31 December, 2005

ਪੰਜਾਬੀ ਉਪਭੋਗੀ ਨਾਲ ਮੁਲਾਕਾਤ

ਅੱਜ 31 ਦਸੰਬਰ 2005 ਦੀ ਸ਼ਾਮ ਪੰਜਾਬੀ ਟੀਮ ਲਈ ਸ਼ਾਨਦਾਰ ਹੋ ਨਿੱਬੜੀ,
ਜਦੋਂ ਅੱਜ ਸਾਨੂੰ ਪਹਿਲੇਂ ਪੰਜਾਬੀ ਵੇਹੜਾ (ਡਿਸਕਟਾਪ) ਉਪਭੋਗੀ ਦੇ ਰੂਬਰੂ ਹੋਣ
ਦਾ ਮੌਕਾ ਮਿਲਿਆ।

ਹਾਂ ਅੱਜ ਵਾਕਿਆ ਹੀ ਸਾਲ 2005 ਦਾ ਸਭ ਤੋਂ ਸ਼ਾਨਦਾਰ ਮੌਕਾ ਸੀ,
ਮੈਂ ਪੰਜਾਬੀ ਲੈੱਬ ਵਿੱਚੋਂ ਜਸਵਿੰਦਰ ਕੋਲੋਂ ਵਿਦਾ ਲੈਕੇ ਘਰੇ ਆ ਗਿਆ,
ਹੁਣ ਮੇਰਾ ਘਰੇ ਹੀ ਰਹਿਣ ਦਾ ਪਰੋਗਰਾਮ ਸੀ, ਕੰਮ ਵੀ ਕੋਈ ਹੈ ਨੀਂ ਸੀ,
ਬਸ ਤੇਲ ਵਿੱਚ ਮਿਲਾਵਟ ਹੋਣ ਕਰਕੇ ਮੋਟਰ-ਸਾਇਕਲ ਦੀ ਸਫ਼ਾਈ
ਕਰ ਰਹੇ ਸੀ, ਕਿ ਅਚਾਨਕ ਫੋਨ ਦੀ ਘੰਟੀ ਵੱਜੀ, ਜਸਵਿੰਦਰ ਸਿੰਘ
ਦਾ ਫੋਨ ਸੀ, ਮੈਂ ਸੋਚਿਆ ਹੁਣੇ ਤਾਂ ਉੱਥੇ ਜਾ ਕੇ ਆਇਆ ਹਾਂ, ਐਂਡੀ
ਛੇਤੀ ਕੀ ਹੋ ਗਿਆ? ਖ਼ੈਰ ਪਤਾ ਲੱਗਾ ਕੀ ਫਤਹਿਗੜ੍ਹ ਇੰਜਨਅਰਿੰਗ
ਕਾਲਜ ਤੋਂ ਸਰਦਾਰ ਅਜੇਪਾਲ ਸਿੰਘ ਜੀ ਅਟਵਾਲ ਆਏ ਹੋਏ ਹਨ,
ਤਾਂ ਮੈਨੂੰ ਹੈਰਾਨੀ ਦੀ ਹੱਦ ਨਾ ਰਹੀਂ, ਕਯਾ ਅਜੀਬ ਇਤਫ਼ਾਕ ਨੇ,
ਅੱਜ ਉਨ੍ਹਾਂ ਨੇ ਆਉਣਾ ਸੀ। ਮੈਂ ਛੇਤੀ ਨਾਲ ਜਾਣ ਦੀ ਤਿਆਰ ਕੀਤੀ
ਅਤੇ ਅੱਗੇ ਕੁਝ ਮਿੰਟਾਂ ਵਿੱਚ ਉੱਥੇ ਅੱਪੜ ਗਿਆ।

ਮੈਨੂੰ ਉਨ੍ਹਾਂ ਨਾਲ ਮਿਲ ਕੇ ਬਹੁਤ ਹੀ ਖੁਸ਼ੀ ਹੋਈ, ਗੱਲਾਂ ਤੁਰੀਆਂ ਤਾਂ
ਮੈਂ ਗੱਲ ਕੀਤੀ ਕਿ ਕੀ ਤੁਸੀਂ ਪੰਜਾਬੀ ਵੇਹੜੇ ਦੀ ਵਰਤੋਂ ਕੀਤੀ ਆਂ?
ਤਾਂ ਉਹਨਾਂ ਕਿਹਾ, "ਮੈਂ ਤਾਂ ਹਮੇਸ਼ਾ ਵਰਤਦਾ ਹਾਂ?"
"?"
"ਹਾਂ, ਮੈਂ ਕੇਡੀਈ ਦੀ ਵਰਤੋਂ ਕਰਦਾ ਹਾਂ!"
"ਤੁਸੀਂ ਪੰਜਾਬੀ ਵਿੱਚ ਵਰਤਦੇ ਹੋ?" ਮੈਨੂੰ ਅੱਜੇ ਤੱਕ ਵੀ ਯਕੀਨੀ ਨਹੀਂ ਸੀ
ਆ ਰਿਹਾ
"ਹਾਂ ਮੈਂ ਤਾਂ ਉਦੋਂ ਤੋਂ ਇਸ ਦੀ ਵਰਤੋਂ ਕਰ ਰਿਹਾ ਹਾਂ, ਜਦੋਂ ਤੋਂ ਤੁਹਾਡੇ ਕੋੋਲੋਂ
ਕੇਡੀਈ ਦੇ ਪੈਕੇਜ ਬਾਰੇ ਪਤਾ ਕੀਤਾ ਸੀ!" ਉਹਨਾਂ ਨੂੰ ਮੇਰੇ ਨਾ ਮੰਨਣ ਉੱਤੇ
ਹੈਰਾਨੀ ਜਿਹੀ ਹੋ ਰਹੀ ਸੀ।
"?" ਮੇਰਾ ਤਾਂ ਹੈਰਾਨੀ ਨਾਲ ਮੁੱਖ ਅੱਡਿਆ ਹੀ ਰਹਿ ਗਿਆ।
ਕੋਈ ਪੰਜਾਬੀ ਵੇਹੜਾ ਦੀ ਵਰਤੋਂ ਕਰਨ ਵਾਲਾ ਮੇਰੇ ਸਾਹਮਣੇ ਬੈਠਾ ਸੀ,
ਇਹ ਤਾਂ ਮੈਂ ਸੋਚ ਵੀ ਨਹੀਂ ਸੀ ਸਕਦਾ, ਮੇਰੇ ਦਿਲ ਵਿੱਚ ਅੱਜ ਇੰਨੀ ਖੁਸ਼ੀ
ਸੀ ਕਿ ਮੈਂ ਬਿਆਨ ਨਹੀਂ ਸੀ ਕਰ ਸਕਦਾ, ਉਹਨਾਂ ਮੇਰੇ ਚੇਹਰੇ ਤੋਂ ਲੱਭ ਲਿਆ
ਕਿ ਅਜੇ ਮੈਨੂੰ ਯਕੀਨ ਨਹੀਂ ਸੀ ਆਇਆ, ਇਸਕਰਕੇ ਉਹਨਾਂ ਆਪਣਾ
ਲੈਪਟਾਪ ਖੋਲ ਕੇ ਵੇਖਾਇਆ, ਜਦੋਂ ਸ਼ੁਰੂ ਵੇਲੇ ਹੀ ਪੰਜਾਬੀ ਵਿੱਚ ਵੇਖ
ਲਿਆ ਤਾਂ ਮੇਰੇ ਦਿਲ, ਦਿਮਾਗ ਅਤੇ ਰੂਹ ਵਿੱਚ ਮਚੀ ਹੱਲਚਲ ਠੈਹਰ ਗਈ।

ਹੁਣ ਤਾਂ ਮੇਰੇ ਕੋਲ ਧੰਨਵਾਦ ਕਰਨ ਲਈ ਲਫ਼ਜ਼ ਨਹੀਂ ਸਨ, ਪਹਿਲੀਂ ਵਾਰ
ਮੈਂ ਅਤੇ ਜਸਵਿੰਦਰ ਅਜੇਹੇ ਵਿਅਕਤੀ ਦੇ ਸਾਹਮਣੇ ਬੈਠੇ ਸਾਂ, ਜਿਸ ਨੇ ਆਪਣੇ
ਕੰਪਿਊਟਰ ਉੱਤੇ ਪੰਜਾਬੀ ਵਿੱਚ ਵਰਤੋਂ ਕੀਤੀ, ਪਹਿਲੀਂ ਵਾਰ ਸਾਨੂੰ ਆਪਣੇ
ਉਹਨਾਂ ਸਾਥੀਆਂ ਨਾਲ ਮੁਲਾਕਾਤ ਦਾ ਮੌਕਾ ਮਿਲਿਆ, ਜਿਨ੍ਹਾਂ ਨਾਲ
ਅਸੀਂ ਆਪਣੀ ਕੀਤੀ ਮੇਹਨਤ ਨੂੰ ਖਰ੍ਹਾ ਮੰਨ ਸਕਦੇ ਹਨ, ਮੇਲਾਂ ਰਾਹੀਂ,
ਫੋਨਾਂ ਰਾਹੀਂ, ਚਿੱਠੀਆਂ ਰਾਹੀਂ, ਅਸੀਂ ਲੋਕਾਂ ਕੋਲੋਂ ਸੁਣਿਆ ਜ਼ਰੂਰ ਸੀ,
ਪਰ ਇਹ ਮੁਲਾਕਾਤ ਨੇ ਜੋ ਸਾਨੂੰ ਸਕੂਨ ਦਿੱਤਾ, ਉਹ ਤਾਂ ਸਾਡੀ
ਕਲਪਨਾ ਤੋਂ ਬਾਹਰ ਸੀ।

ਉਹਨਾਂ ਦੱਸਿਆ ਕਿ ਸਿਰਫ਼ ਉਹੀ ਨਹੀਂ ਉਹਨਾਂ ਦੇ ਕਾਲਜ ਵਿੱਚ
4-5 ਸਾਥੀ ਹੋਰ ਵੀ ਪੰਜਾਬੀ ਵਿੱਚ ਕੰਪਿਊਟਰ ਦੀ ਵਰਤੋਂ ਕਰਦੇ ਹਨ,
ਜਦੋਂ ਵੀ ਉਹਨਾਂ ਨੂੰ ਕਿਤੇ ਵੀ ਕੰਪਿਊਟਰ ਉੱਤੇ ਲੀਨਕਸ ਇੰਸਟਾਲ
ਕਰਨ ਦਾ ਮੌਕਾ ਮਿਲਦਾ ਹੈ, ਤਾਂ ਉਹ ਪੰਜਾਬੀ ਵਿੱਚ ਹੀ ਕਰਦੇ ਹਨ
ਅਤੇ ਲੋਕਾਂ ਨੂੰ ਵੀ ਪੰਜਾਬੀ ਵਿੱਚ ਵਰਤਣ ਲਈ ਪਰੇਰਦੇ ਹਨ।

ਬਾਅਦ ਵਿੱਚ ਅਸੀਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇਨ੍ਹੇ ਚਿਰਾਂ
ਦੇ ਇਸ ਦੀ ਵਰਤੋਂ ਕਰ ਰਹੇ ਹੋ ਤਾਂ ਤੁਸੀਂ ਸਾਨੂੰ ਕਦੇ ਦੱਸਿਆ ਨੀਂ,
ਭਾਵ ਕਿ ਕਦੇ ਸੁਝਾਅ, ਕੋਈ ਫੀਡ-ਬੈਕ ਤਾਂ ਭੇਜੀ ਹੀ ਨਹੀਂ ਤਾਂ
ਉਹਨਾਂ ਨੇ ਕਿਹਾ ਕਿ ਕਦੇ ਲੋੜ ਨਹੀਂ ਸਮਝੀ, ਪਰ ਹੁਣ ਭੇਜਿਆ ਕਰਨਗੇ।

ਖ਼ੈਰ ਇਹ ਸੰਖੇਪ ਜੇਹੀ ਮੁਲਾਕਾਤ ਹੀ ਸਾਡੇ ਲਈ ਡਾਢੀ ਹੋ ਨਿਬੜੀ।
ਜਾਂਦੇ ਵਰ੍ਹੇ ਨੇ ਸਾਨੂੰ ਅਜੇਹਾ ਸ਼ਾਨਦਾਰ ਤੁਹਫ਼ਾ ਦਿੱਤਾ ਕਿ ਮੈਂ ਇਸ ਨੂੰ
ਆਪਣੀ ਜਿੰਦਗੀ ਦਾ ਬਹੁਤ ਹੀ ਹਸੀਂ ਪਲ਼ਾਂ ਵਿੱਚ ਜੋੜ ਲਿਆ।
ਧੰਨਵਾਦ ਅਜੇਪਾਲ ਸਿੰਘ ਅਟਵਾਲ ਹੋਰਾਂ ਦਾ, ਜਿੰਨ੍ਹਾਂ ਮੈਨੂੰ ਇਹ ਸਮਾਂ
ਬਖ਼ਸਿਆ ਅਤੇ ਉਸ ਵਾਹਿਗੁਰੂ ਦਾ ਵੀ, ਜਿਸ ਦੀ ਅਪਾਰ ਰਹਿਮਤ
ਸਕਦਾ ਮੈਨੂੰ ਮੌਕਾ ਮਿਲਿਆ ਆਪਣੇ ਪਹਿਲਾਂ ਪੰਜਾਬੀ ਵੇਹੜਾ ਉਪਭੋਗੀ ਦੇ
ਦਰਸ਼ਨ ਕਰਨ ਦਾ।

ਚੰਗਾ ਵੀ ਦੋਸਤੋ, ਤੁਹਾਨੂੰ ਇਸ ਵਰ੍ਹੇ ਦੇ ਖਤਮ ਹੋਣ ਦੀ ਬਹੁਤ ਬਹੁਤ ਮੁਬਾਰਕਾਂ, ਅਤੇ
ਉਮੀਦ ਕਰਦਾ ਹਾਂ ਕਿ ਤੁਸੀਂ ਬੀਤੇ ਵਰ੍ਹੇ ਦਾ ਪੂਰਾ ਆਨੰਦਾ ਮਾਣਿਆ ਹੋਵੇਗਾ ਅਤੇ
ਆਉਣ ਵਾਲਾ ਵਰ੍ਹਾ ਤੁਹਾਡੇ ਸਭ ਵੀਰਾਂ ਲਈ ਖੁਸ਼ੀਆਂ, ਆਨੰਦ ਅਤੇ ਤਰੱਕੀ
ਲੈਕੇ ਆਵੇ ਅਤੇ ਵਾਹਿਗੁਰੂ ਤੁਹਾਡੀਆਂ ਅਤੇ ਤੁਹਾਡੇ ਪਰਿਵਾਰ ਦੀਆਂ ਖੁਸ਼ੀਆਂ ਵਿੱਚ
ਬੇਅੰਤ ਵਾਧਾ ਕਰੇ। ਦੁਨਿਆਂ ਵਿੱਚ ਅਮਨ ਚੈਨ ਕੈਮ ਰਹੇ ਅਤੇ ਅੱਤਵਾਦੀ ਤੇ ਜਬਰ-ਜ਼ਲਮ
ਵਿੱਚ ਕਮੀਂ ਆਵੇ।

ਨਾਨਕ ਨਾਮ ਚੜ੍ਹਦੀ ਕਲਾ,
ਤੇਰੇ ਭਾਣੇ ਸਰਬੱਤ ਦਾ ਭਲਾ,

ਲਿਖਤੁਮ
ਆਲਮ
31 ਦਸੰਬਰ 2005

29 December, 2005

BEL (ਬੀਹਾਂਇਡ ਐਨਮੀ ਲਾਇਨ)

ਅੰਗਰੇਜ਼ੀ ਸਿਰਲੇਖ ਲਿਖਦੇ ਸਮੇਂ ਮੈਨੂੰ ਵੀ ਅਜੀਬ ਜੇਹਾ ਲੱਗਾ, ਪਰ
ਮਤਲਬ ਜ਼ਾਹਰ ਕਰਦਾ ਹਾਂ, ਹੋਇਆ ਇਉਂ ਵਈ ਕਿ ਸਵੇਰੇ ਰਜਾਈ ਵਿੱਚ ਬੈਠੇ ਨੇ
ਹੀ ਟੀ ਵੀ ਚਾਲੂ ਕੀਤਾ ਤਾਂ ਏ ਐਕਸ ਐਨ ਉੱਤੇ ਫਿਲਮ ਆ ਰਹੀ ਸੀ,
ਬੀਹਾਇਡ ਐਨਮੀ ਲਾਇਨਜ਼ (Behind Enemy Lines), ਮੈਂ ਪਹਿਲਾਂ ਕੁਝ
ਭਾਗ ਵੇਖਿਆ ਤਾਂ ਸੀ, ਪਰ ਪੂਰੀ ਨਹੀਂ ਸੀ, ਫਿਲਮ ਤਾਂ ਬੋਸਨੀਆ ਅਤੇ ਹਰਜ਼ੀਗੋਨਵੀ
ਉੱਤੇ ਅਧਾਰਿਤ ਸੀ, ਕਿ ਕਿਵੇਂ ਅਮਰੀਕੀ ਪਾਈਲਟ ਬਹਾਦਰੀ ਨਾਲ ਤਸਵੀਰਾਂ ਲੈਂਦਾ ਹੈ
ਅਤੇ ਕਿਵੇਂ ਉਸ ਦੀ ਯੂਨਿਟ ਦੇ ਬੰਦੇ ਉਸ ਦੀ ਜਾਨ ਬਚਾਉਦੇ ਹਨ, ਕਿਵੇਂ ਕੌਮਨਿਸਟਾਂ ਨੇ
ਜ਼ੁਲਮ ਕੀਤੇ ਅਤੇ ਕਿਵੇਂ ਉਹਨਾਂ ਨੇ ਉਸ ਨੂੰ ਮਾਰਨ ਲਈ ਜਤਨ ਕੀਤੇ, ਕਹਾਣੀ ਤਾਂ
ਅਮਰੀਕੀ ਪੱਖ ਹੀ ਪੇਸ਼ ਕਰਦੀ ਸੀ, ਪਰ ਮੇਰਾ ਧਿਆਨ ਇਸ ਕਹਾਣੀ ਦੇ ਪੱਖਪਾਤ
ਵਿੱਚ ਜਾਣ ਦੀ ਬਜਾਏ, ਉਸ ਫਿਲਮ ਵਿੱਚ ਇੱਕ ਫੌਜੀ ਦੀ ਭੂਮਿਕਾ ਅਤੇ ਉਸ ਦੇ ਸਾਹਮਣੇ
ਆਮ ਆਦਮੀ ਦੀ ਜਿੰਦਗੀ ਵਿੱਚ ਇਸ ਦੇ ਟਾਇਟਲ ਦੀ ਮੌਜੂਦਗੀ ਦਰਜ ਕਰਨੀ ਸੀ।
ਸਵੇਰੇ ਹੀ ਮੇਰੇ ਦਿਮਾਗ ਵਿੱਚ ਇਹ ਟਾਇਟਲ ਖੁੱਭ ਗਿਆ। ਸਾਰਾ ਦਿਨ ਮੈਂ ਇਸ ਉੱਤੇ
ਵਿਚਾਰ ਕਰਦਾ ਰਿਹਾ।

ਬੀਹਾਇਡ ਐਨਮੀ ਲਾਇਨਜ਼, ਪੰਜਾਬੀ ਵਿੱਚ ਮਤਲਬ ਹੈ ਕਿ "ਦੁਸ਼ਮਨ ਦੀਆਂ ਸਫ਼ਾਂ ਵਿੱਚ"
"ਸਰਹੱਦ ਤੋਂ ਪਾਰ", ਹੋਰ ਡੂੰਘਾ ਅਰਥ ਹੈ ਕਿ "ਦੁਸ਼ਮਨ ਦੀਆਂ ਸਫ਼ਾਂ ਵਿੱਚ ਜਿੰਦਗੀ"
ਇਸ ਤੋਂ ਕਈ ਸਬਕ ਮੈਨੂੰ ਸਮਝਣ ਨੂੰ ਮਿਲੇ ਜਿਵੇਂ ਕਿ

1) ਦੁਸ਼ਮਣ ਦੀ ਸਰਹੱਦ ਵਿੱਚ ਜਾਕੇ, ਜਦੋਂ ਤੁਹਾਨੂੰ ਜਿਉਦੇ ਮੁੜਨ ਦੀ ਆਸ ਹੀ
ਨਹੀਂ ਰਹਿੰਦੀ ਤਾਂ ਆਦਮੀ ਕੀ ਕੀ ਕਰ ਗੁਜ਼ਰਦਾ ਹੈ, ਉੱਥੋਂ ਹੀ ਅਸਲੀ ਕਹਾਣੀ,
ਤੁਹਾਡੇ ਸੰਘਰਸ਼ ਦੀ ਸ਼ੁਰੂਆਤ ਹੁੰਦੀ ਹੈ। ਉਹ ਪਾਇਲਟ ਦੇ ਸਾਥੀ ਨੂੰ ਉਸ ਦੇ ਸਾਹਮਣੇ
ਹੀ ਗੋਲ਼ੀ ਮਾਰ ਦਿੱਤੀ ਜਾਂਦੀ ਹੈ, ਉਹ ਦੀ ਰੂਹ ਕੰਬ ਜਾਂਦੀ ਹੈ, ਉਸ ਨੂੰ ਵੀ ਪਤਾ ਲੱਗ
ਜਾਂਦਾ ਹੈ ਕਿ ਹੁਣ ਬੱਸ ਮੌਤ ਹੀ ਸਾਹਮਣੇ ਹੈ। ਫੇਰ ਉਹ ਸ਼ੁਰੂ ਕਰਦਾ ਹੈ ਸਫ਼ਰ
ਮੌਤ ਦੀ ਸਰਹੱਦ ਤੋਂ ਅੰਦਰੋਂ ਸ਼ੁਰੂ ਕਰਦਾ ਹੈ। ਉਹ ਇੰਨੇ ਖਤਰਿਆਂ ਵਿੋਚੋਂ ਗੁਜ਼ਰਦਾ ਹੈ
ਕਿ ਆਮ ਬੰਦਾ ਤਾਂ ਉਹ ਸੁਣਨ ਤੋਂ ਹੀ ਇਨਕਾਰ ਕਰ ਦੇਵੇਂ, ਕਿਵੇਂ ਲਾਸ਼ਾਂ ਦੇ ਢੇਰ ਵਿੱਚ
ਡੁੱਬਿਆ ਰਹਿੰਦਾ ਹੈ, ਕਿਵੇਂ ਉਹ ਸੰਗੀਨਾਂ ਦੇ ਨੋਕਾਂ ਤੋਂ ਬਚਣ ਲਈ ਉਸ ਇਨਸਾਨੀ
ਬਦਬੋ ਨੂੰ ਮੂੰਹ ਵੀ ਪਾ ਕੇ ਰੱਖਦਾ ਹੈ।
ਸਬਕ- ਜਦੋਂ ਕੋਈ ਵੀ ਕੰਮ ਕਰੋ ਤਾਂ ਡਟ ਕੇ ਕਰੋ, ਜਿਵੇਂ ਕਿ ਬਸ ਉਸ ਤੋਂ ਬਾਅਦ
ਤੁਸੀਂ ਹੋ ਹੀ ਨਹੀਂ, ਨਾ ਕੋਈ ਹੋਰ ਗੱਲ਼ ਦਿਮਾਗ ਵਿੱਚ ਆਉਣ ਦਿਓ, ਆਪਣੇ
ਆਪ ਨੂੰ ਦੁਸ਼ਮਣ ਦੀਆਂ ਜੂਹਾਂ ਵਿੱਚ ਰੱਖੋ ਅਤੇ ਫੇਰ ਸੋਚੋਂ ਕਿ ਹੱਥ ਵਾਲਾ ਕੰਮ ਹੁਣ
ਜਿੰਦਗੀ ਜਿਉਣ ਵਰਗਾ ਹੈ ਅਤੇ ਇਹ ਤਾਂ ਹੀ ਸੰਭਵ ਹੈ, ਜੇਕਰ ਤੁਸੀਂ ਸਰਹੱਦ ਤੋਂ
ਪਾਰ ਆ ਗਏ (ਬੀਹਾਇਡ ਐਨਮੀ ਲਾਇਨ ਤੋਂ ਪਾਰ ਹੋ ਗਏ), ਮਤਲਬ ਕਿ
ਮਕਸਦ ਪੂਰਾ ਹੋ ਗਿਆ, ਉਸ ਲਈ ਭਾਵੇਂ ਲੱਖ ਅੱਕ ਚੱਬਣੇ ਪੈਣ।

2) ਜਦੋਂ ਉਸ ਦੇ ਕਾਮਰੇਡ ਹੈਲੀਕਪਟਰ ਉਸ ਦੇ ਇੰਨਾ ਕੋਲੋਂ ਹੋ ਕੇ ਵਾਪਸ ਮੁੜ ਜਾਂਦੇ ਹਨ ਤਾਂ
ਉਹ ਦੀ ਉਮੀਦ ਢਹਿ ਪੈਂਦੀ ਹੈ ਅਤੇ ਉਸ ਸਮੇਂ ਵੀ ਉਹ ਆਸ ਦੀ ਕਿਰਨ ਨੂੰ ਜਿਉਦਾ ਰੱਖਦਾ
ਹੋਇਆ, ਫੇਰ ਉਸ ਜਿਉਦੇ ਰਹਿਣ ਲਈ ਬਹੁਤ ਹੀ ਔਖੇ ਸਫ਼ਰ ਲਈ ਤੁਰ ਪੈਂਦਾ ਹੈ, ਜਿੱਥੇ
ਉਸ ਦਾ ਜਹਾਜ਼ ਡੇਗਿਆ ਗਿਆ ਸੀ।
ਸਬਕ- ਜਿੰਦਗੀ ਮੌਤ, ਜਿੱਤ ਹਾਰ ਦਾ ਫਾਸਲਾ ਤਾਂ ਕੁਝ ਪਲਾਂ ਦਾ ਹੀ ਹੁੰਦਾ ਹੈ, ਸੋ
ਜੇਕਰ ਉਮੀਦ ਕਦੇ ਵੀ ਬੇਉਮੀਦ ਬਣ ਜਾਵੇ ਤਾਂ ਬੇਉਮੀਦੀ ਵਿੱਚ ਉਮੀਦ ਜਿਉਦੀ ਰੱਖਣੀ
ਲਾਜ਼ਮੀ ਹੈ, ਕਿਉਂਕਿ ਤੁਸੀਂ ਹੀ ਹੋ, ਜਿਸ ਨੇ ਆਪਣੇ ਮਕਸਦ ਪੂਰੇ ਕਰਨੇ ਹਨ, ਜੇਕਰ ਤੁਸੀਂ
ਜਿਉਦੇ ਹੋ ਤਾਂ ਸਭ ਕੁਝ ਹੋਵੇਗਾ, ਪਰ ਜੇਕਰ ਤੁਸੀਂ ਹੌਸਲਾ ਹਾਰ ਦਿੱਤਾ ਤਾਂ ਜਿੰਦਗੀ ਵੀ ਸਾਥ
ਛੱਡ ਜਾਵੇਗੀ, ਸੋ ਜਿੰਨਾ ਚਿਰ ਆਸ, ਉਮੀਦ, ਹੌਸਲਾ ਜਿਉਂਦਾ ਹੈ, ਜਿੰਦਗੀ ਹੈ, ਨਹੀਂ ਤਾਂ
ਮੌਤ ਤਾਂ ਵੱਟ ਉੱਤੇ ਪਈ ਆਂ।

3) ਆਪਣੇ ਜਹਾਜ਼ ਦੇ ਸੰਚਾਰ ਸਿਸਟਮ ਨੂੰ ਮੁੜ ਚਾਲੂ ਕਰਨ ਲਈ ਉਹ ਬੇਸ਼ੁਮਾਰ ਟੱਕਰਾਂ
ਮਾਰਦਾ ਹੈ, ਉਸ ਨੂੰ ਇਹ ਵੀ ਅੰਦਾਜ਼ਾ ਹੈ ਕਿ ਉਸ ਦਾ ਪਿੱਛਾ ਕਰਨ ਵਾਲਾ ਉਸ ਦਾ ਦੁਸ਼ਮਨ
ਛੇਤੀ ਹੀ ਅੱਪੜਨ ਵਾਲਾ ਹੈ ਅਤੇ ਉਹ ਬਰਫ਼ ਵਿੱਚ ਲੁਕ ਕੇ ਉਸ ਦਾ ਖਾਤਮਾ ਕਰਦਾ ਹੈ,
ਜਦੋਂ ਉਸ ਦੇ ਸਾਥੀ ਹੈਲੀਕਪਟਰ ਉੱਥੇ ਅੱਪੜ ਜਾਂਦੇ ਹਨ ਤਾਂ ਉਹ ਉਹਨਾਂ ਵੱਲ ਜਾਣ ਦੀ ਬਜਾਏ,
ਆਪਣੇ ਮਕਸਦ, ਜਿਸ ਲਈ ਉਹ ਜਹਾਜ਼ ਉੱਥੇ ਆਇਆ ਸੀ, ਮਨੁੱਖੀ ਤਸ਼ੱਦਦ ਦੀਆਂ
ਤਸਵੀਰਾਂ ਲੈਣ ਲਈ, ਉਹ ਲਈ ਉਹ ਆਪਣੀ ਜਿੰਦਗੀ ਨੂੰ ਖਤਰੇ ਵਿੱਚ ਪਾਉਦਾ ਹੈ, ਜੋ ਕਿ
ਉਸ ਲਈ ਆਖਰੀ ਸੰਘਰਸ਼ ਵੀ ਬਣ ਸਕਦਾ ਸੀ, ਆਖਰੀ ਉਹ ਚੱਕ ਲੈਂਦਾ ਹੈ।
ਸਬਕ- ਜਦੋਂ ਮੌਤ ਵੱਟ ਉੱਤੇ ਹੀ ਪਈ ਹੈ ਤਾਂ ਫੇਰ ਡਰ ਕਾਹਦਾ, ਫੇਰ ਜੇਹੜਾ ਕੰਮ, ਮਕਸਦ
ਪੂਰਾ ਕਰਨਾ ਹੈ ਤਾਂ ਸਭ ਕੁਝ ਪੂਰਾ ਕਰੋ, ਹਰ ਕੰਮ 'ਤੇ ਹੱਥ ਅਜਮਾਂ ਕੇ ਵੇਖੋ। ਜੰਗਜੂ ਦੀ ਤਰ੍ਹਾਂ
ਡੱਟ ਕੇ ਰਹੋ ਅਤੇ ਡਹਿ ਮਰੋ। ਜਦੋਂ ਤੁਹਾਡਾ ਮਕਸਦ ਤੁਹਾਡੇ ਕੋਲੋਂ ਹੱਥ ਕੁ ਦੂਰ ਹੋਵੇ, ਉਦੋਂ
ਇੱਕ ਵੀ ਪਲ਼ ਢਿੱਲੇ ਹੱਥੀਂ ਨਾ ਜਾਣ ਦਿਓ, ਸਗੋਂ ਹੋਰ ਵੀ ਦ੍ਰਿੜ੍ਹਤਾ ਨਾਲ ਡਟੇ ਰਹੋ ਕਿ
ਕਿਤੇ ਕੀਤੀ ਸਾਰੀ ਮੇਹਨਤ ਉੱਤੇ 'ਹੁਣ' ਪਾਣੀ ਨਾ ਫਿਰ ਜਾਵੇ।

4) ਉਸ ਦੇ ਜਹਾਜ਼ੀ ਕੈਪਟਨ ਨੇ ਉਸ ਨੇ ਆਪਣੀ ਨੌਕਰੀ, ਮੌਤ ਦੀ ਪਰਵਾਹ ਕੀਤੇ ਬਿਨਾਂ
ਆਪਣੇ ਜਹਾਜ਼ੀ ਆਦਮੀ ਦੀ ਮੱਦਦ ਲਈ ਮੁਹਿੰਮ ਸ਼ੁਰੂ ਕੀਤੀ ਅਤੇ ਖੁਦ ਗਿਆ। ਉਸ
ਵਲੋਂ ਮਿਲੇ ਹੁਕਮਾਂ ਦੀ ਉਲੰਘਣਾ ਤਾਂ ਕੀਤੀ, ਪਰ ਆਪਣੇ ਹੇਠ ਦੇ ਆਦਮੀਆਂ ਨੂੰ ਉਹ
ਐਸੀ ਮਿਸਾਲ ਦੇ ਕੇ ਗਿਆ ਕਿ ਸਭ ਉਸ ਨੂੰ ਹਮੇਸ਼ਾ ਯਾਦ ਰੱਖਣਗੇ। ਫ਼ਰਜਾਂ ਦੀ
ਉਲੰਘਣਾ ਮੰਨਣ ਯੋਗ, ਜੇਕਰ ਇਨਸਾਨੀ ਫਰਜ਼ਾਂ ਨੂੰ ਪੂਰਾ ਕਰਨਾ ਹੋਵੇ।
ਸਬਕ- ਮਨੁੱਖੀ ਜਿੰਦਗੀ ਅਨਮੋਲ ਹੈ, ਕਿਸੇ ਦੀ ਮਦਦ ਕਰਨ ਸਮੇਂ ਆਪਣੇ
ਰੁਤਬੇ, ਅਹੁਦੇ, ਸਮਾਜਕ ਵਰਗ ਅਤੇ ਕਿਸੇ ਵੀ ਤਰ੍ਹਾਂ ਦੇ ਵਿਕਤਰੇ ਨੂੰ ਵਿੱਚ ਨਾ
ਆਉਣ ਦਿਓ। ਤੁਹਾਡੇ ਹੇਠ, ਨਾਲ ਕੰਮ ਕਰਨ ਵਾਲੇ ਵਿਅਕਤੀ ਦੀ ਹਰ ਖੁਸ਼ੀ ਦਾ
ਖਿਆਲ ਰੱਖਣਾ ਤੁਹਾਡਾ ਨਿੱਜੀ ਫ਼ਰਜ਼ ਬਣਦਾ ਹੈ, ਇਹ ਗੱਲ ਇਹ ਫਿਲਮ ਵਿੱਚ ਨਹੀਂ,
ਬਲਕਿ ਇਤਹਾਸ ਵਿੱਚ ਵੀ ਇਹ ਸਮਝਾਉਦਾ ਹੈ।

ਫਿਲਮ ਦਾ ਅਸਲੀ ਨਿਚੋੜ ਤਾਂ ਇਹੀ ਹੈ ਕਿ ਆਪਣੇ ਆਪ ਨੂੰ ਦੁਸ਼ਮਨ ਦੀ ਸਰਹੱਦ ਵਿੱਚ
ਰੱਖ ਕੇ ਕੰਮ ਸ਼ੁਰੂ ਕਰੋ, ਫੇਰ ਸਭ ਕੁਝ ਹੋ ਜਾਂਦਾ ਹੈ, ਸਭ ਮਕਸਦ ਪੂਰੇ ਹੁੰਦੇ ਹਨ, ਜਦੋਂ
ਜਾਨ ਤਲੀ ਉੱਤੇ ਟਿਕ ਜਾਵੇ ਤਾਂ ਸਭ ਕੁਝ ਸੰਭਵ ਹੈ, ਕਿਉਂਕਿ ਫੇਰ ਤੁਹਾਡੇ ਕੋਲ ਕੋਈ ਬਦਲ
ਬਚਦਾ ਹੀ ਨਹੀਂ, ਕੁਝ ਹੁੰਦਾ ਹੀ ਨਹੀਂ ਗੁਆਉਣ ਲਈ।

ਸਿੱਖ ਵਿੱਚ ਇਹ ਸੋਚ ਬੜੀ ਭਾਰੀ ਰਹੀ ਹੈ,

"ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤੁ।
ਪੁਰਜਾ ਪੁਰਜਾ ਕੱਟ ਮਰੈ, ਕਬਹੂੰ ਨਾ ਛਾਡੇ ਖੇਤੁ।"

ਦੇ ਵਾਕ ਮੁਤਾਬਕ ਸਿੱਖ ਜਿਉਂਦੇ ਆਏ ਨੇ ਅਤੇ ਇਨ੍ਹਾਂ ਸ਼ਬਦਾਂ ਨੇ ਹੀ ਸਿੱਖਾਂ ਨੂੰ ਅਜੇਹੀ ਸੋਚ ਬਖ਼ਸ਼ਿਸ
ਕੀਤੀ ਕਿ ਉਹਨਾਂ ਨੂੰ ਜਵਾਬ ਦੇਣ ਵਾਲੀ ਫੌਜ, ਸੋਚ ਕਦੇ ਪੈਦਾ ਹੀ ਨਹੀਂ ਹੋ ਸਕੀ ਹੈ।

ਖ਼ੈਰ, ਚੰਗਾ ਵਈ, ਅੱਜ ਇੰਨੀਆਂ ਕੁ ਹੀ ਗੱਲਾਂ ਹੁਣ ਮੇਰਾ ਫ਼ਰਜ਼ ਮੈਨੂੰ ਉਡੀਕ ਰਿਹਾ ਹੈ,
ਫਾਇਰਫਾਕਸ ਵਿੱਚ ਇੱਕ ਮੁੱਦੇ ਉੱਤੇ ਵਿਚਾਰ ਹੋ ਰਹੀ ਹੈ, ਅਤੇ ਮੈਂ ਵੀ ਉੱਥੇ ਸ਼ਾਮਲ ਹਾਂ,
ਮਿਲਦੇ ਹਾਂ ਫੇਰ

ਰੱਬ ਰਾਖਾ
ਆਲਮ

28 December, 2005

ਦਿੱਲੀ ਦੇ ਲੋਕ ਅਤੇ ਠੱਗੀ

ਕੱਲ੍ਹ ਦਿਨੇ ਦਿੱਲੀ ਏਅਰਪੋਰਟ ਉੱਤੇ ਉੱਤਰਨ ਉਪਰੰਤ ਮੈਂ ਆਟੋ
ਨੂੰ ਪੁੱਛਿਆ, "ਆਈ ਐਸ ਬੀ ਟੀ ਜਾਣਾ ਹੈ?"
ਕਹਿੰਦਾ, "200 ਰੁਪਏ"
ਮੈਂ ਮਨ 'ਚ ਗਾਲ੍ਹ ਕੱਢੀ, "ਤੇਰੀ ਮਾਂ ਦੀ... ਸਾਲਿਆ.."
ਬੋਲਿਆ, " 150 ਹੀ"
ਆਟੋ ਵਾਲਾ ਬੋਲਿਆ, " ਨਹੀਂ, 180 ਦੇ ਦਿਓ"
ਮੈਂ ਤੁਰ ਪਿਆ, ਫੇਰ ਬੋਲਿਆ "ਚਲੋ 170 ਦੇ ਦਿਓ"
ਮੈਂ ਥੱਕਿਆ ਹੋਇਆ ਸੀ ਅਤੇ ਭੁੱਖ ਵੀ ਲੱਗੀ, ਅਤੇ 160 ਉੱਤੇ ਗਲ਼ ਕਰਕੇ
ਤੁਰ ਪਿਆ ਉਸ ਨਾਲ।
ਰਾਹ ਵਿੱਚ ਬੱਸ ਸਟੈਂਡ ਉੱਤੇ ਰੋਕ ਕੇ ਕਹਿੰਦਾ ਕਿ ਆਉਨਾ ਹਾਂ,
ਮੈਂ ਉਡੀਕਦਾ ਰਿਹਾ, ਕੁਝ ਦੇਰ ਬਾਅਦ ਆਕੇ ਕਹਿੰਦਾ, "ਸਰਦਾਰ ਜੀ
ਦੂਜੇ ਆਟੋ 'ਚ ਆ ਜਾਓ"
ਮੈਂ ਚਲਾ ਗਿਆ, ਮੈਨੂੰ ਕਹਿੰਦਾ, "ਮੈਨੂੰ 100 ਦਿਓ ਅਤੇ ਬਾਕੀ ਪੈਸੇ ਇਸ ਨੂੰ
ਬਸ ਸਟੈਂਡ ਉੱਤੇ ਜਾ ਕੇ ਦੇ ਦਿਓ"
ਮੈਂ ਸੋਚਿਆ ਕਿ ਕੁਝ ਮਜਬੂਰੀ ਹੋਵੇਗੀ, ਅਤੇ ਦੂਜੇ ਆਟੋ ਵਿੱਚ ਬਹਿ ਗਿਆ,
ਕੁਝ ਦੂਰ ਜਾਕੇ ਆਟੋ ਵਾਲਾ ਕਹਿੰਦਾ, "ਸਰਦਾਰ ਜੀ ਰਾਸਤਾ ਜਾਨਤੋਂ ਹੋ ਆਗੇ?"
ਫੇਰ ਮੇਰਾ ਪਾਰਾ ਚੜ੍ਹ ਗਿਆ, "ਤੇਰੀ ਓ ਮਾਂ ਦੀ.. ਕੁੱਤਿਆ, ਸਾਲਿਆ"
ਆਖਰੀ ਗਾਲਾਂ ਤਾਂ ਉਸ ਨੂੰ ਸੁਣਨੀਆਂ ਹੀ ਪਈਆਂ। ਖ਼ੈਰ ਹੁਣ ਉਹ ਆਟੋ ਨੂੰ
ਰੋਕੇ ਦੂਜੇ ਉਡੀਕਣਾ ਸ਼ੁਰੂ ਕੀਤਾ, ਆਖਰ ਕੁਝ ਉਡੀਕ ਅਤੇ ਬਹਿਸ ਬਾਅਦ
ਇੱਕ ਮਿਲ ਹੀ ਗਿਆ।

ਆਖ਼ਰ ਅੱਧੇ ਘੰਟੇ ਦਾ ਸਫ਼ਰ ਡੇਢ ਕੁ ਘੰਟੇ ਵਿੱਚ ਖਤਮ ਕਰਕੇ ਮੈਂ ਬੱਸ ਸਟੈਂਡ
ਉੱਤੇ ਅੱਪੜਿਆ। ਪੰਜਾਬ ਰੋਡਵੇਜ਼ ਅਤੇ ਪੀ ਆਰ ਟੀ ਸੀ ਦੀਆਂ ਬੱਸਾਂ ਅਤੇ
ਪੱਗਾਂ ਵਾਲੇ ਬੰਦੇ ਵੇਖ ਕਿ ਚਿੱਤ ਨੂੰ ਕੁਝ ਧਰਵਾਸ ਜੇਹਾ ਆਇਆ ਕਿ ਹੁਣ
ਮੇਰੇ ਆਪਣੇ ਆ ਗਏ।

ਸਚਮੁੱਚ ਹੀ ਭਲਾਈ ਦਾ ਜ਼ਮਾਨਾ ਹੀ ਨਹੀਂ ਰਿਹਾ ਹੈ। ਜੁੱਤੀਆਂ ਦਾ ਹੀ ਜ਼ਮਾਨਾ ਹੈ,
ਇਸ ਮੌਕੇ ਉੱਤੇ ਮੈਨੂੰ ਦਿੱਲੀ ਦੇ ਟਰੱਕ ਦੇ ਪਿੱਛੇ ਲਿਖਿਆ ਵਾਕ ਯਾਦ ਆਇਆ
ਜੁੱਤੀ ਦਾ ਨਿਸ਼ਾਨ ਬਣਾ ਕੇ ਅੱਗੇ ਲਿਖਿਆ ਸੀ "ਫਰੀ ਸੇਵਾ"
ਦਿੱਲੀ ਕੀ ਸਾਰੇ ਥਾਵੀਂ ਫਰੀ ਸੇਵਾ ਕਰੋ ਅਤੇ ਕੰਮ ਕਰਵਾਓ, ਨਹੀਂ ਤਾਂ ਲੋਕ
ਸਿਰ 'ਚ ਗਲੀਆਂ ਕਰਦੇ ਨੇ।

ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

ਲਿਖਤੁਮ
ਆਲਮ

23 December, 2005

ਅਲਵਿਦਾ (अलविंदा)

गजल

चिंगारी कोई ऐसी भड़का दे ऐ दोस्त
दिल की हरेक हसरत जो जला दे ऐ दोस्त

आंखो में तस्सवर ही ना रहे कोई
अश्कों के दरिआ इतना बहा दे ऐ दोस्त

तसवीर ना दिखे अब किस की
आइना-ए-जेहन को चूर चूर बना दे ऐ दोस्त

हाथ उठ ना पाए छूने को दामन उनका अब
फासला इस कदर बढ़ा दे ऐ दोस्त

गेसुओं की महक ना महक सके अब सांसों में
हवा का रुख कुछ यूं बदला दे ऐ दोस्त

कदम अब कभी मंज़ल की जुफ़्तजू ना करे
खून नसों में कुछ यूं जमां दे ऐ दोस्त

नाम उनका कभी लेने ना पाए अब
लवों को कुछ मेरे यूं सिला दे ऐ दोस्त

राख भी कमबख्त दिल की धड़कने से ना बाज आई
दूर बहुत दूर ले जा के दफ़ना दे ऐ दोस्त

उन की नज़रों का भरम देती है
हटा दे दुनिआ हटा दे ऐ दोस्त

दर्द कम होने से जां कहीं बच ना जाए
दाग कुछ और लगा दे ऐ दोस्त


लौट आए ना होस़ ओ हवास कहीं
ला जाम एक और पिला दे ऐ दोस्त

मेरा रहगुज़र कोई हो ना पाए
मंज़ल कुछ यूं छुपा दे ऐ दोस्त

माहताब जब नहीं तों रोशनी क्यों रहे बाकी
बुझा चिराग रात कुछ और संगीन बना दे ऐ दोस्त

22 December, 2005

ਪਾਕਿਸਤਾਨੀ ਫੌਜ ਅਤੇ ਸਿੱਖ

ਖ਼ੈਰ ਖ਼ਬਰ ਤਾਂ ਕੱਲ੍ਹ ਦੀ ਹੈ, ਪਰ ਚਰਚਾ ਜਦੋਂ ਵੀ ਹੋਵੇ ਤਾਂ ਸ਼ਾਨਦਾਰ ਹੀ ਹੈ।
ਕੱਲ੍ਹ ਕੰਮ ਦੇ ਰੁਝੇਵੇਂ ਜ਼ਿਆਦਾ ਹੋਣ ਕਰਕੇ ਲਿਖ ਨਾ ਸਕਿਆ, ਗੱਲ਼ ਤਾਂ
ਸਿਰਲੇਖ ਵਿੱਚੋਂ ਹੀ ਝਲਕਦੀ ਹੈ। ਪਾਕਿਸਤਾਨ ਵਿੱਚ ਇੱਕ ਸਿੱਖ
ਨੌਜਵਾਨ ਨੂੰ ਫੌਜ ਵਿੱਚ ਅਫ਼ਸਰ ਦੀ ਪਦਵੀ ਮਿਲੀ ਹੈ।
ਸਰਦਾਰ ਹਰਚਰਨ ਸਿੰਘ, ਜੋ ਕਿ ਪਾਕਿਸਤਾਨ ਦਾ ਨਾਗਰਿਕ ਹੈ,ਨੇ
ਇੰਟਰ ਸਰਵਿਸ ਸਿਲੇਕਸ਼ਨ ਬੋਰਡ ਦਾ ਇਮਤਿਹਾਨ ਪਾਸ ਕਰਕੇ ਇਹ ਨੌਕਰੀ
ਹਾਸਲ ਕੀਤੀ ਹੈ। ਉਨ੍ਹੀਂ ਵਰ੍ਹਿਆਂ ਦਾ ਇਹ ਨੌਜਵਾਨ ਨਨਕਾਣਾ ਸਾਹਿਬ ਦਾ
ਰਹਿਣ ਵਾਲਾ ਹੈ, ਬਾਬੇ ਨਾਨਕ ਦੇ ਪਿੰਡ ਦਾ।

ਗੱਭਰੂ ਨੂੰ ਸ਼ੌਕ ਤਾਂ ਹਥਿਆਰਾਂ ਦੀ ਸੀ, ਅਤੇ ਦੂਜੀ ਵਾਰ ਇਮਤਿਹਾਨ ਦੇਣ ਉਪਰੰਤ
ਵੀ ਸ਼ੱਕ ਸੀ ਕਿ ਘੱਟ-ਗਿਣਤੀ ਹੋਣ ਕਰਕੇ ਪਾਕਿਸਤਾਨ ਵਿੱਚ ਸ਼ਾਇਦ ਉਸ ਨੂੰ
ਦਾਖਲਾ ਨਾ ਮਿਲੇ, ਪਰ ਮੇਹਨਤ ਅਤੇ ਲਗਨ ਨਾਲ ਕੀਤੇ ਕੰਮ ਤਾਂ ਸਫ਼ਲ ਹੁੰਦੇ ਹਨ।

ਇਸ ਮੌਕੇ ਉੇਤੇ ਪਾਕਿਸਤਾਨ ਸਰਕਾਰ ਦਾ ਜ਼ਿਕਰ ਕਰਨਾ ਵੀ ਬੇਤੁੱਕਾ ਨਹੀਂ ਹੋਵੇਗਾ,
ਕਿਉਂਕਿ ਪਾਕਿਸਤਾਨ ਸਰਕਾਰ ਨੇ ਹੁਣ ਕਾਫ਼ੀ ਲਚਕੀਲਾ ਰੁੱਖ ਇਖਤਿਆਰ ਕੀਤਾ
ਹੋਇਆ ਹੈ, ਲਚਕੀਲਾ ਕਹਿਣ ਨਾਲੋਂ ਦੋਸਤਾਨਾ ਕਿਹਾ ਜਾਵੇਗਾ। ਬੱਸਾਂ, ਰੇਲਾਂ ਅਤੇ
ਵਪਾਰ ਦੀਆਂ ਸਾਂਝਾ ਨਾਲ ਦੋਵੇਂ ਦੇਸ਼ਾਂ ਵਿੱਚ ਕੁੜਤੱਨ ਤਾਂ ਪਹਿਲਾਂ ਹੀ ਕਾਫ਼ੀ ਘੱਟ
ਗਈ ਹੈ, ਬਸ ਸਰਹੱਦਾਂ ਉੱਤੇ ਤਾਰਾਂ ਅਜੇ ਵੀ ਬਾਕੀ ਹਨ।

ਸਿੱਖ ਕੌਮ ਦਾ ਹਰੇਕ ਬੰਦਾ ਸਿਪਾਹੀ ਹੈ, ਜਿਸ ਨੂੰ ਜਮਾਂਦਰੂ ਸਿਪਾਹੀ ਕਹਿ ਸਕਦੇ ਹਾਂ।
ਕੌਮ ਦੇ 500 ਕੁ ਸਾਲਾਂ ਦੇ ਇਤਹਾਸ ਇਹ ਗੱਲ਼ ਦੀ ਗਵਾਹੀ ਭਰਦਾ ਹੈ। ਭਰੋਸਾ,
ਦ੍ਰਿੜ੍ਹਤਾ ਅਤੇ ਦੇਸ਼-ਪਿਆਰ ਇਹਨਾਂ ਦਾ ਗਹਿਣਾ ਹੈ, ਪਿਆਰ ਨਾਲ ਜਾਨ ਦੇਣ
ਲਈ ਤਿਆਰ ਰਹਿੰਦੇ ਹਨ। ਅੰਗਰੇਜ਼ਾਂ, ਫਰਾਂਸੀਸੀਆਂ, ਅਫ਼ਗਾਨਾਂ, ਮੁਸਲਮਾਨਾਂ
ਨੇ ਹੱਥ ਵੇਖੇ ਹਨ।

ਚੰਗਾ ਚੁੰਝ ਚਰਚਾ ਚੱਲਦੀ ਰਹੇਗੀ, ਬਾਕੀ ਫੇਰ ਸਹੀਂ...

ਲਿਖਤੁਮ
ਆਲਮ
ਪੂਰੀ ਖ਼ਬਰ ਲਈ ਵੇਖੋ:
http://www.bbc.co.uk/hindi/regionalnews/story/2005/12/051220_sikh_army.shtml

18 December, 2005

ਠੰਡ, ਪੰਜਾਬ ਅਤੇ ਲੋਕ

ਕੁਝ ਦਿਨ ਪਹਿਲਾਂ ਬੀਬੀਸੀ ਤੋਂ ਖ਼ਬਰਾਂ ਵਿੱਚ ਸੁਣਿਆ ਕਿ ਅੰਮ੍ਰਿਤਸਰ ਮੈਦਾਨੀ
ਇਲਾਕਿਆਂ ਵਿੱਚ ਸਭ ਤੋਂ ਠੰਡਾ ਰਿਹਾ। ਤਾਪਮਾਨ ਰਿਹਾ -4C, ਕਮਾਲ ਹੋ ਗਿਆ।
ਬਹੁਤ ਹੀ ਜ਼ਿਆਦਾ ਤਾਪਮਾਨ ਡਿੱਗ ਪਿਆ।

ਪੰਜਾਬ ਵਿੱਚ ਇਹ ਤਾਪਮਾਨ ਬਹੁਤ ਹੀ ਘੱਟ ਹੈ, ਵੈਸੇ ਪੰਜਾਬ ਦੀ ਸਰਦੀ ਵਿੱਚ ਜਵਾਨ
ਹੋਏ ਹਾਂ, ਪਰ ਇਹ ਤਾਪਮਾਨ ਤਾਂ ਕਦੇ ਨਹੀਂ ਸੁਣਿਆ। ਇੱਥੇ ਪੂਨੇ ਵਿੱਚ ਵੇਖ ਲੋ, ਸਤੰਬਰ
ਦੇ ਅੰਤ ਤੇ ਨਵੰਬਰ ਦੇ ਸ਼ੁਰੂਆਤ ਵਰਗੀ ਠੰਡ ਅਜੇ ਹੈ, ਖੇਸ ਲੈਕੇ ਪੱਖਾ ਚੱਲਦਾ ਛੱਡਣਾ
ਪੈਂਦਾ ਹੈ, ਫ਼ੇਰ ਵੀ ਲੋਕ ਵੱਡੇ ਕੋਟ ਪਾ ਕੇ, ਧੂਣੀ ਬਾਲ ਕੇ ਬਹਿੰਦੇ ਹਨ। ਸਿਰ ਉੱਤੇ ਲੈਕੇ
ਕੱਪੜੇ ਏਦਾਂ ਕਰਦੇ ਹਨ, ਜਿਵੇਂ ਕੱਕਰ ਪੈਂਦਾ ਹੋਵੇ ਪੰਜਾਬ ਦਾ।

ਠੰਡ ਤਾਂ ਪੰਜਾਬ ਦੀ ਅੱਜ ਵੀ ਚੇਤੇ ਆਉਦੀ ਹੈ, ਹੱਡੀਆਂ ਕੜਕ ਜਾਂਦੀ ਹਨ। ਪਿੰਡਾਂ ਵਿੱਚ
ਤਾਂ ਸ਼ੀਤ ਲਹਿਰ ਬਹਿਜਾ ਬਹਿਜਾ ਕਰਵਾ ਦਿੰਦੀ ਹੈ। 5 ਵਜੇ ਨੂੰ ਸੂਰਜ ਨੇ ਮੂੰਹ ਲਕੋਇਆ
ਨੀਂ ਕਿ ਠੰਡੀ ਹਵਾ ਜਿਸਮਾਂ ਨੂੰ ਚੀਰਦੀ ਜਾਪਦੀ ਹੈ, ਦਰਖਤ ਮੁਰਝਾ ਜਾਂਦੇ ਹਨ। ਜਦੋਂ
ਦਿਨੇ ਧੁੰਦ ਪੈਂਦੀ ਹੋਵੇ ਤਾਂ ਸਫ਼ਰ ਕਰਨਾ ਬਹੁਤ ਔਖਾ ਹੋ ਜਾਂਦਾ ਹੈ, ਸਾਰਾ ਦਿਨ ਤੁਰਦੇ
ਫਿਰਦੇ ਠਰਦੇ ਰਹੀਂਦਾ ਹੈ, ਜਦੋਂ ਧੁੱਪ ਨਿਕਲਦੀ ਹੋਵੇ ਤਾਂ ਫੇਰ ਦਿਨ ਤਾਂ ਬਹੁਤ ਹੀ ਆਰਾਮ
ਰਹਿੰਦਾ ਹੈ, ਧੁੱਪ ਇੰਨੀ ਜਚਦੀ ਹੈ ਕਿ ਬਸ ਜਿਵੇਂ ਨੇਮਤ ਹੋਵੇ, ਪਰ ਜੇ ਅੱਜ ਧੁੱਪ ਨਿਕਲੀ
ਹੈ ਅਤੇ ਆਥਣ ਵੇਲੇ ਛਿਪਦਾ ਸੂਰਜ ਦਿੱਸ ਜਾਵੇ ਤਾਂ ਸਮਝੋ ਕਿ ਸਵੇਰੇ ਕੋਰਾ (ਕੋਹਰਾ)
ਲਾਜ਼ਮੀ ਪਵੇਗਾ, ਪਿੰਡ ਹੁੰਦਿਆਂ, ਜੇ ਕਿਤੇ ਪੁਰਾਣੀ ਪਰਾਲੀ ਪਈ ਹੋਣੀ ਤਾਂ ਵੇਖ ਜਾਣਾ
ਕਿ ਅੱਜ ਕੋਰਾ ਹੋਣਾ ਚਾਹੀਦਾ ਹੈ, ਹਲਕੀ ਸੁਨਹਿਰੀ ਪਰਾਲੀ ਉੱਤੇ ਚਿੱਟੇ ਲੂੰ ਜਿਹੇ ਦਿਸਣੇ,
ਬਾਪੂ ਨੇ ਦੱਸਿਆ ਕਿ ਪੁੱਤ ਹੁਣ ਸਭ ਤੋਂ ਵੱਧ ਠੰਡ ਹੈ, ਅਤੇ ਸੱਚਮੁੱਚ ਹੀ ਉਸ ਦਿਨ ਸਕੂਲ
ਜਾਂਦਿਆ ਦੇ (ਜਦੋਂ ਕਿ ਧੁੱਪ ਚੜ੍ਹੀ ਹੁੰਦੀ ਸੀ), ਹੱਥ ਪੈਰ ਕੱਪੜਿਆਂ ਵਿੱਚ ਲਵੇਟੇ ਹੋਣ ਦੇ
ਬਾਵਜੂਦ ਵੀ ਠਰ ਜਾਣੇ। ਉਂਗਲਾਂ, ਮੂੰਹ ਲਾਲ ਹੋ ਜਾਣੇ।

ਕੋਰੇ ਕਰਕੇ ਕਣਕਾਂ ਵਾਲੇ ਜੱਟਾਂ ਨੂੰ ਮੌਜਾਂ, ਅਤੇ ਆਲੂਆਂ ਵਾਲਿਆਂ ਨੂੰ ਰਾਤ ਨੂੰ ਪਾਣੀ
ਲਾਉਣਾ ਪੈਂਦਾ ਹੈ। ਖੇਸ ਦੀ ਬੁੱਕਲ ਮਾਰ ਕੇ ਪਾਣੀ ਲਾਉਣ ਦਾ ਆਪਣਾ ਨਜ਼ਾਰਾ ਹੈ।
ਪਰ ਇੱਕ ਗਲ਼ ਹੈ ਕਿ ਠੰਡ ਵਿੱਚ ਜੋ ਨਜ਼ਾਰਾ ਮੋਟਰ ਉੱਤੇ ਨਹਾਉਣ ਦਾ ਆਉਦਾ, ਉਹ
ਗੀਜ਼ਰਾਂ ਦੇ ਗਰਮ ਪਾਣੀ ਵਿੱਚ ਕਿੱਥੇ।

ਘਰਾਂ ਵਿੱਚ ਰਿਝਦੇ ਦੇ ਸਾਗ ਦੀ ਖੁਸ਼ਬੋ ਨਾਲ ਤਾਂ ਆਤਮਾ ਵੀ ਮਹਿਕ ਜਾਂਦੀ ਹੈ,
ਚੁੱਲੇ ਮੂਹਰੇ ਬਹਿ ਕੇ ਰੋਟੀਆਂ ਖਾਣੀਆਂ ਅਤੇ ਸਾਰਾ ਦਿਨ ਚਾਹ ਦੀ ਅਟੁੱਟ ਲੰਗਰ
ਵਰਤਦਾ ਰਹਿਣਾ ਠੰਡ ਦੇ ਨਜ਼ਾਰੇ ਹੀ ਹਨ। ਮੂੰਗਫ਼ਲੀ, ਰਿਉੜੀਆਂ ਆਦਿ ਵੀ
ਖਾਣ ਦਾ ਨਜ਼ਾਰਾ ਏਸ ਰੁੱਤ ਵਿੱਚ ਹੀ ਹੈ।

ਖ਼ੈਰ ਪੰਜਾਬ ਦੀ ਠੰਡ ਤਾਂ ਪੰਜਾਬੀਆਂ ਨੇ ਝੱਲੀ ਹੀ ਜਾਣੀ ਹੈ ਅਤੇ ਝੱਲਦੇ ਹੀ ਰਹਿਣਗੇ,
ਰੱਬ ਦੀ ਰਹਿਮਤ ਸਮਝ ਕੇ। ਪਰ ਇਹਨਾਂ ਦੱਖਣ ਦਿਆਂ ਨੂੰ ਕੌਣ ਸਮਝਾਵੇ ਕਿ ਠੰਡ
ਕਿਸ ਚੀਜ਼ ਦਾ ਨਾਂ ਹੈ, ਜੋ ਕਿ 14/15 ਡਿਗਰੀ ਉੱਤੇ ਹੀ ਕੋਟ ਪਾ ਬੈਂਹਦੇ ਨੇ।

ਰੱਬ ਰਾਖਾ
ਆਲਮ

14 December, 2005

ਪੰਜਾਬ ਦਾ ਮੇਲ ਬੱਸਾਂ ਰਾਹੀਂ

ਅੱਜ ਲਹਿੰਦੇ ਪੰਜਾਬ ਦੀ ਬੱਸ ਚੜ੍ਹਦੇ ਪੰਜਾਬ ਦੀ ਧਰਤੀ ਉੱਤੇ ਆ ਗਈ ਹੈ। 11 ਦਸਬੰਰ 2005 ਨੂੰ ਚੜ੍ਹਦੇ ਪੰਜਾਬ
ਤੋਂ ਬੱਸ ਲਹਿੰਦੇ ਵੱਲ ਗਈ। ਬੜਾ ਹੀ ਖੁਸ਼ੀ ਦੀ ਗੱਲ਼ ਹੈ ਕਿ ਜਿਸ ਸਬੰਧ ਨੂੰ ਕਈ ਦਹਾਕੇ ਪਹਿਲਾਂ ਪਤਾ
ਨਹੀਂ ਕੇਹੜੇ ਕੁਲੈਹਣੇ ਲੇਖ ਕਰਕੇ ਅੱਡ ਕਰ ਦਿੱਤਾ ਗਿਆ ਸੀ, ਉਸ ਲੇਖ ਉੱਤੇ ਇਹਨਾਂ ਬੱਸਾਂ ਨਾਲ
ਕਾਲ਼ਖ ਫੇਰਨ ਦੀ ਕੋਸ਼ਸ਼ ਕੀਤੀ ਗਈ ਹੈ। ਖ਼ੈਰ ਅੱਜੇ ਤਾਂ ਸਿਰਫ਼ ਜਾਂਚ ਲਈ ਹੀ ਬੱਸਾਂ ਚੱਲੀਆਂ ਹਨ।

ਪੰਜਾਬੀਆਂ ਦੇ ਦਿਲ ਤਾਂ ਦਰਿਆ ਨੇ, ਜਿੰਨ੍ਹਾਂ ਦੇ ਕਿਨਾਰੇ ਤੋੜ ਕੇ ਵੀ ਮਿਲਣਾ ਸੀ ਅਤੇ ਮਿਲ ਵੀ
ਗਏ, ਹਾਲਾਂਕਿ ਰਹਿਣਾ ਹੱਦਾਂ ਵਿੱਚ ਹੀ ਹੈ, ਤਾਂ ਮਰਦਿਆਂ ਨੂੰ ਤਾਂ ਕੁਝ ਪਲ਼ਾਂ ਦੀ ਮੋਹਲਤ ਹੀ
ਬਹੁਤ ਹੁੰਦੀ ਹੈ।

ਲਹਿੰਦੇ ਪੰਜਾਬ ਵਿੱਚ ਕੀ ਹੈ, ਉੱਥੋਂ ਦੇ ਲੋਕ ਕਿਸਤਰਾਂ ਦੇ ਹਨ, ਜੋ ਕਿ ਪੰਜਾਬੀ ਬੋਲਦੇ ਹਨ,
ਸਾਨੂੰ ਕਹਾਣੀ ਸਣਾਉਦੇ ਸਾਡੇ ਬਜ਼ੁਰਗ ਚੱਲ ਵਸੇ, ਕਦੇ ਉਹਨਾਂ ਬਾਰੇ ਸੁਣਨੋਂ ਵੀ ਰਹਿ ਗਏ।
ਚਲੋਂ ਬਜ਼ੁਰਗਾਂ ਦੇ ਜਾਣ ਬਾਅਦ ਹੀ ਸਹੀਂ ਪੰਜਾਬਾਂ ਵਿੱਚ ਸਾਂਝ ਤਾਂ ਬਣੀ। ਅਜੇ ਵੀ ਕਈ
ਔਕੜਾਂ ਹਨ, ਜਿੰਨਾਂ ਵਿੱਚ ਵੀਜ਼ਾ ਲਵਾਉਣ ਲਈ ਦਿੱਲੀ ਅਤੇ ਇਸਲਾਮਾਬਾਦ ਜਾਣ ਮੁੱਖ
ਹੈ, ਪਰ ਰੱਬ ਨੇ ਜਿਵੇਂ ਇਹ ਰਹਿਮਤ ਬਖਸ਼ੀ ਹੈ, ਉਹ ਦੂਜੀਆਂ ਔਕੜਾਂ ਵੀ ਆਸਾਨ ਕਰੇਗਾ।

ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਨਨਕਾਣਾ ਸਾਹਿਬ ਵਿਖੇ ਪਾਲਕੀ ਲੈ ਕੇ ਜਾਣ ਸਮੇਂ
ਜੋ ਸ਼ਲਾਘਾ ਯੋਗ ਭੂਮਿਕਾ ਨਿਭਾਈ ਸੀ, ਉਸੇ ਮੁਤਾਬਕ ਇਸ ਸਮੇਂ ਵੀ ਉਹਨਾਂ ਨੇ ਆਪਣੇ
ਲਈ ਚੰਗਾ ਨਾਮਾਣਾ ਖੱਟਿਆ ਹੈ।

ਚੜ੍ਹਦੇ ਪੰਜਾਬ ਦੀ ਬੱਸ ਦਾ ਨਾਂ "ਪੰਜ+ਆਬ" ਰੱਖਿਆ ਗਿਆ ਹੈ। ਲਹਿੰਦੇ ਪੰਜਾਬ
ਦੀ ਬੱਸ "ਸ਼ੰਗਰੀਲਾ" ਹੈ। ਪੰਜਾਬ ਰੋਡਵੇਜ਼ ਨੇ ਚਾਰ ਵੋਲਵੋ ਬੱਸਾਂ ਦਾ ਆਡਰ ਦੇ ਦਿੱਤਾ ਹੈ।

ਰੱਬਾ ਇਸ ਸਫ਼ਰ ਨੂੰ ਹਮੇਸ਼ਾ ਰਵ੍ਹਾ ਰੱਖੇ ਅਤੇ ਪੰਜਾਬੀਆਂ ਦੀਆਂ ਸਾਂਝਾਂ ਹਮੇਸ਼ਾ ਬਣੀਆਂ
ਰਹਿਣ।

ਪੰਜਾਬ ਹਮੇਸ਼ਾ ਮੌਜਾ ਮਾਣੇ।

ਛੱਬਾ ਖ਼ੈਰ

ਲਿਖਤੁਮ...
ਆਲਮ

09 December, 2005

ਸ਼ਾਹਮੁਖੀ ਪਰੋਜੈੱਕਟ

ਅੱਜ ਫਿਰ ਮੌਕਾ ਮਿਲਿਆ ਹੈ ਅਤੇ ਮੈਂ ਸ਼ਾਹਮੁਖੀ ਲਿੱਪੀ ਸਿੱਖਣ ਦੀ ਕੋਸ਼ਸ਼
ਆਰੰਭ ਕੀਤੀ ਹੈ। ਬੜੇ ਚਿਰਾਂ ਬਾਅਦ ਮੁੜ ਕੋਸ਼ਸ਼ ਸ਼ੁਰੂ ਕੀਤੀ ਹੈ।
ਦੋਵੇਂ ਪੰਜਾਬਾਂ ਦੇ ਪੰਜਾਬੀ ਬੋਲੀ ਤਾਂ ਸਮਝ ਸਕਦੇ ਹਨ, ਪਰ
ਲਿੱਪੀ ਨੀਂ।
http://www.unics.uni-hannover.de/nhtcapri/western-panjabi-alphabet.html

ਸਫ਼ੇ ਉੱਤੇ ਕੁਝ ਅੱਖਰ ਦਿੱਤੇ ਹਨ, ਪਹਿਲਾਂ ਤਾਂ ਅੱਖਰ ਸਮਝਣੇ ਲਾਜ਼ਮੀ ਹਨ, ਤਾਂ
ਕਿ ਉਹਨਾਂ ਨਾਲ ਆਪਣੇ ਭਾਵਾਂ ਨੂੰ ਲਿਖਣ ਲਈ ਸ਼ਬਦ ਬਣਾਏ ਜਾ ਸਕਣ।

ਖ਼ੈਰ ਅਜੇ ਤਾਂ ਸ਼ੁਰੂਆਤ ਕੀਤੀ ਹੈ, ਲੀਨਕਸ ਸਿਸਟਮ ਨੇ ਪੂਰਨ ਸਾਫਟਵੇਅਰ ਨਾਲ
ਕੰਮ ਕਰਨ ਤੋਂ ਇਨਕਾਰ ਦਿੱਤਾ ਹੈ। ਗੱਲ਼ ਤਾਂ ਉੱਥੇ ਆ ਕੇ ਹੀ ਅਟਕ ਗਈ ਹੈ।
http://lokpunjab.org/puran/

ਚਲੋਂ ਪਹਿਲਾਂ ਵਿੰਡੋ ਵਾਲਾ ਇੱਕ ਸਿਸਟਮ ਪਰਾਪਤ ਕਰਨਾ ਪਵੇਗਾ। ਉਸ
ਮਗਰੋਂ ਹੀ ਕੁਝ ਕਰ ਸਕਾਂਗਾ, ਪਰ ਸ਼ਬਦ ਨੂੰ ਸਮਝਣ ਦੀ ਕਾਰਵਾਈ
ਯਾਦ ਰੱਖਾਂਗਾ।

ਰੱਬ ਰਾਖਾ

06 December, 2005

ਸਿੱਖੀ ਅਤੇ ਖੋਜੀ ਵੈੱਬ ਸਾਇਟਾਂ

ਅੱਜ ਦਫ਼ਤਰ ਦਾ ਕੰਮ ਖਤਮ ਕਰਕੇ ਵੈੱਬ ਸਾਇਟਾਂ ਉੱਤੇ ਨਜ਼ਰ ਮਾਰਨੀ ਸ਼ੁਰੂ ਕੀਤਾ ਅਤੇ ਪਹਿਲਾਂ
ਸਿੱਖ ਅਤੇ ਭਾਰਤ ਦੀ ਖੋਜ ਸ਼ੁਰੂ ਕੀਤੀ। ਸਭ ਤੋਂ ਪਹਿਲਾਂ ਨਜ਼ਰ ਆਏ ਗੋਰੇ ਸਿੱਖ, ਆਪਣੀ
ਸੋਚ ਨੂੰ ਯਾਦ ਕਰਦਿਆਂ ਮੈਂ ਯੋਗੀ ਜੀ ਦੀ ਪਹਿਲੀਂ ਯਾਦ ਆਈ। ਆਖਰੀ ਮੈਂ ਉਹਨਾਂ ਨੂੰ
ਵੇਖਣਾ ਸ਼ੁਰੂ ਕੀਤਾ।
ਫੇਰ ਤਾਂ ਮੇਰੀਆਂ ਅੱਖਾਂ ਦੰਗ ਰਹਿ ਗਈਆਂ, ਗੋਰੇ ਸਿੱਖਾਂ ਨੇ ਤਾਂ ਪੰਜਾਬੀਆਂ ਨੂੰ
ਪਛਾੜ ਦਿੱਤਾ ਹੈ, ਜਿਸ ਢੰਗ ਅਤੇ ਰਹਿਤ ਮਰਿਆਦਾ ਨਾਲ ਉਹਨਾਂ ਨੇ ਸਿੱਖੀ ਨੂੰ
ਅਪਨਾ ਲਿਆ ਹੈ, ਸ਼ਾਇਦ ਉਸ ਤੇਜ਼ੀ ਨਾਲ ਪੰਜਾਬ ਦੇ ਸਿੱਖ ਆਪਣੀ ਹੋਂਦ ਗੁਆ
ਰਹੇ ਹਨ।

http://prabhukhalsa.blogspot.com/
http://www.mrsikhnet.com/
http://sikhsewa.blogspot.com/
http://miripiri.blogspot.com/

ਉੱਤੇ ਦਿੱਤੇ ਸਭ ਬੀਲਾਗ ਮੈਂ ਵੇਖੇ ਅਤੇ ਉਹਨਾਂ ਦੀਆਂ ਤਸਵੀਰਾਂ ਵਿੱਚ ਦਾਹੜਾ ਸਾਹਿਬ, ਜਿੰਨਾਂ
ਨੂੰ ਥੋੜੇ ਚਿਰਾਂ ਨੂੰ ਪੰਜਾਬ ਦੇ ਲੋਕ ਤਰਸਿਆਂ ਕਰਨਗੇ ਵੇਖਣ ਨੂੰ, ਵੇਖ ਤਾਂ ਰੂਹ ਖੁਸ਼ ਹੋ ਗਈ।
ਸਿੱਖ ਕੌਮ ਵਿੱਚ ਅਜੇਹੇ ਬਹਾਦਰ, ਸਮਰਪਿਤ ਲੋਕਾਂ ਦੀ ਹੀ ਕਮੀਂ ਬਾਕੀ ਹੈ। ਸਾਢੇ ਪੰਜ
ਕੁ ਸਾਲਾਂ ਦੇ ਇਤਹਾਸ ਵਿੱਚ ਖੂਨ ਨਾਲ ਲਿਖੀ ਵਾਰਤਾ ਨੂੰ
ਇਹ ਲੋਕਾਂ ਨੇ ਕਿਵੇਂ ਅਪਨਾਇਆ ਹੈ ਅਤੇ ਪੰਜਾਬ ਵਿੱਚ ਅਸੀਂ ਕਿਵੇਂ ਗੁਆਇਆ ਹੈ, ਇਸ
ਉੱਤੇ ਵੀ ਵਿਚਾਰ ਕਰਨੀ ਬਣਦੀ ਹੈ।

ਆਨੰਦ ਕਾਰਜ ਤੋਂ ਲੈਕੇ, ਗੁਰਦੁਆਰੇ ਦੀ ਸੇਵਾ ਸੰਭਾਲ ਦਾ ਕੰਮ, ਜਿਸ ਵਿੱਚ ਬੀਬੀਆਂ ਨੇ
ਵੀ ਵੱਧ ਚੜ੍ਹ ਕੇ ਹਿੱਸਾ ਪਾਇਆ ਹੈ, ਸਿੱਖੀ ਨੂੰ ਮੁੜ-ਖੜ੍ਹਾ ਕਰਨ ਦਾ ਸੱਚਮੁੱਚ ਹੀ ਸ਼ਾਨਦਾਰ
ਉਪਰਾਲਾ ਹੈ, ਜਿਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਘੱਟ ਹੈ।

ਅੰਤ ਵਿੱਚ ਮੈਂ ਸਰਦਾਰ ਹਰੀ ਸਿੰਘ ਨਲੂਆ ਬਾਰੇ ਖੋਜ ਸ਼ੁਰੂ ਕੀਤੀ ਅਤੇ ਹੇਠ ਦਿੱਤੀ ਜਾਣਕਾਰੀ
ਪਰਾਪਤ ਕੀਤੀ ਹੈ।
http://www.sikh-heritage.co.uk/warriors/HariNalwa/HariNalwa.htm

ਸਾਇਟਾਂ ਤਾਂ ਹੋਰ ਵੀ ਵਧੇਰੇ ਹਨ, ਪਰ ਇਸ ਸਾਇਟ ਉੱਤੇ ਕਾਫ਼ੀ ਖੋਜ ਭਰਪੂਰ ਜਾਣਕਾਰੀ ਹੈ।
ਜਿਵੇਂ ਕਿ ਵਿਦੇਸ਼ੀ ਯਾਤਰੀਆਂ ਨਾਲ ਮਿਲਣਾ, ਕਸ਼ਮੀਰ ਦਾ ਗਵਰਨਰ ਬਣਨਾ ਅਤੇ
ਵਿਦੇਸ਼ੀ ਲੇਖਕਾਂ ਦੀ ਨਜ਼ਰ ਵਿੱਚ ਸਰਦਾਰ ਹਰੀ ਸਿੰਘ ਨਲੂਆ ਦਾ ਕਿਦਦਾਰ।
ਇੱਥੇ ਮੈਂ ਇਹ ਖਾਸ ਤੌਰ ਉੱਤੇ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਨਪੋਲੀਅਨ ਨੂੰ ਮਹਾਨ
ਕਹਿਣ ਵਾਲੇ ਮੁਲਕਾਂ (ਪੱਛਮੀ ਦੇਸ਼ਾਂ) ਦੇ ਲੇਖਕ ਨੇ ਲਿਖਿਆ ਹੈ ਕਿ ਅਸੀਂ ਆਪਣੀ
ਗੱਲਾਂ ਕਰਦੇ ਰਹਿੰਦੇ ਹਨ ਕਿ ਉਹ ਮਹਾਨ ਹੈ ਅਤੇ ਦੂਜਾ ਮਹਾਨ ਹੈ, ਪਰ ਜੇਕਰ ਪੂਰਬੀ
ਦੇਸ਼ਾਂ ਵਿੱਚ ਨਜ਼ਰ ਮਾਰੀ ਜਾਏ ਤਾਂ ਸਰਦਾਰ ਹਰੀ ਸਿੰਘ ਦੀ ਬਹਾਦਰੀ ਅੱਗੇ ਤਾਂ ਸਿਰ
ਨਿਵ ਜਾਂਦਾ ਹੈ, ਜੇਕਰ ਉਸ ਕੋਲ ਉਹਨੀਂ ਫੌਜੀ ਤਾਕਤ ਹੁੰਦੀ, ਜਿੰਨੀ ਕੀ ਅੰਗਰੇਜ਼ਾਂ ਕੋਲ
ਸੀ ਤਾਂ ਉਹ ਸ਼ਾਇਦ ਸਾਰਾ ਏਸ਼ੀਆ ਅਤੇ ਯੂਰਪ ਉੱਤੇ ਕਬਜ਼ਾ ਕਰ ਲੈਂਦਾ।

ਮੈਨੂੰ ਮਾਣ ਹੈ ਕਿ ਮੈਂ ਉਸ ਕੌਮ ਵਿੱਚ ਪੈਦਾ ਹੋਇਆ, ਜਿਸ ਕੋਲ ਸਰਦਾਰ ਹਰੀ ਸਿੰਘ ਨਲਵੇ
ਵਰਗੇ ਸੂਰਮੇ ਜਰਨੈਲ ਹਨ।
ਪਰਨਾਮ ਇਸ ਮਹਾਨ ਕੌਮ ਨੂੰ ਅਤੇ ਇਸ ਦੇ ਸ਼ਹੀਦਾਂ ਨੂੰ ਜਿੰਨਾਂ ਸਾਨੂੰ ਸਿਰ ਚੱਕ ਕੇ ਜਿਉਣ
ਦਾ ਮਾਣ ਬਖਸ਼ਿਆ!

ਲਿਖਤੁਮ
ਅ. ਸਿੰਘ ਆਲਮ

05 December, 2005

ਮੈਂ ਤੇ ਮੇਰੀ ਭਟਕਣ

ਅੱਜ ਸ਼ਾਮ ਨੂੰ ਦਫ਼ਤਰੋਂ ਕੰਮ ਖਤਮ ਕਰਦੇ ਸਮੇਂ ਪਤਾ ਨੀਂ ਚਿੱਤ ਕਿਓਂ ਖਰਾਬ ਜੇਹਾ ਹੋ ਗਿਆ।
ਕੁਝ ਵੀ ਹੋਇਆ ਨਹੀਂ, ਸਭ ਕੰਮ ਵੀ ਬੰਨ੍ਹੇ ਲਾਏ ਹਨ, ਅਤੇ ਕੋਈ ਮਾੜਾ ਕੰਮ ਵੀ ਨਹੀਂ ਕੀਤਾ
ਤਾਂ ਅਜੇਹਾ ਕਿਓਂ?

ਬਸ ਅੱਜ ਮੇਰੀ ਭਟਕਣ ਨਿਕਲ ਤੁਰੀ ਹੈ, ਹਮੇਸ਼ਾਂ ਦੀ ਤਰ੍ਹਾਂ ਕੁਝ ਖੋਜਣ, ਇਹ ਕੀ ਖੋਜਣ ਜਾਂਦੀ ਹੈ,
ਕਦੋਂ ਜਾਂਦੀ ਹੈ, ਇਹ ਉੱਤੇ ਮੇਰਾ ਕੋਈ ਕੰਟਰੋਲ ਨਹੀਂ। ਮੈਂ ਕੁਝ ਬੀਤਿਆ ਸੋਚ ਉਦਾਸ ਹੋ ਜਾਂਦਾ ਹਾਂ,
ਬਿਨਾਂ ਸਿਰ-ਪੈਰ ਦੀ ਜਿੰਦਗੀ ਤੁਰ ਪਏ, ਜਿਸ ਦਾ ਨਾ ਕਦੇ ਸੋਚਿਆ ਨਾ ਹੀ ਕਦੇ ਉਮੀਦ ਕੀਤੀ
ਸੀ। ਬੇਉਮੀਦ ਸਭ ਕੁਝ ਵਾਪਰਦਾ ਜਾ ਰਿਹਾ ਹੈ, ਬਿਨਾਂ ਮੇਰੀ ਸੋਚ ਦੇ।

ਪਿੰਡ ਤੋਂ ਅੱਡ ਹੋਣ ਦਾ ਦਰਦ ਤਾਂ ਮੈਂ ਕਦੇ ਭੁੱਲ ਨਹੀਂ ਸਕਦਾ, ਦੁਨਿਆਂ ਜਿਸ ਨੂੰ ਤਰੱਕੀ ਕੈਹਦੀ
ਆਂ, ਉਸ ਦੀ ਮੈਨੂੰ ਸਮਝ ਨੀਂ ਆਉਦੀ ਕਿ ਉਹ ਤਰੱਕੀ ਹੈ ਜਾਂ ਵੱਡੀ ਭਟਕਣ? ਜੇ ਇਹ "ਤਰੱਕੀ"
ਨਾ ਹੁੰਦੀ ਤਾਂ ਮੈਂ ਕਦੇ ਵੀ ਇਹ ਭਟਕਣ ਵਿੱਚ ਨਾ ਪੈਂਦਾ, ਹਮੇਸ਼ਾਂ ਪਿੰਡ ਵਸਦਾ ਜਾਂ ਕਿਤੇ ਨੇੜੇ ਤੇੜੇ।
ਉਸ ਵੀ ਜ਼ਿੰਦਗੀ ਬਹੁਤ ਔਖੀ ਹੁੰਦੀ ਸ਼ਾਇਦ ਇਸ ਸ਼ੈਹਰ ਨਾਲੋਂ ਵੀ ਤਾਂ ਵੀ ਉਸ ਜ਼ਿੰਦਗੀ ਵਿੱਚ
ਤਾਸੀਰ ਸੀ, ਮੈਹਕ ਸੀ, ਆਨੰਦ ਸੀ ਅਤੇ ਸਭ ਤੋਂ ਵੱਧ ਅਮਰਤਾ ਸੀ। ਮਿੱਟੀ, ਜਿਸ ਵਿੱਚ ਮੈਹਕ
ਆਉਦੀਂ ਏ, ਹਵਾ, ਜਿਸ ਵਿੱਚ ਤੁਰਦਿਆਂ ਸਰੀਰ ਸੁਰਗਾਂ ਦੇ ਸੁੱਖ ਮੈਹਸੂਸ ਕਰਦਾ ਹੈ, ਕਹੀਂ ਦਾ
ਵਹਿਆ ਫੜ ਕੇ ਦੁਪੈਹਰੇ ਵੱਟਾਂ ਘੜਦਿਆਂ ਨੂੰ ਧੁੱਪ ਦਾ ਬਹੁਤ ਲੱਗਦੀ, ਪਰ ਫੇਰ ਡੇਕ ਦੀ ਛਾਂ ਦਾ
ਜੋ ਆਨੰਦ ਆਉਂਦਾ, ਉਹ ਇਸ ਆਰਾਮ ਦੀ ਜ਼ਿੰਦਗੀ ਤੋਂ ਕੁਝ ਵੱਖਰਾ ਹੀ ਹੈ।

ਜਿੱਥੋਂ ਤੱਕ ਕਮਾਈ ਦਾ ਸਵਾਲ ਹੈ, ਉਸ ਵਿੱਚ ਤਾਂ ਤੁਹਾਡੀ ਮੇਹਨਤ ਵੀ ਰੰਗ ਵੇਖਾਉਦੀ ਹੈ। ਜੱਟ
ਅੱਜ ਵੀ ਵਸਦੇ ਹਨ, ਪੰਜਾਬ ਦੀ ਧਰਤੀ ਵੀ ਉਹੀ ਹੈ, ਫੇਰ ਬਦਲਿਆ ਤਾਂ ਕੀ? ਸਮਾਂ ਬਦਲ
ਗਿਆ? ਹਾਂ ਸਮਾਂ ਹੀ ਤਾਂ ਬਦਲਿਆ ਹੈ, ਪਰ ਨਾ ਜੱਟ ਬਦਲਿਆ, ਨਾ ਖੇਤੀਬਾੜੀ ਦੇ ਢੰਗ, ਹਾਂ
ਬਸ ਇਹ ਕੜੀ ਏਥੇ ਆ ਕਿ ਫਸ ਗਈ। ਅੱਜ ਵੀ ਮੇਰੀ ਜਾਣ-ਪਛਾਣ ਦੇ ਟੱਬਰ ਹਨ, ਜੋ ਕਿ ਪਿੰਡ
ਵਿੱਚ ਵਸਦੇ ਨੇ, ਖੇਤੀਬਾੜੀ ਤੋਂ ਚੰਗੀ ਕਮਾਈ ਕਰਦੇ ਨੇ ਅਤੇ ਆਪਣੇ ਬੱਚਿਆਂ ਨੂੰ ਚੰਗੇ ਸਕੂਲਾਂ
ਵਿੱਚ ਪੜਾ ਰਹੇ ਨੇ (ਬੇਸ਼ੱਕ ਮੈਂ ਇਹ ਦਾਅਵਾ ਕਰਦਾ ਹਾਂ ਕਿ ਉਹਨਾਂ ਦੇ ਬੱਚੇ ਅੱਗੇ ਇਹ ਕੰਮ
ਨਹੀਂ ਕਰਨਗੇ)। ਜੇਕਰ ਤੁਸੀਂ ਮੇਰੇ ਸ਼ੈਹਰ ਵਿੱਚ ਕਮਾਈ ਦੀ ਗੱਲ ਕਰਦੇ ਹੋ ਤਾਂ ਕਮਾਈ ਤਾਂ ਬਹੁਤ
ਹੈ, ਪਰ ਖਰਚ ਵੀ ਵੇਖੋ ਕਦੇ ਆ ਕੇ। ਅਜੇ ਮੈਂ ਇੱਕਲਾ ਹੀ ਰਹਿੰਦਾ ਹਾਂ, ਸੈਂਕਲ ਉੱਤੇ ਦਫ਼ਤਰ ਜਾਂਦਾ
ਹਾਂ, ਤਾਂ ਵੀ ਮਹੀਨੇ ਮਗਰੋਂ ਜੇਬ ਖਾਲੀ। ਖਾਣ ਪੀਣ ਦਾ ਬਹੁਤ ਬੁਰਾ ਹਾਲ। ਰਹਿਣ ਵਾਲੇ ਫਲੈਟਾਂ
ਦੇ ਭਾਅ ਤਾਂ ਅਸਮਾਨ ਛੂੰਹਦੇ ਹਨ। ਜੇ ਕਿਤੇ ਗਲਤੀ ਨਾ ਲੈ ਲਿਆ ਤਾਂ 10-15 ਸਾਲ ਦੀ
ਕਮਾਈ ਉਸ ਵਿੱਚ ਹੀ ਖੱਪ ਜਾਵੇਗੀ। ਫੇਰ ਕੱਢ ਕੇ ਤਾਂ ਵੇਖੋ ਕੁੱਲ ਜੋੜ (ਨੈੱਟ), ਕਹਾਣੀ ਤਾਂ ਉਸੇ
ਮੋੜ 'ਤੇ ਆ ਖੜ੍ਹਦੀ ਹੈ।

ਸ਼ੈਹਰ ਦੀ ਹਵਾ ਵਿੱਚੋਂ ਮੈਨੂੰ ਮੈਹਕ ਨਾ ਆਉਦੀਂ, ਮਿੱਟੀ ਵਿੱਚ ਰੋੜੇ ਪੱਥਰ ਦੀਂਹਦੇ ਨੇ, ਚੜ੍ਹਦੇ ਲਹਿੰਦੇ
ਸੂਰਜ ਤੱਕਣ ਨੂੰ ਅੱਖਾਂ ਤਰਸ ਗਈਆਂ, ਅਸਮਾਨ, ਚੰਦ ਤਾਰਿਆਂ ਨੂੰ ਵੇਖਣ ਦਾ ਵੇਹਲ ਹੀ
ਨੀਂ ਮਿਲਿਆ ਕਦੇ (ਸੱਚ ਜਾਣਿਓ ਕਦੇ ਜਿੰਦਗੀ ਵਿੱਚ ਮੇਰੀ ਤਾਰਿਆਂ ਬਾਰੇ ਖੋਜ ਕਰਨ ਦੀ ਰੀਝ
ਸੀ)। ਧੂੰਆਂ ਛੱਡਦੇ, ਲੋਹੇ ਦੇ ਡੱਬਿਆਂ ਵਿੱਚ ਤੁਰੀਂ ਜਾਂਦੇ ਹਾਂ, ਹਲ਼ਾ-ਹਲ਼ਾ ਕਰਦੇ ਘਰੇ ਮੁੜ ਆਉਂਦੇ
ਹਾਂ। ਜੇ ਕਿਤੇ ਸਨਿੱਚਰ-ਐਤਵਾਰ ਵੇਹਲੇ ਵੀ ਹੋਈਏ ਤਾਂ ਚੰਗੀ ਰੋਟੀ ਦੀ ਖੋਜ ਵਿੱਚ ਹੋਟਲ ਜਾ
ਵੜੀਂਦਾ ਹੈ ਅਤੇ ਉੱਥੇ ਦੀ ਹਾਲਤ ਵੇਖ ਤਾਂ ਯਕੀਨ ਹੀ ਨਹੀਂ ਆਉਦਾ ਕੀ ਮੈਂ ਭਾਰਤ ਵਿੱਚ ਬੈਠਾ ਹਾਂ,
ਗਿਣਤੀ ਦੇ ਕੱਪੜਿਆਂ ਵਿੱਚ ਝਾਕਦੇ ਜਿਸਮਾਂ ਦੇ ਟੁਕੜੇ, ਬੇ-ਸਿਰ-ਪੈਰ ਦਾ ਸਸਤਾ ਵਿਦੇਸ਼ੀ ਤੇ
"ਪੰਜਾਬੀ" ਸੰਗੀਤ ਵੇਖ ਤਾਂ ਮੈਂ ਲੱਗਦਾ ਹੈ ਕਿ ਕਿਤੇ ਅਮਰੀਕਾ ਇੰਗਲੈਂਡ ਦੇ ਕਲੱਬ ਵਿੱਚ ਆ ਗਏ।
ਸਿਗਟਾਂ ਫੂਕਦੇ ਅਤੇ ਸ਼ਰਾਬਾਂ ਪੀਂਦੇ ਲੋਕ ਤਾਂ ਪੂਰਾ ਵਾਤਾਵਰਣ ਵਿਦੇਸ਼ੀ ਬਣਾ ਦਿੰਦੇ ਹਨ। (ਮੈਂ ਕਦੇ
'ਬਾਹਰ' ਨੀਂ ਗਿਆ, ਪਰ ਏਸ ਤੋਂ ਅੱਗੇ ਕੀ ਹੋ ਸਕਦੇ ਹਨ।) ਇਹ ਤਾਂ ਪੱਛਮੀ ਦੀ ਰੀਸ ਕਰਨ ਦੀ
ਹੱਦ ਹੋ ਗਈ। ਵੱਡੇ ਸ਼ੈਹਰਾਂ ਤੋਂ ਨਿਕਲੀ ਏਹ ਬੀਮਾਰੀ ਛੇਤੀ ਹੀ ਛੋਟੇ ਸ਼ੈਹਰਾਂ-ਕਸਬਿਆਂ ਨੂੰ ਜਕੜ
ਰਹੀ ਹੈ।

ਸਿਆਲਾਂ ਦਾ ਆਥਣ ਹੋਇਆ ਅਤੇ 7 ਵੱਜਦੇ ਨੂੰ ਪਿੰਡਾਂ ਦੇ ਲੋਕ ਰਜਾਈ ਵਿੱਚ ਬੈਠੇ ਦੁੱਧ ਦੇ
ਗਿਲਾਸ ਛੱਕਦੇ ਹੁੰਦੇ ਨੇ। ਤੇ ਏਥੇ ਸ਼ੈਹਰਾਂ ਦੇ ਲੋਕਾਂ ਤਾਂ ਨਿਕਲ ਦੇ ਹੀ 7 ਵਜੇ ਨੇ ਮਸਤੀ ਕਰਨ,
ਕੁਝ ਜਿਸਮ ਗਰਮਾਉਣ ਲਈ, ਰਾਤ ਨੂੰ ਫਿਰਦੇ ਰੈਹਦੇ ਨੇ ਇੱਕ-ਇੱਕ ਦੋ-ਦੋ ਵਜੇ ਤੱਕ, ਕਿਸੇ
ਨੂੰ ਕਿਸੇ ਨਾਲ ਕੋਈ ਵਾਸਤਾ ਨੀਂ।

ਗੁਰਦਾਸ ਮਾਨ ਦੇ ਗੀਤ ਦੇ ਸ਼ਬਦ ਯਾਦ ਆਉਦੇ ਹਨ
"ਕੀ ਬਣ ਦੁਨਿਆਂ ਦਾ ਸੱਚਾ ਪਾਤਸ਼ਾਹ ਵਾਹਗੁਰੂ ਜਾਣੈ"

ਖ਼ੈਰ ਦੋਸਤੋ, ਮੇਰੀ ਭਟਕਣ ਤਾਂ ਏਦਾਂ ਹੀ ਸ਼ੈਹਰ ਵਿੱਚ ਭਟਕਦੀ ਹੈ, ਕਦੇ ਕਿਸੇ ਇਨਕਲਾਬ
ਦੀ ਤਲਾਸ਼ ਵਿੱਚ, ਕਦੇ ਮੌਤ ਦੇ ਦਰ ਉੱਤੇ, ਕਦੇ ਪਹਾੜ ਛੋਹ ਆਉਦੀ ਹੈ, ਕਦੇ ਮੀਂਹ ਵਿੱਚ
ਨਹਾਉਦੀ ਹੈ, ਕਦੇ ਮੇਰੇ ਜਿਸਮ ਵਿੱਚ ਖੂਨ ਨੂੰ ਚੂਸਦੀ ਹੈ ਤੇ ਕਦੇ ਜਾਪਦਾ ਹੈ ਕਿ ਜਵਾਨੀ
ਵਿੱਚ ਭਟਕ ਰਹੀਂ ਹੈ।

ਭਟਕਣ ਮੇਰੀ ਸਭ ਤੋਂ ਵੱਧ ਤੰਗ ਕਰਦੀ ਹੈ, ਜਦੋਂ ਯਾਦਾਂ ਦੇ ਕੰਡਿਆਂ ਤੋਂ ਮੈਨੂੰ ਪੁਣਦੀ ਹੈ,
ਗੁਜ਼ਰੇ ਟੈਮ ਵਿੱਚ ਸਫ਼ਰ ਕਰਦੀ ਹੈ ਅਤੇ ਵਿਛੜਿਆਂ ਨੂੰ ਮੇਰੀਆਂ ਅੱਖਾਂ ਅੱਗੇ ਲਿਆ ਖੜੀ
ਕਰਦੀ ਹੈ। ਮੇਰੀ ਭਟਕਣ ਦੇ ਹੱਥਾਂ ਵਿੱਚ ਮਜਬੂਰ ਹੋਇਆ ਮੈਂ ਤੁਰਿਆ ਰਹਿੰਦਾ ਹਾਂ, ਉਸ ਦੇ
ਮਗਰ ਮਗਰ ਅੱਖਾਂ ਮੀਚ ਕੇ। ਖੈਰ ਕਦੇ ਤਾਂ ਮੈਂ ਖਹਿੜਾ ਛੁਡਾ ਹੀ ਲਵਾਂਗਾ। ਪਰ ਅੱਜ
ਨੀਂ, ਅਜੇ ਨੀਂ, ਕੁਝ ਖੂਨ ਬਾਕੀ ਹੈ ਮੇਰੀ ਰੂਹ ਦੀ ਜਾਨ ਬਾਕੀ ਏ ਹਾਲ਼ੇ....

ਸ਼ਿਵ ਦੀਆਂ ਸਤਰਾਂ ਨੂੰ ਚੇਤੇ ਕਰਦਿਆਂ ਅੱਜ ਦੀ ਅਲਵਿਦਾ
"ਏਹ ਭਟਕਣ ਅਮਰ ਮਨੁੱਖ ਦੀ, ਅੱਗੇ ਰਹੀਂ ਚਲਾ..."

02 December, 2005

ਘਰ ਵਾਪਸੀ


ਵਾਹਿਗੁਰੂ ਜੀ ਕਾ ਖਾਲਸਾ।।
ਵਾਹਿਗੁਰੂ ਜੀ ਕੀ ਫਤਹਿ।।

At last I returned my blog, so that I will be able to track my life 's footprints!
Evening at Pune is not cold, but cloud make some.

Remembering Punjab's Winter time in December, What a cold in Village.

ਚੱਲੋਂ ਜਿੰਦਗੀ ਆਪਣੀ ਤੋਰ ਤੁਰਦੀ ਰਹੀ ਹੈ, ਕਦੇ ਬਹੁਤ ਉਦਾਸ ਪਲ਼ ਆ ਜਾਂਦੇ ਹਨ, ਅਤੇ
ਕਦੇ ਬਹੁਤ ਹੀ ਸੋਹਣੇ। ਕਦੇ ਤਾਂ ਜਾਪਦਾ ਹੈ ਕਿ ਧਰਤੀ ਵਿੱਚ ਆਪਣੀ ਜਿੰਦਗੀ ਦੀ ਕੀ ਕੀਮਤ
ਹੈ, ਕਦੇ ਜਾਪਦਾ ਹੈ ਕਿ ਜੇਕਰ ਮੈਂ ਨਾ ਹੁੰਦਾ ਤਾਂ ਧਰਤੀ, ਚੰਦ, ਤਾਰੇ, ਫੁੱਲ ਨੂੰ ਵੇਹਦਾਂ ਹੀ ਕੌਣ?
ਧੜਕਦੇ ਦਿਲਾਂ ਵਿੱਚ ਤੂਫਾਨ ਆਉਦੇ ਨੇ ਅਤੇ ਖੜ੍ਹੇ ਪਾਣੀ ਵਿੱਚ ਮਿੱਟੀ ਘੱਟਾ। ਕਦੇ ਨੌਵੀਂ-ਦਸਵੀਂ ਦੀ ਸਾਂਝੀ ਪੰਜਾਬੀ ਦੀ ਕਿਤਾਬ ਵਿੱਚ ਪੜ੍ਹੀ ਭਾਈ ਵੀਰ ਸਿੰਘ ਜੀ ਦੀ ਕਵੀਤਾ
"ਵਕਤ"

ਤੁਰਦੇ ਰਹਿਣਾ ਜਿੰਦਗੀ, ਰੁਕਣਾ ਧੰਮ੍ਹਣਾ ਮੌਤ ਸਮਾਨ।


ਚੱਲੋਂ ਮੈਂ ਹੁਣ ਘਰ ਨੂੰ ਚੱਲਿਆ ਹਾਂ, ਮਿਲਦੇ ਹਾਂ ਫੇਰ ਕਿਤੇ!

ਰੱਬ ਰਾਖਾ