ ਕੇ ਵਾਪਸ
ਪਰਤ ਰਹੀ ਹੈ, ਪਰ ਸਾਡੇ ਦੇਸ਼ ਦੇ ਵਹਿਮੀ ਲੋਕ ਪੂਜਾ ਪਾਠ ਕਰ,
ਮੰਨਤਾਂ ਮੰਗ, ਅਰਦਾਸਾਂ ਕਰ, ਚਾਂਦਰਾਂ ਚੜ੍ਹਾ ਕੇ ਉਸ ਦੀ ਵਾਪਸੀ
ਵਾਸਤੇ ਰੱਬ ਅੱਗੇ ਹਾੜੇ ਕੱਢ ਰਹੇ ਹਨ। ਇੰਝ ਉਸ ਵਿਚਾਰੀ ਦੀ ਕੀਤੀ
ਘਾਲਣਾ ਨੂੰ ਮਿੱਟੀ ਦੀ ਮਿਲਾ ਦਿੱਤਾ ਹੈ। ਇਹ ਸਮਝ ਨੀਂ ਆਉਦੀ
ਕਿ ਟੀਵੀ ਉੱਤੇ ਖ਼ਬਰਾਂ ਵਿੱਚ ਫੋਟੋ ਲਵਾਉਣ ਲਈ ਲੋਕ ਇੰਝ ਕਰਦੇ ਹਨ
ਜਾਂ ਸੱਚਮੁੱਚ ਹੀ ਪਿਆਰ ਹੈ ਇੰਨਾ?
ਪਤਾ ਨੀਂ ਟਾਇਮ ਕਿਵੇਂ ਕੱਢ ਲੈਂਦੇ ਹਨ ਲੋਕ ਅਤੇ ਦੂਜੇ ਲੋਕਾਂ (ਸੁਨੀਤਾ
ਵਿਲੀਅਮਜ਼) ਨੂੰ ਵੀ ਆਰਾਮ ਨਾਲ ਵੀ ਕਿਓ ਨੀਂ ਕੰਮ ਕਰ ਦਿੰਦੇ ਹਨ।

ਹੁਣ ਦੂਜਾ ਪੱਖ ਵੀ ਵੇਖੋ, ਰੂਸ ਵਾਲਿਆਂ ਦਾ, ਹੁਣ ਤੱਕ ਸਭ ਤੋਂ
ਵੱਧ ਵਾਰ ਪੁਲਾੜ 'ਚ ਜਾਣ ਅਤੇ ਵਾਪਸ ਆਉਣ ਦੀਆਂ ਫੇਰੀਆਂ ਦੀ ਗਿਣਤੀ
ਉਨ੍ਹਾਂ ਕੋਲ ਹੀ ਹੈ। ਇੱਕੋ ਹੀ ਮਕੈਨੀਕਲ ਜੁਗਾੜ ਰਾਹੀਂ, ਜਿਸ ਵਿੱਚ
2 ਬੰਦੇ ਹੀ ਬੈਠ ਸਕਦੇ ਹਨ ਅਤੇ ਅਜੇ ਤੱਕ ਗੇਅਰਾਂ ਅਤੇ ਕਲੱਚਾਂ ਦੀ
ਮੱਦਦ ਨਾਲ ਚੱਲਦਾ ਪੁਰਜ਼ਾ ਠੀਕ-ਠਾਕ ਚੱਲਦਾ ਹੈ। ਇੱਕ ਸਮੇਂ
ਪੁਲਾੜ ਸਟੇਸ਼ਨ ਵਿੱਚ ਫਸੇ ਅਮਰੀਕੀਆਂ ਨੂੰ ਵੀ ਲਾਹ ਕੇ ਲਿਆਦਾਂ
ਸੀ, ਜਦੋਂ ਕਿ ਅਮਰੀਕੀ ਜ਼ਹਾਜ਼ਾਂ 'ਚ ਤਕਨੀਕੀ ਨੁਕਸ ਸੀ, ਪਰ
ਖ਼ਬਰਾਂ ਵਿੱਚ ਸ਼ਾਇਦ ਹੀ ਸੁਣਿਆ ਹੋਵੇ। ਉਹ ਤਾਂ ਆਪਣੇ
ਦੇਸ਼ ਵਿੱਚ ਵੀ ਸ਼ਾਇਦ ਹੀ ਦਿਖਾਉਦੇ ਹੋਣ। ਇਸ ਨਾਲ ਕੰਮ
ਕਰਨ ਵਾਲੇ ਬੰਦਿਆਂ ਉੱਤੇ ਦਬਾਅ ਤਾਂ ਘੱਟ ਪੈਂਦਾ ਹੈ ਹੀ ਹੈ, ਕੰਮ
ਵੀ ਵਧੀਆ ਤਰੀਕੇ ਨਾਲ ਸ਼ਾਂਤਮਈ ਢੰਗ ਨਾਲ ਹੁੰਦਾ ਹੈ।

ਕੰਮ ਕਰਨ ਦੀ ਗੱਲ਼ ਤਾਂ ਤੁਸੀਂ ਕਿਸੇ ਵਿਆਹ 'ਚ ਵੇਖ ਲਿਓ, ਮੂਵੀ ਕੈਮਰਿਆਂ
ਵਾਲੇ ਕੋਈ ਵੀ ਰਸਮ ਵਿਹਾਰ ਚੰਗੀ ਤਰ੍ਹਾਂ ਕਰਨ ਨੀਂ ਦਿੰਦੇ, ਬੱਸ ਇਧਰ
ਹੋਵੋ, ਇੰਝ ਕਰੋ, ਮੂੰਹ ਇਧਰ ਨੂੰ ਕਰੋ,
ਪੁੱਛਣ ਵਾਲਾ ਹੋਵੇ ਕਿ ਜੇ ਮੂੰਹ ਤੇਰੇ ਅੱਲ੍ਹ ਕਰ ਲਿਆ ਤਾਂ ਮੂੰਹ ਪੁੱਤ ਦੇ
ਲੱਡੂ ਤੇਰੇ ਲੱਗਦੇ ਪਾਉਣਗੇ?
ਸਾਰੇ ਵਿਆਹ 'ਚ ਇਹ ਲੋਕਾਂ ਨੂੰ ਚੰਗੀ ਤਰ੍ਹਾਂ ਕੁਝ ਵੀ ਕਰਨ ਨੀਂ ਦਿੰਦੇ,
ਵਿਆਹ ਵਿੱਚ ਜੋ ਵੀ ਪਿਆਰ, ਮੁਹੱਬਤ, ਚਾਅ ਰਸਮਾਂ ਵਿੱਚ ਹੋਣਾ
ਹੁੰਦਾ ਹੈ, ਉਸ ਨੂੰ ਖਤਮ ਕਰਕੇ ਸਿਰਫ਼ ਵੇਖਾਵੇ ਉੱਤੇ ਹੀ ਪੂਰਾ ਜ਼ੋਰ ਲਾ
ਦਿੰਦੇ ਹਨ। ਇਹ ਤਾਂ ਸਾਡੇ ਲੋਕ ਨੇ।
ਜੋ ਕੰਮ ਹੈ, ਉਹ ਕੰਮ ਦੇ ਤਰੀਕੇ ਨਾਲ ਕਰੋ, ਹੋਣ ਦਿਓ, ਰਹਿਣ ਦਿਓ,
ਜੋ ਬਨਾਵਟ ਹੈ, ਖ਼ਬਰਾਂ ਨੇ, ਮੂਵੀਆਂ ਨੇ, ਫਿਲਮਾਂ ਨੇ ਉਨ੍ਹਾਂ ਨੂੰ ਕੰਮ ਨਾ ਬਣਾਓ,
ਲੋਕਾਂ ਦੀ ਟੈਂਸ਼ਨ ਅਤੇ ਭਾਵਨਾਵਾਂ ਐਂਵੇ ਨਾਲ ਭੜਕਾਓ,
ਤਾਂ ਕਿ ਨਾ ਤਾਂ ਵੇਖਣ ਵਾਲੇ ਦੇ ਅਤੇ ਨਾ ਹੀ ਕਰਨ ਵਾਲੇ ਕੰਮ 'ਚ ਕੋਈ
ਰੁਕਾਵਟ ਬਣੇ।

17 June, 2007

ਪੰਜਾਬ 'ਚ ਆਥਣ ਦਾ ਬੱਸ ਸਫ਼ਰ

ਅੱਜ ਕੁਦਰਤੀ ਲੁਧਿਆਣੇ ਆਉਦੇ ਹੋਏ ਕਾਫ਼ੀ ਲੇਟ ਹੋ ਗਏ ਅਤੇ ਕਰੀਬ 8 ਵਜੇ ਵਾਲੀ ਬੱਸ
ਫ਼ੜ ਕੇ ਮੋਗੇ ਨੂੰ ਤੁਰਨਾ ਸੀ। ਬੱਸ ਅੱਡੇ ਦੇ ਬਾਹਰ 15 ਕੁ ਮਿੰਟ ਤੋਂ ਖੜੀ ਸੀ
(ਜਦੋਂ ਤੋਂ ਅਸੀਂ ਆ ਕੇ ਵੇਖ ਰਹੇ ਸਾਂ)। ਤੁਰਨ ਲੱਗੀ ਤੋਂ ਮੈਂ ਅਤੇ ਜਸਵਿੰਦਰ ਵੀ
ਸਵਾਰ ਹੋ ਗਏ। ਬੱਸ ਵਿੱਚ ਬੇਅੰਤ ਭੀੜ ਸੀ, ਖਚਾ-ਖਚ ਭਰੀ ਹੋਈ
ਜਿਸ ਨੂੰ ਕਹਿੰਦੇ ਹਨ। ਅਜੇ ਵੀ ਉਸ ਦਾ ਤੁਰਨ ਦਾ ਇਰਾਦਾ ਨਹੀਂ ਸੀ,
"ਅੱਗੇ ਹੋ ਬਾਈ ਅੱਗੇ ਨੂੰ"
"ਮਾਰੋ ਮਾੜਾ ਮਾੜਾ ਪਾਸਾ"
ਕੰਡਕਟਰ ਅਤੇ ਉਸ ਦੇ ਦੱਲੇ ਲਗਾਤਾਰ ਆਵਾਜ਼ਾਂ ਦੇ ਰਹੇ ਸਨ, ਇਹ
ਤਾਂ ਜਿਵੇਂ ਉਹਨਾਂ ਦੇ ਮੂੰਹ ਉੱਤੇ ਚੜ੍ਹੇ ਹੋਏ ਲਫ਼ਜ ਹੁੰਦੇ ਹਨ।
"ਅੱਗੇ ਕਿੱਥੇ ਜਾਈਏ"
"ਤੋਰ ਲੋ ਹੁਣ, ਸਾਹ ਨੀਂ ਆਉਦਾ"
ਸਵਾਰੀਆਂ ਵਿੱਚੋ ਆਪਣੇ ਦਿਲ ਦੀ ਭੜਾਸ ਕੰਡਕਟਰ ਨੂੰ ਗਾਲਾਂ ਕੱਢ
ਕੇ ਕੱਢ ਰਹੀਆਂ ਸਨ। ਪਰ ਉਹ ਤੁਰਨ ਦਾ ਨਾਂ ਕਿੱਥੇ ਲੈਂਦਾ ਸੀਂ।
ਲੁਧਿਆਣੇ ਦੇ ਅੱਡੇ ਤੋਂ ਤੋਰੀ ਤਾਂ ਅੱਗੇ ਭਾਰਤ ਨਗਰ ਚੌਂਕ 'ਚ ਰੋਕ ਲੀਂ।
ਟਰੈਫਿਕ ਪੁਲਿਸ ਵਾਲੇ ਨੂੰ 50 ਰੁਪਏ ਮੱਥਾ ਟੇਕਿਆ ਅਤੇ ਉੱੱਥੇ ਗੱਡੀ
ਰੋਕਣ ਦਾ ਪਰਮਿਟ ਹਾਸਿਲ ਕਰ ਲਿਆ। 10 ਮਿੰਟ ਉੱਥੇ ਲਾਏ।
ਅੱਗੇ ਇੱਕ ਕੁੜੀ ਨੇ ਹੱਥ ਦੇ ਦਿੱਤਾ ਤਾਂ ਉਸ ਵਾਸਤੇ ਰੋਕ ਲਈ।
ਫੇਰ ਆਰਤੀ ਉੱਤੇ ਅੱਪੜੇ ਤਾਂ ਕੁਝ ਹੋਰ ਟੱਬਰ ਟੀਰ ਵਾਲੇ
ਬੰਦਿਆਂ ਨੂੰ ਇਹ ਭਰੋਸਾ ਦੇ ਕੇ ਚੜ੍ਹਾ ਲਿਆ ਕਿ ਜ਼ਨਾਨੀ ਨੂੰ
ਤਾਂ ਸੀਟ ਦੇਵੇਗੇ ਹੀ, ਬੱਸ ਤੁਸੀਂ ਚੜ੍ਹ ਜੋ, ਇਹ ਆਖਰੀ ਟੈਮ
ਹੀ ਹੈ ਮੋਗੇ ਨੂੰ (ਹਾਲਾਂ ਕਿ 3-4 ਟੈਮ ਤਾਂ ਤੁਰੰਤ ਬਾਅਦ ਹੀ ਸਨ
ਬੱਸਾਂ ਦੇ)।
ਬੱਸ ਫੇਰ ਤੁਰ ਤਾਂ ਪਿਆ, ਪਰ ਇੱਕ ਪੈਰ ਉੱਤੇ ਖੜ੍ਹੇ ਸਾਂ,
ਐਂਡੇ ਬਕਵਾਸ ਹਿੰਦੀ ਪੁਰਾਣੇ ਗਾਣੇ ਲਾਏ ਹੋਏ ਸਨ ਕਿ ਰਹਿ ਰੱਬ
ਦਾ ਨਾਂ। ਬੱਸ ਉੱਤੋਂ ਤੋਂ ਹੇਠਾਂ ਤੱਕ ਭਰੀ ਹੋਈ ਸੀ। ਜਦੋਂ ਸਟੇਰਿੰਗ
ਮੋੜਦਾ ਸੀ ਤਾਂ ਜਾਪਦਾ ਸੀ ਕਿ ਉੱਤੋਂ ਕਿਸੇ ਪਾਸੇ ਗੇੜਾ ਹੀ
ਨਾ ਖਾ ਜਾਵੇ, ਛੱਤ ਵੀ ਕੰਬਦੀ ਜਾਪਦੀ ਸੀ।
ਹੁਣ ਅੰਦਰਲਾ ਮਾਹੌਲ ਵੀ ਸੁਣ ਲਵੋ, ਪੰਜਾਬ 'ਚ ਰਹਿੰਦੇ ਵੀਰਾਂ ਨੇ
ਤਾਂ ਕਿਤੇ ਨਾ ਕਿਤੇ ਝੱਲਿਆ ਹੋਵੇਗਾ:
ਦੋਵੇਂ ਜ਼ਨਾਨੀਆਂ ਖੜ੍ਹੀਆਂ ਸਨ, ਇੱਕ ਕੁੜੀ ਨੂੰ ਤਾਂ ਸੀਟ ਦੇ ਦਿੱਤੀ
ਸੀ, ਪਰ ਉਸ ਅਹਿਸਾਨ ਦਾ ਪੂਰਾ ਪੂਰਾ ਫਾਇਦਾ ਲੈ ਰਹੇ ਸਨ,
ਅਤੇ ਦੂਜੀ ਖੜੀ ਹੋਈ ਔਰਤ ਦੀ ਵੀ ਹਾਲਤ ਖਸਤਾ ਕਰ ਦਿੱਤੀ ਸੀ।
ਵੇਖਣ ਨੂੰ ਇੰਨੀ ਸ਼ਰਮ ਆ ਰਹੀ ਸੀ ਕਿ ਪੰਜਾਬ ਦੇ ਲੋਕਾਂ ਵਿੱਚ ਇੰਨੀ
ਹਵਸ ਕਿੱਥੋਂ ਆ ਗਈ। ਅੱਖਾਂ ਪਾੜ ਪਾੜ ਵੇਖਣਾ ਤਾਂ ਠੀਕ ਹੈ, ਪਰ
ਇਹ ਤਾਂ ਹੱਦ ਹੀ ਟੱਪ ਗਈ ਸੀ।
ਫੇਰ ਬੱਸ ਜਸਵਿੰਦਰ ਦੀ ਟਿੱਪਣੀ ਨਾਲ ਹੀ ਸਬਰ ਕਰਨਾ ਪਿਆ ਕਿ
ਇਹ ਜ਼ਨਾਨੀਆਂ ਵੀ ਇਹੋ ਜੇਹੀਆਂ ਹੁੰਦੀਆਂ ਹਨ, ਨਹੀਂ ਤਾਂ ਸਵੇਰ ਨਾਲ
ਕੁਝ ਲੇਟ ਨੀਂ ਸੀ ਹੋਣ ਲੱਗਾ ਜਾਂ ਸ਼ਾਮ ਨੂੰ ਟੈਮ ਨਾਲ ਨਿਕਲ ਜਾਂਦੀਆਂ
ਘਰ ਨੂੰ।
"ਹਾਂ ਇਹ ਤੰਦ ਨੀਂ ਤਾਣੀ ਹੀ ਵਿਗੜੀ ਹੋਈ ਹੈ।" ਮੈਂ ਵੀ ਉਸ ਨਾਲ
ਸਹਿਮਤ ਹੁੰਦੇ ਹੋਏ ਕੋਟਕਪੂਰਾ ਬਾਈਪਾਸ ਉੱਤੇ ਉਸ ਨੂੰ ਅਲਵਿਦਾ ਕਿਹਾ।

14 June, 2007

ਪੁੱਤ ਪਰਦੇਸੀ

ਪਤਾ ਨੀਂ ਕਿੱਥੋਂ ਮੈਨੂੰ ਕੁਝ ਬੋਲ ਲੱਭੇ, ਜੋ ਸਚਾਈ ਬਿਆਨ ਕਰਦੇ ਹਨ ਅੱਜ ਦੇ
ਨੌਜਵਾਨਾਂ ਦੀ, ਤੁਹਾਡੇ ਨਾਲ ਸਾਂਝੇ ਕਰਦਾ ਹਾਂ
----------
ਡਾਲਰਾਂ ਦੀਆਂ ਮਿੱਠੀਆਂ ਜੇਲ੍ਹਾਂ ਵਿੱਚ ਫਸੇ, ਹੁਣ ਲੜਦੇ ਹਾਂ ਕੇਸ ਤਕਦੀਰਾਂ ਦੇ....

ਔਖੇ ਵੇਲੇ ਯਾਦ ਕਰ ਲਈ ਦਾ ਆਪਣਿਆਂ ਨੂੰ, ਤੇ ਕਰ ਲਈਦੇ ਯਾਦ ਬੋਲ ਫਕੀਰਾਂ ਦੇ....

ਜਿਹੜੇ ਘੁੰਮਦੇ ਸੀ ਸਾਰੀ ਸਾਰੀ ਰਾਤ, ਹੁਣ ਅਸੀਂ ਉਹ ਨਾ ਰਹੇ....

ਜਿਹੜੇ ਸੌਂਦੇ ਸੀ ਸਾਰਾ ਸਾਰਾ ਦਿਨ, ਹੁਣ ਅਸੀਂ ਉਹ ਨਾ ਰਹੇ....


ਖੌਰੇ ਕਦੋਂ ਜਾਗ ਜਾਣ , ਇਹ ਭਾਗ ਸਾਡੇ ਸੁੱਤੇ....

Canada ਦਾ VISA ਲਿਆ STUDY BASE ਉੱਤੇ.....



ਸਾਨੂੰ ਵੀ ਵਤਨ ਦੀ ਯਾਦ ਆਉਂਦੀ ਰਹਿੰਦੀ ਏ , ਜਦ ਵੀ ਸੁਪਨੇ ਵਿੱਚ ਮਾਂ ਕੋਈ ਤਰਲੇ ਪਾਉਂਦੀ ਰਹਿੰਦੀ ਏ.....

ਸੱਜਣ-ਬੇਲੀ-ਯਾਰ ਤਾਂ ਚੇਤੇ ਆ ਹੀ ਜਾਂਦੇ ਨੇ, ਭੈਣ-ਭਰਾ ਦੇ ਪਿਆਰ ਵੀ ਚੇਤੇ ਆ ਹੀ ਜਾਂਦੇ ਨੇ.........

Canada ਵਰਗਾ ਦੇਸ਼ ਤਾਂ ਦਿੱਲ ਖਿੱਚਦਾ ਜ਼ਰੂਰ ਹੈ,ਪਰ ਆਪਣੇ ਵਤਨ ਦੀ ਮਿੱਟੀ ਦਾ ਕੁਝ ਵੱਖਰਾ ਸਰੂਰ ਹੈ

ਗੋਰੇ-ਕਾਲ਼ੇ ਲੋਕ ਇਸ ਮੁਲਕ 'ਚ ਪਾਏ ਜਾਂਦੇ ਨੇ,NIGHT SHIFTS ਲਗਾ ਕੇ ਯਾਰੋ DOLLAR ਕਮਾਏ ਜਾਂਦੇ ਨੇ ......

ਡੌਲਰਾਂ ਦੀਆਂ ਮਿੱਠੀਆਂ ਜੇਲਾਂ ਦੇ ਕੈਦੀ ਅਸੀ ਬਣਕੇ ਰਹਿ ਗਏ,
ਦੇਸ ਹੋਇਆ ਪਰਦੇਸ ਜਾਂਦੀ ਵਾਰ AIRPORT ਤੇ ਕਹਿ ਗਏ.........
----------

ਸੋਨੀ ਈਰੀਸਨ P990i - ਫੇਰ ਨਵਾਂ ਮੋਬਾਇਲ

ਹਾਂ ਯਾਰ ਇੱਕ ਵਾਰ ਫੇਰ ਪੰਗਾ ਲੈ ਲਿਆ, ਲੈਣ ਤਾਂ ਗਿਆ ਕਿਸੇ ਹੋਰ ਵਾਸਤੇ
ਕੋਈ ਹੋਰ ਮੋਬਾਇਲ ਲੈਣ, ਪਰ ਲੈ ਲਿਆ
ਸੋਨੀ ਈਰੀਸਨ P990i ਫੋਨ।

ਇਹ ਫੋਨ ਲੈਣ ਦੀ ਬੜੇ ਚਿਰਾਂ ਦੀ ਰੀਝ ਸੀ, ਪਰ ਕੀਮਤ ਹੀ ਬਹੁਤ ਸੀ।
ਅਜੇ ਦਸ ਦਿਨ ਪਹਿਲਾਂ ਪੁੱਛਿਆ ਸੀ 30000 ਰੁਪਏ ਨਕਦ ਸੀ। ਇਸਕਰਕੇ
ਛੱਡ ਦਿੱਤਾ, ਰਹਿਣ ਦਿਓ, ਹੋਰ ਸਸਤੇ ਲੱਭਣ ਤੁਰ ਗਏ। ਅੱਜ ਜਦੋਂ ਆਇਆਂ W650i ਲੈਣ
ਤਾਂ ਦੁਕਾਨ ਵਾਲੇ ਨੇ ਇਹ ਵੇਖ ਦਿੱਤਾ ਅਤੇ ਰੇਟ ਦੱਸਿਆ 19300 ਰੁਪਏ। ਹੈਂ?
ਮੈਂ ਤਾਂ ਡਰ ਹੀ ਗਿਆ। ਖੈਰ ਕੁਝ ਸੋਚਣ-ਵਿਚਾਰਨ ਉਪਰੰਤ ਲੈ ਹੀ ਲਿਆ।


ਪੈਸੇ ਤਾਂ ਜੇਬ 'ਚ ਸਨ ਹੀ ਨਹੀਂ ਅਤੇ ਲਾਉਣੇ ਵੀ ਕਿੱਥੇ ਸਨ, ਪਰ
ਕਿਸ਼ਤਾਂ ਉੱਤੇ ਲੈ ਲਿਆ ਕਿਉਂਕਿ ਇੰਟਰਫੇਸ ਮੈਨੂੰ ਬਹੁਤ ਪਸੰਦ
ਆ ਗਿਆ ਸੀ, ਪਰ ਪਹਿਲੀ ਨਜ਼ਰ 'ਚ ਸਪੀਡ ਬਹੁਤ ਹੌਲੀ ਜਾਪੀ।
ਖੈਰ ਇੱਕ ਉਦਾਸ ਜੇਹੀ ਨਜ਼ਰ ਨਾਲ ਲੈ ਕੇ ਘਰ ਨੂੰ ਆ ਰਿਹਾ ਸੀ, ਜਦੋਂ
ਕਿ ਦਿਲ 'ਚ ਕੁਝ ਖੁਸ਼ੀ ਜੇਹੀ ਵੀ ਸੀ। ਉਂਝ ਹਾਲੇ ਸਮੱਸਿਆਵਾਂ ਖਤਮ ਨਹੀਂ ਸੀ
ਹੋਈਆਂ। ਇੱਕ 1GB ਕਾਰਡ ਉੱਤੇ ਲੱਗੇ 1800 ਰੁਪਏ ਵੀ ਕੁਝ
ਖਟਕ ਰਹੇ ਸਨ (ਮੋਬਾਇਲ ਨਾਲ 64MB ਹੀ ਉਪਲੱਬਧ ਸੀ)।



ਬਣਾਉਣ ਦਾ ਸਮਾਂ ਅਕਤੂਬਰ 2006 ਸੀ (ਬਹੁਤ ਪੁਰਾਣਾ ਸੀ)। ਛੇਤੀ
ਹੀ ਗਲਤੀਆਂ ਆਉਦੀਆਂ ਸਨ। WMA ਫਾਇਲਾਂ ਨਹੀਂ ਸੀ ਚਲਾਉਦਾ ਸੀ।
ਹੌਲੀ ਤਾਂ ਬਹੁਤ ਹੀ ਸੀ। ਹੈਂਗ (hang) ਵੀ ਹੋ ਜਾਂਦਾ ਸੀ। ਖੈਰ ਆਖਰ
ਨੈੱਟ ਉੱਤੇ ਖੋਜਣ ਉਪਰੰਤ ਲੱਭਿਆ ਕਿ ਜਿਹੜਾ ਵਰਜਨ ਮੇਰੇ ਕੋਲ ਸੀ, ਉਹ ਤਾਂ
ਬਹੁਤ ਹੀ ਪੁਰਾਣਾ ਸੀ
--
ਫੋਨ - CXC162037 R5F001
ਬਲਿਊਟੁੱਥ - CXC162058 R3A01
Organizer - CXC162036 R4A01
----
ਇਹ ਤਾਂ ਕਮਾਲ ਹੋਈ ਪਈ ਸੀ, ਯਾਰ ਬਹੁਤ ਹੀ ਪੁਰਾਣਾ। ਹੁਣ ਸੋਚਿਆ ਕਿ
ਅੱਪਡੇਟ ਕਰੀਏ, ਪਰ ਲੋਕਾਂ ਦੀ ਰਾਏ ਮੁਬਾਬਕ ਇਹ ਬਹੁਤ ਵੱਡਾ ਖਤਰਾ ਹੈ,
70% ਵਾਰ ਠੀਕ ਤਰ੍ਹਾਂ ਅੱਪਡੇਟ ਨਹੀਂ ਹੁੰਦਾ ਅਤੇ ਕੰਪਨੀ ਨੂੰ ਵਾਪਸ
ਦੇਣ ਤੋਂ ਬਿਨਾਂ ਚਾਰਾ ਨਹੀਂ ਰਹਿੰਦਾ, ਪਰ ਸੋਚਿਆ ਕਿ ਹੁਣ ਉੱਖਲੀ
'ਚ ਸਿਰ ਦਿੱਤਾ ਤਾਂ ਮੋਲ੍ਹਿਆਂ ਦਾ ਕੀ ਡਰ। ਘਰੇ ਤਾਂ ਰਿਲਾਇੰਸ
ਦਾ ਕਾਰਡ ਵਾਲਾ ਨੈੱਟ ਸੀ, ਪੈਕੇਜ ਦਾ ਆਕਾਰ 80MB ਅਤੇ 24MB ਸੀ।
ਡਾਊਨਲੋਡ ਲਾ ਦਿੱਤਾ ਅਤੇ ਕਰੀਬ 6 ਘੰਟਿਆਂ 'ਚ ਖਤਮ ਹੋਇਆ।
ਦੁਪੈਹਰੇ ਅੱਪਡੇਟ ਲਈ ਚਾਲੂ ਕੀਤਾ ਅਤੇ ਸ਼ਾਮ 6 ਵਜੇ ਘਰੇ ਭੱਜੇ ਕਿ
ਵੇਖੀਏ ਕਿ ਕੀ ਬਣਿਆ ਹੈ। ਅੱਪਡੇਟ ਉੱਥੇ ਹੀ ਖੜਾ ਜਾਪਿਆ ਅਤੇ
ਫੇਰ ਸ਼ੁਰੂ ਕੀਤਾ ਤਾਂ ਵਿੱਚ ਹੀ ਰਹਿ ਗਿਆ। ਓਏ ਹੋਏ?
ਡਰਦੇ ਡਰਦੇ ਮੁੜ ਸ਼ੁਰੂ ਕੀਤਾ ਅਤੇ 15 ਮਿੰਟ ਸ਼ੁਰੂ ਕਰਨ ਲਈ ਲੱਗ ਗਏ,
ਪਰ ਜਦੋਂ ਰੀ-ਬੂਟ (ਮੁੜ-ਚਾਲੂ) ਹੋਇਆ ਤਾਂ ਮੈਂ ਸਮਝ ਗਿਆ ਕਿ
ਬਣ ਗਈ ਗਲ਼। ਹਾਂ ਸੱਚੀ ਗੱਲ ਬਣ ਗਈ ਸਈ। ਸਭ ਕੁਝ ਅੱਪਡੇਟ
ਹੋ ਗਿਆ, ਹੁਣ ਸੰਰਚਨਾ ਇਹ ਹੈ:
--
ਫੋਨ - CXC162037 R9F011
ਬਲਿਊਟੁੱਥ - CXC162058 R5A01
Organizer - CXC162036 R5A17
--

ਹੁਣ ਬਹੁਤ ਵਧੀਆ ਸੀ ਸਭ ਕੁਝ, ਕੁਝ ਖਾਸ ਫ਼ਰਕ ਪਏ:
* ਸਪੀਡ ਤੇਜ਼ ਹੋ ਗਈ ਹੈ
* ਕਰੈਸ਼ ਕਦੇ ਨਹੀਂ ਹੋਇਆ
* ਹੈਂਗ਼ ਵੀ ਨਹੀਂ ਹੋਇਆ
* WMA ਵੀ ਚੱਲਿਆ(ਗਾਣੇ)
*ਇੰਟਰਫੇਸ ਕੁਝ ਸਾਫ਼ ਹੋ ਗਿਆ
* ਨੈੱਟ ਵੀ ਬਹੁਤ ਤੇਜ਼ ਸੀ
*ਇੰਟਰਫੇਸ ਚੰਗਾ ਲੱਗਾ

ਹੁਣ ਬਣ ਗਈ ਸੀ ਗੱਲ਼, ਕਯਾ ਬਾਤਾਂ ਨੇ, ਨੈੱਟ ਚੱਲ
ਪਿਆ ਅਤੇ ਜੀ-ਮੇਲ ਵਧੀਆ ਚੈੱਕ ਹੋ ਗਈ।
GPS ਵੀ ਉਪਲੱਬਧ ਹੈ (ਤੁਹਾਨੂੰ ਪੈਸੇ ਦੇਣੇ ਪੈਣਗੇ ਵੱਖਰੇ)।
ਕੀ-ਬੋਰਡ ਛੋਟਾ ਤਾਂ ਸੀ, ਪਰ ਹੱਥ ਤੇਜ਼ ਚੱਲਦੇ ਹਨ ਫੇਰ ਵੀ।
ਬਾਕੀ ਚੰਗੇ ਫੀਚਰ ਹਨ।

ਖ਼ੈਰ ਹੁਣ ਅੱਪਡੇਟ ਬਾਅਦ ਮੈਨੂੰ ਲਾਏ ਪੈਸਿਆਂ ਉੱਤੇ ਤਸੱਲੀ
ਸੀ ਅਤੇ ਮੇਰੀ ਚਿਰਾਂ ਦੀ ਰੀਝ ਪੂਰੀ ਹੋ ਗਈ ਹੈ। ਪਤਾ
ਨੀਂ ਅਜੇ ਮੈਂ ਇਹ ਫੋਨ ਰੱਖਾਗਾਂ ਕਿ ਨਹੀਂ, ਪਰ ਹਾਲ ਦੀ
ਘੜੀ ਇਹ ਮੇਰੇ ਕੋਲ ਹੈ ਅਤੇ ਫੋਨ ਨੰਬਰਾਂ ਉੱਤੇ ਫੋਟੋ ਲਾਉਣ
ਤੋਂ ਇਲਾਵਾ ਹੋਰ ਫੀਚਰ ਵੇਖਣ 'ਚ ਮਸਤ ਹਾਂ।
ਛੇਤੀ ਹੀ ਮਟਰੋਲਾ E6 ਨਾਲ ਅੰਤਰ ਲਿਖਾਗਾਂ।

04 June, 2007

ਲੰਬੀ ਉਮਰ ਦੇ ਲਈ ਗੂੜ੍ਹੀ ਨੀਂਦ ਜ਼ਰੂਰੀ

ਮਨੁੱਖ ਦੇ ਲਈ ਨੀਂਦ ਇਕ ਬਹੁਮੁੱਲਾ ਤੋਹਫ਼ਾ ਹੈ। ਨੀਂਦ ਦਾ ਮਹੱਤਵ ਜੀਵਨ ਦੇ ਲਈ ਓਨਾ ਜ਼ਰੂਰੀ ਹੈ, ਜਿੰਨਾ ਭੋਜਨ। ਇਹ ਇਕ ਸੁਭਾਵਿਕ ਕਿਰਿਆ ਹੈ, ਦਿਨ ਭਰ ਤੁਸੀਂ ਮਿਹਨਤ ਕਰਦੇ ਹੋ, ਰਾਤ ਨੂੰ ਛੇ ਤੋਂ ਅੱਠ ਘੰਟੇ ਪੂਰੀ ਨੀਂਦ ਲੈਣ ਦੇ ਬਾਅਦ ਸਵੇਰੇ ਫਿਰ ਤੋਂ ਸਰੀਰ ਵਿਚ ਤਾਜ਼ਗੀ ਮਹਿਸੂਸ ਕਰਦੇ ਹੋ ਅਤੇ ਅਗਲੇ ਦਿਨ ਦੀ ਮਿਹਨਤ ਲਈ ਤਿਆਰ ਹੁੰਦੇ ਹਨ।
ਇਹ ਸੱਚ ਹੈ ਕਿ ਸੰਤੁਲਿਤ ਭੋਜਨ ਸਰੀਰ ਨੂੰ ਸ਼ਕਤੀ ਦਿੰਦਾ ਹੈ ਪਰ ਚੰਗੀ ਨੀਂਦ ਦਿਮਾਗ ਲਈ ਇਕ ਜ਼ਰੂਰੀ ਟਾਨਿਕ ਹੈ। ਨੀਂਦ ਸਰੀਰ ਨੂੰ ਖੁਸ਼ੀ, ਤੰਦਰੁਸਤੀ ਅਤੇ ਨਵਾਂਪਣ ਪ੍ਰਦਾਨ ਕਰਦੀ ਹੈ। ਹਰੇਕ ਇਨਸਾਨ ਦੀ ਨੀਂਦ ਵੱਖ-ਵੱਖ ਹੁੰਦੀ ਹੈ। ਕਈ ਲੋਕ 5 ਤੋਂ 6 ਘੰਟੇ ਦੀ ਨੀਂਦ ਲੈਣ ਤੋਂ ਬਾਅਦ ਚੁਸਤ ਹੋ ਜਾਂਦੇ ਹਨ ਅਤੇ ਕਈ ਲੋਕ 8 ਤੋਂ 10 ਘੰਟੇ ਦੀ ਨੀਂਦ ਲੈਣਾ ਪਸੰਦ ਕਰਦੇ ਹਨ। ਨੀਂਦ ਦੇ ਕੁਝ ਵਿਸ਼ੇਸ਼ ਨਿਯਮ ਇਸ ਤਰ੍ਹਾਂ ਹਨ:
• ਹਰ ਰੋਜ਼ ਸਮੇਂ-ਸਿਰ ਸੌਣ ਅਤੇ ਜਾਗਣ ਲਈ ਸਮਾਂ ਨਿਰਧਾਰਤ ਕਰੋ।
• ਸੌਣ ਦੇ ਸਥਾਨ ਨੂੰ ਸੁੰਦਰ ਅਤੇ ਆਰਾਮਦਾਇਕ ਬਣਾਓ।
• ਸੌਣ ਵਾਲਾ ਕਮਰਾ ਹਵਾਦਾਰ ਅਤੇ ਸ਼ਾਂਤ ਹੋਣਾ ਚਾਹੀਦਾ ਹੈ ਤਾਂ ਕਿ ਤਾਜ਼ੀ ਹਵਾ ਆ ਸਕੇ।
• ਜਦੋਂ ਰਾਤ ਸਮੇਂ ਨੀਂਦ ਆਉਣ ਲੱਗੇ ਤਾਂ ਨੀਂਦ ਨੂੰ ਜ਼ਬਰਦਸਤੀ ਨਾ ਭਜਾਓ ਕਿਉਂਕਿ ਦੁਬਾਰਾ ਨੀਂਦ ਆਉਣ ਵਿਚ ਵਕਤ ਲੱਗੇਗਾ।
• ਰਾਤ ਨੂੰ ਸੌਣ ਤੋਂ ਪਹਿਲਾਂ ਘੱਟੋ-ਘੱਟ ਦੋ ਘੰਟੇ ਪਹਿਲਾਂ ਖਾਣ ਖਾ ਲਓ ਤਾਂ ਕਿ ਸੌਣ ਵੇਲੇ ਪੇਟ ਹਲਕਾ ਹੋਵੇ।
• ਨੀਂਦ ਦੇਰ ਨਾਲ ਆਉਂਦੀ ਹੋਵੇ ਤਾਂ ਰੱਬ ਦਾ ਨਾਂਅ ਲਵੋ।
• ਚੰਗੀ ਨੀਂਦ ਲਈ ਸਰੀਰਕ ਮਿਹਨਤ ਕਰੋ ਅਤੇ ਹਲਕੀ-ਫੁਲਕੀ ਕਸਰਤ ਜਾਂ ਸੈਰ ਕਰੋ।
• ਸ਼ਾਮ 6 ਵਜੇ ਤੋਂ ਬਾਅਦ ਕੌਫੀ ਅਤੇ ਨਸ਼ੀਲੀਆਂ ਵਸਤੂਆਂ ਦਾ ਸੇਵਨ ਨਾ ਕਰੋ।
• ਸੌਂਦੇ ਸਮੇਂ ਮੂੰਹ ਢੱਕ ਕੇ ਨਾ ਸੌਂਵੋ, ਇਸ ਨਾਲ ਤਾਜ਼ੀ ਹਵਾ ਲੈਣ ਵਿਚ ਮੁਸ਼ਕਿਲ ਆਉਂਦੀ ਹੈ।
• ਸੌਣ ਤੋਂ ਪਹਿਲਾਂ ਪੈਰ ਧੋ ਕੇ ਸਰ੍ਹੋਂ ਦੇ ਤੇਲ ਦੀ ਮਾਲਿਸ਼ ਕਰੋ, ਇਸ ਨਾਲ ਨੀਂਦ ਚੰਗੀ ਆਉਂਦੀ ਹੈ।
• ਨੀਂਦ ਲਿਆਉਣ ਵਾਲੀਆਂ ਦਵਾਈਆਂ ਦਾ ਪ੍ਰਯੋਗ ਨਾ ਕਰੋ।
• ਰਾਤ ਦਾ ਖਾਣਾ ਖਾਣ ਦੇ ਬਾਅਦ ਚਿੰਤਾਜਨਕ ਵਿਸ਼ਿਆਂ ’ਤੇ ਜ਼ਿਆਦਾ ਵਿਚਾਰ ਨਾ ਕਰੋ ਤਾਂ ਕਿ ਤਣਾਅਮੁਕਤ ਹੋ ਕੇ ਸੌਂ ਸਕੋ।
• ਕੰਮ ਨੂੰ ਬੋਝ ਸਮਝ ਕੇ ਨਾ ਕਰੋ, ਇਸ ਨਾਲ ਵੀ ਨੀਂਦ ਵਿਚ ਰੁਕਾਵਟ ਆਉਂਦੀ ਹੈ।
• ਰਾਤ ਨੂੰ ਨੀਂਦ ਚੰਗੀ ਲੈਣ ਲਈ ਭੋਜਨ ਹਲਕਾ ਅਤੇ ਸੌਣ ਤੋਂ ਤਿੰਨ ਘੰਟੇ ਪਹਿਲਾਂ ਕਰਨ ਦਾ ਯਤਨ ਕਰੋ, ਰਾਤ ਸਮੇਂ ਭਾਰਾ ਭੋਜਨ ਨਾ ਕਰੋ।
-ਨੀਤੂ ਗੁਪਤਾ
(ਰੋਜ਼ਾਨਾ ਅਜੀਤ ਜਲੰਧਰ)

ਖ਼ੁਸ਼ੀ ਲਈ ਨੁਕਤੇ

1. ਆਪਣੇ ਨਿਸ਼ਾਨੇ ਨੂੰ ਮਿਥੋ-ਸਾਰੇ ਹੀ ਖੁਸ਼ ਲੋਕਾਂ ਦੇ ਨਿਸ਼ਾਨੇ ਅਤੇ ਸੁਪਨੇ ਹੁੰਦੇ ਹਨ ਪਰ ਵੱਧ ਤੋਂ ਵੱਧ ਸੰਤੁਸ਼ਟੀ ਲਈ ਤੁਹਾਡੇ ਨਿਸ਼ਾਨਿਆਂ ਵਿਚ ਕਨਫਲਿਕਟ ਨਾ ਹੋਵੇ। ਸੋ ਜੇ ਤੁਸੀਂ ਅੱਗੇ ਵਧਣਾ ਚਾਹੁੰਦੇ ਹੋ ਤਾਂ ਹੋ ਸਕਦੈ ਕਿ ਤੁਹਾਨੂੰ ਆਪਣੇ ਖਾਣਾ ਖਾਣ ਦੇ ਸਮੇਂ ਵਿਚ ਕਟੌਤੀ ਕਰਨੀ ਪਵੇ।
2. ਕਮੀਆਂ ਨੂੰ ਸਾਂਝਾ ਕਰੋ-ਔਰਤਾਂ ’ਤੇ ਕੀਤੇ ਤਜਰਬੇ ਵਿਚ ਪਾਇਆ ਗਿਆ ਕਿ ਜਿਨ੍ਹਾਂ ਨੂੰ ਜ਼ਿੰਦਗੀ ਵਿਚ ਘੱਟ ਸੰਤੁਸ਼ਟੀ ਮਿਲੀ, ਉਨ੍ਹਾਂ ਦੀਆਂ ਅੱਧੀਆਂ ਚਿੰਤਾਵਾਂ ਘਟ ਗਈਆਂ, ਜਦੋਂ ਉਨ੍ਹਾਂ ਆਪਣੀਆਂ ਸਮੱਸਿਆਵਾਂ ਦੂਸਰਿਆਂ ਨਾਲ ਸਾਂਝੀਆਂ ਕੀਤੀਆਂ। ਸੱਚਮੁੱਚ ਇਕ ਸਮੱਸਿਆ ਨੂੰ ਸਾਂਝੀ ਕੀਤਿਆਂ ਅੱਧੀ ਰਹਿ ਜਾਂਦੀ ਹੈ।
3. ਆਪਣੇ ਮੁੱਢ ਨੂੰ ਪਛਾਣੋ-ਜ਼ਿੰਦਗੀ ਵਿਚ ਅਸਲ ਖੁਸ਼ੀ ਲਈ ਇਹ ਜਾਣੋ ਕਿ ਤੁਸੀਂ ਕੌਣ ਹੋ ਤੇ ਕਿਥੋਂ ਆੲੇ ਹੋ? ਇਸ ਲਈ ਆਪਣੇ ਵਿਰਸੇ ਨੂੰ ਪਛਾਣੋ। ਆਪਣੇ ਕਿਸੇ ਵੀ ਬਜ਼ੁਰਗ ਨਾਲ ਰਹਿਣਾ ਸ਼ੁਰੂ ਕਰੋ।
4. ਸਹੀ ਸਮੇਂ ਨੂੰ ਪਛਾਣੋ-ਜਦੋਂ ਭਵਿੱਖ ਸਬੰਧੀ ਯੋਜਨਾਬੰਦੀ ਕਰ ਰਹੇ ਹੋ ਤਾਂ ਆਪਣੇ-ਆਪ ਨੂੰ ਇਨਾਮ ਦੇਣ ਤੋਂ ਸੰਕੋਚ ਨਾ ਕਰੋ, ਜਦੋਂ ਤੁਸੀਂ ਨਿਸ਼ਾਨਾ ਪ੍ਰਾਪਤ ਕਰਨ ਵਿਚ ਸਫਲ ਹੁੰਦੇ ਹੋ।
5. ਖੁਸ਼ੀਆਂ ਦੀ ਅਗਵਾਈ ਲਈ ਹੁਨਰ-ਇਸ ਦਾ ਇਹ ਭਾਵ ਨਹੀਂ ਕਿ ਅਸੀਂ ਰੰਗਦਾਰ ਝੰਡੀਆਂ ਨਾਲ ਹਵਾ ਨੂੰ ਖਰੀਦੀੲੇ। ਬੱਸ ਉਤਸ਼ਾਹੀ ਬਣਨ ਲਈ ਇਕ ਸਪੋਰਟਸ ਟੀਮ ਦੀ ਚੋਣ ਕਰੋ। ਖੁਸ਼ੀਆਂ ਮਿਲਣਗੀਆਂ।
6. ਸ਼ਾਨਦਾਰ ਦੋਸਤ ਰੱਖੋ-ਹਰੇਕ ਨੂੰ ਚੰਗੇ ਲੋਕਾਂ ਦੀ ਸੰਗਤ ਦੀ ਲੋੜ ਹੁੰਦੀ ਹੈ। ਇਕ ਅਧਿਐਨ ਅਨੁਸਾਰ ਦੂਸਰਿਆਂ ਪ੍ਰਤੀ ਭਾਵਨਾਵਾਂ ਨਾਲ ਜੁੜੇ ਲੋਕ ਉਨ੍ਹਾਂ ਸਬੰਧੀ ਚਾਰ ਗੁਣਾ ਵਧੀਆ ਸੋਚ ਸਕਦੇ ਹਨ।
7. ਲੜਾਈ ਨੂੰ ਟਾਲੋ-ਬਿਨਾਂ ਦੱਸੇ ਘਰ ਵਿਚ ਆਪਣੀ ਭੈਣ ਦੀ ਪੁਸ਼ਾਕ ਪਹਿਨਣੀ ਅਤੇ ਪਤਾ ਲੱਗਣ ’ਤੇ ਤੁਹਾਡੀ ਬੇਇੱਜ਼ਤੀ ਹੋਵੇਗੀ ਤੇ ਹੇਠੀ ਹੋਵੇਗੀ, ਇਹ ਤੁਹਾਡੇ ਰਿਸ਼ਤੇ ਨੂੰ ਖਰਾਬ ਕਰੇਗੀ। ਆਪਣੇ ਪਿਆਰਿਆਂ ਵਿਚ ਪੈਦਾ ਹੋਈਆਂ ਸਮੱਸਿਆਵਾਂ ਨੂੰ ਹੌਲੀ-ਹੌਲੀ ਟਾਲਣ ਨਾਲ 15 ਫੀਸਦੀ ਤੱਕ ਸੰਤੁਸ਼ਟੀ ਘਟਦੀ ਹੈ। ਵਿਗਿਆਨੀਆਂ ਨੇ ਇਹ ਪਾਇਆ ਹੈ ਕਿ ਟੀ. ਵੀ. ਨੇ ਦੁਨੀਆ ਪ੍ਰਤੀ ਸਾਡੇ ਦ੍ਰਿਸ਼ਟੀਕੋਣ ਨੂੰ ਨਾਂਹ-ਪੱਖੀ ਪ੍ਰਭਾਵਿਤ ਕੀਤਾ ਹੈ।
8. ਟੀ. ਵੀ. ਦੀ ਬਹੁਲਤਾ-ਅਧਿਐਨ ਤੋਂ ਪਤਾ ਲੱਗਾ ਹੈ ਕਿ ਟੀ. ਵੀ. ਦੇਖਣ ਨਾਲ ਪ੍ਰਾਪਤੀ ਲਈ ਸਾਡੀ ਭੁੱਖ ਤਿੰਨ ਗੁਣਾ ਵਧ ਜਾਂਦੀ ਹੈ। ਜਦੋਂ ਸੰਤੁਸ਼ਟੀ ਘਟ ਜਾਂਦੀ ਹੈ। ਵਿਗਿਆਨੀਆਂ ਨੇ ਇਹ ਪਾਇਆ ਹੈ ਕਿ ਦੁਨੀਆ ਪ੍ਰਤੀ ਸਾਡੇ ਦ੍ਰਿਸ਼ਟੀਕੋਣ ਨੂੰ ਟੀ. ਵੀ. ਨੇ ਨਕਾਰਾਤਮਿਕ ਰੂਪ ਵਿਚ ਪ੍ਰਭਾਵਿਤ ਕੀਤਾ ਹੈ।
9. ਸੰਤੁਸ਼ਟੀ ਮਹਿਸੂਸ ਕਰੋ-ਫਲ ਤੇ ਸਬਜ਼ੀਆਂ ਦੀ ਵਰਤੋਂ ਤੁਹਾਨੂੰ ਤੰਦਰੁਸਤ ਕਰਦੀ ਹੈ ਅਤੇ ਤੁਹਾਡੀ ਖੁਸ਼ੀ ਵਿਚ ਵਾਧਾ ਕਰਦੀ ਹੈ ਤੇ ਸੰਤੁਸ਼ਟੀ ਮਿਲਦੀ ਹੈ।
10. ਰੌਲਾ ਘਟਾ ਕੇ ਸੰਗੀਤ ਸੁਣੋ-92 ਫੀਸਦੀ ਲੋਕਾਂ ਦੇ ਮੂਡ ’ਤੇ ਸੰਗੀਤ ਸੁਣਨ ਦਾ ਸਾਕਾਰਾਤਮਿਕ ਅਸਰ ਪੈਂਦਾ ਹੈ। ਇਸ ਲਈ ਆਪਣੀ ਮਨਪਸੰਦ ਦਾ ਸੰਗੀਤ ਸੁਣੋ।
11. ਪਿੱਛੇ ਹਟਣਾ ਵੀ ਸਿੱਖੋ-ਜੇਕਰ ਤੁਸੀਂ ਆਸ ਕਰਦੇ ਹੋ ਕਿ ਤੁਹਾਡੇ ਸਬੰਧਾਂ ਵਿਚ ਭਾਈਚਾਰਕਿਤਾ ਬਣੇ, ਇਹ ਸੋਚਣਾ ਬੰਦ ਕਰ ਦਿਉ ਕਿ ਤੁਸੀਂ ਹਮੇਸ਼ਾ ਸਹੀ ਹੋ।
12. ਹੌਬੀ ਚੁਣੋ-ਲੰਬੀ ਦੋਸਤੀ ਲਈ ਦੋਸਤਾਂ ਵਿਚ ਸਾਂਵੇਂ ਹਿਤ ਹੋਣੇ ਚਾਹੀਦੇ ਹਨ। ਦੋਸਤਾਂ ਵਿਚ ਜਿੰਨੇ ਹਿਤ ਸਾਂਵੇਂ ਹੋਣਗੇ, ਓਨਾ ਹੀ ਤੁਹਾਡੀ ਲੰਬੀ ਦੋਸਤੀ ਚੱਲੇਗੀ ਅਤੇ ਤੁਸੀਂ ਵਧੇਰੇ ਖੁਸ਼ ਹੋਵੋਗੇ।
13. ਕਿਤਾਬੀ ਕੀੜਾ ਬਣੋ-ਕਿਤਾਬਾਂ ਪੜ੍ਹਨ ’ਤੇ ਸਮਾਂ ਲਗਾਉਣ ਨਾਲ ਤੁਸੀਂ 8 ਫੀਸਦੀ ਵਧੇਰੇ ਖੁਸ਼ ਹੋ ਸਕਦੇ ਹੋ।
14. ਵਧੇਰੇ ਰੁੱਝੇ ਰਹੋ-ਮਨੋਵਿਗਿਆਨ ਵਿਚ ਰੁੱਝੇ ਰਹਿਣਾ ਸਭ ਤੋਂ ਚੰਗੀ ਗੱਲ ਹੈ। ਕਾਲਜ ਵਿਦਿਆਰਥੀਆਂ ’ਤੇ ਇਕ ਅਧਿਐਨ ਵਿਚ ਕਿਹਾ ਹੈ ਕਿ ਉਹ ਵਿਦਿਆਰਥੀ ਜੋ ਵਧੇਰੇ ਟਾਈਮ ਟੇਬਲ ਮੰਗਦੇ ਹਨ, ਉਹ ਆਪਣੀ ਜ਼ਿੰਦਗੀ ਤੋਂ 15 ਫੀਸਦੀ ਵਾਧੂ ਸੰਤੁਸ਼ਟ ਹਨ। ਉਨ੍ਹਾਂ ਮੰਗਣ ਵਾਲੇ ਵਧੇਰੇ ਸਮੇਂ ਤੋਂ ਇਲਾਵਾ ਉਨ੍ਹਾਂ ਵਿਚ ਘੱਟ ਤਣਾਅ ਪਾਇਆ ਗਿਆ।
15. ਪੈਸੇ ਸਬੰਧੀ ਚਿੰਤਾ ਬੰਦ ਕਰੋ-ਇਕ ਆਸਟ੍ਰੇਲੀਅਨ ਅਧਿਐਨ ਅਨੁਸਾਰ ਜਿਹੜਾ ਕਿ ਮਨੁੱਖ ਨੂੰ ਸੰਤੁਸ਼ਟੀ ਦੇਣ ਵਾਲੇ 20 ਤੱਥਾਂ ’ਤੇ ਫੋਕਸ ਸੀ, ਖੁਸ਼ੀ ਨੂੰ ਵੱਡਾ ਖਤਰਾ, ਗੁੱਸੇ, ਤਣਾਅ ਆਦਿ ਨੂੰ ਦੱਸਦਾ ਹੈ।
16. ਇਕ ਸੂਚੀ ਬਣਾਓ-ਉਨ੍ਹਾਂ ਮੈਲੇ ਕੱਪੜਿਆਂ ਨੂੰ ਧੋਵੋ। ਫਰਿੱਜ ਵਿਚ ਪੱਕੀਆਂ ਚੀਜ਼ਾਂ ਰੱਖੋ ਅਤੇ ਆਪਣੇ ਕੋਰਸ ਨੂੰ ਖਤਮ ਕਰੋ ਅਤੇ ਲਗਾਤਾਰ ਘਰੇਲੂ ਕੰਮ ਵਾਲੇ 5 ਫੀਸਦੀ ਖੁਸ਼ ਪਾੲੇ ਗੲੇ।
17. ਲਚਕਦਾਰ ਬਣੋ-ਨਿੱਜੀ ਸਬੰਧਾਂ ਵਿਚ ਖਰੇ ਉਤਰਨ ਲਈ ਤੁਹਾਨੂੰ ਆਪਣੀ ਯੋਗਤਾ ਨੂੰ ਵਧਾਉਣ ਦੀ ਲੋੜ ਪਵੇਗੀ। ਖੁਸ਼ ਲੋਕਾਂ ਦੀ ਜ਼ਿੰਦਗੀ ਸਬੰਧੀ ਅਧਿਐਨ ਵਿਚ ਪਾਇਆ ਗਿਆ ਕਿ ਉਨ੍ਹਾਂ ਮਤਭੇਦਾਂ ਵਿਚ ਫਰਕ ਨਹੀਂ ਸੀ ਪਰ ਖੁਸ਼ ਗਰੁੱਪ ਨੇ ਆਪਣੇ ਵਰਤਾਓ ਵਿਚ ਤਬਦੀਲੀ ਕਰਕੇ ਵਧੇਰੇ ਪ੍ਰਤੀਬਧਤਾ ਦਿਖਾਈ।
18. ਪਾਲਤੂ ਜਾਨਵਰਾਂ ਨੂੰ ਬੁਲਾਓ-ਕਿਸੇ ਵੀ ਪਾਲਤੂ ਜਾਨਵਰ ਨਾਲ ਸੰਪਰਕ ਸਾਨੂੰ ਤੁਰੰਤ ਖੁਸ਼ੀ ਅਤੇ ਲੰਬੇ ਸਮੇਂ ਦੀਆਂ ਹਾਂ-ਪੱਖੀ ਭਾਵਨਾਵਾਂ ਦਿੰਦਾ ਹੈ। ਇਕ ਅਧਿਐਨ ਮੁਤਾਬਿਕ ਜਿਨ੍ਹਾਂ ਨੇ ਪਾਲਤੂ ਜਾਨਵਰ ਰੱਖੇ ਹਨ, ਉਹ ਪਾਲਤੂ ਜਾਨਵਰਾਂ ਤੋਂ ਬਗੈਰ ਲੋਕਾਂ ਨਾਲੋਂ 22 ਫੀਸਦੀ ਵਧੇਰੇ ਸੰਤੁਸ਼ਟ ਪਾੲੇ ਗੲੇ।
19. ਥੋੜ੍ਹਾ ਸੌਵੋਂ-ਹਰ ਰਾਤ ਘੱਟ ਸੌਣ ਵਾਲੇ ਵਧੇਰੇ ਅਤੇ ਸੁਪਨਿਆਂ ਵਾਲੀ ਨੀਂਦ ਲੈਣ ਵਾਲਿਆਂ ਤੋਂ 25 ਫੀਸਦੀ ਘੱਟ ਖੁਸ਼ ਹੁੰਦੇ ਹਨ। ਅਧਿਐਨ ਮੁਤਾਬਿਕ ਘੱਟ ਸੌਣਾ ਚਿੰਤਾ ਨਾਲ ਜੁੜਿਆ ਕਾਰਨ ਹੈ। ਇਸ ਲਈ ਬਿਸਤਰੇ ’ਤੇ ਜਾਣ ਤੋਂ ਬਾਅਦ ਗਿਣਤੀਆਂ-ਮਿਣਤੀਆਂ ਛੱਡ ਦਿਉ।
(ਰੋਜ਼ਾਨਾ ਅਜੀਤ ਜਲੰਧਰ)