29 December, 2005

BEL (ਬੀਹਾਂਇਡ ਐਨਮੀ ਲਾਇਨ)

ਅੰਗਰੇਜ਼ੀ ਸਿਰਲੇਖ ਲਿਖਦੇ ਸਮੇਂ ਮੈਨੂੰ ਵੀ ਅਜੀਬ ਜੇਹਾ ਲੱਗਾ, ਪਰ
ਮਤਲਬ ਜ਼ਾਹਰ ਕਰਦਾ ਹਾਂ, ਹੋਇਆ ਇਉਂ ਵਈ ਕਿ ਸਵੇਰੇ ਰਜਾਈ ਵਿੱਚ ਬੈਠੇ ਨੇ
ਹੀ ਟੀ ਵੀ ਚਾਲੂ ਕੀਤਾ ਤਾਂ ਏ ਐਕਸ ਐਨ ਉੱਤੇ ਫਿਲਮ ਆ ਰਹੀ ਸੀ,
ਬੀਹਾਇਡ ਐਨਮੀ ਲਾਇਨਜ਼ (Behind Enemy Lines), ਮੈਂ ਪਹਿਲਾਂ ਕੁਝ
ਭਾਗ ਵੇਖਿਆ ਤਾਂ ਸੀ, ਪਰ ਪੂਰੀ ਨਹੀਂ ਸੀ, ਫਿਲਮ ਤਾਂ ਬੋਸਨੀਆ ਅਤੇ ਹਰਜ਼ੀਗੋਨਵੀ
ਉੱਤੇ ਅਧਾਰਿਤ ਸੀ, ਕਿ ਕਿਵੇਂ ਅਮਰੀਕੀ ਪਾਈਲਟ ਬਹਾਦਰੀ ਨਾਲ ਤਸਵੀਰਾਂ ਲੈਂਦਾ ਹੈ
ਅਤੇ ਕਿਵੇਂ ਉਸ ਦੀ ਯੂਨਿਟ ਦੇ ਬੰਦੇ ਉਸ ਦੀ ਜਾਨ ਬਚਾਉਦੇ ਹਨ, ਕਿਵੇਂ ਕੌਮਨਿਸਟਾਂ ਨੇ
ਜ਼ੁਲਮ ਕੀਤੇ ਅਤੇ ਕਿਵੇਂ ਉਹਨਾਂ ਨੇ ਉਸ ਨੂੰ ਮਾਰਨ ਲਈ ਜਤਨ ਕੀਤੇ, ਕਹਾਣੀ ਤਾਂ
ਅਮਰੀਕੀ ਪੱਖ ਹੀ ਪੇਸ਼ ਕਰਦੀ ਸੀ, ਪਰ ਮੇਰਾ ਧਿਆਨ ਇਸ ਕਹਾਣੀ ਦੇ ਪੱਖਪਾਤ
ਵਿੱਚ ਜਾਣ ਦੀ ਬਜਾਏ, ਉਸ ਫਿਲਮ ਵਿੱਚ ਇੱਕ ਫੌਜੀ ਦੀ ਭੂਮਿਕਾ ਅਤੇ ਉਸ ਦੇ ਸਾਹਮਣੇ
ਆਮ ਆਦਮੀ ਦੀ ਜਿੰਦਗੀ ਵਿੱਚ ਇਸ ਦੇ ਟਾਇਟਲ ਦੀ ਮੌਜੂਦਗੀ ਦਰਜ ਕਰਨੀ ਸੀ।
ਸਵੇਰੇ ਹੀ ਮੇਰੇ ਦਿਮਾਗ ਵਿੱਚ ਇਹ ਟਾਇਟਲ ਖੁੱਭ ਗਿਆ। ਸਾਰਾ ਦਿਨ ਮੈਂ ਇਸ ਉੱਤੇ
ਵਿਚਾਰ ਕਰਦਾ ਰਿਹਾ।

ਬੀਹਾਇਡ ਐਨਮੀ ਲਾਇਨਜ਼, ਪੰਜਾਬੀ ਵਿੱਚ ਮਤਲਬ ਹੈ ਕਿ "ਦੁਸ਼ਮਨ ਦੀਆਂ ਸਫ਼ਾਂ ਵਿੱਚ"
"ਸਰਹੱਦ ਤੋਂ ਪਾਰ", ਹੋਰ ਡੂੰਘਾ ਅਰਥ ਹੈ ਕਿ "ਦੁਸ਼ਮਨ ਦੀਆਂ ਸਫ਼ਾਂ ਵਿੱਚ ਜਿੰਦਗੀ"
ਇਸ ਤੋਂ ਕਈ ਸਬਕ ਮੈਨੂੰ ਸਮਝਣ ਨੂੰ ਮਿਲੇ ਜਿਵੇਂ ਕਿ

1) ਦੁਸ਼ਮਣ ਦੀ ਸਰਹੱਦ ਵਿੱਚ ਜਾਕੇ, ਜਦੋਂ ਤੁਹਾਨੂੰ ਜਿਉਦੇ ਮੁੜਨ ਦੀ ਆਸ ਹੀ
ਨਹੀਂ ਰਹਿੰਦੀ ਤਾਂ ਆਦਮੀ ਕੀ ਕੀ ਕਰ ਗੁਜ਼ਰਦਾ ਹੈ, ਉੱਥੋਂ ਹੀ ਅਸਲੀ ਕਹਾਣੀ,
ਤੁਹਾਡੇ ਸੰਘਰਸ਼ ਦੀ ਸ਼ੁਰੂਆਤ ਹੁੰਦੀ ਹੈ। ਉਹ ਪਾਇਲਟ ਦੇ ਸਾਥੀ ਨੂੰ ਉਸ ਦੇ ਸਾਹਮਣੇ
ਹੀ ਗੋਲ਼ੀ ਮਾਰ ਦਿੱਤੀ ਜਾਂਦੀ ਹੈ, ਉਹ ਦੀ ਰੂਹ ਕੰਬ ਜਾਂਦੀ ਹੈ, ਉਸ ਨੂੰ ਵੀ ਪਤਾ ਲੱਗ
ਜਾਂਦਾ ਹੈ ਕਿ ਹੁਣ ਬੱਸ ਮੌਤ ਹੀ ਸਾਹਮਣੇ ਹੈ। ਫੇਰ ਉਹ ਸ਼ੁਰੂ ਕਰਦਾ ਹੈ ਸਫ਼ਰ
ਮੌਤ ਦੀ ਸਰਹੱਦ ਤੋਂ ਅੰਦਰੋਂ ਸ਼ੁਰੂ ਕਰਦਾ ਹੈ। ਉਹ ਇੰਨੇ ਖਤਰਿਆਂ ਵਿੋਚੋਂ ਗੁਜ਼ਰਦਾ ਹੈ
ਕਿ ਆਮ ਬੰਦਾ ਤਾਂ ਉਹ ਸੁਣਨ ਤੋਂ ਹੀ ਇਨਕਾਰ ਕਰ ਦੇਵੇਂ, ਕਿਵੇਂ ਲਾਸ਼ਾਂ ਦੇ ਢੇਰ ਵਿੱਚ
ਡੁੱਬਿਆ ਰਹਿੰਦਾ ਹੈ, ਕਿਵੇਂ ਉਹ ਸੰਗੀਨਾਂ ਦੇ ਨੋਕਾਂ ਤੋਂ ਬਚਣ ਲਈ ਉਸ ਇਨਸਾਨੀ
ਬਦਬੋ ਨੂੰ ਮੂੰਹ ਵੀ ਪਾ ਕੇ ਰੱਖਦਾ ਹੈ।
ਸਬਕ- ਜਦੋਂ ਕੋਈ ਵੀ ਕੰਮ ਕਰੋ ਤਾਂ ਡਟ ਕੇ ਕਰੋ, ਜਿਵੇਂ ਕਿ ਬਸ ਉਸ ਤੋਂ ਬਾਅਦ
ਤੁਸੀਂ ਹੋ ਹੀ ਨਹੀਂ, ਨਾ ਕੋਈ ਹੋਰ ਗੱਲ਼ ਦਿਮਾਗ ਵਿੱਚ ਆਉਣ ਦਿਓ, ਆਪਣੇ
ਆਪ ਨੂੰ ਦੁਸ਼ਮਣ ਦੀਆਂ ਜੂਹਾਂ ਵਿੱਚ ਰੱਖੋ ਅਤੇ ਫੇਰ ਸੋਚੋਂ ਕਿ ਹੱਥ ਵਾਲਾ ਕੰਮ ਹੁਣ
ਜਿੰਦਗੀ ਜਿਉਣ ਵਰਗਾ ਹੈ ਅਤੇ ਇਹ ਤਾਂ ਹੀ ਸੰਭਵ ਹੈ, ਜੇਕਰ ਤੁਸੀਂ ਸਰਹੱਦ ਤੋਂ
ਪਾਰ ਆ ਗਏ (ਬੀਹਾਇਡ ਐਨਮੀ ਲਾਇਨ ਤੋਂ ਪਾਰ ਹੋ ਗਏ), ਮਤਲਬ ਕਿ
ਮਕਸਦ ਪੂਰਾ ਹੋ ਗਿਆ, ਉਸ ਲਈ ਭਾਵੇਂ ਲੱਖ ਅੱਕ ਚੱਬਣੇ ਪੈਣ।

2) ਜਦੋਂ ਉਸ ਦੇ ਕਾਮਰੇਡ ਹੈਲੀਕਪਟਰ ਉਸ ਦੇ ਇੰਨਾ ਕੋਲੋਂ ਹੋ ਕੇ ਵਾਪਸ ਮੁੜ ਜਾਂਦੇ ਹਨ ਤਾਂ
ਉਹ ਦੀ ਉਮੀਦ ਢਹਿ ਪੈਂਦੀ ਹੈ ਅਤੇ ਉਸ ਸਮੇਂ ਵੀ ਉਹ ਆਸ ਦੀ ਕਿਰਨ ਨੂੰ ਜਿਉਦਾ ਰੱਖਦਾ
ਹੋਇਆ, ਫੇਰ ਉਸ ਜਿਉਦੇ ਰਹਿਣ ਲਈ ਬਹੁਤ ਹੀ ਔਖੇ ਸਫ਼ਰ ਲਈ ਤੁਰ ਪੈਂਦਾ ਹੈ, ਜਿੱਥੇ
ਉਸ ਦਾ ਜਹਾਜ਼ ਡੇਗਿਆ ਗਿਆ ਸੀ।
ਸਬਕ- ਜਿੰਦਗੀ ਮੌਤ, ਜਿੱਤ ਹਾਰ ਦਾ ਫਾਸਲਾ ਤਾਂ ਕੁਝ ਪਲਾਂ ਦਾ ਹੀ ਹੁੰਦਾ ਹੈ, ਸੋ
ਜੇਕਰ ਉਮੀਦ ਕਦੇ ਵੀ ਬੇਉਮੀਦ ਬਣ ਜਾਵੇ ਤਾਂ ਬੇਉਮੀਦੀ ਵਿੱਚ ਉਮੀਦ ਜਿਉਦੀ ਰੱਖਣੀ
ਲਾਜ਼ਮੀ ਹੈ, ਕਿਉਂਕਿ ਤੁਸੀਂ ਹੀ ਹੋ, ਜਿਸ ਨੇ ਆਪਣੇ ਮਕਸਦ ਪੂਰੇ ਕਰਨੇ ਹਨ, ਜੇਕਰ ਤੁਸੀਂ
ਜਿਉਦੇ ਹੋ ਤਾਂ ਸਭ ਕੁਝ ਹੋਵੇਗਾ, ਪਰ ਜੇਕਰ ਤੁਸੀਂ ਹੌਸਲਾ ਹਾਰ ਦਿੱਤਾ ਤਾਂ ਜਿੰਦਗੀ ਵੀ ਸਾਥ
ਛੱਡ ਜਾਵੇਗੀ, ਸੋ ਜਿੰਨਾ ਚਿਰ ਆਸ, ਉਮੀਦ, ਹੌਸਲਾ ਜਿਉਂਦਾ ਹੈ, ਜਿੰਦਗੀ ਹੈ, ਨਹੀਂ ਤਾਂ
ਮੌਤ ਤਾਂ ਵੱਟ ਉੱਤੇ ਪਈ ਆਂ।

3) ਆਪਣੇ ਜਹਾਜ਼ ਦੇ ਸੰਚਾਰ ਸਿਸਟਮ ਨੂੰ ਮੁੜ ਚਾਲੂ ਕਰਨ ਲਈ ਉਹ ਬੇਸ਼ੁਮਾਰ ਟੱਕਰਾਂ
ਮਾਰਦਾ ਹੈ, ਉਸ ਨੂੰ ਇਹ ਵੀ ਅੰਦਾਜ਼ਾ ਹੈ ਕਿ ਉਸ ਦਾ ਪਿੱਛਾ ਕਰਨ ਵਾਲਾ ਉਸ ਦਾ ਦੁਸ਼ਮਨ
ਛੇਤੀ ਹੀ ਅੱਪੜਨ ਵਾਲਾ ਹੈ ਅਤੇ ਉਹ ਬਰਫ਼ ਵਿੱਚ ਲੁਕ ਕੇ ਉਸ ਦਾ ਖਾਤਮਾ ਕਰਦਾ ਹੈ,
ਜਦੋਂ ਉਸ ਦੇ ਸਾਥੀ ਹੈਲੀਕਪਟਰ ਉੱਥੇ ਅੱਪੜ ਜਾਂਦੇ ਹਨ ਤਾਂ ਉਹ ਉਹਨਾਂ ਵੱਲ ਜਾਣ ਦੀ ਬਜਾਏ,
ਆਪਣੇ ਮਕਸਦ, ਜਿਸ ਲਈ ਉਹ ਜਹਾਜ਼ ਉੱਥੇ ਆਇਆ ਸੀ, ਮਨੁੱਖੀ ਤਸ਼ੱਦਦ ਦੀਆਂ
ਤਸਵੀਰਾਂ ਲੈਣ ਲਈ, ਉਹ ਲਈ ਉਹ ਆਪਣੀ ਜਿੰਦਗੀ ਨੂੰ ਖਤਰੇ ਵਿੱਚ ਪਾਉਦਾ ਹੈ, ਜੋ ਕਿ
ਉਸ ਲਈ ਆਖਰੀ ਸੰਘਰਸ਼ ਵੀ ਬਣ ਸਕਦਾ ਸੀ, ਆਖਰੀ ਉਹ ਚੱਕ ਲੈਂਦਾ ਹੈ।
ਸਬਕ- ਜਦੋਂ ਮੌਤ ਵੱਟ ਉੱਤੇ ਹੀ ਪਈ ਹੈ ਤਾਂ ਫੇਰ ਡਰ ਕਾਹਦਾ, ਫੇਰ ਜੇਹੜਾ ਕੰਮ, ਮਕਸਦ
ਪੂਰਾ ਕਰਨਾ ਹੈ ਤਾਂ ਸਭ ਕੁਝ ਪੂਰਾ ਕਰੋ, ਹਰ ਕੰਮ 'ਤੇ ਹੱਥ ਅਜਮਾਂ ਕੇ ਵੇਖੋ। ਜੰਗਜੂ ਦੀ ਤਰ੍ਹਾਂ
ਡੱਟ ਕੇ ਰਹੋ ਅਤੇ ਡਹਿ ਮਰੋ। ਜਦੋਂ ਤੁਹਾਡਾ ਮਕਸਦ ਤੁਹਾਡੇ ਕੋਲੋਂ ਹੱਥ ਕੁ ਦੂਰ ਹੋਵੇ, ਉਦੋਂ
ਇੱਕ ਵੀ ਪਲ਼ ਢਿੱਲੇ ਹੱਥੀਂ ਨਾ ਜਾਣ ਦਿਓ, ਸਗੋਂ ਹੋਰ ਵੀ ਦ੍ਰਿੜ੍ਹਤਾ ਨਾਲ ਡਟੇ ਰਹੋ ਕਿ
ਕਿਤੇ ਕੀਤੀ ਸਾਰੀ ਮੇਹਨਤ ਉੱਤੇ 'ਹੁਣ' ਪਾਣੀ ਨਾ ਫਿਰ ਜਾਵੇ।

4) ਉਸ ਦੇ ਜਹਾਜ਼ੀ ਕੈਪਟਨ ਨੇ ਉਸ ਨੇ ਆਪਣੀ ਨੌਕਰੀ, ਮੌਤ ਦੀ ਪਰਵਾਹ ਕੀਤੇ ਬਿਨਾਂ
ਆਪਣੇ ਜਹਾਜ਼ੀ ਆਦਮੀ ਦੀ ਮੱਦਦ ਲਈ ਮੁਹਿੰਮ ਸ਼ੁਰੂ ਕੀਤੀ ਅਤੇ ਖੁਦ ਗਿਆ। ਉਸ
ਵਲੋਂ ਮਿਲੇ ਹੁਕਮਾਂ ਦੀ ਉਲੰਘਣਾ ਤਾਂ ਕੀਤੀ, ਪਰ ਆਪਣੇ ਹੇਠ ਦੇ ਆਦਮੀਆਂ ਨੂੰ ਉਹ
ਐਸੀ ਮਿਸਾਲ ਦੇ ਕੇ ਗਿਆ ਕਿ ਸਭ ਉਸ ਨੂੰ ਹਮੇਸ਼ਾ ਯਾਦ ਰੱਖਣਗੇ। ਫ਼ਰਜਾਂ ਦੀ
ਉਲੰਘਣਾ ਮੰਨਣ ਯੋਗ, ਜੇਕਰ ਇਨਸਾਨੀ ਫਰਜ਼ਾਂ ਨੂੰ ਪੂਰਾ ਕਰਨਾ ਹੋਵੇ।
ਸਬਕ- ਮਨੁੱਖੀ ਜਿੰਦਗੀ ਅਨਮੋਲ ਹੈ, ਕਿਸੇ ਦੀ ਮਦਦ ਕਰਨ ਸਮੇਂ ਆਪਣੇ
ਰੁਤਬੇ, ਅਹੁਦੇ, ਸਮਾਜਕ ਵਰਗ ਅਤੇ ਕਿਸੇ ਵੀ ਤਰ੍ਹਾਂ ਦੇ ਵਿਕਤਰੇ ਨੂੰ ਵਿੱਚ ਨਾ
ਆਉਣ ਦਿਓ। ਤੁਹਾਡੇ ਹੇਠ, ਨਾਲ ਕੰਮ ਕਰਨ ਵਾਲੇ ਵਿਅਕਤੀ ਦੀ ਹਰ ਖੁਸ਼ੀ ਦਾ
ਖਿਆਲ ਰੱਖਣਾ ਤੁਹਾਡਾ ਨਿੱਜੀ ਫ਼ਰਜ਼ ਬਣਦਾ ਹੈ, ਇਹ ਗੱਲ ਇਹ ਫਿਲਮ ਵਿੱਚ ਨਹੀਂ,
ਬਲਕਿ ਇਤਹਾਸ ਵਿੱਚ ਵੀ ਇਹ ਸਮਝਾਉਦਾ ਹੈ।

ਫਿਲਮ ਦਾ ਅਸਲੀ ਨਿਚੋੜ ਤਾਂ ਇਹੀ ਹੈ ਕਿ ਆਪਣੇ ਆਪ ਨੂੰ ਦੁਸ਼ਮਨ ਦੀ ਸਰਹੱਦ ਵਿੱਚ
ਰੱਖ ਕੇ ਕੰਮ ਸ਼ੁਰੂ ਕਰੋ, ਫੇਰ ਸਭ ਕੁਝ ਹੋ ਜਾਂਦਾ ਹੈ, ਸਭ ਮਕਸਦ ਪੂਰੇ ਹੁੰਦੇ ਹਨ, ਜਦੋਂ
ਜਾਨ ਤਲੀ ਉੱਤੇ ਟਿਕ ਜਾਵੇ ਤਾਂ ਸਭ ਕੁਝ ਸੰਭਵ ਹੈ, ਕਿਉਂਕਿ ਫੇਰ ਤੁਹਾਡੇ ਕੋਲ ਕੋਈ ਬਦਲ
ਬਚਦਾ ਹੀ ਨਹੀਂ, ਕੁਝ ਹੁੰਦਾ ਹੀ ਨਹੀਂ ਗੁਆਉਣ ਲਈ।

ਸਿੱਖ ਵਿੱਚ ਇਹ ਸੋਚ ਬੜੀ ਭਾਰੀ ਰਹੀ ਹੈ,

"ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤੁ।
ਪੁਰਜਾ ਪੁਰਜਾ ਕੱਟ ਮਰੈ, ਕਬਹੂੰ ਨਾ ਛਾਡੇ ਖੇਤੁ।"

ਦੇ ਵਾਕ ਮੁਤਾਬਕ ਸਿੱਖ ਜਿਉਂਦੇ ਆਏ ਨੇ ਅਤੇ ਇਨ੍ਹਾਂ ਸ਼ਬਦਾਂ ਨੇ ਹੀ ਸਿੱਖਾਂ ਨੂੰ ਅਜੇਹੀ ਸੋਚ ਬਖ਼ਸ਼ਿਸ
ਕੀਤੀ ਕਿ ਉਹਨਾਂ ਨੂੰ ਜਵਾਬ ਦੇਣ ਵਾਲੀ ਫੌਜ, ਸੋਚ ਕਦੇ ਪੈਦਾ ਹੀ ਨਹੀਂ ਹੋ ਸਕੀ ਹੈ।

ਖ਼ੈਰ, ਚੰਗਾ ਵਈ, ਅੱਜ ਇੰਨੀਆਂ ਕੁ ਹੀ ਗੱਲਾਂ ਹੁਣ ਮੇਰਾ ਫ਼ਰਜ਼ ਮੈਨੂੰ ਉਡੀਕ ਰਿਹਾ ਹੈ,
ਫਾਇਰਫਾਕਸ ਵਿੱਚ ਇੱਕ ਮੁੱਦੇ ਉੱਤੇ ਵਿਚਾਰ ਹੋ ਰਹੀ ਹੈ, ਅਤੇ ਮੈਂ ਵੀ ਉੱਥੇ ਸ਼ਾਮਲ ਹਾਂ,
ਮਿਲਦੇ ਹਾਂ ਫੇਰ

ਰੱਬ ਰਾਖਾ
ਆਲਮ

No comments: