ਜਿਵੇਂ ਕਿ ਮਹਾਂਰਾਸ਼ਟਰ ਵਿੱਚ ਉੱਤਰ ਭਾਰਤੀਆਂ ਉੱਤੇ ਤਰ੍ਹਾਂ ਤਰ੍ਹਾਂ ਦੇ ਦੋਸ਼
ਲੱਗਦੇ ਰਹੇ ਹਨ, ਜਿਸ ਵਿੱਚ ਕਾਨੂੰਨ ਨਾ ਮੰਨਣੇ, ਗਲਤ ਕੰਮਾਂ ਵਿੱਚ ਅਕਸਰ
ਸ਼ਾਮਲ ਹੋਣਾ ਆਦਿ ਸ਼ਾਮਲ ਹਨ। ਇਸ ਮੁੱਦਾ ਦਾ ਕੋਈ ਅਧਾਰ ਤਾਂ ਹੋਵੇਗਾ ਹੀ,
ਇਸ ਦੀ ਇੱਕ ਝਲਕ ਮੈਨੂੰ ਰੇਲਗੱਡੀ ਵਿੱਚ ਜਾਂਦੇ ਹੋਏ ਮਿਲ ਹੀ ਗਈ।
ਭੁਪਾਲ ਤੋਂ ਇੱਕ ਹਿੰਦੂ ਸੱਜਣ ਚੜ੍ਹੇ, ਜਿਸ ਨਾਲ ਉਨ੍ਹਾਂ ਦਾ ਪਰਿਵਾਰ ਸੀ,
ਉਹ ਵੈਸ਼ਨੂੰ ਦੇਵੀ ਜਾ ਰਹੇ ਸਨ, ਪੂਣੇ ਤੋਂ ਭੁਪਾਲ ਤੱਕ ਤਾਂ ਸਫ਼ਰ ਬੜਾ ਸ਼ਾਂਤ ਅਤੇ
ਆਨੰਦਮਈ ਹੀ ਰਿਹਾ ਸੀ, ਸਭ ਆਪਣੇ ਆਪਣੇ ਕੰਮਾਂ ਵਿੱਚ ਮਸਤ ਸਨ, ਕਿਤੇ
ਕਿਤੇ ਫੌਜੀ (ਜੋ ਕਿ NDA ਵਿੱਚ ਪੜ੍ਹਦੇ ਸਨ ਅਤੇ ਆਪਣੇ ਘਰਾਂ ਨੂੰ ਜਾ ਰਹੇ ਸਨ)
ਰੌਲਾ ਪਾਉਦੇ ਸਨ ਜਾਂ ਜ਼ੋਰ ਨਾਲ ਦਰਵਾਜ਼ਾ ਛੱਡਦੇ ਸਨ। ਪਿਛਲੀ ਰਾਤ
ਵਧੀਆ ਸੁੱਤਾ ਰਿਹਾ, ਲਾਈਟਾਂ ਬੁੱਝੀਆਂ ਸਨ (ਜ਼ਿਕਰ ਕਰ ਰਿਹਾ ਹਾਂ, ਕਿਉਂਕਿ
ਫੇਰ ਦਿੱਲੀ ਤੋਂ ਅੱਗੇ ਦੀ ਰਾਤ ਆਵੇਗੀ)।
ਭੁਪਾਲ ਚੜ੍ਹੇ ਸੱਜਣ ਨੇ ਆਪਣੇ ਸਾਹਮਣੇ ਬੈਠੇ ਦੱਖਣ ਭਾਰਤੀ ਬੰਦੇ ਨਾਲ ਗੱਲਾਂ-ਬਾਤਾਂ
ਸ਼ੁਰੂ ਕੀਤੀਆਂ ਅਤੇ ਕਿਹਾ ਕਿ ਆਗਰੇ ਤੋਂ ਅੱਗੇ ਤੁਸੀਂ ਵੇਖਿਓ ਕੀ ਹਾਲ ਹੁੰਦਾ ਹੈ 3-AC
ਦਾ, ਮੈਨੂੰ ਗੱਲਾਂ ਵਿੱਚ ਕੁਝ ਦਿਲਚਸਪੀ ਹੋ ਗਈ ਅਤੇ ਮੈਂ ਗੌਰ ਨਾਲ ਸੁਣਨ ਲੱਗਾ।
ਉਹ ਨੇ ਕਿਹਾ, "ਆਗਰੇ ਤੋਂ ਅੱਗੇ ਤਾਂ ਉੱਤਰ ਭਾਰਤ ਦੇ ਲੋਕ ਆ ਜਾਣਗੇ ਅਤੇ ਗੱਡੀ
ਵਿੱਚ ਮਾਹੌਲ ਪਰਿਵਾਰ ਵਾਲਾ ਰਹੇਗਾ ਨਹੀਂ, ਆਪਾਂ ਸੀਟਾਂ ਟੀਟੀ ਤੋਂ ਹੁਣੇ ਹੀ ਅਡਜੱਸਟ
ਕਰਵਾ ਲਈਏ"
ਮੈਨੂੰ ਇਹ ਵੇਖਣ ਵਿੱਚ ਦਿਲਚਸਪੀ ਜਾ ਪਈ ਕਿ ਐਡਾ ਵੀ ਕੇਹੜਾ ਤੁਫਾਨ ਆਉਣ ਵਾਲਾ ਹੈ।
ਖ਼ੈਰ ਆਗਰਾ ਵੀ ਆ ਗਿਆ, ਉੱਥੋਂ ਛੇ ਸੱਤ ਅਧਖੜ ਉਮਰ ਦੇ ਵਿਅਕਤੀ ਚੜ੍ਹ ਆਏ, ਉਹ
ਖਾਂਦੀ ਪੀਤੀ ਵਿੱਚ ਸਨ, ਮੇਰੇ ਤੋਂ ਅੱਗੇ 6 ਸੀਟਾਂ ਵਿੱਚ ਸਮਾ ਗਏ, ਆਥਣ ਹੋਣ ਤੱਕ ਦਿੱਲੀ
ਅੱਪੜਣ ਵਾਲੇ ਸਾਂ, ਇਸ ਸਾਰੇ ਰਾਹ ਜੂਆ ਖੇਡਦੇ ਰਹੇ (ਸ਼ਾਇਦ ਹੋਲੀ ਦਾ ਦਿਨ ਹੋਣ ਕਰਕੇ, ਪਰ
ਪੱਕਾ ਪਤਾ ਨੀਂ), ਰਾਹ ਵਿੱਚ ਇੱਕ ਅਜੀਬ ਜੇਹਾ ਪਰਿਵਾਰ ਚੜ੍ਹਿਆ, ਜਿਸ ਵਿੱਚ ਬੁੜੀਆਂ (30-35 ਉਮਰ)
ਅੱਡ ਅੱਡ ਸੀਟਾਂ ਉੱਤੇ ਜਾ ਬੈਠੀਆਂ ਅਤੇ ਬੰਦੇ ਆਉਣ ਜਾਣ ਉੱਤੇ ਰਹੇ (ਸ਼ਾਇਦ ਕਦੇ ਨਾ ਸਮਝ ਸਕਾਂ
ਕਿ ਕੀ ਸੀ)।
ਹੁਣ 9 ਵੱਜ ਗਏ, ਅਤੇ ਗੱਡੀ ਰੁਕਣ ਸਾਰ ਦਾਰੂ ਨੂੰ ਬੋਤਲ ਆ ਗਏ ਅਤੇ ਟੀਟੀ ਨੂੰ ਪੈਸੇ
ਦੇ ਕੇ ਸੀਟਾਂ ਪੱਕੀਆਂ ਹੋ ਗਈਆਂ 6 ਦੀਆਂ 6। ਭਾਵੇਂ ਕਿਸੇ ਨਾਲ ਬੋਲੇ ਲੜੇ ਨਹੀਂ, ਪਰ
ਦਾਰੂ ਦਾ ਦੌਰ ਐਨਾ ਵੀ ਵਧੀਆ ਮਾਹੌਲ ਨਹੀਂ ਸੀ ਸਿਰਜਦਾ ਪਰਿਵਾਰਾਂ ਲਈ।
ਇਸ ਨਾਲ ਹੀ ਦਿੱਲੀ ਤੋਂ ਪੰਜਾਬੀ ਸਰਦਾਰ ਆਉਣ ਲੱਗੇ ਅਤੇ ਡੱਬੇ ਵਿੱਚ 5 ਬੰਦੇ, 24-25
ਸਮਾਨ ਦੇ ਟੈਂਚੀਕੇਸ ਸਨ, ਜਿਓ ਲੱਗੇ ਧੱਕਣ ਅਗਾਂਹ ਨੂੰ, ਸਾਰੀ ਰਾਤ ਭੱਜ ਦੌੜ ਜਾਰੀ ਰਹੀ,
ਅਖੀਰ ਇੱਕ ਸਰਦਾਰ, ਜੋ ਕਿ ਔਰਗਾਬਾਦ ਤੋਂ ਚੜ੍ਹਿਆ ਸੀ, ਨੇ ਔਖਾ ਹੋ ਕੇ ਕਿਹਾ ਤਾਂ
ਸਾਰੇ ਲੱਗੇ ਬਿੱਚ ਬਿੱਚ ਕਰਨ, ਫੇਰ ਕਿਤੇ ਡੇਢ ਵਜੇ ਲਾਈਟਾਂ ਬੰਦ ਹੋਈਆਂ ਅਤੇ ਕੁਝ
ਸ਼ਾਂਤੀ ਹੋਈ।
ਖ਼ੈਰ ਮੇਰਾ ਟਿਕਾਣਾ ਤਾਂ ਆ ਪੁੱਜਿਆ ਸੀ, ਚਾਰ ਕੁ ਵਜੇ ਲੁਧਿਆਣੇ ਟੇਸ਼ਨ ਉੱਤੇ ਬਾਈ ਉੱਤਰ
ਗਿਆ, ਪਰ ਉੱਤਰ ਭਾਰਤੀਆਂ ਬਾਰੇ ਤਰ੍ਹਾਂ ਤਰ੍ਹਾਂ ਦੇ ਵਿਚਾਰ ਹਾਲੇ ਮਨ 'ਚ ਖਟਕ ਰਹੇ
ਸਨ।