27 January, 2006

ਉੱਤਰੀ ਭਾਰਤ ਦੀ ਠੰਡ ਵਿੱਚ ਫੇਰ ਫੇਰੀ

ਕੱਲ੍ਹ 26 ਜਨਵਰੀ ਦੀ ਦੁਪੈਹਰ ਨੂੰ ਮੈਂ ਫੇਰ ਘਰ ਲਈ ਵਾਪਸੀ ਸਫ਼ਰ ਆਰੰਭਿਆ।
ਪੂਨੇ ਦੀ ਖਿੜੀ ਧੁੱਪ ਵੇਖ ਕੇ ਵੀ ਮੈਨੂੰ ਅੰਦਾਜ਼ਾ ਸੀ ਕਿ ਇਹ ਮੌਸਮ ਮੈਨੂੰ ਉੱਥੇ
ਜਾ ਕੇ ਨਹੀਂ ਮਿਲੇਗਾ, ਜਿੱਥੇ ਮੈਂ ਜਾਣਾ ਹੈ, ਇਸਕਰਕੇ ਭਾਰੀ ਭਰਕਮ ਕੋਟ ਅਤੇ ਲੋਈ
ਲੈ ਹੀ ਲਈ, ਭਾਵੇ ਮੇਰਾ ਦਿਲ ਲੋਈ ਲੈ ਕੇ ਜਾਣ ਤੋਂ ਮੁਨਕਰ ਸੀ।

ਸਫ਼ਰ ਦੌਰਾਨ ਤਾਂ ਮੌਸਮ ਠੀਕ-ਠਾਕ ਹੀ ਰਿਹਾ, ਹੁਣ ਅੱਗੇ ਜਦੋਂ ਬੱਸ ਸਟੈਂਡ ਤੋਂ ਪੰਜਾਬ
ਰੋਡਵੇਜ਼ ਦੀ ਬੱਸ ਫੜੀ ਤਾਂ ਮੈਂ ਘਰੇ ਫੋਨ ਕਰਕੇ ਕਿਹਾ ਕਿ ਬਾਹਲੀ ਠੰਡ ਤਾਂ ਨਹੀਂ ਹੈ, ਮੈਂ 5
ਵਜੇ ਅੱਪੜਾਗਾਂ ਅਤੇ ਕੋਟ ਦੇ ਬਟਨ ਬੰਦ ਕਰਕੇ ਬਹਿ ਗਿਆ ਇੰਜਣ ਦੇ ਕੋਲ ਵਾਲੀ
ਸੀਟ ਉੱਤੇ। ਛੇਤੀ ਹੀ ਬੱਸ ਨੇ ਦਿੱਲੀ ਨੂੰ ਅਲਵਿਦਾ ਕਿਹਾ, ਹਾਲਾਂਕਿ ਡਰੈਵਰ ਬਹੁਤ ਹੀ
ਹੌਲੀ ਚਲਾ ਰਿਹਾ ਸੀ, ਪਰ ਮੈਨੂੰ ਹੱਡ ਚੀਰਵੀ ਠੰਡ ਨੇ ਅਹਿਸਾਸ ਕਰਵਾ ਦਿੱਤਾ ਕਿ
ਇਹ ਮੇਰੀ ਗਲਤਫਿਹਮੀ ਸੀ ਕਿ "ਠੰਡ ਨਹੀਂ ਹੈ", ਹੌਲੀ ਹੌਲੀ ਕੋਟ ਦੀ ਜ਼ਿਪ
ਬੰਦ ਕਰ ਦਿੱਤੀ, ਫੇਰ ਮੈਨੂੰ ਝੋਲੇ ਵਿੱਚੋਂ ਲੋਈ ਵੀ ਕੱਢਣੀ ਪਈ, ਫੇਰ ਇੰਜਣ ਕੋਲ
ਵੀ ਨਿੱਘ ਨਾ ਰਿਹਾ, ਬਸ ਹੁਣ ਪੈਰ ਗੜੇ 'ਚ ਲੱਗੇ ਹੋਏ ਸਨ ਅਤੇ ਕੋਟ, ਲੋਈ
ਵੀ ਬੇਕਾਰ ਜਾਪ ਰਹੇ ਸਨ, ਹਵਾ ਪਤਾ ਨੀਂ ਕਿੱਥੋਂ ਦੀ ਮੇਰੇ ਜਿਸਮ ਨੂੰ ਠਾਰ
ਰਹੀ ਸੀ, ਕਦੇ ਸਿਰ ਢੱਕਦਾ ਸੀ ਕੋਈ ਨਾਲ, ਕਦੇ ਪੈਰ, ਪਰ ਇਹ ਸਭ ਕੁਝ
ਬੇਕਾਰ ਸੀ, ਉਸ ਠੰਡ ਦੀ ਪਰਬਲਤਾ ਅੱਗੇ। ਨੱਕ 'ਚੋਂ ਪਾਣੀ ਵੱਗ ਰਿਹਾ ਸੀ,
ਰੁਮਾਲ ਨਾਲ ਉਸ ਨੂੰ ਰੋਕ ਲਈ ਹੱਥ ਕੰਮ ਨਹੀਂ ਸੀ ਕਰ ਰਹੇ। ਸਫ਼ਰ ਇੰਨਾ
ਦਰਦਨਾਕ ਸੀ ਕਿ ਬਿਆਨ ਕਰਨਾ ਸੰਭਵ ਨਹੀਂ ਜਾਪਦਾ ਹੈ।

ਇਹ ਉਮੀਦ ਤਾਂ ਮੈਂ ਕਰ ਨਹੀਂ ਸੀ ਰਿਹਾ ਕਿ ਏਦਾਂ ਵੀ ਹੋਵੇਗਾ, ਲੁਧਿਆਣਾ ਟੱਪ ਕੇ
ਧੁੰਦ ਦੇ ਵਾਵਰੋਲਾ ਆਉਦੇ ਰਹੇ, ਡਰੈਵਰ ਪਤਾ ਨੀਂ ਕਿਵੇਂ ਬੱਸ ਚਲਾ ਰਿਹਾ ਸੀ। ਆਖਰ
ਚਾਰ ਵਜੇ ਮੈਨੂੰ ਮੋਗੇ ਆ ਲਾਹਿਆ ਅਤੇ ਮੈਂ ਫਰਿੱਜ ਵਿੱਚੋਂ ਬਾਹਰ ਆ ਕੇ ਸੁੱਖ ਦਾ ਸਾਹ
ਲਿਆ। ਮੇਰੇ ਪੈਰ ਧਰਤੀ ਨੂੰ ਛੂਹਣ ਤੋਂ ਵੀ ਡਰਦੇ ਜਾਪੇ, ਬੁੱਲਾਂ ਵਿੱਚੋਂ ਲਫ਼ਜ਼ ਨਹੀਂ ਸੀ
ਜੁੜਦੇ, ਸਿਰਫ਼ ਕੰਬ ਰਹੇ ਸਨ, ਹੱਥਾਂ ਨਾਲ ਬੁੱਕਲ ਨਹੀਂ ਸੀ ਵੱਜ ਰਹੀਂ|

ਖ਼ੈਰ ਘਰੇ ਜਾ ਦਰਵਾਜ਼ਾ ਖੜਕਾਇਆ ਅਤੇ ਬਾਪੂ ਜੀ ਨੇ ਜੀ ਆਇਆਂ ਨੂੰ ਕਿਹਾ।
ਅੰਮੀਂ ਨੇ ਚਾਹ ਧਰੀ ਹੋਈ ਸੀ, ਜਿਵੇਂ ਪਤਾ ਸੀ ਕਿ ਏਹ ਪੁੱਤਰ ਨੇ 5 ਵਜੇ ਨੀਂ, ਬਲਕਿ
4 ਵਜੇ ਹੀ ਆ ਜਾਣਾ ਹੈ। ਘਰ ਆਕੇ ਰਜਾਈ ਵਿੱਚ ਲੁੱਕ ਕੇ ਮੈਂ ਇਸ ਕੈਹਰ ਦੀ ਠੰਡ
ਤੋਂ ਮਸਾਂ ਖੈਹਰਾ ਛੁਡਾਇਆ। ਮਾਘ ਦੀ ਠੰਡ ਨੇ ਤਾਂ ਹੱਡ ਕੜਕਾ ਦਿੱਤੇ। ਰਾਤ
ਦਾ ਵੇਲਾ ਹਾਲ਼ੇ ਵੀ ਮੈਨੂੰ ਧੁੜਧੜੀ ਲਿਆ ਰਿਹਾ ਸੀ।

ਲਿਖਤੁਮ,
ਆਲਮ

No comments: