Showing posts with label ਸਿੱਖ. Show all posts
Showing posts with label ਸਿੱਖ. Show all posts

08 October, 2009

ਮੋਗਾ - ਫਾਇਬਰ ਓਪਟੈਕਸ ਖੋਜੀ ਦਾ ਘਰ


ਦੁਨਿਆਂ ਵਿੱਚ ਅੱਜ ਜੋ ਵੀ ਇੰਟਰਨੈੱਟ ਅਤੇ ਤੇਜ਼ ਗਤੀ ਨੈੱਟਵਰਕ ਦੀ
ਜਾਨ ਹੈ, ਉਹ ਹੈ ਫਾਇਬਰ ਓਪਟੈਕਸ(Fiber Optics),
ਰੇਸ਼ਿਆਂ 'ਚ ਰੋਸ਼ਨੀ, ਰੇਸ਼ਿਆਂ ਦੀ ਰੋਸ਼ਨੀ ਦਾ ਵਿਗਿਆਨ।
ਤਕਨੀਕੀ ਗਿਆਨ ਰੱਖਣ ਵਾਲੇ ਜਾਣਦੇ ਹੀ ਹੋਣਗੇ ਕਿ ਇਹ ਕੀ
ਚੀਜ਼ ਹੈ, ਮੁੱਢਲੀ ਗੱਲ ਹੈ ਅੱਜ ਦੇ ਸਾਰੇ ਨਹੀਂ ਤਾਂ ਬਹੁਤੇ ਸੰਚਾਰ
ਸਾਧਨਾਂ ਦਾ ਆਧਾਰ ਹੀ ਫਾਇਬਰ ਓਪਟੈਕਸ ਹੈ, ਬਾਕੀ ਰਹਿੰਦੇ
ਸੰਚਾਰ ਦਾ ਇਹ ਬਣ ਜਾਵੇਗਾ।
ਇਹ ਤਾਂ ਹੋਈ ਪ੍ਰੀਭਾਸ਼ਾ ਹੋਈ ਉਹ ਸ਼ਬਦ ਦੀ, ਹੁਣ ਗੱਲ
ਉਹ ਬੰਦੇ ਦੀ, ਜਿਸ ਨੇ ਇਹ ਸ਼ਬਦ ਦਿੱਤਾ, ਉਹ ਹੈ
ਨਰਿੰਦਰ ਸਿੰਘ (Narinder Singh Kapany), ਇੱਕ ਪੰਜਾਬੀ,
ਸਰਦਾਰ, ਜੋ ਕਿ ਮੋਗੇ ਦਾ ਹੈ, ਜਿਸ ਬਾਰੇ ਜਾਣਕਾਰੀ 1999 ਦੇ
ਫੋਰਟਿਊਨ ਮੈਗਜ਼ੀਨ ਨੇ "20 ਸਦੀ ਦੇ ਅਣਗੌਲੇ ਹੀਰੋ" ਵਿੱਚ ਛਪੀ,
ਉਹ 7 ਉਹਨਾਂ ਬੰਦਿਆਂ ਵਿੱਚੋਂ ਸਨ






ਹੁਣ ਦੀ ਤਸਵੀਰ








1959 'ਚ ਲੈਬ ਵਿੱਚ ਕਂਮ ਕਰਦਿਆਂ ਹੋਇਆ ਦੀ ਤਸਵੀਰ










ਆਪਣੀ ਪੜ੍ਹਾਈ ਦੇਹਰਾਦੂਨ ਕਰਨ ਦੇ ਉਪਰੰਤ ਉਹ ਇੰਗਲੈਂਡ ਵਿੱਚ ਖੋਜਾਂ ਕਰਦੇ ਰਹੇ ਅਤੇ ਅਮਰੀਕਾ ਵਿੱਚ ਆਪਣੀਆਂ ਖੋਜਾਂ ਦਾ ਕੰਮ ਜਾਰੀ ਰੱਖਿਆ
1960 ਵਿੱਚ ਉਹਨਾਂ ਦੇ ਅਮਰੀਕੀ ਮੈਗਜ਼ੀਨ ਵਿੱਚ ਪਹਿਲੀ ਵਾਰ ਇਹ ਲਫ਼ਜ਼ (ਫਾਇਬਰ ਓਪਟੈਕਸ)
ਵਰਤਿਆ। ਸ਼ਾਇਦ ਉਹਨਾਂ ਦੀ ਖੋਜ ਦਾ ਮਕਸਦ ਸਰੀਰ ਦੇ ਅੰਦਰ ਦੇਖਣ ਲਈ
ਸਿਸਟਮ ਤਿਆਰ ਕਰਨਾ ਸੀ, ਪਰ ਉਹਨਾਂ ਦੀ ਖੋਜ ਨੂੰ ਮਗਰੋਂ ਕਿਸ ਤਰ੍ਹਾਂ ਵਰਤਿਆ
ਗਿਆ ਅਤੇ ਉਹ ਲੋਕ ਨੋਬਲ ਇਨਾਮ ਜੇਤੂ ਬਣਿਆ, ਜਿਹਨਾਂ ਇਸ ਨੂੰ ਖੋਜ
ਅਧਾਰ ਵਜੋਂ ਵਰਤਿਆ। ਇਸ ਤਰ੍ਹਾਂ ਉਹ ਅਣਗੌਲੇ ਵਿਅਕਤੀ ਵਜੋਂ ਰਹੇ, ਜਿੰਨ੍ਹਾਂ
ਨੇ 20ਵੀ ਸਦੀ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਪਿਆ।

ਖ਼ੈਰ ਮੇਰੇ ਵਲੋਂ ਇਹ ਬੰਦੇ ਦੀ ਮੇਹਨਤ ਅਤੇ ਲਗਨ ਅਤੇ ਉਹ ਇਰਾਦੇ ਨੂੰ ਸਲਾਮ,
ਜਿਸ ਨਾਲ ਉਹ ਅੱਜ ਤੱਕ ਅਣਗੌਲੇ ਰਹਿਣ ਉੱਤੇ ਕੋਈ ਮਲਾਲ ਨਹੀਂ ਕਰਦੇ।

ਹੋਰ ਜਾਣਕਾਰੀ ਲਈ ਵੇਖੋ
ਇੰਟਰਵਿਊ

30 June, 2009

ਸ਼ੇਰ - ਏ - ਪੰਜਾਬ ਦੀ ਬਰਸੀ ਲੰਘ ਗਈ

ਕੱਲ੍ਹ ਦਾ ਦਿਨ ਲੰਘ ਗਿਆ, 29 ਜੂਨ ਲੰਘ ਗਈ, ਮੈਨੂੰ ਇੰਟਰਨੈੱਟ ਉੱਤੇ
ਕੋਈ ਜਾਣਕਾਰੀ ਨੀਂ ਮਿਲੀ, ਬਹੁਤੀਆਂ ਪੰਜਾਬੀ ਵੈੱਬਸਾਈਟਾਂ ਨੇ ਦੱਸਿਆ ਹੀ
ਨਹੀਂ, ਮੈਂ ਕੋਈ ਧਿਆਨ ਹੀ ਨਾ ਰੱਖਿਆ। ਚੱਲੋ ਲੰਘ ਗਏ ਤਾਂ ਭੁੱਲ
ਜਾਈਏ, ਛੱਡ ਬੀਤੇ ਨੂੰ ਥੋੜੇ ਚੇਤੇ ਰੱਖੀਦਾ ਹੈ।
ਪਰ ਸ਼ਾਇਦ ਇਹ ਭੁੱਲਣਾ ਨਹੀਂ ਸੀ ਚਾਹੀਦਾ, ਇਹ ਪਲ, ਇਹ ਸਮਾਂ
ਸੀ, ਜਿਸ ਉੱਤੇ ਹਰ ਪੰਜਾਬੀ ਨੂੰ ਮਾਣ ਹੋਣਾ ਚਾਹੀਦਾ ਹੈ,
ਹਾਂ, ਪੰਜਾਬ ਦੇ ਮਹਾਨ ਬਾਦਸ਼ਾਹ ਸ਼ੇਰ-ਏ-ਪੰਜਾਬ ਦੀ ਕੱਲ੍ਹ ਬਰਸੀ ਸੀ,
ਉਸ ਨੂੰ ਯਾਦ ਕਰਨ ਦਾ ਸਮਾਂ ਨਾਲ ਤਾਂ ਕਿਸੇ ਰਾਜਨੀਤਿਕ ਪਾਰਟੀ ਕੋਲ
ਸੀ ਅਤੇ ਸ਼ਾਇਦ ਨਾ ਉਸ ਸੂਰਮੇ ਬਹਾਦਰ ਦੇ ਲੋਕਾਂ ਕੋਲ। ਸ਼ਾਇਦ ਬਹੁਤੇ
ਤਾਂ ਮੇਰੇ ਵਾਂਗ ਜਾਣਦੇ ਵੀ ਨਾ ਹੋਣ ਕਿ ਮਹਾਰਾਜਾ ਰਣਜੀਤ ਸਿੰਘ ਦੀ
ਬਰਸੀ ਸੀ ਕੱਲ੍ਹ। ਪਤਾ ਨੀਂ ਕੋਈ ਕੀ ਸੋਚਦਾ ਹੋਵੇਗਾ ਇਸ ਬਾਰੇ,
ਪਰ ਮੈਨੂੰ ਸ਼ਰਮ ਆ ਰਹੀ ਹੈ ਕਿ 'ਆਪਣੇ ਆਪ 'ਚ ਰਹੇ ਗੁਆਚਿਆ
ਬੰਦਿਆ...' ਵਾਂਗ ਭੁੱਲ ਹੀ ਗਏ, ਇੱਕ ਵਾਰ ਨਾਂ ਹੀ ਲੈ ਲੈਂਦੇ।
ਇਹ ਸ਼ਾਇਦ ਮੇਰੀ ਆਦਤ ਹੋ ਗਈ ਹੈ ਜਾਂ ਮੇਰੇ ਖੂਨ 'ਚ ਰਚ ਗਿਆ ਹੈ
ਭੁੱਲ ਜਾਣਾ...
ਮੈਂ ਸ਼ਾਇਦ ਪੰਜਾਬੀਆਂ ਵਿੱਚ ਇੱਕ ਹਾਂ, ਸੋ ਸ਼ਾਇਦ ਪੂਰੀ ਕੌਮ ਹੀ ਭੁਲੱਕੜ
ਹੋ ਦੀ ਜਾ ਰਹੀ ਏ ਕੀ ਨਹੀਂ????

10 April, 2008

ਇੱਕ ਭੁੱਲੀ ਵਿਸਰੀ ਯਾਦ 'ਹਰੀ ਸਿੰਘ ਨਲਵੇ' ਦੀ

ਇੱਕ ਹਰੀ ਸਿੰਘ ਨਲਵੇ ਦਾ ਕਿਲ੍ਹੇ ਦੇ ਦਰਵਾਜ਼ੇ ਦੀ ਫੋਟੋ
ਮਿਲੀ ਹੈ:



ਜਾਣਕਾਰੀ ਮੁਤਾਬਕ ਇਹ ਕਿਲਾ ਕਟਾਸ ਰਾਜ ਵਿੱਚ ਹੈ, ਇਸ ਨੂੰ ਅਫਗਾਨਿਸਤਾਨ
ਤੱਕ ਪੰਜਾਬ ਦੀਆਂ ਸਰਹੱਦਾਂ ਲਗਾਉਣ ਵਾਲੇ ਸਿੱਖ ਜਰਨੈਲ ਹਰੀ ਸਿੰਘ ਨਲੂਏ ਨੇ ਬਣਾਇਆ ਸੀ,
ਜਿਸ ਨੂੰ ਹੁਣ ਲਹਿੰਦੇ ਪੰਜਾਬ ਦੀ ਸਰਕਾਰ ਮੁੜ-ਸੁਰਜੀਤ ਕਰਨ ਦੀ ਕੋਸ਼ਿਸ਼ ਕਰਹੀ ਹੈ।

11 September, 2007

ਸਾਰਾਗੜ੍ਹੀ ਦਾ ਯੁੱਧ - ਸਿੱਖ ਪਲਟਨ ਦੀ ਬਹਾਦਰੀ ਦਾ ਸੁਨਹਿਰੀ ਕਾਂਡ ਹੈ

ਸਾਰਾਗੜ੍ਹੀ ਦੀ 110ਵੀਂ ਵਰ੍ਹੇਗੰਢ ’ਤੇ ਵਿਸ਼ੇਸ਼
ਸਿੱਖ ਪਲਟਨ ਦੀ ਬਹਾਦਰੀ ਦਾ ਸੁਨਹਿਰੀ ਕਾਂਡ ਹੈ ਸਾਰਾਗੜ੍ਹੀ ਦਾ ਯੁੱਧ

ਸਾਰਾਗੜ੍ਹੀ ਦੀ ਝਲਕ

ਸੈਨਿਕ ਯੋਧਿਆਂ ਵੱਲੋਂ ਲਗਾਤਾਰ ਪਾਏ ਜਾ ਰਹੇ ਯੋਗਦਾਨ ਅਤੇ ਅਦੁੱਤੀ ਕੁਰਬਾਨੀਆਂ ਨੂੰ ਯਾਦ ਕਰਕੇ ਦੇਸ਼ਵਾਸੀਆਂ ਖਾਸ ਕਰਕੇ ਪੰਜਾਬੀਆਂ ਦਾ ਸਿਰ ਫ਼ਖ਼ਰ ਨਾਲ ਉੱਪਰ ਉਠ ਜਾਂਦਾ ਹੈ। ਨਿਰਸੰਦੇਹ ਪੰਜਾਬੀ ਸੂਰਬੀਰ ਭਾਵੇਂ ਕਿਸੇ ਵੀ ਰੈਜੀਮੈਂਟ ਜਾਂ ਕੋਰ ਨਾਲ ਜੁੜੇ ਕਿਉਂ ਨਾ ਹੋਣ ਉਨ੍ਹਾਂ ਦੀ ਵਿਲੱਖਣਤਾ ਹਮੇਸ਼ਾ ਹੀ ਉੱਭਰ ਕੇ ਸਾਹਮਣੇ ਆ ਜਾਂਦੀ ਹੈ। ਐਸੀ ਹੀ ਇਕ ਬੇਮਿਸਾਲ ਦਾਸਤਾਨ 4 ਸਿੱਖ ਬਟਾਲੀਅਨ (ਪਹਿਲਾਂ 36 ਸਿੱਖ) ਨਾਲ ਜੁੜੀ ਹੋਈ ਹੈ। ਆਪਣੇ ਵਿਰਸੇ ਨੂੰ ਸੰਭਾਲਦਿਆਂ 4 ਸਿੱਖ ਬਟਾਲੀਅਨ ਯੂਨਾਈਟਿਡ ਨੇਸ਼ਨਜ਼ ਵੱਲੋਂ ਲਿਬਨਾਨ ਵਿਚ ਸ਼ਾਂਤੀ ਸੈਨਾ ਵਜੋਂ ਡਿਊਟੀ ਪੂਰੀ ਕਰਨ ਉਪਰੰਤ ਹਾਲ ਹੀ ਵਿਚ ਪੰਜਾਬ ਵਾਪਸ ਪਰਤੀ ਹੈ। ਇਸ ਪਲਟਨ ਦੀ ਬਹਾਦਰੀ ਅਤੇ ਸ਼ਲਾਘਾਯੋਗ ਸੇਵਾਵਾਂ ਨੂੰ ਮੁੱਖ ਰੱਖਦਿਆਂ ਸਮੁੱਚੇ ਤੌਰ ’ਤੇ ‘ਯੂਨਾਈਟਿਡ ਨੇਸ਼ਨਜ਼ ਫੋਰਸ ਕਮਾਂਡਰ ਯੂਨਿਟ ਸਾਈਟੇਸ਼ਨ’ ਨਾਲ ਨਿਵਾਜ਼ਿਆ ਗਿਆ ਹੈ। ਇਸ ਤੋਂ ਇਲਾਵਾ ਪਲਟਨ ਦੇ 21 ਬਹਾਦਰ ਅਫਸਰਾਂ, 8 ਜੂਨੀਅਰ ਕਮਿਸ਼ਨਡ ਅਫਸਰਾਂ ਅਤੇ ਤਕਰੀਬਨ 45 ਹੇਠਲੇ ਰੈਂਕ ਵਾਲੇ ਬਹਾਦਰ ਫ਼ੌਜੀਆਂ ਨੂੰ ਪ੍ਰਸੰਸਾ ਪੱਤਰ ਵੀ ਦਿੱਤੇ ਗਏ। ਜੇਕਰ ਸਿੱਖ ਰੈਜੀਮੈਂਟ ਦੇ ਇਤਿਹਾਸਕ ਪਿਛੋਕੜ ਨੂੰ ਫਰੋਲਿਆ ਜਾਵੇ ਤਾਂ ਪਤਾ ਚੱਲਦਾ ਹੈ ਕਿ ਸਾਰਾਗੜ੍ਹੀ ਦੀ 1897 ਵਿਚ ਲੜੀ ਗਈ ਲੜਾਈ ਤੋਂ ਲੈ ਕੇ ਹੁਣ ਤੱਕ ਇਸ ਬਟਾਲੀਅਨ ਨੂੰ 21 ‘ਬੈਟਲ ਆਨਰਜ਼’ (Battle Honours) ਨਾਲ ਨਿਵਾਜ਼ਿਆ ਜਾ ਚੁੱਕਿਆ ਹੈ, ਜਿਸ ਵਿਚ ਬਰਕੀ 1965 ਅਤੇ ਸਿਰਾਮਨੀ 1971 ਵੀ ਸ਼ਾਮਿਲ ਹਨ। ਇਸ ਤੋਂ ਇਲਾਵਾ ਦੋ ਮਹਾਂਵੀਰ ਚੱਕਰ ਅਤੇ ਅਨੇਕਾਂ ਹੀ ਹੇਠਲੇ ਐਵਾਰਡ ਵੀ ਇਨ੍ਹਾਂ ਦੀ ਝੋਲੀ ਵਿਚ ਪਏ, ਪਰ ਅਸੀਂ ਅੱਜ ਦੇ ਦਿਨ ਯਾਨੀ ਕਿ 12 ਸਤੰਬਰ, 1897 ਦੀ ਸਾਰਾਗੜ੍ਹੀ ਦੀ ਲੜਾਈ ਵਿਚ 36 ਸਿੱਖ (ਹੁਣ 4 ਸਿੱਖ) ਵੱਲੋਂ ਬੇਮਿਸਾਲ ਕੁਰਬਾਨੀ ਨੂੰ ਯਾਦ ਕਰੇ ਬਿਨਾਂ ਨਹੀਂ ਰਹਿ ਸਕਦੇ।
ਸਾਰਾਗੜ੍ਹੀ ਲੜਾਈ ਦਾ ਪਿਛੋਕੜ
ਉਨੀਵੀਂ ਸਦੀ ਦੇ ਦੂਸਰੇ ਅੱਧ ਤੱਕ ਬ੍ਰਿਟਿਸ਼ ਭਾਰਤੀ ਸਾਮਰਾਜ ਅਫ਼ਗਾਨਿਸਤਾਨ ਦੀਆਂ ਹੱਦਾਂ ਤੱਕ ਫੈਲ ਚੁੱਕਿਆ ਸੀ ਜੋ ਕਿ ਬਲੋਚਿਸਤਾਨ ਅਤੇ ਉੱਤਰ-ਪੱਛਮੀ ਸਰਹੱਦੀ ਸੂਬੇ ਦੇ ਰੁੱਖੇ ਤੇ ਉੱਚੇ ਨੀਵੇਂ ਪਹਾੜੀ ਦੱਰਿਆਂ ਨਾਲ ਘਿਰਿਆ ਹੋਇਆ ਸੀ। ਇਹ ਇਲਾਕਾ ਖੂੰਖਾਰ ਪਠਾਣਾਂ ਅਤੇ ਅਫ਼ਰੀਦੀ ਆਦਿਵਾਸੀ ਕਬਾਇਲੀਆਂ ਦੇ ਕਬਜ਼ੇ ਵਿਚ ਸੀ ਜਿਨ੍ਹਾਂ ਨੇ ਅੰਗਰੇਜ਼ਾਂ ਦੀ ਸਰਬਉੱਚਤਾ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਅਕਸਰ ਬ੍ਰਿਟਿਸ਼ ਇੰਡੀਆ ਅਤੇ ਅਫ਼ਗਾਨਿਸਤਾਨ ਦੇ ਇਲਾਕੇ ’ਤੇ ਕਾਬਜ਼ ਕਬਾਇਲੀਆਂ ਅਤੇ ਬ੍ਰਿਟਿਸ਼ ਸੈਨਿਕਾਂ ਦਰਮਿਆਨ ਵਪਾਰੀਆਂ ’ਤੇ ਹਮਲਿਆਂ ਜਾਂ ਹੋਰ ਕਾਰਨਾਂ ਕਰਕੇ ਲੜਾਈ ਦਾ ਮਾਹੌਲ ਬਣਿਆ ਰਹਿੰਦਾ ਸੀ। ਸਾਰਾਗੜ੍ਹੀ ਦੀ ਚੌਕੀ ਜੋ ਕਿ 6000 ਫੁੱਟ ਦੀ ਉਚਾਈ ’ਤੇ ਸੀ, ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹਵਾਲਦਾਰ ਈਸ਼ਰ ਸਿੰਘ ਅਤੇ 21 ਸਿੱਖ ਜਵਾਨ ਜੋ 36 ਸਿੱਖ ਰੈਜੀਮੈਂਟ (ਹੁਣ 4 ਸਿੱਖ) ਨਾਲ ਸੰਬੰਧਿਤ ਸਨ ਨੂੰ ਸੌਂਪੀ ਹੋਈ ਇਸ ਨੂੰ ਸਮਾਨਾ ਰਿੱਜ ਵੀ ਆਖਿਆ ਜਾਂਦਾ ਹੈ। ਸਾਰਾਗੜ੍ਹੀ ਚੌਕੀ ਲੋਕਹਾਰਟ ਅਤੇ ਗੁਲਸਤਾਨ ਦੇ ਕਿਲ੍ਹਿਆਂ ਦੇ ਦਰਮਿਆਨ ਸਥਿਤ ਹੋਣ ਕਾਰਨ ਇਸ ਦੀ ਬਹੁਤ ਮਹੱਤਤਾ ਸੀ।
ਸਾਲ 1896 ਵਿਚ ਉੱਤਰ ਪੱਛਮੀ ਸਰਹੱਦੀ ਸੂਬੇ ਦੇ ਪਠਾਣਾਂ ਨੇ ਅੰਗਰੇਜ਼ਾਂ ਦੀ ਵਪਾਰੀਆਂ ਨੂੰ ਹਮਲਿਆਂ ਤੋਂ ਬਚਾਉਣ ਦੀ ਨੀਤੀ ਦੇ ਵਿਰੁੱਧ ਵਿਦਰੋਹ ਕਰ ਦਿੱਤਾ ਅਤੇ ਇਸ ਇਲਾਕੇ ਵਿਚ ਬ੍ਰਿਟਿਸ਼ ਸੈਨਿਕਾਂ ਦੀ ਤਾਇਨਾਤੀ ਖਿਲਾਫ਼ ਜਹਾਦ ਛੇੜ ਦਿੱਤਾ। ਇਸ ਵੰਗਾਰ ਦੇ ਮੁਕਾਬਲੇ ਲਈ 31 ਦਸੰਬਰ 1896 ਨੂੰ ਕੋਹਟ ਵਿਖੇ ਪਹੁੰਚਣ ’ਤੇ 36 ਸਿੱਖ (4 ਸਿੱਖ) ਨੂੰ ਸਮਾਨਾ ਰਿੱਜ ’ਤੇ ਤਾਇਨਾਤ ਕਰਨ ਉਪਰੰਤ ਇਸ ਨੂੰ ਦੋ ਭਾਗਾਂ ਵਿਚ ਵੰਡ ਦਿੱਤਾ ਗਿਆ, ਜਿਸ ਦੇ ਸਿੱਟੇ ਵਜੋਂ ਬਟਾਲੀਅਨ ਹੈਡਕੁਆਰਟਰ ਅਤੇ ਸੱਜੇ ਵਿੰਗ ਦੀ ਅਗਵਾਈ ਦੀ ਵਾਗਡੋਰ ਲੈਫਟੀਨੈਂਟ ਕਰਨਲ ਜੇ. ਹਾਊਸਟਨ, ਕਮਾਂਡਿੰਗ ਅਫਸਰ ਨੇ ਸੰਭਾਲੀ ਅਤੇ 2 ਜੂਨ 1897 ਨੂੰ ਲੋਕਹਾਰਟ ਕਿਲ੍ਹੇ ’ਤੇ ਕਬਜ਼ਾ ਕਰ ਲਿਆ ਅਤੇ ਫ਼ੌਜੀ ਟੁਕੜੀਆਂ ਨੂੰ ਸਾਰਾਗੜ੍ਹੀ, ਦਾਰ, ਸੰਗਰ, ਸਰਤ੍ਰੋਪ, ਕੰੁਗ ਅਤੇ ਗੁਲਸਤਾਨ ਕਿਲ੍ਹੇ ਤੱਕ ਫੈਲਾਅ ਦਿੱਤਾ ਜੋ ਇਥੋਂ ਤਕਰੀਬਨ 5 ਮੀਲ ਦੇ ਫ਼ਾਸਲੇ ’ਤੇ ਸਨ। ਖੱਬਾ ਵਿੰਗ ਜੋ ਕੈਪਟਨ ਡਬਲਿਊ. ਬੀ. ਗੌਰਡਨ ਦੀ ਕਮਾਂਡ ਹੇਠ ਸੀ, ਨੇ 8 ਜਨਵਰੀ 1897 ਨੂੰ ਪਰਚਿਨਾਰ ’ਤੇ ਕਬਜ਼ਾ ਕਰ ਲਿਆ ਅਤੇ ਟੁਕੜੀਆਂ ਥਾਲ ਅਤੇ ਸੱਦਾ ਵਿਖੇ ਤਾਇਨਾਤ ਕਰ ਦਿੱਤੀਆਂ, ਲੜਾਈ ਛਿੜਨ ਦੀ ਸੂਰਤ ਵਿਚ ਇਨ੍ਹਾਂ ਲਈ ਪੱਕਾ ਗੈਰੀਜਨ ਕੋਹਟ ਵਿਖੇ ਸੀ, ਜਿਥੇ ਨੌਜਵਾਨਾਂ ਦੀ ਮੁੜ ਤਾਇਨਾਤੀ ਦਾ ਪ੍ਰਬੰਧ ਸੀ। ਪਰ ਇਹ ਜਗ੍ਹਾ ਇਨ੍ਹਾਂ ਚੌਂਕੀਆਂ ਤੋਂ ਪੰਜਾਹ ਮੀਲ ਸੀ, ਜਿਥੇ ਪਹੰੁਚਣ ਲਈ ਦੁਸ਼ਮਣ ਦੇ ਇਲਾਕੇ ਵਿਚੋਂ ਦੀ ਲਾਂਘਾ ਸੀ।
27 ਅਗਸਤ ਅਤੇ 8 ਸਤੰਬਰ 1897 ਦੇ ਦਰਮਿਆਨ ਉਗਰਜਾਏ ਸੰਪਰਦਾ ਦੇ ਭਾਰੀ ਸੰਖਿਆ ਵਿਚ ਲੋਕਾਂ ਨੇ ਖੱਬੇ ਵਿੰਗ ’ਤੇ ਧਾਵਾ ਬੋਲ ਦਿੱਤਾ ਪਰ 10 ਸਤੰਬਰ 1897 ਤੱਕ ਰੱਖਿਆ ਸੈਨਿਕਾਂ ਵੱਲੋਂ ਹਮਲਾ ਪਛਾੜਦੇ ਹੋਏ ਇਨ੍ਹਾਂ ਧਾੜਵੀਆਂ ਨੂੰ ਖਾਕੀ ਘਾਟੀ ਵਿਚ ਜਾਣ ਲਈ ਮਜਬੂਰ ਕਰ ਦਿੱਤਾ, ਪਰ ਜਲਦੀ 10,000 ਦੇ ਕਰੀਬ ਤਾਕਤਵਰ ਅਫਰੀਦੀ ਲਸ਼ਕਰ ਜਿਸ ਦੇ ਨਾਲ ਉਗਰਜਾਏ ਵੀ ਸਨ, ਨੇ ਸਮਾਨਾ ਚੌਕੀ ’ਤੇ ਜ਼ਬਰਦਸਤ ਹਮਲਾ ਕਰ ਦਿੱਤਾ ਪਰ ਰੱਖਿਆ ਸੈਨਿਕਾਂ ਨੇ ਇਨ੍ਹਾਂ ਦੇ ਹਰ ਹਮਲੇ ਪਛਾੜਦੇ ਹੋਏ ਦੁਸ਼ਮਣ ਨੂੰ ਕਾਫੀ ਜਾਨੀ ਨੁਕਸਾਨ ਪਹੁੰਚਾਇਆ। ਸਾਰਾਗੜ੍ਹੀ ਚੌਕੀ ਦੀ ਮਹੱਤਤਾ ਅਤੇ ਛੋਟੇ ਆਕਾਰ ਨੂੰ ਸਮਝਦੇ ਹੋਏ ਮਿਤੀ 12 ਸਤੰਬਰ 1897 ਨੂੰ ਤਕਰੀਬਨ 8,000 ਅਫਰੀਦੀ ਉਗਰਕਾਜੀ ਆਦਿਵਾਸੀਆਂ ਨੇ ਹਮਲਾ ਕਰਕੇ ਚੌਕੀ ਨੂੰ ਚਾਰ-ਚੁਫੇਰੇ ਤੋਂ ਘੇਰ ਲਿਆ। ਇਸ ਤਰ੍ਹਾਂ ਸਾਰਾਗੜ੍ਹੀ ਦੇ ਰੱਖਿਅਕਾਂ ਦਾ ਮੁੱਖ ਰੱਖਿਆ ਦਸਤਿਆਂ ਅਤੇ ਦੂਸਰਿਆਂ ਨਾਲ ਸੰਪਰਕ ਪੂਰਨ ਤੌਰ ’ਤੇ ਟੁੱਟ ਗਿਆ। ਇਸ ਦੇ ਸਿੱਟੇ ਵਜੋਂ ਦੁਸ਼ਮਣ ਦੇ ਘੇਰੇ ਵਿਚ ਆਈ ਰੱਖਿਅਕ ਟੁਕੜੀ ਤੱਕ ਕੋਈ ਰਾਸ਼ਨ, ਗੋਲੀ ਸਿੱਕਾ ਅਤੇ ਕੁਮਕ ਨਾ ਪਹੁੰਚ ਸਕੀ। ਚੌਕੀ ਪਾਸ ਬਟਾਲੀਅਨ ਹੈੱਡ ਕੁਆਰਟਰ ਨਾਲ ਪਹਾੜੀ ਇਲਾਕੇ ਵਿਚ ਸੂਚਨਾ ਪਹੁੰਚਾਉਣ ਦਾ ਉਸ ਸਮੇਂ ਵਿਚ ਪ੍ਰਚਲਿਤ ਸਾਧਨ ਸਿਰਫ਼ ਹੈਲੀਓਗ੍ਰਾਫ਼ (ਸ਼ੀਸ਼ਾ) ਹੁੰਦਾ ਸੀ।
ਸਾਰਾਗੜ੍ਹੀ ਦੀ ਗੌਰਵਮਈ ਅਤੇ ਮਹੱਤਵਪੂਰਨ ਲੜਾਈ ਨੇ ਭਿਆਨਕ ਰੁਖ਼ ਉਦੋਂ ਅਪਣਾ ਲਿਆ ਜਦੋਂ ਦੁਸ਼ਮਣ ਦੇ ਵੱਡੇ ਲਸ਼ਕਰ ਨੇ ਮਿਤੀ 12 ਸਤੰਬਰ 1897 ਨੂੰ ਸਵੇਰੇ 9.30 ਵਜੇ ਸਾਰਾਗੜ੍ਹੀ ਦੀ ਹਿਫਾਜਤੀ ਟੁਕੜੀ ਦੇ 22 ਸਿੱਖ ਸੈਨਿਕਾਂ ’ਤੇ ਹਮਲਾ ਕੀਤਾ। ਰੱਖਿਅਕਾਂ ਨੇ ਦੁਸ਼ਮਣ ਦੇ ਹਮਲੇ ਨੂੰ ਨਾ-ਸਿਰਫ਼ ਪਛਾੜਿਆ ਸਗੋਂ ਸੈਂਕੜੇ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸਾਰਾਗੜ੍ਹੀ ਚੌਂਕੀ ਦੇ ਇਨ੍ਹਾਂ ਸੂਰਬੀਰਾਂ ਨੇ ਦੁਸ਼ਮਣ ਦੀ ਵੱਡੀ ਗਿਣਤੀ ਦੀ ਪਰਵਾਹ ਨਾ ਕਰਦੇ ਹੋਏ ਉਨ੍ਹਾਂ ਦੇ ਹਮਲਿਆਂ ਨੂੰ ਨਾ ਕਾਮਯਾਬ ਬਣਾਇਆ। ਇਹ ਲੜਾਈ ਦਿਨ ਭਰ ਚੱਲਣ ਕਾਰਨ ਇਕ ਮੌਕਾ ਅਜਿਹਾ ਆਇਆ ਜਦੋਂ ਦੁਸ਼ਮਣ ਦੇ ਚੀਫ਼-ਗੁਲ ਬਾਦਸ਼ਾਹ ਦੀ ਅਗਵਾਈ ਵਿਚ ਲਗਾਤਾਰ ਨਿਰਦਾਇਤਾ ਭਰਪੂਰ ਹਮਲਿਆਂ ਕਾਰਨ ਸਾਰਾਗੜ੍ਹੀ ਦੇ ਰੱਖਿਅਕਾਂ ਦੀ ਗਿਣਤੀ ਲਗਾਤਾਰ ਘਟਣੀ ਸ਼ੁਰੂ ਹੋ ਗਈ। ਰੱਖਿਅਕਾਂ ਦੇ ਮਨਸੂਬਿਆਂ ਨੂੰ ਹੋਰ ਮੁਸ਼ਕਿਲ ਬਣਾਉਣ ਲਈ ਚੌਕੀ ਦੇ ਚਾਰ-ਚੁਫੇਰੇ ਝਾੜੀਆਂ ਨੂੰ ਅੱਗ ਲਗਾ ਕੇ ਧੂੰਆਂ ਕਰ ਦਿੱਤਾ ਗਿਆ ਜਿਸ ਦਾ ਫਾਇਦਾ ਉਠਾ ਕੇ ਧਾੜਵੀ ਚੌਂਕੀ ਅੰਦਰ ਘੁਸਪੈਠ ਕਰਨ ਵਿਚ ਕਾਮਯਾਬ ਹੋ ਗਏ ਅਤੇ ਬਾਕੀਆਂ ਨੂੰ ਅੰਦਰ ਘੁਸੇੜਨ ਵਿਚ ਸਹਾਈ ਹੋਏ। ਗੁਲਸਤਾਨ ਗੈਰੀਜਨ (ਛਾਉਣੀ ਵਾਲੇ) ਇਹ ਸਭ ਕਾਰਵਾਈਆਂ ਦੇਖਦੇ ਰਹੇ ਪਰ ਦੋਵਾਂ ਚੌਂਕੀਆਂ ਵਿਚ ਆਪਸੀ ਦੂਰੀ ਹੋਣ ਕਾਰਨ ਕੋਈ ਵੀ ਸਹਾਇਤਾ ਕਰਨ ਤੋਂ ਅਸਮਰੱਥ ਰਹੇ। ਇਸ ਤਰ੍ਹਾਂ ਬਗੈਰ ਰਾਸ਼ਨ, ਗੋਲੀ ਸਿੱਕਾ ਅਤੇ ਕੁਮਕ ਤੋਂ ਸਾਰੇ ਦੇ ਸਾਰੇ 22 ਸਿੱਖ ਸਿਪਾਹੀ ਸਾਰਾਗੜ੍ਹੀ ਚੌਂਕੀ ਦੀ ਰੱਖਿਆ ਖਾਤਰ, ਆਖਰੀ ਗੋਲੀ ਤੇ ਆਖਰੀ ਸਾਹ ਤੱਕ ਲੜਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ ਪਰ ਉਨ੍ਹਾਂ ਵੱਲੋਂ ਆਪਣੇ ਕਬਜ਼ੇ ਹੇਠ ਜ਼ਮੀਨ ਦਾ ਇਕ ਇੰਚ ਹਿੱਸਾ ਵੀ ਦੁਸ਼ਮਣ ਨੂੰ ਲੈਣ ਨਹੀਂ ਦਿੱਤਾ ਗਿਆ। ਇਨ੍ਹਾਂ ਸੂਰਬੀਰਾਂ ਨੇ ‘ਸਵਾ ਲਾਖ ਸੇ ਏਕ ਲੜਾਓਂ’ ਦੀਆਂ ਨਿਰੋਲ ਖਾਲਸਾ ਪਰੰਪਰਾਵਾਂ ਦਾ ਮੁਜ਼ਾਹਰਾ ਕਰਦੇ ਹੋਏ ਆਪਣਾ ਫਰਜ਼ ਨਿਭਾਇਆ ਅਤੇ ਜਾਨਾਂ ਕੁਰਬਾਨ ਕਰ ਗਏ।
ਬਰਤਾਨਵੀ ਸੰਸਦ ਵੱਲੋਂ ਸ਼ਰਧਾਂਜਲੀ
ਇਨ੍ਹਾਂ ਸੂਰਬੀਰਾਂ ਦੇ ਸ਼ਾਨਦਾਰ ਬਹਾਦਰੀ ਦੇ ਅਮਿੱਟ ਕਾਰਨਾਮੇ ਨੂੰ ਸੁਣ ਕੇ ਬ੍ਰਿਟਿਸ਼ ਪਾਰਲੀਮੈਂਟ ਵੱਲੋਂ ਇਕਜੁਟ ਹੋ ਕੇ ਬਹਾਦਰ ਸਿਪਾਹੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਜਿਨ੍ਹਾਂ ਮਹਾਨ ਯੋਧਿਆਂ ਨੇ ਸਾਰਾਗੜ੍ਹੀ ਦੀ ਲੜਾਈ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਦੇ ਨਾਂਅ ਇਸ ਪ੍ਰਕਾਰ ਹਨ : 165 ਹਵਾਲਦਾਰ ਈਸ਼ਰ ਸਿੰਘ, 332 ਨਾਇਕ ਲਾਲ ਸਿੰਘ, 546 ਲਾਂਸ ਨਾਇਕ ਚੰਦਾ ਸਿੰਘ, 1321 ਸਿਪਾਹੀ ਸੰੁਦਰ ਸਿੰਘ, 492 ਸਿਪਾਹੀ ਉੱਤਮ ਸਿੰਘ, 859 ਸਿਪਾਹੀ ਹੀਰਾ ਸਿੰਘ, 791 ਸਿਪਾਹੀ ਭੋਲਾ ਸਿੰਘ, 834 ਸਿਪਾਹੀ ਨਾਰਾਇਣ ਸਿੰਘ, 874 ਸਿਪਾਹੀ ਦਿਵਾਨ ਸਿੰਘ, 463 ਸਿਪਾਹੀ ਰਾਮ ਸਿੰਘ, 1257 ਸਿਪਾਹੀ ਭਗਵਾਨ ਸਿੰਘ, 1651 ਸਿਪਾਹੀ ਜੀਵਾ ਸਿੰਘ, 782 ਸਿਪਾਹੀ ਸਾਹਿਬ ਸਿੰਘ, 287 ਸਿਪਾਹੀ ਰਾਮ ਸਿੰਘ, 687 ਸਿਪਾਹੀ ਦਇਆ ਸਿੰਘ, 781 ਸਿਪਾਹੀ ਜੀਵਨ ਸਿੰਘ, 844 ਸਿਪਾਹੀ ਗੁਰਮੁੱਖ ਸਿੰਘ, 1733 ਸਿਪਾਹੀ ਗੁਰਮੁੱਖ ਸਿੰਘ, 1265 ਸਿਪਾਹੀ ਭਗਵਾਨ ਸਿੰਘ, 1556 ਸਿਪਾਹੀ ਬੇਲਾ ਸਿੰਘ, 1221 ਸਿਪਾਹੀ ਨੰਦ ਸਿੰਘ ਅਤੇ ਸੇਵਾਦਾਰ ਦਾਓ ਸਿੰਘ।
ਇਨ੍ਹਾਂ ਜਾਬਾਂਜ ਬਹਾਦਰ ਸਿਪਾਹੀਆਂ ਵਿਚੋਂ 21 ਸ਼ਹੀਦਾਂ ਨੂੰ ਇੰਡੀਅਨ ਆਰਡਰ ਆਫ ਮੈਰਿਟ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਅੱਜਕਲ੍ਹ ਦੇ ਪਰਮਵੀਰ ਚੱਕਰ ਦੇ ਬਰਾਬਰ ਹੈ, ਜੋ ਉਸ ਸਮੇਂ ਭਾਰਤੀ ਫ਼ੌਜ ਨੂੰ ਦਿੱਤਾ ਜਾਣ ਵਾਲਾ ਸਰਬੋਤਮ ਬ੍ਰਿਟਿਸ਼ ਬਹਾਦਰੀ ਪੁਰਸਕਾਰ ਸੀ। ਇਸ ਤੋਂ ਪਹਿਲਾਂ ਅਤੇ ਬਾਅਦ ਵਿਚ ਕਦੇ ਵੀ ਏਨੀ ਵੱਡੀ ਗਿਣਤੀ ਵਿਚ ਮਰਨ ਉਪਰੰਤ ਕਿਸੇ ਇਕ ਯੂਨਿਟ ਨੂੰ ਇਕੋ ਟਾਈਮ ’ਤੇ ਅਜਿਹੇ ਬਹਾਦਰੀ ਦੇ ਤਗਮੇ ਨਹੀਂ ਦਿੱਤੇ ਗਏ।
ਇਤਿਹਾਸਕ ਮਹੱਤਤਾ
ਸਾਰਾਗੜ੍ਹੀ ਦੀ ਲੜਾਈ ਸੰਸਾਰ ਦੀਆਂ 10 ਅਜਿਹੀਆਂ ਲੜਾਈਆਂ ਵਿਚੋਂ ਇਕ ਹੈ ਜਿਥੇ ਬਹੁਤ ਹੀ ਘੱਟ ਗਿਣਤੀ ਵਿਚ ਸੂਰਬੀਰ ਸੈਨਿਕਾਂ ਨੇ ਦੁਸ਼ਮਣ ਦੇ ਵੱਡੀ ਗਿਣਤੀ ਵਿਚ ਲਸ਼ਕਰ ਨਾਲ ਲੋਹਾ ਲਿਆ ਪਰ ਜਿਊਂਦੇ ਜੀਅ ਦੁਸ਼ਮਣ ਨੂੰ ਚੌਕੀ ’ਤੇ ਕਬਜ਼ਾ ਨਹੀਂ ਕਰਨ ਦਿੱਤਾ। ਇਕ ਵਿਦੇਸ਼ੀ ਪੱਤ੍ਰਿਕਾ ਨੇ ਇਸ ਦੀ ਸੰਸਾਰ ਦੀ ਥ੍ਰਮੋਪਲਾਏ ਦੀ ਲੜਾਈ ਜੋ 480 ਬੀ. ਸੀ. ਵਿਚ ਲੜੀ ਗਈ ਸੀ, ਵਾਂਗ 5 ਲੜਾਈਆਂ ਵਿਚ ਗਿਣਿਆ ਹੈ। ਇਸ ਮਹੱਤਵਪੂਰਨ ਅਤੇ ਗੌਰਵਮਈ ਲੜਾਈ ਦਾ ਇਤਿਹਾਸ ਫਰਾਂਸ ਵਿਚ ਸਕੂਲੀ ਬੱਚਿਆਂ ਦੇ ਸਿਲੇਬਸ ਦਾ ਵਿਸ਼ਾ ਹੈ। ਯੂਨੈਸਕੋ ਵੱਲੋਂ ਸਮੂਹਿਕ ਤੌਰ ’ਤੇ ਛਪਣ ਵਾਲੀਆਂ 8 ਇਤਿਹਾਸਕ ਕਹਾਣੀਆਂ ਵਿਚੋਂ ਸਾਰਾਗੜ੍ਹੀ ਦੀ ਲੜਾਈ ਦਾ ਇਤਿਹਾਸ ਵੀ ਸ਼ਾਮਿਲ ਹੈ।
ਆਓ ਅੱਜ ਦੇ ਦਿਨ ਉਨ੍ਹਾਂ ਸਮੂਹ ਸ਼ਹੀਦਾਂ ਨੂੰ ਪ੍ਰਣਾਮ ਕਰੀਏ, ਜਿਨ੍ਹਾਂ ਦੀ ਕੁਰਬਾਨੀ ਸਦਕਾ ਅਸੀਂ ਸੁਰੱਖਿਅਤ ਹਾਂ ਅਤੇ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ।

-ਕੁਲਦੀਪ ਸਿੰਘ ਕਾਹਲੋਂ - ਬ੍ਰਿਗੇ: (ਰਿਟਾ:)
(ਰੋਜ਼ਾਨਾ ਅਜੀਤ ਜਲੰਧਰ ਵਿੱਚੋਂ)

02 May, 2007

ਸੁਲਤਾਨ-ਉਲ ਕੌਮ - ਜਥੇਦਾਰ ਜੱਸਾ ਸਿੰਘ ਆਹਲੂਵਾਲੀਆ

ਸ: ਜੱਸਾ ਸਿੰਘ ਆਹਲੂਵਾਲੀਆ ਇਕ ਮਹਾਨ ਜਰਨੈਲ ਤੇ ਪੰਥ ਦੀ ਇਕ ਮਾਨਯੋਗ ਹਸਤੀ ਸੀ, ਉਹ ਆਹਲੂਵਾਲੀਆ ਮਿਸਲ ਦਾ ਸਰਦਾਰ ਤੇ ਇਕ ਵੱਡਾ ਯੋਧਾ ਸੀ। ਮੁੱਢ ਵਿਚ ਆਹਲੂਵਾਲੀਆ ਮਿਸਲ ਦਾ ਬਾਨੀ ਸ: ਬਾਗ ਸਿੰਘ ਸੀ। ਉਹ ਆਹਲੂ ਪਿੰਡ ਦਾ ਸਰਦਾਰ ਸੀ ਇਸ ਕਰਕੇ ਇਸ ਮਿਸਲ ਦਾ ਨਾਂਅ ਆਹਲੂਵਾਲੀਆ ਪੈ ਗਿਆ ਸੀ। ਸ: ਬਾਗ ਸਿੰਘ ਦੇ ਸੰਤਾਨ ਨਾ ਹੋਣ ਕਰਕੇ ਇਸ ਮਿਸਲ ਦਾ ਮੁਖੀ ਉਸ ਦਾ ਭਾਣਜਾ ਸ: ਜੱਸਾ ਸਿੰਘ ਬਣਿਆ।
ਸ: ਜੱਸਾ ਸਿੰਘ ਦਾ ਜਨਮ ਸ: ਬਦਰ ਸਿੰਘ ਦੇ ਘਰ ਸੰਨ 1718 ੲੀ: ਨੂੰ ਹੋਇਆ। 1723 ਵਿਚ ਸ: ਬਦਰ ਸਿੰਘ ਦਾ ਅਕਾਲ ਚਲਾਣਾ ਹੋ ਗਿਆ। ਸ: ਜੱਸਾ ਸਿੰਘ ਦੀ ਮਾਤਾ ਪੁੱਤਰ ਸਮੇਤ ਮਾਤਾ ਸੁੰਦਰੀ ਜੀ ਦੀ ਸੇਵਾ ਵਿਚ ਦਿੱਲੀ ਚਲੀ ਗੲੀ। ਇਸ ਤਰ੍ਹਾਂ ਸ: ਜੱਸਾ ਸਿੰਘ ਨੂੰ ਮਾਤਾ ਸੁੰਦਰੀ ਜੀ ਦੀ ਛਤਰ-ਛਾਇਆ ਹੇਠ ਰਹਿਣ ਦਾ ਮੌਕਾ ਪ੍ਰਾਪਤ ਹੋਇਆ। 1729 ਵਿਚ ਸ: ਬਾਗ ਸਿੰਘ ਦਿੱਲੀ ਗੲੇ, ਉਹ ਮਾਤਾ ਸੁੰਦਰੀ ਜੀ ਤੋਂ ਆਗਿਆ ਲੈ ਕੇ ਭੈਣ ਤੇ ਭਾਣਜੇ ਨੂੰ ਆਪਣੇ ਨਾਲ ਲੈ ਆੲੇ। ਦਿੱਲੀ ਤੋਂ ਆ ਕੇ ਬਾਲਕ ਜੱਸਾ ਸਿੰਘ ਸ: ਕਪੂਰ ਸਿੰਘ ਦੇ ਜੱਥੇ ਨਾਲ ਰਹਿਣ ਲੱਗ ਗਿਆ। ਉਸ ਨੇ ਸ਼ਸਤਰ ਵਿੱਦਿਆ ਵਿਚ ਪ੍ਰਵੀਨਤਾ ਹਾਸਲ ਕੀਤੀ। ਨਵਾਬ ਕਪੂਰ ਸਿੰਘ ਨੇ ਉਨ੍ਹਾਂ ਨੂੰ ਆਪਣਾ ਸਹਾਇਕ ਥਾਪ ਦਿੱਤਾ। ਕੲੀ ਜੰਗਾਂ ਵਿਚ ਸ: ਕਪੂਰ ਸਿੰਘ ਦੇ ਨਾਲ ਰਹਿਣ ਕਰਕੇ ਯੁੱਧ ਵਿੱਦਿਆ ਵਿਚ ਨਿਪੰੁਨ ਹੋ ਗਿਆ ਸੀ ਅਤੇ ਉਨ੍ਹਾਂ ਦਾ ਮੈਦਾਨੇ ਜੰਗ ਵਿਚ ਕਰਤੱਵ ਦਿਖਾਉਣ ਲੲੀ ਦਿਲ ਖੁੱਲ੍ਹ ਗਿਆ ਸੀ। 1732 ਵਿਚ ਸ: ਬਾਗ ਸਿੰਘ ਦੇ ਸ਼ਹੀਦ ਹੋ ਜਾਣ ’ਤੇ ਸ: ਜੱਸਾ ਸਿੰਘ ਮਿਸਲ ਦਾ ਸਰਦਾਰ ਬਣ ਗਿਆ।
ਸਰਦਾਰ ਜੱਸਾ ਸਿੰਘ ਬੜਾ ਬਹਾਦਰ ਤੇ ਦਾਨੀ ਸੀ। ਉਹ ਅਕਲ-ਸ਼ਕਲ ਦੇ ਪੱਖੋਂ ਨਿਰਾਲਾ ਤੇ ਸਰੀਰਕ ਪੱਖੋਂ ਬਹੁਤ ਬਲਸ਼ਾਲੀ ਸੀ। ਪੰਥ ਦੀ ਹਰ ਮੁਹਿੰਮ ਵਿਚ ਉਹ ਸ਼ਾਮਿਲ ਹੁੰਦਾ ਸੀ। ਇਸ ਕਰਕੇ ਦਿਨੋ-ਦਿਨ ਪੰਥ ਵਿਚ ਆਪ ਦਾ ਸਤਿਕਾਰ ਵਧਦਾ ਗਿਆ। ਨਵਾਬ ਕਪੂਰ ਸਿੰਘ ਤੋਂ ਬਾਅਦ ਉਨ੍ਹਾਂ ਦਾ ਸਥਾਨ ਦੂਜੇ ਨੰਬਰ ’ਤੇ ਸਮਝਿਆ ਜਾਂਦਾ ਸੀ। ਨਵਾਬ ਕਪੂਰ ਸਿੰਘ ਦੇ ਹੱਥੋਂ ਉਨ੍ਹਾਂ ਨੇ ਅੰਮ੍ਰਿਤ ਛਕਿਆ ਸੀ।
1740 ਵਿਚ ਸ: ਜੱਸਾ ਸਿੰਘ ਨੇ ਨਾਦਰ ਸ਼ਾਹ ਤੋਂ ਲੁੱਟ ਦਾ ਮਾਲ ਖੋਹ ਲਿਆ ਤੇ ਸ਼ਾਹੀ ਖਜ਼ਾਨਾ ਲੁੱਟ ਲਿਆ। ਨਾਦਰ ਸ਼ਾਹ ਨੂੰ ਜਦੋਂ ਸਿੰਘਾਂ ਦੁਆਰਾ ਸ਼ਾਹੀ ਖਜ਼ਾਨਾ ਲੁੱਟਣ ਦੀ ਖ਼ਬਰ ਮਿਲੀ ਤਾਂ ਉਸ ਨੇ ਜ਼ਕਰੀਆ ਖਾਨ ਨੂੰ ਉਨ੍ਹਾਂ ਬਾਰੇ ਪੁੱਛਿਆ ਕਿ ਸ਼ੇਰ ਦੇ ਮੂੰਹ ’ਚੋਂ ਖੋਹਣ ਵਾਲੇ ਇਹ ਕੌਣ ਲੋਕ ਹਨ? ਜ਼ਕਰੀਆ ਖਾਨ ਨੇ ਉੱਤਰ ਦਿੱਤਾ, ‘ਜਹਾਂ ਪਨਾਹ ਇਹ ਸਿੰਘ ਨਾਮ ਦਾ ਖਾਲਸਾ ਪੰਥ ਹੈ। ਇਨ੍ਹਾਂ ਦਾ ਪਿੰਡ-ਦੇਸ਼, ਘਰ-ਘਾਟ, ਕਿਲ੍ਹਾ-ਕੋਟ ਕੋੲੀ ਨਹੀਂ। ਬਿਨਾਂ ਕੁਝ ਖਾਧੇ ਪੀਤੇ ਸੌ-ਸੌ ਕੋਹ ਤੱਕ ਰੋਜ਼ ਧਾਵੇ ਮਾਰਦੇ ਹਨ। ਘੋੜੇ ਦੀ ਪਿੱਠ ਹੀ ਪਲੰਘ ਹੈ, ਤੁਰਦੇ-ਫਿਰਦੇ ਸੌਂ ਲੈਂਦੇ ਹਨ। ਨਾਦਰ ਸ਼ਾਹ ਨੇ ਹੈਰਾਨ ਹੋ ਕੇ ਆਖਿਆ ਜੇਕਰ ਇਹ ਕੌਮ ਠੀਕ ਐਸੀ ਹੀ ਹੈ ਜੈਸੀ ਤੂੰ ਆਖਦਾ ਹੈਂ ਤਾਂ ਅਸੀਂ ਇਨ੍ਹਾਂ ਦਾ ਕੀ ਖੋਹ ਸਕਦੇ ਹਾਂ? ਤੁਸੀਂ ਸੱਚ ਜਾਣੋ ਕਦੇ ਨਾ ਕਦੇ ਇਹ ਪੰਥ ਮੁਲਕ ਦਾ ਮਾਲਕ ਬਣ ਜਾਵੇਗਾ।’ (ਤਵਾਰੀਖ ਗੁਰੂ ਖਾਲਸਾ)
ਇਸ ਤੋਂ ਬਾਅਦ ਜਸਪਤ ਰਾਇ, ਅਦੀਨਾ ਬੇਗ, ਨਾਸਲ ਅਲੀ ਖਾਂ ਆਦਿ ਮੁਗਲ ਹਾਕਮਾਂ ਨਾਲ ਕੲੀ ਜੰਗ ਕੀਤੇ। ਉਸ ਨੇ ਪੰਜਾਬ ਦੇ ਕੲੀ ਇਲਾਕਿਆਂ ਫਤਿਹਾਬਾਦ, ਜਗਰਾਉਂ, ਮੁੱਲਾਂ ਵਾਲਾ, ਮਖੂ, ਕੋਟ ੲੀਸੇ ਖਾਂ ਆਦਿ ਦੇ ਇਲਾਕੇ ’ਤੇ ਕਬਜ਼ਾ ਕਰ ਲਿਆ। 1760 ੲੀ: ਵਿਚ ਅਹਿਮਦ ਸ਼ਾਹ ਦੇ ਸੱਤਵੇਂ ਹਮਲੇ ਸਮੇਂ ਦੁਰਾਨੀ ਬਹੁਤ ਸਾਰੇ ਹਿੰਦੁਸਤਾਨੀ ਮਰਦ-ਔਰਤਾਂ, ਲੜਕੇ-ਲੜਕੀਆਂ ਨੂੰ ਬੰਦੀ ਬਣਾ ਕੇ ਕਾਬਲ ਲਿਜਾ ਰਹੇ ਸਨ। ਸ: ਜੱਸਾ ਸਿੰਘ ਨੇ ਗੋਇੰਦਵਾਲ ਤੋਂ ਬਿਆਸਾ ਟੱਪਦੇ ਹੋੲੇ ਦੁਰਾਨੀਆਂ ਨੂੰ ਜਾ ਦਬਾਇਆ ਅਤੇ ਸਾਰੇ ਕੈਦੀ ਛੁਡਵਾ ਕੇ ਘਰ ਭਿਜਵਾ ਦਿੱਤੇ। ਇਸ ਪਰਉਪਕਾਰ ਨਾਲ ਉਨ੍ਹਾਂ ਦੇ ਜੱਸ ਵਿਚ ਬਹੁਤ ਵਾਧਾ ਹੋਇਆ। 1761 ਵਿਚ ਉਨ੍ਹਾਂ ਖਾਲਸਾ ਦਲ ਨਾਲ ਮਿਲ ਕੇ ਅਹਿਮਦਸ਼ਾਹ ਅਬਦਾਲੀ ਦੇ ਜਰਨੈਲ ਜਹਾਨ ਖਾਨ ਨੂੰ ਸ਼ਿਕਸਤ ਦਿੱਤੀ ਤੇ ਲਾਹੌਰ ਤੱਕ ਪਿੱਛਾ ਕੀਤਾ। ਦੁਰਾਨੀਆਂ ਨੂੰ ਅੰਮ੍ਰਿਤਸਰ ਵਿਚੋਂ ਕੱਢ ਦਿੱਤਾ ਗਿਆ। ਪੰਥ ਵੱਲੋਂ ਉਨ੍ਹਾਂ ਨੂੰ ਸੁਲਤਾਨ-ਉਲ-ਕੌਮ ਦਾ ਖਿਤਾਬ ਦਿੱਤਾ ਗਿਆ। ਸ: ਜੱਸਾ ਸਿੰਘ ਨੇ ਆਪਣੇ ਨਾਂਅ ਦਾ ਸਿੱਕਾ ਵੀ ਜਾਰੀ ਕੀਤਾ।
1762 ਵਿਚ ਜ਼ਿਲ੍ਹਾ ਸੰਗਰੂਰ ਦੇ ਪਿੰਡ ਰਹੀੜਾ (ਕੁਪ ਰਹੀੜਾ) ਕੁਤਬਾ ਬਾਹਮਣੀਆਂ ਅਤੇ ਗਹਿਲ ਤਿੰਨ ਸਥਾਨਾਂ ਉੱਤੇ ਸ: ਜੱਸਾ ਸਿੰਘ ਦੀ ਅਗਵਾੲੀ ਹੇਠ ਖਾਲਸਾ ਦਲ ਦੀ ਅਹਿਮਦ ਸ਼ਾਹ ਅਬਦਾਲੀ ਨਾਲ ਭਾਰੀ ਜੰਗ ਹੋੲੀ। ਇਸ ਵਿਚ ਲਗਭਗ 30 ਹਜ਼ਾਰ ਸਿੰਘ-ਸਿੰਘਣੀਆਂ ਅਤੇ ਬੱਚੇ ਸ਼ਹੀਦ ਹੋੲੇ ਸਨ। ਅਬਦਾਲੀ ਦੀਆਂ ਫ਼ੌਜਾਂ ਨਾਲ ਨਵਾਬ ਮਾਲੇਰਕੋਟਲਾ, ਸੂਬਾ ਸਰਹੰਦ ਨਵਾਬ ਰਾੲੇਕੋਟ ਅਤੇ ਲੁਧਿਆਣਾ ਤੋਂ ਫੌਜਾਂ ਜਾ ਸ਼ਾਮਿਲ ਹੋੲੀਆਂ। ਇਨ੍ਹਾਂ ਜਰਵਾਣਿਆਂ ਦੀਆਂ ਫੌਜਾਂ ਅਤੇ ਘੋੜਿਆਂ ਆਦਿ ਦੀ ਖਾਦ ਖੁਰਾਕ ਦਾ ਪ੍ਰਬੰਧ ਫੁਲਕੀਆਂ ਮਿਸਲ ਦੇ ਮੁਖੀ ਰਿਆਸਤ ਪਟਿਆਲਾ ਵਾਲਿਆਂ ਨੇ ਕੀਤਾ। ਗਹਿਗਚ ਦੀ ਲੜਾੲੀ ਦੌਰਾਨ ਸ: ਜੱਸਾ ਸਿੰਘ ਆਹਲੂਵਾਲੀਆ ਨੇ ਇਕ ਵਾਰੀ ਅਹਿਮਦ ਸ਼ਾਹ ਦੇ ਸਾਹਮਣੇ ਹੋ ਕੇ ਦੋ-ਦੋ ਹੱਥ ਕਰਨ ਲੲੀ ਵੰਗਾਰਿਆ ਪਰ ਅਹਿਮਦ ਸ਼ਾਹ ਦਾ ਹੌਸਲਾ ਨਾ ਪਿਆ। ਇਸ ਜੰਗ ਵਿਚ ਸ: ਜੱਸਾ ਸਿੰਘ ਦੇ ਪਿੰਡੇ ’ਤੇ 64 ਜ਼ਖ਼ਮ ਲੱਗੇ ਸਨ ਪਰ ਜਿੱਤ ਖਾਲਸਾ ਪੰਥ ਦੀ ਹੋੲੀ ਅਤੇ ਜਰਵਾਣਿਆਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਇਕੋ ਦਿਨ ਵਿਚ ੲੇਨਾ ਵੱਡਾ ਨੁਕਸਾਨ ਦੁਨੀਆ ਦੀ ਕਿਸੇ ਵੀ ਜੰਗ ਵਿਚ ਨਹੀਂ ਹੋਇਆ ਸਗੋਂ ਅਸਚਰਜਤਾ ਦੀ ਗੱਲ ਹੈ ਕਿ ੲੇਨੇ ਵੱਡੇ ਨੁਕਸਾਨ ਉਪਰੰਤ ਸ: ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾੲੀ ਵਿਚ ਦਲ ਖਾਲਸਾ ਨੇ ਜਰਵਾਣਿਆਂ ਉੱਤੇ ਮੋੜਵਾਂ ਹਮਲਾ ਕਰ ਦਿੱਤਾ ਅਤੇ ਦੁਸ਼ਮਣ ਨੂੰ ਭਾਂਜ ਦਿੱਤੀ। ਇਹ ਮਿਸਾਲ ਦੁਨੀਆ ਦੇ ਜੰਗਾਂ-ਯੁੱਧਾਂ ਦੇ ਇਤਿਹਾਸ ਵਿਚ ਆਪਣੇ-ਆਪ ਵਿਚ ਬਿਲਕੁਲ ਨਿਵੇਕਲੀ ਹੈ। ਇਹ ਜੰਗ 5 ਫਰਵਰੀ, 1762 ਨੂੰ ਹੋਇਆ। ਇਸ ਨੂੰ ਸਿੱਖ ਇਤਿਹਾਸ ਵਿਚ ਵੱਡਾ ਘਲੂਘਾਰਾ ਦੇ ਨਾਂਅ ਨਾਲ ਯਾਦ ਕੀਤਾ ਜਾਂਦਾ ਹੈ।
ਦਲ ਖਾਲਸਾ ਨੇ ਜ: ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾੲੀ ਵਿਚ 7 ਅਪ੍ਰੈਲ 1763 ਨੂੰ ਦਿੱਲੀ ਉੱਤੇ ਹਮਲਾ ਕੀਤਾ ਅਤੇ ਦਿੱਲੀ ਫ਼ਤਹਿ ਕੀਤੀ। ਇਸ ਸਮੇਂ ਜ: ਜੱਸਾ ਸਿੰਘ ਰਾਮਗੜ੍ਹੀਆ ਅਤੇ ਜ: ਬਘੇਲ ਸਿੰਘ ਵੀ ਉਨ੍ਹਾਂ ਨਾਲ ਸ਼ਾਮਿਲ ਸਨ। 1768 ਵਿਚ ਸ: ਜੱਸਾ ਸਿੰਘ ਤੇ ਹੋਰ ਪੰਥਕ ਦਲਾਂ ਨੇ ਜਲਾਲਾਬਾਦ ਦੇ ਇਕ ਬ੍ਰਾਹਮਣ ਦੇ ਆਪਣੀ ਲੜਕੀ ਛੁਡਵਾਉਣ ਲੲੀ ਬੇਨਤੀ ਕਰਨ ’ਤੇ ਚੜ੍ਹਾੲੀ ਕੀਤੀ। ਇਸ ਦੌਰਾਨ ਮੇਰਠ ਅਲੀਗੜ੍ਹ ਆਦਿ ਨੂੰ ਅਧੀਨ ਕਰਕੇ ਸਿੰਘਾਂ ਨੇ ਦਿੱਲੀ ਉੱਤੇ ਮੁੜ ਕਬਜ਼ਾ ਕਰ ਲਿਆ। ਖਾਲਸਾ ਲਾਲ ਕਿਲ੍ਹੇ ਅੰਦਰ ਦਾਖ਼ਲ ਹੋ ਗਿਆ ਅਤੇ ਸ: ਜੱਸਾ ਸਿੰਘ ਨੂੰ ਸ਼ਾਹੀ ਤਖ਼ਤ ’ਤੇ ਬਿਠਾਇਆ ਗਿਆ। ਇਸ ਸਮੇਂ ਉਨ੍ਹਾਂ ਦੇ ਸਾਹਮਣੇ ਪੰਥ ਦੀ ਤਰੱਕੀ ਦਿੱਲੀ ਦੇ ਤਖ਼ਤ ਨਾਲੋਂ ਵਧੇਰੇ ਮਹੱਤਵ ਰੱਖਦੀ ਸੀ। ਉਸ ਦੀਆਂ ਨਜ਼ਰਾਂ ਵਿਚ ਸਭ ਤੋਂ ਜ਼ਰੂਰੀ ਕੰਮ ਦਿੱਲੀ ਦੇ ਗੁਰ ਅਸਥਾਨਾਂ ਨੂੰ ਕਾਇਮ ਕਰਨਾ ਸੀ। ਇਨ੍ਹਾਂ ਅਸਥਾਨਾਂ ਦੀ ਖੋਜ ਕਰਨ ਅਤੇ ਯਾਦਗਾਰਾਂ ਬਣਾਉਣ ਦੀ ਜ਼ਿੰਮੇਵਾਰੀ ਸ: ਬਘੇਲ ਸਿੰਘ ਨੂੰ ਸੌਂਪੀ ਗੲੀ। ਉਹ ਇਸ ਕੰਮ ਲੲੀ ਕੲੀ ਮਹੀਨੇ ਦਿੱਲੀ ਵਿਚ ਰਹੇ ਅਤੇ ਬਾਕੀ ਖਾਲਸਾ ਦਲ ਦਿੱਲੀ ਤੋਂ ਅੱਗੇ ਚਲਾ ਗਿਆ।
ਸ: ਜੱਸਾ ਸਿੰਘ ਦੀ ਹਸਤੀ ਪੰਥ ਵਿਚ ਇਕ ਮੁਖੀ ਦੀ ਸੀ। ਸ: ਕਪੂਰ ਸਿੰਘ ਦੇ 1760 ਵਿਚ ਅਕਾਲ ਚਲਾਣੇ ਤੋਂ ਪਿੱਛੋਂ ਖਾਲਸਾ ਪੰਥ ਦੀ ਜਥੇਦਾਰੀ ਦੀ ਪੱਗ ਸ: ਜੱਸਾ ਸਿੰਘ ਆਹਲੂਵਾਲੀਆ ਨੂੰ ਬੰਨ੍ਹਾੲੀ ਗੲੀ ਸੀ। ਇਸ ਨਾਲ ਉਨ੍ਹਾਂ ’ਤੇ ਸਾਰੇ ਪੰਥ ਦੀ ਜ਼ਿੰਮੇਵਾਰੀ ਆ ਪੲੀ ਸੀ। ਬਾਕੀ ਸਾਰੇ ਇਨ੍ਹਾਂ ਦਾ ਸਤਿਕਾਰ ਕਰਦੇ ਸਨ। ਸ: ਜੱਸਾ ਸਿੰਘ ਨੇ ਇਕ ਥਾਂ ਬੈਠ ਕੇ ਨਿੱਜੀ ਪੱਧਰ ’ਤੇ ਰਾਜ ਭਾਗ ਹੰਢਾਉਣ ਅਤੇ ਐਸ਼ ਕਰਨ ਨਾਲੋਂ ਪੰਥਕ ਹਿਤਾਂ ਵੱਲ ਧਿਆਨ ਵਧੇਰੇ ਦਿੱਤਾ। ਸ: ਜੱਸਾ ਸਿੰਘ ਸਿੱਖੀ ਆਦਰਸ਼ਾਂ ਦੀ ਪਾਲਣਾ ਕਰਨ ਵਾਲਾ ਸਹੀ ਰੂਪ ਵਿਚ ਖਾਲਸਾ ਸੀ। ਉਹ ਆਪ ਅੰਮ੍ਰਿਤ ਪ੍ਰਚਾਰ ਕਰਕੇ ਸਿੱਖ ਧਰਮ ਦੇ ਵਿਕਾਸ ਵਿਚ ਵੀ ਯਤਨਸ਼ੀਲ ਰਹਿੰਦੇ ਸਨ। ਮਹਾਰਾਜਾ ਅਮਰ ਸਿੰਘ ਪਟਿਆਲਾ ਨੇ ਉਨ੍ਹਾਂ ਦੇ ਹੱਥੋਂ ਅੰਮ੍ਰਿਤ ਛਕਿਆ ਸੀ। 1765 ਵਿਚ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਦੁਬਾਰਾ ਬਣਾੲੀ ਗੲੀ। ਉਸ ਦਾ ਨੀਂਹ ਪੱਥਰ ਸ: ਜੱਸਾ ਸਿੰਘ ਆਹਲੂਵਾਲੀਆ ਦੇ ਹੱਥੋਂ ਹੀ ਰਖਵਾਇਆ ਗਿਆ ਸੀ। ਸ: ਜੱਸਾ ਸਿੰਘ ਜਿਥੇ ਇਕ ਮਹਾਨ ਯੋਧਾ ਸੀ, ਉਥੇ ਗੁਰਬਾਣੀ ਦਾ ਰਸੀਆ ਵੀ ਸੀ।
ਦੇਸ਼ ਦੇ ਜ਼ਾਲਮ ਹਾਕਮਾਂ ਦੀ ਸੋਧ ਕਰਨ ਦੇ ਨਾਲ-ਨਾਲ ਸ: ਜੱਸਾ ਸਿੰਘ ਨੇ ਵਿਦੇਸ਼ੀ ਹਮਲਾਵਰਾਂ ਦਾ ਵੀ ਟਾਕਰਾ ਕੀਤਾ। ਉਸ ਨੇ ਆਪਣੇ ਜੀਵਨ ਕਾਲ ਵਿਚ ਨਾਦਰ ਸ਼ਾਹ, ਅਹਿਮਦ ਸ਼ਾਹ ਅਬਦਾਲੀ ਅਤੇ ਤੈਮੂਰ ਸ਼ਾਹ ਤੇ ਜਮਾਨ ਸ਼ਾਹ ਜਿਹੇ ਜਰਵਾਣੇ ਅਫ਼ਗਾਨਾਂ ਦਾ ਡਟ ਕੇ ਮੁਕਾਬਲਾ ਕੀਤਾ। ਇਸੇ ਤਰ੍ਹਾਂ ਆਪਣੇ ਦੇਸ਼ ਦੀ ਪਰਜਾ ਤੇ ਸਿੱਖ ਸਿਦਕ ਦੀ ਰਾਖੀ ਹਿਤ ਮੈਦਾਨੇ ਜੰਗ ਵਿਚ ਜੂਝਦਾ ਰਿਹਾ।
ਸ: ਜੱਸਾ ਸਿੰਘ ਦੇ ਤਹਿਤ ਦਿੱਲੀ ਤੋਂ ਮੁਲਤਾਨ ਤੱਕ ਦਾ ਇਲਾਕਾ ਮੰਨਿਆ ਜਾਂਦਾ ਸੀ। ਲਗਭਗ 60 ਸਾਲ ਪੰਥ ਦੀ ਅਣਥੱਕ ਸੇਵਾ ਕਰਨ ਉਪਰੰਤ ਇਹ ਮਹਾਨ ਜਰਨੈਲ 22 ਅਕਤੂਬਰ 1783 ਨੂੰ ਸ੍ਰੀ ਅੰਮ੍ਰਿਤਸਰ ਵਿਖੇ ਅਕਾਲ ਚਲਾਣਾ ਕਰ ਗਿਆ। ਸਿੱਖ ਕੌਮ ਉਸ ਨੂੰ ਆਪਣਾ ਬੇਤਾਜ ਬਾਦਸ਼ਾਹ ਮੰਨਦੀ ਸੀ ਪਰ ਉਸ ਨੇ ਅਖੀਰ ਸਮੇਂ ਤੱਕ ਆਪਣੇ-ਆਪ ਨੂੰ ਪੰਥ ਦਾ ਸੇਵਕ ਹੀ ਬਣਿਆ ਰਹਿਣ ਵਿਚ ਹੀ ਮਾਣ ਮਹਿਸੂਸ ਕੀਤਾ।

(ਲਿਖਤੁਮ - ਪ੍ਰੋ: ਕਿਰਪਾਲ ਸਿੰਘ ਬਡੂੰਗਰ)
ਧੰਨਵਾਦ ਸਹਿਤ - ਰੋਜ਼ਾਨਾ ਅਜੀਤ ਜਲੰਧਰ)

24 April, 2006

ਪੰਜਾਬੀ (ਸਰਦਾਰ) ਹਰੇਕ ਥਾਂ ਮਿਲਦੇ ਆਂ...

ਗੱਲ ਏਦਾਂ ਹੋਈ ਕਿ ਮੈਂ ਅਤੇ ਜਸਵਿੰਦਰ ਫੂਲੇਵਾਲਾ ਬੇਮਕਸਦ ਹੀ
ਪੂਨੇ ਤੋਂ ਬਾਹਰ ਨਿਕਲ ਗਏ। ਤੁਰੇ ਗਏ ਤੁਰੇ ਗਏ, ਪਹਿਲਾਂ
ਫੌਜੀ ਛਾਉਣੀਆਂ ਆਈਆਂ, ਉੱਥੇ ਸਰਦਾਰ ਸਨ, ਪਰੇਡ ਕਰਦੇ
ਫਿਰਦੇ, ਫੇਰ ਸੁੰਨੇ ਜੇਹੇ ਪਿੰਡ ਆ ਗਏ, ਤਰਕਾਲਾਂ ਢਲ ਰਹੀਆਂ
ਸਨ, ਪੰਛੀਆਂ ਤਾਂ ਨਹੀਂ ਸਨ, ਪਰ ਫੇਰ ਵੀ ਸੋਹਣੇ ਦਰਖਤਾਂ ਦੀ
ਛਾਂ, ਜਿਵੇਂ ਕਿਸੇ ਸ਼ੈਹਰ ਤੋਂ ਦੂਰ ਦੁਰਾਡੇ ਪਿੰਡ ਵਿੱਚ ਬੋਹੜਾਂ ਹੇਠ
ਦੀ ਸੜਕ ਲੰਘਦੀ ਹੋਵੇ। ਸਾਹਮਣੇ ਪਹਾੜ ਵੀ ਸਨ, ਸੂਰਜ
ਛੇਤੀ ਹੀ ਓਸ ਦੇ ਓਹਲੇ ਛਿਪਦਾ ਜਾਪਿਆ, ਪਰ ਸਾਡਾ
ਸਫ਼ਰ ਖਤਮ ਕਰਨ ਨੂੰ ਦਿਲ ਨਹੀਂ ਸੀ ਕਰ ਰਿਹਾ,
ਮੋਟਰ ਸਾਇਕਲ ਵੀ ਜ਼ੋਰ ਲਾ ਰਿਹਾ ਸੀ ਅਤੇ ਉਸ ਦੀ ਸ਼ਾਨਦਾਰ
ਆਵਾਜ਼ ਸਾਨੂੰ ਅੱਗੇ ਵੱਲ ਖਿੱਚ ਰਹੀ ਸੀ।

ਸਾਰੇ ਰਾਹ ਕਿਤੇ ਕਿਤੇ ਟਰੱਕ ਟੱਕਰੇ, ਕਿਤੇ ਗੱਡੀਆਂ ਅਤੇ ਕੋਈ
ਵਿਰਲੀ ਹੀ ਕਾਰ ਸੀ, ਆਮ ਮਹਾਂਰਾਸ਼ਟਰ ਦੇ ਲੋਕ ਸਨ।
ਹਾਲਤ ਬਹੁਤ ਵਧੀਆ ਤਾਂ ਨਹੀਂ ਸੀ, ਪਰ ਸੰਤੋਸ਼ ਕਰਨ ਯੋਗ
ਸੀ। ਛੋਟੇ ਸ਼ੈਹਰ ਵੀ ਪੰਜਾਬ ਦੇ ਪਿੰਡ ਅਤੇ ਸ਼ੈਹਰਾਂ ਵਾਂਗ
ਪੱਛਮੀ ਸਭਿਅਤਾ ਅਤੇ ਪੂਨੇ ਵਰਗੇ ਮਹਾਂਨਗਰਾਂ ਤੋਂ ਕੋਹਾਂ
ਦੂਰ ਵੱਸਦੇ ਹਨ।

ਹੁਣ ਮੈਂ ਮੀਟਰ ਦੇਖਿਆ ਕਿ ਅਸੀਂ ਤਾਂ ਸ਼ੈਹਰ ਤੋਂ ਕਰੀਬ 29
ਕਿਲੋਮੀਟਰ ਦੂਰ ਸਾਂ ਅਤੇ ਸਾਡਾ ਮਕਸਦ 60 ਕਿਲੋਮੀਟਰ
ਜਾਣਾ ਸੀ, ਜਿਸ ਤੋਂ ਅਸੀਂ ਕਰੀਬ 1 ਕਿਲੋਮੀਟਰ ਦੂਰ ਸਾਂ,
ਪਹਾੜ ਦੇ ਕਾਫ਼ੀ ਉੱਤੇ ਚੜ੍ਹ ਆਏ ਸਾਂ, ਰਾਹ ਕਾਫ਼ੀ
ਪੱਧਰਾ ਹੋ ਗਿਆ, ਸਿਰਫ਼ ਕੁਝ ਹੀ ਚੜ੍ਹਾਈਆਂ-ਉਚਾਈਆਂ ਹੀ
ਸਨ।

ਅੱਗੇ ਮੋੜ ਆ ਗਿਆ, ਸੋਚਿਆ ਕਿ ਇੱਥੋਂ ਵਾਪਿਸ
ਚੱਲਦੇ ਹਾਂ, ਬੱਸ ਮੋਟਰ ਸੈਂਕਲ ਨੂੰ ਮੋੜਨ ਲਈ ਤਿਆਰ ਹੋਏ ਕਿ
ਟੈਲੀਫੋਨ ਟਾਵਰ ਹੇਠ ਸਰਦਾਰ ਜੀ ਮੂੰਹ ਧੋਂਈ ਜਾਂਦੇ ਸਨ,
ਚੱਲੋ ਅਸੀਂ ਹੱਥ ਚੱਕ ਦਿੱਤੇ ਅਤੇ ਓਹਨਾਂ ਵੀ, ਤੁਰ ਪਏ ਓਹਨਾਂ
ਵੱਲ, ਹੱਥ ਮਿਲਾਇਆ, ਗੱਲਾਂ ਬਾਤਾਂ ਕੀਤੀਆਂ, ਮਾਨਸਾ
ਜਿਲ੍ਹੇ ਦੇ ਇੱਕ ਪਿੰਡ ਦਾ ਕਰਜ਼ੇ ਦਾ ਮਾਰਿਆ ਜੱਟ ਸੀ, ਓਸ
ਨੂੰ ਆਈਡੀਆ ਵਾਲਿਆਂ ਨੇ ਭਰਤੀ ਕਰ ਲਿਆ ਸੀ ਟਾਵਰ
ਉੱਤੇ ਨੌਕਰੀ ਲਈ, ਹੁਣ ਮਹਾਂਰਾਸ਼ਟਰ ਦੇ ਇਸ ਪਹਾੜ ਉੱਤੇ
ਆ ਬੈਠਾ ਸੀ, ਇੱਕ ਹੋਰ ਪੰਜਾਬੀ ਵੀ ਨਾਲ ਸੀ, ਪਰ ਓਹ
ਮਿਲ ਨਹੀਂ ਸਕਿਆ ਸੀ।
ਚੱਲੋ ਖ਼ੈਰ ਸਾਨੂੰ ਤਸੱਲੀ ਹੋਈ ਕਿ ਓਸ ਨੂੰ ਮਿਲ ਕੇ ਸਾਨੂੰ
ਖੁਸ਼ੀ ਹੋਈ ਅਤੇ ਓਸ ਦੀ ਰੂਹ ਨੂੰ ਤਸੱਲੀ ਮੋਗੇ ਦੇ ਬੰਦੇ
ਓਸ ਕੋਲ ਮਿਲਣ ਆਉਣ ਕਰਕੇ ਹੋਈ, ਬਾਕੀ ਰਹੀਂ
ਗੱਲ ਪੰਜਾਬੀਆਂ ਦੀ ਹਰ ਥਾਂ ਮਿਲਣ ਦੀ ਓਹ ਤਾਂ
ਅਸੀਂ ਅੱਖੀਂ ਡਿੱਠਾ ਹੈ।

ਇਸ ਦੇ ਕਈ ਕਾਰਨ ਹੈ, ਜਿਵੇਂ ਕਿ ਪੰਜਾਬੀ ਕਿਸੇ ਵੀ
ਕੰਮ ਨੂੰ ਛੋਟਾ ਨਹੀਂ ਸਮਝਦਾ ਹੈ, ਮੰਗ ਕੇ ਖਾਣ ਨਾਲੋਂ
ਕਿਸੇ ਵੀ ਤਰ੍ਹਾਂ ਮੇਹਨਤ ਕਰਨਾ ਮਾੜਾ ਨਹੀਂ ਸਮਝਦਾ ਹੈ।
ਬੱਸ ਏਹ ਕਰਕੇ ਇਹ ਦੁਨਿਆਂ ਦੇ ਕਿਸੇ ਵੀ ਭਾਗ ਵਿੱਚ
ਮੇਹਨਤ ਕਰਦੇ ਮਿਲ ਜਾਣਗੇ, ਭਾਵੇਂ ਓਹ ਪੰਜਾਬ
ਦੇ ਪਿੰਡ ਹੋਣ, ਜਾਂ ਅਮਰੀਕਾ, ਕੈਨੇਡਾ ਜਾਂ ਭਾਵੇਂ
ਮਹਾਂਰਾਸ਼ਟਰ ਦੇ ਉਜਾੜ ਜਿਹੇ ਜੰਗਲ 'ਚ ਆਈਡੀਆ
ਦਾ ਟਾਵਰ ਹੋਵੇ

ਪੰਜਾਬੀਆਂ ਦੀ ਸ਼ਾਨ ਵੱਖਰੀ...