18 February, 2010

ਕਿਸਾਨੀ ਇਨਕਲਾਬੀ ਸੰਘਰਸ਼ ਵਿੱਚ ਇੱਕ ਹੋਰ ਸ਼ਹਾਦਤ - ਸਾਧੂ ਸਿੰਘ ਤਖ਼ਤੂਪੁਰਾ

16 ਫਰਵਰੀ ਨੂੰ ਅੰਮ੍ਰਿਤਸਰ ਜ਼ਿਲੇ ਚੋਗਾਵਾਂ ਬਲਾਕ ਦੇ ਸਰਹੱਦੀ ਪਿੰਡ  ਭਿੰਡੀ ਔਲਖ ਵਿਖੇ
15-20 ਹਥਿਆਰਬੰਦ ਬੰਦਿਆਂ ਨੇ ਟਾਟਾ ਸੂਮੋ ਉੱਤੇ ਬੜੀ ਫਿਲਮੀ ਅੰਦਾਜ਼ ਵਿੱਚ ਹਮਲਾ ਕੀਤਾ
ਅਤੇ ਉਸ ਵਿੱਚ ਮੌਜੂਦ ਇੱਕ ਵਿਅਕਤੀ ਨੂੰ ਮਾਰ ਅਤੇ ਬਾਕੀਆਂ ਨੂੰ ਜ਼ਖਮੀ ਕਰ ਦਿੱਤਾ। ਪੰਜਾਬ
ਵਿੱਚ ਇਹ ਘਟਨਾਵਾਂ ਭਾਵੇਂ ਰੋਜ਼ ਹੁੰਦੀਆਂ ਹੋਣ, ਪਰ ਇਹ ਹੋਈ ਘਟਨਾ ਨੇ ਅਜਿਹਾ ਦੁਖਾਂਤ
ਪੈਦਾ ਕੀਤਾ ਹੈ, ਜੋ ਆਉਣ ਵਾਲੇ ਸਮੇਂ ਵਿੱਚ ਸ਼ਾਇਦ ਬਹੁਤ ਬਦਲਾਅ ਪੈਦਾ ਕਰੇ।
 ਮਰ ਵਾਲਾ ਵਿਅਕਤੀ ਸਾਧੂ ਸਿੰਘ ਤਖ਼ਤੂਪੁਰਾ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ
ਜਰਨਲ ਸਕੱਤਰ ਸੀ। ਉਹ ਵਿਅਕਤੀ ਜਿਸ ਦਾ ਨਾਂ ਕਿਸਾਨ ਸੰਘਰਸ਼ਾਂ ਵਿੱਚ ਬੜੇ ਹੀ ਮਾਣ
ਸਤਿਕਾਰ ਨਾਲ ਲਿਆ ਜਾਂਦਾ ਰਿਹਾ ਹੈ ਅਤੇ ਅੱਗੇ ਵੀ ਲਿਆ ਜਾਂਦਾ ਹੀ ਰਹੇਗਾ। ਮੇਰੀ ਜਾਣ
ਪਛਾਣ ਉਹਨਾਂ ਨਾਲ ਕਰੀਬ ਤਿੰਨ ਕੁਵਰ੍ਹੇ ਪਹਿਲਾਂ ਹੋਈ ਸੀ ਅਤੇ ਮੈਨੂੰ ਉਹਨਾਂ ਦੀ ਸ਼ਖਸ਼ੀਅਤ
ਵਿੱਚ ਹਮੇਸ਼ਾ ਇੰਝ ਦੀ ਖਿੱਚ ਮਹਿਸੂਸ ਹੁੰਦੀ ਰਹੀ ਕਿ ਮੈਂ ਸਦਾ ਮਿਲਣ ਲਈ ਉਤਸੁਕ ਰਿਹਾ।
ਭਾਵੇਂ ਉਹਨਾਂ ਨਾਲ ਮੁਲਾਕਾਤ ਬਹੁਤ ਘੱਟ ਸਮਾਂ ਹੀ ਹੁੰਦੀ (ਜਦੋਂ ਵੀ ਮੈਂ ਪਿੰਡ ਜਾਂਦਾ), ਪਰ
ਉਹਨੇ ਸਮੇਂ ਵਿੱਚ ਵੀ ਉਹਨਾਂ ਦੀ ਗੱਲਾਂ ਦਿਮਾਗ 'ਚ ਚਾਨਣ ਕਰ ਦਿੰਦੀਆਂ, ਛੋਹ ਲੈਂਦੀਆਂ।
  ਮਿੱਠ ਬੋਲੜੇ ਸੁਭਾ, ਚੜ੍ਹਦੀ ਕਲਾ ਵਿੱਚ ਰਹਿਣਾ, ਹਮੇਸ਼ਾ ਕੰਮ ਲਈ ਤਿਆਰ ਰਹਿਣਾ
(ਚੜ੍ਹੇ ਘੋੜੇ ਸਵਾਰ), ਹਮੇਸ਼ਾ ਨਵਾਂ ਸਿੱਖਣ ਦੇ ਚਾਹਵਾਨ, ਸਮੇਂ ਨੂੰ ਬਹਿ ਕੇ ਗੁਜ਼ਾਰਨ
ਦੀ ਬਜਾਏ ਕੁਝ ਕਰਨ 'ਚ ਵਿਸ਼ਵਾਸ਼ ਰੱਖਣ ਵਾਲੇ ਇਹ ਆਗੂ ਨੇ ਬਰਨਾਲੇ ਕੋਲ ਟਰਾਈਜੈਂਟ
ਤੋਂ ਜ਼ਮੀਨ ਛੁਡਵਾਉ ਤੇ ਵਾਜਬ ਮੁੱਲ ਦਿਵਾਉਣ, ਬਿਜਲੀ ਬੋਰਡ ਦੇ ਪ੍ਰਾਈਵੇਟ ਕਰਨ ਦੇ ਵਿਰੁਧ
ਚੰਡੀਗੜ੍ਹ ਧਰਨੇ, ਰੈਲੀਆਂ, ਅੰਮ੍ਰਿਤਸਰ  ਵਿੱਚ ਭੂਮੀ-ਮਾਫੀਏ ਤੋਂ ਮੁਜ਼ਾਰੇ ਕਿਰਸਾਨਾਂ ਨੂੰ
ਜ਼ਮੀਨਾਂ ਦੇ ਹੱਕ ਦਿਵਾਉਣ, ਡੇਰਾਬੱਸੀ ਵਿੱਚ ਸ੍ਰੋਮਣੀ ਕਮੇਟੀ ਦੇ ਮਾਫੀਏ ਤੋਂ ਲੋਕਾਂ ਨੂੰ ਕਬਜ਼ੇ
ਦਿਵਾਉਣ ਵਿੱਚ ਆਪਣੀ ਜਥੇਬੰਦੀ ਨਾਲ ਬਹੁਤ ਵੱਡੀ ਭੂਮਿਕਾ  ਨਿਭਾਈ (ਜਦੋਂ ਤੋਂ ਮੈਂ ਜਾਣਦਾ ਹਾਂ)।

 ਅੰਮ੍ਰਿਤਸਰ ਵਿੱਚ ਕੋਈ ਵੀ ਕਿਸਾਨ ਜਥੇਬੰਦੀ ਨਹੀਂ ਸੀ, ਉਥੇ ਖਾਲਸਤਾਨੀ ਲਹਿਰ ਦੌਰਾਨ
ਪੁਲਿਸ ਵਲੋਂ ਕਤਲ ਕੀਤੇ ਗਏ ਹਜ਼ਾਰਾਂ ਬੇਕਸੂਰ ਨੌਜਵਾਨਾਂ ਦੇ ਕਰਕੇ ਪਿੰਡਾਂ ਵਿੱਚ ਪੁਲਿਸ ਦੀ
ਦਹਿਸ਼ਤ ਹਾਲੇ ਵੀ ਕਾਇਮ ਹੈ। ਬਾ-ਜੀ (ਸਾਧੂ ਸਿੰਘ ਤਖਤੂਪੁਰਾ) ਦੇ ਦੱਸਣ ਦੇ ਮੁਤਾਬਕ,
ਉਹ ਲੋਕਾਂ ਦੀ ਭੂਮੀ ਮਾਫੀਆ ਅਤੇ ਪੁਲਿਸ ਦੇ ਵਿਰੁਧ ਕੁਝ ਵੀ ਕਰਨ ਦੀ ਹਿੰਮਤ ਨਹੀਂ ਸੀ, ਭਾਵੇਂ
ਉਹ ਕਿਸਾਨ ਯੂਨੀਅਨੇ ਦੇ ਆਗੂਆਂ ਦੀ ਗੱਲਾਂ ਨਾਲ ਸਹਿਮਤ ਵੀ ਹੁੰਦੇ। ਪਿਛਲੇ ਕਈ
ਮਹੀਨਿਆਂ ਦੀ ਮਿਹਨਤ ਨਾਲ ਬਾਜੀ ਹੋਰਾਂ ਨੇ ਉਹਨਾਂ ਨੂੰ ਕਬਜ਼ੇ ਦੁਆਵੇ, ਕਾਗਜ਼ਾਂ 'ਚ ਜ਼ਮੀਨਾਂ
ਨਾਂ ਕਰਵਾਈਆਂ। ਪਿਛਲੇ ਦਿਨੀਂ ਪੁਲਿਸ ਹਿਰਾਸਤ (ਨਜ਼ਾਇਜ਼) ਵਿੱਚ ਕਿਸਾਨ ਦੀ ਮੌਤ
ਹੋ ਗਈ, ਉਹ ਵਾਸਤੇ ਥਾਣੇਦਾਰ ਨੂੰ ਸਸਪੈਂਡ ਕੀਤਾ ਹੋਇਆ ਸੀ। ਉਸ ਦੀ ਗ੍ਰਿਫਤਾਰੀ ਲਈ ੨੧
ਤਾਰੀਖ ਨੂੰ ਇੱਕਠ ਵਾਸਤੇ ਇਹ ਆਗੂ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਇੱਕਠਾ ਕਰ ਰਹੇ ਸਨ,
ਇਸ ਲੜੀ ਦੇ ਤਹਿਤ ਜਦੋਂ ਉਹ ਔਲਖ ਪਿੰਡ 'ਚ ਮੀਟਿੰਗ ਕਰਕੇ ਨਿਕਲੇ ਤਾਂ ਪਿੰਡ ਤੋਂ ਕੁਝ ਕੁ  ਦੂਰ
ਇੱਕ ਮੋਟਰਸਾਈਕਲ ਸਵਾਰ ਨੇ ਉਹਨਾਂ ਨੂੰ ਅੱਗੇ ਤੋਂ ਰੋਕ ਲਿਆ ਅਤੇ ਪਿੱਛੇ ਤੋਂ ਗੁੰਡਿਆਂ ਨੇ ਹਮਲਾ
ਕਰ ਦਿੱਤਾ,ਜਿਸ ਦਾ ਨਿਸ਼ਾਨ ਕਿਸਾਨ ਆਗੂ ਨੂੰ ਬਣਾਇਆ ਗਿਆ, ਦੱਸਣ ਦੇ ਮੁਤਾਬਕ
ਜਦੋਂ ਮਰਨ ਦੀ ਤਸੱਲੀ ਹੋ ਗਈ ਤਾਂ ਉਹ ਮਾਰਨੋਂ ਹਟੇ। ਇਹ ਸਾਰੇ ਮਾਮਲੇ ਵਿੱਚ ਉੱਥੋਂ
ਦੇ ਸੀਨੀਅਰ ਅਕਾਲੀ ਆਗੂ ਵੀਰ ਸਿੰਘ ਲੋਪੋਕੇ, ਥਾਣੇਦਾਰ ਰਛਪਾਲ ਸਿੰਘ ਬਾਬਾ
(ਲੋਪੋਕੇ ਦਾ ਰਿਸ਼ਤੇਦਾਰ), ਚੇਅਰਮੈਨ ਸਰਬਜੀਤ ਸਿੰਘ ਲੋਧੀਗੁਜਰ,  ਕੁਲਵਿੰਦਰ ਸਿੰਘ
ਵਿਰੁਧ ਧਾਰਾ 302, 307,324,323,148,149  ਅਤੇ 120B IPC ਦੇ ਤਹਿਤ ਕੇਸ
ਦਰਜ ਕੀਤਾ ਗਿਆ ਹੈ।

