30 November, 2007

ਗੂਗਲ ਨੇ ਸ਼ੁਰੂ ਕੀਤੀ IMAP ਸਰਵਿਸ (POP ਤੋਂ ਬਿਨਾਂ)

ਗੂਗਲ ਨੇ IMAP ਸਰਵਿਸ ਵੀ ਸ਼ੁਰੂ ਕਰ ਦਿੱਤੀ ਹੈ, ਜਿਸ ਦੀ ਮੈਨੂੰ ਬੜੀ ਸ਼ਿੱਦਤ ਨਾਲ ਉਡੀਕ
ਸੀ। ਜੇਕਰ ਤੁਸੀਂ ਕਦੇ ਈਮੇਲ ਕਲਾਇਟ ਈਮੇਲ ਚੈੱਕ ਕਰਨ ਲਈ ਵਰਤਦੇ ਹੋ (gmail)
ਤਾਂ ਤੁਹਾਨੂੰ ਯਾਦ ਹੋਵੇਗਾ ਕਿ ਹੁਣ ਤੱਕ ਕੇਵਲ POP ਸਰਵਿਸ ਹੀ ਉਪਲੱਬਧ ਸੀ, ਜਿਸ
ਦੇ ਫੀਚਰ ਕੁਝ ਲੈਵਲ IMAP ਦੇ ਮੁਤਾਬਕੇ ਘੱਟ ਸਨ।

ਇਹ ਜਾਣਕਾਰੀ ਤੁਹਾਨੂੰ ਤੋਂ
ਮਿਲ ਸਕਦੀ ਹੈ।

ਤੁਹਾਡੇ ਅਕਾਊਂਟ ਵਿੱਚ ਇਹ ਮੂਲ ਰੂਪ ਵਿੱਚ (ਡਿਫਾਲਟ) ਹੀ ਚੁੱਪ ਚਾਪ ਹੀ ਯੋਗ
ਕੀਤੀ ਗਈ ਹੈ। ।ਇਸ ਦੇ ਕੁਝ ਮਹੱਤਵਪੂਰਨ ਫਾਇਦੇ ਦੱਸਣ ਤੋਂ ਪਹਿਲਾਂ
POP ਦੀ ਸਭ ਤੋਂ ਵੱਡੀ ਸਮੱਸਿਆ ਬਾਰੇ ਜਾਣਕਾਰੀ ਦੇਣੀ ਠੀਕ ਰਹੇਗੀ।
->ਜੇਕਰ ਤੁਸੀਂ ਕਈ ਡਿਵਾਇਸ (device), ਜੰਤਰਾਂ, ਉੱਤੇ
ਮੇਲ ਚੈੱਕ ਕਰਦੇ ਹੋ (ਜਿਵੇਂ ਕਿ ਮੋਬਾਇਲ, ਲੈਪਟਾਪ, ਕੰਪਿਊਟਰ (ਬਰਾਊਜ਼ਰ ਰਾਹੀਂ) )
ਇੱਕ ਵਾਰ ਚੈੱਕ ਕਰਨ ਸਮੇਂ ਖੋਲੀ ਮੇਲ ਦੂਜੇ ਜੰਤਰ ਉੱਤੇ ਵੇਖਾਈ ਨਹੀਂ ਸੀ ਦਿੰਦੀ,
ਭਾਵ ਕੇ POP ਕੇਵਲ ਨਵੀਆਂ ਆਈਆਂ ਮੇਲਾਂ ਹੀ ਵੇਖਾਉਦਾ ਸੀ, ਜੋ ਕਿ ਬਹੁਤ
ਸਮੱਸਿਆ ਖੜੀ ਕਰਦਾ ਸੀ, ਜਦੋਂ ਕਿ ਤੁਹਾਨੂੰ ਦੂਜੇ ਜੰਤਰ ਤੋਂ ਜਵਾਬ ਦੇਣਾ ਹੋਵੇ।
ਇਹ ਸਮੱਸਿਆ ਦਾ ਇਹੀ ਸੰਭਵ ਹੱਲ ਸੀ ਕਿ IMAP ਸਰਵਰ ਉਪਲੱਬਧ ਹੋਵੇ,
ਅਤੇ ਗੂਗਲ ਨੇ ਆਪਣੀ ਪਹੁੰਚ ਬਣਾਈ ਰੱਖਦੇ ਹੋਏ ਇਹ ਕਦਮ ਵੀ ਪੁੱਟ ਲਿਆ ਹੈ,
ਜੋ ਕਿ ਇੱਕ ਸ਼ਾਨਦਾਰ ਕਦਮ ਹੈ!
ਹੋਰ ਫਾਇਦਿਆਂ ਬਾਰੇ ਜਾਣੋ
ਕੀ ਤੁਸੀਂ ਹਾਲੇ ਤੱਕ ਆਪਣੀਆਂ ਮੇਲਾਂ ਕੇਵਲ ਕੰਪਿਊਟਰ ਦੇ ਬਰਾਊਜ਼ਰ ਰਾਹੀਂ ਹੀ ਚੈੱਕ ਕਰਦੇ ਹੋ?
ਮੋਬਾਇਲ ਉੱਤੇ, ਆਪਣੇ ਨਿੱਜੀ ਲੈਪਟਾਪ ਉੱਤੇ (ਭਾਵੇਂ ਓਪਰੇਟਿੰਗ ਸਿਸਟਮ ਕੋਈ ਵੀ ਹੋਵੇ),
ਤੁਸੀਂ ਜੀਮੇਲ ਚੈੱਕ ਕਰ ਸਕਦੇ ਹੋ!
ਕਿਵੇਂ
ਸਭ ਤੋਂ ਸੌਖਾ ਢੰਗ ਹੈ ਥੰਡਰਵਰਡ ਵਰਤੋਂ।

22 November, 2007

ਫਾਇਰਫਾਕਸ 3 ਟੈਸਟਿੰਗ ਪੰਜਾਬੀ ਰੀਲਿਜ਼

ਖ਼ੈਰ ਬੀਟਾ ਰੀਲਿਜ਼ ਵਿੱਚ ਪੰਜਾਬੀ ਨਹੀਂ ਹੈ, ਪਰ ਫਾਇਰਫਾਕਸ 3 ਵਿੱਚ
ਯੂਨੀਕੋਡ ਅਧਾਰਿਤ ਪੰਜਾਬੀ ਸਾਇਟਾਂ ਬਹੁਤ ਵਧੀਆ ਚੱਲਦੀਆਂ ਹਨ।

ਪਰ ਇਸ ਵਾਰ ਸਭ ਤੋਂ ਵੱਡਾ ਬਦਲਾਅ ਇਹ ਆਇਆ ਹੈ ਕਿ ਪਹਿਲਾਂ
ਜੇ ਤੁਹਾਡੇ ਕੋਲ ਰੈੱਡ ਹੈੱਟ ਦਾ ਬਿਲਡ ਹੈ (RHEL ਜਾਂ ਫੇਡੋਰਾ) ਤਾਂ ਹੀ
ਇਹ ਰੈਡਰਿੰਗ ਠੀਕ ਹੁੰਦੀ ਸੀ, ਨਹੀਂ ਤਾਂ ਜੇ ਤੁਸੀਂ ਮੋਜ਼ੀਲਾ ਦੀ
ਸਾਇਟ ਤੋਂ ਡਾਊਨਲੋਡ ਕੀਤਾ ਹੈ ਤਾਂ ਇਹ ਸਮੱਸਿਆ ਵੇਖਾਉਦਾ ਸੀ।
ਹੁਣ ਸਭ ਤੋਂ ਵੱਡੀ ਸਮੱਸਿਆ ਠੀਕ ਹੋ ਗਈ ਹੈ (ਇਹ ਕੇਵਲ
ਲਿਨਕਸ ਲਈ ਹੀ ਸੀ, ਵਿੰਡੋ ਵਿੱਚ ਤਾਂ ਸਭ ਕੁਝ ਹੀ ਵਧੀਆ ਸੀ)।

ਪਹਿਲਾਂ ਪਰਿੰਟਿੰਗ ਦੌਰਾਨ ਵੀ ਸਮੱਸਿਆ ਸੀ, ਹੁਣ ਇਹ ਡਿਫਾਲਟ
ਹੀ ਠੀਕ ਹੋ ਗਈ ਹੈ।

ਟਰਾਂਸਲੇਸ਼ਨ ਵਿੱਚ ਕਾਫ਼ੀ ਸੁਧਾਰ ਕੀਤੇ ਗਏ ਹਨ, ਜਿੰਨ੍ਹਾਂ ਲਈ
ਮੈਂ ਕਈ ਸਹਿਯੋਗੀਆਂ ਦਾ ਧੰਨਵਾਦੀ ਰਹਾਂਗਾਂ, ਜਿੰਨ੍ਹੇ ਨੇ ਆਪਣੇ
ਸੁਝਾਅ ਭੇਜੇ ਹਨ, ਖਾਸ ਤੌਰ ਉੱਤੇ ਇੱਕ ਸੁਧਾਰ
ਮੌਜੀਲਾ->ਮੋਜ਼ੀਲਾ
ਗੁਪਤ-ਕੋਡ ->ਪਾਸਵਰਡ
ਉਪਭੋਗੀ ->ਯੂਜ਼ਰ
ਝਰੋਖਾ -?ਵਿੰਡੋ
ਛਾਪੋ ->ਪਰਿੰਟ
ਸਫ਼ਾ ->ਪੇਜ਼
ਆਯਾਤ -> ਇੰਪੋਰਟ
ਸਬੰਧ - > ਲਿੰਕ
ਸਹਾਇਤਾ ->ਮੱਦਦ


ਬਾਕੀ ਅਜੇ ਕੰਮ ਜਾਰੀ ਹੈ ਅਤੇ ਲੋਕਾਂ ਵਲੋਂ ਸੁਝਾਅ ਹੋਰ ਆਉਣ ਦੀ ਉਮੀਦ ਬੱਝੀ ਹੋਈ ਹੈ।
(ਭਾਵੇਂ ਇਹ ਚੰਗਾ ਨਹੀਂ ਲੱਗਦਾ ਕਿ ਪੰਜਾਬੀ 'ਚ ਅੰਗਰੇਜ਼ੀ ਲਫ਼ਜ਼ ਵਰਤੇ ਜਾਣ, ਇਹ
ਮੈਨੂੰ ਮਾਂ-ਬੋਲੀ ਨਾਲ ਗੱਦਾਰੀ ਜਾਪਦੀ ਹੈ, ਪਰ ਕੀ ਕਰਾਂ, ਸਮੇਂ ਦਾ ਮੁਹਾਣ ਹੀ ਕੁਝ
ਏਦਾਂ ਦਾ ਹੈ ਕਿ ਸਮਝੌਤੇ ਤੋਂ ਬਿਨਾਂ ਕੋਈ ਰਾਹ ਨੀਂ ਜਾਪਦਾ ਹੈ)

ਖ਼ੈਰ ਅਜੇ ਬੀਟਾ 2 ਆਉਣਾ ਹੈ ਅਤੇ ਹੋਰ ਸੁਧਾਰ ਦੇ ਨਾਲ ਨਾਲ
ਪੰਜਾਬੀ ਟਰਾਂਸਲੇਸ਼ਨ ਵਿੱਚ ਸੁਧਾਰ ਦੀ ਉਮੀਦ ਹੈ।

ਹੋਰ ਜਾਣਕਾਰੀ ਲਈ ਇਹ ਪੇਜ਼ ਵੇਖਦੇ ਰਹੋ।

19 November, 2007

ਫਾਇਰਫਾਕਸ 3 ਪੰਜਾਬੀ ਰੀਲਿਜ਼ ਅਤੇ ਕੁਚੱਜਾ ਪਰਬੰਧ

ਅਜੇ ਮੇਰੇ ਜਤਨ ਪੂਰੇ ਫਾਇਰਫਾਕਸ ਵੱਲ ਲੱਗੇ ਹੋਏ ਸਨ, ਹਰ ਆਥਣ ਨੂੰ ਮੋਜ਼ੀਲਾ ਚੈਨਲ ਉੱਤੇ ਅੱਪਡੇਟ
ਲੈਂਦਾ ਹਾਂ ਅਤੇ ਪੂਰਾ ਪੂਰਾ ਸੰਪਰਕ ਰੱਖ ਰਿਹਾ ਸਾਂ, ਪਰ ਫੇਰ ਵੀ ਉਹੀ ਗੱਲ਼ ਹੋਈ, ਬਿਨਾਂ ਦੱਸੇ ਹੀ
ਪਰੋਜੈਕਟ ਦੀ ਬਰਾਂਚ ਕਰ ਦਿੱਤੀ ਅਤੇ ਕੋਈ ਕਿਸੇ ਨੂੰ ਪਤਾ ਹੀਂ ਨਹੀਂ ਹੈ ਕਿ ਬਰਾਂਚ ਹੋ ਗਈ।
ਜਦੋਂ ਪਤਾ ਕੀਤਾ ਤਾਂ Pike (Axel) ਨੇ ਦੱਸਿਆ ਕਿ ਤੁਹਾਡੇ ਕਮਿਟ 'ਚ ਕੁਝ ਰਹਿ ਗਿਆ ਹੈ,
ਮੈਂ ਕਿਹਾ ਟਰੰਕ (cvs trunk) ਵਿੱਚ ਸਭ ਕੁਝ ਠੀਕ ਠਾਕ ਚੱਲਦਾ ਹੈ ਅਤੇ ਲਾਗ 'ਚ
ਵੀ ਕੋਈ ਗਲਤੀ ਨਹੀਂ ਹੈ ਤਾਂ ਦੱਸਿਆ ਕਿ ਉਹ ਤਾਂ ਬਰਾਂਚ ਕਰ ਦਿੱਤੀ ਹੈ ਅਤੇ ਬੱਗ ਫਾਇਲ
ਕਰ ਦਿੱਤਾ।
ਬੱਗ ਪੰਜਾਬੀ ਬੱਗ

ਇਸਕਰਕੇ ਹੁਣ ਫੇਰ ਪਤਾ ਨਹੀਂ ਕਿ ਬਰਾਂਚ TGECKO190_20071106_RELBRANCH ਚੱਲੂ ਜਾਂ
ਟਰੰਕ, ਪੂਰੀ ਤਰ੍ਹਾਂ ਅਣਜਾਣ ਹਾਲਤ ਨੇ, ਦੋ ਮੇਲਿੰਗ ਲਿਸਟਾਂ ਉੱਤੇ ਵੀ ਕੁਝ ਨੀਂ ਭੇਜਿਆ।
ਬੀਟਾ 1 (Beta1) ਵਿੱਚੋਂ ਪੰਜਾਬੀ ਨਿਕਲ ਗਈ (ਨਹੀਂ ਰੀਲਿਜ਼ ਹੋਈ), ਇਸਕਰਕੇ
ਫੇਰ 2 ਸਾਲ ਪੁਰਾਣੇ ਹਾਲਤ ਬਣ ਗਏ ਹਨ, ਮੈਨੂੰ ਅਫਸੋਸ ਨਹੀਂ, ਬਹੁਤ ਗੁੱਸਾ ਆਇਆ ਕਿ
ਪਰੋਜੈਕਟ 'ਚ ਦੂਜੇ ਲੋਕਾਂ ਦਾ ਕੋਈ ਖਿਆਲ ਨਹੀਂ ਰੱਖਿਆ ਜਾਂਦਾ, ਆਪਣਾ ਪ੍ਰਾਈਵੇਟ ਹੀ
ਕੰਮ ਸਮਝਦੇ ਨੇ ਮੋਜ਼ੀਲਾ ਆਲੇ। ਨਾਲ ਲੈ ਕੇ ਤੁਰਨ ਦੀ ਆਦਤ ਨੀਂ ਜਾਪਦੀ। ਖ਼ੈਰ ਇਹ
ਬਕਵਾਸ ਅਤੇ ਬਹੁਤ ਹੀ ਬੇਕਾਰ ਪਰੋਜੈਕਟ ਮੈਨਜੇਮੈਂਟ ਦਾ ਨਤੀਜਾ ਤਾਂ ਪੰਜਾਬੀ ਪਹਿਲਾਂ
ਹੀ ਭੁਗਤ ਚੁੱਕੀ ਹੈ, ਵੈਸੇ ਵੀ ਟਰਾਂਸਲੇਸ਼ਨ ਦਾ ਕੰਮ ਹੈ ਤਾਂ ਬਹੁਤ ਘਟੀਆ ਮੋਜ਼ੀਲਾ ਦਾ।
ਖੈਰ ਅਜੇ ਇੱਕ ਹੋਰ ਬੀਟਾ ਹੈ ਅਤੇ ਮੇਰੇ ਜਤਨ ਜਾਰੀ ਨੇ, ਪਰ ਪਤਾ ਨੀਂ ਇਹ ਕਦੋਂ
ਸੁਧਰਨਗੇ ਇਹ ਕੰਪਨੀ ਵਾਲੇ।
ਖ਼ੈਰ ਬੀਟਾ ਇੱਥੇ ਉਪਲੱਬਧ ਹੈ

02 November, 2007

ਕੁੜੀਏ ਰੋਡਵੇਜ਼ ਉੱਤੇ ਜਾਇਆ ਕਰ...

ਮੇਰਾ ਇੱਕ ਦੋਸਤ ਆਪਣੀ ਦੋਸਤ ਨੂੰ ਸਮਝਾ ਰਿਹਾ ਸੀ ਕਿ
ਰੋਡਵੇਜ਼ ਉੱਤੇ ਜਾਇਆ ਕਰ, ਐਵੇਂ ਪ੍ਰਾਈਵੇਟ ਉੱਤੇ ਧੱਕੇ
ਖਾਣ ਦੀ ਕੋਈ ਲੋੜ ਨਹੀਂ,
ਇਹ ਸੁਣ ਕੇ ਮੇਰੇ ਵੀ ਕੰਨ ਖੜ੍ਹੇ ਹੋ ਗਏ ਅਤੇ ਸੋਚਿਆ ਕਿ
ਅੱਜ ਮੈਂ ਵੀ ਦਿਲ ਦੀ ਭੜਾਸ ਕੱਢ ਹੀ ਲਵਾਂ।
ਖ਼ੈਰ ਆਮ ਤੌਰ ਉੱਤੇ ਲੋਕਾਂ ਵਿੱਚ ਇਹ ਗੱਲ਼ ਹੈ ਕਿ ਰੋਡਵੇਜ਼
(ਅਤੇ PRTC) ਬੱਸਾਂ ਨਿਕਾਰਾ, ਬੇਕਾਰ ਅਤੇ ਗ਼ੈਰ-ਭਰੋਸੇਯੋਗ
ਹੁੰਦੀਆਂ ਹਨ, ਪਰ ਮੈਂ ਆਪਣੇ ਤਜਰਬੇ ਦੇ ਆਧਾਰ ਉੱਤੇ ਇਹ
ਦਾਅਵਾ ਕਰਦਾ ਹੈ ਕਿ ਭਾਵੇਂ ਉਨ੍ਹਾਂ ਨੂੰ ਆਪਣੇ ਅਫ਼ਸਰ ਸ਼ਾਹੀ
ਅਤੇ ਰਾਜਨੀਤੀ ਦਾ ਸ਼ਿਕਾਰ ਹੋਣਾ ਪਿਆ ਹੈ, ਪਰ ਅੱਜ ਵੀ
ਪ੍ਰਾਈਵੇਟਾਂ ਬੱਸਾਂ ਵਿੱਚ ਰੋਡਵੇਜ਼ (ਸਰਕਾਰੀ ਬੱਸਾਂ) ਦੇ ਮੁਕਾਬਲੇ
ਦੀ ਤਾਕਤ ਨਹੀਂ ਹੈ। ਅੱਜ ਵੀ ਰੋਡਵੇਜ਼ ਜਿਊਦੀ ਹੈ, ਚੱਲਦੀ ਹੈ
ਤਾਂ ਇਸ ਦਾ ਮਤਲਬ ਹੈ ਕਿ ਕੁਝ ਤਾਂ ਹੈ। ਇਸ ਵਾਰ
ਸਰਕਾਰ ਨੇ ਬਹੁਤ ਸਾਰੀਆਂ ਨਵੀਆਂ ਬੱਸਾਂ ਪਾਈਆਂ ਹਨ ਅਤੇ
ਫੇਰ ਤੋਂ ਤਰੱਕੀਆਂ ਵੱਲ ਚੱਲ ਰਹੀਆਂ ਹਨ ਇਹ ਰੋਡਵੇਜ਼ ਦੀਆਂ
ਲਾਰੀਆਂ
ਰੋਡੇਵੇਜ਼ ਬਾਰੇ ਖਾਸ ਗੱਲਾਂ ਹਨ ਕਿ
0) ਟਾਈਮ ਦੀਆਂ ਪਾਬੰਦ: ਜੇ ਤੁਸੀਂ ਲੰਮਾ ਸਮਾਂ ਸਫ਼ਰ
ਕਰਨਾ ਹੋਵੇ ਤਾਂ ਪ੍ਰਾਈਵੇਟ ਦੇ ਮੁਕਾਬਲੇ ਸਫਰ ਵੱਧ ਪਾਬੰਦੀ ਨਾਲ
ਨਿਭਾਉਦੀਆਂ ਹਨ, ਥਾਂ ਥਾਂ ਉੱਂਤੇ ਰੋਕ ਕੇ ਸਵਾਰੀ ਚੱਕਣ ਦੀ ਬਜਾਏ
ਟਾਈਮ ਨਾਲ ਪੁੱਜਣ ਦੀ ਤਰਜੀਹ ਮੈਂ ਵੇਖੀ ਹੈ।
(ਭਾਵੇਂ ਬਹੁਤ ਪੰਜਾਬੀ ਇਸੇਕਰਕੇ ਪ੍ਰਾਈਵੇਟ ਬੱਸਾਂ ਪਸੰਦ ਕਰਦੇ ਹੋਣ
ਦਾ ਦਾਅਵਾ ਕਰਦੇ ਹੋਣ ਕਿ ਉਨ੍ਹਾਂ ਦੇ ਘਰ ਮੂਹਰਿਓ ਚੜ੍ਹ ਲੈਂਦੇ ਨੇ ਭਾਈ,
ਪਰ ਵਿੱਚ ਬੈਠੇ ਬੰਦੇ ਨੂੰ ਪੁੱਛ ਵੇਖਿਓ ਕਿ ਉਹ ਤੁਹਾਨੂੰ ਅਤੇ ਬੱਸ ਵਾਲਿਆਂ ਨੂੰ
ਕਿੰਨੀਆਂ ਗਾਲਾਂ ਕੱਢਦਾ ਹੈ ਕਿ ਥਾਂ ਥਾਂ ਰੋਕੀ ਜਾਂਦੇ ਨੇ, (ਚੜ੍ਹਨ ਤੋਂ ਬਾਅਦ
ਤੁਸੀਂ ਵੀ ਇੰਝ ਹੀ ਕਰੋਗੇ))

0) ਮਾਹਰ ਡਰਾਇਵਰ: ਰੋਡਵੇਜ਼ ਵਿੱਚ ਤਜਰਬੇ ਦੇ ਅਧਾਰ ਉੱਤੇ ਡਰਾਇਵਰ ਰੱਖੇ
ਜਾਂਦੇ ਹਨ, ਨਾ ਕਿ ਹਰੇਕ ਜਣੇ ਖਣੇ ਨੂੰ ਸਸਤੇ ਵੇਖ ਕੇ (ਘੱਟੋ-ਘੱਟ ਕੱਲ੍ਹ ਟਰੈਕਟਰ
ਚਲਾਉਣ ਵਾਲਾ ਤਾਂ ਬੱਸ ਦਾ ਡਰਾਇਵਰ ਨਹੀਂ ਬਣਦਾ), ਇਹ ਤਾਂ
ਤੁਹਾਨੂੰ ਬੱਸ ਵਿੱਚ ਬੈਠ ਕੇ ਪਤਾ ਚੱਲ ਜਾਵੇਗਾ। ਪ੍ਰਾਈਵੇਟ ਵਾਲੇ ਬਹੁਤੇ ਡਰਾਇਵਰ
ਆਪਣੀ ਅਤੇ ਸਵਾਰੀਆਂ ਦੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਅੰਨ੍ਹੇਵਾਹ
ਭਜਾਉਦੇ ਅਤੇ ਰੇਸਾਂ ਲਗਾਉਦੇ ਵੇਖੇ ਨੇ।

0) ਇੱਜ਼ਤ: ਜੇ ਰੋਡਵੇਜ਼ ਵਾਲੇ ਤੁਹਾਨੂੰ ਚੜ੍ਹਨ ਤੋਂ ਪਹਿਲਾਂ ਜੀ ਆਇਆਂ ਨੂੰ
ਨਹੀਂ ਕਹਿੰਦੇ ਤਾਂ ਅੰਦਰ ਚੜ੍ਹਨ ਉਪਰੰਤ ਗਾਲਾਂ ਵੀ ਨੀਂ ਕੱਢਦੇ, ਟਿਕਟ
ਲਵੋ ਅਤੇ ਆਰਾਮ ਨਾਲ ਬੈਠੋ। ਪਰ ਪ੍ਰਾਈਵੇਟ ਚੜ੍ਹਾਉਣ ਵੇਲੇ ਤਾਂ
"ਸੀਟ ਹੈਗੀ ਜੀ, ਬੱਸ ਵੇਹਲੀ ਪਈ ਆਂ, 'ਗਾਂਹ ਵੇਖੋ ਜੀ, ਬੱਸ
ਜਿੱਥੇ ਕਹੋਗੇ, ਲਾਹ ਦਿਆਂ ਗੇ", ਤੁਸੀਂ ਅੰਦਰ ਪੈਰ ਰੱਖਿਆ ਨੀਂ
ਕਿ ਕਾਹਣੀ ਬਦਲ ਜਾਂਦੀ ਏ। ਤੁਹਾਨੂੰ ਸ਼ਾਇਦ ਹੈਰਾਨੀ ਹੁੰਦੇ ਹੋਵੇ ਕਿ
ਸਕਿੰਟਾਂ 'ਚ ਕੀ ਹੋ ਗਿਆ। ਉਹੀ ਡਰਾਇਵਰ ਜਿਸ ਨੇ ਤੁਹਾਡੇ ਲਈ
ਬੱਸ ਰੋਕੀ ਸੀ, ਹੁਣ ਤੁਹਾਨੂੰ ਕਿਹੇ ਥਾਂ ਉੱਤੇ ਉਤਾਰਨ ਲਈ ਸੌ ਸੌ
ਗੱਲਾਂ ਕਰਦਾ ਹੈ। "ਛੇਤੀ ਉਤਰ ਜਾ, ਤੁਰਿਆ ਨੀਂ ਜਾਂਦਾ, ਚੜ੍ਹਨ
ਲੱਗੇ ਨੀਂ ਪੁੱਛ ਕੇ ਚੜ੍ਹਦੇ, ਹੁਣ ਉੱਥੇ ਤਾਰ ਦੇ, ਇੱਥੇ ਤਾਰ ਦੇ"

0) ਸ਼ਰਮ-ਲਿਹਾਜ਼: ਪ੍ਰਾਈਵੇਟ ਵਾਲੇ ਡਰਾਇਵਰ ਕੰਡਕਟਰ
ਪਹਿਲਾਂ ਤਾਂ ਹੁੰਦੇ ਹੀ ਮੁੰਡੇ/ਛੋਹਰ ਜਿਹੇ ਨੇ। ਫੇਰ ਆਪਣੇ ਨਾਲ
2-4 ਬਾਰੀਆਂ 'ਚ ਲਮਕਣ ਵਾਲੇ ਬਾਂਦਰਾਂ ਰੱਖੇ ਹੁੰਦੇ ਹਨ, ਜੋ ਕਿ
ਵੇਹਲੇ ਹੁੰਦੇ ਹਨ ਅਤੇ ਬਿਨਾਂ ਪੈਸਿਓ ਤੋਂ ਕੰਮ ਕਰਦੇ ਹਨ। ਗੱਲ਼
ਸਮਝ ਆਉਣ ਵਾਲੀ ਹੈ ਕਿ ਉਨ੍ਹਾਂ ਕਰਨਾ ਕੀ ਹੁੰਦਾ ਹੈ।
ਕੁੜੀਆਂ ਚੜ੍ਹਾਉਣ ਵਾਲੇ ਬਾਰੀਆਂ 'ਚ ਲਮਕਣਾ, ਸੀਟਾਂ ਉੱਤੇ
ਉਨ੍ਹਾਂ ਨਾਲ ਪੰਗੇ ਲੈਣੇ, ਭੀੜ 'ਚ ਕੁੜੀਆਂ ਨਾਲ ਖਹਿਣਾ ਅਤੇ
ਹੋਰ ਅਜਿਹੇ ਘਟੀਆ ਜੇਹੇ ਪੰਗੇ ਲੈਣੇ ਉਨ੍ਹਾਂ ਦਾ ਕਿੱਤਾ ਹੈ। ਇਹ
ਪ੍ਰਾਈਵੇਟ ਬੱਸਾਂ ਵਿੱਚ ਹੀ ਹੁੰਦਾ ਹੈ ,ਕਿਓ?
ਸਰਕਾਰੀ ਮੁਲਾਜ਼ਮ ਅਕਸਰ ਕੁਝ ਅਧਖੜ ਹੁੰਦੇ ਹਨ ਅਤੇ ਉਨ੍ਹਾਂ
ਦੇ ਘਰ ਵੀ ਜੁਆਕ ਹੁੰਦੇ ਹਨ, ਉਨ੍ਹਾਂ ਦੀਆਂ ਸ਼ਕਲਾਂ ਵੇਖ ਕੇ
ਮੁੰਡੇ ਅਜਿਹੀਆਂ ਹਰਕਤਾਂ ਤੋਂ ਡਰਦੇ ਹਨ ਅਤੇ ਪੰਗਾ ਲੈਂਦੇ ਹਨ
ਅਤੇ ਮੁਲਾਜ਼ਮ ਆਪ ਵੀ ਇਸ ਦਾ ਖਿਆਲ ਰੱਖਦੇ ਹਨ।
(ਇਹ ਗੱਲਾਂ ਬਹੁ-ਗਿਣਤੀ ਦੀ ਹੈ, 100% ਦੁਨਿਆਂ 'ਚ ਕੁਝ ਵੀ ਨਹੀਂ ਹੁੰਦਾ ਹੈ)।
ਟੇਪਾਂ, ਟੀਵੀਆਂ ਦੀ ਘਾਟ ਹੋਣ ਕਰਕੇ ਲੋਕਾਂ ਨੂੰ ਅੱਜ
ਦਾ "ਅਜੋਕਾ ਪੰਜਾਬੀ ਸੱਭਿਆਚਾਰ" ਵੇਖਣ ਦੀ ਮੁਸੀਬਤ
ਰੋਡਵੇਜ਼ 'ਚ ਵੇਖਣ ਨੂੰ ਨਹੀਂ ਮਿਲਦੀ ਹੈ ਅਤੇ ਅਸਲੀ ਸੱਭਿਆਚਾਰ
ਮਾਣਨਾ ਪੈਂਦਾ ਹੈ (ਜੋ ਕਿ ਲੋਕ ਖੁਦ ਹਨ)।

ਖੈਰ ਇਹ ਤੋਂ ਸਮੇਂ ਦੀ ਗੱਲ਼ ਹੈ ਕਿ ਸਮੇਂ ਦੀਆਂ ਸਰਕਾਰਾਂ ਆਪਣੇ
ਮੰਤਰੀਆਂ ਦੀਆਂ ਟਰਾਂਸਪੋਰਟ ਚਲਾਉਣ ਲਈ ਰੋਡਵੇਜ਼ ਨੂੰ ਖਤਮ
ਕਰਨ ਲਈ ਤੁਲੀਆਂ ਰਹਿੰਦੀਆਂ ਹਨ, ਕਦੇ ਬੱਸਾਂ ਨੀਂ ਪਾਈਆਂ,
ਕਦੇ ਸਪੇਅਰ-ਪਾਰਟ ਨੀਂ ਮੰਗਵਾਏ, ਕਦੇ ਤੇਲ ਮਾੜਾ ਭੇਜਿਆ,
ਕਦੇ ਵਧੀਆ ਟੈਮ ਆਪਣੀਆਂ ਬੱਸਾਂ ਲਈ ਰੱਖ ਲਏ, ਸਰਕਾਰੀ
ਬੱਸਾਂ ਦੇ ਟੈਮ ਅੱਗੇ ਪਿੱਛੇ ਤੋਂ ਹਟਾ ਦਿੱਤੇ। ਇਸਨਾਲ ਸਰਕਾਰੀ
ਬੱਸਾਂ ਕੰਡਮ ਹੋ ਚੁੱਕੀਆਂ ਹਨ ਅਤੇ ਲੋਕਾਂ ਦੀਆਂ ਰੋਜ਼ਾਨਾ ਸ਼ਿਕਾਇਤਾਂ
ਆਉਦੀਆਂ ਹਨ ਕਿ ਰਾਹ 'ਚ ਖੜ੍ਹ ਗਈ, ਪੈਂਚਰ ਹੋ ਗਈ।
ਇਸ ਨਾਲ ਮੈਂ ਸਹਿਮਤ ਹਾਂ, ਅਤੇ ਮੈਨੂੰ ਸਰਕਾਰੀ ਬੱਸਾਂ ਦੇ ਇਸ
ਦਸਤੂਰ ਨਾਲ ਦੋ ਚਾਰ ਹੋ ਪਿਆ ਹੈ, ਇਸ ਸਭ ਵਾਸਤੇ ਸਰਕਾਰਾਂ
ਦੀਆਂ ਨੀਤੀਆਂ ਦੇ ਨਾਲ ਨਾਲ ਮੁਲਾਜ਼ਮ ਖੁਦ ਜਿੰਮੇਵਾਰ ਤਾਂ ਹਨ,
ਪਰ ਸਭ ਕੁਝ ਉਨ੍ਹਾਂ ਦੇ ਹੱਥ ਨਹੀਂ ਹੈ, ਅਸੀਂ ਖੁਦ ਵੀ ਜਿੰਮੇਵਾਰ ਬਣਦੇ ਹਾਂ।

0) ਗਾਣੇ ਸੁਣਨ ਮਾਰੇ ਕਿ ਅਸੀਂ ਪ੍ਰਾਈਵੇਟ 'ਚ ਸਫ਼ਰ ਕਰਦੇ ਹਾਂ
0) ਕੀ ਪ੍ਰਾਈਵੇਟ ਬਹੁਤ ਛੇਤੀ ਪੁਚਾ ਦਿੰਦੇ ਹਨ
0) ਪ੍ਰਾਈਵੇਟ ਬਹੁਤ ਪਿਆਰ ਨਾਲ ਚੜ੍ਹਾਉਦੇ ਹਨ

ਸ਼ਾਇਦ ਤੁਸੀਂ ਇਹ ਸਭ ਲਈ ਸਹਿਮਤ ਹੋਵੋ, ਪਰ ਮੈਂ ਇਹ ਸਭ ਨਾਲ ਨਹੀ।
ਜੇ ਤੁਹਾਨੂੰ ਮੋਗੇ ਤੋਂ ਫਰੀਦਕੋਟ ਜਾਣ ਦਾ ਮੌਕਾ ਮਿਲੇ ਤਾਂ ਕਦੇ ਸਵੇਰੇ 7:14 ਵਜੇ
ਵਾਲੀ PRTC ਦੀ ਬੱਸ ਉੱਤੇ ਸਫ਼ਰ ਕਰਕੇ ਵੇਖਿਓ। (ਸ਼ਾਇਦ ਕੁਝ ਚਿਰ ਹੋਰ
ਚੱਲੇ), ਉਹ ਖੜਕੀ ਜੇਹੀ ਬੱਸ ਸੀ (ਪਰ ਵੇਖਣ ਨੂੰ ਹੀ), ਇੰਜਣ ਦਾ
ਕੰਮ ਵਧੀਆ ਢੰਗ ਨਾਲ ਡਰਾਇਵਰ ਸਰਕਾਰੀ ਵਰਕਸ਼ਾਪ ਦੀ ਬਜਾਏ ਬਾਹਰੋਂ
ਕਰਵਾਉਦਾ ਸੀ। ਉਹ (ਬਾਈ ਦਾ ਨਾਂ ਜੱਸਾ ਸੀ) ਬੱਸ ਕੇਵਲ 40-45 ਮਿੰਟਾਂ ਵਿੱਚ ਫਰੀਦਕੋਟ
ਪਚਾਉਦਾ ਸੀ। ਵਧੀਆ ਡਰਾਇਵਿੰਗ, ਬਰੇਕ ਘੱਟ ਅਤੇ ਲਗਾਤਾਰ ਚਾਲ।
ਅਤੇ ਉਹ ਬੱਸ ਰੋਜ਼ਾਨਾ ਡੱਬਵਾਲੀ (ਬਠਿੰਡੇ ਰਾਹੀਂ) ਤੋਂ ਅੰਮ੍ਰ੍ਤਿਸਰ ਚੱਲਦੀ ਏ।
ਪ੍ਰਾਈਵੇਟ ਵਾਲਾ ਉਸ ਦੇ ਅੱਗੇ ਤੁਰਦਾ ਨੀਂ ਅਤੇ ਸਭ ਤੋਂ ਵੱਧ ਪੈਸੇ ਵੱਟਣ ਵਾਲੀ
ਫਰੀਦਕੋਟ ਡਿੱਪੂ ਦੀ ਬੱਸ ਹੈ।
ਖ਼ੈਰ ਇਹ ਤਾਂ ਸਭ ਦੀ ਆਪਣੀ ਚੋਣ ਹੈ ਕਿ ਰੋਡਵੇਜ਼ ਉੱਤੇ ਸਫ਼ਰ ਕਰਨਾ ਹੈ ਜਾਂ
ਪ੍ਰਾਈਵੇਟ ਉੱਤੇ, ਪਰ "ਜੇ ਪੈਸੇ ਦੇਣੇ ਹੀ ਹਨ ਤਾਂ ਸਰਕਾਰ ਨੂੰ ਹੀ ਦਿਓ, ਰੋਡਵੇਜ਼
ਉੱਤੇ ਸਫ਼ਰ ਕਰੋ, ਆਪਣੀਆਂ ਬੱਸਾਂ, ਆਪਣਾ ਪੰਜਾਬ"
ਆਹੋ ਨਾਲੇ ਆਪਣੀ ਦੋਸਤ ਨੂੰ ਕਹਿਣਾ ਨਾ ਭੁੱਲੋ
"ਐਵੇਂ ਪ੍ਰਾਈਵੇਟ ਉੱਤੇ ਧੱਕੇ ਨਾ ਖਾਇਆ ਕਰੋ, ਸਰਕਾਰੀ
ਬੱਸ ਉੱਤੇ ਨਾਲ ਸੀਟ ਮਿਲ ਜਾਂਦੀ ਏ ਅਤੇ ਨਾਲ ਮੁੰਡੀਰ
ਤੰਗ ਨੀਂ ਕਰਦੀ, ਨਾਲੇ ਟੈਮ ਨਾਲ ਅੱਪੜਾਉਦੀ ਹੈ।"

ਅੰਤ 'ਚ ਇੱਕ ਰੋਚਕ ਤਜਰਬਾ ਉਸੇ PRTC ਬੱਸ ਦਾ:
ਰੋਜ਼ਾਨਾ ਵਾਂਗ ਕਾਲਜ ਜਾਣ ਲਈ ਬੱਸ ਉੱਤੇ ਅਸੀਂ ਆਦੇਸ਼ ਕਾਲਜ ਦੇ
3-4 ਮੁੰਡੇ ਸਾਂ। ਬੱਸ ਤਲਵੰਡੀ ਭਾਈ ਕੋਲ ਅੱਪੜਨ ਵਾਲੀ ਸੀ।
ਡਰਾਇਵਰ ਤੋਂ ਇਲਾਵਾ ਵਰਕਸ਼ਾਪ ਦੇ 2 ਮਿਸਤਰੀ ਅਤੇ ਕੰਡਕਟਰ ਸਨ।
ਅਚਾਨਕ ਬਾਈ ਨੂੰ ਲੱਗਾ ਕਿ ਗੇਅਰ ਫਸ ਗਿਆ ਹੈ, ਉਹ ਵੀ ਚੌਥਾ,
ਹੁਣ, ਸਾਰੀਆਂ ਸਵਾਰੀਆਂ ਨੌਕਰੀਆਂ ਵਾਲੀਆਂ ਸਨ, ਸਾਨੂੰ ਵੀ ਲੱਗਾ
ਕਿ ਰੋਡਵੇਜ਼ ਅੱਜ ਖਰਾਬ ਕਰੂੰ, ਪਰ ਉਸ ਨੇ ਮਿਸਤਰੀਆਂ ਨੂੰ ਵਾਜ ਮਾਰੀ
ਅਤੇ ਚੱਲਦੀ ਬੱਸ 'ਚ ਕਾਰਵਾਈ ਚਾਲੂ। ਗੇਅਰ-ਲੀਵਰ ਕੱਢ ਲਿਆ
(ਚੱਲਦੀ ਬੱਸ 'ਚ ਹੀ), ਪੇਚਕਸ ਪਾਕੇ ਫਸਿਆ ਗੇਅਰ ਕੱਢ ਦਿੱਤਾ
ਅਤੇ ਚੱਲ ਭਾਈ ਗੱਡੀ ਠੀਕ। ਇਹ ਮੋਬਾਇਲ-ਰਿਪੇਅਰ ਦਾ ਤਜਰਬਾ
ਕਿੰਨਾ ਰੋਚਕ ਸੀ ਕਿ ਮੈਨੂੰ ਅੱਜ ਵੀ ਉਹ ਦਿਨ ਅਤੇ ਰਾਹ ਚੰਗੀ ਤਰ੍ਹਾਂ
ਯਾਦ ਏ।