28 December, 2007

ਮਟਰੋਲਾ ਦਾ ਨਵਾਂ ਰੰਗ ਮੋਟੋਰੇਜ਼ਰ Z6

ਅੱਜ ਅਖੀਰ ਇੱਕ ਹੋਰ ਮੋਬਾਇਲ ਖਰੀਦ ਹੀ ਲਿਆ, ਬਹੁਤ ਰੋਕਿਆ, ਬਹੁਤ ਰੋਕਣ
ਦੀ ਕੋਸ਼ਿਸ਼ ਕੀਤੀ, ਪਰ ਨਹੀਂ ਰਿਹਾ ਗਿਆ (ਘਰੋਂ ਗਾਲਾਂ ਵੀ ਮਿਲੀਆਂ, ਪਰ
ਹੁਣ ਪੱਕਾ ਵਾਦਾ ਰਿਹਾ, ਹੁਣ ਹੋਰ ਮੋਬਾਇਲ ਨੀਂ ਲੈਣਾ ਭਾਵੇ iPhone
ਹੀ ਆ ਜਾਵੇ।)
ਮਟਰੋਲਾ Z
9000 ਰੁਪਏ ਕੀਮਤ, ਪੁਰਾਣਾ E6 ਟੱਚ ਸਕਰੀਨ ਵੇਚ ਦਿੱਤਾ ਅਤੇ ਇਹ ਲੈ ਲਿਆ।
MOTOROKR Z6

ਇਸ ਵਿੱਚ ਖਾਸ ਹੈ:
ਕੈਮਰਾ - 2ਮੈਗਾਪਿਕਸਲ
ਕੁਨੈਕਸ਼ਨ - ਬਲਿਉਟੁੱਥ, USB
ਨੈੱਟਵਰਕ - EDGE, GPRS
ਸਲਾਇਡਰ

ਸਭ ਤੋਂ ਵਧੀਆ ਫੀਚਰ ਲੱਗੇ:
ਲਿਨਕਸ - QT ਅਧਾਰਿਤ
ਸਲਾਇਡਰ
1 GB ਕਾਰਡ ਨਾਲ (ਮੈਂ ਬਦਲ ਦਿੱਤਾ 2GB ਨਾਲ)

ਬਾਈ ਆਈਕਾਨ ਤਾਂ ਕਮਾਲ ਦੇ ਹਨ, ਥੀਮ ਬਹੁਤ ਸੋਹਣਾ ਹੈ,
ਸਕਰੀਨ ਉੱਤੇ ਉਭਰਦੇ ਬਟਨ, ਸੈਟਿੰਗ ਥੀਮ, ਆਟੋਮੈਟਿਕ ਲਾਕ
ਆਪਣੇ ਥਾਂ ਬਹੁਤ ਹੀ ਕਮਾਲ ਦੇ ਹਨ।
ਵਾਲਪੇਪਰ, ਮੇਨ ਸਕਰੀਨ ਉੱਤੇ ਘੜੀ, ਖੱਬੇ ਹੱਥ ਮੇਨੂ ਵਿੱਚ
ਸਭ ਲੋੜੀਦੇ ਐਕਸ਼ਨ ਹਨ, ਇੱਕੋ ਬਟਨ ਨੂੰ ਦੋ ਵਾਰ ਦੱਬਣ ਨਾਲ
ਮੇਨੂ ਵਿੱਚੋਂ ਲਾਕ ਲੱਗ ਜਾਂਦਾ ਹੈ।
ਹੋਰ ਸੋਹਣੇ ਫੀਚਰਾਂ ਵਿੱਚ ਹੈ, ਮੀਡਿਆ ਪਲੇਅਰ, ਜਦੋਂ ਤੁਸੀਂ
ਪਲੇਅਰ ਬੰਦ ਕਰਦੇ ਜਾਂਦੇ ਹੋ ਤਾਂ ਅੰਤ 'ਚ ਇਹ ਤੁਹਾਡੀ ਹੋਮ
ਸਕਰੀਨ ਉੱਤੇ ਇੱਕ ਪੱਟੀ (ਬਾਰ) ਦੇ ਰੂਪ 'ਚ ਦਿਸਦਾ ਹੈ ਅਤੇ
ਤੁਹਾਡੀਆਂ ਗੋਲ ਚੱਕਰੀ ਸਵਿੱਚਾਂ ਨਾਲ ਪੂਰਾ ਕੰਟਰੋਲ ਹੁੰਦਾ ਹੈ।
ਆਵਾਜ਼ ਕਮਾਲ ਦੀ ਹੈ। 6 ਬਟਨ ਅਤੇ ਚੱਕਰੀ ਪੂਰਾ ਕੰਮ ਕਰਦੇ ਹਨ,
ਭਾਵ ਕਿ ਖੁਦ ਨੰਬਰ ਡਾਇਲ ਨਾ ਕਰਨਾ ਹੋਵੇ ਤਾਂ ਹੋਰ ਕਿਸੇ ਚੀਜ਼ ਦੀ
ਲੋੜ ਨਹੀਂ ਹੈ।
ਛੋਟਾ ਜੇਹਾ, ਸੰਖੇਪ, ਸਧਾਰਨ ਫੋਨ ਹੈ, ਪਰ ਫੀਚਰ ਚੰਗੇ ਨੇ, ਸਪੀਡ
ਤਾਂ ਲਿਨਕਸ ਦੇ ਫੋਨ ਦੀ ਵਧੀਆ ਹੈ ਹੀ।
ਮਟਰੋਲਾ ਦੇ ਬਹੁਤ ਫੋਨਾਂ ਵਾਂਗ ਸਭ ਤੋਂ ਵਧੀਆ ਲੱਗਾ, USB
ਕੁਨੈਕਸ਼ਨ, ਇੱਕ ਹੀ ਤਾਰ ਰੱਖ ਲੈਪਟਾਪ ਨਾਲ,
ਭਾਵੇਂ ਚਾਰਜ ਕਰੋ, ਭਾਵੇ ਡਾਟਾ ਟਰਾਂਸਫਰ ਕਰੋ ਅਤੇ ਭਾਵੇਂ ਹੈੱਡਫੋਨ
ਲਗਾਉ। ਉਸ ਉੱਤੇ ਵੀ ਢੱਕਣ ਲੱਗਾ ਹੋਇਆ ਹੈ।

ਲਾਗ (ਆਲ, ਕਾਲ ਕੀਤੇ, ਆਨਸਰ ਦਿੱਤੇ) ਵਿੱਚ ਸ਼ਾਇਦ ਮੈਨੂੰ
20 ਤੋਂ ਵੱਧ ਐਂਟਰੀਆਂ ਨਾਲ ਵੇਖਾਉਣਾ, ਇੱਕੋ ਨੰਬਰ ਵਾਰ ਵਾਰ ਡਾਇਲ
ਕਰਨ ਨੂੰ ਅੱਡ ਅੱਡ ਸਟੋਰ ਕਰਨਾ ਪਸੰਦ ਨੀਂ ਆਇਆ ਹੈ।

ਪਰ ਮੈਨੂੰ ਇਹ ਫੋਨ ਸਭ ਤੋਂ ਵਧੀਆ ਲੱਗਾ ਹੈ, P990i, MOTORAZR E6
ਤੋਂ ਵਧੀਆ, ਭਾਵੇਂ ਟੱਚ ਸਕਰੀਨ ਨਹੀਂ ਹੈ।

25 December, 2007

ਰਿਲਾਇੰਸ ਨੈੱਟ ਕੁਨੈਕਸ਼ਨ - ਅੱਧੀ ਅਧੂਰੀ ਜਾਣਕਾਰੀ - ਕੀਤਾ ਦਿਨ ਖਰਾਬ

ਨਵੇਂ ਮਟਰੋਲਾ Razr V3m ਰਿਲਾਇੰਸ ਲਈ ਲਿਆ ਸੀ, ਇੱਕ ਦਿਨ ਤਾਂ ਜੈਸੀ ਦੇ ਪੁਰਾਣੇ ਨੰਬਰ ਨੂੰ ਟਰਾਂਸਫਰ ਕਰਨ 'ਚ ਲੰਘ ਗਿਆ
(ਜੋ ਦੂਜੇ ਦਿਨ ਵੀ ਨਾ ਹੋਇਆ), ਫੇਰ ਸੋਚਿਆ ਕਿ ਮੈਂ ਤਾਂ ਨੈੱਟ ਕੁਨੈਕਸ਼ਨ ਵਾਸਤੇ ਹੀ ਵਰਤਣਾ ਹੈ, ਇਸਕਰਕੇ PLTG (93163260000)
ਹੀ ਟਰਾਂਸਫਰ ਕਰਨ ਲਿਆ ਜਾਵੇ। ਉਹ ਵੀ ਕਰ ਲਿਆ।
ਮਟਰੋਲਾ ਰੇਜ਼ਰ V3m
ਨੈੱਟ ਚੱਲ ਪਿਆ, ਸਪੀਡ USB ਮਾਡਮ ਵਾਂਗ ਹੀ ਸੀ, ਕੁੱਲ ਮਿਲਾ ਕੇ ਵਧੀਆ,
ਫੋਨ ਦਾ ਫੋਨ, ਵਰਤਣ ਨੂੰ ਮੈਨੂੰ ਬਹੁਤ ਪਸੰਦ ਆਇਆ, ਫਲਿੱਪ, ਟੱਚ ਵੀ ਬਹੁਤ
ਵਧੀਆ। ਮੈਨੂੰ ਬਹੁਤ ਹੀ ਪਸੰਦ ਆਇਆ। ਹੁਣ ਦੂਜੇ ਟੱਚ ਸਕਰੀਨ ਕੱਢ ਕੇ
ਇਹ ਹੀ ਲੈ ਲੈਣਾ ਹੈ GSM ਵਾਸਤੇ ਵੀ।
ਹੁਣ ਸਮੱਸਿਆ ਬਾਰੇ, ਮੋਬਾਇਲ ਕੁੱਲ 43 ਕੁ ਰੁਪਏ ਸਨ, ਆਥਣੇ ਆ ਕੇ ਵੀ ਵਰਤਿਆ
ਰਾਤੀ ਵਰਤ ਕੇ ਕੁੱਲ 15 ਰੁਪਏ ਬਚੇ ਸਨ। ਸਵੇਰੇ ਕੁਨੈਕਟ ਕਰਨ ਦੀ ਟਰਾਈ ਕੀਤੀ ਤਾਂ
ਹੋਵੇ ਹੀ ਨਾ, ਮੋਬਾਇਲ ਉੱਤੇ ਵੀ ਨੈੱਟ ਨਾ ਚੱਲੇ। ਬੜੇ ਤੰਗ ਹੋਇਆ, ਤੜਕੇ ਤੜਕੇ ਇਹ
ਕੀ ਨਵਾਂ ਪੰਗਾ?? ਸਮਝ ਨਾ ਆਇਆ, ਫੋਨ ਕੀਤਾ ਤਾਂ ਕਸਟਮਰ ਕੇਅਰ ਵਾਲੇ ਕਹਿੰਦੇ
ਕਿ ਸਾਡੇ ਕੋਲ ਤੁਹਾਡੀ ਸੈਟਿੰਗ ਠੀਕ ਹੈ, ਤੁਸੀਂ ਕੁਝ ਦੇਰ ਅਟਕ ਕੇ ਟਰਾਈ ਕਰ ਲਿਓ
ਸ਼ਾਇਦ ਨੈੱਟਵਰਕ ਸਮੱਸਿਆ ਹੋਵੇ। ਖ਼ੈਰ 2 ਵਜੇ ਤੱਕ ਉਡੀਕਦਾ ਰਿਹਾ, ਫੇਰ 5 ਵੱਜ ਗਏ।
ਨੈੱਟ ਚੱਲਣ 'ਚ ਹੀ ਨਾ ਆਏ, ਕੀ ਯਾਰ ਰਿਲਾਇੰਸ ਵਾਲਿਆਂ ਦਾ ਨੈੱਟਵਰਕ ਹੈ, ਬੜਾ ਭੈੜਾ।
ਹੈਰਾਨੀ ਸੀ, ਕ੍ਰਿਸਮਿਸ ਦੀ ਐਡੀ ਸਮੱਸਿਆ ਹੋਣੀ ਨਹੀਂ ਸੀ ਚਾਹੀਦੀ।
ਆਥਣੇ ਥੱਕ ਕੇ ਸਾਢੇ 6 ਵਜੇ ਫੇਰ ਫੋਨ ਕੀਤਾ, ਫੇਰ ਕੋਈ ਸ਼ਾਇਦ ਜਾਣਕਾਰ ਕੁੜੀ ਸੀ ਅਤੇ
ਉਸ ਦੇ ਦੱਸਿਆ ਕਿ ਤੁਹਾਡਾ ਖਾਤਾ ਨੈਗਟਿਵ 'ਚ ਚੱਲ ਰਿਹਾ ਹੈ (ਕੁੱਲ ਮਿਲਾ ਕੇ 20 ਰੁਪਏ
ਤੋਂ ਵੱਧ ਚਾਹੀਦੇ ਹਨ) ਜੇ ਤੁਸੀਂ ਨੈੱਟ ਵਰਤਣਾ ਚਾਹੁੰਦੇ ਹੋ। ਇਸਕਰਕੇ
ਜੇ ਰਿਲਾਇਸ ਫੋਨ (ਪ੍ਰੀ-ਪੇਡ) ਵਿੱਚ 20 ਰੁਪਏ ਤੋਂ ਘੱਟ ਹੋਣ ਤਾਂ ਫੋਨ ਅਤੇ ਕੰਪਿਊਟਰ
ਉੱਤੇ ਨੈੱਟ ਨਹੀਂ ਚੱਲੇਗਾ।

ਉਦੋਂ ਹੀ ਦੁਕਾਨ ਤੋਂ 200 ਰੁਪਏ ਪੁਆ ਲਏ ਅਤੇ ਚੱਲ ਮੇਰੇ ਭਾਈ, ਨੈੱਟ ਚਾਲੂ, ਸਾਰਾ ਦਿਨ
ਬੇਕਾਰ ਕਰ ਦਿੱਤਾ ਇਸ ਅਧੂਰੀ ਜਾਣਕਾਰੀ ਨੇ, ਉਸ ਕਸਟਮਰ ਕੇਅਰ ਵਾਲੇ ਮੁਲਾਜ਼ਮ ਦੀ
ਅਧੂਰੀ ਜਾਣਕਾਰੀ ਨੇ। ਹਾਲੇ ਕਾਫ਼ੀ ਸੁਧਾਰ ਦੀ ਲੋੜ ਹੈ ਅਤੇ ਇਹ ਮੇਰੇ ਲਈ ਵੀ ਨਵਾਂ ਸੀ

17 December, 2007

ਅੰਗਰੇਜ਼ਾਂ ਦੇ ਦੇਸ਼ ’ਚ ਹੀ ਬੇਗਾਨੀ ਹੋ ਰਹੀ ਹੈ ਅੰਗਰੇਜ਼ੀ

ਲੰਦਨ, 17 ਦਸੰਬਰ (ਯੂ. ਐਨ. ਆਈ.)-ਬ੍ਰਿਟੇਨ ਦੇ ਸਕੂਲਾਂ ਵਿਚ ਹੀ
ਅੰਗਰੇਜ਼ੀ ਭਾਸ਼ਾ ਦਾ ਸੰਕਟ ਪੈਦਾ ਹੋ ਗਿਆ
ਹੈ ਕਿਉਂਕਿ ਜ਼ਿਆਦਾਤਰ ਬੱਚੇ
ਅੰਗਰੇਜ਼ੀ ਨੂੰ ਪਹਿਲੀ ਭਾਸ਼ਾ ਵਜੋਂ ਨਹੀਂ ਲੈ ਰਹੇ। ਇਸ ਦਾ ਮੁੱਖ ਕਾਰਨ
ਬ੍ਰਿਟੇਨ ਵਿਚ ਪ੍ਰਵਾਸੀਆਂ ਦੀ ਵੱਧ ਰਹੀ ਗਿਣਤੀ ਨੂੰ ਦੱਸਿਆ ਜਾ ਰਿਹਾ ਹੈ।
ਸਰਕਾਰੀ ਤੌਰ ’ਤੇ ਇਹ ਦੱਸਿਆ ਗਿਆ ਹੈ ਕਿ ਦੇਸ਼ ਭਰ ਵਿਚ 1300
ਸਕੂਲਾਂ
ਨੂੰ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਸ਼ ਦੇ
3,343 ਸਕੂਲਾਂ ਵਿਚੋਂ 112 ਸਕੂਲਾਂ ਵਿਚ ਅੰਗਰੇਜ਼ੀ ਪਹਿਲੀ ਭਾਸ਼ਾ ਵਜੋਂ
ਲੈਣ ਵਾਲੇ ਬੱਚਿਆਂ ਦੀ ਗਿਣਤੀ 51 ਤੋਂ 70 ਫੀਸਦੀ ਘਟੀ ਹੈ।
‘ਡੇਲੀ ਟੈਲੀਗ੍ਰਾਫ’ ਵੱਲੋਂ ਪ੍ਰਕਾਸ਼ਿਤ ਇਕ ਰਿਪੋਰਟ ਵਿਚ ਕਿਹਾ ਗਿਆ
ਹੈ ਕਿ ਬ੍ਰਿਟੇਨ ਵਿਚ ਪ੍ਰਵਾਸੀ ਲੋਕਾਂ ਦੀ ਗਿਣਤੀ ਵਧਣ ਕਾਰਨ ਅਜਿਹੇ
ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਸ਼ ਭਰ ਵਿਚ 20 ਵਿਚੋਂ
ਇਕ ਜਾਂ ਇਸ ਤੋਂ ਜ਼ਿਆਦਾ ਸਕੂਲਾਂ ਵਿਚ ਅੰਗਰੇਜ਼ੀ ਪਹਿਲੀ ਭਾਸ਼ਾ ਵਜੋਂ
ਪੜ੍ਹਨ ਵਾਲੇ ਬੱਚੇ ਘੱਟ ਗਿਣਤੀ ਵਿਚ ਹਨ। ਅਧਿਆਪਕਾਂ ਦੀ ਪੇਸ਼ੇਵਰ
ਐਸੋਸੀਏਸ਼ਨ ਦੇ ਸਕੱਤਰ ਫਿਲਿਪ ਪਾਰਕਿਨ ਨੇ ਕਿਹਾ ਕਿ ਅਸੀਂ ਪਹਿਲਾਂ ਵੀ
ਸਰਕਾਰ ਨੂੰ ਇਸ ਬਾਰੇ ਚੌਕਸ ਕੀਤਾ ਸੀ ਕਿ ਪ੍ਰਵਾਸੀਆਂ ਦੀ ਬੇਤਹਾਸ਼ਾ ਵੱਧ
ਰਹੀ ਗਿਣਤੀ ਨੂੰ ਕਾਬੂ ਕਰਨ ਲਈ ਕੋਈ ਠੋਸ ਕਦਮ ਚੁੱਕੇ ਜਾਣ ਪ੍ਰੰਤੂ ਸਰਕਾਰ
ਨੇ ਇਸ ਮਾਮਲੇ ਪ੍ਰਤੀ ਗੰਭੀਰਤਾ ਨਹੀਂ ਵਿਖਾਈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ
ਚੱਲਦਾ ਰਿਹਾ ਤਾਂ ਕਈ ਹੋਰ ਸਕੂਲਾਂ ਨੂੰ ਵੀ ਅਜਿਹੀਆਂ ਮੁਸ਼ਕਿਲਾਂ ਦਾ ਸਾਹਮਣਾ
ਕਰਨਾ ਪੈ ਸਕਦਾ ਹੈ।

05 December, 2007

"ਮੇਰੇ ਵਿਚਾਰ" ਬਾਰੇ ਮੇਰੇ ਵਿਚਾਰ

ਮੈ ਕੁਝ ਕਹਿਣਾ ਚਾਹੁੰਦਾ ਸਾਂ,
ਰਜਨੀਸ਼ ਜੀ ਦੇ ਬਲੌਗ ਬਾਰੇ, ਪਰ ਸਮਝ ਨੀਂ ਸੀ ਆ ਰਿਹਾ ਕਿ ਕੀ ਕਹਾਂ,
ਆਖਰ ਅਜੇਹਾ ਕਿ ਸੀ ਜੋ ਮੈਨੂੰ ਸਮਝ ਨੀਂ ਸੀ ਆ ਰਿਹਾ ਜਾਂ ਮੈਂ ਸਮਝਾ ਨੀਂ ਸੀ ਸਕਿਆ।

ਵਿਚਾਰ ਤਾਂ ਠੀਕ ਹੈ, ਮੁਸਲਮਾਨਾਂ, ਹਿੰਦੂਆਂ ਅਤੇ ਸਿੱਖਾਂ ਦੀ ਭਾਸ਼ਾ ਸਾਂਝੀ ਹੈ ਪੰਜਾਬੀ,
ਪਰ ਇਹ ਕਹਿਣਾ ਕਿ ਪੰਜਾਬੀ ਹਿੰਦੀ ਨਾਲ ਹੀ ਹੈ, ਸ਼ਾਇਦ ਕੁਝ ਗੜਬੜ ਵਾਲੀ
ਗੱਲ ਹੈ, ਇਹ ਕੋਈ ਵੱਡੀ ਗੱਲ਼ ਨਹੀਂ ਕਿ ਪਾਕਿਸਤਾਨ ਵਾਲੇ ਹਿੰਦੀ ਨਾ ਬੋਲ
ਸਕਣ ਤਾਂ ਕਿ ਉਹ ਪੰਜਾਬੀ ਨਾ ਹੋਏ। ਇਹ ਲਿਖ ਮੈਂ ਗੁਰਮੁਖੀ 'ਚ ਰਿਹਾ ਹਾਂ,
ਤਾਂ ਕਿ ਇਹੀ ਪੰਜਾਬੀ ਹੈ??
ਨਹੀਂ ਇਹ ਤਾਂ ਲਿੱਪੀ ਹੈ, ਪੰਜਾਬੀ ਤਾਂ "ਬੋਲੀ" ਹੈ, ਇਸ ਨੂੰ ਤੁਸੀਂ ਅਰਬੀ ਲਿੱਪੀ
'ਚ ਵੀ ਲਿਖ ਸਕਦੇ ਹੋ (ਜਿਵੇਂ ਕਿ ਲਹਿੰਦੇ ਪੰਜਾਬ 'ਚ ਕਰਦੇ ਨੇ), ਗੁਰਮੁਖੀ 'ਚ ਵੀ
ਲਿਖ ਸਕਦੇ ਹੋ (ਜਿਵੇਂ ਕਿ ਚੜ੍ਹਦੇ ਪੰਜਾਬ ਵਾਲੇ ਕਰਦੇ ਨੇ), ਤੁਸੀਂ ਦੇਵਨਾਗਰੀ
'ਚ ਵੀ ਲਿਖ ਸਕਦੇ ਹੋ (ਜਿਵੇਂ ਕਿ ਦਿੱਲੀ 'ਚ ਲਿਖੀ ਲੱਭ ਸਕਦੇ ਹੋ) ਅਤੇ
ਇਸ ਨੂੰ ਲੈਟਿਨ (ਅੰਗਰੇਜੀ) ਵਿੱਚ ਵੀ ਲਿਖ ਸਕਦੇ ਹੋ (ਜਿਵੇਂ ਕਿ ਬਹੁਤੇ
ਬਾਹਰ ਗਏ ਪੰਜਾਬੀ ਆਪਸ ਵਿੱਚ ਚੈਟ ਕਰਨ ਲਈ ਲਿਖਦੇ ਹਨ)।
ਹਾਲੇ ਆਉਣ ਵਾਲੇ ਸਮੇਂ ਵਿੱਚ ਸਭ ਤੋਂ ਪਹਿਲੀਂ ਸਮੱਸਿਆ ਲਿੱਪੀ ਹੈ,
ਖਤਰਾ ਖਤਮ ਹੋਣ ਦਾ ਲਿੱਪੀ ਨੂੰ ਹੈ, ਇਸ ਨੂੰ ਲਿਖਣ ਵਾਲੇ ਸੀਮਿਤ ਹਨ, ਜਦ
ਕਿ ਪੰਜਾਬੀ ਬੋਲੀ ਦੇ ਤਾਂ ਲਿੱਪੀ ਨਾਲੋਂ 3 ਗੁਣਾ ਬੋਲਣ ਵਾਲੇ ਹਨ।
ਖ਼ੈਰ ਸਿੱਖਾਂ ਦੀ ਗੱਲ਼ ਜਿੱਥੋਂ ਤੱਕ ਹੈ, ਉਹ ਪੰਜਾਬੀ (ਗੁਰਮੁਖੀ) ਉੱਤੇ ਇਸਕਰਕੇ
ਵੱਧ ਜ਼ੋਰ ਦਿੰਦੇ ਹਨ, ਕਿਉਂਕਿ ਉਹ ਮਾਂ-ਬੋਲੀ ਹੋਣ ਦੇ ਨਾਲ ਨਾਲ
"ਧਰਮ-ਬੋਲੀ" ਵੀ ਹੈ (ਜਿਵੇਂ ਕਿ ਹਿੰਦੂਆਂ (ਤੁਹਾਡੇ ਵਿਚਾਰ ਮੁਤਾਬਕ) ਦੀਆਂ
ਹਿੰਦੀ)।
ਇੱਥੇ ਮੈਂ ਸਪਸ਼ਟ ਕਰ ਦੇਵਾਂ ਕਿ ਭਾਰਤ ਦੀ ਹਾਲਤ ਮੁਤਾਬਕ ਉੱਤਰੀ ਭਾਰਤ ਦੀਆਂ ਸਭ ਬੋਲੀਆਂ
ਨੂੰ ਹਿੰਦੀ ਨਿਗਲ ਰਹੀ ਹੈ, ਇਹ ਵਿਚਾਰ ਦੱਖਣੀ ਭਾਰਤ ਵਾਲਿਆਂ (ਤਾਮਿਲ, ਤੇਲਗੂ,
ਮਲਿਆਲਮ) ਦੇ ਹਨ (ਇਸ ਨਾਲ ਮੈਂ ਸਹਿਮਤ ਵੀ ਹਾਂ), ਜੋ ਕਿ ਅੱਜ ਵੀ ਹਿੰਦੀ ਬੋਲਣ ਵਾਲਿਆਂ ਨੂੰ
ਆਪਣੇ ਸੂਬੇ ਵਿੱਚ ਬਰਦਾਸ਼ਤ ਨਹੀਂ ਕਰਦੇ (ਕਿਸੇ ਵੇਲੇ ਤਾਂ ਹਿੰਦੀ ਬੋਲਣ ਵਾਲੇ ਨੂੰ ਸਾੜ ਦਿੰਦੇ ਸਨ)।
ਅੱਜ ਵੀ ਭਾਰਤ ਦੇ ਸਿਲੀਕਾਨ ਘਾਟੀ (ਬੰਗਲੌਰ) ਵਿੱਚ ਹਿੰਦੀ ਭਾਸ਼ੀਆਂ ਦੀ ਦਾਲ ਨੀਂ
ਗਲਦੀ ਅਤੇ ਪੂਨੇ ਵਿੱਚ ਮੈਂ ਕਹਿ ਸਕਦਾ ਹਾਂ ਕਿ ਜੇ ਅੰਗਰੇਜ਼ੀ ਬੋਲੋ ਤਾਂ ਚੰਗਾ,
ਜੇ ਮਰਾਠੀ ਤਾਂ ਬਹੁਤ ਵਧੀਆ!!!

ਬਾਕੀ ਹਿੰਦੀ ਭਾਸ਼ਾ ਨੂੰ ਬੋਲਣ ਅਤੇ ਲਿਖਣ ਵਾਲੇ 34-50 ਕਰੋੜ ਦੇ ਵਿੱਚ ਹਨ,
ਜਦ ਕਿ ਪੰਜਾਬੀ ਦੇ ਮਸਾਂ ਡੇਢ ਕੁ ਕਰੋੜ, ਅਤੇ ਇਸ ਹਿਸਾਬ ਨਾਲ ਪੰਜਾਬੀ ਦੀਆਂ
ਸਾਇਟਾਂ ਬਹੁਤੀਆਂ ਹੋਣ ਦੀ ਉਮੀਦ ਵੀ ਨਹੀਂ ਹੈ।

ਇਹ ਤਾਂ ਗੱਲਾਂ ਚੱਲਦੀਆਂ ਹੀ ਰਹਿੰਦੀਆਂ ਹਨ, ਪਰ ਇਸ ਵੇਲੇ ਲੋੜ ਹੈ
ਸਮੇਂ ਨਾਲ ਰਲ ਕੇ ਚੱਲਣ ਦੀ ਅਤੇ ਸਾਨੂੰ ਆਪਣੀਆਂ ਬੋਲੀਆਂ ਅਤੇ ਭਾਸ਼ਾਵਾਂ ਨੂੰ
ਸਮੇਂ ਦਾ ਹਾਣੀ ਬਣਾਉਣ ਲਈ ਜਿੰਨੇ ਵੀ ਜਤਨ ਹੋ ਸਕਦੇ ਹਨ, ਕਰਨੇ ਚਾਹੀਦੇ ਹਨ!

ਖ਼ੈਰ ਸਭ ਦੇ ਆਪੋ-ਆਪਣੇ ਵਿਚਾਰ ਹਨ ਅਤੇ ਸਭ ਲਈ ਵਿਚਾਰ ਖੁੱਲ੍ਹੇ ਹਨ....

ਬਲੌਗ ਦਾ ਨਵਾਂ ਰੰਗ ਰੂਪ

ਪੰਜਾਬੀ ਬਲੌਗ ਨੂੰ ਕੁਝ ਨਵਾਂ ਰੂਪ ਦੇਣ ਦੀ ਕੋਸ਼ਿਸ਼
ਕੀਤੀ ਹੈ, ਜਿਸ ਮੁਤਾਬਕ, ਵੀਡਿਓ ਹਟਾ ਦਿੱਤੀ ਹੈ ਅਤੇ
ਸਲਾਇਡ ਸ਼ੋ ਦਿੱਤਾ ਹੈ। ਰੰਗ ਰੂਪ ਸਧਾਰਨ ਕਰ ਦਿੱਤੇ
ਗਏ ਹਨ ਤਾਂ ਕਿ ਭਾਰਤ 'ਚ ਪੜ੍ਹਨ ਲਈ ਸਮੱਸਿਆ ਨਾ ਹੋਵੇ।
(ਮੈਨੂੰ ਘਰੇ ਖੁਦ ਖੋਲ੍ਹਣ 'ਚ ਸਮੱਸਿਆ ਆਉਦੀ ਹੈ, ਹੌਲੀ ਸਪੀਡ
ਕਰਕੇ ਬਹੁਤ ਟੈਮ ਲਾ ਦਿੰਦਾ ਹੈ।)

ਖ਼ੈਰ ਤੁਹਾਡੇ ਵਿਚਾਰ ਕੀ ਹੈ, ਦੱਸਣ ਦੀ ਖੇਚਲ ਕਰਨੀ!!

30 November, 2007

ਗੂਗਲ ਨੇ ਸ਼ੁਰੂ ਕੀਤੀ IMAP ਸਰਵਿਸ (POP ਤੋਂ ਬਿਨਾਂ)

ਗੂਗਲ ਨੇ IMAP ਸਰਵਿਸ ਵੀ ਸ਼ੁਰੂ ਕਰ ਦਿੱਤੀ ਹੈ, ਜਿਸ ਦੀ ਮੈਨੂੰ ਬੜੀ ਸ਼ਿੱਦਤ ਨਾਲ ਉਡੀਕ
ਸੀ। ਜੇਕਰ ਤੁਸੀਂ ਕਦੇ ਈਮੇਲ ਕਲਾਇਟ ਈਮੇਲ ਚੈੱਕ ਕਰਨ ਲਈ ਵਰਤਦੇ ਹੋ (gmail)
ਤਾਂ ਤੁਹਾਨੂੰ ਯਾਦ ਹੋਵੇਗਾ ਕਿ ਹੁਣ ਤੱਕ ਕੇਵਲ POP ਸਰਵਿਸ ਹੀ ਉਪਲੱਬਧ ਸੀ, ਜਿਸ
ਦੇ ਫੀਚਰ ਕੁਝ ਲੈਵਲ IMAP ਦੇ ਮੁਤਾਬਕੇ ਘੱਟ ਸਨ।

ਇਹ ਜਾਣਕਾਰੀ ਤੁਹਾਨੂੰ ਤੋਂ
ਮਿਲ ਸਕਦੀ ਹੈ।

ਤੁਹਾਡੇ ਅਕਾਊਂਟ ਵਿੱਚ ਇਹ ਮੂਲ ਰੂਪ ਵਿੱਚ (ਡਿਫਾਲਟ) ਹੀ ਚੁੱਪ ਚਾਪ ਹੀ ਯੋਗ
ਕੀਤੀ ਗਈ ਹੈ। ।ਇਸ ਦੇ ਕੁਝ ਮਹੱਤਵਪੂਰਨ ਫਾਇਦੇ ਦੱਸਣ ਤੋਂ ਪਹਿਲਾਂ
POP ਦੀ ਸਭ ਤੋਂ ਵੱਡੀ ਸਮੱਸਿਆ ਬਾਰੇ ਜਾਣਕਾਰੀ ਦੇਣੀ ਠੀਕ ਰਹੇਗੀ।
->ਜੇਕਰ ਤੁਸੀਂ ਕਈ ਡਿਵਾਇਸ (device), ਜੰਤਰਾਂ, ਉੱਤੇ
ਮੇਲ ਚੈੱਕ ਕਰਦੇ ਹੋ (ਜਿਵੇਂ ਕਿ ਮੋਬਾਇਲ, ਲੈਪਟਾਪ, ਕੰਪਿਊਟਰ (ਬਰਾਊਜ਼ਰ ਰਾਹੀਂ) )
ਇੱਕ ਵਾਰ ਚੈੱਕ ਕਰਨ ਸਮੇਂ ਖੋਲੀ ਮੇਲ ਦੂਜੇ ਜੰਤਰ ਉੱਤੇ ਵੇਖਾਈ ਨਹੀਂ ਸੀ ਦਿੰਦੀ,
ਭਾਵ ਕੇ POP ਕੇਵਲ ਨਵੀਆਂ ਆਈਆਂ ਮੇਲਾਂ ਹੀ ਵੇਖਾਉਦਾ ਸੀ, ਜੋ ਕਿ ਬਹੁਤ
ਸਮੱਸਿਆ ਖੜੀ ਕਰਦਾ ਸੀ, ਜਦੋਂ ਕਿ ਤੁਹਾਨੂੰ ਦੂਜੇ ਜੰਤਰ ਤੋਂ ਜਵਾਬ ਦੇਣਾ ਹੋਵੇ।
ਇਹ ਸਮੱਸਿਆ ਦਾ ਇਹੀ ਸੰਭਵ ਹੱਲ ਸੀ ਕਿ IMAP ਸਰਵਰ ਉਪਲੱਬਧ ਹੋਵੇ,
ਅਤੇ ਗੂਗਲ ਨੇ ਆਪਣੀ ਪਹੁੰਚ ਬਣਾਈ ਰੱਖਦੇ ਹੋਏ ਇਹ ਕਦਮ ਵੀ ਪੁੱਟ ਲਿਆ ਹੈ,
ਜੋ ਕਿ ਇੱਕ ਸ਼ਾਨਦਾਰ ਕਦਮ ਹੈ!
ਹੋਰ ਫਾਇਦਿਆਂ ਬਾਰੇ ਜਾਣੋ
ਕੀ ਤੁਸੀਂ ਹਾਲੇ ਤੱਕ ਆਪਣੀਆਂ ਮੇਲਾਂ ਕੇਵਲ ਕੰਪਿਊਟਰ ਦੇ ਬਰਾਊਜ਼ਰ ਰਾਹੀਂ ਹੀ ਚੈੱਕ ਕਰਦੇ ਹੋ?
ਮੋਬਾਇਲ ਉੱਤੇ, ਆਪਣੇ ਨਿੱਜੀ ਲੈਪਟਾਪ ਉੱਤੇ (ਭਾਵੇਂ ਓਪਰੇਟਿੰਗ ਸਿਸਟਮ ਕੋਈ ਵੀ ਹੋਵੇ),
ਤੁਸੀਂ ਜੀਮੇਲ ਚੈੱਕ ਕਰ ਸਕਦੇ ਹੋ!
ਕਿਵੇਂ
ਸਭ ਤੋਂ ਸੌਖਾ ਢੰਗ ਹੈ ਥੰਡਰਵਰਡ ਵਰਤੋਂ।

22 November, 2007

ਫਾਇਰਫਾਕਸ 3 ਟੈਸਟਿੰਗ ਪੰਜਾਬੀ ਰੀਲਿਜ਼

ਖ਼ੈਰ ਬੀਟਾ ਰੀਲਿਜ਼ ਵਿੱਚ ਪੰਜਾਬੀ ਨਹੀਂ ਹੈ, ਪਰ ਫਾਇਰਫਾਕਸ 3 ਵਿੱਚ
ਯੂਨੀਕੋਡ ਅਧਾਰਿਤ ਪੰਜਾਬੀ ਸਾਇਟਾਂ ਬਹੁਤ ਵਧੀਆ ਚੱਲਦੀਆਂ ਹਨ।

ਪਰ ਇਸ ਵਾਰ ਸਭ ਤੋਂ ਵੱਡਾ ਬਦਲਾਅ ਇਹ ਆਇਆ ਹੈ ਕਿ ਪਹਿਲਾਂ
ਜੇ ਤੁਹਾਡੇ ਕੋਲ ਰੈੱਡ ਹੈੱਟ ਦਾ ਬਿਲਡ ਹੈ (RHEL ਜਾਂ ਫੇਡੋਰਾ) ਤਾਂ ਹੀ
ਇਹ ਰੈਡਰਿੰਗ ਠੀਕ ਹੁੰਦੀ ਸੀ, ਨਹੀਂ ਤਾਂ ਜੇ ਤੁਸੀਂ ਮੋਜ਼ੀਲਾ ਦੀ
ਸਾਇਟ ਤੋਂ ਡਾਊਨਲੋਡ ਕੀਤਾ ਹੈ ਤਾਂ ਇਹ ਸਮੱਸਿਆ ਵੇਖਾਉਦਾ ਸੀ।
ਹੁਣ ਸਭ ਤੋਂ ਵੱਡੀ ਸਮੱਸਿਆ ਠੀਕ ਹੋ ਗਈ ਹੈ (ਇਹ ਕੇਵਲ
ਲਿਨਕਸ ਲਈ ਹੀ ਸੀ, ਵਿੰਡੋ ਵਿੱਚ ਤਾਂ ਸਭ ਕੁਝ ਹੀ ਵਧੀਆ ਸੀ)।

ਪਹਿਲਾਂ ਪਰਿੰਟਿੰਗ ਦੌਰਾਨ ਵੀ ਸਮੱਸਿਆ ਸੀ, ਹੁਣ ਇਹ ਡਿਫਾਲਟ
ਹੀ ਠੀਕ ਹੋ ਗਈ ਹੈ।

ਟਰਾਂਸਲੇਸ਼ਨ ਵਿੱਚ ਕਾਫ਼ੀ ਸੁਧਾਰ ਕੀਤੇ ਗਏ ਹਨ, ਜਿੰਨ੍ਹਾਂ ਲਈ
ਮੈਂ ਕਈ ਸਹਿਯੋਗੀਆਂ ਦਾ ਧੰਨਵਾਦੀ ਰਹਾਂਗਾਂ, ਜਿੰਨ੍ਹੇ ਨੇ ਆਪਣੇ
ਸੁਝਾਅ ਭੇਜੇ ਹਨ, ਖਾਸ ਤੌਰ ਉੱਤੇ ਇੱਕ ਸੁਧਾਰ
ਮੌਜੀਲਾ->ਮੋਜ਼ੀਲਾ
ਗੁਪਤ-ਕੋਡ ->ਪਾਸਵਰਡ
ਉਪਭੋਗੀ ->ਯੂਜ਼ਰ
ਝਰੋਖਾ -?ਵਿੰਡੋ
ਛਾਪੋ ->ਪਰਿੰਟ
ਸਫ਼ਾ ->ਪੇਜ਼
ਆਯਾਤ -> ਇੰਪੋਰਟ
ਸਬੰਧ - > ਲਿੰਕ
ਸਹਾਇਤਾ ->ਮੱਦਦ


ਬਾਕੀ ਅਜੇ ਕੰਮ ਜਾਰੀ ਹੈ ਅਤੇ ਲੋਕਾਂ ਵਲੋਂ ਸੁਝਾਅ ਹੋਰ ਆਉਣ ਦੀ ਉਮੀਦ ਬੱਝੀ ਹੋਈ ਹੈ।
(ਭਾਵੇਂ ਇਹ ਚੰਗਾ ਨਹੀਂ ਲੱਗਦਾ ਕਿ ਪੰਜਾਬੀ 'ਚ ਅੰਗਰੇਜ਼ੀ ਲਫ਼ਜ਼ ਵਰਤੇ ਜਾਣ, ਇਹ
ਮੈਨੂੰ ਮਾਂ-ਬੋਲੀ ਨਾਲ ਗੱਦਾਰੀ ਜਾਪਦੀ ਹੈ, ਪਰ ਕੀ ਕਰਾਂ, ਸਮੇਂ ਦਾ ਮੁਹਾਣ ਹੀ ਕੁਝ
ਏਦਾਂ ਦਾ ਹੈ ਕਿ ਸਮਝੌਤੇ ਤੋਂ ਬਿਨਾਂ ਕੋਈ ਰਾਹ ਨੀਂ ਜਾਪਦਾ ਹੈ)

ਖ਼ੈਰ ਅਜੇ ਬੀਟਾ 2 ਆਉਣਾ ਹੈ ਅਤੇ ਹੋਰ ਸੁਧਾਰ ਦੇ ਨਾਲ ਨਾਲ
ਪੰਜਾਬੀ ਟਰਾਂਸਲੇਸ਼ਨ ਵਿੱਚ ਸੁਧਾਰ ਦੀ ਉਮੀਦ ਹੈ।

ਹੋਰ ਜਾਣਕਾਰੀ ਲਈ ਇਹ ਪੇਜ਼ ਵੇਖਦੇ ਰਹੋ।

19 November, 2007

ਫਾਇਰਫਾਕਸ 3 ਪੰਜਾਬੀ ਰੀਲਿਜ਼ ਅਤੇ ਕੁਚੱਜਾ ਪਰਬੰਧ

ਅਜੇ ਮੇਰੇ ਜਤਨ ਪੂਰੇ ਫਾਇਰਫਾਕਸ ਵੱਲ ਲੱਗੇ ਹੋਏ ਸਨ, ਹਰ ਆਥਣ ਨੂੰ ਮੋਜ਼ੀਲਾ ਚੈਨਲ ਉੱਤੇ ਅੱਪਡੇਟ
ਲੈਂਦਾ ਹਾਂ ਅਤੇ ਪੂਰਾ ਪੂਰਾ ਸੰਪਰਕ ਰੱਖ ਰਿਹਾ ਸਾਂ, ਪਰ ਫੇਰ ਵੀ ਉਹੀ ਗੱਲ਼ ਹੋਈ, ਬਿਨਾਂ ਦੱਸੇ ਹੀ
ਪਰੋਜੈਕਟ ਦੀ ਬਰਾਂਚ ਕਰ ਦਿੱਤੀ ਅਤੇ ਕੋਈ ਕਿਸੇ ਨੂੰ ਪਤਾ ਹੀਂ ਨਹੀਂ ਹੈ ਕਿ ਬਰਾਂਚ ਹੋ ਗਈ।
ਜਦੋਂ ਪਤਾ ਕੀਤਾ ਤਾਂ Pike (Axel) ਨੇ ਦੱਸਿਆ ਕਿ ਤੁਹਾਡੇ ਕਮਿਟ 'ਚ ਕੁਝ ਰਹਿ ਗਿਆ ਹੈ,
ਮੈਂ ਕਿਹਾ ਟਰੰਕ (cvs trunk) ਵਿੱਚ ਸਭ ਕੁਝ ਠੀਕ ਠਾਕ ਚੱਲਦਾ ਹੈ ਅਤੇ ਲਾਗ 'ਚ
ਵੀ ਕੋਈ ਗਲਤੀ ਨਹੀਂ ਹੈ ਤਾਂ ਦੱਸਿਆ ਕਿ ਉਹ ਤਾਂ ਬਰਾਂਚ ਕਰ ਦਿੱਤੀ ਹੈ ਅਤੇ ਬੱਗ ਫਾਇਲ
ਕਰ ਦਿੱਤਾ।
ਬੱਗ ਪੰਜਾਬੀ ਬੱਗ

ਇਸਕਰਕੇ ਹੁਣ ਫੇਰ ਪਤਾ ਨਹੀਂ ਕਿ ਬਰਾਂਚ TGECKO190_20071106_RELBRANCH ਚੱਲੂ ਜਾਂ
ਟਰੰਕ, ਪੂਰੀ ਤਰ੍ਹਾਂ ਅਣਜਾਣ ਹਾਲਤ ਨੇ, ਦੋ ਮੇਲਿੰਗ ਲਿਸਟਾਂ ਉੱਤੇ ਵੀ ਕੁਝ ਨੀਂ ਭੇਜਿਆ।
ਬੀਟਾ 1 (Beta1) ਵਿੱਚੋਂ ਪੰਜਾਬੀ ਨਿਕਲ ਗਈ (ਨਹੀਂ ਰੀਲਿਜ਼ ਹੋਈ), ਇਸਕਰਕੇ
ਫੇਰ 2 ਸਾਲ ਪੁਰਾਣੇ ਹਾਲਤ ਬਣ ਗਏ ਹਨ, ਮੈਨੂੰ ਅਫਸੋਸ ਨਹੀਂ, ਬਹੁਤ ਗੁੱਸਾ ਆਇਆ ਕਿ
ਪਰੋਜੈਕਟ 'ਚ ਦੂਜੇ ਲੋਕਾਂ ਦਾ ਕੋਈ ਖਿਆਲ ਨਹੀਂ ਰੱਖਿਆ ਜਾਂਦਾ, ਆਪਣਾ ਪ੍ਰਾਈਵੇਟ ਹੀ
ਕੰਮ ਸਮਝਦੇ ਨੇ ਮੋਜ਼ੀਲਾ ਆਲੇ। ਨਾਲ ਲੈ ਕੇ ਤੁਰਨ ਦੀ ਆਦਤ ਨੀਂ ਜਾਪਦੀ। ਖ਼ੈਰ ਇਹ
ਬਕਵਾਸ ਅਤੇ ਬਹੁਤ ਹੀ ਬੇਕਾਰ ਪਰੋਜੈਕਟ ਮੈਨਜੇਮੈਂਟ ਦਾ ਨਤੀਜਾ ਤਾਂ ਪੰਜਾਬੀ ਪਹਿਲਾਂ
ਹੀ ਭੁਗਤ ਚੁੱਕੀ ਹੈ, ਵੈਸੇ ਵੀ ਟਰਾਂਸਲੇਸ਼ਨ ਦਾ ਕੰਮ ਹੈ ਤਾਂ ਬਹੁਤ ਘਟੀਆ ਮੋਜ਼ੀਲਾ ਦਾ।
ਖੈਰ ਅਜੇ ਇੱਕ ਹੋਰ ਬੀਟਾ ਹੈ ਅਤੇ ਮੇਰੇ ਜਤਨ ਜਾਰੀ ਨੇ, ਪਰ ਪਤਾ ਨੀਂ ਇਹ ਕਦੋਂ
ਸੁਧਰਨਗੇ ਇਹ ਕੰਪਨੀ ਵਾਲੇ।
ਖ਼ੈਰ ਬੀਟਾ ਇੱਥੇ ਉਪਲੱਬਧ ਹੈ

02 November, 2007

ਕੁੜੀਏ ਰੋਡਵੇਜ਼ ਉੱਤੇ ਜਾਇਆ ਕਰ...

