20 December, 2010

ਵਿਕਿਪੀਡਿਆ ਲਈ ਯੋਗਦਾਨ ਦਿਓ...

ਵਿਕਿਪੀਡਿਆ
"ਵਿਕਿਪੀਡਿਆ ਇੱਕ ਬਹੁ-ਭਾਸ਼ਾਈ ਪਰਿਯੋਜਨਾ ਹੈ ਜਿਸ ਵਿੱਚ ਸਾਡੇ ਮੈਂਬਰ ਅਤੇ ਇਸ ਵੈੱਬ-ਸਾਇਟ ਦੇ ਦਰਸ਼ਕ ਹਰ
ਤਰ੍ਹਾਂ ਦੇ ਲੇਖ, ਜੋ ਇੰਟਰਨੈੱਟ ਰਾਹੀਂ ਸਾਰੇ ਪੰਜਾਬੀਆਂ ਲਈ ਲਾਭਦਾਇਕ ਹੋਣ, ਲਿਖ ਸਕਦੇ ਹਨ। ਇਸ ਤਰ੍ਹਾਂ
ਵਿਕਿਪੀਡਿਆ ਇੱਕ ਆਜ਼ਾਦ ਵਿਸ਼ਵਕੋਸ਼ ਦਾ ਕੰਮ ਦੇਵੇਗਾ, ਮਤਲਬ ਕਿ ਇਹ ਰਚਨਾ-ਮਲਕੀਅਤ ਤੋਂ ਮੁਕਤ ਹੋਵੇਗੀ।"

ਦਸ ਸਾਲ ਪੂਰੇ: ਵਿਕਿਪੀਡਿਆ ੧੫/15 ਜਨਵਰੀ ਨੂੰ ਆਪਣੇ ੧੦/10 ਸਾਲ ਪੂਰੇ ਕਰਨ ਜਾ ਰਿਹਾ ਹੈ।
ਇਸ ਸਬੰਧ ਵਿੱਚ ਜੇ ਤੁਸੀਂ ਆਪਣੇ ਖਿੱਤੇ/ਕਾਲਜ/ਸ਼ਹਿਰ/ਪਿੰਡ 'ਚ ਕੋਈ ਲੋਕਾਂ ਨੂੰ ਵਿਕਿਪੀਡਿਆ ਬਾਰੇ ਜਾਣਕਾਰੀ
ਦੇਣੀ ਚਾਹੁੰਦੇ ਹੋ ਤਾਂ ਤੁਸੀਂ ਇਹ ਕਰ ਸਕਦੇ ਹੋ ਅਤੇ ਵਿਕਿਪੀਡਿਆ ਇੰਡੀਆ (ਸਾਈਟ ਹੇਠਾਂ) ਤੋਂ ਹੋਰ ਜਾਣਕਾਰੀ
ਸਮੇਤ ਕੁਝ ਸਮਾਨ ਮੰਗਵਾ ਕੇ ਵੀ ਵੰਡ ਸਕਦੇ ਹੋ।

ਵਿਕਿਪੀਡਿਆ ਦੇ ਦਸ ਸਾਲ ਪੂਰੇ ਹੋਣ ਉੱਤੇ ਹੋਣ ਵਾਲੇ ਜਸ਼ਨ

ਭਾਰਤੀ ਸਾਈਟ: ਵਿਕਿਪੀਡਿਆ ਨੇ ਭਾਰਤ ਦੀ ਵੈੱਬਸਾਈਟ ਸ਼ੁਰੂ ਕੀਤੀ ਹੈ, ਜਿੱਥੇ ਵੱਖ ਵੱਖ ਭਾਸ਼ਾਵਾਂ ਤੋਂ
ਇਲਾਵਾ ਲੋਕਲ ਗਰੁੱਪ ਬਾਰੇ ਜਾਣਕਾਰੀ ਵੀ ਹੈ। ਤੁਸੀਂ ਇੱਥੇ ਵੱਖ ਵੱਖ ਟੀਮਾਂ ਤੇ ਹੋਣ ਵਾਲੇ ਜਲਸਿਆਂ/ਸਮਾਗਮਾਂ
ਬਾਰੇ ਜਾਣਕਾਰੀ ਲੈ ਸਕਦੇ ਹੋ।

ਵਿਕਿਮੀਡਿਆ ਭਾਰਤ

ਤੁਹਾਡਾ ਸਹਿਯੋਗ: ਵਿਕਿਪੀਡਿਆ ਪੰਜਾਬ 'ਚ ਨਿਯਮਤ ਰੂਪ 'ਚ ਵਿਕਿ ਮੀਟਿੰਗ ਕਰਵਾਉਣ ਲਈ ਵਲੰਟੀਅਰ
ਲੱਭ ਰਿਹਾ ਹੈ। ਜੇ ਤੁਸੀਂ ਆਪਣੇ ਸ਼ਹਿਰ/ਪਿੰਡ/ਯੂਨੀਵਰਸਿਟੀ/ਕਾਲ 'ਚ ਕੁਝ ਅਜਿਹਾ ਕਰਨਾ ਚਾਹੁੰਦੇ ਹੋ ਤਾਂ
ਵਿਕਿਪੀਡਿਆ
ਨਾਲ ਸੰਪਰਕ ਸਕਦੇ ਹੋ।

ਪੰਜਾਬੀ ਲਈ ਮੇਲਿੰਗ ਲਿਸਟ (ਵਿਕਿਪੀਡਿਆ ਵਾਸਤੇ) ਬਣਾਉਣ ਦੀ ਕੋਸ਼ਿਸ਼ ਜਾਰੀ ਹੈ।

ਹੋਰ ਕੋਈ ਵੀ ਸਹਿਯੋਗ ਕਰਨਾ ਚਾਹੁੰਦਾ ਹੋਵੇ ਤੇ ਮੱਦਦ ਦੀ ਲੋੜ ਹੋਵੇ ਤਾਂ ਪੰਜਾਬੀ ਟੀਮ ਨਾਲ ਸੰਪਰਕ ਇੱਥੇ
ਕਰ ਸਕਦੇ ਹੋ।

08 December, 2010

ਇੰਟਰਨੈੱਟ - ਲੋਕਤੰਤਰ ਦਾ ਪੰਜਵਾਂ ਥੰਮ (ਵਿਕਿਲੀਕਸ)...

(ਪ੍ਰੈਸ ਵਲੋਂ ਲੋਕਤੰਤਰ ਵਿੱਚ ਆਪਣੀ ਭੂਮਿਕਾ ਨਾ ਅਦਾ ਕਰਕੇ ਬਾਕੀ ਤਿੰਨ ਥੰਮਾਂ ਨਾਲ 'ਸੌਦੇਬਾਜ਼ੀ' ਦੇ ਚੱਕਰਾਂ ਪੈ ਜਾਣ ਕਰਕੇ, ਇੰਟਰਨੈੱਟ ਉੱਤੇ ਪ੍ਰੈਸ ਦੀ ਨਵੀਂ ਭੂਮਿਕਾ ਕਹਿਣ ਦੀ ਬਜਾਏ ਇਸ ਨੂੰ ਪੰਜਵਾਂ ਥੰਮ ਹੀ ਕਹਿ ਲਿਆ ਜਾਵੇ ਤਾਂ ਚੰਗਾ ਹੈ।)


ਵਿਕਿਲੀਕਸ, ਜੋ ਅਮਰੀਕਾ ਦਾ ਚੇਹਰਾ ਬੇਨਿਕਾਬ ਕਰਨ ਲੱਗਾ ਹੈ, ਇੰਟਰਨੈੱਟ ਦੀ ਦੁਨੀਆਂ 'ਚ ਆਪਣੇ ਆਪ 'ਚ ਨਵਾਂ ਇਨਕਲਾਬ ਹੈ। ਇਹ ਵੈੱਬਸਾਈਟ ਆਪਣੀ ਸਾਈਟ ਉੱਤੇ ਬੇਸ਼ੁਮਾਰ ਡੌਕੂਮੈਂਟ ਉਪਲੱਬਧ ਕਰਵਾ ਰਹੀ ਹੈ, ਜੋ ਅਮਰੀਕਾ ਸਮੇਤ ਕਈ ਦੇਸ਼ਾਂ ਨਾਲ ਸਬੰਧਿਤ ਹਨ, ਜਿਸ ਵਿੱਚ ਅਮਰੀਕਾ ਤੇ ਰਾਜਦੂਤ (ਅਤੇ ਹੋਰ ਲੋਕ) ਵਲੋਂ ਦੂਜੇ ਦੇਸ਼ਾਂ ਵੱਲ ਕੀਤੀਆਂ ਬੇਹੁਦਾ ਟਿੱਪਣੀਆਂ ਵੀ ਸ਼ਾਮਲ ਹਨ। ਇਹ ਟੀਮ ਦਾਅਵਾ ਕਰਦੀ ਹੈ ਕਿ ਕਿਸੇ ਵਲੋਂ ਵੀ ਦਿੱਤੀ ਜਾਣਕਾਰੀ ਪੂਰੀ ਤਰ੍ਹਾਂ ਇੰਕ੍ਰਿਪਟ ਕੀਤੀ ਹੋਈ ਅਤੇ ਗੁਪਤ ਰੱਖੀ ਜਾਵੇਗੀ। ਕਈ ਅਖ਼ਬਾਰਾਂ ਤੇ ਪੱਤਰਕਾਰਾਂ ਨੇ ਇਸ ਦੇ ਸਹਿਯੋਗ ਦਾ ਐਲਾਨ ਕੀਤਾ ਹੈ।

ਅਮਰੀਕਾ ਆਪਣੀ ਹੋਈ ਕਿਰਕਰੀ ਤੋਂ ਐਨਾ ਹਰਫਲਿਆ ਹੋਇਆ ਹੈ ਕਿ ਉਸ ਨੇ ਇਸ ਨੂੰ ਰੋਕਣ ਲਈ ਬਹੁਤ ਸਾਰੇ ਸਰਕਾਰੀ ਤੇ ਗੈਰ-ਸਰਕਾਰੀ ਜਤਨ ਸ਼ੁਰੂ ਕੀਤੇ ਹਨ, ਜਿਸ ਵਿੱਚ ਵਿਕਿਲੀਕਸ ਨਾਲ ਕਾਰੋਬਾਰ ਕਰਨ ਤੇ ਪੈਸੇ ਦਾ ਲੈਣ ਦੇਣ ਕਰਨ ਵਾਲੀਆਂ ਕੰਪਨੀਆਂ ਨੂੰ ਘੁਰਕੀ ਦੇਣਾ (ਜਿਸ ਤਹਿਤ ਮਾਸਟਰਕਾਰਡ, ਵੀਜ਼ਾ, ਪੇਪਾਲ ਨੇ ਲੈਣ ਦੇਣ ਬੰਦ ਕਰ ਦਿੱਤਾ ਹੈ), ਬੈਂਕ ਵਲੋਂ ਅਕਾਊਂਟ ਬੰਦ ਕਰਨਾ, ਸਰੀਰਕ ਛੇੜਛਾੜ ਦਾ ਕੇਸ, ਵੈੱਬ ਸਾਈਟ ਉੱਤੇ ਸਾਈਬਰ ਹਮਲੇ ਕਰਵਾਉਣੇ ਵੀ ਸ਼ਾਮਲ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਸੈਕਟਰੀ ਵਲੋਂ ਤਾਂ ਇਸ ਨੂੰ ਮਾਰਨ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਮੈਨੂੰ ਇਹ ਰੋਜ਼ਾਨਾ ਦੇ ਵਿਚਾਰ ਪੜ੍ਹਦਿਆ ਲੱਗਾ ਕਿ ਇਹ 'ਤਰੱਕੀਸ਼ੁਦਾ' ਦੇਸ਼ਾਂ ਵਿੱਚ ਵੀ ਤਰੱਕੀ ਜਾਂ ਆਜ਼ਾਦੀ ਦਾ ਦਾਅਵਾ ਬਹੁਤਾ ਵੇਖਾਵਾ ਭਰ ਹੈ, ਜਦੋਂ ਕਿ ਅਸਲੀਅਤ 'ਚ ਡੌਕੂਮੈਂਟ ਲੀਕ ਹੋਣ ਕਰਕੇ ਇਹ ਦੇਸ਼ ਹੱਥਾਂ-ਪੈਰਾਂ 'ਚ ਆ ਗਏ ਅਤੇ ਇੱਕ ਸਿੱਖ ਲੀਡਰ ਵਲੋਂ ਇੱਕ ਡੇਰਾ ਦੇ ਪ੍ਰਧਾਨ ਦਾ ਸਿਰ ਵੱਢ ਕੇ ਲਿਆਉਣ ਵਾਲੇ ਨੂੰ ਇਨਾਮ ਦੇਣ ਜਾਂ ਮੁੱਲ੍ਹਾਂਵਾਂ ਵਲੋਂ ਦਿੱਤੇ ਮੁਹੰਮਦ ਸਾਹਿਬ ਦਾ ਕਾਰਟੂਨ ਬਣਾਉਣ ਵਾਲੇ ਦੇ ਸਿਰ ਕਲਮ ਦੇ ਐਲਾਨ ਦੇ ਜਮ੍ਹਾਂ ਬਰਾਬਰ ਖੜ੍ਹੇ ਜਾਪਦੇ ਹਨ (ਭਾਵੇਂ ਕਿ ਮੈਂ ਪ੍ਰੈਸ ਦੀ ਆਜ਼ਾਦੀ ਦੇ ਹੱਕ 'ਚ ਹਾਂ, ਪਰ ਜਿਹੜਾ ਕਿਸੇ ਧਰਮ ਬਾਰੇ ਮਾੜੇ ਵਿਚਾਰ ਛਾਪੇ ਤਾਂ ਅਜਿਹੀ ਆਜ਼ਾਦੀ ਦੇ ਨਾਲ ਨਹੀਂ। ਇਹੀ ਸਮਝ ਨੀ ਆਉਂਦਾ ਕਿ ਅਸਲ 'ਚ ਉਦੋਂ ਇਹੀ ਮੁਲਕ ਪ੍ਰੈਸ ਦੀ ਆਜ਼ਾਦੀ ਦੇ ਦਮਗਜੇ ਮਰਦੇ ਸੀ, ਹੁਣ ਪ੍ਰੈਸ ਦੀ ਆਜ਼ਾਦੀ ਕਿਧਰ ਗਈ।)

