28 July, 2008

KDE 4 & Windows - ਸਾਂਝ

KDE4 ਰੀਲਿਜ਼ ਹੋਇਆ ਨੂੰ ਚਿਰ ਹੋ ਗਿਆ ਹੈ, ਅਤੇ ਵਿੰਡੋਜ਼ ਵਾਸਤੇ ਵੀ ਮਾਰਚ 'ਚ
ਰੀਲਿਜ਼ ਹੋ ਗਿਆ ਸੀ, ਕਦੇ ਟਰਾਈ ਹੀ ਨਹੀਂ ਕੀਤਾ ਹੈ, ਐਤਵਾਰ ਨੂੰ ਵਿਹਲੇ ਸਾਂ ਤਾਂ
ਟਰਾਈ ਮਾਰੀ ਤਾਂ ਕੁਝ ਚੰਗਾ ਜਿਹਾ ਲੱਗਾ ਅਤੇ ਇਹ ਲਵੋ ਨਤੀਜੇ,
ਵਿੰਡੋਜ਼ ਦੀ ਮਸ਼ੀਨ ਉੱਤੇ ਕੇਡੀਈ ਦੀ ਇਹ ਚਾਲ, ਪਰੋਜੈਕਟ ਬਹੁਤ
ਹੀ ਵਧੀਆ ਹੈ, ਸ਼ਾਨਦਾਰ ਹੈ ਅਤੇ ਵਿਸਟਾ ਉੱਤੇ ਟੈਸਟ ਕਰਨ ਦੌਰਾਨ
ਬਹੁਤ ਹੀ ਆਨੰਦ ਆਇਆ ਹੈ।
ਵਿੰਡੋਜ਼ ਦੇ ਮੇਨੂ ਵਿੱਚ ਕੇਡੀਈ ਐਪਲੀਕੇਸ਼ਨ

ਕੁੱਲ ਮਿਲਾ ਕੇ ਕਾਫ਼ੀ ਐਪਲੀਕੇਸ਼ਨ ਆ ਗਏ ਹਨ, ਅਤੇ ਹੁਣ ਤੁਸੀਂ
ਵਿੰਡੋਜ਼ ਵਰਤੋਂ ਤਾਂ ਵੀ ਆਪਣੀ ਪਸੰਦ ਦੇ ਐਪਲੀਕੇਸ਼ਨ ਲਈ KDE ਨੂੰ
ਮਿਸ ਨਹੀਂ ਕਰੋਗੇ। ਕੁਝ ਖਾਸ ਐਪਲੀਕੇਸ਼ਨ ਬਾਰੇ ਜਾਣਕਾਰੀ ਅੱਗੇ ਦੇ
ਰਿਹਾ ਹਾਂ:

ਕੋਪੋਟੇ (kopete): ਮਲਟੀ-ਪਰੋਟੋਕਾਲ ਗੱਲਬਾਤ ਕਲਾਇਟ (ਯਾਹੂ, ਗੂਗਲ ਟਾਕ ਆਦਿ ਲਈ)
ਕੇਮੇਲ (kmail): ਮੇਲ ਕਲਾਇਟ ਆਉਟ-ਲੁੱਕ ਵਾਂਗ
ਡਾਲਫਿਨ (dolphin): ਫਾਇਲ ਬਰਾਊਜ਼ਰ
ਕੇਨੋਟ (knotes): ਡੈਸਕਟਾਪ ਨੋਟ ਟੇਕਰ ਸਹੂਲਤ
ਜੂਕ (juk): ਮਲਟੀਮੀਡਿਆ ਪਲੇਅਰ
ਕੇਟ (kate): ਮਾਹਰ ਟੈਕਸਟ ਐਡੀਟਰ
ਖੇਡਾਂ: kdegames ਵਿੱਚ ਬਹੁਤ ਪੈਕੇਜ ਸ਼ਾਮਲ ਹਨ

ਪੂਰਾ ਭਰਿਆ ਡੈਸਕਟਾਪ ਕੇਡੀਈ ਐਪਲੀਕੇਸ਼ਨਾ ਨਾਲ ਵੇਖੋ

ਮੇਰੀ ਸਭ ਤੋਂ ਵੱਧ ਪਸੰਦ ਅਤੇ ਦਿਲੀ ਤਮੰਨਾ ਕੇਡੀਈ ਦੇ ਵਿਦਿਅਕ ਐਪਲੀਕੇਸ਼ਨਾਂ
ਨੂੰ ਆਮ ਵਿਦਿਆਰਥੀਆਂ ਲਈ ਮੁਫ਼ਤ ਉਪਲੱਬਧ ਕਰਵਾਉਣਾ ਸੀ ਅਤੇ ਇਸ ਸੰਭਵ ਹੋ ਗਿਆ ਹੈ।
ਹੁਣ ਕੇਡੀਈ ਦੇ ਢੇਰ ਸਾਰੇ ਵਿਦਿਅਕ ਐਪਲੀਕੇਸ਼ਨ, ਜੋ ਪਹਿਲਾਂ ਕੇਵਲ ਲੀਨਕਸ ਉੱਤੇ
ਹੀ ਚੱਲਦੀਆਂ ਸਨ, ਅੱਜ ਵਿੰਡੋ ਲਈ ਵੀ ਹਨ,
ਕੈਮਿਸਟਰੀ ਲਈ ਤੱਤਾਂ ਦੀ ਸਾਰਣੀ





ਹੋਰ ਵਿਦਿਅਕ (Education) ਐਪਲੀਕੇਸ਼ਨਾਂ ਵਿੱਚ ਹਨ, ਭੂਗੋਲ, ਗਣਿਤ
ਅੰਗਰੇਜ਼ੀ ਸਿੱਖਣ ਲਈ ਆਦਿ। ਜੇ ਤੁਹਾਡੇ ਕੋਲ ਸਕੂਲ ਹੋਵੇ ਅਤੇ ਤੁਸੀਂ
ਆਪਣੇ ਛੋਟੇ ਭੈਣ/ਭਰਾ ਦੀ ਮੱਦਦ ਕਰ ਸਕੋ ਜਾਂ ਸਕੂਲ ਵਿੱਚ ਮੁਫ਼ਤ ਵਿਦਿਅਕ
ਸਾਫਟਵੇਅਰ ਵੰਡ ਸਕੋ ਤਾਂ ਬਹੁਤ ਹੀ ਵਧੀਆ ਮੌਕਾ ਹੈ।

ਬਾਕੀ ਕੇਡੀਈ ਦੇ ਇਹ ਕਦਮ ਦੀ ਸ਼ਲਾਘਾ ਕਰਦਿਆਂ ਹੋਇਆ ਧੰਨਵਾਦ ਹੈ ਬਹੁਤ
ਬਹੁਤ ਇਸ ਕਦਮ ਲਈ।



ਸਾਰੇ ਸਕਰੀਨ ਸ਼ਾਟ ਹਨ :http://picasaweb.google.com/jattontesting/KDEOnWindowsVista

26 July, 2008

ਕੈਨੇਡਾ ਹਾਈ ਕਮਿਸ਼ਨ ਵੀ ਐਨਾ ਹੌਲੀ??

27 ਜੂਨ ਨੂੰ ਭੇਜੇ ਐਪਲੀਕੇਸ਼ਨ ਵਾਸਤੇ ਹਾਲੇ ਤੱਕ ਪਾਸਪੋਰਟ ਨਹੀਂ ਆਇਆਂ
ਅਤੇ ਮੋਜ਼ੀਲਾ ਕਨਫਰੰਸ ਲੰਘ ਗਈ ਹੈ:-(

ਕੈਨੇਡਾ ਹਾਈ ਕਮਿਸ਼ਨ ਐਨਾ ਹੌਲੀ ਕੰਮ ਕਰਦਾ ਕਿ ਇੱਕ ਮਹੀਨੇ ਬਾਅਦ
ਵੀ ਕੰਮ ਨਾ ਹੋਵੇ? ਸ਼ਾਇਦ ਹੌਲੀ ਹੈ, ਪਰ ਇਹ ਉਮੀਦ ਨਹੀਂ ਸੀ।

ਵੈਸੇ ਜੇ ਤੁਹਾਨੂੰ ਕਦੇ ਕੈਨੇਡਾ ਜਾਣ ਦਾ ਮੌਕਾ ਮਿਲੇ ਤਾਂ
ਦਿੱਲੀ ਹਾਈ ਕਮਿਸ਼ਨ ਅਪਲਾਈ
ਕਰਨ ਦੀ ਬਜਾਏ ਵੀ.ਐਫ.ਐਸ ਦੇ ਰਾਹੀ ਅਪਲਾਈ
ਕਰੋ, ਜੋ ਕਿ ਤੁਹਾਡੀ ਐਪਲੀਕੇਸ਼ਨ ਨੂੰ ਇੱਕ ਜਾਂ ਦੋ ਦਿਨਾਂ ਵਿੱਚ ਵਾਪਸ ਭੇਜ ਦਿੰਦੇ ਹਨ।
ਵਾਕਿਆ ਹੀ ਕਾਫ਼ੀ ਤੇਜ਼ ਪਰੋਸੈਸ ਹੈ, ਮੈਂ ਸੋਚਿਆ ਦਿੱਲੀ ਹਾਈ ਕਮਿਸ਼ਨ ਵੀ
ਇੰਝ ਹੀ ਕੰਮ ਕਰਦਾ ਹੋਵੇਗਾ, ਬੱਸ ਹਾਈ ਕਮਿਸ਼ਨ ਵਾਲੇ ਕੋਰੀਅਰ ਲੈ ਲੈਂਦੇ ਹਨ
ਅਤੇ VFS ਵਾਲੇ ਨਹੀਂ ਲੈਂਦੇ, ਸੋਚਿਆ ਸੀ ਕਿ ਐਵੇਂ ਜਾਣ ਉੱਤੇ 2000 ਲੱਗੇਗਾ ਬੰਬੇ,
ਇਸਕਰਕੇ ਕੋਰੀਅਰ ਕਰ ਦਿੱਤਾ, ਪਰ ਉਨ੍ਹਾਂ ਆਹ ਕੰਮ ਕੀਤਾ, ਮਹੀਨੇ 'ਚ ਕੇਸ ਫਾਈਨਲ
ਨੀਂ ਕੀਤਾ, ਕਾਹਣੀ ਤਾਂ ਹੋਰ ਵੀ ਹੈ, ਪਰ ਕਹਿਣ ਦਾ ਕੋਈ ਫਾਇਦਾ ਨੀਂ ਹੈ,

ਬੱਸ ਬਾਈ ਜੇ ਕੇਸ ਲਾਉਣਾ VFS ਸੈਂਟਰ 'ਚ ਹੀ ਅਪਲਾਈ ਕਰੋ, ਇਹੀ ਬੇਨਤੀ ਹੈ!

18 July, 2008

ਇੰਟੈੱਲ (Intel) ਦਾ ਚੇਹਰਾ ਹੋਇਆ ਨੰਗਾ

ਇੰਟੈੱਲ, ਜਿਸ ਤੁਸੀਂ
ਸਭ ਆਪਣੇ ਕੰਪਿਊਟਰਾ ਵਿੱਚ ਵਰਤਦੇ ਹੋ (ਸਭ=ਬਹੁਤੇ) ਅਤੇ ਸੀ.ਪੀ.ਯੂ
ਬਣਾਉਣ ਵਿੱਚ ਇੱਕ ਮੋਹਰੀ ਕੰਪਨੀ ਦੇ ਰੂਪ ਵਿੱਚ ਮਸ਼ਹੂਰ ਹੈ ਇਹ, ਹੁਣ
ਛੇਤੀ ਹੀ ਯੂਰਪੀਅਨ ਯੂਨੀਅਨ ਕਮਿਸ਼ਨ ਵਲੋਂ ਲਾਏ ਦੋਸ਼ਾਂ ਦਾ ਸਾਹਮਣਾ
ਕਰਨ ਜਾ ਰਹੀ ਹੈ, ਜਿਸ ਮੁਤਾਬਕ ਇੰਟੈੱਲ ਨੇ ਆਪਣੇ ਮੁਕਾਬਲੇ
ਦੀਆਂ ਕੰਪਨੀਆਂ (ਏ.ਐਮ.ਡੀ (AMD) ਹੀ ਹੈ), ਦਾ ਮਾਲ ਘੱਟ
ਵਿਕਾਉਣ ਲਈ ਘਟੀਆਂ ਅਤੇ ਕਮੀਨੇ ਹੱਥ ਕੰਡੇ ਵਰਤੇ ਹਨ।
ਇਹ ਬੀ.ਬੀ.ਸੀ ਦੀ ਤਾਜ਼ਾ ਖ਼ਬਰ ਹੈ।
ਖ਼ਬਰ ਮੁਤਾਬਕ ਇੰਟੈੱਲ ਨੇ ਡੀਲਰਾਂ ਨੂੰ AMD ਦੇ ਪਰੋਡੱਕਟ
ਨਾ ਰੱਖਣ ਅਤੇ ਕੇਵਲ ਇੰਟੈੱਲ ਹੀ ਵੇਚਣ ਲਈ ਪੈਸੇ ਦੇਣ ਦਾ
ਦੋਸ਼ ਹੈ। ਇਸ ਵਿੱਚ ਇਹ ਵੀ ਸਾਫ਼ ਹੀ ਕਿਹਾ ਗਿਆ ਹੈ ਕਿ
ਇੰਟੈੱਲ ਨੇ ਆਪਣੀ ਤਾਕਤ (ਪੈਸੇ) ਦਾ ਇਸਤੇਮਾਲ ਕਰਕੇ
ਮੁਕਾਬਲਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਗਾਹਕਾਂ/ਕੰਪਨੀਆਂ ਨੂੰ
AMD ਨਾ ਖਰੀਦਣ ਜਾਂ ਆਰਡਰ ਲੇਟ ਉੱਤੇ ਭਾਰੀ ਡਿਸਕਾਉਟ
ਦਿੱਤੇ ਜਾ ਰਹੇ ਹਨ।
ਜੇ ਇਹ ਕੇਸ ਸਿੱਧ ਹੋ ਜਾਂਦਾ ਹੈ ਤਾਂ ਇੰਟੈੱਲ ਨੂੰ ਆਪਣੇ ਕੁੱਲ ਮੁਨਾਫੇ
ਦਾ 10% ਤੱਕ ਜੁਰਮਾਨਾ ਭਰਨਾ ਪੈ ਸਕਦਾ ਹੈ।

ਇਹ ਹਾਲਤ ਤਾਂ ਭਾਰਤ ਵਿੱਚ ਵੀ ਹੈ, ਸ਼ਾਇਦ ਕੋਈ ਪੁੱਛਣ ਵਾਲਾ ਹੀ ਨਹੀਂ ਹੈ।
ਭਾਰਤ ਵਿੱਚ ਡੈੱਲ ਕੰਪਨੀ ਕੇਵਲ ਇੰਟੈੱਲ ਹੀ ਵੇਚਦੀ ਹੈ, ਅਤੇ ਜਦੋਂ
AMD ਲੈਪਟਾਪ ਦੀ ਗੱਲ਼ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਮਹਿੰਗਾ ਪਵੇਗਾ,
ਇਹ ਬਾਹਰੋਂ ਮੰਗਵਾਉਣਾ ਪਵੇਗਾ, ਇਸ ਉੱਤੇ ਟੈਕਸ ਲੱਗੇਗਾ ਅਤੇ ਮੈਨੂੰ
ਇਹ ਕੁੱਲ ਮਿਲਾ ਕੇ 4 ਹਜ਼ਾਰ ਰੁਪਏ ਮਹਿੰਗਾ ਦਿੱਤਾ।
ਇਹ ਤਾਂ 'ਚੋਰਾਂ ਨਾਲ ਕੁੱਤੀ ਰਲਣ਼' ਵਾਲੀ ਗੱਲ਼ ਹੈ। ਇੰਝ ਹੀ ਹਾਲ ਭਾਰਤ
ਵਿੱਚ ਮਾਈਕਰੋਸਾਫਟ ਦਾ ਹੈ। ਜੇ ਮੈਂ ਵਿੰਡੋਜ਼ ਇੰਸਟਾਲ ਨਹੀਂ ਲੈਂਦਾ ਤਾਂ ਵੀ
ਲੈਪਟਾਪ ਉਸ ਕੀਮਤ ਦਾ ਹੀ ਹੈ, ਜਿੰਨ੍ਹੇ ਦਾ ਬਿਨਾਂ ਇੰਸਟਾਲ ਕੀਤਿਆਂ ਤਾਂ
ਕੀ ਮਾਈਕਰੋਸਾਫ਼ਟ ਮੁਫ਼ਤ ਸਾਫਟਵੇਅਰ ਵੇਚ ਰਹੀ ਹੈ? ਇਹ ਤਾਂ ਹੋ ਨਹੀਂ
ਸਕਦਾ, ਫੇਰ ਬਿਨਾਂ ਵਿੰਡੋਜ਼ ਤੋਂ ਲੈਪਟਾਪ ਦੀ ਕੀਮਤ ਘੱਟ ਕਿਓ ਨਹੀਂ?

ਖ਼ੈਰ ਇਹ ਸਵਾਲ ਤਾਂ ਗੁੰਡਾਗਰਦੀ ਦਾ ਹੈ ਅਤੇ ਹਾਲੇ ਭਾਰਤ ਵਰਗੇ ਮੁਲਕਾਂ
ਨੂੰ ਯੂਰਪੀਅਨ ਯੂਨੀਅਨ ਤੋਂ ਸਿੱਖਣ ਦੀ ਲੋੜ ਹੈ।
ਪੂਰੀ ਖ਼ਬਰ ਅੰਗਰੇਜ਼ੀ ਵਿੱਚ ਪੜ੍ਹੋ

16 July, 2008

ਇੱਕ ਪਰਾਈਵੇਟ ਕਾਲਜ ਦੀ ਲਾਪਰਵਾਹੀ ਅਤੇ ਬਦਮਾਸ਼ੀ...

ਕਿਰਨ ਦਾ ਇੱਕ ਪੇਪਰ GNM ਨਰਸਿੰਗ ਦਾ ਬਾਕੀ ਸੀ, ਉਸ ਨੇ ਤਿੰਨ ਸਾਲ ਦੀ
ਪੜ੍ਹਾਈ ਸ਼ਾਮ ਲਾਲ ਥਾਪਰ ਨਰਸਿੰਗ ਕਾਲਜ, ਮੋਗਾ ਤੋਂ ਕੀਤੀ ਸੀ, ਇੱਕ ਪੇਪਰ
ਆਪਣੀ ਲਾਪਰਵਾਹੀ ਨਾਲ ਰਹਿ ਸੀ ਅਤੇ ਬਾਅਦ ਵਿੱਚ ਹੁਣ ਦਿੱਤਾ,
ਪਿਛਲੇ ਸਾਲ ਸਤੰਬਰ ਵਿੱਚ ਪੇਪਰ ਲੈਣ ਸਮੇਂ ਵੀ ਕਾਲਜ ਵਾਲਿਆਂ ਨੇ ਬੜਾ
ਬਕਵਾਸ ਕੀਤਾ ਅਤੇ ਲਾਪਰਵਾਹੀ ਤੋਂ ਕੰਮ ਲਿਆ, ਪਰ ਖ਼ੈਰ ਕਿਵੇਂ ਨਾ ਕਿਵੇਂ
ਕਰਕੇ ਪੇਪਰ 'ਚ ਬਿਠਾ ਲਿਆ ਅਤੇ ਮੈਂ ਉਸੇ ਹੀ ਦਿਨ ਚੰਡੀਗੜ੍ਹ ਰੋਲ ਨੰਬਰ
ਲੈਣ ਲਈ ਭੇਜਿਆ, ਨਰਸਿੰਗ ਕੌਂਸਲ ਪੰਜਾਬ (PNRC) ਵਾਲਿਆਂ ਨੇ ਇਸ ਲਈ ਕਾਲਜ ਵਾਲਿਆਂ
ਨੂੰ ਗਾਲ੍ਹਾਂ ਕੱਢੀਆਂ ਅਤੇ ਕਾਲਜ ਵਾਲੇ ਇਸ ਵਾਲੇ ਸਾਨੂੰ ਕੋਸਦੇ ਰਹੇ, ਖ਼ੈਰ
ਉਸ ਸਮੇਂ ਤੱਕ ਮੈਂ ਬਹੁਤ ਇਸ ਮੁੱਦੇ ਬਾਰੇ ਜਾਣਦਾ ਨਹੀਂ ਸਾਂ, ਪਰ ਇਸ ਮਗਰੋਂ
ਰਿਜੇਲਟ ਲੇਟ ਹੋ ਗਿਆ, ਚੰਡੀਗੜ੍ਹ ਵਾਲੇ ਕਹਿਣ ਕਿ ਫਰੀਦਕੋਟ (ਬਾਬਾ
ਫਰੀਦ ਯੂਨੀਵਰਸਿਟੀ
) ਅਤੇ ਉਹ ਕਹਿੰਦੇ ਕਿ ਅਸੈੱਸਮੈਂਟ ਕਾਲਜ ਵਾਲਿਆਂ
ਭੇਜੀ ਹੀ ਨਹੀਂ, ਫੇਰ ਕਾਲਜ ਵਾਲੇ ਦਾ ਉਹੀ ਪੈਸੇ ਖਾਣ ਦਾ ਬਹਾਨਾ ਕਿ
ਅਸੀਂ ਤਾਂ ਕੱਠੀਆਂ ਹੀ ਭੇਜੀਆਂ ਸਨ। ਖ਼ੈਰ 500 ਰੁਪਏ ਲੈਕੇ ਕਾਲਜ
ਵਾਲਿਆਂ ਮਸਲਾ ਸੁਧਾਰਿਆਂ ਅਤੇ 19 ਜੂਨ ਨੂੰ ਰਿਜੇਲਟ ਯੂਨੀਵਰਸਿਟੀ ਤੋਂ ਮਿਲ ਗਿਆ,

ਹੁਣ ਮਾਰਚ 'ਚ ਪੇਪਰ ਦੇਣ ਦਾ ਮੌਕਾ ਤਾਂ ਲੰਘ ਹੀ ਗਿਆ ਸੀ, ਕਿਉਂਕਿ ਰਿਜੇਲਟ ਵਾਸਤੇ
ਕਾਲਜ ਵਾਲਿਆਂ ਨੇ ਭਕਾਈ ਕਰਵਾਈ, ਹੁਣ ਰਿਲੇਜਟ ਮਿਲ ਗਿਆ ਤਾਂ ਸਤੰਬਰ ਦੇ ਪੇਪਰ
ਦੀ ਡੇਟ ਵੀ ਖਤਮ ਹੋ ਰਹੀ ਸੀ ਤਾਂ ਕਾਲਜ ਜਾਣਾ ਹੀ ਸੀ, ਕਾਲਜ ਵਾਲੇ ਕਹਿੰਦੇ ਕਿ ਸਾਡੇ
ਕੋਲ ਰਿਜਲਟ ਹੀ ਨਹੀਂ ਆਇਆਂ, ਚੰਡੀਗੜ੍ਹ ਜਾਓ, ਉੱਥੇ ਗਏ ਤਾਂ ਕਹਿੰਦੇ ਕਿ
ਅਸੀਂ ਡਿਸਪੈਂਚ ਕਰ ਦਿੱਤਾ ਹੈ ਅਤੇ ਆਹ ਡਿਸਪੈਂਚ ਨੰਬਰ ਹੈ, ਕਾਲਜ ਵਾਲਿਆਂ ਨੇ
ਵੇਖਾ ਦਿੱਤਾ ਕਿ ਸਾਨੂੰ ਕੋਈ ਚਿੱਠੀ ਮਿਲੀ ਹੀ ਨਹੀਂ, ਪਰ ਇਹ ਲਿਖ ਕੇ ਦੇਣ ਨੂੰ ਤਿਆਰ ਨਹੀਂ
ਕਿ ਚਿੱਠੀ ਮਿਲੀ ਨਹੀਂ, ਹੁਣ ਤਾਰੀਖ ਲੰਘ ਗਈ ਇਸੇ ਹੀ ਕੰਮ ਵਿੱਚ, ਜਦੋਂ ਅੱਜ ਬਾਜੀ
(ਦਾਦਾ ਜੀ) ਹੋਰੀ ਗਏ ਤਾਂ ਉਹੀ ਗੱਲ਼ ਕਿ ਰਿਜੇਲਟ ਨਹੀਂ ਆਇਆ, ਪਰ ਅਸੀਂ
ਲਿਖ ਕੇ ਨਹੀਂ ਦੇਣਾ, ਆਖਰੀ ਕੀ ਕੀਤਾ ਜਾਵੇ। ਕਾਲਜ ਦੀ ਪ੍ਰਿੰਸੀਪਲ
ਸ੍ਰੀਮਤੀ ਸੁਨੀਤਾ ਨੇ ਹੱਦ ਤਾਂ ਉਦੋਂ ਕਰ ਦਿੱਤੀ, ਜਦੋਂ ਉਸ ਨੇ ਕਿਰਨ ਨੂੰ ਕਿਹਾ ਹੈ
ਕਿ "ਜਾਂ ਤਾਂ ਜੁਆਕ ਜੰਮ ਲਵੋ ਜਾਂ ਪੇਪਰ ਦੇ ਲਵੋ"
ਇਹ ਕਿਸ ਤਰ੍ਹਾਂ ਦੀ ਭਾਸ਼ਾ ਹੈ, ਇਹ ਕੀ ਬੋਲਣ ਦਾ ਢੰਗ ਹੈ, ਤੁਹਾਡੇ ਸਟੂਡੈਂਟ ਹਨ, ਭਾਵੇਂ ਕੱਲ੍ਹ ਦੇ
ਹਨ, ਇਸ ਗੱਲ਼ ਲਈ ਉਨ੍ਹਾਂ ਨੂੰ ਸਾਬਸ਼ ਤਾਂ ਕੀ ਕਹਿਣਾ ਕਿ ਹਾਲੇ ਵੀ ਪੇਪਰ ਦਿੰਦੇ ਹਨ,
ਉਨ੍ਹਾਂ ਨੂੰ ਉਤਸ਼ਾਹਿਤ ਤਾਂ ਕਰਨੀ ਹੈ, ਉਨ੍ਹਾਂ ਦੀ ਮੱਦਦ ਤਾਂ ਕੀ ਕਰਨੀ ਹੈ ਕਿ ਤੁਸੀਂ
ਧੱਕੇ ਕਾਹਤੋਂ ਖਾਂਦੇ ਹਨ, ਅਸੀਂ ਛੇਤੀ ਕੰਮ ਕਰ ਦਿੰਦੇ ਹਾਂ, ਉਲਟਾ ਉਨ੍ਹਾਂ ਨੂੰ ਬੇਇੱਜ਼ਤ ਕੀਤਾ ਜਾਂਦਾ ਹੈ।
ਇਹ ਕਿੰਨੀ ਘਟੀਆਂ ਗੱਲ਼ ਹੈ ਕਿ ਉਹ ਪ੍ਰਿੰਸੀਪਲ ਵੀ ਮਾਂ ਬਣੀ ਹੋਵੇਗੀ ਅਤੇ ਉਸਦੇ ਵੀ
ਬੱਚੇ ਹੋਣਗੇ, ਕੀ ਉਸ ਨੇ ਇੱਕ ਪਲ਼ ਵੀ ਇਹ ਨਾ ਸੋਚਿਆ?
ਕੀ ਬੱਚੇ ਹੋਣ ਤੋਂ ਬਾਅਦ ਬੰਦੇ ਨੂੰ ਪੜ੍ਹਨਾ ਛੱਡ ਦੇਣਾ ਚਾਹੀਦਾ ਹੈ, ਜਾਂ ਬੱਚੇ ਹੋਣੇ ਹੀ ਨਹੀਂ
ਚਾਹੀਦੇ। ਇਹ ਸ਼ਾਇਦ ਸਾਡੀ ਘਟੀਆ ਸੋਚ ਦਾ ਨਤੀਜਾ ਹੈ ਅਤੇ ਪ੍ਰਿੰਸੀਪਲ ਵਰਗੇ
ਅਹੁਦੇ ਉੱਤੇ ਹੋਕੇ ਵੀ ਜਿਸ "ਔਰਤ" ਦੀ ਇਹ ਸੋਚ ਹੋਵੇ, ਉਹ ਬਹੁਤ ਘਟੀਆ
ਘਰ ਜੰਮੀ ਹੋਈ ਧੀ ਹੋਵੇਗੀ।
ਖ਼ੈਰ ਹਾਲੇ ਮਸਲਾ ਹੱਲ਼ ਨਹੀਂ ਹੋਇਆ ਅਤੇ ਕਾਲਜ ਵਲੋਂ ਆਪਣੇ ਸੱਚਮੁੱਚ ਹੀ
ਘਟੀਆ ਕਿਰਦਾਰ ਦਾ ਮੁਜ਼ਾਰਾ ਹਾਲੇ ਵੀ ਜਾਰੀ ਹੈ, ਇੱਕ ਹੋਰ ਕੁੜੀ, ਜੋ ਕਿ
ਕਿਰਨ ਦੀ ਹਮ-ਜਮਾਤਣ ਸੀ, ਦੇ ਦੋ ਸਾਲ ਪੇਪਰ ਨਹੀਂ ਦਿੱਤੇ (ਪਤਾ ਨਹੀਂ ਕਿਸ
ਕਾਰਨ ਕਰਕੇ), ਤਾਂ ਕਾਲਜ ਵਾਲਿਆਂ ਬੜੀ ਬੇਸ਼ਰਮੀ ਨਾਲ 17,000 ਰੁਪਏ ਦੀ
ਮੰਗ ਕੀਤੀ ਗਈ, ਇਹ ਗੱਲ਼ ਤਾਂ ਚੰਡੀਗੜ੍ਹ ਨਰਸਿੰਗ ਕੌਂਸਲ ਜਾ ਕੇ ਪਤਾ ਲੱਗੀ
ਕਿ ਇੰਝ ਦੀ ਕੋਈ ਵੀ ਫੀਸ ਜਾਂ ਚਾਰਜ ਹਨ ਹੀ ਨਹੀਂ।
ਇੱਕ ਸਰਕਾਰੀ ਕਾਲਜ ਦੇ ਭਾਰਤ 'ਚ ਇੰਝ ਦੇ ਬਕਵਾਸ ਕਰਨ (ਅਸਲ
'ਚ ਗੁੰਡਾਗਰਦੀ ਕਰਨ) ਦੀ ਗੱਲ਼ ਤਾਂ ਸਮਝ ਆ ਸਕਦੀ ਹੈ ਕਿ ਉਨ੍ਹਾਂ
ਨੂੰ ਕਾਲਜ ਚੱਲਣ ਜਾਂ ਨਾ-ਚੱਲਣ ਨਾਲ ਕੋਈ ਮਤਲਬ ਨਹੀਂ ਹੈ, ਪਰ
ਇੱਕ ਪ੍ਰਾਈਵੇਟ ਕਾਲਜ ਵਲੋਂ, ਅਤੇ ਉਹ ਵੀ ਮਾਲਤੀ ਥਾਪਰ ਵਰਗੀ
ਹਸਤੀ (ਕਾਂਗਰਸ ਦੇ ਪੰਜਾਬ ਪੱਧਰ ਦੇ ਲੀਡਰਾਂ 'ਚ ਸ਼ਾਮਲ ਹੈ ਮੈਂਡਮ)
ਦੇ ਕਾਲਜ ਵਿੱਚ ਇੰਝ ਦੇ ਪਰਬੰਧ ਦਾ ਹੋਵੇ ਤਾਂ ਲੱਖ ਲਾਹਨਤਾਂ ਨੇ।

ਦੁਕਾਨਦਾਰੀ ਤਾਂ ਚਲਾਉਣੀ ਹੈ, ਜੇ ਤੁਸੀਂ ਇੰਝ ਹੀ ਚਲਾਉਗੇ ਤਾਂ ਤੁਹਾਡੇ
ਸਟੂਡੈਂਟ ਬਾਹਰ ਕਿਸੇ ਨੂੰ ਕੀ ਕਹਿਣਗੇ ਕਿ ਸਾਡੇ ਕਾਲਜ ਵਾਲਿਆਂ ਨੂੰ
ਬੋਲਣ ਦੀ ਵੀ ਤਮੀਜ਼ ਨਹੀਂ?
ਕੀ ਕਰੀਏ, ਪੰਜਾਬ 'ਚ ਬਹੁਤੇ ਪ੍ਰਾਈਵੇਟ ਕਾਲਜਾਂ ਦਾ ਇਹੀ ਹਾਲ ਹੈ,
ਜਦੋਂ ਕਿ ਪ੍ਰਾਈਵੇਟ ਪੈਸੇ ਤਾਂ ਲੁੱਟਦੇ ਹਨ, ਪਰ ਉਨ੍ਹਾਂ ਤੋਂ ਚੰਗੀ ਰਵੱਈਆ
ਰੱਖਣ ਦੀ ਉਮੀਦ ਕੀਤੀ ਜਾਣੀ ਚਾਹੀਦੀ ਹੈ। ਇਹ ਫ਼ਰਕ ਤਾਂ ਮੈਨੂੰ
ਪੂਨੇ ਆ ਕੇ ਪਤਾ ਲੱਗਾ ਹੈ, ਗਾਹਕ ਨੂੰ ਗਾਹਕ ਸਮਝਣਾ ਚਾਹੀਦਾ ਹੈ,
ਜਦੋਂ ਪੈਸੇ ਲੈਣੇ ਹਨ ਤਾਂ ਬੋਲੋ ਤਾਂ ਚੰਗੀ ਤਰ੍ਹਾਂ, ਜੇ ਬੋਲ ਨੀਂ ਸਕਦੇ ਤਾਂ
ਘੱਟੋ-ਘੱਟ ਮਾੜਾ ਤਾਂ ਨਾ ਬੋਲੋ...
ਇਹ ਆਪਣੇ ਲੋਕ ਇਹ ਪੂਨੇ ਤੋਂ ਸਿੱਖਣਗੇ (ਅੰਗਰੇਜ਼ਾਂ ਤੋਂ ਸਿੱਖਣ ਨੂੰ
ਤਾਂ ਗੋਲੀ ਮਾਰੋ) ਜਾਂ ਬਾਹਰੋਂ ਆ ਕੇ ਕੇਵਲ ਗੋਰਿਆਂ ਦੇ ਗੁਣ ਹੀ ਗਾਉਦੇ ਰਹਿਣਗੇ?

