04 February, 2010

ਸਕੂਲ ਵੱਲ ਤੁਰਦੇ ਨਿੱਕੇ ਨਿੱਕੇ ਪੈਰ...

ਇੱਕ ਹੋਰ ਪੜਾਅ ਛੇਤੀ ਹੀ ਉਹਦੀ ਜ਼ਿੰਦਗੀ ਵਿੱਚ ਆ ਰਿਹਾ ਹੈ,
ਸਕੂਲ ਜਾਣ ਦਾ, ਉਸ ਨੂੰ ਵੀ ਬਹੁਤ ਹੀ ਚਾਅ
ਚੜ੍ਹਿਆ ਰਹਿੰਦਾ ਹੈ ਕਿ ਬੈਗ ਪਾ ਕੇ, ਬੂਟ ਪਾ ਕੇ ਸਕੂਲ ਜਾਣਾ ਹੈ...


ਪਹਿਲੀਂ ਤਾਰੀਖ ਤੋਂ ਉਸ ਨੂੰ ਸਕੂਲ ਜਾਣ ਲਈ 'ਕੱਚੀ ਪਹਿਲੀ"
(ਛੋਟੇ ਬੱਚੇ ਨੂੰ ਰੱਖਣ ਵਾਲੀ ਥਾਂ) ਵਿੱਚ ਛੱਡ ਕੇ ਆਏ।
ਉਮੀਦ ਮੁਤਾਬਕ ਪਹਿਲੇ ਦਿਨ 10 ਕੁ ਮਿੰਟ ਹੀ ਬੈਠਾ,
ਦੂਜੇ ਦਿਨ 15-20 ਮਿੰਟ ਹੀ ਲਾਏ। ਇਹ ਉਹ
ਸਫ਼ਰ ਦੇ ਪਹਿਲੇ ਕਦਮ ਸਨ, ਜੋ ਆਉਣ
ਵਾਲੇ ਕਈ ਵਰ੍ਹੇ ਉਹਦੀ ਜ਼ਿੰਦਗੀ ਦਾ ਵੱਡਾ ਸਮਾਂ
ਲਵੇਗਾ। ਸ਼ਾਇਦ 20-22 ਸਾਲ ਲਈ ਉਹ ਇਹ
ਜੂਲਾ ਲਾਉਣ ਲਈ ਸੰਘਰਸ਼ ਕਰਦਾ ਰਹੇਗਾ, ਜੋ ਅੱਜ ਉਹ
ਖੁਸ਼ੀ ਖੁਸ਼ੀ ਪਾਉਣ ਲਈ ਤਿਆਰ ਸੀ।
ਟਰੀ ਇੰਡੀਅਟ ਵੇਖਣ ਅਤੇ ਆਪਣੇ ਨਿੱਜੀ ਅਨੁਭਵ
ਤੋਂ ਮੈਂ ਇਹੀ ਸੋਚਦਾ ਹਾਂ ਕਿ ਬਿਲਕੁਲ ਇਹ ਜੂਲਾ ਹੀ ਹੈ,
ਜੋ ਬਹੁਤ ਭਾਰਤ ਦੇ ਬੱਚੇ ਲੈ ਕੇ ਚੱਲਦੇ ਹਨ, ਹੰਢਾਉਂਦੇ ਹਨ,
ਜਿੱਥੇ ਉਹਨਾਂ ਨੂੰ "ਯੈੱਸ ਸਰ" ਦੇ ਰੂਪ ਵਿੱਚ ਬਾਬੂ ਬਣਨ
ਲਈ ਤਿਆਰ ਕੀਤਾ ਜਾਂਦਾ ਹੈ। (ਬੇਸ਼ੱਕ ਕੁਝ ਵਿਦਿਆਰਥੀ
ਇਹ ਹੱਦਾਂ ਤੋੜਦੇ ਹਨ ਅਤੇ ਗਿਣਤੀ ਲਗਾਤਾਰ ਵੱਧਦੀ ਜਾਵੇਗੀ,
ਪਰ ਆਬਾਦੀ ਅਤੇ ਪੜ੍ਹਨ ਵਾਲਿਆਂ ਦੇ ਮੁਕਾਬਲੇ ਅੱਜ ਇਹ
ਗਿਣਤੀ ਬਹੁਤ ਘੱਟ ਹੈ)।

ਮੈਂ ਖੁਦ ਆਪਣੇ ਨਾਲ ੬੦ ਜਾਣਿਆਂ ਦੇ ਕੰਪਿਊਟਰ
ਇੰਜਨੀਅਰਾਂ ਦੀ ਜਮਾਤ ਵਿੱਚ ਕੰਮ ਕਰਨ ਵਾਲੇ ੫ ਬੰਦੇ
ਹੀ ਗਿਣੇ ਨੇ, ਜੋ ਕੰਪਿਊਟਰ ਤੋਂ ਕੰਮ ਕਰਵਾ ਸਕਦੇ ਸਨ
ਅਤੇ ਕਰੀਬ ੫-੬ ਅਜਿਹੇ ਇੰਜਨੀਅਰ ਵੀ ਵੇਖੇ ਨੇ,
ਜੋ ੪ ਸਾਲਾਂ ਬਾਅਦ ਵੀ ਇਹ ਨਹੀਂ ਜਾਣਦੇ ਸਨ ਕਿ
ਸਧਾਰਨ ਵਰਤੋਂ ਕਿਵੇਂ ਕਰਨੀ ਹੈ, ਅਤੇ ਅੱਧੇ ਤੋਂ
ਵੱਧ ਨੂੰ ਸ਼ਾਇਦ ਕਦੇ ਪਤਾ ਵੀ ਨਹੀਂ ਸੀ ਕਿ
ਦੁਨਿਆਂ ਵਿੱਚ ਵਿੰਡੋਜ਼ ਤੋਂ ਬਿਨਾਂ ਕੋਈ ਹੋਰ ਕੰਪਿਊਟਰ
ਵੀ ਹੁੰਦਾ ਹੈ। ਇਹ ਤਾਂ ਪੜ੍ਹਾਈ ਦਾ ਹਾਲ ਸੀ,
ਜਿੱਥੇ ਕੇਵਲ ਨੰਬਰ ਲੈਣ ਲਈ ਪੜ੍ਹਿਆ ਅਤੇ ਪੜ੍ਹਾਇਆ
ਜਾਂਦਾ ਸੀ। ਅੱਜ ਜੇ ਚੰਗੇ ਕਾਲਜਾਂ ਵਿੱਚ ਵੀ ਪੜ੍ਹਾਈ
ਹੁੰਦੀ ਹੈ ਤਾਂ ਵੀ ਇਹ ਸਟੀਰਿਓ ਟਾਈਪ, ਇੱਕ
ਨੱਕ ਦੀ ਸੇਧੇ ਤੁਰ ਜਾਣ ਵਾਲਾ ਕੰਮ ਜਾਪਦਾ ਹੈ।
ਇਹ ਤਾਂ ਮੇਰੀ ੬ ਸਾਲ ਪੁਰਾਣੀ ਗੱਲ ਸੀ, ਪਿਛਲੇ
ਵਰ੍ਹੇ ਮੇਰਾ ਵਾਹ ਕੁਝ ਐਮ.ਬੀ.ਏ. (MBA) ਕਰਨ
ਵਾਲੇ ਪੂਣੇ ਦੇ ਸਭ ਤੋਂ ਚੋਟੀ ਦੇ ਕਾਲਜ ਦੇ ਵਿਦਿਆਰਥੀਆਂ
ਨਾਲ ਵਾਹ ਪਿਆ। ਉਨ੍ਹਾਂ ਪਰੋਜੈਕਟ ਕੀਤਾ, ਵੱਡੇ ਵੱਡੇ
ਵਾਅਦੇ ਕੀਤੇ, ਰਿਪੋਰਟ ਉੱਤੇ ਸਾਈਨ ਕਰਵਾਏ ਅਤੇ
ਉਸ ਤੋਂ ਬਾਅਦ ਪਰੋਜੈਕਟ ਨੂੰ ਪੂਰਾ ਕਰਨ ਦੀ ਲੋੜ ਵੀ
ਨਹੀਂ ਸਮਝੀ, ਕਿਉਂਕਿ ਉਹਨਾਂ ਕੋਲ ਹੁਣ ਇਸ ਲਈ ਟਾਈਮ
ਨਹੀਂ ਸੀ ਰਿਹਾ। ਸੋ ਇਹ ਸਭ ਰਿਪੋਰਟ, ਡਿਗਰੀ,
ਅਤੇ ਨੌਕਰੀ ਲਈ ਹੀ ਸੀ...

