02 May, 2007

ਸੁਲਤਾਨ-ਉਲ ਕੌਮ - ਜਥੇਦਾਰ ਜੱਸਾ ਸਿੰਘ ਆਹਲੂਵਾਲੀਆ

ਸ: ਜੱਸਾ ਸਿੰਘ ਆਹਲੂਵਾਲੀਆ ਇਕ ਮਹਾਨ ਜਰਨੈਲ ਤੇ ਪੰਥ ਦੀ ਇਕ ਮਾਨਯੋਗ ਹਸਤੀ ਸੀ, ਉਹ ਆਹਲੂਵਾਲੀਆ ਮਿਸਲ ਦਾ ਸਰਦਾਰ ਤੇ ਇਕ ਵੱਡਾ ਯੋਧਾ ਸੀ। ਮੁੱਢ ਵਿਚ ਆਹਲੂਵਾਲੀਆ ਮਿਸਲ ਦਾ ਬਾਨੀ ਸ: ਬਾਗ ਸਿੰਘ ਸੀ। ਉਹ ਆਹਲੂ ਪਿੰਡ ਦਾ ਸਰਦਾਰ ਸੀ ਇਸ ਕਰਕੇ ਇਸ ਮਿਸਲ ਦਾ ਨਾਂਅ ਆਹਲੂਵਾਲੀਆ ਪੈ ਗਿਆ ਸੀ। ਸ: ਬਾਗ ਸਿੰਘ ਦੇ ਸੰਤਾਨ ਨਾ ਹੋਣ ਕਰਕੇ ਇਸ ਮਿਸਲ ਦਾ ਮੁਖੀ ਉਸ ਦਾ ਭਾਣਜਾ ਸ: ਜੱਸਾ ਸਿੰਘ ਬਣਿਆ।
ਸ: ਜੱਸਾ ਸਿੰਘ ਦਾ ਜਨਮ ਸ: ਬਦਰ ਸਿੰਘ ਦੇ ਘਰ ਸੰਨ 1718 ੲੀ: ਨੂੰ ਹੋਇਆ। 1723 ਵਿਚ ਸ: ਬਦਰ ਸਿੰਘ ਦਾ ਅਕਾਲ ਚਲਾਣਾ ਹੋ ਗਿਆ। ਸ: ਜੱਸਾ ਸਿੰਘ ਦੀ ਮਾਤਾ ਪੁੱਤਰ ਸਮੇਤ ਮਾਤਾ ਸੁੰਦਰੀ ਜੀ ਦੀ ਸੇਵਾ ਵਿਚ ਦਿੱਲੀ ਚਲੀ ਗੲੀ। ਇਸ ਤਰ੍ਹਾਂ ਸ: ਜੱਸਾ ਸਿੰਘ ਨੂੰ ਮਾਤਾ ਸੁੰਦਰੀ ਜੀ ਦੀ ਛਤਰ-ਛਾਇਆ ਹੇਠ ਰਹਿਣ ਦਾ ਮੌਕਾ ਪ੍ਰਾਪਤ ਹੋਇਆ। 1729 ਵਿਚ ਸ: ਬਾਗ ਸਿੰਘ ਦਿੱਲੀ ਗੲੇ, ਉਹ ਮਾਤਾ ਸੁੰਦਰੀ ਜੀ ਤੋਂ ਆਗਿਆ ਲੈ ਕੇ ਭੈਣ ਤੇ ਭਾਣਜੇ ਨੂੰ ਆਪਣੇ ਨਾਲ ਲੈ ਆੲੇ। ਦਿੱਲੀ ਤੋਂ ਆ ਕੇ ਬਾਲਕ ਜੱਸਾ ਸਿੰਘ ਸ: ਕਪੂਰ ਸਿੰਘ ਦੇ ਜੱਥੇ ਨਾਲ ਰਹਿਣ ਲੱਗ ਗਿਆ। ਉਸ ਨੇ ਸ਼ਸਤਰ ਵਿੱਦਿਆ ਵਿਚ ਪ੍ਰਵੀਨਤਾ ਹਾਸਲ ਕੀਤੀ। ਨਵਾਬ ਕਪੂਰ ਸਿੰਘ ਨੇ ਉਨ੍ਹਾਂ ਨੂੰ ਆਪਣਾ ਸਹਾਇਕ ਥਾਪ ਦਿੱਤਾ। ਕੲੀ ਜੰਗਾਂ ਵਿਚ ਸ: ਕਪੂਰ ਸਿੰਘ ਦੇ ਨਾਲ ਰਹਿਣ ਕਰਕੇ ਯੁੱਧ ਵਿੱਦਿਆ ਵਿਚ ਨਿਪੰੁਨ ਹੋ ਗਿਆ ਸੀ ਅਤੇ ਉਨ੍ਹਾਂ ਦਾ ਮੈਦਾਨੇ ਜੰਗ ਵਿਚ ਕਰਤੱਵ ਦਿਖਾਉਣ ਲੲੀ ਦਿਲ ਖੁੱਲ੍ਹ ਗਿਆ ਸੀ। 1732 ਵਿਚ ਸ: ਬਾਗ ਸਿੰਘ ਦੇ ਸ਼ਹੀਦ ਹੋ ਜਾਣ ’ਤੇ ਸ: ਜੱਸਾ ਸਿੰਘ ਮਿਸਲ ਦਾ ਸਰਦਾਰ ਬਣ ਗਿਆ।
ਸਰਦਾਰ ਜੱਸਾ ਸਿੰਘ ਬੜਾ ਬਹਾਦਰ ਤੇ ਦਾਨੀ ਸੀ। ਉਹ ਅਕਲ-ਸ਼ਕਲ ਦੇ ਪੱਖੋਂ ਨਿਰਾਲਾ ਤੇ ਸਰੀਰਕ ਪੱਖੋਂ ਬਹੁਤ ਬਲਸ਼ਾਲੀ ਸੀ। ਪੰਥ ਦੀ ਹਰ ਮੁਹਿੰਮ ਵਿਚ ਉਹ ਸ਼ਾਮਿਲ ਹੁੰਦਾ ਸੀ। ਇਸ ਕਰਕੇ ਦਿਨੋ-ਦਿਨ ਪੰਥ ਵਿਚ ਆਪ ਦਾ ਸਤਿਕਾਰ ਵਧਦਾ ਗਿਆ। ਨਵਾਬ ਕਪੂਰ ਸਿੰਘ ਤੋਂ ਬਾਅਦ ਉਨ੍ਹਾਂ ਦਾ ਸਥਾਨ ਦੂਜੇ ਨੰਬਰ ’ਤੇ ਸਮਝਿਆ ਜਾਂਦਾ ਸੀ। ਨਵਾਬ ਕਪੂਰ ਸਿੰਘ ਦੇ ਹੱਥੋਂ ਉਨ੍ਹਾਂ ਨੇ ਅੰਮ੍ਰਿਤ ਛਕਿਆ ਸੀ।
1740 ਵਿਚ ਸ: ਜੱਸਾ ਸਿੰਘ ਨੇ ਨਾਦਰ ਸ਼ਾਹ ਤੋਂ ਲੁੱਟ ਦਾ ਮਾਲ ਖੋਹ ਲਿਆ ਤੇ ਸ਼ਾਹੀ ਖਜ਼ਾਨਾ ਲੁੱਟ ਲਿਆ। ਨਾਦਰ ਸ਼ਾਹ ਨੂੰ ਜਦੋਂ ਸਿੰਘਾਂ ਦੁਆਰਾ ਸ਼ਾਹੀ ਖਜ਼ਾਨਾ ਲੁੱਟਣ ਦੀ ਖ਼ਬਰ ਮਿਲੀ ਤਾਂ ਉਸ ਨੇ ਜ਼ਕਰੀਆ ਖਾਨ ਨੂੰ ਉਨ੍ਹਾਂ ਬਾਰੇ ਪੁੱਛਿਆ ਕਿ ਸ਼ੇਰ ਦੇ ਮੂੰਹ ’ਚੋਂ ਖੋਹਣ ਵਾਲੇ ਇਹ ਕੌਣ ਲੋਕ ਹਨ? ਜ਼ਕਰੀਆ ਖਾਨ ਨੇ ਉੱਤਰ ਦਿੱਤਾ, ‘ਜਹਾਂ ਪਨਾਹ ਇਹ ਸਿੰਘ ਨਾਮ ਦਾ ਖਾਲਸਾ ਪੰਥ ਹੈ। ਇਨ੍ਹਾਂ ਦਾ ਪਿੰਡ-ਦੇਸ਼, ਘਰ-ਘਾਟ, ਕਿਲ੍ਹਾ-ਕੋਟ ਕੋੲੀ ਨਹੀਂ। ਬਿਨਾਂ ਕੁਝ ਖਾਧੇ ਪੀਤੇ ਸੌ-ਸੌ ਕੋਹ ਤੱਕ ਰੋਜ਼ ਧਾਵੇ ਮਾਰਦੇ ਹਨ। ਘੋੜੇ ਦੀ ਪਿੱਠ ਹੀ ਪਲੰਘ ਹੈ, ਤੁਰਦੇ-ਫਿਰਦੇ ਸੌਂ ਲੈਂਦੇ ਹਨ। ਨਾਦਰ ਸ਼ਾਹ ਨੇ ਹੈਰਾਨ ਹੋ ਕੇ ਆਖਿਆ ਜੇਕਰ ਇਹ ਕੌਮ ਠੀਕ ਐਸੀ ਹੀ ਹੈ ਜੈਸੀ ਤੂੰ ਆਖਦਾ ਹੈਂ ਤਾਂ ਅਸੀਂ ਇਨ੍ਹਾਂ ਦਾ ਕੀ ਖੋਹ ਸਕਦੇ ਹਾਂ? ਤੁਸੀਂ ਸੱਚ ਜਾਣੋ ਕਦੇ ਨਾ ਕਦੇ ਇਹ ਪੰਥ ਮੁਲਕ ਦਾ ਮਾਲਕ ਬਣ ਜਾਵੇਗਾ।’ (ਤਵਾਰੀਖ ਗੁਰੂ ਖਾਲਸਾ)
ਇਸ ਤੋਂ ਬਾਅਦ ਜਸਪਤ ਰਾਇ, ਅਦੀਨਾ ਬੇਗ, ਨਾਸਲ ਅਲੀ ਖਾਂ ਆਦਿ ਮੁਗਲ ਹਾਕਮਾਂ ਨਾਲ ਕੲੀ ਜੰਗ ਕੀਤੇ। ਉਸ ਨੇ ਪੰਜਾਬ ਦੇ ਕੲੀ ਇਲਾਕਿਆਂ ਫਤਿਹਾਬਾਦ, ਜਗਰਾਉਂ, ਮੁੱਲਾਂ ਵਾਲਾ, ਮਖੂ, ਕੋਟ ੲੀਸੇ ਖਾਂ ਆਦਿ ਦੇ ਇਲਾਕੇ ’ਤੇ ਕਬਜ਼ਾ ਕਰ ਲਿਆ। 1760 ੲੀ: ਵਿਚ ਅਹਿਮਦ ਸ਼ਾਹ ਦੇ ਸੱਤਵੇਂ ਹਮਲੇ ਸਮੇਂ ਦੁਰਾਨੀ ਬਹੁਤ ਸਾਰੇ ਹਿੰਦੁਸਤਾਨੀ ਮਰਦ-ਔਰਤਾਂ, ਲੜਕੇ-ਲੜਕੀਆਂ ਨੂੰ ਬੰਦੀ ਬਣਾ ਕੇ ਕਾਬਲ ਲਿਜਾ ਰਹੇ ਸਨ। ਸ: ਜੱਸਾ ਸਿੰਘ ਨੇ ਗੋਇੰਦਵਾਲ ਤੋਂ ਬਿਆਸਾ ਟੱਪਦੇ ਹੋੲੇ ਦੁਰਾਨੀਆਂ ਨੂੰ ਜਾ ਦਬਾਇਆ ਅਤੇ ਸਾਰੇ ਕੈਦੀ ਛੁਡਵਾ ਕੇ ਘਰ ਭਿਜਵਾ ਦਿੱਤੇ। ਇਸ ਪਰਉਪਕਾਰ ਨਾਲ ਉਨ੍ਹਾਂ ਦੇ ਜੱਸ ਵਿਚ ਬਹੁਤ ਵਾਧਾ ਹੋਇਆ। 1761 ਵਿਚ ਉਨ੍ਹਾਂ ਖਾਲਸਾ ਦਲ ਨਾਲ ਮਿਲ ਕੇ ਅਹਿਮਦਸ਼ਾਹ ਅਬਦਾਲੀ ਦੇ ਜਰਨੈਲ ਜਹਾਨ ਖਾਨ ਨੂੰ ਸ਼ਿਕਸਤ ਦਿੱਤੀ ਤੇ ਲਾਹੌਰ ਤੱਕ ਪਿੱਛਾ ਕੀਤਾ। ਦੁਰਾਨੀਆਂ ਨੂੰ ਅੰਮ੍ਰਿਤਸਰ ਵਿਚੋਂ ਕੱਢ ਦਿੱਤਾ ਗਿਆ। ਪੰਥ ਵੱਲੋਂ ਉਨ੍ਹਾਂ ਨੂੰ ਸੁਲਤਾਨ-ਉਲ-ਕੌਮ ਦਾ ਖਿਤਾਬ ਦਿੱਤਾ ਗਿਆ। ਸ: ਜੱਸਾ ਸਿੰਘ ਨੇ ਆਪਣੇ ਨਾਂਅ ਦਾ ਸਿੱਕਾ ਵੀ ਜਾਰੀ ਕੀਤਾ।
1762 ਵਿਚ ਜ਼ਿਲ੍ਹਾ ਸੰਗਰੂਰ ਦੇ ਪਿੰਡ ਰਹੀੜਾ (ਕੁਪ ਰਹੀੜਾ) ਕੁਤਬਾ ਬਾਹਮਣੀਆਂ ਅਤੇ ਗਹਿਲ ਤਿੰਨ ਸਥਾਨਾਂ ਉੱਤੇ ਸ: ਜੱਸਾ ਸਿੰਘ ਦੀ ਅਗਵਾੲੀ ਹੇਠ ਖਾਲਸਾ ਦਲ ਦੀ ਅਹਿਮਦ ਸ਼ਾਹ ਅਬਦਾਲੀ ਨਾਲ ਭਾਰੀ ਜੰਗ ਹੋੲੀ। ਇਸ ਵਿਚ ਲਗਭਗ 30 ਹਜ਼ਾਰ ਸਿੰਘ-ਸਿੰਘਣੀਆਂ ਅਤੇ ਬੱਚੇ ਸ਼ਹੀਦ ਹੋੲੇ ਸਨ। ਅਬਦਾਲੀ ਦੀਆਂ ਫ਼ੌਜਾਂ ਨਾਲ ਨਵਾਬ ਮਾਲੇਰਕੋਟਲਾ, ਸੂਬਾ ਸਰਹੰਦ ਨਵਾਬ ਰਾੲੇਕੋਟ ਅਤੇ ਲੁਧਿਆਣਾ ਤੋਂ ਫੌਜਾਂ ਜਾ ਸ਼ਾਮਿਲ ਹੋੲੀਆਂ। ਇਨ੍ਹਾਂ ਜਰਵਾਣਿਆਂ ਦੀਆਂ ਫੌਜਾਂ ਅਤੇ ਘੋੜਿਆਂ ਆਦਿ ਦੀ ਖਾਦ ਖੁਰਾਕ ਦਾ ਪ੍ਰਬੰਧ ਫੁਲਕੀਆਂ ਮਿਸਲ ਦੇ ਮੁਖੀ ਰਿਆਸਤ ਪਟਿਆਲਾ ਵਾਲਿਆਂ ਨੇ ਕੀਤਾ। ਗਹਿਗਚ ਦੀ ਲੜਾੲੀ ਦੌਰਾਨ ਸ: ਜੱਸਾ ਸਿੰਘ ਆਹਲੂਵਾਲੀਆ ਨੇ ਇਕ ਵਾਰੀ ਅਹਿਮਦ ਸ਼ਾਹ ਦੇ ਸਾਹਮਣੇ ਹੋ ਕੇ ਦੋ-ਦੋ ਹੱਥ ਕਰਨ ਲੲੀ ਵੰਗਾਰਿਆ ਪਰ ਅਹਿਮਦ ਸ਼ਾਹ ਦਾ ਹੌਸਲਾ ਨਾ ਪਿਆ। ਇਸ ਜੰਗ ਵਿਚ ਸ: ਜੱਸਾ ਸਿੰਘ ਦੇ ਪਿੰਡੇ ’ਤੇ 64 ਜ਼ਖ਼ਮ ਲੱਗੇ ਸਨ ਪਰ ਜਿੱਤ ਖਾਲਸਾ ਪੰਥ ਦੀ ਹੋੲੀ ਅਤੇ ਜਰਵਾਣਿਆਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਇਕੋ ਦਿਨ ਵਿਚ ੲੇਨਾ ਵੱਡਾ ਨੁਕਸਾਨ ਦੁਨੀਆ ਦੀ ਕਿਸੇ ਵੀ ਜੰਗ ਵਿਚ ਨਹੀਂ ਹੋਇਆ ਸਗੋਂ ਅਸਚਰਜਤਾ ਦੀ ਗੱਲ ਹੈ ਕਿ ੲੇਨੇ ਵੱਡੇ ਨੁਕਸਾਨ ਉਪਰੰਤ ਸ: ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾੲੀ ਵਿਚ ਦਲ ਖਾਲਸਾ ਨੇ ਜਰਵਾਣਿਆਂ ਉੱਤੇ ਮੋੜਵਾਂ ਹਮਲਾ ਕਰ ਦਿੱਤਾ ਅਤੇ ਦੁਸ਼ਮਣ ਨੂੰ ਭਾਂਜ ਦਿੱਤੀ। ਇਹ ਮਿਸਾਲ ਦੁਨੀਆ ਦੇ ਜੰਗਾਂ-ਯੁੱਧਾਂ ਦੇ ਇਤਿਹਾਸ ਵਿਚ ਆਪਣੇ-ਆਪ ਵਿਚ ਬਿਲਕੁਲ ਨਿਵੇਕਲੀ ਹੈ। ਇਹ ਜੰਗ 5 ਫਰਵਰੀ, 1762 ਨੂੰ ਹੋਇਆ। ਇਸ ਨੂੰ ਸਿੱਖ ਇਤਿਹਾਸ ਵਿਚ ਵੱਡਾ ਘਲੂਘਾਰਾ ਦੇ ਨਾਂਅ ਨਾਲ ਯਾਦ ਕੀਤਾ ਜਾਂਦਾ ਹੈ।
ਦਲ ਖਾਲਸਾ ਨੇ ਜ: ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾੲੀ ਵਿਚ 7 ਅਪ੍ਰੈਲ 1763 ਨੂੰ ਦਿੱਲੀ ਉੱਤੇ ਹਮਲਾ ਕੀਤਾ ਅਤੇ ਦਿੱਲੀ ਫ਼ਤਹਿ ਕੀਤੀ। ਇਸ ਸਮੇਂ ਜ: ਜੱਸਾ ਸਿੰਘ ਰਾਮਗੜ੍ਹੀਆ ਅਤੇ ਜ: ਬਘੇਲ ਸਿੰਘ ਵੀ ਉਨ੍ਹਾਂ ਨਾਲ ਸ਼ਾਮਿਲ ਸਨ। 1768 ਵਿਚ ਸ: ਜੱਸਾ ਸਿੰਘ ਤੇ ਹੋਰ ਪੰਥਕ ਦਲਾਂ ਨੇ ਜਲਾਲਾਬਾਦ ਦੇ ਇਕ ਬ੍ਰਾਹਮਣ ਦੇ ਆਪਣੀ ਲੜਕੀ ਛੁਡਵਾਉਣ ਲੲੀ ਬੇਨਤੀ ਕਰਨ ’ਤੇ ਚੜ੍ਹਾੲੀ ਕੀਤੀ। ਇਸ ਦੌਰਾਨ ਮੇਰਠ ਅਲੀਗੜ੍ਹ ਆਦਿ ਨੂੰ ਅਧੀਨ ਕਰਕੇ ਸਿੰਘਾਂ ਨੇ ਦਿੱਲੀ ਉੱਤੇ ਮੁੜ ਕਬਜ਼ਾ ਕਰ ਲਿਆ। ਖਾਲਸਾ ਲਾਲ ਕਿਲ੍ਹੇ ਅੰਦਰ ਦਾਖ਼ਲ ਹੋ ਗਿਆ ਅਤੇ ਸ: ਜੱਸਾ ਸਿੰਘ ਨੂੰ ਸ਼ਾਹੀ ਤਖ਼ਤ ’ਤੇ ਬਿਠਾਇਆ ਗਿਆ। ਇਸ ਸਮੇਂ ਉਨ੍ਹਾਂ ਦੇ ਸਾਹਮਣੇ ਪੰਥ ਦੀ ਤਰੱਕੀ ਦਿੱਲੀ ਦੇ ਤਖ਼ਤ ਨਾਲੋਂ ਵਧੇਰੇ ਮਹੱਤਵ ਰੱਖਦੀ ਸੀ। ਉਸ ਦੀਆਂ ਨਜ਼ਰਾਂ ਵਿਚ ਸਭ ਤੋਂ ਜ਼ਰੂਰੀ ਕੰਮ ਦਿੱਲੀ ਦੇ ਗੁਰ ਅਸਥਾਨਾਂ ਨੂੰ ਕਾਇਮ ਕਰਨਾ ਸੀ। ਇਨ੍ਹਾਂ ਅਸਥਾਨਾਂ ਦੀ ਖੋਜ ਕਰਨ ਅਤੇ ਯਾਦਗਾਰਾਂ ਬਣਾਉਣ ਦੀ ਜ਼ਿੰਮੇਵਾਰੀ ਸ: ਬਘੇਲ ਸਿੰਘ ਨੂੰ ਸੌਂਪੀ ਗੲੀ। ਉਹ ਇਸ ਕੰਮ ਲੲੀ ਕੲੀ ਮਹੀਨੇ ਦਿੱਲੀ ਵਿਚ ਰਹੇ ਅਤੇ ਬਾਕੀ ਖਾਲਸਾ ਦਲ ਦਿੱਲੀ ਤੋਂ ਅੱਗੇ ਚਲਾ ਗਿਆ।
ਸ: ਜੱਸਾ ਸਿੰਘ ਦੀ ਹਸਤੀ ਪੰਥ ਵਿਚ ਇਕ ਮੁਖੀ ਦੀ ਸੀ। ਸ: ਕਪੂਰ ਸਿੰਘ ਦੇ 1760 ਵਿਚ ਅਕਾਲ ਚਲਾਣੇ ਤੋਂ ਪਿੱਛੋਂ ਖਾਲਸਾ ਪੰਥ ਦੀ ਜਥੇਦਾਰੀ ਦੀ ਪੱਗ ਸ: ਜੱਸਾ ਸਿੰਘ ਆਹਲੂਵਾਲੀਆ ਨੂੰ ਬੰਨ੍ਹਾੲੀ ਗੲੀ ਸੀ। ਇਸ ਨਾਲ ਉਨ੍ਹਾਂ ’ਤੇ ਸਾਰੇ ਪੰਥ ਦੀ ਜ਼ਿੰਮੇਵਾਰੀ ਆ ਪੲੀ ਸੀ। ਬਾਕੀ ਸਾਰੇ ਇਨ੍ਹਾਂ ਦਾ ਸਤਿਕਾਰ ਕਰਦੇ ਸਨ। ਸ: ਜੱਸਾ ਸਿੰਘ ਨੇ ਇਕ ਥਾਂ ਬੈਠ ਕੇ ਨਿੱਜੀ ਪੱਧਰ ’ਤੇ ਰਾਜ ਭਾਗ ਹੰਢਾਉਣ ਅਤੇ ਐਸ਼ ਕਰਨ ਨਾਲੋਂ ਪੰਥਕ ਹਿਤਾਂ ਵੱਲ ਧਿਆਨ ਵਧੇਰੇ ਦਿੱਤਾ। ਸ: ਜੱਸਾ ਸਿੰਘ ਸਿੱਖੀ ਆਦਰਸ਼ਾਂ ਦੀ ਪਾਲਣਾ ਕਰਨ ਵਾਲਾ ਸਹੀ ਰੂਪ ਵਿਚ ਖਾਲਸਾ ਸੀ। ਉਹ ਆਪ ਅੰਮ੍ਰਿਤ ਪ੍ਰਚਾਰ ਕਰਕੇ ਸਿੱਖ ਧਰਮ ਦੇ ਵਿਕਾਸ ਵਿਚ ਵੀ ਯਤਨਸ਼ੀਲ ਰਹਿੰਦੇ ਸਨ। ਮਹਾਰਾਜਾ ਅਮਰ ਸਿੰਘ ਪਟਿਆਲਾ ਨੇ ਉਨ੍ਹਾਂ ਦੇ ਹੱਥੋਂ ਅੰਮ੍ਰਿਤ ਛਕਿਆ ਸੀ। 1765 ਵਿਚ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਦੁਬਾਰਾ ਬਣਾੲੀ ਗੲੀ। ਉਸ ਦਾ ਨੀਂਹ ਪੱਥਰ ਸ: ਜੱਸਾ ਸਿੰਘ ਆਹਲੂਵਾਲੀਆ ਦੇ ਹੱਥੋਂ ਹੀ ਰਖਵਾਇਆ ਗਿਆ ਸੀ। ਸ: ਜੱਸਾ ਸਿੰਘ ਜਿਥੇ ਇਕ ਮਹਾਨ ਯੋਧਾ ਸੀ, ਉਥੇ ਗੁਰਬਾਣੀ ਦਾ ਰਸੀਆ ਵੀ ਸੀ।
ਦੇਸ਼ ਦੇ ਜ਼ਾਲਮ ਹਾਕਮਾਂ ਦੀ ਸੋਧ ਕਰਨ ਦੇ ਨਾਲ-ਨਾਲ ਸ: ਜੱਸਾ ਸਿੰਘ ਨੇ ਵਿਦੇਸ਼ੀ ਹਮਲਾਵਰਾਂ ਦਾ ਵੀ ਟਾਕਰਾ ਕੀਤਾ। ਉਸ ਨੇ ਆਪਣੇ ਜੀਵਨ ਕਾਲ ਵਿਚ ਨਾਦਰ ਸ਼ਾਹ, ਅਹਿਮਦ ਸ਼ਾਹ ਅਬਦਾਲੀ ਅਤੇ ਤੈਮੂਰ ਸ਼ਾਹ ਤੇ ਜਮਾਨ ਸ਼ਾਹ ਜਿਹੇ ਜਰਵਾਣੇ ਅਫ਼ਗਾਨਾਂ ਦਾ ਡਟ ਕੇ ਮੁਕਾਬਲਾ ਕੀਤਾ। ਇਸੇ ਤਰ੍ਹਾਂ ਆਪਣੇ ਦੇਸ਼ ਦੀ ਪਰਜਾ ਤੇ ਸਿੱਖ ਸਿਦਕ ਦੀ ਰਾਖੀ ਹਿਤ ਮੈਦਾਨੇ ਜੰਗ ਵਿਚ ਜੂਝਦਾ ਰਿਹਾ।
ਸ: ਜੱਸਾ ਸਿੰਘ ਦੇ ਤਹਿਤ ਦਿੱਲੀ ਤੋਂ ਮੁਲਤਾਨ ਤੱਕ ਦਾ ਇਲਾਕਾ ਮੰਨਿਆ ਜਾਂਦਾ ਸੀ। ਲਗਭਗ 60 ਸਾਲ ਪੰਥ ਦੀ ਅਣਥੱਕ ਸੇਵਾ ਕਰਨ ਉਪਰੰਤ ਇਹ ਮਹਾਨ ਜਰਨੈਲ 22 ਅਕਤੂਬਰ 1783 ਨੂੰ ਸ੍ਰੀ ਅੰਮ੍ਰਿਤਸਰ ਵਿਖੇ ਅਕਾਲ ਚਲਾਣਾ ਕਰ ਗਿਆ। ਸਿੱਖ ਕੌਮ ਉਸ ਨੂੰ ਆਪਣਾ ਬੇਤਾਜ ਬਾਦਸ਼ਾਹ ਮੰਨਦੀ ਸੀ ਪਰ ਉਸ ਨੇ ਅਖੀਰ ਸਮੇਂ ਤੱਕ ਆਪਣੇ-ਆਪ ਨੂੰ ਪੰਥ ਦਾ ਸੇਵਕ ਹੀ ਬਣਿਆ ਰਹਿਣ ਵਿਚ ਹੀ ਮਾਣ ਮਹਿਸੂਸ ਕੀਤਾ।

(ਲਿਖਤੁਮ - ਪ੍ਰੋ: ਕਿਰਪਾਲ ਸਿੰਘ ਬਡੂੰਗਰ)
ਧੰਨਵਾਦ ਸਹਿਤ - ਰੋਜ਼ਾਨਾ ਅਜੀਤ ਜਲੰਧਰ)

2 comments:

AlterinG Abhishek said...

how?? kaise ???
punjabi liki????
I also want to blog / write in Punjabi!!

ਅ. ਸ. ਆਲਮ (A S Alam) said...

ਵੇਖੋ ਦਿੱਤਾ ਲਿੰਕ
http://guca.sourceforge.net/resources/punjabisupport/windowsxp/