10 April, 2008

ਇੱਕ ਭੁੱਲੀ ਵਿਸਰੀ ਯਾਦ 'ਹਰੀ ਸਿੰਘ ਨਲਵੇ' ਦੀ

ਇੱਕ ਹਰੀ ਸਿੰਘ ਨਲਵੇ ਦਾ ਕਿਲ੍ਹੇ ਦੇ ਦਰਵਾਜ਼ੇ ਦੀ ਫੋਟੋ
ਮਿਲੀ ਹੈ:



ਜਾਣਕਾਰੀ ਮੁਤਾਬਕ ਇਹ ਕਿਲਾ ਕਟਾਸ ਰਾਜ ਵਿੱਚ ਹੈ, ਇਸ ਨੂੰ ਅਫਗਾਨਿਸਤਾਨ
ਤੱਕ ਪੰਜਾਬ ਦੀਆਂ ਸਰਹੱਦਾਂ ਲਗਾਉਣ ਵਾਲੇ ਸਿੱਖ ਜਰਨੈਲ ਹਰੀ ਸਿੰਘ ਨਲੂਏ ਨੇ ਬਣਾਇਆ ਸੀ,
ਜਿਸ ਨੂੰ ਹੁਣ ਲਹਿੰਦੇ ਪੰਜਾਬ ਦੀ ਸਰਕਾਰ ਮੁੜ-ਸੁਰਜੀਤ ਕਰਨ ਦੀ ਕੋਸ਼ਿਸ਼ ਕਰਹੀ ਹੈ।

03 April, 2008

ਜੈਮਪ ਅਤੇ ਵਿੰਡੋ: ਕੋਡਿੰਗ ਹੋਈ ਫਿਕਸ: ਪੰਜਾਬੀ ਚੱਲੇ ਵਧੀਆ

ਜੈਮਪ ਦਾ ਵਿੰਡੋਜ਼ ਵਰਜਨ ਪੰਜਾਬੀ ਵਿੱਚ ਪੂਰੀ ਤਰ੍ਹਾਂ ਠੀਕ ਕੰਮ ਕਰਦਾ ਹੈ।
ਨਵਾਂ ਵਰਜਨ 2.4 ਪੰਜਾਬੀ ਵਿੱਚ ਉਪਲੱਬਧ ਹੈ ਅਤੇ ਤੁਸੀਂ ਇਸ ਨੂੰ ਪੰਜਾਬੀ ਵਿੱਚ
ਵਰਤ ਸਕਦੇ ਹੋ।
ਪਹਿਲਾਂ ਜੈਮਪ ਨੂੰ ਵਰਤਣ ਦੌਰਾਨ, ਇਹ ਖਾਲੀ ਡੱਬੇ ਜੇਹੇ ਵੇਖਾਉਦਾ ਸੀ,
ਜੋ ਕਿ ਅਸਲ ਵਿੱਚ ਪੈਂਗੋ ਦੀ ਸਮੱਸਿਆ ਸੀ ਅਤੇ ਇਸ ਨੂੰ ਟਰੈਕ ਕਰਨ ਵਾਸਤੇ
ਬੱਗ ਵੀ ਫਾਈਲ ਕੀਤਾ ਗਿਆ ਸੀ (ਇਸ ਲਈ ਇੱਕ ਬਲੌਗ ਪੋਸਟ ਵੀ ਕੀਤੀ ਸੀ)।
ਇਹ ਬੱਗ ਹੁਣ ਜੈਮਪ ਵਿੱਚ ਫਿਕਸ ਹੈ। ਅੱਜੇ ਹੀ ਕੀਤੇ ਟੈਸਟ ਵਿੱਚ ਮੈਂ
ਪੁਰਾਣੇ ਜੈਮਪ ਨੂੰ ਇਸਤੇਮਾਲ ਕਰ ਰਿਹਾ ਸਾਂ ਕਿ ਸੋਚਿਆ ਕਿ ਜੈਮਪ,
ਪਿਡਗਿਨ ਦੇ ਨਵੇਂ ਵਰਜਨ ਤਾਂ ਵੇਖੀਏ, ਜੈਮਪ ਦੇ 2.4 ਵਰਜਨ ਨੂੰ ਅੱਪਡੇਟ
ਕਰਨ ਤੋਂ ਬਾਅਦ ਤਾਂ ਚਿੱਤ ਖੁਸ਼ ਹੋ ਗਿਆ, ਬਹੁਤ ਖੁਸ਼ ਹੋਇਆ,
ਪੰਜਾਬੀ ਚੱਲਣ ਨਾਲ ਬੜੇ ਚਿਰਾਂ ਤੋਂ ਲਟਕਦੀ ਸਮੱਸਿਆ ਹੱਲ਼ ਹੋ ਗਈ ਹੈ।
ਭਾਵੇਂ ਕਿ ਪਿਡਗਿਨ ਵਿੱਚ ਪੰਜਾਬੀ ਭਾਸ਼ਾ ਨਾ ਹੋਣ ਕਰਕੇ ਕੁਝ ਨਿਰਾਸ਼ਾ ਹੋਈ
ਹੈ, ਪਰ ਜੈਮਪ ਫਿਕਸ ਹੋਣ ਕਰਕੇ ਹੁਣ ਪਿਡਗਿਨ ਵੀ ਫਿਕਸ ਕਰਵਾਉਣ
ਦਾ ਹੌਸਲਾ ਬਣਿਆ ਹੈ। ਓਪਨ ਸੋਰਸ ਜ਼ਿੰਦਾਬਾਦ!!!


Gimp for Windows:
http://www.gimp.org/windows/

ਜੈਮਪ ਬਾਰੇ:
GIMP is the GNU Image Manipulation Program. It is a freely distributed piece
of software for such tasks as photo retouching, image composition and image
authoring. It works on many operating systems, in many languages.

02 April, 2008

ਉੱਤਰ ਭਾਰਤੀਆਂ ਦੇ ਖਿਲਾਫ਼ ਦੋਸ਼ਾਂ 'ਚ ਕਿੰਨੀ ਕੁ ਸਚਾਈ

ਜਿਵੇਂ ਕਿ ਮਹਾਂਰਾਸ਼ਟਰ ਵਿੱਚ ਉੱਤਰ ਭਾਰਤੀਆਂ ਉੱਤੇ ਤਰ੍ਹਾਂ ਤਰ੍ਹਾਂ ਦੇ ਦੋਸ਼
ਲੱਗਦੇ ਰਹੇ ਹਨ, ਜਿਸ ਵਿੱਚ ਕਾਨੂੰਨ ਨਾ ਮੰਨਣੇ, ਗਲਤ ਕੰਮਾਂ ਵਿੱਚ ਅਕਸਰ
ਸ਼ਾਮਲ ਹੋਣਾ ਆਦਿ ਸ਼ਾਮਲ ਹਨ। ਇਸ ਮੁੱਦਾ ਦਾ ਕੋਈ ਅਧਾਰ ਤਾਂ ਹੋਵੇਗਾ ਹੀ,
ਇਸ ਦੀ ਇੱਕ ਝਲਕ ਮੈਨੂੰ ਰੇਲਗੱਡੀ ਵਿੱਚ ਜਾਂਦੇ ਹੋਏ ਮਿਲ ਹੀ ਗਈ।

ਭੁਪਾਲ ਤੋਂ ਇੱਕ ਹਿੰਦੂ ਸੱਜਣ ਚੜ੍ਹੇ, ਜਿਸ ਨਾਲ ਉਨ੍ਹਾਂ ਦਾ ਪਰਿਵਾਰ ਸੀ,
ਉਹ ਵੈਸ਼ਨੂੰ ਦੇਵੀ ਜਾ ਰਹੇ ਸਨ, ਪੂਣੇ ਤੋਂ ਭੁਪਾਲ ਤੱਕ ਤਾਂ ਸਫ਼ਰ ਬੜਾ ਸ਼ਾਂਤ ਅਤੇ
ਆਨੰਦਮਈ ਹੀ ਰਿਹਾ ਸੀ, ਸਭ ਆਪਣੇ ਆਪਣੇ ਕੰਮਾਂ ਵਿੱਚ ਮਸਤ ਸਨ, ਕਿਤੇ
ਕਿਤੇ ਫੌਜੀ (ਜੋ ਕਿ NDA ਵਿੱਚ ਪੜ੍ਹਦੇ ਸਨ ਅਤੇ ਆਪਣੇ ਘਰਾਂ ਨੂੰ ਜਾ ਰਹੇ ਸਨ)
ਰੌਲਾ ਪਾਉਦੇ ਸਨ ਜਾਂ ਜ਼ੋਰ ਨਾਲ ਦਰਵਾਜ਼ਾ ਛੱਡਦੇ ਸਨ। ਪਿਛਲੀ ਰਾਤ
ਵਧੀਆ ਸੁੱਤਾ ਰਿਹਾ, ਲਾਈਟਾਂ ਬੁੱਝੀਆਂ ਸਨ (ਜ਼ਿਕਰ ਕਰ ਰਿਹਾ ਹਾਂ, ਕਿਉਂਕਿ
ਫੇਰ ਦਿੱਲੀ ਤੋਂ ਅੱਗੇ ਦੀ ਰਾਤ ਆਵੇਗੀ)।

ਭੁਪਾਲ ਚੜ੍ਹੇ ਸੱਜਣ ਨੇ ਆਪਣੇ ਸਾਹਮਣੇ ਬੈਠੇ ਦੱਖਣ ਭਾਰਤੀ ਬੰਦੇ ਨਾਲ ਗੱਲਾਂ-ਬਾਤਾਂ
ਸ਼ੁਰੂ ਕੀਤੀਆਂ ਅਤੇ ਕਿਹਾ ਕਿ ਆਗਰੇ ਤੋਂ ਅੱਗੇ ਤੁਸੀਂ ਵੇਖਿਓ ਕੀ ਹਾਲ ਹੁੰਦਾ ਹੈ 3-AC
ਦਾ, ਮੈਨੂੰ ਗੱਲਾਂ ਵਿੱਚ ਕੁਝ ਦਿਲਚਸਪੀ ਹੋ ਗਈ ਅਤੇ ਮੈਂ ਗੌਰ ਨਾਲ ਸੁਣਨ ਲੱਗਾ।
ਉਹ ਨੇ ਕਿਹਾ, "ਆਗਰੇ ਤੋਂ ਅੱਗੇ ਤਾਂ ਉੱਤਰ ਭਾਰਤ ਦੇ ਲੋਕ ਆ ਜਾਣਗੇ ਅਤੇ ਗੱਡੀ
ਵਿੱਚ ਮਾਹੌਲ ਪਰਿਵਾਰ ਵਾਲਾ ਰਹੇਗਾ ਨਹੀਂ, ਆਪਾਂ ਸੀਟਾਂ ਟੀਟੀ ਤੋਂ ਹੁਣੇ ਹੀ ਅਡਜੱਸਟ
ਕਰਵਾ ਲਈਏ"
ਮੈਨੂੰ ਇਹ ਵੇਖਣ ਵਿੱਚ ਦਿਲਚਸਪੀ ਜਾ ਪਈ ਕਿ ਐਡਾ ਵੀ ਕੇਹੜਾ ਤੁਫਾਨ ਆਉਣ ਵਾਲਾ ਹੈ।
ਖ਼ੈਰ ਆਗਰਾ ਵੀ ਆ ਗਿਆ, ਉੱਥੋਂ ਛੇ ਸੱਤ ਅਧਖੜ ਉਮਰ ਦੇ ਵਿਅਕਤੀ ਚੜ੍ਹ ਆਏ, ਉਹ
ਖਾਂਦੀ ਪੀਤੀ ਵਿੱਚ ਸਨ, ਮੇਰੇ ਤੋਂ ਅੱਗੇ 6 ਸੀਟਾਂ ਵਿੱਚ ਸਮਾ ਗਏ, ਆਥਣ ਹੋਣ ਤੱਕ ਦਿੱਲੀ
ਅੱਪੜਣ ਵਾਲੇ ਸਾਂ, ਇਸ ਸਾਰੇ ਰਾਹ ਜੂਆ ਖੇਡਦੇ ਰਹੇ (ਸ਼ਾਇਦ ਹੋਲੀ ਦਾ ਦਿਨ ਹੋਣ ਕਰਕੇ, ਪਰ
ਪੱਕਾ ਪਤਾ ਨੀਂ), ਰਾਹ ਵਿੱਚ ਇੱਕ ਅਜੀਬ ਜੇਹਾ ਪਰਿਵਾਰ ਚੜ੍ਹਿਆ, ਜਿਸ ਵਿੱਚ ਬੁੜੀਆਂ (30-35 ਉਮਰ)
ਅੱਡ ਅੱਡ ਸੀਟਾਂ ਉੱਤੇ ਜਾ ਬੈਠੀਆਂ ਅਤੇ ਬੰਦੇ ਆਉਣ ਜਾਣ ਉੱਤੇ ਰਹੇ (ਸ਼ਾਇਦ ਕਦੇ ਨਾ ਸਮਝ ਸਕਾਂ
ਕਿ ਕੀ ਸੀ)।
ਹੁਣ 9 ਵੱਜ ਗਏ, ਅਤੇ ਗੱਡੀ ਰੁਕਣ ਸਾਰ ਦਾਰੂ ਨੂੰ ਬੋਤਲ ਆ ਗਏ ਅਤੇ ਟੀਟੀ ਨੂੰ ਪੈਸੇ
ਦੇ ਕੇ ਸੀਟਾਂ ਪੱਕੀਆਂ ਹੋ ਗਈਆਂ 6 ਦੀਆਂ 6। ਭਾਵੇਂ ਕਿਸੇ ਨਾਲ ਬੋਲੇ ਲੜੇ ਨਹੀਂ, ਪਰ
ਦਾਰੂ ਦਾ ਦੌਰ ਐਨਾ ਵੀ ਵਧੀਆ ਮਾਹੌਲ ਨਹੀਂ ਸੀ ਸਿਰਜਦਾ ਪਰਿਵਾਰਾਂ ਲਈ।

ਇਸ ਨਾਲ ਹੀ ਦਿੱਲੀ ਤੋਂ ਪੰਜਾਬੀ ਸਰਦਾਰ ਆਉਣ ਲੱਗੇ ਅਤੇ ਡੱਬੇ ਵਿੱਚ 5 ਬੰਦੇ, 24-25
ਸਮਾਨ ਦੇ ਟੈਂਚੀਕੇਸ ਸਨ, ਜਿਓ ਲੱਗੇ ਧੱਕਣ ਅਗਾਂਹ ਨੂੰ, ਸਾਰੀ ਰਾਤ ਭੱਜ ਦੌੜ ਜਾਰੀ ਰਹੀ,
ਅਖੀਰ ਇੱਕ ਸਰਦਾਰ, ਜੋ ਕਿ ਔਰਗਾਬਾਦ ਤੋਂ ਚੜ੍ਹਿਆ ਸੀ, ਨੇ ਔਖਾ ਹੋ ਕੇ ਕਿਹਾ ਤਾਂ
ਸਾਰੇ ਲੱਗੇ ਬਿੱਚ ਬਿੱਚ ਕਰਨ, ਫੇਰ ਕਿਤੇ ਡੇਢ ਵਜੇ ਲਾਈਟਾਂ ਬੰਦ ਹੋਈਆਂ ਅਤੇ ਕੁਝ
ਸ਼ਾਂਤੀ ਹੋਈ।
ਖ਼ੈਰ ਮੇਰਾ ਟਿਕਾਣਾ ਤਾਂ ਆ ਪੁੱਜਿਆ ਸੀ, ਚਾਰ ਕੁ ਵਜੇ ਲੁਧਿਆਣੇ ਟੇਸ਼ਨ ਉੱਤੇ ਬਾਈ ਉੱਤਰ
ਗਿਆ, ਪਰ ਉੱਤਰ ਭਾਰਤੀਆਂ ਬਾਰੇ ਤਰ੍ਹਾਂ ਤਰ੍ਹਾਂ ਦੇ ਵਿਚਾਰ ਹਾਲੇ ਮਨ 'ਚ ਖਟਕ ਰਹੇ
ਸਨ।

25 March, 2008

‘ਮੈਨੂੰ ਆਪਣਾ ਸਿਤਾਰਾ ਪਿਆਰਾ ਹੈ-ਮੇਰੀ ਮਾਂ ਬੋਲੀ’ (ਸ਼ੁਸ਼ੀਲ ਦੁਸਾਂਝ)

ਰਸੂਲ ਹਮਜ਼ਾਤੋਵ ਦੀ ਸੰਸਾਰ ਪ੍ਰਸਿੱਧ ਪੁਸਤਕ ‘ਮੇਰਾ ਦਾਗਿਸਤਾਨ’ ਵਿਚ ਮਾਂ-ਬੋਲੀ ਬਾਰੇ ਇਕ ਪੂਰਾ ਅਧਿਆਇ ਹੈ। ਉਹਦੇ ਵਿਚ ਰਸੂਲ ਇਕ ਘਟਨਾ ਦਾ ਜ਼ਿਕਰ ਕਰਦਿਆਂ ਲਿਖਦਾ ਹੈ-
‘ਅਬੂਤਾਲਿਬ ਇਕ ਵਾਰੀ ਮਾਸਕੋ ਗਿਆ। ਉਥੇ ਉਸ ਨੂੰ ਕਿਸੇ ਰਾਹ ਜਾਂਦੇ ਨਾਲ ਗੱਲ ਕਰਨੀ ਪੈ ਗਈ, ਸ਼ਾਇਦ ਇਹ ਪੁੱਛਣ ਲਈ ਕਿ ਮੰਡੀ ਕਿੱਥੇ ਹੈ? ਹੋਇਆ ਇਹ ਕਿ ਉਹ ਅੰਗਰੇਜ਼ ਨਿਕਲਿਆ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ, ਕਿਉਂਕਿ ਮਾਸਕੋ ਦੇ ਗਲੀਆਂ-ਬਾਜ਼ਾਰਾਂ ਵਿਚ ਬਹੁਤ ਸਾਰੇ ਵਿਦੇਸ਼ੀ ਦੇਖਣ ਵਿਚ ਆਉਂਦੇ ਹਨ।
ਅੰਗਰੇਜ਼ ਅਬੂਤਾਲਿਬ ਨੂੰ ਨਾ ਸਮਝ ਸਕਿਆ ਤੇ ਉਸ ਨੂੰ ਸਵਾਲ ਕਰਨ ਲੱਗ ਪਿਆ-ਪਹਿਲਾਂ ਅੰਗਰੇਜ਼ੀ ਵਿਚ, ਫਿਰ ਫਰਾਂਸੀਸੀ ਵਿਚ, ਸਪੇਨੀ ਵਿਚ ਤੇ ਸ਼ਾਇਦ ਹੋਰ ਵੀ ਕਈ ਬੋਲੀਆਂ ਵਿਚ।
ਆਪਣੀ ਥਾਂ, ਅਬੂਤਾਲਿਬ ਨੇ ਅੰਗਰੇਜ਼ ਨਾਲ ਰੂਸੀ ਵਿਚ, ਫਿਰ ਲਾਕ, ਅਵਾਰ, ਲੇਜ਼ਗੀਨ, ਦਾਰਗ਼ੀਨ ਤੇ ਅਖੀਰ ਕੂਮੀਕ ਵਿਚ ਗੱਲ ਕਰਨ ਦੀ ਕੋਸ਼ਿਸ਼ ਕੀਤੀ।
ਇਕ ਦੂਜੇ ਨੂੰ ਜ਼ਰਾ ਵੀ ਸਮਝਣ ਤੋਂ ਬਿਨਾਂ ਉਹ ਆਪੋ-ਆਪਣੇ ਰਾਹ ਪੲੇ।
ਕਿਸੇ ਬਹੁਤੇ ਪੜ੍ਹੇ ਦਾਗ਼ਿਸਤਾਨੀ ਨੇ, ਜਿਹੜਾ ਅੰਗਰੇਜ਼ੀ ਦੇ ਪੂਰੇ ਢਾਈ ਲਫਜ਼ ਜਾਣਦਾ ਸੀ, ਮਗਰੋਂ ਅਬੂਤਾਲਿਬ ਨੂੰ ਸਭਿਆਚਾਰ ਦੀ ਮਹੱਤਤਾ ਬਾਰੇ ਯਕੀਨ ਕਰਾਉਣ ਦੀ ਕੋਸ਼ਿਸ਼ ਕੀਤੀ-
‘ਦੇਖਿਆ, ਸੱਭਿਆਚਾਰ ਦੀ ਕਿੰਨੀ ਮਹੱਤਤਾ ਹੈ। ਜੇ ਤੂੰ ਸੱਭਿਆਚਾਰ ਵਾਲਾ ਆਦਮੀ ਹੁੰਦਾ ਤਾਂ ਅੰਗਰੇਜ਼ ਨਾਲ ਗੱਲ ਤਾਂ ਕਰ ਸਕਦਾ, ਸਮਝਿਆ?’
‘ਹਾਂ, ਸਮਝ ਤਾਂ ਗਿਆਂ’ ਅਬੂਤਾਲਿਬ ਨੇ ਜਵਾਬ ਦਿੱਤਾ। ‘ਸਿਰਫ਼ ਇਹ ਸਮਝ ਨਹੀਂ ਆਈ ਕਿ ਅੰਗਰੇਜ਼ ਨੂੰ ਮੇਰੇ ਨਾਲੋਂ ਜ਼ਿਆਦਾ ਪੜ੍ਹਿਆ-ਲਿਖਿਆ ਕਿਉਂ ਸਮਝਿਆ ਜਾੲੇ? ਉਹ ਵੀ ਤਾਂ ਉਨ੍ਹਾਂ ਬੋਲੀਆਂ ਵਿਚੋਂ ਇਕ ਵੀ ਨਹੀਂ ਸੀ ਜਾਣਦਾ, ਜਿਨ੍ਹਾਂ ਵਿਚ ਮੈਂ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ।’

ਅੱਜ ਲੋਕ-ਭਾਸ਼ਾਵਾਂ ਦੇ ਮਾਮਲੇ ਵਿਚ ਲਗਭਗ ਇਹ ਹੀ ਸਥਿਤੀ ਹੈ। ਵਿਸ਼ਵ ਬਾਜ਼ਾਰ ਦੀਆਂ ਸ਼ਕਤੀਆਂ ਨੇ ਇਹ ਧੁੰਮਾਉਣ ਲਈ ਪੂਰਾ ਤਾਣ ਲਾਇਆ ਹੋਇਆ ਹੈ ਕਿ ਅੱਜ ਦੇ ਯੁੱਗ ਵਿਚ ਜਿਹੜਾ ਅੰਗਰੇਜ਼ੀ ਨਹੀਂ ਜਾਣਦਾ, ਉਹ ਸੱਭਿਅਕ ਹੀ ਨਹੀਂ। ਜਦਕਿ ਇਹ ਕਿਸੇ ਦੇ ਸੱਭਿਅਕ ਹੋਣ ਦਾ ਕੋਈ ਮਾਪਦੰਡ ਨਹੀਂ ਹੈ। ਸਗੋਂ ਅਸੱਭਿਅਕ ਤਾਂ ਉਹ ਹੈ, ਜਿਹੜਾ ਆਪਣੀ ਬੋਲੀ, ਆਪਣੀ ਭਾਸ਼ਾ ਤੋਂ ਮੁਨਕਰ ਹੈ। ਠੀਕ ਹੈ ਅੰਗਰੇਜ਼ੀ ਸਿੱਖਣੀ ਚਾਹੀਦੀ ਹੈ ਪਰ ਅੰਗਰੇਜ਼ੀ ਨਾਲ ਹੀ ਬੰਦੇ ਦਾ ਪਾਰ-ਉਤਾਰਾ ਹੋਣਾ ਹੈ, ਇਹ ਗਲਤ ਹੈ। ਭਾਸ਼ਾਵਾਂ ਤਾਂ ਜਿੰਨੀਆਂ ਆਉਂਦੀਆਂ ਹੋਣ, ਓਨਾ ਹੀ ਚੰਗਾ ਹੈ ਪਰ ਇਹ ਸਭ ਕੁਝ ਆਪਣੀ ਭਾਸ਼ਾ ਦੀ ਕਬਰ ’ਤੇ ਉਸਰੇ, ਇਹ ਖੁਦਕੁਸ਼ੀ ਕਰਨ ਵਾਂਗ ਹੈ।
ਅੰਗਰੇਜ਼ੀ ਦਾ ਕੋਈ ਵਿਰੋਧ ਨਹੀਂ ਹੈ ਪਰ ਜਿਸ ਅੰਗਰੇਜ਼ੀ ਦੇ ਢੋਲ ਵਜਾੲੇ ਜਾ ਰਹੇ ਹਨ, ਉਹਦਾ ਸੱਚ ਵੀ ਤਾਂ ਜਾਣ ਲੈਣਾ ਚਾਹੀਦਾ ਹੈ। ਅੰਗਰੇਜ਼ੀ ਨੂੰ ਕੌਮਾਂਤਰੀ ਭਾਸ਼ਾ ਕਹਿ-ਕਹਿ ਕੇ ੲੇਨੀ ਬੁਰੀ ਤਰ੍ਹਾਂ ਸਾਡੇ ਮਗਰ ਪਾ ਦਿੱਤਾ ਗਿਆ ਹੈ ਕਿ ਬੰਦਾ ਸੋਚਣ ਲੱਗ ਪੈਂਦਾ ਹੈ ਕਿ ਜੇ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਤਾਂ ਮੇਰਾ ਤਾਂ ਜੀਣਾ ਹੀ ਵਿਅਰਥ ਹੈ। ਅੰਗਰੇਜ਼ੀ ਨਾ ਸਿੱਖ ਸਕਣ ਦੀ ਨਮੋਸ਼ੀ ਨੇ ਹੀ ਸਾਡੇ ਬਹੁਤ ਸਾਰੇ ਨੌਜਵਾਨਾਂ ਨੂੰ ਮਾਨਸਿਕ ਰੋਗੀ ਤੱਕ ਬਣਾ ਧਰਿਆ ਹੈ ਜਦਕਿ ਸੱਚ ਇਹ ਹੈ ਕਿ ਅੰਗਰੇਜ਼ੀ ਕੌਮਾਂਤਰੀ ਭਾਸ਼ਾ ਹੈ ਹੀ ਨਹੀਂ। ਅੰਗਰੇਜ਼ੀ ਨੂੰ ਕੌਮਾਂਤਰੀ ਭਾਸ਼ਾ ਵਜੋਂ ਧੁੰਮਾਉਣ ’ਚ ਜੁਟੀਆਂ ‘ਤਾਕਤਾਂ’ ਨੂੰ ਹੀ ਸਵਾਲ ਹੈ ਕਿ ਜੇਕਰ ਬਰਤਾਨੀਆ, ਆਸਟਰੇਲੀਆ, ਨਿਊਜ਼ੀਲੈਂਡ ਅਤੇ ਅਮਰੀਕਾ ਵਰਗੇ ਮੁਲਕਾਂ ਵਿਚ ਵਰਤੀ ਜਾਣ ਵਾਲੀ ਅੰਗਰੇਜ਼ੀ ਵਿਚ ਵੀ ਕਾਫ਼ੀ ਸਾਰਾ ਫ਼ਰਕ ਹੈ ਤਾਂ ਇਹ ਕੌਮਾਂਤਰੀ ਭਾਸ਼ਾ ਕਿਵੇਂ ਹੋਈ? ਇਸ ਤੋਂ ਵੀ ਅੱਗੇ ਜੇਕਰ ਆਬਾਦੀ ਦੇ ਲਿਹਾਜ਼ ਨਾਲ ਦੇਖਣਾ ਹੋਵੇ ਤਾਂ ਵੀ ਅੰਗਰੇਜ਼ੀ ਕੌਮਾਂਤਰੀ ਭਾਸ਼ਾ ਦਾ ਦਰਜਾ ਕਿਸੇ ਵੀ ਸੂਰਤ ਵਿਚ ਹਾਸਲ ਕਰਨ ਦੇ ਯੋਗ ਨਹੀਂ ਹੈ। ਸੰਸਾਰ ਦੀ ਕੁੱਲ ਆਬਾਦੀ ਦਾ ਵੱਡਾ ਹਿੱਸਾ ਸਮੋਈ ਬੈਠੇ ਚੀਨ ਅਤੇ ਭਾਰਤ ਦੇ ਨਾਲ-ਨਾਲ ਸਾਰੇ ੲੇਸ਼ੀਆ ਅਤੇ ਅਫਰੀਕਾ ਦੇ ਕਿਸੇ ਵੀ ਮੁਲਕ ਵਿਚ ਅੰਗਰੇਜ਼ੀ ਪਹਿਲੀ ਭਾਸ਼ਾ ਨਹੀਂ ਹੈ। ਯੂਰਪ ਅਤੇ ਅਮਰੀਕਾ ਦੇ ਕੁਝ ਮੁਲਕਾਂ ਵਿਚ ਵੀ ਅੰਗਰੇਜ਼ੀ ਨਹੀਂ ਬੋਲੀ ਜਾਂਦੀ। ਦੁਨੀਆ ਦੀ ਬਹੁਤੀ ਆਬਾਦੀ ਅੰਗਰੇਜ਼ੀ ਨਾਂਅ ਦੀ ਸ਼ੈਅ ਤੋਂ ਜਾਣੂ ਤੱਕ ਹੀ ਨਹੀਂ। ਇਸ ਲਿਹਾਜ਼ ਨਾਲ ਕਿਵੇਂ ਕਿਹਾ ਜਾ ਸਕਦਾ ਹੈ ਕਿ ਅੰਗਰੇਜ਼ੀ ਕੌਮਾਂਤਰੀ ਭਾਸ਼ਾ ਹੈ ਤੇ ਜਿਹੜੇ ਲੋਕ ਅੰਗਰੇਜ਼ੀ ਨੂੰ ਰੁਜ਼ਗਾਰ ਨਾਲ ਜੋੜ ਕੇ ਪੇਸ਼ ਕਰ ਰਹੇ ਹਨ, ਉਨ੍ਹਾਂ ਲਈ ਇਹ ਸ਼ੀਸ਼ਾ ਹੈ ਕਿ ਅੰਗਰੇਜ਼ੀ ਤੋਂ ਅਨਜਾਣ ਦੁਨੀਆ ਦੀ 75-80 ਫੀਸਦੀ ਆਬਾਦੀ ਦੀ ਰੋਜ਼ੀ-ਰੋਟੀ ਆਪੋ-ਆਪਣੀ ਭਾਸ਼ਾ ਵਿਚ ਹੀ ਚੱਲ ਰਹੀ ਹੈ।
ਦਰਅਸਲ, ਇਹ ਸਮਝ ਲੈਣਾ ਚਾਹੀਦਾ ਹੈ ਕਿ ਭਾਸ਼ਾਵਾਂ ਦਾ ਆਪਸੀ ਸਬੰਧ ਸਮਾਜਿਕ ਅਤੇ ਭੂਗੋਲਿਕ ਰਿਸ਼ਤਿਆਂ ਨਾਲ ਜੁੜਿਆ ਹੁੰਦਾ ਹੈ। ਕਿਸੇ ਵੀ ਇਕ ਭਾਸ਼ਾ ਨੂੰ ਦੂਸਰੀ ਭਾਸ਼ਾ ਜਾਂ ਸਮਾਜ ’ਤੇ ਥੋਪਣਾ ਕਦੇ ਵੀ ਸਹਿਣ ਨਹੀਂ ਕੀਤਾ ਜਾ ਸਕਦਾ। ਇਹ ਵਿਸ਼ਵ ਵਿਆਪੀ ਬਾਜ਼ਾਰੀ ਸ਼ਕਤੀਆਂ ਦੀ ਸਾਡੇ ਵਰਗੇ ਸਮਾਜਾਂ ਨੂੰ ਮਾਨਸਿਕ ਤੌਰ ’ਤੇ ਗੁਲਾਮ ਕਰਨ ਦੀਆਂ ਕੋਸ਼ਿਸ਼ਾਂ ਹਨ।
ਪੰਜਾਬੀ ਬੋਲੀ, ਭਾਸ਼ਾ ਤੇ ਸੱਭਿਆਚਾਰ ਨਾਲ ਵੀ ਇਹੋ ਕੁਝ ਕਰਨ ਦੀਆਂ ਕੋਝੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਸਾਡੇ ਮਾਮਲੇ ਵਿਚ ਇਕ ਦੁੱਖਦਾਇਕ ਪਹਿਲੂ ਇਹ ਵੀ ਹੈ ਕਿ ਅਸੀਂ ‘ਬਾਹਰਲਿਆਂ’ ਨਾਲ ਤਾਂ ਲੜ ਹੀ ਰਹੇ ਹਾਂ, ਸਾਨੂੰ ‘ਆਪਣਿਆਂ’ ਨਾਲ ਵੀ ਆਢਾ ਲੈਣਾ ਪੈ ਰਿਹਾ ਹੈ, ਕਿਉਂਕਿ ਸਾਡੇ ਇਨ੍ਹਾਂ ‘ਆਪਣਿਆਂ’ ਦੀ ਹੀ ਨਾਲਾਇਕੀ ਹੈ ਕਿ ਅੱਜ ਤੱਕ ਸਰਕਾਰੀ ਦਫ਼ਤਰਾਂ ਵਿਚ ਵੀ ਪੰਜਾਬੀ ਨੂੰ ਸਤਿਕਾਰ ਵਾਲਾ ਰੁਤਬਾ ਨਹੀਂ ਮਿਲਿਆ। ਅੰਗਰੇਜ਼ੀ ਜ਼ਹਿਨੀਅਤ ਦੇ ਗੁਲਾਮ ਸਾਡੇ ਸਿਆਸੀ ਆਗੂ ਪਿੰਡਾਂ ਵਿਚ ਜਾ ਕੇ ਵੋਟਾਂ ਤਾਂ ਸ਼ੁੱਧ ਪੰਜਾਬੀ ਵਿਚ ਮੰਗਦੇ ਹਨ ਪਰ ਆਪਣੇ ਦਫ਼ਤਰਾਂ ਵਿਚ ਪੰਜਾਬੀ ਨੂੰ ਵੜਨ ਤੱਕ ਨਹੀਂ ਦਿੰਦੇ। ਸਰਕਾਰੀ ਦਫ਼ਤਰਾਂ ਦੇ ਨਾਲ-ਨਾਲ ਕਚਹਿਰੀਆਂ, ਤਹਿਸੀਲਾਂ ਆਦਿ ਵਿਚ ਵੀ ਪਹਿਲੋਂ ਹੀ ਪੰਜਾਬੀ ਨੂੰ ਕੋਈ ਨਹੀਂ ਪੁੱਛਦਾ ਹੁਣ ਤਾਂ ਸਕੂਲਾਂ, ਕਾਲਜਾਂ ਵਿਚੋਂ ਵੀ ਪੰਜਾਬੀ ਨੂੰ ਬੇਦਖ਼ਲ ਕਰਨ ਦੀਆਂ ਘਾੜਤਾਂ ਘੜ ਲਈਆਂ ਗਈਆਂ ਹਨ। ਸਰਕਾਰੀ ਸਕੂਲਾਂ ਵਿਚ ਪੰਜਾਬੀ ਦੇ ਉਪਰ ਅੰਗਰੇਜ਼ੀ ਨੂੰ ਬਿਠਾ ਦਿੱਤਾ ਗਿਆ ਹੈ। ਉਂਝ ਵੀ ਸਰਕਾਰੀ ਸਕੂਲੀ ਸਿੱਖਿਆ ਦਾ ਪੂਰੀ ਤਰ੍ਹਾਂ ਭੋਗ ਹੀ ਪੈਣ ਜਾ ਰਿਹਾ ਹੈ ਤੇ ਖੁੰਬਾਂ ਵਾਂਗ ਉੱਗ ਰਹੇ ਪ੍ਰਾਈਵੇਟ ਸਕੂਲਾਂ ਵਿਚ ਤਾਂ ਹੋਰ ਵੀ ਜ਼ੁਲਮ ਹੋ ਰਿਹਾ ਹੈ। ਇਨ੍ਹਾਂ ਸਕੂਲਾਂ ਵਿਚ ਪੰਜਾਬੀ ਬੋਲਣ ਵਾਲੇ ਬੱਚਿਆਂ ਨੂੰ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਹਨ। ਇਹ ਸਭ ਹਾਕਮਾਂ ਦੇ ਨੱਕ ਹੇਠ ਹੀ ਨਹੀਂ ਹੋ ਰਿਹਾ ਸਗੋਂ ਮਰਜ਼ੀ ਨਾਲ ਵਾਪਰ ਰਿਹਾ ਹੈ। ਨਹੀਂ ਤਾਂ ਕੀ ਕਾਰਨ ਹੈ ਕਿ ਪੰਜਾਬ ਰਾਜ ਭਾਸ਼ਾ ਐਕਟ ਵਿਚ ਸਜ਼ਾ ਦੀ ਧਾਰਾ ਅੱਜ ਤੱਕ ਸ਼ਾਮਿਲ ਨਹੀਂ ਕੀਤੀ ਗਈ। ਹਾਲਾਤ ਕਾਫ਼ੀ ਦੁਖੀ ਕਰਨ ਵਾਲੇ ਹਨ ਪਰ ਕਾਲਮ ਦੀ ਸੀਮਾ ਹੈ ਕਿ ਅਸੀਂ ਹੋਰ ਵਿਸਥਾਰ ਵਿਚ ਨਹੀਂ ਜਾ ਸਕਦੇ। ਪਿਛਲੇ ਦਿਨਾਂ ਦੌਰਾਨ ਪੰਜਾਬੀ ਦੇ ਹੱਕ ਦੀ ਲੜਾਈ ਲੜਨ ਵਾਲੀਆਂ ਕੁਝ ਧਿਰਾਂ ਨੇ ਖੁੱਲ੍ਹੇਆਮ ਜੰਗ ਦਾ ਐਲਾਨ ਕੀਤਾ ਹੈ, ਇਹਦੀ ਚਰਚਾ ਜ਼ਰੂਰੀ ਹੈ।
ਪਿਛਲੇ ਦਿਨੀਂ ਚੰਡੀਗੜ੍ਹ ਅਤੇ ਜਲੰਧਰ ਵਿਚ ਪ੍ਰਸਿੱਧ ਪੱਤਰਕਾਰ ਕੁਲਦੀਪ ਨਈਅਰ ਦੀ ਅਗਵਾਈ ਵਿਚ ‘ਪੰਜਾਬ ਜਾਗ੍ਰਿਤੀ ਮੰਚ’ ਅਤੇ ਪੰਜਾਬੀ ਭਾਸ਼ਾ ਅਕਾਦਮੀ ਨੇ ਪੰਜਾਬ ਦੇ ਬੁੱਧੀਜੀਵੀਆਂ, ਲੇਖਕਾਂ ਅਤੇ ਹੋਰਨਾਂ ਸਾਹਿਤਕ ਜਥੇਬੰਦੀਆਂ ਨੂੰ ਮਾਂ-ਬੋਲੀ ਦੇ ਸੰਘਰਸ਼ ਵਿਚ ਇਕੱਠੇ ਹੋਣ ਦਾ ਸੱਦਾ ਦਿੱਤਾ। ਇਹਦੇ ਨਤੀਜੇ ਕਾਫੀ ਚੰਗੇ ਨਿਕਲ ਰਹੇ ਹਨ। ਪੰਜਾਬ ਵਿਚ ਕੁਝ ਹਲਚਲ ਹੁੰਦੀ ਦਿਖਾਈ ਦੇ ਰਹੀ ਹੈ। ਚੰਡੀਗੜ੍ਹ ਵਿਚ ‘ਪੰਜਾਬੀ ਬਚਾਓ ਮੰਚ’ ਵੀ ਲਗਾਤਾਰ ਸਰਗਰਮ ਹੋਇਆ ਹੈ। ਅੰਮ੍ਰਿਤਸਰ ਵਿਚ ‘ਜਨਵਾਦੀ ਲੇਖਕ ਸੰਘ’ ਨੇ ‘ਬੋਲੀ ਦਿਵਸ’ ਮਨਾਉਂਦਿਆਂ ਮਾਂ-ਬੋਲੀ ਨੂੰ ਹੱਕੀ ਸਥਾਨ ਦਿਵਾਉਣ ਦੀ ਲੜਾਈ ਵਿਚ ਪੇਸ਼-ਪੇਸ਼ ਰਹਿਣ ਦਾ ਐਲਾਨ ਕੀਤਾ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਦੀ ਸਰਬਸੰਮਤੀ ਨਾਲ ਚੋਣ ਹੋਈ ਹੈ ਤੇ ਇਹਦੇ ਪ੍ਰਧਾਨ ਪ੍ਰੋ: ਅਨੂਪ ਵਿਰਕ ਤੇ ਜਨਰਲ ਸਕੱਤਰ ਡਾ: ਸਰਬਜੀਤ ਸਿੰਘ ਨੇ ਸਿਰਫ਼ ਪੰਜਾਬ ਹੀ ਨਹੀਂ, ਪੰਜਾਬੋਂ ਬਾਹਰ ਬੈਠੀਆਂ ਆਪਣੀ ਭਾਸ਼ਾ, ਬੋਲੀ ਤੇ ਸੱਭਿਆਚਾਰ ਲਈ ਕੰਮ ਕਰਦੀਆਂ ਜਥੇਬੰਦੀਆਂ ਨੂੰ ਇਕ ਸਾਂਝੇ ਮੰਚ ’ਤੇ ਲਿਆਉਣ ਦੇ ਯਤਨ ਕਰਨ ਦਾ ਐਲਾਨ ਕੀਤਾ ਹੈ। ਇਹ ਚੰਗੀ ਸ਼ੁਰੂਆਤ ਹੈ। ਲੋੜ ਦਰਅਸਲ ਇਹ ਹੈ ਕਿ ਦੋਵੇਂ ਕੇਂਦਰੀ ਪੰਜਾਬੀ ਲੇਖਕ ਸਭਾਵਾਂ, ਸਾਹਿਤ ਅਕਾਦਮੀ ਲੁਧਿਆਣਾ, ਪੰਜਾਬੀ ਜਾਗ੍ਰਿਤੀ ਮੰਚ, ਪੰਜਾਬੀ ਬਚਾਓ ਮੰਚ, ਪੰਜਾਬੀ ਸੱਥ ਅਤੇ ਹੋਰ ਸਰਗਰਮ ਜਥੇਬੰਦੀਆਂ ਅਤੇ ਅਦਾਰੇ ਪੰਜਾਬੀ ਦੇ ਰੁਤਬੇ ਨੂੰ ਬਹਾਲ ਕਰਵਾਉਣ ਲਈ ਸਾਂਝੇ ਹੰਭਲੇ ਮਾਰਦੇ ਹੋੲੇ ਆਪਣਾ ਘੇਰਾ ਹੋਰ-ਹੋਰ ਵਿਸ਼ਾਲ ਕਰਦੇ ਜਾਣ। ਪੰਜਾਬੀ ਭਾਸ਼ਾ, ਬੋਲੀ ਅਤੇ ਸੱਭਿਆਚਾਰ ਦੀ ਲੜਾਈ ਹੁਣ ਕਿਸੇ ’ਕੱਲੇ ਕਾਰੇ ਬੰਦੇ ਜਾਂ ਜਥੇਬੰਦੀ ਦਾ ਕੰਮ ਨਹੀਂ ਰਿਹਾ। ਇਹਦੇ ਲਈ ਹਰ ਪੰਜਾਬੀ ਬੰਦੇ ਦੀ ਆਵਾਜ਼ ਲੋੜੀਂਦੀ ਹੈ। ਪੰਜਾਬੀਆਂ ਨੂੰ ਸਮਝਣਾ ਪਵੇਗਾ ਕਿ ਤੁਸੀਂ ਤਾਂ ਹੀ ਬਚੋਗੇ ਜੇ ਤੁਹਾਡੀ ਭਾਸ਼ਾ, ਤੁਹਾਡੀ ਬੋਲੀ ਬਚੇਗੀ। ਆਵਾਮ ਦੀ ਲੜਾਈ ਬਣਾਇਆਂ ਹੀ ਹਾਕਮਾਂ ਦੇ ਕੰਨਾਂ ਵਿਚ ਆਵਾਜ਼ ਪੈਣੀ ਹੈ। ਲੋਕਾਂ ਦਾ ਦਬਾਅ ਹੀ ਹੁਣ ਬਚਾਅ ਦਾ ਇਕੋ-ਇਕ ਤਰੀਕਾ ਹੈ।

ਰਸੂਲ ਹਮਜ਼ਾਤੋਵ ਦੇ ਇਸ ਕਥਨ ਨਾਲ ਹੀ ਆਪਣੀ ਗੱਲ ਖਤਮ ਕਰਦੇ ਹਾਂ-
‘ਮੇਰੇ ਲਈ, ਕੌਮਾਂ ਦੀਆਂ ਬੋਲੀਆਂ ਆਕਾਸ਼ ਵਿਚਲੇ ਸਿਤਾਰਿਆਂ ਵਾਂਗ ਹਨ। ਮੈਂ ਨਹੀਂ ਚਾਹੁੰਦਾ ਕਿ ਸਾਰੇ ਸਿਤਾਰੇ ਇਕ ਵੱਡੇ ਸਾਰੇ ਸਿਤਾਰੇ ਵਿਚ ਮਿਲ ਕੇ ਇਕ ਹੋ ਜਾਣ, ਜਿਸ ਨੇ ਅੱਧਾ ਆਕਾਸ਼ ਘੇਰਿਆ ਹੋਵੇ। ਇਸ ਕੰਮ ਲਈ ਸੂਰਜ ਹੈ ਪਰ ਆਕਾਸ਼ ਵਿਚ ਸਿਤਾਰੇ ਵੀ ਚਮਕਣੇ ਚਾਹੀਦੇ ਹਨ। ਹਰ ਕੌਮ ਨੂੰ ਆਪਣਾ ਸਿਤਾਰਾ ਰੱਖਣ ਦਿਓ।
ਮੈਨੂੰ ਆਪਣਾ ਸਿਤਾਰਾ ਪਿਆਰਾ ਹੈ-ਮੇਰੀ ਮਾਂ ਬੋਲੀ।’


ਸੁਸ਼ੀਲ ਦੁਸਾਂਝ
98726-08511
(ਰੋਜ਼ਾਨਾ ਅਜੀਤ ਜਲੰਧਰ ਵਿੱਚੋਂ ਧੰਨਵਾਦ ਸਹਿਤ)

17 March, 2008

ਪੰਜਾਬੀ ਦੇ ਨਵੇਂ ਹਾਮੀ ਅਤੇ ਨਵੇਂ ਲਿੰਕ

ਅੱਜ ਸਵੇਰੇ ਕਮਲ ਕੰਗ ਹੋਰਾਂ ਦੀ ਟਿੱਪਣੀ ਵੇਖਣ ਨੂੰ ਮਿਲੀ, ਜਿਸ
ਵਿੱਚ ਉਨ੍ਹਾਂ ਦੇ ਬਲੌਗ ਦਾ ਲਿੰਕ ਸੀ ਅਤੇ ਉੱਥੇ ਬਹੁਤ ਸਾਰੇ ਲਿੰਕ,
ਖ਼ੈਰ ਬਹੁਤੇ ਲਿੰਕ ਯੂਨੀਕੋਡ 'ਚ ਨਹੀਂ ਸਨ, ਪਰ ਫੇਰ ਵੀ
ਦੇਸ਼-ਸੇਵਕ, ਪਰਵਾਸੀ ਅਤੇ ਸਪੋਕਸਮੈਨ ਦੇ ਲਿੰਕ ਮਿਲ ਗਏ
ਅਤੇ ਇਹ ਲਿੰਕ ਤੁਸੀਂ ਬਲੌਗ ਦੇ ਅਖੀਰ ਵਿੱਚ ਵੇਖ ਸਕਦੇ ਹੋ।

ਯੂਨੀਕੋਡ ਹਾਲੇ ਵੀ ਪੰਜਾਬੀ ਲਈ ਪਰਾਇਆ ਹੀ ਹੈ, ਪਤਾ ਨੀਂ ਹੋਰ
ਕਿੰਨੀ ਕੁ ਦੇਰ ਇਹ ਵਰਤਾਰਾ ਰਹੇਗਾ!!!

03 March, 2008

ਪਿੰਡਾਂ ਵਿੱਚੋਂ ਪਿੰਡ ਸੁਣੀਦਾ, ਪਿੰਡ ਹੁਣ ਰਿਹਾ ਹੀ ਨਾ....

ਹਾਂ, ਇਹੀ ਸਵਾਲ ਮੇਰੇ ਦਿਮਾਗ 'ਚ ਉਭਾਰਿਆ ਕਿਵੇਂ?
ਪਿੰਡ ਸੱਚਮੁੱਚ ਹੀ ਮੁੱਕ ਜਾਣਗੇ?
ਐਂ ਕਿਵੇਂ ਯਾਰ

ਇਹ ਸਹੀਂ ਹੈ, ਪਿੰਡ ਖਤਮ ਹੋ ਜਾਣਗੇ, ਇਸ ਸਾਲ ਦੇ ਅੰਤ ਤੱਕ
ਦੁਨਿਆਂ ਦੀ ਅੱਧੀ ਆਬਾਦੀ ਸ਼ਹਿਰਾਂ ਵਿੱਚ ਰਹਿਣ ਲੱਗੇਗੀ,
ਅਤੇ ਜਿਸ ਹਿਸਾਬ ਨਾਲ ਪਿੰਡ ਦੇ ਲੋਕ ਸ਼ਹਿਰਾਂ ਵੱਲ ਨੂੰ ਭੱਜ
ਰਹੇ ਹਨ, ਉਸ ਮੁਤਾਬਕ ਤਾਂ ਇਹ ਜਾਪਦਾ ਹੈ!
ਛੋਟੇ ਪਿੰਡ ਕਸਬੇ ਬਣਦੇ ਜਾਂਦੇ ਨੇ ਅਤੇ ਕਸਬੇ ਵਸਦੇ-ਰਸਦੇ
ਨਗਰ, ਜੋਂ ਮਹਾਂ-ਨਗਰ!!

ਮੈਨੂੰ ਸ਼ਾਇਦ ਯਾਦ ਹੈ ਕਿ ਮੈਂ ਪਹਿਲਾਂ ਵੀ ਲੇਖ ਲਿਖਿਆ ਸੀ,
ਇਸ ਬਾਰੇ ਕਿ ਕਿਵੇਂ ਮੇਰਾ ਪਿੰਡ 'ਚ ਦੋ ਦੁਕਾਨਾਂ ਤੋਂ 10
ਅਤੇ ਅੱਜ ਸੈਕੜੇ ਦੁਕਾਨਾਂ ਬਣ ਗਈਆਂ ਹਨ, ਮੇਰੇ
ਨੇੜਲਾ ਕਸਬਾ "ਬਾਘਾ ਪੁਰਾਣਾ", ਜਿੱਥੇ ਇੱਕ ਨਿੱਕੇ
ਜੇਹੇ ਚੌਂਕ 'ਚ ਭੋਰਾ ਭਰ ਵੀ ਭੀੜ ਨਹੀਂ ਸੀ, ਹੁਣ ਉੱਥੇ
ਲਾਈਟਾਂ ਵਾਲਾ ਚੌਂਕ ਵੀ ਕੰਮ ਨੀਂ ਸਾਰਦਾ ਹੈ!
ਮੇਰਾ ਜ਼ਿਲਾ 'ਮੋਗਾ', ਜਿੱਥੇ ਕਦੇ ਤੁਰ ਸਕਦਾ,
ਅੱਜ ਮੋਢੇ ਨਾ ਮੋਢਾ ਖਹਿਦਾ ਹੈ ਅਤੇ ਤੁਸੀਂ ਤੁਰ ਨਹੀਂ
ਸਕਦੇ ਹੋ!! ਗੱਡੀਆਂ, ਸਕੂਟਰਾਂ, ਮੋਟਰ ਸਾਈਕਲਾਂ
ਦੀ ਭੀੜ ਹੀ ਐਨੀ ਹੈ ਕਿ ਬਜ਼ਾਰ ਦਾ ਖੁਦ ਦਮ ਘੁਟਦਾ ਹੋਵੇਗਾ!!
ਖ਼ੈਰ ਸ਼ਹਿਰਾਂ ਨੇ ਸ਼ਹਿਰ ਬਣਦੇ ਹੀ ਰਹਿਣਾ ਹੈ, ਪਰ
ਪਿੰਡ ਦੀ ਬਦਲੀ ਹਾਲਤ ਕਰਕੇ ਲੋਕ ਗਲਤਫਹਿਮੀ
ਦੇ ਸ਼ਿਕਾਰ ਹੋ ਰਹੇ ਹਨ ਕਿ ਤਰੱਕੀ ਹੋ ਗਈ ਵੀ ਤਰੱਕੀ
ਹੋ ਗਈ, ਪਰ ਜਿਸ ਤਰ੍ਹਾਂ ਆਪਸੀ ਭਾਈਚਾਰਾ, ਪਿਆਰ,
ਸਤਿਕਾਰ ਅਤੇ ਸਾਂਝ ਖਤਮ ਹੋ ਗਈ ਹੈ, ਉਹ ਤਾਂ ਅੱਜ
ਦੇ 'ਤਰੱਕੀਪਸੰਦ' ਸ਼ਾਇਦ ਆਪਣੀ ਨਿੱਜੀ ਆਜ਼ਾਦੀ
ਨੂੰ ਮਾਣਨ ਵਿੱਚ ਮਸਤ ਹੋਏ ਭੁੱਲ ਹੀ ਗਏ ਹਨ, (ਸ਼ਾਇਦ
ਕਦੇ ਸਮਝ ਆਵੇ ਕਿ ਨਹੀਂ, ਰੱਬ ਹੀ ਜਾਣੇ!)

ਖ਼ੈਰ ਇਹ ਪਿੰਡ ਮੁੱਕਣ ਨਾਲ ਰੌਣਕਾਂ ਅਤੇ ਰਿਸ਼ਤੇ ਤਾਂ
ਖਤਮ ਹੋ ਹੀ ਜਾਣੇ ਹਨ, ਅਸੀਂ ਆਪਣੇ ਪਰਿਵਾਰਾਂ ਵਿੱਚੋਂ
ਵੀ ਗੁਆਚ ਜਾਣਾ ਹੈ, ਜਿਸ ਤਰ੍ਹਾਂ ਸ਼ਹਿਰਾਂ ਦਾ ਮਾਹੌਲ
ਹੈ, ਉਸ ਮੁਤਾਬਕ ਤਾਂ ਜੁਆਕਾਂ ਕੋਲ ਮਾਂ-ਪਿਓ ਲਈ ਟੈਮ
ਨਹੀਂ ਹੈ, ਪਿੰਡ ਦੇ ਲੋਕ ਅੱਧ-ਵਿਚਾਲੇ ਲਟਕ ਜਾਣਗੇ, ਅੱਜ
ਜਵਾਨੀ ਟਪਾ ਚੁੱਕੀ ਪੀੜ੍ਹੀ ਜੋ ਦਰਦ (ਜੁਦਾਈ ਦਾ) ਭੋਗ
ਰਹੀ ਹੈ, ਉਹ ਅੱਜ ਦੀ ਨੱਚਦੀ ਟੱਪਦੀ ਪੀੜ੍ਹੀ ਨੂੰ ਅਗਲੇ
15-20 ਸਾਲਾਂ ਨੂੰ ਸਮਝ ਆਵੇਗਾ, ਜਦੋਂ ਉਹਨਾਂ ਦੇ ਦੁੱਖ
ਸੁਣਨ ਵਾਲੇ (ਅੱਜ ਦੇ ਮਾਂ-ਪਿਓ) ਤੁਰ ਗਏ ਹੋਣਗੇ ਅਤੇ
ਜਵਾਕ (ਜੇਹੜੇ ਅੱਜ ਹਾਲੇ ਰੁੜਦੇ ਨੇ) ਸੁਣਨ ਨੂੰ ਤਿਆਰ
ਨਹੀਂ ਹੋਣਗੇ!
ਮੇਰੇ ਕੋਲ ਕੋਈ ਸੁਝਾਅ ਨਹੀਂ ਹੈ ਕਿ ਪਿੰਡਾਂ ਦੀ ਰੂਹ
ਧੜਕਦੀ ਕਿਵੇਂ ਰਹੇ, ਮੈਂ ਸ਼ਾਇਦ ਖੁਦ ਪਿੰਡ-ਨਿਕਾਲੇ
ਨੂੰ ਭੋਗ ਰਿਹਾ ਹਾਂ, ਮੇਰੀ ਤਾਂ ਆਪ ਕੋਈ ਵਾਹ ਨੀਂ ਜਾਂਦੀ,
ਬੱਸ ਯਾਦ ਆਉਦੀ ਹੈ...

ਜਿੱਥੇ ਪਿੱਪਲਾਂ ਦੀ ਠੰਡੀ ਠੰਡੀ ਛਾਂ!
ਬਹਿ ਕੱਤਦੀ ਸੀ ਚਰਖਾ ਜਿੱਥੇ ਮਾਂ!
ਉਹ ਮੇਰਾ ਪਿੰਡ ਸੱਜਣਾ, ਓਹ ਮੇਰਾ ਪਿੰਡ ਸੱਜਣਾ!!!!
ਜਿੱਥੇ ਪਿਆਰ ਵਾਲੇ ਵਗਦੇ ਝਨਾਂ, ਓਹ ਮੇਰਾ ਪਿੰਡ ਸੱਜਣਾ!
ਜਿੱਥੇ ਬੋਲਦੇ ਬਨੇਰਿਆਂ 'ਤੇ ਕਾਂ, ਓਹ ਮੇਰਾ ਪਿੰਡ ਸੱਜਣਾ!

26 February, 2008

ਗੱਡੀ ਦੀ ਪਹਿਲੀ ਸਰਵਿਸ - 0 ਰੁਪਏ, 0 ਕਿਲੋਮੀਟਰ

ਸ਼ਿਵਰਲੈੱਟ ਦੀ ਸਪਾਰਕ ਗੱਡੀ
ਦੀ ਸਰਵਿਸ ਕਰਵਾਉਣੀ ਸੀ, ਮਹੀਨਾ ਹੋ ਗਿਆ ਗੱਡੀ ਨੂੰ, ਪਰ ਹਾਲੇ ਤਾਂ ਇਹ 400 ਕੁ ਸੌ ਕਿਲੋਮੀਟਰ ਹੀ
ਚੱਲੀ ਸੀ, ਇਸਕਰਕੇ ਪਿਛਲੇ ਸ਼ਨਿੱਚਰਵਾਰ ਗੱਡੀ ਲੈ ਕੇ ਲੋਨਾਵਾਲਾ, ਖੰਡਾਲਾ ਨਿਕਲ ਗਏ ਅਤੇ
ਉਸ ਤੋਂ ਅੱਗੇ ਰਾਹ ਲੱਭਦੇ ਲੱਭਦੇ ਅਲੀਬਾਗ ਚੱਲੇ ਗਏ, ਸਮੁੰਦਰ ਦੇ ਕਿਨਾਰੇ ਲਹਿਰਾਂ ਦਾ
ਜ਼ੋਰ ਸੀ ਅਤੇ ਬਹੁਤਾ ਦੇਰ ਠੈਹਰੇ ਨਹੀਂ। ਖ਼ੈਰ ਆਥਣੇ ਆਉਦਿਆਂ ਨੂੰ ਤੇਲ ਦੀ ਟੈਂਕੀ
ਅੱਧੀ ਅਤੇ ਮੀਟਰ - 740 ਕਿਲੋਮੀਟਰ ਸੀ। ਇਹ ਤਾਂ ਕਿਲੋਮੀਟਰ ਵਧਾਉਣ ਦਾ
ਢੰਗ ਸੀ।

ਗੱਡੀ ਲਈ ਤਾਂ ਕਿਸੇ ਹੋਰ ਡੀਲਰ ਕੋਲੋਂ ਸੀ, ਪਰ ਸਰਵਿਸ ਤਲੇਰਾ ਕੋਲੋਂ ਕਰਵਾਈ,
5 ਲੀਟਰ ਤਾਂ ਤੇਲ ਹੀ ਘੱਟ ਲੱਗਣਾ ਵੇ ਭੇਜਣ ਉੱਤੇ

ਕੱਲ੍ਹ ਗੱਡੀ ਦੀ ਸਰਵਿਸ ਵਾਸਤੇ ਟਾਇਮ ਲੈ ਲਿਆ ਸੀ ਅਤੇ ਅੱਜ
ਗੱਡੀ ਲੈਣ ਡਰਾਇਵਰ ਆ ਗਿਆ, ਆਇਆ ਤਾਂ ਕੁਝ ਲੇਟ ਪਰ,
ਕੁੱਲ ਮਿਲਾ ਕੇ ਮੇਰਾ ਤਜਰਬਾ ਬਹੁਤ ਵਧੀਆ ਰਿਹਾ ਇਨ੍ਹਾਂ ਨਾਲ,
ਬੰਦੇ ਦੇ ਡਰੈੱਸ ਪਾਈ ਹੋਈ ਸੀ, ਆਈ ਡੀ ਕੋਲ ਸੀ ਅਤੇ
ਉਸ ਨੇ ਗੱਡੀ ਦੀ ਪੂਰੀ ਜਾਂਚ ਕੀਤੀ, ਝਰੀਟਾਂ ਦੇ ਨਿਸ਼ਾਨ ਲਾਏ
ਅਤੇ ਅੰਦਰੂਨੀ ਸਮਾਨ ਦੀ ਜਾਂਚ ਕੀਤੀ, ਤੇਲ ਦਾ ਨਿਸ਼ਾਨ
ਗਿਣਿਆ, ਸਾਇਨ ਕਰਕੇ ਕਾਗ਼ਜ਼ ਮੈਨੂੰ ਦਿੱਤਾ ਅਤੇ ਕਾਪੀ ਆਪ
ਲੈ ਗਿਆ ਗੱਡੀ ਦੇ ਨਾਲ,

ਪਹਿਲੀਂ ਸਰਵਿਸ ਵੇਲੇ ਤਾਂ ਕੇਵਲ ਚੈੱਕਅੱਪ ਹੀ ਕਰਨਾ ਸੀ ਅਤੇ
ਮੇਰੀ ਗੱਡੀ ਦਾ ਟਾਈਮ ਠੀਕ ਨੀਂ ਸੀ ਰਹਿੰਦਾ, ਉਹ ਠੀਕ ਕਰਨਾ ਸੀ,
ਕੁੱਲ ਮਿਲਾ ਕੇ ਇਹੀ ਵੱਡੀ ਗੜਬੜ ਸੀ, ਆਥਣੇ ਗੱਡੀ ਸਾਢੇ ਕੁ
6 ਵਜੇ ਵੇਹਲੀ ਹੋ ਗਈ, ਦੋਵੇਂ ਕੋਟਿੰਗਾਂ ਕਰ ਦਿੱਤੀਆਂ ਸਨ ਅਤੇ
ਘਰੇ ਛੱਡ ਗਿਆ ਡਰਾਇਵਰ (ਉਹੀ ਵਰਦੀ ਵਿੱਚ ਅਤੇ ਬਿਨਾਂ
ਕਿਸੇ ਵਾਧੂ ਪੈਸੇ ਮੰਗੇ ਤੋਂ)। ਖ਼ੈਰ ਹਨੇਰਾ ਹੋਣ ਕਰਕੇ ਗੱਡੀ ਦੀ
ਜਾਂਚ ਤਾਂ ਕਰ ਨਾ ਸਕਿਆ, ਪਰ ਠੀਕ ਹੀ ਹੋਣੀ ਚਾਹੀਦੀ ਹੈ।

ਪਰ ਗੱਡੀ ਦਾ ਟਾਈਮ ਠੀਕ ਕਰਨ ਵਾਸਤੇ ਇਸ ਦਾ ਸਪੀਡੋ
ਮੀਟਰ ਵਾਲਾ ਸਾਰਾ ਡਿਜ਼ਟਲ ਢਾਂਚਾ ਹੀ ਬਦਲ ਦਿੱਤਾ ਸੀ,
ਤਾਂ ਗੱਡੀ ਦੇ ਕਿਲੋਮੀਟਰ ਫੇਰ 0 ਹੋ ਗਏ:-(
ਮੈਨੂੰ ਅਜੀਬ ਜੇਹਾ ਲੱਗਾ! ਯਾਰ ਮਸਾਂ ਤਾਂ 770 ਕਿਲੋਮੀਟਰ
ਕੀਤੇ ਸੀ, ਅੱਜ ਫੇਰ 0 ਤੋਂ:-(
ਚੱਲ ਗੱਡੀ ਕੁੱਲ ਮਿਲਾ ਕੇ 770 ਵੱਡ ਚੱਲੀ ਹੋਈ ਹੈ, ਅੱਜ
ਦੀ ਤਾਰੀਖ ਵਿੱਚ ਕਿਲੋਮੀਟਰ ਪਿੱਛੇ ਚਲੇ ਗਏ!!!
ਅਤੇ ਗੱਡੀ ਇੱਕ ਵਾਰ ਫੇਰ ਨਵੀਂ ਨਵੀਂ:-)

20 February, 2008

ਮਾਂ-ਬੋਲੀ ਦਿਵਸ-ਇਕ ਇਤਿਹਾਸਕ ਪ੍ਰਾਪਤੀ

(ਰੋਜ਼ਾਨਾ ਅਜੀਤ ਦੇ ਪੱਤਰਿਆਂ ਤੋਂ ਇੰਟਰਨੈੱਟ ਉੱਤੇ ਯੂਨੀਕੋਡ ਵਾਸਤੇ)

ਜੀ ਹਾਂ, ਅੱਜ ਵਾਂਗ 21 ਫਰਵਰੀ ਹੀ ਤਾਂ ਸੀ ਉਸ ਦਿਨ। ਬੰਗਾਲੀ ਮਾਂ ਦੇ ਯੋਧੇ ਪੁੱਤਰ ਜਦੋਂ ਆਪਣੀ ਮਾਂ-ਬੋਲੀ ਦੇ ਦੋਖੀਆਂ ਦੀ ਨਫ਼ਰਤ
ਦਾ ਸ਼ਿਕਾਰ ਬਣੇ ਤੇ ਦੁਨੀਆ ਨੂੰ ਇੱਕ ਮਿਸਾਲ ਦੇ ਗੲੇ। ਹੋਇਆ ਇੰਜ ਕਿ 21 ਮਾਰਚ 1948 ਨੂੰ ਪਾਕਿਸਤਾਨ ਦੀ ਹਕੂਮਤ ਨੇ ਇਕ
ਕਾਨੂੰਨ ਪਾਸ ਕੀਤਾ, ਜਿਸ ਦੇ ਤਹਿਤ ਉਰਦੂ ਨੂੰ ਸਾਰੇ ਰਾਸ਼ਟਰ, ਜਿਸ ਵਿਚ ਪੂਰਬੀ ਪਾਕਿਸਤਾਨ, ਜੋ ਕਿ ਬੰਗਾਲ ਨੂੰ ਕੱਟ ਕੇ ਬਣਾਇਆ
ਗਿਆ ਸੀ, ਵੀ ਸ਼ਾਮਿਲ ਸੀ, ਦੀ ਭਾਸ਼ਾ ਐਲਾਨਿਆ ਗਿਆ। ਪਾਕਿਸਤਾਨ ਦਾ ਵਡੇਰਾ ਹਿੱਸਾ, ਜੋ ਪੱਛਮੀ ਪਾਕਿਸਤਾਨ ਦੇ ਨਾਂਅ ਨਾਲ
ਜਾਣਿਆ ਜਾਂਦਾ ਸੀ ਤੇ ਜਿੱਥੇ 60 ਫ਼ੀਸਦੀ ਤੋਂ ਵੱਧ ਆਬਾਦੀ ਪੰਜਾਬੀਆਂ ਦੀ ਸੀ, ਨੇ ਇਸ ਐਲਾਨਨਾਮੇ ਨੂੰ ਪ੍ਰਵਾਨ ਕਰ ਲਿਆ ਪਰ
ਪੂਰਬੀ ਪਾਕਿਸਤਾਨ ਦੇ ਬੰਗਾਲੀ ਪੁੱਤਰਾਂ ਨੂੰ ਇਹ ਨਾ-ਗਵਾਰ ਹੋ ਗੁਜ਼ਰਿਆ। ਉਨ੍ਹਾਂ ਉਸੇ ਵੇਲੇ ਤੋਂ ਥਾਂ-ਪਰ-ਥਾਂ ਵਿਰੋਧ ਕਰਨੇ ਸ਼ੁਰੂ ਕਰ
ਦਿੱਤੇ ਤੇ ਆਪਣੀ ਬੋਲੀ ਦੇ ਹੱਕ ਵਿਚ ਇਕ ਲੋਕ-ਮੁਹਿੰਮ ਛੇੜ ਲੲੀ। ਇਹ ਮੁਹਿੰਮ ਜ਼ੋਰ ਫੜਦੀ ਗੲੀ। ਇਸ ਦੀ ਅਗਵਾੲੀ ਵਿਦਿਆਰਥੀ
ਕਰ ਰਹੇ ਸਨ। ਅਧਿਆਪਕ ਕੀ, ਵਕੀਲ ਕੀ, ਜੱਜ ਕੀ, ਕਾਰਖਾਨੇਦਾਰ ਕੀ, ਮਜ਼ਦੂਰ ਕੀ, ਦੁਕਾਨਦਾਰ ਕੀ ਤੇ ਘਰ ਦੀਆਂ ਸੁਆਣੀਆਂ
ਕੀ, ਸਾਰੇ ਇਸ ਲਹਿਰ ਨਾਲ ਜੁੜ ਰਹੇ ਸਨ। ਇਹ ਲਹਿਰ ਤਕੜੀ ਹੋ ਰਹੀ ਸੀ। 11 ਮਾਰਚ 1948 ਨੂੰ ਢਾਕਾ ਯੂਨੀਵਰਸਿਟੀ ਤੇ ਕਾਲਜਾਂ
ਨੇ ਹੜਤਾਲ ਕੀਤੀ ਤੇ ਬੰਗਾਲੀ ਨੂੰ ਸਰਕਾਰੀ ਵਰਤੋਂ ਵਿਚੋਂ ਹਟਾਉਣ ਦਾ ਵਿਰੋਧ ਕੀਤਾ। ਇਸ ਵਿਦਰੋਹੀ ਰੁਖ਼ ਦੇ ਦੂਰਰਸੀ ਸਿੱਟਿਆਂ ਤੋਂ
ਖਬਰਦਾਰ ਹੁੰਦਿਆਂ ਤਤਕਾਲੀਨ ਮੁੱਖ ਮੰਤਰੀ ਖਵਾਜ਼ਾ ਨਜ਼ਾਮੂਦੀਨ ਨੇ ਇਕ ਇਕਰਾਰਨਾਮੇ ’ਤੇ ਦਸਤਖ਼ਤ ਕੀਤੇ, ਜਿਸ ਵਿਚ ਇਹ
ਕਿਹਾ ਗਿਆ ਕਿ ਬੰਗਾਲੀ ਨੂੰ ਉਰਦੂ ਦੇ ਬਰਾਬਰ ਮੰਨਿਆ ਜਾਵੇਗਾ। ਪਰ ਇਸੇ ਮਹੀਨੇ ਮੁਹੰਮਦ ਅਲੀ ਜਿਨਾਹ ਨੇ 21 ਮਾਰਚ ਨੂੰ
ਢਾਕਾ ਯੂਨੀਵਰਸਿਟੀ ਦੇ ਹਾਲ ਵਿਚ ਕਨਵੋਕੇਸ਼ਨ ਐਲਾਨ ਕੀਤਾ ਕਿ ‘ਸਿਰਫ਼ ਤੇ ਸਿਰਫ਼ ਉਰਦੂ’ ਹੀ ਪਾਕਿਸਤਾਨ ਦੀ ਕੌਮੀ
ਜ਼ਬਾਨ ਹੈ। ਉਨ੍ਹਾਂ ਬੰਗਾਲੀ ਦੇ ਸਮਰਥਕਾਂ ਨੂੰ ਪਾਕਿਸਤਾਨ ਦੇ ਦੁਸ਼ਮਣ ਕਿਹਾ। ਉਸ ਦੇ ਭਾਸ਼ਣ ਵਿਚ ਵਿਦਿਆਰਥੀਆਂ ਵੱਲੋਂ
ਵਾਰ-ਵਾਰ ਟੋਕਾ-ਟਾਕੀ ਹੋੲੀ। ਚਾਰ ਸਾਲਾਂ ਵਿਚ ਬੰਗਾਲੀ ਸਮਰਥਕਾਂ ਦਾ ਘੇਰਾ ਵੀ ਵਧਿਆ ਤੇ ਪ੍ਰਭਾਵ ਵੀ। ਨਿੱਕੇ-ਮੋਟੇ ਵਿਰੋਧ
ਪ੍ਰਦਰਸ਼ਨ ਸਖ਼ਤ ਐਕਸ਼ਨਾਂ ’ਤੇ ਉਤਰ ਰਹੇ ਸਨ। ਪਾਕਿਸਤਾਨ ਦੀ ਕੇਂਦਰੀ ਹਕੂਮਤ ਦੀ ਬੁਖਲਾਹਟ ਸੁਭਾਵਿਕ ਸੀ ਤੇ ਉਸ ਵੱਲੋਂ ਪੁਲਿਸ ਤੇ
ਪ੍ਰਬੰਧਕੀ ਅਮਲੇ-ਫੈਲੇ ਨੂੰ ਦਿਸ਼ਾ-ਨਿਰਦੇਸ਼ ਦੇਣੇ ਵੀ ਸੁਭਾਵਿਕ ਸਨ। 27 ਜਨਵਰੀ 1952 ਨੂੰ ਇਕ ਕਮੇਟੀ ਨੇ ਸਿਫਾਰਸ਼ ਕੀਤੀ ਕਿ
ਬੰਗਾਲੀ ਨੂੰ ਅਰਬੀ-ਫਾਰਸੀ ਰਸਮੁਲਖਤ ਵਿਚ ਲਿਖਿਆ ਜਾੲੇ ਜਿਸ ਦੀ ਸਖ਼ਤ ਮੁਖਾਲਫਤ ਹੋੲੀ। ਇਸ ਫ਼ੈਸਲੇ ਖਿਲਾਫ਼ ਇਕ ਵੱਡੇ
ਐਕਸ਼ਨ ਦੀ ਜ਼ਮੀਨ ਤਿਆਰ ਹੋੲੀ। ਅਖੀਰ ਉਹ ਦਿਨ ਆਇਆ ਜਦੋਂ ਢਾਕਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ 21 ਫਰਵਰੀ
1952 ਨੂੰ ਇਕ ਵਿਆਪਕ ਹੜਤਾਲ ਦਾ ਸੱਦਾ ਦਿੱਤਾ ਤੇ ਆਪਣੀ ਮਾਂ-ਬੋਲੀ ਲੲੀ ਜੀਣ-ਮਰਨ ਦਾ ਪ੍ਰਣ ਲਿਆ। ਬੁਖਲਾਇਆ
ਸਰਕਾਰੀ ਪ੍ਰਬੰਧ 20 ਫਰਵਰੀ ਦੀ ਸ਼ਾਮ ਨੂੰ ਹੀ ਦਫ਼ਾ 144 ਲਾਉਣ ਲੲੀ ਮਜਬੂਰ ਹੋ ਗਿਆ। ਹੜਤਾਲ ਕਰਨ ਵਾਲਿਆਂ ਦੀ ਦ੍ਰਿੜ੍ਹਤਾ
ਨੇ ਇਨ੍ਹਾਂ ਦਫਾਵਾ ਦੇ ਗ਼ੁਲਾਮ ਹੋਣੋ ਸਾਫ਼ ਇਨਕਾਰ ਕਰ ਦਿੱਤਾ ਤੇ ਚੜ੍ਹਦੀ ਸਵੇਰੇ ਆਪਣੇ ਮੁਕੱਦਸ ਮਨਸੂਬੇ ਨੂੰ ਅਮਲੀ ਜਾਮਾ
ਪਹਿਨਾਉਣ ਲੲੀ ਵਧੇਰੇ ਤਤਪਰ ਹੋ ਗੲੇ। ਵਿਦਿਆਰਥੀਆਂ ਦਾ ਤਕੜਾ ਹਜ਼ੂਮ ਢਾਕਾ ਯੂਨੀਵਰਸਿਟੀ ਦੇ ਬਾਹਰ ਦਫਾ 144 ਭੰਗ
ਕਰਕੇ ਇਕੱਤਰ ਹੋ ਗਿਆ। ਪਾਕਿਸਤਾਨ ਦੀ ਹਕੂਮਤ ਵੱਲੋਂ ਤਾਇਨਾਤ ਪੁਲਿਸ ਤੇ ਫੌਜ ਦੇ ਕਾਰਿੰਦੇ ਹਰ ਹੀਲੇ ਇਹ ਮੁਜ਼ਾਹਰਾ ਰੈਲੀ
ਰੋਕਣ ਲੲੀ ਬਜ਼ਿਦ ਸਨ ਪਰ ਲੋਕ ਰੋਹ ਦਾ ਸਿਖ਼ਰ ਉਨ੍ਹਾਂ ਤੋਂ ਕਿਤੇ ਵੱਧ ਆਪਣੇ ਉਦੇਸ਼ ਵਿਚ ਪ੍ਰਪੱਕ ਸੀ। ਇਸ ਦਿਨ ਸਵੇਰੇ ਨੌਂ ਵਜੇ ਹੀ
ਵਿਦਿਆਰਥੀ ਯੂਨੀਵਰਸਿਟੀ ਵਿਚ ਇਕੱਠੇ ਹੋਣੇ ਸ਼ੁਰੂ ਹੋ ਗੲੇ। ਨਾਲ ਦੀ ਨਾਲ ਸਾਰਾ ਆਲਾ-ਦੁਆਲਾ ਪੁਲਿਸ ਫੋਰਸ ਨਾਲ ਘਿਰ ਗਿਆ।
ਸਰਕਾਰੀ ਹੁਕਮਾਂ ਦੀ ਬੱਝੀ ਪੁਲਿਸ ਨੇ ਅਖੀਰ ਗੋਲੀ ਚਲਾ ਦਿੱਤੀ ਤੇ ਅਬਦੁਲ ਸਲਾਮ, ਰਫ਼ੀਕ-ਉ-ਦੀਨ, ਅਬੁਲ ਬਰਕਤ, ਅਬਦੁਲ
ਜੱਬਾਰ ਸਮੇਤ ਕੲੀ ਬੰਗਾਲੀਆਂ ਨੇ ਹਿੱਕਾਂ ਵਿਚ ਗੋਲੀਆਂ ਖਾਧੀਆਂ।
ਅਬੁਲ ਬਰਕਤ, ਅਬਦੁਲ ਜੱਬਾਰ ਤੇ ਰਫੀਕ-ਉ-ਦੀਨ ਮੌਕੇ ’ਤੇ ਸ਼ਹਾਦਤ ਦਾ ਜਾਮ ਪੀ ਗੲੇ ਤੇ ਸਫੀਰ ਰਹਿਮਾਨ ਜੋ ਕਿ ਢਾਕਾ
ਹਾੲੀ ਕੋਰਟ ਵਿਚ ਮੁਲਾਜ਼ਮ ਸੀ, ਹੋਰ ਤਿੰਨ ਜ਼ਖਮੀਆਂ ਸਣੇ ਅਗਲੇ ਦਿਨ ਸਵੇਰੇ ਸ਼ਹਾਦਤ ਨੂੰ ਮਿਲਿਆ। ਇਨ੍ਹਾਂ ਸ਼ਹੀਦਾਂ ਦਾ
ਜਦੋਂ ਸਮੂਹਿਕ ਜਨਾਜ਼ਾ ਤੁਰਿਆ ਤਾਂ ਕੲੀ ਭੜਕੇ ਸਮਰਥਕ ਭੰਨ-ਤੋੜ ’ਤੇ ਉਤਾਰੂ ਹੋ ਗੲੇ। ਪੁਲਿਸ ਨੇ ਜਨਾਜ਼ੇ ’ਤੇ ਗੋਲੀ ਚਲਾੲੀ ਤੇ
ਫਿਰ ਕੲੀ ਹੋਰ ਬੰਗਾਲੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਯੂਨੀਵਰਸਿਟੀ ਸਾਹਮਣੇ 24 ਫਰਵਰੀ ਨੂੰ ਵਿਦਿਆਰਥੀਆਂ ਨੇ
ਇਕ ਸ਼ਹੀਦੀ ਸਮਾਰਕ ਬਣਾ ਦਿੱਤਾ ਜਿਸ ਨੂੰ ਪੁਲਿਸ ਨੇ 26 ਤਾਰੀਖ਼ ਨੂੰ ਢਾਹ ਦਿੱਤਾ। ਸਰਕਾਰੀ ਮੀਡੀਆ ਹਰ ਹੀਲਾ ਵਰਤ
ਕੇ ਸ਼ੋਰ ਪਾ ਰਿਹਾ ਸੀ ਕਿ ਬੰਗਾਲੀ ਦੀ ਲਹਿਰ ਇਕ ਰਾਜਨੀਤਕ ਢਕਵੰਜ ਹੈ ਤੇ ਇਸ ਨੂੰ ਹਿੰਦੂ ਅਤੇ ਕਮਿਊਨਿਸਟ ਹਵਾ ਦੇ
ਰਹੇ ਹਨ। ਪਰ ਅਜਿਹੇ ਖੋਖਲੇ ਪ੍ਰਾਪੇਗੰਡੇ ਨਾਲ ਬੰਗਾਲੀ ਅਵਾਮ ਪ੍ਰਭਾਵਿਤ ਨਾ ਹੋਇਆ ਤੇ ਆਪਣੇ ਮਿਸ਼ਨ ਨੂੰ ਅੱਗੇ ਲੈ ਕੇ
ਚਲਦਾ ਗਿਆ। ਪਹਿਲੀ ਵਰ੍ਹੇਗੰਢ ’ਤੇ ਲੋਕਾਂ ਨੇ ਕਾਲੇ ਬਿੱਲੇ ਲਾ ਕੇ ਵਿਰੋਧ ਪ੍ਰਗਟਾਇਆ ਤੇ ਸਾਰੇ ਸਰਕਾਰੀ ਤੇ ਗ਼ੈਰ-ਸਰਕਾਰੀ
ਅਦਾਰੇ ਬੰਦ ਕਰਵਾੲੇ। ਉਨ੍ਹਾਂ ਇਹ ਵਿਚਾਰ ਬੁਲੰਦ ਕੀਤਾ ਕਿ ਭਾਸ਼ਾ ਮਾਂ ਹੈ ਤੇ ਭਾਸ਼ਾ ਦਾ ਨਿਰਾਦਰ ਕਰਨ ਵਾਲਾ ਦੁਸ਼ਮਣ। ਭਾਸ਼ਾ
ਨੂੰ ਸਹੀ ਤੇ ਸਨਮਾਨਯੋਗ ਥਾਂ ਦਿਵਾਉਣਾ ਉਹਦੇ ਬੋਲਣ ਵਾਲਿਆਂ ਦਾ ਪਹਿਲਾ ਤੇ ਪਵਿੱਤਰ ਫਰਜ਼ ਹੈ। ਭਾਸ਼ਾ ਆਪਣੇ ਬੱਚਿਆਂ
ਨੂੰ ਪਾਲਦੀ ਹੀ ਨਹੀਂ, ਉਨ੍ਹਾਂ ਨੂੰ ਜੀਣ ਜੋਗੇ ਵੀ ਬਣਾਉਂਦੀ ਹੈ। ਸਰਕਾਰੀ ਅਮਲੇ ਵੱਲੋਂ ਗਿਰਾੲੇ ਸ਼ਹੀਦੀ ਮੀਨਾਰ ਨੂੰ
ਮੁੜ ਡਿਜ਼ਾੲੀਨ ਕੀਤਾ ਗਿਆ ਤੇ ਉਸਾਰਿਆ ਗਿਆ।
ਅਖੀਰ 29 ਫਰਵਰੀ 1956 ਨੂੰ ਪਾਕਿਸਤਾਨ ਸਰਕਾਰ ਆਪਣੇ ਸੰਵਿਧਾਨ ਵਿਚ ਇਹ ਤਬਦੀਲੀ ਕਰਨ ਲੲੀ
ਮਜਬੂਰ ਹੋ ਗਿਆ ਕਿ ਬੰਗਾਲੀ ਤੇ ਉਰਦੂ ਦੋਵੇਂ ਹੀ ਪਾਕਿਸਤਾਨ ਦੀਆਂ ਕੌਮੀ ਭਾਸ਼ਾਵਾਂ ਹਨ। ਪਰ ਪਾਕਿਸਤਾਨ ਦੀ
ਹਕੂਮਤ ਵੱਲੋਂ ਬੰਗਾਲੀ ਦਾ ਦਮਨ ਗਾਹੇ-ਬਗਾਹੇ ਜਾਰੀ ਰਿਹਾ ਜੋ ਅਖੀਰ ਬੰਗਲਾਦੇਸ਼ ਦੀ ਕਾਇਮੀ ਦੀ ਜੜ੍ਹ ਬਣਿਆ।
1972 ਵਿਚ ਬੰਗਲਾਦੇਸ਼ ਦੇ ਸੰਵਿਧਾਨ ਮੁਤਾਬਿਕ ਬੰਗਾਲੀ ਨੂੰ ਰਾਸ਼ਟਰ ਦੀ ਭਾਸ਼ਾ ਬਣਾਇਆ ਗਿਆ। ਆਪਣੀ
ਕਾਇਮੀ ਤੋਂ ਫੌਰਨ ਬਾਅਦ ਬੰਗਲਾਦੇਸ਼ ਵੱਲੋਂ ਯੂਨੈਸਕੋ ਨੂੰ ਇਹ ਰਾੲੇ ਭੇਜੀ ਗੲੀ ਕਿ 21 ਫਰਵਰੀ ਨੂੰ ਮਾਂ-ਬੋਲੀ
ਦਿਹਾੜਾ ਐਲਾਨਿਆ ਜਾੲੇ। ਇਸ ਤਜਵੀਜ਼ ਨੂੰ ਇਟਲੀ, ਆਇਵਰੀ ਕੋਸਟ, ਇੰਡੋਨੇਸ਼ੀਆ, ਓਮਾਨ, ਗਾਂਭੀਆ,
ਚੀਨ, ਪਾਕਿਸਤਾਨ, ਫਿਲਪਾੲੀਨਜ਼, ਭਾਰਤ, ਮਲੇਸ਼ੀਆ, ਰੂਸ, ਮਿਸਰ, ਸ੍ਰੀਲੰਕਾ, ਸਾਊਦੀ ਅਰਬੀਆ,
ਸੂਰੀਨਾਮ, ਆਦਿ ਵੱਲੋਂ ਸਮਰਥਨ ਦਿੱਤਾ ਗਿਆ। ਮਾਂ-ਬੋਲੀ ਦੇ ਹੱਕ ਵਿਚ ਨਿੱਤਰਨ ਵਾਲਿਆਂ ਦੀ ਤਾਦਾਦ
ਵਧਦੀ ਗੲੀ। ਕੈਨੇਡਾ ਵਿਚ ਸਥਾਪਿਤ ਮਾਂ-ਬੋਲੀ ਪਿਆਰਿਆਂ ਦੀ ਸੰਸਥਾ ਜਿਸ ਵਿਚ ਅੰਗਰੇਜ਼, ਕੁਟੁਚੀ, ਕੈਂਟੋਨੀਜ਼,
ਜਰਮਨ, ਫਿਲੀਪੀਨੋ, ਬੰਗਾਲੀ ਤੇ ਹਿੰਦੀ ਦੇ ਨੁਮਾਇੰਦੇ ਸ਼ਾਮਿਲ ਹੋੲੇ, ਨੇ ਵੀ 21 ਫਰਵਰੀ ਦੇ ਹੱਕ ਵਿਚ
ਜ਼ੋਰਦਾਰ ਆਵਾਜ਼ ਉਠਾੲੀ। ਅਖੀਰ ਕੲੀ ਮੀਟਿੰਗਾਂ ਵਿਚਾਰਾਂ ਤੋਂ ਬਾਅਦ ਯੂਨੈਸਕੋ ਦੀ 17 ਨਵੰਬਰ 1999 ਦੀ
ਜਨਰਲ ਕਾਨਫ਼ਰੰਸ ਵਿਚ 21 ਫਰਵਰੀ ਨੂੰ ਮਾਂ-ਬੋਲੀ ਦਿਨ ਦਾ ਦਰਜਾ ਮਿਲ ਗਿਆ। ਇਹ ਬੰਗਲਾਦੇਸ਼ ਦੀ
ਤਾਂ ਹੈ ਹੀ ਸੀ ਪਰ ਉਸ ਤੋਂ ਵੱਧ ਬੰਗਾਲੀਆਂ ਦੀ ਕਿਤੇ ਵੱਡੀ ਪ੍ਰਾਪਤੀ ਸੀ। ਇਸ ਦੇ ਨਾਲ ਇਕੱਲੇ ਬੰਗਾਲੀਆਂ
ਦੇ ਗੌਰਵ ਵਿਚ ਵਾਧਾ ਨਹੀਂ ਹੋਇਆ ਬਲਕਿ ਉਹ ਸਭ ਵਡਿਆੲੇ ਗੲੇ ਜਿਹੜੇ ਆਪਣੀਆਂ ਮਾਤ ਭਾਸ਼ਾਵਾਂ ਦੇ
ਕਦਰਦਾਨ ਦੇ ਵਿਕਾਸ ਦੇ ਮੁੱਦੲੀ ਸਨ।
ਕੀ ਅਸੀਂ ਪੰਜਾਬੀ ਅਵਾਮ ਦੇ ਮਨਾਂ ਵਿਚ ਭੋਰਾ ਜਿੰਨਾ ਬੰਗਾਲੀਆਂ ਵਰਗਾ ਜਜ਼ਬਾ ਪਾ ਪਾਵਾਂਗੇ ਕਿ
ਮਾਂ-ਬੋਲੀ ਹੀ ਉੱਤਮ ਹੈ ਤੇ ਮਾਂ-ਬੋਲੀ ਵੱਲੋਂ ਹੋ ਕੇ ਹੀ ਸਾਰੀਆਂ ਗਿਆਨ ਸ਼ਾਖਾਵਾਂ ਦੀ ਖਿੜਕੀ ਖੁੱਲ੍ਹਦੀ ਹੈ।
ਪੰਜਾਬੀ ਚੰਗਾ ਜੀ ਰਹੇ ਹਨ, ਚੰਗੇ ਪੈਸੇ ਕਮਾ ਰਹੇ ਹਨ, ਚੰਗਾ ਖਾਂਦੇ ਹੰਢਾਉਂਦੇ ਹਨ ਪਰ ਕੀ
ਕਾਰਨ ਹੈ ਕਿ ਉਹ ਮਾਂ-ਬੋਲੀ ਦੇ ਨਿੱਘ ਤੋਂ ਅਵੇਸਲੇ ਹਨ?


(ਲੇਖਕ - ਤਲਵਿੰਦਰ ਸਿੰਘ
-61, ਫਰੈਂਡਜ਼ ਕਲੋਨੀ, ਅੰਮ੍ਰਿਤਸਰ
ਫੋਨ : 98721-78035)
--

10 February, 2008

ਮਹਾਂਰਾਸ਼ਟਰ, ਮਰਾਠੀ ਅਤੇ ਲੋਕ - ਪੰਜਾਬੀ ਸਬਕ ਸਿੱਖਣ

ਮੁੰਬਈ ਵਿੱਚ ਪਿਛਲੇ ਹਫ਼ਤੇ ਤੋਂ ਜੋ ਵੀ ਗਤੀ ਵਿਧੀਆਂ ਹੋ ਰਹੀਆਂ ਹਨ,
ਜਿਸ ਤਰ੍ਹਾਂ ਸ਼ਿਵ ਸੈਨਾ ਅਤੇ ਮਹਾਂਰਾਸ਼ਟਰ ਨਵ-ਨਿਰਮਾਣ ਸੈਨਾ ਵਲੋਂ
ਉੱਤਰ ਭਾਰਤੀਆਂ ਖਿਲਾਫ਼ ਮਾਰਕੁੱਟ ਅਤੇ ਗੁੰਡਾਗਰਦੀ ਕੀਤੀ ਗਈ ਹੈ,
ਉਹ ਅਸਲ ਵਿੱਚ ਭਾਸ਼ਾ ਅਤੇ ਪਿਛੜੇ ਹੋਣ ਦਾ ਦੁੱਖ ਹੈ। ਬਾਹਰੋਂ
ਆਏ ਲੋਕਾਂ ਵਲੋਂ ਜਿਸ ਤਰ੍ਹਾਂ ਮੁੰਬਈ ਨੂੰ ਆਪਣਾ ਦੱਸਣਾ ਅਤੇ
ਲੋਕਲ ਲੋਕਾਂ ਨੂੰ ਅਣਡਿੱਠਾ ਕਰਨ ਦਾ ਇਹ ਨਤੀਜਾ ਹੈ,
ਬਿਹਾਰੀ ਲੋਕਾਂ ਬਾਰੇ ਤਾਂ ਅੱਗੇ ਹੀ ਮਸ਼ਰੂਹ ਹੈ ਕਿ ਕਿਤੇ
ਵੀ ਸਰਕਾਰੀ ਨੌਕਰੀ ਨਿਕਲੇ ਉਹ ਭਰਦੇ ਹਨ ਅਤੇ ਬੜੀ
ਸ਼ਾਨ ਨਾਲ ਲੈਂਦੇ ਵੀ ਹਨ। ਇਸ ਨਾਲ ਅਕਸਰ ਇਹ ਸਮੱਸਿਆਵਾਂ
ਖੜ੍ਹੀਆਂ ਹੁੰਦੀਆਂ ਹਨ, ਜਦੋਂ ਖਾਸ ਤੌਰ ਉੱਤੇ ਦੂਜੇ ਸੂਬੇ ਵਿੱਚ
ਜਾਂਦੇ ਹੋ ਅਤੇ ਉਨ੍ਹਾਂ ਦੇ ਲੋਕਲ ਲੋਕਾਂ, ਤਿਉਹਾਰਾਂ ਦਾ
ਖਿਆਲ ਨਹੀਂ ਰੱਖਦੇ, ਹਾਂ ਭਾਰਤ ਇੱਕ ਮੁਲਕ ਹੈ ਅਤੇ
ਅਸੀਂ ਸਾਰੇ ਦੇਸ਼ ਦੇ ਨਾਗਰਿਕ ਹਾਂ, ਜਿੱਥੇ ਮਰਜ਼ੀ ਜਾ ਅਤੇ ਆ
ਸਕਦੇ ਹਾਂ, ਪਰ ਫੇਰ ਵੀ ਸਾਨੂੰ ਜਿੱਥੇ ਵੀ ਜਾਈਏ, ਉੱਥੇ
ਦੇ ਮਾਹੌਲ ਦਾ ਖਿਆਲ ਰੱਖਣਾ ਚਾਹੀਦਾ ਹੈ, ਫੇਰ ਉਹ ਭਾਵੇਂ
ਭਾਰਤ ਦੇ ਅੰਦਰ ਹੋਵੇ ਜਾਂ ਬਾਹਰ (ਅਮਰੀਕਾ, ਕੇਨੈਡਾ)।
ਮੈਂ ਗੁੰਡਾਗਰਦੀ ਦੀ ਹਮਾਇਤ ਨਹੀਂ ਕਰਦਾ ਅਤੇ ਨਾ ਹੀ
ਮੈਂ ਭਾਰਤ ਵਿੱਚ ਖੇਤਰਵਾਦ ਦਾ ਹਾਮੀ ਹਾਂ, ਪਰ ਜੇ ਤੁਸੀਂ
ਕਦੇ ਜਾ ਕੇ ਆਪਣੀ ਧੌਂਸ ਜਮਾਉਣੀ ਹੈ ਤਾਂ ਅੱਗੇ ਜਵਾਬ
ਮਿਲਣ ਦੀ ਉਮੀਦ ਰੱਖਣੀ ਲਾਜ਼ਮੀ ਹੈ।
ਇਸ ਸਾਰੇ ਮਸਲੇ ਵਿੱਚ ਕੁਝ ਤੱਥ ਸਾਹਮਣੇ ਆਏ ਹਨ, ਜਿਸ
ਤੋਂ ਪੰਜਾਬੀਆਂ ਨੂੰ ਕੁਝ ਸਬਕ ਲੈਣੇ ਚਾਹੀਦੇ ਹਨ,
1) ਮਰਾਠੀ ਦੇ ਨਾਂ ਉੱਤੇ ਹਿੰਦੂ ਅਤੇ ਮੁਸਲਮਾਨ ਇੱਕਠੇ ਨੇ,
ਭਾਸ਼ਾ ਲਈ ਇੱਕਠੇ ਨੇ, ਉਹ ਹਿੰਦੀ ਪਰੈੱਸ ਤੱਕ ਤਾਂ ਬਾਈਕਾਟ ਕਰ
ਸਕਦੇ ਨੇ, ਸਾਰੇ ਬਿਆਨ ਮਰਾਠੀ 'ਚ ਦਿੰਦੇ ਨੇ, ਪਰ ਪੰਜਾਬੀ ਨੇਤਾ,
ਬਿਲਕੁਲ ਉਲਟ, ਜਿੰਨਾਂ ਹੋ ਸਕੇ ਹਿੰਦੀ 'ਚ ਬਿਆਨ ਦਿੰਦੇ ਨੇ,
ਹਿੰਦੀ ਪਰੈੱਸ ਨੂੰ ਤਰਜੀਹ ਦਿੰਦੇ ਹਨ। ਕੀ ਹਿੰਦੀ ਬੋਲਣੀ ਲਾਜ਼ਮੀ ਹੈ?

2) ਪੰਜਾਬ ਦੀ ਸ਼ਿਵ ਸੈਨਾ (ਜੋ ਮਹਾਂਰਾਸ਼ਟਰ ਦੀ ਸ਼ਿਵ ਸੈਨਾ
ਦਾ ਭਾਗ ਹੋਣ ਦਾ ਦਾਅਵਾ ਕਰਦੀ ਹੈ) ਵਿੱਚ ਇੱਕ ਭੋਰਾ ਵੀ ਤੰਤ ਨਹੀਂ ਹੈ
ਮੁੰਬਈ ਵੀ ਸ਼ਿਵ ਸੈਨਾ ਦਾ, ਜੇ ਹੁੰਦਾ ਤਾਂ ਉਹ ਪੰਜਾਬੀ ਨੂੰ ਸਿੱਖੀ ਦੀ
ਬੋਲੀ ਦੱਸ ਕੇ ਹਿੰਦੀ ਵਿੱਚ ਬੋਲਣਾ ਆਪਣਾ ਧਰਮ ਨਾ ਦੱਸਦੇ। ਓਏ
ਮਰਾਠੀ ਨੂੰ ਸ਼ਿਵ ਸੈਨਾ ਜਿੰਨਾ ਪਿਆਰ ਕਰਦੀ ਹੈ, ਕੀ ਉਨ੍ਹਾਂ ਤੁਸੀਂ ਪੰਜਾਬੀ
ਨੂੰ ਕਦੇ ਕੀਤਾ ਹੈ, ਕਦੇ ਸੋਚਿਆ ਵੀ ਹੈ ਅਤੇ ਪੰਜਾਬੀ ਸੂਬੇ ਲਈ ਤਾਂ ਗੱਲ ਹੀ
ਛੱਡੋ, ਕਦੇ ਕਿਹਾ ਵੀ ਪੰਜਾਬੀ ਸਾਡੀ ਮਾਂ ਬੋਲੀ ਹੈ?

3) ਇਹ ਗੁੰਡਾਗਰਦੀ ਮੁਤਾਬਕ, ਜੇ ਭਾਰਤ ਵਿੱਚ ਹੀ ਬਿਗਾਨੇ ਦੇਸ਼
ਦਾ ਅਹਿਸਾਸ ਸਹਿਣਾ ਪਵੇਗਾ ਤਾਂ ਭਾਰਤ 'ਚ ਧੱਕੇ ਖਾਣ ਦੀ ਕੀ ਲੋੜ,
ਅਮਰੀਕਾ, ਕਨੈਡਾ, ਆਸਟਰੇਲੀਆ ਜਾਉ, ਅਤੇ ਗੋਰਿਆਂ ਤੋਂ ਗਾਲ੍ਹਾਂ
ਖਾਓ, ਸ਼ਾਇਦ ਇਸੇਕਰਕੇ ਬਹੁਤ ਪੰਜਾਬੀ ਬਾਹਰ ਨੂੰ ਭੱਜਦੇ ਹਨ:-)

ਖ਼ੈਰ ਅਜੇ ਭਾਰਤੀ ਸੂਬਿਆਂ ਤੋਂ ਉਭਰਦੇ ਨੀਂ ਲੱਗਦੇ, ਜਦੋਂ ਕਿ ਸਾਰਾ ਸੰਸਾਰ
ਹੀ ਇੱਕ ਛੋਟਾ ਜੇਹਾ ਪਿੰਡ ਬਣਦਾ ਜਾ ਰਿਹਾ ਹੈ, ਡਕਦੇ ਕਦੇ ਮੈਂ ਸੋਚਦਾ ਹਾਂ
ਕਿ ਕਦੋਂ ਉਹ ਦਿਨ ਆਉਣਗੇ, ਜਦੋਂ ਮੈਂ ਬਿਨਾਂ ਵੀਜ਼ਾ ਸਾਰੀ ਦੁਨਿਆਂ
'ਚ ਜਾ ਆ ਸਕਾਗਾਂ, ਜਿਵੇਂ ਹੁਣ ਅੰਮ੍ਰਿਤਸਰ, ਲੁਧਿਆਣਾ ਆ ਜਾ ਸਕਦਾ ਹੈ,
ਸੱਚੀ ਮੈਂ ਅਫਗਾਨਸਤਾਨ ਵਿੱਚ ਜੇਹਲਮ ਦਾ ਕੰਢਾ, ਅਤੇ ਕਜ਼ਾਕਸਤਾਨ
ਦੀ ਖੁਸ਼ਕ ਧਰਤੀ ਉੱਤੇ ਵਸਦੇ ਨਖਲਸਤਾਨ ਨੂੰ ਆਪਣੀ ਗੱਡੀ ਉੱਤੇ ਜਾ ਕੇ
ਵੇਖਣਾ ਚਾਹੁੰਦਾ ਹਾਂ, ਰੱਬਾ ਮੇਹਰ ਕਰੀਂਙ

06 February, 2008

ਮੀਡਿਆ ਸੋਵੀਅਤਾਂ (ਰੂਸ) ਦੇ ਖਿਲਾਫ਼ ਹੀ ਕਿਓ?

ਬਹੁਤ ਚਿਰਾਂ ਤੋਂ ਮਹਿਸੂਸ ਕਰਦਾ ਸਾਂ ਕਿ ਟੀਵੀ ਚੈਨਲਾਂ
ਉੱਤੇ ਲਗਾਤਾਰ ਆ ਰਹੇ ਪਰੋਗਰਾਮ ਸੋਵੀਅਤ ਯੂਨੀਅਨ ਦੀ
ਭੰਡੀ ਕਰਨ ਵਿੱਚ ਕਦੇ ਪਿੱਛੇ ਨੀਂ ਹੱਟਦੇ। ਇਹ ਗੱਲ ਮੈਂ
ਹਿਸਟਰੀ, ਡਿਸਕਰਵੀ ਵਰਗੇ ਵਧੀਆ ਚੈਨਲ ਉੱਤੇ ਸਭ
ਤੋਂ ਵੱਧ ਵੇਖੀ ਹੈ।
ਇਸ ਦੀ ਸਭ ਤੋਂ ਵੱਡੀ ਮਿਸਾਲ ਪਿਛਲੇ ਹਫ਼ਤੇ ਦੀ ਹੈ,
ਜਿਸ ਵਿੱਚ ਸਟਾਲਿਨਗਰਾਡ ਦੀ ਲੜਾਈ, ਵੀਅਤਨਾਮ
ਦੀ ਲੜਾਈ, ਕੁਝ ਜੋਤਸ਼ੀਆਂ ਦੀ ਭਵਿੱਖਬਾਣੀ ਵਾਲੇ
ਪਰੋਗਰਾਮ, ਕੁਝ ਛੋਟੀਆਂ ਮੋਟੀਆਂ ਖੋਜਾਂ, ਕੁਝ
ਸੈਟੇਲਾਈਟ ਬਾਰੇ ਪਰੋਗਰਾਮ, ਕੁਝ ਆਮ ਜਾਣਕਾਰੀ
ਦੇ ਪਰੋਗਰਾਮ (ਭਾਵ ਕਿ ਕੋਸ਼ਿਸ਼ ਤਾਂ ਇਹ ਕੀਤੀ ਜਾਂਦੀ ਹੈ
ਕਿ ਹਰੇਕ ਪਰੋਗਰਾਮ ਵਿੱਚ ਭੰਡੀ ਕੀਤੀ ਜਾਵੇ)।

ਜਿਵੇਂ ਕਿ:
ਸਟਾਲਿਨਗਰਾਦ ਦੀ ਲੜਾਈ ਵਿੱਚ ਵਾਰ ਵਾਰ
ਜ਼ਿਕਰ ਕੀਤਾ ਗਿਆ ਹੈ, ਸੋਵੀਅਤ ਲੋਕਾਂ ਨੂੰ ਲੀਡਰ ਬਚਾ
ਨਾ ਸਕੇ, ਉਹਨਾਂ ਦੀ ਲੀਡਰਸ਼ਿਪ ਦੇ ਗਲਤ ਨਤੀਜੇ ਨਿਕਲੇ,
ਫੌਜੀ ਕਮਾਂਡਰ ਆਪਸ ਵਿੱਚ ਝਗਦੇ ਸਨ, ਫੌਜ ਕੋਲ
ਹਥਿਆਰ ਮਾੜੇ ਸਨ, ਇਹੀ ਨੀਂ ਬਲਕਿ ਇਸ ਤੋਂ
ਅੱਗੇ ਉਹ ਰੂਸੀਆਂ ਨੂੰ ਮਾੜੇ ਸਿੱਧ ਕਰਨ ਲਈ ਜਰਮਨੀ
ਦੀ ਤਾਰੀਫ਼ ਕਰਨੋਂ ਵੀ ਨੀਂ ਟਲਦੇ, ਉਹ ਕਹਿੰਦੇ ਰਹੇ,
ਜਰਮਨੀ ਦੀ ਫੌਜ ਬਹੁਤ ਬਹਾਦਰ ਸੀ, ਉਹ ਇੱਕ ਇੰਚ
ਵੀ ਪਿੱਛੇ ਨੀਂ ਹਟਦੀ ਸੀ, ਹਿਲਟਰ ਨੇ ਆਪਣੀ ਫੌਜ
ਦੀ ਚੰਗੀ ਤਰ੍ਹਾਂ ਵਰਤੋਂ ਕੀਤੀ, ਕਿਤੇ ਇਹੀ ਹਮਲਾ
ਦੋ ਮਹੀਨੇ ਪਹਿਲਾਂ ਕਰ ਦਿੰਦਾ ਦਾ ਰੂਸ ਮਲੀਆਮੇਟ
ਹੋ ਜਾਣਾ ਸੀ।
ਖ਼ੈਰ ਇਹ ਲੜਾਈ ਤਾਂ ਰੂਸ ਜਿੱਤ ਗਿਆ ਸੀ ਅਤੇ
ਜਰਮਨੀ ਉਤੇ ਸੋਵੀਅਤ ਝੰਡਾ ਝੂਲਦਾ ਰਿਹਾ, ਪਰ
ਟੀਵੀ ਚੈਨਲਾਂ ਅਤੇ ਮੀਡਿਆ ਦੇ ਪਤਾ ਨੀ ਕਿੱਥੇ ਕੁ
ਦਿਮਾਗ ਲੱਗਾ ਵੇ, ਪਤਾ ਨੀਂ ਫਰੀਡਮ ਦੀ ਅੰਨੀ
ਪੱਟੀ ਚੜ੍ਹੀ ਵੇ ਜਾਂ ਆਪਣਾ ਹੰਕਾਰ ਵੀ ਵੱਧ ਗਿਆ ਹੈ ਕਿ
ਸੋਵੀਅਤ ਨੂੰ ਭੰਡਣ ਲਈ ਹਿਟਲਰ ਜਿੰਦਾਬਾਦ ਕਹਿਣ
ਤੋਂ ਵੀ ਨਹੀਂ ਟਲਦੇ,
ਉਹ ਦੂਜੀ ਉਦਾਹਰਨ ਵੀਅਤਨਾਮ ਲੜਾਈ ਵਿੱਚ ਆਖਰੀ
ਦਿਨਾਂ ਦੀ ਹੈ, ਜਿੱਥੇ ਅਮਰੀਕੀ ਫੌਜੀ ਹਲਕਿਆਂ ਕੁੱਤਿਆਂ ਵਾਗੂੰ ਮਰ
ਰਹੇ ਸਨ ਅਤੇ ਟੀਵੀ ਚੈਨਲ ਵੇਖੋ ਕਿਵੇਂ ਪਰਚਾਰ ਕਰਦੇ ਨੇ ਕਿ
ਹਾਰੇ ਹੋਏ, ਭੱਜੇ ਜਾਂਦੇ ਸਿਪਾਹੀਆਂ ਦੀ ਵੀ ਕਿਵੇਂ ਤਾਰੀਫ਼ ਕਰਦੇ ਨੇ:
ਵੀਅਤਨਾਮ ਤੋਂ ਭੱਜ ਅਮਰੀਕੀ ਕੰਬੋਡੀਆ ਦੇ ਤੱਟਾਂ ਉੱਤੇ ਆ ਗਏ,
ਉਥੇ ਭਾਰੀ ਗੋਲਾਬਾਰੀ ਹੋ ਰਹੀ ਸੀ ਅਤੇ ਅਮਰੀਕਾ ਦਾ 4 ਹੈਲੀਕਪਟਰ
ਵੀ ਸੁੱਟੇ ਗਏ ਸਨ, ਬਾਕੀ ਬਚੇ ਬਹੁਤ ਬੁਰੇ ਹਾਲ ਵਿੱਚ ਸਨ,
ਅੰਤ ਨੂੰ ਸਭ ਵੱਡਾ ਬੰਬ ਸੁੱਟ ਕੇ ਵੀ ਅਮੀਰਕਾ ਦੇ ਕਈ ਫੌਜੀ
ਗੁਆਚ ਗਏ, ਜੇਹੜੇ ਬਚ ਗਏ ਸਨ, ਉਹਨਾਂ ਦੀ ਜਾਨ
ਮੂੰਹ 'ਚ ਆਈ ਸੀ, ਚੈਨਲ ਉੱਤੇ ਵਾਰ ਵਾਰ ਕਹਿ ਰਹੇ ਸਨ ਕਿ
ਉਹਨਾਂ ਆਪਣੀ ਜਾਨ ਬੜੀ ਮੁਸ਼ਕਲ ਨਾਲ ਬਚਾਈ ਹੈ, ਪਰ ਚੈਨਲ
ਵਾਲੇ ਤਾਰੀਫ਼ ਕਰੀ ਜਾ ਰਹੇ ਸਨ, ਬੜੀ ਬਹਾਦਰੀ ਨਾਲ ਲੜ ਰਹੇ ਸਨ,
ਬਹੁਤ ਫੌਜੀਆਂ ਨੂੰ ਬਚਾ ਲਿਆ, 3 ਫੌਜੀਆਂ ਦਾ ਪਤਾ ਨਾ ਲੱਗਾ, ਪਰ
ਫੇਰ ਵੀ ਇਹ ਬਹੁਤ ਵੱਡਾ ਮਿਸ਼ਨ ਸੀ.....
ਯਾਰ ਹੱਦ ਗਈ, ਕੋਈ ਤਾਂ ਪਾਸਾ ਰੱਖੋ, ਜੇ ਤੁਸੀਂ ਕੰਬੋਡੀਆਂ ਵਿੱਚ
ਅਮਰੀਕੀਆਂ ਨੂੰ ਭਜਾਉਣ ਵਾਲਿਆਂ ਦੀ ਤਾਰੀਫ਼ ਨੀਂ ਕਰ ਸਕਦੇ ਤਾਂ
ਘੱਟੋ-ਘੱਟ ਅਮਰੀਕੀ ਦੀ ਹਾਰ ਨੂੰ ਜਿੱਤ 'ਚ ਬਦਲਣ ਦਾ ਜਤਨ ਤਾਂ
ਨਾ ਕਰੋ ਅਤੇ ਇਨ੍ਹਾਂ ਕਰਨੋ ਰਿਹਾ ਨੀਂ ਜਾਂਦਾ ਤਾਂ ਝੂਠ ਨਾਲ ਲੋਕਾਂ
ਨੂੰ ਭਰਮਾਉਣ ਨਾਲੋਂ ਚੰਗਾ ਹੈ ਪਰੋਗਰਾਮ ਨਾ ਵੇਖਿਓ।

ਹੁਣ ਇਹ ਮੀਡਿਆ ਚੈਨਲ ਕੇਵਲ ਅਮਰੀਕਾ ਬਰੈਂਡ ਹੀ ਬਣ
ਗਏ, ਜਿਸ ਵਿੱਚ ਸਾਫ਼ ਗੱਲ ਕਰਨ ਦਾ ਹੌਸਲਾ ਨੀਂ, ਜਿੱਤ ਨੂੰ
ਜਿੱਤ ਕਹਿਣ, ਹਾਰ ਨੂੰ ਹਾਰ ਮੰਨਣ ਦੀ ਜੁਰਤ ਨਹੀਂ ਹੈ, ਬੱਸ
ਅਮਰੀਕਾ ਦੀ ਹਰ ਚੀਜ਼ ਠੀਕ ਹੈ, ਉਹੀ ਠੀਕ ਹੈ, ਪਰ
ਇਹ ਠੀਕ ਵੀ ਹੈ
"ਤਕੜੇ ਦਾ ਸੱਤੀ ਵੀਹੀ ਸੌਂ"
ਪਰ "ਟੈਮ ਕਦੇ ਰੁਕਦਾ ਨੀਂ", ਸਿਕੰਦਰ ਆਇਆ ਗਿਆ,
ਬਰਤਾਨੀਆ, ਜਿਸ ਦਾ ਸੂਰਜ ਕਦੇ ਡੁੱਬਦਾ ਨੀਂ ਸੀ, ਉਹ
ਕੇਵਲ ਅਮਰੀਕੀ ਦੀ ਪੂਛ ਬਣ ਗਿਆ, ਅਮਰੀਕਾ
ਦੀ ਦੁਰਦਸ਼ਾ ਵੀ ਦੂਰ ਨੀਂ।