15 January, 2006

ਫੇਡੋਰਾ ਅਨੁਵਾਦ ਪਰਬੰਧਕ - ਇੱਕ ਸੁਫ਼ਨਾ ਜੋ ਹਕੀਕਤ ਬਣਿਆ

ਸ਼ੁੱਕਰਵਾਰ 13 ਜਨਵਰੀ 2006 ਲੋਹੜੀ ਦੇ ਦਿਨ ਆਖਰੀ ਚਿੱਠੀ ਰਾਹੀਂ ਸਾਰਾ ਵੈਂਗ
(ਫੇਡੋਰਾ ਅਨੁਵਾਦ ਪਰੋਜੈੱਕਟ ਦੀ ਸਾਬਕਾ ਪ੍ਰਬੰਧਕ)
ਨੇ ਇਹ ਜੁੰਮੇਵਾਰੀ ਨੂੰ ਅਲਵਿਦਾ ਆਖ ਦਿੱਤਾ ਅਤੇ ਐਲਾਨ ਕਰ ਦਿੱਤਾ ਕਿ
ਅਮਨਪਰੀਤ ਸਿੰਘ ਆਲਮ ਅਤੇ ਚੈਸਟਰ ਚੈਂਗ ਹੁਣ ਨਵੇਂ ਪਰਬੰਧਕ ਹਨ।

ਮੈਨੂੰ ਅੱਜ ਤੀਕ ਯਾਦ ਹੈ ਕਿ ਜਦੋਂ 14 ਮਾਰਚ 2004 (ਉਦੋਂ ਮੈਂ ਹਾਲ਼ੇ ਰੈੱਡ ਹੈੱਟ ਵਿੱਚ ਨਹੀਂ ਸੀ
ਆਇਆ) ਦੀ ਸਵੇਰ ਨੂੰ ਮੈਂ ਸਾਰਾ ਨੂੰ ਮੇਲ ਲਿਖੀ ਸੀ ਕਿ ਮੇਰਾ ਫੇਡੋਰਾ ਖਾਤਾ ਕੰਮ ਨਹੀਂ ਕਰਦਾ
ਹੈ, ਉਸ ਨਾਲ ਸਵੇਰੇ 6 ਵਜੇ ਤੋਂ 7 ਵਜੇ ਦਰਮਿਆਨ ਉਸ ਨਾਲ 3/4 ਮੇਲਾਂ ਭੇਜੀਆਂ, ਜਿਸ ਨਾਲ
ਇਹ ਮਸਲਾ ਹੱਲ਼ ਹੋ ਗਿਆ ਸੀ। ਉਸ ਦਿਨ ਖੁਸ਼ੀ ਦਾ ਕੋਈ ਅੰਤ ਨਹੀਂ ਸੀ ਕਿ ਇੱਕ ਵੱਡਾ ਮਸਲਾ
ਹੱਲ਼ ਹੋ ਗਿਆ। ਹਾਸੇ ਦੀ ਗੱਲ਼ ਏ ਕਿ ਮੈਂ ਉਦੋਂ ਜਾਣਦਾ ਨਹੀਂ ਸੀ ਕਿ ਸਾਰਾ ਬੰਦਾ ਆਂ ਜਾਂ ਬੁੜੀ।

ਉਦੋਂ ਗਨੋਮ ਹਾਲੇ ਖਤਮ ਹੀ ਕੀਤਾ ਸੀ ਅਤੇ ਅਸੀਂ ਕੋਈ ਓਪਰੇਟਿੰਗ ਸਿਸਟਮ ਵਿੱਚ
ਪੂਰਾ ਸਹਿਯੋਗ ਚਾਹੁੰਦੇ ਸਾਂ। ਇਸਕਰਕੇ ਰੁੱਖ ਕੀਤਾ ਫੇਡੋਰਾ ਵੱਲ਼, ਇਹ ਕੀ ਪਤਾ ਸੀ ਕਿ
ਇਸ ਨੇ ਜ਼ਿੰਦਗੀ ਪਲਟ ਦੇਣੀ ਏਂ। ਅਤੇ ਜਿਸ ਵਿਅਕਤੀ ਨੂੰ ਮੈਂ ਪਹਿਲੀਂ ਮੇਲ ਲਿਖੀ ਏ,
ਉਹ ਹੀ ਮੇਰੀ ਜ਼ਿੰਦਗੀ ਨੂੰ ਰਹਿਨੁਮਾਈ ਦੇਵੇਗਾ। ਹਾਂ ਏਹ ਸਾਰਾ ਵੈਂਗ ਹੀ ਸੀ, ਜਿਸ ਨੇ
ਬਾਅਦ ਵਿੱਚ ਮੇਰੀ ਇੰਟਰਵਿਊ ਲਈ (ਇੰਟਰਵਿਊ ਦੇਣ ਤੱਕ ਮੈਨੂੰ ਪਤਾ ਨਹੀਂ
ਸੀ ਕਿ ਉਹ ਹੀ ਉਹ ਵਿਅਕਤੀ ਸੀ, ਜਿਸ ਨਾਲ ਮੈਂ ਈ-ਮੇਲ ਰਾਹੀਂ ਸੰਪਰਕ
ਕੀਤਾ ਸੀ।) ਅਤੇ ਮੈਂ ਰੈੱਡ ਹੈੱਡ ਵਿੱਚ ਆ ਗਿਆ। ਹੋਰ ਸੰਯੋਗ ਸੀ ਕਿ ਉਹ ਹੀ ਮੇਰੀ
ਪਹਿਲੀ ਮੈਨੇਜਰ ਬਣੀ, ਮੇਰੀ ਤਰੱਕੀ ਦਾ ਰਾਹ ਖੋਲ੍ਹਣ ਲਈ ਸਭ ਤੋਂ ਵੱਡਾ ਹੱਥ ਉਸ
ਦਾ ਹੀ ਸੀ।

ਫੇਡੋਰਾ ਪਰੋਜੈੱਕਟ ਵਿੱਚ ਅਨੁਵਾਦ ਪਰਬੰਧਕ ਬਣਨਾ ਮੇਰੇ ਲਈ ਇੱਕ ਸੁਫ਼ਨੇ ਦੇ ਸੱਚ
ਹੋਣ ਜੇਹੀ ਹੀ ਹਕੀਕਤ ਹੈ। ਹੁਣ ਪਿੱਛੇ ਝਾਤੀ ਮਾਰੀਏ ਤਾਂ ਅਜੀਬ ਜਿਹਾ ਲੱਗਦਾ ਕਿ
ਕਿੱਥੋਂ ਤੁਰੇ, ਕਿਧਰ ਨਿਕਲ ਆਏ, ਇਹ ਥਾਂ ਮਿਲਣ ਦਾ ਦਿਲ ਵਿੱਚ ਇੱਕ ਤਮੰਨਾ ਸੀ,
ਜਦੋਂ ਪਹਿਲੀ ਵਾਰ ਅਨੁਵਾਦ ਸ਼ੁਰੂ ਕੀਤੀ ਸੀ। ਅੱਜ ਵਾਹਿਗੁਰੂ ਦੀ ਕਿਰਪਾ ਨਾਲ
ਉੱਥੇ ਆ ਖੜ੍ਹੇ ਹਾਂ। ਹੁਣ ਮੰਜ਼ਲ 'ਤੇ ਖੜ੍ਹੇ ਹੋਕੇ ਆਸੇ ਪਾਸੇ ਝਾਤੀ ਮਾਰਨ ਲੱਗਦਾ ਹਾਂ
ਕਿ ਅੱਗੇ ਕਿ ਹਾਂ (ਬੰਦੇ ਦੀ ਭਟਕਣ ਕਦੇ ਖਤਮ ਨਹੀਂ ਹੁੰਦੀ ਹੈ। :-)

ਫੇਡੋਰਾ ਪਰੋਜੈੱਕਟ ਰੈੱਡ ਹੈੱਟ ਵਲੋਂ ਵਿਢਿਆ ਅਜੇਹਾ ਪਰੋਜੈੱਕਟ ਹੈ, ਜਿਸ ਨੂੰ ਕਮਿਊਨਟੀ
ਵਿੱਚ ਭਾਰੀ ਸਫ਼ਲਤਾ ਮਿਲੀ ਅਤੇ ਲੋਕਾਂ ਨੇ ਭਾਰੀ ਉਤਸ਼ਾਹ ਨਾਲ ਇਸ ਨੂੰ ਅਪਨਾ ਲਿਆ।
ਅੱਜ ਕਰੀਬ 74 ਦੇ ਕਰੀਬ ਭਾਸ਼ਾਵਾਂ ਇਸ ਵਿੱਚ ਹਨ (ਸਾਰੀਆਂ ਸਰਗਰਮ ਨਹੀਂ ਹਨ),
ਅਤੇ ਬੇਸ਼ੁਮਾਰ ਸਾਫਟਵੇਅਰ ਸ਼ਾਮਿਲ ਕੀਤੇ ਗਏ ਹਨ। ਅਨੁਵਾਦ ਪੱਖੋਂ ਇਹ ਗਨੋਮ/ਕੇਡੀਈ
ਨਾਲੋਂ ਵੀ ਕਾਫ਼ੀ ਅਸਾਨ ਹੈ, ਅਤੇ ਇਸ ਵਿੱਚ ਸਹੂਲਤਾਂ ਵੀ ਜ਼ਿਆਦਾ ਹਨ, ਜਿਵੇਂ ਕਿ
ਤੁਸੀਂ ਆਪਣੀ ਹੀ ਭਾਸ਼ਾ ਲਈ ਫਾਇਲਾਂ ਕਮਿਟ ਕਰ ਸਕਦੇ ਹੋ। (ਹਾਲਾਂਕਿ ਫਾਇਲਾਂ
ਡਾਊਨਲੋਡ ਕਰਨ ਲਈ ਕਾਫ਼ੀ ਸਮਾਂ ਲੱਗਦਾ ਹੈ)।

ਹੁਣ ਇਸ ਜੁੰਮੇਵਾਰੀ ਦੇ ਤਹਿਤ ਕੰਮ ਕਰਦਿਆਂ ਸਾਨੂੰ ਇਸ ਪਰੋਜੈੱਕਟ ਨੂੰ ਹੋਰ ਤਰੱਕੀ
ਦੇਣੀ ਹੈ, ਰੈੱਡ ਹੈੱਟ ਵਲੋਂ ਭਾਰੀ ਸਹਿਯੋਗ ਤੋਂ ਬਿਨਾਂ, ਅਸੀਂ ਕਮਿਊਨਟੀ ਤੋਂ ਉਮੀਦ
ਰੱਖਦੇ ਹਾਂ, ਕਿਉਕਿ ਹੁਣ ਫੇਡੋਰਾ ਰੈੱਡ ਹੈੱਟ ਤੋਂ ਕਾਫ਼ੀ ਹੱਦ ਤਾਂ ਵਾਗਾਂ ਖੁੱਲ੍ਹਾਂ ਚੁੱਕਾ ਹੈ।

ਦੋ ਪਰਬੰਧਕ ਬਣਾਉਣ ਦੇ ਕਈ ਕਾਰਨ ਹਨ, ਜਿੰਨ੍ਹਾਂ ਵਿੱਚੋਂ ਸਭ ਤੋਂ ਖਾਸ ਦਾ ਵਰਣਨ
ਮੈਂ ਨਵੇਂ ਲੇਖ ਵਿੱਚ ਕਰਾਂਗਾ, ਪਰ ਕੁਝ ਹੋਰਾਂ ਵਿੱਚ ਹੈ, ਕਿ ਹੁਣ ਫੇਡੋਰਾ ਲਈ 16 ਘੰਟਿਆਂ
ਤੋਂ ਜ਼ਿਆਦਾ ਸਮਾਂ ਸਹਿਯੋਗ ਉਪਲੱਬਧ ਰਹੇਗਾ, ਕਿਉਕਿ ਮੇਰਾ ਸਹਿਯੋਗੀ ਚੈਸਟਰ
ਆਸਟਰੇਲੀਆ ਵਿੱਚ ਵੱਸਦਾ ਹੈ, ਸੋ ਉਹ ਮੇਰੇ ਸਮੇਂ ਖੇਤਰ ਮੁਤਾਬਕ 5 ਘੰਟਿਆਂ ਦੇ
ਕਰੀਬ ਅੱਗੇ ਹੈ ਅਤੇ ਇਸਤਰਾਂ ਲੋਕਾਂ ਨੂੰ ਜਵਾਬ ਲਈ ਕਾਫ਼ੀ ਘੱਟ ਸਮਾਂ ਲੱਗੇਗਾ।
ਸੋ ਕੰਮ ਵੀ ਘੱਟ ਜਾਵੇਗਾ ਅਤੇ ਸਾਨੂੰ ਸਹੂਲਤ ਰਹੇਗਾ, ਫੇਡੋਰਾ ਦਾ ਖੇਤਰ ਵੀ
ਲਗਾਤਾਰ ਫੈਲ ਰਿਹਾ ਹੈ, ਲੋਕ ਹੁਣ ਵੈੱਬਸਾਇਟ ਨੂੰ ਅਨੁਵਾਦ ਕਰਨ ਦੀ ਮੰਗ
ਕਰਨ ਲੱਗੇ ਹਨ। ਹਾਲਾਂਕਿ ਫੇਡੋਰਾ ਸਾਫਟਵੇਅਰ ਦਾ ਅਨੁਵਾਦ ਸੀ, ਹੁਣ ਪਰ

->ਸਾਫਟਵੇਅਰ
->ਦਸਤਾਵੇਜ਼
->ਵੈੱਬਸਾਇਟ

ਦੀ ਭਾਰੀ ਮੰਗ ਹੋਣ ਕਰਕੇ, ਇਹਨਾਂ ਉੱਤੇ ਖੋਜ ਕਰਨੀ ਲਾਜ਼ਮੀ ਹੈ, ਇਸਕਰਕੇ
ਭਾਰੀ ਸਮੇਂ ਦੇ ਨਾਲ ਕੰਮ ਦਾ ਲੋਡ ਵੀ ਵੱਧ ਜਾਵੇਗਾ।

ਜੁੰਮੇਵਾਰੀਆਂ ਦੀ ਇੱਕ ਨ੍ਹੇਰੀ ਮੇਰੇ ਸਾਹਮਣੇ ਆ ਗਈ ਹੈ। ਖ਼ੈਰ ਮੈਂ ਵੀ
ਕਮਰ ਕੱਸ ਲਈ ਹੈ।
"ਵੇਲ਼ਾ ਸਖ਼ਤ ਤੇ ਖਾਲਸਾ ਮਸਤ"

ਰੱਬ ਦੇ ਆਸਰੇ ਕਰਕੇ ਜੁੰਮੇਵਾਰੀ ਨੂੰ ਹੱਥ ਪਾ ਲਿਆ ਹੈ ਅਤੇ ਉਸ ਦੇ
ਆਸਰੇ ਨਾਲ ਸਿਰੇ ਵੀ ਚੜ੍ਹਾਵਾਗੇ। ਧੰਨਵਾਦ ਉਸ ਅਕਾਲ ਪੁਰਖ
ਦਾ ਕਿ ਫੇਡੋਰਾ ਪਰੋਜੈੱਕਟ ਵਿੱਚ ਪਹਿਲਾਂ ਭਾਰਤੀ ਹਾਂ, ਜਿਸ ਨੂੰ
ਮੇਨਟੇਨਰ (Maintainer) ਦੀ ਜੁੰਮੇਵਾਰੀ ਦਿੱਤੀ ਗਈ ਹੈ।
ਬਹੁਤ ਕੁਝ ਹਾਲੇ ਸਿੱਖਣ ਵਾਲਾ ਬਾਕੀ ਹੈ ਅਤੇ ਬਹੁਤ ਹੀ ਮੇਹਨਤ
ਕਰਨੀ ਪਵੇਗੀ। ਏਹ ਕੰਮ ਰੋਜ਼ਾਨਾ ਦੀ ਨੌਕਰੀ ਦੇ ਕੰਮ ਤੋਂ ਅੱਡ
ਕਰਨਾ ਹੈ।

ਹਮੇਸ਼ਾਂ ਵਾਂਗ ਤੁਹਾਡੇ ਸਭ ਤੋਂ ਸਹਿਯੋਗੀ ਦੀ ਉਮੀਦ ਰੱਖਦਾ ਹਾਂ।
ਚੰਗਾ ਵੀ ਦੋਸਤੋ, ਹੁਣ ਵਿਦਾ ਲੈਦਾਂ ਹਾਂ, ਮਿਲਦੇ ਹਾਂ ਫੇਰ


ਲਿਖਤੁਮ
ਆਲਮ

1 comment:

Pirthi Dhaliwal said...

ਬਹੁਤ ਵੱਡਾ ਤੇ ਵਧੀਆ ਕੰਮ ਕਰ ਰਹੇ ਹੋ ਤੁੱਸੀ, ਜਿਸ ਦੀ ਲੋੜ ਵੀ ਬੁਹਤ ਜਿਆਦਾ ਹੈ। ਅਸੀਂ ਸਾਰੇ ਤੁਹਾਡੇ ਨਾਲ ਹਾਂ ਜੀ.