11 September, 2007

ਸਾਰਾਗੜ੍ਹੀ ਦਾ ਯੁੱਧ - ਸਿੱਖ ਪਲਟਨ ਦੀ ਬਹਾਦਰੀ ਦਾ ਸੁਨਹਿਰੀ ਕਾਂਡ ਹੈ

ਸਾਰਾਗੜ੍ਹੀ ਦੀ 110ਵੀਂ ਵਰ੍ਹੇਗੰਢ ’ਤੇ ਵਿਸ਼ੇਸ਼
ਸਿੱਖ ਪਲਟਨ ਦੀ ਬਹਾਦਰੀ ਦਾ ਸੁਨਹਿਰੀ ਕਾਂਡ ਹੈ ਸਾਰਾਗੜ੍ਹੀ ਦਾ ਯੁੱਧ

ਸਾਰਾਗੜ੍ਹੀ ਦੀ ਝਲਕ

ਸੈਨਿਕ ਯੋਧਿਆਂ ਵੱਲੋਂ ਲਗਾਤਾਰ ਪਾਏ ਜਾ ਰਹੇ ਯੋਗਦਾਨ ਅਤੇ ਅਦੁੱਤੀ ਕੁਰਬਾਨੀਆਂ ਨੂੰ ਯਾਦ ਕਰਕੇ ਦੇਸ਼ਵਾਸੀਆਂ ਖਾਸ ਕਰਕੇ ਪੰਜਾਬੀਆਂ ਦਾ ਸਿਰ ਫ਼ਖ਼ਰ ਨਾਲ ਉੱਪਰ ਉਠ ਜਾਂਦਾ ਹੈ। ਨਿਰਸੰਦੇਹ ਪੰਜਾਬੀ ਸੂਰਬੀਰ ਭਾਵੇਂ ਕਿਸੇ ਵੀ ਰੈਜੀਮੈਂਟ ਜਾਂ ਕੋਰ ਨਾਲ ਜੁੜੇ ਕਿਉਂ ਨਾ ਹੋਣ ਉਨ੍ਹਾਂ ਦੀ ਵਿਲੱਖਣਤਾ ਹਮੇਸ਼ਾ ਹੀ ਉੱਭਰ ਕੇ ਸਾਹਮਣੇ ਆ ਜਾਂਦੀ ਹੈ। ਐਸੀ ਹੀ ਇਕ ਬੇਮਿਸਾਲ ਦਾਸਤਾਨ 4 ਸਿੱਖ ਬਟਾਲੀਅਨ (ਪਹਿਲਾਂ 36 ਸਿੱਖ) ਨਾਲ ਜੁੜੀ ਹੋਈ ਹੈ। ਆਪਣੇ ਵਿਰਸੇ ਨੂੰ ਸੰਭਾਲਦਿਆਂ 4 ਸਿੱਖ ਬਟਾਲੀਅਨ ਯੂਨਾਈਟਿਡ ਨੇਸ਼ਨਜ਼ ਵੱਲੋਂ ਲਿਬਨਾਨ ਵਿਚ ਸ਼ਾਂਤੀ ਸੈਨਾ ਵਜੋਂ ਡਿਊਟੀ ਪੂਰੀ ਕਰਨ ਉਪਰੰਤ ਹਾਲ ਹੀ ਵਿਚ ਪੰਜਾਬ ਵਾਪਸ ਪਰਤੀ ਹੈ। ਇਸ ਪਲਟਨ ਦੀ ਬਹਾਦਰੀ ਅਤੇ ਸ਼ਲਾਘਾਯੋਗ ਸੇਵਾਵਾਂ ਨੂੰ ਮੁੱਖ ਰੱਖਦਿਆਂ ਸਮੁੱਚੇ ਤੌਰ ’ਤੇ ‘ਯੂਨਾਈਟਿਡ ਨੇਸ਼ਨਜ਼ ਫੋਰਸ ਕਮਾਂਡਰ ਯੂਨਿਟ ਸਾਈਟੇਸ਼ਨ’ ਨਾਲ ਨਿਵਾਜ਼ਿਆ ਗਿਆ ਹੈ। ਇਸ ਤੋਂ ਇਲਾਵਾ ਪਲਟਨ ਦੇ 21 ਬਹਾਦਰ ਅਫਸਰਾਂ, 8 ਜੂਨੀਅਰ ਕਮਿਸ਼ਨਡ ਅਫਸਰਾਂ ਅਤੇ ਤਕਰੀਬਨ 45 ਹੇਠਲੇ ਰੈਂਕ ਵਾਲੇ ਬਹਾਦਰ ਫ਼ੌਜੀਆਂ ਨੂੰ ਪ੍ਰਸੰਸਾ ਪੱਤਰ ਵੀ ਦਿੱਤੇ ਗਏ। ਜੇਕਰ ਸਿੱਖ ਰੈਜੀਮੈਂਟ ਦੇ ਇਤਿਹਾਸਕ ਪਿਛੋਕੜ ਨੂੰ ਫਰੋਲਿਆ ਜਾਵੇ ਤਾਂ ਪਤਾ ਚੱਲਦਾ ਹੈ ਕਿ ਸਾਰਾਗੜ੍ਹੀ ਦੀ 1897 ਵਿਚ ਲੜੀ ਗਈ ਲੜਾਈ ਤੋਂ ਲੈ ਕੇ ਹੁਣ ਤੱਕ ਇਸ ਬਟਾਲੀਅਨ ਨੂੰ 21 ‘ਬੈਟਲ ਆਨਰਜ਼’ (Battle Honours) ਨਾਲ ਨਿਵਾਜ਼ਿਆ ਜਾ ਚੁੱਕਿਆ ਹੈ, ਜਿਸ ਵਿਚ ਬਰਕੀ 1965 ਅਤੇ ਸਿਰਾਮਨੀ 1971 ਵੀ ਸ਼ਾਮਿਲ ਹਨ। ਇਸ ਤੋਂ ਇਲਾਵਾ ਦੋ ਮਹਾਂਵੀਰ ਚੱਕਰ ਅਤੇ ਅਨੇਕਾਂ ਹੀ ਹੇਠਲੇ ਐਵਾਰਡ ਵੀ ਇਨ੍ਹਾਂ ਦੀ ਝੋਲੀ ਵਿਚ ਪਏ, ਪਰ ਅਸੀਂ ਅੱਜ ਦੇ ਦਿਨ ਯਾਨੀ ਕਿ 12 ਸਤੰਬਰ, 1897 ਦੀ ਸਾਰਾਗੜ੍ਹੀ ਦੀ ਲੜਾਈ ਵਿਚ 36 ਸਿੱਖ (ਹੁਣ 4 ਸਿੱਖ) ਵੱਲੋਂ ਬੇਮਿਸਾਲ ਕੁਰਬਾਨੀ ਨੂੰ ਯਾਦ ਕਰੇ ਬਿਨਾਂ ਨਹੀਂ ਰਹਿ ਸਕਦੇ।
ਸਾਰਾਗੜ੍ਹੀ ਲੜਾਈ ਦਾ ਪਿਛੋਕੜ
ਉਨੀਵੀਂ ਸਦੀ ਦੇ ਦੂਸਰੇ ਅੱਧ ਤੱਕ ਬ੍ਰਿਟਿਸ਼ ਭਾਰਤੀ ਸਾਮਰਾਜ ਅਫ਼ਗਾਨਿਸਤਾਨ ਦੀਆਂ ਹੱਦਾਂ ਤੱਕ ਫੈਲ ਚੁੱਕਿਆ ਸੀ ਜੋ ਕਿ ਬਲੋਚਿਸਤਾਨ ਅਤੇ ਉੱਤਰ-ਪੱਛਮੀ ਸਰਹੱਦੀ ਸੂਬੇ ਦੇ ਰੁੱਖੇ ਤੇ ਉੱਚੇ ਨੀਵੇਂ ਪਹਾੜੀ ਦੱਰਿਆਂ ਨਾਲ ਘਿਰਿਆ ਹੋਇਆ ਸੀ। ਇਹ ਇਲਾਕਾ ਖੂੰਖਾਰ ਪਠਾਣਾਂ ਅਤੇ ਅਫ਼ਰੀਦੀ ਆਦਿਵਾਸੀ ਕਬਾਇਲੀਆਂ ਦੇ ਕਬਜ਼ੇ ਵਿਚ ਸੀ ਜਿਨ੍ਹਾਂ ਨੇ ਅੰਗਰੇਜ਼ਾਂ ਦੀ ਸਰਬਉੱਚਤਾ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਅਕਸਰ ਬ੍ਰਿਟਿਸ਼ ਇੰਡੀਆ ਅਤੇ ਅਫ਼ਗਾਨਿਸਤਾਨ ਦੇ ਇਲਾਕੇ ’ਤੇ ਕਾਬਜ਼ ਕਬਾਇਲੀਆਂ ਅਤੇ ਬ੍ਰਿਟਿਸ਼ ਸੈਨਿਕਾਂ ਦਰਮਿਆਨ ਵਪਾਰੀਆਂ ’ਤੇ ਹਮਲਿਆਂ ਜਾਂ ਹੋਰ ਕਾਰਨਾਂ ਕਰਕੇ ਲੜਾਈ ਦਾ ਮਾਹੌਲ ਬਣਿਆ ਰਹਿੰਦਾ ਸੀ। ਸਾਰਾਗੜ੍ਹੀ ਦੀ ਚੌਕੀ ਜੋ ਕਿ 6000 ਫੁੱਟ ਦੀ ਉਚਾਈ ’ਤੇ ਸੀ, ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹਵਾਲਦਾਰ ਈਸ਼ਰ ਸਿੰਘ ਅਤੇ 21 ਸਿੱਖ ਜਵਾਨ ਜੋ 36 ਸਿੱਖ ਰੈਜੀਮੈਂਟ (ਹੁਣ 4 ਸਿੱਖ) ਨਾਲ ਸੰਬੰਧਿਤ ਸਨ ਨੂੰ ਸੌਂਪੀ ਹੋਈ ਇਸ ਨੂੰ ਸਮਾਨਾ ਰਿੱਜ ਵੀ ਆਖਿਆ ਜਾਂਦਾ ਹੈ। ਸਾਰਾਗੜ੍ਹੀ ਚੌਕੀ ਲੋਕਹਾਰਟ ਅਤੇ ਗੁਲਸਤਾਨ ਦੇ ਕਿਲ੍ਹਿਆਂ ਦੇ ਦਰਮਿਆਨ ਸਥਿਤ ਹੋਣ ਕਾਰਨ ਇਸ ਦੀ ਬਹੁਤ ਮਹੱਤਤਾ ਸੀ।
ਸਾਲ 1896 ਵਿਚ ਉੱਤਰ ਪੱਛਮੀ ਸਰਹੱਦੀ ਸੂਬੇ ਦੇ ਪਠਾਣਾਂ ਨੇ ਅੰਗਰੇਜ਼ਾਂ ਦੀ ਵਪਾਰੀਆਂ ਨੂੰ ਹਮਲਿਆਂ ਤੋਂ ਬਚਾਉਣ ਦੀ ਨੀਤੀ ਦੇ ਵਿਰੁੱਧ ਵਿਦਰੋਹ ਕਰ ਦਿੱਤਾ ਅਤੇ ਇਸ ਇਲਾਕੇ ਵਿਚ ਬ੍ਰਿਟਿਸ਼ ਸੈਨਿਕਾਂ ਦੀ ਤਾਇਨਾਤੀ ਖਿਲਾਫ਼ ਜਹਾਦ ਛੇੜ ਦਿੱਤਾ। ਇਸ ਵੰਗਾਰ ਦੇ ਮੁਕਾਬਲੇ ਲਈ 31 ਦਸੰਬਰ 1896 ਨੂੰ ਕੋਹਟ ਵਿਖੇ ਪਹੁੰਚਣ ’ਤੇ 36 ਸਿੱਖ (4 ਸਿੱਖ) ਨੂੰ ਸਮਾਨਾ ਰਿੱਜ ’ਤੇ ਤਾਇਨਾਤ ਕਰਨ ਉਪਰੰਤ ਇਸ ਨੂੰ ਦੋ ਭਾਗਾਂ ਵਿਚ ਵੰਡ ਦਿੱਤਾ ਗਿਆ, ਜਿਸ ਦੇ ਸਿੱਟੇ ਵਜੋਂ ਬਟਾਲੀਅਨ ਹੈਡਕੁਆਰਟਰ ਅਤੇ ਸੱਜੇ ਵਿੰਗ ਦੀ ਅਗਵਾਈ ਦੀ ਵਾਗਡੋਰ ਲੈਫਟੀਨੈਂਟ ਕਰਨਲ ਜੇ. ਹਾਊਸਟਨ, ਕਮਾਂਡਿੰਗ ਅਫਸਰ ਨੇ ਸੰਭਾਲੀ ਅਤੇ 2 ਜੂਨ 1897 ਨੂੰ ਲੋਕਹਾਰਟ ਕਿਲ੍ਹੇ ’ਤੇ ਕਬਜ਼ਾ ਕਰ ਲਿਆ ਅਤੇ ਫ਼ੌਜੀ ਟੁਕੜੀਆਂ ਨੂੰ ਸਾਰਾਗੜ੍ਹੀ, ਦਾਰ, ਸੰਗਰ, ਸਰਤ੍ਰੋਪ, ਕੰੁਗ ਅਤੇ ਗੁਲਸਤਾਨ ਕਿਲ੍ਹੇ ਤੱਕ ਫੈਲਾਅ ਦਿੱਤਾ ਜੋ ਇਥੋਂ ਤਕਰੀਬਨ 5 ਮੀਲ ਦੇ ਫ਼ਾਸਲੇ ’ਤੇ ਸਨ। ਖੱਬਾ ਵਿੰਗ ਜੋ ਕੈਪਟਨ ਡਬਲਿਊ. ਬੀ. ਗੌਰਡਨ ਦੀ ਕਮਾਂਡ ਹੇਠ ਸੀ, ਨੇ 8 ਜਨਵਰੀ 1897 ਨੂੰ ਪਰਚਿਨਾਰ ’ਤੇ ਕਬਜ਼ਾ ਕਰ ਲਿਆ ਅਤੇ ਟੁਕੜੀਆਂ ਥਾਲ ਅਤੇ ਸੱਦਾ ਵਿਖੇ ਤਾਇਨਾਤ ਕਰ ਦਿੱਤੀਆਂ, ਲੜਾਈ ਛਿੜਨ ਦੀ ਸੂਰਤ ਵਿਚ ਇਨ੍ਹਾਂ ਲਈ ਪੱਕਾ ਗੈਰੀਜਨ ਕੋਹਟ ਵਿਖੇ ਸੀ, ਜਿਥੇ ਨੌਜਵਾਨਾਂ ਦੀ ਮੁੜ ਤਾਇਨਾਤੀ ਦਾ ਪ੍ਰਬੰਧ ਸੀ। ਪਰ ਇਹ ਜਗ੍ਹਾ ਇਨ੍ਹਾਂ ਚੌਂਕੀਆਂ ਤੋਂ ਪੰਜਾਹ ਮੀਲ ਸੀ, ਜਿਥੇ ਪਹੰੁਚਣ ਲਈ ਦੁਸ਼ਮਣ ਦੇ ਇਲਾਕੇ ਵਿਚੋਂ ਦੀ ਲਾਂਘਾ ਸੀ।
27 ਅਗਸਤ ਅਤੇ 8 ਸਤੰਬਰ 1897 ਦੇ ਦਰਮਿਆਨ ਉਗਰਜਾਏ ਸੰਪਰਦਾ ਦੇ ਭਾਰੀ ਸੰਖਿਆ ਵਿਚ ਲੋਕਾਂ ਨੇ ਖੱਬੇ ਵਿੰਗ ’ਤੇ ਧਾਵਾ ਬੋਲ ਦਿੱਤਾ ਪਰ 10 ਸਤੰਬਰ 1897 ਤੱਕ ਰੱਖਿਆ ਸੈਨਿਕਾਂ ਵੱਲੋਂ ਹਮਲਾ ਪਛਾੜਦੇ ਹੋਏ ਇਨ੍ਹਾਂ ਧਾੜਵੀਆਂ ਨੂੰ ਖਾਕੀ ਘਾਟੀ ਵਿਚ ਜਾਣ ਲਈ ਮਜਬੂਰ ਕਰ ਦਿੱਤਾ, ਪਰ ਜਲਦੀ 10,000 ਦੇ ਕਰੀਬ ਤਾਕਤਵਰ ਅਫਰੀਦੀ ਲਸ਼ਕਰ ਜਿਸ ਦੇ ਨਾਲ ਉਗਰਜਾਏ ਵੀ ਸਨ, ਨੇ ਸਮਾਨਾ ਚੌਕੀ ’ਤੇ ਜ਼ਬਰਦਸਤ ਹਮਲਾ ਕਰ ਦਿੱਤਾ ਪਰ ਰੱਖਿਆ ਸੈਨਿਕਾਂ ਨੇ ਇਨ੍ਹਾਂ ਦੇ ਹਰ ਹਮਲੇ ਪਛਾੜਦੇ ਹੋਏ ਦੁਸ਼ਮਣ ਨੂੰ ਕਾਫੀ ਜਾਨੀ ਨੁਕਸਾਨ ਪਹੁੰਚਾਇਆ। ਸਾਰਾਗੜ੍ਹੀ ਚੌਕੀ ਦੀ ਮਹੱਤਤਾ ਅਤੇ ਛੋਟੇ ਆਕਾਰ ਨੂੰ ਸਮਝਦੇ ਹੋਏ ਮਿਤੀ 12 ਸਤੰਬਰ 1897 ਨੂੰ ਤਕਰੀਬਨ 8,000 ਅਫਰੀਦੀ ਉਗਰਕਾਜੀ ਆਦਿਵਾਸੀਆਂ ਨੇ ਹਮਲਾ ਕਰਕੇ ਚੌਕੀ ਨੂੰ ਚਾਰ-ਚੁਫੇਰੇ ਤੋਂ ਘੇਰ ਲਿਆ। ਇਸ ਤਰ੍ਹਾਂ ਸਾਰਾਗੜ੍ਹੀ ਦੇ ਰੱਖਿਅਕਾਂ ਦਾ ਮੁੱਖ ਰੱਖਿਆ ਦਸਤਿਆਂ ਅਤੇ ਦੂਸਰਿਆਂ ਨਾਲ ਸੰਪਰਕ ਪੂਰਨ ਤੌਰ ’ਤੇ ਟੁੱਟ ਗਿਆ। ਇਸ ਦੇ ਸਿੱਟੇ ਵਜੋਂ ਦੁਸ਼ਮਣ ਦੇ ਘੇਰੇ ਵਿਚ ਆਈ ਰੱਖਿਅਕ ਟੁਕੜੀ ਤੱਕ ਕੋਈ ਰਾਸ਼ਨ, ਗੋਲੀ ਸਿੱਕਾ ਅਤੇ ਕੁਮਕ ਨਾ ਪਹੁੰਚ ਸਕੀ। ਚੌਕੀ ਪਾਸ ਬਟਾਲੀਅਨ ਹੈੱਡ ਕੁਆਰਟਰ ਨਾਲ ਪਹਾੜੀ ਇਲਾਕੇ ਵਿਚ ਸੂਚਨਾ ਪਹੁੰਚਾਉਣ ਦਾ ਉਸ ਸਮੇਂ ਵਿਚ ਪ੍ਰਚਲਿਤ ਸਾਧਨ ਸਿਰਫ਼ ਹੈਲੀਓਗ੍ਰਾਫ਼ (ਸ਼ੀਸ਼ਾ) ਹੁੰਦਾ ਸੀ।
ਸਾਰਾਗੜ੍ਹੀ ਦੀ ਗੌਰਵਮਈ ਅਤੇ ਮਹੱਤਵਪੂਰਨ ਲੜਾਈ ਨੇ ਭਿਆਨਕ ਰੁਖ਼ ਉਦੋਂ ਅਪਣਾ ਲਿਆ ਜਦੋਂ ਦੁਸ਼ਮਣ ਦੇ ਵੱਡੇ ਲਸ਼ਕਰ ਨੇ ਮਿਤੀ 12 ਸਤੰਬਰ 1897 ਨੂੰ ਸਵੇਰੇ 9.30 ਵਜੇ ਸਾਰਾਗੜ੍ਹੀ ਦੀ ਹਿਫਾਜਤੀ ਟੁਕੜੀ ਦੇ 22 ਸਿੱਖ ਸੈਨਿਕਾਂ ’ਤੇ ਹਮਲਾ ਕੀਤਾ। ਰੱਖਿਅਕਾਂ ਨੇ ਦੁਸ਼ਮਣ ਦੇ ਹਮਲੇ ਨੂੰ ਨਾ-ਸਿਰਫ਼ ਪਛਾੜਿਆ ਸਗੋਂ ਸੈਂਕੜੇ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸਾਰਾਗੜ੍ਹੀ ਚੌਂਕੀ ਦੇ ਇਨ੍ਹਾਂ ਸੂਰਬੀਰਾਂ ਨੇ ਦੁਸ਼ਮਣ ਦੀ ਵੱਡੀ ਗਿਣਤੀ ਦੀ ਪਰਵਾਹ ਨਾ ਕਰਦੇ ਹੋਏ ਉਨ੍ਹਾਂ ਦੇ ਹਮਲਿਆਂ ਨੂੰ ਨਾ ਕਾਮਯਾਬ ਬਣਾਇਆ। ਇਹ ਲੜਾਈ ਦਿਨ ਭਰ ਚੱਲਣ ਕਾਰਨ ਇਕ ਮੌਕਾ ਅਜਿਹਾ ਆਇਆ ਜਦੋਂ ਦੁਸ਼ਮਣ ਦੇ ਚੀਫ਼-ਗੁਲ ਬਾਦਸ਼ਾਹ ਦੀ ਅਗਵਾਈ ਵਿਚ ਲਗਾਤਾਰ ਨਿਰਦਾਇਤਾ ਭਰਪੂਰ ਹਮਲਿਆਂ ਕਾਰਨ ਸਾਰਾਗੜ੍ਹੀ ਦੇ ਰੱਖਿਅਕਾਂ ਦੀ ਗਿਣਤੀ ਲਗਾਤਾਰ ਘਟਣੀ ਸ਼ੁਰੂ ਹੋ ਗਈ। ਰੱਖਿਅਕਾਂ ਦੇ ਮਨਸੂਬਿਆਂ ਨੂੰ ਹੋਰ ਮੁਸ਼ਕਿਲ ਬਣਾਉਣ ਲਈ ਚੌਕੀ ਦੇ ਚਾਰ-ਚੁਫੇਰੇ ਝਾੜੀਆਂ ਨੂੰ ਅੱਗ ਲਗਾ ਕੇ ਧੂੰਆਂ ਕਰ ਦਿੱਤਾ ਗਿਆ ਜਿਸ ਦਾ ਫਾਇਦਾ ਉਠਾ ਕੇ ਧਾੜਵੀ ਚੌਂਕੀ ਅੰਦਰ ਘੁਸਪੈਠ ਕਰਨ ਵਿਚ ਕਾਮਯਾਬ ਹੋ ਗਏ ਅਤੇ ਬਾਕੀਆਂ ਨੂੰ ਅੰਦਰ ਘੁਸੇੜਨ ਵਿਚ ਸਹਾਈ ਹੋਏ। ਗੁਲਸਤਾਨ ਗੈਰੀਜਨ (ਛਾਉਣੀ ਵਾਲੇ) ਇਹ ਸਭ ਕਾਰਵਾਈਆਂ ਦੇਖਦੇ ਰਹੇ ਪਰ ਦੋਵਾਂ ਚੌਂਕੀਆਂ ਵਿਚ ਆਪਸੀ ਦੂਰੀ ਹੋਣ ਕਾਰਨ ਕੋਈ ਵੀ ਸਹਾਇਤਾ ਕਰਨ ਤੋਂ ਅਸਮਰੱਥ ਰਹੇ। ਇਸ ਤਰ੍ਹਾਂ ਬਗੈਰ ਰਾਸ਼ਨ, ਗੋਲੀ ਸਿੱਕਾ ਅਤੇ ਕੁਮਕ ਤੋਂ ਸਾਰੇ ਦੇ ਸਾਰੇ 22 ਸਿੱਖ ਸਿਪਾਹੀ ਸਾਰਾਗੜ੍ਹੀ ਚੌਂਕੀ ਦੀ ਰੱਖਿਆ ਖਾਤਰ, ਆਖਰੀ ਗੋਲੀ ਤੇ ਆਖਰੀ ਸਾਹ ਤੱਕ ਲੜਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ ਪਰ ਉਨ੍ਹਾਂ ਵੱਲੋਂ ਆਪਣੇ ਕਬਜ਼ੇ ਹੇਠ ਜ਼ਮੀਨ ਦਾ ਇਕ ਇੰਚ ਹਿੱਸਾ ਵੀ ਦੁਸ਼ਮਣ ਨੂੰ ਲੈਣ ਨਹੀਂ ਦਿੱਤਾ ਗਿਆ। ਇਨ੍ਹਾਂ ਸੂਰਬੀਰਾਂ ਨੇ ‘ਸਵਾ ਲਾਖ ਸੇ ਏਕ ਲੜਾਓਂ’ ਦੀਆਂ ਨਿਰੋਲ ਖਾਲਸਾ ਪਰੰਪਰਾਵਾਂ ਦਾ ਮੁਜ਼ਾਹਰਾ ਕਰਦੇ ਹੋਏ ਆਪਣਾ ਫਰਜ਼ ਨਿਭਾਇਆ ਅਤੇ ਜਾਨਾਂ ਕੁਰਬਾਨ ਕਰ ਗਏ।
ਬਰਤਾਨਵੀ ਸੰਸਦ ਵੱਲੋਂ ਸ਼ਰਧਾਂਜਲੀ
ਇਨ੍ਹਾਂ ਸੂਰਬੀਰਾਂ ਦੇ ਸ਼ਾਨਦਾਰ ਬਹਾਦਰੀ ਦੇ ਅਮਿੱਟ ਕਾਰਨਾਮੇ ਨੂੰ ਸੁਣ ਕੇ ਬ੍ਰਿਟਿਸ਼ ਪਾਰਲੀਮੈਂਟ ਵੱਲੋਂ ਇਕਜੁਟ ਹੋ ਕੇ ਬਹਾਦਰ ਸਿਪਾਹੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਜਿਨ੍ਹਾਂ ਮਹਾਨ ਯੋਧਿਆਂ ਨੇ ਸਾਰਾਗੜ੍ਹੀ ਦੀ ਲੜਾਈ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਦੇ ਨਾਂਅ ਇਸ ਪ੍ਰਕਾਰ ਹਨ : 165 ਹਵਾਲਦਾਰ ਈਸ਼ਰ ਸਿੰਘ, 332 ਨਾਇਕ ਲਾਲ ਸਿੰਘ, 546 ਲਾਂਸ ਨਾਇਕ ਚੰਦਾ ਸਿੰਘ, 1321 ਸਿਪਾਹੀ ਸੰੁਦਰ ਸਿੰਘ, 492 ਸਿਪਾਹੀ ਉੱਤਮ ਸਿੰਘ, 859 ਸਿਪਾਹੀ ਹੀਰਾ ਸਿੰਘ, 791 ਸਿਪਾਹੀ ਭੋਲਾ ਸਿੰਘ, 834 ਸਿਪਾਹੀ ਨਾਰਾਇਣ ਸਿੰਘ, 874 ਸਿਪਾਹੀ ਦਿਵਾਨ ਸਿੰਘ, 463 ਸਿਪਾਹੀ ਰਾਮ ਸਿੰਘ, 1257 ਸਿਪਾਹੀ ਭਗਵਾਨ ਸਿੰਘ, 1651 ਸਿਪਾਹੀ ਜੀਵਾ ਸਿੰਘ, 782 ਸਿਪਾਹੀ ਸਾਹਿਬ ਸਿੰਘ, 287 ਸਿਪਾਹੀ ਰਾਮ ਸਿੰਘ, 687 ਸਿਪਾਹੀ ਦਇਆ ਸਿੰਘ, 781 ਸਿਪਾਹੀ ਜੀਵਨ ਸਿੰਘ, 844 ਸਿਪਾਹੀ ਗੁਰਮੁੱਖ ਸਿੰਘ, 1733 ਸਿਪਾਹੀ ਗੁਰਮੁੱਖ ਸਿੰਘ, 1265 ਸਿਪਾਹੀ ਭਗਵਾਨ ਸਿੰਘ, 1556 ਸਿਪਾਹੀ ਬੇਲਾ ਸਿੰਘ, 1221 ਸਿਪਾਹੀ ਨੰਦ ਸਿੰਘ ਅਤੇ ਸੇਵਾਦਾਰ ਦਾਓ ਸਿੰਘ।
ਇਨ੍ਹਾਂ ਜਾਬਾਂਜ ਬਹਾਦਰ ਸਿਪਾਹੀਆਂ ਵਿਚੋਂ 21 ਸ਼ਹੀਦਾਂ ਨੂੰ ਇੰਡੀਅਨ ਆਰਡਰ ਆਫ ਮੈਰਿਟ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਅੱਜਕਲ੍ਹ ਦੇ ਪਰਮਵੀਰ ਚੱਕਰ ਦੇ ਬਰਾਬਰ ਹੈ, ਜੋ ਉਸ ਸਮੇਂ ਭਾਰਤੀ ਫ਼ੌਜ ਨੂੰ ਦਿੱਤਾ ਜਾਣ ਵਾਲਾ ਸਰਬੋਤਮ ਬ੍ਰਿਟਿਸ਼ ਬਹਾਦਰੀ ਪੁਰਸਕਾਰ ਸੀ। ਇਸ ਤੋਂ ਪਹਿਲਾਂ ਅਤੇ ਬਾਅਦ ਵਿਚ ਕਦੇ ਵੀ ਏਨੀ ਵੱਡੀ ਗਿਣਤੀ ਵਿਚ ਮਰਨ ਉਪਰੰਤ ਕਿਸੇ ਇਕ ਯੂਨਿਟ ਨੂੰ ਇਕੋ ਟਾਈਮ ’ਤੇ ਅਜਿਹੇ ਬਹਾਦਰੀ ਦੇ ਤਗਮੇ ਨਹੀਂ ਦਿੱਤੇ ਗਏ।
ਇਤਿਹਾਸਕ ਮਹੱਤਤਾ
ਸਾਰਾਗੜ੍ਹੀ ਦੀ ਲੜਾਈ ਸੰਸਾਰ ਦੀਆਂ 10 ਅਜਿਹੀਆਂ ਲੜਾਈਆਂ ਵਿਚੋਂ ਇਕ ਹੈ ਜਿਥੇ ਬਹੁਤ ਹੀ ਘੱਟ ਗਿਣਤੀ ਵਿਚ ਸੂਰਬੀਰ ਸੈਨਿਕਾਂ ਨੇ ਦੁਸ਼ਮਣ ਦੇ ਵੱਡੀ ਗਿਣਤੀ ਵਿਚ ਲਸ਼ਕਰ ਨਾਲ ਲੋਹਾ ਲਿਆ ਪਰ ਜਿਊਂਦੇ ਜੀਅ ਦੁਸ਼ਮਣ ਨੂੰ ਚੌਕੀ ’ਤੇ ਕਬਜ਼ਾ ਨਹੀਂ ਕਰਨ ਦਿੱਤਾ। ਇਕ ਵਿਦੇਸ਼ੀ ਪੱਤ੍ਰਿਕਾ ਨੇ ਇਸ ਦੀ ਸੰਸਾਰ ਦੀ ਥ੍ਰਮੋਪਲਾਏ ਦੀ ਲੜਾਈ ਜੋ 480 ਬੀ. ਸੀ. ਵਿਚ ਲੜੀ ਗਈ ਸੀ, ਵਾਂਗ 5 ਲੜਾਈਆਂ ਵਿਚ ਗਿਣਿਆ ਹੈ। ਇਸ ਮਹੱਤਵਪੂਰਨ ਅਤੇ ਗੌਰਵਮਈ ਲੜਾਈ ਦਾ ਇਤਿਹਾਸ ਫਰਾਂਸ ਵਿਚ ਸਕੂਲੀ ਬੱਚਿਆਂ ਦੇ ਸਿਲੇਬਸ ਦਾ ਵਿਸ਼ਾ ਹੈ। ਯੂਨੈਸਕੋ ਵੱਲੋਂ ਸਮੂਹਿਕ ਤੌਰ ’ਤੇ ਛਪਣ ਵਾਲੀਆਂ 8 ਇਤਿਹਾਸਕ ਕਹਾਣੀਆਂ ਵਿਚੋਂ ਸਾਰਾਗੜ੍ਹੀ ਦੀ ਲੜਾਈ ਦਾ ਇਤਿਹਾਸ ਵੀ ਸ਼ਾਮਿਲ ਹੈ।
ਆਓ ਅੱਜ ਦੇ ਦਿਨ ਉਨ੍ਹਾਂ ਸਮੂਹ ਸ਼ਹੀਦਾਂ ਨੂੰ ਪ੍ਰਣਾਮ ਕਰੀਏ, ਜਿਨ੍ਹਾਂ ਦੀ ਕੁਰਬਾਨੀ ਸਦਕਾ ਅਸੀਂ ਸੁਰੱਖਿਅਤ ਹਾਂ ਅਤੇ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ।

-ਕੁਲਦੀਪ ਸਿੰਘ ਕਾਹਲੋਂ - ਬ੍ਰਿਗੇ: (ਰਿਟਾ:)
(ਰੋਜ਼ਾਨਾ ਅਜੀਤ ਜਲੰਧਰ ਵਿੱਚੋਂ)

No comments: