22 August, 2007

ਧਿਆਨ ਚੰਦ ਨੂੰ ਯਾਦ ਕਰਦਿਆਂ... (ਰੋਜ਼ਾਨਾ ਅਜੀਤ 'ਚੋਂ)

ਹਾਕੀ ਦੇ ਜਾਦੂਗਰ ਧਿਆਨ ਚੰਦ ਦਾ ਜਨਮ 29 ਅਗਸਤ, 1905 ਨੂੰ ਪ੍ਰਆਰਾ (ਇਲਾਹਾਬਾਦ) ਦੇ ਇਕ ਸਾਧਾਰਨ ਰਾਜਪੂਤ ਪਰਿਵਾਰ ਵਿਚ ਹੋਇਆ। ਇਸ ਵਰ੍ਹੇ ਸਾਡਾ ਮੁਲਕ ਹਾਕੀ ਦੇ ਇਸ ਸਿਤਾਰੇ ਦਾ 102ਵਾਂ ਜਨਮ ਦਿਨ ਮਨਾ ਰਿਹਾ ਹੈ। ਧਿਆਨ ਚੰਦ ਨੇ ਮੁਢਲੀ ਸਿੱਖਿਆ ਪ੍ਰਾਪਤ ਕਰਨ ਮਗਰੋਂ ਫੌਜ ਵਿਚ ਇਕ ਸਿਪਾਹੀ ਦੇ ਰੂਪ ਵਿਚ ਭਰਤੀ ਹੋ ਕੇ ਹਾਕੀ ਖੇਡਣੀ ਸ਼ੁਰੂ ਕੀਤੀ। ਸੂਬੇਦਾਰ ਮੇਜਰ ਤਿਵਾੜੀ ਤੋਂ ਹਾਕੀ ਦੀ ਅਜਿਹੀ ਗੁੜ੍ਹਤੀ ਲੲੀ ਕਿ ਹਾਕੀ ਦੇ ਮੈਦਾਨ ਅੰਦਰ ਉਹ ਦੁਨੀਆ ਦਾ ਮਹਾਨ ਖਿਡਾਰੀ ਬਣ ਗਿਆ। ਭਾਰਤੀ ਹਾਕੀ ਟੀਮ ਲੲੀ ਧਿਆਨ ਚੰਦ ਦੀ ਚੋਣ ਹੋ ਗੲੀ। ਪਹਿਲੀ ਭਾਰਤੀ ਹਾਕੀ ਟੀਮ ਨੇ 13 ਮੲੀ ਤੋਂ 17 ਜੁਲਾੲੀ, 1926 ਤੱਕ ਨਿਊਜ਼ੀਲੈਂਡ ਦਾ ਜੇਤੂ ਦੌਰਾ ਕੀਤਾ। ਇਸ ਵਿਚ ਧਿਆਨ ਚੰਦ ਨੇ ਸਭ ਤੋਂ ਵੱਧ ਗੋਲਾਂ ਦਾ ਯੋਗਦਾਨ ਪਾ ਕੇ ਆਪਣੀ ਪ੍ਰਤਿਭਾ ਦਿਖਾੲੀ। 1928 ਵਿਚ ਐਮਸਟਰਡਮ ਉਲੰਪਿਕ ਜਿਥੇ ਭਾਰਤ ਨੇ ਪਹਿਲਾ ਹਾਕੀ ਸੋਨ ਤਗਮਾ ਜਿੱਤਿਆ, ਵਿਚ ਧਿਆਨ ਚੰਦ ਇਕ ਹੀਰੋ ਬਣ ਕੇ ਨਿਤਰਿਆ। ਫਾੲੀਨਲ ਮੁਕਾਬਲੇ ਵਿਚ ਭਾਰਤ ਨੇ ਹਾਲੈਂਡ ਨੂੰ ਤਿੰਨ ਗੋਲਾਂ ਦੀ ਹਾਰ ਦਿੱਤੀ। ਦੋ ਗੋਲ ਧਿਆਨ ਚੰਦ ਦੇ ਹਿੱਸੇ ਆੲੇ। ਧਿਆਨ ਚੰਦ 10 ਗੋਲ ਕਰਕੇ ਪਹਿਲੀ ਉਲੰਪਿਕ ਦਾ ਟਾਪ ਸਕੋਰਰ ਰਿਹਾ।
ਉਲੰਪਿਕ ਖੇਡਣ ਤੋਂ ਬਾਅਦ ਧਿਆਨ ਚੰਦ ਨੇ ਕੁੱਲ 33 ਗੋਲ ਕਰਕੇ ਅਜਿਹਾ ਕੀਰਤੀਮਾਨ ਰਚਿਆ ਜੋ ਕਿਸੇ ਵੀ ਦੇਸ਼ ਦਾ ਕੋੲੀ ਕਪਤਾਨ ਨਹੀਂ ਕਰ ਸਕਿਆ। 1932 ਵਿਚ ਭਾਰਤੀ ਹਾਕੀ ਟੀਮ ਨੇ ਵੱਖ-ਵੱਖ ਮੁਲਕਾਂ ਵਿਰੁੱਧ ਮੈਚਾਂ ਵਿਚ ਕੁੱਲ 262 ਗੋਲ ਕੀਤੇ, ਜਿਨ੍ਹਾਂ ਵਿਚੋਂ 101 ਗੋਲ ਧਿਆਨ ਚੰਦ ਦੀ ਹਾਕੀ ਨਾਲ ਹੋੲੇ। 1938 ਵਿਚ ਨਿਊਜ਼ੀਲੈਂਡ ਟੂਰ ਸਮੇਂ ਭਾਰਤ ਨੇ 42 ਮੈਚਾਂ ਦੀ ਲੰਮੀ ਲੜੀ ਖੇਡੀ ਜਿਸ ਵਿਚ ਭਾਰਤ ਵੱਲੋਂ ਕੀਤੇ ਕੁੱਲ 684 ਗੋਲਾਂ ਵਿਚੋਂ ਇਕੱਲੇ ਧਿਆਨ ਚੰਦ ਨੇ 201 ਗੋਲ ਕੀਤੇ। ਬਰਲਿਨ ਉਲੰਪਿਕ ਵੇਲੇ ਧਿਆਨ ਚੰਦ ਦੀ ਖੇਡ ਪੂਰੇ ਜੋਬਨ ’ਤੇ ਸੀ। ਭਾਰਤੀ ਟੀਮ ਦੀ ਵਾਗਡੋਰ ਧਿਆਨ ਚੰਦ ਦੇ ਹਵਾਲੇ ਕੀਤੀ ਗੲੀ। ਉਧਰ ਦੂਜੇ ਪਾਸੇ ਜਰਮਨੀ ਦੇ ਤਾਨਾਸ਼ਾਹ ਸ਼ਾਸਕ ਹਿਟਲਰ ਨੇ ਜਰਮਨੀ ਦੀ ਟੀਮ ਨੂੰ ਬੜੀ ਸਖਤ ਸਿਖਲਾੲੀ ਦਿੱਤੀ ਤਾਂ ਜੋ ਭਾਰਤ ਹੱਥੋਂ ਉਲੰਪਿਕ ਖਿਤਾਬ ਖੋਹ ਲਿਆ ਜਾਵੇ। ਇਧਰ ਧਿਆਨ ਚੰਦ ਦੇ ਸਾਥੀ ਉਲੰਪਿਕ ਚੈਂਪੀਅਨ ਬਣਨ ਦੀ ਹੈਟ੍ਰਿਕ ਪੂਰੀ ਕਰਨ ਲੲੀ ਉਤਾਵਲੇ ਸਨ। ਬਰਲਿਨ ਉਲੰਪਿਕ ਤੋਂ ਪਹਿਲਾਂ ਭਾਰਤੀ ਹਾਕੀ ਟੀਮ ਇਕ ਅਭਿਆਸ ਮੈਚ ਵਿਚ ਜਰਮਨੀ ਤੋਂ ਹਾਰ ਗੲੀ। ਜਰਮਨੀ ਫਾੲੀਨਲ ਵਿਚ ਪੁੱਜ ਗਿਆ।
ਜਰਮਨੀ ਤੋਂ ਅਭਿਆਸ ਮੈਚ ਹਾਰਨ ਕਾਰਨ ਭਾਰਤੀ ਟੀਮ ’ਤੇ ਬੜਾ ਬੋਝ ਸੀ। ਵਾਧੂ ਆਤਮਵਿਸ਼ਵਾਸ ਵਿਚ ਡੁੱਬੀ ਜਰਮਨੀ ਨੂੰ ਉਸ ਵੇਲੇ ਹੀ ਪਤਾ ਲੱਗਾ ਜਦੋਂ ਉਹ ਫਾੲੀਨਲ ਮੁਕਾਬਲਾ ਇਕ ਨਹੀਂ, ਦੋ ਨਹੀਂ, ਸਗੋਂ ਪੂਰੇ ਅੱਠ ਗੋਲਾਂ ਨਾਲ ਹਾਰ ਗੲੀ। ਤਿੰਨ ਉਲੰਪਿਕਾਂ ਵਿਚ ਟਾਪ ਸਕੋਰਰ ਰਿਹਾ ਧਿਆਨ ਚੰਦ ਹਾਕੀ ਦਾ ਜਾਦੂਗਰ ਬਣ ਕੇ ਬਰਲਿਨ ਦੇ ਮੈਦਾਨ ਵਿਚੋਂ ਬਾਹਰ ਨਿਕਲਿਆ। ਹਿਟਲਰ ਵੱਲੋਂ ਦਿੱਤੀ ਲੋਭ ਲਾਲਸਾ ਨੂੰ ਤਿਆਗ ਕੇ ਉਸ ਨੇ ਵਤਨ ਦੀ ਮਿੱਟੀ ਦੇ ਪਿਆਰ ਨੂੰ ਤਰਜੀਹ ਦਿੱਤੀ। ਬਰਲਿਨ ਵਿਚ ਜਿਥੇ ਭਾਰਤੀ ਹਾਕੀ ਟੀਮ ਠਹਿਰੀ ਹੋੲੀ ਸੀ, ਜਰਮਨ ਵਾਸੀਆਂ ਨੇ ਉਹ ਜਗ੍ਹਾ ਹੀ ਹਾਕੀ ਨੂੰ ਸਮਰਪਿਤ ਕਰ ਦਿੱਤੀ ਅਤੇ ਉਸ ਗਲੀ ਦਾ ਨਾਂਅ ਧਿਆਨ ਚੰਦ ਦੇ ਨਾਂਅ ’ਤੇ ਰੱਖ ਦਿੱਤਾ। ਧਿਆਨ ਚੰਦ ਇਕ ਸਾਧਾਰਨ ਸਿਪਾਹੀ ਤੋਂ ਫੌਜ ਦਾ ਮੇਜਰ ਬਣ ਕੇ ਰਿਟਾਇਰ ਹੋਇਆ। ਹਾਕੀ ਦੇ ਆਦਰਸ਼ ਰਹੇ ਧਿਆਨ ਚੰਦ ਨੂੰ ਭਾਰਤ ਸਰਕਾਰ ਨੇ 1956 ਵਿਚ ਪਦਮ ਭੂਸ਼ਨ ਐਵਾਰਡ ਨਾਲ ਸਨਮਾਨਿਆ। 3 ਦਸੰਬਰ, 1979 ਨੂੰ ਸਵੇਰੇ 4.25 ਵਜੇ ਦਿੱਲੀ ਦੇ ਸਰਬ ਭਾਰਤੀ ਮੈਡੀਕਲ ਸੰਸਥਾ ਵਿਖੇ ਭਾਰਤੀ ਹਾਕੀ ਦੇ ਇਸ ਕੋਹਿਨੂਰ ਹੀਰੇ ਤੋਂ ਭਾਰਤ ਸਦਾ ਲੲੀ ਵਾਂਝਾ ਹੋ ਗਿਆ। ਆਸਟਰੀਆ ਦੀ ਰਾਜਧਾਨੀ ਵਿਆਨਾ ਵਿਚ ਇਸ ਮਹਾਨ ਖਿਡਾਰੀ ਦੇ ਆਦਮਕੱਦ ਬੁੱਤ ਨੂੰ ਲਗਾ ਕੇ ਸ਼ਰਧਾਂਜਲੀ ਭੇਟ ਕੀਤੀ ਗੲੀ ਹੈ। ਅੱਜਕਲ੍ਹ 29 ਅਗਸਤ ਨੂੰ ਰਾਸ਼ਟਰੀ ਖੇਡ ਐਵਾਰਡ ਵੰਡ ਸਮਾਰੋਹ ਦਿੱਲੀ ਦੇ ਰਾਸ਼ਟਰਪਤੀ ਭਵਨ ਵਿਖੇ ਹੁੰਦਾ ਹੈ।
-ਗੁਰਿੰਦਰ ਸਿੰਘ ਮੱਟੂ,
ਅਥਲੈਟਿਕਸ ਕੋਚ, ਅੰਮ੍ਰਿਤਸਰ।

No comments: