23 October, 2008

ਬੁਰੇ ਦਿਨਾਂ ਵਿੱਚ ਇੱਕ ਚੰਗੀ ਖ਼ਬਰ - ਭਾਰਤ ਚੰਦ ਉੱਤੇ...

ਜਿਵੇਂ ਕਿ ਸਭ ਨੂੰ ਪਤਾ ਲੱਗ ਹੀ ਗਿਆ ਹੈ ਕਿ ਭਾਰਤ ਵਲੋਂ ਗ਼ੈਰ-ਇਨਸਾਨੀ ਪਹਿਲਾਂ
ਪੁਲਾੜੀ ਜਹਾਜ਼ ਚੰਦ ਲਈ ਰਵਾਨਾ ਕਰ ਦਿੱਤਾ ਗਿਆ ਹੈ। ਇਹ ਸਫ਼ਲਤਾ ਭਰੀ ਖ਼ਬਰ
ਇੱਕ ਅਜਿਹੇ ਮੌਕੇ ਆਈ ਹੈ, ਜਦੋਂ ਕਿ ਭਾਰਤ ਸਾਰੀ ਦੁਨਿਆਂ ਦੇ ਨਾਲ ਬਹੁਤ ਹੀ
ਬੁਰੇ ਸਮੇਂ ਵਿੱਚ ਲੰਘ ਰਿਹਾ ਹੈ। ਅੱਜ ਜਦੋਂ ਕਿ ਰੋਜ਼ ਸ਼ੇਅਰ ਬਾਜ਼ਾਰ ਡੁੱਬਣ, ਨੌਕਰੀਆਂ
ਗੁਆਚਣ ਦੀਆਂ ਖ਼ਬਰਾਂ ਨਾਲ ਅਖ਼ਬਾਰ ਭਰੇ ਹੁੰਦੇ ਹਨ, ਜਦੋਂ ਸ਼ਿਵ ਸੈਨਾ ਅਤੇ
ਮਹਾਂਰਾਸ਼ਟਰ ਨਵ-ਨਿਰਮਾਣ ਸੈਨਾ ਵਿੱਚ 200 ਸਰਕਾਰੀ ਬੱਸਾਂ ਫੂਕਣ, ਬਿਹਾਰੀਆਂ
ਨੂੰ ਕੁੱਟ ਮਾਰਨ ਦੀਆਂ ਖ਼ਬਰਾਂ ਨਾਲ ਭਰੇ ਹੁੰਦੇ ਹਨ, ਉਸ ਮੌਕੇ ਚੰਦਰਯਾਨ-1
ਵਰਗੀਆਂ ਖ਼ਬਰਾਂ ਬਹੁਤ ਹੀ ਮਹੱਤਵਪੂਰਨ ਹੋ ਜਾਂਦੀਆਂ ਹਨ।

ਬੀਬੀਸੀ ਦੀ ਖ਼ਬਰ ਮੁਤਾਬਕ ਇਹ ਰਾਕੇਟ
ਕਰੀਬ 6:20 ਵਜੇ ਸਵੇਰੇ ਛੱਡਿਆ ਗਿਆ ਹੈ, ਇਸ ਨਾਲ ਭਾਰਤ ਰੂਸ, ਅਮਰੀਕਾ, ਚੀਨ, ਜਾਪਾਨ ਵਰਗੇ ਮੁਲਕਾਂ
ਦੀ ਲਿਸਟ ਵਿੱਚ ਆ ਗਿਆ ਹੈ, ਜੋ ਕਿ ਚੰਦ ਦੀ ਯਾਤਰਾ ਕਰ ਚੁੱਕੇ ਹਨ। ਸਭ ਤੋਂ ਖਾਸ
ਗੱਲ ਰਹੀ ਹੈ ਖ਼ਰਚ - ਭਾਰਤ ਨੇ ਇਸ ਵਾਸਤੇ ਕੁੱਲ 3.8 ਬਿਲੀਅਨ ਰੁਪਏ
( 3,80,00,00,000 ਰੁਪਏ - 3 ਖਰਬ, 80 ਅਰਬ) ਦੇ ਇਹ ਛੱਡਿਆ ਹੈ, ਜੋ ਕਿ
ਚੀਨ ਦੇ ਖ਼ਰਚ ਤੋਂ ਅੱਧਾ ਅਤੇ ਜਾਪਾਨ ਦੇ ਖਰਚ ਤੋਂ ਤੀਜਾ ਹਿੱਸਾ ਹੀ ਹੈ। ਇਹ ਸਸਤਾ
ਮਾਲ ਬਣਾਉਣ ਵਿੱਚ ਭਾਰਤ ਦੀ ਮਹਾਰਤ ਦਾ ਨਤੀਜਾ ਹੈ, ਜੋ ਕਿ ਇਹ ਤਹਿ ਕਰਦਾ ਹੈ ਕਿ
ਆਉਣ ਵਾਲੇ ਸਮੇਂ ਵਿੱਚ ਭਾਰਤ ਸੰਸਾਰ ਨੂੰ ਬੇਹਤਰ ਨਤੀਜੇ ਸਸਤੇ ਰੇਟਾਂ ਉੱਤੇ ਦੇ ਸਕਦਾ ਹੈ।
ਚੀਨ ਤੋਂ ਵੀ ਘੱਟ।

ਚੰਦ ਉੱਤੇ ਪਰਕਰਮਾ ਕਰਨ ਦੌਰਾਨ ਇਹ ਭਾਰਤੀ ਝੰਡਾ ਚੰਦ ਉੱਤੇ ਸੁੱਟੇਗਾ
(ਹਾਂ ਇਹ ਚੰਦ ਉੱਤੇ ਉਤਰਨ ਨਹੀਂ ਜਾ ਰਿਹਾ, ਬੱਸ ਦੁਆਲੇ ਗੇੜੇ ਲਾਵੇਗਾ 2 ਸਾਲ)।
ਅਤੇ ਜੇ ਇਹ ਸਫ਼ਲ ਰਿਹਾ ਤਾਂ ਭਾਰਤ ਉਹ 4ਥਾ ਮੁਲਕ ਹੋਵੇਗਾ (ਰੂਸ, ਅਮਰੀਕਾ ਅਤੇ ਜਾਪਾਨ ਬਾਅਦ)
ਜਿੰਨ੍ਹਾਂ ਇਹ ਕਾਰਾ ਕੀਤਾ ਹੋਵੇਗਾ।

ਇਹ ਸਭ ਤੋਂ ਬਿਨਾਂ ਕੁਝ ਲੋਕਾਂ ਨੇ ਇਸ ਦੀ ਅਲੋਚਨਾ ਵੀ ਕੀਤੀ ਹੈ ਕਿ ਭਾਰਤ
ਵਰਗੇ ਗਰੀਬ ਮੁਲਕ ਨੂੰ ਅਜਿਹੇ ਖਰਚਿਆਂ ਤੋਂ ਬਚਣਾ ਚਾਹੀਦਾ ਹੈ, ਪਰ ਇਹ
ਸਮਝਣਾ ਚਾਹੀਦਾ ਹੈ, ਕਿ ਦੁਨਿਆਂ ਵਿੱਚ ਆਪਣੀ ਟੌਹਰ ਬਣਾਉਣ ਅਤੇ ਧੌਂਸ
ਕਾਇਮ ਰੱਖਣ ਲਈ ਖਰਚੇ ਕਰਨੇ ਜ਼ਰੂਰੀ ਹੁੰਦੇ ਹਨ ਅਤੇ ਅੱਜ ਦੇ ਦੌਰ ਵਿੱਚ
ਇਹ ਖ਼ਬਰ ਨੇ ਇੱਕ ਚੰਗੇ ਸੰਕੇਤ ਦਿੱਤੇ ਹਨ, ਅਤੇ ਇਸ ਨਾਲ ਕੱਲ੍ਹ ਨੂੰ ਪੈਸੇ
ਕਮਾਉਣ ਲਈ ਸਾਧਨ ਵੀ ਕਾਇਮ ਹੋ ਸਕਦਾ ਹੈ, ਅੱਗੇ ਵੀ ਭਾਰਤ
ਨੇ ਹੋਰਾਂ ਦੇਸ਼ਾਂ ਦੇ ਉਪਗ੍ਰਹਿ ਸਫ਼ਲਤਾਪੂਰਕ ਭੇਜੇ ਹਨ ਅਤੇ ਹੁਣ ਇਹ
ਕਦਮ ਭਾਰਤ ਦੀ ਇਹ ਯਾਤਰਾ ਵਿੱਚ ਮੀਲ ਪੱਥਰ ਹੈ।
ਇਸ ਮੌਕੇ ਇਹ ਦੀ ਤਾਰੀਫ਼ ਕਰਨੀ ਹੀ ਫ਼ਰਜ਼ ਬਣਦਾ ਹੈ।

17 October, 2008

ਫਾਇਰਫਾਕਸ 3.1 ਬੀਟਾ 1 - ਪੰਜਾਬੀ ਵਿੱਚ!

ਇੱਕ ਵਾਰ ਟੈਸਟ ਕਰਨ ਲਈ ਫਾਇਰਫਾਕਸ 3.1 ਬੀਟਾ 1ਉਪਲੱਬਧ ਹੋ ਗਿਆ ਹੈ।
ਪੰਜਾਬੀ ਵੀ ਉਪਲੱਬਧ ਹੈ (ਹਮੇਸ਼ਾਂ ਵਾਂਗ)

ਵਿੰਡੋ ਲਈ ਡਾਊਨਲੋਡ ਲਿੰਕ ਹੈ:
Windows Punjabi Firefox 3.1beta

ਮੈਕ ਲਈ:
Mac Punjabi Firefox 3.1beta

ਲੀਨਕਸ ਲਈ:
Linux Punjabi Firefox 3.1beta

ਜੇ ਹੋ ਸਕੇ ਤਾਂ ਇੱਕ ਵਾਰ ਡਾਊਨਲੋਡ ਤਾਂ ਜ਼ਰੂਰ ਕਰਿਓ ਤਾਂ ਕਿ ਪੰਜਾਬੀ ਲਈ ਮੋਜ਼ੀਲਾ ਨੂੰ ਸ਼ੱਕ ਨਾ ਰਹਿ ਜਾਵੇ [1]
ਹੋਰ ਜਾਣਕਾਰੀ ਲਈ ਪੇਜ਼
ਵੇਖੋ।


ਇੱਕ ਵਾਰ ਡਾਊਨਲੋਡ ਕਰਕੇ ਹੋ ਸਕੇ ਤਾਂ ਸੁਝਾਅ ਭੇਜਣ ਦੀ ਖੇਚਲ ਕਰਨੀ, ਤਾਂ ਕਿ
ਅਗਲੇ ਹਫ਼ਤੇ ਅਨੁਵਾਦ ਵਿੱਚ ਸੁਧਾਰ ਕੀਤਾ ਜਾ ਸਕੇ, ਫਿਲਹਾਲ ਮੇਰੇ ਕੋਲ ਇੱਕ ਮੁੱਦਾ ਹੈ:
ਜਦੋਂ ਚੁਣੇ ਹੋਏ ਟੈਕਸਟ ਨੂੰ ਇਹ ਲਿੰਕ ਦੇ ਰੂਪ ਵਿੱਚ ਵੇਖਾਉਦਾ, ਇਹ ਅਨੁਵਾਦ ਦੀ ਸਮੱਸਿਆ ਜਾਪਦੀ ਹੈ,
ਇਸ ਨੂੰ ਬੀਟਾ 2 ਵਿੱਚ ਸੁਧਾਰਨ ਦੀ ਕੋਸ਼ਿਸ਼ ਰਹੇਗੀ। (ਏ. ਐਸ. ਕੰਗ ਜੀ ਦਾ ਇਸ ਮੁੱਦੇ ਲਈ ਧੰਨਵਾਦ ਹੈ)।

[1] ਮੋਜ਼ੀਲਾ ਬੱਗ
ਬੱਗ ਮੁਤਾਬਕ ਔਸਤ ਪੰਜਾਬੀ ਲਈ ਹਿੱਟ 100 ਰੋਜ਼ਾਨਾ ਹੈ, ਮੈਨੂੰ ਥੋੜ੍ਹੀ ਹੈਰਾਨੀ ਹੋਈ ਕਿ 100 ਕਿੱਥੋ ਹੋ ਗਏ, ਸੱਚੀ
ਐਨੀ ਉਮੀਦ ਨਹੀਂ ਸੀ। ਬਾਕੀ ਮੋਜ਼ੀਲਾ ਸਿਸਟਮ ਐਡਮਿਨ ਦੇ ਸ਼ਬਦ ਖੁਦ ਪੜ੍ਹ ਲਵੋ ਜੀ!

"For the most part it looks like we have about 100 Active Daily users for pa-IN.
There is a strange couple of days just recently where we had a huge spike.
aug 21,22... Can anyone think of what might have caused this? Holiday or any
other event? I could have just been an error in our reporting system...

Here is the data for those two days and the last 15.

2008-08-21 7,004
2008-08-22 533
...
2008-10-01 110
2008-10-02 94
2008-10-03 115
2008-10-04 99
2008-10-05 93
2008-10-06 107
2008-10-07 106
2008-10-08 114
2008-10-09 96
2008-10-10 119
2008-10-11 99
2008-10-12 102
2008-10-13 117
2008-10-14 113
2008-10-15 119"

ਇੱਕ ਪ੍ਹੈਰਾ - ਇੱਕ ਕੌੜਾ ਸੱਚ

"ਇਹ ਗੋਰੇ ਤਾਂ ਸਾਡੇ ਹਿਮਾਲਿਆ ਪਹਾੜ ਤੇ
ਚੜ੍ਹ ਜਾਂਦੇ ਹਨ ਇੰਨੀ ਕੁ ਪਹਾੜੀ ਇਨ੍ਹਾਂ ਲਈ ਕੁੱਝ ਵੀ ਨਹੀਂ ਸੀ। ਸਾਡੇ ਬੱਚਿਆਂ ਨੂੰ ਮਾਵਾਂ ਕੋਠੇ ਤੇ
ਪੌੜੀਆਂ ਚੜ੍ਹਦਿਆਂ ਨੂੰ ਡਰਾ ਦਿੰਦੀਆਂ ਨੇ ਕਿ ਡਿੱਗ ਪਵੇਂਗਾ ਤੇ ਉਹ ਸਾਰੀ ਉਮਰ ਚੰਡੋਲ ਤੇ ਚੜ੍ਹਣ
ਤੋਂ ਡਰਦੇ ਰਹਿੰਦੇ ਹਨ। ਹਮੇਸ਼ਾ ਬੱਚੇ ਦਾ ਹੌਸਲਾ ਵਧਾਉ, ਫਿਰ ਉਹ ਜਿੰਦਗੀ ਵਿੱਚ ਹਾਰ ਖਾਣੀ
ਭੁੱਲ ਜਾਵੇਗਾ। ਪਰ ਜਿੰਨ੍ਹਾਂ ਨੂੰ ਬਚਪਣ ‘ਚ ਛੱਪੜ ‘ਚ ਵੜਣ ਤੋਂ ਡਰਾਇਆ ਗਿਆ ਹੋਵੇ
ਉਹ ਸਮੁੰਦਰਾਂ ਦੇ ਤੈਰਾਕ ਨਹੀਂ ਬਣ ਸਕਦੇ। ਇਹ ਇਤਿਹਾਸਕ ਦੁਖਾਂਤ ਹੈ ਕਿ ਜਦੋਂ
ਅਸੀਂ ਰੱਬ ਨੂੰ ਲੱਭਣ ਲਈ ਧੜਾ ਧੜ ਮੰਦਰ ਬਣਾ ਰਹੇ ਸੀ ਓਦੋਂ ਗੋਰਿਆਂ ਨੇਂ ਸਮੁੰਦਰ
ਗਾਹ ਕੇ ਸਾਨੂੰ ਲੱਭ ਲਿਆ ਤੇ ਮੁੜ ਕਈ ਸਦੀਆਂ ਸਿਰ ਨਹੀਂ ਚੁੱਕਣ ਦਿੱਤਾ।
ਤੇ ਸਾਨੂੰ ਅੱਜ ਤੱਕ ਰੱਬ ਨਹੀਂ ਲੱਭਾ।"


ਬੀ.ਐਸ. ਢਿੱਲੋਂ - ਵਿਚਲੀ ਗੱਲ: ਖੜ੍ਹ ਕੇ ਵੇਖ ਜਵਾਨਾਂ ਬਾਬੇ ਮੇਮਾਂ ਵੇਖਦੇ ਨੇ!
ਧੰਨਵਾਦ ਸਹਿਤ - ਲਿਖਾਰੀ

16 October, 2008

ਪੂੰਜੀਵਾਦ ਦੇ ਨਦੀ ਕਿਨਾਰੇ ਰੁੱਖੜੇ ਨੂੰ ਸਮਾਜਵਾਦੀ ਸਹਾਰੇ...

ਅਮਰੀਕਾ ਵਿੱਚ ਆਏ ਮੰਦੇ ਨੇ ਜਿੱਥੇ ਅਮਰੀਕਾ ਸਰਕਾਰ ਦੀਆਂ ਜੜ੍ਹਾਂ ਖੋਖਲੀਆਂ
ਕਰ ਦਿੱਤੀਆਂ ਹਨ, ਨਾਲ ਹੀ ਨਾਲ ਸਾਰੇ ਸੰਸਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਕਾਫ਼ੀ ਦੇਰ ਪਹਿਲਾਂ ਇੱਕ ਸੋਵੀਅਤ ਰੂਸ ਦੀ ਇੱਕ ਕਿਤਾਬ "ਕੈਪਟਲਿਜ਼ਮ" ਪੜ੍ਹੀ ਸੀ,
ਜਿਸ ਵਿੱਚ ਦੱਸਿਆ ਗਿਆ ਕਿ ਕਿਵੇਂ ਆਮ ਲੋਕਾਂ ਦਾ ਪੈਸਾ ਇਹ ਸ਼ੇਅਰ ਬਜ਼ਾਰ
ਲਪੇਟ ਲੈਂਦੇ ਹਨ ਅਤੇ ਬਾਅਦ ਵਿੱਚ ਡਕਾਰ ਵੀ ਨਹੀਂ ਮਾਰਦੇ, ਆਖਰ ਪੈਸਾ
ਕਿਤੋਂ ਆ ਕੇ ਤਾਂ ਕਿਤੇ ਗਾਇਬ ਹੋ ਹੀ ਰਿਹਾ ਹੈ। ਭਾਵੇਂ ਕਿ ਕਹਿ ਰਹੇ ਹਨ
ਕਿ ਐਨੇ ਖ਼ਰਬ/ਅਰਬ ਡੁੱਬ ਗਿਆ, ਕਿਸ ਦਾ ਡੁੱਬਿਆ ਇਹ ਤਾਂ ਆਮ
ਲੋਕਾਂ ਦਾ ਹੀ ਹੈ, ਇਹ ਕਮੀਂ ਦਰਸਾਉਣ ਦੇ ਨਾਲ ਨਾਲ ਇਹ ਵੀ
ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਵੱਡੀਆਂ ਕੰਪਨੀਆਂ
ਦੀਆਂ ਸਰਕਾਰ ਨਾਲ ਸਾਂਝੀਆਂ ਸਾਜ਼ਿਸ਼ਾਂ ਕਰਕੇ ਇਹ ਸਭ ਕਰਵਟਾਂ
ਆਉਦੀਆਂ ਹਨ ਅਤੇ ਇਹ ਪੂੰਜੀਵਾਦੀ ਸਮਾਜ ਵਿੱਚ ਜਮਾਤ ਅੰਤਰ
ਪੈਦਾ ਕਰਨ ਇੱਕ ਕਾਰਕ ਹੈ।
ਅਮਰੀਕਾ ਨੇ ਸਮਾਜਵਾਦੀ ਅਤੇ ਸਾਮਵਾਦੀਆਂ ਮੁਲਕਾਂ ਨੂੰ ਗਲਤ
ਸਿੱਧ ਕਰਨ ਲਈ ਜੋ ਟਿੱਲ ਲਾਇਆ ਸੀ, ਉਸ ਦਾ ਅਧਾਰ ਸੀ ਇਹ ਪੂੰਜੀਵਾਦ
ਸਮਾਜ, ਉਹ ਪੂੰਜੀਵਾਦੀ ਸਮਾਜ, ਜਿਸ ਵਿੱਚ ਸਰਕਾਰ ਸਭ ਕੁਝ ਪ੍ਰਾਈਵੇਟ
ਕਰਦੀ ਹੈ ਅਤੇ ਉਸ ਵਿੱਚ ਸਰਕਾਰ ਦਾ ਦਖ਼ਲ ਨਹੀਂ ਹੁੰਦਾ ਹੈ। ਇੰਝ
ਵੱਡੀਆਂ ਮੱਛੀਆਂ ਨੂੰ ਛੋਟੀਆਂ ਖਾਣ, ਡਕਾਰ ਨਾ ਮਾਰਨ ਦੀ ਆਜ਼ਾਦੀ
ਰਹਿੰਦੀ ਹੈ। ਅਮਰੀਕਾ ਦੀ ਅੱਜ ਤੱਕ ਦੀ ਚੜ੍ਹਾਈ ਵਿੱਚ ਇਹ ਭਾਵਨਾ
ਜਿਉਦੀ ਰਹੀ ਹੈ ਅਤੇ ਤਰੱਕੀ ਕਰਦੀ ਰਹੀ ਸੀ, ਪਰ 1929 ਤੋਂ
ਚਾਲੂ ਹੋਈ ਮੰਦੀ ਤੋਂ ਬਾਅਦ ਇਹ ਪਹਿਲੀ ਵਾਰ ਹੈ, ਜਦੋਂ ਅਮਰੀਕਾ
ਵਿੱਚ ਆ ਰਹੀ ਮੰਦੀ ਨੇ ਸੰਸਾਰ ਨੂੰ ਪ੍ਰਭਾਵਿਤ ਕੀਤਾ ਹੈ। ਹੁਣ ਆਪਣੇ
ਮੁਲਕ ਨੂੰ ਜਿਉਦਾ ਰੱਖਣ ਲਈ, ਅਤੇ ਬੁਰੇ ਤੋਂ ਬਚਣ ਲਈ ਅਮਰੀਕਾ
ਦੀ ਸਰਕਾਰ ਨੇ ਪ੍ਰਾਈਵੇਟ ਕੰਪਨੀਆਂ ਨੂੰ ਖਰੀਦਣਾ ਸ਼ੁਰੂ ਕੀਤਾ ਹੈ, ਜਿਸ
ਤਹਿਤ ਕੁੱਲ ਤਿੰਨ ਵੱਡੀਆਂ ਕੰਪਨੀਆਂ ਦੇ ਵੱਡੇ ਹਿੱਸੇ ਸਰਕਾਰ ਬਣਾ ਦਿੱਤੇ ਗਏ ਹਨ,
ਭਾਵੇਂ ਕਿ ਇਸ ਨਾਲ ਬਾਜ਼ਾਰ ਹਾਲੇ ਸੰਭਲ ਨਹੀਂ ਸਕਿਆ, ਪਰ ਇਹ ਕਦਮ
ਨਾਲ ਇਹ ਸਿੱਧ ਹੋ ਗਿਆ ਕਿ ਪੂੰਜੀਵਾਦੀਆਂ ਦਾ ਸਮਾਜ ਸਥਿਰ ਨਹੀਂ ਹੈ,
ਇਹ ਦਾ ਢਾਂਚਾ ਚਰ-ਮਿਰਾ ਗਿਆ ਹੈ, ਜਿਸ ਨੂੰ ਸਹਾਰੇ ਦੀ ਲੋੜ ਹੈ, ਅਤੇ
ਉਹ ਸਹਾਰਾ ਸਮਾਜਵਾਦ ਹੀ ਰਹਿ ਗਿਆ, ਉਹ ਸਰਕਾਰ ਹੀ ਰਹਿ ਗਈ।
ਫੇਰ ਇਹ ਝੂਠੀ ਆਜ਼ਾਦੀ (ਸਰਕਾਰ ਤੋਂ ਪ੍ਰਾਈਵੇਟ ਬਣ ਕੇ) ਕਾਹਦੀ?
ਐਂਵੇਟ ਟਸ਼ਨੇ ਹੀ ਕਰਨੇ ਹਨ? ਦੁਨਿਆਂ ਨੂੰ ਪ੍ਰਾਈਵੇਟ ਬਣਾਉਣ ਉੱਤੇ
ਤੁਲਿਆ ਇਹ ਅਮਰੀਕਾ ਆਪਣੇ ਆਪ ਨੂੰ ਸਹਾਰਾ ਦੇਣ ਲਈ ਪੂੰਜੀਵਾਦੀ
ਨੂੰ ਤਿਆਗ ਸਕਦਾ ਹੈ, ਇਹ ਅਜੀਬ ਸੀ। ਪਰ ਇਹ ਹੋਇਆ ਹੈ।

ਭਾਰਤ ਵਿੱਚ ਡਾਕਟਰ ਮਨਮੋਹਣ ਸਿੰਘ ਨੇ ਜੋ ਵੀ ਸੁਧਾਰ 1991 ਵਿੱਚ
ਨਿੱਜੀਕਰਨ (ਪ੍ਰਾਈਵੇਟਾਈਜ਼) ਕਰਨ ਨਾਲ ਸ਼ੁਰੂ ਕੀਤੇ ਸਨ, ਜੇ ਕਿਤੇ
ਉਹ ਪੂਰੀ ਤਰ੍ਹਾਂ ਲਾਗੂ ਹੋ ਜਾਂਦੇ ਅਤੇ ਭਾਰਤ ਵਿੱਚ ਸਮਾਜਵਾਦੀਆਂ
ਦਾ ਜ਼ੋਰ ਨਾ ਹੁੰਦਾ ਤਾਂ ਭਾਰਤ ਦੀ ਤਰੱਕੀ ਭਾਵੇ ਵੱਧ ਵਿਖਾਈ ਦਿੰਦੀ, ਪਰ
ਅੱਜ ਦੇ ਦਿਨ ਹਾਲਤ ਅਮਰੀਕਾ ਵਰਗੀ ਹੀ ਹੋਣੀ ਸੀ (ਹਾਲਾਂ ਕਿ
ICICI ਬੈਂਕ ਅਤੇ ਜੈੱਟ ਏਅਰਲਾਈਨਜ਼ ਦੀ ਹਾਲਤ ਤਾਂ ਵਿਗੜ ਗਈ
ਹੈ ਤੇ ਸੈਂਕੜੇ ਮੁਲਾਜ਼ਮਾਂ ਨੂੰ ਕੱਢਣ ਦੀ ਤਿਆਰ ਹੈ, ਪਰ ਹਾਲੇ ਤੱਕ
ਕੋਈ ਵੀ ਕੰਪਨੀ ਦੀਵਾਲੀਆ ਨਹੀਂ ਹੋਈ ਭਾਰਤ 'ਚ ਅਤੇ ਹੁਣ ਭਲਕ ਨੂੰ ਕੀ ਹੁੰਦਾ ਹੈ
ਇਹ ਵੇਖਣਾ ਹੋਵੇਗਾ)।

ਇੱਕ ਹੀ ਕਹਿਣਾ ਰਹਿ ਗਿਆ ਕਿ ਹੁਣ ਅਮਰੀਕਾ ਨੂੰ ਅੱਗੇ ਤੋਂ ਸਮਾਜਵਾਦ
ਦਾ ਵਿਰੋਧ ਕਰਨਾ ਆਪਣਾ-ਆਪ ਵਿਰੋਧ ਕਰਨਾ ਕਿਹਾ ਜਾਵੇਗਾ (ਜੇ ਹੁਣ
ਬਰਬਾਦੀ ਤੋਂ ਬਚ ਗਿਆ ਤਾਂ)।
(ਕਫ਼ਨ ਚੋਰ ਵਾਲੀ ਕਹਾਣੀ ਹੋ ਗਈ ਅਮਰੀਕਾ ਦੀ ਤਾਂ)

15 October, 2008

ਫਾਇਰਫਾਕਸ 'ਚ ਲੋਕੇਲ pa-IN ਲਈ ਬਦਲਾਅ

ਫਾਇਰਫਾਕਸ ਵਿੱਚ ਪੰਜਾਬੀ ਦਾ ਲੋਕੇਲ ਨਾਂ pa-IN ਤੋਂ ਬਦਲ ਕੇ pa
ਕੀਤਾ ਜਾ ਰਿਹਾ ਹੈ!

