28 April, 2009

ਫਾਇਰਫਾਕਸ ੩.੫ ਬੀਟਾ ੪ ਪੰਜਾਬੀ ਵਿੱਚ...

ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਫਾਇਰਫਾਕਸ ੩.੫ ਦਾ ਆਖਰੀ ਬੀਟਾ ਵਰਜਨ
ਰੀਲਿਜ਼ ਹੋ ਗਿਆ ਹੈ ਅਤੇ ਇਸ ਵਿੱਚ ਪੰਜਾਬੀ ਵੀ ਉਪਲੱਬਧ ਹੈ।
ਤੁਹਾਡੇ ਹੇਠ ਦਿੱਤੇ ਸਰੋਤਾਂ ਤੋਂ ਆਪਣੀ ਲੋੜ ਮੁਤਾਬਕ ਇਸ ਨੂੰ ਡਾਊਨਲੋਡ ਕਰ ਸਕਦੇ ਹੋ:

Windows Download

Mac Download

Linux Download

ਜੇ ਤੁਸੀਂ ਅੰਗਰੇਜ਼ੀ ਵਿੱਚ ਵਰਤਣਾ ਹੈ ਤਾਂ ਵੀ ਇੱਥੇ ਉਪਲੱਬਧ ਹੈ:

ਇੱਕ ਵਾਰ ਆਪਣੇ ਓਪਰੇਟਿੰਗ ਸਿਸਟਮ ਉੱਤੇ ਡਾਊਨਲੋਡ ਕਰਕੇ ਚਲਾ ਕੇ ਵੇਖੋ ਅਤੇ ਸਾਨੂੰ ਆਪਣੇ ਸੁਝਾਅ,
ਕੋਈ ਗਲਤੀ ਜਾਂ ਸਮੱਸਿਆ ਹੋਵੇ ਤਾਂ ਭੇਜਣ ਦੀ ਖੇਚਲ ਕਰਨੀ। ਇਸ ਵਾਰ ਇਸ ਦੀ ਖਾਸ ਗੱਲ ਹੈ ਕਿ
ਇਹ ਲਗਭਗ ਰੀਲਿਜ਼ ਹੋਣ ਤੋਂ ਪਹਿਲਾਂ ਦਾ ਆਖਰੀ ਟੈਸਟ ਰੀਲਿਜ਼ ਹੋ ਸਕਦਾ ਹੈ ਅਤੇ ਤੁਹਾਡੇ ਵਲੋਂ ਦਿੱਤੇ
ਸੁਝਾਅ ਨਾਲ ਅਸੀਂ ਇਸ ਨੂੰ ਹੋਰ ਵੀ ਸੁਧਾਰ ਸਕਦੇ ਹਾਂ। ਸੋ ਕਿਰਪਾ ਕਰਕੇ ਸਾਨੂੰ ਇਸ ਬਾਰੇ
ਦੱਸਣਾ ਕੀ ਕਿੱਦਾਂ ਹੈ। ਇਸ ਤੋਂ ਇਲਾਵਾ, ਜਿੰਨੇ ਵੀ ਆਪਣੇ ਦੋਸਤਾਂ ਮਿੱਤਰਾਂ ਨੂੰ ਵਤਰਣ ਲਈ
ਸੁਝਾਅ ਦੇ ਸਕਦੇ ਹੋ, ਦੱਸਣਾ।

ਰੀਲਿਜ਼ ਨੋਟਿਸ
ਪਹਿਲਾਂ ਜਾਣੇ ਬੱਗ

ਟੱਕਰਾਂ ਤਾਂ ਬਹੁਤ ਮਾਰੀਆਂ ਅਤੇ ਅਨੁਵਾਦ ਵੀ ੯੦% ਤੋਂ ਵੱਧ ਹੋ ਗਿਆ, ਪਰ
ਜਦੋਂ ਤੱਕ ਕਮਿਊਨਟੀ ਜਾਂ ਲੋਕ ਵਰਤਦੇ ਨਹੀਂ ਤਾਂ ਕੀਤੇ ਕਰਾਏ ਦਾ ਫਾਇਦਾ ਕੁਝ ਨਹੀਂ,
ਖ਼ੈਰ ਮੇਰਾ ਪਿਛਲੇ ੫ ਵਰ੍ਹਿਆ ਦਾ ਤਜਰਬਾ ਤਾਂ ਇਹੀ ਕਹਿੰਦਾ ਹੈ ਕਿ ਵਰਤਣ ਵਾਲਾ
ਸ਼ਾਇਦ ਹੀ ਕੋਈ ਹੋਵੇ, ਪਰ ਮੇਰੇ ਕੰਮ ਤਾਂ ਅਨੁਵਾਦ ਕਰਨਾ ਹੈ, ਇਹ ਵੀ ਉਪਲੱਬਧ
ਕਰਵਾ ਦਿੱਤਾ ਬਾਕੀ ਵਰਤਣ ਵਾਲਿਆਂ ਦੀ ਮਰਜ਼ੀ...

24 April, 2009

ਜੰਗ ਲਈ ਤਿਆਰ ਰਹੋ ਪੰਜਾਬੀਓ...

ਇਹ ਬਹੁਤ ਮਜ਼ਾਕ ਦੀ ਗੱਲ਼ ਅੱਜ ਭਾਵੇ ਜਾਪੇ, ਪਰ
ਸੱਚ ਹੈ ਕਿ ਛੇਤੀ ਹੀ ਪੰਜਾਬੀਆਂ ਦੇ ਗਲ਼ ਇੱਕ ਨਵੀਂ
ਜੰਗ ਪੈਣ ਵਾਲੀ ਹੈ। ਜੀ ਹਾਂ ਆਉਣ ਵਾਲੀ ਭਾਰਤ
ਦੀ ਸਰਕਾਰ ਨੂੰ ਇਹ ਜੰਗ ਲੜਨੀ ਪਵੇਗੀ ਅਤੇ
ਪੰਜਾਬੀ ਬੇਸ਼ੱਕ ਇਸ ਵਿੱਚ ਮੱਲੋ-ਮੱਲੀ ਸ਼ਾਮਲ ਹੋਣ
ਹੀ ਵਾਲੇ ਰਹਿਣਗੇ।
ਜੰਗ - ਜੰਗ, ਜੋ ਪਾਕਿਸਤਾਨ ਦੇ ਇੱਕ ਮੁਲਕ
ਵਜੋਂ ਹਥਿਆਰ ਸੁੱਟਣ ਕਰਕੇ ਸ਼ੁਰੂ ਹੋਈ ਹੈ, ਇੱਕ
ਜੰਗ, ਜੋ ਪਾਕਿਸਤਾਨ ਤਾਲਿਬਾਨ ਵਿਰੁਧ ਹਾਰ
ਰਿਹਾ ਹੈ, ਦਾ ਅੰਤ ਭਾਰਤ ਨੂੰ ਕਰਨਾ ਪਵੇਗਾ, ਅਤੇ
ਸਿੱਧੇ ਰੂਪ ਵਿੱਚ ਪੰਜਾਬੀਆਂ ਨੂੰ ਇਸ ਦਾ ਅਸਰ ਝੱਲਣਾ
ਪਵੇਗਾ, ਅਤੇ ਪਾਕਿਸਤਾਨੀ ਪੰਜਾਬੀ ਤਾਂ ਇਸ ਵਿੱਚ
ਛੇਤੀ ਹੀ ਸ਼ਾਮਲ ਹੋਣ ਜਾ ਰਹੇ ਹਨ ਅਤੇ ਭਾਰਤੀ ਪੰਜਾਬੀ
ਲਈ ਬਹੁਤ ਦੂਰੀ ਨਹੀਂ ਹੈ।
ਪਾਕਿਸਤਾਨ ਸਰਕਾਰ, ਜਿਸ ਤਰ੍ਹਾਂ ਤਾਲਿਬਾਨ ਅੱਗੇ
ਆਤਮ-ਸਮਰਪਨ ਕਰ ਰਹੀ ਹੈ ਅਤੇ ਉਨ੍ਹਾਂ ਨੂੰ
ਆਪਣੇ ਇਲਾਕਿਆਂ ਵਿੱਚ ਗ਼ੈਰ-ਲੋਕਤੰਤਰੀ ਸਮਾਂਤਰ
ਸਰਕਾਰ ਬਣਾਉਣ ਦੇ ਰਹੀ ਹੈ, ਉਹ ਛੇਤੀ ਹੀ ਇਸਲਾਮਾਬਾਦ
ਨੂੰ ਢਹਾਉਣ ਦੀ ਤਿਆਰੀ ਵਿੱਚ ਹਨ, ਜਿਸ ਦੀ ਚੇਤਾਵਨੀ
ਅਮਰੀਕਾ ਦੇ ਰਿਹਾ ਹੈ (ਜੋ ਖੁਦ ਅਫਗਾਨਿਸਤਾਨ ਵਿੱਚ
ਹੱਥ ਮਲਣ ਮਗਰੋਂ ਪਾਕਿਸਤਾਨ ਵਿੱਚ ਲਾਦੇਨ ਲਈ ਟੱਕਰਾਂ
ਮਾਰਦਾ ਪਰੇਸ਼ਾਨ ਹੋ ਗਿਆ ਹੈ)। ਮੁਸ਼ਰਫ਼ ਨੇ ਤਾਂ ਆਪਣੇ
ਇੱਕ ਬਿਆਨ ਵਿੱਚ ਸਾਫ਼ ਕਰ ਦਿੱਤਾ ਹੈ ਕਿ ਅਮਰੀਕਾ ਨੂੰ
ਹੁਣ ਅਫਗਾਨ ਸਰਦਾਰਾਂ ਨਾਲ ਸਮਝੌਤਾ ਕਰਨਾ ਹੀ ਪਵੇਗਾ,
ਨਹੀਂ ਤਾਂ ਉਸ ਦੀ ਜਾਨ ਨਹੀਂ ਛੁੱਟਣੀ।
ਖ਼ੈਰ ਹੁਣ ਜਦੋਂ ਤਾਲਿਬਾਨ ਲਗਾਤਾਰ ਪਾਕਿਸਤਾਨ ਵਿੱਚ ਪੈਰ
ਜਮਾ ਰਹੇ ਹਨ ਅਤੇ ਲੋਕਤੰਤਰੀ ਸਰਕਾਰ ਦੇ ਬਰਾਬਰ ਸਰਕਾਰ
ਚਲਾ ਰਹੇ ਹਨ ਤਾਂ ਉੱਤਰ ਤੋਂ ਚਲਿਆ ਇਹ ਦਰਿਆ ਹੁਣ
ਪਾਕਿਸਤਾਨ ਨੂੰ ਵੰਡਣ ਦੀ ਧਾਰ ਲੈ ਕੇ ਵਹਿ ਰਿਹਾ ਹੈ।
ਇਸ ਵਿੱਚ ਭਾਰਤ ਨੂੰ ਕਿੰਨੀ ਵਾਰ ਪਾਕਿਸਤਾਨ ਸਰਕਾਰ
ਨੇ ਇਸ਼ਾਰਿਆਂ ਨਾਲ ਸਮਝਾਇਆ ਹੈ ਕਿ ਉਹ ਬੇਬਸ ਨੇ ਅਤੇ
ਕੰਟਰੋਲ ਨਹੀਂ ਕਰ ਸਕਦੇ ਤਾਂ ਵੀ ਭਾਰਤ ਨੇ ਅਤੇ ਭਾਰਤੀਆਂ ਵਿਚੋਂ
ਬਹੁਤਿਆਂ ਨੇ ਕਦੇ ਵੀ ਇਸ ਲਈ ਕੰਨ ਨਹੀਂ ਧਰੇ ਅਤੇ ਪਾਕਿਸਤਾਨ
ਨੂੰ ਬਦਤਰ ਸਥਿਤੀ ਵਿੱਚ ਧੱਕਣ ਲਈ ਪੂਰਾ ਜ਼ੋਰ ਲਗਾਉਦੇ ਰਹੇ।
ਇਸ ਨਾਲ ਮਾੜੀ ਗੱਲ ਇਹ ਹੋਈ ਕੋਈ ਆਪਣਾ
ਗੁਆਂਢੀ 'ਚੰਦਰਾ' ਹੋ ਗਿਆ ਅਤੇ ਭਾਰਤ ਲਈ ਅੱਗੇ ਕੇਵਲ ਜੰਗ ਹੀ
ਰਾਹ ਬਚਦਾ ਹੈ, ਜੋ ਆਪਣੇ ਗੁਆਂਢੀ ਪਾਕਿਸਤਾਨ ਨਾਲ ਨਾ ਹੋ ਕੇ
ਤਾਲਿਬਾਨ ਨਾਲ ਹੋਣੀ ਤਹਿ ਹੋ ਰਹੀ ਜਾਪਦੀ ਹੈ। ਕਸ਼ਮੀਰ ਦਾ ਮਸਲਾ ਤਾਂ
ਇਸ ਜੰਗ ਨਾਲ ਮੁਕ ਹੀ ਜਾਵੇਗਾ, ਪਰ ਇਹ ਜੰਗ ਪੰਜਾਬੀਆਂ ਲਈ
ਜੋ ਕਹਿਰ ਢਾਹੇਗੀ ਇਹ ਤਾਂ ਪੰਜਾਬੀ ਸਾਰੇ ਹੀ ਜਾਣਦੇ ਹਨ, ਭਾਵੇਂ
ਪਾਕਿਸਤਾਨੀ ਹੋਣ ਜਾਂ ਭਾਰਤੀ। ਸੋ ਇੱਕ ਹੋਰ ਜੰਗ ਲਈ ਪੰਜਾਬੀਆਂ
ਨੂੰ ਤਿਆਰ ਰਹਿਣਾ ਪਵੇਗਾ ਅਤੇ ਉਜਾੜੇ ਦਾ ਇੱਕ ਵਾਵਰੋਲਾ ਫੇਰ
ਵਹਿਣ ਦੀ ਤਿਆਰ ਹੈ, ਭਾਵੇ ਕਿ ਹਾਲੇ ਮੌਸਮ ਵਿਭਾਗ ਇਸ ਬਾਰੇ
ਅਵੇਸਲਾ ਹੈ ਅਤੇ ਇਸ ਦੇ ਗੁਆਂਢ 'ਚੋਂ ਹੀ ਲੰਘ ਜਾਣ ਦੀ ਉਮੀਦ ਕਰ
ਰਿਹਾ ਹੈ...

04 April, 2009

ਜੈ ਹਿੰਦ..

ਪਰਸੋਂ ਭਾਰਤੀ ਘਰੇਲੂ ਉਡਾਨ ਵਿੱਚ ਸਫ਼ਰ ਕਰ ਰਿਹਾ ਸਾਂ ਤਾਂ
ਅਚਾਨਕ ਗੁਰਪਾਲ ਸਿੰਘ ਸਹਾਇਕ ਕੈਪਟਨ ਇੰਡੋ ਫਲਾਈਡ
ਦੀ ਆਵਾਜ਼ ਸੁਣਾਈ ਦਿੱਤੀ, ਜਹਾਜ਼ ਦੀ ਉਚਾਈ ਵਗੈਰਾ ਦੱਸਣ
ਤੋਂ ਬਾਅਦ ਇੱਕ ਗੱਲ ਜਿਸ ਨੇ ਮੇਰਾ ਧਿਆਨ ਖਿੱਚਿਆ ਉਹ ਸੀ
ਗੱਲ਼ ਖਤਮ ਕਰਨ ਸਮੇਂ ਨਮਸਕਾਰ, ਗੁੱਡ ਇੰਵਨਿੰਗ ਆਦਿ
ਸ਼ਬਦ ਵਰਤਣ ਦੀ ਬਜਾਏ "ਜੈ ਹਿੰਦ" ਦੀ ਵਰਤੋਂ ਕਰਨੀ।
ਮੈਂ ਇੱਕ ਵਾਰ ਸੋਚਣ ਲਈ ਮਜ਼ਬੂਰ ਹੋਣਾ ਪਿਆ ਕਿ ਕਿਤੇ ਮਜ਼ਾਕ
ਤਾਂ ਨਹੀਂ ਕੀਤਾ, ਪਰ ਜਦੋਂ ਹਿੰਦੀ ਦੇ ਆਪਣੇ ਐਲਾਨ ਨੂੰ ਅੰਗਰੇਜ਼ੀ
ਵਿੱਚ ਦੱਸਣ ਦੇ ਬਾਅਦ ਫੇਰ ਉਸ ਨੇ ਖਾਤਮਾ "ਜੈ ਹਿੰਦ" ਨਾਲ
ਕੀਤਾ ਤਾਂ ਮੈਂ ਸਮਝ ਗਿਆ ਕਿ ਇਹੀ ਕਿਹਾ ਸੀ।
ਮੈਨੂੰ ਇਸ ਦੀ ਖੁਸ਼ੀ ਵੀ ਬਹੁਤ ਸੀ ਅਤੇ ਲੱਗਾ ਵੀ ਬਹੁਤ ਜਾਇਜ਼
ਜੇਹਾ। ਕਿਉਂਕਿ ਇਹ ਧਾਰਮਿਕ ਸਲਾਮ, ਨਮਸਤੇ ਆਦਿ ਤੋਂ ਅੱਡ
ਅਤੇ ਦੇਸ਼ ਨਾਲ ਸਬੰਧਿਤ ਸੀ। ਭਾਵੇਂ ਕੁਝ ਅੰਗਰੇਜ਼ ਵੀ ਸਫ਼ਰ ਰਹੇ ਸਨ,
ਪਰ ਜਦੋਂ ਭਾਰਤ ਵਿੱਚ ਯਾਤਰਾ ਕਰ ਰਹੇ ਹੋਵੋ ਤਾਂ ਇਹ ਵਿਲੱਖਣ
(ਅਜੀਬ) ਜੇਹਾ ਨਹੀਂ ਲੱਗਣਾ ਚਾਹੀਦਾ ਹੈ ਅਤੇ ਇਸ ਦੀ ਵਰਤੋਂ
ਬਹੁਤ ਜੱਚਦੀ ਹੈ ਨਮਸਕਾਰ, ਗੁੱਡ ਮਾਰਨਿੰਗ, ਗੁੱਡ ਡੇ ਆਦਿ ਦੀ
ਬਜਾਏ।
ਮੈਨੂੰ "ਜੈ ਹਿੰਦ" ਨੂੰ ਯਾਦ ਕਰਦਿਆਂ ਬਚਪਨ ਚੇਤੇ ਆਇਆ
(ਅਤੇ ਮਨ ਨੂੰ ਬੜਾ ਅਜੀਬ ਜਿਹਾ ਆਨੰਦ ਆਇਆ), ਜਦੋਂ
ਰੋਜ਼ਾਨਾ ਸਕੂਲਾਂ ਵਿੱਚ ਪਰੇਡ ਤੋਂ ਬਾਅਦ ਜਨ-ਗਨ-ਮਨ ਦੇ ਤੁਰੰਤ ਬਾਅਦ
ਤਿੰਨ ਵਾਰ ਜੈ ਹਿੰਦ ਬੋਲਣਾ ਹੁੰਦਾ ਸੀ। ਉਦੋਂ ਉਹ ਵੱਡੀ ਗੱਲ ਨਹੀਂ ਸੀ ਲੱਗਦਾ,
ਮਤਲਬ ਕਿ ਰੋਜ਼ਾਨਾ ਦਾ ਕੰਮ ਸੀ, ਪਰ ਇਹ ਗੱਲਾਂ ਰੋਜ਼ਾਨਾ ਦੁਹਰਾਉਣ
ਨਾਲ ਆਪਣਾਪਣ ਅੱਜ ਤੀਕ ਜਾਪਦਾ ਹੈ। ਇਹ ਗੱਲਾਂ ਦਾ ਅਸਰ
ਬੇਸ਼ੱਕ ਬਹੁਤ ਡੂੰਘਾ ਹੁੰਦਾ ਹੈ ਅਤੇ ਲੰਮਾ ਸਮਾਂ ਰਹਿੰਦਾ ਹੈ। ਜੇ ਆਪਾਂ
ਦੇਸ਼ ਨੂੰ ਫਿਰਕਾਪ੍ਰਸਤੀ ਤੋਂ ਬਚਾਉਣਾ ਹੈ ਤਾਂ ਇਹ ਜ਼ਰੂਰੀ ਹੈ ਕਿ ਬੱਚਿਆਂ
ਨੂੰ ਇਹ ਸਬਕ ਪੜ੍ਹਾਇਆ ਜਾਵੇ, "ਜੈ ਹਿੰਦ" ਬੁਲਾਇਆ ਜਾਵੇ।