ਪਿੰਡ ਆਲਮਵਾਲਾ ਕਲਾਂ ਦਾ ਮੁੰਡਾ,ਜੋ ਆਪਣੀ ਮਾਂ ਬੋਲੀ ਨਾਲ ਪਿਆਰ ਕਰਦਾ ਏ। ਖੁੱਲੇਪਨ ਦੀ ਵਕਾਲਤ ਕਰਦਾ, ਹਰ ਚੀਜ਼ ਲੱਗਦੀ ਤਾਰਾ ਜਿਸ ਨੂੰ ਜ਼ਿੰਦਗੀ 'ਚ ਕਦੇ ਨਾ ਕਦੇ ਭਟਕਣ ਮੁੱਕ ਜਾਂਦੀ ਏ ਤੇ ਜਾਪਦਾ ਹੈ ਵਕਤ ਠਹਿਰ ਗਿਆ ਹੈ... ਮੇਰਾ ਵਕਤ ਹੁਣ ਰੁਕਿਆ ਜਾਪਦਾ ਹੈ, ਜਿੱਥੇ ਬੀਤਿਆ, ਹੁਣ ਤੇ ਭਵਿੱਖ ਇਕੱਠੇ ਨੇ... ਉਦਾਸ ਰਾਹਾਂ ਤੋਂ ਗੁਜ਼ਰ ਕੇ ਹੁਣ ਸਿੱਧੇ ਪੱਧਰ ਰਾਹ 'ਤੇ ਆ ਗਿਆ ਹਾਂ ਸੱਚੀ ਸਮਾਂ ਕਦੇ ਨਹੀਂ ਰੁਕਦਾ ਪਰ, ਹੁਣ ਮੰਜ਼ਲ ਦੇ ਨਾਲ ਨਾਲ ਤੁਰਿਆ ਆਲਮ
26 July, 2008
ਕੈਨੇਡਾ ਹਾਈ ਕਮਿਸ਼ਨ ਵੀ ਐਨਾ ਹੌਲੀ??
ਅਤੇ ਮੋਜ਼ੀਲਾ ਕਨਫਰੰਸ ਲੰਘ ਗਈ ਹੈ:-(
ਕੈਨੇਡਾ ਹਾਈ ਕਮਿਸ਼ਨ ਐਨਾ ਹੌਲੀ ਕੰਮ ਕਰਦਾ ਕਿ ਇੱਕ ਮਹੀਨੇ ਬਾਅਦ
ਵੀ ਕੰਮ ਨਾ ਹੋਵੇ? ਸ਼ਾਇਦ ਹੌਲੀ ਹੈ, ਪਰ ਇਹ ਉਮੀਦ ਨਹੀਂ ਸੀ।
ਵੈਸੇ ਜੇ ਤੁਹਾਨੂੰ ਕਦੇ ਕੈਨੇਡਾ ਜਾਣ ਦਾ ਮੌਕਾ ਮਿਲੇ ਤਾਂ
ਦਿੱਲੀ ਹਾਈ ਕਮਿਸ਼ਨ ਅਪਲਾਈ
ਕਰਨ ਦੀ ਬਜਾਏ ਵੀ.ਐਫ.ਐਸ ਦੇ ਰਾਹੀ ਅਪਲਾਈ
ਕਰੋ, ਜੋ ਕਿ ਤੁਹਾਡੀ ਐਪਲੀਕੇਸ਼ਨ ਨੂੰ ਇੱਕ ਜਾਂ ਦੋ ਦਿਨਾਂ ਵਿੱਚ ਵਾਪਸ ਭੇਜ ਦਿੰਦੇ ਹਨ।
ਵਾਕਿਆ ਹੀ ਕਾਫ਼ੀ ਤੇਜ਼ ਪਰੋਸੈਸ ਹੈ, ਮੈਂ ਸੋਚਿਆ ਦਿੱਲੀ ਹਾਈ ਕਮਿਸ਼ਨ ਵੀ
ਇੰਝ ਹੀ ਕੰਮ ਕਰਦਾ ਹੋਵੇਗਾ, ਬੱਸ ਹਾਈ ਕਮਿਸ਼ਨ ਵਾਲੇ ਕੋਰੀਅਰ ਲੈ ਲੈਂਦੇ ਹਨ
ਅਤੇ VFS ਵਾਲੇ ਨਹੀਂ ਲੈਂਦੇ, ਸੋਚਿਆ ਸੀ ਕਿ ਐਵੇਂ ਜਾਣ ਉੱਤੇ 2000 ਲੱਗੇਗਾ ਬੰਬੇ,
ਇਸਕਰਕੇ ਕੋਰੀਅਰ ਕਰ ਦਿੱਤਾ, ਪਰ ਉਨ੍ਹਾਂ ਆਹ ਕੰਮ ਕੀਤਾ, ਮਹੀਨੇ 'ਚ ਕੇਸ ਫਾਈਨਲ
ਨੀਂ ਕੀਤਾ, ਕਾਹਣੀ ਤਾਂ ਹੋਰ ਵੀ ਹੈ, ਪਰ ਕਹਿਣ ਦਾ ਕੋਈ ਫਾਇਦਾ ਨੀਂ ਹੈ,
ਬੱਸ ਬਾਈ ਜੇ ਕੇਸ ਲਾਉਣਾ VFS ਸੈਂਟਰ 'ਚ ਹੀ ਅਪਲਾਈ ਕਰੋ, ਇਹੀ ਬੇਨਤੀ ਹੈ!
18 July, 2008
ਇੰਟੈੱਲ (Intel) ਦਾ ਚੇਹਰਾ ਹੋਇਆ ਨੰਗਾ
ਸਭ ਆਪਣੇ ਕੰਪਿਊਟਰਾ ਵਿੱਚ ਵਰਤਦੇ ਹੋ (ਸਭ=ਬਹੁਤੇ) ਅਤੇ ਸੀ.ਪੀ.ਯੂ
ਬਣਾਉਣ ਵਿੱਚ ਇੱਕ ਮੋਹਰੀ ਕੰਪਨੀ ਦੇ ਰੂਪ ਵਿੱਚ ਮਸ਼ਹੂਰ ਹੈ ਇਹ, ਹੁਣ
ਛੇਤੀ ਹੀ ਯੂਰਪੀਅਨ ਯੂਨੀਅਨ ਕਮਿਸ਼ਨ ਵਲੋਂ ਲਾਏ ਦੋਸ਼ਾਂ ਦਾ ਸਾਹਮਣਾ
ਕਰਨ ਜਾ ਰਹੀ ਹੈ, ਜਿਸ ਮੁਤਾਬਕ ਇੰਟੈੱਲ ਨੇ ਆਪਣੇ ਮੁਕਾਬਲੇ
ਦੀਆਂ ਕੰਪਨੀਆਂ (ਏ.ਐਮ.ਡੀ (AMD) ਹੀ ਹੈ), ਦਾ ਮਾਲ ਘੱਟ
ਵਿਕਾਉਣ ਲਈ ਘਟੀਆਂ ਅਤੇ ਕਮੀਨੇ ਹੱਥ ਕੰਡੇ ਵਰਤੇ ਹਨ।
ਇਹ ਬੀ.ਬੀ.ਸੀ ਦੀ ਤਾਜ਼ਾ ਖ਼ਬਰ ਹੈ।
ਖ਼ਬਰ ਮੁਤਾਬਕ ਇੰਟੈੱਲ ਨੇ ਡੀਲਰਾਂ ਨੂੰ AMD ਦੇ ਪਰੋਡੱਕਟ
ਨਾ ਰੱਖਣ ਅਤੇ ਕੇਵਲ ਇੰਟੈੱਲ ਹੀ ਵੇਚਣ ਲਈ ਪੈਸੇ ਦੇਣ ਦਾ
ਦੋਸ਼ ਹੈ। ਇਸ ਵਿੱਚ ਇਹ ਵੀ ਸਾਫ਼ ਹੀ ਕਿਹਾ ਗਿਆ ਹੈ ਕਿ
ਇੰਟੈੱਲ ਨੇ ਆਪਣੀ ਤਾਕਤ (ਪੈਸੇ) ਦਾ ਇਸਤੇਮਾਲ ਕਰਕੇ
ਮੁਕਾਬਲਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਗਾਹਕਾਂ/ਕੰਪਨੀਆਂ ਨੂੰ
AMD ਨਾ ਖਰੀਦਣ ਜਾਂ ਆਰਡਰ ਲੇਟ ਉੱਤੇ ਭਾਰੀ ਡਿਸਕਾਉਟ
ਦਿੱਤੇ ਜਾ ਰਹੇ ਹਨ।
ਜੇ ਇਹ ਕੇਸ ਸਿੱਧ ਹੋ ਜਾਂਦਾ ਹੈ ਤਾਂ ਇੰਟੈੱਲ ਨੂੰ ਆਪਣੇ ਕੁੱਲ ਮੁਨਾਫੇ
ਦਾ 10% ਤੱਕ ਜੁਰਮਾਨਾ ਭਰਨਾ ਪੈ ਸਕਦਾ ਹੈ।
ਇਹ ਹਾਲਤ ਤਾਂ ਭਾਰਤ ਵਿੱਚ ਵੀ ਹੈ, ਸ਼ਾਇਦ ਕੋਈ ਪੁੱਛਣ ਵਾਲਾ ਹੀ ਨਹੀਂ ਹੈ।
ਭਾਰਤ ਵਿੱਚ ਡੈੱਲ ਕੰਪਨੀ ਕੇਵਲ ਇੰਟੈੱਲ ਹੀ ਵੇਚਦੀ ਹੈ, ਅਤੇ ਜਦੋਂ
AMD ਲੈਪਟਾਪ ਦੀ ਗੱਲ਼ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਮਹਿੰਗਾ ਪਵੇਗਾ,
ਇਹ ਬਾਹਰੋਂ ਮੰਗਵਾਉਣਾ ਪਵੇਗਾ, ਇਸ ਉੱਤੇ ਟੈਕਸ ਲੱਗੇਗਾ ਅਤੇ ਮੈਨੂੰ
ਇਹ ਕੁੱਲ ਮਿਲਾ ਕੇ 4 ਹਜ਼ਾਰ ਰੁਪਏ ਮਹਿੰਗਾ ਦਿੱਤਾ।
ਇਹ ਤਾਂ 'ਚੋਰਾਂ ਨਾਲ ਕੁੱਤੀ ਰਲਣ਼' ਵਾਲੀ ਗੱਲ਼ ਹੈ। ਇੰਝ ਹੀ ਹਾਲ ਭਾਰਤ
ਵਿੱਚ ਮਾਈਕਰੋਸਾਫਟ ਦਾ ਹੈ। ਜੇ ਮੈਂ ਵਿੰਡੋਜ਼ ਇੰਸਟਾਲ ਨਹੀਂ ਲੈਂਦਾ ਤਾਂ ਵੀ
ਲੈਪਟਾਪ ਉਸ ਕੀਮਤ ਦਾ ਹੀ ਹੈ, ਜਿੰਨ੍ਹੇ ਦਾ ਬਿਨਾਂ ਇੰਸਟਾਲ ਕੀਤਿਆਂ ਤਾਂ
ਕੀ ਮਾਈਕਰੋਸਾਫ਼ਟ ਮੁਫ਼ਤ ਸਾਫਟਵੇਅਰ ਵੇਚ ਰਹੀ ਹੈ? ਇਹ ਤਾਂ ਹੋ ਨਹੀਂ
ਸਕਦਾ, ਫੇਰ ਬਿਨਾਂ ਵਿੰਡੋਜ਼ ਤੋਂ ਲੈਪਟਾਪ ਦੀ ਕੀਮਤ ਘੱਟ ਕਿਓ ਨਹੀਂ?
ਖ਼ੈਰ ਇਹ ਸਵਾਲ ਤਾਂ ਗੁੰਡਾਗਰਦੀ ਦਾ ਹੈ ਅਤੇ ਹਾਲੇ ਭਾਰਤ ਵਰਗੇ ਮੁਲਕਾਂ
ਨੂੰ ਯੂਰਪੀਅਨ ਯੂਨੀਅਨ ਤੋਂ ਸਿੱਖਣ ਦੀ ਲੋੜ ਹੈ।
ਪੂਰੀ ਖ਼ਬਰ ਅੰਗਰੇਜ਼ੀ ਵਿੱਚ ਪੜ੍ਹੋ
16 July, 2008
ਇੱਕ ਪਰਾਈਵੇਟ ਕਾਲਜ ਦੀ ਲਾਪਰਵਾਹੀ ਅਤੇ ਬਦਮਾਸ਼ੀ...
ਪੜ੍ਹਾਈ ਸ਼ਾਮ ਲਾਲ ਥਾਪਰ ਨਰਸਿੰਗ ਕਾਲਜ, ਮੋਗਾ ਤੋਂ ਕੀਤੀ ਸੀ, ਇੱਕ ਪੇਪਰ
ਆਪਣੀ ਲਾਪਰਵਾਹੀ ਨਾਲ ਰਹਿ ਸੀ ਅਤੇ ਬਾਅਦ ਵਿੱਚ ਹੁਣ ਦਿੱਤਾ,
ਪਿਛਲੇ ਸਾਲ ਸਤੰਬਰ ਵਿੱਚ ਪੇਪਰ ਲੈਣ ਸਮੇਂ ਵੀ ਕਾਲਜ ਵਾਲਿਆਂ ਨੇ ਬੜਾ
ਬਕਵਾਸ ਕੀਤਾ ਅਤੇ ਲਾਪਰਵਾਹੀ ਤੋਂ ਕੰਮ ਲਿਆ, ਪਰ ਖ਼ੈਰ ਕਿਵੇਂ ਨਾ ਕਿਵੇਂ
ਕਰਕੇ ਪੇਪਰ 'ਚ ਬਿਠਾ ਲਿਆ ਅਤੇ ਮੈਂ ਉਸੇ ਹੀ ਦਿਨ ਚੰਡੀਗੜ੍ਹ ਰੋਲ ਨੰਬਰ
ਲੈਣ ਲਈ ਭੇਜਿਆ, ਨਰਸਿੰਗ ਕੌਂਸਲ ਪੰਜਾਬ (PNRC) ਵਾਲਿਆਂ ਨੇ ਇਸ ਲਈ ਕਾਲਜ ਵਾਲਿਆਂ
ਨੂੰ ਗਾਲ੍ਹਾਂ ਕੱਢੀਆਂ ਅਤੇ ਕਾਲਜ ਵਾਲੇ ਇਸ ਵਾਲੇ ਸਾਨੂੰ ਕੋਸਦੇ ਰਹੇ, ਖ਼ੈਰ
ਉਸ ਸਮੇਂ ਤੱਕ ਮੈਂ ਬਹੁਤ ਇਸ ਮੁੱਦੇ ਬਾਰੇ ਜਾਣਦਾ ਨਹੀਂ ਸਾਂ, ਪਰ ਇਸ ਮਗਰੋਂ
ਰਿਜੇਲਟ ਲੇਟ ਹੋ ਗਿਆ, ਚੰਡੀਗੜ੍ਹ ਵਾਲੇ ਕਹਿਣ ਕਿ ਫਰੀਦਕੋਟ (ਬਾਬਾ
ਫਰੀਦ ਯੂਨੀਵਰਸਿਟੀ) ਅਤੇ ਉਹ ਕਹਿੰਦੇ ਕਿ ਅਸੈੱਸਮੈਂਟ ਕਾਲਜ ਵਾਲਿਆਂ
ਭੇਜੀ ਹੀ ਨਹੀਂ, ਫੇਰ ਕਾਲਜ ਵਾਲੇ ਦਾ ਉਹੀ ਪੈਸੇ ਖਾਣ ਦਾ ਬਹਾਨਾ ਕਿ
ਅਸੀਂ ਤਾਂ ਕੱਠੀਆਂ ਹੀ ਭੇਜੀਆਂ ਸਨ। ਖ਼ੈਰ 500 ਰੁਪਏ ਲੈਕੇ ਕਾਲਜ
ਵਾਲਿਆਂ ਮਸਲਾ ਸੁਧਾਰਿਆਂ ਅਤੇ 19 ਜੂਨ ਨੂੰ ਰਿਜੇਲਟ ਯੂਨੀਵਰਸਿਟੀ ਤੋਂ ਮਿਲ ਗਿਆ,
ਹੁਣ ਮਾਰਚ 'ਚ ਪੇਪਰ ਦੇਣ ਦਾ ਮੌਕਾ ਤਾਂ ਲੰਘ ਹੀ ਗਿਆ ਸੀ, ਕਿਉਂਕਿ ਰਿਜੇਲਟ ਵਾਸਤੇ
ਕਾਲਜ ਵਾਲਿਆਂ ਨੇ ਭਕਾਈ ਕਰਵਾਈ, ਹੁਣ ਰਿਲੇਜਟ ਮਿਲ ਗਿਆ ਤਾਂ ਸਤੰਬਰ ਦੇ ਪੇਪਰ
ਦੀ ਡੇਟ ਵੀ ਖਤਮ ਹੋ ਰਹੀ ਸੀ ਤਾਂ ਕਾਲਜ ਜਾਣਾ ਹੀ ਸੀ, ਕਾਲਜ ਵਾਲੇ ਕਹਿੰਦੇ ਕਿ ਸਾਡੇ
ਕੋਲ ਰਿਜਲਟ ਹੀ ਨਹੀਂ ਆਇਆਂ, ਚੰਡੀਗੜ੍ਹ ਜਾਓ, ਉੱਥੇ ਗਏ ਤਾਂ ਕਹਿੰਦੇ ਕਿ
ਅਸੀਂ ਡਿਸਪੈਂਚ ਕਰ ਦਿੱਤਾ ਹੈ ਅਤੇ ਆਹ ਡਿਸਪੈਂਚ ਨੰਬਰ ਹੈ, ਕਾਲਜ ਵਾਲਿਆਂ ਨੇ
ਵੇਖਾ ਦਿੱਤਾ ਕਿ ਸਾਨੂੰ ਕੋਈ ਚਿੱਠੀ ਮਿਲੀ ਹੀ ਨਹੀਂ, ਪਰ ਇਹ ਲਿਖ ਕੇ ਦੇਣ ਨੂੰ ਤਿਆਰ ਨਹੀਂ
ਕਿ ਚਿੱਠੀ ਮਿਲੀ ਨਹੀਂ, ਹੁਣ ਤਾਰੀਖ ਲੰਘ ਗਈ ਇਸੇ ਹੀ ਕੰਮ ਵਿੱਚ, ਜਦੋਂ ਅੱਜ ਬਾਜੀ
(ਦਾਦਾ ਜੀ) ਹੋਰੀ ਗਏ ਤਾਂ ਉਹੀ ਗੱਲ਼ ਕਿ ਰਿਜੇਲਟ ਨਹੀਂ ਆਇਆ, ਪਰ ਅਸੀਂ
ਲਿਖ ਕੇ ਨਹੀਂ ਦੇਣਾ, ਆਖਰੀ ਕੀ ਕੀਤਾ ਜਾਵੇ। ਕਾਲਜ ਦੀ ਪ੍ਰਿੰਸੀਪਲ
ਸ੍ਰੀਮਤੀ ਸੁਨੀਤਾ ਨੇ ਹੱਦ ਤਾਂ ਉਦੋਂ ਕਰ ਦਿੱਤੀ, ਜਦੋਂ ਉਸ ਨੇ ਕਿਰਨ ਨੂੰ ਕਿਹਾ ਹੈ
ਕਿ "ਜਾਂ ਤਾਂ ਜੁਆਕ ਜੰਮ ਲਵੋ ਜਾਂ ਪੇਪਰ ਦੇ ਲਵੋ"
ਇਹ ਕਿਸ ਤਰ੍ਹਾਂ ਦੀ ਭਾਸ਼ਾ ਹੈ, ਇਹ ਕੀ ਬੋਲਣ ਦਾ ਢੰਗ ਹੈ, ਤੁਹਾਡੇ ਸਟੂਡੈਂਟ ਹਨ, ਭਾਵੇਂ ਕੱਲ੍ਹ ਦੇ
ਹਨ, ਇਸ ਗੱਲ਼ ਲਈ ਉਨ੍ਹਾਂ ਨੂੰ ਸਾਬਸ਼ ਤਾਂ ਕੀ ਕਹਿਣਾ ਕਿ ਹਾਲੇ ਵੀ ਪੇਪਰ ਦਿੰਦੇ ਹਨ,
ਉਨ੍ਹਾਂ ਨੂੰ ਉਤਸ਼ਾਹਿਤ ਤਾਂ ਕਰਨੀ ਹੈ, ਉਨ੍ਹਾਂ ਦੀ ਮੱਦਦ ਤਾਂ ਕੀ ਕਰਨੀ ਹੈ ਕਿ ਤੁਸੀਂ
ਧੱਕੇ ਕਾਹਤੋਂ ਖਾਂਦੇ ਹਨ, ਅਸੀਂ ਛੇਤੀ ਕੰਮ ਕਰ ਦਿੰਦੇ ਹਾਂ, ਉਲਟਾ ਉਨ੍ਹਾਂ ਨੂੰ ਬੇਇੱਜ਼ਤ ਕੀਤਾ ਜਾਂਦਾ ਹੈ।
ਇਹ ਕਿੰਨੀ ਘਟੀਆਂ ਗੱਲ਼ ਹੈ ਕਿ ਉਹ ਪ੍ਰਿੰਸੀਪਲ ਵੀ ਮਾਂ ਬਣੀ ਹੋਵੇਗੀ ਅਤੇ ਉਸਦੇ ਵੀ
ਬੱਚੇ ਹੋਣਗੇ, ਕੀ ਉਸ ਨੇ ਇੱਕ ਪਲ਼ ਵੀ ਇਹ ਨਾ ਸੋਚਿਆ?
ਕੀ ਬੱਚੇ ਹੋਣ ਤੋਂ ਬਾਅਦ ਬੰਦੇ ਨੂੰ ਪੜ੍ਹਨਾ ਛੱਡ ਦੇਣਾ ਚਾਹੀਦਾ ਹੈ, ਜਾਂ ਬੱਚੇ ਹੋਣੇ ਹੀ ਨਹੀਂ
ਚਾਹੀਦੇ। ਇਹ ਸ਼ਾਇਦ ਸਾਡੀ ਘਟੀਆ ਸੋਚ ਦਾ ਨਤੀਜਾ ਹੈ ਅਤੇ ਪ੍ਰਿੰਸੀਪਲ ਵਰਗੇ
ਅਹੁਦੇ ਉੱਤੇ ਹੋਕੇ ਵੀ ਜਿਸ "ਔਰਤ" ਦੀ ਇਹ ਸੋਚ ਹੋਵੇ, ਉਹ ਬਹੁਤ ਘਟੀਆ
ਘਰ ਜੰਮੀ ਹੋਈ ਧੀ ਹੋਵੇਗੀ।
ਖ਼ੈਰ ਹਾਲੇ ਮਸਲਾ ਹੱਲ਼ ਨਹੀਂ ਹੋਇਆ ਅਤੇ ਕਾਲਜ ਵਲੋਂ ਆਪਣੇ ਸੱਚਮੁੱਚ ਹੀ
ਘਟੀਆ ਕਿਰਦਾਰ ਦਾ ਮੁਜ਼ਾਰਾ ਹਾਲੇ ਵੀ ਜਾਰੀ ਹੈ, ਇੱਕ ਹੋਰ ਕੁੜੀ, ਜੋ ਕਿ
ਕਿਰਨ ਦੀ ਹਮ-ਜਮਾਤਣ ਸੀ, ਦੇ ਦੋ ਸਾਲ ਪੇਪਰ ਨਹੀਂ ਦਿੱਤੇ (ਪਤਾ ਨਹੀਂ ਕਿਸ
ਕਾਰਨ ਕਰਕੇ), ਤਾਂ ਕਾਲਜ ਵਾਲਿਆਂ ਬੜੀ ਬੇਸ਼ਰਮੀ ਨਾਲ 17,000 ਰੁਪਏ ਦੀ
ਮੰਗ ਕੀਤੀ ਗਈ, ਇਹ ਗੱਲ਼ ਤਾਂ ਚੰਡੀਗੜ੍ਹ ਨਰਸਿੰਗ ਕੌਂਸਲ ਜਾ ਕੇ ਪਤਾ ਲੱਗੀ
ਕਿ ਇੰਝ ਦੀ ਕੋਈ ਵੀ ਫੀਸ ਜਾਂ ਚਾਰਜ ਹਨ ਹੀ ਨਹੀਂ।
ਇੱਕ ਸਰਕਾਰੀ ਕਾਲਜ ਦੇ ਭਾਰਤ 'ਚ ਇੰਝ ਦੇ ਬਕਵਾਸ ਕਰਨ (ਅਸਲ
'ਚ ਗੁੰਡਾਗਰਦੀ ਕਰਨ) ਦੀ ਗੱਲ਼ ਤਾਂ ਸਮਝ ਆ ਸਕਦੀ ਹੈ ਕਿ ਉਨ੍ਹਾਂ
ਨੂੰ ਕਾਲਜ ਚੱਲਣ ਜਾਂ ਨਾ-ਚੱਲਣ ਨਾਲ ਕੋਈ ਮਤਲਬ ਨਹੀਂ ਹੈ, ਪਰ
ਇੱਕ ਪ੍ਰਾਈਵੇਟ ਕਾਲਜ ਵਲੋਂ, ਅਤੇ ਉਹ ਵੀ ਮਾਲਤੀ ਥਾਪਰ ਵਰਗੀ
ਹਸਤੀ (ਕਾਂਗਰਸ ਦੇ ਪੰਜਾਬ ਪੱਧਰ ਦੇ ਲੀਡਰਾਂ 'ਚ ਸ਼ਾਮਲ ਹੈ ਮੈਂਡਮ)
ਦੇ ਕਾਲਜ ਵਿੱਚ ਇੰਝ ਦੇ ਪਰਬੰਧ ਦਾ ਹੋਵੇ ਤਾਂ ਲੱਖ ਲਾਹਨਤਾਂ ਨੇ।
ਦੁਕਾਨਦਾਰੀ ਤਾਂ ਚਲਾਉਣੀ ਹੈ, ਜੇ ਤੁਸੀਂ ਇੰਝ ਹੀ ਚਲਾਉਗੇ ਤਾਂ ਤੁਹਾਡੇ
ਸਟੂਡੈਂਟ ਬਾਹਰ ਕਿਸੇ ਨੂੰ ਕੀ ਕਹਿਣਗੇ ਕਿ ਸਾਡੇ ਕਾਲਜ ਵਾਲਿਆਂ ਨੂੰ
ਬੋਲਣ ਦੀ ਵੀ ਤਮੀਜ਼ ਨਹੀਂ?
ਕੀ ਕਰੀਏ, ਪੰਜਾਬ 'ਚ ਬਹੁਤੇ ਪ੍ਰਾਈਵੇਟ ਕਾਲਜਾਂ ਦਾ ਇਹੀ ਹਾਲ ਹੈ,
ਜਦੋਂ ਕਿ ਪ੍ਰਾਈਵੇਟ ਪੈਸੇ ਤਾਂ ਲੁੱਟਦੇ ਹਨ, ਪਰ ਉਨ੍ਹਾਂ ਤੋਂ ਚੰਗੀ ਰਵੱਈਆ
ਰੱਖਣ ਦੀ ਉਮੀਦ ਕੀਤੀ ਜਾਣੀ ਚਾਹੀਦੀ ਹੈ। ਇਹ ਫ਼ਰਕ ਤਾਂ ਮੈਨੂੰ
ਪੂਨੇ ਆ ਕੇ ਪਤਾ ਲੱਗਾ ਹੈ, ਗਾਹਕ ਨੂੰ ਗਾਹਕ ਸਮਝਣਾ ਚਾਹੀਦਾ ਹੈ,
ਜਦੋਂ ਪੈਸੇ ਲੈਣੇ ਹਨ ਤਾਂ ਬੋਲੋ ਤਾਂ ਚੰਗੀ ਤਰ੍ਹਾਂ, ਜੇ ਬੋਲ ਨੀਂ ਸਕਦੇ ਤਾਂ
ਘੱਟੋ-ਘੱਟ ਮਾੜਾ ਤਾਂ ਨਾ ਬੋਲੋ...
ਇਹ ਆਪਣੇ ਲੋਕ ਇਹ ਪੂਨੇ ਤੋਂ ਸਿੱਖਣਗੇ (ਅੰਗਰੇਜ਼ਾਂ ਤੋਂ ਸਿੱਖਣ ਨੂੰ
ਤਾਂ ਗੋਲੀ ਮਾਰੋ) ਜਾਂ ਬਾਹਰੋਂ ਆ ਕੇ ਕੇਵਲ ਗੋਰਿਆਂ ਦੇ ਗੁਣ ਹੀ ਗਾਉਦੇ ਰਹਿਣਗੇ?
Dr.Sham Lal Thapar Nursing School, Moga
08 July, 2008
ਰੈੱਡ ਹੈੱਟ ਵਿੱਚ 4 ਵਰ੍ਹੇ...
'ਚ ਕੰਮ ਕਰਦਿਆਂ। ਮੇਰੇ ਲਈ ਬੜੇ ਮਾਣ ਵਾਲੀ ਗੱਲ਼ ਹੈ ਕਿ ਚਾਰ ਸਾਲ ਲਗਾਤਾਰ
ਇੱਕ ਹੀ ਕੰਪਨੀ ਵਿੱਚ ਰਿਹਾ ਅਤੇ ਹਾਲੇ ਵੀ ਹਾਂ। ਇਹਨਾਂ ਚਾਰ ਸਾਲਾਂ ਵਿੱਚ
ਜਿੰਦਗੀ ਕਿੰਨੀਆਂ ਮੰਜ਼ਲਾਂ ਸਰ ਕਰ ਗਈ ਅਤੇ ਕਿੰਨਾ ਕੁਝ ਸਿੱਖਿਆ, ਜੋ
ਆਉਣ ਵਾਲੇ ਸਫ਼ਰ ਲਈ ਮੀਲ ਪੱਥਰ ਸਾਬਤ ਹੋਏ ਅਤੇ ਹੋਣਗੇ।
ਚਾਰ ਸਾਲ ਪਹਿਲਾਂ, 8 ਜੁਲਾਈ ਨੂੰ ਪੂਨੇ ਜੁਆਇੰਨ ਕੀਤਾ ਸੀ, ਜਦੋਂ ਕਿ ਰੈੱਡ ਹੈੱਟ
ਦਾ ਆਪਣਾ ਦਫ਼ਤਰ ਵੀ ਨਹੀਂ ਸੀ ਹੁੰਦਾ, ਉਦੋਂ ਕੇਵਲ ਹੋਰ ਕੰਪਨੀ ਦੇ ਦਫ਼ਤਰ 'ਚ
ਬੈਠਦੇ ਸਾਂ, ਪੰਜ ਭਾਸ਼ਾਵਾਂ ਦੇ ਟਰਾਂਸਲੇਟਰ ਸਨ ਅਤੇ ਸਾਡੀ ਮੈਨੇਜਰ ਸਾਰਾ ਵੈਂਗ
ਰਿਮੋਟ (ਬਰਿਸਬੇਨ) ਹੁੰਦੀ ਸੀ, ਉਹ ਸਾਨੂੰ ਮਿਲਣ, ਟਰੇਨਿੰਗ ਦੇਣ ਲਈ ਆਈ
ਹੋਈ ਸੀ।
ਸਵੇਰੇ ਦਿੱਲੀਓ 7 ਵਜੇ ਫਲਾਈਟ ਸੀ ਸਹਾਰਾ ਦੀ, ਰਾਤੀਂ ਦਿੱਲੀ ਮਾਮਾ ਜੀ ਅਤੇ
ਦੋਸਤ ਨਰਿੰਦਰਪਾਲ ਸਿੰਘ ਨਾਲ ਆਇਆ ਹੋਇਆ ਸੀ। ਏਅਰਪੋਰਟ ਤੋਂ ਟੈਕਸੀ
ਉੱਤੇ ਹੋਟਲ, ਨਹਾ ਧੋ ਕੇ, ਤਿਆਰ ਹੋ ਕੇ ਦਫ਼ਤਰ ਗਿਆਰਾਂ ਵਜੇ ਅੱਪੜ੍ਹਿਆ।
ਸਾਰਾ ਹਾਲੇ ਆਈ ਨਹੀਂ ਸੀ, ਪਰ ਛੇਤੀ ਹੀ ਹੋਰ ਕਈ ਜਾਣੇ ਆ ਗਏ।
ਪਹਿਲਾਂ ਦਿਨ ਤਾਂ ਖਾਣ-ਪੀਣ, ਜਾਣ ਪਛਾਣ ਕਰਨ ਨਾਲ ਲੰਘ ਗਿਆ।
ਕਿਸੇ ਨੂੰ ਵੀ ਨਹੀਂ ਜਾਣਦਾ ਇੱਥੇ, ਕੇਵਲ ਸਾਰਾ ਨੂੰ ਹੀ ਮਿਲਿਆ ਸਾਂ।
ਖ਼ੈਰ ਹੁਣ ਰੈੱਡ ਹੈੱਟ ਦਾ ਆਪਣਾ ਦਫ਼ਤਰ ਹੈ, ਜਿੱਥੇ ਸੌ ਤੱਕ ਬੰਦੇ ਕੰਮ ਕਰਦੇ ਹਨ,
ਜਿੱਥੇ ਹੁਣ ਕਈਆਂ ਨੂੰ ਤਾਂ ਜਾਣਦੇ ਵੀ ਨਹੀਂ ਹਾਂ:-)
ਮੈਂ ਵੀ ਹੁਣ ਟਰਾਂਸਲੇਟਰ ਤੋਂ ਕੁਆਲਟੀ ਇੰਜੀਨੀਅਰ ਬਣ ਗਿਆ, ਤਨਖਾਹ ਚਾਰਾਂ ਸਾਲਾਂ
ਵਿੱਚ ਦੁਗਣੀ ਹੋ ਗਈ, ਵਿਆਹ ਹੋ ਗਿਆ, ਬੱਚੇ ਹੋ ਗਏ, ਜਿੰਦਗੀ ਦਾ ਇੱਕ ਹਿੱਸਾ
ਬਣ ਗਿਆ ਪੂਨਾ ਅਤੇ ਚਾਰ ਸਾਲਾਂ ਇੱਥੇ ਹੋ ਗਏ, ਵਕਤ ਬਹੁਤ ਛੇਤੀ ਲੰਘ ਗਿਆ,
ਸ਼ਾਇਦ ਵਕਤ ਦੀ ਚਾਲ ਤਾਂ ਉਹੀ ਰਹਿੰਦੀ ਹੈ, ਮਹਿਬੂਬ ਮਿਲਣ ਦੇ ਬਾਅਦ ਵਕਤ
ਗੁਜ਼ਰਨ ਵਾਂਗ ਇਹ ਗੁਜ਼ਰ ਗਿਆ ਪਲ਼ਾਂ 'ਚ ਹੀ।
ਗੁਜ਼ਰੇ ਵੇਲੇ ਨੂੰ ਯਾਦ ਕਰਨ ਦਾ ਕੀ ਫਾਇਦਾ ਸੁਣਦੇ ਹਾਂ, ਪਰ ਛੱਡੀ ਨੀਂ ਜਾਂਦੀ ਤਨ ਉੱਤੇ ਹੰਢਾਏ ਵਕਤ ਦੇ ਪਹਿਚਾਨ
ਆਉਣ ਵਾਲੇ ਦੀ ਪਛਾਣ, ਜੁਬਾਨ, ਸਭ ਗੁਜ਼ਰੇ ਦੀ ਨਿਸ਼ਾਨੀ ਏ, ਅੱਜ, ਭਲਕ ਉੱਤੇ ਦਿੱਸਦੇ ਨੇ ਮੇਰੇ ਗੁਜ਼ਰੇ ਦੇ ਨਿਸ਼ਾਨ
23 June, 2008
ਪੰਜਾਬੀ ਫਾਇਰਫਾਕਸ ਦੀ ਖ਼ਬਰ ਮਹਾਂਰਾਸ਼ਟਰ ਦੇ ਅਖ਼ਬਾਰ ਦੀ ਸੁਰਖੀ - ਵਧਾਈਆਂ
ਡੀਐਨਏ ਅਖ਼ਬਾਰ ਵਿੱਚ ਰੰਗਦਾਰ ਪੇਜ਼ ਉੱਤੇ ਛਪੀ ਹੈ, ਬਿਲਕੁਲ, ਜੇ ਯਕੀਨ
ਨਹੀਂ ਆਉਦਾ ਤਾਂ ਏਥੇ ਵੇਖੋ
ਮੇਰੇ ਘਰ ਪੂਨੇ ਵਿੱਚ ਇਹ ਰੋਜ਼ਾਨਾ ਆਉਣ ਵਾਲਾ ਪੇਪਰ ਹੈ, ਅੱਜ ਅਚਾਨਕ
ਮੇਰੀ ਨਿਗ੍ਹਾ ਪੈ ਗਈ, ਹੈਂ ਪੰਜਾਬੀ ਦੀ ਖ਼ਬਰ ਏਥੇ, ਬਹੁਤ ਖੁਸ਼ੀ ਹੋਈ
ਪੜ੍ਹ ਕੇ, ਖ਼ਬਰ ਵਿੱਚ ਹਿੰਦੀ 'ਚ ਰੀਲਿਜ਼ ਨਾ ਹੋਣ ਉੱਤੇ ਸਵਾਲ
ਕੀਤੇ ਗਏ ਸਨ। ਉਨ੍ਹਾਂ ਦੇ ਜਵਾਬ ਵਿੱਚ ਮੋਜ਼ੀਲਾ ਦੇ ਸਪੋਕਸ-ਮੈਨ
ਵਲੋਂ ਜਵਾਬ 'ਚ ਕਿਹਾ ਗਿਆ ਉਹ ਠੀਕ ਤਰ੍ਹਾਂ ਨਾਲ ਹੈਂਡਲ ਨਹੀਂ
ਕਰ ਸਕੇ ਅਤੇ ਉਨ੍ਹਾਂ ਨੂੰ ਹੋਰ ਮੇਹਨਤ ਕਰਨ ਦੀ ਲੋੜ ਹੈ।
ਇਸ ਸਬੰਧ ਵਿੱਚ ਮੈਂ ਉਸ ਨਾਲ ਸਹਿਮਤ ਹਾਂ, ਮੋਜ਼ੀਲਾ ਵਾਲੇ
ਕਿਸੇ ਵੀ ਭਾਸ਼ਾ ਦੀ ਖੁੱਲ੍ਹ ਕੇ ਹਿਮਾਇਤ ਨਹੀਂ ਕਰਦੇ, ਇਹ ਨਹੀਂ
ਕਰਦੇ ਕਿ ਇਹ ਭਾਸ਼ਾ ਹੀ ਕਰਨੀ ਹੈ, (ਕਿਉਂਕਿ ਉਹ ਕਦੇ ਵੀ
ਟਰਾਂਸਲੇਟਰ ਨਹੀਂ ਰੱਖਦੇ ਹਨ।)
ਦੂਜੀ ਗੱਲ ਹੈ ਕਿ ਕੁਝ ਸਮੱਸਿਆਵਾਂ ਤਾਂ ਹਨ, ਪਰ ਫਾਇਦੇ ਵੀ
ਹਨ, ਇਹ ਗੱਲ਼ ਠੀਕ ਹੈ ਕਿ ਤੁਹਾਨੂੰ ਇਹ ਢੰਗ, ਕਾਰਵਾਈ
ਰੋਜ਼ ਵੇਖਣੀ ਪੈਂਦੀ ਹੈ (ਫਾਲੋ ਕਰਨੀ ਪੈਂਦੀ ਹੈ), ਨਿੱਕੀ ਨਿੱਕੀ
ਗਲਤੀ ਦਾ ਧਿਆਨ ਰੱਖਦੇ ਹਨ, ਪਰ ਇਹੀ ਤਾਂ ਤਾਕਤ ਹੈ,
ਇਸ ਦਾ ਤਾਂ ਹੀ ਫਾਇਦਾ ਹੈ, ਤੁਹਾਨੂੰ ਤੁਹਾਡਾ ਪੈਕੇਜ ਕੇਵਲ
15 ਮਿੰਟ 'ਚ ਤਿਆਰ ਮਿਲ ਜਾਂਦਾ ਹੈ। ਇਹ ਪਰੋਸੈਸ ਹੈ,
ਸਭ ਤੋਂ ਸ਼ਾਨਦਾਰ, ਪਰ ਤੁਹਾਨੂੰ ਇਸ ਵਾਸਤੇ ਧਿਆਨ ਰੱਖਣਾ ਪੈਂਦਾ ਹੈ,
ਜੋ ਕਿ ਅਕਸਰ ਭਾਰਤੀ ਕਮਿਊਨਟੀਆਂ ਕਦੇ ਨਹੀਂ ਕਰਦੀਆਂ,
ਉਹ ਉਸ ਤੇਜ਼ੀ ਨੂੰ ਨਹੀ ਫੜਦੀਆਂ, ਉਹ ਜਤਨ ਕਰਨ ਦੀ
ਖੇਚਲ ਨਹੀਂ ਕਰਦੀਆਂ, ਜੋ ਕਰਨੇ ਚਾਹੀਦੇ ਹਨ, ਮੰਨਿਆ ਕਿ
ਪੰਜਾਬੀ ਅਤੇ ਗੁਜਰਾਤੀ ਬਹੁਤ ਚਿਰ ਪਹਿਲਾਂ ਦੀਆਂ ਭਾਸ਼ਾਵਾਂ ਹਨ,
ਪਰ ਸਿੰਹਾਲਾ (ਸ੍ਰੀਲੰਕਾ ਦੀ ਭਾਸ਼ਾ) ਕੁਝ ਚਿਰ 'ਚ ਹੀ ਧਿਆਨ ਨਾਲ
ਕਾਰਵਾਈ ਕਰਦੇ ਹੋਏ ਰੀਲਿਜ਼ ਹੋ ਚੁੱਕੀ ਹੈ।
ਖ਼ੈਰ, ਜਦੋਂ ਪਰੋਸੈੱਸ ਬਦਲਣ ਦੀ ਤਾਕਤ ਨਾ ਹੋਵੇ ਤਾਂ ਉਸ ਮੁਤਾਬਕ
ਚੱਲਣਾ ਚਾਹੀਦਾ ਹੈ, ਖਾਸ ਕਰਕੇ ਜਦੋਂ ਮੋਜ਼ੀਲਾ ਵਰਗਾ ਪਰੋਸੈਸ, ਜਿਸ
ਦੇ ਸ਼ਾਨਦਾਰ ਫਾਇਦੇ ਵੀ ਹਨ। ਇਸ ਵਾਸਤੇ ਮੋਜ਼ੀਲਾ ਨੂੰ ਕੋਸਣਾ ਗਲਤ ਹੈ,
ਜੋ ਕਿ ਏਥੇ ਚੱਲ ਰਿਹਾ ਹੈ!
ਖ਼ੈਰ ਇਹ ਗੱਲਾਂ 'ਚ ਡੂੰਘੇ ਚੱਲੇ ਗਏ, ਮੈਂ ਤਾਂ ਸਿਰਫ਼ ਧਿਆਨ ਖਿੱਚਣਾ
ਚਾਹੁੰਦਾ ਸੀ ਪੰਜਾਬੀ ਅਖ਼ਬਾਰਾਂ ਦੀ ਕਿਸੇ ਨੇ ਧਿਆਨ ਰੱਖਿਆ?
ਕੀ ਕਿਸੇ ਨੇ ਗੱਲ਼ ਕੀਤੀ ਹੈ, ਪਰ ਸ਼ਾਇਦ ਨਹੀਂ। ਸਾਡੀ ਪੰਜਾਬੀ
ਟੀਮ ਨੇ ਕਦੇ ਕੋਸ਼ਿਸ਼ ਨਹੀਂ ਕੀਤੀ ਹੈ ਅਜਿਹੇ ਕੰਮ ਦੀ ਅਤੇ ਉਨ੍ਹਾਂ
ਕੋਲ ਟਾਈਮ ਨੂੰ ਇਹ ਲੱਭਣ ਦਾ।
ਖ਼ੈਰ ਇੱਕ ਵਾਰ ਫੇਰ ਪੰਜਾਬੀ ਟੀਮ ਨੂੰ ਵਧਾਈਆਂ ਕਿ ਕਿਸੇ ਨੇ
ਤਾਂ ਗੱਲ਼ ਕੀਤੀ!!
18 June, 2008
ਫਾਇਰਫਾਕਸ 3 - ਪੰਜਾਬੀ ਵਿੱਚ!
ਕੱਲ੍ਹ ਡਾਊਨੋਲਡ ਦਾ ਇਹ ਆਲਮ ਸੀ ਕਿ ਭਾਰਤ ਵਿੱਚ ਸਵੇਰ ਤੋਂ ਹੀ ਇਹ ਸਾਈਟ ਖੁੱਲ੍ਹ ਹੀ ਨਹੀਂ ਸੀ ਰਹੀ।
ਮੌਜੀਲਾ ਨੇ ਬਹੁਤ ਵਧੀਆ ਚਾਰਟ/ਗਰਾਫ਼ ਦਿੱਤਾ ਹੋਇਆ ਸੀ। ਅੱਜ ਦੀ ਰਿਪੋਰਟ ਮੁਤਾਬਕ 8 ਮਿਲੀਅਨ
(80 ਲੱਖ ਡਾਊਨਲੋਡ) 24 ਘੰਟਿਆਂ ਵਿੱਚ ਹੋਏ।
ਡਾਊਨਲੋਡ ਬਾਰੇ ਜਾਣਕਾਰੀ ਲਈ ਵੇਖੋ: ਵਰਲਡ ਰਿਕਾਰਡ
---
ਤਕਨੀਕੀ ਡਾਟਾ:
ਕੁੱਲ ਡਾਊਨਲੋਡ : 83 ਟੈਰਾਬਾਈਟ
17000 ਡਾਊਨਲੋਡ ਪ੍ਰਤੀ ਮਿੰਟ ਜਾਂ 283 ਡਾਊਨਲੋਡ ਪ੍ਰਤੀ ਸਕਿੰਟ!
ਵੱਧੋ-ਵੱਧ ਸਰਵਰ ਆਉਟਪੁੱਟ: 20 ਗੀਗਾਬਾਈਟ ਪ੍ਰਤੀ ਸਕਿੰਟ
---
ਇਸ ਵਿੱਚ ਇਹ ਸਾਰੇ ਪਲੇਟਫਾਰਮਾਂ ਲਈ ਰੀਲਿਜ਼ ਹੋਇਆ ਹੈ ਅਤੇ ਇੱਕਲੀ ਪੰਜਾਬੀ ਹੀ ਭਾਰਤੀ ਭਾਸ਼ਾ ਹੈ,
ਜਿਸ ਵਾਸਤੇ ਇਹ ਸਭ ਪਲੇਟਫਾਰਮਾਂ ਵਾਸਤੇ ਰੀਲਿਜ਼ ਹੋਇਆ ਹੈ। ਇਸ ਵਾਰ ਦੇ ਅਨੁਵਾਦ ਵਿੱਚ
ਹੋਰ ਚੀਜ਼ਾਂ ਤੋਂ ਇਲਾਵਾ ਕੁਝ ਮੁੱਢਲੇ ਵੈੱਬ ਸਾਈਟ ਪੇਜ਼ ਵੀ ਪੰਜਾਬੀ ਵਿੱਚ ਉਪਲੱਬਧ ਹਨ!
ਇਸ ਵਾਰ ਅਨੁਵਾਦ ਨੂੰ ਹੋਰ ਸੌਖਾਲਾ ਕਰਨ ਲਈ ਬਹੁਤ ਸ਼ਬਦ ਆਮ ਬੋਲ ਚਾਲ ਦੀ ਭਾਸ਼ਾ
ਮੁਤਾਬਕ ਰੱਖੇ ਗਏ ਹਨ
ਝਰੋਖਾ - > ਵਿੰਡੋ
ਕਾਰਜ - > ਐਪਲੀਕੇਸ਼ਨ
ਵਧੇਰੇ ਜਾਣਕਾਰੀ ਲਈ http://code.google.com/p/gurmukhi/wiki/PunjabiTraslationPhase2 ਵੇਖੋ।
ਡਾਊਨਲੋਡ:
http://www.mozilla.com/en-US/firefox/all.html
ਵਿੰਡੋਜ਼: http://download.mozilla.org/?product=firefox-3.0&os=win&lang=pa-IN
ਮੈਕ: http://download.mozilla.org/?product=firefox-3.0&os=osx&lang=pa-IN
ਲੀਨਕਸ: http://download.mozilla.org/?product=firefox-3.0&os=linux&lang=pa-IN
ਇਸ ਵਾਰ ਖਾਸ ਗੱਲ਼ ਇਹ ਰਹੀ ਹੈ, ਮੈਕ ਦੀ ਘਾਟ, ਜੋ ਕਿ ਪਿਛਲੀ ਵਾਰ ਖਿਟਕਦੀ ਰਹੀ, ਉਸ ਵਾਸਤੇ ਟੀਮ
ਵਿੱਚੋਂ 3 ਤੋਂ 4 ਮਸ਼ੀਨਾਂ ਰਹੀਆਂ ਅਤੇ ਤੁਹਾਡੇ ਲੋਕਾਂ ਦਾ ਲਗਾਤਾਰ ਜਵਾਬ ਦੇਣ ਕਰਕੇ ਇਹ ਰੀਲਿਜ਼ ਸੰਭਵ ਹੋ ਸਕਿਆ।
ਡਾਊਨਲੋਡ ਕਰਕੇ ਚਲਾਉਣ ਤੋਂ ਬਾਅਦ ਕੁਝ ਵੈੱਬਸਾਈਟ ਪੰਜਾਬੀ ਵਿੱਚ ਵੇਖਾਈ ਦੇਣਗੀਆਂ।
ਪੰਜਾਬੀ ਟੀਮ:
ਇਸ ਵਾਰ ਤੁਹਾਡਾ ਸਭ ਦਾ ਬਹੁਤ ਯੋਗਦਾਨ ਰਿਹਾ, ਫੇਰ ਵੀ ਮੈਂ ਕੁਝ ਵੀਰਾਂ ਦਾ ਖਾਸ ਤੌਰ ਉੱਤੇ
ਧੰਨਵਾਦ ਕਰਨਾ ਚਾਹੁੰਦਾ ਹਾਂ, ਜਿੰਨ੍ਹਾਂ ਖਾਸ ਤੌਰ ਉੱਤੇ ਅੱਪਡੇਟ ਦਿੱਤੇ, ਆਪਣੇ ਰੁਝੇਵੇਂ ਭਰੀ ਜਿੰਦਗੀ
ਵਿਚੋਂ ਟਾਈਮ ਕੱਢ ਕੇ ਸਾਡਾ ਸਾਥ ਦਿੱਤਾ:
Arvinder Kang
ਗਰੇਵਾਲ ਰਾਏਕੋਟੀ (Pav Grewal)
ਹਰੇਕ ਟੈਸਟ ਰੀਲਿਜ਼ ਦੌਰਾਨ ਇਨ੍ਹਾਂ ਨੇ ਯੋਗਦਾਨ ਦਿੱਤਾ ਅਤੇ ਇਹਨਾਂ ਦੀ ਮੱਦਦ
ਨਾਲ ਪੰਜਾਬੀ ਟੀਮ ਨੇ ਲਿਟਮਸ ਟੈਸਟਿੰਗ ਵੀ ਪੂਰੀ ਕੀਤੀ ਹੈ!
ਉਮੀਦ ਹੈ ਕਿ ਭਵਿੱਖ ਵਿੱਚ ਵੀ ਤੁਹਾਡਾ ਸਭ ਦਾ ਸਹਿਯੋਗ ਇਸੇਤਰ੍ਹਾਂ ਬਣਿਆ ਰਹੇਗਾ।
ਕੁਝ ਬਟਨ ਅਤੇ ਲੋਗੋ ਤੁਸੀਂ ਵੀ ਡਾਊਨਲੋਡ ਕਰਕੇ ਲਗਾ ਸਕਦੇ ਹੋ!
http://www.spreadfirefox.com/?q=affiliates/homepage
ਅਖੀਰ ਵਿੱਚੋਂ ਡਾਊਨਲੋਡ ਕਰਨ, ਵਰਤਣ ਅਤੇ ਸਾਨੂੰ ਸਹਿਯੋਗ ਦੇਣ ਲਈ ਸਭ ਦਾ ਧੰਨਵਾਦ
ਅਤੇ ਹਮੇਸ਼ਾ ਵਾਂਗ ਕੋਈ ਸੁਝਾਅ, ਕਮੀ ਪੇਸ਼ੀ ਜਾਂ ਸਿਕਾਇਤ ਹੋਵੇ ਤਾਂ ਮੇਲਿੰਗ ਲਿਸਟ ਉੱਤੇ ਭੇਜਣ
ਦੀ ਖੇਚਲ ਕਰਨੀ।
10 June, 2008
ਯੋਗਤਾ ਜਾਂ ਕੋਟਾ - ਅਮਰੀਕੀ ਰਾਸ਼ਟਰਪਤੀ ਦੀ ਚੋਣ ਇੱਕ ਸਬਕ
ਦਾ ਕਾਰਨ ਵੀ ਨਹੀਂ ਹੈ)। ਇੱਕ ਮਹਿਲਾ ਉਮੀਦਵਾਰ (ਹਿਲੇਰੀ ਕਲਿੰਟਨ) ਦੇ ਮੈਦਾਨ
ਵਿੱਚ ਹੋਣ ਕਰਕੇ ਮੈਨੂੰ ਕੁਝ ਸੀ। ਖ਼ੈਰ ਇਹ ਮੁਕਾਬਲਾ ਬੜਾ ਫਸਵਾਂ ਵੀ ਹੋਇਆ।
ਛੇ ਮਹੀਨਿਆਂ ਤੋਂ ਸਾਲ ਤੱਕ ਖਿੱਚਿਆ ਗਿਆ। ਇਸ ਵਿੱਚ ਬੜੀ ਢੁਕਵੀਂ ਗੱਲ
ਸੀ ਕਿ ਇੰਨ੍ਹੇ ਫਸਵੇਂ ਮਾਮਲੇ ਵਿੱਚ ਕਿਸੇ ਨੇ ਵੀ 'ਲੇਡੀਜ਼ ਫਸਟ' ਗੱਲ਼ ਨੀਂ ਕੀਤੀ,
ਆਖਰੀ ਮੌਕੇ ਵੀ ਇੱਕ ਹੀ ਕੰਪਨੀ ਵਿੱਚ ਕਿਸੇ ਨੇ ਹਿਲੇਰੀ ਨੂੰ ਕਿਹਾ ਨਹੀਂ ਕਿ
ਦੇਸ਼ ਦੀ ਪਹਿਲਾਂ ਲੇਡੀਜ਼ ਉਮੀਦਵਾਰ ਨੂੰ ਮੌਕਾ ਦੇਣਾ ਚਾਹੀਦਾ ਹੈ, ਕਿਸੇ ਨੇ
ਕਿਹਾ ਨਹੀਂ ਕਿ ਆਦਮੀ ਨੂੰ ਔਰਤ ਵਾਸਤੇ ਮੈਦਾਨ ਖਾਲੀ ਕਰ ਦੇਣਾ ਚਾਹੀਦਾ ਹੈ??
ਇਹ ਬਰਾਬਰੀ ਹੈ, ਸਮਾਜਿਕ ਬਰਾਬਰੀ, ਜਿੱਥੇ ਦੋਵਾਂ ਲਈ ਕੋਈ ਇਹ ਗੱਲ਼ ਨਾ ਕਰੇ
ਕਿ ਔਰਤ ਕਰਕੇ ਛੱਡ ਦਿੱਤਾ, (ਉਸ ਨੂੰ ਵਿਚਾਰੀ ਨੀਂ ਬਣਾਇਆ ਹੈ)।
ਜੇ ਕਿਤੇ ਇਹ ਭਾਰਤ ਵਿੱਚ ਹੁੰਦਾ ਤਾਂ ਨਾ ਚਾਹੁੰਦਿਆਂ ਹੋਇਆ ਵਿਰੋਧੀ ਪਾਰਟੀ
ਤੋਂ ਲੋਕਾਂ ਦੀਆਂ ਵੋਟਾਂ ਘਟਾਉਣ ਵਾਸਤੇ ਮਰਦ ਉਮੀਦਵਾਰ ਨੂੰ ਔਰਤ
ਵਾਸਤੇ ਇਸ ਫ਼ਰਕ ਤੋਂ ਦੂਣੇ ਨਾਲ ਵੀ ਦਾਆਵੇਦਾਰੀ ਛੱਡਣੀ ਪੈਂਦੀ।
ਬਹੁਤ ਦੂਰ ਜਾਣ ਦੀ ਗਲ਼ ਨੀਂ ਹੈ, ਕੁਝ ਦੇਰ ਪਹਿਲਾਂ ਹੀ ਤਾਂ ਭਾਰਤ ਵਿੱਚ
ਪਹਿਲੀਂ ਔਰਤ ਉਮੀਦਵਾਰ ਚੁਣੀ ਗਈ ਸੀ। ਉਸ ਵੇਲੇ ਜੋ ਇੱਕ ਪਾਰਟੀ
ਨੇ ਚਾਲ ਚੱਲੀ ਅਤੇ ਦੂਜੀ ਪਾਰਟੀ ਦੇ ਇੱਕ ਚੰਗੇ ਉਮੀਦਵਾਰ ਨੂੰ ਠੱਬੀ ਲਾਉਣ
ਲਈ ਐਡਾ ਪੱਤਾ ਖੇਡਿਆ ਕਿ ਦੂਜੀ ਪਾਰਟੀ ਪਹਿਲਾਂ ਹੀ ਚਿੱਤ ਹੋ ਗਈ।
(ਸਾਰੇ ਵੋਟਰਾਂ ਨੂੰ ਇਹ ਪਰਚਾਰਿਆ ਗਿਆ ਕਿ ਪਹਿਲਾਂ ਔਰਤ ਰਾਸ਼ਟਰਪਤੀ
ਦੇ ਰਾਹ ਵਿੱਚ ਵਿਰੋਧੀ ਪਾਰਟੀ ਰੋੜੇ ਅਟਕਾ ਰਹੀ ਹੈ ਅਤੇ ਦੂਜੀ ਧਿਰ ਕੋਲ
ਕੋਈ ਰਾਹ ਹੀ ਨਹੀਂ ਰਿਹਾ ਜਵਾਬ ਵਾਸਤੇ)। ਖ਼ੈਰ ਇਰ ਰਾਜਨੀਤੀ ਹੈ,
ਜਿਸ ਨੇ ਇਹ ਰਾਹ ਦੇ ਰੋੜੇ ਬਣਾ ਕੇ ਔਰਤ ਨੂੰ ਵਿਚਾਰ ਦਸ਼ਾ 'ਚ ਖੜ੍ਹਾ ਕੀਤਾ ਹੈ,
ਕੇਵਲ ਔਰਤ ਹੀ ਕਿਉ, SC, BC ਜਮਾਤਾਂ ਅਤੇ ਜਰਨਲ ਉਮੀਦਵਾਰ ਬਣਾ ਕੇ
ਨਫ਼ਰਤ ਦੀ ਦੀਵਾਰ ਖੜੀ ਕਰਨਾ ਦਾ ਕੰਮ ਵੀ ਇਹ ਕਰਦੇ ਹਨ।
ਇਹ ਸਭ ਮੌਕੇ ਮੈਂ ਇਸੇ ਲਈ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕੋਟਾ, ਰਿਜ਼ਰਵੇਸ਼ਨ,
ਅਤੇ ਰਾਖਵਾਂ ਕਰਨ ਦੀ ਨੀਤੀ ਨਾਲ ਦੇਸ਼ ਇੱਕ ਸੁਰ ਵਿੱਚ ਹੋਣ ਦੀ ਬਜਾਏ ਖਿੰਡ ਰਿਹਾ ਹੈ,
ਆਪਸ ਵਿੱਚ ਜਿਹੜੀ ਰਾਜਨੀਤੀ ਦੀ ਖੇਡ ਨੇਤਾ ਖੇਡ ਰਹੇ ਹਨ, ਉਹ ਦੇਸ਼ ਅਤੇ ਦੇਸ਼
ਦੇ ਨਾਗਰਿਕਾਂ ਦਾ ਘਾਣ ਕਰ ਰਹੀ ਹੈ। ਇਸ ਦੇ ਬਜਾਏ ਯੋਗ ਮੌਕੇ ਦੇ ਕੇ ਮੁਕਾਬਲਾ
ਬਰਾਬਰ ਦਾ ਰਹਿਣ ਦਿੱਤਾ ਜਾਵੇ। ਜੇ ਕੋਈ ਗਰੀਬ ਹੈ ਤਾਂ ਪੜ੍ਹਨ ਦਾ ਮੌਕਾ ਦਿਓ,
ਜੇ ਕੋਈ ਔਰਤ ਗਰੀਬ ਹੈ, ਕੁੜੀ ਪੜ੍ਹ ਨਹੀਂ ਸਕਦੀ ਤਾਂ ਪੂਰੀ ਮੱਦਦ ਦਿਓ, ਪਰ ਜਦੋਂ
ਉਹ ਟੈਸਟ ਵਿੱਚ ਬੈਠੇ, ਜਦੋਂ ਉਹ ਮੱਖ ਮੰਤਰੀ ਬਣਨ ਦੇ ਮੁਕਾਬਲੇ ਵਿੱਚ ਹੋਵੇ ਤਾਂ
ਉਸ ਦੇ ਔਰਤ ਹੋਣ ਨੂੰ ਭੁੱਲਾ ਦਿਓ, ਉਸ ਦੇ ਗੁਣਾਂ ਦੀ, ਔਗੁਣਾਂ ਦੀ ਬਰਾਬਰੀ ਕਰੋ,
ਤਾਂ ਕਿ ਕੱਲ੍ਹ ਨੂੰ ਉਸ ਨੂੰ ਵੀ ਨਿਮਾਣੀ ਨਾ ਹੋਣਾ ਪਵੇ, ਉਸ ਨੂੰ ਮਾਣ ਰਹੇ ਕਿ ਬਰਾਬਰੀ
ਦੇ ਮੁਕਾਬਲੇ 'ਚ ਜਿੱਤੀ ਹਾਂ।
ਅੰਤ ਵਿੱਚ, ਔਰਤ ਮਰਦ, ਜਾਤਾਂ ਦੇ ਵੱਖਰੇਵੇਂ ਵੀ ਰਾਜਨੀਤਿਕ ਪਾਰਟੀਆਂ ਦੀ
ਘਟੀਆਂ ਸੋਚ ਦਾ ਨਤੀਜਾ ਹਨ, ਜੋ ਕਿ ਸਾਡੇ ਵਰਗੇ ਵਿਕਾਸਸ਼ੀਲ ਦੇਸਾਂ ਵਿੱਚ ਹੀ
ਉਭਰਦੇ ਹਨ, ਜੇ ਤੁਸੀਂ ਆਪਣੇ ਆਪ ਨੂੰ ਵਿਕਸਤ ਮੁਲਕਾਂ ਵਿੱਚ ਵੇਖਣਾ ਚਾਹੁੰਦੇ ਹੋ ਤਾਂ
ਇਹ ਸੌੜੀਆਂ ਸੋਚਾਂ ਛੱਡੋ ਅਤੇ ਸਭ ਨੂੰ ਬਰਾਬਰੀ ਦੇ ਮੌਕੇ ਦਿਓ, ਸਮਾਜਵਾਦ ਸੰਵਿਧਾਨ
ਵਿੱਚ ਸ਼ਾਮਲ ਕਰਨ ਦੀ ਚੀਜ਼ ਨਹੀਂ ਹੈ, ਇਸ ਨੂੰ ਅਪਨਾਉਣ ਦੀ ਲੋੜ ਹੈ, ਘਰ ਘਰ
ਵਿੱਚ।
28 May, 2008
"ਰੱਬਾਂ" ਵਿੱਚ ਘਿਰਿਆ ਮੈਂ
ਚੰਗੀ ਤਰ੍ਹਾਂ ਕੀਤਾ, ਆਮ ਦਿਨਾਂ ਵਾਂਗਰ ਹੀ ਗੱਲਾਂ ਚੱਲ ਰਹੀਆਂ ਸਨ ਕਿ
ਗੱਲ ਚੱਲੀ "ਬੱਚੇ ਤਾਂ ਰੱਬ ਦਾ ਰੂਪ ਹੁੰਦੇ ਹਨ" ਹਾਂ ਬਿਲਕੁੱਲ ਠੀਕ,
ਬਿਲਕੁੱਲ ਰੱਬ ਦਾ ਰੂਪ!!
ਤੇ ਮਾਂ? "ਮਾਂ ਰੱਬ ਦਾ ਦੂਜਾ ਰੂਪ ਹੈ" ਵਾਹ ਆਹ ਕੀ ਬਣਿਆ ਵਈ?
ਹਾਂ ਮਾਂ ਰੱਬ ਦਾ ਦੂਜਾ ਰੂਪ, ਦੂਜਾ ਦਰਜਾ ਮਾਂ ਦਾ ਹੈ!
ਮੇਰੇ ਕੋਲ ਤਾਂ ਦੋਵੇਂ ਹੀ ਹਨ ਫੇਰ, ਬੱਚਾ ਅਤੇ ਮਾਂ ਦੋਵੇਂ ਇੱਕਠੇ!
ਹੋ ਗਏ ਨਾ ਦੋ ਰੱਬ ਮੇਰੇ ਕੋਲ:-)
ਹੁਣ ਇੱਕ ਰੱਬ ਦਾ ਰੂਪ ਹੈ ਅਤੇ ਦੂਜਾ ਰੱਬ ਦਾ ਦੂਜਾ ਰੂਪ!
ਕਿੰਨਾ ਵਧੀਆ ਹੈ ਨਾ, ਘਰ ਬਣ ਗਿਆ ਸੁਰਗ ਦਾ ਝੂਟਾ!
ਬਿਲਕੁਲ ਇੰਝ ਘਰੇ ਆਉਣ ਦਾ ਚਾਅ ਚੜ੍ਹਿਆ ਰਹਿੰਦਾ ਹੈ
ਅਤੇ ਸਭ ਨੂੰ ਇੰਝ ਹੀ ਹੁੰਦਾ ਹੈ, ਵਿਆਹ ਅਤੇ ਬੱਚੇ ਹੋਣ
ਤੋਂ ਬਾਅਦ ਸੁਰਗ ਘਰ ਤਾਂ ਹੀ ਬਣ ਜਾਂਦਾ ਹੈ, ਇਹ
ਗੱਲ ਹੁਣ ਸਮਝ 'ਚ ਆ ਰਹੀ ਹੈ!
ਕਦੇ ਕਦੇ ਰੱਬਾਂ 'ਚ ਘਿਰੇ ਨੂੰ ਇਹ ਸਮਝ ਨਹੀਂ ਆਉਦੀ ਹੈ ਕਿ
ਮੈਂ ਬਣਦਾ ਸਤਿਕਾਰ ਇਨ੍ਹਾਂ ਦਾ ਕਰ ਵੀ ਸਕਦਾ ਹਾਂ ਕਿ ਨਹੀਂ???
ਹੁਣ ਮੰਦਰ,ਮਸੀਤ,ਗੁਰਦੁਆਰੇ 'ਚ ਜਾਣ ਕੇ ਲੱਭਣ ਦੀ ਲੋੜ
ਨੀਂ, ਪਰ ਘਰ ਅਤੇ ਦਿਲ ਉਨ੍ਹਾਂ ਪਾਕ, ਪਵਿੱਤਰ ਕਰਨਾ ਪਵੇਗਾ,
ਰੱਬਾ ਮੇਹਰ ਕਰੀਂ! ਨਹੀਂ ਸੱਚ ਰੱਬੋ ਮੇਹਰ ਕਰਿਓ!!
20 May, 2008
ਲੋਕ, ਤੇਲ ਦਾ ਭਾਅ, ਵਿਗੜਦੀ ਆਰਥਿਕ ਹਾਲਤ ਅਤੇ ਸਰਕਾਰ
ਗਿਆ। ਮੈਂ ਕਾਫ਼ੀ ਦਿਨਾਂ ਤੋਂ ਇਹ ਭਾਅ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ
ਕਿ ਅਸਲ ਵਿੱਚ ਪੈਟਰੋਲ/ਡੀਜ਼ਲ ਕੰਪਨੀਆਂ ਵਲੋਂ ਅਸਲ ਭਾਅ ਹੈ ਕਿ,
ਨਾ ਕਿ ਜੋ ਬਜ਼ਾਰ ਵਿੱਚ ਮਿਲਦਾ ਭਾਅ, ਲਵੋ ਫੇਰ ਸੁਣ ਲਵੋ ਭਾਰਤ
ਵਿੱਚ ਇਹ, ਪਰ ਪਹਿਲਾਂ ਮਾਰਕੀਟ ਭਾਅ ਲਵੋ:
ਪੈਟਰੋਲ: 65 ਰੁਪਏ ਲੀਟਰ (ਜਿੱਥੇ ਸਰਕਾਰੀ ਕੰਪਨੀ ਸਬਸਿਡੀ ਨਾਲ
55 ਰੁਪਏ ਵੇਚਦੀ ਹੈ)
ਡੀਜ਼ਲ: 45 ਰੁਪਏ ਲੀਟਰ (ਜਿੱਥੇ ਸਰਕਾਰੀ ਕੰਪਨੀ ਸਬਸਿਡੀ ਨਾਲ 40 ਤੋਂ
ਘੱਟ ਵੇਚਦੀ ਹੈ)।
ਹੁਣ ਅਸਲ ਰੇਟ (ਭਾਅ) ਸੁਣ ਲਵੋ (ਬਿਨਾਂ ਸੇਲ ਟੈਕਸ, ਬਿਨਾਂ ਹੋਰ
ਸਰਕਾਰੀ ਟੈਕਸਟ ਤੋਂ)
ਪੈਟਰੋਲ: 20.93 ਰੁਪਏ ਪ੍ਰਤੀ ਲੀਟਰ
ਡੀਜ਼ਲ: 20.96 ਰੁਪਏ ਪ੍ਰਤੀ ਲੀਟਰ
ਰਸੋਈ ਗੈਸ ਸਿਲੰਡਰ ਦੀ ਕੀਮਤ ਦਿੱਤੀ ਨਹੀਂ ਸੀ, ਪਰ ਅੱਜ ਕੱਲ੍ਹ ਸਬਸਿਡੀ ਉੱਤੇ
305 ਰੁਪਏ ਮਿਲਦਾ ਹੈ, ਜਦੋਂ ਕਿ ਤੇਲ ਕੰਪਨੀਆਂ ਨੂੰ ਪੈ ਰਿਹਾ ਹੈ ਕਰੀਬ 610 ਰੁਪਏ ਦਾ।
ਇਸ ਸਭ ਕਰਕੇ ਰਿਲਾਇੰਸ ਵਰਗੀ ਵੱਡੀ ਕੰਪਨੀ ਨੇ ਤਾਂ ਪੰਪ ਹੀ ਬੰਦ ਕਰ ਦਿੱਤੇ
ਅਤੇ 1450 ਪੰਪਾਂ ਉੱਤੇ ਕੰਮ ਕਰਨ ਵਾਲੇ ਘਰ ਭੇਜ ਦਿੱਤੇ ਕਿਉਂਕਿ ਇਨ੍ਹਾਂ ਘਾਟਾ ਪਾਕੇ
ਤੇਲ ਨਹੀਂ ਵੇਚ ਸਕਦੇ ਉਹ। (ਖੈਰ ਸ਼ੈੱਲ ਦੇ ਪੰਪ ਹਾਲੇ ਚੱਲਦੇ ਹਨ।)
ਇਹ ਸਭ ਗੜਬੜ ਕਰਕੇ ਸਰਕਾਰੀ ਤੇਲ ਕੰਪਨੀਆਂ (ਇੰਡੀਅਨ ਆਇਲ, ਭਾਰਤ
ਪੈਟਰੋਲੀਅਮ, ਹਿੰਦੁਸਤਾਨ ਪੈਟਰੋਲੀਅਮ) ਨੂੰ ਰੋਜ਼ਾਨਾ 550 ਕਰੋੜ ਰੁਪਏ ਦਾ ਘਾਟਾ
ਪੈ ਰਿਹਾ ਹੈ ਅਤੇ ਇਹ ਘਾਟਾ ਇੰਨਾ ਵੱਡਾ ਹੋ ਗਿਆ ਹੈ ਕਿ ਇੱਕ ਹਫ਼ਤੇ ਵਿੱਚ ਕੰਪਨੀਆਂ
ਦਾ ਦੁਵਾਲਾ ਨਿਕਲ ਜਾਵੇਗਾ, ਜਿਸਕਰਕੇ ਕੋਈ ਵੀ ਬੈਂਕ ਹੁਣ ਇਨ੍ਹਾਂ ਨੂੰ ਲੋਨ ਦੇਣ
ਦੇ ਮੂਡ ਵਿੱਚ ਨਹੀਂ ਹਨ।
ਇਸ ਦੇ ਜਵਾਬ ਵਿੱਚ ਕੰਪਨੀਆਂ ਨੇ ਨਵੇਂ ਗੈਸ ਕੁਨੈਕਸ਼ਨ ਦੇਣੇ ਬੰਦ ਕਰਨ ਦਾ ਐਲਾਨ
ਕੀਤਾ ਸੀ ਪਰਸੋਂ (ਜਦੋਂ ਕਿ ਸਰਕਾਰ ਨੇ ਇਹ ਵਾਪਸ ਲੈ ਲਿਆ ਹੈ ਕੱਲ੍ਹ)।
ਸਭ ਤੋਂ ਵੱਧ ਘਾਟਾ ਕੰਪਨੀਆਂ ਨੂੰ ਡੀਜ਼ਲ ਉੱਤੇ ਪੈ ਰਿਹਾ ਹੈ, ਜਿਸ ਉੱਤੇ ਉਹਨਾਂ ਨੂੰ
ਕਰੀਬ 16 ਰੁਪਏ ਲੀਟਰ ਪਿੱਛੇ ਪੱਲਿਓ ਦੇਣੇ ਪੈ ਰਹੇ ਹਨ! ਪੈਟਰੋਲ ਉੱਤੇ 12 ਕੁ ਰੁਪਏ।
ਅੰਤਰਰਾਸ਼ਟਰੀ ਬਜ਼ਾਰ ਵਿੱਚ ਤੇਲ ਦੀ ਕੀਮਤ ਇਸ ਸਾਲ ਵੇਹਦੇ ਹੀ ਵੇਂਹਦੇ
96-98 ਡਾਲਰ ਪ੍ਰਤੀ ਬੈਰਲ (ਡਰੰਮ) ਤੋਂ 127 ਡਾਲਰ ਡਾਲਰ ਨੂੰ ਟੱਪ ਗਈ ਹੈ।
ਅਰਬ ਮੁਲਕਾਂ ਦੇ ਸਖਤ ਰਵੱਈਏ ਅਤੇ ਡਾਲਰ ਦੀ ਕਮਜ਼ੋਰੀ ਕਰਕੇ ਇਹ ਹਾਲਤ
ਹੋ ਵੀ ਵਿਗੜ ਦੀ ਸੰਭਵਾਨਾ ਹੈ!
ਖੈਰ ਇਹ ਤਾਂ ਗੱਲ ਕੰਟਰੋਲ ਤੋਂ ਬਾਹਰ ਹੈ, ਪਰ ਮੇਰਾ ਵਿਚਾਰ ਸਰਕਾਰ ਵੱਲ
ਉਂਗਲ ਕਰਨ ਦਾ ਹੈ, ਜੋ ਕਿ ਤਿੰਨ ਗੁਣਾ ਟੈਕਸ ਭਾਅ ਤੋਂ ਵੱਧ ਵਸੂਲ ਕਰਦੀ
ਹੈ ਅਤੇ ਹਾਲੇ ਵੀ ਲੋਕਾਂ ਅਤੇ ਤੇਲ ਕੰਪਨੀਆਂ ਉੱਤੇ ਵਾਧੂ ਭਾਰ ਲਹਾਉਣ ਦਾ
ਦਾਆਵਾ ਕਰਦੀ ਹੈ। ਮੰਨਿਆ ਕਿ ਟੈਕਸ ਨਾਲ ਸਰਕਾਰ ਨੂੰ ਬਹੁਤ ਆਮਦਨ
ਹੁੰਦੀ ਹੈ, ਪਰ ਕੀ ਇਹ ਕਿਸੇ ਚੀਜ਼ ਦੇ ਭਾਅ ਨਾਲੋਂ ਤਿੰਨਾ ਹੁਣ ਟੈਕਸ ਲਗਾ
ਕੇ ਉਸ ਵਾਸਤੇ ਕੰਪਨੀਆਂ ਨੂੰ ਡੋਬਣਾ ਅਤੇ ਲੋਕਾਂ ਨੂੰ ਮਹਿੰਗਾਈ ਦੇ ਮੂੰਹ ਵਿੱਚ
ਧੱਕਣਾ ਠੀਕ ਹੈ????
ਜਦੋਂ ਕਿ ਆਮਦਨ ਦੇ ਹੋਰ ਵੀ ਬਹੁਤ ਸਰੋਤ ਹੋ ਸਕਦੇ ਹਨ, ਬਾਹਰੋਂ ਆਉਣ
ਵਾਲੀਆਂ ਕੰਪਨੀਆਂ ਨੂੰ ਬੇਸ਼ੁਮਾਰ ਖੁੱਲ੍ਹਾ, ਟੈਕਸ ਰਿਆਇਤਾਂ ਦਿੱਤੀਆਂ ਹੋਈਆਂ ਹਨ,
ਜਦੋਂ ਕਿ ਉਨ੍ਹਾਂ ਨੂੰ ਇਸ ਦੀ ਲੋੜ ਨਹੀਂ ਹੈ, ਕਿਉਂਕਿ ਵੈਸੇ ਵੀ ਦੇਸ ਵਿੱਚ ਰੁਜ਼ਗਾਰ
ਸਸਤਾ ਹੈ, ਭਾਵੇ ਤੁਸੀਂ ਕੰਪਨੀਆਂ ਨੂੰ ਕੋਈ ਛੋਟ ਨਾ ਦਿਓ, ਤਾਂ ਵੀ ਉਹ
ਦੇਸ਼ 'ਚ ਆਉਣਗੀਆਂ ਹੀ। ਅੱਜ ਮੇਰੀ ਹੀ ਕੰਪਨੀ ਲਵੋ, ਜਿਸ ਨੂੰ
ਸਾਫਟਵੇਅਰ ਪਾਰਕ ਦੀ ਆੜ ਵਿੱਚ ਕੋਈ ਵੀ ਸਮਾਨ ਅਮਰੀਕਾ ਤੋਂ ਮੰਗਾਉਣ
ਉੱਤੇ ਕੋਈ ਕਸਟਮ, ਕੋਈ ਸੇਲ ਟੈਕਸ ਨਹੀਂ ਲੱਗਦਾ ਹੈ, ਕਿਓ???
ਜੇ ਉਹ ਅਮਰੀਕਾ ਤੋਂ ਸਰਵਰ ਮੰਗਾਉਣ ਉੱਤੇ ਕਿਰਾਇਆ ਖਰਚ ਸਕਦੀ ਹੈ
ਤਾਂ ਕਿ ਉਹ ਭਾਰਤ ਵਿੱਚ ਬਿਨਾਂ ਕਿਰਾਇਆ ਖਰਚੇ ਕੇਵਲ ਟੈਕਸ ਦੇਕੇ
ਉਹ ਖਰੀਦ ਨਹੀਂ ਸਕਦੀ, ਪਰ ਨਹੀਂ! ਇਹ ਕੇਵਲ ਅੱਖਾਂ ਮੀਚ
ਕੇ ਪੁਰਾਣੇ ਸਿਸਟਮ ਨੂੰ ਵਰਤਣ ਦਾ ਨਤੀਜਾ ਹੈ, ਜਦੋਂ ਕਿ ਨਵੇਂ
ਜ਼ਮਾਨੇ ਵਿੱਚ ਨਵੇਂ ਆਮਦਨ ਦੇ ਢੰਗ ਹੋ ਸਕਦੇ ਹਨ।
ਸੋ ਸਰਕਾਰ ਨੂੰ ਚਾਹੀਦਾ ਹੈ ਕਿ ਡੀਜ਼ਲ ਉੱਤੇ ਸਬਸਿਡੀ ਘੱਟ ਕਰੇ,
ਆਮਦਨ ਦੇ ਨਵੇਂ ਸਰੋਤ ਲੱਭੇ, ਜਿਸ ਵਿੱਚ ਬਾਹਰੀ IT ਕੰਪਨੀਆਂ
ਉੱਤੇ ਟੈਕਸ ਲਾਉਣੇ, ਦਿੱਤੇ ਟੈਕਸਾਂ ਵਿੱਚ ਛੋਟ ਵਾਪਸ ਲੈਣੀ, ਅਤੇ
ਡਾਲਰ ਦੇ ਬਦਲਵੇਂ ਰੂਪ ਲੱਭਣੇ ਤਾਂ ਅਮਰੀਕਾ ਦੇ ਡੂੰਘੇ ਹੁੰਦੇ
ਆਰਥਿਕ ਸੰਕਟ ਕਾਰਨ ਕੀਤੇ ਭਾਰਤ ਹੀ ਸੰਕਟ ਵਿੱਚ ਨਾ ਆ ਜਾਵੇ,
ਅਤੇ ਵਿਕਾਸਸ਼ੀਲ ਦੇਸ਼ ਵਿਕਾਸ ਕਰਦਾ ਰਹੇ!
ਰੱਬ ਸਭ ਦੁਨਿਆਂ ਨੂੰ ਤਰੱਕੀ ਬਖਸ਼ੇ ਅਤੇ ਲੋਕਾਂ ਨੂੰ ਸੁੱਖ-ਚੈਨ...
01 May, 2008
ਟੋਨ ਨਾਕੇ - ਪੰਜਾਬ ਦੀਆਂ ਸੜਕਾਂ ਉੱਤੇ ਫੈਲਦਾ ਪ੍ਰਾਈਵੇਟ ਲੁੱਟ ਜਾਲ
ਕੱਲ੍ਹ ਅਜੀਤ ਅਖ਼ਬਾਰ ਵਿੱਚ ਪੜ੍ਹਨ ਨੂੰ ਮਿਲੀ ਖ਼ਬਰ ਕਰਕੇ ਮੇਰੇ
ਧੁਖਦੇ ਦਿਲ ਨੂੰ ਹਵਾ ਮਿਲੀ ਅਤੇ ਮੈਂ ਵੀ ਆਪਣੀ ਭੜਾਸ ਕੱਢ
ਲੈਣੀ ਹੀ ਠੀਕ ਸਮਝੀ, ਖ਼ਬਰ ਸੀ ਟੋਨ ਨਾਕੇ, ਇਸ ਮੁਤਾਬਕ
ਪੰਜਾਬ ਦੀਆਂ ਸਭ ਮੁੱਖ ਸੜਕਾਂ ਉੱਤੇ ਟੋਨ ਨਾਕੇ ਲਾਉਣ
ਦੀ ਤਿਆਰ ਹੋ ਰਹੀ ਹੈ ਅਤੇ ਆਉਣ ਵਾਲੇ ਦੋ ਕੁ ਸਾਲਾਂ
ਵਿੱਚ ਇਹ ਸਭ ਸੜਕਾਂ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕਰ
ਦਿੱਤੀਆਂ ਜਾਣਗੀਆਂ।
ਇਹ ਤਾਂ ਸਾਰੇ ਪੰਜਾਬ ਦੀ ਗ਼ਲ ਹੋਈ, ਮੈਂ ਆਪਣੇ ਇਲਾਕੇ
ਬਾਰੇ ਦੱਸਾਂ ਤਾਂ ਮੋਗੇ ਤੋਂ ਕੋਟਕਪੂਰੇ ਵਾਲੇ ਰਾਹ ਉੱਤੇ (ਜੋ 40
ਕਿਲੋਮੀਟਰ ਬਣਦਾ ਹੈ) ਉੱਤੇ ਚੰਦਾਂ ਕੋਲ ਨਾਕਾ ਲਾਇਆ ਗਿਆ
ਹੈ, ਜਿੱਥੇ ਕਾਰਾਂ ਤੋਂ ਇੱਕ ਪਾਸੇ 34 ਰੁਪਏ, 12 ਘੰਟਿਆਂ 'ਚ ਵਾਪਸੀ
ਲਈ 54 ਰੁਪਏ ਲਏ ਜਾਂਦੇ ਹਨ, ਜਦ ਕਿ ਬੱਸ 500 ਰੁਪਏ ਵਿੱਚ
ਲੰਘਦੀ ਹੈ। ਸੜਕ ਚੌਹ ਮਾਰਗੀ ਬਣਾਈ ਗਈ ਹੈ ਬਿਨਾਂ ਡਿਵਾਈਡਰ।
ਲੋਕਾਂ ਨੂੰ ਅਕਸਰ ਕਹਿੰਦੇ ਸੁਣਿਆ ਹੈ ਕਿ ਚਲੋ ਸੜਕ ਤਾਂ ਵਧੀਆ ਬਣ ਗਈ ਹੈ, ਪਰ ਮੈਨੂੰ ਦੁੱਖ ਹੁੰਦਾ ਹੈ, ਜਦੋਂ ਉਹ ਅਸਲ ਅਸਲੀਅਤ
ਨੂੰ ਅੱਖੋਂ ਓਹਲੇ ਕਰ ਦਿੰਦੇ ਹਨ
ਕੀ ਤੁਸੀਂ ਮੋਗੇ ਤੋਂ ਕੋਟਕਪੂਰੇ ਵਾਲੀ ਸੜਕ ਖਰਾਬ ਵੇਖੀ ਹੈ (ਬੱਸ
ਜਦੋਂ ਇੱਕ ਵਾਰ ਜਦੋਂ ਪੁਲ ਬਣਦਾ ਸੀ)?
ਮੇਰੀ ਸੁਰਤ ਵਿੱਚ ਇੱਕ ਸੜਕ ਹੁੰਦੀ ਹੈ ਇੱਕ ਵਾਹਨ ਲਈ ਹੀ ਮੋਗੇ ਤੋਂ ਕੋਟ ਤੱਕ, ਫੇਰ ਪਾਸੇ 3 ਫੁੱਟ ਹੋਰ ਜੋੜੀ ਗਈ ਅਤੇ ਫੇਰ ਹੋਰ ਚੌੜਈ ਕੀਤੀ ਗਈ, ਕੀ ਇਹ ਪ੍ਰਾਈਵੇਟ ਵਾਲੇ ਕਰਦੇ ਰਹੇ?
ਕਦੇ ਪੈਸੇ ਲੱਗੇ ਪਹਿਲਾਂ? ਤਾਂ ਹੁਣ ਕਿਓ? ਚੌੜੀ ਕਰਨੀ ਤਾਂ
ਸਮੇਂ ਦੀ ਮੰਗ ਸੀ ਅਤੇ ਪਹਿਲਾਂ ਵੀ ਸੜਕ ਚੌੜੀ ਹੁੰਦੀ ਆਈ ਸੀ।
ਇਹ ਸਾਤਰਾਂ ਸਾਲ ਵਾਸਤੇ ਇੱਥੋਂ ਪੈਸੇ ਵਸੂਲ ਕਰਨਗੇ, ਇੰਨ੍ਹਾਂ ਦਾ ਵੀ
ਹਿਸਾਬ-ਕਿਤਾਬ ਕਰ ਲਈਏ ਜ਼ਰਾਂ
1 ਬੱਸ - 500 ਰੁਪਏ
100 ਬੱਸ - 500x100 = 50,000 ਰੁਪਏ ਰੋਜ਼ਾਨਾ (ਜਦੋਂ ਕਿ ਰੋਜ਼ ਲੰਘ ਵਾਲੀਆਂ ਬੱਸਾਂ ਦੀ ਗਿਣਤੀ ਲੱਗਭਗ 200 ਨੂੰ ਛੂਹਦੀ ਹੈ)
1 ਦਿਨ ਦੀ ਕਮਾਈ = 50 ਹਜ਼ਾਰ (ਕੇਵਲ ਬੱਸਾਂ ਦੀ ਗਿਣਤੀ)
30 ਦਿਨ = 15 ਲੱਖ ਰੁਪਏ
1 ਸਾਲ ਦੀ ਕਮਾਈ = 15, 00,000 x 12 ਮਹੀਨੇ
= 1,80,00,000 (1 ਕਰੋੜ ਅਤੇ 80 ਲੱਖ ਸਾਲਨਾ ਬੱਸਾਂ ਤੋਂ ਹੀ)
17 ਸਾਲਾਂ ਦੀ ਕਮਾਈ = 1 ਕਰੋੜ 80 ਲੱਖ x 17 = 30, 60,00,000
ਕੀ ਇਹ ਲਾਜ਼ਮੀ ਹੈ ਕਿ ਲੋਕਾਂ ਕੋਲੋਂ ਪੈਸੇ ਵਸੂਲੇ ਜਾਣ, ਕੀ ਸਰਕਾਰਾਂ ਦਾ ਫ਼ਰਜ਼ ਨੂੰ ਸਕੂਲ, ਸਿੱਖਿਆ, ਮੈਡੀਕਲ ਅਤੇ ਸੜਕਾਂ ਉਪਲੱਬਧ ਕਰਵਾਉਣਾ?
ਕੀ ਜੇ ਮੈਂ ਪੰਜਾਬ ਘੁੰਮਣਾ ਹੋਵੇ ਤਾਂ ਮੈਨੂੰ ਹਜ਼ਾਰਾਂ ਰੂਪਏ ਟੋਲ ਦੇਣੇ ਲਾਜ਼ਮੀ ਹਨ? ਕਿਓ?
ਮੇਰੇ ਸਵਾ ਲੱਖ ਦੇ ਕਰੀਬ ਸਾਲਨਾ ਟੈਕਸ ਸਰਕਾਰ ਨੂੰ ਜਾਂਦਾ ਹੈ, ਟੈਕਸ ਕਿਉਂ ਦਿੱਤਾ ਜਾਂਦਾ ਹੈ, ਕੀ ਸਿਰਫ਼ ਟੈਕ, ਤੋਪਾਂ, ਮਿਜ਼ਾਇਲ
ਬਣਾਉਣ ਵਾਸਤੇ?
ਜੇ ਸੜਕ ਉੱਤੇ ਚੱਲਣ ਦਾ ਟੈਕਸ ਅੱਡ ਦੇਣਾ ਪੈਣਾ ਹੈ, ਜੇ ਸਰਕਾਰੀ
ਸਕੂਲਾਂ ਵਿੱਚ ਪੜ੍ਹਨ ਵਾਸਤੇ ਸਹੂਲਤ ਨਹੀਂ ਅਤੇ ਪ੍ਰਾਈਵੇਟ ਸਕੂਲਾਂ
ਦੀਆਂ ਫੀਸਾਂ ਵੀ ਮੈਂ ਖੁਦ ਭਰਨੀਆਂ ਨੇ, ਪ੍ਰਾਈਵੇਟ ਡਾਕਟਰਾਂ ਨੂੰ
ਪੈਸੇ ਮੈਂ ਖੁਦ ਹੀ ਦੇਣੇ ਹਨ, ਥਾਣਿਆਂ 'ਚ 'ਸੇਵਕ' ਪੁਲਿਸ ਵਾਲਿਆਂ
ਤੋਂ ਗਾਲ੍ਹਾਂ ਸੁਣਨੀਆਂ ਅਤੇ ਰਿਸਵਤ ਦੇਣੀ ਹੈ ਤਾਂ ਟੈਕਸ ਕਿਸ ਵਾਸਤੇ?
ਹੌਲੀ ਹੌਲੀ ਕਰਕੇ ਸਭ ਕੁਝ ਪ੍ਰਾਈਵੇਟ ਕਰਨ ਨਾਲੋਂ ਤਾਂ ਚੰਗਾ ਹੈ
ਕਿ ਸਰਕਾਰ ਖੁਦ ਨੂੰ ਪ੍ਰਾਈਵੇਟ ਕਰ ਦੇਵੇ ਤਾਂ ਸਵਾ ਲੱਖ ਟੈਕਸ
ਬਚੇ ਅਤੇ ਉਹ ਪੈਸਾ ਮੈਂ ਸੜਕਾਂ ਉਤੋਂ ਲੰਘਦਿਆਂ, ਸਕੂਲ ਜਾਂਦਿਆਂ
ਅਤੇ ਡਾਕਟਰਾਂ ਨੂੰ ਦਿੰਦਿਆ ਸ਼ਰਮ ਮਹਿਸੂਸ ਨਾ ਕਰਾਂ।
ਸੱਚਮੁੱਚ ਹੀ ਇਹ ਸਰਕਾਰਾਂ ਦੀ ਲਾਹਪਰਵਾਹੀ ਦੀ ਹੱਦ ਹੈ।
ਸੈਂਟਰ ਸਰਕਾਰ ਕੋਲ ਇਹ ਪੱਕੀ ਖ਼ਬਰ ਹੈ ਕਿ ਨਕਸਵਾੜੀ
ਲਹਿਰ ਨੂੰ ਪੰਜਾਬ, ਹਰਿਆਣੇ 'ਚ ਸੁਰਜੀਤ ਕਰਨ ਦੇ ਭਰਪੂਰ
ਜਤਨ ਜਾਰੀ ਹਨ, ਤਾਮਿਲਨਾਡੂ, ਕੇਰਲ, ਆਧਰਾਂ ਪਰਦੇਸ,
ਬਿਹਾਰ, ਓੜੀਸਾ, ਝਾਰਖੰਡ, ਉੱਤਰਪਰਦੇਸ ਵਿੱਚ ਇੰਨ੍ਹਾਂ ਦਾ
ਪਹਿਲਾਂ ਹੀ ਤਕੜਾ ਪਰਭਾਵ ਹੈ, ਫੇਰ ਇਹੋ ਜੇਹੇ ਪ੍ਰਾਈਵੇਟ
ਠੇਕੇ ਦੇ ਕੇ ਲੋਕਾਂ ਦੀ ਸੰਘੀ ਘੁੱਟੀ ਜਾ ਰਹੀ ਹੈ, ਇਸ ਨਾਲ
ਨਕਸਲਵਾੜੀ ਦੇ ਲੀਡਰਾਂ ਨੂੰ ਲੋਕਾਂ ਨੂੰ ਹਲੂਣਾ ਦੇਣਾ ਆਸਾਨ
ਹੋ ਜਾਂਦਾ ਅਤੇ ਅਤੇ ਸੰਘਰਸ਼ ਦਾ ਰਾਹ ਓਹੀ ਲੋਕ ਫੜ ਲੈਣਗੇ,
ਜੋ ਅੱਜ ਇਸ ਲੁੱਟ ਨੂੰ ਠੀਕ ਕਹਿ ਰਹੇ ਹਨ, ਇਹ ਮਹਾਂਰਾਸ਼ਟਰ
ਨਹੀਂ ਹੈ, ਗੁਜਰਾਤ ਵੀ ਨਹੀਂ ਹੈ, ਜਿੱਥੇ ਲੋਕ ਮਰਨ-ਮਾਰਨ ਤੋਂ ਡਰਦੇ
ਨੇ।
ਅੱਜ ਲੋੜ ਹੈ ਸਮੇਂ ਦੀ ਸਰਕਾਰ ਨੂੰ ਸੰਭਲਣ ਦੀ ਅਤੇ ਵੇਲੇ ਨੂੰ ਸੰਭਾਲਣ
ਦੀ, ਨਾ ਕਿ ਆਪਣੀ ਜੇਬਾਂ ਭਰਨ ਦੀ ਅਤੇ ਲੋਕ ਦੀ ਲੁੱਟ ਹੋਣ ਲੈਣ ਦੀ, ਲੋਕ ਤਾਂ ਅੱਗੇ ਹੀ ਬਹੁਤ ਤੰਗ ਨੇ, ਹੋਰ ਤੰਗੀਆਂ ਵਧਾਉਣ ਨਾਲ
ਵਕਤ ਨੇੜੇ ਆ ਜਾਂਦੇ ਨੇ। ਜੇ ਸਰਕਾਰਾਂ ਕੁੰਭਕਰਨੀ ਨੀਂਦ
ਸੁੱਤੀਆਂ ਰਹਿਣਗੀਆਂ ਤਾਂ ਲੋਕ ਡਾਗਾਂ ਲੈ ਕੇ ਜਗਾਉਣੀਆਂ ਜਾਣਦੇ ਨੇ।
"ਲੁੱਟ ਲੈ, ਲਾਹ ਲੈ, ਘੁੱਟੀ ਜਾ ਦੋਸਤ ਸੰਘੀ ਨੂੰ ਜਦ ਤੱਕ ਸੁੱਤੀ ਅਣਖ ਪਈ ਏ ਮੇਰੀ
ਪਰ ਖ਼ੈਰ ਮਨਾ ਲੈ, ਖ਼ਬਰੇ ਜਾਗਣ 'ਤੇ ਮਾਨਣ ਲਈ ਜਾਨ ਬਚੇ ਨਾ ਤੇਰੀ"