05 April, 2017

ਮਿਲਣ ਦਾ ਤਰਲਾ...

ਜੇ ਕਹਿੰਦਾ ਨਹੀਂ ਤਾਂ ਸਮਝੀ ਨਾ ਕਿ ਕਹਿਣ ਨੂੰ ਦਿਲ ਨਹੀਂ ਕਰਦਾ
ਜੇ ਮਿਲਦਾ ਨਹੀਂ ਤਾਂ ਸਮਝੀ ਨਾ ਕਿ ਮਿਲਣ ਨੂੰ ਦਿਲ ਨਹੀਂ ਕਰਦਾ

ਜੀਅ ਤਾਂ ਬਹੁਤ ਕਰਦਾ ਕਿ ਕਦੇ ਆ ਕੇ ਮਿਲਾ
ਜੀਅ ਤਾਂ ਬਹੁਤ ਕਰਦਾ ਕਿ ਕਹਿ ਵੀ ਦਿਆ
ਪਰ
ਸੋਚਾਂ ਕਿ ਛੱਡ ਐਵੇਂ ਤੇਰੇ ਵਿਹਾਰ 'ਚ ਵਿਗਨ ਨਾ ਪਾ ਦਿਆ
ਮੈਂ ਤਾਂ ਅੱਗੇ ਹੀ ਖੁਦ ਨੂੰ ਗੁਨਾਹਗਾਰ ਸਮਝਦਾ ਹਾਂ
ਤੈਨੂੰ ਦੱਸ ਜੋ ਦਿੱਤਾ ਇਹ ਸਭ
ਜੋ ਹੁਣ ਸੋਚਦਾ ਹਾਂ ਕਿ ਨਹੀਂ ਸੀ
ਕਹਿਣਾ ਚਾਹੀਦਾ ਮੈਨੂੰ
ਐਵੇਂ ਤੇਰਾ ਵਕਤ ਖ਼ਰਾਬ ਕੀਤਾ
ਐਵੇਂ ਤੈਨੂੰ ਸੋਚਾਂ ਵਿੱਚ ਪਾਇਆ
ਐਵੇਂ ਤੇਰੇ ਜਜ਼ਬਾਤਾਂ ਨੂੰ ਛੇੜਿਆ
ਮੈਨੂੰ ਬਹੁਤ ਘਿਰਣਾ ਹੁੰਦੀ ਹੈ ਖੁਦ ਨਾਲ
ਇਹ ਨਾ ਕਰਦਾ ਤਾਂ ਈ ਚੰਗਾ ਸੀ

ਪਰ ਕੀ ਕਰਾਂ
ਅੰਬਰ ਚਮਕਦੀ ਧੁੱਪ ਤੇਰੀ ਸੀਰਤ ਤੋਂ ਤੇਜ਼ ਲੈ ਆਉਂਦੀ ਹੈ
ਰਾਤ ਦੇ ਚਮਕਦੇ ਤਾਰੇ ਤੇਰੇ ਸੁਨੇਹਾ ਲੈ ਆਉਂਦੇ ਜਾਪਦੇ ਨੇ
ਵਗਦੀ ਹਵਾ ਤੇਰੇ ਬੋਲਾਂ ਵਰਗੀ ਲੱਗਦੀ ਏ
ਤੇ ਪਰਭਾਤ ਤੇਰੇ ਚਿਹਰੇ ਦਾ ਭਰਮ ਪਾਉਂਦੀ ਏ
ਤੇ ਢਲਦੀ ਸ਼ਾਮ ਤੇਰੀਆਂ ਅੱਖਾਂ ਦੀ ਝੌਲਾ ਪਾਉਂਦੀ ਏ

ਤੇ
ਕਮਰੇ 'ਚ ਖਿੜਕੀ 'ਚ ਬੈਠਾ ਸੋਚਦਾ ਹਾਂ ਮੈਂ
ਕਿ ਚਾਹੁਣ ਨਾ ਚਾਹੁਣ ਦਾ ਫ਼ਰਕ ਨਹੀਂ ਪੈਂਦਾ
ਖਿਆਲ ਤਾਂ ਤੇਰੇ ਇੰਜ ਆਉਂਦੇ ਹਨ,
ਜਿਵੇਂ ਦਰਿਆ ਦਾ ਵਹਿਣ ਹੋਵੇ, ਉਤੋਂ ਸ਼ਾਂਤ,
ਅੰਦਰੋਂ ਤੇਜ਼, ਤੇ ਲਗਾਤਾਰ ਖੋਰਦੇ ਨੇ
ਮੇਰੇ ਜ਼ਜਬਾਤਾਂ ਦੇ ਕੰਢਿਆਂ ਨੂੰ

ਕਦੇ ਕਦੇ ਬਹਾਰ ਦੀ ਰੁੱਤੇ ਖੇਤਾਂ ਵਿੱਚ ਰੁਕਮਦੀ
ਮੱਠੀ ਮੱਠੀ ਠੰਡੀ ਹਵਾ ਵਰਗੇ ਜਾਪਦੇ ਨੇ
ਕਦੇ ਜੇਠ ਹਾੜ ਦੀ ਧੁੱਪ ਵਾਂਗ
ਨਿਚੋੜ ਦਿੰਦੇ ਨੇ ਜਜ਼ਬਾਤਾਂ ਨੂੰ
ਪਰ ਸਾਉਣ ਮਹੀਨੇ ਦੇ ਮੀਂਹ ਵਾਂਗ
ਕਦੇ ਕਦੇ ਵਰਦੇ ਨੇ ਮਿਹਰਬਾਨ ਹੋਕੇ

ਹੁਣ ਸੱਚੀ ਜੀਅ ਨੀਂ ਲੱਗਦਾ ਕੰਮ 'ਚ
ਨਹੀਂ ਜੀਅ ਕਰਦਾ ਕਿਸੇ ਨੂੰ ਬਲਾਉਣ ਨੂੰ
ਨਹੀਂ ਕਿਤੇ ਜੀਅ ਕਰਦਾ ਜਾਣ ਆਉਣ ਨੂੰ
ਨਾ ਕਦੇ ਕਰੇ ਜੀਅ ਕਿਸੇ ਨੂੰ ਮਿਲਣ ਨੂੰ

ਪਤਾ ਨੀਂ ਕੀ ਕਰਦੇ ਰਹਿੰਦੇ ਨੇ ਲੋਕ ਸਾਰੇ ਦਿਨ
ਮੈਨੂੰ ਤਾਂ ਬੱਸ ਤੇਰੇ ਹੀ ਖਿਆਲ ਆਉਂਦੇ ਨੇ

ਗੱਲ ਏਹ ਆ..
ਦਿਲਗੀਰ ਰਹਿੰਦਾ ਹਾਂ ਮੈਂ ਸਾਰਾ ਦਿਨ
ਰਾਹਾਂ 'ਤੇ ਟੁਰਦਿਆਂ ਵੀ ਖਿਆਲ ਤੇਰੇ ਰਹਿੰਦੇ ਨੇ
ਸੌਣ ਲੱਗਿਆਂ ਵੀ, ਉੱਠਦਿਆਂ ਵੀ, ਖਾਂਦਿਆਂ ਵੀ,
ਜਦੋਂ ਕੋਈ ਨਾਲ ਹੁੰਦਾ ਤਾਂ ਵੀ, ਜੇ ਨਾਲ ਨਹੀਂ ਹੁੰਦਾ ਤਾਂ ਵੀ
ਮੈਂ ਕਦੇ ਵੀ ਖੁਦ ਨਾਲ ਨਹੀਂ ਹੁੰਦਾ, ਤੇਰੇ ਹੀ ਨਾਲ ਹੁੰਦਾ ਹਾਂ
ਪਤਾ ਨੀਂ ਕਿਉਂ, ਪਰ ਜਾਪਦਾ ਹੈ ਕਿ ਝੱਲਾ ਹੋ ਗਿਆ ਵਾਂ
ਤੇ ਦਿਲ ਕਰਦਾ ਛੱਡ ਦਿਆ ਦੁਨਿਆਂ ਤੇ ਜੋਗੀ ਹੋ ਜਾਵਾਂ
ਹੁਣ ਮੋਹ ਨਹੀਂ ਰਿਹਾ ਕਾਹਦੇ ਦਾ ਵੀ ਦੁਨਿਆਂ 'ਚ
ਸਭ ਬੇਕਾਰ ਜਾਪਦਾ ਹੈ, ਬੇਲਾਗ ਹੋ ਗਿਆ ਹਾਂ

ਜਿਵੇਂ ਨੀਂਦ ਵੀ ਨਾ ਆਵੇ ਤੇ ਜਾਗਿਆ ਵੀ ਨਾ ਜਾਵੇ
ਜਿਵੇਂ ਤੁਰਨਾ ਵੀ ਚਾਹਵੇ ਤੇ ਤੁਰਿਆ ਵੀ ਨਾ ਜਾਵੇ
ਜਿਵੇਂ ਤਾਰਾ ਅੰਬਰੀੰ ਚਮਕੇ ਤੇ ਨਜ਼ਰੀ ਵੀ ਨਾ ਆਵੇ
ਜਿਵੇਂ ਦਰਿਆ ਦਾ ਪਾਣੀ ਟੁਰੇ ਵੀ ਤੇ ਪਤਾ ਵੀ ਨਾ ਲੱਗੇ
ਜਿਵੇਂ ਮਾਰੂਥਲ 'ਚ ਨਜ਼ਰੀ ਵੀ ਆਵੇ ਪਾਣੀ ਮਿਲੇ ਵੀ ਨਾ

ਜਿੰਦਗੀ ਬਣੀ ਹੈ ਬੱਦਲੀ, ਜੋ ਵਰਦੀ ਹੀ ਨਹੀਂ
ਜਾਂ ਤੂਫਾਨ ਬਣ ਗਈ, ਜੋ ਛਿਣ ਲਈ ਰੁਕਦੀ ਨਹੀਂ
ਰੇਤ ਬਣ ਗਈ, ਜੋ ਹੱਥਾਂ ਨਾਲ ਜਾਂਦੀ ਫੜੀ ਨਹੀਂ
ਜਾਂ ਹਵਾ ਹੈ, ਜੋ ਅੱਖਾਂ ਨਾਲ ਜਾਂਦੀ ਵੇਖੀ ਨਹੀਂ
ਜਾਂ ਜਜ਼ਬਾਤ ਅਵੱਲਾ, ਜੋ ਪਲ਼ ਵੀ ਠਹਿਰਦਾ ਨਹੀਂ

ਹੋ ਸਕਦਾ ਖੌਰੇ ਇਜਾਜ਼ਤ ਦੇ ਦੇਵੇ ਤੂੰ ਮਿਲਣ ਦੀ
ਨਹੀਂ, ਇਹ ਇਜਾਜ਼ਤ ਤਾਂ ਦੇਵੀ ਜ਼ਰੂਰ ਮੈਨੂੰ
ਕਿਉਂਕਿ ਮੈਨੂੰ ਜਿਉਣਾ ਅਧੂਰਾ ਜਾਪਦਾ ਹੈ
ਕਿਉਂਕਿ ਮੈਨੂੰ ਰਾਤਾਂ ਨੂੰ ਸੁਪਨੇ ਆਉਂਦੇ ਨੇ
ਕਿਉਂਕਿ ਮੇਰੀ ਰੂਹ ਨੂੰ ਚੈਨ ਨਹੀਂ ਆਉਂਦਾ
ਕਿਉਂਕਿ ਮੈਂ ਰੋਣਾ ਚਾਹੁੰਦਾ ਹਾਂ ਮਿਲ ਕੇ ਤੈਨੂੰ
ਕਿਉਂਕਿ ਮੈਂ ਮਰ ਕੇ ਭਟਕਣਾ ਨਹੀਂ ਚਾਹੁੰਦਾ
ਕਿਉਂਕਿ ਮੈਂ ਸਮਰਪਤ ਕਰਨਾ ਚਾਹੁੰਦਾ ਹਾਂ ਤੈਨੂੰ
ਕਿਉਂਕਿ ਮੈਂ ਸਵਾਲ ਕਰਨੇ ਚਾਹੁੰਦੇ ਹਾਂ ਤੈਨੂੰ
ਕਿਉਂਕਿ ਮੈਂ ਜਿਉਣਾ ਚਾਹੁੰਦਾ ਹੈ ਆਮ ਲੋਕਾਂ ਵਾਂਗ
ਕਿਉਂਕਿ ਮੈਂ ਹੱਸਣਾ ਚਾਹੁੰਦਾ ਹੈ ਆਮ ਲੋਕਾਂ ਵਾਂਗ
ਕਿਉਂਕਿ ਮੈਂ ਟੁਰ ਜਾਣਾ ਚਾਹੁੰਦਾ ਹਾਂ ਮਿਲਣ ਮਗਰੋਂ
ਇਹ ਸੰਭਵ ਤਾਂ ਹੈ, ਪਰ ਇਹ ਹੋਣਾ ਮਿਲਣ ਮਗਰੋਂ ਹੀ

ਇਸਕਰਕੇ ਹੋ ਸਕਿਆ ਤਾਂ ਮਿਲ ਲਵੀ,
ਪਰ ਮਿਲੀ ਉਦੋਂ
ਜਦੋਂ ਤੈਨੂੰ ਮਿਲਣ 'ਚ ਸਮੱਸਿਆ ਨਾ ਹੋਈ
ਜਦੋਂ ਤੈਨੂੰ ਕੋਈ ਮਜਬੂਰੀ ਨਾ ਹੋਈ
ਜਦੋਂ ਤੈਨੂੰ ਕੋਈ ਡਰ ਨਾ ਹੋਇਆ
ਜਦੋਂ ਤੂੰ ਖੁਦ ਮਿਲਣਾ ਚਾਹੁੰਦੀ ਹੋਈ
ਜਦੋਂ ਤੇਰੇ ਕੋਲ ਆਪਣਾ ਵਕਤ ਹੋਇਆ
ਜਦੋਂ ਤੈਨੂੰ ਮਿਲਣ ਦਾ ਚਾਅ ਹੋਇਆ

ਹੋ ਸਕਦਾ ਹੈ ਤੈਨੂੰ ਜਾਪਦਾ ਹੋਵੇ
ਕਿ ਇਹ ਦੀ ਲੋੜ ਨਹੀਂ ਏ
ਜਾਂ ਇਹ ਸੰਭਵ ਨਹੀਂ ਹੈ
ਸ਼ਾਇਦ ਇਸ ਜਨਮ ਮਿਲ ਨਾ ਸਕੇ ਤੂੰ
ਸ਼ਾਇਦ ਅਗਲੇ ਜਨਮ ਹੀ ਮਿਲ ਸਕੇ
ਸ਼ਾਇਦ ਉਦੋਂ ਵੀ ਨਾ ਮਿਲ ਸਕੇ ਤੂੰ

ਮੈਂ ਟੁਰਦਾ ਰਹਾਂਗਾ ਤੈਨੂੰ ਮਿਲੇ ਬਿਨਾਂ ਵੀ
ਮੈਂ ਜਿਉਂਦਾ ਰਹਾਂਗਾ ਭਾਵੇਂ ਨਾ ਚਾਹਾਂਗਾ
ਮੈਂ ਉਡੀਕਦਾ ਰਹਾਂਗਾ ਉਹਨਾਂ ਥਾਵਾਂ 'ਚ
ਮੈਂ ਭਟਕਦਾ ਰਹਾਂਗਾ ਉਹਨਾਂ ਰਾਹਾਂ 'ਚ
ਕਿਉਂਕਿ ਤੇਰੇ ਬਿਨਾਂ ਵੀ ਤੇਰੇ ਖਿਆਲ
ਮੇਰੇ ਨੇ, ਤੇ ਮੇਰੇ ਕੋਲ ਨੇ ਹਮੇਸ਼ਾ ਲਈ

ਖ਼ੈਰ
ਜਿਵੇਂ ਵੀ ਫੈਸਲਾ ਹੋਇਆ ਤੇਰਾ, ਮੈਨੂੰ ਦੱਸ ਦੇਈ
ਮੈਂ ਸਿਰ ਝੁਕ ਕੇ ਫੈਸਲਾ ਮੰਨ ਲਵਾਂਗਾ,
ਕਿਉਂਕਿ
ਆਪਣੇ ਰੱਬ ਦੇ ਫੈਸਲੇ ਤੇ ਇਤਰਾਜ਼ ਨਹੀਂ ਹੈ ਮੈਨੂੰ

ਬੱਸ ਦੱਸ ਦੇਈ, ਚੁੱਪ ਨਾ ਰਹੀਂ।
ਹਾਂ ਬੱਸ ਚੁੱਪ ਨਾ ਰਹੀ, ਤੈਨੂੰ ਚੁੱਪ
ਹੋ ਜਾਣ ਦੀ ਆਦਤ ਏ
ਤੇ ਤੇਰੀ ਚੁੱਪ 'ਚ ਜਾਨ
ਅਟਕੀ ਪਈ ਹੋਵੇਗੀ ਮੇਰੀ
ਕੁਲ ਆਲਮ 'ਚ ਨੀਵੀ ਪਾਈ ਰੂਹ ਮੇਰੀ
ਤੇਰੇ ਬੋਲਾਂ ਦੀ ਉਡੀਕ ਕਰਦੀ ਹੋਵੇਗੀ

ਅਪਰੈਲ 5 ਦੀ ਤਰਕਾਲ ਸੰਧਿਆ ਵੇਲੇ ਉਡੀਕ ਕਰਦਿਆਂ...

3 comments:

ਅ.ਪ.ਸ. said...

Reminded me of a poem by Dr. Surjit Patar ਮਿਲਦੀ ਨਹੀਂ ਮੁਸਕਾਨ

ਮਿਲਦੀ ਨਹੀਂ ਮੁਸਕਾਨ ਹੀ ਹੋਠੀਂ ਸਜਾਉਣ ਨੂੰ
ਦਿਲ ਤਾਂ ਬਹੁਤ ਹੀ ਕਰਦਾ ਹੈ, ਮੇਰਾ ਮਿਲਣ ਆਉਣ ਨੂੰ

ਲੰਘਾਂਗੇ ਤੇਰੀ ਵੀ ਗਲੀ, ਇਕ ਦਿਨ ਛਣਨ ਛਣਨ
ਤੇਰੇ ਬਿਨਾਂ ਵੀ ਜੀ ਰਹੇ ਹਾਂ ਇਹ ਦਿਖਾਉਣ ਨੂੰ
ਦਿਲ ਤਾਂ ਬਹੁਤ ਹੀ ਕਰਦਾ ਹੈ, ਮੇਰਾ ਮਿਲਣ ਆਉਣ ਨੂੰ

ਅ. ਸ. ਆਲਮ (A S Alam) said...

ਪਾਤਰ ਹੋਰਾਂ ਦਾ ਕੀ ਕਹਿਣਾ...

ਖੁਸ਼ੀ ਹੋਈ ਕਿ ਇਸ ਸ਼ਬਦਾਂ ਦੇ ਢੇਰ ਤੋਂ ਤੁਹਾਨੂੰ ਉਹ ਖ਼ੂਬਸੂਰਤ ਬੋਲ ਯਾਦ ਆਏ...

Unknown said...

ਸਤਿ ਸ਼੍ਰੀ ਅਕਾਲ ਅ.ਸ. ਆਲਮ ਜੀ ।
ਖੇਤੀਬਾੜੀ ਵਾਲੇ ਬਲੋਗ ਨੂੰ ਦੁਬਾਰਾ ਸ਼ੁਰੂ ਕਰੋ ਅਤੇ ਫੇਸਬੁੱਕ ਤੇ ਲੈਕੇ ਆਓ ।