27 January, 2007

ਮਾਵਾਂ ਕੋਲੋਂ ਵਿਛੜ ਗਏ, ਜਿੰਨਾਂ ਕੁੱਟ ਕੇ ਖੁਵਾਈਆਂ ਚੂਰੀਆਂ...

ਹਾਂ, ਅੱਜ ਮੇਰਾ ਛੋਟਾ ਜੇਹਾ ਸਫ਼ਰ ਮੰਡੇਰ ਭਰਾਵਾਂ ਦੇ
ਇਸ ਖੂਬਸੂਰਤ ਗਾਣੇ ਨੂੰ ਸੁਣ ਕੇ ਸ਼ੁਰੂ ਹੋਇਆ,

"ਵੀਰ ਤੇਰੇ ਵਤਨਾਂ ਦਾ ਮਾਂ ਕੂੰਜਾਂ ਤੋਂ ਰਾਹ ਪੁੱਛਦੀ,"
"ਮਾਵਾਂ ਕੋਲੋਂ ਵਿਛੜ ਗਏ, ਜਿੰਨ੍ਹਾਂ ਕੁੱਟ ਕੇ ਖੁਵਾਈਆਂ ਚੂਰੀਆਂ"

ਅੱਜ ਚੜਿੱਕ ਤੋਂ ਹੁੰਦਾ ਹੋਇਆ, ਕੁਝ ਅਣਜਾਣ ਰਾਹਾਂ ਵੱਲ ਤੁਰਿਆ ਸਾਂ,
ਬੱਸ ਇਹ ਲਫ਼ਜ ਮੇਰੇ ਹਮਸਫ਼ਰ ਬਣੇ ਰਹੇ,
ਬੁਲੇਟ ਉੱਤੇ ਜਾਂਦੇ ਹੋਏ ਇਹੀ ਹੁੰਦਾ ਹੈ ਕਿ ਦਿਨ ਚੜ੍ਹਦੇ ਸੁਣੇ ਗਾਣੇ ਦੇ
ਬੋਲ ਸਾਰੇ ਸਫ਼ਰ ਦੌਰਾਨ ਜ਼ਿਹਨ 'ਚ ਘੁੰਮਦੇ ਰਹਿੰਦੇ ਹਨ।

25 January, 2007

ਰਾਹੀਆਂ ਨੂੰ ਰਾਹ 'ਡੀਕੇ ਰਹਿੰਦੇ

ਹਾਂ, ਰਾਹੀਆਂ ਨੂੰ ਰਾਹ ਉਡੀਕਦੇ ਹੀ ਰਹਿੰਦੇ ਹਨ, ਜਿਵੇਂ ਕਿ
ਮਾਵਾਂ ਪੁੱਤਾਂ ਨੂੰ, ਅੱਜ ਫੇਰ ਅਮਨ ਨਾਂ ਦਾ ਰਾਹੀ ਤੁਰ ਪਿਆ
ਹੈ ਲੰਮੇ ਸਫ਼ਰ ਨੂੰ, ਥੱਕ ਜਾਂਦਾ ਤਾਂ ਹੈ, ਪਰ ਤੁਰਨਾ ਛੱਡਦਾ
ਨਹੀਂ ਹੈ, ਬੜਾ ਹੀ ਢੀਡ ਰਾਹੀਂ ਹੈ,

19 January, 2007

ਮੈਂ ਜਿੰਨ (Xen) ਕਰਨਲ ਤੋਂ ਪਿੱਛਾ ਛੁਡਾਇਆ...

ਕਿੰਨੇ ਦਿਨ ਤੋਂ ਮਸ਼ੀਨ ਅੱਪਡੇਟ ਨਹੀਂ ਸੀ ਹੋ ਰਹੀ, ਫੇਡੋਰਾ (Fedora) ਵਾਲੀ,
ਅੰਤ ਕਾਰਨ ਲੱਭਿਆ ਕਿ ਜਿੰਨ ਕਰਨਲ ਮਾਮਾ ਬਣਿਆ ਬੈਠਾ,
ਹੁਣ ਇਸ ਤੋਂ ਪਿੱਛਾ ਵੀ ਛੁਡਾਉਣਾ ਸੌਖਾ ਲੱਗਦਾ ਸੀ, ਪਰ
ਜਦੋਂ ਪੰਗਾ ਲਿਆ ਤਾਂ ਪਤਾ ਲੱਗਾ ਕਿ ਖੇਡ ਨੀਂ ਹੈ ਇਹ,
ਨਾਨੀ ਚੇਤੇ ਕਰਵਾ ਦਿੱਤੀ, ਪਰ ਆਖਰ ਹੋ ਗਿਆ,
ਦੱਸਦਾ ਹੈ ਕਿ ਕਿਵੇਂ ਕੀਤਾ ਇਹ

12 January, 2007

ਸਭ ਤੋਂ ਤੇਜ਼ ਤਰਾਰ ਪੰਜਾਬ ਫੇਰੀ

ਅੱਜ ਲੋਹੜੀ ਦਾ ਦਿਨ ਹੈ, ਅੱਜ ਅਸੀਂ ਸੋਚਿਆ ਸੀ
ਕਿ ਪੰਜਾਬ ਜਾਕੇ ਲੋਹੜੀ ਮਨਾਵੇਗਾ, ਸੋ ਸਵੇਰੇ ਪੰਜ
ਵਜੇ ਉੱਠ ਕੇ ਤਿਆਰ ਹੋਏ,

01 January, 2007

ਸੱਦਾਮ ਹੁਸੈਨ - ਯੁੱਗ ਦਾ ਅੰਤ

ਬੜੇ ਚਿਰਾਂ ਤੋਂ ਲਿਖਣਾ ਚਾਹੁੰਦਾ ਸਾਂ, ਜਿਸ ਨੂੰ ਅਰਬ ਦੇ
ਲੋਕ ਸ਼ੇਰ ਕਹਿੰਦੇ ਸਨ (ਸ਼ਾਇਦ ਉਨ੍ਹਾਂ ਦੀਆਂ ਸਰਕਾਰਾਂ
ਕਹਿਣ ਤੋਂ ਡਰਦੀਆਂ ਸਨ, ਕਿ ਉਨ੍ਹਾਂ ਦੇ ਅਮਰੀਕੀ ਖੁਦਾ
ਗੁੱਸੇ ਨਾ ਹੋ ਜਾਣ)

ਆਖਰ ਅਮਰੀਕੀ ਆਪਣੀਆਂ ਸ਼ਾਜਿਸ਼ਾਂ ਰਾਹੀਂ ਉਸ
ਕਾਰਵਾਈ ਨੂੰ ਪੂਰੀ ਕਰ ਸਕੇ, ਜਿਸ ਨੂੰ ਉਨ੍ਹਾਂ ਦੇ ਪੁਰਾਣਾ ਆਕਾ
ਪੂਰੀ ਨਹੀਂ ਸੀ ਕਰ ਸਕਿਆ
...

15 September, 2006

ਬੱਸ ਵਧਾਈਆਂ ਜੀ ਵਧਾਈਆਂ

ਬੱਸ ਵਧਾਈਆਂ ਜੀ ਵਧਾਈਆਂ

ਮੇਰਾ ਮਿੱਤਰ ਪਿਆਰ ਅਮਜਿੰਦਰ ਸਿੰਘ ਮਾਨ, ਜੋ ਪੜ੍ਹਨ ਲਈ
ਆਸਟਰੇਲੀਆ ਗਿਆ ਸੀ। ਮੈਂ ਉਸ ਨੂੰ ਵਿਆਹ ਉੱਤੇ
ਸੱਦਿਆ ਸੀ ਅਤੇ ਮਾਣ ਸੀ ਕਿ ਓਹ ਆਵੇਗਾ, ਪਰ
ਉਸਦੀਆਂ ਗੱਲਾਂ ਸੁਣ ਕੇ ਤਾਂ ਮੇਰੀਆਂ ਅੱਖਾਂ
ਭਰ ਆਈਆਂ। ਕੀ ਕਰੂੰ ਬੰਦਾ ਵਿੱਚ ਪਰਦੇਸਾਂ
ਜਾਕੇ।

ਮੈਂ ਵੀ ਕੁਝ ਸੋਚ ਸੀ ਕਿ ਮੈਂ ਵੀ ਜਾਵਾਗਾਂ, ਪਰ ਅੱਜ ਸਵੇਰੇ
ਜੋ ਉਸ ਨੇ ਕਹਾਣੀ ਸੁਣਾਈ ਉਹ ਸੁਣ ਕੇ ਤਾਂ ਜਾਪਦਾ ਹੈ
ਹੁਣ ਤਾਂ ਮੁੜ ਫੈਸਲਾ ਕਰਨਾ ਪਵੇਗਾ।

ਉਸ ਵਰਗੇ ਬਹਾਦਰ ਮੁੰਡੇ ਦਾ ਇਹ ਹਾਲ ਹੋ ਗਿਆ ਤਾਂ
ਮੈਂ ਕੀ ਕਰਾਗਾਂ ਜਾਕੇ ਉੱਥੇ। ਮੈਂ ਉਸ ਨੂੰ ਕਦੇ ਉਦਾਸ ਨਹੀਂ
ਸੀ ਦੇਖਿਆ, ਕਦੇ ਮਜਬੂਰ ਤਾਂ ਹੋ ਹੀ ਨਹੀਂ ਸਕਦਾ ਹੈ।
ਕੋਈ ਉਸ ਦਾ ਰਸਤਾ ਰੋਕ ਨਹੀਂ ਸਕਦਾ ਹੈ, ਫੇਰ ਰਾਤ
ਕਿਵੇਂ ਉਸ ਨੇ ਕਿਹਾ ਕਿ ਓਹ ਆ ਨਹੀਂ ਸਕਦਾ ਹੈ,
ਉਸ ਦੇ ਮਾਪੇ ਅਜੇ ਹਫ਼ਤਾ ਕੁ ਪਹਿਲਾਂ ਹੀ ਓਥੇ ਰਹਿ ਕੇ
ਆਏ ਹਨ, ਪਰ ਹੁਣ ਖਰਚੇ ਤੋਂ ਇੰਨਾ ਤੰਗ ਸੀ ਕਿ ਯੂਨੀਵਰਸਿਟੀ
ਦੀ ਫੀਸ ਦੇਣੀ ਓਸ ਵਾਸਤੇ ਬਹੁਤ ਔਖੀ ਸੀ, ਓਹ ਆਉਣਾ
ਚਾਹੁੰਦਾ ਸੀ, ਪਰ ਇੰਨਾ ਮਜਬੂਰ ਸੀ ਕਿ ਆ ਨਹੀਂ ਸਕਿਆ,
ਤੁਹਾਨੂੰ ਇਸ ਬਹਾਨਾ ਕਹਿ ਸਕਦੇ ਹੋ, ਪਰ ਮੈਂ ਜਾਣਦਾ ਹੈ
ਕਿ ਓਹ ਸੱਚਮੁੱਚ ਹੀ ਇੰਨਾ ਮਜਬੂਰ ਸੀ ਕਿ ਕੁਝ ਨਾ ਕਰ
ਸਕਿਆ। ਭਾਰਤ ਦੇ ਕਰੀਬ ਡੇਢ ਵਜੇ ਮੈਨੂੰ ਫੋਨ ਕਰਕੇ
ਮੈਨੂੰ ਜਗਾਉਦਾ ਹੈ, ਕਹਿੰਦਾ ਹੈ ਕਿ ਮੈਂ ਬਹੁਤ ਚਾਹੁੰਦਾ
ਸੀ ਆਉਣਾ, ਮੈਂ ਤੇਰੇ ਨਾਲ ਵਾਦਾ ਸੀ, ਪਰ ਪਤਾ ਨੀਂ
ਕੀ ਹੋ ਗਿਆ ਮੈਂ ਕੁਝ ਵੀ ਕਰ ਨਾ ਸਕਿਆ ਹਾਂ।
ਅਤੇ ਪਹਿਲਾਂ ਵੀ ਵਾਰ ਓਹ ਰੋ ਪਿਆ (ਮੈਂ ਉਸ ਦੇ ਹੰਝੂ
ਵੀ ਨਾ ਪੂੰਝ ਸਕਿਆ ਸਾਂ ਅਫਸੋਸ), ਕਿੰਨਾ ਚਿਰ
ਰੋਂਦਾ ਰਿਹਾ, ਕਾਲਜ ਦੇ ਦਿਨ ਯਾਦ ਕਰਕੇ, ਵਾਅਦੇ
ਯਾਦ ਕਰਕੇ, ਕਹੇ ਹੋਏ ਸ਼ਬਦ ਦੁਹਰਾ ਕੇ।
ਕਹਿੰਦਾ ਜਿਉਦੇ ਤਾਂ ਹਾਂ, ਪਰ ਸਾਡੀ ਸ਼ੋਸ਼ਲ ਲਾਇਫ
ਤਾਂ ਖਤਮ ਹੋ ਜਾਂਦੀ ਹੈ, ਬੱਸ 'ਵਧਾਈਆਂ' ਦੇਣ ਜੋਗੇ
ਹੀ ਰਹਿ ਜਾਈਦਾ ਹੈ। ਹਾਂ ਬੱਸ ਵਧਾਈਆਂ ਹੀ ਦੇਣ
ਜੋਗੇ। ਪੂਨੇ ਆ ਕੇ ਮੈਨੂੰ ਇੰਜ ਹੀ ਲੱਗਦਾ ਹੈ, ਇਸ ਤੋਂ
ਬਿਨਾਂ ਕੁਝ ਹੋਰ ਨਹੀਂ ਹੈ, ਬੱਸ ਵਧਾਈਆਂ ਦੇਣ ਜੋਗੇ
ਕਿਸੇ ਨਾਲ ਦੁੱਖ ਸੁੱਖ ਸਾਂਝੇ ਤਾਂ ਕਰ ਨਹੀਂ ਸਕਦੇ ਹਾਂ,
ਬੱਸ ਵਧਾਈਆਂ ਭਾਈ ਵਧਾਈਆਂ।

ਆਲਮ

11 August, 2006

ਇੱਕ ਸ਼ਾਮ ਨੂੰ ਯਾਦ ਤੂੰ ਆਇਆਂ

**5 ਅਗਸਤ 2006**

ਕਾਹਨੂੰ ਓਏ ਰੱਬਾ ਵਿਛੋੜਾ ਪਾਇਆ, ਮਹਿਬੂਬ ਮੇਰਾ ਦੂਰ ਰਹਿ ਗਿਆ
ਕਾਹਤੋਂ ਪਰਦੇਸੀ ਦੇਸ ਛੱਡ ਮੈਂ ਆਇਆ, ਮਹਿਬੂਬ ਮੇਰਾ ਦੂਰ ਰਹਿ ਗਿਆ

ਹਾਏ ਓਏ ਮੇਰੇ ਸੱਜਣਾ ਹਰ ਵੇਲੇ ਤੇਰੀ ਯਾਦ ਆਉਦੀ ਰਹਿੰਦੀ
ਲੱਗੀ ਸੀਨੇ ਵਿੱਚ ਅੱਗ ਵਿਛੋੜੇ ਦੀ, ਰਹਿੰਦੀ ਪਲ ਪਲ ਤੜਪਾਉਦੀ
ਕੱਲ੍ਹ ਤੇਰੇ ਖਤ ਨੇ ਹੋਰ ਵੀ ਜਲਾਇਆ,ਮਹਿਬੂਬ ਮੇਰਾ ਦੂਰ ਰਹਿ ਗਿਆ

ਉਡੀਕਾਂ ਵਿੱਚ ਦਿਨ ਲੰਘਦਾ, ਯਾਦਾਂ ਨਾਲ ਰਾਤ ਨੀਂ,
ਵਗਦੇ ਨੇ ਹੰਝੂ ਜਿਵੇਂ ਹੋਵੇ ਸਾਉਣ ਮਹੀਨੇ ਬਰਸਾਤ ਨੀਂ
ਚੈਨ ਇਹਨਾਂ ਦਿਲ ਦਾ ਨਾਲ ਵਹਾਇਆ, ਮਹਿਬੂਬ ਮੇਰਾ ਦੂਰ ਰਹਿ ਗਿਆ

ਰਾਤੀਂ ਤੱਕਾਂ ਅੰਬਰੀਂ ਤਾਂ ਤੇਰਾ ਹੀ ਝੌਲਾ ਜੇਹਾ ਪੈਂਦਾ ਏ
ਜਾਣਾ ਵਤਨਾਂ ਨੂੰ ਪ੍ਰੀਤ, ਮਿਲਣਾ ਏ ਦੀਪ, ਦਿਲ ਹੌਕੇ ਲੈਂਦਾ ਏ
ਦਰਦ ਜੁਦਾਇਆਂ ਦਾ ਜਾਵੇ ਨਾ ਹੰਢਾਇਆ, ਮਹਿਬੂਬ ਮੇਰਾ ਦੂਰ ਰਹਿ ਗਿਆ

ਵਾਜ ਸੁਣ ਤੇਰੀ ਫੋਨ ਉੱਤੇ, ਚੈਨ ਕਦੇ ਹੁਣ ਆਉਦਾ ਨੀਂ
ਸੱਲ੍ਹ ਵਿਛੋੜੇ ਵਾਲਾ ਸਗੋਂ ਹੋਰ ਵੀ ਤੜਪਾਉਦਾ ਨੀਂ
ਕੇਹੜੇ ਗੜੇ 'ਚ ਰੋਜ਼ੀ ਰੋਟੀ ਨੇ ਪਾਇਆ, ਮਹਿਬੂਬ ਮੇਰਾ ਦੂਰ ਰਹਿ ਗਿਆ

ਤੁਰਿਆਂ ਸਾਂ ਜਦੋਂ ਤੇਰੀ ਉਦਾਸੀ ਅਜੇ ਵੀ ਨਹੀਂ ਭੁਲਦੀ
ਜੁਦਾ ਤੂੰ ਜੁਦਾ ਮੈਂ, ਦੋਵਾਂ ਦੀ ਜਵਾਨੀ ਵਿਛੋੜੇ 'ਚ ਰੁਲਦੀ
ਕਦੇ ਹਾਕ ਮਾਰ ਕੇ ਨਾ ਤੂੰ ਬੁਲਾਇਆ, ਮਹਿਬੂਬ ਮੇਰਾ ਦੂਰ ਰਹਿ ਗਿਆ

ਖੁਸ਼ ਰਹੀ ਸਦਾ ਤੇਰੇ ਹਾਸਿਆਂ ਦਾ ਪਰਦੇਸਿਆਂ ਨੂੰ ਆਸਰਾ
ਆਉਦੇ ਵਰ੍ਹੇ ਮੈਂ ਵੀ ਆਉਗਾ, ਸਮਝੀ ਨਾ ਕਿਤੇ ਲਾਰਾ

01 August, 2006

ਅੱਜ ਰਿਸ਼ਵਤ ਦੇਣੀ ਪਈ

ਅੱਜ ਰਿਸ਼ਵਤ ਦੇਣੀ ਪਈ

ਸ਼ੱਕਰਵਾਰ, ਮੈਂ ਤੇ ਜਸਵਿੰਦਰ, ਦੋਵੇਂ ਜਾਣ ਮੋਟਰਸਾਇਕਲ ਉੱਤੇ
ਦਫ਼ਤਰ ਵੱਲ ਜਾ ਰਹੇ ਸੀ, ਮੀਂਹ ਪੈ ਰਿਹਾ ਅਤੇ ਰੋਜ਼ਾਨਾ ਵਾਂਗ
ਟਰੈਫਿਕ ਜਾਮ ਸੀ, ਮੋੜ ਉੱਤੇ ਟਰੈਫਿਕ ਪੁਲਿਸ ਵਾਲੇ ਨੇ ਹੱਥ
ਦਿੱਤਾ ਅਤੇ ਸਾਨੂੰ ਕਹਿੰਦਾ ਲਾਇਸੈਂਸ ਕੱਢੋ। ਦੇ ਦਿੱਤੇ,
ਅਖੇ ਕਿੱਥੇ ਕੰਮ ਕਰਦੇ ਹੋ, ਕੋਈ ਐਡਨੱਟੀ ਕਾਰਡ ਹੈ,
ਮੈਂ ਇਲੈਕਟਰੋਨਿਕ ਕਾਰਡ ਵੇਖਾਇਆ, ਤਾਂ ਉਸ ਉੱਤੇ
'ਕੱਲਾ ਕਾਰਡ ਸੀ, ਨਹੀਂ ਜੀ, ਇਸ ਉੱਤੇ ਤਾਂ ਤੁਹਾਡੀ
ਕੰਪਨੀ ਦਾ ਨਾਂ ਹੀ ਨਹੀਂ ਹੈ, ਅੱਗੇ ਪਿੱਛੇ ਘੁੰਮ ਕੇ
ਗੱਡੀ ਦਾ ਨੰਬਰ ਵੇਖ ਲਿਆ, (ਜੋ ਕਿ ਪੰਜਾਬ ਦਾ ਸੀ,
ਅਤੇ ਗੱਡੀ ਸੀ ਮਹਾਂਰਾਸ਼ਟਰ ਵਿੱਚ), ਲਿਆਓ ਜੀ
ਐਨ ਓ ਸੀ (ਅਤੇ ਹੋਰ ਸਰਟੀਫਿਕੇਟ ਮੰਗਣ ਲੱਗਾ)
ਆਪੇ ਹੀ ਕਹਿੰਦਾ 400 ਰੁਪਏ ਲੱਗਣਗੇ ਕਚਿਹਰੀ ਵਿੱਚ,
ਦੋ ਸੌਂ ਵਿੱਚ ਗੱਲ ਕਰਨੀ ਹੈ ਤਾਂ ਆ ਜਾਓ।
ਚੱਲੋ ਮੇਰੇ ਸਾਹਮਣੇ ਆਪਣੇ ਹੱਥੀ ਪੈਸੇ ਦੇਣ ਦਾ ਪਹਿਲਾਂ
ਕੇਸ ਸੀ, ਕਹਿ ਕਹਾਂ ਕੇ 50 ਰੁਪਏ ਘੱਟ ਕੀਤੇ, ਮੇਰਾ
ਉੱਥੋਂ ਤੁਰਨ ਨੂੰ ਜੀਅ ਨਾ ਕਰੇ, ਸਾਲੇ ਆਪਣੇ ਕਮਾਏ ਹੋਏ
ਪੈਸੇ ਸਨ, ਬਹੁਤ ਦੁੱਖ ਹੋਇਆ, ਪਰ ਕੀ ਕਰ ਸਕਦੇ ਹਾਂ।
ਅਸੀਂ ਦਫ਼ਤਰ ਗਏ, ਪਰ ਮੀਂਹ ਹੋਣ ਕਰਕੇ ਵਾਪਿਸ ਆ
ਗਏ, ਕਿਉਕਿ ਬੁਰੀ ਤਰ੍ਹਾਂ ਭਿੱਜ ਗਏ ਸਾਂ, ਪਰ ਜੇਹੜਾ
ਸਨਮਾਨ ਪੁਲਿਸ ਵਾਲੇ ਨੇ ਕੀਤਾ, ਉਸ ਦਾ ਤਾਂ ਕਹਿਣਾ
ਹੀ ਕੀ ਸੀ।
ਅਖੇ ਜੀ ਮੇਰਾ ਭਾਰਤ ਮਹਾਨ।

19 July, 2006

ਐ ਮੇਰੇ ਹਮਸਫ਼ਰ

ਐ ਮੇਰੇ ਹਮਸਫ਼ਰ

ਜਦੋਂ ਦਾ ਹੋ ਗਿਆ ਤੇਰੇ ਨਾਲ ਪਿਆਰ
ਤੈਨੂੰ ਕੀ ਕਹਾਂ ਕਿਧਰ ਗਿਆ ਮੇਰਾ ਕਰਾਰ

ਸੁੱਖ ਚੈਨ ਖੋ ਲਿਆ, ਝੱਲਾ ਬਣਾ ਛੱਡਿਆ,
ਲੈਕੇ ਇਕਰਾਰ, ਕਾਸਾ ਹੱਥ 'ਚ ਫੜਾ ਛੱਡਿਆ,
ਬਣ ਗਿਆ ਹੁਣ ਰੱਬ ਤੂੰ ਮੇਰੇ ਯਾਰ

ਵਹਾ ਲਿਆ ਕਿਨਾਰੇ ਤੋਂ, ਇੱਕ ਪੱਤੇ ਵਾਂਗ ਤੂੰ ਮੈਨੂੰ
ਜਾਪਦੀ ਦੀ ਮੰਜ਼ਲ, ਸਫ਼ਰ ਬਣਾ ਲਿਆ ਆਪਣੇ ਵਾਂਗ ਮੈਨੂੰ
ਤੁਰ ਪਏ ਕਦਮ ਤੇਰੇ ਪਿੱਛੇ, ਮੈਂ ਰੋਕਿਆ ਸੌਂ ਵਾਰ

ਗੁਲਾਬ ਜੇਹੀਏ ਕੰਡੇ ਦੀ ਬਣ ਗਈ ਏ ਪੀੜ ਨੀਂ
ਨੈਣਾ 'ਚ ਵਸਾ ਕੇ ਪਲਕਾਂ ਦੇ ਬੂਹੇ ਲਏ ਭੀੜ ਨੀਂ
ਭੁੱਲਿਆ ਸਾਨੂੰ ਜੱਗ, ਤੂੰ ਵੀ ਲਈ ਨਾ ਸਾਰ

ਤੈਨੂੰ ਮਿਲਣੇ ਦੀ ਕਿੰਨੀ ਏ ਉਡੀਕ ਨੀਂ
ਤੂੰ ਕੀ ਜਾਣੇ ਕਿਵੇਂ ਲੰਘੇ ਪਲ ਕਿਵੇ ਤਰੀਖ ਨੀਂ
ਤੜਪਦਾ ਦਿਲ ਮਿਲਣੇ ਨੂੰ ਲੋਚਦਾ ਵਾਰ ਵਾਰ

ਹਾਏ ਮੇਰੇ ਰੱਬਾ, ਛੇਤੀ ਲਿਆ ਓਹ ਟੈਮ ਓਏ,
ਕਦੋਂ ਹੋਣੇ ਦੀਦਾਰ ਸੋਹਣਿਆਂ ਦੇ, ਤਰਸੇ ਨੈਣ ਓਏ
ਇੱਕ ਤੇਰੇ ਕੋਲੋਂ ਮੰਗ ਡਾਢਿਆਂ, ਕਰੀਂ ਨਾ ਇਨਕਾਰ

ਮੈਂ ਨੀਂ ਕਹਿੰਦਾ, ਉਡੀਕਦਾ ਹਾਂ ਮੈਂ ਹੀ ਕੱਲਾ
ਤੜਪਦਾ ਹੋਵੇਗਾ ਤੇਰਾ ਵੀ ਤਾਂ ਦਿਲ ਝੱਲਾ
ਢਲਦੀ ਕਿਰਨਾ ਨਾਲ ਪ੍ਰੀਤ ਵੀ ਉਮੀਦ ਹੁੰਦੀ ਤਾਰ ਤਾਰ

***13 ਜੁਲਾਈ 2006 ਦੀ ਬੀਮਾਰ ਸ਼ਾਮ ਨੂੰ ਆਪਣੇ ਹਮਸਫ਼ਰ ਨੂੰ ਯਾਦ ਕਰਦਿਆਂ****

12 July, 2006

ਮੁੰਬਈ ਉੱਤੇ ਹਮਲਾ

ਮੁੰਬਈ ਉੱਤੇ ਹਮਲਾ


ਆਖਰ ਓਹਨਾਂ ਨੇ ਮੁੰਬਈ ਦੀ ਲੋਕਲ ਟਰੇਨਾਂ ਨੂੰ ਨਿਸ਼ਾਨਾ ਬਣਾਇਆ ਹੈ,
ਦਿਨ ਓਸੇਤਰਾਂ 11 ਜੁਲਾਈ ਰੱਖਿਆ, ਅੱਜ ਆਥਣ ਤੱਕ ਦੀਆਂ ਖ਼ਬਰਾਂ
ਮੁਤਾਬਕ 183 ਲੋਕ ਮਾਰੇ ਗਏ ਅਤੇ 700 ਤੋਂ ਵੱਧ ਜ਼ਖਮੀ ਹਨ।

ਹੁਣ ਏਨਾਂ ਨੂੰ ਕਾਇਰਤਾ ਦੀ ਕਾਹਣੀ ਕਹਿਣ 'ਚ ਹਰਜ਼ ਕੋਈ ਨਹੀਂ ਹੈ,
ਕਿਤੇ ਨਾ ਕਿਤੇ ਇਹ ਉਭਰਦੇ ਹੀ ਹਨ, ਪਰ ਇਹਨਾਂ ਨੂੰ ਰੋਕਣਾ
ਲਾਜ਼ਮੀ ਹੈ, ਘਰਾਂ ਨੂੰ ਪਰਤ ਰਹੇ ਬੇਕਸੂਰ ਲੋਕਾਂ ਨੂੰ ਮਾਰਨ ਨਾਲ
ਇਹਨਾਂ ਨੂੰ ਚਰਚਾ ਤਾਂ ਲਾਜ਼ਮੀ ਮਿਲਦੀ ਹੈ, ਪਰ ਖੁਦਾ, ਰੱਬ,
ਭਗਵਾਨ ਦੀ ਕਚਿਹਰੀ 'ਚ ਥਾਂ ਨੀਂ ਮਿਲ ਸਕਦੀ ਹੈ।

ਅਮਰੀਕਾ, ਪਾਕਿਸਤਾਨ ਦੀਆਂ ਸਰਕਾਰਾਂ ਤੋਂ ਬਿਨਾਂ
ਲਸ਼ਕਰ-ਏ-ਤੋਇਬਾ ਅਤੇ ਦੂਜੇ ਅੱਤਵਾਦੀ ਸੰਗਠਨ ਨੇ
ਇਸ ਦੀ ਨਿੰਦਿਆ ਕੀਤੀ ਹੈ, ਹੁਣ ਸਵਾਲ ਹੈ ਕਿ ਜੇ
ਇਹਨਾਂ ਨੇ ਨਹੀਂ ਕੀਤਾ ਤਾ ਕੌਣ ਜੁੰਮੇਵਾਰ ਹੈ, ਇਸ ਲਈ??

ਪੂਨਾ-
ਕੁਝ ਦਿਨ ਪਹਿਲਾਂ ਸ਼ਿਵ ਸੈਨਾ ਪਰਮੁੱਖ ਬਾਲ ਠਾਕਰੇ
ਦੀ ਪਤਨੀ ਦੀ ਮੂਰਤੀ ਉੱਤੇ ਮਿੱਟੀ ਲਾਈ ਗਈ ਤਾਂ
ਪੂਨੇ ਵਿੱਚ ਵੀ ਸ਼ਿਵ ਸੈਨਿਕਾਂ ਨੇ ਭੰਨ ਤੋੜ ਕੀਤੀ ਸੀ
ਅਤੇ ਬੰਬੇ ਤਾਂ ਬੱਸਾਂ ਵਗੈਰਾ ਸਾੜ ਦਿੱਤੀਆਂ ਸਨ।
ਉਦੋਂ ਪੂਨੇ ਦੁਕਾਨਾਂ ਵਗੈਰਾ ਬੰਦ ਕਰਵਾ ਦਿੱਤੀਆਂ ਸਨ।

ਹੁਣ ਕੱਲ੍ਹ ਇਹ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ
ਉਹ ਦੁਕਾਨਾਂ ਬੰਦ ਕਰਵਾ ਰਹੇ ਸਨ, ਸਰਕਾਰ ਨੇ ਵੀ
ਰੈੱਡ ਅਲਾਰਟ ਐਲਾਨਿਆ ਹੈ।

ਸੱਪ ਲੰਘਣ ਮਗਰੋਂ ਲਕੀਰ ਕੁੱਟਣ ਵਾਲੀ ਗੱਲ਼ ਹੈ ਹੁਣ ਤਾਂ,
ਪਰ ਇਹਨਾਂ ਸਭ ਘਟਨਾਵਾਂ ਪਿੱਛੇ ਖੁਫ਼ੀਆਂ ਵਿਭਾਗ
ਦੀ ਕਾਰਵਾਈ ਉੱਤੇ ਦੋਸ਼ ਲਾਉਣੇ ਲਾਜ਼ਮੀ ਹੋ ਜਾਂਦੇ ਹਨ
ਕਿ ਉਹ ਕਿੱਥੇ ਸੁੱਤੇ ਰਹਿੰਦੇ ਹਨ, ਸਿੱਧੇ ਰੂਪ ਵਿੱਚ ਉਹ
ਹੀ ਜੁੰਮੇਵਾਰ ਹਨ, ਭਾਵੇ ਮੈਂ ਇਹ ਦੋਸ਼ ਨਹੀਂ ਲਗਾ ਰਿਹਾ
ਕਿ ਉਹਨਾਂ ਕਿਓ ਨਹੀਂ ਰੋਕਿਆ, ਕਿਉਕਿ ਇਹ ਚੂਹੇ
ਬਿੱਲੀ ਦਾ ਖੇਡ (ਅੱਤਵਾਦੀਆਂ ਅਤੇ ਖੁਫ਼ੀਆ ਏਜੰਸੀਆਂ ਵਿਚਾਲੇ)
ਹਮੇਸ਼ਾ ਚੱਲਦਾ ਹੀ ਰਹਿੰਦਾ ਹੈ, ਪਰ ਤਾਂ ਵੀ ਉਹਨਾਂ
ਦੇ ਫੇਲ੍ਹ ਹੋਣ ਦਾ ਨਤੀਜਾ ਹੀ ਇਹ ਘਟਨਾਵਾਂ ਹੁੰਦੀਆਂ ਹਨ।
ਖੁਫ਼ੀਆ ਤੰਤਰ 'ਚ ਹੋਰ ਵੀ ਜਾਨ ਫੂਕਣ ਦੀ ਲੋੜ ਹੈ
ਅਤੇ ਉਹਨਾਂ ਨੂੰ ਹੋਰ ਵੀ ਮਜ਼ਬੂਤੀ ਨਾਲ ਇਹਨਾਂ
ਦੁਨਿਆਂ ਵਿਰੋਧੀਆਂ ਤਾਕਤਾਂ ਵਿਰੁੱਧ ਕਾਰਵਾਈਆਂ
ਜਾਰੀ ਰੱਖਣੀਆਂ ਚਾਹੀਦੀਆਂ ਹਨ, ਜਿੱਥੋਂ ਤੱਕ
ਸਰਕਾਰ ਦੀ ਭੂਮਿਕਾ ਹੈ, ਉਸ ਨੂੰ ਉਪਰੀ ਰੂਪ
ਵਿੱਚ ਫੌਜ ਅਤੇ ਖੁਫ਼ੀਆਂ ਵਿਭਾਗ ਨੂੰ ਲੋਕਾਂ ਲਈ
ਪੂਰੀ ਤਰਾਂ ਪਾਰਦਰਸ਼ੀ ਬਣਾਉਣਾ ਚਾਹੀਦਾ ਹੈ
ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ
ਮੀਡਿਆ ਅਤੇ ਵਿਰੋਧੀ ਧਿਰ ਇਹ ਜੁੰਮੇਵਾਰੀ ਨੂੰ
ਚੰਗੀ ਸਮਝਣ ਕਿ ਉਹਨਾਂ ਦਾ ਅਜੇਹੇ ਮੌਕੇ ਇੱਕਮੁੱਠ
ਰਹਿਣਾ ਕਿੰਨਾ ਲਾਜ਼ਮੀ ਹੈ।

ਰੱਬ ਸਭ ਸੰਸਾਰ ਨੂੰ ਸ਼ਾਂਤੀ ਅਤੇ ਦਿਮਾਗ
ਵਿੱਚ ਆਨੰਦ ਬਖਸ਼ੇ ਤਾਂ ਕਿ ਅਜੇ ਕਹਿਰ ਕਰਨ
ਤੋਂ ਪਹਿਲਾਂ ਉਹ ਜ਼ਾਲਮ ਕੁਝ ਤਾਂ ਸੋਚਣ।

ਰੱਬ ਰਾਖਾ