ਇਰਾਕ ਦੀ ਵਿਡੀਓ [1] ਕਿ ਕਿਵੇਂ ਅਮਰੀਕੀ ਹੈਲੀਕਪਟਰ (2007 ਵਿੱਚ) 'ਚ ਸਵਾਰ ਫੌਜੀ ਇਰਾਕੀਆਂ ਨੂੰ ਕੁੱਤੇ ਬਿੱਲੀਆਂ ਤੋਂ ਵੱਧ ਕੁਝ ਨੀਂ ਸਮਝਦੇ ਅਤੇ ਵਿਡੀਓ ਗੇਮ ਵਿੱਚ ਮਾਰਨ ਵਾਂਗ ਭਰੋਸਾ ਭਰ ਵੀ ਨਹੀਂ ਸੋਚਦੇ। '9 ਤੋਂ 5' [2]  ਲੜਨ ਵਾਲੇ ਸਿਪਾਹੀ ਸ਼ਾਇਦ ਆਪਣੀ ਅਮਰੀਕੀ ਜਨਤਾ ਨੂੰ ਖੁਸ਼ ਕਰਨ ਲਈ ਕਈ ਦਾਅਵੇ ਕਰਦੇ ਹੋਣ, ਪਰ ਇਹ ਵਿਡੀਓ ਉਨ੍ਹਾਂ ਸਭ ਨੂੰ ਵੇਖਣੀ ਤੇ ਸਮਝਣੀ ਚਾਹੀਦੀ ਹੈ, ਜੋ ਆਪਣੇ '9 ਤੋਂ 5' ਆਲੇ ਫੌਜੀਆਂ ਲਈ ਪੈਸੇ ਦਿੰਦੇ ਹਨ ਅਤੇ ਅਮਰੀਕੀਆਂ ਤੋਂ ਬਿਨਾਂ ਸਭ ਨੂੰ (ਆਮ ਬੰਦਿਆਂ ਤੇ ਅੱਤਵਾਦੀਆਂ ਨੂੰ) ਵਿਡੀਓ ਗੇਮ ਦੇ ਕਰੈਕਟਰ ਤੋਂ  ਵੱਧ ਕੁਝ ਨੀਂ ਸਮਝਦੇ।


 ਉਮੀਦ ਹੈ ਕਿ ਇਹ ਮੁਹਿੰਮ ਰੁਕਦੀ ਨਹੀਂ, ਕਿਉਂਕਿ ਟੋਰੈਂਟ, ਅਤੇ ਡੀਸੈਂਟਰਲਾਈਜਡ ਕੰਮ ਹੋਣ ਕਰਕੇ ਇਹ ਸਭ ਸੰਭਵਾਨਾ ਹੈ ਕਿ ਅਮਰੀਕਾ ਤੇ ਜੁੰਡੀ ਦੇ ਯਾਰ ਇਹ ਖਤਮ ਨਹੀਂ ਕਰ ਸਕਣਗੇ। ਬੀਬੀਸੀ ਦੇ ਸਾਈਟ ਨੇ ਤਾਂ ਇੰਟਰਨੈੱਟ ਨੂੰ ਭਸਮਾਸੁਰ ਦਾ ਨਾਂ ਦਿੱਤਾ ਹੈ, ਜੋ ਅਮਰੀਕਾ ਦੀ ਤਾਕਤ ਹੋਣ ਦੇ ਨਾਲ ਨਾਲ ਉਸ ਦੇ ਗਲ਼ੇ ਦੀ ਹੀ ਹੱਡੀ ਬਣਦਾ ਜਾਪਦਾ ਹੈ (ਪਹਿਲਾਂ ਗਲੋਬਲਾਈਜੇਸ਼ਨ ਦੇ ਜਿੰਨ ਨੇ ਵੀ ਅਮਰੀਕਾ ਨੂੰ ਤੰਗ ਕਰ ਛੱਡਿਆ ਹੈ)।

 ਮੈਂ ਅਮਰੀਕਾ ਲਈ ਹੀ ਨਹੀਂ, ਭਾਰਤ ਸਰਕਾਰ ਦੇ ਕਈ 'ਗੁਪਤ' ਕਦਮਾਂ ਬਾਰੇ ਜਾਣਨਾ ਚਾਹੁੰਦਾ ਹਾਂ, ਅਤੇ ਉਮੀਦ ਕਰਦਾ ਹਾਂ ਕਿ ਜਿਸ ਤਰ੍ਹਾਂ ਵਿਕਿਲੀਕਸ ਨੇ ਅਮਰੀਕਾ ਦੇ ਪੋਤੜੇ ਫੋਲੇ ਹਨ, ਭਾਰਤੀ ਸਰਕਾਰਾਂ ਦੇ ਕਾਲੇ ਕਾਰਨਾਮੇ ਸਾਹਮਣੇ ਆਉਣੇ ਚਾਹੀਦੇ ਹਨ (ਤੇ ਅੱਜ ਨਾ ਭਲਕ ਆ ਵੀ ਜਾਣਗੇ), ਜਿਸ ਵਿੱਚ ਅਰਬਾਂ-ਖ਼ਰਬਾਂ ਦੇ ਘਪਲੇ, ਧਰਮ ਦੇ ਨਾਂ ਉੱਤੇ ਕੀਤੇ ਸਰਕਾਰੀ ਕਤਲ (ਦਿੱਲੀ ਹੋਵੇ ਜਾਂ ਗੁਜਰਾਤ), ਕੇ.ਪੀ.ਐਸ. ਗਿੱਲ ਵਰਗੇ ਬੁੱਚੜਾਂ ਵਲੋਂ ਕੀਤੇ ਫਰਜ਼ੀ ਕਤਲਾਂ ਦਾ ਕੱਚਾ ਚਿੱਠਾ। ਭਾਵੇਂ ਹਾਲੇ ਇਹ ਔਖਾ ਲੱਗੇ, ਪਰ ਇਹ ਪੱਕਾ ਹੋ ਗਿਆ ਹੈ ਕਿ ਜੇ ਬੰਦਾ ਚਾਹੇ ਤਾਂ ਸਭ ਕੁਝ ਕੀਤਾ ਜਾ ਸਕਦਾ ਹੈ ਅਤੇ ਇੰਟਰਨੈੱਟ ਨੂੰ ਸੈਂਸਰ ਕਰਨਾ ਅਮਰੀਕਾ ਵਰਗੇ ਮੁਲਕ ਲਈ ਵੀ ਸੌਖਾ ਨਹੀਂ ਹੈ।

ਹੈਰਾਨੀ ਦੀ ਗੱਲ ਹੈ ਕਿ ਇਹ ਉਹੀ ਅਮਰੀਕਾ ਹੈ, ਜੋ ਕਿ ਚੀਨ ਦੀ ਮੀਡਿਆ ਸੈਂਸਰਸ਼ਿਪ ਦਾ ਵਿਰੋਧ ਕਰਦਾ ਹੈ, ਅਤੇ ਹੁਣ ਜਦ ਖੁਦ ਦੇ ਸਾਹਮਣੇ ਮਸਲਾ ਆਇਆ ਤਾਂ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵੀ ਬਾਜ਼ ਨਹੀਂ ਆਉਂਦਾ ਜਾਪਦਾ।

ਫੇਰ ਵੀ ਬਾਹਰਲੀ ਪ੍ਰੈਸ ਬਾਰੇ ਪੜ੍ਹ ਕੇ ਸੁਣ ਕੇ ਲੱਗਦਾ ਹੈ ਕਿ ਕੁਝ ਕੁ ਈਮਾਨ ਤਾਂ ਉਨ੍ਹਾਂ ਲੋਕਾਂ ਦਾ ਜਿਉਂਦਾ ਹੈ, ਜੇ ਇਸ ਦੇ ਮੁਕਾਬਲੇ ਭਾਰਤ ਦੀ ਪ੍ਰੈਸ ਦੀ ਗੱਲ ਕਰੀਏ ਤਾਂ ਪਿਛਲੇ ਦਿਨੀ ਸੁਰਖੀਆਂ 'ਚ ਆਇਆਂ 'ਪ੍ਰੈਸ ਵਾਲੇ ਦਲਾਲਾਂ' ਮਸਲਾ ਅਖ਼ਬਾਰਾਂ 'ਚ ਗਧੇ ਦੇ ਸਿਰ ਤੋਂ ਸਿੰਗ ਗੁਆਚਣ ਵਾਂਗ ਗੁਆਚ ਹੀ ਗਿਆ

ਪਰ ਸਰਕਾਰੋਂ ਹੁਣ ਵੇਲੇ ਬਦਲ ਗਿਆ, ਇਹ ਗੱਲ ਯਾਦ ਰੱਖਿਓ, ਅੱਜ ਨਾ ਭਲਕੇ, ਸਭ ਕੁਝ ਸਾਹਮਣੇ ਆਉਣਾ ਹੀ ਹੈ,  ਲੋਕਾਂ ਜਾਣਨਾ ਚਾਹੁੰਦੇ ਹਨ ਕਿ ਲੱਖਾਂ ਦੇ ਘਪਲੇ ਕਿਵੇਂ ਹੁੰਦੇ ਹਨ, ਟੈਕਸਾਂ ਦੇ ਕਰੋੜਾਂ ਰੁਪਏ ਕਿਧਰ ਖਰਚੇ, ਪੱਤਰਕਾਰ ਕਿਵੇਂ ਵੱਡੇ ਵੱਡੇ ਸਨਅਤੀ ਘਰਾਣਿਆਂ ਦੇ ਦਲਾਲ  ('ਦੱ..' ਸ਼ਬਦ ਮੈਂ ਚਾਹੁੰਦਾ ਹੋਇਆ ਵੀ ਵਰਤ ਨਾ ਸਕਿਆ) ਬਣ ਗਏ, ਕਿਵੇਂ ਗਰੀਬਾਂ ਦਾ ਖੂਨ ਪੀਤਾ, ਕਿਵੇਂ ਨਿਰਦੋਸ਼ ਲੋਕ ਮਾਰੇ, ਗਾਂਧੀਗਿਰੀ ਕਰਦੇ ਸੰਘਰਸ਼ਸ਼ੀਲ ਲੋਕ ਗੁੰਡਿਆਂ ਤੋਂ ਮਰਵਾਏ।

ਹੁਣ ਸਰਕਾਰਾਂ ਵਲੋਂ ਮਸਲਿਆਂ ਉੱਤੇ ਪਰਦੇ ਪਾਉਣੇ ਓਨ੍ਹਾਂ ਸੌਖੇ ਨਹੀਂ ਰਹਿਣਗੇ, ਗੁਪਤ ਹੋਣ ਦਾ ਕੀ ਅਰਥ ਹੈ? ਜੇ ਤੁਸੀਂ  ਕਿਸੇ ਦੇਸ਼ ਨੂੰ ਬਰਬਾਦ ਕਰਨ ਦੀਆਂ ਗੋਂਦਾਂ ਗੁੰਦੋ ਤਾਂ ਉਹ ਗੁਪਤ ਹਨ, ਉਹ ਪ੍ਰਾਈਵੇਟ ਹਨ, ਜੇ ਮੈਂ ਕਿਸੇ ਦੇ ਕਤਲ ਕਰਨ ਬਾਰੇ ਕਿਸੇ ਨਾਲ ਸਲਾਹ ਕਰਾਂ ਤਾਂ ਕਿ ਇਹ ਮੇਰਾ ਨਿੱਜੀ ਮਸਲਾ ਹੈ, ਸਮਾਜ ਦਾ ਨਹੀਂ??

ਖ਼ੈਰ ਵਿਕਿਲੀਕਸ ਨੇ ਅਜਿਹੀ ਪਰਤ ਪਾਈ ਹੈ, ਜੋ ਕਿ ਲੋਕਤੰਤਰ ਦੇ ਮੋਢੀ ਕਹਾਉਂਦੇ ਮੁਲਕਾਂ ਦੇ ਚਿਹਰੇ ਨੰਗੇ ਕਰ ਗਈ, ਇਹ ਹੀ ਇੰਟਰਨੈੱਟ ਦਾ ਅਸਲ ਭਵਿੱਖ ਹੈ, ਇਹ ਹੀ ਪ੍ਰੈਸ ਦਾ ਭਵਿੱਖ ਹੈ, ਇਹੀ ਲੋਕਤੰਤਰ ਦਾ ਉਹ ਰੂਪ ਹੈ, ਜੋ ਇੰਟਰਨੈੱਟ ਦੇ ਜੁੱਗ 'ਚ ਹੋਣਾ ਚਾਹੀਦਾ ਹੈ ਅਤੇ ਹੋਵੇਗਾ।

ਜੇ ਵਿਕਿਲੀਕਸ ਬਾਰੇ ਤਾਜ਼ਾ ਜਾਣਕਾਰੀ ਲੈਣੀ ਹੋਵੇ ਤਾਂ:

http://twitter.com/#!/wikileaks

(ਇਹ ਸਾਈਟ ਤੋਂ ਤਾਜ਼ਾ ਲਿੰਕ ਲਵੋ, ਉਸ ਉੱਤੇ ਮਿੱਰਰ ਵੇਖੋ ਅਤੇ ਉੱਥੋਂ ਮਿੱਰਰ ਰਾਹੀਂ ਤੁਸੀਂ ਜਾਣਕਾਰੀ ਲੈ ਸਕਦੇ ਹੋ)

ਵਿਕਿਲੀਕਸ ਵਲੋਂ ਜਾਰੀ ਕੀਤੀ ਜਾਣਕਾਰੀ ਦੀਆਂ ਸੁਰਖੀਆਂ (ਅੰਗਰੇਜ਼ੀ 'ਚ): http://www.bbc.co.uk/news/world-us-canada-11914040

ਵਿਕਿਲੀਕਸ ਬਾਰੇ ਅੰਗਰੇਜ਼ੀ ਵਿੱਚ ਜਾਣਕਾਰੀ ਲੈਣ ਲਈ ਪੜ੍ਹੋ: http://www.bbc.co.uk/news/technology-10757263

ਇੱਕ ਪੱਤਰਕਾਰ ਦੇ ਜੁਬਾਨੀ: "ਇਹ ਲੋਕਾਂ ਤੇ ਸਰਕਾਰ ਵਿੱਚ ਆਪਸੀ ਜੰਗ ਦੀ ਸ਼ੁਰੂਆਤ ਹੈ।"
ਵਿਕਿਲੀਕਸ ਵੀ ਟਵਿੱਟਰ ਉੱਤੇ ਆਖਦਾ ਹੈ: "We open governments."

[1]  Video: Collateral Murder

 (ਇਹ ਵਿਡੀਓ ਤਾਂ ਬਾਹਰ ਆ ਸਕੀ ਕਿਉਂਕਿ ਇਹ 'ਚ ਪ੍ਰੈਸ ਦੇ ਬੰਦੇ ਮਾਰੇ ਗਏ, ਹੁਣ ਤੁਸੀਂ ਸੋਚ ਸਕਦੇ ਹੋ ਕਿ ਅਜਿਹੇ ਅਣਜਾਣੇ 'ਚ ਮਾਰੇ ਗਏ ਲੋਕਾਂ ਦੀ ਗਿਣਤੀ ਕਿੰਨੀ ਕੁ ਹੋ ਸਕਦੀ ਹੈ)   

[2] 9 ਤੋਂ 5 ਦਾ ਮਤਲਬ ਕਿ "ਪ੍ਰੋਫੈਸ਼ਨ ਨੌਕਰੀ" ਪੇਸ਼ਾ ਸਿਪਾਹੀ, ਜਿਹੜੇ 9 ਵਜੇ ਡਿਊਟੀ ਉੱਤੇ ਲੜਨ ਜਾਂਦੇ ਹਨ, 5 ਵਜੇ ਆਥਣੇ ਵਾਪਸ
ਆ ਜਾਂਦੇ ਹਨ, ਪੰਜਾਬੀ 'ਚ ਸ਼ਾਇਦ 'ਭਾੜੇ ਦੇ ਸਿਪਾਹੀ' ਵੀ ਕਹਿ ਸਕਦੇ ਹਾਂ। ਇਹਨਾਂ ਨੂੰ ਦਿਨ 'ਚ ਹਰੇਕ ਘੰਟੇ ਬਾਅਦ ਬਰੇਕ, ਲੰਚ
ਬਰੇਕ, ਅਤੇ ਕੋਕ, ਪੈਪਸੀ, ਬਰਗਰ ਪੀਜ਼ੇ, ਜੰਗ-ਏ-ਮੈਦਾਨ 'ਚ ਚਾਹੀਦੇ ਹਨ। ਇਹਨਾਂ ਲਈ ਲੜਾਈ ਇੱਕ ਕੰਮ ਹੈ, ਧੰਦਾ ਹੈ, ਇਸੇ
ਕਰਕੇ ਇਹ ਵੀਅਤਨਾਮ 'ਚ ਹਾਰੇ, ਇਰਾਕ 'ਚ ਵੀ ਜਿੱਤੇ ਨਹੀਂ, ਅਤੇ ਅਫਗਾਨਸਤਾਨ 'ਚ ਵੀ ਹਾਰ ਦੇ ਕਿਨਾਰੇ ਹਨ। ਜੇ ਇਹ ਸਦੀ
ਦਾ ਇਤਿਹਾਸ ਪੜ੍ਹਿਆ ਜਾਵੇ ਤਾਂ ਪਤਾ ਲੱਗੇਗਾ ਕਿ ਏਸ਼ੀਆਈ ਲੋਕਾਂ ਲਈ ਲੜਾਈ ਇੱਕ ਜਨੂੰਨ ਹੈ, ਜੰਗ ਕੋਈ ਕੰਮ ਨਹੀਂ, ਧੰਦਾ ਨਹੀਂ,
ਫੌਜ ਦੀ ਨੌਕਰੀ ਜ਼ਰੂਰ ਹੈ, ਪਰ ਜਦੋਂ ਜੰਗ ਲੱਗੇ ਤਾਂ ਇਹ ਧੰਦਾ ਨਹੀਂ, ਮਰਨ-ਮਾਰਨ ਦਾ ਅਜਿਹਾ ਸਿਲਸਿਲਾ ਹੈ, ਜਿਸ 'ਚ ਜਿੱਤੇ ਹਾਰ ਬਿਨਾਂ
ਹੋਰ ਕਈ ਗੱਲ ਨਹੀਂ ਔੜਦੀ। ਜੰਗ ਕਦੇ ਗਿਣਤੀ, ਹਥਿਆਰਾਂ ਨਾਲ ਨਹੀਂ ਨਹੀਂ ਜਿੱਤੀ ਜਾਂਦੀ।

23 October, 2010

ਸਿਡਰ (Cedar) ਮੋਬਾਇਲ ਪੰਜਾਬੀ ਵਿੱਚ...

ਸੋਨੀ ਐਰਿਕਸਨ ਨੇ ਪਹਿਲਾਂ ਮੋਬਾਇਲ ਫੋਨ ਭਾਰਤੀ ਭਾਸ਼ਾਵਾਂ ਵਿੱਚ ਜਾਰੀ ਕੀਤਾ ਹੈ,
ਸਿਡਰ, ਜਿਸ ਵਿੱਚ ਪੰਜਾਬੀ ਲਈ ਸਹਿਯੋਗ ਹੈ। ਇਸ ਦਾ ਪੂਰਾ ਇੰਟਰਫੇਸ ਪੰਜਾਬੀ ਵਿੱਚ


ਉਪਲੱਬਧ ਹੈ, (ਜੋ ਕਿ ਯੂਨੀਕੋਡ ਵਿੱਚ ਹੈ), ਤੁਸੀਂ ਪੰਜਾਬੀ ਵਿੱਚ SMS
ਵੇਖ ਸਕਦੇ ਹੋ, ਵੈੱਬਸਾਈਟ ਵੇਖ ਸਕਦੇ ਹੋ, ਜੋ ਕਿ ਯੂਨੀਕੋਡ ਵਿੱਚ ਸਹਾਇਕ
ਹੋਣ ਕਰਕੇ ਸੰਭਵ ਹੈ। ਕਮੀ ਸਿਰਫ਼ ਇੱਕ ਹੀ ਰਹਿ ਗਈ ਕਿ ਤੁਸੀਂ ਇੰਪੁੱਟ
ਪੰਜਾਬੀ ਵਿੱਚ ਨਹੀਂ ਕਰ ਸਕੋਗੇ, ਇਹ ਅਜਿਹੀ ਕਮੀ ਹੈ, ਜਿਸ ਨੂੰ
ਦੂਰ ਕਰਨ ਲਈ ਸੋਨੀ ਨੂੰ ਉਪਰਾਲਾ ਕਰਨਾ ਚਾਹੀਦਾ ਹੈ। (ਪਰ ਸ਼ਾਇਦ
ਗਾਹਕਾਂ ਦੇ ਕਹਿਣ ਦਾ ਅਸਰ ਪੈ ਜਾਵੇ, ਇਸਕਰਕੇ ਜੇ ਕੋਈ ਇਹ
ਮੋਬਾਇਲ ਫੋਨ ਖਰੀਦ ਲਵੇ ਤਾਂ ਸੋਨੀ ਨੂੰ ਫੋਨ ਕਰਕੇ ਪੁੱਛ ਜ਼ਰੂਰ ਲਵੇ
ਕਿ ਇੰਪੁੱਟ ਕਦੋਂ ਚਾਲੂ ਹੋਵੇਗੀ)

ਖ਼ੈਰ ਮੈਂ ਇਸ ਨੂੰ ਕੁਝ ਕੁ ਦਿਨ ਵਰਤਿਆ ਹੈ ਅਤੇ ਕੁੱਲ ਮਿਲਾ ਕੇ
ਪੰਜਾਬੀ ਦਾ ਅਨੁਵਾਦ ਚੰਗਾ ਹੈ, ਸਭ ਤੋਂ ਪਹਿਲਾਂ ਤਾਂ ਸੋਨੀ ਐਰਿਕਸਨ
ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਪਹਿਲਾਂ ਯੂਨੀਕੋਡ ਅਧਾਰਿਤ ਮੋਬਾਇਲ
ਫੋਨ ਪੰਜਾਬੀ 'ਚ ਜਾਰੀ ਕੀਤਾ (ਤੇ ਨੋਕੀਆ ਨੂੰ ਸ਼ਰਮ ਆਉਣੀ ਚਾਹੀਦੀ ਹੈ
ਕਿ ਉਸ ਨੇ ਹਾਲੇ ਤੱਕ ਹਿੰਦੀ 'ਚ ਇੱਕ ਵੀ ਅਜਿਹਾ ਫੋਨ ਜਾਰੀ ਨਹੀਂ ਕੀਤਾ
(ਯੂਨੀਕੋਡ ਵਿੱਚ)।

ਖ਼ੈਰ ਬਾਕੀ ਜਿੱਥੋਂ ਤੱਕ ਪੜਚੋਲ ਦੀ ਗੱਲ ਹੈ, ਉਸਇਹ ਠੀਕ-ਠਾਕ
ਅਨੁਵਾਦ ਕੀਤਾ ਹੈ, ਕੁਝ ਸ਼ਬਦ ਪੰਜਾਬੀ ਦੇ ਠੇਠ ਹਨ, ਬਹੁਤ ਹਿੰਦੀ
ਤੋਂ ਕਾਪੀ ਕਰ ਲਏ ਗਏ ਹਨ, ਅਤੇ ਅੰਗਰੇਜ਼ੀ ਨਾਲੋਂ ਪੂਰੀ ਤਰ੍ਹਾਂ
ਮੂੰਹ ਵੱਟ ਲਿਆ ਗਿਆ ਹੈ (ਜਦ ਕਿ ਪੰਜਾਬ ਵਿੱਚ ਆਮ ਤੌਰ
ਉੱਤੇ ਲੋਕ ਅੰਗਰੇਜ਼ੀ ਦੇ ਲਫ਼ਜ਼ ਵੱਧ ਵਰਤਦੇ ਹਨ, ਪੰਜਾਬੀ
ਦੇ ਲਫ਼ਜ਼ ਆਮ ਵਰਤਦੇ ਹਨ ਤੇ ਹਿੰਦੀ ਦੇ ਠੀਕ-ਠਾਕ ਹੀ)।


ਆਮ ਪੰਜਾਬੀ ਦੇ ਲਫ਼ਜ਼:
Missed (calls)-> ਖੁੰਝੀਆਂ
Chat->ਗੱਲਾਂਬਾਤਾਂ
Messages-> ਸੁਨੇਹੇ
Search -> ਭਾਲ
Call Divert -> ਕਾਲਾਂ ਮੋੜੋ
Tips-> ਗੁਰ
Address-> ਪਤਾ
ਪੜਚੋਲ ਕਰੋ


ਹਿੰਦੀ ਦੇ ਵਰਤੇ ਲਫ਼ਜ (ਜੋ ਪੰਜਾਬੀ ਵਿੱਚ ਸਨ ਜਾਂ ਅੰਗਰੇਜ਼ੀ 'ਚ ਸੌਖੇ ਸਨ)
Options->ਵਿਕਲਪ -> ਚੋਣਾਂ/ਪਸੰਦ
Name ->ਨਾਮ->ਨਾਂ
Unnamed -> ਅਨਾਮ -> ਬਿਨਾਂ ਨਾਂ
Version->ਸੰਸਕਰਨ -> ਵਰਜਨ

Photo -> ਆਕ੍ਰਿਤੀਆਂ->ਫੋਟੋ/ਤਸਵੀਰਾਂ


ਅੰਗਰੇਜ਼ੀ ਦੇ ਲਫ਼ਜਾਂ ਦਾ ਔਖਾ ਅਨੁਵਾਦ
Settings->ਮਾਪਢੰਡ -> ਸੈਟਿੰਗ (ਸ਼ਾਇਦ ਆਮ ਵਰਤਣ ਵਾਲੇ ਜਾਣਦੇ ਹਨ ਇਸ ਨੂੰ)
Advanced -> ਉੱਨਤ -> ਤਕਨੀਕੀ (ਵਧੇਰੇ ਢੁੱਕਵਾਂ ਜਾਪਦਾ ਹੈ)
Category-> ਵਰਗ -> ਕੈਟਾਗਰੀ

Group-> ਸਮੂਹ -> ਗਰੁੱਪ
Automatic-> ਸਵੈ -> ਆਟੋਮੈਟਿਕ
copy-> ਉਤਾਰਾ -> ਕਾਪੀ (ਪਿੰਡਾਂ 'ਚ ਵੀ ਸਭ ਲੋਕ ਜਾਣਦੇ ਹਨ)

ਗਲਤ ਅਨੁਵਾਦ
Theme-> ਵਿਸ਼ਾ -> ਥੀਮ/ਸਰੂਪ (ਇਹ ਬਹੁਤ ਭੁਲੇਖਾਪਾਉ ਸ਼ਬਦ ਹੈ)
Title -> ਸਿਰਲੇਖ -> ਸੰਬੋਧਨ/ਟਾਈਟਲ

ਗਲਤੀਆਂ ਜਾਂ ਅਜੀਬ ਅਨੁਵਾਦ (ਸਮਝ ਨਾ ਆ ਸਕਣ ਵਾਲਾ)
ਸਣਸਕਰਨ (ਅਸਲ 'ਚ ਸ਼ਾਇਦ ਸੰਸਕਰਨ )  (Settings->Gernal->Software Update->Software Version->Info)

ਗਾਹਕੀਆਂ ???
ਕੰਪਨਕਾਰੀ ????

ਚਿੱਤਰਾਵਲੀ (ਕੈਮਰੇ 'ਚ) (???)

ਚੋਖਟੇ (???)
ਵ੍ਹਾਈਟ
ਪ੍ਰਤਿਚਿੱਤਰ



ਹੋਰ ਭਾਸ਼ਾਵਾਂ:
ਸਿਡਰ ਵਿੱਚ ਇੱਕਲੀ ਪੰਜਾਬੀ ਨਹੀਂ ਹੈ, ਬਲਕਿ ਭਾਰਤ ਦੀਆਂ ਕੁੱਲ ਮਿਲਾ ਕੇ


 


9 ਭਾਰਤੀ ਭਾਸ਼ਾਵਾਂ ਲਈ ਅਨੁਵਾਦ ਦਿੱਤਾ ਗਿਆ ਹੈ, ਉੱਤੇ ਦਿੱਤੀਆਂ ਤਸਵੀਰਾਂ ਤੋਂ ਤੁਸੀਂ
ਇਹ ਵੇਖ ਸਕਦੇ ਹੋ, ਇੰਪੁੱਟ ਕੁੱਲ ਮਿਲਾ ਕੇ 6 ਭਾਸ਼ਾਵਾਂ ਵਿੱਚ ਦਿੱਤੀ ਗਈ ਹੈ, ਜਿਸ ਵਿੱਚ
ਪੰਜਾਬੀ/ਮਲਿਆਲਮ/ਕੰਨੜ ਲਿਖਣਾ ਸੰਭਵ ਨਹੀਂ ਹੋਵੇਗਾ।

 ਆਖਰ ਵਿੱਚ 5500 ਰੁਪਏ ਵਿੱਚ ਭਾਰਤੀ ਬਾਜ਼ਾਰ ਵਿੱਚ ਦਿੱਤਾ ਗਿਆ। ਇਹ ਮੋਬਾਇਲ
ਦੀ ਸਾਈਟ, ਡੱਬੇ ਉੱਤੇ, ਨਾਲ ਦਿੱਤੇ ਜਾ ਰਹੇ ਦਸਤਾਵੇਜ਼ਾਂ ਉੱਤੇ ਕਿਤੇ ਵੀ ਇਹ ਜ਼ਿਕਰ ਵੀਨ
ਨਹੀ ਹੈ ਕਿ ਇਹ ਭਾਰਤੀ ਭਾਸ਼ਾਵਾਂ ਲਈ ਸਹਾਇਕ ਹੈ, ਨਾਲ ਹੀ ਦਿੱਤੇ ਗਏ ਦਸਤਾਵੇਜ਼
ਕਿਸੇ ਵੀ ਭਾਰਤੀ ਭਾਸ਼ਾ ਵਿੱਚ ਨਹੀਂ ਹਨ (ਸਗੋਂ ਗ਼ੈਰ-ਭਾਰਤੀ ਵਿੱਚ ਹਨ, ਜਿਸ ਦੀ ਕੋਈ
ਤੁਕ ਨਹੀਂ ਬਣਦੀ)।
ਇਹ ਮੋਬਾਇਲ ਫੋਨ ਬਹੁਤ ਹੀ ਵਧੀਆ ਹੈ, ਤੁਸੀਂ ਆਪਣੇ ਕੰਪਿਊਟਰ ਜਾਂ ਦੂਜੇ ਸਿਡਰ/iphone
ਨੂੰ ਭਾਰਤੀ ਭਾਸ਼ਾਵਾਂ ਵਿੱਚ ਸੁਨੇਹੇ ਲੈ ਦੇ ਸਕਦੇ ਹੋ (ਜੋ ਕਿ ਯੂਨੀਕੋਡ 'ਚ ਹੋਣ) (ਅੱਜਕੱਲ੍ਹ
ਦੇ ਸਾਰੇ ਕੰਪਿਊਟਰ ਭਾਰਤੀ ਭਾਸ਼ਾਵਾਂ ਲਈ ਸਹਿਯੋਗੀ ਹਨ। ਪੰਜਾਬੀ ਲਈ ਸੋਨੀ
ਐਰਿਕਸਨ ਨੂੰ ਇੱਕ ਵਾਰ ਫੇਰ ਧੰਨਵਾਦ, ਬੱਸ ਜੇ ਇੰਪੁੱਟ ਉਪਲੱਬਧ ਹੁੰਦਾ ਤਾਂ
ਕਿਆ ਬਾਤਾਂ  ਸੀ...
(ਇਹ ਇੱਕ ਉਮੀਦ ਹੈ, ਕਿ ਜੇ ਕੰਪਨੀਆਂ ਚਾਹੁਣ ਤਾਂ ਕੁਝ ਵੀ ਹੋ ਸਕਦਾ ਹੈ ਅਤੇ ਭਾਰਤੀ ਭਾਸ਼ਾਵਾਂ
ਲਈ ਸਹਿਯੋਗ ਸਿਰਫ਼ ਇਸ ਦੇ ਗਾਹਕਾਂ ਉੱਤੇ ਹੀ ਨਿਰਭਰ ਹਨ ਕਿ ਉਹ ਆਪਣੀ ਮਾਂ-ਬੋਲੀ
ਵਿੱਚ ਮੋਬਾਇਲ ਚਾਹੁੰਦੇ ਹਨ ਕਿ ਨਹੀਂ।)

28 September, 2010

ਨੋਕੀਆ - ਭਾਰਤੀ ਭਾਸ਼ਾਵਾਂ ਲਈ ਗੁੱਝੀ ਤਿਆਰੀ...

ਕੁਝ ਕੁ ਦਿਨ ਪਹਿਲਾਂ ਇੱਕ ਟੈਲੀਵਿਜ਼ਨ ਸ਼ੋ (Cellguru)  ਵਿੱਚ ਕੁਝ
ਨੋਕੀਆ ਦੇ ਅੱਧੇ ਕੁ ਮਿੰਟ ਦੇ ਵਿਡੀਓ ਨੇ ਮੇਰਾ ਧਿਆਨ ਖਿੱਚਿਆ ਤੇ ਪਤਾ
ਲੱਗਾ ਕਿ ਉਹ ਭਾਰਤੀ ਭਾਸ਼ਾਵਾਂ ਵਿੱਚ ਇੰਪੁੱਟ ਦੇਣ ਦੀ ਤਿਆਰ ਕਰ ਰਹੇ ਹਨ,
ਤੇ ਉਮੀਦ ਹੈ ਕਿ ਸਿਬੀਅਨ ੩ (ਨੋਕੀਆ ਫੋਨ ਦਾ ਸਾਫਟਵੇਅਰ) ਵਿੱਚ ਇਹ ਉਪਲੱਬਧ ਹੋਵੇਗਾ
(ਜੋ ਫੋਨ ਉੱਤੇ ਇਹ ਚੱਲ ਰਿਹਾ ਹੈ ਵਿਡੀਓ ਵਿੱਚ, ਉਹ ਸਿਬੀਅਨ ੩ ਉੱਤੇ ਹੀ ਅਧਾਰਿਤ ਹੈ)।






ਵਿਡੀਓ ਤੁਸੀਂ ਇੱਥੇ ਵੇਖ ਸਕਦੇ ਹੋ, ਪਹਿਲਾਂ ਭਾਗ ਕੁਝ ਹੋਰ ਹੀ ਹੈ, ਪਰ ਬਾਕੀ ਭਾਗ 'ਚ
ਭਾਰਤੀ ਭਾਸ਼ਾਵਾਂ ਬਾਰੇ ਜਾਣਕਾਰੀ ਹੈ (ਸ਼ੋ ਵਾਲਿਆਂ ਨੇ ਵੀ ਭਾਸ਼ਾਵਾਂ ਨੂੰ ਵਾਧੂ ਭਾਗ ਵਜੋਂ ਸ਼ਾਮਲ
ਕਰਕੇ ਭਾਸ਼ਾਵਾਂ ਦੀ ਚੰਗੀ ਬੇਕਦਰੀ ਕੀਤੀ ਹੈ)।

 ਨੋਕੀਆ ਵਲੋਂ ਲਿਆ ਇਹ ਕਦਮ ਚੰਗਾ ਹੈ, ਦੇਰ ਆਏ ਦੁਰਸਤ ਆਏ (ਭਾਵੇਂ ਕਿ ਗਾਹਕਾਂ ਤੱਕ
ਅੱਪੜਨਾ ਹਾਲੇ ਬਾਕੀ ਹੈ, ਪਰ ਲੱਛਣ ਤਾਂ ਜਾਪਦੇ ਹਨ ਕਿ ਛੇਤੀ ਹੀ ਜਾਰੀ ਕਰਨਗੇ)।

ਨਾਲੇ ਪੰਜਾਬੀ ਬਾਰੇ ਸ਼ੱਕੀ ਜਿਹਾ ਕੰਮ ਜਾਪਦਾ ਹੈ, ਪਰ ਜਦੋਂ ਤੱਕ ਨੋਕੀਆ ਖੁਦ ਐਲਾਨ ਨਹੀਂ ਕਰਦਾ,
ਕੁਝ ਵੀ ਕਹਿਣਾ ਗਲਤ ਹੋਵੇਗਾ। ਸੋ ਮੈਂ ਤਾਂ ਉਡੀਕ ਰਿਹਾ ਹਾਂ ਕਿ ਕਦੋਂ ਪੰਜਾਬੀ ਲਿਖਣ ਜੋਗੇ ਹੋਈਏ
ਮੋਬਾਇਲ ਉੱਤੇ, ਜਦੋਂ ਪੰਜਾਬੀ ਹੋਈ ਉਦੋਂ ਹੀ ਨੋਕੀਆ ਦਾ ਨਵਾਂ ਫੋਨ ਲੈਣਾ ਹੈ ਨਹੀਂ ਤਾਂ ਨਹੀਂ...

16 September, 2010

Windows 7 ਪੰਜਾਬੀ 'ਚ...

Windows 7 ਰੀਲਿਜ਼ ਹੋਣ ਦੇ ਲਗਭਗ 1 ਸਾਲ ਬਾਅਦ ਪੰਜਾਬੀ ਭਾਸ਼ਾ 'ਚ ਪੈਕ ਦਿੱਤਾ
ਗਿਆ ਹੈ, ਜੋ ਕਿ ਤੁਸੀਂ ਡਾਊਨਲੋਡ ਕਰ ਸਕਦੇ ਹੋ ਇੱਥੋ:



ਪੰਜਾਬੀ ਦਾ ਕੁੱਲ ਮਿਲਾ ਕੇ ਅਨੁਵਾਦ ਹਿੰਦੀ ਤੋਂ ਕਾਪੀ ਵੱਧ ਹੈ ਤੇ ਅੰਗਰੇਜ਼ੀ ਤੋਂ ਘੱਟ। 'ਨਿਯੰਤਰਣ ਪੈਨਲ'
ਪ੍ਰੋਗਰਾਮਸ, ਪ੍ਰਿੰਟਰਸ, ਚਲਾਉ, ਮੈਮੋਰੀ -> ਸਿਮਰਤੀ। ਪਰ ਪੂਰੀ ਤਰ੍ਹਾਂ ਅਨੁਵਾਦ ਨਹੀਂ ਦਿੱਤਾ ਗਿਆ ਹੈ,
ਕੁਝ ਕੁ ਪੈਕੇਜ ਉਪਲੱਬਧ ਕਰਵਾਏ ਗਏ ਹਨ (ਬਾਕੀ ਅੰਗਰੇਜ਼ੀ 'ਚ ਹਨ)।


ਕੁਝ ਹੋਰ ਕੰਟਰੋਲ ਪੈਨਲ 'ਚ:

ਉਪਭੋਗਤਾ (ਯੂਜ਼ਰ), ਪਾਲਕ, ਪ੍ਰਤੱਖਤਾ (ਮੈਂ ਨਹੀਂ ਜਾਣਦਾ ਕੀ ਹੈ), ਐਪਟਿਮਾਇਜ਼ (??), ਪਿਛੋਕੜ (ਬੈਕਗਰਾਊਂਡ),
ਵਿਅਕਤੀਗਤਤਾ (ਨਿੱਜੀ,ਪਰਨਲ?)

Right Click Menu:




Gadgets:


ਇੰਸਟਾਲ ਕਰਨ ਲਈ ਇੱਕੋ ਪੇਜ਼ ਹੈ: ਸਿੱਧਾ ਭਾਸ਼ਾ ਪੈਕ ਡਾਊਨਲੋਡ ਕਰੋ ਤੇ ਡਬਲ ਕਲਿੱਕ ਕਰਕੇ ਚਲਾਉ।

ਕੰਟਰੋਲ ਪੈਨਲ 'ਚ ਭਾਸ਼ਾ (Reigional & Language):


--------

  1. Open Regional and Language Options by clicking the Start button Picture of the Start button, clicking Control Panel, clicking Clock, Language, and Region, and then clicking Regional and Language Options.
  2. Click the Keyboards and Languages tab.
  3. Under Display Language, click Install/uninstall languages, and then follow the steps. Administrator permission required If you are prompted for an administrator password or confirmation, type the password or provide confirmation.
    -----

 ਪਹਿਲਾਂ ਤਾਂ ਪੰਜਾਬੀ ਪੈਕ ਮਿਲ ਗਿਆ ਵਿੰਡੋਜ਼ 7 ਲਈ ਇਹ ਬਹੁਤ ਵੱਡੀ ਗੱਲ ਹੈ, ਭਾਵੇਂ ਸਾਲ ਮਗਰੋਂ ਹੀ ਸਹੀਂ,
ਪਰ ਪੰਜਾਬੀ ਦੀ ਵਰਤੋਂ ਜਿਸ ਢੰਗ ਨਾਲ ਕੀਤੀ ਗਈ ਹੈ, ਜਾਪਦਾ ਹੈ ਪੰਜਵਾਂ ਟਾਇਰ ਹੀ ਹੈ ਪੰਜਾਬੀ ਮਾਈਕਰੋਸਾਫਟ ਲਈ।
ਕੇਵਲ ਟੈਂਡਰ ਭਰਨ ਲਈ ਸ਼ਰਤ ਪੂਰੀ ਕੀਤੀ ਜਾਪਦੀ ਹੈ। ਚੰਗਾ ਹੁੰਦਾ ਜੇ ਕਿਤੇ ਪੰਜਾਬੀ ਦੇ ਕਿਸੇ ਅਧਿਆਪਕ ਕੋਲੋਂ ਇਹ
ਪੜ੍ਹਾ ਲਈ ਜਾਂਦੀ।

06 September, 2010

ਮੋਬਾਇਲਾਂ ਉੱਤੇ ਭਾਰਤੀ ਭਾਸ਼ਾਵਾਂ ਲਈ ਸਹਿਯੋਗ–ਹਾਲੇ ਦੂਰ ਦੀ ਕੌਡੀ....

ਭਾਵੇਂ ਮੇਰੇ ਕਈ ਲੇਖ ਇਸ ਬਾਰੇ ਪਹਿਲਾਂ ਹੀ ਮੌਜੂਦ ਹਨ, ਪਰ ਇਸ ਵਾਰ ਪੂਰੀ ਕਹਾਣੀ

ਪੰਜਾਬੀ ਜਾਂ ਭਾਰਤੀ ਭਾਸ਼ਾਵਾਂ ਦੇ ਸਹਿਯੋਗ ਨੂੰ ਲੈ ਕੇ ਹੀ ਹੈ, ਪਰ ਇਸ ਵਾਰ ਕੁਝ

ਤਕਨੀਕੀ ਰੂਪ ‘ਚ ਲਿਖਣ ਦੀ ਕੋਸ਼ਿਸ਼ ਕਰਾਂਗਾ।

ਹਰ ਕੰਪਿਊਟਰ (ਜਾਂ ਮੋਬਾਇਲ ਕਹਿ ਲਵੋ) ਉੱਤੇ ਪੰਜਾਬੀ ਲਿਖਣ ਦੀ ਅੱਜਕੱਲ੍ਹ

(ਤੇ ਭਵਿੱਖ) ਦੇ ਢੰਗਾਂ ਲਈ ਹੇਠ ਦਿੱਤੇ ਭਾਗ ਲਾਜ਼ਮੀ ਚਾਹੀਦੇ ਹਨ:

੧) ਫੋਂਟ

੨) ਸਾਫਟਵੇਅਰ ਵਿੱਚੋਂ ਅੰਦਰੂਨੀ ਸਹਿਯੋਗ (ਠੀਕ ਤਰ੍ਹਾਂ ਪੇਸ਼/ਰੈਂਡਰ ਕਰਨ ਲਈ)

ਇਹ ਮੁੱਢਲੇ ਸਰੋਤ ਹਨ, ਪਰ ਇਸ ਤੋਂ ਬਿਨਾਂ,

੩) ਲਿਖਣ ਲਈ ਇੰਪੁੱਟ ਢੰਗ (Input Method)

ਹੋਣਾ ਲਾਜ਼ਮੀ ਹੈ, ਪਰ ਜੇ ਨਾ ਵੀ ਹੋਵੇ ਤਾਂ ਤੁਸੀਂ ਈਮੇਲ, ਸੁਨੇਹਾ ਪੜ੍ਹ

ਸਕਦੇ ਹੋ।

ਫੋਂਟ: ਫੋਂਟ, ਅੱਜਕੱਲ੍ਹ ਫੋਂਟ ਸਿਰਫ਼ ਯੂਨੀਕੋਡ (0A15 ਆਦਿ) ਨੂੰ

ਵੇਖਾਉਣ ਲਈ ਸ਼ਕਲਾਂ/ਗਲਿਫ਼ ਹਨ।

U+0A15 (ਯੂਨੀਕੋਡ) –> ਕ (ਫੋਂਟ) - ਕੱਕਾ

U+0A3F (ਯੂਨੀਕੋਡ –> ਿ (ਫੋਂਟ) - ਸਿਹਾਰੀ

ਰੈਡਰਿੰਗ ਸਿਸਟਮ: ਅਸਲ ਵਿੱਚ ਇਹ ਹੀ ਉਹ ਸਭ ਕੁਝ ਹੈ, ਜੋ ਭਾਸ਼ਾਵਾਂ ਨੂੰ

ਕੰਪਿਊਟਰ ਸਿਸਟਮ ਉੱਤੇ ਦਰਸਾਉਣ ਦੀ ਲਾਜ਼ਮੀ ਪਰਨਾਲੀ ਹੈ।

U+0A15 + U+0A4D + U+0A30
ਕ + ੍ + ਰ = ਕ੍ਰ (ਠੀਕ)
ਕ + ੍ + ਰ = ‌ਕ੍‍ਰ (ਠੀਕ)

U+0A15 + U+0A3F + U+0A30
ਕ + ਿ + ਰ = ਕਿਰ (ਠੀਕ)
ਕ + ਿ + ਰ = ਕ‍ਿਰ (ਗਲਤ)

Unicode_RenderingSystem

ਜੇ ਤੁਸੀਂ ਸਿਹਾਰੀ ਨੂੰ ਅੱਖਰ ਤੋਂ ਅੱਗੇ ਵੇਖ ਰਹੇ ਤਾਂ ਤੁਹਾਡੇ ਵਲੋਂ

ਵਰਤਿਆ ਜਾ ਰਿਹਾ ਸਿਸਟਮ ਅੱਖਰਾਂ/ਪੰਜਾਬੀ ਨੂੰ ਰੈਡਰ ਨਹੀਂ ਕਰ ਸਕਦਾ,

ਅਤੇ ਇਹ ਸਮੱਸਿਆ ਕੇਵਲ ਕੰਪਨੀ ਹੀ ਠੀਕ ਕਰ ਸਕਦੀ ਹੈ।

ਜੇ ਤੁਹਾਡੇ ਸਿਸਟਮ ਉੱਤੇ ਬਿੰਦੀਆਂ ਵਾਲਾ ਚੱਕਰ (◌)(Dotted Circle) ਵਿਖਾਈ ਨਹੀਂ ਦਿੰਦਾ

ਤਾਂ ਇਹ ਵੀ ਤੁਹਾਡੇ ਸਿਸਟਮ ਕਮੀਂ ਹੈ।

ਮੌਜੂਦਾ ਹਾਲਤ ‘ਚ:

ਹਾਲ ਦੀ ਘੜੀ iphone 4 ਨੂੰ ਛੱਡ ਕੇ ਕੋਈ ਵੀ ਫੋਨ ਫੋਂਟ (੧) ਨਹੀਂ ਦਿੰਦਾ, ਪਰ

ਬਹੁਤ ਸਾਰੇ ਸਿਸਟਮ ਦੂਜੀ ਸ਼ਰਤ (੨) ਨੂੰ ਪੂਰਾ ਕਰਦੇ ਹਨ, ਜਿਸ ‘ਚ

ਨੋਕੀਆ ਦਾ ਸਿੰਬੀਅਨ (Symbian) ਦਾ ਨਵਾਂ ਵਰਜਨ ੩ ਸ਼ਾਮਲ ਹੈ,

ਐਡਰਾਇਡ (Andriod) ਹਾਲੇ ਕੁਝ ਵੀ ਨਹੀਂ ਹੈ

iPhone – ਫੋਂਟ ਹਨ, ਸਿਸਟਮ ਸਹਾਇਕ ਹੈ, ਇੰਪੁੱਟ ਨਹੀਂ (X)

Nokia – Symbian 2.x– ਫੋਂਟ ਨਹੀਂ(X), ਸਿਸਟਮ ਸਹਾਇਕ ਨਹੀਂ (X), ਇੰਪੁੱਟ (X)

ਨੋਕੀਆ - Symbian 3.0 – ਫੋਂਟ ਨਹੀਂ(X), ਸਿਸਟਮ ਸਹਾਇਕ ਹੈ, ਇੰਪੁੱਟ (X)

Andriod – 2.2 ਤੱਕ - ਫੋਂਟ ਨਹੀਂ(X), ਸਿਸਟਮ ਸਹਾਇਕ ਨਹੀਂ (X), ਇੰਪੁੱਟ (X)

24 July, 2010

ਫਾਇਰਫਾਕਸ ੪/4 ਟੈਸਟ ਕਰਨ ਲਈ ਪੰਜਾਬੀ 'ਚ ਉਪਲੱਬਧ

ਫਾਇਰਫਾਕਸ ੪, ਜੋ ਕਿ ਫਾਇਰਫਾਕਸ ਦਾ ਆਉਣ ਵਾਲਾ ਵਰਜਨ ਹੈ, ਟੈਸਟ ਕਰਨ
ਲਈ ਪੰਜਾਬੀ 'ਚ ਉਪਲੱਬਧ ਹੈ।

ਸਭ ਤੋਂ ਸਿੱਧਾ ਤੇ ਸੌਖਾ ਲਿੰਕ ਹੈ:
ਮੋਜ਼ੀਲਾ ਬੀਟਾ ਸਾਈਟ

ਖਾਸ ਫੀਚਰ:
- ਟੈਬ ਉਪਲੱਬਧ ਹਨ ਸਭ ਤੋਂ ਉੱਤੇ, ਮੇਨੂ ਤੋਂ ਬਿਨਾਂ

- ਵਿੰਡੋਜ਼ ਵਿਸਟਾ/7 ਲਈ, ਮੇਨੂ ਬਾਰ ਨੂੰ ਫਾਇਰਫਾਕਸ ਬਟਨਾਂ ਨਾਲ ਬਦਲਿਆ ਗਿਆ

- ਪਹਿਲਾਂ ਹੀ ਖੁੱਲ੍ਹੀਆਂ ਟੈਬਾਂ ਨੂੰ ਲੱਭ ਕੇ ਉਨ੍ਹਾਂ ਉੱਤੇ ਜਾ ਸਕਦੇ ਹੋ

- ਨਵਾਂ ਐਡ-ਆਨ ਮੈਨੇਜਰ

- ਰੋਕੋ/ਮੁੜ-ਲੋਡ ਬਟਨ ਬਣ ਗਏ ਹਨ ਹੁਣ ਇੱਕ ਹੀ

- ਬੁੱਕਮਾਰਕ ਟੂਲਬਾਰ ਦੀ ਬਜਾਏ ਬੁੱਕਮਾਰਕ ਬਟਨ ਬਣ ਗਿਆ ਹੈ

- ਪਲੱਗਇਨ ਕਰੈਸ਼ ਤੋਂ ਸੁਰੱਖਿਆ - ਫਾਇਰਫਾਕਸ ਕਰੈਸ਼ ਨਹੀਂ ਹੋਵੇਗਾ, ਜੇ ਅਡੋਬ, quicktime, ਜਾਂ
ਮਾਈਕਰੋਸਾਫਟ ਸਿਲਵਰਲਾਈਟ ਹੋਵੇ ਕਰੈਸ਼

- HD HTML5 WebM ਵਿਡੀਓ ਲਈ ਸਹਿਯੋਗ

ਬੀਟਾ ਬਾਰੇ ਹੋਰ ਵਧੇਰੇ ਜਾਣਕਾਰੀ ਵੀ ਵੇਖ ਸਕਦੇ ਹੋ!

ਫਾਇਰਫਾਕਸ ਰੀਲਿਜ਼ ਨੋਟਿਸ (ਅੰਗਰੇਜ਼ੀ 'ਚ)

ਪੰਜਾਬੀ 'ਚ ਗਲਤੀ,ਸਮੱਸਿਆਵਾਂ ਲਈ ਇੱਥੇ ਸੁਝਾਅ ਭੇਜਣੇ,
ਫਾਇਰਫਾਕਸ ਪਰੋਡੱਕਟ ਬਾਰੇ ਕੋਈ ਵੀ ਸੁਝਾਅ/ਜਾਣਕਾਰੀ ਹੋਵੇ ਤਾਂ ਉਸ 'ਚ ਖੁਦ ਸੁਝਾਅ (ਫੀਡਬੈਕ)
ਟੂਲ ਉਪਲੱਬਧ ਹੈ।

28 June, 2010

ਵਿੰਡੋਜ਼ ਚ ਪੰਜਾਬੀ ਲਿਖਣੀ ਹੋਰ ਵੀ ਸੌਖੀ...

 ਹਾਲਾਂਕਿ ਵਿੰਡੋਜ਼ ਵਿੱਚ ਪੰਜਾਬੀ ਲਿਖਣ ਦਾ ਢੰਗ ਤਾਂ ਕਰੀਬ 10 ਕੁ ਵਰ੍ਹੇ ਪੁਰਾਣਾ ਹੈ,
ਪਰ ਫੇਰ ਵੀ ਪੰਜਾਬੀ ਲਿਖਣ ਤੋਂ ਲੋਕ ਹਮੇਸ਼ਾਂ ਕੰਨੀ ਕਤਰਾਉਂਦੇ ਰਹੇ ਹਨ, ਕਿਉਂਕਿ
ਇਸ ਨੂੰ ਲਿਖਣਾ ਅਤੇ ਕੀਬੋਰਡ ਨੂੰ ਸਮਝਣਾ ਹਮੇਸ਼ਾ ਟੇਢੀ ਖੀਰ ਹੀ ਰਿਹਾ।
ਸਮੇਂ ਨਾਲ ਮਾਈਕਰੋਸਾਫਟ ਤੇ ਹੋਰ ਕੰਪਨੀ ਨੇ ਇਹ ਕੰਮ ਨੂੰ ਸੌਖਾ ਬਣਾਉਣ
ਲਈ ਬਹੁਤ ਜਤਨ ਕੀਤੇ ਹਨ, ਜਿਸ ਦੇ ਤਹਿਤ ਹੁਣ ਦੋ ਢੰਗ ਦੱਸਣ ਯੋਗ ਹਨ,
ਇੱਕ ਮਾਈਕਰੋਸਾਫਟ ਵਲੋਂ ਤੇ ਦੂਜਾ ਗੂਗਲ ਵਲੋਂ ਹੈ, ਦੋਵੇਂ ਦੇ ਆਪਣੇ ਆਪਣੇ
ਫਾਇਦੇ ਤੇ ਨੁਕਸਾਨ ਹਨ, ਇਹ ਵਰਤਣ ਵਾਲੇ ਉੱਤੇ ਨਿਰਭਰ ਕਰੇਗਾ ਕਿ ਉਹ
ਇਨ੍ਹਾਂ ਨੂੰ ਕਿਵੇਂ ਵੇਂਦਾ ਹੈ

ਦੋਵੇਂ ਟੂਲਾਂ ਨੂੰ ਵਰਤਣ ਲਈ ਯੂਜ਼ਰ ਨੂੰ ਸਿਸਟਮ ਉੱਤੇ ਪੰਜਾਬੀ ਇੰਪੁੱਟ
ਚਾਲੂ ਕਰਨਾ ਲਾਜ਼ਮੀ, ਜਿਸ ਦੀ ਜਾਣਕਾਰੀ ਮਾਈਕਰੋਸਾਫਟ ਨੇ
ਦਿੱਤੀ ਹੈ ਇੱਥੇ ਵਿੰਡੋਜ਼ 7 ਲਈ,


ਮਾਈਕਰੋਸਾਫਟ ਪੰਜਾਬੀ IME

ਗੂਗਲ ਸਰਚ : microsoft indic input tool
ਇਹ ਟੂਲ ਦੀ ਦਿੱਖ ਬਹੁਤੀ ਵਧੀਆ ਨਹੀਂ ਹੈ, (ਜਦੋਂ ਗੂਗਲ ਦੇ ਟੂਲ ਨਾਲ ਤੁਲਨਾ ਕੀਤੀ
ਜਾਵੇ ਤਾਂ), ਪਰ ਵਰਤਣ ਲਈ ਸੌਖਾ ਹੈ, ਕਿਉਂਕਿ ਲਿਖਣ ਦਾ ਢੰਗ ਤਾਂ ਟਰਾਂਸਲਿਟਰੇਸ਼ਨ
ਹੀ ਹੈ, ਭਾਵੇਂ ਕਿ "ਗੁਰਮੁਖੀ" ਲਿਖਣ ਲਈ "gurmu." ਅੱਖਰ ਹੀ ਲਿਖਣੇ ਹਨ।


ਮਾਈਕਰੋਸਾਫਟ ਇੰਡੀਕ ਬਲੌਗ ਹੋਰ ਨਵੀਂ ਜਾਣਕਾਰੀ ਲਈ ਪੜ੍ਹੋ।

ਗੂਗਲ ਟਰਾਂਸਲਿਟਰੇਸ਼ਨ IME

ਗੂਗਲ ਦੇ ਟੂਲ ਦੀ ਝਲਕ
ਗੂਗਲ ਟੂਲ ਨਾਲ ਤੁਸੀਂ ਆਪਣੀ ਪਸੰਦ ਦੇ ਫੋਂਟ ਵੀ ਚੁਣ ਸਕਦੇ ਹੋ ਤੇ ਇਸ ਦਾ ਇੰਟਰਫੇਸ ਵੀ ਬਹੁਤ
ਸੌਖਾ ਹੈ, ਨੰਬਰ ਗੁਰਮੁਖੀ ਚ ਵੇਖਣ ਤੋਂ ਇਲਾਵਾ ਇਹ ਤੁਹਾਨੂੰ ਚੁਣਨ ਲਈ ਅੱਖਰਾਂ ਦੀ ਲਿਸਟ ਉੱਤੇ
ਵੇਖਾਉਂਦਾ ਹੈ, ਜੋ ਬਹੁਤ ਸੌਖਾ ਬਣਾ ਦਿੰਦਾ ਹੈ ਲਿਖਣ ਨੂੰ।


ਦੋਵੇਂ ਟੂਲਾਂ ਵਿੱਚ ਡੂੰਘਾਈ ਨਾਲ ਅੰਤਰ ਜਾਣਨ ਇੱਥੇ ਪੜ੍ਹ ਸਕਦੇ ਹੋ।

ਸੋ ਹੁਣ ਜੇ ਤੁਸੀਂ ਪੰਜਾਬੀ ਨੂੰ ਵਿੰਡੋਜ਼ ਦੀ ਕਿਸੇ ਵੀ ਐਪਲੀਕੇਸ਼ਨ ਚ ਲਿਖਣਾ ਚਾਹੁੰਦੇ ਹੋ ਤਾਂ
ਇਹ ਕੰਮ ਤੁਹਾਡੇ ਲਈ ਬਹੁਤ ਹੀ ਸੌਖਾ ਹੋ ਗਿਆ ਹੈ, ਕੋਈ ਕੀਬੋਰਡ ਦੇ ਅੱਖਰ ਸਿੱਖਣ ਦੀ
ਲੋੜ ਨਹੀਂ, ਜਿਵੇਂ ਤੁਸੀਂ ਲਿਖਣਾ ਚਾਹੁੰਦੇ ਹੋ ਅੰਗਰੇਜ਼ੀ ਚ ਕਿਸੇ ਦਾ ਨਾਂ ਤਾਂ ਬੱਸ ਲਿਖੀ ਜਾਉ
ਉਂਝ ਹੀ ਤੇ ਉਹ ਲਗਭਗ ਉਸੇ ਤਰ੍ਹਾਂ ਪੰਜਾਬੀ ਚ ਲਿਖਿਆ ਜਾਂਦਾ ਰਹੇਗਾ।

25 May, 2010

ਨੋਕੀਆ N900 ਮੋਬਾਇਲ - ਭਾਰਤੀ ਭਾਸ਼ਾਵਾਂ ਤੋਂ ਕੁਝ ਕੁ ਦੂਰ...

ਨੋਕੀਆ ਨੇ N900 (ਲੀਨਕਸ) ਫੋਨ ਨੂੰ ਭਾਰਤ 'ਚ ਲਿਆਉਣ ਦਾ ਐਲਾਨ
ਤਾਂ ਕਰ ਦਿੱਤਾ ਹੈ। ਭਾਵੇਂ ਕਿ ਇਹ ਫੋਨ ਸਾਲ ਭਰ ਤੋਂ ਅਮਰੀਕਾ 'ਚ ਉਪਲੱਬਧ
ਰਿਹਾ ਹੈ, ਪਰ ਭਾਰਤ 'ਚ ਲੇਟ ਆਉਣ ਦਾ ਰੁਝਾਨ ਆਈ-ਫੋਨ ਵਾਂਗ ਹੀ ਹੈ ਲੇਟ
ਲਤੀਫ਼ ਹੀ ਰਿਹਾ।
ਬਲੈਕ 'ਚ ਲੈ ਕੇ ਫੋਨ ਵਰਤਿਆ ਹੈ, ਪਰ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਹਾਂ ਕਿ
ਇਹ ਫੋਨ ਹੈ, ਜਿਸ ਵਿੱਚ qt (ਅੱਖਰਾਂ ਦੀ ਸ਼ਕਲ ਬਣਾਉਣ ਵਾਲਾ ਸਾਫਟਵੇਅਰ)
ਹੈ, ਅਤੇ ਭਾਰਤੀ ਭਾਸ਼ਾਵਾਂ ਲਈ ਸਭ ਤੋਂ ਵਧੀਆ ਗੱਲ ਹੈ। ਪਰ ਇਹ ਗੱਲ
ਕੋਈ ਨੋਕੀਆ ਦੇ ਖਾਨੇ ਪਾਵੇ ਤੇ ਉਹਨਾਂ ਦੇ ਖਾਨੇ ਪੈ ਜਾਵੇ।
 ਇਸ ਤੋਂ ਵਧੀਆ ਮੌਕਾ ਨੋਕੀਆ ਲਈ ਕਦੇ ਨਹੀਂ ਹੋਣਾ ਹੈ, ਜਦੋਂ ਹਾਲੇ ਗੂਗਲ
ਦਾ ਓਪਰੇਟਿੰਗ ਸਿਸਟਮ ਭਾਰਤੀ ਭਾਸ਼ਾਵਾਂ ਲਈ ਸਹਿਯੋਗ ਨਹੀਂ, ਐਪਲ iPhone
ਵਲੋਂ ਭਾਰਤੀ ਸਹਿਯੋਗ ਹਾਲੇ ਦੂਰ ਦੀ ਮ੍ਰਿਗ-ਤ੍ਰਿਸ਼ਨਾ ਹੀ ਹੈ, ਵਿੰਡੋਜ਼ ਮੋਬਾਇਲ
ਹਾਲੇ ਭਾਰਤੀ ਭਾਸ਼ਾਵਾਂ ਲਈ ਦਾਆਵੇ ਨਹੀਂ ਕਰਦੇ, ਤਾਂ ਇਹ ਕਹਿਣਾ ਕਿ ਇਹ ਭਾਰਤੀ
ਭਾਸ਼ਾਵਾਂ ਲਈ ਸਹਿਯੋਗ ਸਭ ਤੋਂ ਵਧੀਆ ਦਿੰਦੇ ਹਨ, ਇਹਨਾਂ ਦੇ ਆਉਣ ਵਾਲੇ ਦਿਨਾਂ
ਲਈ ਚੰਗਾ ਹੋਵੇਗਾ, ਪਰ ਉਮੀਦ ਘੱਟ ਹੋਣ ਦੇ ਬਾਵਜੂਦ ਮੈਂ ਭਾਰਤੀ ਭਾਸ਼ਾਵਾਂ
ਲਈ ਫੋਂਟ ਹੋਣ ਦੀ ਉਮੀਦ ਤਾਂ ਕਰ ਸਕਦਾ ਹਾਂ, ਤਾਂ ਕਿ ਪੰਜਾਬੀ, ਹਿੰਦੀ ਅਤੇ
ਹੋਰ ਵੈੱਬ ਸਾਈਟ ਘੱਟੋ-ਘੱਟ ਪੜ੍ਹੀਆਂ ਤਾਂ ਜਾ ਸਕਣ।
ਜੇ ਕੋਈ ਨੋਕੀਆ 'ਚ ਸੁਣਦਾ ਹੈ, ਨੋਕੀਆ ਨੂੰ ਕਹਿੰਦਾ ਹੋਵੇ ਤਾਂ...

12 May, 2010

ਸਾਫਟਵੇਅਰ, ਮੋਬਾਇਲ ਪੰਜਾਬੀ ਲਈ ਤਿਆਰ ਕਦੋਂ ਮਿਲ ਸਕਣਗੇ?

ਗੂਗਲ ਕਰੋਮ - ਸਿਰਫ਼ 6 ਵੋਟਾਂ ਹੀ...
ਅੱਜ ਜਦੋਂ ਮੈਂ ੬ ਤਾਰੇ ਲੱਗੇ ਵੇਖੇ ਤਾਂ ਮੈਨੂੰ ਕੁਝ ਕੁ ਹੈਰਾਨੀ ਤਾਂ ਹੋਈ....

ਗੂਗਲ ਵੈੱਬ ਬਰਾਊਜ਼ਰ ਨੂੰ ਤਾਂ ਤੁਸੀਂ  ਸਭ ਜਾਣਦੇ ਹੀ ਹੋ।
ਇਹ ਹਾਲ ਦੀ ਘੜੀ ਪੰਜਾਬੀ 'ਚ ਉਪਲੱਬਧ ਨਹੀਂ ਹੈ। ਇਸ ਵਾਸਤੇ
ਬੱਗ ਰਿਪੋਰਟ ਕੀਤਾ ਸੀ, ਪਰ ਮਹੀਨਾ ਬੀਤ ਜਾਣ ਉਪਰੰਤ ਵੀ

6 ਹੀ ਲੋਕਾਂ ਨੇ  ਪੰਜਾਬੀ 'ਚ ਵਰਤਣ ਦੀ ਹਾਮੀ ਭਰੀ ਹੈ, ਗੂਗਲ ਦੀ ਟੀਮ ਤਾਂ ਸ਼ਾਇਦ
ਜਵਾਬ ਨਾ ਦੇਵੇ ਕਿਉਂਕਿ ਉਹ ਤਾਂ ਓਪਨ ਸੋਰਸ 'ਇਸਤੇਮਾਲ'
ਕਰਦੇ ਹਨ। ਪਰ ਜੇ ਪੰਜਾਬੀ 'ਚ ਮੰਗ ਹੋਵੇਗੀ ਤਾਂ ਬੇਸ਼ੱਕ ਉਹ
ਧਿਆਨ ਦੇਣਗੇ। ਪਿਛਲੇ ਮਹੀਨੇ ਪੰਜਾਬ 'ਚ ਗੂਗਲ ਦੀ ਟੀਮ
ਗੇੜਾ ਲਾ ਕੇ ਗਈ ਹੈ ਪੰਜਾਬੀ 'ਚ ਜੀਮੇਲ ਲਿਖਣ ਨੂੰ ਉਤਸ਼ਾਹਿਤ
ਕਰਨ, ਪਰ ਕੀ ਉਹ ਦੱਸਣਗੇ ਕਿ ਪੰਜਾਬੀ ਦੇ ਇੰਟਰਫੇਸ ਨੂੰ
ਉਹਨਾਂ ਕਦੇ ਅਨੁਵਾਦ ਕਰਨ ਬਾਰੇ ਸੋਚਿਆ ਹੈ? ਬੇਸ਼ੱਕ ਜਦੋਂ
ਤੱਕ ਮਾਰਕੀਟ ਦੀ ਡਿਮਾਂਡ ਨਹੀਂ ਹੈ ਤਾਂ ਸਪਲਾਈ ਨਹੀਂ ਹੋਵੇਗਾ।

 ਜੇ ਤੁਸੀਂ ਕੋਈ ਵੀ ਮੋਬਾਇਲ, ਸਾਫਟਵੇਅਰ ਪੰਜਾਬੀ 'ਚ ਚਾਹੁੰਦੇ ਹੋ ਤਾਂ
ਇਹ ਕਦੇ ਨਾ ਭੁੱਲੋ ਕਿ ਪੰਜਾਬੀ ਉਸ ਕੰਪਿਊਟਰ/ਸਾਫਟਵੇਅਰ/ਮੋਬਾਇਲ
ਉੱਤੇ ਨਾ ਹੋਣ ਦਾ ਕਾਰਨ ਆਪਾਂ ਖੁਦ ਹਾਂ, ਜੇ ਕਦੇ ਆਪਾਂ ਖੁਦ ਪੁੱਛਿਆ
ਹੀ ਨਹੀਂ ਕਿ "ਕੀ ਪੰਜਾਬੀ ਸਪੋਰਟ (support) ਹੈ?" ਤਾਂ ਕੰਪਨੀ
ਨੂੰ ਕੀ ਲੋੜ ਪਈ ਹੈ ਪੈਸੇ ਖ਼ਰਾਬ ਕਰਨ ਦੀ ਤੁਹਾਡੀ ਮਾਂ-ਬੋਲੀ ਲਈ।

ਇਸਕਰਕੇ ਹਰ ਪੰਜਾਬੀ ਨੂੰ ਬੇਨਤੀ ਹੈ ਕਿ ਜਦੋਂ ਵੀ ਸਾਫਟਵੇਅਰ,ਮੋਬਾਇਲ
ਲਵੋ ਤਾਂ ਪਹਿਲਾਂ (ਤੇ ਬੱਸ ਇੱਕ ਵਾਰ) ਕੰਪਨੀ ਦੀ ਸਪੋਰਟ ਟੀਮ/ਕਸਟਮਰ
ਕੇਅਰ ਨੂੰ ਮੇਲ ਲਿਖ ਦਿਓ, ਫੋਨ ਕਰ ਕਰਕੇ ਕਹਿ ਦਿਓ ਕਿ ਪੰਜਾਬੀ ਲਈ
ਸਪੋਰਟ ਹੈ? ਜੇ ਨਹੀਂ ਤਾਂ ਕਦੋਂ ਤੱਕ ਦਿਓਗੇ? ਬੱਸ ਇਸ ਨਾਲ ਹੀ
ਫ਼ਰਕ ਆਉਣ ਵਾਲੇ ਸਮੇਂ 'ਚ ਦਿਸਣ ਲੱਗੇਗਾ। ਅਤੇ ਇਹ ਕੰਮ
ਆਪਾਂ ਨੂੰ ਖੁਦ ਹੀ ਕਰਨਾ ਪਵੇਗਾ।

ਪੰਜਾਬੀ ਸਪੋਰਟ ਦਾ ਅਰਥ ਹੁੰਦਾ ਹੈ:
ਪੰਜਾਬੀ ਯੂਨੀਕੋਡ ਫੋਂਟ ਹਨ? (ਪੰਜਾਬੀ ਵੇਖਣ ਲਈ)
ਪੰਜਾਬੀ ਠੀਕ ਤਰ੍ਹਾਂ ਵੇਖਾਈ ਦਿੰਦੀ ਹੈ? (ਵੈੱਬ ਸਾਈਟ ਪੜ੍ਹਨ ਲਈ)
ਕੀ ਤੁਸੀਂ ਪੰਜਾਬੀ 'ਚ ਲਿਖ ਸਕਦੇ ਹੋ? (ਮੈਸੈਜ਼,ਮੇਲ ਪੰਜਾਬੀ 'ਚ ਲਿਖਣ ਲਈ)
ਅਨੁਵਾਦ - ਕੀ ਇੰਟਰਫੇਸ ਪੰਜਾਬੀ 'ਚ ਹੈ? (ਇਹ ਸਭ ਤੋਂ ਆਖਰੀ ਗੱਲ ਹੈ)

ਇਹ ਗੱਲਾਂ ਇਟਲੀ ਤੋਂ ਕਮਲਜੀਤ ਸਿੰਘ ਵੀਰ ਨਾਲ ਵਿਚਾਰ-ਵਟਾਂਦਰਾ ਕਰਨ
ਤੋਂ ਬਾਅਦ ਸਾਹਮਣੇ ਆਈਆਂ, ਉਸ ਨੇ ਨੋਕੀਆ 5800 ਮੋਬਾਇਲ ਉੱਤੇ
ਪੰਜਾਬੀ ਦੇ ਫੋਂਟ ਸ਼ਾਮਲ ਕਰ ਲਏ ਹਨ, ਪਰ ਨੋਕੀਆ ਹਾਲੇ ਪੰਜਾਬੀ ਲਈ
ਸਪੋਰਟ ਹੀ ਨਹੀਂ ਦਿੰਦਾ ਤਾਂ ਤੁਸੀਂ ਪੰਜਾਬੀ ਦੀ ਵੈੱਬਸਾਈਟ ਠੀਕ ਤਰ੍ਹਾਂ ਖੋਲ੍ਹ
ਕੇ ਪੜ੍ਹ ਨਹੀਂ ਸਕਦੇ।


ਖ਼ੈਰ ਇਹ ਤਾਂ ਸਮੇਂ ਨੂੰ ਵਿਚਾਰਨ ਦੀ ਗੱਲ ਹੈ ਕਿ ਆਪਾਂ ਪੰਜਾਬੀ ਨੂੰ ਕਿੰਨੀ
ਛੇਤੀ ਆਪਣੇ ਮੋਬਾਇਲਾਂ/ਕੰਪਿਊਟਰਾਂ ਆਦਿ 'ਚ ਵੇਖਣਾ ਚਾਹੁੰਦੇ ਹਾਂ,
ਕੰਪਿਊਟਰਾਂ ਨੂੰ ਵੇਖ ਕੇ ਤਾਂ ਠੀਕ ਹੋਣ ਦੀ ਆਸ ਬੱਝਦੀ ਹੈ, ਪਰ ਮੋਬਾਇਲਾਂ ਦਾ
ਉਹ ਹਾਲ ਕਿ ਲੱਗਦਾ ਹੈ ਕਦੇ ਵੀ ਨਹੀਂ!

ਪੰਜਾਬੀ ਓਪਨ ਸੋਰਸ ਟੀਮ

21 March, 2010

ਭਗਤ ਸਿੰਘ ਸਰਦਾਰ ਨੂੰ ਲੱਗਦਾ...

ਮੇਰੇ ਕੋਲ ਕਹਿਣ ਲਈ ਕੁਝ ਨੀਂ, ਬੱਸ ਸੱਤਾ ਕੋਟਲੀ ਵਾਲੇ ਦਾ ਗਾਣਾ ਹੀ ਹੈ...

ਬਣਦੇ ਹੋਏ ਹੱਕ ਦਿਵਾਉਣ ਲਈ, ਨਿੱਤ ਲੁੱਟਦੀ ਇੱਜ਼ਤ ਬਚਾਉਣ ਲਈ,
ਇੱਕ ਜਨਮ ਇਸ ਦੇਸ਼ ਦੇ ਲੇਖੇ ਹੋਰ ਵੀ ਲਾਉਣਾ ਪਊ,
ਭਗਤ ਸਿੰਘ ਸਰਦਾਰ ਨੂੰ ਲੱਗਦਾ ਮੁੜ ਕੇ ਆਉਣਾ ਪਊ

ਅੱਤ ਜ਼ਾਲਮਾਂ ਚੁੱਕੀ ਫਿਰਦੇ, ਧੱਕੇ ਸ਼ਾਹੀਆਂ ਨੇ
ਲੈ ਕੇ ਰਿਸ਼ਵਤ ਅਫਸਰ ਲੈਂਦੇ ਦੱਬ ਸਚਾਈਆਂ ਨੇ
ਗੋਰਿਆਂ ਵਾਗੂੰ ਇਹਨਾਂ ਨੂੰ ਵੀ ਸਬਕ ਸਿਖਾਉਣਾ ਪਊ
ਭਗਤ ਸਿੰਘ ਸਰਦਾਰ ਨੂੰ...

ਗਾਣੇ ਦਾ ਲਿੰਕ

18 February, 2010

ਕਿਸਾਨੀ ਇਨਕਲਾਬੀ ਸੰਘਰਸ਼ ਵਿੱਚ ਇੱਕ ਹੋਰ ਸ਼ਹਾਦਤ - ਸਾਧੂ ਸਿੰਘ ਤਖ਼ਤੂਪੁਰਾ

16 ਫਰਵਰੀ ਨੂੰ ਅੰਮ੍ਰਿਤਸਰ ਜ਼ਿਲੇ ਚੋਗਾਵਾਂ ਬਲਾਕ ਦੇ ਸਰਹੱਦੀ ਪਿੰਡ  ਭਿੰਡੀ ਔਲਖ ਵਿਖੇ
15-20 ਹਥਿਆਰਬੰਦ ਬੰਦਿਆਂ ਨੇ ਟਾਟਾ ਸੂਮੋ ਉੱਤੇ ਬੜੀ ਫਿਲਮੀ ਅੰਦਾਜ਼ ਵਿੱਚ ਹਮਲਾ ਕੀਤਾ
ਅਤੇ ਉਸ ਵਿੱਚ ਮੌਜੂਦ ਇੱਕ ਵਿਅਕਤੀ ਨੂੰ ਮਾਰ ਅਤੇ ਬਾਕੀਆਂ ਨੂੰ ਜ਼ਖਮੀ ਕਰ ਦਿੱਤਾ। ਪੰਜਾਬ
ਵਿੱਚ ਇਹ ਘਟਨਾਵਾਂ ਭਾਵੇਂ ਰੋਜ਼ ਹੁੰਦੀਆਂ ਹੋਣ, ਪਰ ਇਹ ਹੋਈ ਘਟਨਾ ਨੇ ਅਜਿਹਾ ਦੁਖਾਂਤ
ਪੈਦਾ ਕੀਤਾ ਹੈ, ਜੋ ਆਉਣ ਵਾਲੇ ਸਮੇਂ ਵਿੱਚ ਸ਼ਾਇਦ ਬਹੁਤ ਬਦਲਾਅ ਪੈਦਾ ਕਰੇ।
 ਮਰ ਵਾਲਾ ਵਿਅਕਤੀ ਸਾਧੂ ਸਿੰਘ ਤਖ਼ਤੂਪੁਰਾ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ
ਜਰਨਲ ਸਕੱਤਰ ਸੀ। ਉਹ ਵਿਅਕਤੀ ਜਿਸ ਦਾ ਨਾਂ ਕਿਸਾਨ ਸੰਘਰਸ਼ਾਂ ਵਿੱਚ ਬੜੇ ਹੀ ਮਾਣ
ਸਤਿਕਾਰ ਨਾਲ ਲਿਆ ਜਾਂਦਾ ਰਿਹਾ ਹੈ ਅਤੇ ਅੱਗੇ ਵੀ ਲਿਆ ਜਾਂਦਾ ਹੀ ਰਹੇਗਾ। ਮੇਰੀ ਜਾਣ
ਪਛਾਣ ਉਹਨਾਂ ਨਾਲ ਕਰੀਬ ਤਿੰਨ ਕੁਵਰ੍ਹੇ ਪਹਿਲਾਂ ਹੋਈ ਸੀ ਅਤੇ ਮੈਨੂੰ ਉਹਨਾਂ ਦੀ ਸ਼ਖਸ਼ੀਅਤ
ਵਿੱਚ ਹਮੇਸ਼ਾ ਇੰਝ ਦੀ ਖਿੱਚ ਮਹਿਸੂਸ ਹੁੰਦੀ ਰਹੀ ਕਿ ਮੈਂ ਸਦਾ ਮਿਲਣ ਲਈ ਉਤਸੁਕ ਰਿਹਾ।
ਭਾਵੇਂ ਉਹਨਾਂ ਨਾਲ ਮੁਲਾਕਾਤ ਬਹੁਤ ਘੱਟ ਸਮਾਂ ਹੀ ਹੁੰਦੀ (ਜਦੋਂ ਵੀ ਮੈਂ ਪਿੰਡ ਜਾਂਦਾ), ਪਰ
ਉਹਨੇ ਸਮੇਂ ਵਿੱਚ ਵੀ ਉਹਨਾਂ ਦੀ ਗੱਲਾਂ ਦਿਮਾਗ 'ਚ ਚਾਨਣ ਕਰ ਦਿੰਦੀਆਂ, ਛੋਹ ਲੈਂਦੀਆਂ।
  ਮਿੱਠ ਬੋਲੜੇ ਸੁਭਾ, ਚੜ੍ਹਦੀ ਕਲਾ ਵਿੱਚ ਰਹਿਣਾ, ਹਮੇਸ਼ਾ ਕੰਮ ਲਈ ਤਿਆਰ ਰਹਿਣਾ
(ਚੜ੍ਹੇ ਘੋੜੇ ਸਵਾਰ), ਹਮੇਸ਼ਾ ਨਵਾਂ ਸਿੱਖਣ ਦੇ ਚਾਹਵਾਨ, ਸਮੇਂ ਨੂੰ ਬਹਿ ਕੇ ਗੁਜ਼ਾਰਨ
ਦੀ ਬਜਾਏ ਕੁਝ ਕਰਨ 'ਚ ਵਿਸ਼ਵਾਸ਼ ਰੱਖਣ ਵਾਲੇ ਇਹ ਆਗੂ ਨੇ ਬਰਨਾਲੇ ਕੋਲ ਟਰਾਈਜੈਂਟ
ਤੋਂ ਜ਼ਮੀਨ ਛੁਡਵਾਉ ਤੇ ਵਾਜਬ ਮੁੱਲ ਦਿਵਾਉਣ, ਬਿਜਲੀ ਬੋਰਡ ਦੇ ਪ੍ਰਾਈਵੇਟ ਕਰਨ ਦੇ ਵਿਰੁਧ
ਚੰਡੀਗੜ੍ਹ ਧਰਨੇ, ਰੈਲੀਆਂ, ਅੰਮ੍ਰਿਤਸਰ  ਵਿੱਚ ਭੂਮੀ-ਮਾਫੀਏ ਤੋਂ ਮੁਜ਼ਾਰੇ ਕਿਰਸਾਨਾਂ ਨੂੰ
ਜ਼ਮੀਨਾਂ ਦੇ ਹੱਕ ਦਿਵਾਉਣ, ਡੇਰਾਬੱਸੀ ਵਿੱਚ ਸ੍ਰੋਮਣੀ ਕਮੇਟੀ ਦੇ ਮਾਫੀਏ ਤੋਂ ਲੋਕਾਂ ਨੂੰ ਕਬਜ਼ੇ
ਦਿਵਾਉਣ ਵਿੱਚ ਆਪਣੀ ਜਥੇਬੰਦੀ ਨਾਲ ਬਹੁਤ ਵੱਡੀ ਭੂਮਿਕਾ  ਨਿਭਾਈ (ਜਦੋਂ ਤੋਂ ਮੈਂ ਜਾਣਦਾ ਹਾਂ)।

 ਅੰਮ੍ਰਿਤਸਰ ਵਿੱਚ ਕੋਈ ਵੀ ਕਿਸਾਨ ਜਥੇਬੰਦੀ ਨਹੀਂ ਸੀ, ਉਥੇ ਖਾਲਸਤਾਨੀ ਲਹਿਰ ਦੌਰਾਨ
ਪੁਲਿਸ ਵਲੋਂ ਕਤਲ ਕੀਤੇ ਗਏ ਹਜ਼ਾਰਾਂ ਬੇਕਸੂਰ ਨੌਜਵਾਨਾਂ ਦੇ ਕਰਕੇ ਪਿੰਡਾਂ ਵਿੱਚ ਪੁਲਿਸ ਦੀ
ਦਹਿਸ਼ਤ ਹਾਲੇ ਵੀ ਕਾਇਮ ਹੈ। ਬਾ-ਜੀ (ਸਾਧੂ ਸਿੰਘ ਤਖਤੂਪੁਰਾ) ਦੇ ਦੱਸਣ ਦੇ ਮੁਤਾਬਕ,
ਉਹ ਲੋਕਾਂ ਦੀ ਭੂਮੀ ਮਾਫੀਆ ਅਤੇ ਪੁਲਿਸ ਦੇ ਵਿਰੁਧ ਕੁਝ ਵੀ ਕਰਨ ਦੀ ਹਿੰਮਤ ਨਹੀਂ ਸੀ, ਭਾਵੇਂ
ਉਹ ਕਿਸਾਨ ਯੂਨੀਅਨੇ ਦੇ ਆਗੂਆਂ ਦੀ ਗੱਲਾਂ ਨਾਲ ਸਹਿਮਤ ਵੀ ਹੁੰਦੇ। ਪਿਛਲੇ ਕਈ
ਮਹੀਨਿਆਂ ਦੀ ਮਿਹਨਤ ਨਾਲ ਬਾਜੀ ਹੋਰਾਂ ਨੇ ਉਹਨਾਂ ਨੂੰ ਕਬਜ਼ੇ ਦੁਆਵੇ, ਕਾਗਜ਼ਾਂ 'ਚ ਜ਼ਮੀਨਾਂ
ਨਾਂ ਕਰਵਾਈਆਂ। ਪਿਛਲੇ ਦਿਨੀਂ ਪੁਲਿਸ ਹਿਰਾਸਤ (ਨਜ਼ਾਇਜ਼) ਵਿੱਚ ਕਿਸਾਨ ਦੀ ਮੌਤ
ਹੋ ਗਈ, ਉਹ ਵਾਸਤੇ ਥਾਣੇਦਾਰ ਨੂੰ ਸਸਪੈਂਡ ਕੀਤਾ ਹੋਇਆ ਸੀ। ਉਸ ਦੀ ਗ੍ਰਿਫਤਾਰੀ ਲਈ ੨੧
ਤਾਰੀਖ ਨੂੰ ਇੱਕਠ ਵਾਸਤੇ ਇਹ ਆਗੂ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਇੱਕਠਾ ਕਰ ਰਹੇ ਸਨ,
ਇਸ ਲੜੀ ਦੇ ਤਹਿਤ ਜਦੋਂ ਉਹ ਔਲਖ ਪਿੰਡ 'ਚ ਮੀਟਿੰਗ ਕਰਕੇ ਨਿਕਲੇ ਤਾਂ ਪਿੰਡ ਤੋਂ ਕੁਝ ਕੁ  ਦੂਰ
ਇੱਕ ਮੋਟਰਸਾਈਕਲ ਸਵਾਰ ਨੇ ਉਹਨਾਂ ਨੂੰ ਅੱਗੇ ਤੋਂ ਰੋਕ ਲਿਆ ਅਤੇ ਪਿੱਛੇ ਤੋਂ ਗੁੰਡਿਆਂ ਨੇ ਹਮਲਾ
ਕਰ ਦਿੱਤਾ,ਜਿਸ ਦਾ ਨਿਸ਼ਾਨ ਕਿਸਾਨ ਆਗੂ ਨੂੰ ਬਣਾਇਆ ਗਿਆ, ਦੱਸਣ ਦੇ ਮੁਤਾਬਕ
ਜਦੋਂ ਮਰਨ ਦੀ ਤਸੱਲੀ ਹੋ ਗਈ ਤਾਂ ਉਹ ਮਾਰਨੋਂ ਹਟੇ। ਇਹ ਸਾਰੇ ਮਾਮਲੇ ਵਿੱਚ ਉੱਥੋਂ
ਦੇ ਸੀਨੀਅਰ ਅਕਾਲੀ ਆਗੂ ਵੀਰ ਸਿੰਘ ਲੋਪੋਕੇ, ਥਾਣੇਦਾਰ ਰਛਪਾਲ ਸਿੰਘ ਬਾਬਾ
(ਲੋਪੋਕੇ ਦਾ ਰਿਸ਼ਤੇਦਾਰ), ਚੇਅਰਮੈਨ ਸਰਬਜੀਤ ਸਿੰਘ ਲੋਧੀਗੁਜਰ,  ਕੁਲਵਿੰਦਰ ਸਿੰਘ
ਵਿਰੁਧ ਧਾਰਾ 302, 307,324,323,148,149  ਅਤੇ 120B IPC ਦੇ ਤਹਿਤ ਕੇਸ
ਦਰਜ ਕੀਤਾ ਗਿਆ ਹੈ।

ਉਹਨਾਂ ਦੀ ਇਹ ਸ਼ਹਾਦਤ ਪੰਜਾਬ ਵਿੱਚ ਫੈਲੀ ਗੁੰਡਾਗਰਦੀ ਦਾ ਸਬੂਤ ਹੈ, ਜਿੱਥੇ ਰੈਲੀ
ਕਰਨ ਲਈ ਨਿਹੱਥੇ ਲੋਕਾਂ ਉੱਤੇ ਗੁੰਡੇ ਦਿਨ-ਦਿਹਾੜੇ ਹਮਲੇ ਕਰਨ ਤੋਂ ਝਿਜਕਦੇ ਨਹੀਂ,
ਉੱਥੇ ਹੀ ਸਿਆਸੀ ਲੀਡਰਾਂ ਵਲੋਂ ਲੋਕਾਂ ਨੂੰ ਲੁੱਟਣ ਅਤੇ ਕਤਲ ਕਰਨ ਤੱਕ
ਦੀਆਂ ਵਾਰਦਾਤਾਂ ਹੋ ਰਹੀਆਂ ਹਨ।

ਹੁਣ ਇਹ ਸਭ ਦੇ ਬਾਵਜੂਦ ਪੁਲਿਸ ਕੀ ਕਰਵਾਈ  ਕਰਦੀ ਹੈ ਅਤੇ ਉਹ ਜਥੇਬੰਦੀ
ਕੀ ਕਾਰਵਾਈ ਕਰਦੀ ਹੈ, ਕੀ ਉਹ ਪਿੱਛੇ ਹੱਟ ਜਾਣਗੇ? ਜਾਂ ੨੧ ਫਰਵਰੀ ਦਾ
ਘਿਰਾਓ ਹੋਵੇਗਾ, ਜਿਸ ਖਾਤਰ ਇਹ ਸ਼ਹਾਦਤ ਹੋਇਆ ਹੈ? ਕੀ ਅੰਮ੍ਰਿਤਸਰ
ਦੇ ਇਲਾਕੇ ਵਿੱਚ ਛੋਟੇ ਕਿਸਾਨਾਂ ਲਈ ਜਥੇਬੰਦੀ ਆਪਣਾ ਕੰਮ ਜਾਰੀ ਰੱਖ ਸਕੇਗੀ?
ਤੇ ਕੀ ਇਹ ਪੁਲਿਸ ਦਹਿਸ਼ਤ ਦੀ ਛਾਂ ਉੱਥੋਂ ਦੂਰ ਹੋ ਸਕੇਗੀ? ਇਹ ਸਭ ਗੱਲਾਂ
ਆਉਣ ਵਾਲੇ ਭਵਿੱਖ ਵਿੱਚ ਹਨ।

ਕੁਰਬਾਨੀ ਕਰਨ ਵਾਲੇ, ਆਪਣੇ ਕਹਿਣੀ ਤੇ ਕਰਨੀ ਦੇ ਪੂਰੇ, ਲੋਕਾਂ ਨੂੰ ਜ਼ਿੰਦਗੀ
ਸਮਰਪਿਤ ਕਰਨ ਵਾਲੇ, ਮੌਤ ਤੋਂ ਨਾ ਡਰਨ ਵਾਲੇ ਸੂਰਮੇ ਵਿਰਲੇ ਹੀ ਜੰਮਦੀਆਂ
ਨੇ ਮਾਵਾਂ ਅਤੇ ਮੈਨੂੰ ਇਹ ਮਾਣ ਰਹੇਗਾ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਉਹਨਾਂ
ਨੂੰ ਨੇੜਿਓ ਵੇਖਿਆ (ਅਤੇ ਦੁੱਖ ਵੀ ਸ਼ਾਇਦ ਕਿ ਇਹ ਸਮਾਂ ਬਹੁਤ ਹੀ ਥੋੜ੍ਹਾ ਰਿਹਾ)....
ਮੇਰੀ ਜ਼ਿੰਦਗੀ ਵਿੱਚੋਂ ਹੁਣ ਇੱਕ ਚਾਨਣ ਮੁਨਾਰਾ ਅਲੋਪ ਹੋ ਗਿਆ

ਬੜੇ ਦੁੱਖ ਅਤੇ ਤਕਲੀਫ਼ ਨਾਲ
ਆਲਮ...
ਅੰਗਰੇਜ਼ੀ ਅਖ਼ਬਾਰ ਦੀ ਖ਼ਬਰ

14 February, 2010

MS Office Bug for Punjabi Rendering…

After many year, I was working on Microsoft

Word/Power Point. version it 2007 (2010 Beta),

both has common problem for Punjabi (Gurmukhi)

rendering. While Input Character with Bindi

(ਸ/ਗ/ਜ/ਫ/ਲ) and use (਼) with it, then input

any dependent vowel, it delete the (਼)

character.

ਗ + ਼ + ੀ = ਗੀ

it is happening only with Office only,

while WordPad and NotePad is ok.

is here and Test case is below.

---

----

Character + Bindi + Dependant Vowel = Resutl

---
Failed Case

ਸ + ਼ + ਾ = ਸ਼ਾ
ਖ + ਼ + ੈ= ਖ਼ੈ
ਗ + ਼ + ਿ = ਗ਼ਿ
ਜ + ਼ + ੀ = ਜ਼ਿ
ਲ + ਼ + ੁ = ਲ਼ੁ
ਫ + ਼ + ੇ = ਫ਼ੇ

-----
PASS Case

----
ਸ਼ + ਾ= ਸ਼ਾ
ਖ਼ + ੈ=ਖ਼ੈ
ਗ਼ + ਿ=ਗ਼ਿ
ਜ਼ + ੀ=ਜ਼ੀ
ਲ਼ + ੁ=ਲ਼ੁ
ਫ਼ + ੇ=ਫ਼ੇ

---

Try to delete and paste Dependent Vowel at end.

Don’t know how to Find Revision/Version of MS Office and how to report to Microsoft:-(

04 February, 2010

ਸਕੂਲ ਵੱਲ ਤੁਰਦੇ ਨਿੱਕੇ ਨਿੱਕੇ ਪੈਰ...

ਇੱਕ ਹੋਰ ਪੜਾਅ ਛੇਤੀ ਹੀ ਉਹਦੀ ਜ਼ਿੰਦਗੀ ਵਿੱਚ ਆ ਰਿਹਾ ਹੈ,
ਸਕੂਲ ਜਾਣ ਦਾ, ਉਸ ਨੂੰ ਵੀ ਬਹੁਤ ਹੀ ਚਾਅ
ਚੜ੍ਹਿਆ ਰਹਿੰਦਾ ਹੈ ਕਿ ਬੈਗ ਪਾ ਕੇ, ਬੂਟ ਪਾ ਕੇ ਸਕੂਲ ਜਾਣਾ ਹੈ...


ਪਹਿਲੀਂ ਤਾਰੀਖ ਤੋਂ ਉਸ ਨੂੰ ਸਕੂਲ ਜਾਣ ਲਈ 'ਕੱਚੀ ਪਹਿਲੀ"
(ਛੋਟੇ ਬੱਚੇ ਨੂੰ ਰੱਖਣ ਵਾਲੀ ਥਾਂ) ਵਿੱਚ ਛੱਡ ਕੇ ਆਏ।
ਉਮੀਦ ਮੁਤਾਬਕ ਪਹਿਲੇ ਦਿਨ 10 ਕੁ ਮਿੰਟ ਹੀ ਬੈਠਾ,
ਦੂਜੇ ਦਿਨ 15-20 ਮਿੰਟ ਹੀ ਲਾਏ। ਇਹ ਉਹ
ਸਫ਼ਰ ਦੇ ਪਹਿਲੇ ਕਦਮ ਸਨ, ਜੋ ਆਉਣ
ਵਾਲੇ ਕਈ ਵਰ੍ਹੇ ਉਹਦੀ ਜ਼ਿੰਦਗੀ ਦਾ ਵੱਡਾ ਸਮਾਂ
ਲਵੇਗਾ। ਸ਼ਾਇਦ 20-22 ਸਾਲ ਲਈ ਉਹ ਇਹ
ਜੂਲਾ ਲਾਉਣ ਲਈ ਸੰਘਰਸ਼ ਕਰਦਾ ਰਹੇਗਾ, ਜੋ ਅੱਜ ਉਹ
ਖੁਸ਼ੀ ਖੁਸ਼ੀ ਪਾਉਣ ਲਈ ਤਿਆਰ ਸੀ।
ਟਰੀ ਇੰਡੀਅਟ ਵੇਖਣ ਅਤੇ ਆਪਣੇ ਨਿੱਜੀ ਅਨੁਭਵ
ਤੋਂ ਮੈਂ ਇਹੀ ਸੋਚਦਾ ਹਾਂ ਕਿ ਬਿਲਕੁਲ ਇਹ ਜੂਲਾ ਹੀ ਹੈ,
ਜੋ ਬਹੁਤ ਭਾਰਤ ਦੇ ਬੱਚੇ ਲੈ ਕੇ ਚੱਲਦੇ ਹਨ, ਹੰਢਾਉਂਦੇ ਹਨ,
ਜਿੱਥੇ ਉਹਨਾਂ ਨੂੰ "ਯੈੱਸ ਸਰ" ਦੇ ਰੂਪ ਵਿੱਚ ਬਾਬੂ ਬਣਨ
ਲਈ ਤਿਆਰ ਕੀਤਾ ਜਾਂਦਾ ਹੈ। (ਬੇਸ਼ੱਕ ਕੁਝ ਵਿਦਿਆਰਥੀ
ਇਹ ਹੱਦਾਂ ਤੋੜਦੇ ਹਨ ਅਤੇ ਗਿਣਤੀ ਲਗਾਤਾਰ ਵੱਧਦੀ ਜਾਵੇਗੀ,
ਪਰ ਆਬਾਦੀ ਅਤੇ ਪੜ੍ਹਨ ਵਾਲਿਆਂ ਦੇ ਮੁਕਾਬਲੇ ਅੱਜ ਇਹ
ਗਿਣਤੀ ਬਹੁਤ ਘੱਟ ਹੈ)।

ਮੈਂ ਖੁਦ ਆਪਣੇ ਨਾਲ ੬੦ ਜਾਣਿਆਂ ਦੇ ਕੰਪਿਊਟਰ
ਇੰਜਨੀਅਰਾਂ ਦੀ ਜਮਾਤ ਵਿੱਚ ਕੰਮ ਕਰਨ ਵਾਲੇ ੫ ਬੰਦੇ
ਹੀ ਗਿਣੇ ਨੇ, ਜੋ ਕੰਪਿਊਟਰ ਤੋਂ ਕੰਮ ਕਰਵਾ ਸਕਦੇ ਸਨ
ਅਤੇ ਕਰੀਬ ੫-੬ ਅਜਿਹੇ ਇੰਜਨੀਅਰ ਵੀ ਵੇਖੇ ਨੇ,
ਜੋ ੪ ਸਾਲਾਂ ਬਾਅਦ ਵੀ ਇਹ ਨਹੀਂ ਜਾਣਦੇ ਸਨ ਕਿ
ਸਧਾਰਨ ਵਰਤੋਂ ਕਿਵੇਂ ਕਰਨੀ ਹੈ, ਅਤੇ ਅੱਧੇ ਤੋਂ
ਵੱਧ ਨੂੰ ਸ਼ਾਇਦ ਕਦੇ ਪਤਾ ਵੀ ਨਹੀਂ ਸੀ ਕਿ
ਦੁਨਿਆਂ ਵਿੱਚ ਵਿੰਡੋਜ਼ ਤੋਂ ਬਿਨਾਂ ਕੋਈ ਹੋਰ ਕੰਪਿਊਟਰ
ਵੀ ਹੁੰਦਾ ਹੈ। ਇਹ ਤਾਂ ਪੜ੍ਹਾਈ ਦਾ ਹਾਲ ਸੀ,
ਜਿੱਥੇ ਕੇਵਲ ਨੰਬਰ ਲੈਣ ਲਈ ਪੜ੍ਹਿਆ ਅਤੇ ਪੜ੍ਹਾਇਆ
ਜਾਂਦਾ ਸੀ। ਅੱਜ ਜੇ ਚੰਗੇ ਕਾਲਜਾਂ ਵਿੱਚ ਵੀ ਪੜ੍ਹਾਈ
ਹੁੰਦੀ ਹੈ ਤਾਂ ਵੀ ਇਹ ਸਟੀਰਿਓ ਟਾਈਪ, ਇੱਕ
ਨੱਕ ਦੀ ਸੇਧੇ ਤੁਰ ਜਾਣ ਵਾਲਾ ਕੰਮ ਜਾਪਦਾ ਹੈ।
ਇਹ ਤਾਂ ਮੇਰੀ ੬ ਸਾਲ ਪੁਰਾਣੀ ਗੱਲ ਸੀ, ਪਿਛਲੇ
ਵਰ੍ਹੇ ਮੇਰਾ ਵਾਹ ਕੁਝ ਐਮ.ਬੀ.ਏ. (MBA) ਕਰਨ
ਵਾਲੇ ਪੂਣੇ ਦੇ ਸਭ ਤੋਂ ਚੋਟੀ ਦੇ ਕਾਲਜ ਦੇ ਵਿਦਿਆਰਥੀਆਂ
ਨਾਲ ਵਾਹ ਪਿਆ। ਉਨ੍ਹਾਂ ਪਰੋਜੈਕਟ ਕੀਤਾ, ਵੱਡੇ ਵੱਡੇ
ਵਾਅਦੇ ਕੀਤੇ, ਰਿਪੋਰਟ ਉੱਤੇ ਸਾਈਨ ਕਰਵਾਏ ਅਤੇ
ਉਸ ਤੋਂ ਬਾਅਦ ਪਰੋਜੈਕਟ ਨੂੰ ਪੂਰਾ ਕਰਨ ਦੀ ਲੋੜ ਵੀ
ਨਹੀਂ ਸਮਝੀ, ਕਿਉਂਕਿ ਉਹਨਾਂ ਕੋਲ ਹੁਣ ਇਸ ਲਈ ਟਾਈਮ
ਨਹੀਂ ਸੀ ਰਿਹਾ। ਸੋ ਇਹ ਸਭ ਰਿਪੋਰਟ, ਡਿਗਰੀ,
ਅਤੇ ਨੌਕਰੀ ਲਈ ਹੀ ਸੀ...

ਆਪਣੇ ਬੱਚੇ ਤੋਂ ਜੇ ਅੱਜ ਮੈਂ ਕੋਈ ਉਮੀਦ ਕਰਦਾ ਹਾਂ ਤਾਂ
ਇਸ ਦਾ ਅਰਥ ਮੈਂ ਉਸ ਦੇ ਵਿਚਾਰਾਂ/ਸੋਚ ਨੂੰ ਆਪਣੇ ਵਲੋਂ
ਤਬਾਹ ਕਰਨਾ ਸਮਝਦਾ ਹਾਂ। ਉਸ ਨੂੰ ਚੰਗੀ ਸੋਚ ਦੇਣੀ ਅਤੇ
ਚੰਗੇ ਮਾੜੇ ਬਾਰੇ ਫ਼ਰਕ ਦੱਸਣਾ, ਤਾਂ ਮੇਰਾ ਫ਼ਰਜ਼ ਹੈ, ਪਰ ਉਸ
ਨੂੰ ਚੰਗੇ ਦੀ ਹੀ ਚੋਣ ਕਰਕੇ ਦੇਣੀ (ਜੋ ਮੈਂ ਸੋਚਦਾ ਹੋਵਾਂ), ਉਂਗਲ
ਫੜ ਕੇ ਚੱਲਦੇ ਰਹਿਣਾ ਉਸ ਦੀ ਜ਼ਿੰਦਗੀ ਲਈ ਤਬਾਹਕੁੰਨ
ਫੈਸਲਾ ਸਮਝਾਂਗਾ।

ਖ਼ੈਰ ਇਹ ਹਾਲਤ (ਭਾਰਤੀ ਵਿਦਿਆ ਪ੍ਰਣਾਲੀ) 'ਚ ਮੇਰੇ ਵੇਲੇ
ਨਾਲੋਂ ਸੁਧਾਰ ਹੋਇਆ ਜ਼ਰੂਰ ਹੈ, ਅਤੇ ਅੱਗੇ ਵੀ ਜਾਰੀ ਰਹੇਗਾ,
ਪਰ ਅੱਜ ਦੇ ਪੈਰ ਪੁੱਟਣ ਵਾਲੇ ਲਈ ਸ਼ਾਇਦ ਇਹ ਕਾਫ਼ੀ ਨਹੀਂ ਰਹੇਗਾ
ਕਿ ਉਸ ਨੂੰ ਚੰਗਾ ਕੈਰੀਅਰ ਚੁਣਨ ਅਤੇ ਉਸ ਵਿੱਚ ਅੱਗੇ ਵਧਣ (ਉਤਸ਼ਾਹਿਤ)
ਲਈ ਮੱਦਦ ਕਰ ਸਕੇ। ਆਪਣੇ ਵੱਲੋਂ ਤਾਂ ਮੈਂ ਉਸ ਨੂੰ ਆਪਣੇ ਮਾਂ-ਬਾਪ
ਤੋਂ ਵੱਧ ਆਜ਼ਾਦੀ ਦੇਵਾਂਗਾ ਕੈਰੀਅਰ ਚੁਣਨ ਦੀ (ਜਿਨ੍ਹਾਂ ਨੇ ਆਪਣੇ
ਮਾਂ-ਬਾਪ ਤੋਂ ਵੱਧ ਦਿੱਤੀ ਹੋਵੇਗੀ) ਅਤੇ ਉਸ ਦੇ ਖਿਆਲਾਂ ਦੀ ਕਦਰ
ਕਰਨ ਦਾ ਜਤਨ ਕਰਾਂਗਾ (ਜੋ ਹਾਲੇ ਭਾਰਤ ਦੇ ਮੱਧ-ਵਰਗੀ ਪਰਿਵਾਰਾਂ
'ਚ ਘੱਟ ਹੀ ਹੁੰਦੀ ਹੈ)...

ਅੱਜ ਤਾਂ ਮੈਂ ਉਸ ਦੇ ਬੈਗ ਪਾ ਕੇ ਸਕੂਲ (ਜਿਸ ਬਾਰੇ ਉਹ ਸ਼ਾਇਦ
ਸਮਝਦਾ ਨਹੀਂ ਹੋਵੇਗਾ) ਨੂੰ ਨਿੱਕੇ ਨਿੱਕੇ ਤੁਰਦੇ ਪੈਰਾਂ 'ਚ ਵਲੋਂ ਚੱਕੇ ਨਾ
ਜਾਂਦੇ ਚਾਅ ਨੂੰ ਮਹਿਸੂਸ ਕਰਦਾ ਹੋਇਆ ਆਪਣੇ ਬਚਪਨ ਨੂੰ ਚੇਤੇ
ਕਰਦਾ ਹਾਂ...