14 August, 2018

ਭੀੜ 'ਚ ਗੁਆਚਾਂ ਮੈਂ...

ਕਦੇ ਕਦੇ ਦਿਲ ਕਰਦੈ ਕਿ
ਭੀੜ 'ਚ ਗੁੰਮ ਜਾਵਾਂ
ਵਿਸਰ ਜਾਵਾਂ ਖੁਦ ਨੂੰ
ਕਿਸੇ ਨੂੰ ਨਾ ਧਿਆਵਾਂ
ਨਾ ਮੈਂ ਕਿਸੇ ਨੂੰ ਬੁਲਾਵਾਂ
ਨਾ ਕੋਈ ਮੈਨੂੰ ਬੁਲਾਏ....

ਆੜ 'ਚ ਵਗਦਾ ਪਾਣੀ
ਕੱਖ ਘਾਹ ਨੂੰ ਵਹਾ ਲੈਂਦਾ
ਬੱਸ ਇੰਜ ਮੇਰੇ ਵਜੂਦ ਨੂੰ
ਕੋਈ ਵਹਾ ਲੈ ਜਾਏ

ਜਾਂ ਜਿਵੇਂ ਵਗਦੀ ਹਵਾ
'ਚ ਉਡਦੇ ਨੇ ਟਾਹਣੀਓ ਟੁੱਟੇ ਪੱਤੇ
ਮੈਂ ਵੀ ਧਰਤ ਤੇ ਪਿਆ
ਹਵਾ ਦੇ ਬੁੱਲ੍ਹੇ ਨੂੰ
ਉਡੀਕਦਾ ਵਾਂ...ਮੈਂ ਤੁਰਦਾ ਰਹਿੰਦਾ ਹਾਂ
ਦਰਿਆ ਵਾਂਗ ਉੱਤੋਂ
ਸ਼ਾਂਤ
ਤੂੰ ਹਵਾ ਵਾਂਗ ਅਦਿੱਖ
ਤੇ ਖਾਮੋਸ਼ ਰੁਕਮਦੀ ਰਹਿ...


ਜਾਂ ਮੈਨੂੰ ਜਾਂਚ ਆਈ
ਪੱਥਰ ਤੋਂ ਟਿਕਣ ਦੀ ਉਮਰ ਭਰ
ਪਰ ਤੂੰ ਕੋਈ ਬੂੰਦ ਬਣ ਕੇ
ਮੈਨੂੰ ਚੀਰਦੀ ਰਹਿ....

ਕਹਿਕਸ਼ਾਂ (Milkyway) ਦੀ ਰੋਸ਼ਨੀ
ਵਾਂਗ ਹੈ ਬਹੁਤਾਤ ਹੈਂ ਤੂੰ
ਪਰ ਆਲਮ ਦੇ ਹਨ੍ਹੇਰਿਆਂ
ਦੇ ਸਾਹਮਣੇ ਕੁਝ ਨਹੀਂ...

ਜਾਂ ਤੇਰੇ ਰਾਹਾਂ ਦੀ ਰੇਤ
ਬਣ ਪਿਆ ਹੋਵਾਂ
ਤੇਰੀ ਪੈੜ 'ਚ ਹੋ ਲਵਾਂ ਕੇਰਾਂ
ਤੇ ਉਸੇ ਛਿਣ ਹੀ ਮੁਕ ਜਾਵਾਂ...

ਚੰਦ ਦੇ ਕੋਲ ਤਾਰਾ ਬਣ
ਜਾਵਾਂ,
ਹੋਵਾਂ ਜ਼ਰੂਰ, ਪਰ ਪਛਾਣ
ਨਾ ਹੋਵੇ ਕੋਈ...

ਕਦੇ ਕਦੇ ਲੱਗਦੈ
ਭੀੜ 'ਚ ਗੁੰਮ ਜਾਵਾਂ
ਬੱਸ ਭੀੜ 'ਚ ਬੇਪਛਾਣ ਹੋ ਜਾਵਾਂ...
 

No comments: