ਹਾਂ, ਇਹੀ ਸਵਾਲ ਮੇਰੇ ਦਿਮਾਗ 'ਚ ਉਭਾਰਿਆ ਕਿਵੇਂ?
ਪਿੰਡ ਸੱਚਮੁੱਚ ਹੀ ਮੁੱਕ ਜਾਣਗੇ?
ਐਂ ਕਿਵੇਂ ਯਾਰ
ਇਹ ਸਹੀਂ ਹੈ, ਪਿੰਡ ਖਤਮ ਹੋ ਜਾਣਗੇ, ਇਸ ਸਾਲ ਦੇ ਅੰਤ ਤੱਕ
ਦੁਨਿਆਂ ਦੀ ਅੱਧੀ ਆਬਾਦੀ ਸ਼ਹਿਰਾਂ ਵਿੱਚ ਰਹਿਣ ਲੱਗੇਗੀ,
ਅਤੇ ਜਿਸ ਹਿਸਾਬ ਨਾਲ ਪਿੰਡ ਦੇ ਲੋਕ ਸ਼ਹਿਰਾਂ ਵੱਲ ਨੂੰ ਭੱਜ
ਰਹੇ ਹਨ, ਉਸ ਮੁਤਾਬਕ ਤਾਂ ਇਹ ਜਾਪਦਾ ਹੈ!
ਛੋਟੇ ਪਿੰਡ ਕਸਬੇ ਬਣਦੇ ਜਾਂਦੇ ਨੇ ਅਤੇ ਕਸਬੇ ਵਸਦੇ-ਰਸਦੇ
ਨਗਰ, ਜੋਂ ਮਹਾਂ-ਨਗਰ!!
ਮੈਨੂੰ ਸ਼ਾਇਦ ਯਾਦ ਹੈ ਕਿ ਮੈਂ ਪਹਿਲਾਂ ਵੀ ਲੇਖ ਲਿਖਿਆ ਸੀ,
ਇਸ ਬਾਰੇ ਕਿ ਕਿਵੇਂ ਮੇਰਾ ਪਿੰਡ 'ਚ ਦੋ ਦੁਕਾਨਾਂ ਤੋਂ 10
ਅਤੇ ਅੱਜ ਸੈਕੜੇ ਦੁਕਾਨਾਂ ਬਣ ਗਈਆਂ ਹਨ, ਮੇਰੇ
ਨੇੜਲਾ ਕਸਬਾ "ਬਾਘਾ ਪੁਰਾਣਾ", ਜਿੱਥੇ ਇੱਕ ਨਿੱਕੇ
ਜੇਹੇ ਚੌਂਕ 'ਚ ਭੋਰਾ ਭਰ ਵੀ ਭੀੜ ਨਹੀਂ ਸੀ, ਹੁਣ ਉੱਥੇ
ਲਾਈਟਾਂ ਵਾਲਾ ਚੌਂਕ ਵੀ ਕੰਮ ਨੀਂ ਸਾਰਦਾ ਹੈ!
ਮੇਰਾ ਜ਼ਿਲਾ 'ਮੋਗਾ', ਜਿੱਥੇ ਕਦੇ ਤੁਰ ਸਕਦਾ,
ਅੱਜ ਮੋਢੇ ਨਾ ਮੋਢਾ ਖਹਿਦਾ ਹੈ ਅਤੇ ਤੁਸੀਂ ਤੁਰ ਨਹੀਂ
ਸਕਦੇ ਹੋ!! ਗੱਡੀਆਂ, ਸਕੂਟਰਾਂ, ਮੋਟਰ ਸਾਈਕਲਾਂ
ਦੀ ਭੀੜ ਹੀ ਐਨੀ ਹੈ ਕਿ ਬਜ਼ਾਰ ਦਾ ਖੁਦ ਦਮ ਘੁਟਦਾ ਹੋਵੇਗਾ!!
ਖ਼ੈਰ ਸ਼ਹਿਰਾਂ ਨੇ ਸ਼ਹਿਰ ਬਣਦੇ ਹੀ ਰਹਿਣਾ ਹੈ, ਪਰ
ਪਿੰਡ ਦੀ ਬਦਲੀ ਹਾਲਤ ਕਰਕੇ ਲੋਕ ਗਲਤਫਹਿਮੀ
ਦੇ ਸ਼ਿਕਾਰ ਹੋ ਰਹੇ ਹਨ ਕਿ ਤਰੱਕੀ ਹੋ ਗਈ ਵੀ ਤਰੱਕੀ
ਹੋ ਗਈ, ਪਰ ਜਿਸ ਤਰ੍ਹਾਂ ਆਪਸੀ ਭਾਈਚਾਰਾ, ਪਿਆਰ,
ਸਤਿਕਾਰ ਅਤੇ ਸਾਂਝ ਖਤਮ ਹੋ ਗਈ ਹੈ, ਉਹ ਤਾਂ ਅੱਜ
ਦੇ 'ਤਰੱਕੀਪਸੰਦ' ਸ਼ਾਇਦ ਆਪਣੀ ਨਿੱਜੀ ਆਜ਼ਾਦੀ
ਨੂੰ ਮਾਣਨ ਵਿੱਚ ਮਸਤ ਹੋਏ ਭੁੱਲ ਹੀ ਗਏ ਹਨ, (ਸ਼ਾਇਦ
ਕਦੇ ਸਮਝ ਆਵੇ ਕਿ ਨਹੀਂ, ਰੱਬ ਹੀ ਜਾਣੇ!)
ਖ਼ੈਰ ਇਹ ਪਿੰਡ ਮੁੱਕਣ ਨਾਲ ਰੌਣਕਾਂ ਅਤੇ ਰਿਸ਼ਤੇ ਤਾਂ
ਖਤਮ ਹੋ ਹੀ ਜਾਣੇ ਹਨ, ਅਸੀਂ ਆਪਣੇ ਪਰਿਵਾਰਾਂ ਵਿੱਚੋਂ
ਵੀ ਗੁਆਚ ਜਾਣਾ ਹੈ, ਜਿਸ ਤਰ੍ਹਾਂ ਸ਼ਹਿਰਾਂ ਦਾ ਮਾਹੌਲ
ਹੈ, ਉਸ ਮੁਤਾਬਕ ਤਾਂ ਜੁਆਕਾਂ ਕੋਲ ਮਾਂ-ਪਿਓ ਲਈ ਟੈਮ
ਨਹੀਂ ਹੈ, ਪਿੰਡ ਦੇ ਲੋਕ ਅੱਧ-ਵਿਚਾਲੇ ਲਟਕ ਜਾਣਗੇ, ਅੱਜ
ਜਵਾਨੀ ਟਪਾ ਚੁੱਕੀ ਪੀੜ੍ਹੀ ਜੋ ਦਰਦ (ਜੁਦਾਈ ਦਾ) ਭੋਗ
ਰਹੀ ਹੈ, ਉਹ ਅੱਜ ਦੀ ਨੱਚਦੀ ਟੱਪਦੀ ਪੀੜ੍ਹੀ ਨੂੰ ਅਗਲੇ
15-20 ਸਾਲਾਂ ਨੂੰ ਸਮਝ ਆਵੇਗਾ, ਜਦੋਂ ਉਹਨਾਂ ਦੇ ਦੁੱਖ
ਸੁਣਨ ਵਾਲੇ (ਅੱਜ ਦੇ ਮਾਂ-ਪਿਓ) ਤੁਰ ਗਏ ਹੋਣਗੇ ਅਤੇ
ਜਵਾਕ (ਜੇਹੜੇ ਅੱਜ ਹਾਲੇ ਰੁੜਦੇ ਨੇ) ਸੁਣਨ ਨੂੰ ਤਿਆਰ
ਨਹੀਂ ਹੋਣਗੇ!
ਮੇਰੇ ਕੋਲ ਕੋਈ ਸੁਝਾਅ ਨਹੀਂ ਹੈ ਕਿ ਪਿੰਡਾਂ ਦੀ ਰੂਹ
ਧੜਕਦੀ ਕਿਵੇਂ ਰਹੇ, ਮੈਂ ਸ਼ਾਇਦ ਖੁਦ ਪਿੰਡ-ਨਿਕਾਲੇ
ਨੂੰ ਭੋਗ ਰਿਹਾ ਹਾਂ, ਮੇਰੀ ਤਾਂ ਆਪ ਕੋਈ ਵਾਹ ਨੀਂ ਜਾਂਦੀ,
ਬੱਸ ਯਾਦ ਆਉਦੀ ਹੈ...
ਜਿੱਥੇ ਪਿੱਪਲਾਂ ਦੀ ਠੰਡੀ ਠੰਡੀ ਛਾਂ!
ਬਹਿ ਕੱਤਦੀ ਸੀ ਚਰਖਾ ਜਿੱਥੇ ਮਾਂ!
ਉਹ ਮੇਰਾ ਪਿੰਡ ਸੱਜਣਾ, ਓਹ ਮੇਰਾ ਪਿੰਡ ਸੱਜਣਾ!!!!
ਜਿੱਥੇ ਪਿਆਰ ਵਾਲੇ ਵਗਦੇ ਝਨਾਂ, ਓਹ ਮੇਰਾ ਪਿੰਡ ਸੱਜਣਾ!
ਜਿੱਥੇ ਬੋਲਦੇ ਬਨੇਰਿਆਂ 'ਤੇ ਕਾਂ, ਓਹ ਮੇਰਾ ਪਿੰਡ ਸੱਜਣਾ!