05 December, 2005

ਮੈਂ ਤੇ ਮੇਰੀ ਭਟਕਣ

ਅੱਜ ਸ਼ਾਮ ਨੂੰ ਦਫ਼ਤਰੋਂ ਕੰਮ ਖਤਮ ਕਰਦੇ ਸਮੇਂ ਪਤਾ ਨੀਂ ਚਿੱਤ ਕਿਓਂ ਖਰਾਬ ਜੇਹਾ ਹੋ ਗਿਆ।
ਕੁਝ ਵੀ ਹੋਇਆ ਨਹੀਂ, ਸਭ ਕੰਮ ਵੀ ਬੰਨ੍ਹੇ ਲਾਏ ਹਨ, ਅਤੇ ਕੋਈ ਮਾੜਾ ਕੰਮ ਵੀ ਨਹੀਂ ਕੀਤਾ
ਤਾਂ ਅਜੇਹਾ ਕਿਓਂ?

ਬਸ ਅੱਜ ਮੇਰੀ ਭਟਕਣ ਨਿਕਲ ਤੁਰੀ ਹੈ, ਹਮੇਸ਼ਾਂ ਦੀ ਤਰ੍ਹਾਂ ਕੁਝ ਖੋਜਣ, ਇਹ ਕੀ ਖੋਜਣ ਜਾਂਦੀ ਹੈ,
ਕਦੋਂ ਜਾਂਦੀ ਹੈ, ਇਹ ਉੱਤੇ ਮੇਰਾ ਕੋਈ ਕੰਟਰੋਲ ਨਹੀਂ। ਮੈਂ ਕੁਝ ਬੀਤਿਆ ਸੋਚ ਉਦਾਸ ਹੋ ਜਾਂਦਾ ਹਾਂ,
ਬਿਨਾਂ ਸਿਰ-ਪੈਰ ਦੀ ਜਿੰਦਗੀ ਤੁਰ ਪਏ, ਜਿਸ ਦਾ ਨਾ ਕਦੇ ਸੋਚਿਆ ਨਾ ਹੀ ਕਦੇ ਉਮੀਦ ਕੀਤੀ
ਸੀ। ਬੇਉਮੀਦ ਸਭ ਕੁਝ ਵਾਪਰਦਾ ਜਾ ਰਿਹਾ ਹੈ, ਬਿਨਾਂ ਮੇਰੀ ਸੋਚ ਦੇ।

ਪਿੰਡ ਤੋਂ ਅੱਡ ਹੋਣ ਦਾ ਦਰਦ ਤਾਂ ਮੈਂ ਕਦੇ ਭੁੱਲ ਨਹੀਂ ਸਕਦਾ, ਦੁਨਿਆਂ ਜਿਸ ਨੂੰ ਤਰੱਕੀ ਕੈਹਦੀ
ਆਂ, ਉਸ ਦੀ ਮੈਨੂੰ ਸਮਝ ਨੀਂ ਆਉਦੀ ਕਿ ਉਹ ਤਰੱਕੀ ਹੈ ਜਾਂ ਵੱਡੀ ਭਟਕਣ? ਜੇ ਇਹ "ਤਰੱਕੀ"
ਨਾ ਹੁੰਦੀ ਤਾਂ ਮੈਂ ਕਦੇ ਵੀ ਇਹ ਭਟਕਣ ਵਿੱਚ ਨਾ ਪੈਂਦਾ, ਹਮੇਸ਼ਾਂ ਪਿੰਡ ਵਸਦਾ ਜਾਂ ਕਿਤੇ ਨੇੜੇ ਤੇੜੇ।
ਉਸ ਵੀ ਜ਼ਿੰਦਗੀ ਬਹੁਤ ਔਖੀ ਹੁੰਦੀ ਸ਼ਾਇਦ ਇਸ ਸ਼ੈਹਰ ਨਾਲੋਂ ਵੀ ਤਾਂ ਵੀ ਉਸ ਜ਼ਿੰਦਗੀ ਵਿੱਚ
ਤਾਸੀਰ ਸੀ, ਮੈਹਕ ਸੀ, ਆਨੰਦ ਸੀ ਅਤੇ ਸਭ ਤੋਂ ਵੱਧ ਅਮਰਤਾ ਸੀ। ਮਿੱਟੀ, ਜਿਸ ਵਿੱਚ ਮੈਹਕ
ਆਉਦੀਂ ਏ, ਹਵਾ, ਜਿਸ ਵਿੱਚ ਤੁਰਦਿਆਂ ਸਰੀਰ ਸੁਰਗਾਂ ਦੇ ਸੁੱਖ ਮੈਹਸੂਸ ਕਰਦਾ ਹੈ, ਕਹੀਂ ਦਾ
ਵਹਿਆ ਫੜ ਕੇ ਦੁਪੈਹਰੇ ਵੱਟਾਂ ਘੜਦਿਆਂ ਨੂੰ ਧੁੱਪ ਦਾ ਬਹੁਤ ਲੱਗਦੀ, ਪਰ ਫੇਰ ਡੇਕ ਦੀ ਛਾਂ ਦਾ
ਜੋ ਆਨੰਦ ਆਉਂਦਾ, ਉਹ ਇਸ ਆਰਾਮ ਦੀ ਜ਼ਿੰਦਗੀ ਤੋਂ ਕੁਝ ਵੱਖਰਾ ਹੀ ਹੈ।

ਜਿੱਥੋਂ ਤੱਕ ਕਮਾਈ ਦਾ ਸਵਾਲ ਹੈ, ਉਸ ਵਿੱਚ ਤਾਂ ਤੁਹਾਡੀ ਮੇਹਨਤ ਵੀ ਰੰਗ ਵੇਖਾਉਦੀ ਹੈ। ਜੱਟ
ਅੱਜ ਵੀ ਵਸਦੇ ਹਨ, ਪੰਜਾਬ ਦੀ ਧਰਤੀ ਵੀ ਉਹੀ ਹੈ, ਫੇਰ ਬਦਲਿਆ ਤਾਂ ਕੀ? ਸਮਾਂ ਬਦਲ
ਗਿਆ? ਹਾਂ ਸਮਾਂ ਹੀ ਤਾਂ ਬਦਲਿਆ ਹੈ, ਪਰ ਨਾ ਜੱਟ ਬਦਲਿਆ, ਨਾ ਖੇਤੀਬਾੜੀ ਦੇ ਢੰਗ, ਹਾਂ
ਬਸ ਇਹ ਕੜੀ ਏਥੇ ਆ ਕਿ ਫਸ ਗਈ। ਅੱਜ ਵੀ ਮੇਰੀ ਜਾਣ-ਪਛਾਣ ਦੇ ਟੱਬਰ ਹਨ, ਜੋ ਕਿ ਪਿੰਡ
ਵਿੱਚ ਵਸਦੇ ਨੇ, ਖੇਤੀਬਾੜੀ ਤੋਂ ਚੰਗੀ ਕਮਾਈ ਕਰਦੇ ਨੇ ਅਤੇ ਆਪਣੇ ਬੱਚਿਆਂ ਨੂੰ ਚੰਗੇ ਸਕੂਲਾਂ
ਵਿੱਚ ਪੜਾ ਰਹੇ ਨੇ (ਬੇਸ਼ੱਕ ਮੈਂ ਇਹ ਦਾਅਵਾ ਕਰਦਾ ਹਾਂ ਕਿ ਉਹਨਾਂ ਦੇ ਬੱਚੇ ਅੱਗੇ ਇਹ ਕੰਮ
ਨਹੀਂ ਕਰਨਗੇ)। ਜੇਕਰ ਤੁਸੀਂ ਮੇਰੇ ਸ਼ੈਹਰ ਵਿੱਚ ਕਮਾਈ ਦੀ ਗੱਲ ਕਰਦੇ ਹੋ ਤਾਂ ਕਮਾਈ ਤਾਂ ਬਹੁਤ
ਹੈ, ਪਰ ਖਰਚ ਵੀ ਵੇਖੋ ਕਦੇ ਆ ਕੇ। ਅਜੇ ਮੈਂ ਇੱਕਲਾ ਹੀ ਰਹਿੰਦਾ ਹਾਂ, ਸੈਂਕਲ ਉੱਤੇ ਦਫ਼ਤਰ ਜਾਂਦਾ
ਹਾਂ, ਤਾਂ ਵੀ ਮਹੀਨੇ ਮਗਰੋਂ ਜੇਬ ਖਾਲੀ। ਖਾਣ ਪੀਣ ਦਾ ਬਹੁਤ ਬੁਰਾ ਹਾਲ। ਰਹਿਣ ਵਾਲੇ ਫਲੈਟਾਂ
ਦੇ ਭਾਅ ਤਾਂ ਅਸਮਾਨ ਛੂੰਹਦੇ ਹਨ। ਜੇ ਕਿਤੇ ਗਲਤੀ ਨਾ ਲੈ ਲਿਆ ਤਾਂ 10-15 ਸਾਲ ਦੀ
ਕਮਾਈ ਉਸ ਵਿੱਚ ਹੀ ਖੱਪ ਜਾਵੇਗੀ। ਫੇਰ ਕੱਢ ਕੇ ਤਾਂ ਵੇਖੋ ਕੁੱਲ ਜੋੜ (ਨੈੱਟ), ਕਹਾਣੀ ਤਾਂ ਉਸੇ
ਮੋੜ 'ਤੇ ਆ ਖੜ੍ਹਦੀ ਹੈ।

ਸ਼ੈਹਰ ਦੀ ਹਵਾ ਵਿੱਚੋਂ ਮੈਨੂੰ ਮੈਹਕ ਨਾ ਆਉਦੀਂ, ਮਿੱਟੀ ਵਿੱਚ ਰੋੜੇ ਪੱਥਰ ਦੀਂਹਦੇ ਨੇ, ਚੜ੍ਹਦੇ ਲਹਿੰਦੇ
ਸੂਰਜ ਤੱਕਣ ਨੂੰ ਅੱਖਾਂ ਤਰਸ ਗਈਆਂ, ਅਸਮਾਨ, ਚੰਦ ਤਾਰਿਆਂ ਨੂੰ ਵੇਖਣ ਦਾ ਵੇਹਲ ਹੀ
ਨੀਂ ਮਿਲਿਆ ਕਦੇ (ਸੱਚ ਜਾਣਿਓ ਕਦੇ ਜਿੰਦਗੀ ਵਿੱਚ ਮੇਰੀ ਤਾਰਿਆਂ ਬਾਰੇ ਖੋਜ ਕਰਨ ਦੀ ਰੀਝ
ਸੀ)। ਧੂੰਆਂ ਛੱਡਦੇ, ਲੋਹੇ ਦੇ ਡੱਬਿਆਂ ਵਿੱਚ ਤੁਰੀਂ ਜਾਂਦੇ ਹਾਂ, ਹਲ਼ਾ-ਹਲ਼ਾ ਕਰਦੇ ਘਰੇ ਮੁੜ ਆਉਂਦੇ
ਹਾਂ। ਜੇ ਕਿਤੇ ਸਨਿੱਚਰ-ਐਤਵਾਰ ਵੇਹਲੇ ਵੀ ਹੋਈਏ ਤਾਂ ਚੰਗੀ ਰੋਟੀ ਦੀ ਖੋਜ ਵਿੱਚ ਹੋਟਲ ਜਾ
ਵੜੀਂਦਾ ਹੈ ਅਤੇ ਉੱਥੇ ਦੀ ਹਾਲਤ ਵੇਖ ਤਾਂ ਯਕੀਨ ਹੀ ਨਹੀਂ ਆਉਦਾ ਕੀ ਮੈਂ ਭਾਰਤ ਵਿੱਚ ਬੈਠਾ ਹਾਂ,
ਗਿਣਤੀ ਦੇ ਕੱਪੜਿਆਂ ਵਿੱਚ ਝਾਕਦੇ ਜਿਸਮਾਂ ਦੇ ਟੁਕੜੇ, ਬੇ-ਸਿਰ-ਪੈਰ ਦਾ ਸਸਤਾ ਵਿਦੇਸ਼ੀ ਤੇ
"ਪੰਜਾਬੀ" ਸੰਗੀਤ ਵੇਖ ਤਾਂ ਮੈਂ ਲੱਗਦਾ ਹੈ ਕਿ ਕਿਤੇ ਅਮਰੀਕਾ ਇੰਗਲੈਂਡ ਦੇ ਕਲੱਬ ਵਿੱਚ ਆ ਗਏ।
ਸਿਗਟਾਂ ਫੂਕਦੇ ਅਤੇ ਸ਼ਰਾਬਾਂ ਪੀਂਦੇ ਲੋਕ ਤਾਂ ਪੂਰਾ ਵਾਤਾਵਰਣ ਵਿਦੇਸ਼ੀ ਬਣਾ ਦਿੰਦੇ ਹਨ। (ਮੈਂ ਕਦੇ
'ਬਾਹਰ' ਨੀਂ ਗਿਆ, ਪਰ ਏਸ ਤੋਂ ਅੱਗੇ ਕੀ ਹੋ ਸਕਦੇ ਹਨ।) ਇਹ ਤਾਂ ਪੱਛਮੀ ਦੀ ਰੀਸ ਕਰਨ ਦੀ
ਹੱਦ ਹੋ ਗਈ। ਵੱਡੇ ਸ਼ੈਹਰਾਂ ਤੋਂ ਨਿਕਲੀ ਏਹ ਬੀਮਾਰੀ ਛੇਤੀ ਹੀ ਛੋਟੇ ਸ਼ੈਹਰਾਂ-ਕਸਬਿਆਂ ਨੂੰ ਜਕੜ
ਰਹੀ ਹੈ।

ਸਿਆਲਾਂ ਦਾ ਆਥਣ ਹੋਇਆ ਅਤੇ 7 ਵੱਜਦੇ ਨੂੰ ਪਿੰਡਾਂ ਦੇ ਲੋਕ ਰਜਾਈ ਵਿੱਚ ਬੈਠੇ ਦੁੱਧ ਦੇ
ਗਿਲਾਸ ਛੱਕਦੇ ਹੁੰਦੇ ਨੇ। ਤੇ ਏਥੇ ਸ਼ੈਹਰਾਂ ਦੇ ਲੋਕਾਂ ਤਾਂ ਨਿਕਲ ਦੇ ਹੀ 7 ਵਜੇ ਨੇ ਮਸਤੀ ਕਰਨ,
ਕੁਝ ਜਿਸਮ ਗਰਮਾਉਣ ਲਈ, ਰਾਤ ਨੂੰ ਫਿਰਦੇ ਰੈਹਦੇ ਨੇ ਇੱਕ-ਇੱਕ ਦੋ-ਦੋ ਵਜੇ ਤੱਕ, ਕਿਸੇ
ਨੂੰ ਕਿਸੇ ਨਾਲ ਕੋਈ ਵਾਸਤਾ ਨੀਂ।

ਗੁਰਦਾਸ ਮਾਨ ਦੇ ਗੀਤ ਦੇ ਸ਼ਬਦ ਯਾਦ ਆਉਦੇ ਹਨ
"ਕੀ ਬਣ ਦੁਨਿਆਂ ਦਾ ਸੱਚਾ ਪਾਤਸ਼ਾਹ ਵਾਹਗੁਰੂ ਜਾਣੈ"

ਖ਼ੈਰ ਦੋਸਤੋ, ਮੇਰੀ ਭਟਕਣ ਤਾਂ ਏਦਾਂ ਹੀ ਸ਼ੈਹਰ ਵਿੱਚ ਭਟਕਦੀ ਹੈ, ਕਦੇ ਕਿਸੇ ਇਨਕਲਾਬ
ਦੀ ਤਲਾਸ਼ ਵਿੱਚ, ਕਦੇ ਮੌਤ ਦੇ ਦਰ ਉੱਤੇ, ਕਦੇ ਪਹਾੜ ਛੋਹ ਆਉਦੀ ਹੈ, ਕਦੇ ਮੀਂਹ ਵਿੱਚ
ਨਹਾਉਦੀ ਹੈ, ਕਦੇ ਮੇਰੇ ਜਿਸਮ ਵਿੱਚ ਖੂਨ ਨੂੰ ਚੂਸਦੀ ਹੈ ਤੇ ਕਦੇ ਜਾਪਦਾ ਹੈ ਕਿ ਜਵਾਨੀ
ਵਿੱਚ ਭਟਕ ਰਹੀਂ ਹੈ।

ਭਟਕਣ ਮੇਰੀ ਸਭ ਤੋਂ ਵੱਧ ਤੰਗ ਕਰਦੀ ਹੈ, ਜਦੋਂ ਯਾਦਾਂ ਦੇ ਕੰਡਿਆਂ ਤੋਂ ਮੈਨੂੰ ਪੁਣਦੀ ਹੈ,
ਗੁਜ਼ਰੇ ਟੈਮ ਵਿੱਚ ਸਫ਼ਰ ਕਰਦੀ ਹੈ ਅਤੇ ਵਿਛੜਿਆਂ ਨੂੰ ਮੇਰੀਆਂ ਅੱਖਾਂ ਅੱਗੇ ਲਿਆ ਖੜੀ
ਕਰਦੀ ਹੈ। ਮੇਰੀ ਭਟਕਣ ਦੇ ਹੱਥਾਂ ਵਿੱਚ ਮਜਬੂਰ ਹੋਇਆ ਮੈਂ ਤੁਰਿਆ ਰਹਿੰਦਾ ਹਾਂ, ਉਸ ਦੇ
ਮਗਰ ਮਗਰ ਅੱਖਾਂ ਮੀਚ ਕੇ। ਖੈਰ ਕਦੇ ਤਾਂ ਮੈਂ ਖਹਿੜਾ ਛੁਡਾ ਹੀ ਲਵਾਂਗਾ। ਪਰ ਅੱਜ
ਨੀਂ, ਅਜੇ ਨੀਂ, ਕੁਝ ਖੂਨ ਬਾਕੀ ਹੈ ਮੇਰੀ ਰੂਹ ਦੀ ਜਾਨ ਬਾਕੀ ਏ ਹਾਲ਼ੇ....

ਸ਼ਿਵ ਦੀਆਂ ਸਤਰਾਂ ਨੂੰ ਚੇਤੇ ਕਰਦਿਆਂ ਅੱਜ ਦੀ ਅਲਵਿਦਾ
"ਏਹ ਭਟਕਣ ਅਮਰ ਮਨੁੱਖ ਦੀ, ਅੱਗੇ ਰਹੀਂ ਚਲਾ..."

No comments: