ਅੱਜ ਅਖੀਰ ਬੜੇ ਦਿਨਾਂ ਦੀ ਮੇਹਨਤ ਬਾਅਦ ਆਖਰ ਫੇਡੋਰਾ (Fedora) ਨੂੰ ਅਲਵਿਦਾ ਕਹਿ ਦਿੱਤੀ ਹੈ,
ਹੁਣ ਓਪਨ-ਸੂਸੇ (OpenSuse) ਨਾਲ ਕੰਮ ਮੁੜ ਸ਼ੁਰੂ ਕੀਤਾ ਹੈ। ਇਹ ਸਭ ਤੋਂ ਪਹਿਲਾਂ ਵਰਤਿਆ
ਲਿਨਕਸ ਹੈ (ਉਦੋਂ 7.3 ਹੁੰਦਾ ਸੀ), ਪਹਿਲੀਂ ਵਾਰ ਪੈਸੇ ਲਾ ਕੇ ਖਰੀਦਿਆ, ਗਰਾਫਿਕਲ ਦੇ
ਰੂਪ ਵਿੱਚ ਵਰਤਿਆ, ਇੰਟਰਨੈੱਟ ਵੀ ਚਲਾਇਆ ਸੀ, ਸਿਸਟਮ ਅੱਪਡੇਟ ਵੀ
ਕੀੀਤਾ ਸੀ। ਉਦੋਂ ਨੋਵਲ ਨੇ ਸੂਸੇ ਨੂੰ ਖਰੀਦਿਆ ਨਹੀਂ ਸੀ ਅਤੇ ਇਹ ਸ਼ੁੱਧ
ਜਰਮਨ ਕੰਪਨੀ ਸੀ। ਹੁਣ ਤਾਂ ਕਾਫ਼ੀ ਬਦਲਾਅ ਆ ਚੁੱਕੇ ਹਨ। ਇੰਸਟਾਲੇਸ਼ਨ
ਫੇਰ ਵੀ ਉਨ੍ਹੀਂ ਹੀ ਸੌਖੀ, ਸਿੱਧੀ ਹੈ। ਓਪਨ ਸੂਸੇ ਪੰਜਾਬੀ ਡੈਸਕਟਾਪ
(ਪੰਜਾਬੀ ਤਸਵੀਰਾਂ ਲਈ ਓਪਨ-ਸੂਸੇ ਵੇਖੋ)
ਸਵੇਰੇ 6 ਵਜੇ ਡੀਵੀਡੀ ਡਾਊਨਲੋਡ ਕੀਤੀ ਸੀ ਅਤੇ ਆਥਣ ਤੱਕ ਇਹੀ ਕੰਮ ਚੱਲਦਾ ਰਿਹਾ,
ਸਭ ਤੋਂ ਵੱਡੀ ਸਮੱਸਿਆ ਆਈ ਸੀ ਕਿ ਬੂਟ ਲੋਡਰ ਇੰਸਟਾਲ ਨਹੀਂ ਸੀ ਕੀਤਾ MBR ਉੱਤੇ,
ਮੂਲ ਰੂਪ ਵਿੱਚ / ਭਾਗ ਉੱਤੇ ਹੀ ਰੱਖਦਾ ਹੈ, ਇਸਕਰਕੇ ਕੁਝ ਅਜੀਬ ਜੇਹਾ ਇੰਟਰਫੇਸ ਚੱਲ ਰਿਹਾ ਸੀ।
ਖੈਰ ਦੂਜੀ ਵਾਰ ਸੀਡੀ ਪਾਕੇ 'ਇੰਸਟਾਲ ਸਿਸਟਮ ਬੂਟ' ਕਰਵਾ ਕੇ ਮਸਲਾ ਹੱਲ ਕਰ ਲਿਆ ਸੀ।
ਹੁਣ ਲਗਭਗ ਸਭ ਕੰਮ ਸਮਾਪਤ ਹੋ ਗਿਆ ਹੈ ਅਤੇ ਮੇਲਾਂ ਵਗੈਰਾ ਵੀ ਠੀਕ ਕਰ ਲਈਆਂ ਹਨ।
ਸੂਸੇ ਨਾਲ ਪਰੇਮ ਦੇ ਕਈ ਕਾਰਨ ਹਨ (ਜੇ ਕਦੇ ਇੰਸਟਾਲ ਕਰਨ ਦਾ ਮੌਕਾ ਮਿਲਿਆ ਤਾਂ
ਵੇਖਿਓ ਜ਼ਰੂਰ ਜੀ)-
ਸਭ ਤੋਂ ਪਹਿਲਾਂ ਸੀਡੀ ਬੂਟ ਕਰਦੇ ਸਾਰ ਹੀ ਤੁਸੀਂ ਪੰਜਾਬੀ 'ਚ ਚਾਲੂ ਕਰ ਸਕਦੇ ਹੋ
(F2 ਦਬਾਓ ਅਤੇ ਪੰਜਾਬੀ ਚੁਣ ਲਵੋ ਜੀ)
ਫੇਰ ਇਸ ਦਾ ਇੰਟਰਫੇਸ ਇੰਨਾ ਸੋਹਣਾ ਹੈ ਕਿ ਤੁਹਾਨੂੰ ਕਦੇ ਵੀ ਮਹਿਸੂਸ ਨਹੀਂ ਹੋਵੇਗਾ ਕਿ
ਤੁਸੀਂ ਕਿਸੇ ਕਾਲੇ ਰੰਗ ਦੇ ਡੱਬੇ ਨਾਲ ਟੱਕਰਾਂ ਮਾਰ ਰਹੇ ਹੋ, ਕਿਤੇ ਵੀ ਟਰਮੀਨਲ ਨਹੀਂ ਵੇਖਾਈ
ਦੇਵੇਗਾ।
ਇਸ ਦਾ ਸੰਰਚਨਾ ਕਰਨਾ ਦਾ ਢੰਗ ਬਹੁਤ ਹੀ ਸ਼ਾਨਦਾਰ ਹੈ, ਹਰ ਵਾਰ ਲਗਭਗ ਸਭ
ਕੁਝ ਖੋਜ ਹੀ ਲੈਂਦਾ ਹੈ ਅਤੇ ਵਧੀਆ ਚੱਲਦਾ ਹੈ, (ਜਿਹੜਾ ਕੁਝ ਫੇਡੋਰਾ ਉੱਤੇ ਕਦੇ
ਖੋਜਿਆ ਨਹੀਂ ਜਾਂਦਾ ਉਹ ਤਾਂ ਆਟੋਮੈਟਿਕ ਹੀ ਹੋ ਜਾਂਦਾ ਹੈ)
ਇੰਸਟਾਲੇਸ਼ਨ ਤੋਂ ਬਾਅਦ ਛੇਤੀ ਹੀ ਰੀਬੂਟ ਹੋ ਕੇ ਸੰਰਚਨਾ ਲਈ ਮੰਗ ਕੀਤੀ ਜਾਂਦੀ ਹੈ
ਅਤੇ ਤੁਸੀਂ ਆਪਣੇ ਡੈਸਕਟਾਪ ਉੱਤੇ ਅੱਪੜ ਜਾਂਦੇ ਹੋ, ਬਿਲਕੁੱਲ ਵਿੰਡੋ ਵਾਂਗ ਕੋਈ
ਗੁਪਤ-ਕੋਡ (ਪਾਸਵਰਡਾਂ) ਦਾ ਕੋਈ ਰੌਲਾ ਹੀ ਨਹੀਂ ਹੈ (ਆਮ ਵਰਤਣ ਵਾਲੇ ਲਈ
ਇਹ ਠੀਕ ਹੈ, ਮਾਹਰਾਂ ਲਈ ਭਾਵੇਂ ਸਮੱਸਿਆ ਹੋਵੇ)।
ਡੈਸਕਟਾਪ ਉੱਤੇ ਪੰਜਾਬੀ ਆਈਕਾਨ
ਕੇ-ਇੰਟਰਨੈੱਟ ਬਹੁਤ ਚਿਰਾਂ ਤੋਂ ਵਰਤਦਾ ਹਾਂ, ਇਹ ਇੰਟਰਨੈੱਟ ਸੰਰਚਨਾ ਦਾ ਇੰਨਾ ਵਧੀਆ
ਅਤੇ ਸੌਖਾ ਢੰਗ ਹੈ ਕਿ ਬਹੁਤੀਆਂ ਟੱਕਰਾਂ ਮਾਰਨੀਆਂ ਹੀ ਨਹੀਂ ਪਈਆਂ। ਹੁਣ ਵੀ
ਇਹੀ ਹੋਇਆ। ਰਿਲਾਇੰਸ ਦਾ ਨੈੱਟ ਤੁਰੰਤ ਹੀ ਸੰਰਚਿਤ ਹੋ ਗਿਆ।
ਸਭ ਤੋਂ ਵੱਡੀ ਗੱਲ਼, ਜੇ ਤੁਸੀਂ ਅਸਲੀ KDE (ਡੈਸਕਟਾਪ ਮੈਨੇਜਰ) ਦਾ ਆਨੰਦ
ਲੈਣਾ ਚਾਹੁੰਦੇ ਹੋ ਤਾਂ ਸੂਸੇ (suse) ਤੋਂ ਬਿਨਾਂ ਕੋਈ ਬਦਲ ਨਹੀਂ ਹੈ ਤੁਹਾਡੇ ਕੋਲ।
ਬਹੁਤੇ ਕੇਡੀਈ ਡਿਵੈਲਪਰ ਸੂਸੇ ਦਾ ਹੀ ਭਾਗ ਹਨ ਅਤੇ ਸੂਸੇ ਹਮੇਸ਼ਾਂ ਨਵੇਂ ਫੀਚਰਾਂ
ਲਈ ਕੇਡੀਈ ਉੱਤੇ ਨਿਰਭਰ ਕਰਦਾ ਹੈ।
KDE ਦਾ ਨਵਾਂ ਮੇਨੂ
ਇਸ ਪੜਾਅ ਵਿੱਚ ਤੁਹਾਨੂੰ ਸਭ ਪਹਿਲਾਂ ਮੇਨੂ ਅਜੀਬ ਜੇਹਾ ਭਾਵੇਂ ਲੱਗੇ
(ਜੇ ਤੁਸੀਂ ਹੋਰ ਲਿਨਕਸ ਵਰਤਦੇ ਰਹੇ ਹੋ)। ਇਹ ਵਿੰਡੋ ਨਾਲ
ਵੀ ਸੋਹਣਾ ਹੈ ਅਤੇ ਬਹੁਤ ਹੀ ਲਾਭਦਾਇਕ ਵੀ। ਇਹ ਨਵੇਂ ਮੇਨੂ ਨੂੰ
ਉਪਲੱਬਧ ਕਰਵਾਉਣ ਵਿੱਚ ਸੂਸੇ ਦਾ ਹੀ ਹੱਥ ਹੈ, (ਅਤੇ ਫੇਡੋਰਾ ਅਧਾਰਿਤ
ਲੋਕ ਸ਼ਾਇਦ ਇਹ ਉਪਲੱਬਧ ਕਰਵਾਉਣਾ ਨਹੀਂ ਚਾਹੁੰਦੇ ਹਨ)
ਹਾਲਾਂਕਿ ਕੁਝ ਸਮੇਂ ਤੋਂ ਸੂਸੇ ਦੀ ਚਾਲ ਮੱਠੀ ਜਾਪਦੀ ਹੈ, ਕੁਝ ਬਦਲਾਅ ਹੋਏ ਹਨ, ਕੁਝ
ਭਾਰੀ ਬਦਲਾਅ, (ਇਹ ਅੰਦਰ ਵਾਲੇ ਲੋਕ ਹੀ ਜਾਣਦੇ ਹੋਣਗੇ), ਪਰ ਫੇਰ ਸੂਸੇ ਨੇ
ਆਪਣੀ ਗੱਡੀ ਲਾਇਨ ਉੱਤੇ ਲਿਆਉਣ ਦੀ ਕੋਸ਼ਿਸ਼ ਜਾਰੀ ਰੱਖੀ ਹੈ ਅਤੇ
ਓਪਨ-ਸੂਸੇ ਦੇ ਰੂਪ ਵਿੱਚ ਇਹ ਲੈਣ ਉੱਤੇ ਆ ਰਹੀ ਜਾਪਦੀ ਹੈ।
ਓਪਨ-ਸੂਸੇ ਦਾ ਪਰੋਜੈਕਟ ਲੀਡਰ ਕੋਲੋ (coolo) ਬਣ ਗਿਆ ਹੈ, ਜੋ ਕਿ
ਸੂਸੇ ਦੇ ਬਹੁਤ ਲੋਕਾਂ ਵਾਂਗ ਜਰਮਨ ਹੈ, ਕੇਡੀਈ ਟਰਾਂਸਲੇਸ਼ਨ ਦਾ ਲੀਡਰ ਹੈ।
ਸੂਸੇ ਵਾਲੇ ਆਪਣੇ ਯੋਗਦਾਨ ਦੇਣ ਵਾਲੇ ਕਮਿਊਨਟੀ ਮੈਂਬਰਾਂ ਦਾ ਬਹੁਤ
ਖਿਆਲ ਰੱਖਦੇ ਹਨ, (ਮੈਨੂੰ ਟਰਾਂਸਲੇਸ਼ਨ ਦਾ ਤਜਰਬਾ ਹੈ)। ਪੰਜਾਬੀ
ਟੀਮ ਨੂੰ ਉਨ੍ਹਾਂ 3 ਵਰਜਨ ਬਾਕਸ ਪੈਕ ਭੇਜੇ ਹਨ (ਅਤੇ ਤਿੰਨਾਂ ਲਈ
1 ਸਾਲ ਦੀ ਸਟੈਂਡਰਡ ਸਪੋਰਟ ਵਿੱਚ ਸ਼ਾਮਲ ਸੀ)। ਇੰਨ੍ਹਾਂ ਵਿੱਚ
ਨਵੇਂ ਰੀਲਿਜ਼ ਹੋਏ 9.3, 10.0, 10.2
ਇੱਕ ਹੋਰ ਗੱਲ ਦੱਸਾਂ ਕਿ ਓਪਨ-ਸੂਸੇ ਨੂੰ ਸਪਾਂਸਰ ਕਰਨ ਵਾਲਿਆਂ ਵਿੱਚ
ਮੇਰੇ ਪਸੰਦ ਦੀ ਪਰੋਸੈਸਰ ਕੰਪਨੀ AMD ਹੈ। ਪੰਜਾਬੀ ਪੜ੍ਹਨ ਵਾਲਿਆਂ ਨੂੰ
ਦੱਸ ਦਿਆ ਕਿ Intel ਨਾਲ ਮੈਨੂੰ ਪਹਿਲਾਂ ਅਲਰਜੀ ਨਹੀਂ ਸੀ, ਪਰ ਇੱਕ
ਵਾਰ 3 ਸਾਲ ਪਹਿਲਾਂ Intel ਦੀ ਇੱਕ ਡਿਵੈਲਪਰ ਕੁੜੀ ਨੇ ਪੰਜਾਬੀ ਬਾਰੇ ਭੈੜਾ ਜੇਹਾ
ਕੁਮੈਂਟ ਦਿੱਤਾ ਸੀ ਕਿ ਇਹ ਭਾਸ਼ਾ (ਪੰਜਾਬੀ) ਫੇਡੋਰਾ/ਰੈੱਡ ਹੈੱਟ 'ਚ ਸ਼ਾਮਲ ਕਰਨ ਦੀ ਕੀ ਲੋੜ ਹੈ,
ਇਸ ਤੋਂ ਤਾਂ ਬਿਨਾਂ ਵੀ ਕੰਮ ਚੱਲਦਾ ਹੈ, ਕੇਹੜਾ ਇੰਨਾ ਦੀ ਸਰਕਾਰ ਜਾਂ ਲੋਕ
ਪੁੱਛਦੇ ਹਨ ਕਿ ਪੰਜਾਬੀ ਹੈ ਕਿ ਨਹੀਂ। ਮੈਂ ਉਦੋਂ ਨਵਾਂ ਨਵਾਂ ਹੀ ਲੱਗਾ ਸੀ ਅਤੇ
ਮੈਨੂੰ ਉਸ ਦੀ ਗੱਲ਼ ਸੁਣ ਕੇ ਬਹੁਤ ਦੁੱਖ ਹੋਇਆ ਅਤੇ ਖਿੱਝ ਵੀ ਆਈ।
ਓਪਨ-ਸੂਸੇ ਦੇ ਡੈਸਕਟਾਪ ਦੀ ਝਲਕ
ਖ਼ੈਰ ਅੱਜ ਓਪਨ-ਸੂਸੇ ਬਾਰੇ ਗੱਲ਼ਬਾਤ ਸੀ, ਅਤੇ ਇਹ ਮੇਰਾ ਰੀਵਿਊ ਸੀ
ਓਪਨ-ਸੂਸੇ ਬਾਰੇ। ਲਿਨਕਸ ਵਰਤਣ ਵਾਲੇ ਯੂਜ਼ਰ ਲਈ ਤਾਂ ਇਹ ਵਰਗਾ
ਇੰਟਰਫੇਸ ਇੱਕ ਸੁਪਨਾ ਹੀ ਹੁੰਦਾ ਹੈ, ਪਰ ਨਾਲ ਹੀ ਨਾਲ ਵਿੰਡੋ (Windows)
ਵਰਤਣ ਵਾਲੇ ਯੂਜ਼ਰਾਂ ਲਈ ਇਹ ਅਜੀਬ ਨਹੀਂ ਹੋਵੇਗਾ, ਬੇਸ਼ੱਕ ਇਹ ਉਨ੍ਹਾਂ
ਨੂੰ ਲਿਨਕਸ ਦੇ ਪ੍ਰਤੀ ਉਨ੍ਹਾਂ ਦੀ ਸੋਚ ਬਦਲਣ ਦਾ ਮੌਕਾ ਜ਼ਰੂਰ ਬਣੇਗਾ।
No comments:
Post a Comment