ਉਹਨਾਂ ਦੀ ਇਹ ਸ਼ਹਾਦਤ ਪੰਜਾਬ ਵਿੱਚ ਫੈਲੀ ਗੁੰਡਾਗਰਦੀ ਦਾ ਸਬੂਤ ਹੈ, ਜਿੱਥੇ ਰੈਲੀ
ਕਰਨ ਲਈ ਨਿਹੱਥੇ ਲੋਕਾਂ ਉੱਤੇ ਗੁੰਡੇ ਦਿਨ-ਦਿਹਾੜੇ ਹਮਲੇ ਕਰਨ ਤੋਂ ਝਿਜਕਦੇ ਨਹੀਂ,
ਉੱਥੇ ਹੀ ਸਿਆਸੀ ਲੀਡਰਾਂ ਵਲੋਂ ਲੋਕਾਂ ਨੂੰ ਲੁੱਟਣ ਅਤੇ ਕਤਲ ਕਰਨ ਤੱਕ
ਦੀਆਂ ਵਾਰਦਾਤਾਂ ਹੋ ਰਹੀਆਂ ਹਨ।

ਹੁਣ ਇਹ ਸਭ ਦੇ ਬਾਵਜੂਦ ਪੁਲਿਸ ਕੀ ਕਰਵਾਈ  ਕਰਦੀ ਹੈ ਅਤੇ ਉਹ ਜਥੇਬੰਦੀ
ਕੀ ਕਾਰਵਾਈ ਕਰਦੀ ਹੈ, ਕੀ ਉਹ ਪਿੱਛੇ ਹੱਟ ਜਾਣਗੇ? ਜਾਂ ੨੧ ਫਰਵਰੀ ਦਾ
ਘਿਰਾਓ ਹੋਵੇਗਾ, ਜਿਸ ਖਾਤਰ ਇਹ ਸ਼ਹਾਦਤ ਹੋਇਆ ਹੈ? ਕੀ ਅੰਮ੍ਰਿਤਸਰ
ਦੇ ਇਲਾਕੇ ਵਿੱਚ ਛੋਟੇ ਕਿਸਾਨਾਂ ਲਈ ਜਥੇਬੰਦੀ ਆਪਣਾ ਕੰਮ ਜਾਰੀ ਰੱਖ ਸਕੇਗੀ?
ਤੇ ਕੀ ਇਹ ਪੁਲਿਸ ਦਹਿਸ਼ਤ ਦੀ ਛਾਂ ਉੱਥੋਂ ਦੂਰ ਹੋ ਸਕੇਗੀ? ਇਹ ਸਭ ਗੱਲਾਂ
ਆਉਣ ਵਾਲੇ ਭਵਿੱਖ ਵਿੱਚ ਹਨ।

ਕੁਰਬਾਨੀ ਕਰਨ ਵਾਲੇ, ਆਪਣੇ ਕਹਿਣੀ ਤੇ ਕਰਨੀ ਦੇ ਪੂਰੇ, ਲੋਕਾਂ ਨੂੰ ਜ਼ਿੰਦਗੀ
ਸਮਰਪਿਤ ਕਰਨ ਵਾਲੇ, ਮੌਤ ਤੋਂ ਨਾ ਡਰਨ ਵਾਲੇ ਸੂਰਮੇ ਵਿਰਲੇ ਹੀ ਜੰਮਦੀਆਂ
ਨੇ ਮਾਵਾਂ ਅਤੇ ਮੈਨੂੰ ਇਹ ਮਾਣ ਰਹੇਗਾ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਉਹਨਾਂ
ਨੂੰ ਨੇੜਿਓ ਵੇਖਿਆ (ਅਤੇ ਦੁੱਖ ਵੀ ਸ਼ਾਇਦ ਕਿ ਇਹ ਸਮਾਂ ਬਹੁਤ ਹੀ ਥੋੜ੍ਹਾ ਰਿਹਾ)....
ਮੇਰੀ ਜ਼ਿੰਦਗੀ ਵਿੱਚੋਂ ਹੁਣ ਇੱਕ ਚਾਨਣ ਮੁਨਾਰਾ ਅਲੋਪ ਹੋ ਗਿਆ

ਬੜੇ ਦੁੱਖ ਅਤੇ ਤਕਲੀਫ਼ ਨਾਲ
ਆਲਮ...
ਅੰਗਰੇਜ਼ੀ ਅਖ਼ਬਾਰ ਦੀ ਖ਼ਬਰ

14 February, 2010

MS Office Bug for Punjabi Rendering…

After many year, I was working on Microsoft

Word/Power Point. version it 2007 (2010 Beta),

both has common problem for Punjabi (Gurmukhi)

rendering. While Input Character with Bindi

(ਸ/ਗ/ਜ/ਫ/ਲ) and use (਼) with it, then input

any dependent vowel, it delete the (਼)

character.

ਗ + ਼ + ੀ = ਗੀ

it is happening only with Office only,

while WordPad and NotePad is ok.

is here and Test case is below.

---

----

Character + Bindi + Dependant Vowel = Resutl

---
Failed Case

ਸ + ਼ + ਾ = ਸ਼ਾ
ਖ + ਼ + ੈ= ਖ਼ੈ
ਗ + ਼ + ਿ = ਗ਼ਿ
ਜ + ਼ + ੀ = ਜ਼ਿ
ਲ + ਼ + ੁ = ਲ਼ੁ
ਫ + ਼ + ੇ = ਫ਼ੇ

-----
PASS Case

----
ਸ਼ + ਾ= ਸ਼ਾ
ਖ਼ + ੈ=ਖ਼ੈ
ਗ਼ + ਿ=ਗ਼ਿ
ਜ਼ + ੀ=ਜ਼ੀ
ਲ਼ + ੁ=ਲ਼ੁ
ਫ਼ + ੇ=ਫ਼ੇ

---

Try to delete and paste Dependent Vowel at end.

Don’t know how to Find Revision/Version of MS Office and how to report to Microsoft:-(

04 February, 2010

ਸਕੂਲ ਵੱਲ ਤੁਰਦੇ ਨਿੱਕੇ ਨਿੱਕੇ ਪੈਰ...

ਇੱਕ ਹੋਰ ਪੜਾਅ ਛੇਤੀ ਹੀ ਉਹਦੀ ਜ਼ਿੰਦਗੀ ਵਿੱਚ ਆ ਰਿਹਾ ਹੈ,
ਸਕੂਲ ਜਾਣ ਦਾ, ਉਸ ਨੂੰ ਵੀ ਬਹੁਤ ਹੀ ਚਾਅ
ਚੜ੍ਹਿਆ ਰਹਿੰਦਾ ਹੈ ਕਿ ਬੈਗ ਪਾ ਕੇ, ਬੂਟ ਪਾ ਕੇ ਸਕੂਲ ਜਾਣਾ ਹੈ...


ਪਹਿਲੀਂ ਤਾਰੀਖ ਤੋਂ ਉਸ ਨੂੰ ਸਕੂਲ ਜਾਣ ਲਈ 'ਕੱਚੀ ਪਹਿਲੀ"
(ਛੋਟੇ ਬੱਚੇ ਨੂੰ ਰੱਖਣ ਵਾਲੀ ਥਾਂ) ਵਿੱਚ ਛੱਡ ਕੇ ਆਏ।
ਉਮੀਦ ਮੁਤਾਬਕ ਪਹਿਲੇ ਦਿਨ 10 ਕੁ ਮਿੰਟ ਹੀ ਬੈਠਾ,
ਦੂਜੇ ਦਿਨ 15-20 ਮਿੰਟ ਹੀ ਲਾਏ। ਇਹ ਉਹ
ਸਫ਼ਰ ਦੇ ਪਹਿਲੇ ਕਦਮ ਸਨ, ਜੋ ਆਉਣ
ਵਾਲੇ ਕਈ ਵਰ੍ਹੇ ਉਹਦੀ ਜ਼ਿੰਦਗੀ ਦਾ ਵੱਡਾ ਸਮਾਂ
ਲਵੇਗਾ। ਸ਼ਾਇਦ 20-22 ਸਾਲ ਲਈ ਉਹ ਇਹ
ਜੂਲਾ ਲਾਉਣ ਲਈ ਸੰਘਰਸ਼ ਕਰਦਾ ਰਹੇਗਾ, ਜੋ ਅੱਜ ਉਹ
ਖੁਸ਼ੀ ਖੁਸ਼ੀ ਪਾਉਣ ਲਈ ਤਿਆਰ ਸੀ।
ਟਰੀ ਇੰਡੀਅਟ ਵੇਖਣ ਅਤੇ ਆਪਣੇ ਨਿੱਜੀ ਅਨੁਭਵ
ਤੋਂ ਮੈਂ ਇਹੀ ਸੋਚਦਾ ਹਾਂ ਕਿ ਬਿਲਕੁਲ ਇਹ ਜੂਲਾ ਹੀ ਹੈ,
ਜੋ ਬਹੁਤ ਭਾਰਤ ਦੇ ਬੱਚੇ ਲੈ ਕੇ ਚੱਲਦੇ ਹਨ, ਹੰਢਾਉਂਦੇ ਹਨ,
ਜਿੱਥੇ ਉਹਨਾਂ ਨੂੰ "ਯੈੱਸ ਸਰ" ਦੇ ਰੂਪ ਵਿੱਚ ਬਾਬੂ ਬਣਨ
ਲਈ ਤਿਆਰ ਕੀਤਾ ਜਾਂਦਾ ਹੈ। (ਬੇਸ਼ੱਕ ਕੁਝ ਵਿਦਿਆਰਥੀ
ਇਹ ਹੱਦਾਂ ਤੋੜਦੇ ਹਨ ਅਤੇ ਗਿਣਤੀ ਲਗਾਤਾਰ ਵੱਧਦੀ ਜਾਵੇਗੀ,
ਪਰ ਆਬਾਦੀ ਅਤੇ ਪੜ੍ਹਨ ਵਾਲਿਆਂ ਦੇ ਮੁਕਾਬਲੇ ਅੱਜ ਇਹ
ਗਿਣਤੀ ਬਹੁਤ ਘੱਟ ਹੈ)।

ਮੈਂ ਖੁਦ ਆਪਣੇ ਨਾਲ ੬੦ ਜਾਣਿਆਂ ਦੇ ਕੰਪਿਊਟਰ
ਇੰਜਨੀਅਰਾਂ ਦੀ ਜਮਾਤ ਵਿੱਚ ਕੰਮ ਕਰਨ ਵਾਲੇ ੫ ਬੰਦੇ
ਹੀ ਗਿਣੇ ਨੇ, ਜੋ ਕੰਪਿਊਟਰ ਤੋਂ ਕੰਮ ਕਰਵਾ ਸਕਦੇ ਸਨ
ਅਤੇ ਕਰੀਬ ੫-੬ ਅਜਿਹੇ ਇੰਜਨੀਅਰ ਵੀ ਵੇਖੇ ਨੇ,
ਜੋ ੪ ਸਾਲਾਂ ਬਾਅਦ ਵੀ ਇਹ ਨਹੀਂ ਜਾਣਦੇ ਸਨ ਕਿ
ਸਧਾਰਨ ਵਰਤੋਂ ਕਿਵੇਂ ਕਰਨੀ ਹੈ, ਅਤੇ ਅੱਧੇ ਤੋਂ
ਵੱਧ ਨੂੰ ਸ਼ਾਇਦ ਕਦੇ ਪਤਾ ਵੀ ਨਹੀਂ ਸੀ ਕਿ
ਦੁਨਿਆਂ ਵਿੱਚ ਵਿੰਡੋਜ਼ ਤੋਂ ਬਿਨਾਂ ਕੋਈ ਹੋਰ ਕੰਪਿਊਟਰ
ਵੀ ਹੁੰਦਾ ਹੈ। ਇਹ ਤਾਂ ਪੜ੍ਹਾਈ ਦਾ ਹਾਲ ਸੀ,
ਜਿੱਥੇ ਕੇਵਲ ਨੰਬਰ ਲੈਣ ਲਈ ਪੜ੍ਹਿਆ ਅਤੇ ਪੜ੍ਹਾਇਆ
ਜਾਂਦਾ ਸੀ। ਅੱਜ ਜੇ ਚੰਗੇ ਕਾਲਜਾਂ ਵਿੱਚ ਵੀ ਪੜ੍ਹਾਈ
ਹੁੰਦੀ ਹੈ ਤਾਂ ਵੀ ਇਹ ਸਟੀਰਿਓ ਟਾਈਪ, ਇੱਕ
ਨੱਕ ਦੀ ਸੇਧੇ ਤੁਰ ਜਾਣ ਵਾਲਾ ਕੰਮ ਜਾਪਦਾ ਹੈ।
ਇਹ ਤਾਂ ਮੇਰੀ ੬ ਸਾਲ ਪੁਰਾਣੀ ਗੱਲ ਸੀ, ਪਿਛਲੇ
ਵਰ੍ਹੇ ਮੇਰਾ ਵਾਹ ਕੁਝ ਐਮ.ਬੀ.ਏ. (MBA) ਕਰਨ
ਵਾਲੇ ਪੂਣੇ ਦੇ ਸਭ ਤੋਂ ਚੋਟੀ ਦੇ ਕਾਲਜ ਦੇ ਵਿਦਿਆਰਥੀਆਂ
ਨਾਲ ਵਾਹ ਪਿਆ। ਉਨ੍ਹਾਂ ਪਰੋਜੈਕਟ ਕੀਤਾ, ਵੱਡੇ ਵੱਡੇ
ਵਾਅਦੇ ਕੀਤੇ, ਰਿਪੋਰਟ ਉੱਤੇ ਸਾਈਨ ਕਰਵਾਏ ਅਤੇ
ਉਸ ਤੋਂ ਬਾਅਦ ਪਰੋਜੈਕਟ ਨੂੰ ਪੂਰਾ ਕਰਨ ਦੀ ਲੋੜ ਵੀ
ਨਹੀਂ ਸਮਝੀ, ਕਿਉਂਕਿ ਉਹਨਾਂ ਕੋਲ ਹੁਣ ਇਸ ਲਈ ਟਾਈਮ
ਨਹੀਂ ਸੀ ਰਿਹਾ। ਸੋ ਇਹ ਸਭ ਰਿਪੋਰਟ, ਡਿਗਰੀ,
ਅਤੇ ਨੌਕਰੀ ਲਈ ਹੀ ਸੀ...

ਆਪਣੇ ਬੱਚੇ ਤੋਂ ਜੇ ਅੱਜ ਮੈਂ ਕੋਈ ਉਮੀਦ ਕਰਦਾ ਹਾਂ ਤਾਂ
ਇਸ ਦਾ ਅਰਥ ਮੈਂ ਉਸ ਦੇ ਵਿਚਾਰਾਂ/ਸੋਚ ਨੂੰ ਆਪਣੇ ਵਲੋਂ
ਤਬਾਹ ਕਰਨਾ ਸਮਝਦਾ ਹਾਂ। ਉਸ ਨੂੰ ਚੰਗੀ ਸੋਚ ਦੇਣੀ ਅਤੇ
ਚੰਗੇ ਮਾੜੇ ਬਾਰੇ ਫ਼ਰਕ ਦੱਸਣਾ, ਤਾਂ ਮੇਰਾ ਫ਼ਰਜ਼ ਹੈ, ਪਰ ਉਸ
ਨੂੰ ਚੰਗੇ ਦੀ ਹੀ ਚੋਣ ਕਰਕੇ ਦੇਣੀ (ਜੋ ਮੈਂ ਸੋਚਦਾ ਹੋਵਾਂ), ਉਂਗਲ
ਫੜ ਕੇ ਚੱਲਦੇ ਰਹਿਣਾ ਉਸ ਦੀ ਜ਼ਿੰਦਗੀ ਲਈ ਤਬਾਹਕੁੰਨ
ਫੈਸਲਾ ਸਮਝਾਂਗਾ।

ਖ਼ੈਰ ਇਹ ਹਾਲਤ (ਭਾਰਤੀ ਵਿਦਿਆ ਪ੍ਰਣਾਲੀ) 'ਚ ਮੇਰੇ ਵੇਲੇ
ਨਾਲੋਂ ਸੁਧਾਰ ਹੋਇਆ ਜ਼ਰੂਰ ਹੈ, ਅਤੇ ਅੱਗੇ ਵੀ ਜਾਰੀ ਰਹੇਗਾ,
ਪਰ ਅੱਜ ਦੇ ਪੈਰ ਪੁੱਟਣ ਵਾਲੇ ਲਈ ਸ਼ਾਇਦ ਇਹ ਕਾਫ਼ੀ ਨਹੀਂ ਰਹੇਗਾ
ਕਿ ਉਸ ਨੂੰ ਚੰਗਾ ਕੈਰੀਅਰ ਚੁਣਨ ਅਤੇ ਉਸ ਵਿੱਚ ਅੱਗੇ ਵਧਣ (ਉਤਸ਼ਾਹਿਤ)
ਲਈ ਮੱਦਦ ਕਰ ਸਕੇ। ਆਪਣੇ ਵੱਲੋਂ ਤਾਂ ਮੈਂ ਉਸ ਨੂੰ ਆਪਣੇ ਮਾਂ-ਬਾਪ
ਤੋਂ ਵੱਧ ਆਜ਼ਾਦੀ ਦੇਵਾਂਗਾ ਕੈਰੀਅਰ ਚੁਣਨ ਦੀ (ਜਿਨ੍ਹਾਂ ਨੇ ਆਪਣੇ
ਮਾਂ-ਬਾਪ ਤੋਂ ਵੱਧ ਦਿੱਤੀ ਹੋਵੇਗੀ) ਅਤੇ ਉਸ ਦੇ ਖਿਆਲਾਂ ਦੀ ਕਦਰ
ਕਰਨ ਦਾ ਜਤਨ ਕਰਾਂਗਾ (ਜੋ ਹਾਲੇ ਭਾਰਤ ਦੇ ਮੱਧ-ਵਰਗੀ ਪਰਿਵਾਰਾਂ
'ਚ ਘੱਟ ਹੀ ਹੁੰਦੀ ਹੈ)...

ਅੱਜ ਤਾਂ ਮੈਂ ਉਸ ਦੇ ਬੈਗ ਪਾ ਕੇ ਸਕੂਲ (ਜਿਸ ਬਾਰੇ ਉਹ ਸ਼ਾਇਦ
ਸਮਝਦਾ ਨਹੀਂ ਹੋਵੇਗਾ) ਨੂੰ ਨਿੱਕੇ ਨਿੱਕੇ ਤੁਰਦੇ ਪੈਰਾਂ 'ਚ ਵਲੋਂ ਚੱਕੇ ਨਾ
ਜਾਂਦੇ ਚਾਅ ਨੂੰ ਮਹਿਸੂਸ ਕਰਦਾ ਹੋਇਆ ਆਪਣੇ ਬਚਪਨ ਨੂੰ ਚੇਤੇ
ਕਰਦਾ ਹਾਂ...

28 November, 2009

੫੦੦ ਰੁਪਏ ਨਾਲ ਹੋਇਆ "ਆਬਜੈਕਸ਼ਨ" ਦੂਰ...

ਪੰਜਾਬ 'ਚ ਆ ਹੀ ਗੱਲ ਕਰਦੇ ਕਿ ਪੁਲਿਸ ਆਲਿਆਂ ਨਾਲ ਤਾਂ
ਕੋਈ ਦੁਸ਼ਮਨ ਦਾ ਵੀ ਵਾਹ ਨਾ ਪਵੇ, ਪਰ ਅਣਸਰਦੇ ਨੂੰ ਲਗਭਗ
ਦਾ ਵਾਹ ਪੈ ਹੀ ਜਾਂਦਾ ਹੈ, ਇਸ ਵਾਰ ਮੈਨੂੰ ਵੀ ਪੁਲਿਸ ਵੇਰੀਫਿਕੇਸ਼ਨ
ਸਰਟੀਫਿਕੇਟ (PCC) ਲਈ ਜਾਣਾ ਪਿਆ ਮੋਗੇ। ਪਹਿਲਾਂ
ਕਚਹਿਰੀਆਂ 'ਚੋਂ ਬਣਾ ਕੇ ਸਰਟੀਫਿਕੇਟ ਸੁਵਿਧਾ ਕੇਂਦਰ 'ਚ
ਦੇ ਆਂਦਾ, ਮੋਗਾ ਸਿਟੀ-੧ ਥਾਣੇ ਆਲੇ ਨੇ ਫੋਨ ਕੀਤੇ ਦੂਜੇ ਦਿਨ
ਕਹਿੰਦਾ ਹਾਜ਼ਰੀ ਲਵਾ ਕੇ ਜਾਉ (ਜਦੋਂ ਕਿ ਵੇਰੀਫਿਕੇਸ਼ਨ ਘਰ ਦੇ
ਐਡਰੈਸ ਉੱਤੇ ਉਸ ਨੇ ਕਰਨ ਆਉਣੀ ਸੀ), ਸਾਹਬ ਨੇ
੫੦੦ ਰੁਪਏ ਪ੍ਰਤੀ ਵੇਰੀਫਿਕੇਸ਼ਨ ਮੁਤਾਬਕ ਕੰਮ ਕੀਤਾ। ਥਾਣੇ
ਤੋਂ ਕੰਮ ਓਕੇ ਹੋ ਗਿਆ, ਸੋਚਿਆ ਕਿ ਚੱਲ ਹੁਣ ਖਤਮ ਹੋ ਗਿਆ,
ਪਹੁੰਚ ਗਏ ਅਗਲੇ ਦਿਨ ਸੁਵਿਧਾ ਕੇਂਦਰ ਸਰਟੀਫਿਕੇਟ ਲੈਣ,
ਗਏ ਤਾਂ ਕਹਿੰਦੇ ਜੀ ਡੀ.ਐਸ.ਪੀ. ਦੇ ਦਫ਼ਤਰੋਂ ਲੈ ਕੇ ਆਉ, ਜੋ ਕਿ
ਬਿਲਕੁਲ ਸਾਹਮਣੇ ਹੀ ਸੀ। ਪਾਸਪੋਰਟ ਅਤੇ ਹੋਰ ਵੇਰਵਾ ਸਭ ਠੀਕ
ਸੀ, ਨਾਲੇ ੧੦੦੦ ਰੁਪਏ ਦਾ ਮੱਥਾ ਤਾਂ ਟੇਕਿਆ ਹੀ ਗਿਆ ਸੀ,
ਗਏ ਤਾਂ ਰੀਡਰ ਸਾਹਬ ਕਹਿੰਦੇ ਜੀ ਕਿ ਹੋਰ ਸਭ ਤੋਂ ਠੀਕ ਹੈ, ਪਰ
ਤੁਹਾਡੇ ਪਾਸਪੋਰਟ ਉੱਤੇ ਤੁਹਾਡੀ ਪਤਨੀ ਦਾ ਨਾਂ ਨੀਂ ਹੈ, ਇਹ
"ਆਬਜੈਕਸ਼ਨ" ਲੱਗੂ ਜੀ (ਅਸਲ 'ਚ ਇਹ ਮੇਰੇ ਐਡਰੈੱਸ
ਅਤੇ ਪਾਸਪੋਰਟ ਬਾਰੇ ਜਾਂਚ ਸੀ, ਅਤੇ ਮੇਰਾ ਪਾਸਪੋਰਟ ਵਿਆਹ
ਤੋਂ 3 ਸਾਲ ਪਹਿਲਾਂ ਬਣਿਆ ਸੀ)। ਹੁਣ ਕੀ ਕਰੀਏ, ਮੈਨੂੰ
ਬਹੁਤ ਖਿੱਝ ਆਈ, ਅਤੇ ਕਿਹਾ ਕਿ ਮੇਰੀ ਪਤਨੀ ਮੇਰੇ ਨਾਲ
ਨਾ ਆਉਂਦੀ ਤਾਂ ਤੁਹਾਨੂੰ ਕੀ ਪਤਾ ਹੁੰਦਾ ਕਿ ਇਹ ਭਰਿਆ
ਕਿ ਨਹੀ? ਨਹੀਂ ਜੀ ਤੁਹਾਡੇ ਤਾਂ ਆਬਜੈਕਸ਼ਨ ਲੱਗੂਗਾ।
ਖ਼ੈਰ ਬਾਪੂ ਜੀ ਨੇ ਅਗਲੇ ਦੋ ਦਿਨ ਦੌੜ-ਭੱਜ ਕੀਤੀ
ਅਤੇ ਉਹ ਆਬਜੈਕਸ਼ਨ ਵਾਲੇ ਸਾਹਬ ਨੇ ੫੦੦ ਰੁਪਏ ਵਿੱਚ
ਸਾਡੀ ਗ਼ੈਰ-ਮੌਜੂਦਗੀ ਵਿੱਚ ਵੇਰੀਫਾਈ ਕਰਕੇ ਸਾਈਨ
ਕਰ ਦਿੱਤੇ ਅਤੇ ਸਾਨੂੰ ਇਹ ੨ ਦਿਨ ਦੇ ਕੰਮ ੩ ਦਿਨ ਵਾਧੂ
ਖ਼ਰਾਬ ਕਰਨ ਪਏ ਅਤੇ ੧੫੦੦ ਰੁਪਏ ਰਿਸ਼ਵਤ ਵਜੋਂ ਦੇਣੇ
ਪਏ।
ਸ਼ਾਇਦ ਭਾਰਤ 'ਚ ਰਹਿੰਦੇ ਬਹੁਤੇ ਲੋਕਾਂ ਨੂੰ ਤਾਂ ਇਹ ਤਜਰਬਾ
ਬਹੁਤ ਹੋਵੇਗਾ, ਪਰ ਹੈਰਾਨੀ ਤਾਂ ਇਸ ਗੱਲ ਦੀ ਹੁੰਦੀ ਹੈ ਕਿ
ਕਿੰਨੀ ਬੇਸ਼ਰਮੀ ਨਾਲ ਜਾਂਦੇ ਹਨ ਆਬਜੈਕਸ਼ਨ ਅਤੇ ਉਸ ਤੋਂ ਵੱਧ
ਕਿ 'ਚਾਂਦੀ ਦੀ ਜੁੱਤੀ' ਨਾਲ ਕਿਵੇਂ ਇਹ ਕੁਫ਼ਰ ਹੋ ਜਾਂਦੇ ਹਨ,
ਮੈਨੂੰ ਤਾਂ ਕਈ ਵਾਰ ਸਮਝ ਹੀ ਨਹੀਂ ਆਉਂਦੀ ਕਿ ਇਹ ਅਸਲ
ਆਬਜੈਕਸ਼ਨ ਲਾਉਂਦੈਂ ਕਿ ਰਿਸ਼ਵਤ?

07 November, 2009

ਗੁਰਮੁਖੀ ਅੰਕ ਹੁਣ ਲੀਨਕਸ ਵਿੱਚ ਛੇਤੀ ਹੀ...

