24 April, 2006

ਪੰਜਾਬੀ (ਸਰਦਾਰ) ਹਰੇਕ ਥਾਂ ਮਿਲਦੇ ਆਂ...

ਗੱਲ ਏਦਾਂ ਹੋਈ ਕਿ ਮੈਂ ਅਤੇ ਜਸਵਿੰਦਰ ਫੂਲੇਵਾਲਾ ਬੇਮਕਸਦ ਹੀ
ਪੂਨੇ ਤੋਂ ਬਾਹਰ ਨਿਕਲ ਗਏ। ਤੁਰੇ ਗਏ ਤੁਰੇ ਗਏ, ਪਹਿਲਾਂ
ਫੌਜੀ ਛਾਉਣੀਆਂ ਆਈਆਂ, ਉੱਥੇ ਸਰਦਾਰ ਸਨ, ਪਰੇਡ ਕਰਦੇ
ਫਿਰਦੇ, ਫੇਰ ਸੁੰਨੇ ਜੇਹੇ ਪਿੰਡ ਆ ਗਏ, ਤਰਕਾਲਾਂ ਢਲ ਰਹੀਆਂ
ਸਨ, ਪੰਛੀਆਂ ਤਾਂ ਨਹੀਂ ਸਨ, ਪਰ ਫੇਰ ਵੀ ਸੋਹਣੇ ਦਰਖਤਾਂ ਦੀ
ਛਾਂ, ਜਿਵੇਂ ਕਿਸੇ ਸ਼ੈਹਰ ਤੋਂ ਦੂਰ ਦੁਰਾਡੇ ਪਿੰਡ ਵਿੱਚ ਬੋਹੜਾਂ ਹੇਠ
ਦੀ ਸੜਕ ਲੰਘਦੀ ਹੋਵੇ। ਸਾਹਮਣੇ ਪਹਾੜ ਵੀ ਸਨ, ਸੂਰਜ
ਛੇਤੀ ਹੀ ਓਸ ਦੇ ਓਹਲੇ ਛਿਪਦਾ ਜਾਪਿਆ, ਪਰ ਸਾਡਾ
ਸਫ਼ਰ ਖਤਮ ਕਰਨ ਨੂੰ ਦਿਲ ਨਹੀਂ ਸੀ ਕਰ ਰਿਹਾ,
ਮੋਟਰ ਸਾਇਕਲ ਵੀ ਜ਼ੋਰ ਲਾ ਰਿਹਾ ਸੀ ਅਤੇ ਉਸ ਦੀ ਸ਼ਾਨਦਾਰ
ਆਵਾਜ਼ ਸਾਨੂੰ ਅੱਗੇ ਵੱਲ ਖਿੱਚ ਰਹੀ ਸੀ।

ਸਾਰੇ ਰਾਹ ਕਿਤੇ ਕਿਤੇ ਟਰੱਕ ਟੱਕਰੇ, ਕਿਤੇ ਗੱਡੀਆਂ ਅਤੇ ਕੋਈ
ਵਿਰਲੀ ਹੀ ਕਾਰ ਸੀ, ਆਮ ਮਹਾਂਰਾਸ਼ਟਰ ਦੇ ਲੋਕ ਸਨ।
ਹਾਲਤ ਬਹੁਤ ਵਧੀਆ ਤਾਂ ਨਹੀਂ ਸੀ, ਪਰ ਸੰਤੋਸ਼ ਕਰਨ ਯੋਗ
ਸੀ। ਛੋਟੇ ਸ਼ੈਹਰ ਵੀ ਪੰਜਾਬ ਦੇ ਪਿੰਡ ਅਤੇ ਸ਼ੈਹਰਾਂ ਵਾਂਗ
ਪੱਛਮੀ ਸਭਿਅਤਾ ਅਤੇ ਪੂਨੇ ਵਰਗੇ ਮਹਾਂਨਗਰਾਂ ਤੋਂ ਕੋਹਾਂ
ਦੂਰ ਵੱਸਦੇ ਹਨ।

ਹੁਣ ਮੈਂ ਮੀਟਰ ਦੇਖਿਆ ਕਿ ਅਸੀਂ ਤਾਂ ਸ਼ੈਹਰ ਤੋਂ ਕਰੀਬ 29
ਕਿਲੋਮੀਟਰ ਦੂਰ ਸਾਂ ਅਤੇ ਸਾਡਾ ਮਕਸਦ 60 ਕਿਲੋਮੀਟਰ
ਜਾਣਾ ਸੀ, ਜਿਸ ਤੋਂ ਅਸੀਂ ਕਰੀਬ 1 ਕਿਲੋਮੀਟਰ ਦੂਰ ਸਾਂ,
ਪਹਾੜ ਦੇ ਕਾਫ਼ੀ ਉੱਤੇ ਚੜ੍ਹ ਆਏ ਸਾਂ, ਰਾਹ ਕਾਫ਼ੀ
ਪੱਧਰਾ ਹੋ ਗਿਆ, ਸਿਰਫ਼ ਕੁਝ ਹੀ ਚੜ੍ਹਾਈਆਂ-ਉਚਾਈਆਂ ਹੀ
ਸਨ।

ਅੱਗੇ ਮੋੜ ਆ ਗਿਆ, ਸੋਚਿਆ ਕਿ ਇੱਥੋਂ ਵਾਪਿਸ
ਚੱਲਦੇ ਹਾਂ, ਬੱਸ ਮੋਟਰ ਸੈਂਕਲ ਨੂੰ ਮੋੜਨ ਲਈ ਤਿਆਰ ਹੋਏ ਕਿ
ਟੈਲੀਫੋਨ ਟਾਵਰ ਹੇਠ ਸਰਦਾਰ ਜੀ ਮੂੰਹ ਧੋਂਈ ਜਾਂਦੇ ਸਨ,
ਚੱਲੋ ਅਸੀਂ ਹੱਥ ਚੱਕ ਦਿੱਤੇ ਅਤੇ ਓਹਨਾਂ ਵੀ, ਤੁਰ ਪਏ ਓਹਨਾਂ
ਵੱਲ, ਹੱਥ ਮਿਲਾਇਆ, ਗੱਲਾਂ ਬਾਤਾਂ ਕੀਤੀਆਂ, ਮਾਨਸਾ
ਜਿਲ੍ਹੇ ਦੇ ਇੱਕ ਪਿੰਡ ਦਾ ਕਰਜ਼ੇ ਦਾ ਮਾਰਿਆ ਜੱਟ ਸੀ, ਓਸ
ਨੂੰ ਆਈਡੀਆ ਵਾਲਿਆਂ ਨੇ ਭਰਤੀ ਕਰ ਲਿਆ ਸੀ ਟਾਵਰ
ਉੱਤੇ ਨੌਕਰੀ ਲਈ, ਹੁਣ ਮਹਾਂਰਾਸ਼ਟਰ ਦੇ ਇਸ ਪਹਾੜ ਉੱਤੇ
ਆ ਬੈਠਾ ਸੀ, ਇੱਕ ਹੋਰ ਪੰਜਾਬੀ ਵੀ ਨਾਲ ਸੀ, ਪਰ ਓਹ
ਮਿਲ ਨਹੀਂ ਸਕਿਆ ਸੀ।
ਚੱਲੋ ਖ਼ੈਰ ਸਾਨੂੰ ਤਸੱਲੀ ਹੋਈ ਕਿ ਓਸ ਨੂੰ ਮਿਲ ਕੇ ਸਾਨੂੰ
ਖੁਸ਼ੀ ਹੋਈ ਅਤੇ ਓਸ ਦੀ ਰੂਹ ਨੂੰ ਤਸੱਲੀ ਮੋਗੇ ਦੇ ਬੰਦੇ
ਓਸ ਕੋਲ ਮਿਲਣ ਆਉਣ ਕਰਕੇ ਹੋਈ, ਬਾਕੀ ਰਹੀਂ
ਗੱਲ ਪੰਜਾਬੀਆਂ ਦੀ ਹਰ ਥਾਂ ਮਿਲਣ ਦੀ ਓਹ ਤਾਂ
ਅਸੀਂ ਅੱਖੀਂ ਡਿੱਠਾ ਹੈ।

ਇਸ ਦੇ ਕਈ ਕਾਰਨ ਹੈ, ਜਿਵੇਂ ਕਿ ਪੰਜਾਬੀ ਕਿਸੇ ਵੀ
ਕੰਮ ਨੂੰ ਛੋਟਾ ਨਹੀਂ ਸਮਝਦਾ ਹੈ, ਮੰਗ ਕੇ ਖਾਣ ਨਾਲੋਂ
ਕਿਸੇ ਵੀ ਤਰ੍ਹਾਂ ਮੇਹਨਤ ਕਰਨਾ ਮਾੜਾ ਨਹੀਂ ਸਮਝਦਾ ਹੈ।
ਬੱਸ ਏਹ ਕਰਕੇ ਇਹ ਦੁਨਿਆਂ ਦੇ ਕਿਸੇ ਵੀ ਭਾਗ ਵਿੱਚ
ਮੇਹਨਤ ਕਰਦੇ ਮਿਲ ਜਾਣਗੇ, ਭਾਵੇਂ ਓਹ ਪੰਜਾਬ
ਦੇ ਪਿੰਡ ਹੋਣ, ਜਾਂ ਅਮਰੀਕਾ, ਕੈਨੇਡਾ ਜਾਂ ਭਾਵੇਂ
ਮਹਾਂਰਾਸ਼ਟਰ ਦੇ ਉਜਾੜ ਜਿਹੇ ਜੰਗਲ 'ਚ ਆਈਡੀਆ
ਦਾ ਟਾਵਰ ਹੋਵੇ

ਪੰਜਾਬੀਆਂ ਦੀ ਸ਼ਾਨ ਵੱਖਰੀ...

No comments: