28 November, 2009

੫੦੦ ਰੁਪਏ ਨਾਲ ਹੋਇਆ "ਆਬਜੈਕਸ਼ਨ" ਦੂਰ...

ਪੰਜਾਬ 'ਚ ਆ ਹੀ ਗੱਲ ਕਰਦੇ ਕਿ ਪੁਲਿਸ ਆਲਿਆਂ ਨਾਲ ਤਾਂ
ਕੋਈ ਦੁਸ਼ਮਨ ਦਾ ਵੀ ਵਾਹ ਨਾ ਪਵੇ, ਪਰ ਅਣਸਰਦੇ ਨੂੰ ਲਗਭਗ
ਦਾ ਵਾਹ ਪੈ ਹੀ ਜਾਂਦਾ ਹੈ, ਇਸ ਵਾਰ ਮੈਨੂੰ ਵੀ ਪੁਲਿਸ ਵੇਰੀਫਿਕੇਸ਼ਨ
ਸਰਟੀਫਿਕੇਟ (PCC) ਲਈ ਜਾਣਾ ਪਿਆ ਮੋਗੇ। ਪਹਿਲਾਂ
ਕਚਹਿਰੀਆਂ 'ਚੋਂ ਬਣਾ ਕੇ ਸਰਟੀਫਿਕੇਟ ਸੁਵਿਧਾ ਕੇਂਦਰ 'ਚ
ਦੇ ਆਂਦਾ, ਮੋਗਾ ਸਿਟੀ-੧ ਥਾਣੇ ਆਲੇ ਨੇ ਫੋਨ ਕੀਤੇ ਦੂਜੇ ਦਿਨ
ਕਹਿੰਦਾ ਹਾਜ਼ਰੀ ਲਵਾ ਕੇ ਜਾਉ (ਜਦੋਂ ਕਿ ਵੇਰੀਫਿਕੇਸ਼ਨ ਘਰ ਦੇ
ਐਡਰੈਸ ਉੱਤੇ ਉਸ ਨੇ ਕਰਨ ਆਉਣੀ ਸੀ), ਸਾਹਬ ਨੇ
੫੦੦ ਰੁਪਏ ਪ੍ਰਤੀ ਵੇਰੀਫਿਕੇਸ਼ਨ ਮੁਤਾਬਕ ਕੰਮ ਕੀਤਾ। ਥਾਣੇ
ਤੋਂ ਕੰਮ ਓਕੇ ਹੋ ਗਿਆ, ਸੋਚਿਆ ਕਿ ਚੱਲ ਹੁਣ ਖਤਮ ਹੋ ਗਿਆ,
ਪਹੁੰਚ ਗਏ ਅਗਲੇ ਦਿਨ ਸੁਵਿਧਾ ਕੇਂਦਰ ਸਰਟੀਫਿਕੇਟ ਲੈਣ,
ਗਏ ਤਾਂ ਕਹਿੰਦੇ ਜੀ ਡੀ.ਐਸ.ਪੀ. ਦੇ ਦਫ਼ਤਰੋਂ ਲੈ ਕੇ ਆਉ, ਜੋ ਕਿ
ਬਿਲਕੁਲ ਸਾਹਮਣੇ ਹੀ ਸੀ। ਪਾਸਪੋਰਟ ਅਤੇ ਹੋਰ ਵੇਰਵਾ ਸਭ ਠੀਕ
ਸੀ, ਨਾਲੇ ੧੦੦੦ ਰੁਪਏ ਦਾ ਮੱਥਾ ਤਾਂ ਟੇਕਿਆ ਹੀ ਗਿਆ ਸੀ,
ਗਏ ਤਾਂ ਰੀਡਰ ਸਾਹਬ ਕਹਿੰਦੇ ਜੀ ਕਿ ਹੋਰ ਸਭ ਤੋਂ ਠੀਕ ਹੈ, ਪਰ
ਤੁਹਾਡੇ ਪਾਸਪੋਰਟ ਉੱਤੇ ਤੁਹਾਡੀ ਪਤਨੀ ਦਾ ਨਾਂ ਨੀਂ ਹੈ, ਇਹ
"ਆਬਜੈਕਸ਼ਨ" ਲੱਗੂ ਜੀ (ਅਸਲ 'ਚ ਇਹ ਮੇਰੇ ਐਡਰੈੱਸ
ਅਤੇ ਪਾਸਪੋਰਟ ਬਾਰੇ ਜਾਂਚ ਸੀ, ਅਤੇ ਮੇਰਾ ਪਾਸਪੋਰਟ ਵਿਆਹ
ਤੋਂ 3 ਸਾਲ ਪਹਿਲਾਂ ਬਣਿਆ ਸੀ)। ਹੁਣ ਕੀ ਕਰੀਏ, ਮੈਨੂੰ
ਬਹੁਤ ਖਿੱਝ ਆਈ, ਅਤੇ ਕਿਹਾ ਕਿ ਮੇਰੀ ਪਤਨੀ ਮੇਰੇ ਨਾਲ
ਨਾ ਆਉਂਦੀ ਤਾਂ ਤੁਹਾਨੂੰ ਕੀ ਪਤਾ ਹੁੰਦਾ ਕਿ ਇਹ ਭਰਿਆ
ਕਿ ਨਹੀ? ਨਹੀਂ ਜੀ ਤੁਹਾਡੇ ਤਾਂ ਆਬਜੈਕਸ਼ਨ ਲੱਗੂਗਾ।
ਖ਼ੈਰ ਬਾਪੂ ਜੀ ਨੇ ਅਗਲੇ ਦੋ ਦਿਨ ਦੌੜ-ਭੱਜ ਕੀਤੀ
ਅਤੇ ਉਹ ਆਬਜੈਕਸ਼ਨ ਵਾਲੇ ਸਾਹਬ ਨੇ ੫੦੦ ਰੁਪਏ ਵਿੱਚ
ਸਾਡੀ ਗ਼ੈਰ-ਮੌਜੂਦਗੀ ਵਿੱਚ ਵੇਰੀਫਾਈ ਕਰਕੇ ਸਾਈਨ
ਕਰ ਦਿੱਤੇ ਅਤੇ ਸਾਨੂੰ ਇਹ ੨ ਦਿਨ ਦੇ ਕੰਮ ੩ ਦਿਨ ਵਾਧੂ
ਖ਼ਰਾਬ ਕਰਨ ਪਏ ਅਤੇ ੧੫੦੦ ਰੁਪਏ ਰਿਸ਼ਵਤ ਵਜੋਂ ਦੇਣੇ
ਪਏ।
ਸ਼ਾਇਦ ਭਾਰਤ 'ਚ ਰਹਿੰਦੇ ਬਹੁਤੇ ਲੋਕਾਂ ਨੂੰ ਤਾਂ ਇਹ ਤਜਰਬਾ
ਬਹੁਤ ਹੋਵੇਗਾ, ਪਰ ਹੈਰਾਨੀ ਤਾਂ ਇਸ ਗੱਲ ਦੀ ਹੁੰਦੀ ਹੈ ਕਿ
ਕਿੰਨੀ ਬੇਸ਼ਰਮੀ ਨਾਲ ਜਾਂਦੇ ਹਨ ਆਬਜੈਕਸ਼ਨ ਅਤੇ ਉਸ ਤੋਂ ਵੱਧ
ਕਿ 'ਚਾਂਦੀ ਦੀ ਜੁੱਤੀ' ਨਾਲ ਕਿਵੇਂ ਇਹ ਕੁਫ਼ਰ ਹੋ ਜਾਂਦੇ ਹਨ,
ਮੈਨੂੰ ਤਾਂ ਕਈ ਵਾਰ ਸਮਝ ਹੀ ਨਹੀਂ ਆਉਂਦੀ ਕਿ ਇਹ ਅਸਲ
ਆਬਜੈਕਸ਼ਨ ਲਾਉਂਦੈਂ ਕਿ ਰਿਸ਼ਵਤ?

07 November, 2009

ਗੁਰਮੁਖੀ ਅੰਕ ਹੁਣ ਲੀਨਕਸ ਵਿੱਚ ਛੇਤੀ ਹੀ...

ਆਖਰ ਗਨੋਮ ੨.੨੮ ਦੇ ਜਾਣ ਦੇ ਬਾਅਦ ਪੰਜਾਬੀ (ਗੁਰਮੁਖੀ) ਲਈ
ਪੰਜਾਬੀ ਅੰਕ (੧,੨,੩...) ਵਰਤਣੇ ਸ਼ੁਰੂ ਕਰਨ ਵਾਸਤੇ ਅੱਜ ਲੀਨਕਸ
ਲਈ ਪਹਿਲਾਂ ਜਤਨ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਉਮੀਦ ਹੈ ਕਿ ਗਨੋਮ
੨.੩੦/੩.੦ ਲਈ ਤੁਹਾਨੂੰ ਅੰਗਰੇਜ਼ੀ ਅੰਕਾਂ ਦੀ ਬਜਾਏ ਪੰਜਾਬੀ ਅੰਕ ਮਿਲਣਗੇ।

ਮੈਕ ਓਪਰੇਟਿੰਗ ਸਿਸਟਮ ਵਿੱਚ ਪਹਿਲਾਂ ਹੀ ਗੁਰਮੁਖੀ ਅੰਕ ਮਿਲਦੇ ਹਨ ਅਤੇ ਹੁਣ
ਲੀਨਕਸ ਵਿੱਚ ਵੀ ਇਹ ਸ਼ੁਰੂ ਜਾਵੇਗਾ।
ਅੱਜ ਪਹਿਲੇ ਕਮਿਟ ਚਲਾ ਗਿਆ ਹੈ gtk+ ਵਿੱਚ
---
[master 42b6d0a] Change Latin Number to Gurmukhi for Step up the use of Punjabi (Gurmukhi)
-----

ਉਮੀਦ ਹੈ ਕਿ ਫੇਡੋਰਾ ੧੩ ਅਤੇ ਹੋਰ ਆਉਣ ਵਾਲੇ ਵਰਜਨਾਂ ਵਿੱਚ ਇਹ ਉਪਲੱਬਧ
ਹੋ ਜਾਣਗੇ। ਮੈਨੂੰ ਇਹ ਤਾਂ ਨਹੀਂ ਪਤਾ ਕਿ ਲੋਕ ਵਰਤਣਗੇ ਕਿ ਨਹੀਂ, ਪਰ ਜੇ ਕੋਈ ਵੀ
ਵਰਤੇ ਤਾਂ ਉਸ ਨੂੰ ਉਸ ਭਾਸ਼ਾ ਵਿੱਚ ਅੰਕ ਮਿਲਣੇ ਚਾਹੀਦੇ ਹਨ।