Dr.Sham Lal Thapar Nursing School, Moga

08 July, 2008

ਰੈੱਡ ਹੈੱਟ ਵਿੱਚ 4 ਵਰ੍ਹੇ...

ਹਾਂ, ਵਕਤ ਲੰਘਦਿਆਂ ਪਤਾ ਹੀ ਨੀਂ ਲੱਗਦਾ, ਅੱਜ ਚਾਰ ਸਾਲ ਹੋ ਗਏ ਰੈੱਡ ਹੈੱਟ
'ਚ ਕੰਮ ਕਰਦਿਆਂ। ਮੇਰੇ ਲਈ ਬੜੇ ਮਾਣ ਵਾਲੀ ਗੱਲ਼ ਹੈ ਕਿ ਚਾਰ ਸਾਲ ਲਗਾਤਾਰ
ਇੱਕ ਹੀ ਕੰਪਨੀ ਵਿੱਚ ਰਿਹਾ ਅਤੇ ਹਾਲੇ ਵੀ ਹਾਂ। ਇਹਨਾਂ ਚਾਰ ਸਾਲਾਂ ਵਿੱਚ
ਜਿੰਦਗੀ ਕਿੰਨੀਆਂ ਮੰਜ਼ਲਾਂ ਸਰ ਕਰ ਗਈ ਅਤੇ ਕਿੰਨਾ ਕੁਝ ਸਿੱਖਿਆ, ਜੋ
ਆਉਣ ਵਾਲੇ ਸਫ਼ਰ ਲਈ ਮੀਲ ਪੱਥਰ ਸਾਬਤ ਹੋਏ ਅਤੇ ਹੋਣਗੇ।

ਚਾਰ ਸਾਲ ਪਹਿਲਾਂ, 8 ਜੁਲਾਈ ਨੂੰ ਪੂਨੇ ਜੁਆਇੰਨ ਕੀਤਾ ਸੀ, ਜਦੋਂ ਕਿ ਰੈੱਡ ਹੈੱਟ
ਦਾ ਆਪਣਾ ਦਫ਼ਤਰ ਵੀ ਨਹੀਂ ਸੀ ਹੁੰਦਾ, ਉਦੋਂ ਕੇਵਲ ਹੋਰ ਕੰਪਨੀ ਦੇ ਦਫ਼ਤਰ 'ਚ
ਬੈਠਦੇ ਸਾਂ, ਪੰਜ ਭਾਸ਼ਾਵਾਂ ਦੇ ਟਰਾਂਸਲੇਟਰ ਸਨ ਅਤੇ ਸਾਡੀ ਮੈਨੇਜਰ ਸਾਰਾ ਵੈਂਗ
ਰਿਮੋਟ (ਬਰਿਸਬੇਨ) ਹੁੰਦੀ ਸੀ, ਉਹ ਸਾਨੂੰ ਮਿਲਣ, ਟਰੇਨਿੰਗ ਦੇਣ ਲਈ ਆਈ
ਹੋਈ ਸੀ।

ਸਵੇਰੇ ਦਿੱਲੀਓ 7 ਵਜੇ ਫਲਾਈਟ ਸੀ ਸਹਾਰਾ ਦੀ, ਰਾਤੀਂ ਦਿੱਲੀ ਮਾਮਾ ਜੀ ਅਤੇ
ਦੋਸਤ ਨਰਿੰਦਰਪਾਲ ਸਿੰਘ ਨਾਲ ਆਇਆ ਹੋਇਆ ਸੀ। ਏਅਰਪੋਰਟ ਤੋਂ ਟੈਕਸੀ
ਉੱਤੇ ਹੋਟਲ, ਨਹਾ ਧੋ ਕੇ, ਤਿਆਰ ਹੋ ਕੇ ਦਫ਼ਤਰ ਗਿਆਰਾਂ ਵਜੇ ਅੱਪੜ੍ਹਿਆ।
ਸਾਰਾ ਹਾਲੇ ਆਈ ਨਹੀਂ ਸੀ, ਪਰ ਛੇਤੀ ਹੀ ਹੋਰ ਕਈ ਜਾਣੇ ਆ ਗਏ।
ਪਹਿਲਾਂ ਦਿਨ ਤਾਂ ਖਾਣ-ਪੀਣ, ਜਾਣ ਪਛਾਣ ਕਰਨ ਨਾਲ ਲੰਘ ਗਿਆ।
ਕਿਸੇ ਨੂੰ ਵੀ ਨਹੀਂ ਜਾਣਦਾ ਇੱਥੇ, ਕੇਵਲ ਸਾਰਾ ਨੂੰ ਹੀ ਮਿਲਿਆ ਸਾਂ।
ਖ਼ੈਰ ਹੁਣ ਰੈੱਡ ਹੈੱਟ ਦਾ ਆਪਣਾ ਦਫ਼ਤਰ ਹੈ, ਜਿੱਥੇ ਸੌ ਤੱਕ ਬੰਦੇ ਕੰਮ ਕਰਦੇ ਹਨ,
ਜਿੱਥੇ ਹੁਣ ਕਈਆਂ ਨੂੰ ਤਾਂ ਜਾਣਦੇ ਵੀ ਨਹੀਂ ਹਾਂ:-)
ਮੈਂ ਵੀ ਹੁਣ ਟਰਾਂਸਲੇਟਰ ਤੋਂ ਕੁਆਲਟੀ ਇੰਜੀਨੀਅਰ ਬਣ ਗਿਆ, ਤਨਖਾਹ ਚਾਰਾਂ ਸਾਲਾਂ
ਵਿੱਚ ਦੁਗਣੀ ਹੋ ਗਈ, ਵਿਆਹ ਹੋ ਗਿਆ, ਬੱਚੇ ਹੋ ਗਏ, ਜਿੰਦਗੀ ਦਾ ਇੱਕ ਹਿੱਸਾ
ਬਣ ਗਿਆ ਪੂਨਾ ਅਤੇ ਚਾਰ ਸਾਲਾਂ ਇੱਥੇ ਹੋ ਗਏ, ਵਕਤ ਬਹੁਤ ਛੇਤੀ ਲੰਘ ਗਿਆ,
ਸ਼ਾਇਦ ਵਕਤ ਦੀ ਚਾਲ ਤਾਂ ਉਹੀ ਰਹਿੰਦੀ ਹੈ, ਮਹਿਬੂਬ ਮਿਲਣ ਦੇ ਬਾਅਦ ਵਕਤ
ਗੁਜ਼ਰਨ ਵਾਂਗ ਇਹ ਗੁਜ਼ਰ ਗਿਆ ਪਲ਼ਾਂ 'ਚ ਹੀ।

ਗੁਜ਼ਰੇ ਵੇਲੇ ਨੂੰ ਯਾਦ ਕਰਨ ਦਾ ਕੀ ਫਾਇਦਾ ਸੁਣਦੇ ਹਾਂ, ਪਰ ਛੱਡੀ ਨੀਂ ਜਾਂਦੀ ਤਨ ਉੱਤੇ ਹੰਢਾਏ ਵਕਤ ਦੇ ਪਹਿਚਾਨ
ਆਉਣ ਵਾਲੇ ਦੀ ਪਛਾਣ, ਜੁਬਾਨ, ਸਭ ਗੁਜ਼ਰੇ ਦੀ ਨਿਸ਼ਾਨੀ ਏ, ਅੱਜ, ਭਲਕ ਉੱਤੇ ਦਿੱਸਦੇ ਨੇ ਮੇਰੇ ਗੁਜ਼ਰੇ ਦੇ ਨਿਸ਼ਾਨ