ਆਪਣੇ ਬੱਚੇ ਤੋਂ ਜੇ ਅੱਜ ਮੈਂ ਕੋਈ ਉਮੀਦ ਕਰਦਾ ਹਾਂ ਤਾਂ
ਇਸ ਦਾ ਅਰਥ ਮੈਂ ਉਸ ਦੇ ਵਿਚਾਰਾਂ/ਸੋਚ ਨੂੰ ਆਪਣੇ ਵਲੋਂ
ਤਬਾਹ ਕਰਨਾ ਸਮਝਦਾ ਹਾਂ। ਉਸ ਨੂੰ ਚੰਗੀ ਸੋਚ ਦੇਣੀ ਅਤੇ
ਚੰਗੇ ਮਾੜੇ ਬਾਰੇ ਫ਼ਰਕ ਦੱਸਣਾ, ਤਾਂ ਮੇਰਾ ਫ਼ਰਜ਼ ਹੈ, ਪਰ ਉਸ
ਨੂੰ ਚੰਗੇ ਦੀ ਹੀ ਚੋਣ ਕਰਕੇ ਦੇਣੀ (ਜੋ ਮੈਂ ਸੋਚਦਾ ਹੋਵਾਂ), ਉਂਗਲ
ਫੜ ਕੇ ਚੱਲਦੇ ਰਹਿਣਾ ਉਸ ਦੀ ਜ਼ਿੰਦਗੀ ਲਈ ਤਬਾਹਕੁੰਨ
ਫੈਸਲਾ ਸਮਝਾਂਗਾ।

ਖ਼ੈਰ ਇਹ ਹਾਲਤ (ਭਾਰਤੀ ਵਿਦਿਆ ਪ੍ਰਣਾਲੀ) 'ਚ ਮੇਰੇ ਵੇਲੇ
ਨਾਲੋਂ ਸੁਧਾਰ ਹੋਇਆ ਜ਼ਰੂਰ ਹੈ, ਅਤੇ ਅੱਗੇ ਵੀ ਜਾਰੀ ਰਹੇਗਾ,
ਪਰ ਅੱਜ ਦੇ ਪੈਰ ਪੁੱਟਣ ਵਾਲੇ ਲਈ ਸ਼ਾਇਦ ਇਹ ਕਾਫ਼ੀ ਨਹੀਂ ਰਹੇਗਾ
ਕਿ ਉਸ ਨੂੰ ਚੰਗਾ ਕੈਰੀਅਰ ਚੁਣਨ ਅਤੇ ਉਸ ਵਿੱਚ ਅੱਗੇ ਵਧਣ (ਉਤਸ਼ਾਹਿਤ)
ਲਈ ਮੱਦਦ ਕਰ ਸਕੇ। ਆਪਣੇ ਵੱਲੋਂ ਤਾਂ ਮੈਂ ਉਸ ਨੂੰ ਆਪਣੇ ਮਾਂ-ਬਾਪ
ਤੋਂ ਵੱਧ ਆਜ਼ਾਦੀ ਦੇਵਾਂਗਾ ਕੈਰੀਅਰ ਚੁਣਨ ਦੀ (ਜਿਨ੍ਹਾਂ ਨੇ ਆਪਣੇ
ਮਾਂ-ਬਾਪ ਤੋਂ ਵੱਧ ਦਿੱਤੀ ਹੋਵੇਗੀ) ਅਤੇ ਉਸ ਦੇ ਖਿਆਲਾਂ ਦੀ ਕਦਰ
ਕਰਨ ਦਾ ਜਤਨ ਕਰਾਂਗਾ (ਜੋ ਹਾਲੇ ਭਾਰਤ ਦੇ ਮੱਧ-ਵਰਗੀ ਪਰਿਵਾਰਾਂ
'ਚ ਘੱਟ ਹੀ ਹੁੰਦੀ ਹੈ)...

ਅੱਜ ਤਾਂ ਮੈਂ ਉਸ ਦੇ ਬੈਗ ਪਾ ਕੇ ਸਕੂਲ (ਜਿਸ ਬਾਰੇ ਉਹ ਸ਼ਾਇਦ
ਸਮਝਦਾ ਨਹੀਂ ਹੋਵੇਗਾ) ਨੂੰ ਨਿੱਕੇ ਨਿੱਕੇ ਤੁਰਦੇ ਪੈਰਾਂ 'ਚ ਵਲੋਂ ਚੱਕੇ ਨਾ
ਜਾਂਦੇ ਚਾਅ ਨੂੰ ਮਹਿਸੂਸ ਕਰਦਾ ਹੋਇਆ ਆਪਣੇ ਬਚਪਨ ਨੂੰ ਚੇਤੇ
ਕਰਦਾ ਹਾਂ...

No comments: