25 March, 2008

‘ਮੈਨੂੰ ਆਪਣਾ ਸਿਤਾਰਾ ਪਿਆਰਾ ਹੈ-ਮੇਰੀ ਮਾਂ ਬੋਲੀ’ (ਸ਼ੁਸ਼ੀਲ ਦੁਸਾਂਝ)

ਰਸੂਲ ਹਮਜ਼ਾਤੋਵ ਦੀ ਸੰਸਾਰ ਪ੍ਰਸਿੱਧ ਪੁਸਤਕ ‘ਮੇਰਾ ਦਾਗਿਸਤਾਨ’ ਵਿਚ ਮਾਂ-ਬੋਲੀ ਬਾਰੇ ਇਕ ਪੂਰਾ ਅਧਿਆਇ ਹੈ। ਉਹਦੇ ਵਿਚ ਰਸੂਲ ਇਕ ਘਟਨਾ ਦਾ ਜ਼ਿਕਰ ਕਰਦਿਆਂ ਲਿਖਦਾ ਹੈ-
‘ਅਬੂਤਾਲਿਬ ਇਕ ਵਾਰੀ ਮਾਸਕੋ ਗਿਆ। ਉਥੇ ਉਸ ਨੂੰ ਕਿਸੇ ਰਾਹ ਜਾਂਦੇ ਨਾਲ ਗੱਲ ਕਰਨੀ ਪੈ ਗਈ, ਸ਼ਾਇਦ ਇਹ ਪੁੱਛਣ ਲਈ ਕਿ ਮੰਡੀ ਕਿੱਥੇ ਹੈ? ਹੋਇਆ ਇਹ ਕਿ ਉਹ ਅੰਗਰੇਜ਼ ਨਿਕਲਿਆ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ, ਕਿਉਂਕਿ ਮਾਸਕੋ ਦੇ ਗਲੀਆਂ-ਬਾਜ਼ਾਰਾਂ ਵਿਚ ਬਹੁਤ ਸਾਰੇ ਵਿਦੇਸ਼ੀ ਦੇਖਣ ਵਿਚ ਆਉਂਦੇ ਹਨ।
ਅੰਗਰੇਜ਼ ਅਬੂਤਾਲਿਬ ਨੂੰ ਨਾ ਸਮਝ ਸਕਿਆ ਤੇ ਉਸ ਨੂੰ ਸਵਾਲ ਕਰਨ ਲੱਗ ਪਿਆ-ਪਹਿਲਾਂ ਅੰਗਰੇਜ਼ੀ ਵਿਚ, ਫਿਰ ਫਰਾਂਸੀਸੀ ਵਿਚ, ਸਪੇਨੀ ਵਿਚ ਤੇ ਸ਼ਾਇਦ ਹੋਰ ਵੀ ਕਈ ਬੋਲੀਆਂ ਵਿਚ।
ਆਪਣੀ ਥਾਂ, ਅਬੂਤਾਲਿਬ ਨੇ ਅੰਗਰੇਜ਼ ਨਾਲ ਰੂਸੀ ਵਿਚ, ਫਿਰ ਲਾਕ, ਅਵਾਰ, ਲੇਜ਼ਗੀਨ, ਦਾਰਗ਼ੀਨ ਤੇ ਅਖੀਰ ਕੂਮੀਕ ਵਿਚ ਗੱਲ ਕਰਨ ਦੀ ਕੋਸ਼ਿਸ਼ ਕੀਤੀ।
ਇਕ ਦੂਜੇ ਨੂੰ ਜ਼ਰਾ ਵੀ ਸਮਝਣ ਤੋਂ ਬਿਨਾਂ ਉਹ ਆਪੋ-ਆਪਣੇ ਰਾਹ ਪੲੇ।
ਕਿਸੇ ਬਹੁਤੇ ਪੜ੍ਹੇ ਦਾਗ਼ਿਸਤਾਨੀ ਨੇ, ਜਿਹੜਾ ਅੰਗਰੇਜ਼ੀ ਦੇ ਪੂਰੇ ਢਾਈ ਲਫਜ਼ ਜਾਣਦਾ ਸੀ, ਮਗਰੋਂ ਅਬੂਤਾਲਿਬ ਨੂੰ ਸਭਿਆਚਾਰ ਦੀ ਮਹੱਤਤਾ ਬਾਰੇ ਯਕੀਨ ਕਰਾਉਣ ਦੀ ਕੋਸ਼ਿਸ਼ ਕੀਤੀ-
‘ਦੇਖਿਆ, ਸੱਭਿਆਚਾਰ ਦੀ ਕਿੰਨੀ ਮਹੱਤਤਾ ਹੈ। ਜੇ ਤੂੰ ਸੱਭਿਆਚਾਰ ਵਾਲਾ ਆਦਮੀ ਹੁੰਦਾ ਤਾਂ ਅੰਗਰੇਜ਼ ਨਾਲ ਗੱਲ ਤਾਂ ਕਰ ਸਕਦਾ, ਸਮਝਿਆ?’
‘ਹਾਂ, ਸਮਝ ਤਾਂ ਗਿਆਂ’ ਅਬੂਤਾਲਿਬ ਨੇ ਜਵਾਬ ਦਿੱਤਾ। ‘ਸਿਰਫ਼ ਇਹ ਸਮਝ ਨਹੀਂ ਆਈ ਕਿ ਅੰਗਰੇਜ਼ ਨੂੰ ਮੇਰੇ ਨਾਲੋਂ ਜ਼ਿਆਦਾ ਪੜ੍ਹਿਆ-ਲਿਖਿਆ ਕਿਉਂ ਸਮਝਿਆ ਜਾੲੇ? ਉਹ ਵੀ ਤਾਂ ਉਨ੍ਹਾਂ ਬੋਲੀਆਂ ਵਿਚੋਂ ਇਕ ਵੀ ਨਹੀਂ ਸੀ ਜਾਣਦਾ, ਜਿਨ੍ਹਾਂ ਵਿਚ ਮੈਂ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ।’

ਅੱਜ ਲੋਕ-ਭਾਸ਼ਾਵਾਂ ਦੇ ਮਾਮਲੇ ਵਿਚ ਲਗਭਗ ਇਹ ਹੀ ਸਥਿਤੀ ਹੈ। ਵਿਸ਼ਵ ਬਾਜ਼ਾਰ ਦੀਆਂ ਸ਼ਕਤੀਆਂ ਨੇ ਇਹ ਧੁੰਮਾਉਣ ਲਈ ਪੂਰਾ ਤਾਣ ਲਾਇਆ ਹੋਇਆ ਹੈ ਕਿ ਅੱਜ ਦੇ ਯੁੱਗ ਵਿਚ ਜਿਹੜਾ ਅੰਗਰੇਜ਼ੀ ਨਹੀਂ ਜਾਣਦਾ, ਉਹ ਸੱਭਿਅਕ ਹੀ ਨਹੀਂ। ਜਦਕਿ ਇਹ ਕਿਸੇ ਦੇ ਸੱਭਿਅਕ ਹੋਣ ਦਾ ਕੋਈ ਮਾਪਦੰਡ ਨਹੀਂ ਹੈ। ਸਗੋਂ ਅਸੱਭਿਅਕ ਤਾਂ ਉਹ ਹੈ, ਜਿਹੜਾ ਆਪਣੀ ਬੋਲੀ, ਆਪਣੀ ਭਾਸ਼ਾ ਤੋਂ ਮੁਨਕਰ ਹੈ। ਠੀਕ ਹੈ ਅੰਗਰੇਜ਼ੀ ਸਿੱਖਣੀ ਚਾਹੀਦੀ ਹੈ ਪਰ ਅੰਗਰੇਜ਼ੀ ਨਾਲ ਹੀ ਬੰਦੇ ਦਾ ਪਾਰ-ਉਤਾਰਾ ਹੋਣਾ ਹੈ, ਇਹ ਗਲਤ ਹੈ। ਭਾਸ਼ਾਵਾਂ ਤਾਂ ਜਿੰਨੀਆਂ ਆਉਂਦੀਆਂ ਹੋਣ, ਓਨਾ ਹੀ ਚੰਗਾ ਹੈ ਪਰ ਇਹ ਸਭ ਕੁਝ ਆਪਣੀ ਭਾਸ਼ਾ ਦੀ ਕਬਰ ’ਤੇ ਉਸਰੇ, ਇਹ ਖੁਦਕੁਸ਼ੀ ਕਰਨ ਵਾਂਗ ਹੈ।
ਅੰਗਰੇਜ਼ੀ ਦਾ ਕੋਈ ਵਿਰੋਧ ਨਹੀਂ ਹੈ ਪਰ ਜਿਸ ਅੰਗਰੇਜ਼ੀ ਦੇ ਢੋਲ ਵਜਾੲੇ ਜਾ ਰਹੇ ਹਨ, ਉਹਦਾ ਸੱਚ ਵੀ ਤਾਂ ਜਾਣ ਲੈਣਾ ਚਾਹੀਦਾ ਹੈ। ਅੰਗਰੇਜ਼ੀ ਨੂੰ ਕੌਮਾਂਤਰੀ ਭਾਸ਼ਾ ਕਹਿ-ਕਹਿ ਕੇ ੲੇਨੀ ਬੁਰੀ ਤਰ੍ਹਾਂ ਸਾਡੇ ਮਗਰ ਪਾ ਦਿੱਤਾ ਗਿਆ ਹੈ ਕਿ ਬੰਦਾ ਸੋਚਣ ਲੱਗ ਪੈਂਦਾ ਹੈ ਕਿ ਜੇ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਤਾਂ ਮੇਰਾ ਤਾਂ ਜੀਣਾ ਹੀ ਵਿਅਰਥ ਹੈ। ਅੰਗਰੇਜ਼ੀ ਨਾ ਸਿੱਖ ਸਕਣ ਦੀ ਨਮੋਸ਼ੀ ਨੇ ਹੀ ਸਾਡੇ ਬਹੁਤ ਸਾਰੇ ਨੌਜਵਾਨਾਂ ਨੂੰ ਮਾਨਸਿਕ ਰੋਗੀ ਤੱਕ ਬਣਾ ਧਰਿਆ ਹੈ ਜਦਕਿ ਸੱਚ ਇਹ ਹੈ ਕਿ ਅੰਗਰੇਜ਼ੀ ਕੌਮਾਂਤਰੀ ਭਾਸ਼ਾ ਹੈ ਹੀ ਨਹੀਂ। ਅੰਗਰੇਜ਼ੀ ਨੂੰ ਕੌਮਾਂਤਰੀ ਭਾਸ਼ਾ ਵਜੋਂ ਧੁੰਮਾਉਣ ’ਚ ਜੁਟੀਆਂ ‘ਤਾਕਤਾਂ’ ਨੂੰ ਹੀ ਸਵਾਲ ਹੈ ਕਿ ਜੇਕਰ ਬਰਤਾਨੀਆ, ਆਸਟਰੇਲੀਆ, ਨਿਊਜ਼ੀਲੈਂਡ ਅਤੇ ਅਮਰੀਕਾ ਵਰਗੇ ਮੁਲਕਾਂ ਵਿਚ ਵਰਤੀ ਜਾਣ ਵਾਲੀ ਅੰਗਰੇਜ਼ੀ ਵਿਚ ਵੀ ਕਾਫ਼ੀ ਸਾਰਾ ਫ਼ਰਕ ਹੈ ਤਾਂ ਇਹ ਕੌਮਾਂਤਰੀ ਭਾਸ਼ਾ ਕਿਵੇਂ ਹੋਈ? ਇਸ ਤੋਂ ਵੀ ਅੱਗੇ ਜੇਕਰ ਆਬਾਦੀ ਦੇ ਲਿਹਾਜ਼ ਨਾਲ ਦੇਖਣਾ ਹੋਵੇ ਤਾਂ ਵੀ ਅੰਗਰੇਜ਼ੀ ਕੌਮਾਂਤਰੀ ਭਾਸ਼ਾ ਦਾ ਦਰਜਾ ਕਿਸੇ ਵੀ ਸੂਰਤ ਵਿਚ ਹਾਸਲ ਕਰਨ ਦੇ ਯੋਗ ਨਹੀਂ ਹੈ। ਸੰਸਾਰ ਦੀ ਕੁੱਲ ਆਬਾਦੀ ਦਾ ਵੱਡਾ ਹਿੱਸਾ ਸਮੋਈ ਬੈਠੇ ਚੀਨ ਅਤੇ ਭਾਰਤ ਦੇ ਨਾਲ-ਨਾਲ ਸਾਰੇ ੲੇਸ਼ੀਆ ਅਤੇ ਅਫਰੀਕਾ ਦੇ ਕਿਸੇ ਵੀ ਮੁਲਕ ਵਿਚ ਅੰਗਰੇਜ਼ੀ ਪਹਿਲੀ ਭਾਸ਼ਾ ਨਹੀਂ ਹੈ। ਯੂਰਪ ਅਤੇ ਅਮਰੀਕਾ ਦੇ ਕੁਝ ਮੁਲਕਾਂ ਵਿਚ ਵੀ ਅੰਗਰੇਜ਼ੀ ਨਹੀਂ ਬੋਲੀ ਜਾਂਦੀ। ਦੁਨੀਆ ਦੀ ਬਹੁਤੀ ਆਬਾਦੀ ਅੰਗਰੇਜ਼ੀ ਨਾਂਅ ਦੀ ਸ਼ੈਅ ਤੋਂ ਜਾਣੂ ਤੱਕ ਹੀ ਨਹੀਂ। ਇਸ ਲਿਹਾਜ਼ ਨਾਲ ਕਿਵੇਂ ਕਿਹਾ ਜਾ ਸਕਦਾ ਹੈ ਕਿ ਅੰਗਰੇਜ਼ੀ ਕੌਮਾਂਤਰੀ ਭਾਸ਼ਾ ਹੈ ਤੇ ਜਿਹੜੇ ਲੋਕ ਅੰਗਰੇਜ਼ੀ ਨੂੰ ਰੁਜ਼ਗਾਰ ਨਾਲ ਜੋੜ ਕੇ ਪੇਸ਼ ਕਰ ਰਹੇ ਹਨ, ਉਨ੍ਹਾਂ ਲਈ ਇਹ ਸ਼ੀਸ਼ਾ ਹੈ ਕਿ ਅੰਗਰੇਜ਼ੀ ਤੋਂ ਅਨਜਾਣ ਦੁਨੀਆ ਦੀ 75-80 ਫੀਸਦੀ ਆਬਾਦੀ ਦੀ ਰੋਜ਼ੀ-ਰੋਟੀ ਆਪੋ-ਆਪਣੀ ਭਾਸ਼ਾ ਵਿਚ ਹੀ ਚੱਲ ਰਹੀ ਹੈ।
ਦਰਅਸਲ, ਇਹ ਸਮਝ ਲੈਣਾ ਚਾਹੀਦਾ ਹੈ ਕਿ ਭਾਸ਼ਾਵਾਂ ਦਾ ਆਪਸੀ ਸਬੰਧ ਸਮਾਜਿਕ ਅਤੇ ਭੂਗੋਲਿਕ ਰਿਸ਼ਤਿਆਂ ਨਾਲ ਜੁੜਿਆ ਹੁੰਦਾ ਹੈ। ਕਿਸੇ ਵੀ ਇਕ ਭਾਸ਼ਾ ਨੂੰ ਦੂਸਰੀ ਭਾਸ਼ਾ ਜਾਂ ਸਮਾਜ ’ਤੇ ਥੋਪਣਾ ਕਦੇ ਵੀ ਸਹਿਣ ਨਹੀਂ ਕੀਤਾ ਜਾ ਸਕਦਾ। ਇਹ ਵਿਸ਼ਵ ਵਿਆਪੀ ਬਾਜ਼ਾਰੀ ਸ਼ਕਤੀਆਂ ਦੀ ਸਾਡੇ ਵਰਗੇ ਸਮਾਜਾਂ ਨੂੰ ਮਾਨਸਿਕ ਤੌਰ ’ਤੇ ਗੁਲਾਮ ਕਰਨ ਦੀਆਂ ਕੋਸ਼ਿਸ਼ਾਂ ਹਨ।
ਪੰਜਾਬੀ ਬੋਲੀ, ਭਾਸ਼ਾ ਤੇ ਸੱਭਿਆਚਾਰ ਨਾਲ ਵੀ ਇਹੋ ਕੁਝ ਕਰਨ ਦੀਆਂ ਕੋਝੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਸਾਡੇ ਮਾਮਲੇ ਵਿਚ ਇਕ ਦੁੱਖਦਾਇਕ ਪਹਿਲੂ ਇਹ ਵੀ ਹੈ ਕਿ ਅਸੀਂ ‘ਬਾਹਰਲਿਆਂ’ ਨਾਲ ਤਾਂ ਲੜ ਹੀ ਰਹੇ ਹਾਂ, ਸਾਨੂੰ ‘ਆਪਣਿਆਂ’ ਨਾਲ ਵੀ ਆਢਾ ਲੈਣਾ ਪੈ ਰਿਹਾ ਹੈ, ਕਿਉਂਕਿ ਸਾਡੇ ਇਨ੍ਹਾਂ ‘ਆਪਣਿਆਂ’ ਦੀ ਹੀ ਨਾਲਾਇਕੀ ਹੈ ਕਿ ਅੱਜ ਤੱਕ ਸਰਕਾਰੀ ਦਫ਼ਤਰਾਂ ਵਿਚ ਵੀ ਪੰਜਾਬੀ ਨੂੰ ਸਤਿਕਾਰ ਵਾਲਾ ਰੁਤਬਾ ਨਹੀਂ ਮਿਲਿਆ। ਅੰਗਰੇਜ਼ੀ ਜ਼ਹਿਨੀਅਤ ਦੇ ਗੁਲਾਮ ਸਾਡੇ ਸਿਆਸੀ ਆਗੂ ਪਿੰਡਾਂ ਵਿਚ ਜਾ ਕੇ ਵੋਟਾਂ ਤਾਂ ਸ਼ੁੱਧ ਪੰਜਾਬੀ ਵਿਚ ਮੰਗਦੇ ਹਨ ਪਰ ਆਪਣੇ ਦਫ਼ਤਰਾਂ ਵਿਚ ਪੰਜਾਬੀ ਨੂੰ ਵੜਨ ਤੱਕ ਨਹੀਂ ਦਿੰਦੇ। ਸਰਕਾਰੀ ਦਫ਼ਤਰਾਂ ਦੇ ਨਾਲ-ਨਾਲ ਕਚਹਿਰੀਆਂ, ਤਹਿਸੀਲਾਂ ਆਦਿ ਵਿਚ ਵੀ ਪਹਿਲੋਂ ਹੀ ਪੰਜਾਬੀ ਨੂੰ ਕੋਈ ਨਹੀਂ ਪੁੱਛਦਾ ਹੁਣ ਤਾਂ ਸਕੂਲਾਂ, ਕਾਲਜਾਂ ਵਿਚੋਂ ਵੀ ਪੰਜਾਬੀ ਨੂੰ ਬੇਦਖ਼ਲ ਕਰਨ ਦੀਆਂ ਘਾੜਤਾਂ ਘੜ ਲਈਆਂ ਗਈਆਂ ਹਨ। ਸਰਕਾਰੀ ਸਕੂਲਾਂ ਵਿਚ ਪੰਜਾਬੀ ਦੇ ਉਪਰ ਅੰਗਰੇਜ਼ੀ ਨੂੰ ਬਿਠਾ ਦਿੱਤਾ ਗਿਆ ਹੈ। ਉਂਝ ਵੀ ਸਰਕਾਰੀ ਸਕੂਲੀ ਸਿੱਖਿਆ ਦਾ ਪੂਰੀ ਤਰ੍ਹਾਂ ਭੋਗ ਹੀ ਪੈਣ ਜਾ ਰਿਹਾ ਹੈ ਤੇ ਖੁੰਬਾਂ ਵਾਂਗ ਉੱਗ ਰਹੇ ਪ੍ਰਾਈਵੇਟ ਸਕੂਲਾਂ ਵਿਚ ਤਾਂ ਹੋਰ ਵੀ ਜ਼ੁਲਮ ਹੋ ਰਿਹਾ ਹੈ। ਇਨ੍ਹਾਂ ਸਕੂਲਾਂ ਵਿਚ ਪੰਜਾਬੀ ਬੋਲਣ ਵਾਲੇ ਬੱਚਿਆਂ ਨੂੰ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਹਨ। ਇਹ ਸਭ ਹਾਕਮਾਂ ਦੇ ਨੱਕ ਹੇਠ ਹੀ ਨਹੀਂ ਹੋ ਰਿਹਾ ਸਗੋਂ ਮਰਜ਼ੀ ਨਾਲ ਵਾਪਰ ਰਿਹਾ ਹੈ। ਨਹੀਂ ਤਾਂ ਕੀ ਕਾਰਨ ਹੈ ਕਿ ਪੰਜਾਬ ਰਾਜ ਭਾਸ਼ਾ ਐਕਟ ਵਿਚ ਸਜ਼ਾ ਦੀ ਧਾਰਾ ਅੱਜ ਤੱਕ ਸ਼ਾਮਿਲ ਨਹੀਂ ਕੀਤੀ ਗਈ। ਹਾਲਾਤ ਕਾਫ਼ੀ ਦੁਖੀ ਕਰਨ ਵਾਲੇ ਹਨ ਪਰ ਕਾਲਮ ਦੀ ਸੀਮਾ ਹੈ ਕਿ ਅਸੀਂ ਹੋਰ ਵਿਸਥਾਰ ਵਿਚ ਨਹੀਂ ਜਾ ਸਕਦੇ। ਪਿਛਲੇ ਦਿਨਾਂ ਦੌਰਾਨ ਪੰਜਾਬੀ ਦੇ ਹੱਕ ਦੀ ਲੜਾਈ ਲੜਨ ਵਾਲੀਆਂ ਕੁਝ ਧਿਰਾਂ ਨੇ ਖੁੱਲ੍ਹੇਆਮ ਜੰਗ ਦਾ ਐਲਾਨ ਕੀਤਾ ਹੈ, ਇਹਦੀ ਚਰਚਾ ਜ਼ਰੂਰੀ ਹੈ।
ਪਿਛਲੇ ਦਿਨੀਂ ਚੰਡੀਗੜ੍ਹ ਅਤੇ ਜਲੰਧਰ ਵਿਚ ਪ੍ਰਸਿੱਧ ਪੱਤਰਕਾਰ ਕੁਲਦੀਪ ਨਈਅਰ ਦੀ ਅਗਵਾਈ ਵਿਚ ‘ਪੰਜਾਬ ਜਾਗ੍ਰਿਤੀ ਮੰਚ’ ਅਤੇ ਪੰਜਾਬੀ ਭਾਸ਼ਾ ਅਕਾਦਮੀ ਨੇ ਪੰਜਾਬ ਦੇ ਬੁੱਧੀਜੀਵੀਆਂ, ਲੇਖਕਾਂ ਅਤੇ ਹੋਰਨਾਂ ਸਾਹਿਤਕ ਜਥੇਬੰਦੀਆਂ ਨੂੰ ਮਾਂ-ਬੋਲੀ ਦੇ ਸੰਘਰਸ਼ ਵਿਚ ਇਕੱਠੇ ਹੋਣ ਦਾ ਸੱਦਾ ਦਿੱਤਾ। ਇਹਦੇ ਨਤੀਜੇ ਕਾਫੀ ਚੰਗੇ ਨਿਕਲ ਰਹੇ ਹਨ। ਪੰਜਾਬ ਵਿਚ ਕੁਝ ਹਲਚਲ ਹੁੰਦੀ ਦਿਖਾਈ ਦੇ ਰਹੀ ਹੈ। ਚੰਡੀਗੜ੍ਹ ਵਿਚ ‘ਪੰਜਾਬੀ ਬਚਾਓ ਮੰਚ’ ਵੀ ਲਗਾਤਾਰ ਸਰਗਰਮ ਹੋਇਆ ਹੈ। ਅੰਮ੍ਰਿਤਸਰ ਵਿਚ ‘ਜਨਵਾਦੀ ਲੇਖਕ ਸੰਘ’ ਨੇ ‘ਬੋਲੀ ਦਿਵਸ’ ਮਨਾਉਂਦਿਆਂ ਮਾਂ-ਬੋਲੀ ਨੂੰ ਹੱਕੀ ਸਥਾਨ ਦਿਵਾਉਣ ਦੀ ਲੜਾਈ ਵਿਚ ਪੇਸ਼-ਪੇਸ਼ ਰਹਿਣ ਦਾ ਐਲਾਨ ਕੀਤਾ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਦੀ ਸਰਬਸੰਮਤੀ ਨਾਲ ਚੋਣ ਹੋਈ ਹੈ ਤੇ ਇਹਦੇ ਪ੍ਰਧਾਨ ਪ੍ਰੋ: ਅਨੂਪ ਵਿਰਕ ਤੇ ਜਨਰਲ ਸਕੱਤਰ ਡਾ: ਸਰਬਜੀਤ ਸਿੰਘ ਨੇ ਸਿਰਫ਼ ਪੰਜਾਬ ਹੀ ਨਹੀਂ, ਪੰਜਾਬੋਂ ਬਾਹਰ ਬੈਠੀਆਂ ਆਪਣੀ ਭਾਸ਼ਾ, ਬੋਲੀ ਤੇ ਸੱਭਿਆਚਾਰ ਲਈ ਕੰਮ ਕਰਦੀਆਂ ਜਥੇਬੰਦੀਆਂ ਨੂੰ ਇਕ ਸਾਂਝੇ ਮੰਚ ’ਤੇ ਲਿਆਉਣ ਦੇ ਯਤਨ ਕਰਨ ਦਾ ਐਲਾਨ ਕੀਤਾ ਹੈ। ਇਹ ਚੰਗੀ ਸ਼ੁਰੂਆਤ ਹੈ। ਲੋੜ ਦਰਅਸਲ ਇਹ ਹੈ ਕਿ ਦੋਵੇਂ ਕੇਂਦਰੀ ਪੰਜਾਬੀ ਲੇਖਕ ਸਭਾਵਾਂ, ਸਾਹਿਤ ਅਕਾਦਮੀ ਲੁਧਿਆਣਾ, ਪੰਜਾਬੀ ਜਾਗ੍ਰਿਤੀ ਮੰਚ, ਪੰਜਾਬੀ ਬਚਾਓ ਮੰਚ, ਪੰਜਾਬੀ ਸੱਥ ਅਤੇ ਹੋਰ ਸਰਗਰਮ ਜਥੇਬੰਦੀਆਂ ਅਤੇ ਅਦਾਰੇ ਪੰਜਾਬੀ ਦੇ ਰੁਤਬੇ ਨੂੰ ਬਹਾਲ ਕਰਵਾਉਣ ਲਈ ਸਾਂਝੇ ਹੰਭਲੇ ਮਾਰਦੇ ਹੋੲੇ ਆਪਣਾ ਘੇਰਾ ਹੋਰ-ਹੋਰ ਵਿਸ਼ਾਲ ਕਰਦੇ ਜਾਣ। ਪੰਜਾਬੀ ਭਾਸ਼ਾ, ਬੋਲੀ ਅਤੇ ਸੱਭਿਆਚਾਰ ਦੀ ਲੜਾਈ ਹੁਣ ਕਿਸੇ ’ਕੱਲੇ ਕਾਰੇ ਬੰਦੇ ਜਾਂ ਜਥੇਬੰਦੀ ਦਾ ਕੰਮ ਨਹੀਂ ਰਿਹਾ। ਇਹਦੇ ਲਈ ਹਰ ਪੰਜਾਬੀ ਬੰਦੇ ਦੀ ਆਵਾਜ਼ ਲੋੜੀਂਦੀ ਹੈ। ਪੰਜਾਬੀਆਂ ਨੂੰ ਸਮਝਣਾ ਪਵੇਗਾ ਕਿ ਤੁਸੀਂ ਤਾਂ ਹੀ ਬਚੋਗੇ ਜੇ ਤੁਹਾਡੀ ਭਾਸ਼ਾ, ਤੁਹਾਡੀ ਬੋਲੀ ਬਚੇਗੀ। ਆਵਾਮ ਦੀ ਲੜਾਈ ਬਣਾਇਆਂ ਹੀ ਹਾਕਮਾਂ ਦੇ ਕੰਨਾਂ ਵਿਚ ਆਵਾਜ਼ ਪੈਣੀ ਹੈ। ਲੋਕਾਂ ਦਾ ਦਬਾਅ ਹੀ ਹੁਣ ਬਚਾਅ ਦਾ ਇਕੋ-ਇਕ ਤਰੀਕਾ ਹੈ।

ਰਸੂਲ ਹਮਜ਼ਾਤੋਵ ਦੇ ਇਸ ਕਥਨ ਨਾਲ ਹੀ ਆਪਣੀ ਗੱਲ ਖਤਮ ਕਰਦੇ ਹਾਂ-
‘ਮੇਰੇ ਲਈ, ਕੌਮਾਂ ਦੀਆਂ ਬੋਲੀਆਂ ਆਕਾਸ਼ ਵਿਚਲੇ ਸਿਤਾਰਿਆਂ ਵਾਂਗ ਹਨ। ਮੈਂ ਨਹੀਂ ਚਾਹੁੰਦਾ ਕਿ ਸਾਰੇ ਸਿਤਾਰੇ ਇਕ ਵੱਡੇ ਸਾਰੇ ਸਿਤਾਰੇ ਵਿਚ ਮਿਲ ਕੇ ਇਕ ਹੋ ਜਾਣ, ਜਿਸ ਨੇ ਅੱਧਾ ਆਕਾਸ਼ ਘੇਰਿਆ ਹੋਵੇ। ਇਸ ਕੰਮ ਲਈ ਸੂਰਜ ਹੈ ਪਰ ਆਕਾਸ਼ ਵਿਚ ਸਿਤਾਰੇ ਵੀ ਚਮਕਣੇ ਚਾਹੀਦੇ ਹਨ। ਹਰ ਕੌਮ ਨੂੰ ਆਪਣਾ ਸਿਤਾਰਾ ਰੱਖਣ ਦਿਓ।
ਮੈਨੂੰ ਆਪਣਾ ਸਿਤਾਰਾ ਪਿਆਰਾ ਹੈ-ਮੇਰੀ ਮਾਂ ਬੋਲੀ।’


ਸੁਸ਼ੀਲ ਦੁਸਾਂਝ
98726-08511
(ਰੋਜ਼ਾਨਾ ਅਜੀਤ ਜਲੰਧਰ ਵਿੱਚੋਂ ਧੰਨਵਾਦ ਸਹਿਤ)

No comments: