21 February, 2006

ਆਪਣੀ ਪੀੜ੍ਹੀ ਹੇਠ ਸੋਟਾ ਤਾਂ ਫੇਰ ਪਹਿਲਾਂ

ਅੱਜ ਮੈਂ ਇੱਕ ਕਹਾਣੀ ਪੜ੍ਹੀ ਹੈ, ਉਸ ਬਾਰੇ ਹੀ ਦੱਸ ਰਿਹਾ ਹਾਂ,

ਹੋਇਆ ਏਦਾਂ ਕਿ ਇੱਕ ਵੱਡੀ ਉਮਰ ਦੇ ਵਿਆਹੁਤਾ ਜੋੜੇ ਨੂੰ
ਕੁਝ ਸਮੱਸਿਆ ਆ ਰਹੀ ਸੀ ਸੁਣਨ-ਸਣਾਉਣ ਦੀ। ਬੰਦੇ ਨੇ
ਡਾਕਟਰ ਨੂੰ ਪੁੱਛਿਆ ਕਿ ਉਸ ਨੂੰ ਲੱਗਦਾ ਹੈ ਕਿ ਉਸ ਦੀ ਘਰਵਾਲੀ
ਨੂੰ ਸੁਣਦਾ ਘੱਟ ਹੈ, ਉਹ ਕਿਵੇਂ ਪਤਾ ਕਰ ਸਕਦਾ ਹੈ ਤਾਂ ਡਾਕਟਰ ਨੇ
ਕਿਹਾ, "ਪਹਿਲਾਂ 40 ਫੁੱਟ ਦੀ ਦੂਰੀ ਤੋਂ ਪੁੱਛੋ, ਫੇਰ 30 ਫੁੱਟ ਤੋਂ, ਫੇਰ
ਕੋਈ ਸਵਾਲ 10 ਫੁੱਟ ਤੋਂ ,ਏਦਾਂ ਕਰਦੇ ਕਰਦੇ ਉਦੋਂ ਤੱਕ ਸਵਾਲ ਪੁੱਛਦੇ
ਰਹੇ, ਜਦੋਂ ਤੱਕ ਤੁਹਾਨੂੰ ਆਪਣਾ ਜਵਾਬ ਨੀਂ ਮਿਲ ਜਾਂਦਾ।"

ਬੰਦਾ ਹੁਣ ਘਰ ਆ ਗਿਆ ਅਤੇ ਆਥਣੇ ਰਸੋਈ ਵਿੱਚ ਕੰਮ ਕਰਦੀ
ਘਰਵਾਲੀ ਨੂੰ ਬਰਾਂਡੇ ਦੇ ਦੂਜੇ ਕੋਨੇ ਵਿੱਚੋਂ ਆਵਾਜ਼ ਦਿੱਤੀ ਅਤੇ
ਪੁੱਛਿਆ, "ਭਾਗਵਾਨੇ ਅੱਜ ਕੀ ਬਣਾਇਆ ਹੈ ਖਾਣ ਲਈ?"
ਕੋਈ ਜਵਾਬ ਨੀਂ
ਹੁਣ ਬੰਦਾ ਬਰਾਂਡੇ ਦੇ ਅੰਦਰਲੇ ਕੋਨੇ ਵਿੱਚ ਆ ਗਿਆ ਅਤੇ
ਪੁੱਛਿਆ, " ਭਾਗਵਾਨੇ ਅੱਜ ਕੀ ਬਣਾਇਆ ਹੈ ਖਾਣ ਲਈ?"
ਕੋਈ ਜਵਾਬ ਨੀਂ
ਗੱਲ਼ ਕੀ, ਹੌਲੀ ਹੌਲੀ ਉਹ ਰਸੋਈ ਵਿੱਚ ਉਸ ਦੇ ਬਿਲਕੁੱਲ
ਆ ਗਿਆ ਅਤੇ ਪੁੱਛਿਆ, "ਭਾਗਵਾਨੇ ਅੱਜ ਕੀ ਬਣਾਇਆ ਹੈ
ਖਾਣ ਲਈ?"
ਤਾਂ ਘਰਵਾਲੀ ਅੱਗਿਓ ਬੋਲੀ, "ਅੱਗੇ ਤੁਹਾਨੂੰ 15 ਵਾਰ ਦੱਸਿਆ ਕਿ
ਪਨੀਰ ਦੀ ਸਬਜ਼ੀ ਬਣਾਈ ਹੈ, ਜੇ ਨਹੀਂ ਸੁਣਦਾਂ ਤਾਂ ਮੈਂ ਕੀ ਕਰ ਸਕਦੀ ਹਾਂ।"

ਸਬਕ - ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ ਤੋਂ ਕਦੇ ਵੀ ਪਰਹੇਜ਼ ਨਾ ਕਰੋ।

17 February, 2006

ਚੋਂਦਾ ਖੂਨ ਜ਼ਮੀਰ ਦਾ...

ਆਖਰ ਕਰਦਾ ਮੈਂ...
ਏਸ ਜ਼ਾਲਮ ਦੁਨਿਆਂ ਨੇ ਮੇਰੇ ਵਿੱਚੋਂ ਇਨਸਾਨੀਅਤ ਖਤਮ ਕਰਨ ਲਈ ਤਹੱਈਆ ਕੀਤਾ
ਹੋਇਆ ਹੈ। ਪਿੰਡ ਦੇ ਮੁੰਡੇ ਦੇ ਦਿਲ 'ਚੋਂ ਹੁਣ ਰਹੀ-ਸਹੀ ਮੁਹੱਬਤ ਚੋਂਹ ਰਹੀਂ ਹੈ...

ਨਹੀਂ ਮੇਰਾ ਦੋਸ਼ ਨੀਂ, ਨਹੀਂ ਨਹੀਂ ਮੇਰਾ ਕੋਈ ਦੋਸ਼ ਨੀਂ...

12 February, 2006

ਅਨੁਵਾਦਕ - ਖਤਮ ਹੋਇਆ ਇੱਕ ਸਫ਼ਰ

ਸ਼ੁੱਕਰਵਾਰ ਸ਼ਾਮ ਨੂੰ ਦਫ਼ਤਰੀ ਤੌਰ ਉੱਤੇ ਆਪਣੇ ਕੰਮ, ਤਕਨੀਕੀ ਅਨੁਵਾਦ
(ਟੈਕਨੀਕਲ ਟਰਾਂਸਲੇਟਰ) ਤੋਂ ਫਾਰਗ ਹੋ ਗਿਆ ਹਾਂ, ਸ਼ੁੱਕਰਵਾਰ ਦੀ ਸ਼ਾਮ
ਕਾਫ਼ੀ ਰੁਝੇਵਿਆਂ ਭਰੀ ਸੀ, ਦਿਲ ਵਿੱਚ ਦਰਦ ਸੀ, ਉਦਾਸੀ ਸੀ ਚੇਹਰੇ ਉੱਤੇ,
ਉਸ ਸਫ਼ਰ ਤੋਂ ਵੱਖ ਹੋਣ ਦੀ, ਜਿਸ ਨੇ ਮੈਨੂੰ ਡੇਢ ਸਾਲ ਤੋਂ ਵੱਧ ਰਿਜਕ ਦੇਈ
ਰੱਖਿਆ।

ਨੌਕਰੀ ਕਰਦਿਆਂ ਪਤਾ ਹੀ ਨੀਂ ਕਿ ਇਹ ਸਮਾਂ ਕਿਵੇਂ ਗੁਜ਼ਰ ਗਿਆ, ਕਿਤੇ
ਕਿਤੇ ਲੱਗਦਾ ਹੈ ਕਿ ਖੰਭ ਲੱਗੇ ਹੋਏ ਹਨ, ਜਿਵੇਂ ਕਿ ਲੋਕ ਕਹਿੰਦੇ ਹਨ। ਕੱਲ੍ਹ
ਦੀਆਂ ਗੱਲਾਂ ਨੇ ਜਦੋਂ ਅਸੀਂ ਕਾਲਜਾਂ ਵਿੱਚ ਪੜ੍ਹਦੇ ਹੁੰਦੇ ਸਾਂ, ਅਤੇ ਐਵੇਂ ਕਾਹਲੀ
ਕਾਹਲੀ ਵਿੱਚ ਕੋਈ ਪਰੋਜੈੱਕਟ ਨਾ ਮਿਲਣ ਕਰਕੇ ਲੀਨਕਸ ਨੂੰ ਪੰਜਾਬੀ ਵਿੱਚ ਕਰ
ਦਾ ਹੀ ਪਰੋਜੈੱਕਟ ਫੜ ਲਿਆ ਸੀ, ਅਤੇ ਅੱਜ ਰੈੱਡ ਹੈੱਡ 'ਚ ਕੰਮ ਕਰਦਿਆਂ ਨੂੰ
ਲੱਗਭਗ ਦੋ ਸਾਲ ਹੋ ਗਏ?

ਬਹੁਤ ਸਾਰੇ ਸਬਕ ਸਿੱਖੇ ਹਨ, ਬਹੁਤ ਪ੍ਰਾਪਤੀਆਂ ਰਹੀਆਂ ਹਨ, ਇਸ ਸਮੇਂ
ਦੌਰਾਨ, ਖਾਸ ਤੌਰ ਉੱਤੇ ਕੰਮ ਕਰਨ ਦੀ ਲੱਚਕਤਾ, ਸਮੇਂ ਦੀ ਕੋਈ ਪਾਬੰਦੀ ਨਹੀਂ,
ਜਦੋਂ ਕੰਮ ਹੈ ਤਾਂ ਡੱਟ ਕੇ ਕਰੋ, ਨਹੀਂ ਤਾਂ ਮਰਜ਼ੀ ਹੈ, ਰਿਪੋਰਟ ਜਦੋਂ ਦੇਣੀ ਹੈ ਤਾਂ
ਦਿਓ, ਨਹੀਂ ਤਾਂ ਕੋਈ ਗੱਲ਼ ਨੀਂ ਐਡੀਂ, ਕੰਮ ਨਹੀਂ ਹੋਇਆ ਤਾਂ ਕੀ ਹੋਇਆ ਤੁਸੀਂ
ਤਾਂ ਜਤਨ ਕੀਤਾ ਨਾ, ਬਸ ਬਹੁਤ ਹੈ ਐਨਾ ਹੀ, ਹੋਰ ਚਿੰਤਾ ਨੀਂ ਕਰਨੀ,
ਸਹੀਂ ਕੰਮ ਕਰਨਾ ਲਾਜ਼ਮੀ ਹੈ, ਤੁਸੀਂ ਆਪਣੇ ਆਉਣ ਵਾਲੇ ਭਵਿੱਖ ਬਾਰੇ ਕੀ
ਸੋਚਦੇ ਹੋ, ਕੀ ਬਣਨਾ ਚਾਹੁੰਦੇ ਹੋ? ਏਦਾਂ ਦਾ ਨਿੱਘਾ ਪਿਆਰ, ਸੋਚ ਪੈਦਾ ਹੋਈ
ਕਿ ਮੈਂ ਜੋ ਨਾ ਕਰਨ ਜੋਕਰਾ ਸੀ, ਉਹ ਵੀ ਕਰ ਗਿਆ, ਕੁਝ ਹੌਸਲਾ ਵਧਿਆ ਅਤੇ
ਮੇਰੇ ਸੁਭਾਅ ਵਿੱਚ ਕਾਫ਼ੀ ਕੁਝ ਬਦਲਿਆ, ਸਹਿਨਸ਼ੀਲ ਬਣਿਆ, ਉਡੀਕ ਕਰਨ
ਦੀ ਸਮਰੱਥਾ ਪਹਿਲਾਂ ਤੋਂ ਵੀ ਵੱਧ ਗਈ, ਸਹੀਂ ਕੰਮ ਕਰਨੇ ਸਿੱਖੇ (ਭਾਵੇਂ ਕਿ ਚੰਗਾ
ਨਾ ਹੀ ਲੱਗੇ), ਲੋਕਾਂ ਨੂੰ ਸਮਝਣ ਦੀ ਸਮੱਰਥਾ ਆਈ। ਸਚਮੁੱਚ ਹੀ ਇਸ ਟੀਮ
ਵਿੱਚ ਕੰਮ ਕਰਨਾ ਮੇਰੀ ਜਿੰਦਗੀ 'ਚ ਇੱਕ ਇਨਕਲਾਬ ਹੀ ਸੀ, ਅੱਜ ਜਿਸ ਮੁਕਾਮ
ਨੂੰ ਮੈਂ ਛੁਹਣ ਜਾ ਰਿਹਾ ਹਾਂ, ਉਹ ਇਸ ਟੀਮ ਦੀ ਬਦੌਲਤ ਅਤੇ ਖਾਸ ਤੌਰ ਉੱਤੇ ਇਸ
ਟੀਮ ਨੂੰ ਅਗਵਾਈ ਦੇਵੇ ਵਾਲੇ ਕਰਕੇ ਹੈ।

ਧੰਨਵਾਦ ਐ ਟੀਮ, ਲੱਖ ਵਾਰ ਧੰਨਵਾਦ

ਅਲਵਿਦਾ ਅੱਜ ਤੈਨੂੰ ਕਹਿ ਚੱਲਿਆ,
ਪ੍ਰੀਤ ਨਵੇਂ ਸਫ਼ਰ ਦੇ ਹਾਰ ਪੈ ਚੱਲਿਆ,
ਹਰਦਮ ਤੈਨੂੰ ਦਿਲ 'ਚ ਰੱਖਾਗਾਂ ਮੈਂ
ਤੇਰੀ ਫ਼ਰਾਖ ਦਿਲੀ ਸਭ ਨੂੰ ਦੱਸਾਗਾਂ ਮੈਂ
ਚੱਲ ਹੁਣ ਸਮਾਂ ਆ ਗਿਆ ਹੈ ਵਿਛੜਨਾ ਦਾ
ਬਸ ਇੱਕ ਵਾਅਦਾ ਚਾਹੀਦਾ ਹੈ ਫੇਰ ਮਿਲਣ ਦਾ
ਅਲਵਿਦਾ ਅਲਵਿਦਾ .....

01 February, 2006

ਪੀੜ੍ਹੀ ਦੀ ਸੋਚ ਦਾ ਫ਼ਰਕ...

ਅੱਜ ਮੈਂ ਉਹੀ ਮਸਲਾ ਲੈਕੇ ਆਇਆ ਹਾਂ, ਜਿਸ ਨਾਲ ਮੇਰੀ ਉਮਰ ਦੇ ਨੌਜਵਾਨ ਅਤੇ
ਮੇਰੇ ਬਾਪੂ/ਬੇਬੇ ਜੀ ਦੀ ਉਮਰ ਦੇ ਲੋਕਾਂ ਨੂੰ ਨਿੱਤ ਦੋ ਚਾਰ ਹੋਣਾ ਪੈਂਦਾ ਹੈ, ਖਾਸ ਕਰਕੇ
ਜਿੰਨ੍ਹਾਂ ਦਾ ਹਾਲੇ ਵਿਆਹ ਨਹੀਂ ਹੋਇਆ ਹੁੰਦਾ ਹੈ।

ਗੱਲ਼ ਪੀੜ੍ਹੀ ਦੀ ਸੋਚ ਦਾ ਹੈ, ਕਿੰਨਾ ਫ਼ਰਕ ਪੈ ਜਾਂਦਾ ਹੈ, ਅਤੇ ਕਿਧਰ ਨੂੰ ਤੁਰ ਪੈਂਦੇ ਹਨ,
ਲੋਕ, ਇਸ ਪਾੜ੍ਹੇ ਨੂੰ ਨਬੇੜਨਾ ਤਾਂ ਮੇਰੇ ਕਿ ਕਿਸੇ ਦੇ ਵੀ ਵੱਸ ਦਾ ਨਹੀਂ ਹੈ, ਪਰ
ਇਸ ਅੰਤਰ ਨੂੰ ਆਪਣੀ ਨਜ਼ਰ ਤੋਂ ਵੇਖਾਉਣ ਦਾ ਜਤਨ ਕਰ ਰਿਹਾ ਹਾਂ...

ਘਿਓ ਦੇ ਬਾਲ ਦੀਵੇ...

31 ਜਨਵਰੀ 2006 ਸਾਡੇ ਸਾਰੇ ਟੱਬਰ ਲਈ ਬੜੇ ਹੀ ਮਾਣ ਵਾਲਾ ਦਿਨ ਸੀ,
ਅੱਜ ਦੇ ਦਿਨ ਸਾਡੇ ਬਾਪੂ ਜੀ ਸਰਦਾਰ ਹਰਦਿਆਲ ਸਿੰਘ ਜੀ ਬਰਾੜ
ਆਪਣੀ 34 ਸਾਲ ਦੀ ਸ਼ਾਨਦਾਰ ਅਧਿਆਪਨ ਸੇਵਾ ਦੇ ਬਾਅਦ ਅੱਜ
ਸਕੂਲ ਨੂੰ ਅਲਵਿਦ ਕਹਿ ਕੇ ਘਰ ਵਾਪਿਸ ਆ ਗਏ ਹਨ।
















ਹੁਣ ਜਿੰਦਗੀ ਦੇ ਨਵੇਂ

30 January, 2006

ਪਿੰਡ 'ਚ ਵਿਆਹ

ਦੋ ਦਿਨ ਪਹਿਲਾਂ ਸਾਨੂੰ ਪਿੰਡ ਰਾਏ ਕੇ (ਗਿੱਦੜਬਾਹਾ) ਵਿਖੇ ਜਾਣ ਦਾ ਮੌਕਾ ਮਿਲਿਆ,
ਮੌਕਾ ਕਿ ਮਾਮੇ ਦੇ ਮੁੰਡੇ ਦਾ ਵਿਆਹ। ਪਿੰਡ 'ਚ ਵਿਆਹ ਵੇਖਣ ਲਈ ਜਾਣ ਦਾ
ਮੌਕਾ ਸਾਨੂੰ ਬੜੇ ਚਿਰਾਂ ਬਾਅਦ ਮਿਲਿਆ ਹੈ

27 January, 2006

ਉੱਤਰੀ ਭਾਰਤ ਦੀ ਠੰਡ ਵਿੱਚ ਫੇਰ ਫੇਰੀ

ਕੱਲ੍ਹ 26 ਜਨਵਰੀ ਦੀ ਦੁਪੈਹਰ ਨੂੰ ਮੈਂ ਫੇਰ ਘਰ ਲਈ ਵਾਪਸੀ ਸਫ਼ਰ ਆਰੰਭਿਆ।
ਪੂਨੇ ਦੀ ਖਿੜੀ ਧੁੱਪ ਵੇਖ ਕੇ ਵੀ ਮੈਨੂੰ ਅੰਦਾਜ਼ਾ ਸੀ ਕਿ ਇਹ ਮੌਸਮ ਮੈਨੂੰ ਉੱਥੇ
ਜਾ ਕੇ ਨਹੀਂ ਮਿਲੇਗਾ, ਜਿੱਥੇ ਮੈਂ ਜਾਣਾ ਹੈ, ਇਸਕਰਕੇ ਭਾਰੀ ਭਰਕਮ ਕੋਟ ਅਤੇ ਲੋਈ
ਲੈ ਹੀ ਲਈ, ਭਾਵੇ ਮੇਰਾ ਦਿਲ ਲੋਈ ਲੈ ਕੇ ਜਾਣ ਤੋਂ ਮੁਨਕਰ ਸੀ।

ਸਫ਼ਰ ਦੌਰਾਨ ਤਾਂ ਮੌਸਮ ਠੀਕ-ਠਾਕ ਹੀ ਰਿਹਾ, ਹੁਣ ਅੱਗੇ ਜਦੋਂ ਬੱਸ ਸਟੈਂਡ ਤੋਂ ਪੰਜਾਬ
ਰੋਡਵੇਜ਼ ਦੀ ਬੱਸ ਫੜੀ ਤਾਂ ਮੈਂ ਘਰੇ ਫੋਨ ਕਰਕੇ ਕਿਹਾ ਕਿ ਬਾਹਲੀ ਠੰਡ ਤਾਂ ਨਹੀਂ ਹੈ, ਮੈਂ 5
ਵਜੇ ਅੱਪੜਾਗਾਂ ਅਤੇ ਕੋਟ ਦੇ ਬਟਨ ਬੰਦ ਕਰਕੇ ਬਹਿ ਗਿਆ ਇੰਜਣ ਦੇ ਕੋਲ ਵਾਲੀ
ਸੀਟ ਉੱਤੇ। ਛੇਤੀ ਹੀ ਬੱਸ ਨੇ ਦਿੱਲੀ ਨੂੰ ਅਲਵਿਦਾ ਕਿਹਾ, ਹਾਲਾਂਕਿ ਡਰੈਵਰ ਬਹੁਤ ਹੀ
ਹੌਲੀ ਚਲਾ ਰਿਹਾ ਸੀ, ਪਰ ਮੈਨੂੰ ਹੱਡ ਚੀਰਵੀ ਠੰਡ ਨੇ ਅਹਿਸਾਸ ਕਰਵਾ ਦਿੱਤਾ ਕਿ
ਇਹ ਮੇਰੀ ਗਲਤਫਿਹਮੀ ਸੀ ਕਿ "ਠੰਡ ਨਹੀਂ ਹੈ", ਹੌਲੀ ਹੌਲੀ ਕੋਟ ਦੀ ਜ਼ਿਪ
ਬੰਦ ਕਰ ਦਿੱਤੀ, ਫੇਰ ਮੈਨੂੰ ਝੋਲੇ ਵਿੱਚੋਂ ਲੋਈ ਵੀ ਕੱਢਣੀ ਪਈ, ਫੇਰ ਇੰਜਣ ਕੋਲ
ਵੀ ਨਿੱਘ ਨਾ ਰਿਹਾ, ਬਸ ਹੁਣ ਪੈਰ ਗੜੇ 'ਚ ਲੱਗੇ ਹੋਏ ਸਨ ਅਤੇ ਕੋਟ, ਲੋਈ
ਵੀ ਬੇਕਾਰ ਜਾਪ ਰਹੇ ਸਨ, ਹਵਾ ਪਤਾ ਨੀਂ ਕਿੱਥੋਂ ਦੀ ਮੇਰੇ ਜਿਸਮ ਨੂੰ ਠਾਰ
ਰਹੀ ਸੀ, ਕਦੇ ਸਿਰ ਢੱਕਦਾ ਸੀ ਕੋਈ ਨਾਲ, ਕਦੇ ਪੈਰ, ਪਰ ਇਹ ਸਭ ਕੁਝ
ਬੇਕਾਰ ਸੀ, ਉਸ ਠੰਡ ਦੀ ਪਰਬਲਤਾ ਅੱਗੇ। ਨੱਕ 'ਚੋਂ ਪਾਣੀ ਵੱਗ ਰਿਹਾ ਸੀ,
ਰੁਮਾਲ ਨਾਲ ਉਸ ਨੂੰ ਰੋਕ ਲਈ ਹੱਥ ਕੰਮ ਨਹੀਂ ਸੀ ਕਰ ਰਹੇ। ਸਫ਼ਰ ਇੰਨਾ
ਦਰਦਨਾਕ ਸੀ ਕਿ ਬਿਆਨ ਕਰਨਾ ਸੰਭਵ ਨਹੀਂ ਜਾਪਦਾ ਹੈ।

ਇਹ ਉਮੀਦ ਤਾਂ ਮੈਂ ਕਰ ਨਹੀਂ ਸੀ ਰਿਹਾ ਕਿ ਏਦਾਂ ਵੀ ਹੋਵੇਗਾ, ਲੁਧਿਆਣਾ ਟੱਪ ਕੇ
ਧੁੰਦ ਦੇ ਵਾਵਰੋਲਾ ਆਉਦੇ ਰਹੇ, ਡਰੈਵਰ ਪਤਾ ਨੀਂ ਕਿਵੇਂ ਬੱਸ ਚਲਾ ਰਿਹਾ ਸੀ। ਆਖਰ
ਚਾਰ ਵਜੇ ਮੈਨੂੰ ਮੋਗੇ ਆ ਲਾਹਿਆ ਅਤੇ ਮੈਂ ਫਰਿੱਜ ਵਿੱਚੋਂ ਬਾਹਰ ਆ ਕੇ ਸੁੱਖ ਦਾ ਸਾਹ
ਲਿਆ। ਮੇਰੇ ਪੈਰ ਧਰਤੀ ਨੂੰ ਛੂਹਣ ਤੋਂ ਵੀ ਡਰਦੇ ਜਾਪੇ, ਬੁੱਲਾਂ ਵਿੱਚੋਂ ਲਫ਼ਜ਼ ਨਹੀਂ ਸੀ
ਜੁੜਦੇ, ਸਿਰਫ਼ ਕੰਬ ਰਹੇ ਸਨ, ਹੱਥਾਂ ਨਾਲ ਬੁੱਕਲ ਨਹੀਂ ਸੀ ਵੱਜ ਰਹੀਂ|

ਖ਼ੈਰ ਘਰੇ ਜਾ ਦਰਵਾਜ਼ਾ ਖੜਕਾਇਆ ਅਤੇ ਬਾਪੂ ਜੀ ਨੇ ਜੀ ਆਇਆਂ ਨੂੰ ਕਿਹਾ।
ਅੰਮੀਂ ਨੇ ਚਾਹ ਧਰੀ ਹੋਈ ਸੀ, ਜਿਵੇਂ ਪਤਾ ਸੀ ਕਿ ਏਹ ਪੁੱਤਰ ਨੇ 5 ਵਜੇ ਨੀਂ, ਬਲਕਿ
4 ਵਜੇ ਹੀ ਆ ਜਾਣਾ ਹੈ। ਘਰ ਆਕੇ ਰਜਾਈ ਵਿੱਚ ਲੁੱਕ ਕੇ ਮੈਂ ਇਸ ਕੈਹਰ ਦੀ ਠੰਡ
ਤੋਂ ਮਸਾਂ ਖੈਹਰਾ ਛੁਡਾਇਆ। ਮਾਘ ਦੀ ਠੰਡ ਨੇ ਤਾਂ ਹੱਡ ਕੜਕਾ ਦਿੱਤੇ। ਰਾਤ
ਦਾ ਵੇਲਾ ਹਾਲ਼ੇ ਵੀ ਮੈਨੂੰ ਧੁੜਧੜੀ ਲਿਆ ਰਿਹਾ ਸੀ।

ਲਿਖਤੁਮ,
ਆਲਮ

15 January, 2006

ਫੇਡੋਰਾ ਅਨੁਵਾਦ ਪਰਬੰਧਕ - ਇੱਕ ਸੁਫ਼ਨਾ ਜੋ ਹਕੀਕਤ ਬਣਿਆ

ਸ਼ੁੱਕਰਵਾਰ 13 ਜਨਵਰੀ 2006 ਲੋਹੜੀ ਦੇ ਦਿਨ ਆਖਰੀ ਚਿੱਠੀ ਰਾਹੀਂ ਸਾਰਾ ਵੈਂਗ
(ਫੇਡੋਰਾ ਅਨੁਵਾਦ ਪਰੋਜੈੱਕਟ ਦੀ ਸਾਬਕਾ ਪ੍ਰਬੰਧਕ)
ਨੇ ਇਹ ਜੁੰਮੇਵਾਰੀ ਨੂੰ ਅਲਵਿਦਾ ਆਖ ਦਿੱਤਾ ਅਤੇ ਐਲਾਨ ਕਰ ਦਿੱਤਾ ਕਿ
ਅਮਨਪਰੀਤ ਸਿੰਘ ਆਲਮ ਅਤੇ ਚੈਸਟਰ ਚੈਂਗ ਹੁਣ ਨਵੇਂ ਪਰਬੰਧਕ ਹਨ।

ਮੈਨੂੰ ਅੱਜ ਤੀਕ ਯਾਦ ਹੈ ਕਿ ਜਦੋਂ 14 ਮਾਰਚ 2004 (ਉਦੋਂ ਮੈਂ ਹਾਲ਼ੇ ਰੈੱਡ ਹੈੱਟ ਵਿੱਚ ਨਹੀਂ ਸੀ
ਆਇਆ) ਦੀ ਸਵੇਰ ਨੂੰ ਮੈਂ ਸਾਰਾ ਨੂੰ ਮੇਲ ਲਿਖੀ ਸੀ ਕਿ ਮੇਰਾ ਫੇਡੋਰਾ ਖਾਤਾ ਕੰਮ ਨਹੀਂ ਕਰਦਾ
ਹੈ, ਉਸ ਨਾਲ ਸਵੇਰੇ 6 ਵਜੇ ਤੋਂ 7 ਵਜੇ ਦਰਮਿਆਨ ਉਸ ਨਾਲ 3/4 ਮੇਲਾਂ ਭੇਜੀਆਂ, ਜਿਸ ਨਾਲ
ਇਹ ਮਸਲਾ ਹੱਲ਼ ਹੋ ਗਿਆ ਸੀ। ਉਸ ਦਿਨ ਖੁਸ਼ੀ ਦਾ ਕੋਈ ਅੰਤ ਨਹੀਂ ਸੀ ਕਿ ਇੱਕ ਵੱਡਾ ਮਸਲਾ
ਹੱਲ਼ ਹੋ ਗਿਆ। ਹਾਸੇ ਦੀ ਗੱਲ਼ ਏ ਕਿ ਮੈਂ ਉਦੋਂ ਜਾਣਦਾ ਨਹੀਂ ਸੀ ਕਿ ਸਾਰਾ ਬੰਦਾ ਆਂ ਜਾਂ ਬੁੜੀ।

ਉਦੋਂ ਗਨੋਮ ਹਾਲੇ ਖਤਮ ਹੀ ਕੀਤਾ ਸੀ ਅਤੇ ਅਸੀਂ ਕੋਈ ਓਪਰੇਟਿੰਗ ਸਿਸਟਮ ਵਿੱਚ
ਪੂਰਾ ਸਹਿਯੋਗ ਚਾਹੁੰਦੇ ਸਾਂ। ਇਸਕਰਕੇ ਰੁੱਖ ਕੀਤਾ ਫੇਡੋਰਾ ਵੱਲ਼, ਇਹ ਕੀ ਪਤਾ ਸੀ ਕਿ
ਇਸ ਨੇ ਜ਼ਿੰਦਗੀ ਪਲਟ ਦੇਣੀ ਏਂ। ਅਤੇ ਜਿਸ ਵਿਅਕਤੀ ਨੂੰ ਮੈਂ ਪਹਿਲੀਂ ਮੇਲ ਲਿਖੀ ਏ,
ਉਹ ਹੀ ਮੇਰੀ ਜ਼ਿੰਦਗੀ ਨੂੰ ਰਹਿਨੁਮਾਈ ਦੇਵੇਗਾ। ਹਾਂ ਏਹ ਸਾਰਾ ਵੈਂਗ ਹੀ ਸੀ, ਜਿਸ ਨੇ
ਬਾਅਦ ਵਿੱਚ ਮੇਰੀ ਇੰਟਰਵਿਊ ਲਈ (ਇੰਟਰਵਿਊ ਦੇਣ ਤੱਕ ਮੈਨੂੰ ਪਤਾ ਨਹੀਂ
ਸੀ ਕਿ ਉਹ ਹੀ ਉਹ ਵਿਅਕਤੀ ਸੀ, ਜਿਸ ਨਾਲ ਮੈਂ ਈ-ਮੇਲ ਰਾਹੀਂ ਸੰਪਰਕ
ਕੀਤਾ ਸੀ।) ਅਤੇ ਮੈਂ ਰੈੱਡ ਹੈੱਡ ਵਿੱਚ ਆ ਗਿਆ। ਹੋਰ ਸੰਯੋਗ ਸੀ ਕਿ ਉਹ ਹੀ ਮੇਰੀ
ਪਹਿਲੀ ਮੈਨੇਜਰ ਬਣੀ, ਮੇਰੀ ਤਰੱਕੀ ਦਾ ਰਾਹ ਖੋਲ੍ਹਣ ਲਈ ਸਭ ਤੋਂ ਵੱਡਾ ਹੱਥ ਉਸ
ਦਾ ਹੀ ਸੀ।

ਫੇਡੋਰਾ ਪਰੋਜੈੱਕਟ ਵਿੱਚ ਅਨੁਵਾਦ ਪਰਬੰਧਕ ਬਣਨਾ ਮੇਰੇ ਲਈ ਇੱਕ ਸੁਫ਼ਨੇ ਦੇ ਸੱਚ
ਹੋਣ ਜੇਹੀ ਹੀ ਹਕੀਕਤ ਹੈ। ਹੁਣ ਪਿੱਛੇ ਝਾਤੀ ਮਾਰੀਏ ਤਾਂ ਅਜੀਬ ਜਿਹਾ ਲੱਗਦਾ ਕਿ
ਕਿੱਥੋਂ ਤੁਰੇ, ਕਿਧਰ ਨਿਕਲ ਆਏ, ਇਹ ਥਾਂ ਮਿਲਣ ਦਾ ਦਿਲ ਵਿੱਚ ਇੱਕ ਤਮੰਨਾ ਸੀ,
ਜਦੋਂ ਪਹਿਲੀ ਵਾਰ ਅਨੁਵਾਦ ਸ਼ੁਰੂ ਕੀਤੀ ਸੀ। ਅੱਜ ਵਾਹਿਗੁਰੂ ਦੀ ਕਿਰਪਾ ਨਾਲ
ਉੱਥੇ ਆ ਖੜ੍ਹੇ ਹਾਂ। ਹੁਣ ਮੰਜ਼ਲ 'ਤੇ ਖੜ੍ਹੇ ਹੋਕੇ ਆਸੇ ਪਾਸੇ ਝਾਤੀ ਮਾਰਨ ਲੱਗਦਾ ਹਾਂ
ਕਿ ਅੱਗੇ ਕਿ ਹਾਂ (ਬੰਦੇ ਦੀ ਭਟਕਣ ਕਦੇ ਖਤਮ ਨਹੀਂ ਹੁੰਦੀ ਹੈ। :-)

ਫੇਡੋਰਾ ਪਰੋਜੈੱਕਟ ਰੈੱਡ ਹੈੱਟ ਵਲੋਂ ਵਿਢਿਆ ਅਜੇਹਾ ਪਰੋਜੈੱਕਟ ਹੈ, ਜਿਸ ਨੂੰ ਕਮਿਊਨਟੀ
ਵਿੱਚ ਭਾਰੀ ਸਫ਼ਲਤਾ ਮਿਲੀ ਅਤੇ ਲੋਕਾਂ ਨੇ ਭਾਰੀ ਉਤਸ਼ਾਹ ਨਾਲ ਇਸ ਨੂੰ ਅਪਨਾ ਲਿਆ।
ਅੱਜ ਕਰੀਬ 74 ਦੇ ਕਰੀਬ ਭਾਸ਼ਾਵਾਂ ਇਸ ਵਿੱਚ ਹਨ (ਸਾਰੀਆਂ ਸਰਗਰਮ ਨਹੀਂ ਹਨ),
ਅਤੇ ਬੇਸ਼ੁਮਾਰ ਸਾਫਟਵੇਅਰ ਸ਼ਾਮਿਲ ਕੀਤੇ ਗਏ ਹਨ। ਅਨੁਵਾਦ ਪੱਖੋਂ ਇਹ ਗਨੋਮ/ਕੇਡੀਈ
ਨਾਲੋਂ ਵੀ ਕਾਫ਼ੀ ਅਸਾਨ ਹੈ, ਅਤੇ ਇਸ ਵਿੱਚ ਸਹੂਲਤਾਂ ਵੀ ਜ਼ਿਆਦਾ ਹਨ, ਜਿਵੇਂ ਕਿ
ਤੁਸੀਂ ਆਪਣੀ ਹੀ ਭਾਸ਼ਾ ਲਈ ਫਾਇਲਾਂ ਕਮਿਟ ਕਰ ਸਕਦੇ ਹੋ। (ਹਾਲਾਂਕਿ ਫਾਇਲਾਂ
ਡਾਊਨਲੋਡ ਕਰਨ ਲਈ ਕਾਫ਼ੀ ਸਮਾਂ ਲੱਗਦਾ ਹੈ)।

ਹੁਣ ਇਸ ਜੁੰਮੇਵਾਰੀ ਦੇ ਤਹਿਤ ਕੰਮ ਕਰਦਿਆਂ ਸਾਨੂੰ ਇਸ ਪਰੋਜੈੱਕਟ ਨੂੰ ਹੋਰ ਤਰੱਕੀ
ਦੇਣੀ ਹੈ, ਰੈੱਡ ਹੈੱਟ ਵਲੋਂ ਭਾਰੀ ਸਹਿਯੋਗ ਤੋਂ ਬਿਨਾਂ, ਅਸੀਂ ਕਮਿਊਨਟੀ ਤੋਂ ਉਮੀਦ
ਰੱਖਦੇ ਹਾਂ, ਕਿਉਕਿ ਹੁਣ ਫੇਡੋਰਾ ਰੈੱਡ ਹੈੱਟ ਤੋਂ ਕਾਫ਼ੀ ਹੱਦ ਤਾਂ ਵਾਗਾਂ ਖੁੱਲ੍ਹਾਂ ਚੁੱਕਾ ਹੈ।

ਦੋ ਪਰਬੰਧਕ ਬਣਾਉਣ ਦੇ ਕਈ ਕਾਰਨ ਹਨ, ਜਿੰਨ੍ਹਾਂ ਵਿੱਚੋਂ ਸਭ ਤੋਂ ਖਾਸ ਦਾ ਵਰਣਨ
ਮੈਂ ਨਵੇਂ ਲੇਖ ਵਿੱਚ ਕਰਾਂਗਾ, ਪਰ ਕੁਝ ਹੋਰਾਂ ਵਿੱਚ ਹੈ, ਕਿ ਹੁਣ ਫੇਡੋਰਾ ਲਈ 16 ਘੰਟਿਆਂ
ਤੋਂ ਜ਼ਿਆਦਾ ਸਮਾਂ ਸਹਿਯੋਗ ਉਪਲੱਬਧ ਰਹੇਗਾ, ਕਿਉਕਿ ਮੇਰਾ ਸਹਿਯੋਗੀ ਚੈਸਟਰ
ਆਸਟਰੇਲੀਆ ਵਿੱਚ ਵੱਸਦਾ ਹੈ, ਸੋ ਉਹ ਮੇਰੇ ਸਮੇਂ ਖੇਤਰ ਮੁਤਾਬਕ 5 ਘੰਟਿਆਂ ਦੇ
ਕਰੀਬ ਅੱਗੇ ਹੈ ਅਤੇ ਇਸਤਰਾਂ ਲੋਕਾਂ ਨੂੰ ਜਵਾਬ ਲਈ ਕਾਫ਼ੀ ਘੱਟ ਸਮਾਂ ਲੱਗੇਗਾ।
ਸੋ ਕੰਮ ਵੀ ਘੱਟ ਜਾਵੇਗਾ ਅਤੇ ਸਾਨੂੰ ਸਹੂਲਤ ਰਹੇਗਾ, ਫੇਡੋਰਾ ਦਾ ਖੇਤਰ ਵੀ
ਲਗਾਤਾਰ ਫੈਲ ਰਿਹਾ ਹੈ, ਲੋਕ ਹੁਣ ਵੈੱਬਸਾਇਟ ਨੂੰ ਅਨੁਵਾਦ ਕਰਨ ਦੀ ਮੰਗ
ਕਰਨ ਲੱਗੇ ਹਨ। ਹਾਲਾਂਕਿ ਫੇਡੋਰਾ ਸਾਫਟਵੇਅਰ ਦਾ ਅਨੁਵਾਦ ਸੀ, ਹੁਣ ਪਰ

->ਸਾਫਟਵੇਅਰ
->ਦਸਤਾਵੇਜ਼
->ਵੈੱਬਸਾਇਟ

ਦੀ ਭਾਰੀ ਮੰਗ ਹੋਣ ਕਰਕੇ, ਇਹਨਾਂ ਉੱਤੇ ਖੋਜ ਕਰਨੀ ਲਾਜ਼ਮੀ ਹੈ, ਇਸਕਰਕੇ
ਭਾਰੀ ਸਮੇਂ ਦੇ ਨਾਲ ਕੰਮ ਦਾ ਲੋਡ ਵੀ ਵੱਧ ਜਾਵੇਗਾ।

ਜੁੰਮੇਵਾਰੀਆਂ ਦੀ ਇੱਕ ਨ੍ਹੇਰੀ ਮੇਰੇ ਸਾਹਮਣੇ ਆ ਗਈ ਹੈ। ਖ਼ੈਰ ਮੈਂ ਵੀ
ਕਮਰ ਕੱਸ ਲਈ ਹੈ।
"ਵੇਲ਼ਾ ਸਖ਼ਤ ਤੇ ਖਾਲਸਾ ਮਸਤ"

ਰੱਬ ਦੇ ਆਸਰੇ ਕਰਕੇ ਜੁੰਮੇਵਾਰੀ ਨੂੰ ਹੱਥ ਪਾ ਲਿਆ ਹੈ ਅਤੇ ਉਸ ਦੇ
ਆਸਰੇ ਨਾਲ ਸਿਰੇ ਵੀ ਚੜ੍ਹਾਵਾਗੇ। ਧੰਨਵਾਦ ਉਸ ਅਕਾਲ ਪੁਰਖ
ਦਾ ਕਿ ਫੇਡੋਰਾ ਪਰੋਜੈੱਕਟ ਵਿੱਚ ਪਹਿਲਾਂ ਭਾਰਤੀ ਹਾਂ, ਜਿਸ ਨੂੰ
ਮੇਨਟੇਨਰ (Maintainer) ਦੀ ਜੁੰਮੇਵਾਰੀ ਦਿੱਤੀ ਗਈ ਹੈ।
ਬਹੁਤ ਕੁਝ ਹਾਲੇ ਸਿੱਖਣ ਵਾਲਾ ਬਾਕੀ ਹੈ ਅਤੇ ਬਹੁਤ ਹੀ ਮੇਹਨਤ
ਕਰਨੀ ਪਵੇਗੀ। ਏਹ ਕੰਮ ਰੋਜ਼ਾਨਾ ਦੀ ਨੌਕਰੀ ਦੇ ਕੰਮ ਤੋਂ ਅੱਡ
ਕਰਨਾ ਹੈ।

ਹਮੇਸ਼ਾਂ ਵਾਂਗ ਤੁਹਾਡੇ ਸਭ ਤੋਂ ਸਹਿਯੋਗੀ ਦੀ ਉਮੀਦ ਰੱਖਦਾ ਹਾਂ।
ਚੰਗਾ ਵੀ ਦੋਸਤੋ, ਹੁਣ ਵਿਦਾ ਲੈਦਾਂ ਹਾਂ, ਮਿਲਦੇ ਹਾਂ ਫੇਰ


ਲਿਖਤੁਮ
ਆਲਮ

11 January, 2006

ਫਾਇਰਫਾਕਸ - ਵੱਖਰੇ ਅਨੁਵਾਦ ਵਾਲਾ ਪਰੋਜੈੱਕਟ

ਫਾਇਰਫਾਕਸ ਲਈ ਕੰਮ ਕਰਦਿਆਂ ਨੂੰ ਸਾਲ ਤੋਂ ਜ਼ਿਆਦਾ ਸਮਾਂ ਬੀਤ ਗਿਆ ਹੈ।
ਪਰ ਕੋਈ ਫਾਇਦਾ ਨੀਂ ਹੋਇਆ, ਭਾਵ ਕਿ ਜਾਰੀ ਨਹੀਂ ਕੀਤਾ ਗਿਆ ਹੈ। ਕਦੇ
ਆਹ ਨੁਕਸ ਆਂ,ਕਦੇ ਓਹ ਨੁਕਸ ਆਂ। ਮੇਰੇ 'ਕਲੇ ਨਾ ਏਦਾਂ ਨਹੀਂ ਹੋਇਆ ਹੈ, ਬਲਕਿ,
ਸਭ ਅਨੁਵਾਦ ਕਰਨ ਵਾਲਿਆਂ ਦਾ ਇਹੀ ਹਾਲ ਹੈ। ਗੁਜਰਾਤੀ, ਅਤੇ ਹੋਰ ਭਾਸ਼ਾਵਾਂ
ਵਾਲੇ ਵੀ ਏਦਾਂ ਹੀ ਬੈਠੇ ਹਨ।

ਜਦੋਂ ਰੀਲਿਜ਼ ਹੋਣਾ ਹੁੰਦਾ ਹੈ ਦੋ ਕੁ ਦਿਨ ਪਹਿਲਾਂ ਬੱਗ ਫਾਇਲ ਹੁੰਦਾ ਹੈ ਅਤੇ ਉਸ ਵਿੱਚ
ਲਿਖਿਆ ਹੁੰਦਾ ਹੈ ਕਿ ਆਹ ਸਮੱਸਿਆ ਹੈ, ਉਦਾਹਰਨ ਲਈ ਆਹ ਵੈੱਬ ਸਬੰਧ ਵੇਖੋ।
ਜਦੋਂ ਚੈਨਲ ਉੱਤੇ ਜਾਂਦੇ ਹਾਂ ਤਾਂ ਉਹ ਆਪਸ ਵਿੱਚ ਝਗੜ ਰਹੇ ਹੁੰਦੇ ਹਨ, ਕਿ ਗਲਤੀ
ਅੰਗਰੇਜ਼ੀ ਵਿੱਚ ਰੱਖਣੀ ਹੈ ਜਾਂ ਅਨੁਵਾਦ ਕਰਨਾ ਹੈ। ਆਖਰੀ ਜਦੋਂ ਨੂੰ ਕੋਈ ਗੱਲ਼ ਕਰ ਸਕੀਏ,
ਉਦੋਂ ਤੱਕ ਅੰਗਰੇਜ਼ੀ ਵਾਲਾ ਜਾਰੀ ਹੋ ਜਾਂਦਾ ਹੈ, ਸਾਡੀਆਂ ਭਾਸ਼ਾਵਾਂ ਏਦਾਂ ਹੀ ਰਹਿ ਜਾਂਦੀਆਂ
ਹਨ।
ਪਹਿਲਾਂ ਦਸੰਬਰ 2005 ਵਿੱਚ ਜਾਰੀ ਹੁੰਦਾ ਹੁੰਦਾ ਰਹਿ ਗਿਆ। ਫੇਰ ਕਹਿੰਦੇ ਕੋਈ ਨਾ
ਆਪਾਂ ਮਾਰਚ ਵਿੱਚ ਕਰਾਂਗੇ, ਪਰ ਫੇਰ ਕਹਿੰਦੇ ਕਿ ਤੁਹਾਡਾ ਤਾਂ ਗਲਤ ਹੈ, ਅਜੇ ਸੁਧਾਰ
ਦੀ ਲੋੜ ਹੈ, ਫੇਰ ਕਰਾਂਗਾਂ, ਜੇ ਪੁੱਛੀਏ ਕਿ ਕਿੱਥੇ ਗਲਤੀ ਹੈ ਤਾਂ ਕਹਿੰਦੇ ਹਨ ਕਿ ਤੁਸੀਂ
ਆਪ ਦਸਤਾਵੇਜ਼ ਵੇਖੋ।
ਫੇਰ ਹੁਣ ਨਵੰਬਰ ਵਿੱਚ ਵੀ ਜਾਰੀ ਨਹੀਂ ਹੋਇਆ, ਬਹੁਤ ਸਾਰੀਆਂ ਗਲਤੀਆਂ, ਜੋ ਉਹਨਾਂ ਨੇ
ਲੱਭੀਆਂ ਸਨ, ਪਾਇਕ (Pike) ਦੇ ਮਦਦ ਨਾਲ ਹੱਲ਼ ਕਰ ਦਿੱਤੀਆਂ, ਪਰ ਫੇਰ ਕਹਿੰਦੇ
ਜੀ ਅਜੇ ਵੀ ਅਸੀਂ ਤੁਹਾਡਾ ਵਰਜਨ ਜਾਰੀ ਕਰਨ ਲਈ ਅਸਮਰੱਥ ਹਾਂ, ਕਿਓ?, ਪਤਾ ਨੀਂ ਜੀਂ।

ਜਦੋਂ ਥੰਡਰਬਰਡ ਦੀ ਵੀ ਇਹੀ ਕਾਹਣੀ ਬਣੀ ਹੈ, ਕੰਮ ਤਾਂ ਕਰਦੇ ਰਹੇ, ਪਰ ਜਾਰੀ ਕਰਨ ਵਾਰੀ
ਪਤਾ ਨੀਂ ਕੀ ਗੋਲੀ ਵੱਜ ਜਾਂਦੀ ਹੈ। ਅਜੇ ਅੱਜ ਆਖਰੀ ਦਿਨ ਹੈ, ਬੱਗ ਵੀ ਫਾਇਲ ਨਹੀਂ ਕੀਤਾ
ਗਿਆ ਹੈ, ਵੇਖੋ ਜਾਰੀ ਕਰਦੇ ਹਨ ਕਿ ਨਹੀਂ।

ਜਿੱਥੇ ਤੱਕ ਹੁਣ ਗੱਲ਼ ਸੁਣੀ ਹੈ, ਕਿ ਗੂਗਲ ਨੇ ਫਾਇਰਫਾਕਸ ਨੂੰ ਹੱਥ ਲਾਇਆ ਹੈ। ਅਨੁਵਾਦ
ਕਰਦਿਆਂ ਬਹੁਤੇ ਸਬੰਧ ਵੀ ਬਦਲ ਗਏ ਹਨ, ਜਿਵੇਂ ਓ ਆਰ ਜੀ (.org) ਤੋਂ ਬਦਲ ਕੇ
ਡਾਟ ਕਾਮ (.com) ਬਣਾ ਦਿੱਤੇ ਗਏ ਹਨ। ਇਹਨਾਂ ਕਾਰਨਾਂ ਕਰਕੇ ਲੱਗਦਾ ਹੈ ਕਿ ਉਹਨਾਂ
ਦੀ ਨੀਤ ਬਦਲ ਗਈ ਹੈ।

ਚੱਲੋ ਵੇਖੋ ਕੀ ਬਣਦਾ ਹੈ। ਆਪਾਂ ਤਾਂ ਜਤਨ ਜਾਰੀ ਰੱਖੇ ਹਨ, ਅਤੇ ਰੱਖਣੇ ਹਨ, ਪਰ ਉਹ
ਕੀ ਕਰਦੇ ਹਨ, ਇਹ ਸਭ ਤੋਂ ਵੱਡੀ ਸਮੱਸਿਆ ਹੈ। ਇਹ ਪਰੋਜੈੱਕਟ ਨੇ ਸਭ ਤੋਂ ਜਿਆਦਾ
ਸਮਾਂ ਲਿਆ, ਜਦੋਂ ਕਿ ਅਨੁਵਾਦ ਤਾਂ ਸਿਰਫ਼ 2 ਹਫ਼ਤਿਆਂ ਵਿੱਚ ਹੀ ਖਤਮ ਕਰ ਦਿੱਤਾ
ਗਿਆ ਸੀ। ਹੁਣ ਤਾਂ ਅੱਕ ਕੇ ਆਪਣੀ ਵੈੱਬ ਸਾਇਟ ਉੱਤੇ ਹੀ ਜਾਰੀ ਕਰਨਾ ਹੈ।

ਅੱਲਾ ਹੀ ਅੱਲਾ ਕਰ ਪਿਆਰੇ, ਮੌਲਾ ਹੀ ਮੌਲਾ ਕਰ ਪਿਆਰੇ
ਲਿਖਤੁਮ
ਆਲਮ

31 December, 2005

ਪੰਜਾਬੀ ਉਪਭੋਗੀ ਨਾਲ ਮੁਲਾਕਾਤ

ਅੱਜ 31 ਦਸੰਬਰ 2005 ਦੀ ਸ਼ਾਮ ਪੰਜਾਬੀ ਟੀਮ ਲਈ ਸ਼ਾਨਦਾਰ ਹੋ ਨਿੱਬੜੀ,
ਜਦੋਂ ਅੱਜ ਸਾਨੂੰ ਪਹਿਲੇਂ ਪੰਜਾਬੀ ਵੇਹੜਾ (ਡਿਸਕਟਾਪ) ਉਪਭੋਗੀ ਦੇ ਰੂਬਰੂ ਹੋਣ
ਦਾ ਮੌਕਾ ਮਿਲਿਆ।

ਹਾਂ ਅੱਜ ਵਾਕਿਆ ਹੀ ਸਾਲ 2005 ਦਾ ਸਭ ਤੋਂ ਸ਼ਾਨਦਾਰ ਮੌਕਾ ਸੀ,
ਮੈਂ ਪੰਜਾਬੀ ਲੈੱਬ ਵਿੱਚੋਂ ਜਸਵਿੰਦਰ ਕੋਲੋਂ ਵਿਦਾ ਲੈਕੇ ਘਰੇ ਆ ਗਿਆ,
ਹੁਣ ਮੇਰਾ ਘਰੇ ਹੀ ਰਹਿਣ ਦਾ ਪਰੋਗਰਾਮ ਸੀ, ਕੰਮ ਵੀ ਕੋਈ ਹੈ ਨੀਂ ਸੀ,
ਬਸ ਤੇਲ ਵਿੱਚ ਮਿਲਾਵਟ ਹੋਣ ਕਰਕੇ ਮੋਟਰ-ਸਾਇਕਲ ਦੀ ਸਫ਼ਾਈ
ਕਰ ਰਹੇ ਸੀ, ਕਿ ਅਚਾਨਕ ਫੋਨ ਦੀ ਘੰਟੀ ਵੱਜੀ, ਜਸਵਿੰਦਰ ਸਿੰਘ
ਦਾ ਫੋਨ ਸੀ, ਮੈਂ ਸੋਚਿਆ ਹੁਣੇ ਤਾਂ ਉੱਥੇ ਜਾ ਕੇ ਆਇਆ ਹਾਂ, ਐਂਡੀ
ਛੇਤੀ ਕੀ ਹੋ ਗਿਆ? ਖ਼ੈਰ ਪਤਾ ਲੱਗਾ ਕੀ ਫਤਹਿਗੜ੍ਹ ਇੰਜਨਅਰਿੰਗ
ਕਾਲਜ ਤੋਂ ਸਰਦਾਰ ਅਜੇਪਾਲ ਸਿੰਘ ਜੀ ਅਟਵਾਲ ਆਏ ਹੋਏ ਹਨ,
ਤਾਂ ਮੈਨੂੰ ਹੈਰਾਨੀ ਦੀ ਹੱਦ ਨਾ ਰਹੀਂ, ਕਯਾ ਅਜੀਬ ਇਤਫ਼ਾਕ ਨੇ,
ਅੱਜ ਉਨ੍ਹਾਂ ਨੇ ਆਉਣਾ ਸੀ। ਮੈਂ ਛੇਤੀ ਨਾਲ ਜਾਣ ਦੀ ਤਿਆਰ ਕੀਤੀ
ਅਤੇ ਅੱਗੇ ਕੁਝ ਮਿੰਟਾਂ ਵਿੱਚ ਉੱਥੇ ਅੱਪੜ ਗਿਆ।

ਮੈਨੂੰ ਉਨ੍ਹਾਂ ਨਾਲ ਮਿਲ ਕੇ ਬਹੁਤ ਹੀ ਖੁਸ਼ੀ ਹੋਈ, ਗੱਲਾਂ ਤੁਰੀਆਂ ਤਾਂ
ਮੈਂ ਗੱਲ ਕੀਤੀ ਕਿ ਕੀ ਤੁਸੀਂ ਪੰਜਾਬੀ ਵੇਹੜੇ ਦੀ ਵਰਤੋਂ ਕੀਤੀ ਆਂ?
ਤਾਂ ਉਹਨਾਂ ਕਿਹਾ, "ਮੈਂ ਤਾਂ ਹਮੇਸ਼ਾ ਵਰਤਦਾ ਹਾਂ?"
"?"
"ਹਾਂ, ਮੈਂ ਕੇਡੀਈ ਦੀ ਵਰਤੋਂ ਕਰਦਾ ਹਾਂ!"
"ਤੁਸੀਂ ਪੰਜਾਬੀ ਵਿੱਚ ਵਰਤਦੇ ਹੋ?" ਮੈਨੂੰ ਅੱਜੇ ਤੱਕ ਵੀ ਯਕੀਨੀ ਨਹੀਂ ਸੀ
ਆ ਰਿਹਾ
"ਹਾਂ ਮੈਂ ਤਾਂ ਉਦੋਂ ਤੋਂ ਇਸ ਦੀ ਵਰਤੋਂ ਕਰ ਰਿਹਾ ਹਾਂ, ਜਦੋਂ ਤੋਂ ਤੁਹਾਡੇ ਕੋੋਲੋਂ
ਕੇਡੀਈ ਦੇ ਪੈਕੇਜ ਬਾਰੇ ਪਤਾ ਕੀਤਾ ਸੀ!" ਉਹਨਾਂ ਨੂੰ ਮੇਰੇ ਨਾ ਮੰਨਣ ਉੱਤੇ
ਹੈਰਾਨੀ ਜਿਹੀ ਹੋ ਰਹੀ ਸੀ।
"?" ਮੇਰਾ ਤਾਂ ਹੈਰਾਨੀ ਨਾਲ ਮੁੱਖ ਅੱਡਿਆ ਹੀ ਰਹਿ ਗਿਆ।
ਕੋਈ ਪੰਜਾਬੀ ਵੇਹੜਾ ਦੀ ਵਰਤੋਂ ਕਰਨ ਵਾਲਾ ਮੇਰੇ ਸਾਹਮਣੇ ਬੈਠਾ ਸੀ,
ਇਹ ਤਾਂ ਮੈਂ ਸੋਚ ਵੀ ਨਹੀਂ ਸੀ ਸਕਦਾ, ਮੇਰੇ ਦਿਲ ਵਿੱਚ ਅੱਜ ਇੰਨੀ ਖੁਸ਼ੀ
ਸੀ ਕਿ ਮੈਂ ਬਿਆਨ ਨਹੀਂ ਸੀ ਕਰ ਸਕਦਾ, ਉਹਨਾਂ ਮੇਰੇ ਚੇਹਰੇ ਤੋਂ ਲੱਭ ਲਿਆ
ਕਿ ਅਜੇ ਮੈਨੂੰ ਯਕੀਨ ਨਹੀਂ ਸੀ ਆਇਆ, ਇਸਕਰਕੇ ਉਹਨਾਂ ਆਪਣਾ
ਲੈਪਟਾਪ ਖੋਲ ਕੇ ਵੇਖਾਇਆ, ਜਦੋਂ ਸ਼ੁਰੂ ਵੇਲੇ ਹੀ ਪੰਜਾਬੀ ਵਿੱਚ ਵੇਖ
ਲਿਆ ਤਾਂ ਮੇਰੇ ਦਿਲ, ਦਿਮਾਗ ਅਤੇ ਰੂਹ ਵਿੱਚ ਮਚੀ ਹੱਲਚਲ ਠੈਹਰ ਗਈ।

ਹੁਣ ਤਾਂ ਮੇਰੇ ਕੋਲ ਧੰਨਵਾਦ ਕਰਨ ਲਈ ਲਫ਼ਜ਼ ਨਹੀਂ ਸਨ, ਪਹਿਲੀਂ ਵਾਰ
ਮੈਂ ਅਤੇ ਜਸਵਿੰਦਰ ਅਜੇਹੇ ਵਿਅਕਤੀ ਦੇ ਸਾਹਮਣੇ ਬੈਠੇ ਸਾਂ, ਜਿਸ ਨੇ ਆਪਣੇ
ਕੰਪਿਊਟਰ ਉੱਤੇ ਪੰਜਾਬੀ ਵਿੱਚ ਵਰਤੋਂ ਕੀਤੀ, ਪਹਿਲੀਂ ਵਾਰ ਸਾਨੂੰ ਆਪਣੇ
ਉਹਨਾਂ ਸਾਥੀਆਂ ਨਾਲ ਮੁਲਾਕਾਤ ਦਾ ਮੌਕਾ ਮਿਲਿਆ, ਜਿਨ੍ਹਾਂ ਨਾਲ
ਅਸੀਂ ਆਪਣੀ ਕੀਤੀ ਮੇਹਨਤ ਨੂੰ ਖਰ੍ਹਾ ਮੰਨ ਸਕਦੇ ਹਨ, ਮੇਲਾਂ ਰਾਹੀਂ,
ਫੋਨਾਂ ਰਾਹੀਂ, ਚਿੱਠੀਆਂ ਰਾਹੀਂ, ਅਸੀਂ ਲੋਕਾਂ ਕੋਲੋਂ ਸੁਣਿਆ ਜ਼ਰੂਰ ਸੀ,
ਪਰ ਇਹ ਮੁਲਾਕਾਤ ਨੇ ਜੋ ਸਾਨੂੰ ਸਕੂਨ ਦਿੱਤਾ, ਉਹ ਤਾਂ ਸਾਡੀ
ਕਲਪਨਾ ਤੋਂ ਬਾਹਰ ਸੀ।

ਉਹਨਾਂ ਦੱਸਿਆ ਕਿ ਸਿਰਫ਼ ਉਹੀ ਨਹੀਂ ਉਹਨਾਂ ਦੇ ਕਾਲਜ ਵਿੱਚ
4-5 ਸਾਥੀ ਹੋਰ ਵੀ ਪੰਜਾਬੀ ਵਿੱਚ ਕੰਪਿਊਟਰ ਦੀ ਵਰਤੋਂ ਕਰਦੇ ਹਨ,
ਜਦੋਂ ਵੀ ਉਹਨਾਂ ਨੂੰ ਕਿਤੇ ਵੀ ਕੰਪਿਊਟਰ ਉੱਤੇ ਲੀਨਕਸ ਇੰਸਟਾਲ
ਕਰਨ ਦਾ ਮੌਕਾ ਮਿਲਦਾ ਹੈ, ਤਾਂ ਉਹ ਪੰਜਾਬੀ ਵਿੱਚ ਹੀ ਕਰਦੇ ਹਨ
ਅਤੇ ਲੋਕਾਂ ਨੂੰ ਵੀ ਪੰਜਾਬੀ ਵਿੱਚ ਵਰਤਣ ਲਈ ਪਰੇਰਦੇ ਹਨ।

ਬਾਅਦ ਵਿੱਚ ਅਸੀਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇਨ੍ਹੇ ਚਿਰਾਂ
ਦੇ ਇਸ ਦੀ ਵਰਤੋਂ ਕਰ ਰਹੇ ਹੋ ਤਾਂ ਤੁਸੀਂ ਸਾਨੂੰ ਕਦੇ ਦੱਸਿਆ ਨੀਂ,
ਭਾਵ ਕਿ ਕਦੇ ਸੁਝਾਅ, ਕੋਈ ਫੀਡ-ਬੈਕ ਤਾਂ ਭੇਜੀ ਹੀ ਨਹੀਂ ਤਾਂ
ਉਹਨਾਂ ਨੇ ਕਿਹਾ ਕਿ ਕਦੇ ਲੋੜ ਨਹੀਂ ਸਮਝੀ, ਪਰ ਹੁਣ ਭੇਜਿਆ ਕਰਨਗੇ।

ਖ਼ੈਰ ਇਹ ਸੰਖੇਪ ਜੇਹੀ ਮੁਲਾਕਾਤ ਹੀ ਸਾਡੇ ਲਈ ਡਾਢੀ ਹੋ ਨਿਬੜੀ।
ਜਾਂਦੇ ਵਰ੍ਹੇ ਨੇ ਸਾਨੂੰ ਅਜੇਹਾ ਸ਼ਾਨਦਾਰ ਤੁਹਫ਼ਾ ਦਿੱਤਾ ਕਿ ਮੈਂ ਇਸ ਨੂੰ
ਆਪਣੀ ਜਿੰਦਗੀ ਦਾ ਬਹੁਤ ਹੀ ਹਸੀਂ ਪਲ਼ਾਂ ਵਿੱਚ ਜੋੜ ਲਿਆ।
ਧੰਨਵਾਦ ਅਜੇਪਾਲ ਸਿੰਘ ਅਟਵਾਲ ਹੋਰਾਂ ਦਾ, ਜਿੰਨ੍ਹਾਂ ਮੈਨੂੰ ਇਹ ਸਮਾਂ
ਬਖ਼ਸਿਆ ਅਤੇ ਉਸ ਵਾਹਿਗੁਰੂ ਦਾ ਵੀ, ਜਿਸ ਦੀ ਅਪਾਰ ਰਹਿਮਤ
ਸਕਦਾ ਮੈਨੂੰ ਮੌਕਾ ਮਿਲਿਆ ਆਪਣੇ ਪਹਿਲਾਂ ਪੰਜਾਬੀ ਵੇਹੜਾ ਉਪਭੋਗੀ ਦੇ
ਦਰਸ਼ਨ ਕਰਨ ਦਾ।

ਚੰਗਾ ਵੀ ਦੋਸਤੋ, ਤੁਹਾਨੂੰ ਇਸ ਵਰ੍ਹੇ ਦੇ ਖਤਮ ਹੋਣ ਦੀ ਬਹੁਤ ਬਹੁਤ ਮੁਬਾਰਕਾਂ, ਅਤੇ
ਉਮੀਦ ਕਰਦਾ ਹਾਂ ਕਿ ਤੁਸੀਂ ਬੀਤੇ ਵਰ੍ਹੇ ਦਾ ਪੂਰਾ ਆਨੰਦਾ ਮਾਣਿਆ ਹੋਵੇਗਾ ਅਤੇ
ਆਉਣ ਵਾਲਾ ਵਰ੍ਹਾ ਤੁਹਾਡੇ ਸਭ ਵੀਰਾਂ ਲਈ ਖੁਸ਼ੀਆਂ, ਆਨੰਦ ਅਤੇ ਤਰੱਕੀ
ਲੈਕੇ ਆਵੇ ਅਤੇ ਵਾਹਿਗੁਰੂ ਤੁਹਾਡੀਆਂ ਅਤੇ ਤੁਹਾਡੇ ਪਰਿਵਾਰ ਦੀਆਂ ਖੁਸ਼ੀਆਂ ਵਿੱਚ
ਬੇਅੰਤ ਵਾਧਾ ਕਰੇ। ਦੁਨਿਆਂ ਵਿੱਚ ਅਮਨ ਚੈਨ ਕੈਮ ਰਹੇ ਅਤੇ ਅੱਤਵਾਦੀ ਤੇ ਜਬਰ-ਜ਼ਲਮ
ਵਿੱਚ ਕਮੀਂ ਆਵੇ।

ਨਾਨਕ ਨਾਮ ਚੜ੍ਹਦੀ ਕਲਾ,
ਤੇਰੇ ਭਾਣੇ ਸਰਬੱਤ ਦਾ ਭਲਾ,

ਲਿਖਤੁਮ
ਆਲਮ
31 ਦਸੰਬਰ 2005