ਮੇਰਾ ਇੱਕ ਦੋਸਤ ਆਪਣੀ ਦੋਸਤ ਨੂੰ ਸਮਝਾ ਰਿਹਾ ਸੀ ਕਿ
ਰੋਡਵੇਜ਼ ਉੱਤੇ ਜਾਇਆ ਕਰ, ਐਵੇਂ ਪ੍ਰਾਈਵੇਟ ਉੱਤੇ ਧੱਕੇ
ਖਾਣ ਦੀ ਕੋਈ ਲੋੜ ਨਹੀਂ,
ਇਹ ਸੁਣ ਕੇ ਮੇਰੇ ਵੀ ਕੰਨ ਖੜ੍ਹੇ ਹੋ ਗਏ ਅਤੇ ਸੋਚਿਆ ਕਿ
ਅੱਜ ਮੈਂ ਵੀ ਦਿਲ ਦੀ ਭੜਾਸ ਕੱਢ ਹੀ ਲਵਾਂ।
ਖ਼ੈਰ ਆਮ ਤੌਰ ਉੱਤੇ ਲੋਕਾਂ ਵਿੱਚ ਇਹ ਗੱਲ਼ ਹੈ ਕਿ ਰੋਡਵੇਜ਼
(ਅਤੇ PRTC) ਬੱਸਾਂ ਨਿਕਾਰਾ, ਬੇਕਾਰ ਅਤੇ ਗ਼ੈਰ-ਭਰੋਸੇਯੋਗ
ਹੁੰਦੀਆਂ ਹਨ, ਪਰ ਮੈਂ ਆਪਣੇ ਤਜਰਬੇ ਦੇ ਆਧਾਰ ਉੱਤੇ ਇਹ
ਦਾਅਵਾ ਕਰਦਾ ਹੈ ਕਿ ਭਾਵੇਂ ਉਨ੍ਹਾਂ ਨੂੰ ਆਪਣੇ ਅਫ਼ਸਰ ਸ਼ਾਹੀ
ਅਤੇ ਰਾਜਨੀਤੀ ਦਾ ਸ਼ਿਕਾਰ ਹੋਣਾ ਪਿਆ ਹੈ, ਪਰ ਅੱਜ ਵੀ
ਪ੍ਰਾਈਵੇਟਾਂ ਬੱਸਾਂ ਵਿੱਚ ਰੋਡਵੇਜ਼ (ਸਰਕਾਰੀ ਬੱਸਾਂ) ਦੇ ਮੁਕਾਬਲੇ
ਦੀ ਤਾਕਤ ਨਹੀਂ ਹੈ। ਅੱਜ ਵੀ ਰੋਡਵੇਜ਼ ਜਿਊਦੀ ਹੈ, ਚੱਲਦੀ ਹੈ
ਤਾਂ ਇਸ ਦਾ ਮਤਲਬ ਹੈ ਕਿ ਕੁਝ ਤਾਂ ਹੈ। ਇਸ ਵਾਰ
ਸਰਕਾਰ ਨੇ ਬਹੁਤ ਸਾਰੀਆਂ ਨਵੀਆਂ ਬੱਸਾਂ ਪਾਈਆਂ ਹਨ ਅਤੇ
ਫੇਰ ਤੋਂ ਤਰੱਕੀਆਂ ਵੱਲ ਚੱਲ ਰਹੀਆਂ ਹਨ ਇਹ ਰੋਡਵੇਜ਼ ਦੀਆਂ
ਲਾਰੀਆਂ
ਰੋਡੇਵੇਜ਼ ਬਾਰੇ ਖਾਸ ਗੱਲਾਂ ਹਨ ਕਿ
0) ਟਾਈਮ ਦੀਆਂ ਪਾਬੰਦ: ਜੇ ਤੁਸੀਂ ਲੰਮਾ ਸਮਾਂ ਸਫ਼ਰ
ਕਰਨਾ ਹੋਵੇ ਤਾਂ ਪ੍ਰਾਈਵੇਟ ਦੇ ਮੁਕਾਬਲੇ ਸਫਰ ਵੱਧ ਪਾਬੰਦੀ ਨਾਲ
ਨਿਭਾਉਦੀਆਂ ਹਨ, ਥਾਂ ਥਾਂ ਉੱਂਤੇ ਰੋਕ ਕੇ ਸਵਾਰੀ ਚੱਕਣ ਦੀ ਬਜਾਏ
ਟਾਈਮ ਨਾਲ ਪੁੱਜਣ ਦੀ ਤਰਜੀਹ ਮੈਂ ਵੇਖੀ ਹੈ।
(ਭਾਵੇਂ ਬਹੁਤ ਪੰਜਾਬੀ ਇਸੇਕਰਕੇ ਪ੍ਰਾਈਵੇਟ ਬੱਸਾਂ ਪਸੰਦ ਕਰਦੇ ਹੋਣ
ਦਾ ਦਾਅਵਾ ਕਰਦੇ ਹੋਣ ਕਿ ਉਨ੍ਹਾਂ ਦੇ ਘਰ ਮੂਹਰਿਓ ਚੜ੍ਹ ਲੈਂਦੇ ਨੇ ਭਾਈ,
ਪਰ ਵਿੱਚ ਬੈਠੇ ਬੰਦੇ ਨੂੰ ਪੁੱਛ ਵੇਖਿਓ ਕਿ ਉਹ ਤੁਹਾਨੂੰ ਅਤੇ ਬੱਸ ਵਾਲਿਆਂ ਨੂੰ
ਕਿੰਨੀਆਂ ਗਾਲਾਂ ਕੱਢਦਾ ਹੈ ਕਿ ਥਾਂ ਥਾਂ ਰੋਕੀ ਜਾਂਦੇ ਨੇ, (ਚੜ੍ਹਨ ਤੋਂ ਬਾਅਦ
ਤੁਸੀਂ ਵੀ ਇੰਝ ਹੀ ਕਰੋਗੇ))

0) ਮਾਹਰ ਡਰਾਇਵਰ: ਰੋਡਵੇਜ਼ ਵਿੱਚ ਤਜਰਬੇ ਦੇ ਅਧਾਰ ਉੱਤੇ ਡਰਾਇਵਰ ਰੱਖੇ
ਜਾਂਦੇ ਹਨ, ਨਾ ਕਿ ਹਰੇਕ ਜਣੇ ਖਣੇ ਨੂੰ ਸਸਤੇ ਵੇਖ ਕੇ (ਘੱਟੋ-ਘੱਟ ਕੱਲ੍ਹ ਟਰੈਕਟਰ
ਚਲਾਉਣ ਵਾਲਾ ਤਾਂ ਬੱਸ ਦਾ ਡਰਾਇਵਰ ਨਹੀਂ ਬਣਦਾ), ਇਹ ਤਾਂ
ਤੁਹਾਨੂੰ ਬੱਸ ਵਿੱਚ ਬੈਠ ਕੇ ਪਤਾ ਚੱਲ ਜਾਵੇਗਾ। ਪ੍ਰਾਈਵੇਟ ਵਾਲੇ ਬਹੁਤੇ ਡਰਾਇਵਰ
ਆਪਣੀ ਅਤੇ ਸਵਾਰੀਆਂ ਦੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਅੰਨ੍ਹੇਵਾਹ
ਭਜਾਉਦੇ ਅਤੇ ਰੇਸਾਂ ਲਗਾਉਦੇ ਵੇਖੇ ਨੇ।

0) ਇੱਜ਼ਤ: ਜੇ ਰੋਡਵੇਜ਼ ਵਾਲੇ ਤੁਹਾਨੂੰ ਚੜ੍ਹਨ ਤੋਂ ਪਹਿਲਾਂ ਜੀ ਆਇਆਂ ਨੂੰ
ਨਹੀਂ ਕਹਿੰਦੇ ਤਾਂ ਅੰਦਰ ਚੜ੍ਹਨ ਉਪਰੰਤ ਗਾਲਾਂ ਵੀ ਨੀਂ ਕੱਢਦੇ, ਟਿਕਟ
ਲਵੋ ਅਤੇ ਆਰਾਮ ਨਾਲ ਬੈਠੋ। ਪਰ ਪ੍ਰਾਈਵੇਟ ਚੜ੍ਹਾਉਣ ਵੇਲੇ ਤਾਂ
"ਸੀਟ ਹੈਗੀ ਜੀ, ਬੱਸ ਵੇਹਲੀ ਪਈ ਆਂ, 'ਗਾਂਹ ਵੇਖੋ ਜੀ, ਬੱਸ
ਜਿੱਥੇ ਕਹੋਗੇ, ਲਾਹ ਦਿਆਂ ਗੇ", ਤੁਸੀਂ ਅੰਦਰ ਪੈਰ ਰੱਖਿਆ ਨੀਂ
ਕਿ ਕਾਹਣੀ ਬਦਲ ਜਾਂਦੀ ਏ। ਤੁਹਾਨੂੰ ਸ਼ਾਇਦ ਹੈਰਾਨੀ ਹੁੰਦੇ ਹੋਵੇ ਕਿ
ਸਕਿੰਟਾਂ 'ਚ ਕੀ ਹੋ ਗਿਆ। ਉਹੀ ਡਰਾਇਵਰ ਜਿਸ ਨੇ ਤੁਹਾਡੇ ਲਈ
ਬੱਸ ਰੋਕੀ ਸੀ, ਹੁਣ ਤੁਹਾਨੂੰ ਕਿਹੇ ਥਾਂ ਉੱਤੇ ਉਤਾਰਨ ਲਈ ਸੌ ਸੌ
ਗੱਲਾਂ ਕਰਦਾ ਹੈ। "ਛੇਤੀ ਉਤਰ ਜਾ, ਤੁਰਿਆ ਨੀਂ ਜਾਂਦਾ, ਚੜ੍ਹਨ
ਲੱਗੇ ਨੀਂ ਪੁੱਛ ਕੇ ਚੜ੍ਹਦੇ, ਹੁਣ ਉੱਥੇ ਤਾਰ ਦੇ, ਇੱਥੇ ਤਾਰ ਦੇ"

0) ਸ਼ਰਮ-ਲਿਹਾਜ਼: ਪ੍ਰਾਈਵੇਟ ਵਾਲੇ ਡਰਾਇਵਰ ਕੰਡਕਟਰ
ਪਹਿਲਾਂ ਤਾਂ ਹੁੰਦੇ ਹੀ ਮੁੰਡੇ/ਛੋਹਰ ਜਿਹੇ ਨੇ। ਫੇਰ ਆਪਣੇ ਨਾਲ
2-4 ਬਾਰੀਆਂ 'ਚ ਲਮਕਣ ਵਾਲੇ ਬਾਂਦਰਾਂ ਰੱਖੇ ਹੁੰਦੇ ਹਨ, ਜੋ ਕਿ
ਵੇਹਲੇ ਹੁੰਦੇ ਹਨ ਅਤੇ ਬਿਨਾਂ ਪੈਸਿਓ ਤੋਂ ਕੰਮ ਕਰਦੇ ਹਨ। ਗੱਲ਼
ਸਮਝ ਆਉਣ ਵਾਲੀ ਹੈ ਕਿ ਉਨ੍ਹਾਂ ਕਰਨਾ ਕੀ ਹੁੰਦਾ ਹੈ।
ਕੁੜੀਆਂ ਚੜ੍ਹਾਉਣ ਵਾਲੇ ਬਾਰੀਆਂ 'ਚ ਲਮਕਣਾ, ਸੀਟਾਂ ਉੱਤੇ
ਉਨ੍ਹਾਂ ਨਾਲ ਪੰਗੇ ਲੈਣੇ, ਭੀੜ 'ਚ ਕੁੜੀਆਂ ਨਾਲ ਖਹਿਣਾ ਅਤੇ
ਹੋਰ ਅਜਿਹੇ ਘਟੀਆ ਜੇਹੇ ਪੰਗੇ ਲੈਣੇ ਉਨ੍ਹਾਂ ਦਾ ਕਿੱਤਾ ਹੈ। ਇਹ
ਪ੍ਰਾਈਵੇਟ ਬੱਸਾਂ ਵਿੱਚ ਹੀ ਹੁੰਦਾ ਹੈ ,ਕਿਓ?
ਸਰਕਾਰੀ ਮੁਲਾਜ਼ਮ ਅਕਸਰ ਕੁਝ ਅਧਖੜ ਹੁੰਦੇ ਹਨ ਅਤੇ ਉਨ੍ਹਾਂ
ਦੇ ਘਰ ਵੀ ਜੁਆਕ ਹੁੰਦੇ ਹਨ, ਉਨ੍ਹਾਂ ਦੀਆਂ ਸ਼ਕਲਾਂ ਵੇਖ ਕੇ
ਮੁੰਡੇ ਅਜਿਹੀਆਂ ਹਰਕਤਾਂ ਤੋਂ ਡਰਦੇ ਹਨ ਅਤੇ ਪੰਗਾ ਲੈਂਦੇ ਹਨ
ਅਤੇ ਮੁਲਾਜ਼ਮ ਆਪ ਵੀ ਇਸ ਦਾ ਖਿਆਲ ਰੱਖਦੇ ਹਨ।
(ਇਹ ਗੱਲਾਂ ਬਹੁ-ਗਿਣਤੀ ਦੀ ਹੈ, 100% ਦੁਨਿਆਂ 'ਚ ਕੁਝ ਵੀ ਨਹੀਂ ਹੁੰਦਾ ਹੈ)।
ਟੇਪਾਂ, ਟੀਵੀਆਂ ਦੀ ਘਾਟ ਹੋਣ ਕਰਕੇ ਲੋਕਾਂ ਨੂੰ ਅੱਜ
ਦਾ "ਅਜੋਕਾ ਪੰਜਾਬੀ ਸੱਭਿਆਚਾਰ" ਵੇਖਣ ਦੀ ਮੁਸੀਬਤ
ਰੋਡਵੇਜ਼ 'ਚ ਵੇਖਣ ਨੂੰ ਨਹੀਂ ਮਿਲਦੀ ਹੈ ਅਤੇ ਅਸਲੀ ਸੱਭਿਆਚਾਰ
ਮਾਣਨਾ ਪੈਂਦਾ ਹੈ (ਜੋ ਕਿ ਲੋਕ ਖੁਦ ਹਨ)।

ਖੈਰ ਇਹ ਤੋਂ ਸਮੇਂ ਦੀ ਗੱਲ਼ ਹੈ ਕਿ ਸਮੇਂ ਦੀਆਂ ਸਰਕਾਰਾਂ ਆਪਣੇ
ਮੰਤਰੀਆਂ ਦੀਆਂ ਟਰਾਂਸਪੋਰਟ ਚਲਾਉਣ ਲਈ ਰੋਡਵੇਜ਼ ਨੂੰ ਖਤਮ
ਕਰਨ ਲਈ ਤੁਲੀਆਂ ਰਹਿੰਦੀਆਂ ਹਨ, ਕਦੇ ਬੱਸਾਂ ਨੀਂ ਪਾਈਆਂ,
ਕਦੇ ਸਪੇਅਰ-ਪਾਰਟ ਨੀਂ ਮੰਗਵਾਏ, ਕਦੇ ਤੇਲ ਮਾੜਾ ਭੇਜਿਆ,
ਕਦੇ ਵਧੀਆ ਟੈਮ ਆਪਣੀਆਂ ਬੱਸਾਂ ਲਈ ਰੱਖ ਲਏ, ਸਰਕਾਰੀ
ਬੱਸਾਂ ਦੇ ਟੈਮ ਅੱਗੇ ਪਿੱਛੇ ਤੋਂ ਹਟਾ ਦਿੱਤੇ। ਇਸਨਾਲ ਸਰਕਾਰੀ
ਬੱਸਾਂ ਕੰਡਮ ਹੋ ਚੁੱਕੀਆਂ ਹਨ ਅਤੇ ਲੋਕਾਂ ਦੀਆਂ ਰੋਜ਼ਾਨਾ ਸ਼ਿਕਾਇਤਾਂ
ਆਉਦੀਆਂ ਹਨ ਕਿ ਰਾਹ 'ਚ ਖੜ੍ਹ ਗਈ, ਪੈਂਚਰ ਹੋ ਗਈ।
ਇਸ ਨਾਲ ਮੈਂ ਸਹਿਮਤ ਹਾਂ, ਅਤੇ ਮੈਨੂੰ ਸਰਕਾਰੀ ਬੱਸਾਂ ਦੇ ਇਸ
ਦਸਤੂਰ ਨਾਲ ਦੋ ਚਾਰ ਹੋ ਪਿਆ ਹੈ, ਇਸ ਸਭ ਵਾਸਤੇ ਸਰਕਾਰਾਂ
ਦੀਆਂ ਨੀਤੀਆਂ ਦੇ ਨਾਲ ਨਾਲ ਮੁਲਾਜ਼ਮ ਖੁਦ ਜਿੰਮੇਵਾਰ ਤਾਂ ਹਨ,
ਪਰ ਸਭ ਕੁਝ ਉਨ੍ਹਾਂ ਦੇ ਹੱਥ ਨਹੀਂ ਹੈ, ਅਸੀਂ ਖੁਦ ਵੀ ਜਿੰਮੇਵਾਰ ਬਣਦੇ ਹਾਂ।

0) ਗਾਣੇ ਸੁਣਨ ਮਾਰੇ ਕਿ ਅਸੀਂ ਪ੍ਰਾਈਵੇਟ 'ਚ ਸਫ਼ਰ ਕਰਦੇ ਹਾਂ
0) ਕੀ ਪ੍ਰਾਈਵੇਟ ਬਹੁਤ ਛੇਤੀ ਪੁਚਾ ਦਿੰਦੇ ਹਨ
0) ਪ੍ਰਾਈਵੇਟ ਬਹੁਤ ਪਿਆਰ ਨਾਲ ਚੜ੍ਹਾਉਦੇ ਹਨ

ਸ਼ਾਇਦ ਤੁਸੀਂ ਇਹ ਸਭ ਲਈ ਸਹਿਮਤ ਹੋਵੋ, ਪਰ ਮੈਂ ਇਹ ਸਭ ਨਾਲ ਨਹੀ।
ਜੇ ਤੁਹਾਨੂੰ ਮੋਗੇ ਤੋਂ ਫਰੀਦਕੋਟ ਜਾਣ ਦਾ ਮੌਕਾ ਮਿਲੇ ਤਾਂ ਕਦੇ ਸਵੇਰੇ 7:14 ਵਜੇ
ਵਾਲੀ PRTC ਦੀ ਬੱਸ ਉੱਤੇ ਸਫ਼ਰ ਕਰਕੇ ਵੇਖਿਓ। (ਸ਼ਾਇਦ ਕੁਝ ਚਿਰ ਹੋਰ
ਚੱਲੇ), ਉਹ ਖੜਕੀ ਜੇਹੀ ਬੱਸ ਸੀ (ਪਰ ਵੇਖਣ ਨੂੰ ਹੀ), ਇੰਜਣ ਦਾ
ਕੰਮ ਵਧੀਆ ਢੰਗ ਨਾਲ ਡਰਾਇਵਰ ਸਰਕਾਰੀ ਵਰਕਸ਼ਾਪ ਦੀ ਬਜਾਏ ਬਾਹਰੋਂ
ਕਰਵਾਉਦਾ ਸੀ। ਉਹ (ਬਾਈ ਦਾ ਨਾਂ ਜੱਸਾ ਸੀ) ਬੱਸ ਕੇਵਲ 40-45 ਮਿੰਟਾਂ ਵਿੱਚ ਫਰੀਦਕੋਟ
ਪਚਾਉਦਾ ਸੀ। ਵਧੀਆ ਡਰਾਇਵਿੰਗ, ਬਰੇਕ ਘੱਟ ਅਤੇ ਲਗਾਤਾਰ ਚਾਲ।
ਅਤੇ ਉਹ ਬੱਸ ਰੋਜ਼ਾਨਾ ਡੱਬਵਾਲੀ (ਬਠਿੰਡੇ ਰਾਹੀਂ) ਤੋਂ ਅੰਮ੍ਰ੍ਤਿਸਰ ਚੱਲਦੀ ਏ।
ਪ੍ਰਾਈਵੇਟ ਵਾਲਾ ਉਸ ਦੇ ਅੱਗੇ ਤੁਰਦਾ ਨੀਂ ਅਤੇ ਸਭ ਤੋਂ ਵੱਧ ਪੈਸੇ ਵੱਟਣ ਵਾਲੀ
ਫਰੀਦਕੋਟ ਡਿੱਪੂ ਦੀ ਬੱਸ ਹੈ।
ਖ਼ੈਰ ਇਹ ਤਾਂ ਸਭ ਦੀ ਆਪਣੀ ਚੋਣ ਹੈ ਕਿ ਰੋਡਵੇਜ਼ ਉੱਤੇ ਸਫ਼ਰ ਕਰਨਾ ਹੈ ਜਾਂ
ਪ੍ਰਾਈਵੇਟ ਉੱਤੇ, ਪਰ "ਜੇ ਪੈਸੇ ਦੇਣੇ ਹੀ ਹਨ ਤਾਂ ਸਰਕਾਰ ਨੂੰ ਹੀ ਦਿਓ, ਰੋਡਵੇਜ਼
ਉੱਤੇ ਸਫ਼ਰ ਕਰੋ, ਆਪਣੀਆਂ ਬੱਸਾਂ, ਆਪਣਾ ਪੰਜਾਬ"
ਆਹੋ ਨਾਲੇ ਆਪਣੀ ਦੋਸਤ ਨੂੰ ਕਹਿਣਾ ਨਾ ਭੁੱਲੋ
"ਐਵੇਂ ਪ੍ਰਾਈਵੇਟ ਉੱਤੇ ਧੱਕੇ ਨਾ ਖਾਇਆ ਕਰੋ, ਸਰਕਾਰੀ
ਬੱਸ ਉੱਤੇ ਨਾਲ ਸੀਟ ਮਿਲ ਜਾਂਦੀ ਏ ਅਤੇ ਨਾਲ ਮੁੰਡੀਰ
ਤੰਗ ਨੀਂ ਕਰਦੀ, ਨਾਲੇ ਟੈਮ ਨਾਲ ਅੱਪੜਾਉਦੀ ਹੈ।"

ਅੰਤ 'ਚ ਇੱਕ ਰੋਚਕ ਤਜਰਬਾ ਉਸੇ PRTC ਬੱਸ ਦਾ:
ਰੋਜ਼ਾਨਾ ਵਾਂਗ ਕਾਲਜ ਜਾਣ ਲਈ ਬੱਸ ਉੱਤੇ ਅਸੀਂ ਆਦੇਸ਼ ਕਾਲਜ ਦੇ
3-4 ਮੁੰਡੇ ਸਾਂ। ਬੱਸ ਤਲਵੰਡੀ ਭਾਈ ਕੋਲ ਅੱਪੜਨ ਵਾਲੀ ਸੀ।
ਡਰਾਇਵਰ ਤੋਂ ਇਲਾਵਾ ਵਰਕਸ਼ਾਪ ਦੇ 2 ਮਿਸਤਰੀ ਅਤੇ ਕੰਡਕਟਰ ਸਨ।
ਅਚਾਨਕ ਬਾਈ ਨੂੰ ਲੱਗਾ ਕਿ ਗੇਅਰ ਫਸ ਗਿਆ ਹੈ, ਉਹ ਵੀ ਚੌਥਾ,
ਹੁਣ, ਸਾਰੀਆਂ ਸਵਾਰੀਆਂ ਨੌਕਰੀਆਂ ਵਾਲੀਆਂ ਸਨ, ਸਾਨੂੰ ਵੀ ਲੱਗਾ
ਕਿ ਰੋਡਵੇਜ਼ ਅੱਜ ਖਰਾਬ ਕਰੂੰ, ਪਰ ਉਸ ਨੇ ਮਿਸਤਰੀਆਂ ਨੂੰ ਵਾਜ ਮਾਰੀ
ਅਤੇ ਚੱਲਦੀ ਬੱਸ 'ਚ ਕਾਰਵਾਈ ਚਾਲੂ। ਗੇਅਰ-ਲੀਵਰ ਕੱਢ ਲਿਆ
(ਚੱਲਦੀ ਬੱਸ 'ਚ ਹੀ), ਪੇਚਕਸ ਪਾਕੇ ਫਸਿਆ ਗੇਅਰ ਕੱਢ ਦਿੱਤਾ
ਅਤੇ ਚੱਲ ਭਾਈ ਗੱਡੀ ਠੀਕ। ਇਹ ਮੋਬਾਇਲ-ਰਿਪੇਅਰ ਦਾ ਤਜਰਬਾ
ਕਿੰਨਾ ਰੋਚਕ ਸੀ ਕਿ ਮੈਨੂੰ ਅੱਜ ਵੀ ਉਹ ਦਿਨ ਅਤੇ ਰਾਹ ਚੰਗੀ ਤਰ੍ਹਾਂ
ਯਾਦ ਏ।

24 October, 2007

ਇਹ ਵੀ ਆਨਲਾਈਨ ਹੀ ਹੋ ਗਿਆ...

ਪਿਛਲੇ ਹਫ਼ਤੇ ਮੋਟਰ-ਸਾਇਕਲ ਦਾ ਇਨਸਰਿਊਰੈਂਸ ਖਤਮ ਗਿਆ ਸੀ,
ਇੱਕ ਦਫ਼ਤਰ ਗਏ ਤਾਂ ਕਹਿੰਦੇ ਜੀ, ਸਾਡੇ ਦੂਜੇ ਦਫ਼ਤਰ ਜਾਣਾ ਪਾਉਗਾ,
(ਜੋ ਕਿ 20 ਕਿਲੋਮੀਟਰ ਦੂਰ ਸੀ), ਫੇਰ ਗਏ ਨਹੀਂ ਕਿਉਂਕਿ ਆਥਣ
ਤਾਂ ਅੱਗੇ ਹੋ ਗਿਆ ਸੀ ਅਤੇ ਉੱਥੇ ਕਿਸ ਨੇ ਮਿਲਣਾ ਸੀ, ਖ਼ੈਰ
ਬਾਕੀ ਦਿਨ ਦੇ ਟਾਈਮ ਤਾਂ ਜਾ ਨਹੀਂ ਸਕਦੇ ਹਾਂ, ਜੇ ਆਥਣੇ ਜਾਂਦੇ
ਤਾਂ ਸਭ ਘਰ ਨੂੰ ਚਲੇ ਜਾਂਦੇ ਹਨ।

ਕੱਲ੍ਹ ਆਖਰ ਸੋਚਿਆ ਆਨਲਾਈਨ ਦਫ਼ਤਰ ਦੇ ਨੇੜੇ ਲੱਭੀਏ ਕੰਪਨੀ,
ਸਭ ਤੋਂ ਪਹਿਲਾਂ ਆਈਸੀਆਈਸੀਆਈ (ICICI) ਨਾਲ ਹੀ ਸ਼ੁਰੂ
ਕੀਤਾ ਅਤੇ ਉਨ੍ਹਾਂ ਤਾਂ ਆਨਲਾਈਨ ਦਿੱਤਾ ਹੋਇਆ ਸੀ ਫਾਰਮ ਭਰਨ
ਲਈ, ਸੋਚਿਆ ਚਲੋਂ ਫਾਰਮ ਭਰ ਕੇ ਵੇਖੀਏ ਕਿ ਕਿੰਨੇ ਕੁ ਪੈਸੇ ਦੇਣੇ
ਪੈਣੇ ਹਨ, ਅਤੇ ਅੱਗੇ ਤੁਰਦਿਆਂ ਤੁਰਦਿਆਂ ਉਨ੍ਹਾਂ ਨੇ ਸਾਰੀ ਮੋਟਰ-ਸਾਈਕਲ
ਦਾ ਵੇਰਵਾ ਲੈ ਲਿਆ ਅਤੇ ਕਿਸ਼ਤ ਵੀ ਬਣਾ ਦਿੱਤੀ, ਜਦੋਂ ਕਰੈਡਿਟ ਕਾਰਡ
ਪੁੱਛਿਆ ਤਾਂ ਸਮਝ ਗਿਆ ਬਾਈ ਹੁਣ ਗੱਲ਼ ਬਣ ਗਈ ਅਤੇ ਆਨਲਾਈਨ
10 ਮਿੰਟ ਵਿੱਚ ਪਰਿੰਟ ਮੇਰੇ ਹੱਥ 'ਚ ਆ ਗਿਆ, ਗੱਡੀ ਹੋ ਗਈ ਫੇਰ ਤਿਆਰ।
ਆਨਲਾਈਨ ਹੋਣ ਨਾਲ ਕਿੰਨੀ ਸੌਖ ਹੋ ਗਈ ਕਿ ਕਿਤੇ ਜਾਣ ਨਾ ਪਿਆ,
ਕਿਤੇ ਬਾਬੂਆਂ ਨੂੰ ਪੁੱਛਣਾ ਨਾ ਪਿਆ, ਕਿਤੇ ਟਾਈਪ ਖਰਾਬ ਨਾ ਕਰਨਾ ਪਿਆ
ਨਾ ਏਧਰ, ਨਾ ਓਧਰ।
ਹਾਂ ਹੁਣ ਭਾਰਤ "ਬੁਰੀ ਤਰ੍ਹਾਂ" ਆਨਲਾਈਨ ਹੋ ਗਿਆ ਹੈ, ਪਰ ਸਰਕਾਰੀ ਸੈਕਟਰ
ਹਾਲੇ ਡਰਦਾ ਜੇਹਾ ਹੈ, ਪਰ ਜੇ ਚੱਲਦੇ ਰਹਿਣਾ ਹੈ ਤਾਂ ਉਨ੍ਹਾਂ ਨੂੰ ਵੀ ਹੋਣਾ ਹੀ ਪਵੇਗਾ

18 October, 2007

ਓਪਨ-ਸੂਸੇ ਵਿੱਚ ਬੱਗ ਠੀਕ ਹੋਏ

ਓਪਨ ਸੂਸੇ ਵਿੱਚ ਇੱਕ ਵੱਡਾ ਬੱਗ ਸੀ ਅਤੇ ਇੱਕ ਸਮੱਸਿਆ:
ਬੱਗ:
ਪੰਜਾਬੀ ਦੇ ਡਿਫਾਲਟ ਫੋਂਟ ਅਨਮੋਲ -ਯੂਨੀ ਬਾਣੀ ਸਨ:
(fc-match
AnmolUniBaniHeavy.ttf: "AnmolUniBaniHeavy" "Regular")
ਜੋ ਕਿ ਸਮੱਸਿਆ ਸਨ ਕਿ ਗਨੋਮ ਐਪਲੀਕੇਸ਼ਨਾਂ ਵਿੱਚ
ਹਲੰਤ ਨਾਲ ਜੁੜਦੇ ਨਹੀਂ ਸਨ ਇਸਕਰਕੇ ਗਨੋਮ, ਫਾਇਰਫਾਕਸ ਦੀ ਰੈਂਡਰਿੰਗ ਠੀਕ
ਨਹੀਂ ਸੀ (ਜੱਟ ਦਾ ਧੰਨਵਾਦ ਬੱਗ ਫਾਇਲ ਕਰਨ ਲਈ)
ਹੱਲ:
ਦੋ ਨਵੇਂ ਪੈਕੇਜ ਛੇਤੀ ਹੀ ਰੀਲਿਜ਼ ਕੀਤੇ ਗਏ ਹਨ:
fontconfig-2.4.2-49.1
indic-fonts-2007.10.16-1.2
download from here
ਨਵੇਂ ਪੈਕੇਜ ਡਾਊਨਲੋਡ ਕਰਕੇ ਆਨੰਦ ਮਾਣੋ

ਸਮੱਸਿਆ: SCIM ਨੇ ਬੜਾ ਤੰਗ ਕਰ ਛੱਡਿਆ ਸੀ 10.3 ਵਰਜਨ ਨਾਲ,
ਮੈਨੂੰ ਸਮਝ ਨਾ ਆਵੇ ਕਿ ਕੀ ਗੜਬੜ ਕੀਤੀ ਹੈ। ਜੇ ਤਾਂ ਸਕਿਮ ਇੱਕਲਾ ਰੱਖਾ
ਤਾਂ ਗਨੋਮ ਤਾਂ ਕੰਮ ਕਰੇ, ਪਰ ਕੇਡੀਈ (KDE) ਐਪਲੀਕੇਸ਼ਨ 'ਚ ਪੰਜਾਬੀ ਨਾ ਲਿਖੀ
ਜਾਵੇ, ਪਰ ਜੇ scim-bridage ਇੰਸਟਾਲ ਕਰਾਂ ਤਾਂ KDE ਐਪਲੀਕੇਸ਼ਨਾਂ 'ਚ ਤਾਂ
ਲਿਖ ਸਕਾਂ, ਪਰ ਗਨੋਮ ਬੰਦ ਹੋ ਜਾਇਆ ਕਰੇ।
ਖੈਰ ਇਹ ਤਾਂ ਮੈਨੂੰ ਸਮਝ ਛੇਤੀ ਹੀ ਆ ਗਿਆ ਕਿ ਇੱਕ ਪੈਕੇਜ ਰਹਿ ਗਿਆ ਹੈ।
scim-qtimm-0.9.4-121
scim-tables-additional-0.5.7-109
scim-1.4.7-24
scim-tables-skim-0.5.7-109
scim-tables-0.5.7-109
scim-m17n-0.2.2-69
m17n-db-1.4.0-10
m17n-lib-1.4.0-26
m17n-contrib-1.1.3-11
--
ਸੋ, scim-qtimm ਇੰਸਟਾਲ ਕਰਨ ਬਾਅਦ ਸਮੱਸਿਆ ਹੱਲ਼ ਹੋ ਗਈ ਹੈ।
ਸੋ KDE ਐਪਕਲੀਲੇਸ਼ਨਾਂ ਵਾਸਤੇ ਇਹ ਕਦੇ ਨਾ ਭੁੱਲੋ।

ਰੀਲਿਜ਼ ਨੋਟਿਸ:
ਜੱਟ ਨੇ ਇੱਕ ਹੋਰ ਕੰਮ ਕੀਤਾ ਕਿ ਰੀਲਿਜ਼ ਨੋਟਿਸ ਲੱਭੇ ਪੰਜਾਬੀ ਦੇ, ਭਾਵੇ
ਮੈਂ ਅਨੁਵਾਦ ਤਾਂ ਕਰ ਦਿੱਤੇ ਸਨ, ਪਰ ਭੁੱਲ ਗਿਆ ਕਿ ਇਹ ਵਰਤਣੇ ਵੀ ਹਨ,
ਖ਼ੈਰ ਸੂਸੇ ਵਾਲਿਆਂ ਵੀ ਪੂਰਾ ਟਿੱਲ ਲਾ ਦਿੱਤਾ ਅਤੇ ਰੀਲਿਜ਼ ਨੋਟਿਸ ਬੱਗ ਵੀ ਫਾਇਲ ਕਰ ਦਿੱਤਾ।
ਖ਼ੈਰ ਛੇਤੀ ਹੀ ਪੰਜਾਬੀ ਵੀ ਪਰਕਾਸ਼ਿਤ ਹੋਣ ਦੀ ਸੰਭਾਵਨਾ ਬਣ ਗਈ ਹੈ।
ਜਦੋਂ ਵੀ ਪਬਲਿਸ਼ ਕਰਨਗੇ ਤਾਂ ਤੁਹਾਨੂੰ ਇੱਥੇ ਦਿਸਣਗੇ:
http://www.suse.com/relnotes/i386/openSUSE/10.3/RELEASE-NOTES.pa.html

15 October, 2007

ਚੀ ਗਵੇਰਾ ਦੀ 40ਵੀਂ ਬਰਸੀ

ਚੀ ਗਵੇਰਾ ਚਾਲੀ ਸਾਲ ਪਹਿਲਾਂ ਬੋਲੀਵੀਆ ਵਿਚ ਅਮਰੀਕਾ ਦੀ ਸਹਾਇਤਾ ਨਾਲ ਲੜ ਰਹੀ ਬੋਲੀਵੀਆ ਫ਼ੌਜ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ। ਅੱਜ ਬੋਲੀਵੀਆ, ਲਾਤੀਨੀ ਅਮਰੀਕਾ ਅਤੇ ਸੰਸਾਰ ਦੇ ਹਾਲਾਤ ਤੇਜ਼ੀ ਨਾਲ ਬਦਲ ਰਹੇ ਹਨ ਅਤੇ ਖੱਬੇ-ਪੱਖੀ ਰੁਝਾਨ ਦਾ ਪੁਨਰ-ਉਭਾਰ ਸਪੱਸ਼ਟ ਹੋ ਰਿਹਾ ਹੈ। ਅੱਜ ੲੀਵੋ ਮੋਰੇਲਿਸ ਦੀ ਅਗਵਾੲੀ ਹੇਠ ਬੋਲੀਵੀਆ ਲਾਤੀਨੀ ਅਮਰੀਕਾ ਵਿਚ ਇਕ ਪਰਮੁੱਖ ਖੱਬੇ-ਪੱਖੀ ਕੇਂਦਰ ਅਤੇ ਅਮਰੀਕਨ ਨੀਤੀਆਂ ਦੇ ਵਿਰੋਧੀ ਵਜੋਂ ਉੱਭਰ ਰਿਹਾ ਹੈ। ਬੋਲੀਵੀਆ ਦੇ ਪ੍ਰਧਾਨ ੲੀਵੋ ਮੋਰੇਲਿਸ ਨੇ ਕਿਹਾ ਕਿ ਕੋੲੀ ਵੀ ਚੀ ਗਵੇਰਾ ਦੇ ਜੀਵਨ ਦੀ ਮਹੱਤਤਾ ਨੂੰ ਘਟਾ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਕੋੲੀ ਆਪਣੇ-ਆਪ ਨੂੰ ਚੀ ਦਾ ਵਾਰਿਸ ਨਹੀਂ ਸਮਝ ਸਕਦਾ ਜਿੰਨਾ ਚਿਰ ਕਿ ਉਹ ਆਪਣਾ ਜੀਵਨ ਲੋਕਾਂ ਤੋਂ ਨਾ ਕੁਰਬਾਨ ਕਰ ਦੇਵੇ। ਵੈਨਜ਼ੂੲੇਲਾ ਦੇ ਪ੍ਰਧਾਨ ਹਿਊਗੋ ਚਾਵੇਜ਼ ਨੇ ਕਿਹਾ ਕਿ ਚੀ ਅਸੀਮ ਇਨਕਲਾਬੀ (ਇਨਫਿਨਿਟ ਰੈਵੋਲਿਊਸ਼ਨਰੀ) ਸੀ। ਬੋਲੀਵੀਆ, ਵੈਨਜ਼ੂੲੇਲਾ ਤੋਂ ਬਿਨਾਂ ਕਿਊਬਾ ਵਿਚ ਵੀ ਇਹ ਬਰਸੀ ਬਹੁਤ ਉਤਸ਼ਾਹ ਨਾਲ ਮਨਾੲੀ ਗੲੀ। ਕਿਊਬਾ ਦੇ ਸ਼ਹਿਰ ਸਾਂਤਾ ਕਲਾਰਾ ਜਿਥੇ ਕਿ ਕਿਸੇ ਵੇਲੇ ਕਿਊਬਾ ਦੀ ਇਨਕਲਾਬੀ ਲੜਾੲੀ ਵਿਚ ਚੀ ਲੜਿਆ ਸੀ ਤੇ ਜਿਥੇ ਉਸ ਦੀ ਯਾਦਗਾਰ ਬਣਾੲੀ ਗੲੀ ਹੈ, ਵਿਖੇ ਹਜ਼ਾਰਾਂ ਲੋਕ ਇਕੱਠੇ ਹੋੲੇ ਜਿਨ੍ਹਾਂ ਵਿਚ ਫੀਡਲ ਕਾਸਟਰੋ ਦੇ ਭਰਾ ਰਾਉਲ ਕਾਸਟਰੋ ਵੀ ਸ਼ਾਮਿਲ ਸਨ।
ਚੀ ਗਵੇਰਾ ਜੋ ਕਿ ਪੇਸ਼ੇ ਵਜੋਂ ਇਕ ਡਾਕਟਰ ਸੀ, ਦਾ ਜਨਮ ਅਰਜਨਟਾੲੀਨਾ ਵਿਚ ਹੋਇਆ ਸੀ। ਉਹ ਫੀਡਲ ਕਾਸਟਰੋ ਦੇ ਨਾਲ ਕਿਊਬਾ ਦੇ ਇਨਕਲਾਬ ਲੲੀ ਲੜਾੲੀ ਵਿਚ ਲੜਿਆ। ਕਿਊਬਾ ਵਿਚ ਇਨਕਲਾਬੀ ਲੜਾੲੀ ਦੀ ਜਿੱਤ ਤੋਂ ਬਾਅਦ ਚੀ ਬੋਲੀਵੀਆ ਚਲਾ ਗਿਆ ਸੀ ਜਿਥੇ ਉਹ ਕਿਊਬਾ ਵਾਂਗ ਇਨਕਲਾਬ ਲਿਆਉਣਾ ਚਾਹੁੰਦਾ ਸੀ। ਅੱਜ ਤੋਂ ਚਾਲੀ ਸਾਲ ਪਹਿਲਾਂ ਉਹ ਬੋਲੀਵੀਆ ਦੀਆਂ ਫ਼ੌਜਾਂ ਜਿਨ੍ਹਾਂ ਨੂੰ ਕਿ ਅਮਰੀਕਾ ਦੀ ਖੁਫ਼ੀਆ ੲੇਜੰਸੀ ਸੀ. ਆੲੀ. ੲੇ. ਦੀ ਸਹਾਇਤਾ ਹਾਸਲ ਸੀ, ਨਾਲ ਲੜਦਾ ਸ਼ਹੀਦ ਹੋ ਗਿਆ ਸੀ। ਕਿਊਬਾ ਵਿਚ ਅੱਜ ਵੀ ਉਸ ਨੂੰ ਇਨਕਲਾਬ ਦੇ ਮਹਾਨ ਯੋਧੇ ਵਜੋਂ ਯਾਦ ਕੀਤਾ ਜਾਂਦਾ ਹੈ। ਉਸ ਦੇ ਵੱਡੇ-ਵੱਡੇ ਪੋਸਟਰ ਅਤੇ ਤਸਵੀਰਾਂ ਥਾਂ-ਥਾਂ ’ਤੇ ਲੱਗੇ ਹੋੲੇ ਹਨ। ਹਰ ਸ਼ੱੁਕਰਵਾਰ ਸਵੇਰੇ ਸਕੂਲਾਂ ਦੇ ਬੱਚੇ ਚਿੱਟੀ ਤੇ ਲਾਲ ਡਰੈੱਸ ਪਾ ਕੇ ਰਾਸ਼ਟਰੀ ਗੀਤ ਗਾਉਣ ਤੋਂ ਬਾਅਦ ਅਤੇ ਰਾਸ਼ਟਰੀ ਝੰਡੇ ਨੂੰ ਸਲਾਮੀ ਦੇਣ ਤੋਂ ਬਾਅਦ ਨਾਅਰੇ ਲਾਉਂਦੇ ਹਨ ਕਿ ਅਸੀਂ ਚੀ ਵਰਗੇ ਬਣਾਂਗੇ। ਜਦੋਂ ਅਧਿਆਪਕ ਬੱਚਿਆਂ ਨੂੰ ਪੁੱਛਦੇ ਹਨ ਕਿ ਚੀ ਕਿਹੜੇ ਗੁਣਾਂ ਦੀ ਪ੍ਰਤੀਨਿਧਤਾ ਕਰਦਾ ਹੈ ਤਾਂ ਬੱਚੇ ਕਹਿੰਦੇ ਹਨ ਕਿ ਇਮਾਨਦਾਰੀ, ਹੌਸਲਾ ਅਤੇ ਕੌਮਾਂਤਰੀਵਾਦ (ਇੰਟਰਨੈਸ਼ਨਲਿਜ਼ਮ)। ਬੱਚੇ ਕਹਿੰਦੇ ਹਨ ਕਿ ਉਹ ਇਕ ਹੋਰ ਦੇਸ਼ ਤੋਂ ਆ ਕੇ ਸਾਡੇ ਦੇਸ਼ ਨੂੰ ਆਜ਼ਾਦ ਕਰਵਾਉਣ ਲੲੀ ਲੜਿਆ।
ਕਿਊਬਾ ਵਿਚ ਅਮਰੀਕਾ-ਪੱਖੀ ਡਿਕਟੇਟਰ ਬਤੀਸਤਾ ਦੀ ਹਾਰ ਤੋਂ ਬਾਅਦ ਕਾਸਟਰੋ ਨੇ ਚੀ ਨੂੰ ਕਿਊਬਾ ਵਿਚ ਵੱਡੀਆਂ ਪਦਵੀਆਂ ਦਿੱਤੀਆਂ। ਉਸ ਨੂੰ ਸੈਂਟਰਲ ਬੈਂਕ ਦਾ ਮੁਖੀ ਅਤੇ ਦਸਤਕਾਰੀ ਦਾ ਮੰਤਰੀ (ਇੰਡਸਟਰੀ ਮਨਿਸਟਰ) ਬਣਾਇਆ ਗਿਆ। ਪਰਚੀ ਕਿਊਬਾ ਛੱਡ ਕੇ ਅਫਰੀਕਾ ਅਤੇ ਲਾਤੀਨੀ ਅਮਰੀਕਾ ਦੇ ਦੂਜੇ ਦੇਸ਼ਾਂ ਵਿਚ ਇਨਕਲਾਬ ਫੈਲਾਉਣ ਲੲੀ ਚਲਾ ਗਿਆ। ਰਿਟਾਇਰਡ ਜਨਰਲ ਵਿਯੇਗਾਨ ਜੋ ਕਿ ਪਹਿਲਾਂ ਕਿਊਬਾ ਦੀਆਂ ਸ਼ੀਆਰਾ ਮਾਇਸਤਰਾ ਪਹਾੜੀਆਂ ਵਿਚ ਚੀ ਨੂੰ ਮਿਲਿਆ ਅਤੇ ਬਾਅਦ ਵਿਚ ਅਫਰੀਕਾ ਦੇ ਦੇਸ਼ ਕੌਂਗੋ ਅਤੇ ਲਾਤੀਨੀ ਅਮਰੀਕਾ ਵਿਚ ਬੋਲੀਵੀਆ ਵਿਚ ਵੀ ਚੀ ਦੇ ਨਾਲ ਲੜਿਆ, ਨੇ ਕਿਹਾ ਕਿ ਚੀ ਲੲੀ ਸਮਾਜਿਕ ਤਬਦੀਲੀ ਅਤੇ ਇਨਸਾਫ਼ ਲੲੀ ਇਨਕਲਾਬੀ ਸੰਘਰਸ਼ ਹੀ ਸਭ ਕੁਝ ਸੀ। ਚੀ ਦੀ ਸੋਚ ਸੀ ਕਿ ਸਾਮਰਾਜ ਨੂੰ ਹਰਾਉਣ ਲੲੀ ਅਤੇ ਸਮਾਜਵਾਦ ਉਸਾਰਨ ਲੲੀ ਇਕੋ-ਇਕ ਰਾਹ ਹਥਿਆਰਬੰਦ ਸੰਘਰਸ਼ ਦਾ ਹੀ ਹੈ।
ਪੱਛਮੀ ਦੇਸ਼ਾਂ ਵਿਚ ਚੀ ਗਵੇਰਾ ਦਾ ਪ (ਇਮੇਜ) ਇਕ ਸਮਰਪਿਤ ਮਾਰਕਸਵਾਦੀ ਇਨਕਲਾਬੀ ਯੋਧੇ ਤੋਂ ਇਕ ਰੁਮਾਂਚਿਕ ਬਾਗੀ ਵਾਲਾ ਬਣਾ ਦਿੱਤਾ ਗਿਆ ਹੈ। ਉਸ ਦੀ ਤਸਵੀਰ ਫੋਟੋਗ੍ਰਾਫੀ ਦੇ ਇਤਿਹਾਸ ਵਿਚ ਸਭ ਤੋਂ ਵੱਧ ਪ੍ਰਚਲਿਤ ਹੋੲੀ ਹੈ। ਯੂਨੀਵਰਸਿਟੀਆਂ ਦੇ ਵਿਦਿਆਰਥੀ, ਆਮ ਲੋਕ ਤੇ ਕੲੀ ਵਾਰੀ ਡਾਕਟਰ ਵੀ ਚੀ ਗਵੇਰਾ ਦੀ ਤਸਵੀਰ ਵਾਲੀਆਂ ਕਮੀਜ਼ਾਂ ਪਾੲੀ ਨਜ਼ਰ ਆਉਂਦੇ ਹਨ। ਇਹ ਵੀ ਕਿਹਾ ਜਾ ਸਕਦਾ ਹੈ ਕਿ ਸਰਮਾੲੇਦਾਰੀ ਨੇ ਚੀ ਦੇ ਅਕਸ ਦਾ ਵਪਾਰੀਕਰਨ ਕਰ ਦਿੱਤਾ ਹੈ। ਪਰ ਹੁਣ ਜਦੋਂ ਸੰਸਾਰੀਕਰਨ ਅਤੇ ਪੱਛਮੀ ਸਰਮਾੲੇਦਾਰੀ ਡੂੰਘੇ ਸੰਕਟ ਦੇ ਸ਼ਿਕਾਰ ਹੋ ਚੁੱਕੇ ਹਨ ਅਤੇ ਲਾਤੀਨੀ ਅਮਰੀਕਾ ਅਤੇ ਸੰਸਾਰ ਵਿਚ ਖੱਬੇ-ਪੱਖੀ ਵਿਚਾਰਧਾਰਾ ਦਾ ਪੁਨਰ-ਉਭਾਰ ਹੋ ਰਿਹਾ ਹੈ ਤਾਂ ਚੀ ਗਵੇਰਾ ਦਾ ਇਕ ਸਮਰਪਿਤ ਮਾਰਕਸਵਾਦੀ ਇਨਕਲਾਬੀ ਵਜੋਂ ਇਤਿਹਾਸ ਵਿਚ ਸਥਾਨ ਵੀ ਪੁਨਰ-ਸਥਾਪਿਤ ਹੋ ਰਿਹਾ ਹੈ। ਨਿਰਸੰਦੇਹ ਪੱਛਮੀ ਸਰਮਾੲੇਦਾਰੀ ਅਤੇ ਸੰਸਾਰੀਕਰਨ ਨੂੰ ਵੱਡੀ ਚੁਣੌਤੀ ਮਿਲਣ ਵਾਲੀ ਹੈ ਅਤੇ ਚੀ ਗਵੇਰਾ ਦੀ ਇਤਿਹਾਸਕ ਭੂਮਿਕਾ ਵੀ ਹੋਰ ਮਹੱਤਵਪੂਰਨ ਤੇ ਸਾਰਥਿਕ ਹੋ ਗੲੀ ਹੈ।
(ਧੰਨਵਾਦ ਰੋਜ਼ਾਨਾ ਅਜੀਤ ਜਲੰਧਰ )
ਪੂਰੀ ਪੰਜਾਬੀ ਖ਼ਬਰ ਵੇਖੋ: http://www.ajitjalandhar.com/20071012/edit3.php
(ਗ਼ੈਰ ਯੂਨੀਕੋਡ ਸਾਇਟ)

04 October, 2007

ਓਪਨ ਸੂਸੇ 10.3 - ਨਵਾਂ ਰੀਲਿਜ਼, ਨਵਾਂ ਰੰਗ

ਕੱਲ੍ਹ ਓਪਨ-ਸੂਸੇ 10.3 ਖ਼ਬਰਾਂ ਮੁਤਾਬਕ ਰੀਲਿਜ਼ ਹੋ ਗਿਆ ਹੈ:

ਕੁਝ ਖਾਸ ਫੀਚਰ ਹਨ:
0) ਹਰਾ ਰੰਗ ਫੇਰ ਛਾਇਆ: ਸੂਸੇ ਦਾ ਪੁਰਾਣਾ ਹਰਾ ਰੰਗ ਫੇਰ ਆ ਗਿਆ ਹੈ, ਆਈਕਾਨ, ਵਾਲਪੇਪਰ ਸਭ ਪੁਰਾਣੇ ਰੰਗਾਂ ਵਿੱਚ ਫੱਬਦੇ ਪਏ ਨੇ।
0) ਡੈਸਕਟਾਪ ਇੰਵਾਇਰਨਮਿੰਟ:
ਗਨੋਮ 2.20 - ਸਭ ਤੋਂ ਪਹਿਲਾਂ ਉਪਲੱਬਧ ਕਰਵਾਇਆ ਗਿਆ ਹੈ।
KDE 3.5.7
KDE 4 - ਹਾਂ ਇਹ ਵੀ ਉਪਲੱਬਧ ਹੋ ਗਿਆ ਹੈ

0) 1-Click Install (New way to install packages)
0) Easy MP3/WMA support
0) 3D Effect

0) ਇੰਸਟਾਲੇਸ਼ਨ ਕਿਵੇ:
- 1 CD ਇੰਸਟਾਲੇਸ਼ਨ (ਜੇ KDE ਚਾਹੀਦਾ ਹੈ ਤਾਂ ਉਸ ਦੀ CD ਡਾਊਨਲੋਡ ਕਰੇ ਜਾਂ ਗਨੋਮ ਚਾਹੀਦਾ ਹੈ ਤਾਂ ਗਨੋਮ ਦੀ, ਇੱਕ ਹੀ ਸੀਡੀ ਕਾਫ਼ੀ ਹੈ)।
ਬਾਕੀ ਰਿਪੋਜ਼ਟਰੀਆਂ ਤਾਂ ਬਾਅਦ 'ਚ ਵੀ ਸ਼ਾਮਲ ਕਰ ਸਕਦੇ ਹੋ।
- 1 DVD
- LIVE CD ਹਾਲੇ ਰੀਲਿਜ਼ ਨਹੀਂ ਕੀਤੀ।

ਓਪਨ-ਸੂਸੇ ਦੀ ਇੰਸਟਾਲੇਸ਼ਨ ਤੋਂ ਵੱਧ ਆਸਾਨ ਹੋਰ ਕੁਝ ਹੋ ਹੀ ਨਹੀਂ ਸਕਦਾ ਹੈ।

0) ਡਾਊਨਲੋਡ ਕਿੱਥੋ:
http://software.opensuse.org/

0) ਪੰਜਾਬੀ ਟਰਾਂਸਲੇਸ਼ਨ:
ਓਪਨ-ਸੂਸੇ ਪੰਜਾਬੀ ਵਿੱਚ ਵੀ ਉਪਲੱਬਧ ਹੈ, ਖਾਸ ਤੌਰ ਉੱਤੇ ਇਹ ਨਵੇਂ ਰੰਗ ਰੂਪ ਵਿੱਚ
ਤਿਆਰ ਸਿਸਟਮ ਹੈ, ਜਿਸ ਵਿੱਚ ਭਾਰੀ ਸੁਧਾਰ ਕੀਤੇ ਗਏ ਹਨ, ਜਿਸ ਵਿੱਚ
ਵੇਹੜਾ->ਡੈਸਕਟਾਪ, ਪਗ਼->ਸਟੈਪ ਆਦਿ।
ਇਸ ਤਰਾਂ ਅੰਗਰੇਜ਼ੀ ਡੈਸਕਟਾਪ ਵਰਤਣ ਵਾਲਿਆਂ ਨੂੰ ਪੰਜਾਬੀ ਡੈਸਕਟਾਪ
ਸਮਝਣ ਅਤੇ ਵਰਤਣ ਵਿੱਚ ਭਾਰੀ ਸੌਖ ਰਹੇਗੀ
ਇਹਨਾਂ ਸੁਧਾਰ ਬਾਰੇ ਜਾਣਕਾਰੀ ਲੈਣ
ਵਧੇਰੇ ਜਾਣਕਾਰੀ ਲਈ ਸਾਡਾ ਮੁੱਖ ਸਫ਼ਾ ਵੇਖੋ।
ਕੁਝ ਨਾ ਲਾਗੂ ਕੀਤੇ ਗਏ ਸੁਧਾਰਾਂ ਵਿੱਚ ਮੋਜ਼ੀਲਾ ਦੀ ਟਰਾਂਸਲੇਸ਼ਨ - ਜੋ ਅਜੇ ਅੱਪਡੇਟ ਨਹੀਂ
ਹੋਈ ਹੈ। ਬਾਕੀ ਤਾਂ ਬਹੁਤ ਕੁਝ ਬਦਲ ਦਿੱਤਾ ਹੈ। ਗਨੋਮ ਵਿੱਚ ਵੀ ਫ਼ਰਕ ਮਹਿਸੂਸ ਕਰੋਗੇ।
ਹਾਂ ਸ਼ਾਇਦ KDE ਵਿੱਚ ਫ਼ਰਕ ਨਾ ਲੱਗੇ।

ਖੈਰ ਸੁਝਾਆਵਾਂ ਲਈ ਤੁਹਾਡੇ ਧੰਨਵਾਦੀ ਰਹਾਗੇਂ ਅਤੇ ਉਮੀਦ ਕਰਾਂਗੇ ਕਿ ਤੁਸੀਂ ਇਹ
ਪਸੰਦ ਕਰੋਗੇ।

27 September, 2007

ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ - ਲੋਕਤੰਤਰ ਵਲੋਂ ਲੋਕਾਂ ਦਾ ਘਾਣ

ਅੱਜ ਜਦੋਂ ਦੇਸ਼ ਭਰ ਵਿੱਚ (ਨਹੀਂ, ਪੰਜਾਬ 'ਚ ਹੀ:-( ), ਸ਼ਹੀਦ ਭਗਤ
ਦਾ 100ਵਾਂ ਜਨਮ ਦਿਹਾੜਾ ਬੜੇ ਜ਼ੋਸ ਨਾਲ ਮਨਾਇਆ ਜਾਣਾ ਹੈ, ਉੱਥੇ
ਅੰਬਰਸਰ ਗਏ ਕਿਸਾਨਾਂ ਉੱਤੇ ਪੁਲਿਸ ਵਲੋਂ ਅੰਨ੍ਹੇਵਾਹ ਸੋਟੀਆਂ ਤੋੜੀਆਂ ਗਈਆਂ।
ਆਪਣੇ ਆਪ ਨੂੰ ਲੋਕਤੰਤਰੀ ਸਰਕਾਰਾਂ ਅਤੇ ਲੋਕ ਪੱਖੀ ਸਿੱਧ ਕਰ ਵਾਲੇ
ਦੇਸ਼ ਵਲੋਂ ਆਪਣੇ ਕਿਸਾਨਾਂ ਅਤੇ ਮਜ਼ੂਦਰਾਂ ਅਤੇ ਇੰਝ ਦਾ ਪਿਆਰ
ਵਰਸਾ ਕੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜ਼ਲੀ ਦੇਣੀ ਹੀ ਇਸ ਦੀ
ਪਛਾਣ ਅਤੇ ਅਤੇ ਇਹ ਅਸਲੀ ਢੰਗ ਹੈ।

ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਏ


ਆਪਣੇ ਪਿਓ ਦੇ ਉਮਰ ਦੇ ਬੁਜ਼ਰਗਾਂ ਨਾਲ ਕੋਈ ਲਿਹਾਜ਼ ਨਹੀਂ

ਇੱਥੇ ਹੀ ਬੱਸ ਨਹੀਂ ਚੰਡੀਗੜ੍ਹ ਵਿਖੇ ਮੁਜ਼ਾਰਾ ਕਰ ਰਹੇ ਅਧਿਆਪਕਾਂ ਉੱਤੇ
ਵੀ ਪੁਲਿਸ ਵਲੋਂ ਕੀਤੇ ਅੱਤਿਆਚਾਰ ਦਰਸਾਉਦੇ ਹਨ ਕਿ ਅਜੇ ਜੇਹੜੇ ਸੁਫਨਾ
ਭਗਤ ਨੇ ਵੇਖਿਆ ਸੀ ਉਹ ਸੱਚ ਹੋ ਰਿਹਾ ਹੈ।
ਅਜੇ ਪਤਾ ਨੀਂ ਕਿੰਨਾ ਚਿਰ
ਸੜਕਾਂ ਉੱਤੇ ਰੁਲਣਾ ਚਾਨਣ ਮੁਨਾਰਿਆਂ ਨੇ


ਭਗਤ ਸਿੰਘ ਦੇ ਵਿਚਾਰ ਮੁਤਾਬਕ "ਚਿੱਟੇ ਭੰਬੂਆਂ ਦੀ ਥਾਂ ਉੱਤੇ ਕਾਲੇ
ਭੰਬੂ ਆ ਗਏ ਨੇ।" ਅੱਜ ਸਾਡੇ ਦੇਸ਼ ਵਿੱਚ ਹੀ ਆਜ਼ਾਦੀ ਦੇ ਬਾਵਜੂਦ
ਸਾਨੂੰ ਬੋਲਣ ਅਤੇ ਆਪਣੀ ਆਵਾਜ਼ ਕੱਢ ਉੱਤੇ ਰੋਕ ਹੈ।
ਸਾਨੂੰ ਕਹਿਣ ਦੀ ਆਜ਼ਾਦੀ ਨਹੀਂ ਕਿ ਸਾਡੀ ਸਰਕਾਰ ਕੁਝ ਨਹੀਂ ਕਰਦੀ।
ਤੁਸੀਂ ਮੁਜ਼ਾਰਾ ਵੀ ਨਹੀਂ ਕਰ ਸਕਦੇ। ਸਰਕਾਰ ਦੇ ਵਿਰੁਧ ਤੁਸੀਂ ਨਹੀਂ ਬੋਲ
ਸਕਦੇ। ਕੀ ਇਹ ਆਜ਼ਾਦੀ ਹੈ, ਇਹੀ ਲੋਕਤੰਤਰ ਹੈ?

ਭਗਤ ਸਿੰਘ ਦੇ ਸੁਫਨਿਆਂ ਦਾ ਦੇਸ਼ ਅਜੇ ਦੂਰ ਹੈ ਅਤੇ ਅਸੀਂ ਸਿਰਫ਼
"ਚਿੱਟੇ ਭੰਬੂਆਂ" ਤੋਂ ਹੀ ਆਜ਼ਾਦ ਹੋਏ ਹਾਂ, ਉਨ੍ਹਾਂ ਦੇ ਦੱਲੇ "ਕਾਲੇ ਭੰਬੂ"
ਅਜੇ ਵੀ ਦੇਸ਼ ਨੂੰ ਸਿਊਂਕ ਵਾਂਗ ਖਾ ਰਹੇ ਹਨ।
ਭਾਰਤ ਦੀਆਂ ਕਮਿਊਨਸਟ ਪਾਰਟੀਆਂ ਭਗਤ ਸਿੰਘ ਦੀਆਂ ਫੋਟੋ ਤਾਂ ਲਈ
ਫਿਰਦੀਆਂ ਨੇ, ਪਰ ਆਪਣੀ ਪਛਾਣ ਬਣਾਉਣ, ਵਿਚਾਰ ਸੰਭਾਲਣ 'ਚ ਅਸਫ਼ਲ ਨੇ।
ਜਿੰਨ੍ਹਾਂ ਦਾ ਕੰਮ ਦੇਸ਼ ਨੂੰ ਧਰਮਾਂ ਅਤੇ ਜਾਂਤਾਾਂ ਦੀਆਂ ਵੰਡੀਆਂ ਤੋਂ ਬਚਾਉਣਾ ਸੀ, ਉਹ ਹੀ
ਦੇਸ਼ ਨੂੰ ਫਿਰਕਾਪਰਤ ਬਣਾਉਣ ਵਾਲਿਆਂ ਦੇ ਨਾਲ ਰਲ਼ ਗਈਆਂ ਹਨ।
(ਚੋਰਾਂ ਨਾਲ ਕੁੱਤੀ ਰਲੀ ਹੋਈ ਏ)।

ਖੈਰ ਹੁਣ ਇੱਕ ਹੋਰ ਰੈਲ਼ੀ, ਜਿਸ ਤੋਂ ਮੈਨੂੰ ਉਮੀਦ ਹੈ, ਜੋ ਆਜ਼ਾਦ ਹੈ ਅਤੇ ਭਗਤ
ਸਿੰਘ ਦੇ ਵਿਚਾਰ ਨੂੰ ਸਭ ਤੋਂ ਨੇੜੇ ਨਿਭਾਉਣ ਦੀ ਕੋਸ਼ਿਸ਼ ਕਰੇਗੀ, ਹੈ
"ਬਰਨਾਲੇ ਵਿਖੇ ਹੋਣ ਵਾਲੀ ਰੈਲ਼ੀ", ਇਸ ਦੇ ਨਤੀਜਿਆਂ ਦੀ ਉਡੀਕ ਰਹੇਗੀ।

ਖ਼ੈਰ ਅਜੇ ਨਾਆਰਾ ਬੁਲੰਦ ਰਹੇਗਾ "ਇਨਕਲਾਬ ਜ਼ਿੰਦਾਬਾਦ", ਜਦੋਂ ਤੋਂ
ਸਮਾਜਵਾਦ ਅਤੇ ਸਾਮਵਾਦ ਦੇਸ਼ ਵਿੱਚ ਨਹੀਂ ਆਉਦਾ।

26 September, 2007

ਦੁਖੀ ਹਿਰਦੇ - ਪਰੇਮ ਕੁਮਾਰ ਜੀ ਗਰਗ ਸੁਰਗਵਾਸ

ਕੱਲ੍ਹ ਇੱਕ ਦਿਲ ਦਹਲਾਉਣ ਵਾਲੀ ਖ਼ਬਰ ਮਿਲੀ ਕੀ ਸ੍ਰੀ ਪਰੇਮ ਕੁਮਾਰ
ਜੀ ਗਰਗ ਹੋਰੀਂ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਮੈਨੂੰ ਸੁਣ
ਕੇ ਯਕੀਨੀ ਨਹੀਂ ਹੋਇਆ।
ਸ੍ਰੀ ਪਰੇਮ ਕੁਮਾਰ ਦੀ ਗਰਗ, ਜਿੰਨ੍ਹਾਂ ਕੋਲ ਮੈਂ ਲਗਭਗ 3 ਕੁ ਸਾਲ
ਗਣਿਤ ਪੜ੍ਹਿਆ (+1,+2, CET), ਬਹੁਤ ਹੀ ਮਾਹਰ ਅਤੇ
ਆਪਣੇ ਕੰਮ ਨੂੰ ਸਮਰਪਿਤ ਵਿਅਕਤੀ ਸਨ। ਉਨ੍ਹਾਂ ਦੀ ਮੇਹਨਤ
ਅਤੇ ਵਿਦਿਅਕ ਯੋਗਤਾ ਆਪਣੇ ਆਪ ਵਿੱਚ ਮਿਸਾਲ ਸਨ।
ਇਹ ਮੇਰੇ ਦੂਜੇ ਅਧਿਆਪਕ ਸਹਿਬਾਨ ਨੇ, ਜੋ ਵਿਛੋੜਾ ਦੇ ਗਏ,
ਜਿੰਨ੍ਹਾਂ ਦੇ ਵਿਛੜਿਆਂ ਮੈਨੂੰ ਮਹਿਸੂਸ ਹੋਇਆ ਕਿ ਮੇਰਾ ਆਪਣਾ
ਤੁਰ ਗਿਆ ਕੋਈ (ਪਹਿਲੇਂ ਕੁਸਮ ਭੈਣ ਜੀ ਸਨ, ਜੋ ਪਿਛਲੇ
ਵਰ੍ਹੇ ਚੱਲ ਵਸੇ ਸਨ)। ਮੇਰੀ ਜ਼ਿੰਦਗੀ ਵਿੱਚ ਗਰਗ ਸਾਹਬ
(ਜੋ ਅਸੀਂ ਵਿਦਿਆਰਥੀ ਪਿਆਰ ਅਤੇ ਸਤਿਕਾਰ ਨਾਲ ਕਹਿੰਦੇ ਸਾਂ)
ਦਾ ਅਹਿਮ ਯੋਗਦਾਨ ਹੈ, +1, +2 ਦੇ ਦੌਰਾਨ ਅਤੇ ਬਾਅਦ ਵਿੱਚ
CET ਲਈ ਗਣਿਤ ਤੋਂ ਇਲਾਵਾ ਫਿਜ਼ਕਸ ਅਤੇ ਕੈਮਸਟਰੀ ਦੀ
ਤਿਆਰੀ ਆਪਣੇ ਘਰ ਬੁਲ ਕੇ ਆਪਣੇ ਬੱਚਿਆਂ ਨਾਲ ਕਰਵਾਉਦੇ ਰਹੇ।
ਉਨ੍ਹਾਂ ਦੀ ਮੇਹਨਤ ਨੇ ਮੈਨੂੰ ਅੱਜ ਇਸ ਮੁਕਾਮ ਉੱਤੇ ਪੁੱਜਣ ਲਈ
ਮੱਦਦ ਕੀਤੀ ਹੈ। ਉਨ੍ਹਾਂ ਦੀ ਬੇਵਕਤੀ ਮੌਤ ਉੱਤੇ ਭਾਰੀ ਸਦਮਾ ਹੈ।
ਰੱਬ ਵਿਛੜੀ ਆਤਮਾ ਨੂੰ ਸ਼ਾਂਤੀ ਬਖਸ਼ੇ!
ਉਨ੍ਹਾਂ ਨੂੰ ਮੇਰੇ ਵਲੋਂ ਪਿਆਰ ਅਤੇ ਸਤਿਕਾਰ ਨਾਲ ਦਿਲੀ ਸਰਧਾਂਜਲੀ!!!
ਆਮੀਨ

18 September, 2007

ਜੋ ਮੁਨਕਰ ਹੈਂ ਖੁਦਾ ਸੇ ਹਮ ਸਮਝਤੇ ਥੇ ਬੁਰਾ ਉਨ ਕੋ
ਖੁਦਾ ਵਾਲੇ ਤੋ ਉਨ ਲੋਗੋਂ ਸੇ ਆਗੇ ਸੌ ਕਦਮ ਨਿਕਲੇ
ਮੁਝੇ ਮਾਲੂਮ ਹੈ ਤੂ ਆ ਗੲੀ ਹੈ ਅਜ਼ਲ ਲੇਕਿਨ
ਖੁਦਾ-ਰਾ ੲੇਕ ਪਲ ਰੁਕਨਾ, ਵੁਹ ਆ ਜਾੲੇ ਤੋ ਦਮ ਨਿਕਲੇ।

(ਸਵ: ਦੀਪਕ ਜੈਤੋੲੀ)

11 September, 2007

ਸਾਰਾਗੜ੍ਹੀ ਦਾ ਯੁੱਧ - ਸਿੱਖ ਪਲਟਨ ਦੀ ਬਹਾਦਰੀ ਦਾ ਸੁਨਹਿਰੀ ਕਾਂਡ ਹੈ

ਸਾਰਾਗੜ੍ਹੀ ਦੀ 110ਵੀਂ ਵਰ੍ਹੇਗੰਢ ’ਤੇ ਵਿਸ਼ੇਸ਼
ਸਿੱਖ ਪਲਟਨ ਦੀ ਬਹਾਦਰੀ ਦਾ ਸੁਨਹਿਰੀ ਕਾਂਡ ਹੈ ਸਾਰਾਗੜ੍ਹੀ ਦਾ ਯੁੱਧ

ਸਾਰਾਗੜ੍ਹੀ ਦੀ ਝਲਕ

ਸੈਨਿਕ ਯੋਧਿਆਂ ਵੱਲੋਂ ਲਗਾਤਾਰ ਪਾਏ ਜਾ ਰਹੇ ਯੋਗਦਾਨ ਅਤੇ ਅਦੁੱਤੀ ਕੁਰਬਾਨੀਆਂ ਨੂੰ ਯਾਦ ਕਰਕੇ ਦੇਸ਼ਵਾਸੀਆਂ ਖਾਸ ਕਰਕੇ ਪੰਜਾਬੀਆਂ ਦਾ ਸਿਰ ਫ਼ਖ਼ਰ ਨਾਲ ਉੱਪਰ ਉਠ ਜਾਂਦਾ ਹੈ। ਨਿਰਸੰਦੇਹ ਪੰਜਾਬੀ ਸੂਰਬੀਰ ਭਾਵੇਂ ਕਿਸੇ ਵੀ ਰੈਜੀਮੈਂਟ ਜਾਂ ਕੋਰ ਨਾਲ ਜੁੜੇ ਕਿਉਂ ਨਾ ਹੋਣ ਉਨ੍ਹਾਂ ਦੀ ਵਿਲੱਖਣਤਾ ਹਮੇਸ਼ਾ ਹੀ ਉੱਭਰ ਕੇ ਸਾਹਮਣੇ ਆ ਜਾਂਦੀ ਹੈ। ਐਸੀ ਹੀ ਇਕ ਬੇਮਿਸਾਲ ਦਾਸਤਾਨ 4 ਸਿੱਖ ਬਟਾਲੀਅਨ (ਪਹਿਲਾਂ 36 ਸਿੱਖ) ਨਾਲ ਜੁੜੀ ਹੋਈ ਹੈ। ਆਪਣੇ ਵਿਰਸੇ ਨੂੰ ਸੰਭਾਲਦਿਆਂ 4 ਸਿੱਖ ਬਟਾਲੀਅਨ ਯੂਨਾਈਟਿਡ ਨੇਸ਼ਨਜ਼ ਵੱਲੋਂ ਲਿਬਨਾਨ ਵਿਚ ਸ਼ਾਂਤੀ ਸੈਨਾ ਵਜੋਂ ਡਿਊਟੀ ਪੂਰੀ ਕਰਨ ਉਪਰੰਤ ਹਾਲ ਹੀ ਵਿਚ ਪੰਜਾਬ ਵਾਪਸ ਪਰਤੀ ਹੈ। ਇਸ ਪਲਟਨ ਦੀ ਬਹਾਦਰੀ ਅਤੇ ਸ਼ਲਾਘਾਯੋਗ ਸੇਵਾਵਾਂ ਨੂੰ ਮੁੱਖ ਰੱਖਦਿਆਂ ਸਮੁੱਚੇ ਤੌਰ ’ਤੇ ‘ਯੂਨਾਈਟਿਡ ਨੇਸ਼ਨਜ਼ ਫੋਰਸ ਕਮਾਂਡਰ ਯੂਨਿਟ ਸਾਈਟੇਸ਼ਨ’ ਨਾਲ ਨਿਵਾਜ਼ਿਆ ਗਿਆ ਹੈ। ਇਸ ਤੋਂ ਇਲਾਵਾ ਪਲਟਨ ਦੇ 21 ਬਹਾਦਰ ਅਫਸਰਾਂ, 8 ਜੂਨੀਅਰ ਕਮਿਸ਼ਨਡ ਅਫਸਰਾਂ ਅਤੇ ਤਕਰੀਬਨ 45 ਹੇਠਲੇ ਰੈਂਕ ਵਾਲੇ ਬਹਾਦਰ ਫ਼ੌਜੀਆਂ ਨੂੰ ਪ੍ਰਸੰਸਾ ਪੱਤਰ ਵੀ ਦਿੱਤੇ ਗਏ। ਜੇਕਰ ਸਿੱਖ ਰੈਜੀਮੈਂਟ ਦੇ ਇਤਿਹਾਸਕ ਪਿਛੋਕੜ ਨੂੰ ਫਰੋਲਿਆ ਜਾਵੇ ਤਾਂ ਪਤਾ ਚੱਲਦਾ ਹੈ ਕਿ ਸਾਰਾਗੜ੍ਹੀ ਦੀ 1897 ਵਿਚ ਲੜੀ ਗਈ ਲੜਾਈ ਤੋਂ ਲੈ ਕੇ ਹੁਣ ਤੱਕ ਇਸ ਬਟਾਲੀਅਨ ਨੂੰ 21 ‘ਬੈਟਲ ਆਨਰਜ਼’ (Battle Honours) ਨਾਲ ਨਿਵਾਜ਼ਿਆ ਜਾ ਚੁੱਕਿਆ ਹੈ, ਜਿਸ ਵਿਚ ਬਰਕੀ 1965 ਅਤੇ ਸਿਰਾਮਨੀ 1971 ਵੀ ਸ਼ਾਮਿਲ ਹਨ। ਇਸ ਤੋਂ ਇਲਾਵਾ ਦੋ ਮਹਾਂਵੀਰ ਚੱਕਰ ਅਤੇ ਅਨੇਕਾਂ ਹੀ ਹੇਠਲੇ ਐਵਾਰਡ ਵੀ ਇਨ੍ਹਾਂ ਦੀ ਝੋਲੀ ਵਿਚ ਪਏ, ਪਰ ਅਸੀਂ ਅੱਜ ਦੇ ਦਿਨ ਯਾਨੀ ਕਿ 12 ਸਤੰਬਰ, 1897 ਦੀ ਸਾਰਾਗੜ੍ਹੀ ਦੀ ਲੜਾਈ ਵਿਚ 36 ਸਿੱਖ (ਹੁਣ 4 ਸਿੱਖ) ਵੱਲੋਂ ਬੇਮਿਸਾਲ ਕੁਰਬਾਨੀ ਨੂੰ ਯਾਦ ਕਰੇ ਬਿਨਾਂ ਨਹੀਂ ਰਹਿ ਸਕਦੇ।
ਸਾਰਾਗੜ੍ਹੀ ਲੜਾਈ ਦਾ ਪਿਛੋਕੜ
ਉਨੀਵੀਂ ਸਦੀ ਦੇ ਦੂਸਰੇ ਅੱਧ ਤੱਕ ਬ੍ਰਿਟਿਸ਼ ਭਾਰਤੀ ਸਾਮਰਾਜ ਅਫ਼ਗਾਨਿਸਤਾਨ ਦੀਆਂ ਹੱਦਾਂ ਤੱਕ ਫੈਲ ਚੁੱਕਿਆ ਸੀ ਜੋ ਕਿ ਬਲੋਚਿਸਤਾਨ ਅਤੇ ਉੱਤਰ-ਪੱਛਮੀ ਸਰਹੱਦੀ ਸੂਬੇ ਦੇ ਰੁੱਖੇ ਤੇ ਉੱਚੇ ਨੀਵੇਂ ਪਹਾੜੀ ਦੱਰਿਆਂ ਨਾਲ ਘਿਰਿਆ ਹੋਇਆ ਸੀ। ਇਹ ਇਲਾਕਾ ਖੂੰਖਾਰ ਪਠਾਣਾਂ ਅਤੇ ਅਫ਼ਰੀਦੀ ਆਦਿਵਾਸੀ ਕਬਾਇਲੀਆਂ ਦੇ ਕਬਜ਼ੇ ਵਿਚ ਸੀ ਜਿਨ੍ਹਾਂ ਨੇ ਅੰਗਰੇਜ਼ਾਂ ਦੀ ਸਰਬਉੱਚਤਾ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਅਕਸਰ ਬ੍ਰਿਟਿਸ਼ ਇੰਡੀਆ ਅਤੇ ਅਫ਼ਗਾਨਿਸਤਾਨ ਦੇ ਇਲਾਕੇ ’ਤੇ ਕਾਬਜ਼ ਕਬਾਇਲੀਆਂ ਅਤੇ ਬ੍ਰਿਟਿਸ਼ ਸੈਨਿਕਾਂ ਦਰਮਿਆਨ ਵਪਾਰੀਆਂ ’ਤੇ ਹਮਲਿਆਂ ਜਾਂ ਹੋਰ ਕਾਰਨਾਂ ਕਰਕੇ ਲੜਾਈ ਦਾ ਮਾਹੌਲ ਬਣਿਆ ਰਹਿੰਦਾ ਸੀ। ਸਾਰਾਗੜ੍ਹੀ ਦੀ ਚੌਕੀ ਜੋ ਕਿ 6000 ਫੁੱਟ ਦੀ ਉਚਾਈ ’ਤੇ ਸੀ, ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹਵਾਲਦਾਰ ਈਸ਼ਰ ਸਿੰਘ ਅਤੇ 21 ਸਿੱਖ ਜਵਾਨ ਜੋ 36 ਸਿੱਖ ਰੈਜੀਮੈਂਟ (ਹੁਣ 4 ਸਿੱਖ) ਨਾਲ ਸੰਬੰਧਿਤ ਸਨ ਨੂੰ ਸੌਂਪੀ ਹੋਈ ਇਸ ਨੂੰ ਸਮਾਨਾ ਰਿੱਜ ਵੀ ਆਖਿਆ ਜਾਂਦਾ ਹੈ। ਸਾਰਾਗੜ੍ਹੀ ਚੌਕੀ ਲੋਕਹਾਰਟ ਅਤੇ ਗੁਲਸਤਾਨ ਦੇ ਕਿਲ੍ਹਿਆਂ ਦੇ ਦਰਮਿਆਨ ਸਥਿਤ ਹੋਣ ਕਾਰਨ ਇਸ ਦੀ ਬਹੁਤ ਮਹੱਤਤਾ ਸੀ।
ਸਾਲ 1896 ਵਿਚ ਉੱਤਰ ਪੱਛਮੀ ਸਰਹੱਦੀ ਸੂਬੇ ਦੇ ਪਠਾਣਾਂ ਨੇ ਅੰਗਰੇਜ਼ਾਂ ਦੀ ਵਪਾਰੀਆਂ ਨੂੰ ਹਮਲਿਆਂ ਤੋਂ ਬਚਾਉਣ ਦੀ ਨੀਤੀ ਦੇ ਵਿਰੁੱਧ ਵਿਦਰੋਹ ਕਰ ਦਿੱਤਾ ਅਤੇ ਇਸ ਇਲਾਕੇ ਵਿਚ ਬ੍ਰਿਟਿਸ਼ ਸੈਨਿਕਾਂ ਦੀ ਤਾਇਨਾਤੀ ਖਿਲਾਫ਼ ਜਹਾਦ ਛੇੜ ਦਿੱਤਾ। ਇਸ ਵੰਗਾਰ ਦੇ ਮੁਕਾਬਲੇ ਲਈ 31 ਦਸੰਬਰ 1896 ਨੂੰ ਕੋਹਟ ਵਿਖੇ ਪਹੁੰਚਣ ’ਤੇ 36 ਸਿੱਖ (4 ਸਿੱਖ) ਨੂੰ ਸਮਾਨਾ ਰਿੱਜ ’ਤੇ ਤਾਇਨਾਤ ਕਰਨ ਉਪਰੰਤ ਇਸ ਨੂੰ ਦੋ ਭਾਗਾਂ ਵਿਚ ਵੰਡ ਦਿੱਤਾ ਗਿਆ, ਜਿਸ ਦੇ ਸਿੱਟੇ ਵਜੋਂ ਬਟਾਲੀਅਨ ਹੈਡਕੁਆਰਟਰ ਅਤੇ ਸੱਜੇ ਵਿੰਗ ਦੀ ਅਗਵਾਈ ਦੀ ਵਾਗਡੋਰ ਲੈਫਟੀਨੈਂਟ ਕਰਨਲ ਜੇ. ਹਾਊਸਟਨ, ਕਮਾਂਡਿੰਗ ਅਫਸਰ ਨੇ ਸੰਭਾਲੀ ਅਤੇ 2 ਜੂਨ 1897 ਨੂੰ ਲੋਕਹਾਰਟ ਕਿਲ੍ਹੇ ’ਤੇ ਕਬਜ਼ਾ ਕਰ ਲਿਆ ਅਤੇ ਫ਼ੌਜੀ ਟੁਕੜੀਆਂ ਨੂੰ ਸਾਰਾਗੜ੍ਹੀ, ਦਾਰ, ਸੰਗਰ, ਸਰਤ੍ਰੋਪ, ਕੰੁਗ ਅਤੇ ਗੁਲਸਤਾਨ ਕਿਲ੍ਹੇ ਤੱਕ ਫੈਲਾਅ ਦਿੱਤਾ ਜੋ ਇਥੋਂ ਤਕਰੀਬਨ 5 ਮੀਲ ਦੇ ਫ਼ਾਸਲੇ ’ਤੇ ਸਨ। ਖੱਬਾ ਵਿੰਗ ਜੋ ਕੈਪਟਨ ਡਬਲਿਊ. ਬੀ. ਗੌਰਡਨ ਦੀ ਕਮਾਂਡ ਹੇਠ ਸੀ, ਨੇ 8 ਜਨਵਰੀ 1897 ਨੂੰ ਪਰਚਿਨਾਰ ’ਤੇ ਕਬਜ਼ਾ ਕਰ ਲਿਆ ਅਤੇ ਟੁਕੜੀਆਂ ਥਾਲ ਅਤੇ ਸੱਦਾ ਵਿਖੇ ਤਾਇਨਾਤ ਕਰ ਦਿੱਤੀਆਂ, ਲੜਾਈ ਛਿੜਨ ਦੀ ਸੂਰਤ ਵਿਚ ਇਨ੍ਹਾਂ ਲਈ ਪੱਕਾ ਗੈਰੀਜਨ ਕੋਹਟ ਵਿਖੇ ਸੀ, ਜਿਥੇ ਨੌਜਵਾਨਾਂ ਦੀ ਮੁੜ ਤਾਇਨਾਤੀ ਦਾ ਪ੍ਰਬੰਧ ਸੀ। ਪਰ ਇਹ ਜਗ੍ਹਾ ਇਨ੍ਹਾਂ ਚੌਂਕੀਆਂ ਤੋਂ ਪੰਜਾਹ ਮੀਲ ਸੀ, ਜਿਥੇ ਪਹੰੁਚਣ ਲਈ ਦੁਸ਼ਮਣ ਦੇ ਇਲਾਕੇ ਵਿਚੋਂ ਦੀ ਲਾਂਘਾ ਸੀ।
27 ਅਗਸਤ ਅਤੇ 8 ਸਤੰਬਰ 1897 ਦੇ ਦਰਮਿਆਨ ਉਗਰਜਾਏ ਸੰਪਰਦਾ ਦੇ ਭਾਰੀ ਸੰਖਿਆ ਵਿਚ ਲੋਕਾਂ ਨੇ ਖੱਬੇ ਵਿੰਗ ’ਤੇ ਧਾਵਾ ਬੋਲ ਦਿੱਤਾ ਪਰ 10 ਸਤੰਬਰ 1897 ਤੱਕ ਰੱਖਿਆ ਸੈਨਿਕਾਂ ਵੱਲੋਂ ਹਮਲਾ ਪਛਾੜਦੇ ਹੋਏ ਇਨ੍ਹਾਂ ਧਾੜਵੀਆਂ ਨੂੰ ਖਾਕੀ ਘਾਟੀ ਵਿਚ ਜਾਣ ਲਈ ਮਜਬੂਰ ਕਰ ਦਿੱਤਾ, ਪਰ ਜਲਦੀ 10,000 ਦੇ ਕਰੀਬ ਤਾਕਤਵਰ ਅਫਰੀਦੀ ਲਸ਼ਕਰ ਜਿਸ ਦੇ ਨਾਲ ਉਗਰਜਾਏ ਵੀ ਸਨ, ਨੇ ਸਮਾਨਾ ਚੌਕੀ ’ਤੇ ਜ਼ਬਰਦਸਤ ਹਮਲਾ ਕਰ ਦਿੱਤਾ ਪਰ ਰੱਖਿਆ ਸੈਨਿਕਾਂ ਨੇ ਇਨ੍ਹਾਂ ਦੇ ਹਰ ਹਮਲੇ ਪਛਾੜਦੇ ਹੋਏ ਦੁਸ਼ਮਣ ਨੂੰ ਕਾਫੀ ਜਾਨੀ ਨੁਕਸਾਨ ਪਹੁੰਚਾਇਆ। ਸਾਰਾਗੜ੍ਹੀ ਚੌਕੀ ਦੀ ਮਹੱਤਤਾ ਅਤੇ ਛੋਟੇ ਆਕਾਰ ਨੂੰ ਸਮਝਦੇ ਹੋਏ ਮਿਤੀ 12 ਸਤੰਬਰ 1897 ਨੂੰ ਤਕਰੀਬਨ 8,000 ਅਫਰੀਦੀ ਉਗਰਕਾਜੀ ਆਦਿਵਾਸੀਆਂ ਨੇ ਹਮਲਾ ਕਰਕੇ ਚੌਕੀ ਨੂੰ ਚਾਰ-ਚੁਫੇਰੇ ਤੋਂ ਘੇਰ ਲਿਆ। ਇਸ ਤਰ੍ਹਾਂ ਸਾਰਾਗੜ੍ਹੀ ਦੇ ਰੱਖਿਅਕਾਂ ਦਾ ਮੁੱਖ ਰੱਖਿਆ ਦਸਤਿਆਂ ਅਤੇ ਦੂਸਰਿਆਂ ਨਾਲ ਸੰਪਰਕ ਪੂਰਨ ਤੌਰ ’ਤੇ ਟੁੱਟ ਗਿਆ। ਇਸ ਦੇ ਸਿੱਟੇ ਵਜੋਂ ਦੁਸ਼ਮਣ ਦੇ ਘੇਰੇ ਵਿਚ ਆਈ ਰੱਖਿਅਕ ਟੁਕੜੀ ਤੱਕ ਕੋਈ ਰਾਸ਼ਨ, ਗੋਲੀ ਸਿੱਕਾ ਅਤੇ ਕੁਮਕ ਨਾ ਪਹੁੰਚ ਸਕੀ। ਚੌਕੀ ਪਾਸ ਬਟਾਲੀਅਨ ਹੈੱਡ ਕੁਆਰਟਰ ਨਾਲ ਪਹਾੜੀ ਇਲਾਕੇ ਵਿਚ ਸੂਚਨਾ ਪਹੁੰਚਾਉਣ ਦਾ ਉਸ ਸਮੇਂ ਵਿਚ ਪ੍ਰਚਲਿਤ ਸਾਧਨ ਸਿਰਫ਼ ਹੈਲੀਓਗ੍ਰਾਫ਼ (ਸ਼ੀਸ਼ਾ) ਹੁੰਦਾ ਸੀ।
ਸਾਰਾਗੜ੍ਹੀ ਦੀ ਗੌਰਵਮਈ ਅਤੇ ਮਹੱਤਵਪੂਰਨ ਲੜਾਈ ਨੇ ਭਿਆਨਕ ਰੁਖ਼ ਉਦੋਂ ਅਪਣਾ ਲਿਆ ਜਦੋਂ ਦੁਸ਼ਮਣ ਦੇ ਵੱਡੇ ਲਸ਼ਕਰ ਨੇ ਮਿਤੀ 12 ਸਤੰਬਰ 1897 ਨੂੰ ਸਵੇਰੇ 9.30 ਵਜੇ ਸਾਰਾਗੜ੍ਹੀ ਦੀ ਹਿਫਾਜਤੀ ਟੁਕੜੀ ਦੇ 22 ਸਿੱਖ ਸੈਨਿਕਾਂ ’ਤੇ ਹਮਲਾ ਕੀਤਾ। ਰੱਖਿਅਕਾਂ ਨੇ ਦੁਸ਼ਮਣ ਦੇ ਹਮਲੇ ਨੂੰ ਨਾ-ਸਿਰਫ਼ ਪਛਾੜਿਆ ਸਗੋਂ ਸੈਂਕੜੇ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸਾਰਾਗੜ੍ਹੀ ਚੌਂਕੀ ਦੇ ਇਨ੍ਹਾਂ ਸੂਰਬੀਰਾਂ ਨੇ ਦੁਸ਼ਮਣ ਦੀ ਵੱਡੀ ਗਿਣਤੀ ਦੀ ਪਰਵਾਹ ਨਾ ਕਰਦੇ ਹੋਏ ਉਨ੍ਹਾਂ ਦੇ ਹਮਲਿਆਂ ਨੂੰ ਨਾ ਕਾਮਯਾਬ ਬਣਾਇਆ। ਇਹ ਲੜਾਈ ਦਿਨ ਭਰ ਚੱਲਣ ਕਾਰਨ ਇਕ ਮੌਕਾ ਅਜਿਹਾ ਆਇਆ ਜਦੋਂ ਦੁਸ਼ਮਣ ਦੇ ਚੀਫ਼-ਗੁਲ ਬਾਦਸ਼ਾਹ ਦੀ ਅਗਵਾਈ ਵਿਚ ਲਗਾਤਾਰ ਨਿਰਦਾਇਤਾ ਭਰਪੂਰ ਹਮਲਿਆਂ ਕਾਰਨ ਸਾਰਾਗੜ੍ਹੀ ਦੇ ਰੱਖਿਅਕਾਂ ਦੀ ਗਿਣਤੀ ਲਗਾਤਾਰ ਘਟਣੀ ਸ਼ੁਰੂ ਹੋ ਗਈ। ਰੱਖਿਅਕਾਂ ਦੇ ਮਨਸੂਬਿਆਂ ਨੂੰ ਹੋਰ ਮੁਸ਼ਕਿਲ ਬਣਾਉਣ ਲਈ ਚੌਕੀ ਦੇ ਚਾਰ-ਚੁਫੇਰੇ ਝਾੜੀਆਂ ਨੂੰ ਅੱਗ ਲਗਾ ਕੇ ਧੂੰਆਂ ਕਰ ਦਿੱਤਾ ਗਿਆ ਜਿਸ ਦਾ ਫਾਇਦਾ ਉਠਾ ਕੇ ਧਾੜਵੀ ਚੌਂਕੀ ਅੰਦਰ ਘੁਸਪੈਠ ਕਰਨ ਵਿਚ ਕਾਮਯਾਬ ਹੋ ਗਏ ਅਤੇ ਬਾਕੀਆਂ ਨੂੰ ਅੰਦਰ ਘੁਸੇੜਨ ਵਿਚ ਸਹਾਈ ਹੋਏ। ਗੁਲਸਤਾਨ ਗੈਰੀਜਨ (ਛਾਉਣੀ ਵਾਲੇ) ਇਹ ਸਭ ਕਾਰਵਾਈਆਂ ਦੇਖਦੇ ਰਹੇ ਪਰ ਦੋਵਾਂ ਚੌਂਕੀਆਂ ਵਿਚ ਆਪਸੀ ਦੂਰੀ ਹੋਣ ਕਾਰਨ ਕੋਈ ਵੀ ਸਹਾਇਤਾ ਕਰਨ ਤੋਂ ਅਸਮਰੱਥ ਰਹੇ। ਇਸ ਤਰ੍ਹਾਂ ਬਗੈਰ ਰਾਸ਼ਨ, ਗੋਲੀ ਸਿੱਕਾ ਅਤੇ ਕੁਮਕ ਤੋਂ ਸਾਰੇ ਦੇ ਸਾਰੇ 22 ਸਿੱਖ ਸਿਪਾਹੀ ਸਾਰਾਗੜ੍ਹੀ ਚੌਂਕੀ ਦੀ ਰੱਖਿਆ ਖਾਤਰ, ਆਖਰੀ ਗੋਲੀ ਤੇ ਆਖਰੀ ਸਾਹ ਤੱਕ ਲੜਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ ਪਰ ਉਨ੍ਹਾਂ ਵੱਲੋਂ ਆਪਣੇ ਕਬਜ਼ੇ ਹੇਠ ਜ਼ਮੀਨ ਦਾ ਇਕ ਇੰਚ ਹਿੱਸਾ ਵੀ ਦੁਸ਼ਮਣ ਨੂੰ ਲੈਣ ਨਹੀਂ ਦਿੱਤਾ ਗਿਆ। ਇਨ੍ਹਾਂ ਸੂਰਬੀਰਾਂ ਨੇ ‘ਸਵਾ ਲਾਖ ਸੇ ਏਕ ਲੜਾਓਂ’ ਦੀਆਂ ਨਿਰੋਲ ਖਾਲਸਾ ਪਰੰਪਰਾਵਾਂ ਦਾ ਮੁਜ਼ਾਹਰਾ ਕਰਦੇ ਹੋਏ ਆਪਣਾ ਫਰਜ਼ ਨਿਭਾਇਆ ਅਤੇ ਜਾਨਾਂ ਕੁਰਬਾਨ ਕਰ ਗਏ।
ਬਰਤਾਨਵੀ ਸੰਸਦ ਵੱਲੋਂ ਸ਼ਰਧਾਂਜਲੀ
ਇਨ੍ਹਾਂ ਸੂਰਬੀਰਾਂ ਦੇ ਸ਼ਾਨਦਾਰ ਬਹਾਦਰੀ ਦੇ ਅਮਿੱਟ ਕਾਰਨਾਮੇ ਨੂੰ ਸੁਣ ਕੇ ਬ੍ਰਿਟਿਸ਼ ਪਾਰਲੀਮੈਂਟ ਵੱਲੋਂ ਇਕਜੁਟ ਹੋ ਕੇ ਬਹਾਦਰ ਸਿਪਾਹੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਜਿਨ੍ਹਾਂ ਮਹਾਨ ਯੋਧਿਆਂ ਨੇ ਸਾਰਾਗੜ੍ਹੀ ਦੀ ਲੜਾਈ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਦੇ ਨਾਂਅ ਇਸ ਪ੍ਰਕਾਰ ਹਨ : 165 ਹਵਾਲਦਾਰ ਈਸ਼ਰ ਸਿੰਘ, 332 ਨਾਇਕ ਲਾਲ ਸਿੰਘ, 546 ਲਾਂਸ ਨਾਇਕ ਚੰਦਾ ਸਿੰਘ, 1321 ਸਿਪਾਹੀ ਸੰੁਦਰ ਸਿੰਘ, 492 ਸਿਪਾਹੀ ਉੱਤਮ ਸਿੰਘ, 859 ਸਿਪਾਹੀ ਹੀਰਾ ਸਿੰਘ, 791 ਸਿਪਾਹੀ ਭੋਲਾ ਸਿੰਘ, 834 ਸਿਪਾਹੀ ਨਾਰਾਇਣ ਸਿੰਘ, 874 ਸਿਪਾਹੀ ਦਿਵਾਨ ਸਿੰਘ, 463 ਸਿਪਾਹੀ ਰਾਮ ਸਿੰਘ, 1257 ਸਿਪਾਹੀ ਭਗਵਾਨ ਸਿੰਘ, 1651 ਸਿਪਾਹੀ ਜੀਵਾ ਸਿੰਘ, 782 ਸਿਪਾਹੀ ਸਾਹਿਬ ਸਿੰਘ, 287 ਸਿਪਾਹੀ ਰਾਮ ਸਿੰਘ, 687 ਸਿਪਾਹੀ ਦਇਆ ਸਿੰਘ, 781 ਸਿਪਾਹੀ ਜੀਵਨ ਸਿੰਘ, 844 ਸਿਪਾਹੀ ਗੁਰਮੁੱਖ ਸਿੰਘ, 1733 ਸਿਪਾਹੀ ਗੁਰਮੁੱਖ ਸਿੰਘ, 1265 ਸਿਪਾਹੀ ਭਗਵਾਨ ਸਿੰਘ, 1556 ਸਿਪਾਹੀ ਬੇਲਾ ਸਿੰਘ, 1221 ਸਿਪਾਹੀ ਨੰਦ ਸਿੰਘ ਅਤੇ ਸੇਵਾਦਾਰ ਦਾਓ ਸਿੰਘ।
ਇਨ੍ਹਾਂ ਜਾਬਾਂਜ ਬਹਾਦਰ ਸਿਪਾਹੀਆਂ ਵਿਚੋਂ 21 ਸ਼ਹੀਦਾਂ ਨੂੰ ਇੰਡੀਅਨ ਆਰਡਰ ਆਫ ਮੈਰਿਟ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਅੱਜਕਲ੍ਹ ਦੇ ਪਰਮਵੀਰ ਚੱਕਰ ਦੇ ਬਰਾਬਰ ਹੈ, ਜੋ ਉਸ ਸਮੇਂ ਭਾਰਤੀ ਫ਼ੌਜ ਨੂੰ ਦਿੱਤਾ ਜਾਣ ਵਾਲਾ ਸਰਬੋਤਮ ਬ੍ਰਿਟਿਸ਼ ਬਹਾਦਰੀ ਪੁਰਸਕਾਰ ਸੀ। ਇਸ ਤੋਂ ਪਹਿਲਾਂ ਅਤੇ ਬਾਅਦ ਵਿਚ ਕਦੇ ਵੀ ਏਨੀ ਵੱਡੀ ਗਿਣਤੀ ਵਿਚ ਮਰਨ ਉਪਰੰਤ ਕਿਸੇ ਇਕ ਯੂਨਿਟ ਨੂੰ ਇਕੋ ਟਾਈਮ ’ਤੇ ਅਜਿਹੇ ਬਹਾਦਰੀ ਦੇ ਤਗਮੇ ਨਹੀਂ ਦਿੱਤੇ ਗਏ।
ਇਤਿਹਾਸਕ ਮਹੱਤਤਾ
ਸਾਰਾਗੜ੍ਹੀ ਦੀ ਲੜਾਈ ਸੰਸਾਰ ਦੀਆਂ 10 ਅਜਿਹੀਆਂ ਲੜਾਈਆਂ ਵਿਚੋਂ ਇਕ ਹੈ ਜਿਥੇ ਬਹੁਤ ਹੀ ਘੱਟ ਗਿਣਤੀ ਵਿਚ ਸੂਰਬੀਰ ਸੈਨਿਕਾਂ ਨੇ ਦੁਸ਼ਮਣ ਦੇ ਵੱਡੀ ਗਿਣਤੀ ਵਿਚ ਲਸ਼ਕਰ ਨਾਲ ਲੋਹਾ ਲਿਆ ਪਰ ਜਿਊਂਦੇ ਜੀਅ ਦੁਸ਼ਮਣ ਨੂੰ ਚੌਕੀ ’ਤੇ ਕਬਜ਼ਾ ਨਹੀਂ ਕਰਨ ਦਿੱਤਾ। ਇਕ ਵਿਦੇਸ਼ੀ ਪੱਤ੍ਰਿਕਾ ਨੇ ਇਸ ਦੀ ਸੰਸਾਰ ਦੀ ਥ੍ਰਮੋਪਲਾਏ ਦੀ ਲੜਾਈ ਜੋ 480 ਬੀ. ਸੀ. ਵਿਚ ਲੜੀ ਗਈ ਸੀ, ਵਾਂਗ 5 ਲੜਾਈਆਂ ਵਿਚ ਗਿਣਿਆ ਹੈ। ਇਸ ਮਹੱਤਵਪੂਰਨ ਅਤੇ ਗੌਰਵਮਈ ਲੜਾਈ ਦਾ ਇਤਿਹਾਸ ਫਰਾਂਸ ਵਿਚ ਸਕੂਲੀ ਬੱਚਿਆਂ ਦੇ ਸਿਲੇਬਸ ਦਾ ਵਿਸ਼ਾ ਹੈ। ਯੂਨੈਸਕੋ ਵੱਲੋਂ ਸਮੂਹਿਕ ਤੌਰ ’ਤੇ ਛਪਣ ਵਾਲੀਆਂ 8 ਇਤਿਹਾਸਕ ਕਹਾਣੀਆਂ ਵਿਚੋਂ ਸਾਰਾਗੜ੍ਹੀ ਦੀ ਲੜਾਈ ਦਾ ਇਤਿਹਾਸ ਵੀ ਸ਼ਾਮਿਲ ਹੈ।
ਆਓ ਅੱਜ ਦੇ ਦਿਨ ਉਨ੍ਹਾਂ ਸਮੂਹ ਸ਼ਹੀਦਾਂ ਨੂੰ ਪ੍ਰਣਾਮ ਕਰੀਏ, ਜਿਨ੍ਹਾਂ ਦੀ ਕੁਰਬਾਨੀ ਸਦਕਾ ਅਸੀਂ ਸੁਰੱਖਿਅਤ ਹਾਂ ਅਤੇ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ।

-ਕੁਲਦੀਪ ਸਿੰਘ ਕਾਹਲੋਂ - ਬ੍ਰਿਗੇ: (ਰਿਟਾ:)
(ਰੋਜ਼ਾਨਾ ਅਜੀਤ ਜਲੰਧਰ ਵਿੱਚੋਂ)

02 September, 2007

KDE4 Pu

you can test Punjabi and KDE4 same time. What do you think about
Translation. please put a comment for us.

KDE4 in Punjabi on OpenSUSE

Please check Many More Screenshots here

Thanks

24 August, 2007

ਭਾਰਤ ਅਤੇ ਪਾਇਰੇਸੀ ਅਤੇ ਅੱਜ ਦੀ ਪੀੜ੍ਹੀ

ਬੀਬੀਸੀ ਦੀਆਂ ਖ਼ਬਰਾਂ ਮੁਤਾਬਕ ਕੁਝ ਭਾਰਤੀ ਸਾਫਟਵੇਅਰ ਅਤੇ ਫਿਲਮ ਬਾਜ਼ਾਰ ਉੱਤੇ ਪਾਇਰੇਸੀ ਦੀ ਝਲਕ
ਅਨੁਮਾਨ ਦੇ ਮੁਤਾਬਕ ਪਾਇਰੇਸੀ (piracy) ਦੀ ਵਜ੍ਹਾ ਨਾਲ ਭਾਰਤ ਨੂੰ ਹਰੇਕ ਸਾਲ $500 ਮਿਲੀਅਨ ਦਾ ਨੁਕਸਾਨ ਹੋ ਰਿਹਾ ਹੈ, ਜੋ ਕਿ
ਭਾਰਤੀ ਪੈਸਿਆਂ ਦੇ ਮੁਤਾਬਕ 2 ਅਰਬ ਰੁਪਿਆ ਬਣਦਾ ਹੈ, (ਹੋਰ ਆਸਾਨੀ ਨਾਲ ਸਮਝਣ ਲਈ 200 ਕਰੋੜ)

ਮਾਈਕਰੋਸਾਫਟ ਆਫਿਸ ਸਭ ਤੋਂ ਵੱਧ ਪਾਇਰੇਟ ਕੀਤਾ ਜਾਣ ਵਾਲਾ ਸਾਫਟਵੇਅਰ ਹੈ।
60% ਫਿਲਮਾਂ ਜਾਅਲੀ ਵਿਕਦੀਆਂ ਹਨ

ਭਾਰਤੀ ਬਾਜ਼ਾਰ ਵਿੱਚ 74% ਸਾਫਟਵੇਅਰ ਜਾਅਲੀ ਹਨ

ਇਹ ਤਾਂ ਸੁਰਖੀਆਂ ਹਨ, ਜੋ ਸ਼ਾਇਦ ਤੁਹਾਡਾ ਦਿਲ ਉਨ੍ਹਾਂ ਨਾ ਤੋੜਨ, ਜਿੰਨ੍ਹਾਂ ਇਹ ਲੇਖ ਪੜ੍ਹਨ ਤੋਂ ਬਾਅਦ
ਟੁੱਟੇ।


ਭਾਰਤ ਵਿੱਚ ਪਾਇਰੇਸੀ ਕਿੰਨੀ ਕੁ ਹੈ, ਇਹ ਤਾਂ ਭਾਰਤ ਵਾਸੀ ਪਹਿਲਾਂ ਹੀ ਜਾਣਦੇ
ਸਨ, ਤੁਸੀਂ ਜਾਣਦੇ ਹੋ, ਮੈਂ ਜਾਣਦਾ ਹੈ, ਪਰ ਇਹ ਜੇਹੜਾ ਹਿਸਾਬ-ਕਿਤਾਬ
ਸਾਹਮਣੇ ਆਇਆਂ ਹੈ, ਇਹ ਇੱਕ ਮੁੱਦਾ ਸਪਸ਼ਟ ਕਰਦਾ ਹੈ, ਸਾਫ਼ ਕਰਦਾ ਹੈ
ਕਿ ਨਵੀਂ ਪੀੜ੍ਹੀ ਦਾ ਕਸੂਰ ਕਿੰਨਾ ਹੈ।

* ਕਹਾਣੀ ਫਿਲਮਾਂ, ਗਾਣਿਆਂ ਤੋਂ ਗੱਲ ਸ਼ੁਰੂ ਕਰਦੇ ਹਾਂ:
ਇਮਾਨਦਾਰੀ ਨਾਲ ਗਿਣਤੀ ਕਰਿਓ ਕਿੰਨਾ ਵਾਰ ਤੁਸੀਂ ਅਸਲੀ
ਸੀਡੀ ਖਰੀਦੀ ਹੈ? (ਹਾਂ ਕੈਸਿਟ ਤਾਂ ਬਹੁਤੀ ਵਾਰ ਖਰੀਦ ਲੈਂਦੇ ਹੋਵੇਗੇ)

ਸ਼ਾਇਦ ਇੱਕ,ਦੋ ਜਾਂ ਚਾਰ ਵਾਰ, ਪਰ MP3 ਕਿੰਨੀ ਵਾਰ,
ਸ਼ਾਇਦ ਇਹ ਤਾਂ ਇੱਕ ਖਰੀਦੇ ਹਾਂ, ਜੇ ਮਿਲ ਜਾਵੇ ਨਹੀਂ ਤਾਂ ਦੋਸਤ
ਕੋਲੋਂ ਲੈ ਕੇ ਮੁੱਦਾ ਸਾਰ ਲਈਦਾ ਹੈ
ਇਹ ਤਾਂ ਗਲ਼ ਹੋਈ ਨਹੀਂ ਖਰੀਦੇ, ਪਰ ਕਾਹਤੋਂ?
ਹੁਣ ਜੇ ਸੀਡੀ ਦੀ ਗਲ਼ ਹੀ ਕਰੀਏ ਤਾਂ ਉਸ ਦੀ
ਕੀਮਤ 100 ਨੂੰ ਛੂੰਹਦੀ ਹੈ ਅਤੇ ਪੰਜਾਬੀ 'ਚ ਹਰੇਕ ਹੀ ਸ਼ਿੰਗਰ ਹੈ,
ਜੇ ਹਰ ਰੋਜ਼ ਨਵੀਂ ਕੈਸਿਟ ਨੀਂ ਆਉਦੀ ਤਾਂ ਹਰੇਕ ਹਫਤੇ 2-3 ਆ
ਹੀ ਜਾਂਦੀਆਂ ਹਨ, ਇਸ ਹਿਸਾਬ ਨਾਲ ਮਹੀਨੇ 'ਚ ਆਈਆਂ
ਨਵੀਆਂ ਸੀਡੀਆਂ 10 ਤੋਂ 12, ਹੁਣ ਹਰੇਕ ਮਹੀਨੇ 1000 ਰੁਪਏ
ਕੋਈ ਵੀ ਨੌਜਵਾਨ ਖਰਚ ਸਕੇਗਾ ਨਹੀਂ, ਤਾਂ ਫੇਰ MP3 ਹੀ ਹੱਲ਼ ਹੈ।
ਇਹ ਦਾ ਹੱਲ਼ ਤਾਂ ਕੰਪਨੀਆਂ ਨੂੰ ਕੀਮਤ ਘਟਾ ਕੇ ਸੋਚਣਾ ਹੀ ਪਵੇਗਾ।

ਪਰ ਇਹ MP3 ਕਿਉਂ ਠੀਕ ਨੀਂ,
> ਗਾਇਕ, ਸੰਗੀਤਕਾਰ, ਗੀਤਕਾਰ, ਅਤੇ ਢੋਲਕੀ ਛੈਣੇ ਵਜਾਉਣ ਵਾਲਿਆਂ ਦੀ
ਮੇਹਨਤ ਦਾ ਪੂਰਾ ਮੁੱਲ ਨਹੀਂ ਪੈਂਦਾ ਹੈ।
> ਸੰਗੀਤ ਦੀ ਪੂਰੀ ਕੁਆਲਟੀ ਤੁਹਾਨੂੰ ਮਿਲਦੀ ਨਹੀਂ ਹੈ
> ਦੇਸ਼ ਨੂੰ ਟੈਕਸ ਦਾ ਨੁਕਸਾਨ

(ਹੁਣ ਇਹ ਗੱਲ਼ ਬਹੁਤੇ ਗਾਇਕ ਟੀਵੀ ਉੱਤੇ ਬੈਠੇ ਕਰਦੇ ਨੇ, ਭਾਵੇਂ ਆਪ
ਕਾਲਜ ਦੇ ਦਿਨਾਂ 'ਚ ਕਦੇ ਵੀ ਅਸਲੀ ਸੀਡੀ/ਕੈਸਿਟ ਨਾ ਖਰੀਦੀ ਹੋਵੇ)

---
ਸਾਫਟਵੇਅਰ
---

ਸਾਫਟਵੇਅਰਾਂ ਨੂੰ ਅਸਲ 'ਚ ਸਭ ਤੋਂ ਵੱਧ ਮਾਰ ਪੈ ਰਹੀ ਹੈ, ਇਸ ਦੇ
ਵੱਡੇ ਵੱਡੇ ਕਾਰਨ ਹਨ ਅਤੇ ਛੋਟੇ ਵੀ, ਮੇਰਾ ਓਪਨ ਸੋਰਸ ਵੱਲ
ਰੁਝਾਨ ਇਸਕਰਕੇ ਨਹੀਂ ਹੈ ਕਿ ਇਸਦਾ ਸਰੋਤ ਮਿਲਦਾ ਹੈ, ਬਲਕਿ
ਇਹ ਮੁਫ਼ਤ ਹੈ, (ਫਰੀ) ਹੈ। ਅੱਜ ਦੇ ਬਹੁਤੇ ਨੌਜਵਾਨ ਕੰਪਿਊਟਰ
ਦੇ ਫੀਲਡ 'ਚ ਨੌਕਰੀਆਂ ਤਾਂ ਭਾਲਦੇ ਹਨ, ਪਰ ਸਾਫਟਵੇਅਰ
ਓਰੀਜ਼ਨਲ ਨਹੀਂ ਵਰਤਦੇ ਜਾਂ ਵਰਤਣਾ ਚਾਹੁੰਦੇ। ਹੁਣ ਆਪ
ਹੀ ਦੱਸੋ ਜਿੱਥੇ 2 ਅਰਬ ਰੁਪਏ ਹਰੇਕ ਵਰੇ ਡੁੱਬ ਜਾਂਦੇ ਹਨ, ਉਹ
ਸਾਫਟਵੇਅਰ ਮਾਹਰਾਂ ਨੂੰ ਤਨਖਾਹ ਦੇਣ ਦੇ ਕੰਮ ਹੀ ਆਉਣੇ ਸਨ
ਜੇ ਨਾ ਡੁੱਬਦੇ। ਪਰ ਉਹ ਕਿਧਰ ਗਏ, ਜੇਹੜੇ ਆਪਣਾ ਅਸਲੀ
ਸਾਫਟਵੇਅਰ ਖਰੀਦਣ ਦੀ ਬਜਾਏ ਜਾਅਲੀ ਸੀਡੀ ਖਰੀਦ ਕੇ
ਖਰਾਬ ਕਰ ਦਿੱਤੇ। ਇਹ ਤਾਂ ਆਪਣੇ ਪੈਰੀ ਆਪ ਕੁਹਾੜਾ ਮਾਰਨ
ਵਾਲੀ ਗ਼ੱਲ ਹੈ। ਅਸੀਂ ਆਪਣੀਆਂ ਨੌਕਰੀਆਂ ਆਪ ਹੀ ਗੁਆ ਰਹੇ
ਹਾਂ, ਆਪਣੀਆਂ ਤਨਖਾਹਾਂ ਆਪ ਹੀ ਘਟਾ ਰਹੇ ਹਾਂ।

ਪਾਇਰੇਸੀ ਦੇ ਖਾਸ ਨੁਕਸਾਨ ਮਿਊਜ਼ਕ ਇੰਡਸਟਰੀ ਤੋਂ ਅੱਡ
ਇੰਝ ਹਨ:
>ਨੌਕਰੀਆਂ ਦੇ ਵਾਧੇ 'ਚ ਕਮੀ,ਜਿਸ ਦੀ ਭਾਰਤ 'ਚ
ਬਹੁਤ ਲੋੜ ਹੈ (ਜਿਸ ਹਿਸਾਬ ਨਾਲ ਨੌਕਰੀਆਂ ਦੀ ਗਿਣਤੀ
ਵਧਣੀ ਚਾਹੀਦੀ ਸੀ, ਉਹ ਵੱਧ ਨਹੀਂ ਰਹੀ ਹੈ)

> ਤੁਹਾਨੂੰ ਮਿਲਣ ਵਾਲੇ ਪਾਇਰੇਟ ਸਾਫਟਵੇਅਰ ਅਕਸਰ ਵਾਇਰਸ ਨਾਲ
ਮਿਲੇ ਹੁੰਦੇ ਹਨ, ਸੋ ਤੁਹਾਡੀ ਸੁਰੱਖਿਆ ਨੂੰ ਖਤਰਾ ਹੀ ਰਹਿੰਦਾ ਹੈ।
ਸਪਸ ਮੇਲਾਂ ਅਤੇ ਹੋਰ ਖਤਰੇ ਦਿਨੋਂ ਦਿਨ ਗੰਭੀਰ ਰੂਪ ਧਾਰਨ ਕਰਦੇ ਜਾ ਰਹੇ ਹਨ।

> ਤੁਸੀਂ ਇਹ ਸਾਫਟਵੇਅਰ ਅੱਗੇ ਦੋਸਤਾਂ 'ਚ ਸ਼ੇਅਰ ਕਰਕੇ
ਆਪਣੇ ਆਪ ਨੂੰ ਅਪਰਾਧੀ ਬਣਾ ਲੈਂਦੇ ਹੋ (ਭਾਵੇਂ ਤੁਸੀਂ ਜਾਣੋ ਜਾਂ ਨਾ,
ਇਹ ਕਾਨੂੰਨੀ ਅਪਰਾਧ ਹੈ ਅਤੇ ਕਰੋੜਾਂ ਰੁਪਏ ਦੇ ਜੁਰਮਾਨੇ ਤੋਂ ਬਿਨਾਂ,
3 ਤੋਂ 5 ਸਾਲ ਦੀ ਕੈਦ ਭਾਰਤੀ ਕਾਨੂੰਨ ਮੁਤਾਬਕ ਹੈ)

> ਦੇਸ਼ ਦੀ ਆਮਦਨ ਦਾ ਭਾਰੀ ਨੁਕਸਾਨ

> ਸਾਫਟਵੇਅਰ ਕੰਪਨੀਆਂ ਦੇ ਮੁਨਾਫ਼ੇ 'ਚ ਭਾਰੀ ਘਾਟਾ

> ਕੰਪਨੀ ਦੇ ਮੁਨਾਫ਼ੇ 'ਚ ਘਾਟੇ ਕਰਕੇ ਤਨਖਾਹਾਂ 'ਚ ਕਮੀ

> ਅਤੇ ਹਾਂ, ਆਪਣੇ ਅਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੱਤ
ਤਾਂ ਤੁਸੀਂ ਅਣਜਾਣੇ 'ਚ ਮਾਰ ਰਹੇ ਹੋ।


ਇੱਥੇ ਵੀ ਮੁੱਦਾ ਕੀਮਤ ਦਾ ਆਉਦਾ ਹੈ,( ਵਿੰਡੋ ਵਿਸਟਾ
ਦੀ ਕੀਮਤ 14000 ਰੁਪਏ ਨੂੰ ਟੱਪ ਜਾਂਦੀ ਹੈ),
ਪਰ ਇੱਥੇ ਤੁਹਾਡੇ ਕੋਲ ਹੱਲ਼ ਹੈ,

ਓਪਨਸੋਰਸ (Free Software), ਬਸ ਕੁਝ ਟੱਕਰਾਂ
ਜ਼ਰੂਰ ਮਾਰਨੀਆਂ ਪੈਣਗੀਆਂ, ਪਰ ਤੁਹਾਨੂੰ ਸਭ ਕੁਝ ਕਰਨ ਲਈ
ਮੁਫ਼ਤ ਸਾਫਟਵੇਅਰ ਮਿਲ ਜਾਣਗੇ (ਓਪਨ ਸੋਰਸ, ਮੈਂ
ਟਰਾਇਲ, ਸ਼ੇਅਰਵੇਅਰ ਦੀ ਗ਼ਲ ਨਹੀਂ ਕਰਦਾ ਹਾਂ)।

ਹੁਣ ਮੁਫ਼ਤ ਅਤੇ ਮੁਕਤ ਕਿਵੇਂ ਹਨ, ਇਸ ਦੀ ਉਦਾਹਰਨ

> ਵਿੰਡੋਜ਼ ਓਪਰੇਟਿੰਗ ਸਿਸਟਮ ਦੇ ਸਾਹਮਣੇ ਲਿਨਕਸ ਮੁਫ਼ਤ
ਆਉਦਾ ਹੈ। ਵਿੰਡੋਜ਼ ਦੀ ਕੀਮਤ ਦੇ ਸਾਹਮਣੇ ਲਿਨਕਸ ਦੀ ਕੀਮਤ
ਬੱਸ ਸੀਡੀ ਦੇ ਬਰਾਬਰ ਹੈ (ਭਾਵ ਕਿ 0 ਤੋਂ ਲੈਕੇ 500 ਰੁਪਏ
ਤੱਕ), ਸੀਡੀ ਨਹੀਂ ਲੈਣੀ ਤਾਂ ਡਾਊਨਲੋਡ ਕਰ ਲਵੋ।

> ਤੁਸੀਂ ਮੁਫਤ/ਮੁਕਤ (ਓਪਨ ਸੋਰਸ) ਸਾਫਟਵੇਅਰ ਆਪਣੇ ਦੋਸਤ
ਮਿਤਰਾਂ 'ਚ ਜਿਵੇਂ ਮਰਜ਼ੀ ਵੰਡੀ ਜਾਓ ਕੋਈ ਲਾਅ (ਕਾਨੂੰਨ) ਨਹੀਂ
ਤੋੜ ਰਹੇ ਹੋ।

> ਸੁਰੱਖਿਆ ਦੇ ਪੱਖ ਤੋਂ ਸਭ ਤੋਂ ਸੁਰੱਖਿਅਤ ਸਾਫਟਵੇਅਰ ਹਨ

> ਤੁਹਾਡੇ ਵਰਗੇ ਕੰਪਿਊਟਰ ਵਰਤਣ ਵਾਲੇ ਕੋਲਾਂ ਦੀਆਂ ਨੌਕਰੀਆਂ
ਤੁਸੀਂ ਖੋਂਹਦੇ ਨਹੀਂ ਹੋ, ਬਲਕਿ ਪੈਦਾ ਕਰਨ 'ਚ ਯੋਗਦਾਨ ਦਿੰਦੇ ਹੋ।

> "ਤੁਹਾਡੇ ਸਾਫਟਵੇਅਰ, ਤੁਹਾਡੇ ਲਈ ਤੁਹਾਡੇ ਵਲੋਂ", ਲੋਕ ਤੁਹਾਨੂੰ
ਚੰਗਾ ਸਹਿਯੋਗ ਦਿੰਦੇ ਹਨ, (ਕਮਿਊਨਟੀ)

>ਦੇਸ਼, ਦੁਨਿਆਂ ਦੇ ਭਵਿੱਚ ਨੂੰ ਸੁਆਰਨ 'ਚ ਯੋਗਦਾਨ

ਸਿੱਟਾ:
ਇਹ ਪਾਇਰੇਸੀ ਦੀ ਲੜਾਈ ਕੰਪਨੀਆਂ, ਦੇਸ਼ ਅਤੇ ਕਾਨੂੰਨ ਨੇ ਆਪਣੇ ਆਪਣੇ
ਪੱਧਰ ਉੱਤੇ ਲੜੀ ਜਾਣੀ ਹੈ, ਪਰ ਲੜਾਈ ਸਫ਼ਲ ਕਦੋਂ ਹੋਣੀ ਹੈ, ਜਦੋਂ ਇਸ ਵਿੱਚ
ਲੋਕ, (ਹਾਂ ਤੁਸੀਂ ਅਤੇ ਮੈਂ) ਇੱਕਠੇ ਹੋਏ, ਇਸ ਪਾਇਰੇਸੀ ਨੂੰ ਖਤਮ ਕਰਨ ਲਈ
ਵਚਨਬੱਧ ਹੋਏ। ਜਦੋਂ ਸੰਕਲਪ ਕਰ ਲਿਆ ਕਿ ਸਾਫਟਵੇਅਰ ਅਤੇ ਗਾਣੇ ਅਸਲੀ
ਸੀਡੀ ਤੋਂ ਹੀ ਲਵਾਂਗੇ, ਇੱਥੇ ਗੱਲ਼ ਸਾਡੇ ਜਤਨਾਂ ਨਾਲ ਨਹੀਂ ਮੁੱਕਦੀ, ਕੰਪਨੀਆਂ
ਨੂੰ ਕੀਮਤ ਵਿੱਚ ਕਮੀਂ ਕਰਕੇ ਲੋਕਾਂ ਦਾ ਸਾਥ ਦੇਣਾ ਪਵੇਗਾ (ਮੋਜ਼ਬੀਅਰ ਦੇ 44
ਰੁਪਏ ਦੀ ਅਸਲੀ ਡੀਵੀਡੀ ਵੇਚ ਕੇ ਇਹ ਜ਼ਾਹਰ ਕਰ ਦਿੱਤਾ ਹੈ)।
ਹੁਣ ਇਸ ਪਾਇਰੇਸੀ ਲਈ ਅਸੀਂ ਸਾਰੇ ਰਲ਼ ਕੇ ਤਿਆਰੀ
ਕਰੀਏ ਅਤੇ ਹਟਾ ਦੇਈ ਇਸ ਗਲਤ ਸੋਚ ਨੂੰ ਆਪਣੇ ਦਿਮਾਗ 'ਚੋਂ, ਆਪਣੇ
ਆਲੇ ਦੁਆਲੇ ਤੋਂ ਅਤੇ ਇਸ ਦੁਨਿਆਂ ਤੋਂ।

ਖ਼ੈਰ ਇਹ ਤਾਂ ਲੜਾਈ ਹੈ, ਚੱਲਦੀ ਹੀ ਰਹਿਣੀ ਹੈ, ਪਰ ਪਾਇਰੇਟ ਸੀਡੀ ਲੈਣ ਵਾਰ
ਇੱਕ ਵਾਰ ਸੋਚਿਓ ਜ਼ਰੂਰ ਕਿ ਕਿਤੇ ਤੁਸੀਂ, ਤੁਹਾਡਾ ਭੈਣ/ਭਾਈ, ਜਾਂ ਤੁਹਾਡੇ ਬੱਚੇ
ਕੰਪਿਊਟਰ ਇੰਜਨੀਅਰ ਬਣਨ ਦਾ ਸੁਫਨਾ ਤਾਂ ਨਹੀਂ ਸਜਾਈ ਬੈਠੇ?

ਹਵਾਲਾ:
ਓਪਰੇਟਿੰਗ ਸਿਸਟਮਾਂ ਦੇ ਰੂਪ ਵਿੱਚ ਤਜਰਬੇ ਕਰਨ ਲਈ
ਓਪਨਸੂਸੇ

ਫੇਡੋਰਾ

ਜੇ ਤੁਹਾਡੇ ਕੋਲ ਸਮਾਂ ਹੋਵੇ ਤਾਂ ਆਹ ਲਿੰਕ ਵੇਖਿਓ

ਲਿਨਕਸ ਡੈਸਕਟਾਪ ਸਰਵੇ 2007 ਦੇ ਨਤੀਜੇ

ਲਿਨਕਸ ਡੈਸਕਟਾਪ ਸਰਵੇ ਬਾਰੇ ਕੁਝ ਜਾਣਕਾਰੀ ਸਾਂਝੀ ਕਰ ਰਿਹਾ ਹਾਂ,

"Today, Linux desktops are a business, not just a hobby."

ਇਸ ਵਾਰ ਕੁੱਲ ਪਏ ਵੋਟ 38,500:
---
ਓਪਰੇਟਿੰਗ ਸਿਸਟਮ:
---
ਉਬਤੂੰ - 30%
ਓਪਨ-ਸੂਸੇ -21%
ਡੇਬੀਅਨ - 14%
ਫੇਡੋਰਾ/ਰੈੱਡ ਹੈੱਟ - 9%
ਹੋਰ - 18%

ਉਬਤੂੰ ਪਹਿਲੇਂ ਨੰਬਰ ਉੱਤੇ ਰਿਹਾ ਹੈ, ਪਰ ਪਿਛਲੇ ਵਰ੍ਹੇ ਦੇ ਮੁਤਾਬਕ ਵਾਧਾ ਕੇਵਲ 2%< ਤੋਂ ਘੱਟ ਹੀ ਰਿਹਾ ਹੈ,
ਓਪਨ-ਸੂਸੇ ਨੇ 8%> ਤੋਂ ਵੱਧ ਵਾਧਾ ਦਰਜ ਕੀਤਾ ਹੈ, ਜਦ ਕਿ ਫੇਡੋਰਾ ਵਿੱਚ ਰੈੱਡ ਹੈੱਟ ਮਿਲਾ ਵੀ
ਕਮੀ ਆਈ ਹੈ, ਭਾਵੇਂ ਕਿ ਰੈੱਡ ਹੈੱਟ ਅਧਾਰਿਤ ਡਿਸਟਰੀਬਿਊਸ਼ਨਾਂ ਨੂੰ ਵੀ ਸ਼ਾਮਲ
ਕਰ ਲਿਆ ਗਿਆ ਸੀ। ਓਪਨ-ਸੂਸੇ ਦੇ ਇੱਕਲੇ ਵਰਜਨ ਜੋ ਤਰੱਕੀ
ਕੀਤੀ ਹੈ, ਉਹ ਉਬਤੂੰ ਲਈ ਵੀ ਖਤਰੇ ਦੀ ਘੰਟੀ ਹੈ, ਜਿਸ ਵਿੱਚ ਉਬਤੂੰ,
ਕੁਬਤੂੰ ਅਤੇ ਹੋਰ ਡਿਸਟਰੀਬਿਊਸ਼ਨ ਸਮੇਤ ਹੈ।


---
ਡੈਸਕਟਾਪ ਮੈਨੇਜਰ
---
ਗਨੋਮ - 45%
ਕੇਡੀਈ - 35%
Xfce - 8%

ਪਿਛਲੇ ਵਰ੍ਹੇ ਨਾਲੋਂ KDE ਦਾ ਸ਼ੇਅਰ ਕੁਝ ਘਟਿਆ ਹੈ ਅਤੇ ਗਨੋਮ ਨੂੰ ਸਿੱਧੇ ਰੂਪ ਵਿੱਚ ਉਬਤੂੰ ਤੋਂ ਫਾਇਦਾ ਹੋਇਆ ਹੈ।
ਇਸ ਵਾਰ KDE4 ਦੀ ਉਡੀਕ ਮੇਰੇ ਹਿਸਾਬ ਨਾਲ ਬਹੁਤ ਲੰਮੀ ਹੋ ਗਈ ਹੈ, ਬੇਸਬਰੀ ਵਧੀ ਹੋਈ ਹੈ।
ਗਨੋਮ ਦੀ ਸਥਿਰ ਦਾ ਪੁਆਇੰਟ ਤਾਂ ਠੀਕ ਹੈ, ਪਰ ਟੀਮ ਬਹੁਤ ਹੀ ਰੁੱਖੀ ਜੇਹੀ ਹੈ (ਅੰਗਰੇਜ਼ੀ
'ਚ ਰਫ਼ ਕਹਿੰਦੇ ਨੇ ਸ਼ਾਇਦ), ਇਸ ਮੁਕਾਬਲੇ ਕੇਡੀਈ ਵਾਲੇ ਕੁਝ ਸਖਤ ਹਨ, ਪਰ
ਠੀਕ ਹਨ, ਜਿਉਦਿਆਂ 'ਚ ਆਉਦੇ ਨੇ।

---
ਵੈੱਬ ਬਰਾਊਜ਼ਰ
--
ਫਾਇਰਫਾਕਸ - 60%
ਕੋਨਕਿਊਰੋਰ - 14%
ਓਪੇਰਾ - 12%

ਓਪੇਰਾ 'ਚ ਹੋਇਆ ਵਾਧਾ ਮੰਨਣਯੋਗ ਹੈ, ਉਨ੍ਹਾਂ ਨੇ ਆਪਣੇ ਬਰਾਊਜ਼ਰ 'ਚ ਜੋ
ਫੀਚਰ ਸ਼ਾਮਲ ਕੀਤੇ ਹੋਏ ਹਨ, ਉਹ ਅਜੇ ਕਿਸੇ ਹੋਰ 'ਚ ਨਹੀਂ ਹੈ ਅਤੇ ਮੋਬਾਇਲ
ਉੱਤੇ ਜੋ ਉਨ੍ਹਾਂ ਦਾ ਵਰਜਨ ਹੈ, ਉਸ ਦਾ ਮੁਕਾਬਲਾ ਤਾਂ ਮੋਜ਼ੀਲਾ ਵਾਲੇ ਅਜੇ
ਕਰਦੇ ਨੀਂ ਜਾਪਦੇ ਹਨ।

--
ਈਮੇਲ ਕਲਾਇਟ
--
ਥੰਡਰਬਰਡ -37%
ਈਵੋਲੂਸ਼ਨ- 32%
ਕੇਮੇਲ- 17%
--
ਕੇਮੇਲ 'ਚ ਭਾਰੀ ਸੁਧਾਰ ਕਰਨ ਦੀ ਲੋੜ ਹੈ, ਅਤੇ KDE4 ਤੋਂ ਮੈਂ ਇਹੀ ਉਮੀਦ ਲਗਾ
ਰਿਹਾ ਹਾਂ, ਪਰ ਵੇਖੋ ਕੀ ਬਣਦਾ ਹੈ।

ਖ਼ੈਰ ਪਹਿਲੀ ਲਾਇਨ ਦੇ ਮੁਤਾਬਕ ਵਪਾਰਕ ਲੈਪਟਾਪ ਕੰਪਨੀਆਂ (ਡੈਲ ਅਤੇ ਹੋਰ)
ਐਵੇਂ ਨੂੰ ਇੰਸਟਾਲ ਕਰਕੇ ਦੇ ਰਹੀਆਂ ਹਨ, ਹਾਂ ਡੈਸਕਟਾਪ ਲਿਨਕਸ ਦੀ ਮਾਰਕੀਟ
ਜੇ ਚੰਗੀ ਨਹੀਂ ਹੈ ਤਾਂ ਮਾੜੀ ਨਹੀਂ ਹੈ, ਲੋਕ ਮੰਗਦੇ ਹਨ ਅਤੇ ਕੰਪਨੀਆਂ ਵੇਚਦੀਆਂ ਹਨ।

ਬਾਕੀ ਓਪਨ-ਸੂਸੇ ਨੇ ਹਾਰਡਵੇਅਰ ਅਤੇ ਇੰਟਰਫੇਸ ਦੇ ਰੂਪ ਵਿੱਚ ਜੋ ਉਸ ਦੀ
ਚੜ੍ਹਤ ਦੀ, ਉਸ ਨੂੰ ਬਰਕਰਾਰ ਰੱਖਦੇ ਹੋਏ ਫੇਰ ਦਾਖਲਾ ਲੈਕੇ ਚੜ੍ਹਦੀ ਕਲਾ ਦਾ
ਸਬੂਤ ਦਿੱਤਾ ਹੈ।

ਫਾਇਰਫਾਕਸ ਤਾਂ ਜ਼ਿੰਦਾਬਾਦ ਹੈ ਹੀ...



ਹੋਰ ਵਧੇਰੇ ਜਾਣਕਾਰੀ ਲਈ
ਵੇਖੋ: http://www.desktoplinux.com/news/NS8454912761.html

22 August, 2007

ਧਿਆਨ ਚੰਦ ਨੂੰ ਯਾਦ ਕਰਦਿਆਂ... (ਰੋਜ਼ਾਨਾ ਅਜੀਤ 'ਚੋਂ)

ਹਾਕੀ ਦੇ ਜਾਦੂਗਰ ਧਿਆਨ ਚੰਦ ਦਾ ਜਨਮ 29 ਅਗਸਤ, 1905 ਨੂੰ ਪ੍ਰਆਰਾ (ਇਲਾਹਾਬਾਦ) ਦੇ ਇਕ ਸਾਧਾਰਨ ਰਾਜਪੂਤ ਪਰਿਵਾਰ ਵਿਚ ਹੋਇਆ। ਇਸ ਵਰ੍ਹੇ ਸਾਡਾ ਮੁਲਕ ਹਾਕੀ ਦੇ ਇਸ ਸਿਤਾਰੇ ਦਾ 102ਵਾਂ ਜਨਮ ਦਿਨ ਮਨਾ ਰਿਹਾ ਹੈ। ਧਿਆਨ ਚੰਦ ਨੇ ਮੁਢਲੀ ਸਿੱਖਿਆ ਪ੍ਰਾਪਤ ਕਰਨ ਮਗਰੋਂ ਫੌਜ ਵਿਚ ਇਕ ਸਿਪਾਹੀ ਦੇ ਰੂਪ ਵਿਚ ਭਰਤੀ ਹੋ ਕੇ ਹਾਕੀ ਖੇਡਣੀ ਸ਼ੁਰੂ ਕੀਤੀ। ਸੂਬੇਦਾਰ ਮੇਜਰ ਤਿਵਾੜੀ ਤੋਂ ਹਾਕੀ ਦੀ ਅਜਿਹੀ ਗੁੜ੍ਹਤੀ ਲੲੀ ਕਿ ਹਾਕੀ ਦੇ ਮੈਦਾਨ ਅੰਦਰ ਉਹ ਦੁਨੀਆ ਦਾ ਮਹਾਨ ਖਿਡਾਰੀ ਬਣ ਗਿਆ। ਭਾਰਤੀ ਹਾਕੀ ਟੀਮ ਲੲੀ ਧਿਆਨ ਚੰਦ ਦੀ ਚੋਣ ਹੋ ਗੲੀ। ਪਹਿਲੀ ਭਾਰਤੀ ਹਾਕੀ ਟੀਮ ਨੇ 13 ਮੲੀ ਤੋਂ 17 ਜੁਲਾੲੀ, 1926 ਤੱਕ ਨਿਊਜ਼ੀਲੈਂਡ ਦਾ ਜੇਤੂ ਦੌਰਾ ਕੀਤਾ। ਇਸ ਵਿਚ ਧਿਆਨ ਚੰਦ ਨੇ ਸਭ ਤੋਂ ਵੱਧ ਗੋਲਾਂ ਦਾ ਯੋਗਦਾਨ ਪਾ ਕੇ ਆਪਣੀ ਪ੍ਰਤਿਭਾ ਦਿਖਾੲੀ। 1928 ਵਿਚ ਐਮਸਟਰਡਮ ਉਲੰਪਿਕ ਜਿਥੇ ਭਾਰਤ ਨੇ ਪਹਿਲਾ ਹਾਕੀ ਸੋਨ ਤਗਮਾ ਜਿੱਤਿਆ, ਵਿਚ ਧਿਆਨ ਚੰਦ ਇਕ ਹੀਰੋ ਬਣ ਕੇ ਨਿਤਰਿਆ। ਫਾੲੀਨਲ ਮੁਕਾਬਲੇ ਵਿਚ ਭਾਰਤ ਨੇ ਹਾਲੈਂਡ ਨੂੰ ਤਿੰਨ ਗੋਲਾਂ ਦੀ ਹਾਰ ਦਿੱਤੀ। ਦੋ ਗੋਲ ਧਿਆਨ ਚੰਦ ਦੇ ਹਿੱਸੇ ਆੲੇ। ਧਿਆਨ ਚੰਦ 10 ਗੋਲ ਕਰਕੇ ਪਹਿਲੀ ਉਲੰਪਿਕ ਦਾ ਟਾਪ ਸਕੋਰਰ ਰਿਹਾ।
ਉਲੰਪਿਕ ਖੇਡਣ ਤੋਂ ਬਾਅਦ ਧਿਆਨ ਚੰਦ ਨੇ ਕੁੱਲ 33 ਗੋਲ ਕਰਕੇ ਅਜਿਹਾ ਕੀਰਤੀਮਾਨ ਰਚਿਆ ਜੋ ਕਿਸੇ ਵੀ ਦੇਸ਼ ਦਾ ਕੋੲੀ ਕਪਤਾਨ ਨਹੀਂ ਕਰ ਸਕਿਆ। 1932 ਵਿਚ ਭਾਰਤੀ ਹਾਕੀ ਟੀਮ ਨੇ ਵੱਖ-ਵੱਖ ਮੁਲਕਾਂ ਵਿਰੁੱਧ ਮੈਚਾਂ ਵਿਚ ਕੁੱਲ 262 ਗੋਲ ਕੀਤੇ, ਜਿਨ੍ਹਾਂ ਵਿਚੋਂ 101 ਗੋਲ ਧਿਆਨ ਚੰਦ ਦੀ ਹਾਕੀ ਨਾਲ ਹੋੲੇ। 1938 ਵਿਚ ਨਿਊਜ਼ੀਲੈਂਡ ਟੂਰ ਸਮੇਂ ਭਾਰਤ ਨੇ 42 ਮੈਚਾਂ ਦੀ ਲੰਮੀ ਲੜੀ ਖੇਡੀ ਜਿਸ ਵਿਚ ਭਾਰਤ ਵੱਲੋਂ ਕੀਤੇ ਕੁੱਲ 684 ਗੋਲਾਂ ਵਿਚੋਂ ਇਕੱਲੇ ਧਿਆਨ ਚੰਦ ਨੇ 201 ਗੋਲ ਕੀਤੇ। ਬਰਲਿਨ ਉਲੰਪਿਕ ਵੇਲੇ ਧਿਆਨ ਚੰਦ ਦੀ ਖੇਡ ਪੂਰੇ ਜੋਬਨ ’ਤੇ ਸੀ। ਭਾਰਤੀ ਟੀਮ ਦੀ ਵਾਗਡੋਰ ਧਿਆਨ ਚੰਦ ਦੇ ਹਵਾਲੇ ਕੀਤੀ ਗੲੀ। ਉਧਰ ਦੂਜੇ ਪਾਸੇ ਜਰਮਨੀ ਦੇ ਤਾਨਾਸ਼ਾਹ ਸ਼ਾਸਕ ਹਿਟਲਰ ਨੇ ਜਰਮਨੀ ਦੀ ਟੀਮ ਨੂੰ ਬੜੀ ਸਖਤ ਸਿਖਲਾੲੀ ਦਿੱਤੀ ਤਾਂ ਜੋ ਭਾਰਤ ਹੱਥੋਂ ਉਲੰਪਿਕ ਖਿਤਾਬ ਖੋਹ ਲਿਆ ਜਾਵੇ। ਇਧਰ ਧਿਆਨ ਚੰਦ ਦੇ ਸਾਥੀ ਉਲੰਪਿਕ ਚੈਂਪੀਅਨ ਬਣਨ ਦੀ ਹੈਟ੍ਰਿਕ ਪੂਰੀ ਕਰਨ ਲੲੀ ਉਤਾਵਲੇ ਸਨ। ਬਰਲਿਨ ਉਲੰਪਿਕ ਤੋਂ ਪਹਿਲਾਂ ਭਾਰਤੀ ਹਾਕੀ ਟੀਮ ਇਕ ਅਭਿਆਸ ਮੈਚ ਵਿਚ ਜਰਮਨੀ ਤੋਂ ਹਾਰ ਗੲੀ। ਜਰਮਨੀ ਫਾੲੀਨਲ ਵਿਚ ਪੁੱਜ ਗਿਆ।
ਜਰਮਨੀ ਤੋਂ ਅਭਿਆਸ ਮੈਚ ਹਾਰਨ ਕਾਰਨ ਭਾਰਤੀ ਟੀਮ ’ਤੇ ਬੜਾ ਬੋਝ ਸੀ। ਵਾਧੂ ਆਤਮਵਿਸ਼ਵਾਸ ਵਿਚ ਡੁੱਬੀ ਜਰਮਨੀ ਨੂੰ ਉਸ ਵੇਲੇ ਹੀ ਪਤਾ ਲੱਗਾ ਜਦੋਂ ਉਹ ਫਾੲੀਨਲ ਮੁਕਾਬਲਾ ਇਕ ਨਹੀਂ, ਦੋ ਨਹੀਂ, ਸਗੋਂ ਪੂਰੇ ਅੱਠ ਗੋਲਾਂ ਨਾਲ ਹਾਰ ਗੲੀ। ਤਿੰਨ ਉਲੰਪਿਕਾਂ ਵਿਚ ਟਾਪ ਸਕੋਰਰ ਰਿਹਾ ਧਿਆਨ ਚੰਦ ਹਾਕੀ ਦਾ ਜਾਦੂਗਰ ਬਣ ਕੇ ਬਰਲਿਨ ਦੇ ਮੈਦਾਨ ਵਿਚੋਂ ਬਾਹਰ ਨਿਕਲਿਆ। ਹਿਟਲਰ ਵੱਲੋਂ ਦਿੱਤੀ ਲੋਭ ਲਾਲਸਾ ਨੂੰ ਤਿਆਗ ਕੇ ਉਸ ਨੇ ਵਤਨ ਦੀ ਮਿੱਟੀ ਦੇ ਪਿਆਰ ਨੂੰ ਤਰਜੀਹ ਦਿੱਤੀ। ਬਰਲਿਨ ਵਿਚ ਜਿਥੇ ਭਾਰਤੀ ਹਾਕੀ ਟੀਮ ਠਹਿਰੀ ਹੋੲੀ ਸੀ, ਜਰਮਨ ਵਾਸੀਆਂ ਨੇ ਉਹ ਜਗ੍ਹਾ ਹੀ ਹਾਕੀ ਨੂੰ ਸਮਰਪਿਤ ਕਰ ਦਿੱਤੀ ਅਤੇ ਉਸ ਗਲੀ ਦਾ ਨਾਂਅ ਧਿਆਨ ਚੰਦ ਦੇ ਨਾਂਅ ’ਤੇ ਰੱਖ ਦਿੱਤਾ। ਧਿਆਨ ਚੰਦ ਇਕ ਸਾਧਾਰਨ ਸਿਪਾਹੀ ਤੋਂ ਫੌਜ ਦਾ ਮੇਜਰ ਬਣ ਕੇ ਰਿਟਾਇਰ ਹੋਇਆ। ਹਾਕੀ ਦੇ ਆਦਰਸ਼ ਰਹੇ ਧਿਆਨ ਚੰਦ ਨੂੰ ਭਾਰਤ ਸਰਕਾਰ ਨੇ 1956 ਵਿਚ ਪਦਮ ਭੂਸ਼ਨ ਐਵਾਰਡ ਨਾਲ ਸਨਮਾਨਿਆ। 3 ਦਸੰਬਰ, 1979 ਨੂੰ ਸਵੇਰੇ 4.25 ਵਜੇ ਦਿੱਲੀ ਦੇ ਸਰਬ ਭਾਰਤੀ ਮੈਡੀਕਲ ਸੰਸਥਾ ਵਿਖੇ ਭਾਰਤੀ ਹਾਕੀ ਦੇ ਇਸ ਕੋਹਿਨੂਰ ਹੀਰੇ ਤੋਂ ਭਾਰਤ ਸਦਾ ਲੲੀ ਵਾਂਝਾ ਹੋ ਗਿਆ। ਆਸਟਰੀਆ ਦੀ ਰਾਜਧਾਨੀ ਵਿਆਨਾ ਵਿਚ ਇਸ ਮਹਾਨ ਖਿਡਾਰੀ ਦੇ ਆਦਮਕੱਦ ਬੁੱਤ ਨੂੰ ਲਗਾ ਕੇ ਸ਼ਰਧਾਂਜਲੀ ਭੇਟ ਕੀਤੀ ਗੲੀ ਹੈ। ਅੱਜਕਲ੍ਹ 29 ਅਗਸਤ ਨੂੰ ਰਾਸ਼ਟਰੀ ਖੇਡ ਐਵਾਰਡ ਵੰਡ ਸਮਾਰੋਹ ਦਿੱਲੀ ਦੇ ਰਾਸ਼ਟਰਪਤੀ ਭਵਨ ਵਿਖੇ ਹੁੰਦਾ ਹੈ।
-ਗੁਰਿੰਦਰ ਸਿੰਘ ਮੱਟੂ,
ਅਥਲੈਟਿਕਸ ਕੋਚ, ਅੰਮ੍ਰਿਤਸਰ।

13 August, 2007

ਪੰਜਾਬੀ ਪਰੋਜੈਕਟ ਨੂੰ ਮੁੜ-ਸੁਰਜੀਤ ਕਰਨ ਲਈ ਹੋਰ ਹੰਭਲਾ

ਚੈਨਲ ਉੱਤੇ ਪ੍ਰਭ ਸਿੰਘ ਜੀ ਨਾਂ ਦੇ ਵਿਅਕਤੀ ਨਾਲ ਮੁਲਾਕਾਤ ਹੋਈ,
ਉਨ੍ਹਾਂ ਨੇ ਅਨੁਵਾਦ ਪ੍ਰਤੀ ਕਾਫ਼ੀ ਸੁਝਾਅ ਰੱਖੇ, ਅਤੇ
ਬਦਲਾਅ ਕਰਨ ਦੀ ਸਿਫ਼ਾਰਸ਼ ਵੀ ਕੀਤੀ। ਉਨ੍ਹਾਂ
ਨਾਲ ਮਿਲ ਕੇ ਹੈਰਾਨੀ ਇਹ ਸੀ ਕਿ ਉਹ ਇੰਗਲੈਂਡ
'ਚ ਹੀ ਜੰਮੇ ਪਲੇ ਹਨ ਅਤੇ ਪੰਜਾਬੀ ਨੂੰ ਬੇਹੱਦ ਪਿਆਰ
ਕਰਦੇ ਹਨ। ਬੋਲਦੇ ਅਤੇ ਪੜ੍ਹ-ਲਿਖ ਸਕਦੇ ਹਨ।
ਇਹ ਭਾਵਨਾ ਆਪਣੇ ਦੇਸ਼ 'ਚ ਉਲਟੀ ਹੈ, ਜਿੱਥੇ ਨਾਂ ਤਾਂ
ਪੰਜਾਬੀ ਹੈ, ਪਰ ਬੋਲਣ ਤੋਂ ਆਪਣੇ ਹੀ ਲੋਕ ਸ਼ਰਮਾਉਦੇ ਹਨ,
ਬੱਚਿਆਂ ਨੂੰ ਅੰਗਰੇਜ਼ੀ ਹੀ ਬੋਲਣਾ ਸਿਖਾਉਦੇ ਹਨ, ਅੰਗਰੇਜ਼ੀ
ਸਕੂਲਾਂ 'ਚ ਪੜ੍ਹਾਉਦੇ ਹਨ। ਖਾਸ ਗੱਲ ਇਹ ਕਿ ਉਹ
ਸੂਸੇ ਦੀ ਵਰਤੋਂ ਕਰਦੇ ਰਹੇ ਹਨ ਅਤੇ ਅੱਜ ਕੱਲ੍ਹ ਉਬਤੂੰ ਦਾ ਇਸਤੇਮਾਲ
ਕਰਦੇ ਹਨ। ਓਪਨ ਸੂਸੇ ਬਾਰੇ ਦੱਸਣ ਉੱਤੇ ਉਨ੍ਹਾਂ ਮੁੜ
ਵਰਤਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ
ਉਹ ਆਪਣੇ ਦੋਸਤਾਂ ਮਿੱਤਰਾਂ ਵਿੱਚ ਪੰਜਾਬੀ ਕੰਪਿਊਟਰ
ਦੀ ਵਰਤੋਂ (ਖਾਸ ਕਰਕੇ ਲਿਨਕਸ) ਦੀ ਸਿਫਾਰਸ ਕਰਦੇ ਹਨ।
ਇਹ ਸ਼ਾਇਦ ਅਜੇ ਤੱਕ ਮਿਲੇ 5 ਕੁ ਪੰਜਾਬੀ ਲਿਨਕਸ ਵਰਤਣ
ਵਾਲਿਆਂ ਵਿੱਚੋਂ ਖਾਸ ਹਨ।
ਖੈਰ ਉਨ੍ਹਾਂ ਦੇ ਸੁਝਾਆਵਾਂ ਉੱਤੇ ਅਮਲ ਕਰਦਿਆਂ ਅੱਜ
ਫੇਰ ਪੁਰਾਣੇ ਲਿੰਕ ਖੋਲ੍ਹੇ ਅਤੇ ਤਾਜਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸਾਂ।
ਕੁਝ ਲਿੰਕ ਅੱਪਡੇਟ ਕੀਤੇ, ਅਨੁਵਾਦ 'ਚ ਸੁਧਾਰ ਲਿਆਉਣ
ਲਈ ਇੱਕ ਸਪਰੈੱਡ ਸ਼ੀਟ ਬਣਾਉਣੀ ਸ਼ੁਰੂ ਕੀਤੀ ਹੈ:
ਸ਼ੀਟ ਉਪਲੱਬਧ ਹੈ

ਵਿਕਿ ਸਫ਼ਾ ਨਵਾਂ ਅੱਪਡੇਟ ਕੀਤਾ ਹੈ: ਗੁਰਮੁਖੀ ਪਰੋਜੈਕਟ

ਸਤਲੁਜ ਵੈੱਬ ਸਾਇਟ ਉੱਤੇ ਲਿੰਕ ਰੱਖੇ ਹਨ ਨਵੇਂ।

ਮੇਲਿੰਗ ਲਿਸਟਾਂ ਨੂੰ ਫੇਰ ਤੋਂ ਠੀਕ ਕੀਤਾ ਅਤੇ ਕੁਝ ਬਦਲਾਅ ਕੀਤੇ ਹਨ।

ਸ਼ਾਇਦ ਪਰੋਜੈਕਟ 'ਚ ਫੇਰ ਤੋਂ ਜਾਨ ਪੈ ਜਾਵੇ, ਹੁਣ ਤਾਂ ਲਟਕਿਆ ਪਿਆ ਹੈ।

ਪ੍ਰਭ ਸਿੰਘ ਜੀ ਦੀਆਂ ਗੱਲਾਂ ਨੇ ਕੰਮ ਕਰਨ ਲਈ ਮੁੜ ਉਤਸ਼ਾਹ ਪੈਂਦਾ ਕੀਤਾ ਹੈ,
ਉਨ੍ਹਾਂ ਦੇ ਕੀਮਤ ਸੁਝਾਵਾਂ ਦੇ ਨਾਲ ਇੱਕ ਵਾਰ ਰੌਣਕਾਂ ਪਰਤਣ ਦੀ ਉਮੀਦ ਕਰਦਾ ਹਾਂ।
ਅਜੇ ਵਿਅਕਤੀ ਕਾਸ਼ ਜੇ ਰੋਜ਼ ਨਾ ਸਹੀ ਤਾਂ ਮਹੀਨਿਆ ਬੱਧੀ ਹੀ ਮਿਲ ਜਾਇਆ
ਕਰਨ, ਪੂਰਾ ਮਹੀਨਾ ਕੰਮ ਤਾਂ ਕਰ ਸਕੀਏ।

ਥੰਮ੍ਹ - ਕੰਮ ਦੇ ਪ੍ਰਤੀ ਚਾਅ ਉਤਸ਼ਾਹ ਦੀ ਝਲਕ

ਅਜੇ ਸ਼ਨਿੱਚਰਵਾਰ ਨੂੰ ਇੱਕ ਬੱਗ ਫਾਇਲ ਕੀਤਾ ਸੀ
ਪੰਜਾਬੀ ਦਾ ਬੱਗ ਇੰਸਟਾਲੇਸ਼ਨ ਦੀ ਪਹਿਲੀ ਸਕਰੀਨ
ਉੱਤੇ ਪੰਜਾਬੀ ਦਾ 'ਜੱਜਾ' ਅੱਖਰ ਅੱਧਾ ਹੀ ਆਉਦਾ ਹੈ ਅਤੇ ਬਾਕੀ ਕੱਟਿਆ ਜਾਂਦਾ ਹੈ।
ਇਹ ਕੱਟਿਆ ਅੱਖਰ ਭਾਵੇਂ ਸਿਰਫ਼ ਪੰਜਾਬੀ ਯੂਜ਼ਰ ਹੀ ਵੇਖ ਸਕਦਾ ਹੈ ਅਤੇ ਪੰਜਾਬੀ
ਸੂਸੇ/ਨੋਵਲ ਦੀ ਉਸ ਲਿਸਟ ਵਿੱਚ ਨਹੀਂ
ਹੈ, ਜੋ ਕਿ ਭਾਰਤੀ ਭਾਸ਼ਾਵਾਂ ਨੂੰ ਸਹਿਯੋਗ
ਲਈ ਜਾਰੀ ਕੀਤੀ ਗਈ ਹੈ (ਉਸ ਵਿੱਚ ਹਿੰਦੀ,ਗੁਜਰਾਤੀ,ਮਰਾਠੀ,ਬੰਗਾਲੀ, ਤਾਮਿਲ
ਹੀ ਹਨ।)
ਅੱਜ ਸੋਮਵਾਰ ਨੂੰ ਮੇਰੇ ਘਰ ਆਉਦੇ ਤੱਕ ਉਸ ਬੱਗ ਬਾਰੇ ਇੰਨੀ ਜਾਣਕਾਰੀ ਇੱਕਠੀ
ਕੀਤੀ ਗਈ ਸੀ, ਜੋ ਕਿ ਮੈਂ ਸਮਝ ਨਾ ਸਕਿਆ, ਭਾਵੇਂ ਕਿ ਕੁਆਲਟੀ ਇੰਜੀਨਅਰ ਦੇ ਤੌਰ
ਉੱਤੇ ਕਾਫ਼ੀ ਜਾਣਕਾਰੀ ਇੱਕਠੀ ਕਰ ਚੁੱਕਿਆ ਸਾਂ। ਰਹੀ ਗੱਲ਼ ਬੱਗ ਠੀਕ ਕਰਨ ਦੀ, ਸ਼ਾਮ ਦੀ
ਆਖਰੀ ਮੇਲ 8 ਵਜੇ ਆਈ ਅਤੇ ਕਿਹਾ ਗਿਆ ਇਹ ਫਿਕਸ ਕਰਕੇ ਭੇਜਿਆ ਜਾ ਚੁੱਕਿਆ ਹੈ।
ਵਾਹ ਬਈ ਵਾਹ, ਕੰਮ ਪ੍ਰਤੀ ਇੰਨਾ ਉਤਸ਼ਾਹ, ਚਾਅ, ਬੱਸ ਇੱਕ ਹੀ ਦਿਨ 'ਚ ਫਿਕਸ ਕਰਕੇ
ਤੋਰ ਦਿੱਤਾ। ਅਜੇ ਤੱਕ ਮੈਂ ਟੈਸਟ ਨਹੀਂ ਕਰ ਸਕਿਆ, ਪਰ ਉਮੀਦ ਹੈ ਕਿ ਹੋ ਗਿਆ
ਹੋਵੇਗਾ, ਹੁਣ ਤੁਸੀਂ ਓਪਨ ਸੂਸੇ ਦੇ ਦੂਜੇ ਬੀਟਾ ਵਿੱਚ ਠੀਕ ਪੰਜਾਬੀ ਵੇਖ ਸਕੋਗੇ।

ਅਜੇ ਲੋਕ ਹੀ ਕੰਮ ਨੂੰ ਬਣਾਉਦੇ ਅਤੇ ਵਧਾਉਦੇ ਹਨ। ਹਰ ਥਾਂ ਮਿਲ ਜਾਣਗੇ,
ਅਤੇ ਹਰ ਡਿਪਾਰਟਮੈਂਟ ਵਿੱਚ ਵੀ, ਅਸਲ 'ਚ ਅਜੇ ਲੋਕ ਹੀ ਹੁੰਦੇ ਹਨ ਕਿਸੇ ਵੀ
ਘਰ, ਕੰਪਨੀ, ਦੇਸ਼ ਦੇ ਅਸਲੀ
"ਥੰਮ੍ਹ"। ਜਿੰਨੇ ਅਜੇ ਲੋਕ ਵੱਧ ਹੋਣਗੇ, ਉਨ੍ਹਾਂ ਉਸ
ਦੇਸ਼, ਕੰਪਨੀ ਦਾ ਸਫ਼ਲ ਹੋਣਾ ਤਹਿ ਹੈ। ਹੁਣ ਇੰਟਰਵਿਊ ਵੀ ਇਸੇ ਢੰਗ ਦੀਆਂ
ਹੁੰਦੀਆਂ ਹਨ ਕਿ ਸਮਰਪਿਤ ਬੰਦੇ ਲੱਭੇ ਜਾ ਸਕਣ, ਕੀ ਆਉਦਾ ਹੈ, ਕਿੰਨੀਆਂ
ਡਿਗਰੀਆਂ ਹਨ, ਇਹ ਕੋਈ ਮੈਹਣੇ ਨਹੀਂ ਰੱਖਦੀਆਂ, ਮੈਹਣੇ ਕੀ ਰੱਖਦਾ ਹੈ
ਕਿ ਬੰਦਾ ਕੰਮ ਨੂੰ ਉਤਸ਼ਾਹ, ਚਾਅ ਨਾਲ ਕਰਨਾ ਪਸੰਦ ਕਰਦਾ ਹੈ,
ਕੀ ਉਹ ਸਿੱਖਣ ਦੀ ਭਾਵਨਾ ਰੱਖਦਾ ਹੈ, ਪੈਸੇ ਪ੍ਰਤੀ ਪਿਆਰ ਰੱਖਣਾ
ਮਾੜਾ ਨਹੀਂ ਗਿਣਿਆ ਜਾਂਦਾ, ਪਰ ਜ਼ਰੂਰ ਖਿਆਲ ਰੱਖਦੇ ਹਨ ਕਿ
ਕਿਤੇ 'ਕੱਲੇ ਪੈਸੇ ਲਈ ਹੀ ਤਾਂ ਕੰਮ ਨਹੀਂ ਕਰਦਾ। ਮੇਰੀ ਕੰਪਨੀ
'ਚ ਤਾਂ ਅਜੇ ਤੱਕ ਮੈਂ ਏਦਾਂ ਹੁੰਦਾ ਤੱਕਿਆ ਹੈ, ਬਾਕੀ ਰੱਬ ਜਾਣੇ।

ਥੰਮ੍ਹ - ਕੰਮ ਦੇ ਪ੍ਰਤੀ ਚਾਅ ਉਤਸ਼ਾਹ ਦੀ ਝਲਕ

ਅਜੇ ਸ਼ਨਿੱਚਰਵਾਰ ਨੂੰ ਇੱਕ ਬੱਗ ਫਾਇਲ ਕੀਤਾ ਸੀ
ਪੰਜਾਬੀ ਦਾ ਬੱਗ ਇੰਸਟਾਲੇਸ਼ਨ ਦੀ ਪਹਿਲੀ ਸਕਰੀਨ
ਉੱਤੇ ਪੰਜਾਬੀ ਦਾ 'ਜੱਜਾ' ਅੱਖਰ ਅੱਧਾ ਹੀ ਆਉਦਾ ਹੈ ਅਤੇ ਬਾਕੀ ਕੱਟਿਆ ਜਾਂਦਾ ਹੈ।
ਇਹ ਕੱਟਿਆ ਅੱਖਰ ਭਾਵੇਂ ਸਿਰਫ਼ ਪੰਜਾਬੀ ਯੂਜ਼ਰ ਹੀ ਵੇਖ ਸਕਦਾ ਹੈ ਅਤੇ ਪੰਜਾਬੀ
ਸੂਸੇ/ਨੋਵਲ ਦੀ ਉਸ ਲਿਸਟ ਵਿੱਚ ਨਹੀਂ ਹੈ, ਜੋ ਕਿ ਭਾਰਤੀ ਭਾਸ਼ਾਵਾਂ ਨੂੰ ਸਹਿਯੋਗ
ਲਈ ਜਾਰੀ ਕੀਤੀ ਗਈ ਹੈ (ਉਸ ਵਿੱਚ ਹਿੰਦੀ,ਗੁਜਰਾਤੀ,ਮਰਾਠੀ,ਬੰਗਾਲੀ, ਤਾਮਿਲ
ਹੀ ਹਨ।)
ਅੱਜ ਸੋਮਵਾਰ ਨੂੰ ਮੇਰੇ ਘਰ ਆਉਦੇ ਤੱਕ ਉਸ ਬੱਗ ਬਾਰੇ ਇੰਨੀ ਜਾਣਕਾਰੀ ਇਕੱਠੀ
ਕੀਤੀ ਗਈ ਸੀ, ਜੋ ਕਿ ਮੈਂ ਸਮਝ ਨਾ ਸਕਿਆ, ਭਾਵੇਂ ਕਿ ਕੁਆਲਟੀ ਇੰਜੀਨਅਰ ਦੇ ਤੌਰ
ਉੱਤੇ ਕਾਫ਼ੀ ਜਾਣਕਾਰੀ ਇੱਕਠੀ ਕਰ ਚੁੱਕਿਆ ਸਾਂ। ਰਹੀ ਗੱਲ਼ ਬੱਗ ਠੀਕ ਕਰਨ ਦੀ, ਸ਼ਾਮ ਦੀ
ਆਖਰੀ ਮੇਲ 8 ਵਜੇ ਆਈ ਅਤੇ ਕਿਹਾ ਗਿਆ ਇਹ ਫਿਕਸ ਕਰਕੇ ਭੇਜਿਆ ਜਾ ਚੁੱਕਿਆ ਹੈ।
ਵਾਹ ਬਈ ਵਾਹ, ਕੰਮ ਪ੍ਰਤੀ ਇੰਨਾ ਉਤਸ਼ਾਹ, ਚਾਅ, ਬੱਸ ਇੱਕ ਹੀ ਦਿਨ 'ਚ ਫਿਕਸ ਕਰਕੇ
ਤੋਰ ਦਿੱਤਾ। ਅਜੇ ਤੱਕ ਮੈਂ ਟੈਸਟ ਨਹੀਂ ਕਰ ਸਕਿਆ, ਪਰ ਉਮੀਦ ਹੈ ਕਿ ਹੋ ਗਿਆ
ਹੋਵੇਗਾ, ਹੁਣ ਤੁਸੀਂ ਓਪਨ ਸੂਸੇ ਦੇ ਦੂਜੇ ਬੀਟਾ ਵਿੱਚ ਠੀਕ ਪੰਜਾਬੀ ਵੇਖ ਸਕੋਗੇ।

ਅਜੇ ਲੋਕ ਹੀ ਕੰਮ ਨੂੰ ਬਣਾਉਦੇ ਅਤੇ ਵਧਾਉਦੇ ਹਨ। ਹਰ ਥਾਂ ਮਿਲ ਜਾਣਗੇ,
ਅਤੇ ਹਰ ਡਿਪਾਰਟਮੈਂਟ ਵਿੱਚ ਵੀ, ਅਸਲ 'ਚ ਅਜੇ ਲੋਕ ਹੀ ਹੁੰਦੇ ਹਨ ਕਿਸੇ ਵੀ
ਘਰ, ਕੰਪਨੀ, ਦੇਸ਼ ਦੇ ਅਸਲੀ "ਥੰਮ੍ਹ"।

12 August, 2007

ਬਾਹਰਲੇ ਮੁਲਕ ਜਾਈਏ ਕਿ ਨਾ...

ਕੁਝ ਦਿਨਾਂ ਬਾਅਦ, ਕੁਝ ਕਾਰਨਾਂ ਕਰਕੇ ਹਰ ਵਾਰ ਇਹੀ
ਸਵਾਲ ਮੁੜ ਮੁੜ ਸਾਹਮਣੇ ਆਉਦਾ ਰਹਿੰਦਾ ਹੈ ਕਿ ਇੱਥੇ
ਰਹੀਏ ਕਿ ਬਾਹਰਲੇ ਮੁਲਕ ਜਾਈਏ। ਪਤਾ ਨੀਂ ਕਿਉਂ
ਇਹ ਸਵਾਲ ਖਤਮ ਨਹੀਂ ਹੋ ਜਾਂਦਾ, ਪਤਾ ਨੀਂ ਇਹ ਭਟਕਣ
ਖਤਮ ਕਿਉਂ ਨਹੀਂ ਹੁੰਦੀ, ਹਰ ਵਾਰ ਮਹੀਨੇ ਦੋ ਮਹੀਨੇ
ਫੇਰ ਸਾਹਮਣੇ ਆਉਦਾ ਹੈ।
ਹੁਣ ਕੁਝ ਘਰੇਲੂ ਕਾਰਨਾਂ ਕਰਕੇ ਬਾਹਰ ਜਾਣ ਦਾ ਮੂਡ
ਬਣ ਗਿਆ ਹੈ। ਹੁਣ ਪੂਨੇ ਬੈਠੇ ਵੀ ਘਰੋਂ ਤਾਂ ਦੂਰ ਹਾਂ,
ਨਾ ਤਾਂ ਇੰਨਾ ਦੂਰ ਹਾਂ ਕਿ ਘਰ ਜਾ ਹੀ ਨਹੀਂ ਸਕਦੇ
ਅਤੇ ਨਾ ਹੀ ਇੰਨਾ ਨੇੜੇ ਕਿ ਹਰ ਹਫ਼ਤੇ ਨਹੀਂ ਤਾਂ ਹਰੇਕ
ਮਹੀਨੇ ਜਾ ਸਕੀਏ।
*ਬਾਹਰ ਜਾਣ ਨਾਲ ਕੁਝ ਪੈਸੇ ਕਮਾਏ ਜਾਣਗੇ
*ਕੁਝ ਜਵਾਕਾਂ ਦਾ ਭਵਿੱਖ ਬਣੇਗਾ,
*ਕੁਝ ਘਰ ਦੀ ਹਾਲਤ ਸਾਵੀਂ ਹੋ ਜਾਵੇਗੀ (ਹੁਣ ਮਾੜੀ ਨਹੀਂ ਹੈ, ਪਰ ਮੈਂ
ਸਹਾਰਾ ਨਹੀਂ ਬਣ ਸਕਿਆ ਹਾਲੇ ਤੱਕ ਘਰਦਿਆਂ ਦਾ)।
*ਕੁਝ ਤਕਨੀਕੀ ਮਾਹਰ ਬਣ ਜਾਵੇਗੇ
* ਕੁਝ ਜ਼ਿੰਦਗੀ ਦੇ ਕੌੜੇ ਮਿੱਠੇ ਤਜਰਬੇ ਹੋਰ ਇੱਕਠੇ ਕਰ ਲਵਾਂਗੇ

ਜਿੱਥੋਂ ਤੱਕ ਬਾਹਰਲੇ ਲੋਕਾਂ ਦੇ ਵਿਚਾਰ ਸੁਣੇ ਹਨ, ਉਹ
ਰਲਮੇਂ ਮਿਲਵੇਂ ਹੀ ਹਨ, ਕੁਝ ਚੰਗਾ ਦੱਸਦੇ ਹਨ, ਕੁਝ
ਠੀਕ ਠਾਕ, ਕੁਝ ਮਾੜਾ (ਪਰ ਵਾਪਸ ਮੁੜ ਦਾ ਕੇਸ ਤਾਂ ਸਿਰਫ਼
ਇੱਕ ਹੀ ਸੁਣਿਆ ਹੈ ਸਭ ਕੇਸਾਂ ਵਿੱਚੋਂ, ਹੋਰ ਕੋਈ ਵਾਪਸ ਮੁੜ
ਨੀਂ ਆਇਆਂ ਭਾਰਤ)
*ਬਾਕੀ ਭਾਰਤ ਵਿੱਚ ਵੀ ਪੰਜਾਬ ਤੋਂ ਬਾਹਰ ਰਹਿ ਕੇ ਉਸੇ ਤਰ੍ਹਾਂ
ਦਾ ਵਤੀਰਾ ਵੇਖਣ ਨੂੰ ਮਿਲ ਜਾਂਦਾ ਹੈ (ਸ਼ਾਇਦ ਇੱਥੇ
ਬਾਹਰਲੇ ਮੁਲਕਾਂ ਤੋਂ ਵੱਧ ਤਾਂ ਭਲਾ ਹੋਵੇ)।

*ਤਨਖਾਹਾਂ ਨਾਲ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਬਣਦਾ ਹੈ,
ਉਹ ਤਾਂ ਉੱਥੇ ਵੀ ਉਹੀ ਹੈ,
*ਬਾਕੀ ਘਰੋਂ ਦੂਰ ਹਾਂ ਤਾਂ ਇੱਥੇ ਵੀ ਹਾਂ ਅਤੇ ਉੱਥੇ ਵੀ ਹਾਂ ਹੀ,

ਫੇਰ ਕਿਉਂ ਨਾ ਬਾਹਰ ਹੀ ਜਾਇਆ ਜਾਏ, ਉੱਥੇ ਵੀ
ਵੇਖ ਹੀ ਲਈਏ ਰੰਗ ਕਰਤਾਰ ਦੇ..

ਬਾਹਰ ਜਾਕੇ ਮੈਨੂੰ ਤਾਂ ਖੇਤੀਬਾੜੀ ਕਰਨ ਦਾ ਹੀ ਹੈ, ਜੇਹੜੀ
ਜ਼ਮੀਨ ਮੈਂ ਪੰਜਾਬ 'ਚ ਹਾਸਲ ਸ਼ਾਇਦ ਕਦੇ ਨਾ ਕਰ ਸਕਾਂ
(ਅੱਜ ਦੀ ਕਮਾਈ ਨਾਲ ਤਾਂ ਦੋ ਜਵਾਕਾਂ ਦੇ ਟੱਬਰ ਦਾ ਗੁਜ਼ਾਰਾ
ਹੀ ਸੰਭਵ ਹੈ), ਉਹ ਮੈਂ ਲੈ ਸਕਾਗਾਂ।
ਪਹਿਲੀ ਉਮੀਦ ਅਸਟਰੇਲੀਆ ਦੀ ਲੈ ਕੇ ਚੱਲਦਾ ਹੈ, ਕੈਨੇਡਾ
ਬਾਰੇ ਮੇਰੇ ਵਿਚਾਰ ਕੁਝ ਢਿੱਲੇ ਹਨ। ਗਰੇਵਾਲ ਆਂਟੀ
ਦਾ ਲੜਕਾ ਬਾਹਰ ਗਿਆ ਹੋਇਆ ਹੈ, ਉਨ੍ਹਾਂ ਨਾਲ ਵੀ ਸਲਾਹ
ਕੀਤੀ ਹੈ, ਉਨ੍ਹਾਂ ਦੀ ਵੀ ਰਾਏ ਹੈ ਕਿ ਜਾਣਾ ਚਾਹੀਦਾ ਹੈ,
ਘਰ ਦੇ ਤਾਂ ਬਹੁਤ ਦੇਰ ਦੇ ਜ਼ੋਰ ਦਿੰਦੇ ਹਨ ਕਿ ਹੁਣ ਤਾਂ 3
ਸਾਲ ਹੋ ਗਏ ਨੌਕਰੀ ਕਰਦੇ ਨੂੰ ਹੁਣ ਤਾਂ ਅਪਲਾਈ ਕਰ ਦੇ,
ਪਰ ਮੇਰੇ ਆਲਸ ਨੇ ਕਿਸੇ ਪਾਸੇ ਜਾਣ ਲਈ ਰਾਹ ਨਹੀਂ ਦਿੱਤਾ।
ਹਾਲੇ ਵੀ ਕੋਈ ਪੱਕਾ ਫੈਸਲਾ ਨੀਂ ਕਿ ਕੀ ਕਰਨਾ ਹੈ, ਹਾਲੇ ਕੋਈ
ਨਾਲ ਤੁਰਨ ਨੂੰ ਤਿਆਰ ਨਹੀਂ ਹੈ, ਇਸਕਰਕੇ ਇੱਕਲੇ ਨੂੰ ਹੋਰ
ਹੀ ਜਾਪਦਾ ਹੈ, ਖ਼ੈਰ ਬਹੁਤ ਸਾਰੇ ਕਦਮ ਇੱਕਲਿਆਂ ਹੀ ਲੈਣੇ ਪੈਂਦੇ ਹਨ,
ਅਤੇ ਬਾਹਰ ਜਾਣ ਦਾ ਕਦਮ ਵੀ ਸ਼ਾਇਦ ਇਸੇਤਰ੍ਹਾਂ ਦਾ ਹੀ ਹੈ...

04 August, 2007

KDE4 ਬੀਟਾ1 (Beta1) - ਭਲਕ ਦੀ ਝਲਕ

KDE4 ਦੀ ਬਹੁਤ ਦੇਰ ਤੋਂ ਉਡੀਕ ਕੀਤੀ ਜਾ ਰਹੀ ਹੈ। ਸ਼ਾਇਦ ਡੇਢ ਕੁ ਸਾਲ
ਤੋਂ ਗੱਲਾਂ ਚੱਲਦੀਆਂ ਹਨ, ਪਰ ਅਜੇ ਤੱਕ ਕਿਤੇ ਆਪ ਚਲਾ ਕੇ ਵੇਖ ਨਾ ਸਕਿਆ।
ਹੁਣ ਤੱਕ 3 ਐਲਫ਼ਾ ਆ ਗਏ ਹਨ, ਅੱਜ ਕੱਲ੍ਹ ਰਾਤ ਬੀਟਾ 1 ਵੀ ਆ ਗਿਆ।
ਇਸ ਵਾਰ ਟੈਸਟ ਕਰਨ ਦਾ ਮੌਕਾ ਮਿਲ ਗਿਆ, ਕਿਉਂਕਿ ਸੂਸੇ ਇੰਸਟਾਲ
ਕੀਤਾ ਹੋਇਆ ਸੀ ਅਤੇ ਉਹ KDE4 ਦੇ ਪੈਕੇਜ ਛੇਤੀ ਹੀ ਜਾਰੀ ਕਰ ਦਿੰਦੇ ਹਨ,
ਅਸਲ ਵਿੱਚ KDE ਵਾਲੇ ਬਹੁਤੇ ਲੋਕ ਹੀ ਸੂਸੇ ਵਿੱਚ ਹਨ ਭਾਵ ਕਿ ਸੂਸੇ
ਵਾਲੇ ਹੀ KDE ਨੂੰ ਹੈਂਡਲ ਕਰਦੇ ਹਨ।

ਖੈਰ ਪਿਛਲੇ ਹਫ਼ਤੇ ਇੰਸਟਾਲ ਕੀਤੇ ਸੂਸੇ ਵਿੱਚ ਕਾਫ਼ੀ ਟੈਸਟਿੰਗ ਕਰਨ
ਬਾਅਦ ਹੁਣ KDE4 ਪੈਕੇਜ ਇੰਸਟਾਲ ਅੱਜ ਕਰ ਲਏ। ਵਕਤ ਕੁਝ ਨਹੀਂ
ਲੱਗਿਆ ਅਤੇ ਇੱਕ ਵਾਰ ਕਰੈਸ਼ ਹੋਣ ਤੋਂ ਬਿਨਾਂ ਕੋਈ ਸਮੱਸਿਆ ਵੀ ਨਹੀਂ ਆਈ ਹੈ,
ਮੁੜ-ਚਾਲੂ ਕਰਨ ਬਾਅਦ ਉਂਝ ਤਾਂ KDE3.5 ਹੀ ਚੱਲਦਾ ਰਿਹਾ, ਪਰ
ਕੁਝ ਕਾਰਜ KDE4 ਦੇ ਵੀ ਚੱਲੇ। ਖਾਸ ਕਰਕੇ ਜੇ ਤੁਸੀਂ ਟਰਮੀਨਲ ਤੋਂ
ਚਲਾਉਦੇ ਹੋ ਤਾਂ KDE4 ਹੀ ਚੱਲਦਾ ਹੈ। ਕੇਮੇਲ, ਕੇਟ,
ਕੇਬਬੇਲ, ਓਲੁਕਾਰ, ਕੋਨਕਿਊਰੋਰ, ਅਤੇ ਮੇਰਾ ਸਭ ਤੋਂ ਪਸੰਦੀਦਾ
ਫਾਇਲ ਮੈਨੇਜਰ ਡਾਲਫਿਨ ਕੁਝ ਮੁੱਖ ਕਾਰਜ ਸਨ।
ਕੇਮੇਲ ਵਿੱਚ ਬਹੁਤ ਕੁਝ ਸੁਧਾਰਿਆ ਗਿਆ ਹੈ। ਟਰੀ ਵਿਊ ਵਿੱਚ
ਫੋਲਡਰ ਦੇ ਆਕਾਰ ਆਉਣ ਨਾਲ ਪਹਿਲੀਂ ਵਾਰ ਪਤਾ ਲੱਗਾ ਕਿ
ਕੁਝ ਬਹੁਤ ਹੀ ਬੇਕਾਰ ਮੇਲ-ਫੋਲਡਰਾਂ ਨੇ 24 MB ਜਗ੍ਹਾ ਘੇਰੀ


ਹੋਈ ਸੀ, ਸੋ ਉਹ ਹਟਾਏ ਅਤੇ ਫਿਲਟਰਾਂ ਨੂੰ ਮੁੜ ਨਿਰਧਾਰਤ
ਕੀਤਾ। ਇਸਤਰ੍ਹਾਂ ਕੇਮੇਲ ਪਹਿਲਾਂ ਕਾਰਜ ਹੋ ਗਿਆ, ਜੋ ਮੈਂ
ਵਰਤਣਾ ਸ਼ੁਰੂ ਕਰ ਦਿੱਤਾ ਹੈ (ਸੂਸੇ ਵਾਲਿਆਂ ਦੇ ਇਹ ਵਾਦਾ
ਮੰਨ ਕੇ ਹਰੇਕ ਹਫ਼ਤੇ ਉਹ KDE4 ਲਈ ਪੈਕੇਜ ਬਣਾਉਦੇ ਹਨ)।

ਦੂਜੀ ਸਭ ਤੋਂ ਵੱਡੀ ਗੱਲ਼ ਸਧਾਰਨ (ਸੈਂਪਲ) ਜੇਹਾ ਥੀਮ ਅਤੇ
ਬਹੁਤ ਹੀ ਹਲਕੇ ਜਿਹੇ (ਬਿਨਾਂ ਭੜਕਾਉ ਦਿੱਖ ਦੇ) ਆਈਕਾਨ ਹਨ।
ਮੱਲੋ-ਮੱਲੀ ਛੂਹਣ ਨੂੰ ਦਿਲ ਕਰਦਾ ਹੈ।

ਤੀਜੀ ਗੱਲ਼ ਰੈਡਰਿੰਗ ਫਾਰ ਪੰਜਾਬੀ (ਪੰਜਾਬੀ ਭਾਸ਼ਾ ਲਈ ਫੋਂਟਾਂ
ਦੀ ਦਿੱਖ) ਇਹ ਤਾਂ ਤੁਸੀਂ ਤਸਵੀਰ ਵੇਖ ਕੇ ਹੀ ਸਮਝ ਸਕਦੇ ਹੋ।
ਕੋਨਕਿਊਰੋਰ (KDE4) ਵਿੱਚ ਬੀਲਾਗ ਹੀ ਵੇਖ ਲਵੋ।


ਬਹੁਤ ਹੀ ਵਧੀਆ ਦਿੱਖ ਹੈ, ਕਰਸਰ ਦੀ ਹਿੱਲਜੁੱਲ ਵੀ ਬਿਲਕੁੱਲ ਦਰੁਸਤ
ਹੈ, ਭਾਵੇ ਤੁਸੀਂ ਅੱਧਾ ਅੱਖਰ ਪਾਇਆ ਹੈ ਜਾਂ ਨਹੀਂ, ਕੋਈ ਫ਼ਰਕ ਨਹੀਂ
ਪੈਂਦਾ। ਇਹ ਬਹੁਤ ਹੀ ਵਧੀਆਂ ਹੋਇਆ ਹੈ। KDE3 ਨੂੰ ਜੇ ਤੁਸੀਂ
ਵਰਤਿਆ ਹੈ ਤਾਂ ਤੁਹਾਨੂੰ ਸੱਚਮੁੱਚ ਹੀ ਬਹੁਤ ਆਨੰਦ ਆਵੇਗਾ ਕਿ
ਇਹ ਤਾਂ ਕਮਾਲ ਹੀ ਹੋ ਗਿਆ।

ਫੇਰ ਡਾਲਫਿਨ ਬਾਰੇ ਗੱਲ ਕਰੀਏ ਤਾਂ ਇਹ ਦੇ ਟੂਲਬਾਰ ਨੇ ਸਭ ਤੋਂ ਵੱਧ
ਯੋਗਦਾਨ ਪਾਇਆ ਹੈ ਇਸ ਦੀ ਸ਼ਕਲ ਬਣਾਉਣ ਵਿੱਚ। ਇਹ KDE3
ਲਈ ਵੀ ਉਪਲੱਬਧ ਤਾਂ ਸੀ, ਪਰ KDE4 ਲਈ ਹੀ ਮੁੱਖ ਰੂਪ ਵਿੱਚ
ਤਿਆਰ ਕੀਤਾ ਜਾ ਰਿਹਾ ਹੈ ਅਤੇ ਇਸ ਸਭ ਤੋਂ ਵੱਡੀ ਦਿੱਸਣ ਵਾਲੀ
ਤਬਦੀਲੀ ਕੀਤੀ ਗਈ ਹੈ।



ਤਸਵੀਰਾਂ/ਗਾਣਿਆਂ ਦੀ ਝਲਕ ਵੇਖਾਉਣ ਤੋਂ ਇਲਾਵਾ ਵੰਡਣ ਵਾਲੀ
ਝਲਕ, ਵੇਰਵਾ ਅਤੇ ਕਾਲਮ ਝਲਕ ਬਹੁਤ ਹੀ ਵਧੀਆ ਹੈ।
ਆਕਸੀਜਨ (ਥੀਮ) ਨੇ ਸਾਰੇ KDE4 ਨੂੰ ਚਾਰ ਚੰਨ ਲਾ ਦਿੱਤੇ ਹਨ।


ਆਖਰੀ ਵਰਤਿਆ ਕਾਰਜ ਸੀ ਓਕੁਲਰ (ਸ਼ਾਇਦ ਫੋਟੋ,
PDF ਅਤੇ ਹੋਰ ਬਹੁਤੇ ਸਾਰੇ ਫਾਰਮੈਟਾਂ ਲਈ ਸਹਾਇਕ ਇੱਕਲਾ ਕਾਰਜ)।
ਬਹੁਤੀ ਵਾਰ ਤਾਂ ਇਹ ਆਪੇ ਹੀ ਖੁੱਲ੍ਹ ਜਾਂਦਾ ਸੀ ਅਤੇ ਹੈਰਾਨੀ
ਹੁੰਦੀ ਸੀ ਕਿ ਕਿਵੇਂ ਛੂਹ ਨਾਲ ਇਹ ਜਿਉਂਦਾ ਜਾਪਦਾ ਸੀ,
(ਭਾਵ ਕਿ ਜਦੋਂ ਆਕਾਰ ਬਦਲੋਗੇ ਤਾਂ ਤਸਵੀਰ ਵੱਡੀ ਛੋਟੀ
ਆਟੋਮੈਟਿਕ ਹੀ ਹੋ ਜਾਂਦੀ ਸੀ।

ਇੱਕ ਝਲਕ ਇਸ ਦੀ ਵੀਂ।

ਸਮੱਸਿਆਵਾਂ
ਕੁਝ ਕਾਰਜ ਅਕਸਰ ਕਰੈਸ਼ ਹੁੰਦੇ ਰਹੇ ਹਨ, ਜਿਵੇਂ ਕਿ ਕੇਟ, ਕੋਪੀਟੀ, ਸੋ
ਵਰਤਣ ਸਮੇਂ ਧਿਆਨ ਰੱਖਣਾ ਪੈਂਦਾ ਹੈ, (ਜਾਂ ਕਹਿ ਲਵੋ ਕਿ ਵਰਤਣਯੋਗ
ਹੀ ਨਹੀਂ ਹਨ)।
ਦੂਜੀ ਸਮੱਸਿਆ ਰੈਡਰਿੰਗ ਨਾਲ ਸਬੰਧਿਤ ਹੈ, ਇਹ ਕਿਊ-ਟੀ (QT)
ਨਾਲ ਸਬੰਧਿਤ ਹੈ ਅਤੇ ਇਹ ਸਭ KDE4 ਵਿੱਚ ਤੰਗ ਕਰਦੀ ਜਾਪਦੀ ਹੈ।
ਅਸਲ ਵਿੱਚ ਜਿੱਥੇ ਕਿਤੇ ਵੀ ਲੋਕਲ ਭਾਸ਼ਾ ਲਈ ਨੰਬਰ ਦਿੱਤੇ ਗਏ ਹਨ
ਪਰੋਗਰਾਮਿੰਗ ਦੇ ਦੌਰਾਨ, ਉੱਥੇ ਗੁਰਮੁਖੀ ਵੇਖਾਈ ਦਿੰਦੀ ਹੈ।
ਜੋ ਕਿ ਪੰਜਾਬ ਵਿੱਚ ਤਾਂ ਬਹੁਤੀ ਪੜ੍ਹਨਯੋਗ ਨਹੀਂ, ਸ਼ਾਇਦ ਬਹੁਤੇ
ਪੰਜਾਬੀ ਵੀਰ ਤਾਂ ਸਮਝ ਵੀ ਨਾ ਸਕਣ, ਇਸ ਦਾ ਹੱਲ ਰੀਲਿਜ਼ ਤੋਂ
ਪਹਿਲਾਂ ਕਰਨਾ ਹੀ ਪਵੇਗਾ ਨਹੀਂ ਤਾਂ KDE4 ਵਿੱਚ ਪੰਜਾਬੀ ਲਈ ਗੰਭੀਰ
ਸਮੱਸਿਆ ਸਾਹਮਣੇ ਆਵੇਗੀ।

ਸਮੱਸਿਆ ਦੀ ਡਾਲਫਿਨ ਦੇ ਮੇਰੀ ਪਸੰਦ ਡਾਈਲਾਗ 'ਚ ਝਲਕ

ਹੋਰ KDE4 ਬਾਰੇ ਜਾਣਕਾਰੀ ਲਈ ਮਹੱਤਵਪੂਰਨ ਹੈ:
ਸ਼ਾਇਦ ਮੈਂ ਬਹੁਤੇ ਐਪਲੀਕੇਸ਼ਨ ਇੰਸਟਾਲ ਨਹੀਂ ਕਰ ਸਕਿਆ,
ਪਰ ਤੁਸੀਂ ਜਾਣਕਾਰੀ ਕੇਡੀਈ ਦੀ ਸਾਇਟ ਤੋਂ ਲੈ ਸਕਦੇ ਹੋ।
http://kde.org/announcements/announce-4.0-beta1.php

ਇੰਸਟਾਲ ਕਰਕੇ ਵਰਤਣ ਵਾਸਤੇ openSUSE ਸਭ ਤੋਂ
ਵਧੀਆ ਹੈ। ਜਾਣਕਾਰੀ ਲਈ ਵੇਖੋ:
http://en.opensuse.org/KDE4


ਹੋਰ ਕੁਝ ਮਹੱਤਵਪੂਰਨ ਕਾਰਜ ਵਿੱਚ ਪਲਾਜ਼ਮਾ, ਸਾਲਡ
ਅਤੇ ਮਾਰਬਲ ਸ਼ਾਮਲ ਕੀਤੇ ਗਏ ਹਨ। ਵਿਦਿਅਕ ਸਾਫਟਵੇਅਰ
ਵੀ KDE4 ਵਿੱਚ ਆਏ ਹਨ, ਜਿੰਨ੍ਹਾਂ ਵਿੱਚ ਕੈਲਜ਼ੀਅਮ ਖਾਸ ਹੈ।
ਅੱਜ ਲਈ ਇੰਨ੍ਹਾਂ ਹੀ, ਬਾਕੀ ਫੇਰ ਸਹੀਂ

03 August, 2007

ਅਨੁਵਾਦ ਪਰੋਜੈਕਟ - ਇੱਕ ਤਕਨੀਕੀ ਸੁਝਾਅ

ਅਨੁਵਾਦ ਲਈ ਸਹੀ ਬਹੁਵਚਨ,
ਜਦੋਂ ਅੰਗਰੇਜ਼ੀ ਵਿੱਚ ਦੋ ਇੱਕ ਲਾਇਨ ਦੀਆਂ ਦੋ ਲਾਈਆਂ ਬਣ
ਜਾਂਦੀਆਂ ਹਨ ਤਾਂ ਇੰਨ੍ਹਾਂ ਲਈ ਇਸ ਦੀ ਲੋੜ ਪੈਂਦੀ ਹੈ।
ਅਕਸਰ ਇਸ ਦਾ ਫਾਰਮੈਟ ਇੰਝ ਹੁੰਦਾ ਹੈ।
----------
#, c-format
msgid "Loading %d file…"
msgid_plural "Loading %d files…"
msgstr[0] "ਫਾਇਲ %d ਲੋਡ ਹੋ ਰਹੀ ਹੈ…"
msgstr[1] "ਫਾਇਲਾਂ %d ਲੋਡ ਹੋ ਰਹੀਆਂ ਹਨ…"
----------

ਇਸ ਵਾਸਤੇ ਜ਼ਰੂਰੀ ਹੈ ਕਿ PO ਫਾਇਲ ਦੇ ਹੈਡਰ ਵਿੱਚ ਇਹ ਦੱਸਿਆ
ਜਾਵੇ ਕਿ ਤੁਹਾਡੀ ਭਾਸ਼ਾ ਵਿੱਚ ਬਹੁਵਚਨ ਕਿੰਨੇ ਹੁੰਦੇ ਹਨ
(ਪੰਜਾਬੀ ਵਿੱਚ ਤਾਂ ਦੋ ਹੀ ਹੁੰਦੇ ਹਨ ਇਕੱ ਵਚਨ ਅਤੇ ਬਹੁਵਚਨ,
ਪਰ ਹੋਰ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਇਸ ਤੋਂ ਵੱਧ ਵੀ ਹੁੰਦੇ ਹਨ)

ਹੇਠ ਦਿੱਤੀ ਲਾਇਨ ਹੈਡਰ ਵਿੱਚ ਦੇਣੀ ਲਾਜ਼ਮੀ ਹੈ ਨਹੀਂ ਤਾਂ
gettext ਕਮਾਂਡ ਠੀਕ ਤਰ੍ਹਾਂ ਪਛਾਣ ਲਈ ਫੇਲ੍ਹ ਹੋ ਜਾਂਦੀ ਹੈ।
"Plural-Forms: nplurals=2; plural=n != 1;\n"

ਸਾਢੇ ਤਿੰਨ ਸਾਲ ਅਨੁਵਾਦ ਕਰਨ ਬਾਅਦ ਵੀ ਇਹ ਜਾਣਨ ਲਈ ਅਸਫ਼ਲ
ਰਿਹਾ ਕਿ ਸਹੀਂ ਕੀ ਹੈ, ਇਸ ਦਾ ਅਹਿਸਾਸ ਉਦੋਂ ਹੋਇਆ, ਜਦੋਂ
ਕੇਡੀਈ (KDE) ਪਰਬੰਧ ਨੇ ਸਹੀਂ ਅੰਤਰ ਦੱਸਿਆ।
ਪੰਜਾਬੀ ਵਾਂਗ ਬਹੁਤ ਸਾਰੀਆਂ ਭਾਸ਼ਾਂਵਾਂ ਦਾ ਵੀ ਇਹੀ ਹਾਲ ਹੈ।
ਹੁਣ ਹੇਠ ਦਿੱਤੀ ਸਤਰ ਵਿੱਚ ਅੰਤਰ ਖੁਦ ਵੇਖ ਲਵੋ ਜੀ।

-"Plural-Forms: nplurals=2; plural=(n != 1);\n"
+"Plural-Forms: nplurals=2; plural=n != 1;\n"

\n ਤੋਂ ਪਹਿਲਾਂ ਇੱਕ ਖਾਲੀ ਥਾਂ (ਸਪੇਸ) ਛੱਡਣੀ ਲਾਜ਼ਮੀ ਹੈ ਅਤੇ ਕੋਈ ਬਰੈਕਟ
ਨਹੀਂ ਵਰਤਣੀ ਹੈ।

ਖੈਰ ਹੁਣ ਸੁਧਾਰ ਕਰਨ ਦਾ ਸਮਾਂ ਆ ਗਿਆ ਹੈ ਅਤੇ ਕਾਰਵਾਈ
ਜਾਰੀ ਹੈ। ਹੋਰ PO ਫਾਇਲਾਂ ਵਿੱਚ ਅਨੁਵਾਦ ਕਰਨ ਵਾਲੇ ਵੀਰਾਂ
ਨੂੰ ਸੁਝਾਅ ਹੈ ਕਿ ਬਹੁ ਵਚਨ ਦਾ ਧਿਆਨ ਰੱਖਣ ਇਹ ਅਕਸਰ
ਬਹੁਤ ਵੱਡੀ ਗਲਤੀ ਨੂੰ ਜਨਮ ਦੇ ਸਕਦਾ ਹੈ, ਅੱਜ ਨਾ ਭਲਕ।

ਧੰਨਵਾਦ

01 August, 2007

ਫੇਡੋਰਾ ਪੰਜਾਬੀ ਅਨੁਵਾਦ ਨੂੰ ਵੀ ਅਲਵਿਦਾ

ਫੇਡੋਰਾ ਪੰਜਾਬੀ ਟਰਾਂਸਲੇਸ਼ਨ ਦਾ ਕੰਮ ਤਾਂ ਕਾਫ਼ੀ ਦਿਨ ਪਹਿਲਾਂ ਛੱਡ ਦਿੱਤਾ ਸੀ,
ਹੁਣ ਫੇਡੋਰਾ ਵਾਲਿਆਂ ਲਈ ਇਹ ਖੁੱਲ੍ਹੇ ਰੂਪ ਵਿੱਚ ਛੱਡ ਦਿੱਤਾ ਹੈ। 3 ਸਾਲਾਂ
ਦੀ ਲਗਾਤਾਰ ਮੇਹਨਤ ਬਾਅਦ ਇਹ ਛੱਡਣ ਲੱਗਿਆ ਦੁੱਖ ਤਾਂ ਜ਼ਰੂਰ ਹੋਇਆ,
ਪਰ ਫੇਰ ਵੀ ਤਸੱਲੀ ਸੀ ਕਿ ਮੇਰਾ ਰਹਿਬਰ ਵੀ ਤਾਂ ਨਹੀਂ ਰਿਹਾ ਹੁਣ, ਇੱਥੇ
ਕੰਮ ਕਰਨ ਦਾ ਕੋਈ ਫਾਇਦਾ ਨਹੀਂ ਸੀ ਲੱਗਦਾ, ਕੋਈ ਪੁੱਛਣ ਵਾਲਾ
ਨਹੀਂ ਸੀ, 'ਲੁੱਚਾ ਲੰਡਾ ਚੌਧਰੀ ਗੁੰਡੀ ਰੰਨ ਪਰਧਾਨ' ਵਾਲੀ ਗੱਲ਼ ਹੈ।
ਨਾ ਹੀ ਪਰੋਜੈਕਟ ਨੂੰ ਆਪਣੇ ਅਨੁਵਾਦਾਂ ਦੀ ਕਦਰ ਹੈ, ਇਹ ਗੱਲੋਂ
ਮੈਂ ਸੂਸੇ, ਮੈਂਡਰਿਕ ਦਾ ਕਾਇਲ ਹਾਂ, ਬਹੁਤ ਨਹੀ ਤਾਂ ਘੱਟੋ-ਘੱਟ ਯਾਦ
ਤਾਂ ਰੱਖਦੇ ਹਨ। ਕੰਪਨੀਆਂ ਭਾਵੇਂ ਛੋਟੀਆਂ ਹੀ ਹਨ, ਪਰ ਆਪਣੀ
ਔਕਾਤ ਮੁਤਾਬਕ ਕਦਰ ਜ਼ਰੂਰ ਕਰਦੀਆਂ ਹਨ। ਫੇਡੋਰਾ
ਮੁਫ਼ਤ ਦਾ ਕੰਮ ਕਰਵਾ ਕੇ ਵੀ ਛੜਾ ਚਲਾਉਦਾ ਹੈ। ਕੁਝ ਵੱਧ
ਹੀ ਵਪਾਰਕ ਬਣ ਗਿਆ ਹੈ। ਫੇਡੋਰਾ ਪਰੋਜੈਕਟ ਦਾ ਇਹ
ਹਾਲ ਹੈ। ਖ਼ੈਰ ਹੁਣ ਤੋਂ ਜਸਵਿੰਦਰ ਸਿੰਘ ਫੂਲੇਵਾਲਾ ਹੀ ਇਹ
ਕੰਮ ਸੰਭਾਲੇਗਾ ਅਤੇ ਉਸ ਦੇ ਸਿਰ ਹੀ ਇਹ ਜੁੰਮੇਵਾਰੀ ਹੈ ਕਿ
ਕਿੰਨਾ ਕੰਮ ਬਾਕੀ ਹੈ ਅਤੇ ਕਾਹਤੋਂ। ਖ਼ੈਰ ਉਸ ਨੂੰ ਮੁਬਾਰਕਾਂ
ਦਿੰਦਾ ਹੋਇਆ ਹੁਣ ਅਲਵਿਦਾ ਮੰਗਦਾ ਹੈ ਅਤੇ ਰੱਬ ਨੂੰ
ਅਰਦਾਸ ਕਰਦਾ ਹੈ ਕਿ ਹੁਣ ਮੈਨੂੰ ਇਸ ਵਾਸਤੇ ਵਾਪਸ
ਨਾ ਆਉਣਾ ਪਵੇ ਕਦੇ।
ਆਮੀਨ!

28 July, 2007

ਫਿਡੇਰਾ ਅਲਵਿਦਾ, ਓਪਨ-ਸੂਸੇ ਜੀ ਆਇਆਂ ਨੂੰ

ਅੱਜ ਅਖੀਰ ਬੜੇ ਦਿਨਾਂ ਦੀ ਮੇਹਨਤ ਬਾਅਦ ਆਖਰ ਫੇਡੋਰਾ (Fedora) ਨੂੰ ਅਲਵਿਦਾ ਕਹਿ ਦਿੱਤੀ ਹੈ,
ਹੁਣ ਓਪਨ-ਸੂਸੇ (OpenSuse) ਨਾਲ ਕੰਮ ਮੁੜ ਸ਼ੁਰੂ ਕੀਤਾ ਹੈ। ਇਹ ਸਭ ਤੋਂ ਪਹਿਲਾਂ ਵਰਤਿਆ
ਲਿਨਕਸ ਹੈ (ਉਦੋਂ 7.3 ਹੁੰਦਾ ਸੀ), ਪਹਿਲੀਂ ਵਾਰ ਪੈਸੇ ਲਾ ਕੇ ਖਰੀਦਿਆ, ਗਰਾਫਿਕਲ ਦੇ
ਰੂਪ ਵਿੱਚ ਵਰਤਿਆ, ਇੰਟਰਨੈੱਟ ਵੀ ਚਲਾਇਆ ਸੀ, ਸਿਸਟਮ ਅੱਪਡੇਟ ਵੀ
ਕੀੀਤਾ ਸੀ। ਉਦੋਂ ਨੋਵਲ ਨੇ ਸੂਸੇ ਨੂੰ ਖਰੀਦਿਆ ਨਹੀਂ ਸੀ ਅਤੇ ਇਹ ਸ਼ੁੱਧ
ਜਰਮਨ ਕੰਪਨੀ ਸੀ। ਹੁਣ ਤਾਂ ਕਾਫ਼ੀ ਬਦਲਾਅ ਆ ਚੁੱਕੇ ਹਨ। ਇੰਸਟਾਲੇਸ਼ਨ
ਫੇਰ ਵੀ ਉਨ੍ਹੀਂ ਹੀ ਸੌਖੀ, ਸਿੱਧੀ ਹੈ। ਓਪਨ ਸੂਸੇ ਪੰਜਾਬੀ ਡੈਸਕਟਾਪ
(ਪੰਜਾਬੀ ਤਸਵੀਰਾਂ ਲਈ ਓਪਨ-ਸੂਸੇ ਵੇਖੋ)

ਸਵੇਰੇ 6 ਵਜੇ ਡੀਵੀਡੀ ਡਾਊਨਲੋਡ ਕੀਤੀ ਸੀ ਅਤੇ ਆਥਣ ਤੱਕ ਇਹੀ ਕੰਮ ਚੱਲਦਾ ਰਿਹਾ,
ਸਭ ਤੋਂ ਵੱਡੀ ਸਮੱਸਿਆ ਆਈ ਸੀ ਕਿ ਬੂਟ ਲੋਡਰ ਇੰਸਟਾਲ ਨਹੀਂ ਸੀ ਕੀਤਾ MBR ਉੱਤੇ,
ਮੂਲ ਰੂਪ ਵਿੱਚ / ਭਾਗ ਉੱਤੇ ਹੀ ਰੱਖਦਾ ਹੈ, ਇਸਕਰਕੇ ਕੁਝ ਅਜੀਬ ਜੇਹਾ ਇੰਟਰਫੇਸ ਚੱਲ ਰਿਹਾ ਸੀ।
ਖੈਰ ਦੂਜੀ ਵਾਰ ਸੀਡੀ ਪਾਕੇ 'ਇੰਸਟਾਲ ਸਿਸਟਮ ਬੂਟ' ਕਰਵਾ ਕੇ ਮਸਲਾ ਹੱਲ ਕਰ ਲਿਆ ਸੀ।
ਹੁਣ ਲਗਭਗ ਸਭ ਕੰਮ ਸਮਾਪਤ ਹੋ ਗਿਆ ਹੈ ਅਤੇ ਮੇਲਾਂ ਵਗੈਰਾ ਵੀ ਠੀਕ ਕਰ ਲਈਆਂ ਹਨ।

ਸੂਸੇ ਨਾਲ ਪਰੇਮ ਦੇ ਕਈ ਕਾਰਨ ਹਨ (ਜੇ ਕਦੇ ਇੰਸਟਾਲ ਕਰਨ ਦਾ ਮੌਕਾ ਮਿਲਿਆ ਤਾਂ
ਵੇਖਿਓ ਜ਼ਰੂਰ ਜੀ)-
ਸਭ ਤੋਂ ਪਹਿਲਾਂ ਸੀਡੀ ਬੂਟ ਕਰਦੇ ਸਾਰ ਹੀ ਤੁਸੀਂ ਪੰਜਾਬੀ 'ਚ ਚਾਲੂ ਕਰ ਸਕਦੇ ਹੋ
(F2 ਦਬਾਓ ਅਤੇ ਪੰਜਾਬੀ ਚੁਣ ਲਵੋ ਜੀ)
ਫੇਰ ਇਸ ਦਾ ਇੰਟਰਫੇਸ ਇੰਨਾ ਸੋਹਣਾ ਹੈ ਕਿ ਤੁਹਾਨੂੰ ਕਦੇ ਵੀ ਮਹਿਸੂਸ ਨਹੀਂ ਹੋਵੇਗਾ ਕਿ
ਤੁਸੀਂ ਕਿਸੇ ਕਾਲੇ ਰੰਗ ਦੇ ਡੱਬੇ ਨਾਲ ਟੱਕਰਾਂ ਮਾਰ ਰਹੇ ਹੋ, ਕਿਤੇ ਵੀ ਟਰਮੀਨਲ ਨਹੀਂ ਵੇਖਾਈ
ਦੇਵੇਗਾ।
ਇਸ ਦਾ ਸੰਰਚਨਾ ਕਰਨਾ ਦਾ ਢੰਗ ਬਹੁਤ ਹੀ ਸ਼ਾਨਦਾਰ ਹੈ, ਹਰ ਵਾਰ ਲਗਭਗ ਸਭ
ਕੁਝ ਖੋਜ ਹੀ ਲੈਂਦਾ ਹੈ ਅਤੇ ਵਧੀਆ ਚੱਲਦਾ ਹੈ, (ਜਿਹੜਾ ਕੁਝ ਫੇਡੋਰਾ ਉੱਤੇ ਕਦੇ
ਖੋਜਿਆ ਨਹੀਂ ਜਾਂਦਾ ਉਹ ਤਾਂ ਆਟੋਮੈਟਿਕ ਹੀ ਹੋ ਜਾਂਦਾ ਹੈ)
ਇੰਸਟਾਲੇਸ਼ਨ ਤੋਂ ਬਾਅਦ ਛੇਤੀ ਹੀ ਰੀਬੂਟ ਹੋ ਕੇ ਸੰਰਚਨਾ ਲਈ ਮੰਗ ਕੀਤੀ ਜਾਂਦੀ ਹੈ
ਅਤੇ ਤੁਸੀਂ ਆਪਣੇ ਡੈਸਕਟਾਪ ਉੱਤੇ ਅੱਪੜ ਜਾਂਦੇ ਹੋ, ਬਿਲਕੁੱਲ ਵਿੰਡੋ ਵਾਂਗ ਕੋਈ
ਗੁਪਤ-ਕੋਡ (ਪਾਸਵਰਡਾਂ) ਦਾ ਕੋਈ ਰੌਲਾ ਹੀ ਨਹੀਂ ਹੈ (ਆਮ ਵਰਤਣ ਵਾਲੇ ਲਈ
ਇਹ ਠੀਕ ਹੈ, ਮਾਹਰਾਂ ਲਈ ਭਾਵੇਂ ਸਮੱਸਿਆ ਹੋਵੇ)।

ਡੈਸਕਟਾਪ ਉੱਤੇ ਪੰਜਾਬੀ ਆਈਕਾਨ

ਕੇ-ਇੰਟਰਨੈੱਟ ਬਹੁਤ ਚਿਰਾਂ ਤੋਂ ਵਰਤਦਾ ਹਾਂ, ਇਹ ਇੰਟਰਨੈੱਟ ਸੰਰਚਨਾ ਦਾ ਇੰਨਾ ਵਧੀਆ
ਅਤੇ ਸੌਖਾ ਢੰਗ ਹੈ ਕਿ ਬਹੁਤੀਆਂ ਟੱਕਰਾਂ ਮਾਰਨੀਆਂ ਹੀ ਨਹੀਂ ਪਈਆਂ। ਹੁਣ ਵੀ
ਇਹੀ ਹੋਇਆ। ਰਿਲਾਇੰਸ ਦਾ ਨੈੱਟ ਤੁਰੰਤ ਹੀ ਸੰਰਚਿਤ ਹੋ ਗਿਆ।




ਸਭ ਤੋਂ ਵੱਡੀ ਗੱਲ਼, ਜੇ ਤੁਸੀਂ ਅਸਲੀ KDE (ਡੈਸਕਟਾਪ ਮੈਨੇਜਰ) ਦਾ ਆਨੰਦ
ਲੈਣਾ ਚਾਹੁੰਦੇ ਹੋ ਤਾਂ ਸੂਸੇ (suse) ਤੋਂ ਬਿਨਾਂ ਕੋਈ ਬਦਲ ਨਹੀਂ ਹੈ ਤੁਹਾਡੇ ਕੋਲ।
ਬਹੁਤੇ ਕੇਡੀਈ ਡਿਵੈਲਪਰ ਸੂਸੇ ਦਾ ਹੀ ਭਾਗ ਹਨ ਅਤੇ ਸੂਸੇ ਹਮੇਸ਼ਾਂ ਨਵੇਂ ਫੀਚਰਾਂ
ਲਈ ਕੇਡੀਈ ਉੱਤੇ ਨਿਰਭਰ ਕਰਦਾ ਹੈ।

KDE ਦਾ ਨਵਾਂ ਮੇਨੂ

ਇਸ ਪੜਾਅ ਵਿੱਚ ਤੁਹਾਨੂੰ ਸਭ ਪਹਿਲਾਂ ਮੇਨੂ ਅਜੀਬ ਜੇਹਾ ਭਾਵੇਂ ਲੱਗੇ
(ਜੇ ਤੁਸੀਂ ਹੋਰ ਲਿਨਕਸ ਵਰਤਦੇ ਰਹੇ ਹੋ)। ਇਹ ਵਿੰਡੋ ਨਾਲ
ਵੀ ਸੋਹਣਾ ਹੈ ਅਤੇ ਬਹੁਤ ਹੀ ਲਾਭਦਾਇਕ ਵੀ। ਇਹ ਨਵੇਂ ਮੇਨੂ ਨੂੰ
ਉਪਲੱਬਧ ਕਰਵਾਉਣ ਵਿੱਚ ਸੂਸੇ ਦਾ ਹੀ ਹੱਥ ਹੈ, (ਅਤੇ ਫੇਡੋਰਾ ਅਧਾਰਿਤ
ਲੋਕ ਸ਼ਾਇਦ ਇਹ ਉਪਲੱਬਧ ਕਰਵਾਉਣਾ ਨਹੀਂ ਚਾਹੁੰਦੇ ਹਨ)

ਹਾਲਾਂਕਿ ਕੁਝ ਸਮੇਂ ਤੋਂ ਸੂਸੇ ਦੀ ਚਾਲ ਮੱਠੀ ਜਾਪਦੀ ਹੈ, ਕੁਝ ਬਦਲਾਅ ਹੋਏ ਹਨ, ਕੁਝ
ਭਾਰੀ ਬਦਲਾਅ, (ਇਹ ਅੰਦਰ ਵਾਲੇ ਲੋਕ ਹੀ ਜਾਣਦੇ ਹੋਣਗੇ), ਪਰ ਫੇਰ ਸੂਸੇ ਨੇ
ਆਪਣੀ ਗੱਡੀ ਲਾਇਨ ਉੱਤੇ ਲਿਆਉਣ ਦੀ ਕੋਸ਼ਿਸ਼ ਜਾਰੀ ਰੱਖੀ ਹੈ ਅਤੇ
ਓਪਨ-ਸੂਸੇ ਦੇ ਰੂਪ ਵਿੱਚ ਇਹ ਲੈਣ ਉੱਤੇ ਆ ਰਹੀ ਜਾਪਦੀ ਹੈ।
ਓਪਨ-ਸੂਸੇ ਦਾ ਪਰੋਜੈਕਟ ਲੀਡਰ ਕੋਲੋ (coolo) ਬਣ ਗਿਆ ਹੈ, ਜੋ ਕਿ
ਸੂਸੇ ਦੇ ਬਹੁਤ ਲੋਕਾਂ ਵਾਂਗ ਜਰਮਨ ਹੈ, ਕੇਡੀਈ ਟਰਾਂਸਲੇਸ਼ਨ ਦਾ ਲੀਡਰ ਹੈ।

ਸੂਸੇ ਵਾਲੇ ਆਪਣੇ ਯੋਗਦਾਨ ਦੇਣ ਵਾਲੇ ਕਮਿਊਨਟੀ ਮੈਂਬਰਾਂ ਦਾ ਬਹੁਤ
ਖਿਆਲ ਰੱਖਦੇ ਹਨ, (ਮੈਨੂੰ ਟਰਾਂਸਲੇਸ਼ਨ ਦਾ ਤਜਰਬਾ ਹੈ)। ਪੰਜਾਬੀ
ਟੀਮ ਨੂੰ ਉਨ੍ਹਾਂ 3 ਵਰਜਨ ਬਾਕਸ ਪੈਕ ਭੇਜੇ ਹਨ (ਅਤੇ ਤਿੰਨਾਂ ਲਈ
1 ਸਾਲ ਦੀ ਸਟੈਂਡਰਡ ਸਪੋਰਟ ਵਿੱਚ ਸ਼ਾਮਲ ਸੀ)। ਇੰਨ੍ਹਾਂ ਵਿੱਚ
ਨਵੇਂ ਰੀਲਿਜ਼ ਹੋਏ 9.3, 10.0, 10.2

ਇੱਕ ਹੋਰ ਗੱਲ ਦੱਸਾਂ ਕਿ ਓਪਨ-ਸੂਸੇ ਨੂੰ ਸਪਾਂਸਰ ਕਰਨ ਵਾਲਿਆਂ ਵਿੱਚ
ਮੇਰੇ ਪਸੰਦ ਦੀ ਪਰੋਸੈਸਰ ਕੰਪਨੀ AMD ਹੈ। ਪੰਜਾਬੀ ਪੜ੍ਹਨ ਵਾਲਿਆਂ ਨੂੰ
ਦੱਸ ਦਿਆ ਕਿ Intel ਨਾਲ ਮੈਨੂੰ ਪਹਿਲਾਂ ਅਲਰਜੀ ਨਹੀਂ ਸੀ, ਪਰ ਇੱਕ
ਵਾਰ 3 ਸਾਲ ਪਹਿਲਾਂ Intel ਦੀ ਇੱਕ ਡਿਵੈਲਪਰ ਕੁੜੀ ਨੇ ਪੰਜਾਬੀ ਬਾਰੇ ਭੈੜਾ ਜੇਹਾ
ਕੁਮੈਂਟ ਦਿੱਤਾ ਸੀ ਕਿ ਇਹ ਭਾਸ਼ਾ (ਪੰਜਾਬੀ) ਫੇਡੋਰਾ/ਰੈੱਡ ਹੈੱਟ 'ਚ ਸ਼ਾਮਲ ਕਰਨ ਦੀ ਕੀ ਲੋੜ ਹੈ,
ਇਸ ਤੋਂ ਤਾਂ ਬਿਨਾਂ ਵੀ ਕੰਮ ਚੱਲਦਾ ਹੈ, ਕੇਹੜਾ ਇੰਨਾ ਦੀ ਸਰਕਾਰ ਜਾਂ ਲੋਕ
ਪੁੱਛਦੇ ਹਨ ਕਿ ਪੰਜਾਬੀ ਹੈ ਕਿ ਨਹੀਂ। ਮੈਂ ਉਦੋਂ ਨਵਾਂ ਨਵਾਂ ਹੀ ਲੱਗਾ ਸੀ ਅਤੇ
ਮੈਨੂੰ ਉਸ ਦੀ ਗੱਲ਼ ਸੁਣ ਕੇ ਬਹੁਤ ਦੁੱਖ ਹੋਇਆ ਅਤੇ ਖਿੱਝ ਵੀ ਆਈ।


ਓਪਨ-ਸੂਸੇ ਦੇ ਡੈਸਕਟਾਪ ਦੀ ਝਲਕ

ਖ਼ੈਰ ਅੱਜ ਓਪਨ-ਸੂਸੇ ਬਾਰੇ ਗੱਲ਼ਬਾਤ ਸੀ, ਅਤੇ ਇਹ ਮੇਰਾ ਰੀਵਿਊ ਸੀ
ਓਪਨ-ਸੂਸੇ ਬਾਰੇ। ਲਿਨਕਸ ਵਰਤਣ ਵਾਲੇ ਯੂਜ਼ਰ ਲਈ ਤਾਂ ਇਹ ਵਰਗਾ
ਇੰਟਰਫੇਸ ਇੱਕ ਸੁਪਨਾ ਹੀ ਹੁੰਦਾ ਹੈ, ਪਰ ਨਾਲ ਹੀ ਨਾਲ ਵਿੰਡੋ (Windows)
ਵਰਤਣ ਵਾਲੇ ਯੂਜ਼ਰਾਂ ਲਈ ਇਹ ਅਜੀਬ ਨਹੀਂ ਹੋਵੇਗਾ, ਬੇਸ਼ੱਕ ਇਹ ਉਨ੍ਹਾਂ
ਨੂੰ ਲਿਨਕਸ ਦੇ ਪ੍ਰਤੀ ਉਨ੍ਹਾਂ ਦੀ ਸੋਚ ਬਦਲਣ ਦਾ ਮੌਕਾ ਜ਼ਰੂਰ ਬਣੇਗਾ।

26 July, 2007

ਪਹਿਲਾਂ ਡੀਵੈਲਪਰ ਕੋਡ ਕੀਤਾ ਕਮਿਟ

ਓਪਨ ਸੋਰਸ ਦੀ ਸੇਵਾ ਕਰਦਿਆਂ ਅੱਜ ਮੇਰੇ ਕੋਲ ਇੱਕ ਦਿਲ ਨੂੰ
ਖੁਸ਼ ਕਰਨ ਵਾਲੀ ਘੜੀ ਆਈ ਹੈ, ਸੋ ਤੁਹਾਡੇ ਨਾਲ ਸਾਂਝੀ ਕਰਨ ਨੂੰ
ਦਿਲ ਕੀਤਾ।

ਹਾਂ, ਅੱਜ ਟਰਾਂਸਲੇਸ਼ਨ ਨੂੰ ਛੱਡ ਕੇ ਪਹਿਲੀਂ ਵਾਰ ਓਪਨ ਸੋਰਸ ਵਿੱਚ
ਕਮਿਟ ਕੀਤਾ ਇੱਕ ਡੀਵੈਲਪਰ ਵਾਂਗ ਅਤੇ ਉਹ ਵੀ KDE ਵਾਂਗ।
ਇਹ ਭਾਵੇਂ ਸਿਰਫ਼ ਕੁਝ ਗਲਤੀ ਸੁਧਾਰ ਹੀ ਸਨ, ਪਰ ਫੇਰ ਵੀ ਇਹ
ਕਮਿਟ ਕਰ ਦਿੱਤਾ ਬਿਨਾਂ ਕਿਸੇ ਦੀ ਨਜ਼ਰਸਾਨੀ ਦੇ। ਇਹ ਖਤਰਨਾਕ
ਸੀ, ਡਰਾਉਣਾ ਸੀ, ਪਰ ਇਹ ਕਰ ਦਿੱਤਾ। ਅੱਜ ਇਸ ਨਾਲ
ਇੱਕ ਹੋਰ ਦੁਨਿਆਂ ਵਿੱਚ ਪੈਰ ਧਰ ਲਿਆ ਹੈ, ਟਰਾਂਸਲੇਸ਼ਨ ਤੋਂ
ਵੱਖ ਹੋਣ ਲਈ, ਵੱਖਰੇ ਪਾਸੇ।

KDE ਟਰਾਂਸਲੇਸ਼ਨ ਦਾ ਬੈਕਗਰਾਊਂਡ ਮੁਖੀ ਬਣਨ ਬਾਅਦ
ਇਹ ਜੁੰਮੇਵਾਰੀਆਂ ਹਨ ਕਿ ਕਿਸੇ ਡੀਵੈਲਪਰ ਦੇ ਕੋਡ
ਵਿੱਚ ਹੋਈ i18n ਗਲਤੀ ਨੂੰ ਸੁਧਾਰਨਾ ਖੁਦ ਹੈ।
coolo (ਕੇਡੀਈ ਕੋਆਰਡੀਨੇਟਰ) ਤੋਂ ਇਜ਼ਾਜ਼ਤ ਲੈ ਕੇ
ਇਹ ਕੀਤਾ ਹੈ ਕਾਰਾ ਅੱਜ।
---
Revision 692799 - (view) (download) (as text) (annotate) - [select for diffs]
Modified Thu Jul 26 09:49:43 2007 UTC (4 hours, 52 minutes ago) by alam
File length: 41635 byte(s)
Diff to previous 689144
---
ਲਾਗ
http://websvn.kde.org/trunk/KDE/kdenetwork/kopete/kopete/kopetewindow.cpp?r1=692799&view=log

ਇਹ ਅਜੇ ਸ਼ੁਰੂਆਤ ਹੈ, ਰੋਜ਼ ਇਹ ਸਮੱਸਿਆਵਾਂ ਵੇਖਣੀਆਂ ਹਨ ਅਤੇ
ਠੀਕ ਕਰਨੀਆਂ ਹਨ, ਇਹ ਅੱਜ ਦਾ ਪਗ਼ ਖੌਰੇ ਕਿੱਧਰ ਨੂੰ ਲੈ ਕੇ ਜਾਵੇਗਾ।

ਖ਼ੈਰ ਰੱਬ ਮੇਹਰ ਰੱਖੇ ਅਤੇ ਕੰਮ ਅੱਗੇ ਵੀ ਜਾਰੀ ਰੱਖਣ ਦਾ ਬਲ ਬਖ਼ਸੇ।


"ਹੋਰ ਛੋਟੀ ਜੇਹੀ ਘਟਨਾ ਭਾਈ ਪਲਵਿੰਦਰ ਸਿੰਘ ਦੀ ਕਥਾ 'ਚੋਂ ਚੇਤੇ
ਆਈ ਕਿ ਸ਼ੇਰ ਕਿਓ ਸਿੰਘ ਕਿਓ, ਪਾਣੀ ਦੇ ਰੁੱਖ ਦੇ ਉਲਟ ਤੁਰਨਾ ਹੀ
ਸ਼ੇਰ ਬਣਾਉਦੀ ਹੈ।"

24 June, 2007

ਦੋਚਿੱਤੀ ਮਨ - ਪਰਿਵਾਰ ਜਾਂ ਰੋਜ਼ਗਾਰ ਦੇ ਫ਼ਰਜ਼

ਕੱਲ੍ਹ ਸ਼ਾਮ ਨੂੰ ਤੁਰਿਆ ਸਾਂ ਪੂਨੇ ਨੂੰ, ਉਹੀ ਸ਼ਾਮ ਵਾਲੀ ਬੱਸ ਫੜੀ, ਜਸਵਿੰਦਰ
ਨਾਲ ਸੀ। ਘਰੋਂ ਤੁਰਿਆ ਸਾਂ ਨੌਕਰੀ ਦੇ ਫ਼ਰਜ਼ ਜ਼ਰੂਰੀ ਸਮਝ ਕੇ, ਇਹੀ ਮੰਨ ਕੇ
ਕਿ ਪੈਸੇ ਲੋੜੀਦੇ ਹਨ, ਛੁੱਟੀਆਂ ਬਾਕੀ ਨਹੀਂ ਬਚੀਆਂ ਸਨ, ਪਰ ਅਣਡਿੱਠਾ
ਕਰ ਦਿੱਤਾ ਸੀ ਕਿ ਹੁਣ ਵਿਆਹ ਹੋ ਗਿਆ ਹੈ, ਕੁਝ ਫਰਜ਼ ਪਰਿਵਾਰ ਪ੍ਰਤੀ
ਵੀ ਬਣਦੇ ਹਨ। ਮਨ ਕਿਸੇ ਵੀ ਪਾਸੇ ਲਏ ਫੈਸਲੇ ਨੂੰ ਮੰਨ ਨਹੀਂ ਸੀ
ਰਿਹਾ। ਦੋਵੇਂ ਆਪੋ ਆਪਣੀ ਥਾਂ ਉੱਤੇ ਸਨ, ਦੋਵੇਂ ਠੀਕ ਵੀ ਸਨ ਅਤੇ
ਗਲਤ ਵੀ, ਵਾਪਿਸ ਪੂਨੇ ਜਾਣ ਦਾ ਫੈਸਲਾ ਲੈ ਕੇ ਵੀ ਸਥਿਰ ਨਹੀਂ ਸਾਂ,
ਪਰ ਜਾਣਾ ਵੀ ਤਾਂ ਸੀ।
ਲੁਧਿਆਣੇ ਜਾਕੇ ਚਾਚੇ ਨਾਲ ਗੱਲਬਾਤ ਕੀਤੀ, ਮੈਨੇਜਰ ਦਾ ਫੋਨ ਨਹੀਂ ਮਿਲਿਆ,
ਆਖਰ ਜਸਵਿੰਦਰ ਨਾਲ ਗੱਲ ਕਰਨ ਤੋਂ ਬਾਅਦ ਸਹਿਮਤੀ ਬਣੀ ਕਿ ਜੇ
ਅਗਲੇ ਹਫ਼ਤੇ ਫੇਰ ਮੁੜਨਾ ਹੀ ਹੈ ਤਾਂ ਜਾਣ ਦਾ ਕੀ ਫਾਇਦਾ?
10 ਹਜ਼ਾਰ ਰੁਪਏ ਕਿਰਾਇਆ ਵੱਧ ਲੱਗੇਗਾ, ਆਉਣਾ ਤਾਂ ਫੇਰ
ਪੈਣਾ ਹੀ ਹੈ, ਤਾਂ ਚੰਗਾ ਹੈ ਕਿ ਜਾਇਆ ਹੀ ਨਾ ਜਾਵੇ। ਲੰਮੇ ਸਫ਼ਰ
ਦੀ ਪਰੇਸ਼ਾਨੀ ਅੱਡ, ਸੋ ਆਖਰੀ ਸਮੇਂ ਲੁਧਿਆਣੇ ਤੋਂ ਮਨ ਬਦਲ
ਗਿਆ ਫੇਰ। ਹੁਣ ਅਲਵਿਦਾ ਕਹਿ ਜਸਵਿੰਦਰ ਨੂੰ ਤੁਰ ਪਿਆ
ਘਰ ਨੂੰ। ਹੁਣ ਮਨ ਸ਼ਾਂਤ ਸੀ, ਪਰਿਵਾਰ ਸਭ ਤੋਂ ਪਹਿਲਾਂ ਰੱਖਿਆ ਸੀ।
ਚਾਰ ਘੰਟੇ ਬਾਅਦ ਲੁਧਿਆਣੇ ਤੋਂ ਵਾਪਿਸ ਮੋਗੇ ਆ ਗਿਆ ਸੀ।
ਬੱਸ ਘਰਦੇ ਕੁਝ ਖੁਸ਼ ਸਨ, ਕੁਝ ਹੱਸ ਕੇ ਮਸ਼ਕਰੀਆਂ ਕਰਦੇ ਸਨ।
ਪਰ ਕਿਰਨ ਬਹੁਤ ਖੁਸ਼ ਸੀ। ਮੈਂ ਵੀ ਇਹ ਦੇਰ-ਦਰੁਸਤ ਫੈਸਲੇ ਉੱਤੇ।

21 June, 2007

ਕਾਮਨਿਸਟ ਮੈਨੀਫਿਸਟੋ ਅਤੇ ਅੱਜ ਦਾ ਸਮਾਜ - ਪੇਂਡੂ ਨਜ਼ਰ

ਕਾਮਨਿਸਟ ਮੈਨੀਫਿਸਟੋ ਪੰਜਾਬੀ 'ਚ ਅਨੁਵਾਦ ਕਰਨ ਲਈ ਪੜ੍ਹ
ਰਿਹਾ ਸੀ ਕਿ ਪੜ੍ਹਦੇ ਸਮੇਂ ਲਿਖਿਆ ਗੱਲਾਂ ਅੱਜ ਵੀ 150-200 ਸਾਲਾਂ
ਬਾਅਦ ਵੀ ਬਿਲਕੁਲ ਠੀਕ ਬੈਠਦੀਆਂ ਸਨ। ਇੱਕ ਗ਼ਲ ਜੋ ਪੰਜਾਬ
ਵਿੱਚ ਮੈਂ ਆਪਣੀਆਂ ਅੱਖਾਂ ਸਾਹਮਣੇ ਵਾਪਰਦੀ ਵੇਖੀ, ਉਹ ਤੁਹਾਡੇ ਨਾਲ
ਸਾਂਝੀ ਕਰਨੀ ਚਾਹੁੰਦਾ ਹਾਂ।
"The bourgeoisie has subjected the country to the rule of the towns. It has created enormous
cities, has greatly increased the urban population as compared with the rural, and has thus
rescued a considerable part of the population from the idiocy of rural life. Just as it has made the
country dependent on the towns, so it has made barbarian and semi-barbarian countries
dependent on the civilised ones, nations of peasants on nations of bourgeois, the East on the
West."


ਸਰਮਾਏਦਾਰਾਂ ਨੇ ਦੇਸ਼ ਨੂੰ ਸ਼ਹਿਰਾਂ ਦਾ ਮੁਹਤਾਜ ਬਣਾਉਣਾ ਹੁੰਦਾ ਹੈ, (ਸ਼ੈਹਰ ਇੱਕ
ਇਹੋ ਜੇਹੀ ਇਕਾਈ ਹੈ, ਜੋ ਕਿ ਸਿਰਫ਼ ਪੈਸੇ ਦੇ ਜ਼ੋਰ ਉੱਤੇ ਚੱਲਦਾ ਹੈ, ਆਪਣੇ
ਆਪ ਵਿੱਚ ਆਤਮ ਨਿਰਭਰ ਨਾ ਹੁੰਦਾ ਹੈ, ਨਾ ਹੋ ਸਕਦਾ ਹੈ ਅਤੇ ਨਾ ਹੀ
ਇਹ ਸਰਮਾਏਦਾਰ ਹੋਣ ਦੇਣਾ ਚਾਹੁੰਦੇ ਹਨ।)। ਫੇਰ ਪਿੰਡਾਂ ਵੱਲ
ਹੱਲਾਂ ਬੋਲਿਆ ਜਾਂਦਾ ਹੈ ਅਤੇ ਉਨਾਂ ਦੀ ਭੰਨ-ਤੋੜ ਕਰਕੇ
ਅਰਧ-ਸ਼ੈਹਰੀ ਇਲਾਕਿਆਂ ਵਿੱਚ ਬਦਲ ਦਿੱਤਾ ਜਾਂਦਾ ਹੈ, ਹੌਲੀ ਹੌਲੀ
ਬਾਕੀ ਬਚੇ ਛੋਟੇ ਪਿੰਡ ਵਿੱਚ ਸ਼ੈਹਰੀ ਦਬਾਅ ਹੇਠ ਆ ਜਾਂਦੇ ਹਨ ਅਤੇ ਪੂਰਾ
ਦੇਸ਼ ਹੀ ਸ਼ੈਹਰਾਂ ਦਾ ਹੀ ਜਾਪਦਾ ਹੈ, ਜਿੱਥੇ ਪੈਸੇ ਨਾਲ ਹਰ ਚੀਜ਼ ਮਿਲਦੀ ਹੈ,
ਵਿਕਦੀ ਹੈ, ਖਰੀਦੀ ਜਾਂਦੀ ਹੈ। ਇਨ੍ਹਾਂ ਦਾ ਸ਼ੈਹਰਾਂ ਦੀ ਰਚਨਾ ਸਰਮਾਏਦਾਰਾਂ
ਦੇ ਦੇਸ਼ਾਂ ਦੇ ਸ਼ੈਹਰਾਂ ਵਾਂਗਰ ਹੀ ਹੋ ਜਾਂਦੀ ਹੈ ਅਤੇ ਫੇਰ ਇੱਕ ਤਰ੍ਹਾਂ ਪੂਰਾ ਦੇਸ਼
ਹੀ ਸਰਮਾਏਦਾਰਾਂ ਨਾਲ ਭਰ ਜਾਂਦਾ ਹੈ ਅਤੇ ਇਹ ਪੂਰਬ ਪੱਛਮ ਉੱਤੇ
ਨਿਰਭਰ ਹੋ ਜਾਂਦਾ ਹੈ।

ਕਿੰਨੇ ਪੰਜਾਬ ਦੇ ਪਿੰਡ ਅਰਧ-ਸ਼ੈਹਰੀ ਇਲਾਕੇ ਬਣਦੇ ਵੇਖੇ।
ਚੱੜਿਕ, ਘੋਲੀਆ, ਸਮਾਧ, ਰਾਜੇਆਣਾ, ਸਿੰਘਾਵਾਲਾ, ਪੰਜਗਰਾਈ, ਸਮਾਲਸਰ ਆਦਿ।
ਅਤੇ ਕਿੰਨੇ ਛੋਟੇ ਛੋਟੇ ਕਸਬੇ ਸ਼ੈਹਰ ਬਣਦੇ, ਜਿਵੇਂ ਬਾਘਾ ਪੁਰਾਣਾ, ਜਿਸ
ਵਿੱਚ ਕਦੇ ਚੌਂਕ 'ਚ ਇੱਕ ਫਲਾਂ ਦੀ ਦੁਕਾਨ ਅਤੇ ਕੁਝ ਛੋਟੀਆਂ ਮੋਟੀਆਂ
ਦੁਕਾਨਾਂ ਹੁੰਦੀਆਂ ਸਨ, ਅੱਜ ਪੂਰੇ ਵੱਡੇ ਸ਼ੈਹਰਾਂ ਵਾਂਗਰਾਂ ਸਟੋਰਾਂ ਅਤੇ
ਦੁਕਾਨਾਂ ਨਾਲ ਤੁੰਨਿਆਂ ਪਿਆ ਹੈ। ਸ਼ੈਹਰਾਂ ਵਿੱਚ ਸਭ ਕੁਝ ਵੱਡੇ ਸ਼ੈਹਰਾਂ
ਵਾਂਗ, ਅਤੇ ਵੱਡੇ ਸ਼ੈਹਰਾਂ ਵਿੱਚ ਸਭ ਕੁਝ ਮੈਟਰੋ ਸ਼ੈਹਰਾਂ ਵਾਂਗ।

ਕਦੇ ਕਦੇ ਕਲਪਨਾ ਕਰਦਾ ਕਿ ਸ਼ਾਇਦ ਆਉਦੇ 5 ਕੁ ਸਾਲਾਂ ਵਿੱਚ ਮੋਗਾ ਲੁਧਿਆਣੇ
ਵਾਂਗ ਬਣ ਜਾਵੇਗਾ ਅਤੇ ਲੁਧਿਆਣਾ ਪੂਨੇ ਵਾਂਗ, ਜਿੱਥੇ ਅਰਧ-ਨੰਗੇ ਜਿਸਮ
ਆਪਣੇ ਫਰੈਂਡਾਂ ਨਾਲ ਘੁੰਮਦੇ ਹਨ, ਬਿਨਾਂ ਰਿਸ਼ਤੇ ਦੇ ਮੁੰਡੇ ਕੁੜੀਆਂ ਇੱਕਠੇ ਰਹਿੰਦੇ
ਹਨ (ਪੂਨੇ 'ਚ ਜਿਸ ਨੂੰ ਲਿਵ ਐਂਡ ਰਿਲੇਸ਼ਨਸ਼ਿਪ ਕਹਿੰਦੇ ਹਨ, ਅੱਗੇ
ਦੱਸਣ ਦੀ ਲੋੜ ਤਾਂ ਨਹੀਂ ਹੈ)। ਨੌਜਵਾਨਾਂ ਨੂੰ ਗਲੈਮਰ ਦੀ ਦੁਨਿਆਂ
ਵਿੱਚ ਘੁੰਮਾ ਕੇ ਆਪਣੀ ਵਡੇਰੀ ਪੀੜ੍ਹੀ ਤੋਂ ਅੱਡ ਕਰਨ ਦਾ ਜਤਨ ਹੈ, ਜਿਸ
ਸਦਕਾ ਨੌਜਵਾਨ ਆਪਣੇ ਵੱਡਿਆਂ ਨਾਲ ਕੋਈ ਸਰੋਕਾਰ ਨਹੀਂ ਰੱਖਦੇ
ਅਤੇ ਇਹ ਚਮਕ ਵਿੱਚ ਫਸ ਜਾਂਦੇ ਹਨ, ਪਰ ਉਹ ਇਹ ਗੱਲ ਕਦ ਸਮਝਣਗੇ,
ਜਦੋਂ ਉਨ੍ਹਾਂ ਦੀ ਅਗਲੀ ਪੀੜ੍ਹੀ ਉਨ੍ਹਾਂ ਤੋਂ ਬਾਗੀ ਹੋਵੇਗੀ, ਅੱਜ ਤਾਂ ਸਿਰਫ਼
ਬੁਜ਼ਰਗ ਇਹ ਵਾਸਤੇ ਅਫ਼ਸੋਸ ਹੀ ਕਰ ਸਕਦੇ ਹਨ, ਸ਼ਾਇਦ ਕੁਝ
ਦੁਆ।

ਇਸ ਮੌਕੇ ਲੈਨਿਨ ਦੀ ਇੱਕ ਪੁਰਾਣੀ ਕਿਤਾਬ ਉੱਤੇ ਬਾਪੂ ਜੀ
ਵਲੋਂ ਕਦੇ ਲਿਖਿਆ ਸ਼ੇਅਰ ਹੀ ਯਾਦ ਆ ਜਾਂਦਾ ਹੈ
"ਕਿਸ ਕਿਸ ਉੱਤੇ ਲਾਵੇਂਗਾ ਦੋਸ਼ ਬੇਵਤਨੀ,
ਮਿੱਟੀ ਦਾ ਰੰਗ ਬਾਰੂਦ ਵਰਗਾ"

ਹੀਰੋ ਹਾਂਡਾ ਪੈਸ਼ਨ - ਨਵਾਂ ਮੋਟਰ ਸਾਇਕਲ

ਕੁਝ ਦਿਨ ਪਹਿਲਾਂ ਛੋਟੇ ਭਾਈ ਨੇ ਨਵਾਂ ਮੋਟਰ ਸਾਇਕਲ ਲਿਆ ਹੈ
ਹੀਰੋ ਹਾਂਡਾ ਪੈਸ਼ਨ, ਪਹਿਲਾਂ ਦੋ ਬੁਲਟ ਮੋਟਰ ਸਾਇਕਲ ਲਏ ਅਤੇ ਵੇਚੇ ਹਨ
ਆਖਰੀ 3 ਸਾਲਾਂ ਵਿੱਚ। ਮੈਂ ਵੀ ਉਸ ਕੋਲੋਂ ਲੈ ਕੇ ਬੁਲਟ ਸਟੈਂਡਰਡ ਬਹੁਤ ਚਿਰ
ਵਰਤਿਆ ਹੈ (ਅਤੇ ਹੁਣ ਵੀ ਮੇਰੇ ਕੋਲ ਬੁਲਟ ਹੀ ਹੈ।)।

ਪਹਿਲਾਂ ਤਾਂ ਫੋਨ ਉੱਤੇ ਜਦੋਂ ਉਸ ਨੇ ਦੱਸਿਆ ਤਾਂ ਮੈਂ ਕੁਝ ਨਾ-ਖੁਸ਼ ਸੀ ਕਿ
ਹੋਰ ਕੋਈ ਲੈਂ ਲੈਂਦਾ (ਸਪਲੈਂਡਰ, ਜਾਂ ਹੋਰ ਕੋਈ), ਫੇਰ ਸੋਚਿਆ ਕਿ ਭਾਈ
ਆਪ ਬਹੁਤ ਹੀ ਤੁਰਿਆ ਫਿਰਿਆ ਬੰਦਾ ਹੈ, ਵਧੀਆ ਹੀ ਲਿਆ ਹੋਵੇਗਾ।
ਆਕੇ ਵੇਖਿਆ ਤਾਂ ਛੋਟਾ ਜਿਹਾ ਮੋਟਰ ਸਾਇਕਲ ਸੀ, ਕੁਝ ਭਾਰਾ ਸੀ
ਆਮ ਮੋਟਰਸਾਇਕਲਾਂ ਨਾਲੋਂ। ਮੀਟਰ ਵੀ ਦੋ ਸਨ, ਚਿੱਟੀ ਬੈਕਗਰਾਊਂਡ
ਉੱਤੇ ਕਾਲੇ ਅਤੇ ਲਾਲ ਅੱਖਰ ਬਹੁਤ ਹੀ ਸੋਹਣੇ ਸਨ। ਕਿੱਕ ਕੁਝ ਸਖਤ
ਸੀ (ਨਵਾਂ ਹੋਣ ਕਰਕੇ)। ਸਟਾਰਟ ਕੀਤਾ ਅਤੇ ਬੈਠਾ ਤਾਂ ਇਹ ਕੁਝ
ਭਾਰਾ ਲੱਗਾ ਕਿ ਭਾਵ ਕੀ ਆਮ ਹੋਰ ਮੋਟਰਸਾਇਕਲਾਂ ਵਾਂਗ ਉੱਡਦਾ
ਨਹੀਂ ਸੀ। ਸੀਟ ਵੀ ਕਾਫ਼ੀ ਸਿੱਧੀ ਹੀ ਸੀ, ਆਰਾਮਦਾਇਕ। ਸੀਟ ਉੱਤੇ
ਬੈਠ ਕੇ ਮੇਰੇ ਪੈਰ ਚੰਗੀ ਤਰ੍ਹਾਂ ਹੇਠਾਂ ਲੱਗ ਜਾਂਦੇ ਹਨ। ਚਲਾਉਣ
ਵੇਲੇ ਤਾਂ ਗੇਅਰ ਪਾਉਣ ਦਾ ਪਤਾ ਹੀਂ ਨਹੀਂ ਸੀ ਲੱਗਦਾ। ਲਾਇਟਾਂ,
ਸਿਗਨਲ ਕਯਾ ਬਾਤਾਂ ਸਨ। 40 KM/H ਦੀ ਸਪੀਡ ਦਾ ਜਲਦੀ
ਹੀ ਫੜ ਲੈਂਦਾ ਹੈ, ਸਪੀਡੋਮੀਟਰ ਉੱਤੇ ਗੇਅਰ ਦੀ ਘੱਟੋ-ਘੱਟ ਅਤੇ ਵੱਧੋ-ਵੱਧ
ਸਪੀਡ ਦਿੱਤੀ ਹੋਈ ਹੈ। ਬਿਨਾਂ ਸਰਵਿਸ ਦੇ 50 ਕਿਲੋਮੀਟਰ ਦੀ ਔਸਤ ਦਿੰਦਾ ਹੈ,
ਅਤੇ ਬਾਅਦ 'ਚ 60-65 ਤਾਂ ਆਮ ਜੇਹੀ ਗੱਲ਼ ਹੀ ਹੈ। ਤਾਕਤ ਵੀ ਵਧੀਆ ਹੈ।
ਆਵਾਜ਼ ਵੀ ਘੱਟ। ਬੱਸ ਬੇਮਿਸਾਲ ਹੈ।
ਕੀਮਤ - ਹਾਂ, ਕੀਮਤ ਤੋਂ ਪਹਿਲਾਂ ਬੁਲਟ ਦੀ ਗੱਲ਼ ਕਰਾਂ, ਉਸ ਨਾਲ
ਉਹ ਗੱਲ਼ ਹੋਈ ਕਿ ਹਾਥੀ ਜਿਉਦਾ ਕੱਖ ਦਾ, ਮਰਿਆ ਸਵਾ ਲੱਖ ਦਾ
ਜਦੋਂ ਵੇਚਿਆ ਤਾਂ 43000 ਰੁਪਏ ਦਾ ਵਿਕ ਗਿਆ ਅਤੇ ਇਹ ਆ ਗਿਆ
42700 ਰੁਪਏ ਵਿੱਚ। ਬਿਨਾਂ ਰਜਿਸਟਰੇਸ਼ਨ ਦੇ ਇਹ ਤਾਂ 300 ਰੁਪਏ ਬਚਾ ਹੀ ਗਿਆ।
ਹੈ ਹਾਂ ਸੁਆਦ ਵਾਲੀ ਗ਼ੱਲ।

ਭਾਈ ਨਾਲ ਗੱਲ਼ ਕਰਦਿਆਂ ਇਹ ਗੱਲ਼ ਲਈ ਅਸੀਂ ਦੋਵੇਂ ਸਹਿਮਤ ਸੀ
ਕਿ ਬੁਲਟ ਸ਼ਾਨ ਦੀ ਸੁਆਰੀ ਹੈ, ਕਦੇ ਕਦਾਈ ਹਫ਼ਤੇ, 10 ਦਿਨਾਂ ਗੇੜਾ
ਦੇਣਾ ਹੋਵੇ ਤਾਂ ਠੀਕ ਹੈ, ਪਰ ਇਹ ਆਧਨਿਕ ਮੋਟਰ-ਸਾਇਕਲ (ਬਾਇਕਾਂ)
ਬੇਮਿਸਾਲ ਹਨ, ਰੋਜ਼ਾਨਾ ਵਰਤੋਂ ਲਈ ਅਤੇ ਵਾਤਾਵਰਨ ਲਈ, ਸਭ ਤੋਂ
ਵੱਡੀ ਗੱਲ਼ ਜੇਬ ਲਈ। ਹੁਣ ਬੁਲਟ ਸਟੈਂਡਰਡ ਦੀ ਐਵਰੇਜ਼ ਮਸਾਂ
27-30 ਨੂੰ ਛੋਂਹਦੀ ਹੈ, ਹਰੇਕ ਹਫ਼ਤੇ ਤੇਲ ਪੁਵਾਓ, 350 ਸੀਸੀ ਦਾ
ਇੰਜਣ ਬਾਜ਼ਾਰ 'ਚ ਗੱਡੇ ਖਿੱਚਣ ਨੂੰ ਵਰਤਣਾ ਹੈ ਕਿਤੇ, ਬੱਸ ਐਵੇਂ
ਰੌਲੇ ਦਾ ਥਾਂ, ਪਰਦੂਸ਼ਨ ਵਾਧੂ। ਉਸ ਦੇ ਉਲਟ ਇਹ 100 ਸੀਸੀ
ਬਾਇਕਾਂ ਵਿੱਚ ਇੱਕ ਦਿਨ ਤੇਲ ਪਵਾ ਕੇ ਭੁਲ ਜਾਓ ਕਿ ਤੇਲ ਪੁਆਉਣਾ ਹੈ
ਫੇਰ। ਘੱਟ ਪਰਦੂਸ਼ਨ, ਵਧੀਆ ਇਲੈਕਟਰੋਨਿਕ ਗੇਜ਼ਾਂ, ਲਾਇਟਾਂ ਨਾਲ
ਅੱਜ ਦੇ ਜ਼ਮਾਨੇ ਦੇ ਹਮਸਫ਼ਰ ਬਣੋ। ਬੁਲਟ ਸਿਰਫ਼ ਸ਼ਾਨ ਜਾਂ ਜਾਨ ਲਈ
ਹੈ, ਜੋ ਕਿ ਅੱਜ ਦੇ ਵਾਤਾਵਰਨ ਅਤੇ ਜੇਬ ਲਈ ਢੁੱਕਵਾਂ ਨਹੀਂ ਹੈ
(ਇਹ ਨੀਂ ਕਹਿੰਦਾ ਕਿ ਗਲਤ ਹੈ, ਬੱਸ 'ਢੁੱਕਵਾਂ ਨਹੀ')।

ਹੁਣ ਤਾਂ ਮੈਨੂੰ ਇੱਥੇ ਗਲੀ ਵਿੱਚ ਘੁੰਮਦੇ ਬੁਲਟਾਂ ਦੀ ਆਵਾਜ਼ ਵੀ ਚੰਗੀ ਨਹੀਂ ਸੀ
ਲੱਗਦੀ, ਸ਼ਾਇਦ ਮੈਨੂੰ ਪੈਸ਼ਨ ਬਹੁਤ ਹੀ ਪਸੰਦ ਆ ਗਿਆ ਸੀ।

20 June, 2007

ਖ਼ਬਰਾਂ ਦੇ ਚੈਨਲਾਂ ਦੇ ਬੇਲੋੜੇ ਬਣਾਏ ਮਸਲੇ ਤੇ ਮਸਾਲੇ

ਅੱਜ ਤਿੰਨ ਦਿਨ ਹੋ ਗਏ ਹਨ, ਸੁਨੀਤਾ ਵਿਲੀਅਮਜ਼ ਨੂੰ ਧਰਤੀ ਉੱਤੇ ਲਿਆਉਦਿਆਂ,
ਜਿਹੜਾ ਚੈਨਲ ਲਾਓ, ਇੱਕ ਹੀ ਗੱਲ਼ ਅਖੇ ਐਨੇ ਘੰਟੇ ਰਹਿ ਗਏ, ਇੰਨੇ ਮਿੰਟ ਤੇ ਸਕਿੰਟ ਜੀ।
ਸਾਰਾ ਦਿਨ ਇੱਕ ਹੀ ਖ਼ਬਰ ਅਤੇ ਇੱਕ ਹੀ ਗੱਲ਼ਬਾਤ। ਕੋਈ ਚੈਨਲ ਵਾਲਾ ਖੱਬੇ
ਪਾਸੇ ਪੁੱਠੀ ਗਿਣਤੀ ਕਰੀਂ ਜਾਂਦਾ ਹੈ ਅਤੇ ਕੋਈ ਸੱਜੇ ਪਾਸੇ। ਲਗਾਤਾਰ ਜਾਰੀ ਇੰਨਾ
'ਮਸਲਿਆਂ' ਨਾਲ ਜਾਪਦਾ ਹੈ ਜਿਵੇਂ ਕੋਈ ਬਹੁਤ ਹੀ ਵੱਡਾ ਵਰਤਾਰਾ ਵਾਪਰਨ ਵਾਲਾ
ਹੋਵੇ ਅਤੇ ਸਾਰੀ ਦੁਨਿਆਂ ਸਾਹ ਰੋਕ ਕੇ ਇਸ ਦੀ ਉਡੀਕ ਰਹੀ ਹੋਵੇ।
ਪੁਲਾੜ ਪਰੋਗਰਾਮ ਕੋਈ ਨਵਾਂ ਨਹੀਂ ਹੈ ਅਤੇ ਨਾ ਹੀ ਸਪੇਸ ਸਟੇਸ਼ਨ ਉੱਤੇ ਜਾਣ
ਆਉਣ ਦਾ ਤਾਂ ਇਹ ਇੰਨਾ ਰੌਲਾ, ਚਰਚਾ ਕਿਓ? ਅੱਗੇ ਕਿਤੇ ਬੰਦੇ ਨੀਂ ਜਾਂਦੇ?
ਜਦੋਂ ਕਿ ਦੇਸ਼ ਵਿੱਚ ਹੋਰ ਹਜ਼ਾਰਾਂ ਬੰਦੇ ਰੋਜ਼ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ,
ਦਿੱਲੀ ਸ਼ੈਹਰ 'ਚ ਕੁੜੀਆਂ ਨਾਲ ਬਲਾਤਕਾਰ ਹੋ ਰਿਹਾ ਹੈ ਦਿਨ ਦਿਹਾੜੇ,
ਬੇਇਨਸਾਫ਼ੀ, ਰਿਸ਼ਰਤਖੋਰੀ ਵਰਗੇ ਮਸਲੇ ਮੂੰਹ ਪਾੜੀ ਖੜ੍ਹੇ ਹਨ।
ਬੇਲੋੜਾ ਦਬਾਅ ਸਾਰੇ ਲੋਕਾਂ ਬਣਾਇਆ ਜਾ ਰਿਹਾ ਹੈ, ਜਿਵੇਂ ਪਹਿਲਾਂ
ਕ੍ਰਿਕਟ ਲਈ ਕੀਤਾ ਸੀ। ਇੱਕ ਆਮ ਜਿਹੇ ਮਸਲੇ ਨੂੰ ਲੈ ਕੇ ਮਸਾਲੇ
ਪਾ ਕੇ ਇੰਨਾ ਉਭਾਰ ਦਿੱਤਾ ਜਾਂਦਾ ਹੈ ਕਿ ਲੋਕਾਂ ਨੂੰ ਮੱਲੋ ਮੱਲੀ ਉਸ ਨਾਲ
ਜੁੜਨਾ ਪੈਂਦਾ ਹੈ ਅਤੇ ਜਦੋਂ ਲੋਕਾਂ ਦੇ ਜ਼ਜਬਾਤ ਉਸ ਪ੍ਰਤੀ ਜਵਾਬੀ
ਕਾਰਵਾਈ ਕਰਦੇ ਹਨ ਤਾਂ ਫੇਰ ਇੰਨ੍ਹਾਂ ਨੂੰ ਨਵਾਂ ਮੁੱਦਾ ਮਿਲ ਜਾਂਦਾ ਹੈ।

ਦੂਜੀ ਗੱਲ ਉਹ ਵਿਗਿਆਨ ਦੀ ਏਨੀ ਵੱਡੀ ਮੱਲ ਮਾਰ ਕੇ ਵਾਪਸ
ਪਰਤ ਰਹੀ ਹੈ, ਪਰ ਸਾਡੇ ਦੇਸ਼ ਦੇ ਵਹਿਮੀ ਲੋਕ ਪੂਜਾ ਪਾਠ ਕਰ,
ਮੰਨਤਾਂ ਮੰਗ, ਅਰਦਾਸਾਂ ਕਰ, ਚਾਂਦਰਾਂ ਚੜ੍ਹਾ ਕੇ ਉਸ ਦੀ ਵਾਪਸੀ
ਵਾਸਤੇ ਰੱਬ ਅੱਗੇ ਹਾੜੇ ਕੱਢ ਰਹੇ ਹਨ। ਇੰਝ ਉਸ ਵਿਚਾਰੀ ਦੀ ਕੀਤੀ
ਘਾਲਣਾ ਨੂੰ ਮਿੱਟੀ ਦੀ ਮਿਲਾ ਦਿੱਤਾ ਹੈ। ਇਹ ਸਮਝ ਨੀਂ ਆਉਦੀ
ਕਿ ਟੀਵੀ ਉੱਤੇ ਖ਼ਬਰਾਂ ਵਿੱਚ ਫੋਟੋ ਲਵਾਉਣ ਲਈ ਲੋਕ ਇੰਝ ਕਰਦੇ ਹਨ
ਜਾਂ ਸੱਚਮੁੱਚ ਹੀ ਪਿਆਰ ਹੈ ਇੰਨਾ?
ਪਤਾ ਨੀਂ ਟਾਇਮ ਕਿਵੇਂ ਕੱਢ ਲੈਂਦੇ ਹਨ ਲੋਕ ਅਤੇ ਦੂਜੇ ਲੋਕਾਂ (ਸੁਨੀਤਾ
ਵਿਲੀਅਮਜ਼) ਨੂੰ ਵੀ ਆਰਾਮ ਨਾਲ ਵੀ ਕਿਓ ਨੀਂ ਕੰਮ ਕਰ ਦਿੰਦੇ ਹਨ।

ਹੁਣ ਦੂਜਾ ਪੱਖ ਵੀ ਵੇਖੋ, ਰੂਸ ਵਾਲਿਆਂ ਦਾ, ਹੁਣ ਤੱਕ ਸਭ ਤੋਂ
ਵੱਧ ਵਾਰ ਪੁਲਾੜ 'ਚ ਜਾਣ ਅਤੇ ਵਾਪਸ ਆਉਣ ਦੀਆਂ ਫੇਰੀਆਂ ਦੀ ਗਿਣਤੀ
ਉਨ੍ਹਾਂ ਕੋਲ ਹੀ ਹੈ। ਇੱਕੋ ਹੀ ਮਕੈਨੀਕਲ ਜੁਗਾੜ ਰਾਹੀਂ, ਜਿਸ ਵਿੱਚ
2 ਬੰਦੇ ਹੀ ਬੈਠ ਸਕਦੇ ਹਨ ਅਤੇ ਅਜੇ ਤੱਕ ਗੇਅਰਾਂ ਅਤੇ ਕਲੱਚਾਂ ਦੀ
ਮੱਦਦ ਨਾਲ ਚੱਲਦਾ ਪੁਰਜ਼ਾ ਠੀਕ-ਠਾਕ ਚੱਲਦਾ ਹੈ। ਇੱਕ ਸਮੇਂ
ਪੁਲਾੜ ਸਟੇਸ਼ਨ ਵਿੱਚ ਫਸੇ ਅਮਰੀਕੀਆਂ ਨੂੰ ਵੀ ਲਾਹ ਕੇ ਲਿਆਦਾਂ
ਸੀ, ਜਦੋਂ ਕਿ ਅਮਰੀਕੀ ਜ਼ਹਾਜ਼ਾਂ 'ਚ ਤਕਨੀਕੀ ਨੁਕਸ ਸੀ, ਪਰ
ਖ਼ਬਰਾਂ ਵਿੱਚ ਸ਼ਾਇਦ ਹੀ ਸੁਣਿਆ ਹੋਵੇ। ਉਹ ਤਾਂ ਆਪਣੇ
ਦੇਸ਼ ਵਿੱਚ ਵੀ ਸ਼ਾਇਦ ਹੀ ਦਿਖਾਉਦੇ ਹੋਣ। ਇਸ ਨਾਲ ਕੰਮ
ਕਰਨ ਵਾਲੇ ਬੰਦਿਆਂ ਉੱਤੇ ਦਬਾਅ ਤਾਂ ਘੱਟ ਪੈਂਦਾ ਹੈ ਹੀ ਹੈ, ਕੰਮ
ਵੀ ਵਧੀਆ ਤਰੀਕੇ ਨਾਲ ਸ਼ਾਂਤਮਈ ਢੰਗ ਨਾਲ ਹੁੰਦਾ ਹੈ।

ਕੰਮ ਕਰਨ ਦੀ ਗੱਲ਼ ਤਾਂ ਤੁਸੀਂ ਕਿਸੇ ਵਿਆਹ 'ਚ ਵੇਖ ਲਿਓ, ਮੂਵੀ ਕੈਮਰਿਆਂ
ਵਾਲੇ ਕੋਈ ਵੀ ਰਸਮ ਵਿਹਾਰ ਚੰਗੀ ਤਰ੍ਹਾਂ ਕਰਨ ਨੀਂ ਦਿੰਦੇ, ਬੱਸ ਇਧਰ
ਹੋਵੋ, ਇੰਝ ਕਰੋ, ਮੂੰਹ ਇਧਰ ਨੂੰ ਕਰੋ,
ਪੁੱਛਣ ਵਾਲਾ ਹੋਵੇ ਕਿ ਜੇ ਮੂੰਹ ਤੇਰੇ ਅੱਲ੍ਹ ਕਰ ਲਿਆ ਤਾਂ ਮੂੰਹ ਪੁੱਤ ਦੇ
ਲੱਡੂ ਤੇਰੇ ਲੱਗਦੇ ਪਾਉਣਗੇ?
ਸਾਰੇ ਵਿਆਹ 'ਚ ਇਹ ਲੋਕਾਂ ਨੂੰ ਚੰਗੀ ਤਰ੍ਹਾਂ ਕੁਝ ਵੀ ਕਰਨ ਨੀਂ ਦਿੰਦੇ,
ਵਿਆਹ ਵਿੱਚ ਜੋ ਵੀ ਪਿਆਰ, ਮੁਹੱਬਤ, ਚਾਅ ਰਸਮਾਂ ਵਿੱਚ ਹੋਣਾ
ਹੁੰਦਾ ਹੈ, ਉਸ ਨੂੰ ਖਤਮ ਕਰਕੇ ਸਿਰਫ਼ ਵੇਖਾਵੇ ਉੱਤੇ ਹੀ ਪੂਰਾ ਜ਼ੋਰ ਲਾ
ਦਿੰਦੇ ਹਨ। ਇਹ ਤਾਂ ਸਾਡੇ ਲੋਕ ਨੇ।
ਜੋ ਕੰਮ ਹੈ, ਉਹ ਕੰਮ ਦੇ ਤਰੀਕੇ ਨਾਲ ਕਰੋ, ਹੋਣ ਦਿਓ, ਰਹਿਣ ਦਿਓ,
ਜੋ ਬਨਾਵਟ ਹੈ, ਖ਼ਬਰਾਂ ਨੇ, ਮੂਵੀਆਂ ਨੇ, ਫਿਲਮਾਂ ਨੇ ਉਨ੍ਹਾਂ ਨੂੰ ਕੰਮ ਨਾ ਬਣਾਓ,
ਲੋਕਾਂ ਦੀ ਟੈਂਸ਼ਨ ਅਤੇ ਭਾਵਨਾਵਾਂ ਐਂਵੇ ਨਾਲ ਭੜਕਾਓ,
ਤਾਂ ਕਿ ਨਾ ਤਾਂ ਵੇਖਣ ਵਾਲੇ ਦੇ ਅਤੇ ਨਾ ਹੀ ਕਰਨ ਵਾਲੇ ਕੰਮ 'ਚ ਕੋਈ
ਰੁਕਾਵਟ ਬਣੇ।

17 June, 2007

ਪੰਜਾਬ 'ਚ ਆਥਣ ਦਾ ਬੱਸ ਸਫ਼ਰ

ਅੱਜ ਕੁਦਰਤੀ ਲੁਧਿਆਣੇ ਆਉਦੇ ਹੋਏ ਕਾਫ਼ੀ ਲੇਟ ਹੋ ਗਏ ਅਤੇ ਕਰੀਬ 8 ਵਜੇ ਵਾਲੀ ਬੱਸ
ਫ਼ੜ ਕੇ ਮੋਗੇ ਨੂੰ ਤੁਰਨਾ ਸੀ। ਬੱਸ ਅੱਡੇ ਦੇ ਬਾਹਰ 15 ਕੁ ਮਿੰਟ ਤੋਂ ਖੜੀ ਸੀ
(ਜਦੋਂ ਤੋਂ ਅਸੀਂ ਆ ਕੇ ਵੇਖ ਰਹੇ ਸਾਂ)। ਤੁਰਨ ਲੱਗੀ ਤੋਂ ਮੈਂ ਅਤੇ ਜਸਵਿੰਦਰ ਵੀ
ਸਵਾਰ ਹੋ ਗਏ। ਬੱਸ ਵਿੱਚ ਬੇਅੰਤ ਭੀੜ ਸੀ, ਖਚਾ-ਖਚ ਭਰੀ ਹੋਈ
ਜਿਸ ਨੂੰ ਕਹਿੰਦੇ ਹਨ। ਅਜੇ ਵੀ ਉਸ ਦਾ ਤੁਰਨ ਦਾ ਇਰਾਦਾ ਨਹੀਂ ਸੀ,
"ਅੱਗੇ ਹੋ ਬਾਈ ਅੱਗੇ ਨੂੰ"
"ਮਾਰੋ ਮਾੜਾ ਮਾੜਾ ਪਾਸਾ"
ਕੰਡਕਟਰ ਅਤੇ ਉਸ ਦੇ ਦੱਲੇ ਲਗਾਤਾਰ ਆਵਾਜ਼ਾਂ ਦੇ ਰਹੇ ਸਨ, ਇਹ
ਤਾਂ ਜਿਵੇਂ ਉਹਨਾਂ ਦੇ ਮੂੰਹ ਉੱਤੇ ਚੜ੍ਹੇ ਹੋਏ ਲਫ਼ਜ ਹੁੰਦੇ ਹਨ।
"ਅੱਗੇ ਕਿੱਥੇ ਜਾਈਏ"
"ਤੋਰ ਲੋ ਹੁਣ, ਸਾਹ ਨੀਂ ਆਉਦਾ"
ਸਵਾਰੀਆਂ ਵਿੱਚੋ ਆਪਣੇ ਦਿਲ ਦੀ ਭੜਾਸ ਕੰਡਕਟਰ ਨੂੰ ਗਾਲਾਂ ਕੱਢ
ਕੇ ਕੱਢ ਰਹੀਆਂ ਸਨ। ਪਰ ਉਹ ਤੁਰਨ ਦਾ ਨਾਂ ਕਿੱਥੇ ਲੈਂਦਾ ਸੀਂ।
ਲੁਧਿਆਣੇ ਦੇ ਅੱਡੇ ਤੋਂ ਤੋਰੀ ਤਾਂ ਅੱਗੇ ਭਾਰਤ ਨਗਰ ਚੌਂਕ 'ਚ ਰੋਕ ਲੀਂ।
ਟਰੈਫਿਕ ਪੁਲਿਸ ਵਾਲੇ ਨੂੰ 50 ਰੁਪਏ ਮੱਥਾ ਟੇਕਿਆ ਅਤੇ ਉੱੱਥੇ ਗੱਡੀ
ਰੋਕਣ ਦਾ ਪਰਮਿਟ ਹਾਸਿਲ ਕਰ ਲਿਆ। 10 ਮਿੰਟ ਉੱਥੇ ਲਾਏ।
ਅੱਗੇ ਇੱਕ ਕੁੜੀ ਨੇ ਹੱਥ ਦੇ ਦਿੱਤਾ ਤਾਂ ਉਸ ਵਾਸਤੇ ਰੋਕ ਲਈ।
ਫੇਰ ਆਰਤੀ ਉੱਤੇ ਅੱਪੜੇ ਤਾਂ ਕੁਝ ਹੋਰ ਟੱਬਰ ਟੀਰ ਵਾਲੇ
ਬੰਦਿਆਂ ਨੂੰ ਇਹ ਭਰੋਸਾ ਦੇ ਕੇ ਚੜ੍ਹਾ ਲਿਆ ਕਿ ਜ਼ਨਾਨੀ ਨੂੰ
ਤਾਂ ਸੀਟ ਦੇਵੇਗੇ ਹੀ, ਬੱਸ ਤੁਸੀਂ ਚੜ੍ਹ ਜੋ, ਇਹ ਆਖਰੀ ਟੈਮ
ਹੀ ਹੈ ਮੋਗੇ ਨੂੰ (ਹਾਲਾਂ ਕਿ 3-4 ਟੈਮ ਤਾਂ ਤੁਰੰਤ ਬਾਅਦ ਹੀ ਸਨ
ਬੱਸਾਂ ਦੇ)।
ਬੱਸ ਫੇਰ ਤੁਰ ਤਾਂ ਪਿਆ, ਪਰ ਇੱਕ ਪੈਰ ਉੱਤੇ ਖੜ੍ਹੇ ਸਾਂ,
ਐਂਡੇ ਬਕਵਾਸ ਹਿੰਦੀ ਪੁਰਾਣੇ ਗਾਣੇ ਲਾਏ ਹੋਏ ਸਨ ਕਿ ਰਹਿ ਰੱਬ
ਦਾ ਨਾਂ। ਬੱਸ ਉੱਤੋਂ ਤੋਂ ਹੇਠਾਂ ਤੱਕ ਭਰੀ ਹੋਈ ਸੀ। ਜਦੋਂ ਸਟੇਰਿੰਗ
ਮੋੜਦਾ ਸੀ ਤਾਂ ਜਾਪਦਾ ਸੀ ਕਿ ਉੱਤੋਂ ਕਿਸੇ ਪਾਸੇ ਗੇੜਾ ਹੀ
ਨਾ ਖਾ ਜਾਵੇ, ਛੱਤ ਵੀ ਕੰਬਦੀ ਜਾਪਦੀ ਸੀ।
ਹੁਣ ਅੰਦਰਲਾ ਮਾਹੌਲ ਵੀ ਸੁਣ ਲਵੋ, ਪੰਜਾਬ 'ਚ ਰਹਿੰਦੇ ਵੀਰਾਂ ਨੇ
ਤਾਂ ਕਿਤੇ ਨਾ ਕਿਤੇ ਝੱਲਿਆ ਹੋਵੇਗਾ:
ਦੋਵੇਂ ਜ਼ਨਾਨੀਆਂ ਖੜ੍ਹੀਆਂ ਸਨ, ਇੱਕ ਕੁੜੀ ਨੂੰ ਤਾਂ ਸੀਟ ਦੇ ਦਿੱਤੀ
ਸੀ, ਪਰ ਉਸ ਅਹਿਸਾਨ ਦਾ ਪੂਰਾ ਪੂਰਾ ਫਾਇਦਾ ਲੈ ਰਹੇ ਸਨ,
ਅਤੇ ਦੂਜੀ ਖੜੀ ਹੋਈ ਔਰਤ ਦੀ ਵੀ ਹਾਲਤ ਖਸਤਾ ਕਰ ਦਿੱਤੀ ਸੀ।
ਵੇਖਣ ਨੂੰ ਇੰਨੀ ਸ਼ਰਮ ਆ ਰਹੀ ਸੀ ਕਿ ਪੰਜਾਬ ਦੇ ਲੋਕਾਂ ਵਿੱਚ ਇੰਨੀ
ਹਵਸ ਕਿੱਥੋਂ ਆ ਗਈ। ਅੱਖਾਂ ਪਾੜ ਪਾੜ ਵੇਖਣਾ ਤਾਂ ਠੀਕ ਹੈ, ਪਰ
ਇਹ ਤਾਂ ਹੱਦ ਹੀ ਟੱਪ ਗਈ ਸੀ।
ਫੇਰ ਬੱਸ ਜਸਵਿੰਦਰ ਦੀ ਟਿੱਪਣੀ ਨਾਲ ਹੀ ਸਬਰ ਕਰਨਾ ਪਿਆ ਕਿ
ਇਹ ਜ਼ਨਾਨੀਆਂ ਵੀ ਇਹੋ ਜੇਹੀਆਂ ਹੁੰਦੀਆਂ ਹਨ, ਨਹੀਂ ਤਾਂ ਸਵੇਰ ਨਾਲ
ਕੁਝ ਲੇਟ ਨੀਂ ਸੀ ਹੋਣ ਲੱਗਾ ਜਾਂ ਸ਼ਾਮ ਨੂੰ ਟੈਮ ਨਾਲ ਨਿਕਲ ਜਾਂਦੀਆਂ
ਘਰ ਨੂੰ।
"ਹਾਂ ਇਹ ਤੰਦ ਨੀਂ ਤਾਣੀ ਹੀ ਵਿਗੜੀ ਹੋਈ ਹੈ।" ਮੈਂ ਵੀ ਉਸ ਨਾਲ
ਸਹਿਮਤ ਹੁੰਦੇ ਹੋਏ ਕੋਟਕਪੂਰਾ ਬਾਈਪਾਸ ਉੱਤੇ ਉਸ ਨੂੰ ਅਲਵਿਦਾ ਕਿਹਾ।

14 June, 2007

ਪੁੱਤ ਪਰਦੇਸੀ

ਪਤਾ ਨੀਂ ਕਿੱਥੋਂ ਮੈਨੂੰ ਕੁਝ ਬੋਲ ਲੱਭੇ, ਜੋ ਸਚਾਈ ਬਿਆਨ ਕਰਦੇ ਹਨ ਅੱਜ ਦੇ
ਨੌਜਵਾਨਾਂ ਦੀ, ਤੁਹਾਡੇ ਨਾਲ ਸਾਂਝੇ ਕਰਦਾ ਹਾਂ
----------
ਡਾਲਰਾਂ ਦੀਆਂ ਮਿੱਠੀਆਂ ਜੇਲ੍ਹਾਂ ਵਿੱਚ ਫਸੇ, ਹੁਣ ਲੜਦੇ ਹਾਂ ਕੇਸ ਤਕਦੀਰਾਂ ਦੇ....

ਔਖੇ ਵੇਲੇ ਯਾਦ ਕਰ ਲਈ ਦਾ ਆਪਣਿਆਂ ਨੂੰ, ਤੇ ਕਰ ਲਈਦੇ ਯਾਦ ਬੋਲ ਫਕੀਰਾਂ ਦੇ....

ਜਿਹੜੇ ਘੁੰਮਦੇ ਸੀ ਸਾਰੀ ਸਾਰੀ ਰਾਤ, ਹੁਣ ਅਸੀਂ ਉਹ ਨਾ ਰਹੇ....

ਜਿਹੜੇ ਸੌਂਦੇ ਸੀ ਸਾਰਾ ਸਾਰਾ ਦਿਨ, ਹੁਣ ਅਸੀਂ ਉਹ ਨਾ ਰਹੇ....


ਖੌਰੇ ਕਦੋਂ ਜਾਗ ਜਾਣ , ਇਹ ਭਾਗ ਸਾਡੇ ਸੁੱਤੇ....

Canada ਦਾ VISA ਲਿਆ STUDY BASE ਉੱਤੇ.....



ਸਾਨੂੰ ਵੀ ਵਤਨ ਦੀ ਯਾਦ ਆਉਂਦੀ ਰਹਿੰਦੀ ਏ , ਜਦ ਵੀ ਸੁਪਨੇ ਵਿੱਚ ਮਾਂ ਕੋਈ ਤਰਲੇ ਪਾਉਂਦੀ ਰਹਿੰਦੀ ਏ.....

ਸੱਜਣ-ਬੇਲੀ-ਯਾਰ ਤਾਂ ਚੇਤੇ ਆ ਹੀ ਜਾਂਦੇ ਨੇ, ਭੈਣ-ਭਰਾ ਦੇ ਪਿਆਰ ਵੀ ਚੇਤੇ ਆ ਹੀ ਜਾਂਦੇ ਨੇ.........

Canada ਵਰਗਾ ਦੇਸ਼ ਤਾਂ ਦਿੱਲ ਖਿੱਚਦਾ ਜ਼ਰੂਰ ਹੈ,ਪਰ ਆਪਣੇ ਵਤਨ ਦੀ ਮਿੱਟੀ ਦਾ ਕੁਝ ਵੱਖਰਾ ਸਰੂਰ ਹੈ

ਗੋਰੇ-ਕਾਲ਼ੇ ਲੋਕ ਇਸ ਮੁਲਕ 'ਚ ਪਾਏ ਜਾਂਦੇ ਨੇ,NIGHT SHIFTS ਲਗਾ ਕੇ ਯਾਰੋ DOLLAR ਕਮਾਏ ਜਾਂਦੇ ਨੇ ......

ਡੌਲਰਾਂ ਦੀਆਂ ਮਿੱਠੀਆਂ ਜੇਲਾਂ ਦੇ ਕੈਦੀ ਅਸੀ ਬਣਕੇ ਰਹਿ ਗਏ,
ਦੇਸ ਹੋਇਆ ਪਰਦੇਸ ਜਾਂਦੀ ਵਾਰ AIRPORT ਤੇ ਕਹਿ ਗਏ.........
----------

ਸੋਨੀ ਈਰੀਸਨ P990i - ਫੇਰ ਨਵਾਂ ਮੋਬਾਇਲ

ਹਾਂ ਯਾਰ ਇੱਕ ਵਾਰ ਫੇਰ ਪੰਗਾ ਲੈ ਲਿਆ, ਲੈਣ ਤਾਂ ਗਿਆ ਕਿਸੇ ਹੋਰ ਵਾਸਤੇ
ਕੋਈ ਹੋਰ ਮੋਬਾਇਲ ਲੈਣ, ਪਰ ਲੈ ਲਿਆ
ਸੋਨੀ ਈਰੀਸਨ P990i ਫੋਨ।

ਇਹ ਫੋਨ ਲੈਣ ਦੀ ਬੜੇ ਚਿਰਾਂ ਦੀ ਰੀਝ ਸੀ, ਪਰ ਕੀਮਤ ਹੀ ਬਹੁਤ ਸੀ।
ਅਜੇ ਦਸ ਦਿਨ ਪਹਿਲਾਂ ਪੁੱਛਿਆ ਸੀ 30000 ਰੁਪਏ ਨਕਦ ਸੀ। ਇਸਕਰਕੇ
ਛੱਡ ਦਿੱਤਾ, ਰਹਿਣ ਦਿਓ, ਹੋਰ ਸਸਤੇ ਲੱਭਣ ਤੁਰ ਗਏ। ਅੱਜ ਜਦੋਂ ਆਇਆਂ W650i ਲੈਣ
ਤਾਂ ਦੁਕਾਨ ਵਾਲੇ ਨੇ ਇਹ ਵੇਖ ਦਿੱਤਾ ਅਤੇ ਰੇਟ ਦੱਸਿਆ 19300 ਰੁਪਏ। ਹੈਂ?
ਮੈਂ ਤਾਂ ਡਰ ਹੀ ਗਿਆ। ਖੈਰ ਕੁਝ ਸੋਚਣ-ਵਿਚਾਰਨ ਉਪਰੰਤ ਲੈ ਹੀ ਲਿਆ।


ਪੈਸੇ ਤਾਂ ਜੇਬ 'ਚ ਸਨ ਹੀ ਨਹੀਂ ਅਤੇ ਲਾਉਣੇ ਵੀ ਕਿੱਥੇ ਸਨ, ਪਰ
ਕਿਸ਼ਤਾਂ ਉੱਤੇ ਲੈ ਲਿਆ ਕਿਉਂਕਿ ਇੰਟਰਫੇਸ ਮੈਨੂੰ ਬਹੁਤ ਪਸੰਦ
ਆ ਗਿਆ ਸੀ, ਪਰ ਪਹਿਲੀ ਨਜ਼ਰ 'ਚ ਸਪੀਡ ਬਹੁਤ ਹੌਲੀ ਜਾਪੀ।
ਖੈਰ ਇੱਕ ਉਦਾਸ ਜੇਹੀ ਨਜ਼ਰ ਨਾਲ ਲੈ ਕੇ ਘਰ ਨੂੰ ਆ ਰਿਹਾ ਸੀ, ਜਦੋਂ
ਕਿ ਦਿਲ 'ਚ ਕੁਝ ਖੁਸ਼ੀ ਜੇਹੀ ਵੀ ਸੀ। ਉਂਝ ਹਾਲੇ ਸਮੱਸਿਆਵਾਂ ਖਤਮ ਨਹੀਂ ਸੀ
ਹੋਈਆਂ। ਇੱਕ 1GB ਕਾਰਡ ਉੱਤੇ ਲੱਗੇ 1800 ਰੁਪਏ ਵੀ ਕੁਝ
ਖਟਕ ਰਹੇ ਸਨ (ਮੋਬਾਇਲ ਨਾਲ 64MB ਹੀ ਉਪਲੱਬਧ ਸੀ)।



ਬਣਾਉਣ ਦਾ ਸਮਾਂ ਅਕਤੂਬਰ 2006 ਸੀ (ਬਹੁਤ ਪੁਰਾਣਾ ਸੀ)। ਛੇਤੀ
ਹੀ ਗਲਤੀਆਂ ਆਉਦੀਆਂ ਸਨ। WMA ਫਾਇਲਾਂ ਨਹੀਂ ਸੀ ਚਲਾਉਦਾ ਸੀ।
ਹੌਲੀ ਤਾਂ ਬਹੁਤ ਹੀ ਸੀ। ਹੈਂਗ (hang) ਵੀ ਹੋ ਜਾਂਦਾ ਸੀ। ਖੈਰ ਆਖਰ
ਨੈੱਟ ਉੱਤੇ ਖੋਜਣ ਉਪਰੰਤ ਲੱਭਿਆ ਕਿ ਜਿਹੜਾ ਵਰਜਨ ਮੇਰੇ ਕੋਲ ਸੀ, ਉਹ ਤਾਂ
ਬਹੁਤ ਹੀ ਪੁਰਾਣਾ ਸੀ
--
ਫੋਨ - CXC162037 R5F001
ਬਲਿਊਟੁੱਥ - CXC162058 R3A01
Organizer - CXC162036 R4A01
----
ਇਹ ਤਾਂ ਕਮਾਲ ਹੋਈ ਪਈ ਸੀ, ਯਾਰ ਬਹੁਤ ਹੀ ਪੁਰਾਣਾ। ਹੁਣ ਸੋਚਿਆ ਕਿ
ਅੱਪਡੇਟ ਕਰੀਏ, ਪਰ ਲੋਕਾਂ ਦੀ ਰਾਏ ਮੁਬਾਬਕ ਇਹ ਬਹੁਤ ਵੱਡਾ ਖਤਰਾ ਹੈ,
70% ਵਾਰ ਠੀਕ ਤਰ੍ਹਾਂ ਅੱਪਡੇਟ ਨਹੀਂ ਹੁੰਦਾ ਅਤੇ ਕੰਪਨੀ ਨੂੰ ਵਾਪਸ
ਦੇਣ ਤੋਂ ਬਿਨਾਂ ਚਾਰਾ ਨਹੀਂ ਰਹਿੰਦਾ, ਪਰ ਸੋਚਿਆ ਕਿ ਹੁਣ ਉੱਖਲੀ
'ਚ ਸਿਰ ਦਿੱਤਾ ਤਾਂ ਮੋਲ੍ਹਿਆਂ ਦਾ ਕੀ ਡਰ। ਘਰੇ ਤਾਂ ਰਿਲਾਇੰਸ
ਦਾ ਕਾਰਡ ਵਾਲਾ ਨੈੱਟ ਸੀ, ਪੈਕੇਜ ਦਾ ਆਕਾਰ 80MB ਅਤੇ 24MB ਸੀ।
ਡਾਊਨਲੋਡ ਲਾ ਦਿੱਤਾ ਅਤੇ ਕਰੀਬ 6 ਘੰਟਿਆਂ 'ਚ ਖਤਮ ਹੋਇਆ।
ਦੁਪੈਹਰੇ ਅੱਪਡੇਟ ਲਈ ਚਾਲੂ ਕੀਤਾ ਅਤੇ ਸ਼ਾਮ 6 ਵਜੇ ਘਰੇ ਭੱਜੇ ਕਿ
ਵੇਖੀਏ ਕਿ ਕੀ ਬਣਿਆ ਹੈ। ਅੱਪਡੇਟ ਉੱਥੇ ਹੀ ਖੜਾ ਜਾਪਿਆ ਅਤੇ
ਫੇਰ ਸ਼ੁਰੂ ਕੀਤਾ ਤਾਂ ਵਿੱਚ ਹੀ ਰਹਿ ਗਿਆ। ਓਏ ਹੋਏ?
ਡਰਦੇ ਡਰਦੇ ਮੁੜ ਸ਼ੁਰੂ ਕੀਤਾ ਅਤੇ 15 ਮਿੰਟ ਸ਼ੁਰੂ ਕਰਨ ਲਈ ਲੱਗ ਗਏ,
ਪਰ ਜਦੋਂ ਰੀ-ਬੂਟ (ਮੁੜ-ਚਾਲੂ) ਹੋਇਆ ਤਾਂ ਮੈਂ ਸਮਝ ਗਿਆ ਕਿ
ਬਣ ਗਈ ਗਲ਼। ਹਾਂ ਸੱਚੀ ਗੱਲ ਬਣ ਗਈ ਸਈ। ਸਭ ਕੁਝ ਅੱਪਡੇਟ
ਹੋ ਗਿਆ, ਹੁਣ ਸੰਰਚਨਾ ਇਹ ਹੈ:
--
ਫੋਨ - CXC162037 R9F011
ਬਲਿਊਟੁੱਥ - CXC162058 R5A01
Organizer - CXC162036 R5A17
--

ਹੁਣ ਬਹੁਤ ਵਧੀਆ ਸੀ ਸਭ ਕੁਝ, ਕੁਝ ਖਾਸ ਫ਼ਰਕ ਪਏ:
* ਸਪੀਡ ਤੇਜ਼ ਹੋ ਗਈ ਹੈ
* ਕਰੈਸ਼ ਕਦੇ ਨਹੀਂ ਹੋਇਆ
* ਹੈਂਗ਼ ਵੀ ਨਹੀਂ ਹੋਇਆ
* WMA ਵੀ ਚੱਲਿਆ(ਗਾਣੇ)
*ਇੰਟਰਫੇਸ ਕੁਝ ਸਾਫ਼ ਹੋ ਗਿਆ
* ਨੈੱਟ ਵੀ ਬਹੁਤ ਤੇਜ਼ ਸੀ
*ਇੰਟਰਫੇਸ ਚੰਗਾ ਲੱਗਾ

ਹੁਣ ਬਣ ਗਈ ਸੀ ਗੱਲ਼, ਕਯਾ ਬਾਤਾਂ ਨੇ, ਨੈੱਟ ਚੱਲ
ਪਿਆ ਅਤੇ ਜੀ-ਮੇਲ ਵਧੀਆ ਚੈੱਕ ਹੋ ਗਈ।
GPS ਵੀ ਉਪਲੱਬਧ ਹੈ (ਤੁਹਾਨੂੰ ਪੈਸੇ ਦੇਣੇ ਪੈਣਗੇ ਵੱਖਰੇ)।
ਕੀ-ਬੋਰਡ ਛੋਟਾ ਤਾਂ ਸੀ, ਪਰ ਹੱਥ ਤੇਜ਼ ਚੱਲਦੇ ਹਨ ਫੇਰ ਵੀ।
ਬਾਕੀ ਚੰਗੇ ਫੀਚਰ ਹਨ।

ਖ਼ੈਰ ਹੁਣ ਅੱਪਡੇਟ ਬਾਅਦ ਮੈਨੂੰ ਲਾਏ ਪੈਸਿਆਂ ਉੱਤੇ ਤਸੱਲੀ
ਸੀ ਅਤੇ ਮੇਰੀ ਚਿਰਾਂ ਦੀ ਰੀਝ ਪੂਰੀ ਹੋ ਗਈ ਹੈ। ਪਤਾ
ਨੀਂ ਅਜੇ ਮੈਂ ਇਹ ਫੋਨ ਰੱਖਾਗਾਂ ਕਿ ਨਹੀਂ, ਪਰ ਹਾਲ ਦੀ
ਘੜੀ ਇਹ ਮੇਰੇ ਕੋਲ ਹੈ ਅਤੇ ਫੋਨ ਨੰਬਰਾਂ ਉੱਤੇ ਫੋਟੋ ਲਾਉਣ
ਤੋਂ ਇਲਾਵਾ ਹੋਰ ਫੀਚਰ ਵੇਖਣ 'ਚ ਮਸਤ ਹਾਂ।
ਛੇਤੀ ਹੀ ਮਟਰੋਲਾ E6 ਨਾਲ ਅੰਤਰ ਲਿਖਾਗਾਂ।

04 June, 2007

ਲੰਬੀ ਉਮਰ ਦੇ ਲਈ ਗੂੜ੍ਹੀ ਨੀਂਦ ਜ਼ਰੂਰੀ

ਮਨੁੱਖ ਦੇ ਲਈ ਨੀਂਦ ਇਕ ਬਹੁਮੁੱਲਾ ਤੋਹਫ਼ਾ ਹੈ। ਨੀਂਦ ਦਾ ਮਹੱਤਵ ਜੀਵਨ ਦੇ ਲਈ ਓਨਾ ਜ਼ਰੂਰੀ ਹੈ, ਜਿੰਨਾ ਭੋਜਨ। ਇਹ ਇਕ ਸੁਭਾਵਿਕ ਕਿਰਿਆ ਹੈ, ਦਿਨ ਭਰ ਤੁਸੀਂ ਮਿਹਨਤ ਕਰਦੇ ਹੋ, ਰਾਤ ਨੂੰ ਛੇ ਤੋਂ ਅੱਠ ਘੰਟੇ ਪੂਰੀ ਨੀਂਦ ਲੈਣ ਦੇ ਬਾਅਦ ਸਵੇਰੇ ਫਿਰ ਤੋਂ ਸਰੀਰ ਵਿਚ ਤਾਜ਼ਗੀ ਮਹਿਸੂਸ ਕਰਦੇ ਹੋ ਅਤੇ ਅਗਲੇ ਦਿਨ ਦੀ ਮਿਹਨਤ ਲਈ ਤਿਆਰ ਹੁੰਦੇ ਹਨ।
ਇਹ ਸੱਚ ਹੈ ਕਿ ਸੰਤੁਲਿਤ ਭੋਜਨ ਸਰੀਰ ਨੂੰ ਸ਼ਕਤੀ ਦਿੰਦਾ ਹੈ ਪਰ ਚੰਗੀ ਨੀਂਦ ਦਿਮਾਗ ਲਈ ਇਕ ਜ਼ਰੂਰੀ ਟਾਨਿਕ ਹੈ। ਨੀਂਦ ਸਰੀਰ ਨੂੰ ਖੁਸ਼ੀ, ਤੰਦਰੁਸਤੀ ਅਤੇ ਨਵਾਂਪਣ ਪ੍ਰਦਾਨ ਕਰਦੀ ਹੈ। ਹਰੇਕ ਇਨਸਾਨ ਦੀ ਨੀਂਦ ਵੱਖ-ਵੱਖ ਹੁੰਦੀ ਹੈ। ਕਈ ਲੋਕ 5 ਤੋਂ 6 ਘੰਟੇ ਦੀ ਨੀਂਦ ਲੈਣ ਤੋਂ ਬਾਅਦ ਚੁਸਤ ਹੋ ਜਾਂਦੇ ਹਨ ਅਤੇ ਕਈ ਲੋਕ 8 ਤੋਂ 10 ਘੰਟੇ ਦੀ ਨੀਂਦ ਲੈਣਾ ਪਸੰਦ ਕਰਦੇ ਹਨ। ਨੀਂਦ ਦੇ ਕੁਝ ਵਿਸ਼ੇਸ਼ ਨਿਯਮ ਇਸ ਤਰ੍ਹਾਂ ਹਨ:
• ਹਰ ਰੋਜ਼ ਸਮੇਂ-ਸਿਰ ਸੌਣ ਅਤੇ ਜਾਗਣ ਲਈ ਸਮਾਂ ਨਿਰਧਾਰਤ ਕਰੋ।
• ਸੌਣ ਦੇ ਸਥਾਨ ਨੂੰ ਸੁੰਦਰ ਅਤੇ ਆਰਾਮਦਾਇਕ ਬਣਾਓ।
• ਸੌਣ ਵਾਲਾ ਕਮਰਾ ਹਵਾਦਾਰ ਅਤੇ ਸ਼ਾਂਤ ਹੋਣਾ ਚਾਹੀਦਾ ਹੈ ਤਾਂ ਕਿ ਤਾਜ਼ੀ ਹਵਾ ਆ ਸਕੇ।
• ਜਦੋਂ ਰਾਤ ਸਮੇਂ ਨੀਂਦ ਆਉਣ ਲੱਗੇ ਤਾਂ ਨੀਂਦ ਨੂੰ ਜ਼ਬਰਦਸਤੀ ਨਾ ਭਜਾਓ ਕਿਉਂਕਿ ਦੁਬਾਰਾ ਨੀਂਦ ਆਉਣ ਵਿਚ ਵਕਤ ਲੱਗੇਗਾ।
• ਰਾਤ ਨੂੰ ਸੌਣ ਤੋਂ ਪਹਿਲਾਂ ਘੱਟੋ-ਘੱਟ ਦੋ ਘੰਟੇ ਪਹਿਲਾਂ ਖਾਣ ਖਾ ਲਓ ਤਾਂ ਕਿ ਸੌਣ ਵੇਲੇ ਪੇਟ ਹਲਕਾ ਹੋਵੇ।
• ਨੀਂਦ ਦੇਰ ਨਾਲ ਆਉਂਦੀ ਹੋਵੇ ਤਾਂ ਰੱਬ ਦਾ ਨਾਂਅ ਲਵੋ।
• ਚੰਗੀ ਨੀਂਦ ਲਈ ਸਰੀਰਕ ਮਿਹਨਤ ਕਰੋ ਅਤੇ ਹਲਕੀ-ਫੁਲਕੀ ਕਸਰਤ ਜਾਂ ਸੈਰ ਕਰੋ।
• ਸ਼ਾਮ 6 ਵਜੇ ਤੋਂ ਬਾਅਦ ਕੌਫੀ ਅਤੇ ਨਸ਼ੀਲੀਆਂ ਵਸਤੂਆਂ ਦਾ ਸੇਵਨ ਨਾ ਕਰੋ।
• ਸੌਂਦੇ ਸਮੇਂ ਮੂੰਹ ਢੱਕ ਕੇ ਨਾ ਸੌਂਵੋ, ਇਸ ਨਾਲ ਤਾਜ਼ੀ ਹਵਾ ਲੈਣ ਵਿਚ ਮੁਸ਼ਕਿਲ ਆਉਂਦੀ ਹੈ।
• ਸੌਣ ਤੋਂ ਪਹਿਲਾਂ ਪੈਰ ਧੋ ਕੇ ਸਰ੍ਹੋਂ ਦੇ ਤੇਲ ਦੀ ਮਾਲਿਸ਼ ਕਰੋ, ਇਸ ਨਾਲ ਨੀਂਦ ਚੰਗੀ ਆਉਂਦੀ ਹੈ।
• ਨੀਂਦ ਲਿਆਉਣ ਵਾਲੀਆਂ ਦਵਾਈਆਂ ਦਾ ਪ੍ਰਯੋਗ ਨਾ ਕਰੋ।
• ਰਾਤ ਦਾ ਖਾਣਾ ਖਾਣ ਦੇ ਬਾਅਦ ਚਿੰਤਾਜਨਕ ਵਿਸ਼ਿਆਂ ’ਤੇ ਜ਼ਿਆਦਾ ਵਿਚਾਰ ਨਾ ਕਰੋ ਤਾਂ ਕਿ ਤਣਾਅਮੁਕਤ ਹੋ ਕੇ ਸੌਂ ਸਕੋ।
• ਕੰਮ ਨੂੰ ਬੋਝ ਸਮਝ ਕੇ ਨਾ ਕਰੋ, ਇਸ ਨਾਲ ਵੀ ਨੀਂਦ ਵਿਚ ਰੁਕਾਵਟ ਆਉਂਦੀ ਹੈ।
• ਰਾਤ ਨੂੰ ਨੀਂਦ ਚੰਗੀ ਲੈਣ ਲਈ ਭੋਜਨ ਹਲਕਾ ਅਤੇ ਸੌਣ ਤੋਂ ਤਿੰਨ ਘੰਟੇ ਪਹਿਲਾਂ ਕਰਨ ਦਾ ਯਤਨ ਕਰੋ, ਰਾਤ ਸਮੇਂ ਭਾਰਾ ਭੋਜਨ ਨਾ ਕਰੋ।
-ਨੀਤੂ ਗੁਪਤਾ
(ਰੋਜ਼ਾਨਾ ਅਜੀਤ ਜਲੰਧਰ)

ਖ਼ੁਸ਼ੀ ਲਈ ਨੁਕਤੇ

1. ਆਪਣੇ ਨਿਸ਼ਾਨੇ ਨੂੰ ਮਿਥੋ-ਸਾਰੇ ਹੀ ਖੁਸ਼ ਲੋਕਾਂ ਦੇ ਨਿਸ਼ਾਨੇ ਅਤੇ ਸੁਪਨੇ ਹੁੰਦੇ ਹਨ ਪਰ ਵੱਧ ਤੋਂ ਵੱਧ ਸੰਤੁਸ਼ਟੀ ਲਈ ਤੁਹਾਡੇ ਨਿਸ਼ਾਨਿਆਂ ਵਿਚ ਕਨਫਲਿਕਟ ਨਾ ਹੋਵੇ। ਸੋ ਜੇ ਤੁਸੀਂ ਅੱਗੇ ਵਧਣਾ ਚਾਹੁੰਦੇ ਹੋ ਤਾਂ ਹੋ ਸਕਦੈ ਕਿ ਤੁਹਾਨੂੰ ਆਪਣੇ ਖਾਣਾ ਖਾਣ ਦੇ ਸਮੇਂ ਵਿਚ ਕਟੌਤੀ ਕਰਨੀ ਪਵੇ।
2. ਕਮੀਆਂ ਨੂੰ ਸਾਂਝਾ ਕਰੋ-ਔਰਤਾਂ ’ਤੇ ਕੀਤੇ ਤਜਰਬੇ ਵਿਚ ਪਾਇਆ ਗਿਆ ਕਿ ਜਿਨ੍ਹਾਂ ਨੂੰ ਜ਼ਿੰਦਗੀ ਵਿਚ ਘੱਟ ਸੰਤੁਸ਼ਟੀ ਮਿਲੀ, ਉਨ੍ਹਾਂ ਦੀਆਂ ਅੱਧੀਆਂ ਚਿੰਤਾਵਾਂ ਘਟ ਗਈਆਂ, ਜਦੋਂ ਉਨ੍ਹਾਂ ਆਪਣੀਆਂ ਸਮੱਸਿਆਵਾਂ ਦੂਸਰਿਆਂ ਨਾਲ ਸਾਂਝੀਆਂ ਕੀਤੀਆਂ। ਸੱਚਮੁੱਚ ਇਕ ਸਮੱਸਿਆ ਨੂੰ ਸਾਂਝੀ ਕੀਤਿਆਂ ਅੱਧੀ ਰਹਿ ਜਾਂਦੀ ਹੈ।
3. ਆਪਣੇ ਮੁੱਢ ਨੂੰ ਪਛਾਣੋ-ਜ਼ਿੰਦਗੀ ਵਿਚ ਅਸਲ ਖੁਸ਼ੀ ਲਈ ਇਹ ਜਾਣੋ ਕਿ ਤੁਸੀਂ ਕੌਣ ਹੋ ਤੇ ਕਿਥੋਂ ਆੲੇ ਹੋ? ਇਸ ਲਈ ਆਪਣੇ ਵਿਰਸੇ ਨੂੰ ਪਛਾਣੋ। ਆਪਣੇ ਕਿਸੇ ਵੀ ਬਜ਼ੁਰਗ ਨਾਲ ਰਹਿਣਾ ਸ਼ੁਰੂ ਕਰੋ।
4. ਸਹੀ ਸਮੇਂ ਨੂੰ ਪਛਾਣੋ-ਜਦੋਂ ਭਵਿੱਖ ਸਬੰਧੀ ਯੋਜਨਾਬੰਦੀ ਕਰ ਰਹੇ ਹੋ ਤਾਂ ਆਪਣੇ-ਆਪ ਨੂੰ ਇਨਾਮ ਦੇਣ ਤੋਂ ਸੰਕੋਚ ਨਾ ਕਰੋ, ਜਦੋਂ ਤੁਸੀਂ ਨਿਸ਼ਾਨਾ ਪ੍ਰਾਪਤ ਕਰਨ ਵਿਚ ਸਫਲ ਹੁੰਦੇ ਹੋ।
5. ਖੁਸ਼ੀਆਂ ਦੀ ਅਗਵਾਈ ਲਈ ਹੁਨਰ-ਇਸ ਦਾ ਇਹ ਭਾਵ ਨਹੀਂ ਕਿ ਅਸੀਂ ਰੰਗਦਾਰ ਝੰਡੀਆਂ ਨਾਲ ਹਵਾ ਨੂੰ ਖਰੀਦੀੲੇ। ਬੱਸ ਉਤਸ਼ਾਹੀ ਬਣਨ ਲਈ ਇਕ ਸਪੋਰਟਸ ਟੀਮ ਦੀ ਚੋਣ ਕਰੋ। ਖੁਸ਼ੀਆਂ ਮਿਲਣਗੀਆਂ।
6. ਸ਼ਾਨਦਾਰ ਦੋਸਤ ਰੱਖੋ-ਹਰੇਕ ਨੂੰ ਚੰਗੇ ਲੋਕਾਂ ਦੀ ਸੰਗਤ ਦੀ ਲੋੜ ਹੁੰਦੀ ਹੈ। ਇਕ ਅਧਿਐਨ ਅਨੁਸਾਰ ਦੂਸਰਿਆਂ ਪ੍ਰਤੀ ਭਾਵਨਾਵਾਂ ਨਾਲ ਜੁੜੇ ਲੋਕ ਉਨ੍ਹਾਂ ਸਬੰਧੀ ਚਾਰ ਗੁਣਾ ਵਧੀਆ ਸੋਚ ਸਕਦੇ ਹਨ।
7. ਲੜਾਈ ਨੂੰ ਟਾਲੋ-ਬਿਨਾਂ ਦੱਸੇ ਘਰ ਵਿਚ ਆਪਣੀ ਭੈਣ ਦੀ ਪੁਸ਼ਾਕ ਪਹਿਨਣੀ ਅਤੇ ਪਤਾ ਲੱਗਣ ’ਤੇ ਤੁਹਾਡੀ ਬੇਇੱਜ਼ਤੀ ਹੋਵੇਗੀ ਤੇ ਹੇਠੀ ਹੋਵੇਗੀ, ਇਹ ਤੁਹਾਡੇ ਰਿਸ਼ਤੇ ਨੂੰ ਖਰਾਬ ਕਰੇਗੀ। ਆਪਣੇ ਪਿਆਰਿਆਂ ਵਿਚ ਪੈਦਾ ਹੋਈਆਂ ਸਮੱਸਿਆਵਾਂ ਨੂੰ ਹੌਲੀ-ਹੌਲੀ ਟਾਲਣ ਨਾਲ 15 ਫੀਸਦੀ ਤੱਕ ਸੰਤੁਸ਼ਟੀ ਘਟਦੀ ਹੈ। ਵਿਗਿਆਨੀਆਂ ਨੇ ਇਹ ਪਾਇਆ ਹੈ ਕਿ ਟੀ. ਵੀ. ਨੇ ਦੁਨੀਆ ਪ੍ਰਤੀ ਸਾਡੇ ਦ੍ਰਿਸ਼ਟੀਕੋਣ ਨੂੰ ਨਾਂਹ-ਪੱਖੀ ਪ੍ਰਭਾਵਿਤ ਕੀਤਾ ਹੈ।
8. ਟੀ. ਵੀ. ਦੀ ਬਹੁਲਤਾ-ਅਧਿਐਨ ਤੋਂ ਪਤਾ ਲੱਗਾ ਹੈ ਕਿ ਟੀ. ਵੀ. ਦੇਖਣ ਨਾਲ ਪ੍ਰਾਪਤੀ ਲਈ ਸਾਡੀ ਭੁੱਖ ਤਿੰਨ ਗੁਣਾ ਵਧ ਜਾਂਦੀ ਹੈ। ਜਦੋਂ ਸੰਤੁਸ਼ਟੀ ਘਟ ਜਾਂਦੀ ਹੈ। ਵਿਗਿਆਨੀਆਂ ਨੇ ਇਹ ਪਾਇਆ ਹੈ ਕਿ ਦੁਨੀਆ ਪ੍ਰਤੀ ਸਾਡੇ ਦ੍ਰਿਸ਼ਟੀਕੋਣ ਨੂੰ ਟੀ. ਵੀ. ਨੇ ਨਕਾਰਾਤਮਿਕ ਰੂਪ ਵਿਚ ਪ੍ਰਭਾਵਿਤ ਕੀਤਾ ਹੈ।
9. ਸੰਤੁਸ਼ਟੀ ਮਹਿਸੂਸ ਕਰੋ-ਫਲ ਤੇ ਸਬਜ਼ੀਆਂ ਦੀ ਵਰਤੋਂ ਤੁਹਾਨੂੰ ਤੰਦਰੁਸਤ ਕਰਦੀ ਹੈ ਅਤੇ ਤੁਹਾਡੀ ਖੁਸ਼ੀ ਵਿਚ ਵਾਧਾ ਕਰਦੀ ਹੈ ਤੇ ਸੰਤੁਸ਼ਟੀ ਮਿਲਦੀ ਹੈ।
10. ਰੌਲਾ ਘਟਾ ਕੇ ਸੰਗੀਤ ਸੁਣੋ-92 ਫੀਸਦੀ ਲੋਕਾਂ ਦੇ ਮੂਡ ’ਤੇ ਸੰਗੀਤ ਸੁਣਨ ਦਾ ਸਾਕਾਰਾਤਮਿਕ ਅਸਰ ਪੈਂਦਾ ਹੈ। ਇਸ ਲਈ ਆਪਣੀ ਮਨਪਸੰਦ ਦਾ ਸੰਗੀਤ ਸੁਣੋ।
11. ਪਿੱਛੇ ਹਟਣਾ ਵੀ ਸਿੱਖੋ-ਜੇਕਰ ਤੁਸੀਂ ਆਸ ਕਰਦੇ ਹੋ ਕਿ ਤੁਹਾਡੇ ਸਬੰਧਾਂ ਵਿਚ ਭਾਈਚਾਰਕਿਤਾ ਬਣੇ, ਇਹ ਸੋਚਣਾ ਬੰਦ ਕਰ ਦਿਉ ਕਿ ਤੁਸੀਂ ਹਮੇਸ਼ਾ ਸਹੀ ਹੋ।
12. ਹੌਬੀ ਚੁਣੋ-ਲੰਬੀ ਦੋਸਤੀ ਲਈ ਦੋਸਤਾਂ ਵਿਚ ਸਾਂਵੇਂ ਹਿਤ ਹੋਣੇ ਚਾਹੀਦੇ ਹਨ। ਦੋਸਤਾਂ ਵਿਚ ਜਿੰਨੇ ਹਿਤ ਸਾਂਵੇਂ ਹੋਣਗੇ, ਓਨਾ ਹੀ ਤੁਹਾਡੀ ਲੰਬੀ ਦੋਸਤੀ ਚੱਲੇਗੀ ਅਤੇ ਤੁਸੀਂ ਵਧੇਰੇ ਖੁਸ਼ ਹੋਵੋਗੇ।
13. ਕਿਤਾਬੀ ਕੀੜਾ ਬਣੋ-ਕਿਤਾਬਾਂ ਪੜ੍ਹਨ ’ਤੇ ਸਮਾਂ ਲਗਾਉਣ ਨਾਲ ਤੁਸੀਂ 8 ਫੀਸਦੀ ਵਧੇਰੇ ਖੁਸ਼ ਹੋ ਸਕਦੇ ਹੋ।
14. ਵਧੇਰੇ ਰੁੱਝੇ ਰਹੋ-ਮਨੋਵਿਗਿਆਨ ਵਿਚ ਰੁੱਝੇ ਰਹਿਣਾ ਸਭ ਤੋਂ ਚੰਗੀ ਗੱਲ ਹੈ। ਕਾਲਜ ਵਿਦਿਆਰਥੀਆਂ ’ਤੇ ਇਕ ਅਧਿਐਨ ਵਿਚ ਕਿਹਾ ਹੈ ਕਿ ਉਹ ਵਿਦਿਆਰਥੀ ਜੋ ਵਧੇਰੇ ਟਾਈਮ ਟੇਬਲ ਮੰਗਦੇ ਹਨ, ਉਹ ਆਪਣੀ ਜ਼ਿੰਦਗੀ ਤੋਂ 15 ਫੀਸਦੀ ਵਾਧੂ ਸੰਤੁਸ਼ਟ ਹਨ। ਉਨ੍ਹਾਂ ਮੰਗਣ ਵਾਲੇ ਵਧੇਰੇ ਸਮੇਂ ਤੋਂ ਇਲਾਵਾ ਉਨ੍ਹਾਂ ਵਿਚ ਘੱਟ ਤਣਾਅ ਪਾਇਆ ਗਿਆ।
15. ਪੈਸੇ ਸਬੰਧੀ ਚਿੰਤਾ ਬੰਦ ਕਰੋ-ਇਕ ਆਸਟ੍ਰੇਲੀਅਨ ਅਧਿਐਨ ਅਨੁਸਾਰ ਜਿਹੜਾ ਕਿ ਮਨੁੱਖ ਨੂੰ ਸੰਤੁਸ਼ਟੀ ਦੇਣ ਵਾਲੇ 20 ਤੱਥਾਂ ’ਤੇ ਫੋਕਸ ਸੀ, ਖੁਸ਼ੀ ਨੂੰ ਵੱਡਾ ਖਤਰਾ, ਗੁੱਸੇ, ਤਣਾਅ ਆਦਿ ਨੂੰ ਦੱਸਦਾ ਹੈ।
16. ਇਕ ਸੂਚੀ ਬਣਾਓ-ਉਨ੍ਹਾਂ ਮੈਲੇ ਕੱਪੜਿਆਂ ਨੂੰ ਧੋਵੋ। ਫਰਿੱਜ ਵਿਚ ਪੱਕੀਆਂ ਚੀਜ਼ਾਂ ਰੱਖੋ ਅਤੇ ਆਪਣੇ ਕੋਰਸ ਨੂੰ ਖਤਮ ਕਰੋ ਅਤੇ ਲਗਾਤਾਰ ਘਰੇਲੂ ਕੰਮ ਵਾਲੇ 5 ਫੀਸਦੀ ਖੁਸ਼ ਪਾੲੇ ਗੲੇ।
17. ਲਚਕਦਾਰ ਬਣੋ-ਨਿੱਜੀ ਸਬੰਧਾਂ ਵਿਚ ਖਰੇ ਉਤਰਨ ਲਈ ਤੁਹਾਨੂੰ ਆਪਣੀ ਯੋਗਤਾ ਨੂੰ ਵਧਾਉਣ ਦੀ ਲੋੜ ਪਵੇਗੀ। ਖੁਸ਼ ਲੋਕਾਂ ਦੀ ਜ਼ਿੰਦਗੀ ਸਬੰਧੀ ਅਧਿਐਨ ਵਿਚ ਪਾਇਆ ਗਿਆ ਕਿ ਉਨ੍ਹਾਂ ਮਤਭੇਦਾਂ ਵਿਚ ਫਰਕ ਨਹੀਂ ਸੀ ਪਰ ਖੁਸ਼ ਗਰੁੱਪ ਨੇ ਆਪਣੇ ਵਰਤਾਓ ਵਿਚ ਤਬਦੀਲੀ ਕਰਕੇ ਵਧੇਰੇ ਪ੍ਰਤੀਬਧਤਾ ਦਿਖਾਈ।
18. ਪਾਲਤੂ ਜਾਨਵਰਾਂ ਨੂੰ ਬੁਲਾਓ-ਕਿਸੇ ਵੀ ਪਾਲਤੂ ਜਾਨਵਰ ਨਾਲ ਸੰਪਰਕ ਸਾਨੂੰ ਤੁਰੰਤ ਖੁਸ਼ੀ ਅਤੇ ਲੰਬੇ ਸਮੇਂ ਦੀਆਂ ਹਾਂ-ਪੱਖੀ ਭਾਵਨਾਵਾਂ ਦਿੰਦਾ ਹੈ। ਇਕ ਅਧਿਐਨ ਮੁਤਾਬਿਕ ਜਿਨ੍ਹਾਂ ਨੇ ਪਾਲਤੂ ਜਾਨਵਰ ਰੱਖੇ ਹਨ, ਉਹ ਪਾਲਤੂ ਜਾਨਵਰਾਂ ਤੋਂ ਬਗੈਰ ਲੋਕਾਂ ਨਾਲੋਂ 22 ਫੀਸਦੀ ਵਧੇਰੇ ਸੰਤੁਸ਼ਟ ਪਾੲੇ ਗੲੇ।
19. ਥੋੜ੍ਹਾ ਸੌਵੋਂ-ਹਰ ਰਾਤ ਘੱਟ ਸੌਣ ਵਾਲੇ ਵਧੇਰੇ ਅਤੇ ਸੁਪਨਿਆਂ ਵਾਲੀ ਨੀਂਦ ਲੈਣ ਵਾਲਿਆਂ ਤੋਂ 25 ਫੀਸਦੀ ਘੱਟ ਖੁਸ਼ ਹੁੰਦੇ ਹਨ। ਅਧਿਐਨ ਮੁਤਾਬਿਕ ਘੱਟ ਸੌਣਾ ਚਿੰਤਾ ਨਾਲ ਜੁੜਿਆ ਕਾਰਨ ਹੈ। ਇਸ ਲਈ ਬਿਸਤਰੇ ’ਤੇ ਜਾਣ ਤੋਂ ਬਾਅਦ ਗਿਣਤੀਆਂ-ਮਿਣਤੀਆਂ ਛੱਡ ਦਿਉ।
(ਰੋਜ਼ਾਨਾ ਅਜੀਤ ਜਲੰਧਰ)

25 May, 2007

Punjabi Support for GTK in Windows XP

GTK ਆਧਾਰਿਤ ਕਾਰਜ, ਜਿਵੇਂ ਕਿ ਪਿਡਗਿਨ (ਗੇਮ PIDGIN) ਅਤੇ ਜੈਮਪ (GIMP) ਆਦਿ
ਪੰਜਾਬੀ ਵਿੱਚ ਨਹੀਂ ਸੀ ਚੱਲਦੇ, ਪੰਜਾਬੀ ਵਿੱਚ ਡੱਬੇ ਹੀ ਵੇਖਾਈ ਦਿੰਦੇ ਸਨ| ਹੁਣ ਇਸ ਦਾ
ਹਲ਼ ਲੱਭ ਲਿਆ ਗਿਆ ਹੈ| ਜੀਟੀਕੇ ਡੀਵੈਲਪਰ ਦੇ ਦਿੱਤੇ ਜਵਾਬ ਨੇ ਇਠ ਹੱਲ਼ ਕਰ ਦਿੱਤਾ ਹੈ|
ਜੇ ਤੁਸੀਂ ਇਹ ਵਰਤਣਾ ਚਾਹੋ ਤਾਂ ਹੱਲ਼ ਅੱਗੇ ਦਿੱਤਾ ਹੈ|

GTK based Application are not able run by default Punjabi (even Indic) language
in Windows XP. if you run Pidgin (former GAIM) in Windows and want to
chat with People in Punjabi, then it was only shows you SQUARE box.
so to add Punjabi support, please add following line in
file:
C:\Program Files\Common Files\GTK\2.0\etc\pango\pango.alias

sans = "arial,browallia new,mingliu,simhei,gulimche,ms gothic,latha,mangal,raavi"

Only raaviNeed to add in this file,
now run Application on computer that will work fine.

Bug is file to imporve GTK for this with Add Punjabi font to GTK info

ਭਾਵੇਂ ਇਹ ਕੁਝ ਖਾਸ ਨਾ ਹੋਵੇ ਬਹੁਤਿਆਂ ਲਈ, ਪਰ ਮੈਨੂੰ ਬਹੁਤ ਖੁਸ਼ੀ ਸੀ ਕਿ ਅੱਜ
ਇੱਕ ਮੁੱਦਾ ਖਤਮ ਕਰ ਲਿਆ ਹੈ| ਹੁਣ ਵਿੰਡੋ ਵਰਤਣ ਵਾਲੇ ਇਹ ਸਿਕਾਇਤ ਨਹੀਂ ਕਰ ਸਕਣਗੇ
ਕਿ ਪੰਜਾਬੀ ਵਿੱਚ ਜੀਟੀਕੇ ਦਾ ਸਹਿਯੋਗ ਚੰਗਾ ਨਹੀਂ ਹੈ| ਓਪਨ ਸੋਰਸ ਹਮੇਸ਼ਾਂ ਤੁਹਾਡੇ ਲਈ
ਤੁਹਾਡੇ ਵਲੋਂ ਹੀ ਹੈ|
ਓਪਨ ਸੋਰਸ ਜ਼ਿੰਦਾਬਾਦ, ਜ਼ਿੰਦਾਬਾਦ :-)