ਇਹ ਪੰਜਾਬੀ ਦੇ ਨਾਂ ਨੂੰ ਸੀਮਿਤ ਰੂਪ ਵਿੱਚ ਵਰਤੋਂ ਨੂੰ ਹਟਾਉਣ ਲਈ ਕੀਤਾ ਜਾ ਰਿਹਾ ਹੈ,
ਹੁਣ ਪੰਜਾਬੀ ਨੂੰ 'pa' ਦੇ ਲੋਕੇਲ ਦੇ ਨਾਲ ਬੜੇ ਹੀ ਖੁੱਲ੍ਹੇ ਢੰਗ ਨਾਲ ਸਾਂਝੇ ਰੂਪ ਵਿੱਚ ਲਿਖਿਆ ਜਾਏਗਾ।
(IN ਦਾ ਮਤਲਬ ਹੈ ਕਿ ਪੰਜਾਬੀ ਕੇਵਲ ਭਾਰਤ (INdia) ਲਈ, ਅਤੇ ਬਾਕੀਆਂ ਲਈ
ਹੋਰ, ਇਸਕਰਕੇ ਲੋਕੇਲ ਨੂੰ ਵੰਡਿਆ ਹੋਇਆ ਮਹਿਸੂਸ ਕੀਤਾ ਜਾ ਰਿਹਾ ਹੈ, ਜਦੋਂ ਕਿ
ਹਾਲੇ ਇਹ ਨੌਬਤ ਨਹੀਂ ਆਈ ਸੀ। ਜਦੋਂ ਕਿ ਮੇਰੀ ਨਿੱਜੀ ਸੋਚ ਕਹਿੰਦੀ ਸੀ ਕਿ ਫਾਇਰਫਾਕਸ
ਪੰਜਾਬੀ ਨੂੰ ਪੰਜਾਬ/ਭਾਰਤ ਵਿੱਚ ਵਰਤਣ ਵਾਲੇ ਕੈਨੇਡਾ,ਅਮਰੀਕਾ ਨਾਲੋਂ ਘੱਟ ਹੀ ਚਾਹੀਦੇ ਹਨ।)

ਫਾਇਰਫਾਕਸ ਵਿੱਚ ਇਹ ਸਮੱਸਿਆ ਕਾਫ਼ੀ ਸਮੇਂ ਤੋਂ ਸੀ ਅਤੇ ਅਖੀਰ ਵਿੱਚ ਬੱਗ
https://bugzilla.mozilla.org/show_bug.cgi?id=380287
ਫਾਇਲ ਕੀਤਾ ਗਿਆ ਹੈ, ਜਿਸ ਵਿੱਚ ਇਹ ਸੋਧ ਕਰਨ ਬਾਰੇ ਵਿਚਾਰ ਹੋ ਰਹੀ ਹੈ,
ਜੇ ਕਿਸੇ ਕੋਲ ਇਸ ਸਬੰਧ ਵਿੱਚ ਕੋਈ ਵੀ ਸੁਝਾਅ ਹੋਵੇ ਤਾਂ ਬੇਝਿਜਕ ਲਿਖਣਾ।

ਇਹ ਨਾਂ ਬਦਲੀ ਦੀ ਕਾਰਵਾਈ ਕਰਕੇ ਆਉਣ ਵਾਲਾ ਫਾਇਰਫਾਕਸ ਰੀਲਿਜ਼ 3.1 (pa)
ਤੁਹਾਡੇ ਸਿਸਟਮ ਉੱਤੇ 3.0.x (pa-IN) ਤੋਂ ਆਟੋਮੈਟਿਕ ਅੱਪਡੇਟ ਨਹੀਂ ਹੋ ਸਕੇਗਾ। ਇਹ
ਇੱਕ ਸਮੱਸਿਆ ਹੈ, ਜਿਸ ਦਾ ਹੱਲ਼ ਹਾਲੇ ਮੋਜ਼ੀਲਾ ਵਾਲੇ ਨਹੀਂ ਕਰ ਸਕੇ ਹਨ। ਇਹ
ਖਿਆਲ ਰੱਖਣਾ ਪਵੇਗਾ। ਜੇ ਕਿਸੇ ਕੋਲ ਕੋਈ ਵੀ ਹੱਲ਼ ਹੋਵੇ ਤਾਂ ਦੱਸਣ ਦੀ ਖੇਚਲ ਕਰਨੀ!
ਵੈਸੇ ਵੀ ਪੰਜਾਬੀ ਨੂੰ ਵਰਤਣ ਵਾਲੇ ਬਹੁਤ ਹੀ ਥੋੜ੍ਹੇ ਹਨ (comment #14 ਬੱਗ ਵਿੱਚ) (ਜੋ ਇੱਕ ਕੌੜੀ ਸਚਾਈ ਸੀ, ਜਿਸ ਦਾ ਮੈਨੂੰ ਦਿਲੀਂ ਦੁੱਖ ਹੈ,
ਇਸਕਰਕੇ ਮੋਜ਼ੀਲਾ ਵਾਲਿਆਂ ਮੁਤਾਬਕ ਕੋਈ ਬਹੁਤਾ ਫ਼ਰਕ ਤਾਂ ਪੈਣਾ ਨਹੀਂ।

ਮੈਨੂੰ ਥੋੜ੍ਹੀ ਜਿਹੀ ਚਿੰਤਾ ਹੈ ਤਾਂ ਲੀਨਕਸ ਵਾਲਿਆਂ ਲਈ ਹੈ, ਜੋ ਕਿ ਆਟੋਮੈਟਿਕ
ਅੱਪਡੇਟ ਦੀ ਬਜਾਏ ਆਪਣੇ ਬਿਲਡ (build) ਦਿੰਦੇ ਹਨ, ਜਿਸ ਨਾਲ ਹੋ ਸਕਦਾ
ਹੈ ਕਿ ਉਨ੍ਹਾਂ ਦੇ ਸਿਸਟਮ ਵਿਗੜ (break) ਜਾਣ। ਵੇਖੋ ਕੀ ਬਣਦਾ ਹੈ ਇਹ ਤਾਂ
ਆਉਣ ਵਾਲਾ ਸਮਾਂ ਹੀ ਦੱਸੇਗਾ, ਬਾਕੀ ਮੇਲਿੰਗ ਲਿਸਟ ਉੱਤੇ ਵੀ ਮੇਲ ਭੇਜੀ ਹੈ,
ਜੇ ਕੋਈ ਵੀਰ ਆਪਣੇ ਦੱਸ ਸਕੇ ਤਾਂ!

03 October, 2008

ਭਾਰਤ-ਅਮਰੀਕਾ ਪਰਮਾਣੂ ਕਰਾਰ ਆਖਰ ਸਿਰ ਚੜ੍ਹਿਆ

ਆਖਰ ਪਰਮਾਣੂ ਕਰਾਰ ਸਿਰ ਚੜ੍ਹ ਗਿਆ ਅਤੇ ਕਈ ਮਹੀਨਿਆਂ
ਤੋਂ ਭਾਰਤ ਸਰਕਾਰ ਅਤੇ ਲੋਕਾਂ ਦੇ ਸਿਰ ਤੋਂ ਚੜ੍ਹਿਆ ਇੱਕ ਜਨੂੰਨ
ਖਤਮ ਹੋ ਗਿਆ ਅਤੇ ਪੱਤਰਕਾਰਾਂ/ਟੀਵੀ ਚੈਨਲ ਲਈ ਇੱਕ ਵੱਡਾ
ਮੁੱਦਾ ਖਤਮ ਹੋ ਗਿਆ।

ਮੁੱਦੇ ਵਿੱਚ ਭਾਰਤ ਨੂੰ 30 ਸਾਲਾਂ ਦੀਆਂ ਪਾਬੰਦੀਆਂ ਤੋਂ ਮੁਕਤੀ ਮਿਲ ਗਈ
ਹੈ ਅਤੇ ਭਾਰਤ ਹੁਣ ਪਰਮਾਣੂ ਈਂਧਨ ਬਾਹਰ ਤੋਂ ਲੈ ਸਕੇਗਾ, ਹਾਲਾਂ ਕਿ
ਭਾਰਤ ਵਿੱਚ ਯੂਰੇਨੀਅਮ/ਥੋਰੀਅਮ ਦੇ ਭੰਡਾਰ ਹਨ, ਪਰ ਇਹ ਸਮਝੌਤਾ
ਭਾਰਤ 'ਚ ਇੱਕ ਵੱਡੇ ਮਸਲੇ ਵਾਂਗ ਲਿਆ ਗਿਆ, ਜਿਸ ਵਾਸਤੇ
ਆਪਣੇ ਸਾਥੀਆਂ (ਲਾਲ ਸਾਥੀਆਂ) ਨੂੰ ਤਿਆਗ ਦਿੱਤਾ ਕਾਂਗਰਸ ਨੇ,
ਆਪਣੀ ਸਰਕਾਰ ਦੀ ਬਲੀ ਦੇਣ ਦੀ ਵੀ ਤਿਆਰ ਕਰ ਲਈ ਸੀ, ਆਖਰ
ਐਡੀ ਵੀ ਕੀ ਕਾਹਲ਼ ਪੈ ਗਈ ਸਰਕਾਰ ਨੂੰ, ਮਨਮੋਹਨ ਸਿੰਘ ਦਾ ਰਿਕਾਰਡ
ਤਾਂ ਪ੍ਰਾਈਵੇਟ ਕੰਪਨੀਆਂ ਨੂੰ ਫਾਇਦਾ ਦੇਣ ਵਾਲਾ ਰਿਹਾ ਹੈ, ਭਾਵੇਂ ਕਿ ਮੈਂ
ਇਸ ਨਾਲ ਹੋਣ ਵਾਲੇ ਦੇਸ਼ ਦੇ ਫਾਇਦੇ ਤੋਂ ਅੱਖੋ ਪਰੋਖੇ ਨਹੀਂ ਕਰ ਰਿਹਾ ਹਾਂ,
ਹੁਣ ਗੱਲ਼ ਭਾਵੇਂ ਤੁਸੀਂ 1991 ਵਿੱਚ ਵਿੱਤ ਮੰਤਰੀ ਦੇ ਤੌਰ ਉੱਤੇ ਕੀਤੇ ਵਿੱਤੀ
ਸੁਧਾਰ ਹੋਣ ਜਾਂ ਅੱਜ ਇਹ ਪਰਮਾਣੂ ਸਮਝੌਤਾ।
ਗੱਲ਼ ਇਹ ਨਹੀਂ ਕਿ ਮੈਂ ਦੇਸ਼ ਲਈ ਨਵੇਂ ਊਰਜਾ ਸਰੋਤਾਂ ਦੇ ਉਪਲੱਬਧ ਹੋਣ
ਉੱਤੇ ਖੁਸ਼ ਨਹੀਂ ਹਾਂ, ਪਰ ਸਰਕਾਰ ਦੇ ਅੱਧੀ-ਅਧੂਰੀ ਜਾਣਕਾਰੀ ਦਿੱਤੀ ਹੈ, ਪੂਰੇ
ਪੱਖ ਸਾਹਮਣੇ ਨਹੀਂ ਕੀਤੇ ਹਨ।

ਕੁਝ ਪੱਖ ਬੀ.ਬੀ.ਸੀ ਨੇ ਇੱਥੇ ਦਿੱਤੇ ਹਨ,
ਜਿਸ ਵਿੱਚ ਸਾਫ਼ ਕਿਹਾ ਗਿਆ ਹੈ ਪ੍ਰਾਈਵੇਟ ਕੰਪਨੀਆਂ ਨੂੰ ਹੋਣ ਵਾਲੇ ਫਾਇਦੇ ਦੀ
ਕਲਪਨਾ ਕਰਨੀ ਅੰਤ-ਰਹਿਤ ਹੈ, ਅਤੇ ਹੋਰ ਮੁਲਕਾਂ ਦੀ ਬਜਾਏ ਅਮਰੀਕਾ
ਦੀਆਂ ਕੰਪਨੀਆਂ ਨੂੰ ਹੀ ਇੱਕਲਿਆਂ 1 ਬਿਲੀਅਨ ਡਾਲਰ (ਭਾਰਤ ਦੇ
47 ਬਿਲੀਅਨ ਰੁਪਏ ਭਾਵ ਕਿ 47 ਖਰਬ ਰੁਪਏ) ਦੀ ਕਮਾਈ ਹੋਣੀ ਹੈ।
ਉਹ ਕੰਪਨੀਆਂ ਦੇ ਦਬਾਅ ਨੇ ਭਾਰੀ ਕੰਮ ਕੀਤਾ ਹੈ।

ਜੋ ਰਿਐਕਟਰ, ਇਹ ਬਾਲਣ (ਈਂਧਨ) ਵਰਤਣਗੇ, ਉਹ ਬਣਾਉਣ ਵਾਸਤੇ
ਘੱਟੋ-ਘੱਟ 8 ਸਾਲ ਲੱਗਣਗੇ, ਅਤੇ ਭਾਰਤ ਦੇ ਵੱਡੇ ਉਦਯੋਗੀ ਘਰਾਣੇ
(ਟਾਟਾ, ਬਿਰਲਾ, ਰਿਲਾਇੰਸ) ਅੱਜੇ ਹੀ ਪੱਬਾਂ ਭਾਰ ਹੋਏ ਫਿਰਦੇ ਹਨ।

ਬਿਜਲੀ ਦੀ ਲੋੜ ਤਾਂ ਪੂਰੀ ਦੁਨਿਆਂ ਨੂੰ ਹੈ ਅਤੇ ਉਹ ਵੀ ਆਉਣ ਵਾਲੇ
ਜਮਾਨੇ 'ਚ ਭਾਰੀ, ਜਦੋਂ ਕਾਰਾਂ, ਟਰੱਕਾਂ ਵੀ ਬਿਜਲੀ ਉੱਤੇ ਚਲਾਉਣੇ ਪੈਣਗੇ,
ਇਸ ਵਾਸਤੇ ਪਰਮਾਣੂ ਬਿਜਲੀ ਘਰ ਬਣਾਉਣ ਦੀ ਲੋੜ ਦੱਸੀ ਜਾ ਰਹੀ ਹੈ,
ਪਰ ਮੁਲਾਂਕਣ ਮੁਤਾਬਕ ਇਹ ਬਿਜਲੀ ਘਰ ਬਣਾਉਣ ਲਈ ਇੰਨੇ ਪੈਸੇ
ਦੀ ਜਰੂਰਤ ਹੈ ਕਿ ਉਹ ਬਿਜਲੀ ਅੱਜ ਕੱਲ੍ਹ ਦੀ ਬਿਜਲੀ ਨਾਲੋਂ ਕਿਤੇ
ਮਹਿੰਗੀ ਪੈਣੀ ਹੈ।

ਸੋ ਕੁੱਲ ਮਿਲਾ ਕੇ ਸਮਝੌਤਾ ਕਿ ਰੰਗ ਦੇਵੇਗਾ, ਲਵੇਗਾ, ਤਾਂ ਕਹਿਣਾ
ਅੱਜ ਔਖਾ ਹੋਵੇਗਾ, ਪਰ ਦੁੱਖ ਇਹ ਗੱਲ਼ ਹੈ ਕਿ ਸਰਕਾਰ ਪੂਰੇ
ਤੱਥ ਲੋਕਾਂ ਸਾਹਮਣੇ ਨਹੀਂ ਰੱਖਦੀ ਹੈ ਅਤੇ ਮੀਡਿਆ ਵੀ ਪੂਛ
ਚੱਕ ਕੇ ਸਰਕਾਰ ਦੇ ਮਗਰ ਮਗਰ।

ਨਿੱਜੀ ਟਿੱਪਣੀ: ਮੈਂ ਵੀ ਬਿਜਲੀ ਦੇ ਸਰੋਤ ਲੱਭ ਰਿਹਾ ਹਾਂ, ਸੂਰਜੀ
ਊਰਜਾ ਤੋਂ ਬਿਜਲੀ ਬਣਾਉਣ ਦੀ, ਭਾਰਤ ਸਰਕਾਰ ਸਬਸਿਡੀ
ਵੀ ਦੇ ਰਹੀ ਹੈ, ਪਰ ਮੈਨੂੰ ਕੋਈ ਵੈੱਬ ਸਾਈਟ ਜਾਂ ਸੰਪਰਕ
ਕਰਨ ਦਾ ਰਾਹ ਨਹੀਂ ਲੱਭਿਆ।