30 July, 2013

ਕੈਨੇਡਾ ਵਿੱਚ ਕੁਝ ਪਹਿਲੇ ਮਹੀਨੇ...

  ਵਿਨੀਪੈਗ ਵਿੱਚ ਆਇਆਂ ਨੂੰ ਦੋ ਮਹੀਨੇ ਹੋਣ ਵਾਲੇ ਹਨ। ਜੋ ਕੁਝ ਕੈਨੇਡਾ ਵਿੱਚ ਵੇਖਿਆ ਉਹ ਸੁਣੀਆਂ ਸੁਣਾਈਆਂ ਗੱਲਾਂ ਮੁਤਾਬਕ ਵੀ ਸੀ ਅਤੇ ਉਸ ਤੋਂ ਵੱਖਰਾ ਵੀ। ਮਾਹੌਲ ਚੰਗਾ ਵੀ ਰਿਹਾ ਅਤੇ ਮਾੜਾ ਵੀ। ਸੌਖੇ ਵੀ ਰਹੇ ਤੇ ਔਖੇ ਵੀ ਹੋਏ। ਇਹ ਸਭ ਤਬਾਦਲੇ ਕਰਕੇ ਹੋਣਾ ਤਾਂ ਸੀ ਹੀ ਅਤੇ ਹੋਇਆ ਵੀ।
    ਦਿੱਲੀ ਤੋਂ 20-22 ਘੰਟੇ ਦੀ ਲੰਮੀ ਯਾਤਰਾ ਵਿੱਚ ਪਹਿਲਾਂ ਤਾਂ ਜੁਆਕਾਂ ਕਰਕੇ ਕਾਫ਼ੀ ਔਖੇ ਹੋਏ, ਖਾਸ ਤੌਰ ਉੱਤੇ ਰਾਹ ਵਿੱਚ ਉੱਤਰਨ ਨਾਲ ਕਾਫ਼ੀ ਮੁਸ਼ਕਿਲ ਹੋ ਗਈ, ਜੁਆਕ ਟਿਕਦੇ ਨਹੀਂ ਸਨ ਅਤੇ ਸਾਡੇ ਕੋਲ ਲਾਲਚ ਕਰਕੇ ਹੈਡ-ਬੈਕ 7-8 ਹੋ ਗਏ ਸਨ, ਸੋ ਸਭ ਨੂੰ ਸੰਭਾਲਣਾ ਔਖਾ ਰਿਹਾ। ਟਰਾਂਟੋ ਏਅਰਪੋਰਟ ਉੱਤੇ ਕੋਈ ਬਹੁਤੀ ਤਕਲੀਫ ਨਹੀਂ ਸੀ, ਬਾਰਡਰ ਸਕਿਉਟਰੀ ਵਾਲੇ ਅਤੇ ਲੈਂਡ ਪੇਪਰ ਚੈਕ ਕਰਨ ਵਾਲਿਆਂ ਨੇ ਛੇਤੀ ਹੀ ਕੰਮ ਨਿਬੇੜ ਦਿੱਤਾ, ਅੱਗੇ ਵਿਨੀਪੈਗ ਵਾਲਾ ਜਹਾਜ਼ 4 ਘੰਟਿਆਂ ਬਾਅਦ ਸੀ, ਇਸਕਰਕੇ ਸਮਾਂ ਬੜਾ ਖਿਚਵਾਂ ਸੀ ਅਤੇ ਇੱਥੇ ਸਮਾਨ ਉਤਾਰਨ ਵਾਲੇ ਮੱਦਦ ਕਰਨ ਵਾਲੇ ਵਿਅਕਤੀ ਨੇ 80 ਅਮਰੀਕੀ ਡਾਲਰ ਦਾ ਚੰਗਾ ਚੂਨਾ ਲਗਾਇਆ, ਪਰ ਜਹਾਜ਼ ਮਿਲ ਗਿਆ ਅਤੇ ਅਸੀਂ ਸਮੇਂ ਸਿਰ ਅੱਪੜ ਗਏ। ਅੱਗੇ ਲੈ ਲਈ ਮਾਮਾ ਜੀ ਹੋਰੀ ਲੈਣ ਆਏ ਹੋਏ ਸੀ।
     ਹੁਣ ਪਹਿਲੇ ਕੁਝ ਦਿਨ ਤਾਂ ਚੰਗੇ ਲੰਘ ਗਏ ਘਰੇ ਰਹਿੰਦਿਆਂ ਹੋਇਆ। ਕੁਝ ਜਰੂਰੀ ਕੰਮ (ਮੈਡੀਕਲ ਕਾਰਡ, ਸਿਨ ਨੰਬਰ ਵਗੈਰਾ) ਪਹਿਲਾਂ ਕਰਨ ਤੋਂ ਬਾਅਦ ਫੇਰ ਨੌਕਰੀ ਦੀ ਖੋਜ ਸ਼ੁਰੂ ਕੀਤੀ ਅਤੇ ਪਤਾ ਲੱਗਾ ਕਿ ਲੋਕਲ ਤਜਰਬਾ (ਕੈਨੇਡਾ ਦਾ) ਚਾਹੀਦਾ ਹੈ, ਉਸ ਬਿਨਾਂ ਨੌਕਰੀ ਨਹੀਂ ਦਿੰਦੇ (ਖੈਰ ਬਾਅਦ ਵਿੱਚ ਪਤਾ ਲੱਗਾ ਕਿ ਇਹ ਬਹੁਤਾ ਧੋਖਾ ਹੈ)। ਗੱਡੀ ਲਈ ਨਾਲੇਜ ਟੈਸਟ ਦੀ ਤਿਆਰੀ ਸ਼ੁਰੂ ਕੀਤੀ, ਟੈਸਟ ਪੜ੍ਹਨ ਤੋਂ ਬਾਅਦ ਪਤਾ ਲੱਗਾ ਕਿ ਇਹ ਐਨਾ ਵੇਰਵੇ ਸਮੇਤ ਪੜ੍ਹਨ ਦੇ ਦੇਣ ਵਾਲਾ ਟੈਸਟ ਹੈ ਕਿ ਹੈਰਾਨੀ ਹੁੰਦੀ ਹੈ। ਗੱਡੀ ਕਿਵੇਂ ਮੋੜਨੀ ਹੈ, ਮੋਢੇ ਤੋਂ ਕਿਵੇਂ ਵੇਖਣਾ ਹੈ, ਸਿਗਨਲ ਵਿੱਚ ਗੱਡੀ ਸੜਕ ਵਿਚਾਲੇ ਕਿਵੇਂ ਖੜੀ ਕਰਨੀ ਹੈ ਆਦਿ। ਟੈਸਟ ਤਾਂ ਛੇਤੀ ਕਲੀਅਰ ਹੋ ਗਿਆ, ਪਰ ਅੱਖਾਂ ਵਿੱਚ ਐਨਕਾਂ ਨਾ ਹੋਣ ਕਰਕੇ ਕਈ ਦਿਨ ਉਡੀਕ ਕਰਨੀ ਪਈ। ਤੁਸੀਂ ਇੰਡੀਆ ਵਾਲੇ ਲਾਈਸੈਂਸ ਨਾਲ 90 ਦਿਨ ਗੱਡੀ ਚਲਾ ਸਕਦੇ ਹੋ, ਪਰ ਨਾਲੇਜ ਟੈਸਟ ਤੇ ਬੀਮਾ ਕਰਵਾਉਣਾ ਚਾਹੀਦਾ ਹੈ।
   ਐਨਕਾਂ ਨਾਲ ਲਾਈਸੈਂਸ ਮਿਲ ਗਿਆ ਅਤੇ ਗੱਡੀ ਦੀ ਸਿਖਲਾਈ ਸ਼ੁਰੂ ਕੀਤੀ। ਚਾਰ ਕੁ ਦਿਨ ਚਲਾ ਕੇ ਟੈਸਟ ਦੇ ਦਿੱਤਾ ਅਤੇ ਰੋਡ ਟੈਸਟ ਕਲੀਅਰ ਹੋ ਗਿਆ, ਹੁਣ ਪੂਰਾ ਲਾਈਸੈਂਸ ਮਿਲ ਗਿਆ। ਟੈਸਟ ਲੈਣ ਵਾਲਾ ਇੰਸੈਪਕਟਰ ਤੁਹਾਨੂੰ ਰਾਹ ਵਿੱਚ ਦੱਸਦਾ ਹੈ ਕਿ ਕਿੱਥੇ ਗੱਡੀ ਮੋੜਨੀ ਹੈ, ਕਿਧਰ ਨੂੰ ਜਾਣਾ ਹੈ, ਤੁਸੀਂ ਪੂਰੇ ਨਿਯਮਾਂ ਦੀ ਪਾਲਣਾ ਕਰਨੀ ਹੈ (ਛੇਤੀ ਹੀ ਪਤਾ ਲੱਗ ਗਿਆ ਕਿ ਜਦੋਂ ਤੁਸੀਂ ਲਾਈਸੈਂਸ ਮਿਲਣ ਤੋਂ ਬਾਅਦ ਗੱਡੀ ਚਲਾਉਣੀ ਹੈ ਤਾਂ ਤੁਹਾਨੂੰ ਕਾਫ਼ੀ ਕੁਝ ਕਰਨ ਦੀ ਛੋਟ ਰਹਿੰਦੀ ਹੈ, ਤੁਸੀਂ ਪੂਰੇ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਹੋ।) ਇਹ ਤਾਂ ਕਹਾਣੀ ਹੈ ਲਾਈਸੈਂਸ ਮਿਲਣ ਦੀ।
    ਹੁਣ ਸਕਿਉਰਟੀ ਗਾਰਡ ਦਾ ਕੋਰਸ ਕਰ ਲਿਆ। ਤੁਸੀਂ ਬਿਨਾਂ ਟਰੇਨਿੰਗ ਅਤੇ ਲਾਈਸੈਂਸ ਦੇ ਸਕਿਉਰਟੀ ਗਾਰਡ ਨਹੀਂ ਲੱਗ ਸਕਦੇ ਹੋ, ਤੁਹਾਨੂੰ 40 ਘੰਟੇ ਦੀ ਟਰੇਨਿੰਗ ਅਤੇ ਟੈਸਟ ਪਾਸ ਕਰਨਾ ਲਾਜ਼ਮੀ ਹੈ (ਕੁਝ ਛੋਟਾਂ ਹਨ, ਪਰ ਆਮ ਤੌਰ ਉੱਤੇ ਨਹੀਂ)। 15 ਦਿਨ ਟੈਸਟ ਪਾਸ ਕਰਨ ਦੇ ਬਾਅਦ ਹਾਲੇ ਤਾਂ ਵੇਹਲੇ ਹੀ ਹਾਂ, ਪਰ ਉਮੀਦ ਹੈ ਕਿ ਛੇਤੀ ਹੀ ਮਿਲ ਜਾਵੇਗੀ।
    ਨੌਕਰੀਆਂ ਦਾ ਹਾਲ ਇੱਥੇ ਠੀਕ-ਠਾਕ ਹੀ ਹੈ, ਪਰ ਨਵੀਂ ਗੱਲ ਇਹ ਹੈ ਕਿ ਇਥੇ 10-25% ਨੌਕਰੀਆਂ ਦੇ ਇਸ਼ਤਿਹਾਰ ਮਿਲਦੇ ਹਨ, ਬਾਕੀ ਨੌਕਰੀਆਂ ਕਿਸੇ ਰੈਫਰੈਂਸ ਨਾਲ ਮਿਲਦੀਆਂ ਹਨ (ਜਿਸ ਨੂੰ ਮੈਂ ਸਿਫਾਰਸ਼ ਹੀ ਕਹਾਂਗਾ), ਇਹ ਨੌਕਰੀਆਂ ਨੂੰ ਉਪਲੱਬਧ ਵਿਅਕਤੀ ਦੇ ਅਧਾਰ ਉੱਤੇ ਤਿਆਰ ਹੁੰਦੀਆਂ ਹਨ ਜਾਂ ਬਾਹਰ ਪ੍ਰਕਾਸ਼ਿਤ ਨਹੀਂ ਕੀਤੀਆਂ ਜਾਂਦੀਆਂ, ਉਹਨਾਂ ਲਈ ਤੁਹਾਡਾ ਨੈੱਟਵਰਕ ਚੰਗਾ ਹੋਣਾ ਚਾਹੀਦਾ ਹੈ, ਜਿਸ ਨਾਲ ਇਹ ਨੌਕਰੀਆਂ ਮਿਲਦੀਆਂ ਹਨ (ਲਗਭਗ 75-90% ਨੌਕਰੀਆਂ)। ਨਵੇਂ ਆਏ ਹੋਏ ਲੋਕਾਂ ਨੂੰ ਇਹ ਨੌਕਰੀਆਂ ਲੱਭਣੀਆਂ ਥੋੜੀਆਂ ਔਖੀਆਂ ਹਨ, ਪਰ ਮਿਲਣ-ਗਿਲਣ ਵਾਲੇ ਲੋਕਾਂ ਲਈ ਬਹੁਤੀ ਸਮੱਸਿਆ ਨਹੀਂ ਰਹਿੰਦੀ।
  ਕੈਨੇਡਾ ਵਿੱਚ ਨੌਕਰੀਆਂ ਵਿੱਚ ਵਲੰਟੀਅਰ ਕੰਮ ਨੂੰ ਚੰਗੀ ਤਰਜੀਹ ਦਿੰਦੇ ਹਨ, ਜਿਸ ਨੂੰ ਤੁਸੀਂ ਨੈੱਟਵਰਕ ਬਣਾਉਣ ਅਤੇ ਰੈਫਰੈਂਸ ਲਈ ਵਰਤ ਸਕਦੇ ਹੋ। ਇਹ ਨੌਕਰੀ ਸ਼ੁਰੂ ਕਰਨ ਲਈ ਚੰਗਾ ਢੰਗ ਹੈ।
   ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਕੈਨੇਡਾ ਆ ਕੇ ਮੈਨੀਟੋਬਾ ਵਿਚ ਮੈਨੀਟੋਬਾ ਸਟਾਰਟ ਜ਼ਰੂਰ ਜਾਉ। ਇਹ ਤੁਹਾਨੂੰ ਬਹੁਤ ਸ਼ੁਰੂ ਤੋਂ ਲੈ ਕੇ ਨੌਕਰੀ ਲੱਭਣ ਤਾਂ ਚੰਗੀ ਸਿਖਲਾਈ ਦਿੰਦੇ ਹਨ। ਇਸ ਨਾਲ ਤੁਹਾਡੇ ਰੈਫਰੈਂਸ ਬਣਦੇ ਹਨ ਅਤੇ ਤੁਹਾਨੂੰ ਹੋਰ ਲੁਕਵੀਆਂ ਨੌਕਰੀਆਂ ਵਿੱਚ ਮੌਕੇ ਮਿਲਦੇ ਹਨ। ਅੰਗਰੇਜ਼ੀ ਸੁਧਾਰਨ ਲਈ ਚੰਗਾ ਮਾਹੌਲ ਹੈ ਅਤੇ ਤੁਹਾਡੀ ਚੰਗੀ ਮੱਦਦ ਕਰਦੇ ਹਨ।
    ਆਉਣ ਜਾਣ ਲਈ ਬੱਸਾਂ ਦੀ ਬਹੁਤ ਚੰਗੀ ਸਹੂਲਤ ਹੈ (ਵਿਨੀਪੈਗ ਟਰਾਂਸੈਂਟ http://winnipegtransit.com/en)। ਵੈੱਬਸਾਈਟ ਦੀ ਸਹੂਲਤ ਤਾਂ ਲਾਜਵਾਬ ਹੈ। ਫੋਨ ਉੱਤੇ ਸਾਈਟ ਖੋਲ੍ਹੋ ਤਾਂ ਤੁਸੀਂ ਆਪਣੇ ਮੌਜੂਦਾ ਟਿਕਾਣੇ ਨੂੰ ਜਾਣੇ ਬਿਨਾਂ ਪਹੁੰਚਣ ਦੇ ਟਿਕਾਣੇ ਬਾਰੇ ਦੱਸ ਕੇ ਸੌਖੀ ਤਰ੍ਹਾਂ ਬੱਸ ਲੱਭ ਸਕਦੇ ਹੋ। ਪੂਣੇ ਤੋਂ ਇਹ ਸਹੂਲਤ ਬਹੁਤ ਵੱਡਾ ਅੱਪਗਰੇਡ ਹੈ।
   ਬਾਕੀ ਕੈਨੇਡਾ ਵਿੱਚ ਗੰਦ ਵੀ ਲੋਕ ਬਹੁਤ ਪਾਉਂਦੇ ਹਨ, ਬਸ ਕਾਨੂੰਨ ਤੋਂ ਡਰਦੇ ਹਨ। ਆਪਣੇ ਪੰਜਾਬੀਆਂ ਦੇ ਸਭ ਤੋਂ ਵੱਧ ਗਾਹ ਪਾਇਆ ਹੋਇਆ ਹੈ। ਕੂੜਾ ਅੱਗਾ ਪਿੱਛਾ ਵੇਖ ਕੇ ਸੜਕ ਦੇ ਕਿਨਾਰੇ ਸੁੱਟਣ ਤੋਂ ਗੁਰੇਜ਼ ਨਹੀਂ ਕਰਦੇ ਹਨ। ਤੁਸੀਂ ਸੜਕਾਂ ਕਿਨਾਰੇ ਘਾਹ ਵਿੱਚ ਕਾਫੀ ਦੇ ਕੱਪ, ਲਿਫਾਫੇ ਵੇਖ ਸਕਦੇ ਹੋ।
    ਪੰਜਾਬੀਆਂ ਬਾਰੇ ਇਹ ਗੱਲਾਂ ਸੁਣੀਆਂ ਹਨ ਕਿ ਪੰਜਾਬੀ ਹੀ ਪੰਜਾਬੀਆਂ ਦਾ ਸਭ ਤੋਂ ਵੱਧ ਸ਼ੋਸ਼ਣ ਕਰਦੇ ਹਨ। ਘੰਟਿਆਂ ਦੇ ਪੈਸੇ ਵੀ ਸਰਕਾਰੀ ਤਹਿ ਕੀਤੀ ਹੱਦ ਤੋਂ ਘੱਟ, ਕਈ ਵਾਰ ਤਾਂ 5 ਡਾਲਰ ਘੰਟੇ (10.25 ਡਾਲਰ ਘੰਟਾ ਤਹਿ ਹੱਦ ਹੈ) ਤੋਂ ਵੀ ਘੱਟ ਦਿੰਦੇ ਹਨ। ਕੰਮ ਉੱਤੇ ਜੇ ਤੁਹਾਨੂੰ ਕੋਈ ਪੰਜਾਬੀ ਕੋਈ ਸਲਾਹ ਦੇਵੇ ਤਾਂ ਹੋ ਸਕਦਾ ਹੈ ਕਿ ਤੁਸੀਂ ਧੋਖਾ ਖਾ ਜਾਵੋ। ਜੜ੍ਹਾਂ ਵੱਢਣ ਵਾਲੀ ਗੱਲ ਇੱਥੇ ਵੀ ਜਾਰੀ ਹੈ।
     ਹੋਰ ਸੜਕਾਂ ਉੱਤੇ ਉੱਚੀ ਆਵਾਜ਼ ਵਿੱਚ ਕਾਰਾਂ ਵਿੱਚ ਗਾਣੇ ਚਲਾਉਣ ਅਤੇ ਛੇੜਛਾੜ ਕਰਨ ਦੀਆਂ ਘਟਨਾਵਾਂ ਕਰਨ ਵਾਲੇ ਵੀ ਪੰਜਾਬੀ ਹੀ ਹਨ (ਛੇੜ ਛਾੜ ਦੀ ਘਟਨਾ ਸਾਡੇ ਸਾਹਮਣੇ ਦੀ ਹੀ ਹੈ, ਦੋ ਮਹੀਨਿਆਂ ਵਿੱਚ ਹੋਈ ਇਕਹੇਰੀ ਘਟਨਾ ਪੰਜਾਬੀ ਮੁੰਡਿਆਂ ਵਲੋਂ ਹੀ ਕੀਤੀ ਗਈ ਹੈ ਅਤੇ ਇਹ ਸਾਡੇ ਵਿਗੜੇ ਵਿਰਸੇ ਦੀ ਉਦਾਹਰਨ ਹੈ)।
   ਮਿਲਣਸਾਰਤਾ ਅੰਗਰੇਜ਼ਾਂ ਵਿੱਚ ਵੱਧ ਤੇ ਪੰਜਾਬੀਆਂ ਵਿੱਚ ਘੱਟ ਹੈ, ਵਿਖਾਵਾ ਅੰਗਰੇਜ਼ਾਂ ਵਿੱਚ ਘੱਟ ਤੇ ਪੰਜਾਬੀਆਂ ਵਿੱਚ ਵੱਧ। ਸਾਰੇ ਥਾਈ ਜਿੱਥੇ ਮੈਨੂੰ ਗੋਰਿਆਂ ਨਾਲ ਮਿਲਣ ਦਾ ਮੌਕਾ ਮਿਲਿਆ ਸਭ ਨੇ ਇਹੀ ਕਿਹਾ ਕਿ ਇਹ ਦੇਸ਼ ਹੈ ਹੀ ਇੰਮੀਗਰੇਟ ਲੋਕਾਂ ਦਾ, ਉਹ ਵੀ ਕਦੇ ਆਏ ਸਨ, ਤੇ ਅੱਜ ਅਸੀਂ ਆਏ ਹਾਂ। ਕੁਝ ਲੋਕ 10 ਸਾਲ ਪਹਿਲਾਂ ਆਏ ਹਨ ਤੇ ਕੁਝ 30 ਸਾਲ, ਅਤੇ ਕੁਝ 100 ਸਾਲ ਪਹਿਲਾਂ ਆਏ। 
    ਵਿਨੀਪੈਗ ਵਿੱਚ ਫਿਲੀਪੀਨੋ ਲੋਕਾਂ ਦੀ ਆਬਾਦੀ ਦੂਜੇ ਨੰਬਰ ਉੱਤੇ ਹੈ ਅਤੇ ਇਹ ਮੈਨੂੰ ਮੈਨੀਟੋਬਾ ਸਟਾਰਟ ਕਲਾਸਾਂ ਲਗਾਉਣ ਦੌਰਾਨ ਪਤਾ ਲੱਗਦਾ ਸੀ। ਸਭ ਤਕਨੀਕੀ ਥਾਵਾਂ ਉੱਤੇ ਉਹ ਲੋਕ ਕਾਬਜ਼ ਹਨ ਅਤੇ ਸਭ ਨੌਕਰੀਆਂ ਵਿੱਚ ਉਹ ਮੂਹਰੇ ਦਿਸਦੇ ਹਨ। ਕੈਨੇਡਾ ਪੂਣੇ ਨਾਲੋਂ ਕਾਫ਼ੀ ਕੁਝ ਸੋਹਣਾ ਹੈ (ਸੜਕਾਂ ਉੱਤੇ ਟਰੈਫਿਕ ਘੱਟ ਹੈ, ਸੜਕਾਂ ਸਾਫ਼ ਹਨ, ਆਸੇ ਪਾਸੇ ਗੰਦਗੀ ਘੱਟ ਹੈ), ਪਰ ਸ਼ਾਪਿੰਗ ਮਾਲ ਛੋਟੇ ਹਨ। ਇਸ਼ਤਿਹਾਰਾਂ ਉੱਤੇ ਲੋਕ ਬਹੁਤ ਕਾਗਜ਼ ਬਰਬਾਦ ਕਰਦੇ ਹਨ। ਪਾਰਕਿੰਗ ਲਈ ਐਨੀ ਥਾਂ ਬਰਬਾਦ ਕਰਦੇ ਹਨ ਕਿ ਮਾਲ ਨਾਲੋਂ ਤਿੰਨ ਗੁਣਾ ਥਾਂ ਹੈ। ਹੋਰ ਬੁਰੀਆਂ ਗੱਲਾਂ ਵਿੱਚ ਸਿਗਰਟ ਦੀ ਵਰਤੋਂ। ਤੁਹਾਨੂੰ ਹਸਪਤਾਲ ਦੇ ਪਾਸੇ ਵੀ ਸਿਗਰਟਾਂ ਮਿਲ ਜਾਣਗੀਆਂ। ਬੱਚੇ ਵਾਲੀਆਂ ਟਰਾਲੀਆਂ ਲਈਆਂ ਔਰਤਾਂ ਵੀ ਸੂਟਾ ਲਾਈ ਜਾਂਦੀਆਂ ਨੇ।

ਖੈਰ ਬਾਕੀ ਫੇਰ ਸਹੀਂ। ਹਾਲੇ ਵੇਹਲੇ ਹਾਂ, ਪਰ ਹਾਲਤਾਂ, ਵਿਚਾਰਾਂ ਵਿੱਚ ਹੋਏ ਬਦਲਾਅ ਫੇਰ ਲਿਖਾਂਗਾ...