ਆਖਰ ਗਨੋਮ ੨.੨੮ ਦੇ ਜਾਣ ਦੇ ਬਾਅਦ ਪੰਜਾਬੀ (ਗੁਰਮੁਖੀ) ਲਈ
ਪੰਜਾਬੀ ਅੰਕ (੧,੨,੩...) ਵਰਤਣੇ ਸ਼ੁਰੂ ਕਰਨ ਵਾਸਤੇ ਅੱਜ ਲੀਨਕਸ
ਲਈ ਪਹਿਲਾਂ ਜਤਨ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਉਮੀਦ ਹੈ ਕਿ ਗਨੋਮ
੨.੩੦/੩.੦ ਲਈ ਤੁਹਾਨੂੰ ਅੰਗਰੇਜ਼ੀ ਅੰਕਾਂ ਦੀ ਬਜਾਏ ਪੰਜਾਬੀ ਅੰਕ ਮਿਲਣਗੇ।

ਮੈਕ ਓਪਰੇਟਿੰਗ ਸਿਸਟਮ ਵਿੱਚ ਪਹਿਲਾਂ ਹੀ ਗੁਰਮੁਖੀ ਅੰਕ ਮਿਲਦੇ ਹਨ ਅਤੇ ਹੁਣ
ਲੀਨਕਸ ਵਿੱਚ ਵੀ ਇਹ ਸ਼ੁਰੂ ਜਾਵੇਗਾ।
ਅੱਜ ਪਹਿਲੇ ਕਮਿਟ ਚਲਾ ਗਿਆ ਹੈ gtk+ ਵਿੱਚ
---
[master 42b6d0a] Change Latin Number to Gurmukhi for Step up the use of Punjabi (Gurmukhi)
-----

ਉਮੀਦ ਹੈ ਕਿ ਫੇਡੋਰਾ ੧੩ ਅਤੇ ਹੋਰ ਆਉਣ ਵਾਲੇ ਵਰਜਨਾਂ ਵਿੱਚ ਇਹ ਉਪਲੱਬਧ
ਹੋ ਜਾਣਗੇ। ਮੈਨੂੰ ਇਹ ਤਾਂ ਨਹੀਂ ਪਤਾ ਕਿ ਲੋਕ ਵਰਤਣਗੇ ਕਿ ਨਹੀਂ, ਪਰ ਜੇ ਕੋਈ ਵੀ
ਵਰਤੇ ਤਾਂ ਉਸ ਨੂੰ ਉਸ ਭਾਸ਼ਾ ਵਿੱਚ ਅੰਕ ਮਿਲਣੇ ਚਾਹੀਦੇ ਹਨ।

27 October, 2009

ਮੋਬਾਇਲ ਇਨਕਲਾਬ ਅਤੇ ਕੰਪਨੀਆਂ ਦੇ ਭੇੜ - ਚੰਗੇ ਸੁਧਾਰਾਂ ਦੀ ਉਮੀਦ...

ਜਦੋਂ ਤੋਂ ਮੋਬਾਇਲ ਚੱਲਿਆ ਹੈ ਤਾਂ ਇਸ ਨੇ ਆਮ ਬੰਦੇ ਦੀ ਦੁਨਿਆਂ
ਬਦਲ ਕੇ ਰੱਖ ਦਿੱਤੀ ਹੈ। ਭਾਰਤ ਵਿੱਚ ਇਸ ਦਾ ਅਸਰ ਐਨਾ ਹੋਇਆ
ਹੈ ਕਿ ਹੁਣ ਭਾਰਤ ਵਿੱਚ ਰਹਿੰਦੇ ਸੱਜਣ ਬੇਲੀ ਜਦੋਂ ਆਪਣੇ ਐਨ.ਆਰ.ਆਈ
ਮਿੱਤਰਾਂ ਨੂੰ ਕਹਿੰਦੇ ਸੁਣਦੇ ਹਨ ਕਿ ਉਹ ਤਾਂ ਲੈਂਡਲਾਈਨ ਵਰਤਦੇ ਹਨ,
ਤਾਂ ਹੱਸਦੇ ਹਨ (ਮੈਨੂੰ ਖੁਦ ਵੀ ਹੈਰਾਨੀ ਹੁੰਦੀ ਹੈ) ਕਿ ਤੁਸੀਂ ਲੈਂਡਲਾਈਨ
ਵਰਤਦੇ ਹੋ, ਭਾਰਤ ਵਿੱਚ ਸ਼ਾਇਦ ਹੀ ਕੋਈ ਹੋਵੇ, ਜੋ ਕਹੇ ਕਿ ਮੈਂ
ਲੈਂਡਲਾਈਨ ਵਰਤਦਾ ਹਾਂ, ਮੋਬਾਇਲ ਨਹੀਂ। ਮੋਬਾਇਲ ਇਨਕਲਾਬ
ਨੇ ਭਾਰਤ ਵਿੱਚ ਮੋਬਾਇਲ ਦਰਾਂ ਐਨੀਆਂ ਸਸਤੀਆਂ ਕੀਤੀਆਂ ਹਨ
ਕਿ ਲੈਂਡਲਾਈਨ ਦੀ ਵਰਤੋਂ ਕਰਨ ਦਾ ਕੋਈ ਕਾਰਨ ਨਹੀਂ ਰਹਿ ਜਾਂਦਾ ਹੈ।
ਇਹ ਸਭ ਸੰਭਵ ਹੋਇਆ ਹੈ ਕਿ ਕੰਪਨੀਆਂ ਦੇ ਆਪਸੀ ਮੁਕਾਬਲੇ ਕਾਰਨ,
ਜਿਸ ਨੂੰ ਟਰਾਈ (TRAI) ਨੇ ਸੰਭਵ ਕੀਤਾ, ਜੋ ਕਿ ਇਸੇ ਕੰਮ ਲਈ ਹੈ ਕਿ
ਚੰਗਾ ਮੁਕਾਬਲੇ ਰਹੇ ਅਤੇ ਗਾਹਕਾਂ ਨੂੰ ਵੱਧ ਤੋਂ ਵੱਧ ਫਾਇਦਾ ਹੋਵੇ।

ਮੈਂ ਪੁਰਾਣੇ ਹੋਏ ਸੁਧਾਰਾਂ (ਜੋ ਇਹ ਭੇੜ ਤੋਂ ਪੈਦਾ ਹੋਏ) ਬਾਰੇ ਤਾਂ ਪੂਰੀ
ਜਾਣਕਾਰੀ ਨਹੀਂ ਰੱਖਦਾ ਹਾਂ, ਪਰ ਹੁਣੇ ਹੁਣੇ ਅਸਰ ਬਾਰੇ ਜ਼ਰੂਰ
ਜਾਣਕਾਰੀ ਦੇਣੀ ਚਾਹੁੰਦਾ ਹਾਂ। ਆਖਰ ਟਾਟਾ ਨੂੰ ਜੀ.ਐਸ.ਐਮ (GSM)
ਲਈ ਲਾਈਸੈਂਸ ਮਿਲਿਆ ਅਤੇ ਉਹਨਾਂ ਨੇ ਟਾਟਾ ਡੋਕੋਮੋ ਸਰਵਿਸ
ਸ਼ੁਰੂ ਕੀਤੀ, ਜਿਸ ਵਿੱਚ ਕਾਲ ਰੇਟ 1 ਸਕਿੰਟ ਲਈ 1 ਪੈਸਾ ਹੈ
(ਐਸਟੀਡੀ (STD)) ਲਈ ਵੀ। ਇਸ ਨਾਲ ਇਹ ਸੌਖਾ ਹੋਇਆ
ਕਿ ਜੇ ਮੇਰੀ ਕਾਲ 11 ਸਕਿੰਟ ਦੀ ਹੈ ਤਾਂ 11 ਪੈਸੇ ਲੱਗਣਗੇ, ਜੇ
45 ਸਕਿੰਟ ਦੀ ਹੈ ਤਾਂ 45 ਪੈਸੇ (45 ਸਕਿੰਟਾਂ ਦੇ) । ਇਹ ਬਹੁਤ ਵੀ ਵਧੀਆ
ਵਿਚਾਰ ਅਤੇ ਸੁਧਾਰ ਹੈ, ਜਿਸ ਨੇ ਹੋਰ ਵੱਡੀਆਂ ਕੰਪਨੀਆਂ,
ਜਿਵੇਂ ਕਿ ਏਅਰਟੈੱਲ, ਰਿਲਾਇੰਸ ਅਤੇ ਵੋਡਾਫੋਨ ਨੂੰ ਸੋਚਣ ਲਈ
ਮਜਬੂਰ ਕਰ ਦਿੱਤਾ ਹੈ, ਜੋ ਕਿ ਹੁਣ ਤੱਕ ਧੱਕੇ ਨਾਲ ਪੈਸੇ ਵਸੂਲਦੀਆਂ
ਸਨ, ਭਾਵੇਂ ਮੇਰੀ ਗੱਲ 1 ਸਕਿੰਟ ਦੀ, ਜਾਂ 11 ਸਕਿੰਟ ਦੀ 59 ਸਕਿੰਟ,
ਪੈਸੇ ਪੂਰੇ ਮਿੰਟ ਦੇ ਪੈਂਦੇ ਸਨ। ਇਹ ਆਖਰ ਸੀ ਤਾਂ ਸਿੱਧਾ ਸਿੱਧਾ
ਧੱਕਾ ਹੀ ਸੀ, ਕਿ ਜਿਹਨਾਂ ਸਕਿੰਟਾਂ ਲਈ ਮੈਂ ਗੱਲ ਕੀਤੀ ਹੀ ਨਹੀਂ, ਉਸ
ਲਈ ਵੀ ਪੈਸੇ ਦਿਓ। ਮੈਨੂੰ ਵਰਤੋਂ ਵਿੱਚ ਨੈੱਟਵਰਕ ਤਾਂ ਟਾਟਾ ਡੋਕੋਮੋ
ਦਾ ਪਸੰਦ ਨਹੀਂ ਆਇਆ (ਕਿਉਂਕਿ ਏਅਰਟੈੱਲ ਦਾ ਬਹੁਤ ਵਧੀਆ ਹੈ),
ਅਤੇ ਭਾਵੇਂ ਕਿ ਮੇਰਾ ਬਿੱਲ ਵੀ ਪਹਿਲਾਂ ਜਿੰਨਾ ਹੀ ਰਹੇ, ਪਰ ਇੱਕ ਤਸੱਲੀ
ਮੈਨੂੰ ਜ਼ਰੂਰ ਰਹੇਗੀ ਕਿ ਮੈਂ ਉਸ ਸਕਿੰਟ ਲਈ ਪੈਸੇ ਦਿੱਤੇ, ਜਿਸ ਲਈ
ਗੱਲ ਕੀਤੀ।
ਪਤਾ ਨਹੀਂ ਕਿ ਵੱਡੀਆਂ ਕੰਪਨੀਆਂ ਉੱਤੇ ਇਸ ਦਾ ਅਸਰ ਪਵੇਗਾ ਕਿ ਨਹੀਂ,
ਪਰ ਐਨਾ ਜ਼ਰੂਰ ਹੈ ਕਿ ਇਸ ਮੁਕਾਬਲੇ ਦੀ ਵਜ੍ਹਾ ਨਾਲ ਟਰਾਈ ਅਤੇ
ਆਮ ਗਾਹਕਾਂ ਸੋਚਣ ਜ਼ਰੂਰ ਲੱਗੇ ਹਨ। ਜੇ ਦੂਜਿਆਂ ਕੰਪਨੀਆਂ
ਨੇ ਗਾਹਕਾਂ ਪ੍ਰਤੀ ਆਪਣੀ ਬੇਰੁਖੀ ਜਾਰੀ ਰੱਖੀ ਅਤੇ ਇਹ ਸੁਧਾਰ ਨਾ ਕੀਤਾ
ਤਾਂ ਸੰਭਵਾਨਾ ਹੈ ਕਿ ਛੇਤੀ ਹੀ ਹੇਠਲਾ ਉੱਤੇ ਅਤੇ ਉਤਲਾ ਹੇਠਾਂ ਹੋ ਜਾਵੇ।
ਮੈਂ ਤਾਂ ਬਦਲ ਦਿੱਤਾ ਹੈ ਨੰਬਰ ਏਅਰਟੈੱਲ ਤੋਂ ਡੋਕੋਮੋ, ਤੁਸੀਂ ਕਦੋਂ
ਬਦਲ ਰਹੇ ਹੋ?

09 October, 2009

ਨਿਊਕਲੀਅਰ ਬੈਟਰੀਆਂ - ਸਾਡੇ ਭਵਿੱਖ ਦੇ ਊਰਜਾ ਸਰੋਤ

ਮਿੰਨੀ 'ਨਿਊਕਲੀਅਰ ਬੈਟਰੀਆਂ'

ਬੈਟਰੀਆਂ ਬਾਰੇ ਤਾਂ ਤੁਸੀਂ ਜਾਣਦੇ ਹੋ ਹੀ ਹੋਵੋਗੇ,
ਜਿਸ ਵਿੱਚ ਲੈੱਡ ਬੈਟਰੀਆਂ, ਫਿਊਲ ਸੈੱਲ, ਅਤੇ
ਆਮ ਘਰਾਂ ਵਿੱਚ ਉਪਲੱਬਧ ਸੈੱਲ, ਪਰ ਹੁਣ ਛੇਤੀ ਹੀ
ਤੁਹਾਨੂੰ ਆਪਣੇ ਘਰਾਂ ਵਿੱਚ ਵਰਤਣ ਲਈ
ਨਿਊਕਲੀਅਰ ਬੈਟਰੀਆਂ ਮਿਲ ਸਕਦੀਆਂ ਹਨ,
ਅਜਿਹਾ ਹੀ ਕੁਝ ਦਾਅਵਾ ਕਰ ਰਹੇ ਹਨ ਮਿਸੁਰੀ (Missouri)
ਯੂਨੀਵਰਸਿਟੀ ਦੇ ਖੋਜੀ।
ਰੇਡਿਓ ਐਕਟਿਵ ਹੋਣ ਕਰਕੇ ਇਹ ਤੱਤ ਚਾਰਜ ਹੋਈਆਂ
ਤਰੰਗਾਂ (ਜਾਂ ਪਾਰਟੀਕਲ) ਛੱਡਦੇ ਰਹਿੰਦੇ ਹਨ,
ਜਿਸ ਨਾਲ ਬਿਜਲਈ ਕਰੰਟ ਪੈਦਾ ਕੀਤਾ ਜਾ ਸਕਦਾ ਹੈ।
ਇਹ ਨਿਊਕਲੀਅਰ ਬੈਟਰੀਆਂ ਫੌਜੀ ਅਤੇ ਪੁਲਾੜ
ਖੇਤਰਾਂ ਵਿੱਚ ਪਹਿਲਾਂ ਹੀ ਵਰਤੀਆਂ ਜਾਂਦੀਆਂ ਹਨ, ਪਰ
ਘਰਾਂ ਵਿੱਚ ਵਰਤੋਂ ਹਾਲੇ ਦੂਰ ਦੀ ਗੱਲ ਹੈ।
ਅਸਲ ਵਿੱਚ ਇਹ ਬੈਟਰੀਆਂ ਨੂੰ ਵਰਤਣ ਵਾਲੇ ਜੰਤਰਾਂ
ਨੂੰ ਬਣਾਉਣਾ ਹੀ ਖੋਜ ਦਾ ਵਿਸ਼ਾ ਹੈ।
ਨਿਊਕਲੀਅਰ ਬੈਟਰੀਆਂ ਨਾਲ ਸੈਂਕੜੇ ਸਾਲਾਂ ਤੱਕ ਊਰਜਾ
ਦੇ ਸਕਦੀਆਂ ਹਨ। ਇਸੇਕਰਕੇ ਪੁਲਾੜ ਵਿੱਚ ਭੇਜੇ ਜਹਾਜਾਂ
ਵਿੱਚ ਇਹ ਵਰਤੀਆਂ ਜਾਂਦੀਆਂ ਹਨ, ਪਰ ਧਰਤੀ ਉੱਤੇ
ਇਹਨਾਂ ਦੀ ਵਰਤੋਂ ਸੀਮਿਤ ਹੀ ਹੈ ਹਾਲੇ।
ਬਹੁਤੀਆਂ ਨਿਊਕਲੀਅਰ ਬੈਟਰੀਆਂ ਵਿੱਚ ਠੋਸ ਸੈਮੀਕੰਡਕਟਰ
ਵਰਤੇ ਜਾਂਦੇ ਹਨ, ਜਿਸ ਨਾਲ ਪਾਰਟੀਕਲ ਪੈਦਾ ਕੀਤੇ ਜਾਂਦੇ ਹਨ।
ਸਮਾਂ ਲੰਘਣ ਨਾਲ ਇਹ ਤਾਕਤਵਰ ਪਾਰਟੀਕਲ ਸੈਮੀਕੰਡਕਟਰ
ਨੂੰ ਖਰਾਬ ਕਰ ਦਿੰਦੇ ਹਨ।
ਹੁਣ ਜਿੰਨਾ ਚਿਰ ਉਹ ਤੱਤ ਦਾ ਆਈਸੋਟੋਪ ਰੇਡੀਓਐਕਟਿਵ ਰਹੇਗਾ,
ਉਨਾਂ ਚਿਰ ਸੈਮੀਕੰਡਕਟਰ ਨੂੰ ਰੱਖਣ ਲਈ ਇਸ ਨੂੰ ਵੱਡੇ ਆਕਾਰ ਦਾ
ਬਣਾਉਣ ਦੀ ਲੋੜ ਰਹਿੰਦੀ ਹੈ।
ਹੁਣ ਯੂਨੀਵਰਸਿਟੀ ਦੀ ਟੀਮ ਨੇ ਤਰਲ ਸੈਮੀਕੰਡਕਟਰ ਦੀ ਵਰਤੋਂ
ਕਰਕੇ ਪਾਰਟੀਕਲ ਨੂੰ ਲੰਘਾਉਣ 'ਚ ਸਫ਼ਲਤਾ ਪਾ ਲਈ ਹੈ। ਹਾਲਾਂਕਿ
ਨਿਊਕਲੀਅਰ ਬੈਟਰੀਆਂ ਵਿੱਚ ਰੇਡੀਓ ਐਕਟਿਵ ਤੱਤ ਹੋਣ ਕਾਰਨ
ਖਤਰਨਾਕ ਹਨ, ਪਰ ਆਮ ਹਾਲਤਾਂ ਵਿੱਚ ਵਰਤਣ ਲਈ ਇਹ
ਜੰਤਰ ਸੁਰੱਖਿਅਤ ਹਨ।
"ਲੋਕ ਜਦੋਂ ਵੀ 'ਨਿਊਕਲੀਅਰ' ਸ਼ਬਦ ਸੁਣਦੇ ਹਨ ਤਾਂ ਬਹੁਤ
ਹੀ ਖਤਰਨਾਕ ਚੀਜ਼ ਬਾਰੇ ਸੋਚਦੇ ਹਨ" ਡਾ. ਜੋ ਕਹਿੰਦੇ ਹਨ
"ਪਰ, ਨਿਊਕਲੀਅਰ ਊਰਜਾ ਸਰੋਤ ਹੁਣ ਬਹੁਤ ਸਾਰੇ ਜੰਤਰਾਂ
ਨੂੰ ਸੁਰੱਖਿਅਤ ਢੰਗ ਨਾਲ ਊਰਜਾ ਦੇ ਰਹੇ ਹਨ, ਜਿਵੇਂ ਕਿ ਪੇਸਮੇਕਰ,
ਪੁਲਾੜ ਉਪਗ੍ਰਹਿ ਅਤੇ ਪਾਣੀ ਹੇਠਲੇ ਸਿਸਟਮ"

ਪੂਰੀ ਖ਼ਬਰ ਅੰਗਰੇਜ਼ੀ ਵਿੱਚ ਪੜ੍ਹਨ ਲਈ ਵੇਖੋ

08 October, 2009

ਮੋਗਾ - ਫਾਇਬਰ ਓਪਟੈਕਸ ਖੋਜੀ ਦਾ ਘਰ


ਦੁਨਿਆਂ ਵਿੱਚ ਅੱਜ ਜੋ ਵੀ ਇੰਟਰਨੈੱਟ ਅਤੇ ਤੇਜ਼ ਗਤੀ ਨੈੱਟਵਰਕ ਦੀ
ਜਾਨ ਹੈ, ਉਹ ਹੈ ਫਾਇਬਰ ਓਪਟੈਕਸ(Fiber Optics),
ਰੇਸ਼ਿਆਂ 'ਚ ਰੋਸ਼ਨੀ, ਰੇਸ਼ਿਆਂ ਦੀ ਰੋਸ਼ਨੀ ਦਾ ਵਿਗਿਆਨ।
ਤਕਨੀਕੀ ਗਿਆਨ ਰੱਖਣ ਵਾਲੇ ਜਾਣਦੇ ਹੀ ਹੋਣਗੇ ਕਿ ਇਹ ਕੀ
ਚੀਜ਼ ਹੈ, ਮੁੱਢਲੀ ਗੱਲ ਹੈ ਅੱਜ ਦੇ ਸਾਰੇ ਨਹੀਂ ਤਾਂ ਬਹੁਤੇ ਸੰਚਾਰ
ਸਾਧਨਾਂ ਦਾ ਆਧਾਰ ਹੀ ਫਾਇਬਰ ਓਪਟੈਕਸ ਹੈ, ਬਾਕੀ ਰਹਿੰਦੇ
ਸੰਚਾਰ ਦਾ ਇਹ ਬਣ ਜਾਵੇਗਾ।
ਇਹ ਤਾਂ ਹੋਈ ਪ੍ਰੀਭਾਸ਼ਾ ਹੋਈ ਉਹ ਸ਼ਬਦ ਦੀ, ਹੁਣ ਗੱਲ
ਉਹ ਬੰਦੇ ਦੀ, ਜਿਸ ਨੇ ਇਹ ਸ਼ਬਦ ਦਿੱਤਾ, ਉਹ ਹੈ
ਨਰਿੰਦਰ ਸਿੰਘ (Narinder Singh Kapany), ਇੱਕ ਪੰਜਾਬੀ,
ਸਰਦਾਰ, ਜੋ ਕਿ ਮੋਗੇ ਦਾ ਹੈ, ਜਿਸ ਬਾਰੇ ਜਾਣਕਾਰੀ 1999 ਦੇ
ਫੋਰਟਿਊਨ ਮੈਗਜ਼ੀਨ ਨੇ "20 ਸਦੀ ਦੇ ਅਣਗੌਲੇ ਹੀਰੋ" ਵਿੱਚ ਛਪੀ,
ਉਹ 7 ਉਹਨਾਂ ਬੰਦਿਆਂ ਵਿੱਚੋਂ ਸਨ






ਹੁਣ ਦੀ ਤਸਵੀਰ








1959 'ਚ ਲੈਬ ਵਿੱਚ ਕਂਮ ਕਰਦਿਆਂ ਹੋਇਆ ਦੀ ਤਸਵੀਰ










ਆਪਣੀ ਪੜ੍ਹਾਈ ਦੇਹਰਾਦੂਨ ਕਰਨ ਦੇ ਉਪਰੰਤ ਉਹ ਇੰਗਲੈਂਡ ਵਿੱਚ ਖੋਜਾਂ ਕਰਦੇ ਰਹੇ ਅਤੇ ਅਮਰੀਕਾ ਵਿੱਚ ਆਪਣੀਆਂ ਖੋਜਾਂ ਦਾ ਕੰਮ ਜਾਰੀ ਰੱਖਿਆ
1960 ਵਿੱਚ ਉਹਨਾਂ ਦੇ ਅਮਰੀਕੀ ਮੈਗਜ਼ੀਨ ਵਿੱਚ ਪਹਿਲੀ ਵਾਰ ਇਹ ਲਫ਼ਜ਼ (ਫਾਇਬਰ ਓਪਟੈਕਸ)
ਵਰਤਿਆ। ਸ਼ਾਇਦ ਉਹਨਾਂ ਦੀ ਖੋਜ ਦਾ ਮਕਸਦ ਸਰੀਰ ਦੇ ਅੰਦਰ ਦੇਖਣ ਲਈ
ਸਿਸਟਮ ਤਿਆਰ ਕਰਨਾ ਸੀ, ਪਰ ਉਹਨਾਂ ਦੀ ਖੋਜ ਨੂੰ ਮਗਰੋਂ ਕਿਸ ਤਰ੍ਹਾਂ ਵਰਤਿਆ
ਗਿਆ ਅਤੇ ਉਹ ਲੋਕ ਨੋਬਲ ਇਨਾਮ ਜੇਤੂ ਬਣਿਆ, ਜਿਹਨਾਂ ਇਸ ਨੂੰ ਖੋਜ
ਅਧਾਰ ਵਜੋਂ ਵਰਤਿਆ। ਇਸ ਤਰ੍ਹਾਂ ਉਹ ਅਣਗੌਲੇ ਵਿਅਕਤੀ ਵਜੋਂ ਰਹੇ, ਜਿੰਨ੍ਹਾਂ
ਨੇ 20ਵੀ ਸਦੀ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਪਿਆ।

ਖ਼ੈਰ ਮੇਰੇ ਵਲੋਂ ਇਹ ਬੰਦੇ ਦੀ ਮੇਹਨਤ ਅਤੇ ਲਗਨ ਅਤੇ ਉਹ ਇਰਾਦੇ ਨੂੰ ਸਲਾਮ,
ਜਿਸ ਨਾਲ ਉਹ ਅੱਜ ਤੱਕ ਅਣਗੌਲੇ ਰਹਿਣ ਉੱਤੇ ਕੋਈ ਮਲਾਲ ਨਹੀਂ ਕਰਦੇ।

ਹੋਰ ਜਾਣਕਾਰੀ ਲਈ ਵੇਖੋ
ਇੰਟਰਵਿਊ

27 September, 2009

ਕੁਝ ਹਢਾਏ ਪਲ਼ ਦੋ ਵਰ੍ਹਿਆਂ ਤੋਂ ਟੱਪੇ ਬਚਪਨ ਨਾਲ...

ਹੁਣ ਮੋਲੀ ਦੋ ਸਾਲਾਂ ਨੂੰ ਟੱਪ ਚੱਲਿਆ ਹੈ ਅਤੇ ਉਸ ਦੀਆਂ ਹਰਕਤਾਂ
ਨੂੰ ਵੇਖ ਕੇ ਅਚਾਨਕ ਚਿੱਤ ਕਹਿ ਉੱਠਦਾ ਹੈ ਕਿ ਹਾਂ ਇਹ ਤਾਂ ਮੈਂ
ਕਦੇ ਨਹੀਂ ਸੀ ਕਰ ਸਕਦਾ (ਆਪਣੇ ਬਚਪਨ ਵਿੱਚ)...

ਕੁਦਰਤੀ ਤੌਰ ਉੱਤੇ ਮੇਰਾ ਸੁਭਾਅ ਅਜੇਹਾ ਹੈ ਅਤੇ ਕੁਝ ਸੋਚ
ਵਿਕਸਤ ਹੋਈ ਇੰਝ ਦੀ ਹੈ ਕਿ ਮੈਂ ਬੱਚਿਆਂ ਨਾਲ ਆਪਣੇ
ਆਪ ਨੂੰ ਢਾਲ ਨਹੀਂ ਪਾਉਂਦਾ, ਪਰ ਜਿੰਨਾ ਕੁ ਵਰਤਾਰਾ ਉਸ ਨਾਲ
ਮੇਰਾ ਰਿਹਾ ਜਾਂ ਕਹੀਏ ਕਿ ਵਾਹ ਪਿਆ ਹੈ, ਉਹ ਆਲੇ ਦੁਆਲੇ
ਪ੍ਰਤੀ ਕਿੰਨੀ ਤੇਜ਼ੀ ਨਾਲ ਸਿੱਖ ਰਿਹਾ ਹੈ, ਸਮਝਣ ਦੀ ਤਾਕਤ
ਹੈ, ਉਹ ਵੇਖ ਕੇ ਸਿਰ ਚਕਰਾ ਜਾਂਦਾ ਹੈ ਕਿ ਜਦੋਂ ਵੱਡੇ ਹੋਣਗੇ ਤਾਂ
ਇਹ ਕਰਨਗੇ। ਇਹ ਗੱਲ 'ਕੱਲੇ ਅਨਮੋਲ ਦੀ ਨਹੀਂ ਹੈ, ਉਸ ਦੇ
ਹਾਣ ਦੇ ਜੁਆਕ ਸਭ ਬਹੁਤ ਤੇਜ਼ ਨੇ, ਉਸ ਨਾਲੋਂ ਜੋ ਮੈਂ ਆਪਣੇ
ਬਚਪਨ 'ਚ ਵੇਖੇ ਸਨ (ਜਦੋਂ ਤੋਂ ਮੈਂ ਕੁਝ ਹੋਸ਼ ਸੰਭਾਲੀ ਹੈ)।
ਉਹ ਹਾਲੇ ਸਵਾ ਦੋ ਸਾਲ ਦਾ ਹੈ, ਪਰ ਗੱਲਾਂ ਦੇ ਜਵਾਬ ਬੜੇ
ਦੇ ਦਿੰਦਾ ਹੈ, ਜਿਵੇਂ ਕਿ
"ਅਨਮੋਲ ਤੇਰੀ ਬਾਇਕ ਗੰਦੀ ਹੈ"
"ਨਹੀਂ, ਸੋਨੀ"

ਜੇ ਮੈਂ ਤਿਆਰ ਹੋ ਰਿਹਾ ਹੋਵਾ ਤਾਂ ਉਸ ਨੇ ਸਵਾਲ ਹੁੰਦੇ ਹਨ
"ਅਮਨ ਓਫਸ ਜਾਨਾਂ?"
"ਹਾਂ"
"ਕਾਰ ਤੇ?"
"ਹਾਂ"

ਖ਼ੈਰ ਪਿਛਲੀ, (ਜਾਂ ਮੌਜੂਦਾ) ਪੀੜ੍ਹੀ ਤੋਂ ਅੱਗੇ ਹੋਣ ਨਾਲ ਹੀ
ਤਾਂ ਜ਼ਮਾਨਾ ਤਰੱਕੀ ਕਰਦਾ ਹੈ, ਅਤੇ ਇਹ ਬਾਂਦਰ ਤੋਂ
ਇਨਸਾਨ ਦੀ ਕਹਾਣੀ ਦਾ ਨਿਰੰਤਰ ਜੋੜ/ਤੋੜ ਹੈ, ਪਰ
ਕਿਵੇਂ ਵੀ ਹੈ, ਅੱਜਕੱਲ੍ਹ ਦੇ ਬੱਚੇ ਬੜੀ ਤੇਜ਼ੀ ਨਾਲ ਸਿੱਖਦੇ ਹਨ,
ਸਮਝਦੇ ਹਨ, (ਬੇਸ਼ੱਕ ਗੁੱਸੇਖੋਰ ਜਾਂ ਸ਼ਰਾਰਤੀ ਵੀ ਹਨ)।
ਹਾਲੇ ਮੇਰਾ ਬਹੁਤ ਸਾਰਾ ਸਮਾਂ ਉਸ ਦੀਆਂ ਸ਼ਰਾਰਤਾਂ ਅਤੇ
ਇੱਲਤਾਂ ਨੂੰ ਸਮਝਦਿਆਂ ਲੰਘ ਜਾਂਦਾ ਹੈ ਕਿ ਆਖਰ ਉਹ ਕੀ ਕਰਨਾ
ਚਾਹੁੰਦਾ ਹੈ ਅਤੇ ਉਹ ਕਿੰਝ ਸਮਝਾਉਂਦਾ ਹੈ। ਕੁਝ ਚਿਰ
ਪਹਿਲਾਂ ਜਦੋਂ ਉਹ ਬੋਲਣ ਹਾਲੇ ਸਿੱਖਿਆ ਹੀ ਸੀ ਤਾਂ ਉਹ
ਆਪਣੀ ਗੱਲ਼ ਸਮਝਾ ਨਹੀਂ ਸੀ ਸਕਦਾ ਤਾਂ ਉਂਝ ਕਰਕੇ ਵੇਖਾਉਦਾ ਸੀ,
ਜੇ ਰੋਟੀ ਖਾਣੀ ਹੈ ਤਾਂ ਬੁਰਕੀ ਮੂੰਹ 'ਚ ਲੈ ਕੇ ਜਾਣੀ, ਜਾਂ ਦਰਵਾਜੇ ਕੋਲ
ਡੋਲੂ ਲੈ ਕੇ ਖੜ੍ਹਾ ਹੋ ਜਾਣਾ ਆਦਿ, ਪਰ ਹੁਣ ਜਦੋਂ ਉਹ ਬੋਲਣ
ਲੱਗਾ ਹੈ ਤਾਂ ਉਹ ਆਪਣੀ ਗੱਲ਼ ਨੂੰ ਵਾਰ ਵਾਰ ਕਹਿੰਦਾ ਹੈ, ਅਤੇ ਜੇ
ਨਾ ਸਮਝੀਏ ਤਾਂ ਉਂਝ ਹਰਕਤ ਕਰਕੇ ਵੇਖਾਉਂਦਾ ਹੈ, ਖ਼ੈਰ ਉਸ ਦੀ ਮਾਂ
ਤਾਂ ਬਹੁਤਾ ਕੁਝ ਸਮਝ ਹੀ ਜਾਂਦੀ ਹੈ, ਪਰ ਮੈਨੂੰ ਕਦੇ ਕਦੇ ਵਕਤ ਲੱਗ
ਜਾਂਦਾ ਹੈ।
ਜੇ ਤੁਹਾਨੂੰ ਅਜਿਹੇ ਸਮੇਂ ਵਿੱਚ ਲੰਘਣ ਦਾ ਵਕਤ ਮਿਲੇ ਅਤੇ ਤੁਹਾਡੇ
ਕੋਲ ਸਮਾਂ ਹੋਵੇ ਤਾਂ ਤੁਸੀਂ ਉਹਨਾਂ ਦੀਆਂ ਨਿੱਕੀਆਂ-੨ ਹਰਕਤਾਂ ਨੂੰ ਵੇਖਣਾ,
ਉਹਨਾਂ ਨੂੰ ਸਮਝਣ ਦਾ ਜਤਨ ਕਰਨਾ ਕਿ ਉਹ ਕੀ ਕਰਦੇ ਹਨ ਅਤੇ
ਕਿੰਝ ਕਰਦੇ ਹਨ, ਕਿਵੇਂ ਉਹ ਆਪਣੇ ਹੱਥਾਂ ਵਿੱਚ ਚੀਜਾਂ ਦਾ ਕੰਟਰੋਲ ਕਰਨਾ
ਸਿੱੱਖਦੇ ਹਨ, ਕਿਵੇਂ ਉਹ ਵਾਰ ਵਾਰ ਟੱਕਰਾਂ ਮਾਰਦੇ ਹਨ ਅਤੇ ਆਖਰ
ਵਿੱਚ ਉਹ ਸਫ਼ਲ ਰਹਿੰਦੇ ਹਨ ਉਹ ਕਰਨ ਲਈ, ਜੋ ਕਰਨਾ ਚਾਹੁੰਦੇ ਹਨ।
ਇਹ ਸਭ ਤੁਹਾਨੂੰ ਆਪਣੀ ਮੌਜੂਦਾ ਜਿੰਦਗੀ ਜਿਉਣ ਲਈ ਅਤੇ ਸੰਘਰਸ਼
ਲਈ ਪਰੇਰਦੇ ਨਜ਼ਰ ਆਉਣਗੇ, ਕਿੰਨੀ ਵਾਰ ਕਿਸੇ ਸਮੱਸਿਆ ਦਾ ਹੱਲ
ਕੱਢਣ ਦੀ ਬਜਾਏ ਆਪਾਂ ਉਂਲਝ ਅਤੇ ਉਲਝਾ ਲੈਂਦੇ ਹਾਂ, ਪਰ ਬਚਪਨ
ਦੇ ਭੋਲੇਪਨ, ਸਾਦਗੀ ਅਤੇ ਟੱਕਰਾਂ ਮਾਰਨ ਦੀ ਆਦਤ ਸ਼ਾਇਦ ਗੁਆਉਣ
ਕਰਕੇ ਹੀ ਇਹ ਹੁੰਦਾ ਹੋਵੇਗਾ, ਇੱਕ ਵਾਰ ਉਹ ਵਾਰ ਵਾਰ ਕੋਸ਼ਿਸ਼ ਕਰਨ ਅਤੇ
ਹਰ ਅਗਲੀ ਕੋਸ਼ਿਸ਼ ਵਿੱਚ ਪਹਿਲੀ ਗਲਤੀ ਸੁਧਾਰਨ ਦਾ ਜਤਨ ਕਰਕੇ ਵੇਖਿਓ
ਕੀ ਬਣਦਾ ਹੈ...

18 September, 2009

ਬਿਜਲੀ ਬੋਰਡ ਨੂੰ ਮਿਲੀ 3 ਮਹੀਨੇ ਦੀ ਛੋਟ

ਆਖਰ ਕਿਸਾਨ ਮਜ਼ਦੂਰ ਸੰਘਰਸ਼ ਦੇ ਸਿੱਟੇ ਵਜੋਂ ਸੈਂਟਰ ਸਰਕਾਰ
ਅਤੇ ਸੂਬਾ ਸਰਕਾਰ ਦੇ ਕੰਨਾਂ ਉੱਤੇ ਜੂੰ ਸਰਕੀ ਅਤੇ ਉਹਨਾਂ ਨੂੰ
ਬਿਜਲੀ ਬੋਰਡ ਦੇ ਤੋੜਨ ਦੀ ਯੋਜਨਾ ੩ ਮਹੀਨੇ ਲਈ ਟਾਲਣੀ
ਪੈ ਗਈ ਹੈ। ਇਸ ਵਿੱਚ ਵੀ ਉਹ ਹੋਏ ਸ਼ਹੀਦਾਂ ਦਾ ਯੋਗਦਾਨ ਸਭ
ਮਹੱਤਵਪੂਰਨ ਰਿਹਾ, ਜਿਸ ਨਾਲ ਸਰਕਾਰਾਂ ਨੂੰ ਆਪਣੇ ਕੀਤੇ
ਅਤਿਆਚਾਰ ਤੋਂ ਮੂੰਹ ਲਕੋਣ ਲਈ ਥਾਂ ਨਹੀਂ ਮਿਲੀ ਅਤੇ ਅੰਤ
ਇਹ ਸੰਘਰਸ਼ ਨੂੰ ਹੋਰ ਤਿੱਖਾ ਹੋਣ ਤੋਂ ਰੋਕਣ ਦਾ ਇਹੀ
ਢੰਗ ਬਚਿਆ ਸੀ ਸਰਕਾਰ ਕੋਲ। ਜੇ ਇਹ ਨਾ ਕਰਦੀ ਤਾਂ
ਜੱਥੇਬੰਦੀਆਂ ਦੇ ਅਗਲੇ ਉਲੀਕੇ ਪਰੋਗਰਾਮਾਂ ਮੁਤਾਬਕ ਇਸ ਨੂੰ
ਠੱਲ੍ਹ ਪਾਉਣੀ ਔਖੀ ਹੋ ਜਾਣੀ ਸੀ। ਖ਼ੈਰ ਇੱਕ ਵਾਰ
ਸੰਘਰਸ਼ ਟਲ ਗਿਆ, ਪਰ ਉਮੀਦ ਹੈ ਕਿ ਤਿੰਨ ਮਹੀਨਿਆਂ ਬਾਅਦ
ਸਰਕਾਰ ਆਪਣਾ ਰੁੱਖ ਨਹੀਂ ਬਦਲੇਗੀ ਅਤੇ ਕਿਸਾਨ-ਮਜ਼ਦੂਰ
ਯੂਨੀਅਨਾਂ ਵੀ ਆਪਣੇ ਸੰਘਰਸ਼ ਲਈ ਤਿਆਰ ਰਹਿਣਗੀਆਂ

ਮੈਂ ਬਾਗ਼ੀ ਤਬੀਅਤਾਂ ਦਾ ਮਾਲਕ, ਤੇਰੀ ਸੋਚ ਸਰਕਾਰੀ ਏ...