18 December, 2005

ਠੰਡ, ਪੰਜਾਬ ਅਤੇ ਲੋਕ

ਕੁਝ ਦਿਨ ਪਹਿਲਾਂ ਬੀਬੀਸੀ ਤੋਂ ਖ਼ਬਰਾਂ ਵਿੱਚ ਸੁਣਿਆ ਕਿ ਅੰਮ੍ਰਿਤਸਰ ਮੈਦਾਨੀ
ਇਲਾਕਿਆਂ ਵਿੱਚ ਸਭ ਤੋਂ ਠੰਡਾ ਰਿਹਾ। ਤਾਪਮਾਨ ਰਿਹਾ -4C, ਕਮਾਲ ਹੋ ਗਿਆ।
ਬਹੁਤ ਹੀ ਜ਼ਿਆਦਾ ਤਾਪਮਾਨ ਡਿੱਗ ਪਿਆ।

ਪੰਜਾਬ ਵਿੱਚ ਇਹ ਤਾਪਮਾਨ ਬਹੁਤ ਹੀ ਘੱਟ ਹੈ, ਵੈਸੇ ਪੰਜਾਬ ਦੀ ਸਰਦੀ ਵਿੱਚ ਜਵਾਨ
ਹੋਏ ਹਾਂ, ਪਰ ਇਹ ਤਾਪਮਾਨ ਤਾਂ ਕਦੇ ਨਹੀਂ ਸੁਣਿਆ। ਇੱਥੇ ਪੂਨੇ ਵਿੱਚ ਵੇਖ ਲੋ, ਸਤੰਬਰ
ਦੇ ਅੰਤ ਤੇ ਨਵੰਬਰ ਦੇ ਸ਼ੁਰੂਆਤ ਵਰਗੀ ਠੰਡ ਅਜੇ ਹੈ, ਖੇਸ ਲੈਕੇ ਪੱਖਾ ਚੱਲਦਾ ਛੱਡਣਾ
ਪੈਂਦਾ ਹੈ, ਫ਼ੇਰ ਵੀ ਲੋਕ ਵੱਡੇ ਕੋਟ ਪਾ ਕੇ, ਧੂਣੀ ਬਾਲ ਕੇ ਬਹਿੰਦੇ ਹਨ। ਸਿਰ ਉੱਤੇ ਲੈਕੇ
ਕੱਪੜੇ ਏਦਾਂ ਕਰਦੇ ਹਨ, ਜਿਵੇਂ ਕੱਕਰ ਪੈਂਦਾ ਹੋਵੇ ਪੰਜਾਬ ਦਾ।

ਠੰਡ ਤਾਂ ਪੰਜਾਬ ਦੀ ਅੱਜ ਵੀ ਚੇਤੇ ਆਉਦੀ ਹੈ, ਹੱਡੀਆਂ ਕੜਕ ਜਾਂਦੀ ਹਨ। ਪਿੰਡਾਂ ਵਿੱਚ
ਤਾਂ ਸ਼ੀਤ ਲਹਿਰ ਬਹਿਜਾ ਬਹਿਜਾ ਕਰਵਾ ਦਿੰਦੀ ਹੈ। 5 ਵਜੇ ਨੂੰ ਸੂਰਜ ਨੇ ਮੂੰਹ ਲਕੋਇਆ
ਨੀਂ ਕਿ ਠੰਡੀ ਹਵਾ ਜਿਸਮਾਂ ਨੂੰ ਚੀਰਦੀ ਜਾਪਦੀ ਹੈ, ਦਰਖਤ ਮੁਰਝਾ ਜਾਂਦੇ ਹਨ। ਜਦੋਂ
ਦਿਨੇ ਧੁੰਦ ਪੈਂਦੀ ਹੋਵੇ ਤਾਂ ਸਫ਼ਰ ਕਰਨਾ ਬਹੁਤ ਔਖਾ ਹੋ ਜਾਂਦਾ ਹੈ, ਸਾਰਾ ਦਿਨ ਤੁਰਦੇ
ਫਿਰਦੇ ਠਰਦੇ ਰਹੀਂਦਾ ਹੈ, ਜਦੋਂ ਧੁੱਪ ਨਿਕਲਦੀ ਹੋਵੇ ਤਾਂ ਫੇਰ ਦਿਨ ਤਾਂ ਬਹੁਤ ਹੀ ਆਰਾਮ
ਰਹਿੰਦਾ ਹੈ, ਧੁੱਪ ਇੰਨੀ ਜਚਦੀ ਹੈ ਕਿ ਬਸ ਜਿਵੇਂ ਨੇਮਤ ਹੋਵੇ, ਪਰ ਜੇ ਅੱਜ ਧੁੱਪ ਨਿਕਲੀ
ਹੈ ਅਤੇ ਆਥਣ ਵੇਲੇ ਛਿਪਦਾ ਸੂਰਜ ਦਿੱਸ ਜਾਵੇ ਤਾਂ ਸਮਝੋ ਕਿ ਸਵੇਰੇ ਕੋਰਾ (ਕੋਹਰਾ)
ਲਾਜ਼ਮੀ ਪਵੇਗਾ, ਪਿੰਡ ਹੁੰਦਿਆਂ, ਜੇ ਕਿਤੇ ਪੁਰਾਣੀ ਪਰਾਲੀ ਪਈ ਹੋਣੀ ਤਾਂ ਵੇਖ ਜਾਣਾ
ਕਿ ਅੱਜ ਕੋਰਾ ਹੋਣਾ ਚਾਹੀਦਾ ਹੈ, ਹਲਕੀ ਸੁਨਹਿਰੀ ਪਰਾਲੀ ਉੱਤੇ ਚਿੱਟੇ ਲੂੰ ਜਿਹੇ ਦਿਸਣੇ,
ਬਾਪੂ ਨੇ ਦੱਸਿਆ ਕਿ ਪੁੱਤ ਹੁਣ ਸਭ ਤੋਂ ਵੱਧ ਠੰਡ ਹੈ, ਅਤੇ ਸੱਚਮੁੱਚ ਹੀ ਉਸ ਦਿਨ ਸਕੂਲ
ਜਾਂਦਿਆ ਦੇ (ਜਦੋਂ ਕਿ ਧੁੱਪ ਚੜ੍ਹੀ ਹੁੰਦੀ ਸੀ), ਹੱਥ ਪੈਰ ਕੱਪੜਿਆਂ ਵਿੱਚ ਲਵੇਟੇ ਹੋਣ ਦੇ
ਬਾਵਜੂਦ ਵੀ ਠਰ ਜਾਣੇ। ਉਂਗਲਾਂ, ਮੂੰਹ ਲਾਲ ਹੋ ਜਾਣੇ।

ਕੋਰੇ ਕਰਕੇ ਕਣਕਾਂ ਵਾਲੇ ਜੱਟਾਂ ਨੂੰ ਮੌਜਾਂ, ਅਤੇ ਆਲੂਆਂ ਵਾਲਿਆਂ ਨੂੰ ਰਾਤ ਨੂੰ ਪਾਣੀ
ਲਾਉਣਾ ਪੈਂਦਾ ਹੈ। ਖੇਸ ਦੀ ਬੁੱਕਲ ਮਾਰ ਕੇ ਪਾਣੀ ਲਾਉਣ ਦਾ ਆਪਣਾ ਨਜ਼ਾਰਾ ਹੈ।
ਪਰ ਇੱਕ ਗਲ਼ ਹੈ ਕਿ ਠੰਡ ਵਿੱਚ ਜੋ ਨਜ਼ਾਰਾ ਮੋਟਰ ਉੱਤੇ ਨਹਾਉਣ ਦਾ ਆਉਦਾ, ਉਹ
ਗੀਜ਼ਰਾਂ ਦੇ ਗਰਮ ਪਾਣੀ ਵਿੱਚ ਕਿੱਥੇ।

ਘਰਾਂ ਵਿੱਚ ਰਿਝਦੇ ਦੇ ਸਾਗ ਦੀ ਖੁਸ਼ਬੋ ਨਾਲ ਤਾਂ ਆਤਮਾ ਵੀ ਮਹਿਕ ਜਾਂਦੀ ਹੈ,
ਚੁੱਲੇ ਮੂਹਰੇ ਬਹਿ ਕੇ ਰੋਟੀਆਂ ਖਾਣੀਆਂ ਅਤੇ ਸਾਰਾ ਦਿਨ ਚਾਹ ਦੀ ਅਟੁੱਟ ਲੰਗਰ
ਵਰਤਦਾ ਰਹਿਣਾ ਠੰਡ ਦੇ ਨਜ਼ਾਰੇ ਹੀ ਹਨ। ਮੂੰਗਫ਼ਲੀ, ਰਿਉੜੀਆਂ ਆਦਿ ਵੀ
ਖਾਣ ਦਾ ਨਜ਼ਾਰਾ ਏਸ ਰੁੱਤ ਵਿੱਚ ਹੀ ਹੈ।

ਖ਼ੈਰ ਪੰਜਾਬ ਦੀ ਠੰਡ ਤਾਂ ਪੰਜਾਬੀਆਂ ਨੇ ਝੱਲੀ ਹੀ ਜਾਣੀ ਹੈ ਅਤੇ ਝੱਲਦੇ ਹੀ ਰਹਿਣਗੇ,
ਰੱਬ ਦੀ ਰਹਿਮਤ ਸਮਝ ਕੇ। ਪਰ ਇਹਨਾਂ ਦੱਖਣ ਦਿਆਂ ਨੂੰ ਕੌਣ ਸਮਝਾਵੇ ਕਿ ਠੰਡ
ਕਿਸ ਚੀਜ਼ ਦਾ ਨਾਂ ਹੈ, ਜੋ ਕਿ 14/15 ਡਿਗਰੀ ਉੱਤੇ ਹੀ ਕੋਟ ਪਾ ਬੈਂਹਦੇ ਨੇ।

ਰੱਬ ਰਾਖਾ
ਆਲਮ

No comments: